StatCounter

Showing posts with label Shaheed Kartar Singh Sarabha. Show all posts
Showing posts with label Shaheed Kartar Singh Sarabha. Show all posts

Sunday, November 16, 2014

ਜੋ ਕੋਈ ਪੂਛੇ ਕਿ ਕੌਨ ਹੋ ਤੁਮ ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ, ਜ਼ੁਲਮ ਮਿਟਾਨਾ ਹਮਾਰਾ ਪੇਸ਼ਾ ਗ਼ਦਰ ਕਰਨਾ ਹੈ ਕਾਮ ਅਪਨਾ

ਸਦਾ ਜਾਗਦੀ ਅਤੇ ਜਗਦੀ ਇਤਿਹਾਸ ਦੀ ਅੱਖ

ਅਮੋਲਕ ਸਿੰਘ

16 ਨਵੰਬਰ 1915 ਦਾ ਦਿਹਾੜਾ, ਆਮ ਦਿਹਾੜਾ ਨਹੀਂ। ਕਰਤਾਰ ਸਿੰਘ ਸਰਾਭਾ ਸਮੇਤ ਸੱਤ ਦੇਸ਼ ਭਗਤਾਂ ਨੂੰ ਇੱਕੋ ਵੇਲੇ ਇੱਕੋ ਰੱਸੇ ਨਾਲ ਫਾਂਸੀ ਲਾਏ ਜਾਣ ਦਾ ਦਿਹਾੜਾ ਹੈ। ਪੂਰੇ 100 ਵਰ੍ਹੇ ਬੀਤਣ ’ਤੇ ਵੀ ਇਹ ਦਿਹਾੜਾ, ਕਾਲੇ ਸਮਿਆਂ ਅੰਦਰ ਰੌਸ਼ਨ ਮਿਨਾਰ ਹੈ। ਖ਼ਾਸਕਰ ਖ਼ੁਦਕੁਸ਼ੀਆਂ ਦੇ ਕੁਲਹਿਣੇ ਹੱਲੇ ਦੀ ਮਾਰ ਹੇਠ ਆਏ ਅਤੇ ਨਸ਼ਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀਆਂ ਪਲਕਾਂ ਅੱਗੇ ਨਵੇਂ ਇਤਿਹਾਸ, ਨਵੇਂ ਜੀਵਨ ਦੇ ਸਿਲੇਬਸ ਦਾ ਨਵਾਂ-ਨਕੋਰ ਵਰਕਾ ਖੋਲ੍ਹਣ, ਪੜ੍ਹਨ ਅਤੇ ਅਧਿਐਨ ਕਰਨ ਦਾ ਦਿਹਾੜਾ ਹੈ।  ਉਦਾਸੀ, ਦਿਸ਼ਾਹੀਣਤਾ, ਬੇਗਾਨਗੀ, ਬੇਕਾਰੀ, ਨਿਰਾਸਤਾ ਦੇ ਘੁੱਪ ਹਨੇਰੇ ’ਚੋਂ ਪਾਰ ਜਾ ਕੇ ਸੂਰਜਾਂ ਦੇ ਹਮਸਫ਼ਰ ਬਣਨ ਦੀ ਲਟ-ਲਟ ਬਲਦੀ ਪ੍ਰੇਰਨਾ ਦਾ ਦਿਹਾੜਾ ਹੈ। ਵਿੱਦਿਆ ਦੇ ਨਿੱਜੀਕਰਨ, ਵਪਾਰੀਕਰਨ ਅਤੇ ਨੌਜਵਾਨਾਂ ਨੂੰ ਮਸ਼ੀਨਾਂ ਬਣਾ ਕੇ ਮੁਨਾਫ਼ੇ ਦੀ ਮੰਡੀ ਵਿੱਚ ਵਿਕਣ ਵਾਲੀ ਸ਼ੈਅ ਬਣਾਏ ਜਾਣ ਦੇ ਦੌਰ ਨੂੰ ਪਿਛਾੜਨ ਲਈ ਵੰਗਾਰਮਈ ਦਿਹਾੜਾ ਹੈ।
ਇਹ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸ਼ਟਰ), ਜਗਤ ਸਿੰਘ ਸੁਰ ਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ (ਸਿਆਲਕੋਟੀ), ਬਖਸ਼ੀਸ਼ ਸਿੰਘ ਗਿੱਲਵਾਲੀ (ਅੰਮ੍ਰਿਤਸਰ), ਸੁਰੈਣ ਸਿੰਘ ਪੁੱਤਰ ਬੂੜ ਸਿੰਘ ਤੇ ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਦੋਵੇਂ ਪਿੰਡ ਗਿੱਲਵਾਲੀ (ਅੰਮ੍ਰਿਤਸਰ) ਨੂੰ ਲਾਹੌਰ ਕੇਂਦਰੀ ਜੇਲ੍ਹ ਵਿੱਚ ਫਾਂਸੀ ਲਾ ਕੇ ਸ਼ਹੀਦ ਕਰਨ ਦਾ ਅਭੁੱਲ ਦਿਹਾੜਾ ਹੈ।
ਇਨ੍ਹਾਂ ਸ਼ਹੀਦਾਂ ਦੀ ਸ਼ਤਾਬਦੀ (1915-2015) ਸਾਡੇ ਬੂਹੇ ਦਸਤਕ ਦੇ ਰਹੀ ਹੈ। ਰਵਾਇਤੀ ਲੀਹਾਂ ਤੋਂ ਹਟ ਕੇ ਸ਼ਤਾਬਦੀ ਨੂੰ ਅਰਥ ਭਰਪੂਰ ਮਹੱਤਵ ਦੇਣ, ਅਜੋਕੇ ਸਰੋਕਾਰਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਸੰਬੋਧਤ ਹੋਣ ਵਾਲੀ ਮੁਹਿੰਮ ਹੀ ਇਤਿਹਾਸਕ ਮੁੱਲ ਰੱਖਦੀ ਹੈ, ਨਹੀਂ ਤਾਂ ਰਸਮ ਬਣ ਕੇ ਲੰਘ ਜਾਏਗੀ।
