ਫਰੀਦਕੋਟ ਅਗਵਾ ਕਾਂਡ:
ਲੰਮੇ ਤੇ ਸਿਰੜੀ ਘੋਲ ਦੀ ਜਿੱਤ ਨੂੰ ਸੰਭਾਲੋ
ਲੋਕ-ਤਾਕਤ ਦਾ ਕਿਲਾ ਹੋਰ ਮਜਬੂਤ ਕਰੋ
ਇਨਸਾਫਪਸੰਦ ਲੋਕੋ,
ਬਹੁ-ਚਰਚਿਤ ਫਰੀਦਕੋਟ ਅਗਵਾ ਕਾਂਡ ਖਿਲਾਫ ਤੁਹਾਡੇ ਵੱਲੋਂ ਲੜੇ ਲੰਮੇ ਤੇ ਸਿਰੜੀ ਘੋਲ ਨੇ ਆਖਰ
ਆਪਣਾ ਰੰਗ ਵਿਖਾ ਦਿੱਤਾ ਹੈ। ਰਾਜ ਭਾਗ ਦੀ ਛਤਰਛਾਇਆ ਤੇ ਅੰਨ੍ਹੀਂ ਧੰਨ ਦੌਲਤ ਦੇ ਗੁਮਾਨ 'ਚ ਆਫਰੇ
ਫਿਰਦੇ ਨਿਸ਼ਾਨ-ਡਿੰਪੀ ਸਮਰਾ ਦੇ ਗੁੰਡਾ ਗਰੋਹ ਨੂੰ ਤੁਹਾਡੀ ਤਾਕਤ ਨੇ ਇੱਕ ਵਾਰ ਚਿੱਤ ਕਰ ਦਿੱਤਾ
ਹੈ। 27 ਮਈ ਨੂੰ ਇਸ ਕੇਸ ਦੇ ਹੋਏ ਅਦਾਲਤੀ ਫੈਸਲੇ 'ਚ ਨਿਸ਼ਾਨ ਨੂੰ ਦੂਹਰੀ ਉਮਰ ਕੈਦ, ਅਕਾਲੀ ਆਗੂ
ਅਤੇ ਇਸ ਗੁੰਡਾ ਗਰੋਹ ਦੇ ਕਰਤਾ-ਧਰਤਾ ਡਿੰਪੀ ਸਮਰਾ ਤੇ ਨਿਸ਼ਾਨ ਦੀ ਮਾਤਾ ਨਵਜੋਤ ਕੌਰ ਸਮੇਤ 8
ਜਣਿਆਂ ਨੂੰ 7-7 ਸਾਲ ਤੇ ਘਾਲੀ ਨੂੰ 9 ਸਾਲ ਦੀ ਕੈਦ ਹੋ ਗਈ ਹੈ। ਅਦਾਲਤ ਦਾ ਇਹ ਫੈਸਲਾ ਲੋਕਾਂ ਦੇ
ਘੋਲ ਦੀ ਅਹਿਮ ਜਿੱਤ ਹੈ। ਦਿਨ-ਦਿਹਾੜੇ ਬੇਖੌਫ਼ ਹੋ ਕੇ ਨਾਬਾਲਗ ਲੜਕੀ ਨੂੰ ਹਥਿਆਰਾਂ ਤੇ ਧੌਂਸ ਦੇ
ਜ਼ੋਰ ਘਰੋਂ ਅਗਵਾ ਕਰਨ ਰਾਹੀਂ ਵਰਤਾਏ ਇਸ ਕਹਿਰ ਖਿਲਾਫ਼ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਪਹਿਲ
ਪ੍ਰਿਥਮੇ ਸੜਕਾਂ 'ਤੇ ਨਿੱਤਰੇ ਫਰੀਦਕੋਟ ਵਾਸੀਆਂ ਦੀ ਜਿੱਤ ਹੈ। ਇਸ ਘੋਲ ਦੀ ਡਟਵੀਂ ਹਮਾਇਤ 'ਚ
ਨਿੱਤਰੀਆਂ ਕਿਸਾਨ, ਖੇਤ ਮਜ਼ਦੂਰ, ਵਿਦਿਆਰਥੀ, ਨੌਜਵਾਨ, ਮੁਲਾਜ਼ਮ ਤੇ ਇਨਕਲਾਬੀ ਜਮਹੁਰੀ ਜਥੇਬੰਦੀਆਂ
