StatCounter

Showing posts with label Lambi. Show all posts
Showing posts with label Lambi. Show all posts

Wednesday, March 13, 2013

ਹੁਣ ਪਿੰਡ ਪਿੰਡ ਗੂੰਜੇਗਾ ਖੇਤ ਮਜ਼ਦੂਰਾਂ ਦਾ ਸੰਘਰਸ਼

     ਹੁਣ ਪਿੰਡ ਪਿੰਡ ਗੂੰਜੇਗਾ ਖੇਤ ਮਜ਼ਦੂਰਾਂ ਦਾ ਸੰਘਰਸ਼

                            ਖੇਤ ਮਜ਼ਦੂਰਾਂ ਵੱਲੋਂ ਲੰਬੀ 'ਚ ਲਾ-ਮਿਸਾਲ ਮੁਜਾਹਰਾ 
               ਅਰਥੀਆਂ ਸਾੜਨ ਅਤੇ ਸਿਆਪਾ ਕਾਨਫਰੰਸਾਂ ਦਾ ਐਲਾਨ

ਲੰਬੀ, 13 ਮਾਰਚ- ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਵਿਖੇ ਦਿੱਤੇ ਜਾ ਰਹੇ ਧਰਨੇ ਦੇ 9ਵੇਂ ਦਿਨ ਵਿਸ਼ਾਲ ਗਿਣਤੀ ਵਿੱਚ ਪਹੁੰਚੇ ਖੇਤ ਮਜ਼ਦੂਰ ਮਰਦ-ਔਰਤਾਂ ਵੱਲੋਂ ਲੰਬੀ ਵਿੱਚ ਰੋਹ-ਭਰਪੂਰ ਮੁਜਾਹਰਾ ਕਰਕੇ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।



ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬੇਘਰੇ ਅਤੇ ਲੋੜਵੰਦਾਂ ਨੂੰ ਪਲਾਟ ਦੇਣ, ਪੰਚਾਇਤੀ ਅਤੇ ਸ਼ਾਮਲਾਟ ਜ਼ਮੀਨਾਂ 'ਤੇ ਮਜ਼ਦੂਰਾਂ ਨੂੰ ਮਾਲਕੀ ਹੱਕ ਦੇਣ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜਾ ਅਤੇ ਨੌਕਰੀ ਦੇਣ, ਬਿਜਲੀ ਬਿੱਲਾਂ ਦੇ ਬਕਾਏ ਉਗਰਾਹੁਣ 'ਤੇ ਰੋਕ ਲਾ ਕੇ 400 ਯੂਨਿਟਾਂ ਮੁਆਫ ਕਰਨ, ਪੁੱਟੇ ਮੀਟਰ ਜੋੜਨ, ਤੇ ਪੰਜ ਲੱਖ ਹੋਰ ਪਰਿਵਾਰਾਂ ਨੂੰ ਘਰੇਲੂ ਬਿੱਲ ਮੁਆਫ ਕਰਨ, ਮਨਰੇਗਾ ਦੇ ਬਕਾਏ ਅਤੇ ਕੰਮ ਦੇਣ, ਕੱਟੀਆਂ ਪੈਨਸ਼ਨਾਂ ਚਾਲੂ ਕਰਨ ਆਦਿ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਧਰਨੇ 'ਤੇ ਬੈਠੇ ਮਜ਼ਦੂਰਾਂ ਨੇ ਸਰਕਾਰ ਅਤੇ ਪ੍ਰਸਾਸ਼ਨ ਦੇ ਬੇਰੁਖੀ ਵਾਲੇ ਰਵੱਈਏ ਤੋਂ ਦੁਖੀ ਹੋ ਕੇ ਘੋਲ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਰਣ-ਨੀਤੀ ਅਖਤਿਆਰ ਕਰ ਲਈ ਹੈ।

ਵਿਸ਼ਾਲ ਇਕੱਠ 'ਚ ਜ਼ਿਲ੍ਹਾ ਪ੍ਰਧਾਨ ਨਾਨਕ ਸਿੰਘ ਨੇ ਐਲਾਨ ਕੀਤਾ ਕਿ ਸਰਕਾਰ ਦੇ ਮਜ਼ਦੂਰ ਦੋਖੀ ਕਿਰਦਾਰ ਵਿਰੁੱਧ ਜ਼ਿਲ੍ਹੇ ਅੰਦਰ 15 ਤੋਂ 22 ਮਾਰਚ ਤੱਕ ਸਰਕਾਰ ਅਤੇ ਪ੍ਰਸਾਸ਼ਨ ਦੀਆਂ ਪਿੰਡ ਪਿੰਡ ਅਰਥੀਆਂ ਫੂਕੀਆਂ ਜਾਣਗੀਆਂ ਅਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਨ 'ਤੇ ਪਿੰਡਾਂ ਵਿੱਚ ਵਿਸ਼ਾਲ ਇਕੱਠ ਕਰਕੇ ਉਕਤ ਮੰਗਾਂ ਤੋਂ ਇਲਾਵਾ ਜ਼ਮੀਨੀ ਸੁਧਾਰ ਲਾਗੂ ਕਰਨ, ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਕੇ 25 ਤੋਂ 31 ਮਾਰਚ ਤੱਕ ਸਿਆਪਾ ਕਾਨਫਰੰਸਾਂ ਕੀਤੀਆਂ ਜਾਣਗੀਆਂ।

ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਖੇਤ ਮਜ਼ਦੂਰਾਂ ਦਾ ਸੰਘਰਸ਼ ਹੁਣ ਪਿੰਡ ਪਿੰਡ ਗੂੰਜੇਗਾ, ਜੋ ਹਕੂਮਤ ਲਈ ਕਾਫੀ ਮਹਿੰਗਾ ਸਾਬਤ ਹੋਵੇਗਾ। ਉਹਨਾਂ ਆਖਿਆ ਕਿ ਮਜ਼ਦੂਰ ਮੰਗਾਂ ਸਬੰਧੀ ਧਾਰੀ ਸਰਕਾਰੀ ਚੁੱਪ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਖੇਤ ਮਜ਼ਦੂਰਾਂ ਅਤੇ ਲੋਕਾਂ ਲਈ ਖੇਖਣ ਤੋਂ ਵੱਧ ਹੋਰ ਕੁੱਝ ਨਹੀਂ। ਜਦੋਂ ਕਿ ਇਹੀ ਸੰਗਤ ਦਰਸ਼ਨ ਆਪਣੀ ਧਿਰ ਦੇ ਸਥਾਨਕ ਆਗੂਆਂ ਦਾ ਢਿੱਡ ਭਰਨ ਦਾ ਸਾਧਨ ਹਨ। ਉਹਨਾਂ ਆਖਿਆ ਕਿ ਜਿਹੜੇ ਪੰਜ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਆਪਣੇ ਹਲਕੇ ਅਤੇ ਜ਼ਿਲ੍ਹੇ ਦੇ ਮਜ਼ਦੂਰਾਂ ਨੂੰ ਛੱਤ ਨਹੀਂ ਦੇ ਸਕੇ, ਖੁਦਕੁਸ਼ੀਆਂ ਦੇ ਰਾਹ ਤੋਂ ਨਹੀਂ ਰੋਕ ਸਕੇ ਤੇ ਮਜ਼ਦੂਰ ਵਿਹੜਿਆਂ 'ਚੋਂ ਗੰਦੇ ਪਾਣੀ ਦਾ ਨਿਕਾਸ ਤੱਕ ਨਹੀਂ ਕਰਵਾ ਸਕੇ, ਉਹ ਵਿਕਾਸ ਦੇ ਦਾਅਵੇ ਕਾਹਦੇ ਸਿਰ 'ਤੇ ਕਰ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਵਿੱਚ ਬਦਅਮਨੀ ਦੀ ਹਾਲਤ, ਇਸ ਕਦਰ ਨਿੱਘਰ ਚੁੱਕੀ ਹੈ ਕਿ ਸੁਪਰੀਮ ਕੋਰਟ ਵੀ ਇਸ ਰਾਜ ਦੀ ਅੰਗਰੇਜ਼ਾਂ ਦੇ ਰਾਜ ਨਾਲ ਤੁਲਨਾ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀ ਵਡੱਤਣ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸੰਕਟ-ਮੁਕਤ ਕਰਨ ਵਿੱਚ ਹੁੰਦੀ ਹੈ, ਨਾ ਕਿ ਉਹਨਾਂ ਦੇ ਸੰਘਰਸ਼ਾਂ ਨੂੰ ਅਣਗੌਲੇ ਕਰਨ ਅਤੇ ਜਬਰ ਦੇ ਜ਼ੋਰ ਦਬਾਉਣ ਨਾਲ ਹੁੰਦੀ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀ ਇਸ ਨੀਤੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਿਰ-ਵੱਢਵੀਂ ਦੁਸ਼ਮਣ ਹੈ। ਇਹ ਜਾਗੀਰਦਾਰਾਂ, ਸੂਦਖੋਰਾਂ, ਵੱਡੇ ਸਰਮਾਏਦਾਰਾਂ, ਸਾਮਰਾਜੀਆਂ, ਬਹੁਕੌਮੀ ਦੇਸੀ-ਬਦੇਸੀ ਕੰਪਨੀਆਂ ਦੀ ਚਹੇਤਾ ਸਰਕਾਰ ਹੈ।

ਔਰਤ ਆਗੂ ਗੁਰਮੇਲ ਕੌਰ ਅਤੇ ਕ੍ਰਿਸ਼ਨਾ ਦੇਵੀ ਨੇ ਆਖਿਆ ਕਿ ਹੁਣ ਮਜ਼ਦੂਰ ਔਰਤਾਂ ਵੀ ਟਿਕ ਕੇ ਨਹੀਂ ਬੈਠਣਗੀਆਂ ਤੇ ਸਿਆਪਾ ਕਾਨਫਰੰਸਾਂ ਦੀ ਕਮਾਂਡ ਖੁਦ ਸੰਭਾਲਣਗੀਆਂ।

ਭਰਾਤਰੀ ਤੌਰ 'ਤੇ ਪਹੁੰਚੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰੀਰਾਮ ਚੱਕ ਸ਼ੇਰੇਵਾਲਾ ਨੇ ਮਜ਼ਦੂਰ ਘੋਲ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮੈਡੀਕਲ ਪ੍ਰੈਕਟੀਨਰ ਐਸੋਸੀਏਸ਼ਨ ਦੇ ਆਗੂ ਡਾ. ਮਨਜਿੰਦਰ ਸਿੰਘ ਸਰਾਂ, ਨੌਜਵਾਨ ਭਾਰਤ ਸਭਾ ਦੇ ਫਕੀਰ ਚੰਦ ਆਦਿ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੁੱਖਾ ਸਿੰਘ, ਗੁਰਜੰਟ ਸਿੰਘ, ਰਾਜਾ ਸਿੰਘ, ਬਾਜ਼ ਸਿੰਘ ਤੇ ਜਸਵੰਤ ਰਾਏ ਨੇ ਸੰਬੋਧਨ ਕੀਤਾ।

ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਖੁੰਡੇਹਲਾਲ ਨੇ ਆਰ.ਐਮ.ਪੀ. ਡਾਕਟਰ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ ਅਤੇ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਨੌਜਵਾਨ ਭਾਰਤ ਸਭਾ ਵੱਲੋਂ ਧਰਨੇ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਅਤੇ ਮੀਡੀਆ ਵੱਲੋਂ ਕੀਤੀ ਗਈ ਵਿਸ਼ੇਸ਼ ਕਵਰੇਜ ਦਾ ਧੰਨਵਾਦ ਕੀਤਾ।

ਜਾਰੀ ਕਰਤਾ-
ਨਾਨਕ ਸਿੰਘ ਜ਼ਿਲ੍ਹਾ ਪ੍ਰਧਾਨ (94170 79170)

