StatCounter

Showing posts with label kidnapping. Show all posts
Showing posts with label kidnapping. Show all posts

Tuesday, October 30, 2012

ਸ਼ਰੂਤੀ ਅਗਵਾ ਕਾਂਡ : ਪੁਲਿਸ, ਸਰਕਾਰ ਤੇ ਗੁੰਡਾ ਗੱਠਜੋੜ ਬੇਨਕਾਬ


ਹਕੂਮਤੀ ਕੂੜ-ਪ੍ਰਚਾਰ ਤੇ ਚਾਲਾਂ ਤੋਂ ਸੁਚੇਤ ਹੋਵੋ

ਘੋਲ ਨੂੰ ਡਟਵਾਂ ਕੰਨ੍ਹਾਂ ਲਾਉਂਦੇ ਹੋਏ ਹੋਰ ਅੱਗੇ ਵਧਾਓ

ਇਨਸਾਫ਼ ਪਸੰਦ ਲੋਕੋ,



ਫਰੀਦਕੋਟ 'ਚ ਵਾਪਰੇ ਸ਼ਰੂਤੀ ਅਗਵਾ ਕਾਂਡ ਦੇ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਤੇ ਅਕਾਲੀ-ਭਾਜਪਾ ਸਰਕਾਰ ਗੁੰਡਾ ਗ੍ਰੋਹ ਦੇ ਹੱਕ 'ਚ ਪੂਰੀ ਤਰ੍ਹਾਂ ਡਟ ਗਈ ਹੈ। ਉਹ 15 ਸਾਲਾ ਦੀ ਨਬਾਲਗ ਲੜਕੀ ਨੂੰ ਗੁੰਡਾ ਗ੍ਰੋਹ ਵਲੋਂ ਮਾਂ-ਬਾਪ ਦੀਆਂ ਬਾਹਾਂ ਤੋੜ ਕੇ ਤੇ ਗੋਲੀਆਂ ਚਲਾਕੇ ਘਰੋਂ ਵਾਲਾਂ ਤੋਂ ਘੜੀਸ ਕੇ ਅਗਵਾ ਕਰਨ ਦੀ ਦਿਲ ਕੰਬਾਊ ਘਟਨਾ ਨੂੰ ਕੁੜੀ ਦੇ ਮਰਜੀ ਨਾਲ ਘਰੋਂ ਭੱਜਣ ਦੀ ਕਹਾਣੀ 'ਚ ਬਦਲਣ ਲਈ ਤਿੰਘ ਰਹੀ ਹੈ। ਇਸ ਨੰਗੀ ਚਿੱਟੀ ਗੁੰਡਾਗਰਦੀ ਵਿਰੁੱਧ ਅਵਾਜ਼ ਉਠਾਉਣ ਵਾਲੀ ਐਕਸ਼ਨ ਕਮੇਟੀ ਸੰਘਰਸ਼ਸ਼ੀਲ ਲੋਕਾਂ ਤੇ ਜਥੇਬੰਦੀਆਂ ਨੂੰ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਦੇ ਰਹੀ ਹੈ। ਉਹ ਜਾਦੂਗਰਾਂ ਵਾਂਗ ਕਾਲੇ ਨੂੰ ਚਿੱਟਾ ਤੇ ਚਿੱਟੇ ਨੂੰ ਕਾਲਾ ਦਿਖਾਉਣ ਦੀ ਖੇਡ ਖੇਡ ਰਹੀ ਹੈ। ਉਹ ਪੀੜਤ ਤੇ ਨਾਬਾਲਗ ਲੜਕੀ ਨੂੰ ਆਪਣੀ ਕੈਦ 'ਚ ਰੱਖਕੇ ਮੋਹਰੇ ਵਾਂਗ ਵਰਤ ਰਹੀ ਹੈ। ''ਸ਼ਰੂਤੀ ਡਾਕਟਰੀ ਮੁਆਇਨਾ ਨਹੀਂ ਕਰਾਉਣਾ ਚਾਹੁੰਦੀ।'' ''ਸ਼ਰੂਤੀ ਮਾਪਿਆਂ ਕੋਲ ਨਹੀਂ ਜਾਣਾ ਚਾਹੁੰਦੀ।'' ''ਸ਼ਰੂਤੀ ਮਾਪਿਆਂ ਨੂੰ ਨਹੀਂ ਮਿਲਣਾ ਚਾਹੁੰਦੀ'', ''ਸ਼ਰੂਤੀ ਮਰਜੀ ਨਾਲ ਗਈ ਸੀ'', ''ਸ਼ਰੂਤੀ ਆਪਣੇ ਆਪ ਨੂੰ ਨਿਸ਼ਾਨ ਦੀ ਪਤਨੀ ਕਹਿੰਦੀ ਹੈ'' ਆਦਿ ਖਬਰਾਂ ਫੈਲਾ ਕੇ ਹਕੂਮਤ ਇਕ ਤੀਰ ਨਾਲ ਕਈ ਸ਼ਿਕਾਰ ਫੁੰਡਣਾ ਚਾਹੁੰਦੀ ਹੈ। ਇਕ ਤਾਂ ਉਹ ਅਗਵਾ ਦੇ ਦੋਸ਼ੀ ਨਿਸ਼ਾਨ ਨੂੰ ਬਚਾਉਣਾ ਚਾਹੁੰਦੀ ਹੈ ਤੇ ਅਜਿਹੇ ਗ੍ਰੋਹਾਂ ਦਾ ਆਵਦੇ 'ਚ ਭਰੋਸਾ ਪੱਕਾ ਕਰਨਾ ਚਾਹੁੰਦੀ ਹੈ। ਦੂਜਾ ਇਸ ਕੇਸ ਨਾਲ ਜੁੜਕੇ ਹੋਈ ਆਪਣੀ ਬਦਨਾਮੀ ਦੇ ਦਾਗ ਧੋਣਾ ਚਾਹੁੰਦੀ ਹੈ। ਤੀਜਾ ਗੁੰਡਾ ਗ੍ਰੋਹ ਦੀਆਂ ਅਕਾਲੀ ਆਗੂਆਂ ਨਾਲ ਜੁੜੀਆਂ ਤਾਰਾਂ 'ਤੇ ਪਰਦਾ ਪਾਉਣਾ ਚਾਹੁੰਦੀ ਹੈ। ਚੌਥਾ ਸੰਘਰਸ਼ਸ਼ੀਲ ਤੇ ਇਨਸਾਫ਼ਪਸੰਦ ਲੋਕਾਂ ਵਲੋਂ ਲੜੇ ਗਏ ਅਤੇ ਲੜੇ ਜਾ ਰਹੇ ਹੱਕੀ ਘੋਲ ਨੂੰ ਬੇਲੋੜਾ ਤੇ ਗਲਤ ਸਾਬਤ ਕਰਨਾ  ਤੇ ਕੁਚਲਣਾ ਚਾਹੁੰਦੀ ਹੈ। 


