StatCounter

Showing posts with label political murder. Show all posts
Showing posts with label political murder. Show all posts

Friday, October 22, 2010


ਸ਼ਹੀਦ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਨੂੰ ਰੋਹ ਭਰਪੂਰ ਸ਼ਰਧਾਂਜਲੀ ਭੇਂਟ

ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ ਭੋਗ ਸਮਾਗਮ ਮੌਕੇ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਹਜ਼ਾਰਾਂ ਲੋਕਾਂ ਦਾ ਠਾਠਾਂ ਮਾਰਦਾ ਇਕੱਠ

ਸ਼ਹੀਦ ਦੇ ਪਰਿਵਾਰ ਦਾ ਸਨਮਾਨ ਕਰਦੇ ਜਥੇਬੰਦੀਆਂ ਦੇ ਆਗੂ

ਕਲ੍ਹ ਮਿਤੀ 21/10/10 ਨੂੰ ਪਿੰਡ ਚੱਕ ਅਲੀਸ਼ੇਰ ਵਿਖੇ ਸ਼ਹੀਦ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਹੋਰ ਇਨਸਾਫ਼ਪਸੰਦ ਜਥੇਬੰਦੀਆਂ ਤੇ ਇਲਾਕੇ ਦੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਭੋਗ ਸਮਾਗਮ 'ਚ ਪਹੁੰਚ ਕੇ ਸਹੀਦ ਪ੍ਰਤੀ ਸਤਿਕਾਰ ਤੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਸ਼ਹੀਦ ਦੀ ਪਤਨੀ ਤੇ ਬਾਕੀ ਪਰਿਵਾਰ ਦਾ ਸਨਮਾਨ ਕੀਤਾ ਤੇ ਪਰਿਵਾਰ ਨੇ ਵੀ ਸੰਘਰਸ਼ਾਂ ਦੇ ਰਾਹ ਤੇ ਅੱਗੇ ਵਧਣ ਦਾ ਇਰਾਦਾ ਪ੍ਰਗਟਾਇਆ।

ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਿਆਸੀ-ਪੁਲਸ-ਗੁੰਡਾ ਗਠਜੋੜ, ਸੂਦਖੋਰ-ਆੜ੍ਹਤੀਆ ਸਿਸਟਮ ਤੇ ਭੂ-ਮਾਫੀਆ ਵਲੋਂ ਪਹਿਲਾਂ ਖੰਨਾ-ਚਮਿਆਰਾ, ਫਿਰ ਸਾਧੂ ਸਿੰਘ ਤਖ਼ਤੂਪੁਰਾ ਤੇ ਹੁਣ ਪ੍ਰਿਥੀਪਾਲ ਸਿੰਘ ਵਰਗੇ ਕਤਲ ਕਾਂਡਾਂ ਰਾਹੀਂ ਕਿਸਾਨ-ਮਜ਼ਦੂਰ ਤੇ ਜਮਹੂਰੀ ਲਹਿਰ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਇਹ ਕਤਲ, ਮੁਲਕ ਭਰ 'ਚ ਹਕੂਮਤ ਵਲੋਂ ਨਵੀਆਂ ਆਰਥਕ ਨੀਤੀਆਂ ਤਹਿਤ ਸਾਮਰਾਜੀ ਹਿੱਤਾਂ ਵਾਸਤੇ ਮਿਹਨਤਕਸ਼ ਲੋਕਾਂ ਤੇ ਲੋਕ ਲਹਿਰਾਂ ਤੇ ਵਿੱਢੇ ਸਰਕਾਰੀ-ਗੈਰ ਸਰਕਾਰੀ ਤਿੱਖੇ ਹਮਲਿਆਂ ਦਾ ਹੀ ਅੰਗ ਹਨ। ਇਹ, ਵੱਖ-ਵੱਖ ਢੱਗਾਂ ਰਾਹੀਂ ਮਿਹਨਤਕਸ਼ ਲੋਕਾਂ ਨੂੰ ਜਮੀਨਾਂ, ਜ਼ਿੰਦਗੀ ਜਿਉਣ ਲਈ ਚਾਹੀਦੇ ਬੁਨਿਆਦੀ ਸਰੋਤਾਂ ਤੇ ਜਮਹੂਰੀ ਹੱਕਾਂ ਤੋਂ ਵਾਝੇਂ ਕਰਕੇ ਦੇਸੀ-ਬਦੇਸੀ ਧਨਾਢਾਂ ਨੂੰ ਮੁਲਕ ਦੇ ਵਸੀਲਿਆਂ ਤੇ ਕਾਬਜ਼ ਕਰਨ ਦੀ ਸਾਜਿਸ਼ ਨੂੰ ਤੇਜੀ ਨਾਲ ਲਾਗੂ ਕਰਨ ਦਾ ਅਮਲ ਹੈ।

ਇਹਨਾਂ ਹਮਲਿਆਂ ਨੇ ਲੋਕ-ਹੱਕਾਂ ਦੀਆਂ ਲਹਿਰਾਂ ਸਾਹਮਣੇ ਸੁਰੱਖਿਆ ਦੇ ਸਵਾਲ ਨੂੰ ਸ਼ਿਦਤ ਨਾਲ ਉਭਾਰ ਦਿੱਤਾ ਹੈ ਜਿਸਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਵੱਖ-ਵੱਖ ਸੰਘਰਸ਼ੀਲ ਤੇ ਲੋਕ ਹਿੱਸਿਆਂ 'ਚ ਇਹਨਾਂ ਹਮਲਿਆਂ ਪਿੱਛੇ ਕੰਮ ਕਰਦੀਆਂ ਹਕੂਮਤੀ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ। ਹਕੂਮਤੀ ਪ੍ਰਬੰਧ ਤੋਂ ਸੁਰੱਖਿਆ ਦੀ ਝਾਕ ਛੱਡਕੇ ਆਪਣੀ ਰਾਖੀ ਆਪ ਕਰਨ ਦਾ ਨਹਰਾ ਬੁਲੰਦ ਕਰਨਾ ਚਾਹੀਦਾ ਹੈ।

Wednesday, May 26, 2010

Takhtupura murder: Farmer union to launch stir against police

The Bhartiya Kissan Union (Ekta) has planned to stage a protest against the SAD-BJP government on Monday at all block headquarters across the state. Irked over what they term the “insensitive attitude of the Punjab Police”, they plan to protest the alleged change of facts and circumstances in the case of alleged murder of farmers’ leader Sadhu Singh Takhtupura. In a challan submitted before a court on May 17, the police had attached a copy of a medical report in which it has been mentioned that Takhtupura died of heart attack. In the challan, Section 302 (murder) of the IPC was also removed.

It is alleged that Takhtupura was murdered on February 16 by some people with iron rods and swords in the border village of Bhindian Saida in the Amritsar district. According to reports, almost 15 people intercepted the jeep of Takhtupura who was travelling with his friends from village to village to motivate the people to assemble at Ajnala town on February 20 to protest against the atrocities of police. The ‘atrocities’ were in reference to the reported death of a youth of torture in police custody at the Lopoke police station. Senior Akali Leader Vir Singh Lopoke was among those named for the murder. A few days later the name of Lopoke was dropped from the FIR while those of others remain. Sukhdev Singh Kokri, General Secretary of BKU (Ekta) said,”The police in a blatant attempt to give a clean chit to senior Akali leader and his kin named in this murder have twisted the facts. The way this case is being presented before the court by the Amritsar police makes it clear that the SAD(B) is trying to cripple even the judicial system of the state.” Outlining the programme Kokri added that on May 25, supporters and activists of 17 farmers’ organisations and trade unions will assemble outside the office of the District Magistrate, Amritsar, demanding arrest of the real culprits. He added that the union was firm on holding a rally in Moga on June 7.
(May 23, 2010, Indian Express)

Saturday, February 27, 2010

ਜੀਵਨ ਝਾਤ

ਲੋਕ ਘੋਲਾਂ ਦਾ ਨਾਇਕ ਸਾਧੂ ਸਿੰਘ ਤਖਤੂਪੁਰਾ

16ਫ਼ਰਵਰੀ ਦੀ ਸ਼ਾਮ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸੂਬਾ ਸੰਗਠਨ ਸਕੱਤਰ ਸਾਧੂ ਸਿੰਘ ਤਖਤੂਪੁਰਾ ਨੂੰ ਅੰਮ੍ਰਿਤਸਰ ਜ਼ਿਲੇ ਦੇ ਸਰਹੱਦੀ ਪਿੰਡ ਭਿੰਡੀ ਔਲਖ ਨੇੜੇ ਭੌਂਇ-ਮਾਫ਼ੀਏ ਦੇ ਗੁੰਡਿਆਂ ਵਲੋਂ ਸ਼ਹੀਦ ਕਰ ਦਿੱਤਾ ਗਿਆ। ਉਹ ਅੰਮ੍ਰਿਤਸਰ ਖੇਤਰ 'ਚ ਅਬਾਦਕਾਰ ਕਿਸਾਨਾਂ ਨੂੰ ਜਮੀਨਾਂ ਦੀ ਮਾਲਕੀ ਦਾ ਹੱਕ ਦਵਾਉਣ ਲਈ ਪਿਛਲੇ ਦੋ ਕੁ ਸਾਲਾਂ ਤੋਂ ਉਹਨਾਂ ਦੀ ਜੱਥੇਬੰਦੀ ਵਲੋਂ ਲੜੇ ਜਾ ਰਹੇ ਸੰਘਰਸ਼ ਦੀ ਅਗਵਾਈ ਕਰਦੇ ਆ ਰਹੇ ਸਨ। ਲੋਕਾਂ ਦੇ ਹੱਕਾਂ ਦੀ ਲਹਿਰ ਕੁੱਝ ਵੀ ਕੁਰਬਾਨ ਕਰਨ ਲਈ ਤੱਤਪਰ ਰਹਿਣ ਵਾਲੇ ਦਲੇਰ ਅਤੇ ਸਿਰੜੀ ਯੋਧੇ ਸਾਧੂ ਸਿੰਘ ਨੇ ਆਪਣੇ ਲਹੂ ਦਾ ਆਖਰੀ ਕਤਰਾ ਵੀ ਲੋਕਾਂ ਲੇਖੇ ਲਾ ਦਿੱਤਾ ਤੇ ਕਿਸਾਨ ਲਹਿਰ ਦੇ ਸ਼ਹੀਦਾਂ ਦੀ ਕਤਾਰ 'ਚ ਜਾ ਸ਼ਾਮਲ ਹੋਏ।...........(ਹੋਰ ਪੜ੍ਹਨ ਲਈ ਇੱਥੇ ਕਲਿਕ ਕਰੋ )





ਕ੍ਰਿਸ਼ਨ ਦਿਆਲ ਕੁੱਸਾ (94170-54014),
ਸੂਬਾ ਕਮੇਟੀ ਮੈਂਬਰ,
ਲੋਕ ਮੋਰਚਾ ਪੰਜਾਬ.

