StatCounter

Showing posts with label Punjab. Show all posts
Showing posts with label Punjab. Show all posts

Saturday, March 28, 2020


ਕਰੋਨਾ ਖ਼ਿਲਾਫ਼ ਜੰਗ: ਪੰਜਾਬ ਦੇ ਦਰਜਨਾਂ ਪਿੰਡਾਂ ਵਿੱਚ ਨਵਾਂਸਮਾਜਵਾਦ
ਚਰਨਜੀਤ ਭੁੱਲਰ ਚੰਡੀਗੜ੍ਹ, 26 ਮਾਰਚ


ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀਹ ਕਲਾਂ ਕਰੋਨਾ ਦੇ ਖ਼ੌਫ਼ ਦੌਰਾਨ ‘ਸਮਾਜਵਾਦੀ’ ਰਾਹ ਉੱਤੇ ਚੱਲਿਆ ਹੈ। ਪਿੰਡ ਦੇ ਗ਼ਰੀਬਾਂ ਨੂੰ ਕੋਈ ਫ਼ਿਕਰ ਨਹੀਂ। ਪੰਚਾਇਤ ਅਮੀਰ ਘਰਾਂ ਵਿਚੋਂ ਰਾਸ਼ਨ ਲੈਂਦੀ ਹੈ ਤੇ ਗ਼ਰੀਬ ਘਰਾਂ ਵਿਚ ਵੰਡ ਦਿੰਦੀ ਹੈ। ਪੰਜਾਹ ਗ਼ਰੀਬ ਘਰਾਂ ਨੂੰ ਰਾਸ਼ਨ ਦੀ ਕੋਈ ਤੋਟ ਨਹੀਂ ਰਹੀ। ਇਸ ਪਿੰਡ ਵਿਚ ਪੰਚਾਇਤ ਤੇ ਨੌਜਵਾਨ ਕਲੱਬ ਨੇ ਮੋਰਚਾ ਸੰਭਾਲਿਆ ਹੈ। ਬਿਨਾਂ ਕਿਸੇ ਸਖ਼ਤੀ ਤੋਂ ਪੂਰਾ ਪਿੰਡ ਜ਼ਾਬਤੇ ਵਿਚ ਹੈ। ਮਹਿਲਾ ਸਰਪੰਚ ਕੁਲਦੀਪ ਕੌਰ ਨੇ ਪਿੰਡ ਦੇ 20 ਨੌਜਵਾਨਾਂ ਦੀ ਟੀਮ ਬਣਾਈ ਹੈ। ਸਰਦੇ ਪੁੱਜਦੇ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਟੀਮ ਵਸਤਾਂ ਇਕੱਠੀਆਂ ਕਰਦੀ ਹੈ। ਘਰ-ਘਰ ਸਾਬਣ ਤੇ ਮਾਸਕ ਪਹਿਲਾਂ ਹੀ ਵੰਡ ਦਿੱਤੇ ਸਨ। ਰਣਸੀਹ ਕਲਾਂ ਦੀ 3200 ਦੇ ਕਰੀਬ ਆਬਾਦੀ ਹੈ ਅਤੇ 525 ਘਰ ਹਨ। ਪਿੰਡ ਨੂੰ ਆਉਂਦੇ ਸੱਤ ਰਾਹਾਂ ’ਤੇ ਪੰਚਾਇਤ ਨੇ ਠੀਕਰੀ ਪਹਿਰਾ ਲਾ ਦਿੱਤਾ ਹੈ। ਹਰ ਸੜਕ ’ਤੇ ਇਕ ਨੌਜਵਾਨ ਡਿਊਟੀ ਦਿੰਦਾ ਹੈ। ਜੋ ਪਿੰਡ ਜਾਂਦਾ ਹੈ ਜਾਂ ਆਉਂਦਾ ਹੈ, ਉਸ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ। ਕਿਸੇ ਨੂੰ ਦਵਾਈ, ਦੁੱਧ ਆਦਿ ਦੀ ਲੋੜ ਹੈ ਤਾਂ ਪੰਚਾਇਤ ਘਰ-ਘਰ ਪੁੱਜਦਾ ਕਰ ਰਹੀ ਹੈ। ਸਾਬਕਾ ਸਰਪੰਚ ਮਿੰਟੂ ਦੱਸਦਾ ਹੈ ਕਿ ਜੇ ਲੋੜ ਪੈਂਦੀ ਹੈ ਤਾਂ ਪਿੰਡ ਦੇ ਦਾਨੀ ਸੱਜਣਾਂ ਤੋਂ 11 ਲੱਖ ਰੁਪਏ ਇਕੱਠੇ ਕਰ ਕੇ ਸਰਕਾਰ ਨੂੰ ਵੀ ਭੇਜੇ ਜਾਣਗੇ।
ਇਸ ਸਮੇਂ ਕਰਫਿਊ ਦੌਰਾਨ ਜਦੋਂ ਪੁਲੀਸ ਸਖ਼ਤੀ ਦਾ ਡੰਡਾ ਚਲਾ ਰਹੀ ਹੈ ਤਾਂ ਪੰਜਾਬ ਦੇ ਦਰਜਨਾਂ ਪਿੰਡ ਪ੍ਰੇਮ ਦੀ ਭਾਸ਼ਾ ਨਾਲ ਸੰਕਟ ਦੇ ਪਲ ਕੱਟ ਰਹੇ ਹਨ। ਨਾਲ-ਨਾਲ ਸਮਾਜਵਾਦੀ ਨਕਸ਼ਾ ਵੀ ਵਾਹਿਆ ਜਾ ਰਿਹਾ ਹੈ। ਕਰੋਨਾ ਨੇ ਪਾੜੇ ਦੀ ਕੰਧ ਨੂੰ ਢਾਹੁਣਾ ਸ਼ੁਰੂ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਜੈਮਲ ਸਿੰਘ ਵਾਲਾ ’ਚ ਸਾਬਕਾ ਫ਼ੌਜੀ ਸੁਖਦੀਪ ਸਿੰਘ ਸਰਪੰਚ ਹੈ, ਜਿਸ ਦੀ ਪ੍ਰਸ਼ਾਸਨ ਦਾਦ ਦਿੰਦਾ ਨਹੀਂ ਥੱਕਦਾ। ਪੰਚਾਇਤ ਤੋਂ ਬਿਨਾਂ ‘ਹਰ ਮੈਦਾਨ ਫ਼ਤਹਿ’ ਗਰੁੱਪ ਅਤੇ ‘ਆਰਮੀ ਕਲੱਬ’ ਦੇ ਨੌਜਵਾਨ ਪਿੰਡ ’ਚ ਪੱਤਾ ਨਹੀਂ ਫੜਕਣ ਦੇ ਰਹੇ। ਜੀਪ ’ਤੇ ਸਪੀਕਰ ਲਗਾ ਕੇ ਸਰਪੰਚ ਕਰੋਨਾ ਤੋਂ ਜਾਗਰੂਕ ਕਰ ਰਿਹਾ ਹੈ। ਪਿੰਡ ਦੇ ਲੋਕਾਂ ਨੂੰ ਸਵੇਰੇ ਦੋ ਘੰਟੇ ਢਿੱਲ ਮਿਲਦੀ ਹੈ ਤਾਂ ਜੋ ਹਰਾ ਚਾਰਾ ਵਗੈਰਾ ਲੋਕ ਲਿਆ ਸਕਣ। ਸਰਪੰਚ ਸੁਖਦੀਪ ਸਿੰਘ ਦੱਸਦਾ ਹੈ ਕਿ ਹਰ ਤੀਜੇ ਦਿਨ ਪਿੰਡ ਨੂੰ ਕੀਟਾਣੂਆਂ ਤੋਂ ਬਚਾਓ ਲਈ ਛਿੜਕਾਅ ਕੀਤਾ ਜਾ ਰਿਹਾ ਹੈ। ਦੋ ਗੱਡੀਆਂ ਐਮਰਜੈਂਸੀ ਲਈ ਤਿਆਰ ਹਨ। ਕਿਸੇ ਨੂੰ ਦਵਾਈ ਦੀ ਲੋੜ ਹੈ, ਕਿਸੇ ਨੂੰ ਰਾਸ਼ਨ ਪਾਣੀ ਦੀ, ਪਿੰਡ ਦੇ ਨੌਜਵਾਨਾਂ ਦੀ ਟੀਮ ਹੋਮ ਡਿਲਿਵਰੀ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਤਿੰਨ ਰਾਹਾਂ ’ਤੇ ਬੈਰੀਕੇਡ ਲਗਾਏ ਗਏ ਹਨ। ਕੋਈ ਰਿਸ਼ਤੇਦਾਰ ਅਤੇ ਬਾਹਰੀ ਵਿਅਕਤੀ ਪਿੰਡ ਵਿਚ ਦਾਖ਼ਲ ਨਹੀਂ ਹੋ ਸਕਦਾ। ਵਾਲੰਟੀਅਰਾਂ ਨੇ ਮਾਸਕ ਵੀ ਵੰਡੇ ਤੇ ਹੁਣ ਗੈਸ ਵੀ ਵੰਡੀ ਹੈ।
ਪਟਿਆਲਾ ਜ਼ਿਲ੍ਹੇ ਦਾ ਪਿੰਡ ਅਗੇਤਾ ਵੀ ਇਸੇ ਗੱਲੋਂ ਚਰਚਾ ਵਿਚ ਹੈ, ਜਿੱਥੇ ਨੌਜਵਾਨ ਤਿੰਨ ਸ਼ਿਫ਼ਟਾਂ ਵਿਚ ਠੀਕਰੀ ਪਹਿਰਾ ਦੇ ਰਹੇ ਹਨ। ਪਿੰਡ ਨੇ ਕਮੇਟੀ ਬਣਾ ਕੇ ਲੋਕਾਂ ਤੋਂ ਫੰਡ ਇਕੱਠਾ ਕੀਤਾ, ਜਿਸ ਨਾਲ ਪੂਰੇ ਪਿੰਡ ਦਾ ਬੁੱਤਾ ਸਾਰਿਆ। ਇਸੇ ਜ਼ਿਲ੍ਹੇ ਦੇ ਪਿੰਡ ਖਨੌੜਾ ਦੀ ਸਰਪੰਚ ਗੁਰਦੀਪ ਕੌਰ ਖਨੌੜਾ ਨੇ ਕਰੋਨਾ ਦੇ ਮੱਦੇਨਜ਼ਰ ਪਿੰਡ ਲਈ ਸਪੈਸ਼ਲ ਡਾਕਟਰ ਹੀ ਹਾਇਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਵਾਸਤੇ ਉਹ ਨਿੱਜੀ ਤੌਰ ’ਤੇ ਰਾਸ਼ਨ ਵੀ ਘਰ-ਘਰ ਦੇ ਰਹੇ ਹਨ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੋਬੁਰਜੀ ’ਚ ਪੰਚਾਇਤ ਨੇ ਮਾਸਕ ਵੰਡੇ ਹਨ ਅਤੇ ਕੀਟਾਣੂ ਰਹਿਤ ਪਿੰਡ ਬਣਾਉਣ ਵਾਸਤੇ ਛਿੜਕਾਅ ਕੀਤਾ ਹੈ। ਸਰਪੰਚ ਗੁਰਮੀਤ ਕੌਰ ਅਤੇ ਬਲਾਕ ਸਮਿਤੀ ਮੈਂਬਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੂਰਾ ਪਿੰਡ ਜ਼ਾਬਤੇ ਵਿਚ ਹੈ ਅਤੇ ਹਰ ਤਰ੍ਹਾਂ ਦਾ ਪਰਹੇਜ਼ ਰੱਖ ਰਿਹਾ ਹੈ। ਪਿੰਡ ਵਿਚ ਠੀਕਰੀ ਪਹਿਰਾ ਲਾ ਦਿੱਤਾ ਗਿਆ ਹੈ ਤਾਂ ਜੋ ਬਾਹਰੋਂ ਕੋਈ ਦਾਖ਼ਲ ਨਾ ਹੋ ਸਕੇ ਅਤੇ ਲੋਕ ਇਕੱਠੇ ਨਾ ਹੋ ਸਕਣ। ਮਲੌਦ ਬਲਾਕ ਦੇ ਪਿੰਡ ਸਿਆੜ ਦੀ ਪੰਚਾਇਤ ਵੀ ਪਿੱਛੇ ਨਹੀਂ। ਸਰਪੰਚ ਲਵਪ੍ਰੀਤ ਕੌਰ ਨੇ ਖ਼ੁਦ ਆਪਣੇ ਪਰਿਵਾਰ ਤਰਫ਼ੋਂ ਰਾਸ਼ਨ ਦੇਣਾ ਸ਼ੁਰੂ ਕੀਤਾ ਹੈ। ਹੁਣ ਤੱਕ ਦਾਨੀ ਸੱਜਣਾਂ ਦੇ ਸਹਿਯੋਗ ਨਾਲ 250 ਪਰਿਵਾਰਾਂ ਨੂੰ ਰਾਸ਼ਨ ਅਤੇ 800 ਮਾਸਕ ਵੰਡੇ ਗਏ ਹਨ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਹਾੜਾ ਦੀ ਮਹਿਲਾ ਸਰਪੰਚ ਪੱਲਵੀ ਖ਼ੁਦ ਆਪਣੇ ਪਰਿਵਾਰ ਨਾਲ ਮਿਲ ਕੇ ਲੋਕਾਂ ਵਾਸਤੇ ਮਾਸਕ ਤਿਆਰ ਕਰ ਰਹੀ ਹੈ। ਬਰਨਾਲਾ ਦੇ ਪਿੰਡ ਕੱਟੂ ਵਿਚ ‘ਗੁਰੂ ਦੀ ਗੋਲਕ’ ਦਾ ਮੂੰਹ ਗ਼ਰੀਬ ਲੋਕਾਂ ਵਾਸਤੇ ਖੋਲ੍ਹ ਦਿੱਤਾ ਗਿਆ ਹੈ।


Friday, November 20, 2015

ਤਾਨਾਸ਼ਾਹੀ 'ਤੇ “ਸਦਭਾਵਨਾ” ਦਾ ਚਾੜਿਆ ਨਕਾਬ ਲੀਰੋ ਲੀਰ !