  ਗ਼ਦਰ ਸ਼ਤਾਬਦੀ (1913-2013), ਕਾਮਾਗਾਟਾ ਮਾਰੂ ਸ਼ਤਾਬਦੀ (1914-2014) ਪ੍ਰਤੀ ਸਥਾਪਤੀ ਦੀ ਬੇਰੁਖ਼ੀ ਜਾਂ ਆਪਣੇ ਰਾਜਨੀਤਕ ਮੁਫ਼ਾਦ ਅਨੁਸਾਰੀ ਪਹੁੰਚ ਤਾਂ ਸਮਝ ਆਉਂਦੀ ਹੈ। ਇਉਂ ਹੀ 2015 ਦੀ ਸ਼ਤਾਬਦੀ ਲਈ ਉਨ੍ਹਾਂ ਤੋਂ ਆਸ ਕਰਨ ਦੀ ਬਜਾਏ ਇਤਿਹਾਸ ਸਾਡੇ ਕਰਨ ਗੋਚਰੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ ਦੀ ਆਸ ਕਰਦਾ ਹੈ।
ਇਤਿਹਾਸ ਬੋਲਦਾ ਹੈ ਕਿ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਨੂੰ ਬਾਲ ਜਰਨੈਲ ਕਿਹਾ ਕਰਦੇ ਸਨ।
  ਬਾਬਾ ਗੁਰਮੁਖ ਸਿੰਘ ਲਲਤੋਂ, ਹਰਨਾਮ ਸਿੰਘ ਟੁੰਡੀਲਾਟ, ਕੇਸਰ ਸਿੰਘ ਠੱਠਗੜ੍ਹ, ਲਾਲਾ ਹਰਦਿਆਲ ਵਰਗੇ ਸਰਾਭਾ ਦੀ ਨਿੱਕੀ ਉਮਰੇ ਉਚੇਰੀ ਅਤੇ ਲੰਮੇਰੀ ਇਨਕਲਾਬੀ ਪਰਵਾਜ਼ ਤੋਂ ਬੇਹੱਦ ਪ੍ਰਭਾਵਿਤ ਸਨ।
ਸ਼ਹੀਦ ਭਗਤ ਸਿੰਘ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ, ਭਰਾ ਅਤੇ ਸਾਥੀ ਦੱਸਿਆ ਕਰਦਾ ਸੀ। ਸ਼ਹੀਦ ਭਗਤ ਸਿੰਘ ਨੇ ਅਲਾਹਾਬਾਦ ਤੋਂ ਛਪੇ ‘ਚਾਂਦ’ ਦੇ ਵਿਸ਼ੇਸ਼ ਫਾਂਸੀ ਅੰਕ ਵਿੱਚ 1928 ਵਿੱਚ ਬਹੁਤ ਹੀ ਜਜ਼ਬਾਤੀ, ਸਾਹਿਤਕ ਅਤੇ ਕਲਾਤਮਕ ਅੰਦਾਜ਼ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਜੋ ਲਿਖਿਆ, ਉਹ ਅੱਜ ਹੋਰ ਵੀ ਪ੍ਰਸੰਗਕ ਹੈ। ਆਪਣੇ ਗਿਰਿਵਾਨ ’ਚ ਝਾਤੀ ਮਾਰਨ ਲਈ ਉਹ ਅੱਜ ਦਾ ਵੀ ਸੁਆਲ ਹੈ। ਭਗਤ ਸਿੰਘ ਨੇ ਲਿਖਿਆ ਹੈ:
‘‘ਅੱਜ ਦੁਨੀਆਂ ਵਿੱਚ ਫੇਰ ਸਵਾਲ ਖੜ੍ਹਾ ਹੁੰਦਾ ਹੈ, ਉਨ੍ਹਾਂ ਦੇ ਮਰਨ ਦਾ ਕੀ ਫ਼ਾਇਦਾ ਹੋਇਆ? ਉਹ ਕਿਨ੍ਹਾਂ ਵਾਸਤੇ ਮਰੇ? ਉਨ੍ਹਾਂ ਦਾ ਆਦਰਸ਼ ਕੀ ਸੀ?’’
ਸੰਨ 1929 ਵਿੱਚ ਭਗਤ ਸਿੰਘ ਦੀ ਕਲਮ ਵੱਲੋਂ ਖੜ੍ਹੇ ਕੀਤੇ ਸੁਆਲ ਸਰਾਭੇ ਦੀ ਸ਼ਹਾਦਤ ਤੋਂ ਸੌ ਵਰ੍ਹੇ ਮਗਰੋਂ ਹੋਰ ਵੀ ਵਿਰਾਟ ਅਤੇ ਤਿੱਖਾ ਰੂਪ ਧਾਰਨ ਕਰ ਗਏ ਹਨ। ਜੁਆਨੀ ਚੌਤਰਫ਼ੇ ਸੰਕਟਾਂ ਦੀ ਲਪੇਟ ’ਚ ਆਈ ਹੋਈ ਹੈ। ਭਗਤ ਸਿੰਘ ਨੇ ਲਿਖਿਆ ਸੀ:
ਚਮਨ ਜ਼ਾਰੇ ਮੁਹੱਬਤ ਮੇਂ ਉਸੀ ਨੇ ਬਾਗਵਾਨੀ ਕੀ,
ਕਿ ਜਿਸਨੇ ਆਪਣੀ ਮਿਹਨਤ ਕੋ ਹੀ
ਮਿਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਹੈ ਮੋਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।