ਦੀ ਜਿੱਤ ਹੈ। ਪਰਬਤੋਂ ਭਾਰੀ ਮੁਸ਼ਕਲਾਂ ਤੇ ਬੇਹਿਸਾਬ ਦਬਾਵਾਂ-ਤਣਾਵਾਂ ਦੇ ਬਾਵਜੂਦ ਡਟ ਕੇ ਖੜ੍ਹਨ
ਵਾਲੇ ਪੀੜਤ ਪਰਿਵਾਰ ਤੇ ਲੜਕੀ ਦੇ ਸਿਰੜ ਦੀ ਜਿੱਤ ਹੈ। ਇਹ ਜਿੱਤ ਵਕੀਲਾਂ ਦੀ ਨਿਧੜਕ, ਬੇਗਰਜ਼ ਤੇ
ਲੋਕ ਸੇਵਾ ਨੂੰ ਸਮਰਪਤ ਭਾਵਨਾ ਦੀ ਜਿੱਤ ਹੈ। ਇਹ ਜਿੱਤ ਸਾਧਾਰਨ ਜਿੱਤ ਨਹੀਂ, ਮਹੱਤਵਪੂਰਨ ਜਿੱਤ
ਹੈ, ਫਖ਼ਰਯੋਗ ਜਿੱਤ ਹੈ। ਇਹ ਜਿੱਤ ਮਹੱਤਵਪੂਰਨ ਜਿੱਤ ਇਸ ਕਰਕੇ ਹੈ ਕਿ ਇਹ ਸਿਆਸੀ ਸ਼ਹਿ ਪ੍ਰਾਪਤ,
ਖੌਫ਼ਨਾਕ, ਹੰਢੇ-ਵਰਤੇ ਤੇ ਪੇਸ਼ਾਵਰ ਗੁੰਡਾ ਗਰੋਹ ਤੋਂ ਇਲਾਵਾ ਅਕਾਲੀ ਸਰਕਾਰ ਤੇ ਬਾਦਲ ਪਰਿਵਾਰ, ਆਹਲਾ
ਪੁਲਿਸ ਅਧਿਕਾਰੀਆਂ ਤੇ ਮੁਢਲੇ ਦੌਰ 'ਚ ਅਦਾਲਤੀ ਤਾਣੇ-ਬਾਣੇ ਨਾਲ ਭਿੜ ਕੇ ਹਾਸਲ ਕੀਤੀ ਜਿੱਤ ਹੈ।
ਇਸ ਜਿੱਤ 'ਚ ਮੁਲਕ ਭਰ 'ਚ ਅਗਵਾ ਤੇ ਬਲਾਤਕਾਰਾਂ ਖਿਲਾਫ ਉੱਠੇ ਲੋਕ ਰੋਹ ਦਾ ਵੀ ਗਿਣਨਯੋਗ ਦਖਲ
ਹੈ। ਮੀਡੀਆ ਦੇ ਵੱਡੇ ਹਿੱਸੇ ਵੱਲੋਂ ਇਸ ਕੇਸ ਦੀ ਦਰੁਸਤ ਪੈਂਤੜੇ ਤੋਂ ਕੀਤੀ ਪੇਸ਼ਕਾਰੀ ਦਾ ਵੀ ਰੋਲ
ਹੈ।
ਦੂਜੇ ਪਾਸੇ ਇਹ ਇਸ ਗੁੰਡਾ ਗਰੋਹ ਤੋਂ ਅੱਗੇ ਇਸ ਸਮੁੱਚੀ ਘਟਨਾ ਨੂੰ ਪੁੱਠਾ ਗੇੜਾ ਦੇਣ ਲਈ ਤੁਲੀਆਂ
ਸਭਨਾਂ ਲੋਕ-ਵਿਰੋਧੀ ਤਾਕਤਾਂ ਦੀ ਸ਼ਰਮਨਾਕ ਹਾਰ ਹੈ। ਇਸ ਸਰੀਹਣ ਧੱਕੇਸ਼ਾਹੀ ਨੂੰ 'ਕੁੜੀ ਦੇ ਮਰਜ਼ੀ
ਨਾਲ ਘਰੋਂ ਜਾਣ' ਤੇ ਪਿਆਰ ਮੁਹੱਬਤ ਦੇ ਕਿੱਸੇ ਵਜੋਂ ਪੇਸ਼ ਕਰਨ ਵਾਲੇ ਡੀ.ਜੀ.ਪੀ. ਸੁਮੇਧ ਸੈਣੀ
ਸਮੇਤ ਸਭਨਾਂ ਪੁਲਿਸ ਅਧਿਕਾਰੀਆਂ, ਇਸ ਗਰੋਹ ਨੂੰ ਸਿਆਸੀ ਛਤਰੀ ਮੁਹੱਈਆ ਕਰਨ ਵਾਲੇ ਅਤੇ ਦੋਸ਼ੀ