ਕੋਠਾ ਗੁਰੂ ਵਿੱਚ ਸਰਕਾਰੀ ਸਿਆਸੀ ਧੱਕੇਸ਼ਾਹੀ :ਤਾਨਾਸ਼ਾਹੀ 'ਤੇ ਸਦਭਾਵਨਾ ਦਾ ਚਾੜਿਆ ਨਕਾਬ ਲੀਰੋ ਲੀਰ !

          ਲੋਕਾਂ ਵਿਚੋਂ ਬੁਰੀ ਤਰ੍ਹਾਂ ਨਿੱਖੜ ਚੁੱਕੀ ਆਕਾਲੀ-ਭਾਜਪਾ ਦੀ ਸਾਂਝੀ ਬਾਦਲ ਹਕੂਮਤ, ਹੁਣ ਲੋਕਾਂ ਨੂੰ ਆਵਦੇ ਨਾਲ ਜੋੜਣ ਲਈ ਸਦਭਾਵਨਾ ਰੈਲੀਆਂ ਕਰ ਰਹੀ ਹੈ ਮੰਤਰੀ ਇਹਨਾਂ ਰੈਲੀਆਂ ਦਾ ਸੱਦਾ ਦੇਣ ਪਿੰਡਾਂ ਵਿੱਚ ਜਾ ਰਹੇ ਹਨ ਤੇ ਉਥੋਂ ਦੇ ਆਵਦੇ ਪਾਰਟੀ ਲੀਡਰਾਂ ਜਾਂ ਸਰਪੰਚਾਂ/ ਖੜਪੰਚਾਂ ਨੂੰ ਬੱਸਾਂ ਭਰ ਕੇ ਲਿਆਉਣ ਲਈ ਤਾੜ੍ਹ ਰਹੇ ਹਨ ਦੂਜੇ ਪਾਸੇ ਲੋਕ, ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕਰਜ਼ਈਪੁਣੇ ਨਾਲ ਜੂਝ ਰਹੇ ਹਨ ਨਰਮੇ ਦੇ ਖ਼ਰਾਬੇ ਨੇ ਕਿਸਾਨਾਂ-ਮਜ਼ਦੂਰਾਂ ਨੂੰ ਤਬਾਹੀ ਮੂੰਹ ਧੱਕ ਦਿੱਤਾ ਹੈ ਹਕੂਮਤ ਨਾ ਮੰਗਾਂ ਮੰਨਦੀ ਹੈ, ਨਾ ਗੱਲ ਸੁਣਦੀ ਹੈਲੋਕਾਂ ਵਿੱਚ ਵਿਆਪਕ ਰੋਸ ਹੈ
         ਸਦਭਾਵਨਾ ਕਿਹੋ ਜਿਹੀ ਤੇ ਕਿਵੇਂ ਕਰਨੀ ਹੈ, ਮੁੱਖ ਮੰਤਰੀ ਤੇ ਆਕਾਲੀ ਪਾਰਟੀ ਦੇ ਸੂਬਾ ਪ੍ਰਧਾਨ ਵਿਚ ਕੋਈ ਵਖਰੇਵਾਂ ਨਹੀਂ ਹੈ ਇੱਕ ਵੱਲੋਂ ਹੱਥ ਜ਼ੋੜ ਕੇ ਮੁਆਫ਼ੀ ਮੰਗਦਿਆਂ ਤੇ ਦੂਜੇ ਵੱਲੋਂ ਦਬਕਾ ਮਾਰਦਿਆਂ ਲੋਕਾਂ 'ਤੇ  ਹਕੂਮਤੀ ਛੱਪਾ ਪਾਉਣ ਦਾ ਭਰਮ ਪਾਲਿਆ ਗਿਆ ਹੈਜਦੋਂ ਸੂਬੇ ਦਾ ਮੁੱਖ ਮੰਤਰੀ ਮੁਆਫ਼ੀ ਦੇ ਓਹਲੇ, “ "ਵਿਰੋਧ ਨੂੰ ਸਹਿਣ ਨਹੀਂ ਕਰਾਂਗੇ." "ਕਰੜੇ ਹੱਥੀਂ ਸਿੱਝਾਂਗੇ”" ਦੀ ਸੁਣਾਉਣੀ ਕਰ ਰਿਹਾ ਹੋਵੇ ਅਤੇ ਡਿਪਟੀ ਮੁੱਖ ਮੰਤਰੀ,ਗ੍ਰਹਿ ਮੰਤਰੀ ਤੇ ਆਕਾਲੀ ਪਾਰਟੀ ਦਾ ਸੂਬਾ ਪ੍ਰਧਾਨ ਆਵਦੇ ਦਬਕੇ ਮਾਰੂ ਲਹਿਜ਼ੇ ਵਿਚ ਨੰਗੀ ਚਿੱਟੀ ਧਮਕੀ- "“ਕੋਈ, ਝਾਕ ਕੇ ਵੇਖੇ" ” ਦੇ ਸਟੇਜਾਂ ਤੋਂ ਭੜਕਾਊ ਹੋਕਰੇ ਮਾਰ ਰਿਹਾ ਹੋਵੇਮੰਤਰੀ ਆਵਦੇ ਨਾਲ ਪੁਲਸੀ ਲਸ਼ਕਰ ਹੀ ਨਹੀਂ, ਆਕਾਲੀ ਲੱਠਮਾਰ ਵੀ ਲੈ ਕੇ ਜਾ ਰਹੇ ਹੋਣ ਤਾਂ ਗੱਲ ਸਾਫ਼ ਹੈ ਕਿ ਪਿੰਡਾਂ ਦੇ ਲੋਕਾਂ ਦੇ ਰੋਸ 'ਤੇ ਡਾਂਗ ਵਰ੍ਹਨੀ ਹੀ ਵਰ੍ਹਨੀ ਹੈਇਥੇ ਜੱਗ ਜ਼ਾਹਰ ਹੋ ਗਿਆ ਹੈ         
       ਮੰਤਰੀ ਜਾਂਦੇ ਹਨ, ਲੋਕਾਂ ਨੂੰ ਸਦਭਾਵਨਾ ਰੈਲੀ ਦਾ ਸੱਦਾ ਦੇਣ ਪਰ ਮੁੜਦੇ ਹਨ, ਲੋਕਾਂ 'ਤੇ ਲਾਠੀਆਂ  ਗੋਲੀਆਂ ਵਰ੍ਹਾ ਕੇ, ਲੱਤਾਂ ਬਾਹਾਂ ਤੋੜ ਕੇ ਤੇ ਉਲਟਾ ਲੋਕਾਂ 'ਤੇ ਹੀ ਪੁਲਸੀ ਪਰਚੇ ਦਰਜ ਕਰਵਾ ਕੇ ਅਤੇ ਜੇਲ੍ਹੀਂ ਭਿਜਵਾ ਕੇ ਰੁਜ਼ਗਾਰ ਮੰਗਦੀਆਂ ਨੰਨ੍ਹੀਆਂ ਛਾਂਵਾਂ ਨੂੰ ਕੁੱਟਣ ਵਾਲੇ ਪੰਚਾਇਤ ਮੰਤਰੀ ਨੇ ਜਥੇਬੰਦੀਆਂ ਨਾਲ ਆਪਣੀ ਘਰੋੜ ਦਾ ਰਿਕਾਰਡ ਪਿੰਡ ਕੋਠਾ ਗੁਰੂ ਵਿਚ ਵੀ ਕਾਇਮ ਰੱਖਿਆ ਹੈ ਤੇ ਅਗਾਂਹ ਨੂੰ, “ "ਐਂ ਕਰਾਂਗੇ" ” ਦਾ ਨਿਸ਼ੰਗ ਐਲਾਨ ਹੈ ਇਹ ਵਿਰੋਧੀ ਨਾਲ ਤਾਂ ਕਰਦਾ ਹੀ ਕਰਦਾ ਹੈ, ਛੋਟੇ ਵਖਰੇਂਵੇ ਵਾਲੇ ਨਾਲ ਵੀ ਧੱਕੜ ਵਿਹਾਰ ਕਰਦਾ ਹੈ ਪ੍ਰਿੰਸੀਪਲ ਦਲਜੀਤ ਸਿੰਘ ਦੀ ਪੱਗ ਲੁਹਾ ਕੇ ਤੇ ਨਜਾਇਜ਼ ਬਦਲੀ ਕਰਵਾ ਕੇ ਸਾਰੇ ਭਗਤੇ ਇਲਾਕੇ ਨਾਲ ਧ੍ਰੋਹ ਕਮਾਇਆ ਹੈਅਧਿਆਪਕ ਸਮੂਹ ਤੇ ਲੋਕਾਂ ਦੇ ਸਵੈਮਾਣ ਨੂੰ ਵੰਗਾਰਿਆ ਹੈ
         ਹਾਕਮ ਕਿਸੇ ਰੰਗ ਦੇ ਹੋਣ, ਸਭ ਦੇ ਸਭ ਸਾਮਰਾਜੀਆਂ, ਕਾਰਪੋਰੇਟਾਂ ਤੇ ਜਾਗੀਦਾਰਾਂ ਦੀ ਚਾਕਰੀ ਕਰਦੇ ਹਨ ਇਹਨਾਂ ਲੁਟੇਰਿਆਂ ਤੇ ਜਾਬਰਾਂ ਦੇ ਹਿੱਤ ਵਿਚ ਹਾਕਮ, ਵਿੱਢੇ ਆਰਥਿਕ ਸੁਧਾਰਾਂ ਦੇ ਦੂਜੇ ਗੇੜ ਦੇ ਹੱਲੇ ਦੀ ਮਾਰ ਹੇਠ ਆਈ ਜਨਤਾ ਦੇ ਉੱਠ ਰਹੇ ਸੰਘਰਸ਼ਾਂ ਨੂੰ ਰੋਕਣ ਦੇ ਰਾਹ ਪਏ ਹੋਏ ਹਨਲੋਕਾਂ ਦੀ ਸੰਘਰਸ਼ੀ ਆਵਾਜ਼ ਦਾ ਗਲਾ ਘੁੱਟਣ ਲਈ ਹਕੂਮਤ ਨੇ ਸਿਰਫ ਪੁਲਸ ਫੌਜ ਹੀ ਨਹੀਂ, ਪਾਲੇ ਪੋਸੇ ਗੁੰਡਾ ਗਰੋਹਾਂ ਦੀ ਖੁੱਲੀ ਵਰਤੋਂ ਕਰਨ ਦੀ ਆਪਣੀ ਰਾਜਨੀਤੀ ਅਖਤਿਆਰ ਕੀਤੀ ਹੋਈ ਹੈ ਇਹ ਇਸੇ ਨੀਤੀ ਦਾ ਨੰਗਾ ਚਿੱਟਾ ਅਭਿਆਸ ਹੈ
         ਹਾਕਮ ਜਬਰ-ਤਸਦੱਦ ਵਧਾ ਰਹੇ ਹਨ ਵਿਰੋਧਾਂ ਵਖਰੇਂਵਿਆਂ ਨੂੰ ਨਾ ਪੰਜਾਬ ਹਕੂਮਤ ਤੇ ਨਾ ਇਹਨਾਂ ਦੀ .ਭਾਈਵਾਲ ਕੇਂਦਰੀ ਭਾਜਪਾਈ ਹਕੂਮਤ ਕੋਈ ਸਪੇਸ ਦੇ ਰਹੀ ਹੈ ਛੋਟੇ ਤੋਂ ਛੋਟੇ ਵਿਰੋਧ ਨੂੰ ਵੀ ਸਹਿਣ ਨਹੀਂ ਕੀਤਾ ਜਾ ਰਿਹਾ ਸਾਹਿਤਕਾਰਾਂ ਤੇ ਕਲਾਕਾਰਾਂ ਨੇ ਆਪਣੇ ਸਨਮਾਨ ਵਾਪਸ ਕਰਕੇ ਇਸ ਤਾਨਾਸ਼ਾਹੀ ਨਿਜ਼ਾਮ ਦੀ ਖਸਲਤ ਨੂੰ ਲੋਕਾਂ ਵਿੱਚ ਨੰਗਾ ਕੀਤਾ ਹੈ ਕਿਸਾਨਾਂ ਮਜ਼ਦੂਰਾਂ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਕਰਨਾ ਅਤੇ ਨਰਮੇ ਦੇ ਖਰਾਬੇ ਦੇ ਮੁਆਵਜ਼ੇ ਦੀ ਮੰਗ ਕਰਨਾ ਜਾਰੀ ਰੱਖ ਕੇ ਲੜਨ ਦੀ ਲੋੜ ਤੇ ਲੜਣ ਦੀ ਸਮਰੱਥਾ ਦਿਖਾਈ ਹੈ
          ਇਸ ਹਾਲਤ ਵਿਚ ਜਥੇਬੰਦੀ ਹੀ ਸਹਾਰਾ ਹੈ, ਇਸ ਨੂੰ ਮਜ਼ਬੂਤ ਕਰੋਏਕਾ ਵਿਸ਼ਾਲ ਕਰੋ ਦ੍ਰਿੜਤਾ ਨਾਲ ਸੰਘਰਸ਼ ਭਖਾਈ ਰੱਖੋ ਸਭਨਾਂ ਜਮਹੂਰੀਅਤ ਪਸੰਦ, ਇਨਸਾਫਪਸੰਦ ਅਤੇ ਸੰਘਰਸ਼ ਸ਼ੀਲ ਸਗੰਠਨਾਂ ਨੂੰ ਇਸ ਧੱਕੇਸ਼ਾਹੀ ਖਿਲਾਫ਼ ਆਵਾਜ਼ ਉਠਾਉਣ ਦੀ ਅਪੀਲ ਕੀਤੀ ਜਾਂਦੀ ਹੈ                                                          
 ਜਗਮੇਲ  ਸਿੰਘ ਜਨਰਲ ਸਕੱਤਰ ਲੋਕ ਮੋਰਚਾ ਪੰਜਾਬ

