StatCounter

Saturday, March 28, 2020


ਕਰੋਨਾ ਖ਼ਿਲਾਫ਼ ਜੰਗ: ਪੰਜਾਬ ਦੇ ਦਰਜਨਾਂ ਪਿੰਡਾਂ ਵਿੱਚ ਨਵਾਂਸਮਾਜਵਾਦ
ਚਰਨਜੀਤ ਭੁੱਲਰ ਚੰਡੀਗੜ੍ਹ, 26 ਮਾਰਚ


ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀਹ ਕਲਾਂ ਕਰੋਨਾ ਦੇ ਖ਼ੌਫ਼ ਦੌਰਾਨ ‘ਸਮਾਜਵਾਦੀ’ ਰਾਹ ਉੱਤੇ ਚੱਲਿਆ ਹੈ। ਪਿੰਡ ਦੇ ਗ਼ਰੀਬਾਂ ਨੂੰ ਕੋਈ ਫ਼ਿਕਰ ਨਹੀਂ। ਪੰਚਾਇਤ ਅਮੀਰ ਘਰਾਂ ਵਿਚੋਂ ਰਾਸ਼ਨ ਲੈਂਦੀ ਹੈ ਤੇ ਗ਼ਰੀਬ ਘਰਾਂ ਵਿਚ ਵੰਡ ਦਿੰਦੀ ਹੈ। ਪੰਜਾਹ ਗ਼ਰੀਬ ਘਰਾਂ ਨੂੰ ਰਾਸ਼ਨ ਦੀ ਕੋਈ ਤੋਟ ਨਹੀਂ ਰਹੀ। ਇਸ ਪਿੰਡ ਵਿਚ ਪੰਚਾਇਤ ਤੇ ਨੌਜਵਾਨ ਕਲੱਬ ਨੇ ਮੋਰਚਾ ਸੰਭਾਲਿਆ ਹੈ। ਬਿਨਾਂ ਕਿਸੇ ਸਖ਼ਤੀ ਤੋਂ ਪੂਰਾ ਪਿੰਡ ਜ਼ਾਬਤੇ ਵਿਚ ਹੈ। ਮਹਿਲਾ ਸਰਪੰਚ ਕੁਲਦੀਪ ਕੌਰ ਨੇ ਪਿੰਡ ਦੇ 20 ਨੌਜਵਾਨਾਂ ਦੀ ਟੀਮ ਬਣਾਈ ਹੈ। ਸਰਦੇ ਪੁੱਜਦੇ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਟੀਮ ਵਸਤਾਂ ਇਕੱਠੀਆਂ ਕਰਦੀ ਹੈ। ਘਰ-ਘਰ ਸਾਬਣ ਤੇ ਮਾਸਕ ਪਹਿਲਾਂ ਹੀ ਵੰਡ ਦਿੱਤੇ ਸਨ। ਰਣਸੀਹ ਕਲਾਂ ਦੀ 3200 ਦੇ ਕਰੀਬ ਆਬਾਦੀ ਹੈ ਅਤੇ 525 ਘਰ ਹਨ। ਪਿੰਡ ਨੂੰ ਆਉਂਦੇ ਸੱਤ ਰਾਹਾਂ ’ਤੇ ਪੰਚਾਇਤ ਨੇ ਠੀਕਰੀ ਪਹਿਰਾ ਲਾ ਦਿੱਤਾ ਹੈ। ਹਰ ਸੜਕ ’ਤੇ ਇਕ ਨੌਜਵਾਨ ਡਿਊਟੀ ਦਿੰਦਾ ਹੈ। ਜੋ ਪਿੰਡ ਜਾਂਦਾ ਹੈ ਜਾਂ ਆਉਂਦਾ ਹੈ, ਉਸ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ। ਕਿਸੇ ਨੂੰ ਦਵਾਈ, ਦੁੱਧ ਆਦਿ ਦੀ ਲੋੜ ਹੈ ਤਾਂ ਪੰਚਾਇਤ ਘਰ-ਘਰ ਪੁੱਜਦਾ ਕਰ ਰਹੀ ਹੈ। ਸਾਬਕਾ ਸਰਪੰਚ ਮਿੰਟੂ ਦੱਸਦਾ ਹੈ ਕਿ ਜੇ ਲੋੜ ਪੈਂਦੀ ਹੈ ਤਾਂ ਪਿੰਡ ਦੇ ਦਾਨੀ ਸੱਜਣਾਂ ਤੋਂ 11 ਲੱਖ ਰੁਪਏ ਇਕੱਠੇ ਕਰ ਕੇ ਸਰਕਾਰ ਨੂੰ ਵੀ ਭੇਜੇ ਜਾਣਗੇ।