ਭਾਵ ਉਸ ਮਾਲੀ ਦਾ ਵੀ ਕੋਈ ਜਵਾਬ ਨਹੀਂ ਜਿਹੜਾ ਮਿਹਨਤ ਨੂੰ ਹੀ ਮਿਹਨਤ ਦਾ ਫ਼ਲ ਸਮਝਦਾ ਹੈ। ਉਹ ਕਿੰਨੇ ਮਹਾਨ ਹੁੰਦੇ ਹਨ, ਜਿਹੜੇ ਇਤਿਹਾਸ ਵਿੱਚ ਅਜਿਹੀ ਭੂਮਿਕਾ ਅਦਾ ਕਰਦੇ ਹਨ ਜਿਵੇਂ ਹਨੇਰੀ ਰਾਤ ’ਚ ਚੁਪਕੇ ਜਿਹੇ ਆ ਕੇ ਤ੍ਰੇਲ ਆਪਣੇ ਮੋਤੀ ਬਿਖੇਰ ਕੇ ਚਲੀ ਜਾਂਦੀ ਹੈ ਤੇ ਉਸ ਦਾ ਕੋਈ ਸਾਨੀ ਨਹੀਂ ਹੈ। ਅੱਜ ਇਨ੍ਹਾਂ ਸੰਗਰਾਮੀਆਂ ਦੀ ਸ਼ਹਾਦਤ ਦੀ 100ਵੀਂ ਵਰ੍ਹੇਗੰਢ ਨੌਜਵਾਨਾਂ ਤੋਂ ਉਸ ਸ਼ਬਨਮ ਵਰਗੀ ਇਤਿਹਾਸਕ ਭੂਮਿਕਾ ਦੀ ਆਸ ਕਰਦੀ ਹੈ। ਪਿਛਲੇ ਦਹਾਕਿਆਂ ਤਕ ਜਿਉਂਦੇ ਰਹੇ ਗ਼ਦਰੀ ਬਾਬੇ ਉੱਨੀ-ਇੱਕੀ ਦੇ ਸ਼ਬਦੀ ਫ਼ਰਕਾਂ ਨਾਲ ਰਿਕਾਰਡ ਕਰਵਾਈਆਂ ਟੇਪਾਂ, ਤਕਰੀਰਾਂ, ਹੱਥ ਲਿਖਤ ਡਾਇਰੀਆਂ, ਲੇਖਾਂ ਵਿੱਚ ਜੁਆਨੀ ਨੂੰ ਵੰਗਾਰਦੇ ਰਹੇ ਹਨ। ਇਨ੍ਹਾਂ ਦਾ ਇਤਿਹਾਸਕ ਪ੍ਰਮਾਣ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ ਦੇ ਰਿਕਾਰਡ ’ਚ ਮੂੰਹੋਂ ਬੋਲਦਾ ਹੈ:
‘‘ਗ਼ਦਰ ਪਾਰਟੀ ਨੇ ਗ਼ੁਲਾਮੀ ਖਿਲਾਫ਼ ਆਜ਼ਾਦੀ ਦਾ ਪਰਚਮ ਚੁੱਕਿਆ ਸੀ।
  ਅਨੇਕਾਂ ਸੂਰਬੀਰਾਂ ਨੇ ਸ਼ਹੀਦੀ ਜਾਮ ਪੀਤੇ। ਇਸ ਪਾਰਟੀ ਨੇ ਗ਼ੁਲਾਮੀ ਨਾਲ ਨਿਢਾਲ ਹੋਈ ਹਿੰਦੀ ਜਨਤਾ ਦੇ ਖ਼ੂਨ ਵਿੱਚ ਆਜ਼ਾਦੀ ਦੀ ਨਵੀਂ ਰੂਹ ਫੂਕ ਦਿੱਤੀ। ਇਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ। ਲਾਸਾਨੀ ਕੁਰਬਾਨੀਆਂ ਦੀ ਲੜੀ ਨੇ ਆਜ਼ਾਦੀ ਪ੍ਰਾਪਤੀ ਲਈ ਇੱਕ ਹੋਰ ਨਵਾਂ ਸਫ਼ਾ ਇਤਿਹਾਸ ਵਿੱਚ ਜੋੜ ਦਿੱਤਾ।
ਸਾਡੇ ਇਹ ਨਾਅਰੇ ਪਾਰਟੀ ਦੇ ਨਿਯਮਾਂ ਅਤੇ ਅਮਲਾਂ ਵਿੱਚੋਂ ਹਨ:
1. ਏਕਤਾ ਦਾ ਫ਼ਲ: ਸ਼ਕਤੀ ਅਤੇ ਆਜ਼ਾਦੀ
2. ਅਨੇਕਤਾ ਦਾ ਸਿੱਟਾ: ਦੁਰਬਲਤਾ ਤੇ ਗ਼ੁਲਾਮੀ
3. ਏਕਤਾ ਦਾ ਮੂਲ: ਸਮਾਜਵਾਦ
4. ਅਨੇਕਤਾ ਦਾ ਮੂਲ: ਸਾਮਰਾਜਵਾਦ
ਯੁੱਗ ਪਲਟ ਰਿਹਾ ਹੈ! ਆਪਣੇ ਕਰਤੱਵ ਪੂਰੇ ਕਰੋ!
ਨੌਜਵਾਨੋ! ਜਾਗੋ! ਉਠੋ!!
ਸੁੱਤਿਆਂ ਨੂੰ ਯੁੱਗ ਬੀਤ ਗਏ!
ਹਰ ਪ੍ਰਕਾਰ ਦੀ ਗ਼ੁਲਾਮੀ ਕੀ ਆਰਥਿਕ, ਕੀ ਰਾਜਨੀਤਕ ਅਤੇ ਕੀ ਸਮਾਜਕ ਜੜ੍ਹ ਤੋਂ ਉਖੇੜ ਸੁੱਟੋ! ਮਨੁੱਖਤਾ ਹੀ ਸੱਚਾ ਧਰਮ ਹੈ।
ਜੈ ਜਨਤਾ’’
ਸੋਹਣ ਸਿੰਘ ਭਕਨਾ
ਅਜਿਹੇ ਉੱਚੇ-ਸੁੱਚੇ ਟੀਚੇ ਸਨ ਗ਼ਦਰੀ ਬਾਬਿਆਂ ਦੀ ਤੋਰ ਦੀ ਰਵਾਨੀ ’ਚ। ਅੱਜ ਲੋਕਾਂ ਦੀ ਏਕਤਾ, ਸਾਂਝ, ਭਾਈਚਾਰੇ ਨੂੰ ਤੀਲ੍ਹਾ-ਤੀਲ੍ਹਾ ਕਰਨ ਲਈ ਵਿਆਪਕ ਖ਼ਤਰੇ ਅੰਬਰਾਂ ’ਤੇ ਮੰਡਰਾ ਰਹੇ ਹਨ। ਲੋਕਾਂ ਉਪਰ ਅਨੇਕ ਪ੍ਰਕਾਰ ਦੇ ਬੋਝ ਦੀਆਂ ਪੰਡਾਂ ਲੱਦੀਆਂ ਜਾ ਰਹੀਆਂ ਹਨ। ਫ਼ਿਰਕੂ ਜ਼ਹਿਰ ਧੂੜੀ ਜਾ ਰਹੀ ਹੈ। ਲੋਕਾਂ ਦੇ ਜਨਮ ਸਿੱਧ ਮੌਲਿਕ ਮਾਨਵੀ ਅਧਿਕਾਰਾਂ ਉਪਰ ਨੰਗੀ ਤਲਵਾਰ ਲਟਕ ਰਹੀ ਹੈ। ਇਸ ਦੌਰ ਵਿੱਚ ਬਾਬਾ ਭਕਨਾ ਦੇ ਇਹ ਬੋਲ ਅਤੇ 1915 ਦੇ ਸ਼ਹੀਦਾਂ ਦੀ ਸ਼ਤਾਬਦੀ ਵਿਸ਼ੇਸ਼ ਧਿਆਨ ਖਿੱਚਦੀ ਹੈ। ਗ਼ਦਰੀ ਬਾਬੇ, ਇਤਿਹਾਸ ਪ੍ਰਤੀ ਕਦੇ ਵੀ ਲਕੀਰ ਦੇ ਫ਼ਕੀਰ ਨਹੀਂ ਬਣੇ। ਉਹ ਅਤੀਤ, ਇਤਿਹਾਸ ਜਾਂ ਬੁੱਤਾਂ ਦੇ ਪੂਜਕ ਨਹੀਂ ਬਣੇ। ਉਹ 1947 ਤੋਂ ਬਾਅਦ ਵੀ ਆਖ਼ਰੀ ਸਾਹ ਤਕ ਬੁਲੰਦ ਆਵਾਜ਼ ’ਚ ਹੋਕਾ ਦਿੰਦੇ ਰਹੇ ਕਿ ਅਜੇ ਸਾਡੇ ਅਤੇ ਸਾਡੇ ਅਮਰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਬਣਿਆ। ਉਹ ਜ਼ਿੰਦਗੀ ਭਰ ਇਨਕਲਾਬੀ ਸਫ਼ਰ ’ਤੇ ਰਹੇ।
  ਸਰਾਭੇ ਹੋਰਾਂ ਦੀ ਸ਼ਹਾਦਤ ਪ੍ਰਤੀ ਮਹਿਜ਼ ਸ਼ਰਧਾਵਾਨ ਹੋਣ ਦੀ ਬਜਾਏ, ਉਨ੍ਹਾਂ ਦੇ ਅਧੂਰੇ ਕਾਜ਼ ਲਈ ਉਹ ਨੌਜਵਾਨਾਂ, ਕਿਰਤੀ, ਕਿਸਾਨਾਂ, ਔਰਤਾਂ ਅਤੇ ਬੁੱਧੀਜੀਵੀਆਂ ਨੂੰ ਆਪਣੇ ਸਮੇਂ ਦੀਆਂ ਚੁਣੌਤੀਆਂ ਨੂੰ ਮੁਖ਼ਾਤਬ ਹੋਣ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਰਹੇ।
ਜਨਮ ਦਿਨ, ਸ਼ਹੀਦੀ ਦਿਨ, ਸਥਾਪਨਾ ਦਿਨ ਅਤੇ ਸ਼ਤਾਬਦੀ ਆਉਂਦੇ ਜਾਂਦੇ ਰਹਿੰਦੇ ਹਨ। ਇਤਿਹਾਸ ਦੇ ਸੰਵੇਦਨਸ਼ੀਲ ਵਾਰਸਾਂ ਨੇ ਸਥਾਪਤੀ ਅਤੇ ਰਵਾਇਤੀ ਤੌਰ ਤਰੀਕਿਆਂ ਨਾਲੋਂ ਇਨ੍ਹਾਂ ਇਤਿਹਾਸਕ ਮੌਕਿਆਂ ’ਤੇ ਆਪਣਾ ਸੰਤੁਲਿਤ, ਭਵਿੱਖ-ਮੁਖੀ ਅਤੇ ਲੋਕ-ਮੁਖੀ ਦ੍ਰਿਸ਼ਟੀਕੋਣ ਧਾਰਨ ਕਰ ਕੇ ਆਪਣੇ ਪੂਰਵਜਾਂ ਦੇ ਅਧੂਰੇ ਰਹਿ ਗਏ ਚਿੱਤਰ ’ਚ ਆਪਣੇ ਬੁਰਸ਼ ਨਾਲ ਆਪਣੇ ਅੰਦਾਜ਼ ’ਚ ਖ਼ੂਬਸੂਰਤ ਰੰਗ ਭਰਨੇ ਹੁੰਦੇ ਹਨ।
ਅੱਜ ਅਨੇਕਾਂ ਕਾਰਨਾਂ ਕਰਕੇ ਪੰਜਾਬ ਦੀ ਜੁਆਨੀ ਪਰਦੇਸਾਂ ਵੱਲ ਉਡਾਰੀ ਮਾਰ ਰਹੀ ਹੈ। ਕਦੇ ਨਿੱਕੜੀ ਉਮਰੇ ਹੀ ਕਰਤਾਰ ਸਿੰਘ ਸਰਾਭਾ ਨੇ ਵੀ ਅਮਰੀਕਾ ਜਾ ਕੇ ਰਸਾਇਣ ਵਿਗਿਆਨ ਦੀ ਉੱਚ ਵਿੱਦਿਆ ਹਾਸਲ ਕਰਨ ਦਾ ਸੁਪਨਾ ਲਿਆ ਸੀ। ਉਸ ਨੇ ਬਰਕਲੇ ਯੂਨੀਵਰਸਿਟੀ ਦਾਖ਼ਲਾ ਲਿਆ। ਇੱਕ ਦਿਨ ਉਸ ਨੇ ਅਮਰੀਕਣ ਔਰਤ ਨੂੰ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਦੇਖ ਕੇ ਇਸ ਬਾਰੇ ਜਾਨਣਾ ਚਾਹਿਆ। ਉਸ ਔਰਤ ਨੇ ਦੱਸਿਆ, ‘‘ਇਸ ਦਿਨ ਸਾਡਾ ਅਮਰੀਕਾ ਗ਼ੁਲਾਮੀ ਤੋਂ ਆਜ਼ਾਦ ਹੋਇਆ ਸੀ। ਅਸੀਂ ਆਜ਼ਾਦੀ ਪਰਵਾਨਿਆਂ ਨੂੰ ਕਦੇ ਵੀ ਭੁਲਾ ਨਹੀਂ ਸਕਦੇ।’’ ਉਸ ਪਲ ਸਰਾਭਾ ਸਿਰ ਤੋਂ ਪੈਰਾਂ ਤਕ ਝੰਜੋੜਿਆ ਗਿਆ। ਉਸ ਨੂੰ ਖ਼ਿਆਲਾਂ ਦੀਆਂ ਤਰੰਗਾਂ ਨੇ ਹਲੂਣ ਕੇ ਰੱਖ ਦਿੱਤਾ ਕਿ ਅਸੀਂ ਤਾਂ ਇੱਥੇ ਆ ਗਏ ਪੜ੍ਹਨ ਲਈ।
  ਡਾਲਰ ਕਮਾਉਣ ਲਈ।  ਸਾਡੀ ਮਾਂ ਧਰਤੀ ਗ਼ੁਲਾਮ ਹੈ। ਸਾਨੂੰ ਇੱਥੇ ਕੁਲੀ, ਡੈਮ, ਕਾਲੇ, ਡਰਟੀ ਕਿਹਾ ਜਾਂਦਾ ਹੈ। ਪਿੱਛੇ ਮੁਲਕ ’ਚ ਸਾਡੇ ਲੋਕ ਭੁੱਖ-ਨੰਗ, ਕਰਜ਼ੇ, ਬੀਮਾਰੀ, ਬੇਕਾਰੀ, ਸੂਦਖੋਰੀ ਅਤੇ ਜ਼ਬਰ ਦੇ ਭੰਨੇ ਹੋਏ ਹਨ। ਅਸੀਂ ਫਿਰ ਕੀ ਜਾਗਦੇ ਇਨਸਾਨ ਹਾਂ ਜਾਂ ਖ਼ੁਦਪ੍ਰਸਤ? ਉਹਦੇ ਅੰਦਰ ਵਿਚਾਰਾਂ ਦਾ ਤੂਫ਼ਾਨ ਉੱਠ ਖੜ੍ਹਿਆ। ਉਹ ਸਰਾਭੇ ਪਿੰਡ ਦੇ ਹੀ ਦੇਸ਼ ਭਗਤ ਰੁਲੀਆ ਸਿੰਘ ਪਾਸ ਆਇਆ ਕਰਦਾ ਸੀ। ਉਹਦੀ ਸੰਗਤ ਪਰਮਾਨੰਦ, ਲਾਲਾ ਹਰਦਿਆਲ ਵਰਗਿਆਂ ਨਾਲ ਹੋਣ ਲੱਗੀ। ਨਿੱਕੜਾ ਵਿਦਿਆਰਥੀ ਬੇਹੱਦ ਜ਼ਹੀਨ ਅਤੇ ਤਿੱਖੜਾ ਸੀ।