 (ਮੋਬ:9417224822)                            

Tuesday, February 24, 2015

''ਜਨਤਕ ਹਿੱਤ'' ਦੇ ਨਾਂ ਹੇਠ ਛਲ, ਕਪਟ ਅਤੇ ਉਜਾੜਿਆਂ ਦੀ ਦਾਸਤਾਨ

ਪੰਜਾਬ: ''ਜਨਤਕ ਹਿੱਤ'' ਦੇ ਨਾਂ ਹੇਠ


ਛਲ, ਕਪਟ ਅਤੇ ਉਜਾੜਿਆਂ ਦੀ ਦਾਸਤਾਨ

(N.K.Jeet)

ਪੰਜਾਬ ਵਿੱਚ ਪਿਛਲੇ ਸਾਲਾਂ ਵਿੱਚ ਕਈ ਥਾਈਂ ਸਰਕਾਰ ਨੇ ਲੋਕਾਂ ਦੇ ਸਖਤ ਵਿਰੋਧ ਦੇ ਬਾਵਜੂਦ ਨਿੱਜੀ ਕੰਪਨੀਆਂ ਨੂੰ ਸਨਅੱਤਾਂ ਲਾਉਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਗ੍ਰਹਿਣ ਕਰਕੇ ਦਿੱਤੀਆਂ ਹਨ, ਜਿਵੇਂ ਗੋਇੰਦਵਾਲ, ਰਾਜਪੁਰਾ, ਵਣਾਂਵਾਲਾ (ਮਾਨਸਾ), ਗੋਬਿੰਦਪੁਰਾ (ਮਾਨਸਾ) ਵਿੱਚ ਥਰਮਲ ਪਲਾਂਟ ਲਾਉਣ ਲਈ, ਬਰਨਾਲਾ ਜ਼ਿਲ੍ਹੇ ਦੇ ਪਿੰਡਾਂ- ਧੌਲਾ, ਛੰਨਾ ਅਤੇ ਸੰਘੇੜਾ ਵਿੱਚ ਟਰਾਈਡੈਂਟ ਗਰੁੱਪ ਵੱਲੋਂ ਖੰਡ ਮਿੱਲ ਲਾਉਣ ਲਈ ਅਤੇ ਰਾਜਪੁਰਾ ਦੇ ਨੇੜੇ ਸਿਰੀ ਰਾਮ ਇੰਡਸਟਰੀਅਲ ਐਂਟਰਪਰਾਈਜ਼ (ਐਸ.ਆਈ.ਈ.ਐਲ.) ਨੂੰ ਸਨਅੱਤੀ ਐਸਟੇਟ ਬਣਾਉਣ ਲਈ ਆਦਿ।
ਗੋਇੰਦਵਾਲ, ਰਾਜਪੁਰਾ ਅਤੇ ਵਣਾਂਵਾਲਾ ਵਿੱਚ ਥਰਮਲ ਪਲਾਂਟ ਲਾ ਦਿੱਤੇ ਗਏ ਹਨ, ਪਰ ਸਾਰੀ ਗ੍ਰਹਿਣ ਕੀਤੀ ਜ਼ਮੀਨ ਵਰਤੀ ਨਹੀਂ ਗਈ। ਇਹੋ ਹਾਲ ਬਠਿੰਡਾ ਜ਼ਿਲ੍ਹੇ ਵਿੱਚ ਲਾਈ ਤੇਲ ਰਿਫਾਈਨਰੀ ਦਾ ਹੈ। ਸਨਅੱਤਕਾਰ ਨਵਾਂ ਪਰੋਜੈਕਟ ਲਾਉਣ ਸਮੇਂ ਆਪਣੀਆਂ ਵਪਾਰਕ ਗਿਣਤੀਆਂ ਮਿਣਤੀਆਂ ਵਿੱਚ ਅਕਸਰ ਲੋੜੀਂਦੀ ਜ਼ਮੀਨ ਦਾ ਰਕਬਾ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। ਇਸਦੇ ਪਿੱਛੇ ਉਹਨਾਂ ਦਾ ਮਨਸੂਬਾ ਇਹ ਹੁੰਦਾ ਹੈ ਕਿ ਜੇ ਪਰੋਜੈਕਟ ਫੇਲ੍ਹ ਵੀ ਹੋ ਜਾਵੇ ਤਾਂ ਉਹ ਆਪਣੇ ਸਾਰੇ ਘਾਟੇ-ਵਾਧੇ ਜ਼ਮੀਨ ਵਿੱਚੋਂ ਪੂਰੇ ਕਰ ਲੈਣ। ਬਠਿੰਡਾ ਵਿੱਚ ਪੰਜਾਬ ਸਪਿਨਿੰਗ ਮਿੱਲ ਅਤੇ ਪੰਜਾਬ ਸੈਰੇਮਿਕ ਕੰਪਨੀਆਂ ਵਿੱਚ ਇਹੋ ਕੁੱਝ ਹੋਇਆ ਹੈ। ਮਿੱਲਾਂ ਬੰਦ ਕਰਕੇ ਹੁਣ ਉਹਨਾਂ ਦੀ ਥਾਂ ਦੋ ਆਲੀਸ਼ਾਨ ਹਾਊਸਿੰਗ ਕਲੋਨੀਆਂ ਬਣਾ ਦਿੱਤੀਆਂ ਗਈਆਂ ਹਨ। 

ਅੱਤ ਦਾ ਜਬਰ ਢਾਹ ਕੇ ਕਿਸਾਨਾਂ ਤੋਂ ਖੋਹੀਆਂ ਜ਼ਮੀਨਾਂ- ਬੇਕਾਰ ਪਈਆਂ ਹਨ

ਟਰਾਈਡੈਂਟ ਗਰੁੱਪ ਨੂੰ ਸਾਲ 2005 ਵਿੱਚ ਇੱਕ ਖੰਡ ਮਿੱਲ ਲਾਉਣ ਲਈ, ਪੰਜਾਬ ਸਰਕਾਰ ਨੇ ਬਰਨਾਲਾ ਜ਼ਿਲ੍ਵ੍ਹੇ ਦੇ ਪਿੰਡਾਂ ਧੌਲਾ, ਛੰਨਾ ਵਿੱਚ 321 ਏਕੜ ਅਤੇ ਸੰਘੇੜੇ ਪਿੰਡ ਵਿੱਚ 55 ਏਕੜ- ਕੁੱਲ 376 ਏਕੜ ਜ਼ਮੀਨ ਕਿਸਾਨਾਂ ਤੋਂ ਜਬਰੀ ਗ੍ਰਹਿਣ ਕਰਕੇ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਲੜੇ ਲੰਮੇ ਘੋਲ ਤੋਂ ਬਾਅਦ ਕਿਸਾਨ ਜ਼ਮੀਨ ਦਾ ਮੁਆਵਜਾ ਤਾਂ ਲੱਗਭੱਗ ਸਾਢੇ 14 ਲੱਖ ਪ੍ਰਤੀ ਕਿੱਲਾ ਤੱਕ ਵਧਾਉਣ ਅਤੇ ਮੁੜ ਵਸੇਬੇ ਨਾਲ ਸਬੰਧਤ ਕੁੱਝ ਹੋਰ ਮੰਗਾਂ ਮੰਨਵਾਉਣ ਵਿੱਚ ਤਾਂ ਕਾਮਯਾਬ ਹੋ ਗਏ ਪਰ ਜਬਰੀ ਜ਼ਮੀਨ ਗ੍ਰਹਿਣ ਕੀਤੇ ਜਾਣ ਨੂੰ ਨਹੀਂ ਰੋਕ ਸਕੇ। ਪਿਛਲੇ 10 ਸਾਲਾਂ ਤੋਂ ਇਹ ਜ਼ਮੀਨ ਖਾਲੀ ਪਈ ਹੈ। ਟਰਾਈਡੈਂਟ ਕੰਪਨੀ ਨੇ ਇਸਦੇ ਦੁਆਲੇ ਚਾਰ-ਦੀਵਾਰੀ ਕਰਕੇ ਆਪਣਾ ਕਬਜ਼ਾ ਤਾਂ ਕਰ ਲਿਆ ਪਰ ਨਵੀਂ ਲੱਗਣ ਵਾਲੀ ਖੰਡ ਮਿੱਲ ਦਾ ਕਿਧਰੇ ਕੋਈ ਨਾਂ ਨਿਸ਼ਾਨ ਨਹੀਂ। ਕੰਪਨੀ ਵੱਲੋਂ ਖੰਡ ਮਿੱਲ ਨਾ ਲਾਏ ਜਾਣ ਕਰਕੇ, ਕਿਸਾਨਾਂ ਨੇ ਸਰਕਾਰ ਤੋਂ ਇਹ ਜ਼ਮੀਨ ਉਹਨਾਂ ਨੂੰ ਵਾਪਸ ਕਰਨ ਦੀ ਮੰਗ ਵੀ ਕੀਤੀ ਪਰ ਸਰਕਾਰ ਨੇ ਇਸ ਨੂੰ ਠੁਕਰਾ ਦਿੱਤਾ।
 

ਗੋਬਿੰਦਪੁਰਾ ਥਰਮਲ ਪਲਾਂਟ

ਪੰਜਾਬ ਸਰਕਾਰ ਨੇ ਸਾਲ 2010 ਵਿੱਚ ਪਿਓਨਾ ਪਾਵਰ ਨਾਂ ਦੀ ਕੰਪਨੀ ਵੱਲੋਂ ਇੱਕ ਥਰਮਲ ਪਲਾਂਟ ਲਾਉਣ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿੱਚ 850 ਏਕੜ ਜ਼ਮੀਨ ਜਬਰੀ ਗ੍ਰਹਿਣ ਕੀਤੀ। ਸਥਾਨਕ ਅਕਾਲੀ ਆਗੂਆਂ ਨੇ ਇਸ ਨਿੱਜੀ ਕੰਪਨੀ ਦੇ ਦਲਾਲਾਂ ਵਜੋਂ ਭੂਮਿਕਾ ਨਿਭਾਉਂਦਿਅੰ, ਪ੍ਰਭਾਵਿਤ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਲਾਲਚ ਅਤੇ ਡਰਾਵੇ ਦੀ ਰਕਮ ਪ੍ਰਵਾਨ ਕਰਨ ਅਤੇ ਸੰਘਰਸ਼ ਦੇ ਰਾਹ ਨਾ ਪੈਣ ਲਈ ਮਜਬੂਰ ਕੀਤਾ। ਜਬਰੀ ਜ਼ਮੀਨ ਗ੍ਰਹਿਣ ਕੀਤੇ ਜਾਣ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਵਿਰੁੱਧ ਆਪਣੇ ਟੁੱਕੜ ਬੋਚਾਂ ਨੂੰ ਚੰਡੀਗੜ੍ਹ ਲਿਜਾ ਕੇ ਟੀ.ਵੀ. ਕੈਮਰਿਆਂ ਅਤੇ ਪੱਤਰਕਾਰਾਂ ਮੂਹਰੇ, ਥਰਮਲ ਪਲਾਂਟ ਲਾਏ ਜਾਣ ਦੇ ਹੱਕ ਵਿੱਚ ਨਾਅਰੇ ਲਗਵਾਏ। ਅੱਤ ਦੇ ਪੁਲਸੀ ਜਬਰ ਦੇ ਸਾਹਵੇਂ ਵੀ ਪਿੰਡ  ਦੇ ਲੱਗਭੱਗ 30 ਪਰਿਵਾਰ ਆਪਣੀ 186 ਏਕੜ ਜ਼ਮੀਨ ਬਚਾਉਣ ਲਈ ਡਟਵਾਂ ਸੰਘਰਸ਼ ਕਰਦੇ ਰਹੇ ਅਤੇ ਕਾਮਯਾਬ ਹੋਏ। ਜਿਹਨਾਂ ਖੇਤ ਮਜ਼ਦੂਰਾਂ ਦੇ ਘਰ ਜਬਰੀ ਗ੍ਰਹਿਣ ਕਰ ਲਏ ਗਏ ਸਨ, ਉਹ ਵੀ ਇਸ ਸੰਘਰਸ਼ ਵਿੱਚ ਕੁੱਦੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਇਸ ਸੰਘਰਸ਼ ਲਈ ਪੰਜਾਬ ਭਰ ਵਿੱਚ ਲਾਮਿਸਾਲ ਲਾਮਬੰਦੀ ਕੀਤੀ ਗਈ। ਇਸ ਸੰਘਰਸ਼ ਦੇ ਜ਼ੋਰ ਇਹ ਕਿਸਾਨ ਨਾ ਸਿਰਫ ਆਪਣੀ ਜ਼ਮੀਨ ਬਚਾਉਣ ਵਿੱਚ ਕਾਮਯਾਬ ਹੋਏ ਸਗੋਂ ਜਿਹਨਾਂ ਖੇਤ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਗਿਆ, ਉਹਨਾਂ ਨੂੰ ਮੁਆਵਜਾ ਵੀ ਦੁਆਇਆ। 
ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਥਰਮਲ ਪਲਾਂਟ ਦਾ ਕਿਤੇ ਕੋਈ ਨਾਂ-ਨਿਸ਼ਾਨ ਨਹੀਂ ਹੈ। ਕੰਪਨੀ ਅਤੇ ਸਰਕਾਰ ਦੋਵੇਂ ਇੱਕ ਦੂਜੇ 'ਤੇ ਦੋਸ਼ ਮੜ੍ਹ ਰਹੇ ਹਨ। ਜ਼ਮੀਨ ਖਾਲੀ ਪਈ ਹੈ। ਮਾਰਚ 2014 ਤੱਕ ਇਸ ਕੰਪਨੀ ਨੇ ਪਲਾਂਟ ਲਈ ਲੋੜੀਂਦੇ ਕੋਲੇ ਦਾ ਕੋਈ ਬੰਦੋਬਸਤ ਨਹੀਂ ਕੀਤਾ ਸੀ ਅਤੇ ਨਾ ਹੀ ਪਾਵਰ ਕੌਮ ਨਾਲ ਬਿਜਲੀ ਦੀ ਖਰੀਦ ਬਾਰੇ ਕੋਈ ਸਮਝੌਤਾ ਕੀਤਾ ਸੀ। 
ਗੋਬਿੰਦਪੁਰਾ ਪਿੰਡ ਦੇ ਲੱਗਭੱਗ ਇੱਕ ਤਿਹਾਈ ਕਿਸਾਨ— ਜਿਹਨਾਂ ਦੀ ਪੂਰੀ ਦੀ ਪੂਰੀ ਜ਼ਮੀਨ ਜਬਰੀ ਗ੍ਰਹਿਣ ਕਰ ਲਈ ਗਈ, ਉਹ ਇੱਥੋਂ ਉੱਜੜ ਕੇ ਹੋਰ ਪਿੰਡਾਂ ਵਿੱਚ ਚਲੇ ਗਏ ਹਨ। ਮੁਆਵਜੇ ਦੀ ਰਕਮ ਨਾਲ ਉਹ ਬਰਾਬਰ ਦੀ ਜ਼ਮੀਨ ਨਹੀਂ ਖਰੀਦ ਸਕੇ ਕਿਉਂਕਿ ਆਸ-ਪਾਸ ਦੇ ਪਿੰਡਾਂ ਵਿੱਚ ਜ਼ਮੀਨ ਦੇ ਭਾਅ ਅਸਮਾਨੀ ਚੜ੍ਹ ਗਏ ਸਨ। ਕੁੱਝ ਕਿਸਾਨਾਂ ਨੇ ਮੁਆਵਜੇ ਦੀ ਰਕਮ ਨਾਲ ਕੁੱਝ ਹੋਰ ਕਾਰੋਬਾਰ ਸ਼ੁਰੂ ਕੀਤੇ। ਕਈਆਂ ਨੇ ਅਕਾਲੀ ਆੂਗਆਂ ਅਤੇ ਕੰਪਨੀ ਦੇ ਅਧਿਕਾਰੀਆਂ ਦੇ ਝਾਂਸੇ ਵਿੱਚ ਆ ਕੇ ਪਲਾਂਟ ਦੀ ਉਸਾਰੀ ਦੇ ਕੰਮ ਵਿੱਚੋਂ ਕਮਾਈ ਕਰਨ ਲਈ ਟਰੈਕਟਰ ਅਤੇ ਕਾਰਾਂ ਵੀ ਖਰੀਦੀਆਂ। ਪਰ ਉਸਾਰੀ ਦਾ ਕੰਮ ਨਾ ਚੱਲਣ ਕਰਕੇ ਇਹ ਨਿਵੇਸ਼ ਵੀ ਵਿਅਰਥ ਗਿਆ। 