ਇਸ ਸਮੇਂ ਕਰਫਿਊ ਦੌਰਾਨ ਜਦੋਂ ਪੁਲੀਸ ਸਖ਼ਤੀ ਦਾ ਡੰਡਾ ਚਲਾ ਰਹੀ ਹੈ ਤਾਂ ਪੰਜਾਬ ਦੇ ਦਰਜਨਾਂ ਪਿੰਡ ਪ੍ਰੇਮ ਦੀ ਭਾਸ਼ਾ ਨਾਲ ਸੰਕਟ ਦੇ ਪਲ ਕੱਟ ਰਹੇ ਹਨ। ਨਾਲ-ਨਾਲ ਸਮਾਜਵਾਦੀ ਨਕਸ਼ਾ ਵੀ ਵਾਹਿਆ ਜਾ ਰਿਹਾ ਹੈ। ਕਰੋਨਾ ਨੇ ਪਾੜੇ ਦੀ ਕੰਧ ਨੂੰ ਢਾਹੁਣਾ ਸ਼ੁਰੂ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਜੈਮਲ ਸਿੰਘ ਵਾਲਾ ’ਚ ਸਾਬਕਾ ਫ਼ੌਜੀ ਸੁਖਦੀਪ ਸਿੰਘ ਸਰਪੰਚ ਹੈ, ਜਿਸ ਦੀ ਪ੍ਰਸ਼ਾਸਨ ਦਾਦ ਦਿੰਦਾ ਨਹੀਂ ਥੱਕਦਾ। ਪੰਚਾਇਤ ਤੋਂ ਬਿਨਾਂ ‘ਹਰ ਮੈਦਾਨ ਫ਼ਤਹਿ’ ਗਰੁੱਪ ਅਤੇ ‘ਆਰਮੀ ਕਲੱਬ’ ਦੇ ਨੌਜਵਾਨ ਪਿੰਡ ’ਚ ਪੱਤਾ ਨਹੀਂ ਫੜਕਣ ਦੇ ਰਹੇ। ਜੀਪ ’ਤੇ ਸਪੀਕਰ ਲਗਾ ਕੇ ਸਰਪੰਚ ਕਰੋਨਾ ਤੋਂ ਜਾਗਰੂਕ ਕਰ ਰਿਹਾ ਹੈ। ਪਿੰਡ ਦੇ ਲੋਕਾਂ ਨੂੰ ਸਵੇਰੇ ਦੋ ਘੰਟੇ ਢਿੱਲ ਮਿਲਦੀ ਹੈ ਤਾਂ ਜੋ ਹਰਾ ਚਾਰਾ ਵਗੈਰਾ ਲੋਕ ਲਿਆ ਸਕਣ। ਸਰਪੰਚ ਸੁਖਦੀਪ ਸਿੰਘ ਦੱਸਦਾ ਹੈ ਕਿ ਹਰ ਤੀਜੇ ਦਿਨ ਪਿੰਡ ਨੂੰ ਕੀਟਾਣੂਆਂ ਤੋਂ ਬਚਾਓ ਲਈ ਛਿੜਕਾਅ ਕੀਤਾ ਜਾ ਰਿਹਾ ਹੈ। ਦੋ ਗੱਡੀਆਂ ਐਮਰਜੈਂਸੀ ਲਈ ਤਿਆਰ ਹਨ। ਕਿਸੇ ਨੂੰ ਦਵਾਈ ਦੀ ਲੋੜ ਹੈ, ਕਿਸੇ ਨੂੰ ਰਾਸ਼ਨ ਪਾਣੀ ਦੀ, ਪਿੰਡ ਦੇ ਨੌਜਵਾਨਾਂ ਦੀ ਟੀਮ ਹੋਮ ਡਿਲਿਵਰੀ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਤਿੰਨ ਰਾਹਾਂ ’ਤੇ ਬੈਰੀਕੇਡ ਲਗਾਏ ਗਏ ਹਨ। ਕੋਈ ਰਿਸ਼ਤੇਦਾਰ ਅਤੇ ਬਾਹਰੀ ਵਿਅਕਤੀ ਪਿੰਡ ਵਿਚ ਦਾਖ਼ਲ ਨਹੀਂ ਹੋ ਸਕਦਾ। ਵਾਲੰਟੀਅਰਾਂ ਨੇ ਮਾਸਕ ਵੀ ਵੰਡੇ ਤੇ ਹੁਣ ਗੈਸ ਵੀ ਵੰਡੀ ਹੈ।