ਪੁਲਿਸ ਅਫਸਰਾਂ ਨੂੰ ਤਰੱਕੀਆਂ ਨਾਲ ਨਿਵਾਜਣ ਵਾਲੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਸਮੇਤ
ਸਭਨਾਂ ਅਕਾਲੀ ਲੀਡਰਾਂ ਤੇ ਮੰਤਰੀਆਂ ਦੀ ਇਖਲਾਕੀ ਤੇ ਸਿਆਸੀ ਹਾਰ ਹੈ। ਸਭ ਸ਼ਰਮ ਹਯਾ ਨੂੰ ਛਿੱਕੇ
ਟੰਗ ਕੇ ਅਤੇ ਚਿੱਟੇ ਦਿਨ ਵਰਗੀ ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ ਪੁਲਿਸ ਅਧਿਕਾਰੀਆਂ ਤੇ ਹਕੂਮਤ ਦੀ
ਮਿਹਰ ਖੱਟਣ ਲਈ ਉਹਨਾਂ ਦੇ ਕੂੜ ਪ੍ਰਚਾਰ ਨੂੰ ਇੱਕਾ-ਦੁੱਕਾ ਅਖਬਾਰਾਂ ਤੇ ਟੀ.ਵੀ. ਚੈਨਲਾਂ 'ਤੇ
ਪੇਸ਼ ਕਰਨ ਵਾਲੇ ਕੁਝ ਕੁ ਵਿਕਾਊ ਪੱਤਰਕਾਰਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ।
ਰਾਜ ਦਰਬਾਰ ਦੇ ਆਹਲਾ ਗਲਿਆਰਿਆਂ ਤੱਕ ਪਹੁੰਚ, ਅੰਨ੍ਹੀਂ ਦੌਲਤ ਤੇ ਜ਼ਮੀਨ ਦੇ ਜ਼ੋਰ ਉੱਭਰੇ
ਨਿਸ਼ਾਨ-ਡਿੰਪੀ ਸਮਰਾ ਦੇ ਇਸ ਗਰੋਹ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਕਿਤੇ ਆਹ ਦਿਨ ਵੀ ਵੇਖਣੇ
ਪੈਣਗੇ। ਉਹਨਾਂ ਨੇ ਤਾਂ ਅਪਰਾਧ ਜਗਤ ਦੀ ਦੁਨੀਆਂ ਵਿੱਚ ਤਾਰੀਆਂ ਲਾਉਣ ਦੇ ਸੁਪਨੇ ਹੀ ਲਏ ਸਨ। ਇਹ
ਉਹਨਾਂ ਦੀ ਨਿਰੀ ਖਾਮ-ਖਿਆਲੀ ਹੀ ਨਹੀਂ ਸੀ, ਹਕੀਕਤ ਵਿੱਚ ਅਜਿਹਾ ਹੀ ਵਾਪਰਦਾ ਆ ਰਿਹਾ ਸੀ।
ਲੁੱਟਾਂ-ਖੋਹਾਂ, ਕਤਲਾਂ, ਅਗਵਾ ਤੇ ਬਲਾਤਕਾਰਾਂ ਦੇ 35 ਮੁਕੱਦਮੇ ਦਰਜ ਹੋਣ ਦੇ ਬਾਵਜੂਦ ਕਿਤੇ
ਫੁੱਲ ਦੀ ਨਹੀਂ ਸੀ ਲੱਗੀ। ਇਸ ਲਈ ਉਹਨਾਂ ਨੂੰ ਤਾਂ ਹੁਣ ਜੱਗੋਂ ਤੇਰ੍ਹਵੀਂ ਹੋ ਗਈ ਲੱਗਦੀ ਹੈ।
ਪਹਿਲਾਂ ਵੀ ਤੇ ਹੁਣ ਅਦਾਲਤ ਵੱਲੋਂ ਸਜ਼ਾ ਸੁਣਾਉਣ ਤੋਂ ਬਾਅਦ ਵੀ ਭਾਵੇਂ ਕਈ ਭੁੱਬਾਂ ਮਾਰ ਕੇ
ਰੋਂਦੇ ਵੇਖੇ ਗਏ ਹਨ, ਪਰ ਜਿਵੇਂ ਸੜ ਕੇ ਵੀ ਰੱਸੀ ਦਾ ਵੱਟ ਨਹੀਂ ਜਾਂਦਾ। ਅਦਾਲਤ 'ਚੋਂ ਬਾਹਰ ਨਿੱਕਲਦਿਆਂ
ਪੱਤਰਕਾਰਾਂ ਅਤੇ ਲੋਕਾਂ ਖਿਲਾਫ ਧਮਕੀਆਂ ਭਰੀ ਭੜਾਸ ਵੀ ਦਿਖਾਈ ਦਿੱਤੀ ਹੈ।
ਭੈਣੋ ਤੇ ਭਰਾਵੋ, ਇਹ ਜਿੱਤ ਸੌਖਿਆਂ ਹੀ ਪ੍ਰਾਪਤ ਨਹੀਂ ਹੋਈ। ਅਨੇਕਾਂ ਦੁਸ਼ਵਾਰੀਆਂ ਝੱਲ ਕੇ ਹਾਸਲ
ਹੋਈ ਹੈ। ਆਪਾਂ ਨੂੰ ਨਾ ਸਿਰਫ ਇਸ ਗਰੋਹ ਨੂੰ ਗ੍ਰਿਫਤਾਰ ਕਰਵਾਉਣ ਲਈ ਹੀ ਵਿਸ਼ਾਲ ਤੇ ਲਗਾਤਾਰ ਜਨਤਕ
ਐਕਸ਼ਨਾਂ ਦਾ ਤਾਂਤਾ ਬੰਨ੍ਹਣਾ ਪਿਆ ਸਗੋਂ ਪੈਰ ਪੈਰ 'ਤੇ ਹਕੂਮਤ ਤੇ ਇਸ ਗਰੋਹ ਦੇ ਵਾਰਾਂ ਤੇ ਚਾਲਾਂ
ਨੂੰ ਕੁੱਟਣ ਲਈ ਵੀ ਵਾਰ ਵਾਰ ਜਨਤਾ ਨੂੰ ਹਰਕਤ ਵਿੱਚ ਲਿਆਉਣਾ ਪਿਆ ਹੈ। ਇਸ ਗਰੋਹ ਦੀ ਗ੍ਰਿਫਤਾਰੀ
ਤੋਂ ਬਾਅਦ ਅਦਾਲਤੀ ਫੈਸਲੇ ਦੇ ਬਹਾਨੇ ਨਾਰੀ ਨਿਕੇਤਨ ਦੇ ਨਾਂ ਹੇਠ ਪੁਲਿਸ ਦੀ ਕੱਚੀ ਕੈਦ ਵਿੱਚ
ਧੱਕੀ ਗਈ ਪੀੜਤ ਲੜਕੀ ਦੀ ਰਿਹਾਈ ਵੀ ਉਦੋਂ ਹੀ ਹੋਈ ਜਦੋਂ ਆਪਣੇ ਵੱਲੋਂ ਨਾਰੀ ਨਿਕੇਤਨ ਅੱਗੇ
ਅਣਮਿਥੇ ਸਮੇਂ ਦੇ ਧਰਨੇ ਦਾ ਐਲਾਨ ਹੋ ਗਿਆ। ਕੇਸ ਦੀਆਂ ਗਵਾਹੀਆਂ ਸ਼ੁਰੂ ਹੋਣ ਤੋਂ ਐਨ ਪਹਿਲਾਂ
ਪੀੜਤ ਪਰਿਵਾਰ ਨੂੰ ਨਿਸ਼ਾਨ ਵੱਲੋਂ ਜੇਲ੍ਹ 'ਚੋਂ ਹੀ ਦਿੱਤੀਆਂ ਧਮਕੀਆਂ ਦੇ ਮੱਦੇਨਜ਼ਰ ਗਵਾਹਾਂ ਤੇ
ਵਕੀਲਾਂ ਦੀ ਸੁਰੱਖਿਆ ਦੀ ਜਾਮਨੀ ਵੀ ਚੇਤਨ, ਜਥੇਬੰਦ ਤੇ ਵਿਸ਼ਾਲ ਜਨਤਕ ਤਾਕਤ, ਵਿਸ਼ੇਸ਼ ਕਰਕੇ ਪੇਂਡੂ
ਕਿਸਾਨ ਅਤੇ ਖੇਤ ਮਜ਼ਦੂਰ ਜਨਤਾ ਦੇ ਹਰਕਤ ਵਿੱਚ ਆਉਣ ਨਾਲ ਹੀ ਹੋਈ ਹੈ। ਇਹਨਾਂ ਧਮਕੀਆਂ ਦਾ ਠੋਕਵਾਂ
ਜੁਆਬ ਫਰੀਦਕੋਟ ਵਿੱਚ ਹਜ਼ਾਰਾਂ ਕਿਸਾਨ-ਮਜ਼ਦੂਰ ਔਰਤਾਂ ਦੀ ਵਿਲੱਖਣ ਅਤੇ ਵਿਸ਼ਾਲ ਰੈਲੀ-ਮੁਜਾਹਰਾ ਕਰ
ਕੇ ਦਿੱਤਾ ਗਿਆ ਹੈ। ਕੇਸ ਦੀ ਮਹੀਨਿਆਂ ਬੱਧੀ ਚੱਲੀ ਰੋਜ਼ਾਨਾ ਸੁਣਵਾਈ ਦੌਰਾਨ ਗਵਾਹਾਂ ਤੇ ਵਕੀਲਾਂ
ਦੀ ਸੁਰੱਖਿਆ ਲਈ ਸੈਂਕੜੇ ਲੋਕਾਂ ਖਾਸ ਕਰਕੇ ਕਿਸਾਨਾਂ ਵੱਲੋਂ ਅਦਾਲਤ ਵਿੱਚ ਹਾਜ਼ਰ ਰਹਿ ਕੇ ਗੁੰਡਾ
ਗਰੋਹ ਦੀਆਂ ਕੇਸ ਨੂੰ ਪ੍ਰਭਾਵਤ ਕਰਨ ਵਾਲੀਆਂ ਦਹਿਸ਼ਤ-ਪਾਊ ਚਾਲਾਂ ਦਾ ਢੁਕਵਾਂ ਜੁਆਬ ਦਿੱਤਾ ਹੈ।
ਫੈਸਲੇ ਨੇੜੇ ਢੁੱਕੇ ਕੇਸ ਨੂੰ ਪੁੱਠਾ ਗੇੜਾ ਦੇਣ ਲਈ ਵਿਸ਼ੇਸ਼ ਕਰਕੇ ਬਠਿੰਡੇ ਤੋਂ ਆਉਂਦੇ ਵਕੀਲ ਨੂੰ
ਸਰੀਰਕ ਨੁਕਸਾਨ ਪਹੁੰਚਾਉਣ ਜਾਂ ਕਿਸੇ ਝੂਠੇ ਕੇਸ ਵਿੱਚ ਉਲਝਾਉਣ ਦੀਆਂ ਸਾਜ਼ਸਾਂ ਦਾ ਢੁਕਵਾਂ ਜੁਆਬ
ਵੀ ਫਰੀਦਕੋਟ ਵਿੱਚ ਵਿਸ਼ਾਲ ਜਨਤਕ ਤਾਕਤ ਦੇ ਜ਼ੋਰ ਦਿੱਤਾ ਗਿਆ।
ਘੋਲ ਸਬਕਾਂ ਨੂੰ ਪੱਲੇ ਬੰਨ੍ਹੋ: ਚੌਕਸੀ ਬਰਕਰਾਰ ਰੱਖੋ
ਹੋਰਨਾਂ ਪੱਖਾਂ ਤੋਂ ਇਲਾਵਾ, ਇਸ ਘੋਲ ਦੀ ਅਹਿਮ ਪ੍ਰਾਪਤੀ ਇਹ ਵੀ ਹੈ ਕਿ ਆਪਣੇ ਲੁਟੇਰੇ ਹਿੱਤਾਂ
ਖਾਤਰ 'ਪਾੜੋ ਤੇ ਰਾਜ ਕਰੋ' ਦੀ ਨੀਤੀ ਤਹਿਤ ਹਾਕਮਾਂ ਵੱਲੋਂ ਪੇਂਡੂਆਂ ਅਤੇ ਸ਼ਹਿਰੀਆਂ, ਹਿੰਦੂਆਂ
ਅਤੇ ਸਿੱਖਾਂ ਆਦਿ ਦੇ ਪੈਦਾ ਕੀਤੇ ਵਖਰੇਵੇਂ ਅਤੇ ਇਹਨਾਂ ਨੂੰ ਹਵਾ ਦਿੰਦੇ ਰਹਿਣ ਦੀਆਂ ਚਾਲਾਂ ਇਸ
ਘੋਲ ਵਿੱਚ ਅੜਿੱਕਾ ਨਹੀਂ ਬਣੀਆਂ, ਸਗੋਂ ਪਿੰਡਾਂ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਐਕਸ਼ਨ
ਕਮੇਟੀ ਦੀ ਅਗਵਾਈ ਵਿੱਚ ਚੱਲਦੇ ਇਸ ਘੋਲ ਨੂੰ ਆਪਣਾ ਘੋਲ ਸਮਝ ਕੇ ਸਿਰੇ ਦਾ ਤਾਣ ਲਾਇਆ ਹੈ ਤੇ ਤੋੜ
ਚੜ੍ਹਾਇਆ ਹੈ। ਇਸ ਤੋਂ ਅਗਾਂਹ ਪਰਿਵਾਰ ਅਤੇ ਸੰਘਰਸ਼ ਵਿੱਚ ਸ਼ਾਮਲ ਲੋਕਾਂ ਵਿਚਕਾਰ ਕੁੜੱਤਣ ਭਰਨ
ਦੀਆਂ ਕੋਝੀਆਂ ਹਰਕਤਾਂ ਨੂੰ ਵੀ ਫਿੱਟ ਲਾਹਣਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪੇਂਡੂਆਂ ਅਤੇ
ਸ਼ਹਿਰੀਆਂ ਦੀ ਇਸ ਸਾਂਝ ਨੇ ਘੋਲ ਦੀ ਜਿੱਤ ਵਿੱਚ ਬੇਹੱਦ ਅਹਿਮ ਹਿੱਸਾ ਪਾਇਆ ਹੈ। ਇਸ ਸਾਂਝ ਨੂੰ ਹੋਰ
ਵਡੇਰੀ ਅਤੇ ਪੱਕੀ ਕਰਨ ਦੀ ਲੋੜ ਹੈ।
ਜਿਸ ਨਿਸ਼ਾਨ-ਡਿੰਪੀ ਸਮਰਾ ਦੇ ਗਰੋਹ ਨੂੰ ਆਪਾਂ ਸਜ਼ਾਵਾਂ ਕਰਵਾਈਆਂ ਹਨ, ਉਹ ਲੋਕਾਂ ਕੋਲ ਖੁਦ
ਕਹਿੰਦੇ ਰਹੇ ਹਨ ਕਿ ਸਾਡਾ ਦੋ ਕਰੋੜ ਲੱਗ ਗਿਆ ਹੈ। ਹੁਣ ਵੀ ਇਹ ਟਿਕ ਕੇ ਬਹਿਣ ਵਾਲੇ ਨਹੀਂ।
ਜੇਲ੍ਹੋਂ ਨਿਕਲਣ ਲਈ ਹਰ ਹੀਲਾ ਵਸੀਲਾ ਕਰਨਗੇ। ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਜਾਣਗੇ। ਆਹਲਾ
ਪੁਲਸੀ ਅਤੇ ਹਕੂਮਤੀ ਲਾਣੇ ਨਾਲ ਮਿਲ ਕੇ ਸੰਘਰਸ਼ ਦੇ ਮੋਹਰੀ ਹਿੱਸਿਆਂ ਖਿਲਾਫ ਕਿੜਾਂ ਕੱਢਣ ਦੀਆਂ
ਚਾਲਾਂ ਚੱਲਣ ਲਈ ਤਾਣ ਲਾਉਣਗੇ। ਇਸ ਲਈ ਹੁਣ ਵੀ ਇਸ ਜਿੱਤ 'ਤੇ ਤਸੱਲੀ ਕਰਕੇ ਬਹਿਣ ਦੀ ਥਾਂ ਚੌਕਸੀ
ਰੱਖਣ ਦੀ ਲੋੜ ਹੈ। ਉਹਨਾਂ ਦੀਆਂ ਚਾਲਾਂ ਨੂੰ ਕੁੱਟਣ ਲਈ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ। ਇਸ
ਕੇਸ ਵਿੱਚ ਹਕੂਮਤ ਅਤੇ ਗੁੰਡਾ ਗਰੋਹ ਨਾਲ ਲੋਕਾਂ ਦੇ ਨਿੱਤਰਕੇ ਸਾਹਮਣੇ ਆਏ ਖਰਬੂਜੇ ਤੇ ਛੁਰੀ
