StatCounter

Showing posts with label Kussa. Show all posts
Showing posts with label Kussa. Show all posts

Saturday, October 8, 2011

ਗੁਰਸ਼ਰਨ ਸਿੰਘ ਸੁਬਾਈ ਸ਼ਰਧਾਂਜਲੀ ਸਮਾਗਮ 9 ਨੂੰ


ਅਰੁੰਧਤੀ ਸਮੇਤ ਉੱਘੀਆਂ ਹਸਤੀਆਂ ਸ਼ਿਰਕਤ ਕਰਨਗੀਆਂ


ਉੱਘੇ ਨਾਟਕਕਾਰ, ਪਲਸ ਮੰਚ ਦੇ ਬਾਨੀ, ਦੇਸ ਬਗਤ ਯਾਦਗਾਰ ਕਮੇਟੀ ਦੇ ਟ੍ਰਸਟੀ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਆਗੂ, ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰ, ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਦੇ ਸੰਸਥਾਪਕ, ਸਮਾਜਕ ਬਰਾਬਰੀ ਦੇ ਨਿਜ਼ਾਮ ਲਈ ਆਖਰੀ ਦਮ ਤੱਕ ਸੰਘਰਸ਼ੀਲ ਰਹੇ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਮੋਗਾ ਜਿਲਾ ਦੇ ਪਿੰਡ ਕੁੱਸਾ 'ਚ ਸਾਹਿਤਕਾਰਾਂ, ਸਭਿਆਚਾਰਕ ਕਾਮਿਆਂ, ਲੋਕ ਲਹਿਰਾਂ ਦੇ ਆਗੂਆਂ ਤੇ ਲੋਕਾਂ ਦੀ ਵਿਸ਼ਾਲ ਇੱਕਤਰਤਾ 9 ਅਕਤੂਬਰ ਦਿਨ ਐਤਵਾਰ ਨੂੰ ਹੋ ਰਹੀ ਹੈ।

ਪੌਣੇ ਛੇ ਵਰ੍ਹੇ ਪਹਿਲਾਂ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਨੇ ਪਿੰਡ ਕੁੱਸਾ ਵਿੱਚ ਹੀ ਗੁਰਸ਼ਰਨ ਸਿੰਘ ਨੂੰ ਇਨਕਲਾਬੀ ਨਿਹਚਾ ਸਨਮਾਨ ਨਾਲ ਸਨਮਾਨਿਆ ਸੀ। ਹੁਣ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਸੱਦੇ 'ਤੇ ਹੋ ਰਹੇ ਇਸ ਸਮਾਗਮ 'ਚ ਪੰਜਾਬੀ ਸਾਹਿਤ ਜਗਤ ਦੀਆਂ ਉੱਘੀਆਂ ਹਸਤੀਆਂ ਤੋਂ ਬਿਨਾਂ ਦਸਤਾਵੇਜੀ ਫਿਲਮ ਜਗਤ ਦੀ ਜਾਣੀ ਪਛਾਣੀ ਸ਼ਖਸੀਅਤ ਸੰਜੇ ਕਾਕ ਤੇ ਲੋਕ ਪੱਖੀ ਚਿੰਤਕ ਅਰੁੰਧਤੀ ਰਾਇ ਵੀ ਸ਼ਮੂਲੀਅਤ ਕਰਨਗੇ।

ਪੰਜਾਬ ਭਰ 'ਚ ਸਾਹਿਤਕ ਅਤੇ ਰੰਗਮੰਚ ਤੋਂ ਇਲਾਵਾ ਲੋਕ ਸੰਗਰਾਮ ਦੇ ਅਖਾੜਿਆਂ ਵਲੋਂ ਜਾਗੋਆਂ, ਪ੍ਰਭਾਤ ਫੇਰੀਆਂ ਦੀ ਮੁਹਿੰਮ ਦੀ ਲੜੀ ਵਜੋਂ 9 ਅਕਤੂਬਰ ਸੂਰਜ ਦੀ ਟਿੱਕੀ ਨਾਲ ਹੀ ਪੰਜਾਬ ਦੇ ਕੋਨੇ ਕੋਨੇ ਚੋਂ ਵੱਡੀ ਗਿਣਤੀ 'ਚ ਕਾਫਲੇ ਜੋਸ਼ ਖਰੋਸ਼ ਨਾਲ ਸਮਾਗਮ 'ਚ ਸ਼ਿਰਤਕ ਕਰਨਗੇ।


ਆਓ, ਇਨਕਲਾਬੀ ਨਾਟਕ ਲਹਿਰ ਦੇ ਸ਼ਰੋਮਣੀ ਉਸਰੱਈਏ, ਮਾਣਮੱਤੀ ਕਲਗੀ ਅਤੇ ਇਨਕਲਾਬੀ ਲਹਿਰ ਦੀ ਨਿਹਚਾਵਾਨ ਸ਼ਖਸੀਅਤ ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਨੂੰ ਸਿਜਦਾ ਕਰਨ ਲਈ ਸ਼ਰਧਾਂਜਲੀ ਸਮਾਗਮ 'ਚ ਪਹੁੰਚੋ।
(ਨੋਟ: ਕੁੱਸਾ ਪਿੰਡ, ਮੋਗਾ ਬਰਨਾਲਾ ਸੜਕ 'ਤੇ ਬੌਡੇ ਪਿੰਡ ਦੇ ਬੱਸ ਅੱਡੇ ਤੋਂ 2 ਕਿ.ਮੀ 'ਤੇ ਹੈ।)

ਵਲੋਂ: ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ।
ਸ਼੍ਰੀਮਤੀ ਕੈਲਾਸ਼ ਕੌਰ (ਜੀਵਨ ਸਾਥਣ), ਪ੍ਰੋ. ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਡਾ. ਸਾਹਿਬ ਸਿੰਘ, ਸ਼ਬਦੀਸ਼, ਅਤਰਜੀਤ, ਰਾਮ ਸਵਰਨ ਲੱਖੇਵਾਲੀ, ਝੰਡਾ ਸਿੰਘ ਜੇਠੂਕੇ, ਗੁਰਦਿਆਲ ਸਿੰਘ ਭੰਗਲ, ਜ਼ੋਰਾ ਸਿੰਘ ਨਸਰਾਲੀ, ਯਸ਼ਪਾਲ, ਡਾ. ਪ੍ਰਮਿੰਦਰ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਪੁਸ਼ਪ ਲਤਾ, ਪਵੇਲ ਕੁੱਸਾ ਅਤੇ ਜਸਪਾਲ ਜੱਸੀ (ਕਨਵੀਨਰ)
ਸੰਪਰਕ ਕਰੋ: 9417076735, 9417054015