Monday, March 11, 2013

ਖੇਤ ਮਜ਼ਦੂਰਾਂ ਨੇ ਕੀਤਾ ਲੰਬੀ 'ਚ ਮੁਜਾਹਰਾ

ਧਰਨੇ ਦੇ ਸੱਤਵੇਂ ਦਿਨ 
      ਖੇਤ ਮਜ਼ਦੂਰਾਂ ਨੇ ਕੀਤਾ ਲੰਬੀ 'ਚ ਮੁਜਾਹਰਾ


(11 ਮਾਰਚ, 2013) ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਵਿਖੇ ਇੱਕ ਹਫਤੇ ਤੋਂ ਧਰਨੇ 'ਤੇ ਬੈਠੇ ਖੇਤ ਮਜ਼ਦੂਰ ਮਰਦ-ਔਰਤਾਂ ਵੱਲੋਂ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੁਆਰਾ ਮਜ਼ਦੂਰ ਮੰਗਾਂ ਪ੍ਰਤੀ ਧਾਰਨ ਕੀਤੇ ਅੜੀਅਲ ਰਵੱਈਏ ਦੇ ਚੱਲਦਿਆਂ ਅੱਜ ਪਿੰਡ ਲੰਬੀ ਵਿਖੇ ਰੋਸ ਮੁਜਾਹਰਾ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਨਕ ਸਿੰਘ, ਜਸਵੰਤ ਰਾਏ, ਗੁਰਮੇਲ ਕੌਰ ਅਤੇ ਰੁਲਦੂ ਸਿੰਘ ਨੇ ਮੁਜਾਹਰੇ ਦੌਰਾਨ ਲੰਬੀ 'ਚ ਜੁੜੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ 13 ਮਾਰਚ ਨੂੰ ਇਥੇ ਕੀਤੇ ਜਾਣ ਵਾਲੇ ਜ਼ਿਲ੍ਹਾ ਪੱਧਰੀ ਵਿਸ਼ਾਲ ਇਕੱਠ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੰਬੀ ਦੇ ਖੇਤ ਮਜ਼ਦੂਰ ਧਰਨੇ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਰਾਸ਼ਣ ਅਤੇ ਸਹਾਇਤਾ ਧਰਨੇ ਵਿੱਚ ਪੁਚਾ ਚੁੱਕੇ ਹਨ। ਮਜ਼ਦੂਰ ਆਗੂਆਂ ਨੇ ਆਖਿਆ ਕਿ ਜਿਹਨਾਂ ਮੰਗਾਂ ਨੂੰ ਲੈ ਕੇ ਖੇਤ ਮਜ਼ਦੂਰ ਇੱਕ ਹਫਤੇ ਤੋਂ ਮੁੱਖ ਮੰਤਰੀ ਦੇ ਹਲਕੇ ਵਿੱਚ ਧਰਨੇ 'ਤੇ ਬੈਠੇ ਹਨ, ਉਹਨਾਂ 'ਚੋਂ ਬਹੁਤੀਆਂ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਪ੍ਰਵਾਨ ਕੀਤੀਆਂ ਜਾ ਚੁੱਕੀਆਂ ਹਨ। ਜਿਹਨਾਂ ਵਿੱਚ ਬੇਘਰੇ ਅਤੇ ਲੋੜਵੰਦਾਂ ਨੂੰ ਪਲਾਟ ਦੇਣ, ਪੰਚਾਇਤੀ ਅਤੇ ਸ਼ਾਮਲਲਾਟ ਜ਼ਮੀਨਾਂ 'ਤੇ ਕਾਬਜ਼ ਮਜ਼ਦੂਰਾਂ ਨੂੰ ਮਾਲਕੀ ਹੱਕ ਦੇਣ, ਘਰੇਲੂ ਬਿਜਲੀ ਬਿੱਲਾਂ ਦੇ ਬਕਾਏ ਉਗਰਾਹੁਣ 'ਤੇ ਰੋਕ ਲਾ ਕੇ 400 ਯੂਨਿਟਾਂ ਮੁਆਫ ਕਰਨ, ਪੁੱਟੇ ਹੋਏ ਮੀਟਰ ਲਾਉਣ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ, ਮਨਰੇਗਾ ਦੇ ਬਕਾਏ ਜਾਰੀ ਕਰਨ, ਮਨਰੇਗਾ ਦਾ ਕੰਮ ਜਾਂ ਬੇਰੁਜ਼ਗਾਰੀ ਭੱਤਾ ਦੇਣ, ਕੱਟੀਆਂ ਪੈਨਸ਼ਨਾਂ ਚਾਲੂ ਕਰਨ, ਸ਼ਗਨ ਸਕੀਮਾਂ ਦੇ ਬਕਾਏ ਦੇਣ ਆਦਿ ਸ਼ਾਮਲ ਹਨ।

ਉਹਨਾਂ ਆਖਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਇਕੱਠਾਂ ਦਰਮਿਆਨ ਵਾਅਦੇ ਕੀਤੇ ਗਏ ਸਨ ਕਿ ਚੋਣਾਂ ਤੋਂ ਬਾਅਦ ਉਹ ਖੁਦ ਜਾਂ ਸੁਖਬੀਰ ਸਿੰਘ ਬਾਦਲ ਹਲਕਾ ਲੰਬੀ 'ਚ ਬੈਠ ਕੇ ਹਰ ਮਹੀਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਿਆ ਕਰਨਗੇ। ਪਰ ਹੁਣ ਚੋਣਾਂ ਜਿੱਤਣ ਤੋਂ ਬਾਅਦ ਨਾ ਸਿਰਫ ਇਹ ਵਾਅਦੇ ਹਵਾ 'ਚ ਉੱਡ ਗਏ ਹਨ, ਸਗੋਂ ਇੱਕ ਹਫਤੇ ਤੋਂ ਧਰਨੇ 'ਤੇ ਬੈਠੇ ਮਜ਼ਦੂਰਾਂ ਦੀ ਗੱਲ ਸੁਣਨੀ ਵੀ ਸਰਕਾਰ ਨੇ ਜਾਇਜ਼ ਨਹੀਂ ਸਮਝੀ। ਜੋ ਉਸਦੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਹੈ।