ਵਾਲੇ ਰਿਸ਼ਤੇ ਨੂੰ ਮਨੀਂ ਵਸਾਉਣ ਦੀ ਲੋੜ ਹੈ। ਵਿਰੋਧੀਆਂ ਦੀ ਹਰ ਚਾਲ 'ਤੇ ਨਿਗਾਹ ਰੱਖਣ, ਬੁੱਝਣ
ਅਤੇ ਫੇਲ੍ਹ ਕਰਨ ਲਈ ਲੋਕ-ਤਾਕਤ ਨੂੰ ਹੋਰ ਸਾਣ 'ਤੇ ਲਾਉਣ ਦੀ ਲੋੜ ਹੈ। ਸਬੂਤਾਂ ਦੀ ਘਾਟ ਦੇ ਨਾਂ
ਹੇਠ ਅਦਾਲਤ ਵੱਲੋਂ ਬਰੀ ਕੀਤੇ ਬਾਕੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਰਕਾਰ 'ਤੇ ਦਬਾਅ ਵਧਾਉਣ
ਦੀ ਲੋੜ ਹੈ। ਅਦਾਲਤੀ ਪ੍ਰਬੰਧ, ਜਿਸ ਨੇ ਪਹਿਲਾਂ ਲੰਮਾ ਸਮਾਂ ਪੀੜਤ ਲੜਕੀ ਨੂੰ ਪੁਲਸ ਤੇ ਹਕੂਮਤ
ਦੇ ਹੱਥਾਂ 'ਚ ਸੌਂਪੀ ਰੱਖਿਆ ਸੀ ਅਤੇ ਹੁਣ ਸਬੂਤਾਂ ਦੀ ਘਾਟ ਦੇ ਬਹਾਨੇ ਹੇਠ, ਦਸ ਦੋਸ਼ਿਆਂ ਨੂੰ
ਬਰੀ ਕਰ ਦਿੱਤਾ ਹੈ, ਇਹ ਸਚਾਈ ਅਧਾਰਤ ਫੈਸਲੇ ਲੈਣ ਦੀ ਥਾਂ ਮਹਿਜ ਕਾਗਜ਼ਾਂ ਦਾ ਢਿੱਡ ਭਰਨ ਵਾਲੇ
ਸਬੂਤਾਂ ਨੂੰ ਹੀ ਪ੍ਰਮੁੱਖਤਾ ਦੇਣ ਵਾਲੇ ਖਾਸੇ ਨੂੰ ਸਮਝਣ ਦੀ ਲੋੜ ਹੈ। ਇਸ ਘੋਲ ਦੌਰਾਨ ਹੋਏ ਵੱਡੇ
ਖਰਚਿਆਂ ਅਤੇ ਆਉਣ ਵਾਲੇ ਸੰਭਾਵੀ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਦਿਲ ਖੋਲ੍ਹ ਕੇ ਫੰਡ ਵਿੱਚ
ਯੋਗਦਾਨ ਪਾਉਣ ਦੀ ਲੋੜ ਹੈ। ਇਹ ਗੱਲ ਸਮਝਣ ਦੀ ਲੋੜ ਹੈ ਕਿ ਲੋਕਾਂ ਦੇ ਭਾਰੀ ਦਬਾਅ ਕਰਕੇ ਹਕੂਮਤੀ ਲਾਣੇ
ਨੂੰ ਕੌੜਾ ਘੁੱਟ ਭਰਨਾ ਪਿਆ ਹੈ। ਪਰ ਉਸਨੇ ਗੁੰਡਾ ਗਰੋਹਾਂ ਦੀ ਪੁਸ਼ਤ ਪਨਾਹੀ ਤੋਂ ਤੋਬਾ ਨਹੀਂ
ਕੀਤੀ, ਸਗੋਂ ਮੌਜੂਦਾ ਹਾਲਤਾਂ ਅੰਦਰ ਇਹਨਾਂ ਦੇ ਗੂੜ੍ਹੇ ਸਬੰਧਾਂ ਨੇ ਵਧਣਾ-ਫੁੱਲਣਾ ਹੈ। ਜਿਵੇਂ
ਅਕਾਲੀ-ਭਾਜਪਾ ਸਰਕਾਰ ਸਮੇਤ ਸਾਰੀਆਂ ਲੋਕ-ਵਿਰੋਧੀ ਸਰਕਾਰਾਂ ਅਤੇ ਪਾਰਟੀਆਂ ਵੱਲੋਂ ਐਫ.ਡੀ.ਆਈ.
ਸਮੇਤ ਹੋਰਨਾਂ ਅਨੇਕ ਢੰਗਾਂ ਰਾਹੀਂ ਰੁਜ਼ਗਾਰ, ਜ਼ਮੀਨਾਂ, ਵਿਦਿਆ, ਬਿਜਲੀ, ਪਾਣੀ, ਸਿਹਤ-ਸਹੂਲਤਾਂ
ਆਦਿ ਖੋਹਣ, ਨਿੱਜੀਕਰਨ ਕਰਨ ਅਤੇ ਮਹਿੰਗਾਈ ਵਧਾਉਣ ਵਾਲੀਆਂ ਨੀਤੀਆਂ ਨੂੰ ਅੰਨ੍ਹੇਵਾਹ ਲਾਗੂ ਕਰਨ
ਦੀ ਰਫ਼ਤਾਰ ਫੜੀ ਹੈ, ਇਸ ਖਿਲਾਫ਼ ਉੱਠ ਰਹੇ ਅਤੇ ਉੱਠਣ ਵਾਲੇ ਘੋਲਾਂ ਨੂੰ ਕੁਚਲਣ ਲਈ ਵੀ ਅਜਿਹੇ
ਗਰੋਹ ਹਕੂਮਤਾਂ ਲਈ ਵੱਧ ਮਾਫਕ ਬਣਦੇ ਹਨ। ਜਨਤਾ 'ਚੋਂ ਡਿਗਦੀ ਸ਼ਾਖ ਕਾਰਨ ਵੋਟਾਂ ਦੌਰਾਨ ਬੂਥਾਂ
'ਤੇ ਕਬਜ਼ੇ ਕਰਨ ਲਈ ਵੀ ਅਜਿਹੇ ਗਰੋਹ ਹਾਕਮਾਂ ਦੀ ਲੋੜ ਹਨ। ਲੰਘੀਆਂ ਪੰਚਾਇਤ ਸੰਮਤੀ ਚੋਣਾਂ ਦੌਰਾਨ
ਅਜਿਹੇ ਗਰੋਹਾਂ ਦੀ ਅਕਾਲੀ ਦਲ ਵੱਲੋਂ ਦੱਬ ਕੇ ਵਰਤੋਂ ਦੇ ਅਨੇਕਾਂ ਮਾਮਲੇ ਸਾਹਮਣੇ ਆਏ ਹਨ। ਇਹ
ਲੋੜ ਹੋਰ ਵਧਣੀ ਹੈ। ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਜੋ ਹਕੂਮਤ ਵਿਰੁੱਧ ਕਰੜੇ ਸੰਘਰਸ਼ਾਂ ਅਤੇ
ਵੱਡੀਆਂ ਤਬਦੀਲੀਆਂ ਦੀ ਅਥਾਹ ਸਮਰੱਥਾ ਰੱਖਦੇ ਹਨ, ਨੂੰ ਨਿਸ਼ੇੜੀਆਂ ਅਤੇ ਗੁੰਡਾ ਗਰੋਹਾਂ 'ਚ ਪਲਟਣਾ
ਹਕੂਮਤਾਂ ਵੱਲੋਂ ਕਈ ਪੱਖੋਂ ਲਾਹੇਵੰਦਾ ਸਾਧਨ ਹੈ। ਇਸ ਲਈ ਲੋਕ ਤਾਕਤ ਨੂੰ ਹੋਰ ਮਜਬੂਤ ਕਰਨ ਲਈ
ਤਾਣ ਜੁਟਾਉਣ ਦੀ ਲੋੜ ਹੈ। ਇਹ ਲੋਕ ਤਾਕਤ ਦਾ ਮਜਬੂਤ ਕਿਲਾ ਹੀ ਆਪਣੇ ਸਭ ਦੁੱਖਾਂ-ਦਰਦਾਂ ਦੀ ਦਾਰੂ
ਹੈ। ਅੰਤ 'ਚ ਅਸੀਂ ਇਸ ਘੋਲ ਦੀ ਸਫਲਤਾ ਲਈ ਹਿੱਸਾ ਪਾਉਣ ਵਾਲੇ ਸਭਨਾਂ ਲੋਕਾਂ ਦਾ ਧੰਨਵਾਦ ਕਰਦੇ
ਹਾਂ, ਜਿਹਨਾਂ ਦੀ ਬਦੌਲਤ ਇਹ ਜਿੱਤ ਨਸੀਬ ਹੋਈ ਹੈ।
ਵੱਲੋਂ:
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
ਸੂਬਾ ਪ੍ਰਧਾਨ, ਜੋਗਿੰਦਰ ਸਿੰਘ ਉਗਰਾਹਾਂ
ਪੰਜਾਬ ਖੇਤ ਮਜ਼ਦੂਰ ਯੂਨੀਅਨ
ਸੂਬਾ ਪ੍ਰਧਾਨ, ਜ਼ੋਰਾ ਸਿੰਘ ਨਸਰਾਲੀ
ਪ੍ਰਕਾਸ਼ਕ: ਸੁਖਦੇਵ ਸਿੰਘ ਕੋਕਰੀ ਕਲਾਂ, ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ
(ਉਗਰਾਹਾਂ) (94174 66038), ਲਛਮਣ ਸਿੰਘ ਸੇਵੇਵਾਲਾ, ਸੂਬਾ ਜਨਰਲ ਸਕੱਤਰ, ਪੰਜਾਬ ਖੇਤ
ਮਜ਼ਦੂਰ ਯੂਨੀਅਨ (94170 79170)