ਪਟਿਆਲਾ ਜ਼ਿਲ੍ਹੇ ਦਾ ਪਿੰਡ ਅਗੇਤਾ ਵੀ ਇਸੇ ਗੱਲੋਂ ਚਰਚਾ ਵਿਚ ਹੈ, ਜਿੱਥੇ ਨੌਜਵਾਨ ਤਿੰਨ ਸ਼ਿਫ਼ਟਾਂ ਵਿਚ ਠੀਕਰੀ ਪਹਿਰਾ ਦੇ ਰਹੇ ਹਨ। ਪਿੰਡ ਨੇ ਕਮੇਟੀ ਬਣਾ ਕੇ ਲੋਕਾਂ ਤੋਂ ਫੰਡ ਇਕੱਠਾ ਕੀਤਾ, ਜਿਸ ਨਾਲ ਪੂਰੇ ਪਿੰਡ ਦਾ ਬੁੱਤਾ ਸਾਰਿਆ। ਇਸੇ ਜ਼ਿਲ੍ਹੇ ਦੇ ਪਿੰਡ ਖਨੌੜਾ ਦੀ ਸਰਪੰਚ ਗੁਰਦੀਪ ਕੌਰ ਖਨੌੜਾ ਨੇ ਕਰੋਨਾ ਦੇ ਮੱਦੇਨਜ਼ਰ ਪਿੰਡ ਲਈ ਸਪੈਸ਼ਲ ਡਾਕਟਰ ਹੀ ਹਾਇਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਵਾਸਤੇ ਉਹ ਨਿੱਜੀ ਤੌਰ ’ਤੇ ਰਾਸ਼ਨ ਵੀ ਘਰ-ਘਰ ਦੇ ਰਹੇ ਹਨ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੋਬੁਰਜੀ ’ਚ ਪੰਚਾਇਤ ਨੇ ਮਾਸਕ ਵੰਡੇ ਹਨ ਅਤੇ ਕੀਟਾਣੂ ਰਹਿਤ ਪਿੰਡ ਬਣਾਉਣ ਵਾਸਤੇ ਛਿੜਕਾਅ ਕੀਤਾ ਹੈ। ਸਰਪੰਚ ਗੁਰਮੀਤ ਕੌਰ ਅਤੇ ਬਲਾਕ ਸਮਿਤੀ ਮੈਂਬਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੂਰਾ ਪਿੰਡ ਜ਼ਾਬਤੇ ਵਿਚ ਹੈ ਅਤੇ ਹਰ ਤਰ੍ਹਾਂ ਦਾ ਪਰਹੇਜ਼ ਰੱਖ ਰਿਹਾ ਹੈ। ਪਿੰਡ ਵਿਚ ਠੀਕਰੀ ਪਹਿਰਾ ਲਾ ਦਿੱਤਾ ਗਿਆ ਹੈ ਤਾਂ ਜੋ ਬਾਹਰੋਂ ਕੋਈ ਦਾਖ਼ਲ ਨਾ ਹੋ ਸਕੇ ਅਤੇ ਲੋਕ ਇਕੱਠੇ ਨਾ ਹੋ ਸਕਣ। ਮਲੌਦ ਬਲਾਕ ਦੇ ਪਿੰਡ ਸਿਆੜ ਦੀ ਪੰਚਾਇਤ ਵੀ ਪਿੱਛੇ ਨਹੀਂ। ਸਰਪੰਚ ਲਵਪ੍ਰੀਤ ਕੌਰ ਨੇ ਖ਼ੁਦ ਆਪਣੇ ਪਰਿਵਾਰ ਤਰਫ਼ੋਂ ਰਾਸ਼ਨ ਦੇਣਾ ਸ਼ੁਰੂ ਕੀਤਾ ਹੈ। ਹੁਣ ਤੱਕ ਦਾਨੀ ਸੱਜਣਾਂ ਦੇ ਸਹਿਯੋਗ ਨਾਲ 250 ਪਰਿਵਾਰਾਂ ਨੂੰ ਰਾਸ਼ਨ ਅਤੇ 800 ਮਾਸਕ ਵੰਡੇ ਗਏ ਹਨ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਹਾੜਾ ਦੀ ਮਹਿਲਾ ਸਰਪੰਚ ਪੱਲਵੀ ਖ਼ੁਦ ਆਪਣੇ ਪਰਿਵਾਰ ਨਾਲ ਮਿਲ ਕੇ ਲੋਕਾਂ ਵਾਸਤੇ ਮਾਸਕ ਤਿਆਰ ਕਰ ਰਹੀ ਹੈ। ਬਰਨਾਲਾ ਦੇ ਪਿੰਡ ਕੱਟੂ ਵਿਚ ‘ਗੁਰੂ ਦੀ ਗੋਲਕ’ ਦਾ ਮੂੰਹ ਗ਼ਰੀਬ ਲੋਕਾਂ ਵਾਸਤੇ ਖੋਲ੍ਹ ਦਿੱਤਾ ਗਿਆ ਹੈ।


No comments:

Post a Comment