ਐਸ.ਆਈ.ਈ.ਐਲ. ਰਾਜਪੁਰਾ

ਪੰਜਾਬ ਸਰਕਾਰ ਨੇ 1994 ਵਿੱਚ ਸ੍ਰੀ ਰਾਮ ਇੰਡਸਟਰੀਅਲ ਐਂਟਰਪ੍ਰਾਈਜ਼ ਲਿਮਟਿਡ ਨੂੰ ਰਾਜਪੁਰਾ ਕੋਲ ਇੱਕ ਸਨਅੱਤੀ ਜਾਗੀਰ (ਇੰਡਸਟਰੀਅਲ ਐਸਟੇਟ) ਕਾਇਮ ਕਰਨ ਲਈ ਖਡੋਲੀ, ਸਰਦਾਰਗੜ੍ਹ, ਜਾਖੜਾਂ, ਭਾਦਕ, ਗੰਡਾਖੇੜੀ ਅਤੇ ਦਾਮਨਹੇੜੀ ਆਦਿ ਪਿੰਡਾਂ ਦੀ 1119 ਏਕੜ ਜ਼ਮੀਨ ਪੌਣੇ ਦੋ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਜਬਰੀ ਗ੍ਰਹਿਣ ਕਰਕੇ ਦਿੱਤੀ। ਸ਼ਰਤ ਇਹ ਤਹਿ ਹੋਈ ਸੀ ਕਿ ਕੰਪਨੀ ਪ੍ਰਭਾਵਿਤ ਪਿੰਡਾਂ ਦੇ 40000 ਲੋਕਾਂ ਨੂੰ ਰੁਜਗਾਰ ਦੇਵੇਗੀ ਅਤੇ ਜੇ 10 ਸਾਲਾਂ ਦੇ ਵਿੱਚ ਜ਼ਮੀਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਸਰਕਾਰ ਵੇਹਲੀ ਪਈ ਜ਼ਮੀਨ ਵਾਪਸ ਲੈ ਸਕਦੀ ਹੈ। 
ਕੰਪਨੀ ਨੇ 21 ਸਾਲ ਬੀਤ ਜਾਣ ਦੇ ਬਾਵਜੂਦ ਸਿਰਫ 600 ਲੋਕਾਂ ਨੂੰ ਹੀ ਰੁਜ਼ਗਾਰ ਦਿੱਤਾ ਹੈ ਅਤੇ 98 ਏਕੜ ਜ਼ਮੀਨ ਹੀ ਵਰਤੀ ਹੈ। ਕੁੱਲ ਗ੍ਰਹਿਣ ਕੀਤੀ ਜ਼ਮੀਨ 'ਚੋਂ 488 ਏਕੜ ਜ਼ਮੀਨ ਪਹਿਲਾਂ ਹੀ ਛੱਡੀ ਜਾ ਚੁੱਕੀ ਹੈ। 533 ਏਕੜ ਜ਼ਮੀਨ ਕੰਪਨੀ ਕੋਲ ਪਿਛਲੇ 20 ਸਾਲਾਂ ਤੋਂ ਵਿਹਲੀ ਪਈ ਹੈ। 
ਹੁਣ ਜਦੋਂ ਲੋਕਾਂ ਨੇ ਇਹ ਜਮੀਨ ਵਾਪਸ ਲੈਣ ਲਈ ਸੰਘਰਸ਼ ਵਿੱਢਿਆ ਅਤੇ ਕਾਨੂੰਨੀ ਚਾਰਾਜੋਈ ਕਰਦਿਆਂ ਹਾਈਕੋਰਟ ਤੱਕ ਪਹੁੰਚ ਕੀਤੀ ਤਾਂ ਸਰਕਾਰ ਪੂਰੀ ਬੇਸ਼ਰਮੀ ਨਾਲ ਨਿੱਜੀ ਕੰਪਨੀ ਦੇ ਹੱਕ ਵਿੱਚ ਉੱਤਰ ਆਈ ਹੈ। ਉਸਨੇ ਨਿੱਜੀ ਕੰਪਨੀ ਵੱਲੋਂ ਜ਼ਮੀਨ ਦੀ ਪੂਰੀ ਵਰਤੋਂ ਕਰਨ ਦੀ ਮਨਿਆਦ ਸਾਲ 2004 ਤੋਂ ਵਧਾ ਕੇ 2021 ਤੱਕ ਵਧਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦੀਆਂ ਜਥੇਬੰਦੀਆਂ ਇਸਦਾ ਡਟਵਾਂ ਵਿਰੋਧ ਕਰ ਰਹੀਆਂ ਹਨ। 

''ਅਤਿਅੰਤ ਜ਼ਰੂਰੀ'' ਦੱਸ ਕੇ ਗ੍ਰਹਿਣ ਕੀਤੀਆਂ ਜ਼ਮੀਨਾਂ- ਦਹਾਕਿਆਂ 

ਬੱਧੀ ਖਾਲੀ ਕਿਉਂ? 

1894 ਦੇ ਜ਼ਮੀਨ ਅਧਿਗ੍ਰਹਿਣ ਕਾਨੂੰਨ ਦੀ ਧਾਰਾ 17, ਸਰਕਾਰ ਨੂੰ ਇਹ ਹੱਕ ਦਿੰਦੀ ਹੈ ਕਿ ਉਹ ਕਿਸੇ ਵੀ ਪ੍ਰੋਜੈਕਟ ਨੂੰ ''ਅਤਿਅੰਤ ਜ਼ਰੂਰੀ'' ਐਲਾਨ ਕੇ, ਬਿਨਾ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤਿਆਂ ਜ਼ਮੀਨ ਗ੍ਰਹਿਣ ਕਰਕੇ ਉਸ 'ਤੇ ਕਾਬਜ਼ ਹੋ ਸਕਦੀ ਹੈ। ਇਸ ਧਾਰਾ ਦੇ ਤਹਿਤ ਜ਼ਮੀਨ ਮਾਲਕ ਤੋਂ ਕਾਨੂੰਨੀ ਚਾਰਾਜੋਈ ਕਰਨ ਅਤੇ ਆਪਣੇ ਇਤਰਾਜ਼ ਪੇਸ਼ ਕਰਨ ਦਾ ਹੱਕ ਵੀ ਖੋਹ ਲਿਆ ਜਾਂਦਾ ਹੈ। ਦਲੀਲ ਇਹ ਦਿੱਤੀ ਜਾਂਦੀ ਹੈ ਕਿ ਜਿਸ ਪ੍ਰੋਜੈਕਟ ਲਈ ਜ਼ਮੀਨ ਗ੍ਰਹਿਣ ਕੀਤੀ ਜਾ ਰਹੀ ਹੈ, ਉਹ ਜਨਤਕ ਹਿੱਤ ਵਿੱਚ ਇੰਨਾ ਜ਼ਰੂਰੀ ਹੈ ਕਿ ਉਸ ਨੂੰ ਪੂਰਾ ਕਰਨ ਵਿੱਚ ਭੋਰਾ ਦੇਰੀ ਵੀ ਨਹੀਂ ਕੀਤੀ ਜਾ ਸਕਦੀ। 
ਅਸਲ ਵਿੱਚ ਨਿੱਜੀ ਕੰਪਨੀਆਂ ਆਪਣਾ ਸਿਆਸੀ ਰਸੂਖ ਅਤੇ ਧਨ-ਦੌਲਤ ਵਰਤ ਕੇ, ਬੇਲੋੜੇ ਪ੍ਰੋਜੈਕਟਾਂ ਨੂੰ ਵੀ ਅਫਸਰਸ਼ਾਹੀ ਤੋਂ ''ਅਤਿਅੰਤ ਜ਼ਰੂਰੀ'' ਐਲਾਨ ਕਰਵਾ ਲੈਂਦੀਆਂ ਹਨ। ਇਸਦਾ ਮਕਸਦ ਜ਼ਮੀਨ-ਮਾਲਕਾਂ ਦੇ ਵਿਰੋਧ ਨੂੰ ਕੁਚਲਣਾ ਹੁੰਦਾ ਹੈ। ਉਹਨਾਂ ਨੂੰ ਕਾਨੂੰਨੀ ਚਾਰਾਜੋਈ ਦੇ ਹੱਕ ਤੋਂ ਵਾਂਝਿਆਂ ਕਰਨਾ ਹੁੰਦਾ ਹੈ। ਇੱਕ ਵਾਰੀ ਜ਼ਮੀਨ ਆਪਣੇ ਕਬਜ਼ੇ ਹੇਠ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਕੋਈ ਪੁੱਛਣਵਾਲਾ ਨਹੀਂ। 
ਉਪਰੋਕਤ ਮਾਮਲਿਆਂ ਵਿੱਚ ਵੀ ਜ਼ਮੀਨਾਂ ''ਅਤਿਅੰਤ ਜ਼ਰੂਰੀ'' ਦੱਸ ਕੇ ਕਾਹਲੀ ਨਾਲ ਗ੍ਰਹਿਣ ਕੀਤੀਆਂ ਗਈਆਂ ਸਨ। ਪਰ ਪ੍ਰੋਜੈਕਟ ਲਾਉਣ ਸਮੇਂ ਇਹ ਕਾਹਲ ਗਾਇਬ ਹੋ ਜਾਂਦੀ ਹੈ। ਕਈ ਕਈ ਸਾਲ ਅਤੇ ਦਹਾਕੇ ਲੰਘ ਜਾਂਦੇ ਹਨ. ਬਹੁਤੇ ਵਾਰੀ ਕੰਪਨੀਆਂ ਇਹਨਾਂ ਜ਼ਮੀਨਾਂ 'ਤੇ ਕਰਜ਼ਾ ਲੈ ਕੇ ਹੋਰ ਕੰਮਾਂ ਲਈ ਵਰਤਣਾ ਸ਼ੁਰੂ ਕਰ ਦਿੰਦੀਆਂ ਹਨ। 

ਇਸ ਤਰ੍ਹਾਂ ਕਿਸਾਨਾਂ ਨਾਲ ਇਹ ਛਲ-ਕਪਟ ਦੀ ਖੇਡ, ਕਾਨੂੰਨ ਦੇ ਲਬਾਦੇ ਹੇਠ ਚੱਲਦੀ ਰਹਿੰਦੀ ਹੈ ਅਤੇ ਉਹਨਾਂ ਨੂੰ ਉਜਾੜੇ ਦਾ ਸੰਤਾਪ ਹੰਢਾਉਣਾ ਪੈਂਦਾ ਹੈ। 
Courtsey: SURAKH REKHA 

Monday, February 16, 2015

ਪੰਜਾਬੀ ਨਾਟਕ ਤੇ ਰੰਗਮੰਚ ਦੇ ਬੁਲੰਦ ਸਿਤਾਰੇ ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਨਾਲ ਸਤਿਕਾਰਨ ਲਈ

ਲੋਕਾਂ ਦੇ ਧੜੇ ਦੇ ਮਕਬੂਲ ਨਾਟਕਕਾਰ, ਪੰਜਾਬੀ ਨਾਟਕ ਤੇ ਰੰਗਮੰਚ
ਦੇ ਬੁਲੰਦ ਸਿਤਾਰੇ, ਗੁਰਸ਼ਰਨ ਸਿੰਘ ਰੰਗਮੰਚ ਦੇ ਹਮਸਫ਼ਰ ਤੇ ਵਾਰਿਸ
ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਨਾਲ ਸਤਿਕਾਰਨ  ਲਈ