ਉਹ 21 ਅਪਰੈਲ 1913 ਨੂੰ ਆਸਟਰੀਆ ’ਚ ਬਣਾਈ ਗਈ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ’ ਜਥੇਬੰਦੀ ਦੇ ਸੰਪਰਕ ਵਿੱਚ ਆ ਗਿਆ।
  ਉਹਦੇ ਵਿਸ਼ੇਸ਼ ਅਤੇ ਮੁੱਢਲੇ ਉੱਦਮ ਨਾਲ ‘ਗ਼ਦਰ’ ਅਖ਼ਬਾਰ ਸ਼ੁਰੂ ਹੋਇਆ।  ਉਹ ਹੱਥੀਂ ਮਸ਼ੀਨ ਚਲਾ ਕੇ ਦਿਨ ਰਾਤ ‘ਗ਼ਦਰ’ ਪਰਚੇ ਦੀ ਛਪਾਈ, ਲਿਖਾਈ, ਤਰਜ਼ਮੇ, ਵੰਡ-ਵੰਡਾਈ ਅਤੇ ਵਿੱਤੀ ਲੋੜਾਂ ਦੀ ਪੂਰਤੀ ਲਈ ਸਮਰਪਿਤ ਹੋ ਗਿਆ। ਗ਼ਦਰ ਪਾਰਟੀ ਦਾ ਤਿੰਨ ਰੰਗਾਂ ਝੰਡਾ ਹਿੰਦੂ, ਮੁਸਲਿਮ ਤੇ ਸਿੱਖਾਂ ਦੀ ਏਕਤਾ ਦਾ ਪ੍ਰਤੀਕ ਅਤੇ ਵਿਚਕਾਰ ਕਰਾਸ ਤਲਵਾਰਾਂ ਸੰਘਰਸ਼ ਦਾ ਚਿੰਨ੍ਹ, ਦਾ ਡਿਜ਼ਾਈਨ ਕਰਨ ’ਚ ਵੀ ਉਸ ਦੀ ਪ੍ਰਮੁੱਖ ਭੂਮਿਕਾ ਸੀ।
ਗ਼ਦਰ ਅਤੇ ਆਜ਼ਾਦੀ ਦੀ ਜੱਦੋ-ਜਹਿਦ ਵਿੱਚ ਉਹ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਦੇ ਵਿਸ਼ੇਸ਼ ਯੋਗਦਾਨ ਦੇ ਮਹੱਤਵ ਨੂੰ ਬਾਖ਼ੂਬੀ ਸਮਝਦਾ ਸੀ।
  ਸਰਾਭੇ ਨੇ ਲਿਖਿਆ ਹੈ:
ਹਿੰਦੋਸਤਾਨੀ ਲੋਕ ਆਮ ਰਵਾਜ਼ਨ ਆਪਣੀਆਂ ਔਰਤਾਂ ਨੂੰ ਮਰਦਾਂ ਤੋਂ ਹੀਣ ਸਮਝਦੇ ਹਨ। ਅਫ਼ਰੀਕਾ ਵਿੱਚ ਹਿੰਦੋਸਤਾਨ ਦੀਆਂ ਦੇਵੀਆਂ ਜਿਹੜੇ ਕੰਮ ਕਰ ਰਹੀਆਂ ਹਨ ਇਸ ਤੋਂ ਹਿੰਦੋਸਤਾਨੀਆਂ ਦੇ ਗ਼ਲਤ ਖ਼ਿਆਲਾਂ ਦਾ ਖੰਡਨ ਹੁੰਦਾ ਹੈ। ਅਫ਼ਰੀਕਾ ਦੇ ਲੋਕ-ਵਿਰੋਧੀ ਕਾਨੂੰਨਾਂ ਨੂੰ ਚਕਨਾਚੂਰ ਕਰਨ ਲਈ ਉੱਥੇ ਗੁਜਰਾਤੀ ਔਰਤਾਂ ਨੇ ਮਰਦਾਂ ਨਾਲੋਂ ਚਾਰ ਕਦਮ ਅੱਗੇ ਜਾ ਕੇ ਟਾਕਰਾ ਕੀਤਾ ਹੈ। ਉਨ੍ਹਾਂ ਅੱਗੇ ਹੋ ਕੇ ਗੰਨੇ ਦੇ ਖੇਤ ਫੂਕ ਸੁੱਟੇ। ਜਾਬਰਾਂ ਨਾਲ ਭਿੜੀਆਂ।
  ਜੇਲ੍ਹ ਜਾਣ ਤੋਂ ਨਹੀਂ ਡਰੀਆਂ।
ਅੱਜ ਪੰਜਾਬ ਵਿੱਚ ਆਪਣੇ ਹੱਕਾਂ ਲਈ ਹਰ ਮੋਰਚੇ ’ਤੇ ਅੱਗੇ ਹੋ ਕੇ ਜੂਝਦੀਆਂ ਨੌਜਵਾਨ ਲੜਕੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦੂਰ-ਅੰਦੇਸ਼ੀ ਅਤੇ ਔਰਤਾਂ ਦੀ ਇਤਿਹਾਸਕ ਭੂਮਿਕਾ ਬਾਰੇ ਸੋਚਣੀ ਦੀ ਹੀ ਪੁਸ਼ਟੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ।
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੇਬਾਕੀ ਨਾਲ ਉਸ ਸਮੇਂ, ਉਹ ਵੀ ਚੜ੍ਹਦੀ ਉਮਰੇ ਕੌੜਾ ਸੱਚ ਲਿਖਣਾ ਇਉਂ ਜਾਪਦਾ ਹੈ ਜਿਵੇਂ 100 ਵਰ੍ਹੇ ਬਾਅਦ ਉਹ ਹੋਰ ਵੀ ਲਿਸ਼ਕਿਆ ਅਤੇ ਨਿਖ਼ਰਿਆ ਹੈ। ਸਰਾਭੇ ਨੇ ਲਿਖਿਆ ਹੈ:
‘‘ਮੈਂ ਸਿੰਘਾਂ ਤੋਂ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਣਨਾ ਸਿਖਾਇਆ ਸੀ। ਇੱਕ-ਇੱਕ ਨੂੰ ਸਵਾ-ਸਵਾ ਲੱਖ ਨਾਲ ਲੜਨਾ ਸਿਖਾਇਆ ਸੀ ਪਰ ਕੀ ਹੁਣ ਪੰਜਾਬ ਵਿੱਚ ਇਸ ਤਰ੍ਹਾਂ ਅੰਮ੍ਰਿਤ ਛਕਾਇਆ ਜਾਂਦਾ ਹੈ? ਪਹਿਲਾਂ ਵਰਗੀ ਬਹਾਦਰੀ ਸਿੰਘਾਂ ਵਿੱਚ ਕਿਉਂ ਨਹੀਂ ਰਹੀ? ਇਸ ਦੇ ਦੋ ਸਬੱਬ ਹਨ। ਪਹਿਲਾ, ਉਹ ਆਦਮੀ ਜਿਹੜੇ ਅੰਮ੍ਰਿਤ ਬਣਾਉਂਦੇ ਹਨ, ਉਹ ਖ਼ੁਦ ਗ਼ੁਲਾਮ ਹਨ।
  ਗੁਰਦੁਆਰਿਆਂ ਦੇ ਗ੍ਰੰਥੀ ਅੰਗਰੇਜ਼ ਬਾਂਦਰਾਂ ਨੂੰ ਝੁਕ-ਝੁਕ ਕੇ ਸਲਾਮ ਕਰਦੇ ਦੇਖੇ ਜਾ ਸਕਦੇ ਹਨ। ਭਲਾ ਜੇ ਅਜਿਹੇ ਨੀਚ ਪੁਰਸ਼ ਜਿਹੜੇ ਲੀਡਰ ਬਣੇ ਹੋਏ ਹਨ ਤਾਂ ਉਨ੍ਹਾਂ ਵਿੱਚ ਕੀ ਤਾਕਤ ਅਤੇ ਦਲੇਰੀ ਹੋ ਸਕਦੀ ਹੈ। ਜਦ ਤਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ ਤਦ ਤਕ ਕੋਈ ਅਸਰ ਨਹੀਂ ਹੋਵੇਗਾ।  ਅੱਜ-ਕੱਲ੍ਹ ਦੇ ਹਾਲਾਤ ’ਤੇ ਅੱਛੀ ਤਰ੍ਹਾਂ ਨਿਗਾਹ ਮਾਰ ਕੇ ਸਿੰਘਾਂ ਨੂੰ ਚਾਹੀਦੈ ਕਿ ਉਹ ਗ਼ੁਲਾਮ ਅਤੇ ਡਰਾਕਲ ਗ੍ਰੰਥੀਆਂ ਨੂੰ ਕੱਢ ਕੇ ਬਾਹਰ ਮਾਰਨ।’’
‘ਗ਼ਦਰ’ ਅਖ਼ਬਾਰ ਦੀ ਮਕਬੂਲੀਅਤ ਨੇ ਸਾਹਿਤ ਅੰਦਰ ਛੁਪੀ ਅਥਾਹ ਸ਼ਕਤੀ ਦਾ ਪ੍ਰਮਾਣ ਦਿੱਤਾ।
  ਕਰਤਾਰ ਸਿੰਘ ਸਰਾਭਾ ਦੇਸ਼ ਭਗਤ ਆਜ਼ਾਦੀ ਘੁਲਾਟੀਆ ਹੀ ਨਹੀਂ ਸਗੋਂ ਸਿਰੜੀ, ਨਿਹਚਾਵਾਨ ਅਤੇ ਪ੍ਰਤੀਬੱਧ ਕ੍ਰਾਂਤੀਕਾਰੀ ਪੱਤਰਕਾਰ ਅਤੇ ਆਜ਼ਾਦੀ ਸੰਗਰਾਮ ਦਾ ਸ਼ਹੀਦ ਪੱਤਰਕਾਰ ਵੀ ਹੈ।
ਚੋਟੀ ਦਾ ਕਲਮਕਾਰ, ਉਲੱਥਾਕਾਰ, ਕਾਮਾ ਅਤੇ ਹਰ ਖ਼ਤਰੇ ਨਾਲ ਧਾਅ ਗਲਵੱਕੜੀ ਪਾਉਣ ਵਾਲਾ ਸਰਾਭਾ ਹੀ ਸੀ ਜਿਸ ਨੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਵਿਚਾਰ-ਵਟਾਂਦਰਾ ਕਰ ਕੇ ਕਾਮਾਗਾਟਾ ਮਾਰੂ ਜਹਾਜ਼ ਨੂੰ ਜਬਰੀ ਮੋੜੇ ਜਾਣ ਮੌਕੇ ਯੋਕੋਹਾਮਾ ਵਿਖੇ 200 ਪਿਸਤੌਲ ਤੇ 2000 ਗੋਲੀਆਂ ਦੋ ਪੇਟੀਆਂ ’ਚ ਬੰਦ ਕਰ ਕੇ ਜਹਾਜ਼ ’ਚ ਪਹੁੰਚਦੀਆਂ ਕੀਤੀਆਂ।
ਇਹ ਸਰਾਭਾ ਹੀ ਸੀ ਜਿਹੜਾ ਅਜੇ ਜੁਆਨੀ ਦੀ ਸਰਦਲ ’ਤੇ ਕਦਮ ਟਿਕਾ ਰਿਹਾ ਸੀ ਪਰ ਅਮਰੀਕਾ ਛੱਡ ਕੇ ਆਪਣੇ ਦੇਸ਼ ਆਇਆ। ਫ਼ੌਜੀ ਛਾਉਣੀਆਂ ’ਚ ਸੰਪਰਕ ਬਣਾਏ। ਗ਼ਦਰ ਦੀ ਤਾਰੀਖ ਮਿਥੀ ਪਰ ਕਿਰਪਾਲੇ ਦੀ ਗ਼ੱਦਾਰੀ ਨਾਲ ਗ਼ਦਰ ਦੀ ਸੂਹ ਮਿਲਣ ’ਤੇ ਫ਼ੌਜੀਆਂ ਨੂੰ ਨਿਹੱਥੇ ਕਰ ਦਿੱਤਾ ਗਿਆ। ਗ੍ਰਿਫ਼ਤਾਰੀਆਂ, ਕੇਸਾਂ ਅਤੇ ਜੇਲ੍ਹਾਂ, ਫਾਂਸੀਆਂ ਦਾ ਚੱਕਰ ਤੇਜ਼ ਹੋਇਆ।
  ਸਰਾਭਾ ਖ਼ੁਦ ਭਾਵੇਂ ਬਚ ਨਿਕਲਿਆ ਸੀ। ਅਫ਼ਗਾਨਿਸਤਾਨ ਦੀ ਸਰਹੱਦ ਪਾਰ ਕਰ ਕੇ ਸੁਰੱਖਿਅਤ ਬਾਹਰ ਜਾ ਸਕਦਾ ਸੀ ਪਰ ਉਹ ਗ਼ਦਰੀ ਗੂੰਜਾਂ ਯਾਦ ਕਰਦਿਆਂ ਵਾਪਸ ਮੁੜ ਆਇਆ।
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ…
ਗ਼ਦਰੀ ਗੀਤ ਗਾਉਂਦਾ ਉਹ ਲੋਕਾਂ ’ਚ ਕੰਮ ਕਰਨ ਲੱਗਾ। ਉਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਸ਼ੇਸ਼ ਅਦਾਲਤ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ।
 