ਸਿਰ ਚੜ੍ਹ ਕੂਕਦੀ ਹਕੀਕਤ ਨੂੰ ਪਛਾਣੋ : 
ਘੋਲ ਇਰਾਦੇ ਪ੍ਰਚੰਡ ਕਰੋ


ਇਹ ਜਾਣੀ ਪਛਾਣੀ ਸੱਚਾਈ ਤੇ ਤੱਥ ਹੈ ਕਿ ਸ਼ਰੂਤੀ 15 ਸਾਲਾ ਦੀ ਨਬਾਲਗ ਲੜਕੀ ਹੈ, ਜੋ ਕਤਲਾਂ ਤੇ ਬਲਾਤਕਾਰ ਵਰਗੇ ਗੰਭੀਰ ਕੇਸਾਂ 'ਚ ਭਗੌੜੇ ਗੁੰਡਾ ਗ੍ਰੋਹ ਦੇ ਸਰਗਣੇ ਨਿਸ਼ਾਨ ਤੇ ਪੁਲਿਸ ਦੇ ਚੁੰਗਲ 'ਚ ਲਗਭਗ ਇੱਕ ਮਹੀਨਾ ਰਹੀ ਹੈ। ਇਸਦੇ ਬਾਵਜੂਦ ਜਦ ਸ਼ਰੂਤੀ ਨੂੰ ਸਭਨਾਂ ਤੋਂ ਚੋਰੀ, ਭਾਰੀ ਪੁਲਿਸ ਫੋਰਸ ਦੀ ਮੌਜੂਦਗੀ 'ਚ ਮੂੰਹ ਢਕ ਕੇ ਇਕ ਵੱਡੇ ਤੇ ਖਤਰਨਾਕ ਅਪਰਾਧੀ ਵਾਂਗ ਫਰੀਦਕੋਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਉਹਨੇ ਜੱਜ, ਵਕੀਲਾਂ, ਪੁਲਿਸ ਤੇ ਮਾਪਿਆਂ ਦੇ ਸਾਹਮਣੇ ਡਾਕਟਰੀ ਮੁਆਇਨਾ ਕਰਾਉਣ ਤੇ ਮਾਪਿਆਂ ਨਾਲ ਜਾਣ ਦਾ ਬਿਆਨ ਦਿੱਤਾ। ਪਰ ਉਸਤੋਂ ਬਾਅਦ ਮਾਪਿਆਂ ਤੇ  ਵਕੀਲਾਂ ਨੂੰ ਅਦਾਲਤ 'ਚੋਂ ਬਾਹਰ ਕੱਢ ਕੇ ਅਤੇ ਕੁਝ ਦੇਰ ਬਾਅਦ ਫਿਰ ਅੰਦਰ ਬੁਲਾਕੇ ਦੱਸਿਆ ਗਿਆ ਕਿ ਉਹ ਮਾਪਿਆਂ ਨਾਲ ਨਹੀਂ ਜਾਣਾ ਚਾਹੁੰਦੀ। ਇਹ ਸੱਚਾਈ ਹੈ ਕਿ ਕੁੜੀ ਨੇ ਇਹ ਗੱਲ ਮਾਪਿਆਂ ਤੇ ਵਕੀਲਾਂ ਸਾਹਮਣੇ ਆਪਣੇ ਮੂੰਹੋਂ ਨਹੀਂ ਕਹੀ। ਸਗੋਂ ਇਹ ਵੀ ਹਕੀਕਤ ਹੈ ਕਿ ਅਦਾਲਤ 'ਚ ਉਹਨੇ ਆਪਣੀ ਮਰਜੀ ਨਾਲ ਘਰੋਂ ਜਾਣ ਜਾਂ ਵਿਆਹ ਕਰਾਉਣ ਬਾਰੇ ਨਹੀਂ ਕਿਹਾ। ਇਸਤੋਂ ਅੱਗੇ ਜਲੰਧਰ ਦੇ ਨਾਰੀ ਨਿਕੇਤਨ 'ਚ ਮਿਲਣ ਜਾਣਾ ਚਾਹੁੰਦੇ ਮਾਪਿਆਂ ਨੂੰ ਵੀ ਪੁਲਿਸ ਆਪਣੀ ਨਿਗਰਾਨੀ ਹੇਠ ਹੀ ਲੈ ਕੇ ਗਈ। ਉਥੇ ਵੀ ਪੁਲਿਸ ਵਾਲਿਆਂ ਨੇ ਹੀ ਆ ਕੇ ਕਿਹਾ ਕਿ ਸ਼ਰੂਤੀ ਤੁਹਾਨੂੰ ਮਿਲਣਾ ਨਹੀਂ ਚਾਹੁੰਦੀ। ਪਰ ਜਦ ਮਾਪਿਆਂ ਵਲੋਂ ਜੋਰ ਪਾਉਣ ਤੋਂ ਪਿਛੋਂ ਸ਼ਰੂਤੀ ਨੂੰ ਉਹਦੀ ਮਾਂ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਹਨੇ ਕੋਈ ਇਨਕਾਰ ਨਹੀਂ ਕੀਤਾ ਸਗੋਂ ਉਹ ਮਾਂ ਦੀ ਬੁੱਕਲ 'ਚ ਆ ਕੇ ਰੋਂਦੀ ਰਹੀ। ਅਜੇ ਮਾਵਾਂ-ਧੀਆਂ ਦੇ ਹੰਝੂਆਂ ਦਾ ਗੁੱਭ ਵੀ ਨਹੀਂ ਸੀ ਨਿਕਲਿਆ ਕਿ ਉਹਨਾਂ ਦੇ ਗੱਲ ਕਰਨ ਤੋਂ ਪਹਿਲਾਂ ਹੀ ਮੌਕੇ 'ਤੇ ਖੜ੍ਹੇ ਪੁਲਿਸ ਅਫ਼ਸਰ ਨੇ ਇਕ ਦੋ ਮਿੰਟ ਬਾਦ ਹੀ ਟਾਇਮ ਪੂਰਾ ਹੋ ਗਿਆ, ਕਹਿ ਕੇ ਦੋਹਾਂ ਨੂੰ ਇਉਂ ਵਿਛੋੜ ਦਿੱਤਾ ਜਿਵੇਂ ਸ਼ਰੂਤੀ ਕੈਦੀ ਹੋਵੇ। ਘੋਰ ਸਾਂਈ ਦਾ! ਕਤਲਾਂ, ਡਾਕਿਆਂ ਤੇ ਬਲਾਤਕਾਰਾਂ ਵਰਗੇ ਅਤਿ ਘਿਨਾਉਣੇ ਅਪਰਾਧਾਂ ਦੇ ਦੋਸ਼ੀਆਂ ਨੂੰ ਤਾਂ ਸਜਾਵਾਂ ਹੋਣ ਤੋਂ ਪਿਛੋਂ ਵੀ ਮਾਪਿਆਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਆਦਿ ਸਭਨਾਂ ਨਾਲ ਜੇਲ੍ਹਾਂ 'ਚ ਵੀ ਘੰਟਿਆਂ ਬੱਧੀ ਮੁਲਾਕਾਤਾਂ ਦੀ ਖੁੱਲ੍ਹ ਦਿੱਤੀ ਜਾਂਦੀ ਹੈ। ਪਰ ਇਥੇ ਜੁਲਮ ਦਾ ਸ਼ਿਕਾਰ ਹੋਈ ਬੱਚੀ ਨੂੰ ਆਪਣੇ ਮਾਂ-ਬਾਪ ਨਾਲ ਮਿਲਣ 'ਤੇ ਵੀ ਰੋਕ ਲਾ ਰੱਖੀ ਹੈ। ਲੋੜ ਤਾਂ ਇਹ ਸੀ ਕਿ ਕੁੜੀ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਵੀ ਪਹਿਲਾਂ ਮਾਪਿਆਂ ਨਾਲ ਮਿਲਣ ਦੀ ਖੁੱਲ੍ਹ ਦਿੱਤੀ ਜਾਂਦੀ। ਜਦੋਂ ਕਿ ਮਾਪੇ ਤੇ ਐਕਸ਼ਨ ਕਮੇਟੀ ਐਸ.ਐਸ.ਪੀ. ਕੋਲ ਇਹ ਮੰਗ ਵੀ ਕਰ ਚੁੱਕੇ ਸਨ ਅਤੇ ਪ੍ਰਸਾਸ਼ਨ ਵੱਲੋਂ ਮਿਲਾਉਣ ਦਾ ਵਾਅਦਾ ਵੀ ਕੀਤਾ ਗਿਆ ਸੀ। ਫਿਰ ਭਲਾਂ ਕਿਉਂ ਨਹੀਂ ਮਿਲਾਇਆ ਗਿਆ? ਅਤੇ ਹੁਣ ਵੀ ਉਹਨੂੰ ਮਿਲਣ 'ਤੇ ਭਲਾ ਕਿਉਂ ਰੋਕ ਲਾਈ ਹੈ? ਸੋ ਸਪੱਸ਼ਟ ਹੈ ਕਿ ਪਹਿਲਾਂ ਸ਼ਰੂਤੀ ਨੂੰ ਗੁੰਡਾ ਗ੍ਰੋਹ ਦੇ ਮੁਖੀ ਨਿਸ਼ਾਨ ਵਲੋਂ ਅਗਵਾ ਕਰਕੇ ਰੱਖਿਆ ਗਿਆ ਅਤੇ ਹੁਣ ਬਾਦਲ ਹਕੂਮਤ ਵਲੋਂ ਯੋਜਨਾਬੱਧ ਢੰਗ ਨਾਲ ਅਗਵਾ ਕਰਕੇ ਹੀ ਰੱਖਿਆ ਹੋਇਆ ਹੈ।

ਕੁੜੀ ਦੇ ਮਨ 'ਚ ਇਸ ਘਟਨਾ ਦੇ ਮਨ 'ਚ ਬੈਠੇ ਬੈਠੇ ਦਹਿਲ ਤੇ ਦਹਿਸ਼ਤ ਦੀ ਸੱਚਾਈ ਤਾਂ ਏਨੀ ਮੂੰਹ ਜੋਰ ਹੈ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਖੁਦ ਮੰਨਣਾ ਪਿਆ ਕਿ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਇਥੋਂ ਤੱਕ ਕਿ ਕੂੜ ਪ੍ਰਚਾਰ ਦੇ ਮੋਹਰੀ ਬਣੇ ਇੱਕ ਅਖਬਾਰ ਨੂੰ ਵੀ ਇਹ ਸਚਾਈ ਲਿਖਣ ਲਈ ਮਜਬੂਰ ਹੋਣਾ ਪਿਆ ਕਿ ਲੜਕੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਐਡੀ ਵੱਡੀ ਘਟਨਾ ਵਾਪਰਨ ਤੋਂ ਪਿੱਛੋਂ ਉਹਦੇ ਕੋਮਲ ਮਨ 'ਤੇ ਪਏ ਦਹਿਲ ਨੂੰ ਦੂਰ ਕਰਨ ਲਈ ਲੋੜ ਤਾਂ ਇਹ ਸੀ ਕਿ ਉਸਨੂੰ ਸੁਖਾਵੇ ਅਤੇ ਮਨ ਨੂੰ ਹਲਕਾ ਕਰਨ ਵਾਲੇ ਖੁੱਲ੍ਹੇ ਅਤੇ ਆਮ ਮਾਹੌਲ ਵਿਚ ਰੱਖਣ ਲਈ ਮਾਪਿਆਂ ਹਵਾਲੇ ਕੀਤਾ ਜਾਂਦਾ ਪਰ ਕੀਤਾ ਇਸਤੋਂ ਬਿਲਕੁਲ ਉਲਟ ਗਿਆ। ਬਾਦਲ ਹਕੂਮਤ, ਪੁਲਸ ਪ੍ਰਸਾਸ਼ਨ ਅਤੇ ਅਦਾਲਤੀ ਕਾਰਵਾਈ ਦਾ ਅਮਲ ਜਿਸ ਵਹਿਣ ਵਿੱਚ ਵਗ ਰਿਹਾ ਹੈ, ਇਸ ਤੋਂ ਇਹ ਤੌਖਲਾ ਵੀ ਨਿਰਮੂਲ ਨਹੀਂ ਕਿ ਸਰਕਾਰ ਵੱਲੋਂ ਉਥੇ ਲਾਏ ਮਾਹਰ ਸ਼ਰੂਤੀ ਨੂੰ ਤਣਾਅ-ਮੁਕਤ ਕਰਨ ਦੀ ਥਾਂ ਹੁਣ ਨਾਲੋਂ ਵੀ ਮਾੜੀ ਹਾਲਤ ਵਿੱਚ ਪਹੁੰਚਾਉਣ ਦਾ ਸਬੱਬ ਹੋ ਨਿੱਬੜਨ ਤੇ ਫਿਰ ਹਕੂਮਤ ਉਸ ਨੂੰ ਪਾਗਲ ਕਰਾਰ ਦੇ ਕੇ ਉਸ ਨੂੰ ਕਿਸੇ ਪਾਗਲਖਾਨੇ ਹੀ ਭੇਜ ਦੇਵੇ। 

ਵਾਰੇ-ਵਾਰੇ ਜਾਈਏ 'ਪੰਥ ਦੀ ਵਾਲੀ' ਅਜਿਹੀ ਹਕੂਮਤ ਦੇ ਜੋ ਸ਼ਰੂਤੀ ਨੂੰ ਤਾਂ ਅਪਰਾਧੀਆਂ ਵਾਂਗ ਪੇਸ਼ ਤੇ ਵਿਹਾਰ ਕਰ ਰਹੀ ਹੈ, ਪਰ ਅਤਿ ਘਿਨਾਉਣੇ ਅਤੇ ਅਣਗਿਣਤ ਜੁਰਮਾਂ ਕਰਕੇ ਫਰੀਦਕੋਟ ਵਾਸੀਆਂ 'ਤੇ ਦਹਿਲ ਬਿਠਾਉਣ ਵਾਲੇ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਤੱਕ ਇੱਕ ਲਫਜ਼ ਵੀ ਨਹੀਂ ਬੋਲ ਰਹੀ। ਸੋ ਸਾਫ਼ ਹੈ ਇਹ ਸਭ ਕੁਝ ਨਿਸ਼ਾਨ ਤੇ ਉਸਦੇ ਗ੍ਰੋਹ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ। 


24 ਸਤੰਬਰ ਨੂੰ ਸਵੇਰੇ 10 ਵਜੇ ਦੇ ਕਰੀਬ ਸੰਘਣੀ ਆਬਾਦੀ ਵਾਲੀ ਫਰੀਦਕੋਟ ਦੀ ਡੋਗਰ ਬਸਤੀ 'ਚ ਹਥਿਆਰਾਂ ਦੇ ਜੋਰ ਵਾਪਰੀ ਇਸ ਅਗਵਾ ਦੀ ਘਟਨਾ ਦੇ ਮੁੱਢ ਤੋਂ ਹੀ ਪੁਲਿਸ ਦੀ ਭੂਮਿਕਾ ਨੰਗੇ ਚਿੱਟੇ ਰੂਪ 'ਚ ਦੋਸ਼ੀ ਨਿਸ਼ਾਨ ਤੇ ਉਹਦੇ ਗ੍ਰੋਹ ਨੂੰ ਬਚਾਉਣ ਦੀ ਦਿਸਦੀ ਰਹੀ ਹੈ। ਘਟਨਾ ਦੀ ਸੂਚਨਾ ਫੌਰੀ ਮਿਲਣ ਤੋਂ ਕਰੀਬ ਸਵਾ ਘੰਟਾ ਬਾਅਦ ਪੁਲਿਸ ਦਾ ਸ਼ਰੂਤੀ ਦੇ ਘਰ ਪਹੁੰਚਣਾ (ਜਿੱਥੋਂ ਥਾਣਾ ਸਦਰ ਤੁਰਕੇ ਆਉਣ 'ਤੇ ਵੀ 7-8 ਮਿੰਟ ਦੀ ਦੂਰੀ 'ਤੇ ਹੈ) ਆ ਕੇ ਵੀ ਡੀ.ਐਸ.ਪੀ. ਗੁਰਮੀਤ ਸਿੰਘ ਦਾ ਗੱਡੀ 'ਚੋਂ ਨਾ ਉਤਰਨਾ। ਲੰਮਾ ਸਮਾਂ ਦੋਸ਼ੀਆਂ 'ਚੋਂ ਕਿਸੇ ਇਕ ਨੂੰ ਵੀ ਗ੍ਰਿਫ਼ਤਾਰ ਨਾ ਕਰਨਾ। ਐਸ.ਐਸ.ਪੀ. ਤੇ ਡੀ.ਆਈ.ਜੀ. ਵਲੋਂ ਸ਼ਰੂਤੀ ਦੀ ਚਿੱਠੀ ਤੇ ਨਿਸ਼ਾਨ ਨਾਲ ਵਿਆਹ ਦੀਆਂ ਫੋਟੋਆਂ ਪ੍ਰੈਸ ਨੂੰ ਜਾਰੀ ਕਰਨਾ (ਜਿਸਨੂੰ ਡੀ.ਜੀ.ਪੀ. ਤੇ ਆਈ.ਜੀ. ਤੱਕ ਨੂੰ ਗਲਤ ਕਹਿਣ ਤੱਕ ਮਜਬੂਰ ਹੋਣਾ ਪਿਆ) ਆਦਿ ਉਘੜਵੇਂ ਸਬੂਤ ਹਨ। ਇਸਤੋਂ ਪਹਿਲਾਂ ਵੀ ਨਿਸ਼ਾਨ ਖਿਲਾਫ਼ ਸ਼ਰੂਤੀ ਵਲੋਂ ਦਿੱਤੇ ਬਿਆਨ ਦੇ ਆਧਾਰ 'ਤੇ ਭਾਵੇਂ ਪੁਲਿਸ ਨੂੰ 25 ਜੂਨ ਤੋਂ ਉਸਨੂੰ ਅਗਵਾ ਕਰਕੇ ਬਲਾਤਕਾਰ ਕਰਨ ਵਰਗੇ ਸੰਗੀਨ ਦੋਸ਼ਾਂ ਤਹਿਤ ਪਰਚਾ ਤਾਂ ਕਰਨਾ ਪਿਆ ਪਰ ਉਸਨੂੰ ਨਾ ਤਾਂ ਫੜਿਆ ਗਿਆ ਤੇ ਨਾ ਹੀ ਭਗੌੜਾ ਕਰਾਰ ਦੇਣ ਦੀ ਕਾਨੂੰਨੀ ਕਾਰਵਾਈ ਕੀਤੀ ਗਈ ਸਗੋਂ ਉਸ ਵਲੋਂ ਅਗਾਊਂ ਜਮਾਨਤ ਦੀ  ਅਦਾਲਤ ਵਿੱਚ ਲਾਈ ਅਰਜੀ ਵਾਪਸ ਲੈਣ ਦੀ ਗੱਲ ਉਹਨੂੰ ਆਹਲਾ ਪੱਧਰ ਤੋਂ ਗ੍ਰਿਫਤਾਰੀ ਨਾ ਹੋਣ ਬਾਰੇ ਮਿਲੇ ਪੱਕੇ ਭਰੋਸੇ ਵੱਲ ਹੀ ਇਸ਼ਾਰਾ ਕਰਦੀ ਹੈ। ਇਸ ਤੋਂ ਇਲਾਵਾ ਕਈ ਗੰਭੀਰ ਕੇਸਾਂ ਵਿੱਚ ਪੁਲਸ ਨੂੰ ਅਤਿ ਲੋੜੀਂਦਾ ਤੇ ਭਗੌੜਾ ਹੋਣ ਦੇ ਬਾਵਜੂਦ ਨਿਸ਼ਾਨ ਸ਼ਰੂਤੀ ਨੂੰ ਅਗਵਾ ਕਰਨ ਤੋਂ ਇੱਕ ਦਿਨ ਪਹਿਲਾਂ (23 ਸਤੰਬਰ ਨੂੰ) ਬਾਬਾ ਫਰੀਦ ਮੇਲੇ ਮੌਕੇ ਜਦ ਉਥੇ ਸੁਖਬੀਰ ਬਾਦਲ ਆਇਆ ਤਾਂ ਉਹ ਮੂਹਰਲੀਆਂ ਵੀ.ਆਈ.ਪੀ. ਕੁਰਸੀਆਂ 'ਤੇ ਬਿਰਾਜਮਾਨ ਸੀ। ਇਸੇ ਦਿਨ ਮਜੀਠੀਏ ਦੇ ਜਮਾਤੀ ਤੇ ਯੂਥ ਅਕਾਲੀ ਦਲ ਦੇ ਇੱਕ ਲੀਡਰ ਦੇ ਘਰ ਜਦ ਸੁਖਬੀਰ ਗਿਆ ਤਾਂ ਨਿਸ਼ਾਨ ਉਥੇ ਵੀ ਮੌਜੂਦ ਸੀ। ਇਸ ਤੋਂ ਪਹਿਲਾਂ ਵੀ ਭਗੌੜਾ ਹੋਣ ਦੇ ਬਾਵਜੂਦ ਉਹ ਫਰੀਦਕੋਟ ਵਿੱਚ ਹੀ ਪ੍ਰਕਾਸ਼ ਸਿਘ ਬਾਦਲ ਵੱਲੋਂ ਕੀਤੀ ਚੋਣ ਰੈਲੀ ਦੌਰਾਨ ਵੀ ਉਹ ਸਟੇਜ 'ਤੇ ਸਜਿਆ ਹੋਇਆ ਸੀ। ਪਰ ਪਤਾ ਹੋਣ ਦੇ ਬਾਵਜੂਦ ਪੁਲਸ ਨੇ ਉਹਨੂੰ ਹੱਥ ਨਹੀਂ ਪਾਇਆ। ਇਹ ਉਸਦੀ ਅਕਾਲੀ-ਭਾਜਪਾ ਸਰਕਾਰ ਦੇ ਮੋਹਰੀ ਬਾਦਲ ਤੇ ਮਜੀਠੀਏ ਪਰਿਵਾਰ ਨਾਲ ਜੁੜਦੀ ਮਜਬੂਤ ਕੜੀ ਦਾ ਪ੍ਰਤੀਕ ਹੈ। ਸੋ ਜਿਸ ਤਰ੍ਹਾਂ ਸ਼ਰੂਤੀ ਕਾਂਡ ਦੇ ਮਾਮਲੇ ਵਿੱਚ ਡੀ.ਜੀ.ਪੀ. ਸੁਮੇਧ ਸੈਣੀ ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦੇ ਬਿਆਨ ਪੂਰੀ ਤਰ੍ਹਾਂ ਨਿਸ਼ਾਨ ਸਿੰਘ ਦੇ ਪਖ ਵਿੱਚ ਆਉਣ ਤੋਂ ਇਲਾਵਾ ਉਸਦੀ ਗ੍ਰਿਫਤਾਰੀ ਦੇ ਬਾਵਜੂਦ ਉਹਦੇ ਜੁਰਮਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ। ਇਸ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਪੁਲਸ ਤੇ ਆਹਲਾ ਅਕਾਲੀ ਲੀਡਰਾਂ ਦੀ ਛਤਰਛਾਇਆ ਹੇਠ ਨਿਸ਼ਾਨ ਨੂੰ ਪਾਲਿਆ ਪੋਸਿਆ ਗਿਆ ਹੈ। ਏਸੇ ਗੱਲ ਦੀ ਪੁਸ਼ਟੀ ਇਸ ਕੇਸ ਵਿੱਚ ਸ਼ਰੂਤੀ ਦੀ ਚਿੱਠੀ ਤੇ ਵਿਆਹ ਬਾਰੇ ਫੋਟੋ ਪ੍ਰੈਸ ਨੂੰ ਜਾਰੀ ਕਰਨ ਵਾਲੇ ਅਫਸਰਾਂ ਨੂੰ ਸਜ਼ਾ ਦੇਣ ਦੀ ਥਾਂ ਮੁੱਖ ਮੰਤਰੀ ਵੱਲੋਂ ਤਰੱਕੀਆਂ ਦੇਣ ਤੋਂ ਵੀ ਹੁੰਦੀ ਹੈ। ਹਾਲਾਂਕਿ ਪੁਲਸ ਦੇ ਏ.ਡੀ.ਸੀ. ਤੇ ਡੀ.ਜੀ.ਪੀ. ਉਹਨਾਂ ਦੀ ਕਾਰਵਾਈ ਨੂੰ ਖੁਦ ਗਲਤ ਮੰਨ ਚੁੱਕੇ ਹਨ। ਪਰ ਜੇਕਰ ਹੁਣ ਨਿਸ਼ਾਨ ਨੂੰ ਫੜਿਆ ਵੀ ਗਿਆ ਹੈ ਤਾਂ ਦਿਨੋਂ ਦਿਨ ਵਧ ਤੇ ਫੈਲ ਰਹੇ ਲੋਕ ਸੰਘਰਸ਼ਾਂ ਦੇ ਦਬਾਅ ਦਾ ਹੀ ਸਿੱਟਾ ਹੈ। ਫੇਰ ਭਲਾ ਜੇ ਫਰੀਦਕੋਟ ਦੀ ਅਦਾਲਤ ਸ਼ਰੂਤੀ ਵੱਲੋਂ ਡਾਕਟਰੀ ਕਰਾਉਣ ਤੇ ਮਾਪਿਆਂ ਨਾਲ ਜਾਣ ਬਾਰੇ ਦਿੱਤੇ ਬਿਆਨ 'ਤੇ ਅਮਲ ਕਰਨ ਦੀ ਥਾਂ ਮਾਪਿਆਂ ਨੂੰ ਬਾਹਰ ਕੱਢ ਕੇ ਕੁੜੀ ਦਾ ਨਵਾਂ ਇਹ ਬਿਆਨ ਲਿਖ ਲੈਂਦੀ ਹੈ ਕਿ ਨਾ ਮੈਂ ਡਾਕਟਰੀ ਕਰਾਉਣੀ ਹੈ ਤੇ ਨਾ ਮਾਪਿਆਂ ਕੋਲ ਜਾਣਾ ਹੈ ਤਾਂ ਇਹਦੇ 'ਚੋਂ ਭੰਬਲਭੂਸੇ ਵਿੱਚ ਨਹੀਂ ਪੈਣਾ ਚਾਹੀਦਾ। ਸਗੋਂ ਸਪਸ਼ਟ ਹੋਣਾ ਚਾਹੀਦਾ ਹੈ ਕਿ ਪੁਲਸ ਤੇ ਸਰਕਾਰ ਦੇ ਨਾਲ ਨਾਲ ਅਦਾਲਤ ਵੀ ਗੁੰਡਾ ਗਰੋਹ ਦਾ ਹੀ ਪੱਖ ਪੂਰ ਰਹੀ ਹੈ। ਇਸ ਲਈ ਜਿਥੇ ਪੂਰੇ ਹਕੂਮਤੀ ਲਾਣੇ ਵਿਰੁੱਧ ਲੋਕ ਸੰਘਰਸ਼ ਵਿਸ਼ਾਲ ਤੇ ਅੱਗੇ ਵਧਾਉਣ ਦੀ ਲੋੜ ਹੈ, ਉਥੇ ਪੁਲਸ, ਪ੍ਰਸਾਸ਼ਨ, ਸਰਕਾਰ ਅਤੇ ਅਦਾਲਤ ਦੇ ਮੁਜਰਮਾਨਾ ਰੋਲ ਤੋਂ ਪਰਦਾ ਚੁੱਕਣ ਲਈ ਹਾਈਕੋਰਟ ਜਾਂ ਸੀ.ਬੀ.ਆਈ. ਤੋਂ ਜਾਂਚ ਕਰਾਉਣ ਦੀ ਲੋੜ ਬਣਦੀ ਹੈ। 