ਇਨਕਲਾਬੀ ਜਨਤਕ ਸਲਾਮ ਸਮਾਰੋਹ


ਸਤਿਕਾਰਯੋਗ ਲੋਕੋ,
ਉੱਘੇ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ 'ਭਾਈ ਲਾਲੋ ਕਲਾ ਸਨਮਾਨ' ਨਾਲ ਸਤਿਕਾਰਿਆ ਜਾ ਰਿਹਾ ਹੈ 1 ਮਾਰਚ ਨੂੰ ਪਿੰਡ ਰੱਲਾ (ਮਾਨਸਾ) ਵਿੱਚ ਹਜ਼ਾਰਾਂ ਕਿਰਤੀ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਔਰਤਾਂ, ਕਲਾਕਾਰ, ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਬੁੱਧੀਜੀਵੀ ਇਕੱਠੇ ਹੋਣਗੇ ਤੇ ਅਜਮੇਰ ਔਲਖ ਦੀ ਨਾਟ-ਕਲਾ ਤੇ ਸਾਹਿਤਕ ਘਾਲਣਾ ਨੂੰ ਸਲਾਮ ਕਰਨਗੇ ਅੱਜ ਤੋਂ 9 ਵਰੇ ਪਹਿਲਾਂ ਪਿੰਡ ਕੁੱਸਾ (ਮੋਗਾ) ਵਿੱਚ ਉੱਘੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਵਿਸ਼ਾਲ ਇਕੱਠ ਵਿੱਚ 'ਇਨਕਲਾਬੀ ਨਿਹਚਾ ਸਨਮਾਨ' ਭੇਂਟ ਕੀਤਾ ਗਿਆ ਸੀ ਪੰਜਾਬੀ ਸਾਹਿਤ-ਕਲਾ ਜਗਤ ਅਤੇ ਲੋਕ ਹੱਕਾਂ ਦੀ ਲਹਿਰ ਦੇ ਰਿਸ਼ਤੇ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਹੋਈ ਸੀ ਏਸੇ ਰਵਾਇਤ ਨੂੰ ਜਾਰੀ ਰੱਖਦਿਆਂ ਹੁਣ ਅਜਮੇਰ ਸਿੰਘ ਔਲਖ ਨੂੰ ਸਤਿਕਾਰਿਆ ਜਾ ਰਿਹਾ ਹੈ
ਇਹ ਸਨਮਾਨ ਲੋਕਾਂ ਦੇ ਧੜੇ ਵੱਲੋਂ ਦਿੱਤਾ ਜਾ ਰਿਹਾ ਹੈ ਇਸ ਸਪੱਸ਼ਟ ਸੋਝੀ ਨਾਲ ਦਿੱਤਾ ਜਾ ਰਿਹਾ ਹੈ ਕਿ ਸਾਡਾ ਸਮਾਜ ਦੋ ਧੜਿਆਂ ਵਿੱਚ ਵੰਡਿਆ ਹੋਇਆ ਹੈ ਇੱਕ ਪਾਸੇ ਰਾਜ ਭਾਗ ਦੀਆਂ ਮਾਲਕ ਲੁਟੇਰੀਆਂ ਜਮਾਤਾਂ ਹਨ ਤੇ ਦੂਜੇ ਪਾਸੇ ਕਿਰਤੀ ਕਮਾਊ ਲੋਕ ਹਨ ਸਾਹਿਤਕਾਰ ਤੇ ਕਲਾਕਾਰ ਵੀ ਇਹਨਾਂ ਧੜਿਆਂ ਅਨੁਸਾਰ ਹੀ ਵੰਡੇ ਹੋਏ ਹਨ ਇੱਕ ਪਾਸੇ ਉਹ ਸਾਹਿਤਕਾਰ-ਕਲਾਕਾਰ ਹਨ ਜਿਨਾਂ ਦੀ ਕਲਾ ਸੁਚੇਤ ਜਾਂ ਅਚੇਤ ਲੁਟੇਰੀਆਂ ਜਮਾਤਾਂ ਦੇ ਹਿਤਾਂ ਵਿੱਚ ਭੁਗਤਦੀ ਹੈ ਉਹ ਕਲਾ ਲੁਟੇਰੇ ਨਿਜ਼ਾਮ ਦੀ ਉਮਰ ਹੋਰ ਲੰਮੀ ਕਰਨ ਦੇ ਹਾਕਮ ਜਮਾਤਾਂ ਦੇ ਹਿਤਾਂ ਦੀ ਸੇਵਾ ਕਰਦੀ ਹੈ ਲੋਕਾਂ ਦੇ ਮਨਾਂ ਵਿੱਚ ਇਸ ਲੁਟੇਰੇ ਨਿਜ਼ਾਮ ਤੇ ਸਮਾਜ ਦੇ ਅਬਦਲ ਹੋਣ ਅਤੇ ਇਉਂ ਹੀ ਦਿਨ ਕਟੀ ਕਰਨ ਦੇ ਵਿਚਾਰਾਂ/ਸੰਸਕਾਰਾਂ ਦਾ ਪਸਾਰ ਕਰਦੀ ਹੈ, ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨ ਕੇ ਜ਼ਿੰਦਗੀ ਦੀ ਹਕੀਕੀ ਤਸਵੀਰ ਤੇ ਪਰਦਾ ਪਾਉਣ ਦਾ ਰੋਲ਼ ਅਦਾ ਕਰਦੀ ਹੈ ਦੂਜੇ ਪਾਸੇ ਲੋਕਾਂ ਦੇ ਧੜੇ ਦੇ ਸਾਹਿਤਕਾਰ, ਕਲਾਕਾਰ ਹਨ ਜਿਹੜੇ ਲੋਕਾਂ ਸਾਹਮਣੇ ਜੀਵਨ ਦੀ ਅਸਲ ਤਸਵੀਰ ਪੇਸ਼ ਕਰਦੇ ਹਨ ਉਹ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਤੇ ਖੁਸ਼ਹਾਲ ਬਣਾਉਣ ਦਾ ਸੁਪਨਾ ਲੈ ਕੇ ਚਲਦੇ ਹਨ ਅਜਿਹੇ ਸਾਹਿਤਕਾਰ-ਕਲਾਕਾਰ ਲੋਕਾਂ ਦੇ ਧੜੇ ਦੀ ਸੇਵਾ ਕਰਦੇ ਹਨ ਤੇ ਉਹ ਲੋਕਾਂ ਦੇ ਸਨਮਾਨ ਸਤਿਕਾਰ ਦੇ ਹੱਕਦਾਰ ਬਣਦੇ ਹਨ ਲੋਕਾਂ ਦੇ ਧੜੇ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਾਹਿਤਕਾਰਾਂ-ਕਲਾਕਾਰਾਂ ਨੂੰ ਸਾਂਭਣ ਤੇ ਉਹਨਾਂ ਦੀ ਸਾਹਿਤਕ ਘਾਲਣਾ ਦਾ ਮੁੱਲ ਪਾਉਣ ਇਸ ਸਨਮਾਨ ਰਾਹੀਂ ਲੋਕ ਲਹਿਰ ਇਹੀ ਫ਼ਰਜ਼ ਨਿਭਾਅ ਰਹੀ ਹੈ
ਅਜਮੇਰ ਸਿੰਘ ਔਲਖ ਪੰਜਾਬੀ ਸਾਹਿਤ ਕਲਾ ਜਗਤ ਦੀਆਂ ਉਹਨਾਂ ਨਾਮਵਰ ਤੇ ਮੋਹਰੀ ਹਸਤੀਆਂ ਵਿੱਚ ਸ਼ੁਮਾਰ ਹਨ ਜਿਨਾਂ ਦਾ ਨਵੇਂ ਸਮਾਜ ਦੀ ਉਸਾਰੀ ਦਾ ਸੁਪਨਾ ਹਮੇਸ਼ਾਂ ਕਾਇਮ ਰਿਹਾ ਹੈ ਸੰਸਾਰ ਭਰ ਵਿੱਚ ਅਤੇ ਮੁਲਕ ਵਿੱਚ ਵੀ ਅਜਿਹਾ ਭਰੋਸਾ ਹਿੱਲ ਜਾਣ ਦੇ ਕਈ ਦੌਰ ਆਏ ਹਨ, ਮੌਜੂਦਾ ਲੁਟੇਰੇ ਨਿਜ਼ਾਮ ਦੇ ਅਜਿੱਤ ਹੋਣ ਦੇ ਸ਼ੋਰੀਲੇ ਐਲਾਨ ਹੋਏ ਹਨ, ਪਰ ਕਿਰਤ ਦੀ ਸਰਦਾਰੀ ਵਾਲੇ ਨਵੇਂ ਯੁੱਗ ਦੀ ਉਸਾਰੀ ਦਾ ਉਹਨਾਂ ਦਾ ਵਿਸ਼ਵਾਸ ਕਦੇ ਤਿੜਕਿਆ ਨਹੀਂ ਹੈ ਕਿਰਤੀਆਂ-ਕਿਸਾਨਾਂ ਤੇ ਮਿਹਨਤਕਸ਼ ਤਬਕਿਆਂ ਦੇ ਸੋਹਣੇ ਭਵਿੱਖ ਦੀ ਆਸ ਸਦਾ ਕਾਇਮ ਰਹੀ ਹੈ ਤੇ ਉਹਨਾਂ ਦੀਆਂ ਸਾਹਿਤਕ ਕਲਾ ਕ੍ਰਿਤਾਂ ਵਿੱਚ ਪ੍ਰਗਟ ਹੁੰਦੀ ਰਹੀ ਹੈ
ਅਜਮੇਰ ਸਿੰਘ ਔਲਖ ਨੇ ਭਾਵੇਂ ਆਪਣੇ ਨਾਟਕਾਂ ਦਾ ਸਫ਼ਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਤੋਂ ਸ਼ੁਰੂ ਕੀਤਾ ਪਰ ਬਹੁਤ ਛੇਤੀ ਹੀ ਉਹਨਾਂ ਨੇ ਨਾਟਕ ਨੂੰ ਯੂਨੀਵਰਸਿਟੀ ਤੇ ਕਾਲਜਾਂ ਦੇ ਸੀਮਤ ਦਾਇਰੇ ਵਿੱਚੋਂ ਕੱਢ ਕੇ ਮਿਹਨਤਕਸ਼ ਪੇਂਡੂ ਕਿਰਤੀ ਲੋਕਾਂ ਤੱਕ ਪਹੁੰਚਾਇਆ ਉਹਨਾਂ ਆਪਣੇ ਰੰਗਮੰਚ ਦੀ ਕਰਮ ਭੂਮੀ ਪਿੰਡਾਂ ਨੂੰ ਬਣਾ ਲਿਆ ਤੇ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਨੂੰ ਆਪਣੇ ਨਾਟਕਾਂ ਦੇ ਵਿਸ਼ੇ ਵਜੋਂ ਚੁਣ ਲਿਆ ਉਹ ਅਜਿਹਾ ਤਾਂ ਕਰ ਸਕੇ ਕਿਉਂਕਿ ਉਹ ਹਮੇਸ਼ਾਂ 'ਕਲਾ ਲੋਕਾਂ ਲਈ' ਦੇ ਵਿਚਾਰ ਦੇ ਧਾਰਨੀ ਬਣ ਕੇ ਚੱਲੇ ਹਨ ਕਲਾ ਨੂੰ ਸਮਾਜਿਕ ਤਬਦੀਲੀ ਦੇ ਵੱਡੇ ਉਦੇਸ਼ ਦੀ ਪੂਰਤੀ ਦਾ ਸਾਧਨ ਬਣਾਇਆ ਹੈ ਉਹਨਾਂ ਹਾਕਮ ਜਮਾਤਾਂ ਦੇ ਅਜਿਹੇ ਵਿਚਾਰਾਂ ਨੂੰ ਰੱਦ ਕੀਤਾ ਹੈ ਕਿ ਕਲਾ ਤਾਂ ਸਿਰਫ਼ ਮਨੋਰੰਜਨ ਦਾ ਸਾਧਨ ਹੁੰਦੀ ਹੈ ਤੇ ਜ਼ਿੰਦਗੀ ਦੇ ਗੰਭੀਰ ਮੁੱਦਿਆਂ ਦਾ ਕਲਾ ਦੇ ਖੇਤਰ ਵਿੱਚ ਕੋਈ ਸਥਾਨ ਨਹੀਂ ਹੁੰਦਾ ਹੈ ਉਹਨਾਂ ਲਈ ਕਲਾ ਤਾਂ ਕਿਰਤੀਆਂ ਦੇ ਜੀਵਨ ਦੀ ਅਸਲ ਤਸਵੀਰ ਉਘਾੜਨ ਦਾ ਜ਼ਰੀਆ ਹੈ ਤੇ ਇਹਦੇ ਕੋਹਜ ਨੂੰ ਸੰਵਾਰਨ ਦੀ ਤਾਂਘ ਪੈਦਾ ਕਰ ਦੇਣ ਦਾ ਅਹਿਮ ਹਥਿਆਰ ਹੈ ਆਪਣੇ ਅਜਿਹੇ ਨਿਸ਼ਾਨੇ ਦੀ ਪੂਰਤੀ ਲਈ ਹੀ ਉਹਨਾਂ ਨੇ ਲੋਕ ਮੁਖੀ ਰੰਗਮੰਚ ਦੀ ਸਿਰਜਣਾ ਕੀਤੀ ਹੈ ਉਹਨਾਂ ਨੇ ਗੁਰਸ਼ਰਨ ਸਿੰਘ ਦੀਆਂ ਰੰਗਮੰਚ ਪਿਰਤਾਂ ਦੇ ਹਮਸਫ਼ਰ ਰਹਿੰਦਿਆਂ, ਅਜਿਹੇ ਢੰਗ ਤਰੀਕੇ ਖੋਜੇ ਤੇ ਸਿਰਜੇ ਹਨ ਜਿਹਦੇ ਨਾਲ ਸਧਾਰਨ ਕਿਰਤੀ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ ਏਸੇ ਲੋੜ ਵਿੱਚੋਂ ਹੀ ਉਹਨਾਂ ਨੇ ਉੱਚ ਪੱਧਰੀਆਂ ਪਰ ਮਹਿੰਗੀਆਂ ਤਕਨੀਕਾਂ ਤੇ ਨਾਟ-ਜੁਗਤਾਂ ਨੂੰ ਤਿਆਗਿਆ ਘੱਟ ਤੋਂ ਘੱਟ ਖਰਚੀਲੇ ਤੇ ਜਨ-ਸਾਧਾਰਨ ਦੀ ਪਹੁੰਚ ਵਾਲੇ ਪੰਜਾਬੀ ਰੰਗਮੰਚ ਦਾ ਮੁਹਾਂਦਰਾਂ ਘੜਨ ਵਿੱਚ ਉਹਨਾਂ ਦਾ ਅਹਿਮ ਰੋਲ ਹੈ ਉਹਨਾਂ ਨੇ 70 ਵਿਆਂ ਦੇ ਦਹਾਕੇ ਵਿੱਚ ਉਦੋਂ ਆਪਣੀ ਪਤਨੀ ਤੇ ਧੀਆਂ ਨੂੰ ਰੰਗਮੰਚ ਕਲਾਕਾਰਾਂ ਵਜੋਂ ਤੋਰਿਆ ਜਦੋਂ ਔਰਤਾਂ ਦੇ ਸਟੇਜਾਂ 'ਤੇ ਆਉਣ ਨੂੰ ਆਮ ਪੇਂਡੂ ਲੋਕਾਂ ਦੀਆਂ ਨਜ਼ਰਾਂ ਵਿੱਚ ਮਾਣ-ਇੱਜ਼ਤ ਵਾਲਾ ਕੰਮ ਨਹੀਂ ਸੀ ਗਿਣਿਆ ਜਾਂਦਾ ਇਉਂ ਉਹ ਗੁਰਸ਼ਰਨ ਸਿੰਘ ਦੀ 'ਥੜਾ ਥੀਏਟਰ' ਦੀ ਰਵਾਇਤ ਦੇ ਵਾਰਿਸ ਵੀ ਹਨ
ਆਰਥਿਕ ਖੇਤਰ ਤੋਂ ਲੈ ਕੇ ਸਮਾਜਿਕ ਖੇਤਰ ਵਿੱਚ ਪਸਰੇ ਸੰਕਟ ਦਾ ਸੰਤਾਪ ਅਜਮੇਰ ਔਲਖ ਦੇ ਨਾਟਕਾਂ ਵਿੱਚੋਂ ਸਪੱਸ਼ਟ ਉੱਘੜਦਾ ਹੈ ਉਹਨਾਂ ਆਪਣੇ ਮਕਬੂਲ ਨਾਟਕ 'ਬੇਗਾਨੇ ਬੋਹੜ ਦੀ ਛਾਂ' ਵਿੱਚ ਬੋਹੜ ਨੂੰ ਅਜਿਹੇ ਆਰਥਿਕ ਸਮਾਜਿਕ ਨਿਜ਼ਾਮ ਦਾ ਚਿੰਨ ਦਰਸਾਇਆ ਹੈ ਜੋ ਲੋਕ ਵਿਰੋਧੀ ਹੈ ਤੇ ਜਿਸਦੀ ਛਾਂ ਥੱਲੇ ਲੋਕ ਕਦੇ ਵੀ ਸੁੱਖਾਂ ਭਰੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ ਜ਼ਿੰਦਗੀ ਦੀ ਹਕੀਕਤ ਇਸ ਨਾਟਕ ਵਿੱਚ ਬਹੁਤ ਹੀ ਕਲਾਮਈ ਢੰਗ ਨਾਲ ਪੇਸ਼ ਹੁੰਦੀ ਹੈ ਜਦ ਇਹ ਸਤਰਾਂ ਗੂੰਜਦੀਆਂ ਹਨ 
ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ
ਮਰ ਜਾਣਗੇ ਢਿੱਡ ਦੀ ਲੋੜ ਥੱਲੇ
ਘੜੀ ਸੁੱਖ ਦੀ ਭਾਲਦੇ ਭਲਾ ਕਿੱਥੋਂ
ਜਿਹੜੇ ਰਹਿਣਗੇ ਬੇਗਾਨੜੇ ਬੋਹੜ ਥੱਲੇ
ਔਲਖ ਦੇ ਨਾਟਕਾਂ ਦਾ ਕੇਂਦਰੀ ਸੰਦੇਸ਼ ਹੈ ਕਿ ਸਮਾਜ ਵਿੱਚ ਪਸਰੀਆਂ ਸਮੱਸਿਆਵਾਂ ਦੀ ਜੜ ਮੌਜੂਦਾ ਪੈਸਾ ਪ੍ਰਧਾਨ ਸਮਾਜ ਹੈ ਜੀਹਦੇ ਵਿੱਚ ਆਮ ਆਦਮੀ ਦੀ ਵੁੱਕਤ ਇੱਕ ਖੋਟੇ ਪੈਸੇ ਤੋਂ ਜ਼ਿਆਦਾ ਨਹੀਂ ਹੈ (ਤੂੜੀ ਵਾਲਾ ਕੋਠਾ)
ਉਸਨੇ ਆਪਣੇ ਨਾਟਕਾਂ ਵਿੱਚ ਗਰੀਬ ਕਿਸਾਨਾਂ, ਖੇਤ-ਮਜ਼ਦੂਰਾਂ, ਔਰਤਾਂ ਤੇ ਮਜ਼ਲੂਮ ਜਾਤਾਂ ਦੇ ਸੰਤਾਪ ਨੂੰ ਚਿਤਰਿਆ ਹੈ ਉਹਨਾਂ ਦੇ ਦੁੱਖ ਤਕਲੀਫ਼ਾਂ, ਅਧੂਰੀਆਂ ਖਾਹਿਸ਼ਾਂ-ਉਮੰਗਾਂ ਨੂੰ ਦਿਖਾਇਆ ਹੈ, ਇਹਨਾਂ ਦੇ ਦਮ ਤੋੜਨ ਦਾ ਹਾਲ ਪ੍ਰਗਟਾਇਆ ਹੈ ਇਹ ਤਸਵੀਰ ਦਰਸ਼ਕ ਨੂੰ ਹਲੂਣਦੀ ਹੈ ਤੇ ਕੁੱਝ ਚੰਗਾ ਕਰਨ ਲਈ ਪ੍ਰੇਰਦੀ ਹੈ ਉਹਦੇ ਨਾਟਕਾਂ ਵਿੱਚ ਮਿਹਨਤਕਸ਼ ਲੋਕਾਂ ਦੀ ਸਿਰਫ਼ ਦੁੱਖ ਦਰਦ ਦੀ ਸੰਤਾਪੀ ਜ਼ਿੰਦਗੀ ਹੀ ਨਹੀਂ ਦਿਖਦੀ ਸਗੋਂ ਇਹਦੇ ਵਿੱਚੋਂ ਪੈਦਾ ਹੁੰਦਾ ਗੁੱਸਾ ਤੇ ਰੋਹ ਵੀ ਝਲਕਦਾ ਹੈ ਇਹਨਾਂ ਸਥਿਤੀਆਂ ਵਿੱਚੋਂ ਜਨਮ ਲੈਂਦੀ ਸੰਘਰਸ਼ ਚੇਤਨਾ ਦੇ ਝਲਕਾਰਿਆਂ ਨਾਲ ਜ਼ਿੰਦਗੀ ਦੇ ਹੋਰ ਸੋਹਣੀ ਹੋ ਸਕਣ ਦੀ ਆਸ ਵੀ ਬੰਨਾਉਂਦਾ ਹੈ ਉਹਦੀ ਸਮੁੱਚੀ ਨਾਟ ਰਚਨਾ ਵਿੱਚ ਕਿਰਤ ਦੀ ਵਡਿਆਈ ਤੇ ਉਹਦੀ ਰਾਖੀ ਦਾ ਸੁਨੇਹਾ ਰਚਿਆ ਹੋਇਆ ਹੈ
ਅਜਮੇਰ ਸਿੰਘ ਔਲਖ ਨੇ ਪ੍ਰਚਲਿਤ ਸਮਾਜਿਕ ਧਾਰਨਾਵਾਂ ਦੇ ਪਿੱਛੇ ਛੁਪੀ ਕਰੂਰ ਹਕੀਕਤ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਉਘਾੜਿਆ ਹੈ ਆਦਮੀ ਦਾ ਅਣਵਿਆਹਿਆ ਰਹਿ ਜਾਣਾ ਔਲਖ ਲਈ ਮਜ਼ਾਕ ਦਾ ਮੁੱਦਾ ਨਹੀਂ ਸਗੋਂ ਗੁਜ਼ਾਰੇ ਦੇ ਸਾਧਨਾਂ ਦੀ ਤੋਟ ਵਿੱਚੋਂ ਉਪਜੀ ਗ਼ਰੀਬ ਆਦਮੀ ਦੀ ਤ੍ਰਾਸਦੀ ਹੈ ਗਰੀਬ ਕਿਸਾਨੀ ਵਿੱਚ ਅਣਵਿਆਹੇ ਆਦਮੀਆਂ ਦੀ ਤ੍ਰਾਸਦੀ ਤੇ ਉਸੇ ਘਰ ਦੀਆਂ ਔਰਤਾਂ ਦੇ ਜੀਵਨ ਹਾਲਤਾਂ ਨੂੰ ਔਲਖ ਨੇ ਇਉਂ ਪੇਸ਼ ਕੀਤਾ ਹੈ ਕਿ ਸਧਾਰਨ ਦਿਖਦੇ ਅਜਿਹੇ ਸਮਾਜਿਕ ਵਰਤਾਰੇ ਰੜਕਣ ਲੱਗ ਜਾਂਦੇ ਹਨ ਉਹਦੇ ਨਾਟਕ ਅਜਿਹੇ ਸੰਸਕਾਰਾਂ ਤੇ ਸੋਚਾਂ ਦੇ ਅਸਰਾਂ ਨੂੰ ਖੋਰਨ ਵਿੱਚ ਸਹਾਈ ਹੁੰਦੇ ਹਨ ਜਿਹੜੀਆਂ ਸੋਚਾਂ ਮੌਜੂਦਾ ਲੁਟੇਰੇ ਸਮਾਜਿਕ ਨਿਜ਼ਾਮ ਨੂੰ ਤਾਕਤ ਬਖਸ਼ਦੀਆਂ ਹਨ ਤੇ ਇਹਦੀ ਇਨਕਲਾਬੀ ਤਬਦੀਲੀ ਲਈ ਸੰਘਰਸ਼ ਕਰਦੇ ਲੋਕਾਂ ਦੀ ਤਿਆਰੀ ਨੂੰ ਨਾਂਹ-ਪੱਖੀ ਰੁਖ਼ ਪ੍ਰਭਾਵਿਤ ਕਰਦੀਆਂ ਹਨ ਸਮਾਜਿਕ ਵਿਕਾਸ ਵਿੱਚ ਅੜਿੱਕਾ ਬਣਦੀ ਜਗੀਰੂ ਚੌਧਰ, ਮਰਦਾਵਾਂ ਸਮਾਜਿਕ ਦਾਬਾ ਤੇ ਜਾਤਪਾਤੀ ਸਮਾਜਕ ਦਾਬਾ ਵਿਤਕਰਾ ਉਸਦੀ ਕਲਾ ਦਾ ਵਿਸ਼ੇਸ਼ ਚੋਟ-ਨਿਸ਼ਾਨਾ ਹਨ ਉਸਦੀ ਕਲਾ ਦਾ ਝੰਜੋੜਾ ਪਿਛਾਂਹ-ਖਿੱਚੂ ਸੋਚਾਂ ਸੰਸਕਾਰਾਂ ਨੂੰ ਤਿਆਗਣ ਤੇ ਨਵਾਂ ਸਮਾਜ ਬਣਾਉਣ ਦਾ ਇਨਕਲਾਬੀ ਉੱਦਮ ਜੁਟਾਉਣ ਲਈ ਪ੍ਰੇਰਦਾ ਹੈ ਅਖੌਤੀ ਨੀਵੀਆਂ ਜਾਤਾਂ ਲਈ ਉਹਦੇ ਨਾਟਕਾਂ ਵਿੱਚ ਤਰਸ ਦੀ ਭਾਵਨਾ ਦੀ ਥਾਂ ਮਾਣ ਨਾਲ ਸਿਰ ਉੁੱਚਾ ਕਰਕੇ ਜਿਉਣ ਦੀ ਅਧਿਕਾਰ ਜਤਾਈ ਝਲਕਦੀ ਹੈ