ਇਹ ਫਾਂਸੀ ਟਲ ਸਕਦੀ ਸੀ ਪਰ ਸਰਾਭਾ ਆਪਣੇ ਮਿਸ਼ਨ ਦੀ ਮਸ਼ਾਲ ਜਗਦੀ ਅਤੇ ਮਘਦੀ ਰੱਖਣ ਲਈ ਫਾਂਸੀ ਦੀ ਪੀਂਘ ਝੂਟ ਜਾਣਾ ਹੀ ਬਿਹਤਰ ਸਮਝਦਾ ਸੀ। ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਇੱਕ ਵਾਰ ਤਾਂ ‘ਗ਼ਦਰ’ ਨੂੰ ਗੰਭੀਰ ਪਛਾੜ ਵੱਜ ਗਈ, ਹੁਣ ਮਤਾਬੀ ਬਣ ਕੇ ਖ਼ੁਦ ਮੱਚਣਾ ਹੀ ਵਿਚਾਰਾਂ ਦੀ ਰੋਸ਼ਨੀ ਫੈਲਾਉਣਾ ਹੋਵੇਗਾ।
ਆਖ਼ਰ ਸਰਾਭੇ ਨੂੰ ਸਾਥੀਆਂ ਸਮੇਤ ਫਾਂਸੀ ’ਤੇ ਲਟਕਾ ਦਿੱਤਾ ਗਿਆ। ਕੋਈ ਸਾਢੇ ਅਠਾਰਾਂ ਵਰ੍ਹਿਆਂ ਦਾ ਕਰਤਾਰ ਸਿੰਘ ਸਰਾਭਾ ਜਿੰਨਾ ਗੱਭਰੂ 1915 ’ਚ ਸੀ, 2015 ਸ਼ਤਾਬਦੀ ਮੌਕੇ ਅਤੇ ਭਵਿੱਖ ਵਿੱਚ ਵੀ ਓਨਾ ਹੀ ਭਰ ਜੁਆਨ ਪ੍ਰਤੀਤ ਹੁੰਦਾ ਰਹੇਗਾ। ਨਵੀਂ ਜੁਆਨੀ ਦੇ ਗਲ਼ ਲੱਗ ਕੇ ਮਿਲਦਾ ਰਹੇਗਾ। ਨਵੀਂ ਪਨੀਰੀ ਨਾਲ ਜੋਟੀ ਪਾ ਕੇ ਗੀਤ ਗਾਉਂਦਾ ਰਹੇਗਾ ਜੋ ਉਸ ਦੀ ਕਲਮ ਨੇ ਲਿਖਿਆ ਅਤੇ ਉਸ ਨੇ ਖ਼ੁਦ ਗਾਇਆ ਸੀ:
ਜੋ ਕੋਈ ਪੂਛੇ ਕਿ ਕੌਨ ਹੋ ਤੁਮ
ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ
ਜ਼ੁਲਮ ਮਿਟਾਨਾ ਹਮਾਰਾ ਪੇਸ਼ਾ
ਗ਼ਦਰ ਕਰਨਾ ਹੈ ਕਾਮ ਅਪਨਾ
ਨਮਾਜ਼ ਸੰਧਿਆ ਯਹੀ ਹਮਾਰੀ
ਔਰ ਪਾਠ ਪੂਜਾ ਸਭ ਯਹੀ ਹੈ
ਧਰਮ ਕਰਮ ਸਭ ਯਹੀ ਹੈ ਹਮਾਰਾ,
ਯਹੀ ਖ਼ੁਦਾ ਔਰ ਰਾਮ ਅਪਨਾ।
ਅਜੋਕੇ ਨਾਜ਼ੁਕ ਦੌਰ ਵਿੱਚ ਮੁਲਕ ਦੀ ਬੇੜੀ ਕਿਨਾਰੇ ਲਾਉਣ ਲਈ ਸਾਮਰਾਜੀ ਗਲਬੇ ਨੂੰ ਵਗਾਹ ਮਾਰਨਾ, ਜਗੀਰੂ-ਪੂੰਜੀਪਤੀ ਮੱਕੜਜਾਲ ਤੋਂ ਮੁਕਤ ਹੋਣਾ, ਫ਼ਿਰਕਾਪ੍ਰਸਤੀ, ਜ਼ਾਤ-ਪ੍ਰਸਤੀ, ਗ਼ਰੀਬੀ, ਬੇਕਾਰੀ, ਵਿਤਕਰੇਬਾਜ਼ੀ ਅਤੇ ਜ਼ਬਰ ਜ਼ੁਲਮ ਤੋਂ ਮੁਕਤ, ਆਜ਼ਾਦ, ਖ਼ੁਸ਼ਹਾਲ, ਅਤੇ ਸਾਂਝੀਵਾਲਤਾ ਭਰਿਆ ਨਿਜ਼ਾਮ ਸਿਰਜਣ ਲਈ ਚੇਤਨਾ ਦੇ ਚਾਨਣ ਦਾ ਛੱਟਾ ਦੇਣਾ 2015 ਸ਼ਤਾਬਦੀ ਦਾ ਮਨੋਰਥ ਹੋਵੇ। ਇਹੋ ਵਕਤ ਦੀ ਆਵਾਜ਼ ਹੈ। ਇਤਿਹਾਸ ਦੀ ਅੱਖ ਸਦਾ ਜਾਗਦੀ ਅਤੇ ਜਗਦੀ ਰਹਿੰਦੀ ਹੈ। ਡਾਹਢਿਆਂ ਨੂੰ ਐਵੇਂ ਭੁਲੇਖਾ ਹੁੰਦਾ ਹੈ ਕਿ ਇਤਿਹਾਸ ਉਨ੍ਹਾਂ ਦੀ ਮਨਮਰਜ਼ੀ ਦੀ ਤੋਰ ਤੁਰੇਗਾ ਅਤੇ ਉਨ੍ਹਾਂ ਮੁਤਾਬਕ ਦੇਖੇਗਾ।