Friday, February 26, 2010

ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਸੱਦਾ

ਕਿਸਾਨਾਂ-ਮਜ਼ਦੂਰਾਂ ਦਾ ਵਿਸ਼ਾਲ ਏਕਾ-ਜ਼ਿੰਦਾਬਾਦ ਕਿਸਾਨਾਂ ਦੀ ਕਾਤਲ ਬਾਦਲ ਸਰਕਾਰ-ਮੁਰਦਾਬਾਦ
ਸ਼ਹੀਦ ਸਾਧੂ ਸਿੰਘ ਤਖਤੂਪੁਰਾ ਸ਼ਰਧਾਂਜਲੀ ਸਮਾਗਮ
28 ਫਰਵਰੀ ਨੂੰ ਪਿੰਡ ਤਖਤੂਪੁਰਾ ਪੁੱਜੋ
ਸ਼ਹਾਦਤ ਨੂੰ ਸਿਜਦਾ ਕਰੋ-ਸੰਘਰਸ਼ ਦੀ ਮਸ਼ਾਲ ਹੋਰ ਉੱਚੀ ਕਰੋ
ਖੂੰਨੀ ਹਮਲੇ ਦੀ ਵੰਗਾਰ ਕਬੂਲ ਕਰੋ
  • ਬੀਕੇਯੂ ਏਕਤਾ (ਉਗਰਾਹਾਂ) ਦੇ ਸੂਝਵਾਨ ਅਤੇ ਦਲੇਰ ਆਗੂ ਸਾਧੂ ਸਿੰਘ ਤਖਤੂਪੁਰਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ।ਇਹ ਘਿਨਾਉਣਾ ਖੂਨੀ ਕਾਰਾ ਕਿਸੇ ਨਿੱਜੀ ਦੁਸ਼ਮਣ ਦਾ ਨਹੀਂ ਹੈ। ਲੋਕ-ਸੇਵਾ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਭਰਿਆ ਇਹ ਮਕਬੂਲ ਅਤੇ ਸਤਿਕਾਰਤ ਆਗੂ, ਹਰ ਮਨੁੱਖੀ ਦਿਲ ਦਾ ਪਿਆਰ ਅਤੇ ਪ੍ਰਸੰਸਾ ਖੱਟਦਾ ਸੀ। ਨੇਕੀ ਉਸਦੇ ਅੰਦਰ ਵਸੀ ਹੋਈ ਸੀ। ਉਸ ਨਾਲ ਕਿਸੇ ਦੀ ਨਿੱਜੀ ਦੁਸ਼ਮਣੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
  • ਇਸ ਮਿਆਰੀ ਸ਼ਖਸ਼ੀਅਤ ਨੂੰ ਦਰਿੰਦਗੀ ਨਾਲ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ। ਅੰਨੀ ਜਮਾਤੀ ਨਫ਼ਰਤ ਦੀ ਵਿਹੁ ਨਾਲ ਭਰੇ ਲੋਕਾਂ ਦੇ ਦੁਸ਼ਮਣ ਹੀ ਅਜਿਹਾ ਜੁਲਮ ਕਮਾ ਸਕਦੇ ਹਨ। ਸੂਬੇ ਅੰਦਰ ਹੱਕਾਂ ਦੀ ਰਾਖੀ ਲਈ ਜਾਗਰਤ ਹੋ ਰਹੇ ਕਿਸਾਨਾਂ ਅਤੇ ਕਿਰਤੀਆਂ ਦੀ ਉਭਰਦੀ ਜਥੇਬੰਦ ਲਹਿਰ ਲੋਕਾਂ ਦੇ ਸਭਨਾਂ ਦੁਸ਼ਮਣਾਂ ਲਈ ਚੁਣੌਤੀ ਬਣੀ ਹੋਈ ਹੈ। ਵੱਡੇ-ਵੱਡੇ ਧਨਾਢ ਚੌਧਰੀਆਂ ਨੂੰ, ਕਤਲਾਂ ਦੇ ਸ਼ੌਕੀਨ ਪੁਲਸ ਅਫ਼ਸਰਾਂ ਨੂੰ, ਲੋਕ-ਦੁਸ਼ਮਣ ਸਿਆਸਤਦਾਨਾਂ ਨੂੰ, ਲੋਕਾਂ ਦੀ ਛਿੱਲ ਲਾਹੁੰਦੀ ਭ੍ਰਿਸ਼ਟ ਅਫ਼ਸਰਸ਼ਾਹੀ ਨੂੰ ਅਤੇ ਰੱਤ-ਚੂਸ ਰਾਜਭਾਗ ਦੇ ਮਾਲਕਾਂ ਨੂੰ ਅੰਨ੍ਹੀ ਵਿਹੁ ਚੜ੍ਹੀ ਹੋਈ ਹੈ।
  • ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਰਾਜਭਾਗ ਦੇ ਮਾਲਕਾਂ ਵਲੋਂ ਆਪਣੇ ਹੀ ਅਮਨ-ਕਾਨੂੰਨ ਨੂੰ ਪੈਰਾਂ ਹੇਠ ਲਤਾੜਕੇ, ਲੋਕ ਹੱਕਾਂ ਦੀ ਲਹਿਰ ਨੂੰ ਸਿਆਸੀ ਕਤਲਾਂ ਦੇ ਰਾਜਸੀ ਹੱਥਕੰਡੇ ਰਾਹੀਂ ਨੱਜਿਠਣ ਦਾ ਐਲਾਨ ਹੈ।ਜੱਥੇਬੰਦ ਹੋ ਕੇ ਜੂਝਣ ਦੇ ਰਾਹ ਪਏ ਸਭਨਾਂ ਲੋਕਾਂ ਲਈ ਚੁਣੌਤੀ ਹੈ।ਪਹਿਲਾਂ ਇਸੇ ਨੀਤੀ ਤਹਿਤ ਖੰਨਾ-ਚਮਿਆਰਾ ਵਿਖੇ ਸਿੱਧੀ ਹਕੂਮਤੀ ਪਾਲਸੀ ਤਹਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਟਾਸਕ ਫ਼ੋਰਸ ਨੇ ਦੋ ਮੁਜਾਰੇ ਕਿਸਾਨਾਂ ਨੂੰ ਗੋਲੀਆਂ ਨਾਲ ਭੁੰਨ ਸੁਟਿਆ ਅਤੇ ਨੌਂ ਨੂੰ ਜ਼ਖ਼ਮੀ ਕੀਤਾ ਹੈ।
  • ਇਸ ਕਤਲ ਦੀ ਸਾਜਿਸ਼ ਵਿੱਚ ਸਾਬਕਾ ਅਕਾਲੀ ਐਮ.ਐਲ.ਏ ਵੀਰ ਸਿੰਘ ਲੋਪੋਕੇ ਦੀ ਜੁੰਡੀ ਸ਼ਾਮਿਲ ਹੈ, ਜੋ ਬਾਦਲ ਪਰਿਵਾਰ ਦਾ ਖ਼ਾਸ ਚਹੇਤਾ ਹੈ ਅਤੇ ਜੋ ਆਬਾਦਕਾਰ ਕਿਸਾਨਾਂ ਦੇ ਹੱਕ ਮਾਰਨ ਲਈ ਇਲਾਕੇ ਵਿੱਚ ਬਦਨਾਮ ਭੌਂ-ਮਾਫ਼ੀਏ ਦੀ ਅਗਵਾਈ ਕਰ ਰਿਹਾ ਹੈ। ਉਸਦਾ ਰਿਸ਼ਤੇਦਾਰ ਬੁੱਚੜ ਥਾਣੇਦਾਰ ਰਛਪਾਲ 'ਬਾਬਾ' ਸ਼ਾਮਲ ਹੈ, ਜਿਸਨੂੰ ਇੱਕ ਕਿਸਾਨ ਦੇ ਕਤਲ 'ਚ ਹੱਥਕੜੀਆਂ ਲਵਾਉਣ ਲਈ ਪਹਿਲਾਂ ਹੀ ਸੰਘਰਸ਼ ਚੱਲ ਰਿਹਾ ਹੈ। ਕੇਸ ਦਰਜ ਹੋ ਜਾਣ ਦੇ ਬਾਵਜੂਦ ਇਨ੍ਹਾਂ ਮੁਜ਼ਰਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਜਾਹਰ ਕਰਦਾ ਹੈ ਕਿ ਸੂਬੇ ਦੀ ਬਾਦਲ ਹਕੂਮਤ ਦੀ ਕਾਤਲਾਂ ਨੂੰ ਸਿੱਧੀ ਸ਼ਹਿ ਪ੍ਰਾਪਤ ਹੈ।
  • ਆਓ ! ਆਪਣੇ ਸ਼ਹੀਦ ਸਾਥੀ ਦੇ ਡੁਲ੍ਹੇ ਲਹੂ ਦੀ ਲਾਲੀ ਨੂੰ ਅੱਖਾਂ 'ਚ ਵਸਾ ਕੇ ਰੋਹਲੀ ਲਲਕਾਰ ਬਨਕੇ ਉੱਠੀਏ। ਲੋਕ-ਨਫ਼ਰਤ ਦੇ ਸੇਕ ਨਾਲ ਸਿਆਸੀ ਕਾਤਲਾਂ ਦੇ ਮਖੌਟੇ ਲੂਹ ਸੁੱਟੀਏ। ਕਿਸਾਨਾਂ-ਕਿਰਤੀਆਂ ਦੀ ਜੱਥੇਬੰਦ ਲਹਿਰ ਦੀ ਰਾਖੀ ਲਈ ਸਾਂਝੀ ਤਾਕਤ ਦਾ ਕਿਲਾ ਉਸਾਰਕੇ ਸੰਘਰਸ਼ ਦਾ ਝੰਡਾ ਹੋਰ ਉੱਚਾ ਚੁੱਕੀਏ। ਆਪਣੇ ਪਿਆਰੇ ਆਗੂ ਦੇ ਸ਼ਹਾਦਤ ਦੇ ਝੰਜੋੜੇ ਨੂੰ ਕਿਸਾਨਾਂ-ਕਿਰਤੀਆਂ ਦੇ ਹੱਕਾਂ ਲਈ ਜੂਝਣ ਦੇ ਪ੍ਰਚੰਡ ਇਰਾਦੇ 'ਚ ਬਦਲ ਦੇਈਏ।
ਮੰਗਾਂ
  • ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜਾਵਾਂ ਦਿਓ
  • ਆਬਾਦਕਾਰਾਂ ਨੂੰ ਮਾਲਕੀ ਦੇ ਹੱਕ ਤੁਰੰਤ ਦਿਓ
  • ਥਾਣੇਦਾਰ ਰਛਪਾਲ 'ਬਾਬਾ' ਨੂੰ ਦੋਹੇਂ ਕਤਲਾਂ ਵਿਚ ਗ੍ਰਿਫ਼ਤਾਰ ਕਰੋ
  • ਖੰਨਾ-ਚਮਿਆਰਾ ਕਤਲਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜਾਵਾਂ ਦਿਓ