ਮਾਪਿਆਂ ਨੂੰ ਸ਼ਰੂਤੀ ਨਾਲ ਮਿਲਣ ਤੋਂ ਰੋਕ ਕਿਉਂ?


ਅਕਾਲੀ-ਭਾਜਪਾ ਸਰਕਾਰ ਤੇ ਉਹਦੇ ਮੁਖੀ ਬਾਦਲ ਪਰਿਵਾਰ ਨੂੰ ਖਤਰਾ ਹੈ ਕਿ ਜੇ ਕੁੜੀ ਮਾਪਿਆਂ ਨੂੰ ਮਿਲਾਈ ਗਈ ਤਾਂ ਉਹ ਆਪਣੇ ਘਰ ਜਾਣ ਦੀ ਮੰਗ ਕਰੇਗੀ। ਜਿਥੇ ਰਹਿਕੇ ਉਹ ਗੁੰਡਾ ਗ੍ਰੋਹ ਦੇ ਸਾਹਮਣੇ ਨਿਸ਼ਾਨ ਵਲੋਂ ਕੀਤੇ ਧੱਕੇ ਧੋੜੇ ਦਾ ਖੁਲਾਸਾ ਕਰੇਗੀ ਅਤੇ ਨਿਸ਼ਾਨ ਦੀ ਪਿੱਠ ਪਿੱਛੇ ਖੜੇ ਅਹਿਮ ਅਕਾਲੀ ਲੀਡਰਾਂ ਤੇ ਆਹਲਾ ਪੁਲਿਸ ਅਫ਼ਸਰਾਂ ਦੀ ਵੀ ਪੋਲ ਖੁਲੇਗੀ।  ਪਰ ਇਹਦੇ ਉਲਟ ਜੇ ਕੁੜੀ ਹਕੂਮਤ ਦੀ ਹਿਰਾਸਤ 'ਚ ਰਹੇਗੀ ਤਾਂ ਨਾ ਸਿਰਫ਼ ਅਜੇਹੇ ਪਾਪਾਂ ਦੇ ਘੜੇ ਹੀ ਢਕੇ ਰਹਿਣਗੇ ਸਗੋਂ ਕੁੜੀ ਤੋਂ ਦਬਾਅ ਪਾ ਕੇ ਨਿਸ਼ਾਨ ਦੇ ਹੱਕ 'ਚ ਅਤੇ ਮਾਪਿਆਂ ਤੇ ਸੰਘਰਸ਼ਸ਼ੀਲ ਲੋਕਾਂ ਦੇ ਖਿਲਾਫ਼ ਮਨਮਰਜੀ ਦੇ ਬਿਆਨ ਲੈਣੇ ਵੀ ਸੌਖੇ ਹੋ ਜਾਣਗੇ। ਸੋ ਸੰਭਵ ਹੈ ਕਿ 21 ਅਕਤੂਬਰ ਨੂੰ ਪੁਲਿਸ ਵਲੋਂ ਗੋਆ ਤੋਂ ਦਿਖਾਈ ਸ਼ਰੂਤੀ ਦੀ ਬਰਾਮਦਗੀ ਤੇ ਨਿਸ਼ਾਨ ਦੀ ਗ੍ਰਿਫ਼ਤਾਰੀ ਤੋਂ ਕਈ ਦਿਨ ਪਹਿਲਾਂ ਹੀ ਦੋਹੇਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਹੋਣ  ਅਤੇ ਏਨੇ ਦਿਨ ਕੁੜੀ ਤੋਂ ਆਪਣੀ ਮਰਜੀ ਨਾਲ ਜਾਣ, ਵਿਆਹ ਕਰਾਉਣ ਤੇ ਮਾਪਿਆਂ ਕੋਲ ਨਾ ਜਾਣ ਵਰਗੇ ਬਿਆਨ ਦੇਣ ਲਈ ਤਿਆਰ ਕਰਨ 'ਤੇ ਹੀ ਲਾਏ ਹੋਣ। ਇਸ ਗੱਲ ਦੀ ਚੁਗਲੀ ਏ.ਡੀ.ਜੀ.ਪੀ. ਵਲੋਂ 16 ਅਕਤੂਬਰ ਨੂੰ ਫਰੀਦਕੋਟ ਆ ਕੇ ਦਿੱਤਾ ਇਹ ਬਿਆਨ ਵੀ ਕਰਦਾ ਹੈ ਕਿ ''ਖੁਫੀਆ ਰਿਪੋਰਟਾਂ ਅਨੁਸਾਰ ਸ਼ਰੂਤੀ ਸੁਰੱਖਿਅਤ ਹੈ ਤੇ ਉਹਨੂੰ ਜਲਦੀ ਵਾਪਸ ਲਿਆਂਦਾ ਜਾਵੇਗਾ।'' ਐਨੇ ਭਰੋਸੇ ਨਾਲ ਕੋਈ ਉੱਚ ਪੁਲਿਸ ਅਧਿਕਾਰੀ ਬਿਆਨ ਉਦੋਂ ਹੀ ਦੇ ਸਕਦਾ ਹੈ ਜਦੋਂ ਕੋਈ ਐਨ ਉਹਨਾਂ ਦੇ ਹੱਥ 'ਚ ਹੋਵੇ। 