ਇਸੇ ਦੌਰਾਨ 5 ਮਾਰਚ ਤੋਂ ਲਗਾਤਾਰ ਧਰਨੇ 'ਤੇ ਬੈਠੀਆਂ ਮਜ਼ਦੂਰ ਬੱਚੀਆਂ ਮਮਤਾ ਰਾਣੀ, ਸਤਨਾਮ, ਸੰਦੀਪ ਅਤੇ ਸੰਭੂ ਵੱਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਗੀਤ ਵੀ ਪੇਸ਼ ਕੀਤੇ ਗਏ।

ਜ਼ਿਲ੍ਹਾ ਪ੍ਰਧਾਨ ਨਾਨਕ ਸਿੰਘ ਨੇ 13 ਮਾਰਚ ਦੇ ਵਿਸ਼ਾਲ ਇਕੱਠ ਦੀਆਂ ਤਿਆਰੀਆਂ ਸੰਬੰਧੀ ਧਰਨੇ ਵਿੱਚ ਪੁੱਜੀਆਂ ਰਿਪੋਰਟਾਂ ਬਾਰੇ ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਖੁੱਡੀਆਂ, ਬੀਦੋਵਾਲੀ, ਸਿੰਘੇਵਾਲਾ, ਫਤੂਹੀਵਾਲਾ, ਕਿੱਲਿਆਂਵਾਲੀ, ਮਹਿਣਾ, ਬੜਿੰਗ ਖੇੜਾ, ਮਾਲਵਾ ਰੋਡ ਮੰਡੀ ਕਿੱਲਿਆਂਵਾਲੀ, ਭਾਟੀ ਕਲੋਨੀ ਤੋਂ ਇਲਾਵਾ ਔਲਖ, ਰਾਮਨਗਰ, ਸਾਉਂਕੇ, ਤਾਮਕੋਟ, ਦਬੜਾ, ਰਾਣੀਵਾਲਾ, ਕਰਮ ਪੱਤੀ, ਮਿੱਢਾ, ਖੁੰਡੇਹਲਾਲ, ਚੱਕ ਤਾਮਕੋਟ, ਚਿੱਬੜਾਂਵਾਲੀ, ਗੰਧੜ, ਲੱਖੇਵਾਲੀ, ਗੁਰੂਸਰ, ਚੱਕ ਦੂਹੇਵਾਲਾ, ਛੱਤੇਆਣਾ, ਖ਼ੂਨਣ-ਖੁਰਦ, ਭੁੱਟੀਵਾਲਾ, ਕੋਟਲੀ ਸੰਘਰ, ਪੋਖਰ, ਹਰੀਕੇ ਆਦਿ ਪਿੰਡਾਂ 'ਚ ਰੈਲੀਆਂ-ਮੀਟਿੰਗਾਂ ਅਤੇ ਮੁਜਾਹਰੇ ਜਥੇਬੰਦ ਕੀਤੇ ਜਾ ਚੁੱਕੇ ਹਨ। ਉਹਨਾਂ ਦਾਅਵਾ ਕੀਤਾ ਕਿ 13 ਮਾਰਚ ਨੂੰ ਜ਼ਿਲ੍ਹੇ 'ਚੋਂ ਵਿਸ਼ਾਲ ਗਿਣਤੀ 'ਚ ਖੇਤ ਮਜ਼ਦੂਰ ਮਰਦ-ਔਰਤਾਂ ਧਰਨੇ 'ਚ ਲੰਬੀ ਪੁੱਜਣਗੇ।


ਨਾਨਕ ਸਿੰਘ ਜ਼ਿਲ੍ਹਾ ਪ੍ਰਧਾਨ,
ਪੰਜਾਬ ਖੇਤ ਮਜ਼ਦੂਰ ਯੂਨੀਅਨ
(97803 79707) (94170 79170)

Tuesday, March 5, 2013

ਘੁਮਿਆਰਾ ਪਿੰਡ 'ਚ ਲੋਕਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਪੁਲਸ ਨੇ ਢਾਹਿਆ ਕਹਿਰ



ਜੱਥੇਬੰਦੀਆਂ ਵੱਲੋਂ ਦੋਸ਼:
ਘੁਮਿਆਰਾ ਪਿੰਡ 'ਚ
ਲੋਕਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਪੁਲਸ ਨੇ ਢਾਹਿਆ ਕਹਿਰ

ਪਿਛਲੇ ਦਿਨੀਂ ਪਿੰਡ ਘੁਮਿਆਰਾ ਵਿਖੇ ਨਾਜ਼ਰ ਸਿੰਘ ਦੇ ਪਰਿਵਾਰ ਤੇ ਪੁਲਸ ਚੌਕੀ ਕਿੱਲਿਆਂਵਾਲੀ ਦੇ ਮੁਲਾਜ਼ਮਾਂ ਵਿਚਕਾਰ ਵਾਪਰੀ ਟਕਰਾਅ ਦੀ ਘਟਨਾ ਦੇ ਸਬੰਧ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਆਗੂ ਨਾਨਕ ਸਿੰਘ ਸਿੰਘੇਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ  ਗੁਰਪਾਸ਼ ਸਿੰਘ ਬਲਾਕ ਸਕੱਤਰ, ਜ਼ਿਲ੍ਹਾ ਆਗੂ ਹੇਮ ਰਾਜ ਬਾਦਲ, ਨੌਜਵਾਨ ਭਾਰਤ ਸਭਾ ਆਗੂ ਮੈਂਗਲ ਸਿੰਘ ਵੱਲੋਂ ਆਪਣੇ ਹੋਰਨਾਂ ਸਾਥੀਆਂ ਦੀ ਟੀਮ ਦੁਆਰਾ, ਥਾਣਾ ਲੰਬੀ ਮੁਖੀ ਅਤੇ ਪਿੰਡ ਘੁਮਿਆਰਾ ਦੇ 35-40 ਮਰਦ-ਔਰਤਾਂ ਨੂੰ ਮਿਲ ਕੇ ਤੱਥ ਵੇਰਵੇ ਇਕੱਤਰ ਕੀਤੇ ਗਏ।

ਇਹਨਾਂ ਤੱਥਾਂ ਦੇ ਆਧਾਰ 'ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਸੁੱਖਾ ਸਿੰਘ, ਬੀ.ਕੇ.ਯੁ. ਏਕਤਾ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਖੁੱਡੀਆਂ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਫਕੀਰ ਚੰਦ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਆਖਿਆ ਗਿਆ ਕਿ ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਤੇ ਪੁਲਿਸ ਮੁਲਾਜ਼ਮਾਂ ਦੇ ਦਰਮਿਆਨ ਹੋਏ ਝਗੜੇ ਵਿੱਚ ਮੁਲਾਜ਼ਮਾਂ ਦੇ ਸੱਟਾਂ ਲੱਗਣ ਤੋਂ ਬਾਅਦ ਪੁਲਸ ਵੱਲੋਂ ਬਦਲਾ-ਲਊ ਭਾਵਨਾ ਤਹਿਤ ਸਮੁੱਚੇ ਪਿੰਡ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੇ ਆਮ ਲੋਕਾਂ ਨੂੰ ਵੀ ਵੱਡੀ ਪੱਧਰ 'ਤੇ ਜਬਰ ਦਾ ਨਿਸ਼ਾਨਾ ਬਣਾਇਆ ਹੈ।

ਟੀਮ ਵੱਲੋਂ ਜਦੋਂ ਨਾਜ਼ਰ ਸਿੰਘ ਦੇ ਘਰ ਦਾ ਦੌਰਾ ਕੀਤਾ ਤਾਂ ਪੁਲਸ ਵੱਲੋਂ ਤੋੜੇ ਗਏ ਦਰਵਾਜ਼ੇ, ਭੰਨੇ ਹੋਏ ਭਾਂਡੇ ਖਿਲਰਿਆ ਪਿਆ ਸਮਾਨ ਪੁਲਸ ਵੱਲੋਂ ਸਬਕ ਸਿਖਾਉਣ ਦੇ ਇਰਾਦੇ ਨਾਲ ਕੀਤੀ ਕਾਰਵਾਈ ਦੀ ਗਵਾਹੀ ਭਰ ਰਿਹਾ ਸੀ। ਪੁਲਸ ਦੀ ਦਹਿਸ਼ਤ ਏਨੀ ਹੈ ਕਿ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਪੁਲਸ ਨੇ ਵੱਲੋਂ ਢਾਹੇ ਕਹਿਰ ਬਾਰੇ ਤਾਂ ਦੱਸਿਆ ਪਰ ਆਪਣਾ ਨਾਂ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਲੋਕਾਂ ਨੇ ਇਹ ਵੀ ਦੱਸਿਆ ਕਿ ਪੁਲਸ ਨੇ ਨਾਜ਼ਰ ਸਿੰਘ ਦੇ ਡੰਗਰ ਤੇ ਕੁੱਕੜ ਵੀ ਘਰੋਂ ਭਜਾ ਦਿੱਤੇ।

ਰਿਪੋਰਟ ਅਨੁਸਾਰ ਪੁਲਸ ਵੱਲੋਂ 40 ਦੇ ਕਰੀਬ ਮਰਦਾਂ-ਔਰਤਾਂ ਨੂੰ ਗ੍ਰਿਫਤਾਰ ਕਰਕੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ, ਜਦੋਂ ਕਿ ਦੋ ਦਰਜ਼ਨ ਤੋਂ ਉਪਰ ਲੋਕਾਂ ਤੋਂ ਪੁੱਛ ਪੜਤਾਲ ਲਈ ਉਹਨਾਂ ਨੂੰ ਥਾਣੇ ਲਿਆਉਣ ਬਾਰੇ ਥਾਣਾ ਲੰਬੀ ਮੁਖੀ ਵੀ ਪ੍ਰਵਾਨ ਕਰ ਚੱਕੇ ਹਨ।

ਤਸ਼ੱਦਦ ਦਾ ਸ਼ਿਕਾਰ ਬਣੇ ਲੋਕਾਂ ਵਿੱਚੋਂ ਬਿੱਟੂ ਸਿੰਘ ਦੇ ਪਿਤਾ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਨਾਜ਼ਰ ਸਿੰਘ ਦੇ ਲੜਕਿਆਂ ਦਾ ਪਿੰਡ ਇੱਕ ਵਿਅਕਤੀ ਨਾਲ ਉਸ ਰਾਤ ਝਗੜਾ ਹੁੰਦਾ ਦੇਖ ਉਸਦੇ ਪੁੱਤਰ ਬਿੱਟੂ ਸਿੰਘ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਕਿ ਉਥੇ ਝਗੜਾ ਜ਼ਿਆਦਾ ਨਾ ਵਧ ਜਾਵੇ, ਉਸਦੇ ਲੜਕੇ ਨੇ ਪੁਲਸ ਮੁਲਾਜ਼ਮਾਂ ਜਾਂ ਕਿਸੇ ਹੋਰ ਦੇ ਨਾਲ ਕੋਈ ਝਗੜਾ ਨਹੀਂ ਕੀਤਾ ਪਰ ਉਸਨੂੰ ਵੀ ਧਾਰਾ 307 ਦੇ ਕੇਸ ਵਿੱਚ ਬਿਨਾ ਵਜਾਹ ਗ੍ਰਿਫਤਾਰ ਕਰਕੇ ਤਸ਼ੱਦਦ ਢਾਹ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ।

