StatCounter

Showing posts with label Tunisia. Show all posts
Showing posts with label Tunisia. Show all posts

Saturday, January 29, 2011

"ਟੁਨੇਸ਼ੀਆ 'ਚ ਬਸੰਤ ਦੀਆਂ ਗਰਜਾਂ"

"ਟੁਨੇਸ਼ੀਆ 'ਚ ਬਸੰਤ ਦੀਆਂ ਗਰਜਾਂ"

by Sudeep Singh, January 21, 2011

ਭਾਵੇਂ ਉੱਤਰੀ ਅਫ਼ਰੀਕਾ 'ਚ ਇਹ ਸਰਦੀ ਦਾ ਮੌਸਮ ਹੈ ਪਰ ਲਗਦਾ ਹੈ ਜਿਵੇਂ ਸਿਆਸਤ 'ਚ ਸਰਦੀ ਦਾ ਅੰਤ ਹੋ ਰਿਹਾ ਹੈ। ਉੱਤਰੀ ਅਫ਼ਰੀਕਾ ਦੇ ਸੱਜੇ ਕੋਨੇ 'ਤੇ ਵਸੇ ਮੁਲਕ ਟੁਨੇਸ਼ੀਆ ਚ' ਇੱਕ ਤੂਫ਼ਾਨ ਜਨਮ ਲੈ ਰਿਹਾ ਹੈ ਜਿਸਨੇ ਅਰਬ ਮੁਲਕਾਂ ਦੀਆਂ ਬਾਦਸ਼ਾਹਤਾਂ ਤੇ ਡਿਕਟੇਟਰਾਂ ਨੂੰ ਕੰਬਣੀਆਂ ਛੇੜ ਦਿੱਤੀਆਂ ਹਨ।

ਆਈ.ਐਮ.ਐਫ਼ ਤੇ ਸੰਸਾਰ ਬੈਂਕ ਦੀਆਂ ਨੀਤੀਆਂ ਦੇ ਝੰਬੇ, ਮੰਹਿਗਾਈ, ਬੇਰੁਜ਼ਗਾਰੀ ਤੇ ਜਹਾਲਤ ਦੇ ਸਤਾਏ ਲੋਕਾਂ ਨੇ ਅਮਰੀਕਨ ਤੇ ਫਰਾਂਸਿਸੀ ਸਾਮਰਾਜੀਆਂ ਦੀ ਸ਼ਹਿ ਪ੍ਰਾਪਤ 'ਬੇਨ ਅਲੀ' ਦੀ 23 ਵਰੇ ਪੁਰਾਣੀ ਡਿਕਟੇਟਰਸ਼ਿਪ ਉਲਟਾ ਦਿੱਤੀ ਹੈ ਤੇ ਉਸਨੂੰ ਆਪਣੀ ਜਾਨ ਬਚਾਉਣ ਲਈ ਮੁਲਕ 'ਚੋਂ ਭੱਜਣਾ ਪਿਆ ਹੈ। ਟੁਨੇਸ਼ੀਆ ਫਰਾਂਸ ਦੀ ਬਸਤੀ ਰਿਹਾ ਹੈ ਤੇ ਅਖੌਤੀ ਅਜ਼ਾਦੀ ਮਗਰੋਂ ਵੀ ਇੱਥੇ ਸਾਮਰਾਜ ਦੀ ਤੂਤੀ ਬੋਲਦੀ ਰਹੀ ਹੈ। ਬੇਨ ਅਲੀ ਤੇ ਟਰਬੇਲਸੀ (ਆਪਣੇ ਟਾਟੇ-ਬਾਟੇ) ਨਾਂ ਨਾਲ ਜਾਣੇ ਜਾਂਦੇ ਦੋ ਘਰਾਣਿਆਂ ਨੇ ਮੁਲਕ ਦੀ 50% ਦੌਲਤ 'ਤੇ ਕਬਜਾ ਕਰ ਰੱਖਿਆ ਹੈ।

ਭਾਵੇਂ ਹਾਲੇ 'ਦਿੱਲੀ ਬੜੀ ਦੂਰ' ਹੈ ਤੇ ਨਵੀਂ ਸਰਕਾਰ ਦੇ ਮਹੱਤਵਪੂਰਣ ਅਹੁਦਿਆਂ ਤੇ ਪੁਰਾਣੀ ਡਿਕਟੇਟਰਸ਼ਿਪ ਦੇ ਚਿਹਰਿਆਂ ਦਾ ਗਲਬਾ ਹੈ ਤੇ ਟੁਨੇਸ਼ੀਆ ਵਾਸੀਆਂ ਲਈ ਖਰੀ ਜਮੂਹਰੀਅਤ ਦੀ ਸਿਰਜਣਾ ਲਈ ਘਾਲਣਾ ਦਾ ਲੰਮਾਂ ਤੇ ਤਕਲੀਫਦੇਹ ਪੈਂਡਾ ਬਾਕੀ ਹੈ ਜਿਸ ਦੌਰਾਨ ਉਹਨਾਂ ਨੇ ਆਪਣੇ ਖਰੇ ਹਿਤੈਸ਼ੀਆਂ, ਦੰਭੀ ਤੇ ਦਗੇਬਾਜ਼ ਮਿੱਤਰਾਂ ਤੇ ਦੁਸ਼ਮਣਾਂ ਦੀ ਸਿਆਣ ਕਰਨੀ ਹੈ ਪਰ ਹਾਲੀਆ ਪੇਸ਼ਕਦਮੀ ਇਤਿਹਾਸਕ ਹੈ। ਉਹਨਾਂ ਨੇ ਸਮੂਹਕ ਤਾਕਤ ਤੇ ਹਰਕਤਸ਼ੀਲਤਾ ਦੀ ਬਰਕਤ ਵੇਖ ਲਈ ਹੈ।

'ਤੇ ਟੁਨੇਸ਼ੀਆ ਦੇ ਇਸ ਲੋਕ-ਉਭਾਰ ਦਾ ਅਸਰ ਸਾਮਰਾਜ ਦੀ ਸ਼ਹਿ ਪ੍ਰਾਪਤ ਖਿੱਤੇ ਦੀਆਂ ਹੋਰ ਬਾਦਸ਼ਹਤਾਂ ਤੇ ਤਾਨਾਸ਼ਾਹੀਆਂ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਅਲਜੀਰੀਆ, ਮਿਸਰ, ਲੀਬੀਆ ਵਰਗੇ ਮੁਲਕਾਂ 'ਚ ਲੋਕ ਬੇਚੈਨੀ ਦੇ ਝਲਕਾਰੇ ਦੇਖਣ ਨੂੰ ਮਿਲ ਰਹੇ ਹਨ। ਸਰਕਾਰਾਂ ਨੇ ਮਹਿੰਗਾਈ ਨੁੰ ਠਲੱਣ ਲਈ ਤੇ ਜ਼ਖੀਰਬਾਜੀ ਖਿਲਾਫ ਕਦਮ ਚੁੱਕੇ ਹਨ ਤੇ ਅਰਬ ਮੁਲਕਾਂ ਦੀਆਂ ਕਈ ਸਰਕਾਰਾਂ ਨੇ ਟੁਨੇਸ਼ੀਆ ਦੀ ਹਮਾਇਤ 'ਚ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ।