ਮੈਂ ਤਲਵੰਡੀ ਸਲੇਮ ਜਾਣਾ ਹੈ...
23 ਮਾਰਚ ਪਾਸ਼ ਦਾ ਯਾਦਗਾਰੀ ਦਿਨ ਹੈ | ਸਿਰਫ਼, 23 ਮਾਰਚ ਹੀ ਕਿਓਂ ? ਪੂਰਾ ਮਹੀਨਾ ਕਿਓਂ ਨਹੀਂ ? ਨਹੀਂ, ਪੂਰਾ ਸਾਲ ਹੀ ਕਿਓਂ ਨਹੀਂ ? ਪਾਸ਼ ਨੂੰ ਯਾਦ ਨਾ ਰਖਣਾ ਇਨਸਾਨੀਅਤ ਨੂੰ ਭੁਲਾਉਣਾ ਹੈ | ਪਾਸ਼ ਨੇ ਇਨਸਾਨੀਅਤ ਦੀ ਸਾਂਝ ਲਈ ਜਾਣ ਦਿੱਤੀ | 23 ਮਾਰਚ 1988 ਦੀ ਸਵੇਰ ਓਹਨੂੰ ਸਾਥੀ ਹੰਸ ਰਾਜ ਸਮੇਤ ਓਹਦੇ ਪਿੰਡ ਤਲਵੰਡੀ ਸਲੇਮ ਨਫ਼ਰਤ ਦੇ ਅਨਸਰਾਂ ਮਾਰ ਦਿੱਤਾ |
ਮੇਰੀ ਇਹ ਕਵਿਤਾ ਪਾਸ਼ ਨੂੰ ਸਮਰਪਿਤ ਹੈ | ਮੈਂ ਫ਼ਿਲਹਾਲ ਪਾਸ਼ ਦੇ ਪਿੰਡ ਤਾਂ ਨਹੀਂ ਜਾ ਸਕਾਂਗੀ ਪਰ, ਮੇਰੀ ਖਾਹਿਸ਼ ਹੈ ਕਿ ਓਸ ਦਿਨ ਓਥੇ ਲੱਗਦੇ ਮੇਲੇ ਵਿੱਚ ਕੋਈ ਇਹ ਕਵਿਤਾ ਪੜ੍ਹੇ ...
ਮੈਂ ਤਲਵੰਡੀ ਸਲੇਮ ਜਾਣਾ ਹੈ ਕਿਓਂਕਿ :
ਮੈਂ ਤੁਰਨਾ ਹੈ ਉਨ੍ਹਾਂ ਗਲੀਆਂ ਵਿੱਚ
ਜਿਥੇ ਨਿੱਕੇ ਹੁੰਦਿਆਂ
ਪਾਸ਼ ਆੜੀਆਂ ਨਾਲ ਗੁੱਲੀ-ਡੰਡਾ ਤੇ ਲੁਕਣ-ਮੀਚੀ ਖੇਡਦਾ ਹੁੰਦਾ ਸੀ |
ਮੈਂ ਦੇਖਣਾ ਹੈ ਓਹ ਘਰ
ਓਹ ਕਮਰੇ, ਓਹ ਕੰਧਾਂ , ਓਹ ਵੇਹੜਾ , ਓਹ ਛੱਤ
ਜਿਹੜੇ ਹਨ ਓਹਦੇ ਬਚਪਨ ਤੇ ਜਵਾਨੀ ਦੇ ਗਵਾਹ
ਓਹਦੇ ਹਾਸੇ, ਜਿਦਾਂ, ਰੋਸਿਆਂ ਦੇ ਗਵਾਹ |
ਮੈਂ ਦੇਖਣਾ ਹੈ ਓਹ ਭੋਰਾ
ਜਿਥੇ ਭਗਤ ਸਿੰਘ, ਮਾਓ ਤੇ ਹੋ ਚੀ ਮਿਨ ਦੇ ਕੈਲੰਡਰ ਲਾ
ਸਿਆਣਿਆਂ 'ਚ ਬੈਠਾ ਓਹ ਮੁੰਡਾ
ਵੱਡੇ ਸੁਪਨੇ ਲੈਂਦਾ ਸੀ |
ਮੈਂ ਜਾਣਾ ਹੈ ਉਨ੍ਹਾਂ ਖੇਤਾਂ ਵਿੱਚ
ਜਿਥੇ ਰੁਖ ਹਾਲੇ ਵੀ ਓਹਦੀਆਂ ਗੱਲਾਂ ਕਰਦੇ ਹੋਣਗੇ :
ਗਰਮੀਆਂ ਦੀ ਰੁੱਤੇ, ਅਕਸਰ, ਐਥੇ ਓਹ ਖਾਲ 'ਚ ਪੈਰ ਪਾ ਬੈਠਾ
ਘੰਟਿਆਂ ਬਧੀ ਕੁਝ ਪੜ੍ਹਦਾ ਰਹਿੰਦਾ ਸੀ
ਜਾ, ਕੁਝ ਸੋਚਦਾ, ਗੰਨਾ ਚੂਪਦਾ ਤੁਰਿਆ ਜਾਂਦਾ...
ਤੇ ਦੇਖਣਾ ਹੈ ਓਹ ਟੀਊਬਵੈੱਲ
ਜੋ ਓਹਦੇ ਕਤਲ ਦਾ ਗਵਾਹ ਹੈ |
ਤੇ ਆਪਣੇ ਪੋਟਿਆਂ ਨਾਲ ਛੂਹ ਕੇ ਦੇਖਣੀ ਹੈ ਮੈਂ ਓਹ ਧਰਤੀ
ਜਿਥੇ ਓਹਦਾ ਖ਼ੂਨ ਡੁੱਲਿਆ ਹੈ
ਤੇ ਜਿਥੇ ਹੁਣ, ਓਹ ਕਾਈ, ਫੁੱਲ ਬੂਟੇ ਤੇ ਫ਼ਸਲ ਬਣ ਕੇ ਉੱਗਿਆ ਹੈ |
ਮੈਂ ਤਲਵੰਡੀ ਸਲੇਮ ਜਾਣਾ ਹੈ
ਜਿਥੇ ਪਾਸ਼ ਜੰਮਿਆਂ-ਇੱਕ ਰੋਹ ਦਾ ਦਰਿਆ
ਇੱਕ ਬੁਲੰਦ ਆਵਾਜ਼
ਜੋ ਹੋ ਗਈ ਹੈ ਹੁਣ ਸਮੁਚੀ ਦੁਨੀਆਂ ਦੀ ਆਵਾਜ਼
ਮਜ਼ਲੂਮਾਂ ਦੀ ਆਵਾਜ਼
ਗਰੀਬਾਂ ਦੀ ਆਵਾਜ਼
ਸਚ ਦੀ ਆਵਾਜ਼ |
ਮੈਂ ਉਸ ਪਿੰਡ ਨੂੰ ਨਤਮਸਤਕ ਹੋਣ ਜਾਣਾ ਹੈ
ਸੱਜਦਾ ਕਰਨ ਜਾਣਾ ਹੈ |
ਮੈਂ ਤਲਵੰਡੀ ਸਲੇਮ ਜਾਣਾ ਹੈ
ਮੈਂ ਤਲਵੰਡੀ ਸਲੇਮ ਜਾਣਾ ਹੈ...
-ਸ਼ਸ਼ੀ ਸਮੁੰਦਰਾ | ਲਿਖਣ ਸਮਾਂ : 1 / 25 / 2011