ਗੁੰਡਾ ਗਰੋਹ : ਲੋਕ-ਦੋਖੀ ਸਿਆਸਤਦਾਨਾਂ ਤੇ ਲੁਟੇਰੇ ਨਿਜ਼ਾਮ ਦੀ ਲੋੜ


ਜੇ ਅੱਜ ਬਾਦਲ ਹਕੂਮਤ ਤੇ ਪੁਲਸ ਪ੍ਰਸਾਸ਼ਨ ਐਡੀ ਵੱਡੀ ਪੱਧਰ 'ਤੇ ਉੱਠੇ ਲੋਕ ਵਿਰੋਧ ਨੂੰ ਨਜ਼ਰਅੰਦਾਜ਼ ਕਰਕੇ ਦਿਨ ਦਿਹਾੜੇ ਸ਼ਰੂਤੀ ਨੂੰ ਹਥਿਆਰਾਂ ਦੇ ਜੋਰ ਅਗਵਾ ਕਰਨ ਵਾਲੇ ਗੁੰਡਾ ਗਰੋਹ ਦੇ ਸਰਗਣੇ ਨਿਸ਼ਾਨ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ, ਜਿਸ ਉੱਪਰ ਪਹਿਲਾਂ ਵੀ ਲੁੱਟਾਂ-ਖੋਹਾਂ, ਕਤਲਾਂ ਅਤੇ ਬਲਾਤਕਾਰ ਵਰਗੇ ਗੰਭੀਰ ਅਪਰਾਧਾਂ ਦੇ 22 ਕੇਸ ਦਰਜ ਹੋ ਚੁੱਕੇ ਹਨ ਤਾਂ ਉਹਨਾਂ ਲਈ ਗੱਲ ਸਹੇ ਦੀ ਨਹੀਂ ਪਹੇ ਦੀ ਹੈ। ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਅਤੇ ਜਾਨਮਾਲ ਲਈ ਖਤਰੇ ਬਣੇ ਨਿਸ਼ਾਨ ਵਰਗੇ ਗੁੰਡਾ ਗਰੋਹ ਅਕਾਲੀ ਦਲ ਬਾਦਲ ਸਮੇਤ ਸਭਨਾਂ ਲੋਕ ਦੋਖੀ ਸਿਆਸਤਦਾਨਾਂ ਲਈ ਸੋਨੇ ਦੀ ਖਾਣ ਨੇ।  ਇਹੀ ਗਰੋਹ ਇਹਨਾਂ ਲਈ ਚੋਣਾਂ ਮੌਕੇ ਰੋਅਬ-ਦਾਬ ਨਾਲ ਵੋਟਾਂ ਭੁਗਤਾਉਣ ਤੇ ਬੂਥਾਂ 'ਤੇ ਕਬਜ਼ੇ ਕਰਨ ਦਾ ਸਾਧਨ ਬਣਦੇ ਨੇ। ਇਹਨਾਂ ਲੀਡਰਾਂ ਲਈ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ 'ਤੇ ਕਬਜ਼ੇ ਕਰਨ ਦਾ ਸੰਦ ਬਣਦੇ ਹਨ। ਇਸੇ ਕਰਕੇ ਇਹਨਾਂ ਲੋਕ ਦੋਖੀ ਸਿਆਸਤਦਾਨਾਂ ਵੱਲੋਂ ਇਹਨਾਂ ਗਰੋਹਾਂ ਨੂੰ ਹੱਲਾਸ਼ੇਰੀ, ਹਥਿਆਰ, ਨਸ਼ੇ ਤੇ ਸਿਆਸੀ ਛਤਰੀ ਦੇ ਕੇ ਪਾਲਿਆ ਪਲੋਸਿਆ ਤੇ ਪੈਦਾ ਕੀਤਾ ਜਾਂਦਾ ਹੈ। ਇਹ ਹਕੀਕਤ 12 ਅਕਤੂਬਰ ਨੂੰ ਫਰੀਦਕੋਟ ਬੰਦ ਦੌਰਾਨ ਰੈਲੀ ਸਮੇਂ ਕਾਂਗਰਸ ਦੇ ਸਾਬਕਾ ਸਿੱਖਿਆ ਮੰਤਰੀ ਨੇ ਖੁਦ ਪ੍ਰਵਾਨ ਕੀਤੀ ਹੈ ਕਿ ਅਸੀਂ ਸਿਆਸੀ ਲੋਕ ਹੀ ਇਹਨਾਂ ਨੂੰ ਪਾਲਦੇ ਪਲੋਸਦੇ ਹਾਂ। ਇਸ ਤੋਂ ਵੀ ਅੱਗੇ ਸਾਮਰਾਜੀਆਂ ਦੀਆਂ ਦਿਸ਼ਾ ਨਿਰਦੇਸ਼ਤ ਲੋਕ-ਦੋਖੀ ਨੀਤੀਆਂ ਤਹਿਤ ਵੱਡੇ ਜਾਗੀਰਦਾਰਾਂ, ਸਰਮਾਏਦਾਰਾਂ ਤੇ ਕਾਰਪੋਰੇਟ ਘਰਾਣਿਆਂ ਸਮੇਤ ਵੱਡੇ ਲੁਟੇਰੇ ਨੂੰ ਗੱਫੇ ਲਵਾਉਣ ਲਈ ਹਕੂਮਤਾਂ ਵੱਲੋਂ ਚੁੱਕੇ ਜਾ ਰਹੇ ਲੋਕ ਵਿਰੋਧੀ ਕਦਮਾਂ ਖਿਲਾਫ ਉੱਠਦੀਆਂ ਖਰੀਆਂ ਲੋਕ ਲਹਿਰਾਂ 'ਤੇ ਝਪਟਾਂ ਮਾਰਨ ਲਈ ਵੀ ਅਜਿਹੇ ਗਰੋਹ ਹਾਕਮਾਂ ਲਈ ਪੈਦਾ ਕਰਨੇ, ਇਹਨਾਂ ਦੀ ਲੋੜ ਤੇ ਨੀਤੀ ਦਾ ਹਿੱਸਾ ਹਨ। ਇਹਨਾਂ ਹੱਕੀ ਲਹਿਰਾਂ 'ਤੇ ਸੱਟ ਮਾਰਨ ਲਈ ਹਾਕਮਾਂ ਵੱਲੋਂ ਇਹਨਾਂ ਗਰੋਹਾਂ ਰਾਹੀਂ ਚੁਣਵੇਂ ਲੋਕ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸਾਧੂ ਸਿੰਘ ਤਖਤੂਪੁਰਾ ਦਾ ਕਤਲ ਤੇ ਪਹਿਲਾਂ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵੇ ਦਾ ਗਿਣਮਿਥ ਕੇ ਕਰਾਇਆ ਕਤਲ ਇਸ ਨੀਤੀ ਦੀਆਂ ਉੱਘੜਵੀਆਂ ਉਦਾਹਰਨਾਂ ਹਨ। 