ਵਲੋਂ:

  1. ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ)
  2. ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ)
  3. ਕਿਰਤੀ ਕਿਸਾਨ ਯੂਨੀਅਨ
  4. ਪੰਜਾਬ ਕਿਸਾਨ ਯੂਨੀਅਨ
  5. ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ)
  6. ਕਿਸਾਨ ਸੰਘਰਸ਼ ਕਮੇਟੀ(ਸਤਨਾਮ ਪੰਨੂ)
  7. ਕਿਸਾਨ ਸੰਘਰਸ਼ ਕਮੇਟੀ(ਕੰਵਲਪ੍ਰੀਤ ਪੰਨੂ)
  8. ਜਮਹੂਰੀ ਕਿਸਾਨ ਸਭਾ
  9. ਪੰਜਾਬ ਕਿਸਾਨ ਸਭਾ
  10. ਕਿਰਤੀ ਕਿਸਾਨ ਸਭਾ,ਪੰਜਾਬ
  11. ਪੰਜਾਬ ਕਿਸਾਨ ਸਭਾ
    1. ਭਾਰਤੀ ਕਿਸਾਨ ਯੂਨੀਅਨ ਏਕਤਾ(ਸਿੱਧੂਪੁਰ)
    2. ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ
    3. ਪੰਜਾਬ ਖੇਤ ਮਜ਼ਦੂਰ ਯੂਨੀਅਨ
    4. ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ)
    5. ਪੇਂਡੂ ਮਜ਼ਦੂਰ ਯੂਨੀਅਨ,ਪੰਜਾਬ
    6. ਮਜ਼ਦੂਰ ਮੁਕਤੀ ਮੋਰਚਾ,ਪੰਜਾਬ
    7. ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ
    8. ਦਿਹਾਤੀ ਮਜ਼ਦੂਰ ਸਭਾ
    9. ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ,ਪੰਜਾਬ
    10. ਪੰਜਾਬ ਖੇਤ ਮਜ਼ਦੂਰ ਸਭਾ
    11. ਕ੍ਰਾਂਤੀਕਾਰੀ ਖੇਤ ਮਜ਼ਦੂਰ ਸਭਾ,ਪੰਜਾਬ

ਪ੍ਰਕਾਸ਼ਕ: ਸੁਖਦੇਵ ਸਿੰਘ ਕੋਕਰੀ ਕਲਾਂ, ਮਿਤੀ:23.2.2010

Thursday, February 25, 2010

ਸ਼ਹੀਦ ਸਾਧੂ ਸਿੰਘ ਤਖਤੂਪੁਰਾ

ਕਿਸਾਨ ਲਹਿਰ ਦਾ ਮਾਣਮੱਤਾ ਵਰਕਾ

ਸੰਘਰਸ਼ਾਂ ਦੇ ਅਧਿਕਾਰ 'ਤੇ ਇਹ ਹਿੰਸਕ ਝਪਟਾਂ ਜ਼ਾਹਰ ਕਰਦੀਆਂ ਕਿ ਸੂਬੇ ਵਿਚ ਫੁੱਟ ਰਹੀਆਂ ਕਿਸਾਨ ਜਾਗਰਤੀ ਦੀਆਂ ਕਰੂੰਬਲਾਂ ਸਰਬੱਤ ਦੋਖੀ ਅਧਿਕਾਰਸ਼ਾਹੀ ਨੂੰ ਭੈਅ-ਭੀਤ ਕਰ ਰਹੀਆਂ ਹਨ। ਖੰਨਾ-ਚਮਿਆਰਾ ਕਤਲ-ਕਾਂਡ ਅਤੇ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਇਸ ਗੱਲ ਦਾ ਸੰਕੇਤ ਹੈ ਕਿ ਹਾਕਮ ਕਿਸਾਨ ਹੱਕਾਂ ਦੀ ਲਹਿਰ ਨਾਲ ਹਿੰਸਾ ਅਤੇ ਸਿਆਸੀ ਕਤਲਾਂ ਦੇ ਜ਼ੋਰ ਨਜਿਠਣ 'ਤੇ ਉਤਾਰੂ ਹਨ।


ਕੁਰਬਾਨੀਆਂ ਨਾਲ ਰਚੇ ਜਾ ਰਹੇ ਕਿਸਾਨ ਲਹਿਰ ਦੇ ਇਤਿਹਾਸ ਵਿੱਚ ਇੱਕ ਹੋਰ ਲਿਸ਼ਕਦਾ ਸੂਹਾ ਵਰਕਾ ਜੋੜ ਕੇ ਸਾਧੂ ਸਿੰਘ ਤਖ਼ਤੂਪੁਰਾ 16 ਫਰਵਰੀ ਨੂੰ ਸ਼ਹੀਦਾਂ ਦੀ ਕਤਾਰ ਵਿਚ ਜਾ ਸ਼ਾਮਲ ਹੋਇਆ। 65 ਵਰ੍ਹਿਆਂ ਦੀ ਉਮਰ 'ਚ ਉਹ ਲਟ ਲਟ ਬਲਦੇ ਉਤਸ਼ਾਹ ਨਾਲ ਪੰਜਾਬ ਦੇ ਇੱਕ ਤੋਂ ਦੂਜੇ ਸਿਰੇ ਤੱਕ ਕਿਸਾਨ ਜਾਗਰਤੀ ਦਾ ਹੋਕਾ ਦਿੰਦਾ ਫਿਰਦਾ ਸੀ। ਅਧਿਆਪਕ ਦੇ ਕਿੱਤੇ ਤੋਂ ਰਿਟਾਇਰਮੈਂਟ ਲੈ ਕੇ ਉਹ ਜੁਝਾਰ ਕਿਸਾਨ ਲਹਿਰ ਦੇ ਕਾਫ਼ਲੇ ਵਿਚ ਜਾ ਕੁੱਦਿਆ ਸੀ। ਕਿਉਂਕਿ ਉਸਦਾ ਵਿਸ਼ਵਾਸ ਸੀ ਕਿ ਮੁਲਕ ਦੇ ਸਭਨਾਂ ਮਜ਼ਲੂਮ ਲੋਕਾਂ ਦੀ ਮੁਕਤੀ ਕਿਸਾਨਾਂ-ਕਿਰਤੀਆਂ ਦੀ ਮੁਕਤੀ ਨਾਲ ਜੁੜੀ ਹੋਈ ਹੈ। ਕਿਸਾਨ ਸੰਘਰਸ਼ਆਂ 'ਤੇ ਨਹੱਕੇ ਪੁਲਸ ਹਮਲਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਮੌਤ ਕਈ ਵਾਰ ਉਸ ਨਾਲ ਖਹਿ ਕੇ ਲੰਘਦੀ ਰਹੀ। ਛੰਨਾਂ ਵਿਚ ਕਿਸਾਨ ਘੋਲ ਦੌਰਾਨ ਵਰਦੀਆਂ ਗੋਲੀਆਂ ਦੌਰਾਨ ਜਦੋਂ ਉਸਦੀਆਂ ਉਂਗਲਾਂ ਜ਼ਖਮੀ ਹੋਈਆਂ ਉਦੋਂ ਉਸਦੀ ਪੋਤਰੀ ਵੀ ਕਿਸਾਨ ਕਾਫਲੇ ਦੀਆਂ ਅਗਲੀਆਂ ਕਤਾਰਾਂ ਵਿਚ ਉਸਦੇ ਅੰਗ ਸੰਗ ਜੂਝ ਰਹੀ ਸੀ।

ਖਤਰਿਆਂ ਤੋਂ ਬੇਪਰਵਾਹ ਕੁਰਬਾਨੀ ਦੀ ਅਡੋਲ ਭਾਵਨਾ ਨਾਲ ਉਹ ਆਖਰੀ ਸਾਹ ਤੱਕ ਜੂਝਿਆ। ਉਸ ਨੇ ਮਿਹਨਤਕਸ਼ ਲੋਕਾਂ ਦੇ ਦਰਦ ਵਿਚ ਪਰੋਏ ਗੀਤਾਂ ਦੀ ਰਚਨਾ ਕੀਤੀ। ਉਸਦਾ ਗੀਤ "ਸਾਨੂੰ ਭੁੱਖਿਆਂ ਨੂੰ ਹੋਰ ਨਾ ਬਗਾਰ ਪੁੱਗਦੀ" ਚਾਰ ਦਹਾਕਿਆਂ ਤੋਂ ਮਿਹਨਤਕਸ਼ਾਂ ਦੀਆਂ ਸਟੇਜਾਂ 'ਤੇ ਗੂੰਜਦਾ ਆ ਰਿਹਾ ਹੈ। ਆਪਣੇ ਬੋਲਾਂ ਨੂੰ ਆਪਣੇ ਲਹੂ ਨਾਲ ਸਿੰਜ ਕੇ ਉਹ ਇਹਨਾਂ ਦੀ ਗੂੰਜ ਉੱਚੀ ਕਰ ਗਿਆ।

14 ਫ਼ਰਵਰੀ ਨੂੰ ਮੈਂ ਉਸ ਨੂੰ ਆਖ਼ਰੀ ਵਾਰ ਤੱਕਿਆ ਸੀ। ਉਹ ਅੰਮ੍ਰਿਤਸਰ ਚੱਲ ਰਹੇ ਕਰੜੇ ਸੰਘਰਸ਼ ਦੇ ਮੈਦਾਨ ਵਿੱਚੋਂ ਮੁਹਾਲੀ ਆਇਆ ਸੀ। ਲੋਕ ਪੱਖੀ ਸਾਹਿਤ ਦੀ ਮਕਬੂਲ ਹਸਤੀ ਸੰਤੋਖ ਸਿੰਘ ਧੀਰ ਦੇ ਸ਼ਰਧਾਂਜਲੀ ਸਮਾਗਮ 'ਚ ਸ਼ਾਮਲ ਹੋਣ ਲਈ। ਮਜ਼ਲੂਮ ਲੋਕਾਂ ਦੀਆਂ ਆਸਾਂ, ਉਮੰਗਾਂ ਅਤੇ ਸੁਪਨਿਆਂ ਦੀ ਅਵਾਜ਼ ਬਣ ਕੇ ਗੂੰਜਦੀ ਰਹੀ ਵਿੱਛੜ ਗਈ ਸੰਗਰਾਮੀ ਕਲਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਸ ਨੇ ਪੰਡਾਲ ਵਿੱਚ ਜੁੜੇ ਸਰੋਤਿਆਂ ਨੂੰ ਪ੍ਰੋਫ਼ੈਸਰ ਮੋਹਨ ਸਿੰਘ ਦੇ ਬੋਲ ਯਾਦ ਕਰਵਾਏ ਅਤੇ ਦਾਤੀਆਂ ਕਲਮਾਂ ਅਤੇ ਹਥੌੜਿਆਂ ਦੀ ਏਕਤਾ ਦਾ ਸੱਦਾ ਦਿੱਤਾ। "ਲੋਕ ਕਵੀ ਸੰਤੋਖ਼ ਸਿੰਘ ਧੀਰ ਅਮਰ ਰਹੇ" ਦਾ ਬੈਨਰ ਅਤੇ ਉਹਨਾਂ ਦੀਆਂ ਕਵਿਤਾਵਾਂ ਦੀਆਂ ਤਖਤੀਆਂ ਚੁੱਕੀਂ ਪੰਡਾਲ ਵਿਚ ਦਾਖਲ ਹੋਏ ਸੈਂਕੜੇ-ਮਜ਼ਦੂਰਾਂ ਦੇ ਕਾਫ਼ਲੇ ਨੇ ਸਭਨਾਂ ਦਾ ਧਿਆਨ ਖਿੱਚਿਆ ਸੀ। ਸਾਧੂ ਸਿੰਘ ਤਖ਼ਤੂਪੁਰਾ ਨੇ ਜੋਰ ਦਿੱਤਾ ਕਿ ਲੋਕਾਂ ਦੇ ਸਾਹਿਤਕਾਰਂ ਨੂੰ ਸੰਭਾਲਣਾ ਪਹਿਲ-ਪ੍ਰਿਥਮੇ ਲੋਕਾਂ ਦੀਆਂ ਜਥੇਬੰਦੀਆਂ ਦੀ ਜੁੰਮੇਵਾਰੀ ਹੈ। ਲੋਕ-ਹਿਤੈਸ਼ੀ ਕਲਮਾਂ ਦੇ ਸਤਿਕਾਰ ਅਤੇ ਉਹਨਾਂ ਨਾਲ ਰਿਸ਼ਤੇ ਦੇ ਇਜ਼ਹਾਰ ਵਜੋਂ ਹੀ ਬੀ.ਕੇ.ਯੂ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਸੰਤੋਖ ਸਿੰਘ ਧੀਰ ਦੇ ਪਰਿਵਾਰ ਨੂੰ ਪੈਂਤੀ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ।

ਸ਼ਾਇਦ ਇਹ ਇਤਫ਼ਾਕ ਨਹੀਂ ਸੀ ਕਿ ਇਸ ਸਮਾਗਮ ਵਿਚ ਸ਼ਰੀਕ ਹੁੰਦਿਆਂ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਮਾਜ ਦੀ ਅਸਲੀਅਤ ਨੂੰ ਪੇਸ਼ ਕਰਦੀ ਸੰਤੋਖ਼ ਸਿੰਘ ਧੀਰ ਦੀ ਰਚਨਾ ਮੁਲਕ ਦੇ ਸਮਾਜਿਕ ਪ੍ਰਬੰਧ ਦੇ ਹਿੰਸਕ ਸੁਭਾਅ ਨੂੰ ਚਿਤਰਦੀ ਹੈ। ਉਹਨਾਂ ਦੀਆਂ ਕਿੰਨੀਆਂ ਹੀ ਕਵਿਤਾਵਾਂ ਅਤੇ ਕਹਾਣੀਆਂ ਤਾਕਤ ਦੀ ਟੀਸੀ 'ਤੇ ਬੈਠੀਆਂ ਜਮਾਤਾਂ ਅਤੇ ਉਹਨਾਂ ਦੇ ਰਾਜ ਪ੍ਰਬੰਧ ਦੇ ਵਜੂਦ 'ਚ ਸਮੋਈ ਇਸ ਹਿੰਸਾ ਦੀ ਘਿਨਾਉਣੀ ਅਸਲੀਅਤ ਪੇਸ਼ ਕਰਦੀਆਂ ਹਨ।

ਸਾਧੂ ਸਿੰਘ ਤਖਤੂਪੁਰਾ ਇਸ ਸਮਾਗਮ ਤੋਂ ਰੁਖ਼ਸਤ ਲੈਂਦਿਆਂ ਹੀ ਮੁੜ ਸੰਘਰਸ਼ ਦੇ ਮੈਦਾਨ 'ਚ ਪਰਤ ਗਿਆ, ਜਿੱਥੇ ਸਮਾਜਿਕ ਤਾਕਤ ਦੀਆਂ ਮਾਲਕ ਗਿਰਝਾਂ ਦਾ ਹਿੰਸਕ ਪੰਜਾ ਉਸ ਉੱਤੇ ਘਾਤ ਲਾ ਕੇ ਝਪਟ ਲੈਣ ਲਈ ਇੰਤਜ਼ਾਰ ਕਰ ਰਿਹਾ ਸੀ। ਸੰਘਰਸ਼ ਦੇ ਮੈਦਾਨ 'ਚ ਸ਼ਹਾਦਤ ਪਾ ਕੇ ਸਾਧੂ ਸਿੰਘ ਤਖਤੂਪੁਰਾ ਨੇ ਸੰਤੋਖ ਸਿੰਘ ਧੀਰ ਦੀ ਰਚਨਾ ਦੀ ਗਵਾਹੀ ਆਪਣੇ ਲਹੂ ਨਾਲ ਲਿਖ ਦਿੱਤੀ। ਇਉਂ ਉਹ ਖੁਦ ਸੰਤੋਖ ਸਿੰਘ ਧੀਰ ਦੀ ਅਣ-ਲਿਖੀ ਕਵਿਤਾ ਹੋ ਨਿਬੜਿਆ।

ਸਾਧੂ ਸਿੰਘ ਤਖਤੂਪੁਰਾ ਦਾ ਕਤਲ ਇੱਕ ਸਿਆਸੀ ਕਤਲ ਹੈ। ਅੰਮ੍ਰਿਤਸਰ ਵਿੱਚ ਚਲ ਰਹੀ ਜਦੋਜਹਿਦ ਆਬਾਦਕਾਰ ਕਿਸਾਨਾਂ ਦੀ ਮਾਲਕੀ ਦੇ ਹੱਕ ਲਿਤਾੜ ਕੇ ਜਮੀਨਾਂ ਹੜੱਪ ਲੈਣ ਲਈ ਝਪਟ-ਰਹੀ ਲੋਕ ਦੁਸ਼ਮਣ ਜੁੰਡੀ ਨੂੰ ਬੇਆਰਾਮ ਕਰ ਰਹੀ ਸੀ। ਇਸ ਜੁੰਡੀ ਵਿੱਚ ਵੱਡੇ ਧਨਾਢ, ਸਿਆਸਤਦਾਨ ਅਤੇ ਪੁਲਸ ਅਧਿਕਾਰੀ ਸ਼ਾਮਲ ਹਨ। ਇਹਨਾਂ ਵਿਚ ਸਾਬਕਾ ਐਮ.ਐਲ.ਏ ਵੀਰ ਸਿੰਘ ਲੋਪੋਕੇ ਸ਼ਾਮਲ ਹੈ। ਥਾਣੇਦਾਰ ਰਛਪਾਲ ਸਿੰਘ ਬਾਬਾ ਸ਼ਾਮਲ ਹੈ, ਇੱਕ ਕਿਸਾਨ ਸੁੱਖਾ ਸਿੰਘ ਦੇ ਕਤਲ ਦੇ ਦੋਸ਼ ਵਿਚ ਜਿਸਦੀ ਗ੍ਰਿਫ਼ਤਾਰੀ ਲਈ 17 ਫ਼ਰਵਰੀ ਨੂੰ ਅਜਨਾਲਾ ਵਿਚ ਕਿਸਾਨਾਂ ਨੇ ਧਰਨਾ ਰੱਖਿਆ ਹੋਇਆ ਸੀ। ਇਸ ਤੋਂ ਪਹਿਲਾਂ ਸੌੜੀਆਂ ਵਿਚ ਕਿਸਾਨਾਂ 'ਤੇ ਖੂਨੀ ਹਮਲਾ ਹੋ ਚੁੱਕਿਆ ਸੀ ਅਤੇ ਖੰਨਾ-ਚਮਿਆਰਾ ਪਿੰਡ ਵਿਚ ਖ਼ੂਨੀਂ ਕਾਂਡ ਰਚਾ ਕੇ ਦੋ ਕਿਸਾਨ ਸ਼ਹੀਦ ਕਰ ਦਿੱਤੇ ਗਏ ਸਨ। ਖੰਨਾ-ਚਮਿਆਰਾ ਕਾਂਡ ਦੇ ਮੁਜ਼ਰਮਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਨਾਂ ਬੋਲਦਾ ਹੈ। ਕਤਲਾਂ ਦੇ ਇਹ ਮੁਜ਼ਰਮ ਅਜੇ ਤੱਕ ਸੁਰਖਿਅਤ ਹਨ। ਇਹ ਗੱਲ ਕਾਤਲਾਂ ਨੂੰ ਰਾਜ-ਭਾਗ ਦੀ ਸਰਪ੍ਰਸਤੀ ਦੀ ਚੁਗਲੀ ਕਰਦੀ ਹੈ।

ਇਹ ਗੱਲ ਵਰਨਣਯੋਗ ਹੈ ਕਿ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਚੱਲ ਰਹੇ ਕਿਸਾਨ ਸੰਘਰਸ਼ਾਂ ਦੇ ਸਿੱਟੇ ਵਜੋਂ ਅਖੌਤੀ ਅਮਨ ਕਨੂੰਨ ਨੂੰ ਸੂਈ ਤਾਂ ਕੀ ਸਿਲਤ੍ਹ ਵੀ ਨਹੀਂ ਸੀ ਵੱਜੀ। ਇਸਦੇ ਬਾਵਜੂਦ ਸੰਘਰਸ਼ਾਂ ਦੇ ਅਧਿਕਾਰ 'ਤੇ ਇਹ ਹਿੰਸਕ ਝਪਟਾਂ ਜ਼ਾਹਰ ਕਰਦੀਆਂ ਕਿ ਸੂਬੇ ਵਿਚ ਫੁੱਟ ਰਹੀਆਂ ਕਿਸਾਨ ਜਾਗਰਤੀ ਦੀਆਂ ਕਰੂੰਬਲਾਂ ਸਰਬੱਤ ਦੋਖੀ ਅਧਿਕਾਰਸ਼ਾਹੀ ਨੂੰ ਭੈਅ-ਭੀਤ ਕਰ ਰਹੀਆਂ ਹਨ। ਖੰਨਾ-ਚਮਿਆਰਾ ਕਤਲ-ਕਾਂਡ ਅਤੇ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਇਸ ਗੱਲ ਦਾ ਸੰਕੇਤ ਹੈ ਕਿ ਹਾਕਮ ਕਿਸਾਨ ਹੱਕਾਂ ਦੀ ਲਹਿਰ ਨਾਲ ਹਿੰਸਾ ਅਤੇ ਸਿਆਸੀ ਕਤਲਾਂ ਦੇ ਜ਼ੋਰ ਨਜਿਠਣ 'ਤੇ ਉਤਾਰੂ ਹਨ।

ਇਹ ਨਾ ਸਿਰਫ਼ ਕਿਸਾਨਾਂ ਲਈ ਸਗੋਂ ਹੱਕਾਂ ਲਈ ਜੂਝ ਰਹੇ ਸਭਨਾਂ ਲੋਕਾਂ ਲਈ ਖਤਰੇ ਨੂੰ ਪਛਾਨਣ ਦੀ ਘੜੀ ਹੈ। 28 ਫ਼ਰਵਰੀ ਨੂੰ 22 ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਪਿੰਡ ਤਖਤੂਪੁਰਾ ਵਿਚ ਆਪਣੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਸਾਂਝਾ ਸਮਾਗਮ ਕਰ ਰਹੀਆਂ ਹਨ। ਤਖਤੂਪੁਰਾ ਦਾ ਡੁੱਲ੍ਹਿਆ ਲਹੂ ਹੱਕਾਂ ਲਈ ਵਿਸ਼ਾਲ ਏਕਾ ਉਸਾਰ ਕੇ ਜੂਝਣ ਦਾ ਹੋਕਾ ਬਣ ਗਿਆ ਹੈ। ਇਹ ਸਾਂਝਾ ਸਮਾਗਮ ਸਮੇਂ ਦੀ ਲੋੜ ਨੂੰ ਹੁੰਗਾਰਾ ਹੈ ਅਤੇ ਕਿਸਾਨ ਆਗੂ ਨੂੰ ਖ਼ਰੀ ਸ਼ਰਧਾਂਜਲੀ ਦਾ ਰਸਤਾ ਹੈ।

ਕਿਸਾਨ ਲਹਿਰ ਦੇ ਅਗਲੇ ਵਰਕੇ ਸ਼ਹੀਦ ਤਖਤੂਪੁਰਾ ਦੇ ਡੁਲ੍ਹੇ ਲਹੂ ਨਾਲ ਰੌਸ਼ਨ ਹੋਣ ਦੀ ਇੰਤਜ਼ਾਰ ਵਿਚ ਹਨ।

ਵਲੋਂ- ਜਸਪਾਲ ਜੱਸੀ
ਮਕਾਨ ਨੰ: 15509, ਗਲੀ ਨੰ:1,
ਹਜ਼ੂਰਾ ਕਪੂਰਾ ਕਲੋਨੀ
ਬਠਿੰਡਾ - 151001