ਅਜਮੇਰ ਔਲਖ ਦਾ ਨਾਟਕ ਤੇ ਰੰਗਮੰਚ ਲੋਕ ਲਹਿਰ ਦੇ ਨਾਲ ਨਾਲ ਤੁਰਿਆ ਹੈ 80 ਵਿਆਂ ਦੇ ਸ਼ੁਰੂ ਵਿੱਚ ਲਿਖੇ ਉਸਦੇ ਨਾਟਕਾਂ ਵਿੱਚ ਆੜਤੀਆਂ ਸ਼ਾਹੂਕਾਰਾਂ ਦੀ ਲੁੱਟ ਦੀ ਸਤਾਈ ਗਰੀਬ ਕਿਸਾਨੀ ਤੇ ਖੇਤ-ਮਜ਼ਦੂਰਾਂ ਵਿੱਚ ਉਬਾਲੇ ਮਾਰਦੇ ਗੁੱਸੇ ਦੀ ਤਸਵੀਰ ਹੈ ਇਸ ਗੁੱਸੇ ਦੇ ਗ਼ਲਤ ਲੀਹ ਤੇ ਚੜ ਜਾਣ ਤਾ ਤੌਖ਼ਲਾ ਵੀ ਹੈ ਤੇ ਸਹੀ ਲੀਹ ਤੇ ਤੋਰਨ ਲਈ ਵੱਡੇ ਸਾਂਝੇ ਦੁਸ਼ਮਣ ਖਿਲਾਫ਼ ਸੰਘਰਸ਼ਾਂ ਦੀ ਧਾਰ ਸੇਧਤ ਕਰਨ ਦੀ ਦਿਸ਼ਾ ਵੀ ਹੈ ਮੌਜੂਦਾ ਨਿੱਜੀਕਰਨ ਸੰਸਾਰੀਕਰਨ ਦੇ ਹੱਲੇ ਦੇ ਦੌਰ ਵਿੱਚ ਉਸਨੇ ਜ਼ਮੀਨੀ ਘੋਲ ਨੂੰ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਇਆ ਹੈ ਔਲਖ ਨੇ ਗੋਬਿੰਦਪੁਰੇ ਵਿੱਚ ਚੱਲੇ ਘੋਲ ਨਾਲ ਬਹੁਤ ਗਹਿਰਾ ਸਰੋਕਾਰ ਦਿਖਾਉਂਦਿਆਂ ਨਾਟਕ 'ਐਇੰ ਨੀਂ ਹੁਣ ਸਰਨਾ' ਲਿਖ ਕੇ, ਹਕੂਮਤੀ ਤੇ ਕਾਰਪੋਰੇਟ ਲਾਣੇ ਦੀਆਂ ਲੋਟੂ ਵਿਉਂਤਾਂ ਦਾ ਪਾਜ ਉਘੇੜਦਿਆਂ, ਕਿਸਾਨੀ ਸੰਘਰਸ਼ ਦੀ ਲੋੜ ਨੂੰ ਉਭਾਰਿਆ ਹੈ 'ਸਰਮਾਏਦਾਰਾਂ ਨੂੰ ਚਿੱਤ ਕਰਨ ਲਈ' ਹਰ ਹਥਿਆਰ ਵਰਤਣ ਦਾ ਸੰਦੇਸ਼ ਦਿੱਤਾ ਹੈ ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਵਿੱਚ ਔਲਖ ਆਪਣੇ ਨਾਟਕ 'ਅੰਨੇ ਨਿਸ਼ਾਨਚੀ' ਰਾਹੀਂ ਫ਼ਿਰਕੂ ਸਿਆਸਤ ਦਾ ਪਾਜ ਉਘੇੜਦਿਆਂ, ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦਾ ਰਿਹਾ ਹੈ ਲੋਕ ਮਨਾਂ 'ਤੇ ਪੱਸਰੀ ਅੰਧਵਿਸ਼ਵਾਸਾਂ ਦੀ ਧੁੰਦ ਨੂੰ ਦੂਰ ਕਰਨ ਲਈ ਤਰਕਸ਼ੀਲ ਲਹਿਰ ਦੀ ਮਹੱਤਤਾ ਨੂੰ ਉਭਾਰਦਾ ਨਾਟਕ ''ਚਾਨਣ ਦੇ ਵਣਜਾਰੇ'' ਲਿਖਿਆ ਤੇ ਖੇਡਿਆ ਹੈ ਗਦਰ ਸ਼ਤਾਬਦੀ ਮੌਕੇ ਗਦਰ ਲਹਿਰ ਦੀ ਵਿਰਾਂਗਣ ਗੁਲਾਬ ਕੌਰ ਦੀ ਕਰਨੀ ਰਾਹੀਂ ਲਹਿਰ ਦੀ ਦੇਣ ਦਰਸਾਉਂਦਾ ਨਾਟਕ ''ਤੂੰ ਚਰਖਾ ਘੁਕਦਾ ਰੱਖ ਜਿੰਦੇ'' ਲੋਕਾਂ ਨੂੰ ਦਿੱਤਾ ਹੈ
ਏਨੀ ਬਰੀਕੀ ਵਿੱਚ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਚਿਤਰ ਸਕਣ ਵਿੱਚ ਉਹਦੀ ਇਨਕਲਾਬੀ ਦ੍ਰਿਸ਼ਟੀ ਦੇ ਨਾਲ ਨਾਲ ਉਹਦਾ ਆਪਣਾ ਪੇਂਡੂ ਕਿਸਾਨੀ ਜੀਵਨ ਦਾ ਸਿੱਧਾ ਅਨੁਭਵ ਵੀ ਹੈ ਇੱਕ ਗ਼ਰੀਬ ਕਿਸਾਨ ਮੁਜਾਰੇ ਪਰਿਵਾਰ ਵਿੱਚ ਜਨਮੇ ਅਜਮੇਰ ਔਲਖ ਨੇ ਗਰੀਬ ਕਿਸਾਨੀ ਦੀਆਂ ਮੁਸ਼ਕਿਲਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ ਜਗੀਰਦਾਰਾਂ ਦੇ ਜਬਰ ਦਾ ਸੇਕ ਝੱਲਿਆ ਹੈ ਥੁੜ-ਜ਼ਮੀਨੇ ਕਿਸਾਨ ਪਰਿਵਾਰ ਦੀਆਂ ਤੋਟਾਂ ਭਰੀ ਜ਼ਿੰਦਗੀ ਵਿੱਚ ਬਚਪਨ ਗੁਜ਼ਾਰਿਆ ਹੈ ਨਿੱਕੇ ਹੁੰਦਿਆਂ ਔਲਖ ਵੱਲੋਂ ਆਪਣੀ ਮਾਂ ਤੋਂ ਮੱਕੀ ਦੀ ਛੱਲੀ ਮੰਗਣ ਤੇ ਮਾਂ ਵੱਲੋਂ ਖੇਤੋਂ ਛੱਲੀ ਲਿਆਉਣ ਮੌਕੇ ਜਗੀਰਦਾਰਾਂ ਦੇ ਗੁੰਡਿਆਂ ਵੱਲੋਂ ਪੰਡ ਦੀ ਤਲਾਸ਼ੀ ਲੈਣ ਤੇ ਮਾਂ ਵੱਲੋਂ ਗੁੱਸੇ ਵਿੱਚ ਛੱਲੀ ਵਗਾ ਮਾਰਨ ਦੀ ਘਟਨਾ ਉਹਦੇ ਚੇਤਿਆਂ ਵਿੱਚ ਡੂੰਘੀ ਤਰਾਂ ਉੱਕਰੀ ਪਈ ਹੈ ਇਉਂ ਹੀ ਮਗਰੋਂ ਚੜਦੀ ਜਵਾਨੀ ਵੇਲੇ ਜਗੀਰਦਾਰ ਵੱਲੋਂ ਉਹਦੀ ਪਿੱਠ 'ਤੇ ਮਾਰੇ ਠੁੱਡੇ ਦੀ ਪੀੜ ਅਜਮੇਰ ਔਲਖ ਨੂੰ ਅਜੇ ਵੀ ਮਹਿਸੂਸ ਹੁੰਦੀ ਹੈ ਉਹਨੇ ਕਿਸਾਨਾਂ ਦੀ ਲੁੱਟ ਦਾ ਸੰਤਾਪ ਦੇਖਿਆ ਤੇ ਖੇਤਾਂ ਦੀ ਰਾਖੀ ਲਈ ਉੱਠਦੇ ਕਿਸਾਨ ਉਭਾਰ ਦੇ ਦਿਨਾਂ ਵਿੱਚ ਹੀ ਪਲ਼ ਕੇ ਵੱਡਾ ਹੋਇਆ ਉਹਦੇ ਮਨ ਵਿੱਚ ਪੈਪਸੂ ਦੀ ਜੁਝਾਰ ਮੁਜਾਰਾ ਲਹਿਰ ਦੀ ਚੜਤ ਦੇ ਦਿਨਾਂ ਦੀਆਂ ਯਾਦਾਂ ਸਾਂਭੀਆਂ ਪਈਆਂ ਹਨ ਬਚਪਨ ਵਿੱਚ ਕਿਸਾਨ ਸੰਘਰਸ਼ਾਂ ਦੀਆਂ ਸਟੇਜਾਂ ਤੋਂ ਆਪਣੇ ਰਚੇ ਗੀਤ ਗਾਉਂਦਿਆਂ ਉਹਨੇ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ ਇਉਂ ਉਹ ਕਿਸਾਨ ਸੰਘਰਸ਼ਾਂ ਦੀ ਗੁੜਤੀ ਲੈ ਕੇ ਸਾਹਿਤਕ ਪਿੜ ਵਿੱਚ ਆਇਆ ਉੱਘੇ ਕਿਸਾਨ ਆਗੂ ਧਰਮ ਸਿੰਘ ਫੱਕਰ ਵੱਲੋਂ ਉਹਦੇ ਗੀਤ ਬਦਲੇ ਦਿੱਤੀ ਹੱਲਾਸ਼ੇਰੀ ਤੇ ਇੱਕ ਰੁਪਏ ਦਾ ਇਨਾਮ ਅੱਜ ਵੀ ਅਜਮੇਰ ਔਲਖ ਨੂੰ ਕਿਸਾਨ ਮਜ਼ਦੂਰ ਹਿਤਾਂ ਲਈ ਕਲਮ ਚਲਾਉਣ ਤੇ ਨਾਟਕ ਖੇਡਣ ਦੀ ਪ੍ਰੇਰਨਾ ਦਿੰਦਾ ਹੈ
ਕਲਾ ਤੇ ਸਾਹਿਤਕ ਖੇਤਰ ਦੀ ਘਾਲਣਾ ਦੇ ਨਾਲ ਅਜਮੇਰ ਸਿੰਘ ਔਲਖ ਨੇ ਲੋਕ ਹੱਕਾਂ ਦੀ ਲਹਿਰ ਵਿੱਚ ਇੱਕ ਜਮਹੂਰੀ ਕਾਰਕੁੰਨ ਵਜੋਂ ਵੀ ਰੋਲ ਅਦਾ ਕੀਤਾ ਹੈ ਉਹ ਅਜਿਹੇ ਦੌਰ ਵਿੱਚ ਅੱਗੇ ਆਇਆ ਜਦੋਂ ਵੱਡੀਆਂ ਬਹੁਕੌਮੀ ਕੰਪਨੀਆਂ ਦੀ ਅੰਨੀ ਲੁੱਟ ਲਈ ਦੇਸ਼ ਦੇ ਕਿਰਤੀ ਲੋਕਾਂ ਤੇ ਹਕੂਮਤੀ ਜਬਰ ਦਾ ਕੁਹਾੜਾ ਤੇਜ਼ ਕੀਤਾ ਗਿਆ ਜੰਗਲਾਂ ਤੇ ਜ਼ਮੀਨਾਂ ਦੀ ਰਾਖੀ ਲਈ ਜੂਝਦੇ ਆਦਿਵਾਸੀਆਂ ਦਾ ਸ਼ਿਕਾਰ ਖੇਡਣ ਲਈ 'ਅਪ੍ਰੇਸ਼ਨ ਗਰੀਨ ਹੰਟ' ਸ਼ੁਰੂ ਕੀਤਾ ਗਿਆ ਤਾਂ ਪੰਜਾਬ ਵਿੱਚ 'ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ' ਨਾਂ ਦੇ ਪਲੇਟਫਾਰਮ ਨੇ ਇਸ ਹਕੂਮਤੀ ਜਬਰ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਅਜਮੇਰ ਔਲਖ ਇਸ ਫਰੰਟ ਦੀਆਂ ਮੋਹਰੀ ਕਤਾਰਾਂ ਵਿੱਚ ਖੜਾ ਹੈ ਉਹ ਜਮਹੂਰੀ ਅਧਿਕਾਰ ਸਭਾ ਦਾ ਪੰਜਾਬ ਦਾ ਪ੍ਰਧਾਨ ਬਣਿਆ ਅੱਜ ਕੱਲ ਉਹ ਲੋਕਾਂ ਵਿੱਚ ਜਮਹੂਰੀ ਹੱਕਾਂ ਦੀ ਸੋਝੀ ਦਾ ਪਸਾਰਾ ਕਰਨ ਤੇ ਹਕੂਮਤੀ ਜਬਰ ਦਾ ਵਿਰੋਧ ਕਰਨ ਦੀਆਂ ਸਰਗਰਮੀਆਂ ਦਾ ਮੋਢੀ ਹੈ ਉਹ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਚੱਲੀ 'ਰਾਜ ਬਦਲੋ, ਸਮਾਜ ਬਦਲੋ' ਨਾਂ ਦੀ ਵਿਸ਼ਾਲ ਜਨਤਕ ਮੁਹਿੰਮ ਦਾ ਅੰਗ ਰਿਹਾ ਹੈ
ਅਜਮੇਰ ਔਲਖ ਦੇ ਸਨਮਾਨ ਰਾਹੀਂ ਪੰਜਾਬ ਦੀ ਇਨਕਲਾਬੀ ਲਹਿਰ ਉਹਨਾਂ ਸਭਨਾਂ ਸਾਹਿਤਕਾਰਾਂ, ਕਲਾਕਾਰਾਂ ਨੂੰ ਸਲਾਮ ਕਰ ਰਹੀ ਹੈ ਜਿਨਾਂ ਨੇ ਲੋਕਾਂ ਦੇ ਸੋਹਣੇ ਭਵਿੱਖ ਦਾ ਸੁਪਨਾ ਲਿਆ ਹੈ ਪੰਜਾਬੀ ਸਾਹਿਤ ਦੀ ਇਹ ਲੋਕ ਪੱਖੀ ਦ੍ਰਿਸ਼ਟੀ ਯੁੱਗਾਂ ਯੁੱਗਾਂ ਤੋਂ ਚੱਲਦੀ ਆਈ ਹੈ ਸਾਡੇ ਦੇਸ਼ ਵਿੱਚ ਪੁਰਾਤਨ ਸਮਿਆਂ ਤੋਂ ਹੀ ਸਾਹਿਤ ਦਾ ਮਨੋਰਥ ਸੱਚ ਪ੍ਰਗਟਾਉਣਾ ਦੱਸਿਆ ਜਾਂਦਾ ਰਿਹਾ ਹੈ ਪੰਜਾਬੀ ਸਾਹਿਤ ਰਾਜੇ ਮਹਾਰਾਜਿਆਂ ਦੇ ਜਬਰ ਨੂੰ ਲਲਕਾਰਾਦਾ ਆਇਆ ਹੈ ਬਾਬੇ ਨਾਨਕ ਵੱਲੋਂ ਆਪਣੇ ਸੁਨੇਹੇ ਲਈ ਸਾਹਿਤ ਕਲਾ ਦੇ ਹਥਿਆਰ ਦੀ ਵਰਤੋਂ ਦਾ ਹੀ ਕਮਾਲ ਹੈ ਕਿ ਉਹਦਾ ਹੋਕਾ ਭਾਈ ਲਾਲੋਆਂ ਨੂੰ ਜਾਗ੍ਰਿਤ ਕਰਦਾ ਰਿਹਾ ਹੈ ਸਾਹਿਤ ਕਲਾ ਦਾ ਖੇਤਰ ਲੋਕਾਂ ਦੀ ਮੁਕਤੀ ਲਈ ਸੰਘਰਸ਼ ਦਾ ਅਹਿਮ ਹਥਿਆਰ ਬਣਦਾ ਰਿਹਾ ਹੈ ਪੰਜਾਬ ਵਿੱਚ ਕਿਸੇ ਵੇਲੇ ਚੱਲੀ ਇਪਟਾ ਲਹਿਰ ਦੇ ਨਾਟਕਾਂ ਤੇ ਓਪੇਰਿਆਂ ਨੇ ਮਿਹਨਤਕਸ਼ ਜਨਤਾ ਨੂੰ ਕਲਾ ਨਾਲ ਹਲੂਣ ਜਗਾਉਣ ਦਾ ਰੋਲ ਨਿਭਾਇਆ ਸੀ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਚੱਲਦੀ ਰਹੀ ਨਾਟਕ ਲਹਿਰ ਨੇ ਹਮੇਸ਼ਾਂ ਹੀ ਪੰਜਾਬ ਦੀ ਲੋਕ ਲਹਿਰ ਦਾ ਅਹਿਮ ਮੋਰਚਾ ਸੰਭਾਲੀ ਰੱਖਿਆ ਹੈ ਸਾਹਿਤ ਕਲਾ ਦੀ ਤਾਕਤ ਸਾਡਾ ਵਿਰਸਾ ਵੀ ਦਰਸਾਉਂਦਾ ਹੈ, ਚੰਡੀ ਦੀ ਵਾਰ ਸੂਰਮਿਆਂ ਵਿੱਚ ਮੈਦਾਨ--ਜੰਗ ਵਿੱਚ ਜਾਣ ਦਾ ਜੋਸ਼ ਭਰਦੀ ਰਹੀ ਹੈ ਲੋਕ ਪੱਖੀ ਸਾਹਿਤ ਕਲਾ ਦੀ ਤਾਕਤ ਤੋਂ ਹਾਕਮ ਘਬਰਾਉਂਦੇ ਆਏ ਹਨ ਉਹ ਲੋਕ ਪੱਖੀ ਕਲਾਕਾਰਾਂ ਸਾਹਿਤਕਾਰਾਂ ਨੂੰ ਕਤਲ ਕਰਵਾਉਦੇ, ਜੇਲੀਂ ਡੱਕਦੇ ਤੇ ਜਬਰ ਢਾਹੁੰਦੇ ਰਹੇ ਹਨ ਉੱਘੇ ਕਵੀ ਪਾਸ਼ ਦਾ ਕਤਲ, ਲੋਕ ਪੱਖੀ ਨਾਟਕਕਾਰ ਸਫ਼ਦਰ ਹਾਸ਼ਮੀ ਦੇ ਕਤਲ ਤੋਂ ਲੈ ਕੇ, ਲੋਕਾਂ ਨੂੰ ਜਗਾਉਂਦੇ ਨਾਟਕਾਂ ਗੀਤਾਂ ਤੇ ਪਾਬੰਦੀਆਂ ਮੜਦੇ ਆਏ ਹਨ
ਇਹ ਸਨਮਾਨ ਹਕੂਮਤਾਂ ਦੇ ਸੋਹਲੇ ਗਾਉਣ ਵਾਲੇ ਦਰਬਾਰੀ ਸਾਹਿਤਾਰਾਂ ਤੋਂ ਨਿਖੇੜੇ ਦੀ ਲਕੀਰ ਖਿੱਚ ਕੇ ਦਿੱਤਾ ਜਾ ਰਿਹਾ ਹੈ ਇਹ ਉਹਨਾਂ ਦਾ ਸਨਮਾਨ ਨਹੀਂ ਹੈ ਜਿਨਾਂ ਨੇ ਤਰੱਕੀਆਂ ਕਰਦਾ ਦੇਸ਼ ਦਿਖਾ ਕੇ, ਸਾਡੇ ਖੇਤਾਂ ਤੇ ਘਰਾਂ ਵਿੱਚ ਬਹਾਰਾਂ ਦਰਸਾ ਕੇ ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨਣ ਦਾ ਯਤਨ ਕੀਤਾ ਹੈ ਨਾ ਉਹਨਾਂ ਦਾ ਸਨਮਾਨ ਹੈ ਜਿਨਾਂ ਨੇ ਸਰਮਾਏਦਾਰਾਂ ਦੇ ਵਪਾਰਕ ਹਿਤਾਂ ਲਈ ਆਪਣੀ ਕਲਾ ਦਾ ਮੁੱਲ ਵੱਟਿਆ ਹੈ ਨੌਜਵਾਨ ਪੀੜੀ ਨੂੰ ਲੱਚਰਤਾ, ਅੱਯਾਸ਼ੀ ਤੇ ਫੋਕੀ ਸ਼ੋਹਰਤ ਦੇ ਡੂੰਘੇ ਸਮੁੰਦਰਾਂ ਵਿੱਚ ਡੁਬੋਣ ਦਾ ਯਤਨ ਕੀਤਾ ਹੈ
ਮੰਡੀ ਦੇ ਯੁੱਗ ਵਿੱਚ ਸਾਹਿਤਕਾਰਾਂ ਕਲਾਕਾਰਾਂ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ ਪੂੰਜੀ ਦੇ ਬੋਲਬਾਲੇ ਦੇ ਦੌਰ ਵਿੱਚ ਸਭ ਕੁਝ ਵਿਕਾਊ ਹੈ ਹਾਕਮ ਜਮਾਤਾਂ ਵੱਲੋਂ ਪਰੋਸੇ ਜਾ ਰਹੇ ਲਾਲਚ ਸਾਹਿਤਕਾਰਾਂ ਕਲਾਕਾਰਾਂ ਦੇ ਪੈਰ ਉਖਾੜ ਰਹੇ ਹਨ ਤੇ ਲੋਕਾਂ ਦੇ ਕਾਜ਼ ਪ੍ਰਤੀ ਵਫ਼ਾਦਾਰੀ ਤੇ ਸਮਾਜ ਬਦਲੀ ਦੀ ਨਿਹਚਾ ਦੀ ਪਰਖ ਹੋ ਰਹੀ ਹੈ ਤਾਂ ਅਜਮੇਰ ਔਲਖ ਇਸ ਦੌਰ ਵਿੱਚ ਪੈਰ ਗੱਡ ਕੇ ਲੋਕਾਂ ਦੀ ਧਿਰ ਨਾਲ ਖੜੇ ਹਨ ਤੇ ਵਫ਼ਾ ਨਿਭਾਈ ਹੈ ਉਹ ਵੱਡੀਆਂ ਕਮਾਈਆਂ ਤੇ ਸ਼ੋਹਰਤਾਂ ਲਈ ਕਲਾ ਨੂੰ ਵੇਚਣ ਦੇ ਰਾਹ ਨਹੀਂ ਪਏ
ਸਨ 2008 ਵਿੱਚ ਉਹਨਾਂ ਨੂੰ ਚਿੰਬੜੀ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਸੰਘਰਸ਼ਸ਼ੀਲ ਲੋਕਾਂ ਵਿੱਚ ਉੱਠੀ ਫ਼ਿਕਰਮੰਦੀ ਤੇ ਗਹਿਰੇ ਸਰੋਕਾਰ ਦਾ ਪ੍ਰਗਟਾਵਾ ਉਹਨਾਂ ਦੇ ਇਲਾਜ ਲਈ ਆਰਥਿਕ ਸਹਾਇਤਾ ਜੁਟਾਉਣ ਦੀ ਮੁਹਿੰਮ ਰਾਹੀਂ ਹੋਇਆ ਸੀ ਬਿਸਤਰ ਤੇ ਪਿਆਂ ਲੋਕਾਂ ਦੀ ਇਸ ਦੇਣ ਦਾ 'ਕਰਜ਼ਾ' ਚੁਕਾਉਣ ਦਾ ਐਲਾਨ ਉਹਨਾਂ ਇੱਕ ਕਵਿਤਾ ਰਾਹੀਂ ਕੀਤਾ ਸੀ ਜਿਹਦੇ ਵਿੱਚ ਮੌਤ ਨੂੰ ਵੰਗਾਰਦਿਆਂ ਉਹਨਾਂ ਕਿਹਾ ਸੀ -
ਮੈਂ ਦੱਸਾਂਗਾ ਉਸਨੂੰ
ਕਿ ਕਿਰਤ, ਸਿਰਜਣਾ ਤੇ ਜ਼ਿੰਦਗੀ ਮੇਰੇ ਸੰਗ ਨੇ
ਕੁਝ ਨਹੀਂ ਵਿਗਾੜ ਸਕਦੀ ਤੂੰ ਮੇਰਾ
ਉਹਨਾਂ ਐਲਾਨ ਕੀਤਾ
ਹੇ ਜ਼ਿੰਦਗੀ ਮੈਂ ਰਿਹੈਂ
ਮੇਰੇ ਸਿਰ ਚੜਿਆ ਤੇਰਾ ਕਰਜ਼ਾ
ਉਤਾਰਨ ਵਾਸਤੇ
ਇਹ ਐਲਾਨ ਲੋਕ ਪੱਖੀ ਸਾਹਿਤ ਕਲਾ ਸਿਰਜਣਾ ਦੇ ਖੇਤਰ ਵਿੱਚ ਹੋਰ ਸ਼ਿੱਦਤ ਤੇ ਲਗਨ ਨਾਲ ''ਆਪਣੀ ਥਾਂ'' ਦੀ ਤਾਂਘ ਦਾ ਪ੍ਰਗਟਾਵਾ ਸੀ ਅਤੇ ਲੋਕਾਂ ਦੀਆਂ ਆਸਾਂ ਨੂੰ ਹੁੰਗਾਰਾ ਸੀ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਅਜਿਹੀ ਘਾਲਣਾ ਨਾ ਸਿਰਫ਼ ਲੋਕ ਪੱਖੀ ਕਲਾਕਾਰਾਂ ਲਈ ਇੱਕ ਸ਼ਾਨਾਮੱਤੀ ਮਿਸਾਲ ਹੈ ਸਗੋਂ ਲੋਕ ਘੁਲਾਟੀਆਂ ਲਈ ਵੀ ਪ੍ਰੇਰਨਾ ਬਣ ਰਹੀ ਹੈ ਲੋਕ ਰੰਗਮੰਚ ਦੇ ਮੋਰਚੇ ਤੇ ਡਟੇ ਜੁਝਾਰ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਆਓ ਉਹਨਾਂ ਦੀ ਸਾਹਿਤਕ ਘਾਲਣਾ ਨੂੰ ਸਲਾਮ ਕਰੀਏ ਲੋਕ ਹੱਕਾਂ ਦੀ ਲਹਿਰ ਤੇ ਸਾਹਿਤ-ਕਲਾ ਦੇ ਰਿਸ਼ਤੇ ਨੂੰ ਹੋਰ ਗੂੜਾ ਕਰਦਿਆਂ ਨਵੇਂ ਸਮਾਜ ਦੀ ਉਸਾਰੀ ਲਈ ਚੱਲ ਰਹੇ ਸੰਗਰਾਮਾਂ ਦੇ ਕਾਫ਼ਲੇ ਨੂੰ ਹੋਰ ਤਕੜਾ ਕਰੀਏ
'ਅਜਮੇਰ ਔਲਖ ਜਨਤਕ ਸਲਾਮ ਤੇ ਸਨਮਾਨ ਮੁਹਿੰਮ' ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਖੇਤਰਾਂ ਵਿੱਚ ਸਾਹਿਤਕਾਰਾਂ, ਕਲਾਕਾਰਾਂ ਤੇ ਲੋਕ ਸੰਘਰਸ਼ਾਂ ਦੇ ਕਾਰਕੁੰਨਾਂ ਦੀਆਂ ਸਾਂਝੀਆਂ ਤਿਆਰੀ/ਸਮਰਥਨ ਕਮੇਟੀਆਂ ਹੋਂਦ ਵਿੱਚ ਚੁੱਕੀਆਂ ਹਨ ਤੇ ਨਾਟਕ ਸਮਾਗਮਾਂ, ਮੀਟਿੰਗਾਂ, ਰੈਲੀਆਂ ਮਾਰਚਾਂ ਦਾ ਸਿਲਸਿਲਾ ਛਿੜ ਚੁੱਕਿਆ ਹੈ ਆਪ ਸਭ ਨੂੰ ਇਸ ਮੁਹਿੰਮ ਵਿੱਚ ਵਧ ਚੜ ਕੇ ਯੋਗਦਾਨ ਪਾਉਣ ਦਾ ਸੱਦਾ ਹੈ

1 ਮਾਰਚ ਨੂੰ ਮਾਈ ਭਾਗੋ ਗਰਲਜ਼ ਕਾਲਜ ਰੱਲਾ (ਮਾਨਸਾ) ਵਿਖੇ ਕਾਫ਼ਲੇ ਬੰਨ ਕੇ ਪਹੁੰਚੋ