ਸੋ ਆਓ, ਬਾਦਲ ਹਕੂਮਤ ਵੱਲੋਂ ਸ਼ਰੂਤੀ ਕਾਂਡ ਵਿੱਚ ਹੁਣ ਤੱਕ ਨਿਭਾਏ ਗੁੰਡਾ ਗਰੋਹ ਪੱਖੀ ਕੁੱਲ ਰੋਲ ਨੂੰ ਧਿਆਨ ਵਿੱਚ ਰੱਖੋ। ਜਦੋਂ ਤੱਕ ਲੜਕੀ ਹਕੂਮਤ ਦੇ ਹੱਥ ਵਿੱਚ ਹੈ, ਉਸਦੇ ਨਾਂ 'ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਭੁਚਲਾਵੇ ਤੋਂ ਬਚੋ। ਹਕੂਮਤੀ ਲਾਣੇ ਵੱਲੋਂ ਧੀ ਦੇ ਵਿਗੋਚੇ ਦਾ ਸੱਲ ਹੰਢਾ ਰਹੇ ਬੇਵਸ ਤੇ ਲਾਚਾਰ ਮਾਪਿਆਂ ਦੇ ਜਖ਼ਮਾਂ 'ਤੇ ਲੂਣ ਛਿੜਕਣ ਵਾਲੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਠੋਕਵਾਂ ਜਵਾਬ ਦਿਓ। ਸ਼ਰੂਤੀ ਨੂੰ ਮਿਲਣ ਤੋਂ ਮਾਪਿਆਂ ਉਪਰ ਲਾਈ ਪਾਬੰਦੀ ਖਤਮ ਕਰਾਉਣ ਤੇ ਲੜਕੀ ਨੂੰ ਮਾਪਿਆਂ ਹਵਾਲੇ ਕਰਨ ਲਈ ਬਾਦਲ ਹਕੂਮਤ ਤੇ ਪੁਲਸ ਪ੍ਰਸਾਸ਼ਨ ਦਾ ਨੱਕ ਵਿੱਚ ਦਮ ਕਰੋ। ਬਾਦਲ ਸਰਕਾਰ ਤੇ ਪੁਲਸ ਪ੍ਰਸਾਸ਼ਨ ਨੂੰ ਥਾਂ ਥਾਂ ਫਿਟਕਾਰੋ। ਗੁੰਡਾ ਗਰੋਹ ਦੇ ਸਰਗਣੇ ਨਿਸ਼ਾਨ ਤੇ ਉਹਦੇ ਜੋਟੀਦਾਰਾਂ ਸਮੇਤ ਇਸ ਗਰੋਹ ਦਾ ਸਾਥ ਦੇਣ ਵਾਲੇ ਸਾਰੇ ਪੁਲਸ ਅਫਸਰਾਂ ਅਤੇ ਉਸਦੀ ਪਿੱਠ 'ਤੇ ਖੜ੍ਹੇ ਅਕਾਲੀ ਲੀਡਰਾਂ ਨੂੰ ਸਜ਼ਾਵਾਂ ਦੁਆਉਣ ਲਈ ਐਕਸ਼ਨ ਕਮੇਟੀ ਵੱਲੋਂ ਵਿੱਢੇ ਘੋਲ ਨੂੰ ਪੰਜਾਬ ਭਰ ਵਿੱਚ ਮਘਾਓ। ਉਸਦੇ ਘੋਲ-ਸੱਦਿਆਂ ਨੂੰ ਭਰਵਾਂ ਹੁੰਗਾਰਾ ਦਿਓ। 

ਵੱਲੋਂ 

ਸੂਬਾ ਕਮੇਟੀ, 
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)

ਸੂਬਾ ਕਮੇਟੀ, 
ਪੰਜਾਬ ਖੇਤ ਮਜ਼ਦੂਰ ਯੂਨੀਅਨ

ਪ੍ਰਕਾਸ਼ਕ: ਸੁਖਦੇਵ ਸਿੰਘ ਕੋਕਰੀ ਕਲਾਂ, 
(ਫੋਨ- 94174 66038) 
ਲਛਮਣ ਸਿੰਘ ਸੇਵੇਵਾਲਾ
(94170 79170)
(ਪ੍ਰਕਾਸ਼ਨ ਮਿਤੀ: 27 ਅਕਤੂਬਰ, 2012)