ਨਾਜ਼ਰ ਸਿੰਘ ਦੀ ਪਤਨੀ ਪੰਮੀ ਕੌਰ ਨੇ ਟੀਮ ਨੂੰ ਦੱਸਿਆ ਕਿ ਪੁਲਸ ਵੱਲੋਂ ਢਾਹੇ ਜਬਰ ਕਾਰਨ ਉਸਦੇ ਪੁੱਤਰ ਗੱਗੂ ਦੀ ਬਾਂਹ ਟੁੱਟ ਗਈ ਹੈ, ਚੂਹਾ ਸਿੰਘ ਦੇ ਕਰੰਟ ਲਾਏ ਗਏ ਅਤੇ ਕੋਚੀ ਸਿੰਘ ਦੀ ਅੱਖ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਰਿਪੋਰਟ ਅਨੁਸਾਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਾਜ਼ਰ ਸਿੰਘ ਦਾ ਪਰਿਵਾਰ ਪੁਲਸ ਚੌਕੀ ਕਿੱਲਿਆਂਵਾਲੀ ਦਾ ਖਾਸਮ-ਖਾਸ ਰਿਹਾ ਹੈ।

ਜਥੇਬੰਦੀਆਂ ਵੱਲੋਂ ਕੀਤੀ ਪੜਤਾਲ ਅਨੁਸਾਰ ਪੁਲਸ ਵੱਲੋਂ ਜੋ ਅੱਠ ਵਿਅਕਤੀਆਂ ਉੱਪਰ ਇਰਾਦਾ ਕਤਲ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਹੈ, ਉਹਨਾਂ ਵਿੱਚੋਂ ਚਾਰ ਵਿਅਕਤੀਆਂ ਦਾ ਅਜਿਹਾ ਕੋਈ ਦੋਸ਼ ਸਾਬਤ ਨਹੀਂ ਹੁੰਦਾ। ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਉੱਪਰ ਵੀ ਇਰਾਦਾ ਕਤਲ ਵਰਗੀਆਂ ਲਾਈਆਂ ਧਾਰਾਵਾਂ ਬਿਲਕੁੱਲ ਨਜਾਇਜ਼ ਹਨ।

ਉਹਨਾਂ ਮੰਗ ਕੀਤੀ ਕਿ ਘੁਮਿਆਰਾ ਪਿੰਡ ਦੇ ਲੋਕਾਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਤਸ਼ੱਦਦ ਕਰਨ ਅਤੇ ਨਜਾਇਜ਼ ਹਿਰਾਸਤ ਵਿੱਚ ਰੱਖਣ ਵਾਲੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਿਰਦੋਸ਼ਾਂ ਉੱਪਰ ਦਰਜ ਮੁਕੱਦਮੇ ਵਾਪਸ ਲਏ ਜਾਣ। ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਖਿਲਾਫ ਲਾਈਆਂ ਸਖਤ ਧਾਰਾਵਾਂ ਵਾਪਸ ਲਈਆਂ ਜਾਣ।


ਜਾਰੀ ਕਰਤਾ
ਸੁੱਖਾ ਸਿੰਘ, ਗੁਰਦੀਪ ਸਿੰਘ ਖੁੱਡੀਆਂ, ਫਕੀਰ ਚੰਦ
(ਸੰਪਰਕ: 98552 17930, 94780 14579)

Monday, March 4, 2013

"ਸੰਗਤ-ਦਰਸ਼ਨ"- ਸਥਾਨਕ ਸੱਤਾਧਾਰੀ ਆਗੂਆਂ ਦੀ ਹੈਸੀਅਤ ਉੱਚੀ ਚੁੱਕਣ ਦੇ ਸਾਧਨ



ਸਥਾਨਕ ਸੱਤਾਧਾਰੀ ਆਗੂਆਂ ਦੀ ਹੈਸੀਅਤ ਉੱਚੀ ਚੁੱਕਣ ਦੇ ਸਾਧਨ ਨੇ ਸੰਗਤ-ਦਰਸ਼ਨ

( ਜ਼ਿਲ੍ਹਾ ਮੁਕਤਸਰ ਲਈ 270 ਕਰੋੜ ਰੁਪਏ ਤੋਂ ਉੱਪਰ ਜਾਰੀ ਕਰਨ ਬਾਅਦ ਵੀ ਮਜ਼ਦੂਰ ਵਿਹੜਿਆਂ ਦੀ ਹਾਲਤ ਨਾ ਸੁਧਰੀ)

ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ ਜੱਦੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਕੀਤੇ ਗਏ ਸੰਗਤ ਦਰਸ਼ਨਾਂ ਦੌਰਾਨ 270 ਕਰੋੜ 27 ਲੱਖ 4 ਹਜ਼ਾਰ 725 ਰੁਪਏ ਸਰਕਾਰੀ ਖਜ਼ਾਨੇ 'ਚੋਂ ਕਰੀਬ 264 ਪਿੰਡਾਂ ਨੂੰ ਜਾਰੀ ਕੀਤੇ ਗਏ, ਜਿਹਨਾਂ ਵਿੱਚੋਂ ਆਪਣੇ ਹਲਕੇ ਲੰਬੀ ਦੇ 79 ਪਿੰਡਾਂ ਉਪਰ ਹੀ ਅੱਧ ਤੋਂ ਵੱਧ 148 ਕਰੋੜ 9 ਲੱਖ 31 ਹਜ਼ਾਰ 582 ਰੁਪਏ ਦੇ ਕਰੀਬ ਰਕਮਾਂ ਜਾਰੀ ਕੀਤੀਆਂ ਗਈਆਂ ਹਨ।

ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਕੋਲੋਂ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਹੋਈ ਇਸ ਜਾਣਕਾਰੀ ਬਾਰੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡਾਂ 'ਚੋਂ ਕੀਤੀ ਠੋਸ ਪੜਤਾਲ ਦੇ ਆਧਾਰ 'ਤੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਜ਼ਿਲ੍ਹਾ ਪ੍ਰਧਾਨ ਨਾਨਕ ਸਿੰਘ ਤੇ ਸਕੱਤਰ ਤਰਸੇਮ ਸਿੰਘ ਖੁੰਡੇਹਲਾਲ ਨੇ ਆਖਿਆ ਕਿ ਕਿਰਤੀ ਲੋਕਾਂ ਤੋਂ ਟੈਕਸਾਂ ਦੇ ਰਾਹੀਂ ਜਬਰੀ ਨਿਚੋੜ ਕੇ ਭਰੇ ਸਰਕਾਰੀ ਖਜ਼ਾਨੇ 'ਚੋਂ ਸੰਗਤ ਦਰਸ਼ਨਾਂ ਮੌਕੇ ਜਾਰੀ ਕੀਤੀ ਗਈ ਏਨੀ ਵੱਡੀ ਰਕਮ ਦੇ ਬਾਵਜੂਦ ਖੇਤ ਮਜ਼ਦੂਰ ਵਿਹੜੇ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ ਅਤੇ ਰਕਮਾਂ ਸੱਤਧਾਰੀ ਧਿਰ ਨਾਲ ਜੁੜੇ ਜਾਗੀਰਦਾਰਾਂ, ਚੌਧਰੀਆਂ, ਪੰਚਾਂ ਤੇ ਸਰਪੰਚਾਂ ਦੀ ਸਮਾਜਿਕ, ਆਰਿਥਕ ਤੇ ਰਾਜਨੀਤਕ ਹੈਸੀਅਤ ਉੱਚੀ ਚੁੱਕਣ ਦੇ ਲੇਖੇ ਲਾਈਆਂ ਗਈਆਂ ਹਨ।

ਉਹਨਾਂ ਦੱਸਿਆ ਕਿ ਮੁਕਤਸਰ ਬਲਾਕ ਪਿੰਡ ਖੁੰਡੇ ਹਲਾਲ ਲਈ ਜਾਰੀ ਕੀਤੇ 32 ਲੱਖ 82 ਹਜ਼ਾਰ ਰੁਪਏ ਵਿੱਚੋਂ ਜੋ ਛੱਪੜ ਲਈ 5 ਲੱਖ ਦਿੱਤੇ ਦਿਖਾਏ ਗਏ ਹਨ, ਉਹਦੇ 'ਚੋਂ ਇੱਕ ਧੇਲਾ ਨਹੀਂ ਖਰਚਿਆ ਗਿਆ ਅਤੇ 14 ਲੱਖ 65 ਹਜ਼ਾਰ ਰੁਪਏ ਜਾਰੀ ਕਰਨ ਦੇ ਬਾਵਜੂਦ ਮਜ਼ਦੂਰ ਵਿਹੜੇ ਦੀਆਂ ਗਲੀਆਂ ਦਾ ਹਾਲ ਏਨਾ ਮੰਦਾ ਹੈ ਕਿ ਉਥੇ ਥੋੜ੍ਹੀ ਜਿਹੀ ਬਾਰਸ਼ ਹੋਣ 'ਤੇ ਲੰਘਣਾ ਮੁਸ਼ਕਲ ਹੋ ਜਾਂਦਾ ਹੈ।

ਇਸੇ ਤਰ੍ਹਾਂ ਬਲਾਕ ਲੰਬੀ ਦੇ ਪਿੰਡ ਕਿੱਲਿਆਂਵਾਲੀ 'ਚ ਗਲੀਆਂ ਨਾਲੀਆਂ ਲਈ 14 ਜਨਵਰੀ 2003, 27 ਜੂਨ 2010, 27 ਜੁਲਾਈ 2011 ਤੇ 9 ਦਸੰਬਰ 2012 ਨੂੰ ਕੀਤੇ ਸੰਗਤ ਦਰਸ਼ਨਾਂ ਦੌਰਾਨ 34 ਲੱਖ 99 ਹਜ਼ਾਰ ਰੁਪਏ ਜਾਰੀ ਕਰਨ ਦੇ ਬਾਵਜੂਦ ਮਜ਼ਦੂਰ ਵਿਹੜੇ ਖਾਸ ਕਰਕੇ ਮਹਾਸ਼ਾ ਬਸਤੀ 'ਚ ਕੋਈ ਗਲੀ-ਨਾਲੀ ਨਹੀਂ ਬਣਾਈ ਗਈ। ਜਦੋਂ ਕਿ ਸਿੰਘੇਵਾਲਾ ਪਿੰਡ ਦੇ ਇੱਕ ਸਾਬਕਾ ਸਰਪੰਚ ਦੇ ਪਿੰਡੋਂ ਬਾਹਰ ਰਹਿ ਰਹੇ ਭਰਾ ਦੇ ਇੱਕ ਪਰਿਵਾਰ ਨੂੰ ਢਾਣੀ ਦਰਸਾ ਕੇ ਖੜਵੰਜਾ ਲਾਉਣ ਲਈ 2 ਲੱਖ 40 ਹਜ਼ਾਰ ਜਾਰੀ ਕੀਤੇ ਗਏ ਅਤੇ ਇੱਕ ਮੌਜੂਦਾ ਪੰਚ ਦੇ ਇਕੱਲੇ ਪਰਿਵਾਰ ਨੂੰ ਵੀ ਢਾਣੀ ਦਰਸਾ ਕੇ ਖੜਵੰਜਾ ਲਾਉਣ ਲਈ 2 ਲੱਖ 50 ਹਜ਼ਾਰ ਰੁਪਏ ਦਿੱਤੇ ਗਏ ਹਨ।

ਇਹ ਵੀ ਵਰਨਣਯੋਗ ਹੈ ਕਿ ਇਸ ਪਿੰਡ ਲਈ ਸੰਗਤ ਦਰਸ਼ਨ 'ਚ ਜਾਰੀ ਕੀਤੇ 1 ਕਰੋੜ 14 ਲੱਖ 35 ਹਜ਼ਾਰ ਵਿੱਚੋਂ ਗਲੀਆਂ ਨਾਲੀਆਂ ਲਈ 13 ਲੱਖ 50 ਹਜ਼ਾਰ ਦਿੱਤੇ ਗਏ ਹਨ ਪਰ ਮਜ਼ਦੂਰਾਂ ਦੇ ਵਿਹੜੇ ਅਜੇ ਵੀ ਗਲੀਆਂ ਨਾਲੀਆਂ ਤੋਂ ਵਾਂਝੇ ਹਨ।

ਪਿੰਡ ਫਤੂਹੀ ਵਾਲਾ ਲਈ ਸੰਗਤ ਦਰਸ਼ਨਾਂ 'ਚੋਂ ਦਿੱਤੇ 1 ਕਰੋੜ 18 ਲੱਖ 700 ਰੁਪਏ ਵਿੱਚੋਂ ਤਾਂ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਗਿਆ ਇਥੇ ਅਮਰਜੀਤ ਸਿੰਘ ਤੇ ਕਰਤਾਰ ਸਿੰਘ ਦੀ ਢਾਣੀ ਦੇ ਨਾਂ 'ਤੇ 2 ਲੱਖ 40 ਹਜ਼ਾਰ ਰੁਪਏ ਖੜਵੰਜੇ ਲਈ ਜਾਰੀ ਕਰਕੇ ਖੜਵੰਜੇ ਲਾਏ ਗਏ ਹਨ ਜਦੋਂ ਕਿ ਇਥੇ ਕੋਈ ਢਾਣੀ ਹੀ ਨਹੀਂ ਤੇ ਕਿਸੇ ਪਰਿਵਾਰ ਦੀ ਰਿਹਾਇਸ਼ ਨਹੀਂ ਹੈ, ਬਲਕਿ ਖੇਤਾਂ ਦੀਆਂ ਪਹੀਆਂ ਹਨ ਅਤੇ ਇੱਕ ਪਰਿਵਾਰ ਅਜੇ ਮਕਾਨ ਤਿਆਰ ਕਰਵਾ ਰਿਹਾ ਹੈ।

ਪਿੰਡ ਭੁੱਲਰਵਾਲਾ 'ਚ ਗਲੀਆਂ ਨਾਲੀਆਂ ਲਈ 8 ਲੱਖ ਰੁਪਏ ਦੇਣ ਦੇ ਬਾਵਜੂਦ ਮਜ਼ਦੂਰ ਵਿਹੜੇ ਦੇ ਹਾਲਤ ਇਸ ਹੱਦ ਤੱਕ ਨਿੱਘਰੇ ਹੋਏ ਹਨ ਕਿ ਉਹਨਾਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮਜ਼ਦੂਰ ਪਰਿਵਾਰਾਂ ਪਿੰਡ 'ਚੋਂ ਹਿਜ਼ਰਤ ਕਰਨ ਦੇ ਐਲਾਨ ਕਰਨ ਲਈ ਮਜਬੂਰ ਹੋ ਚੁੱਕੇ ਹਨ ਜਦੋਂ ਕਿ ਇਸ ਪਿੰਡ ਨੂੰ 1 ਕਰੋੜ 27 ਲੱਖ 97 ਹਜ਼ਾਰ ਰੁਪਏ ਸੰਗਤ ਦਰਸ਼ਨਾਂ ਵਿੱਚ ਜਾਰੀ ਕੀਤੇ ਦਿਖਾਏ ਗਏ ਹਨ।

ਖੇਤ ਮਜ਼ਦੂਰ ਆਗੂਆਂ ਨੇ ਆਖਿਆ ਕਿ ਸੰਗਤ ਦਰਸ਼ਨਾਂ ਵਿੱਚ ਜਾਰੀ ਕੀਤੀਆਂ ਰਕਮਾਂ ਦੇ ਮਾਮਲੇ ਵਿੱਚ ਨਾ ਸਿਰਫ ਖੇਤ ਮਜ਼ਦੂਰਾਂ ਨਾਲ ਕਾਣੀ ਵੰਡ ਕੀਤੀ ਗਈ ਹੈ ਬਲਕਿ ਜੇਕਰ ਇਸਦੀ ਨਿਰਪੱਖ ਪੜਤਾਲ ਕਰਵਾਈ ਜਾਵੇ ਤਾਂ ਇਹਨਾਂ ਦੀ ਵਰਤੋਂ ਵਿੱਚ ਵੱਡੀ ਪੱਧਰ 'ਤੇ ਘਪਲੇਬਾਜ਼ੀਆਂ ਵੀ ਸਾਹਮਣੇ ਆਉਣਗੀਆਂ। ਉਹਨਾਂ ਵਿਕਾਸ ਦੇ ਨਾਂ 'ਤੇ ਸੰਗਤ ਦਰਸ਼ਨਾਂ ਵਿੱਚ ਜਾਰੀ ਕੀਤੀਆਂ ਰਕਮਾਂ ਬਾਰੇ ਕਿਹਾ ਕਿ ਇਹ ਸੱਤਾਧਾਰੀ ਧਿਰ ਨਾਲ ਜੁੜੇ ਬੰਦਿਆਂ ਨੂੰ ਗੱਫੇ ਲਵਾਉਣ ਦਾ ਹੀ ਸਾਧਨ ਹੈ। ਉਹਨਾਂ ਆਖਿਆ ਕਿ 5 ਮਾਰਚ ਤੋਂ ਲੰਬੀ ਵਿਖੇ ਯੂਨੀਅਨ ਵੱਲੋਂ ਦਿੱਤੇ ਜਾਣ ਵਾਲੇ ਧਰਨੇ 'ਚ ਇਹ ਮੁੱਦਾ ਜ਼ੋਰ ਨਾਲ ਉਠਾਇਆ ਜਾਵੇਗਾ।
ਲਛਮਣ ਸਿੰਘ ਸੇਵੇਵਾਲਾ, 
ਸੂਬਾ ਜਨਰਲ ਸਕੱਤਰ, ਪੰਜਾਬ ਖੇਤ ਮਜ਼ਦੂਰ ਯੂਨੀਅਨ