Wednesday, November 16, 2011

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ'ਚੋਂ ਨਾ ਭੁਲਾ ਜਾਣਾ ‌‌‌॥

ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ,
ਸਾਨੂੰ ਦੇਖ ਕੇ ਨਾ ਘਬਰਾ ਜਾਣਾ ॥

ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ,
ਦਿਲੀਂ ਵਤਨ ਦਾ ਇਸ਼ਕ ਜਗਾ ਜਾਣਾ ॥

ਹਿੰਦ ਵਾਸੀਓ ਚਮਕਣਾ ਚੰਦ ਵਾਂਗੂ,
ਕਿਤੇ ਬੱਦਲਾਂ ਹੇਠ ਨਾ ਆ ਜਾਣਾ ॥

ਕਰਕੇ ਦੇਸ਼ ਦੇ ਨਾਲ ਧਰੋ ਯਾਰੋ,
ਦਾਗ਼ ਕੋਮ ਦੇ ਮੱਥੇ ਨਾ ਲਾ ਜਾਣਾ ॥

ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ,
ਅਮਰ ਸਿੰਘ ਨਾ ਕਿਸੇ ਕਹਾ ਜਾਣਾ ॥

ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ,
ਦਾਖਲ ਹੋ ਕਿ ਡਿਗਰੀਆਂ ਪਾ ਜਾਣਾ॥

ਹੁੰਦੇ ਫੇਲ ਬਹੁਤੇ ਅਤੇ ਪਾਸ ਥੋੜੇ,
ਵਤਨ ਵਾਸੀਓ ਦਿਲ ਨਾ ਢਾਹ ਜਾਣਾ ॥

ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
ਉਸੇ ਰਾਸਤੇ ਤੁਸੀ ਵੀ ਆ ਜਾਣਾ ॥

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ'ਚੋਂ ਨਾ ਭੁਲਾ ਜਾਣਾ ‌‌‌॥