StatCounter

Showing posts with label Dalits. Show all posts
Showing posts with label Dalits. Show all posts

Wednesday, February 26, 2014

ਕਿਸਾਨਾਂ-ਮਜ਼ਦੂਰਾਂ ਵੱਲੋਂ ਪਿੰਡਾਂ ਵਿੱਚ ਅਕਾਲੀ ਦੀਆਂ ਚੋਣ ਬੈਠਕਾਂ ਫੇਲ੍ਹ ਕਰਨ ਦਾ ਐਲਾਨ



ਕਿਸਾਨਾਂ-ਮਜ਼ਦੂਰਾਂ ਵੱਲੋਂ 
ਅਣਮਿਥੇ ਸਮੇਂ ਲਈ ਡੀਸੀ ਦਫਤਰ ਦਾ ਘਿਰਾਓ ਸ਼ੁਰੂ
ਪਿੰਡਾਂ ਵਿੱਚ ਅਕਾਲੀ ਦੀਆਂ ਚੋਣ ਬੈਠਕਾਂ ਫੇਲ੍ਹ ਕਰਨ ਦਾ ਐਲਾਨ
ਮੁਕਤਸਰ ਦੇ ਡੀਸੀ ਦਫਤਰ ਦਾ ਅਣਮਿਥੇ ਸਮੇਂ ਲਈ ਘਿਰਾਓ ਕਰਦੇ ਕਿਸਾਨ- ਮਜ਼ਦੂਰ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦਫਤਰ ਦਾ ਅਣਮਿਥੇ ਸਮੇਂ ਲਈ ਘਿਰਾਓ ਸ਼ੁਰੂ ਕਰ ਦਿੱਤਾ ਹੈ। ਡੀਸੀ ਦਫਤਰ ਦੇ ਮੁੱਖ ਦਫਤਰ ਮੂਹਰੇ ਉਨ੍ਹਾਂ 'ਝੰਡੇ ਗੱਡ' ਕੇ ਦਫਤਰ ਵਿੱਚ ਦਾਖਲਾ ਬੰਦ ਕਰ ਦਿੱਤਾ ਹੈ। ਇਸਦੇ ਨਾਲ ਉਨ੍ਹਾਂ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਅਪਣਾਏ ਲਾਰੇ- ਲੱਪੇ ਦੀ ਨੀਤੀ ਕਾਰਣ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੇਲੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਆਉਣ ਵਾਲੇ ਅਕਾਲੀ-ਭਾਜਪਾ ਆਗੂਆਂ ਦਾ ਕਾਲੀਆਂ ਝੰਡੀਆਂ ਨਾਲ ਵਿਖਾਵਾ ਕਰਕੇ ਪਿੰਡਾਂ ਵਿੱਚ ਵੜ੍ਹਣ ਤੋਂ ਵਰਜਿਆ ਜਾਵੇਗਾ।

ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਭਗਤ ਸਿੰਘ ਭਲਾਈਆਣਾ, ਮਾਸਟਰ ਗੁਰਾਂਦਿੱਤਾ ਸਿੰਘ ਭਾਗਸਰ, ਪਿਆਰਾ ਸਿੰਘ ਮਦਰਸਾ, ਸੁਖਰਾਜ ਸਿੰਘ ਰਹੂੜਿਆਂ ਵਾਲੀ ਅਤੇ ਮਜ਼ਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਖੁੰਡੇ ਹਲਾਲ, ਰਾਜਾ ਸਿੰਘ, ਗੁਰਜੰਟ ਸਿੰਘ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਥੇਬੰਦੀਆਂ ਨਾਲ ਕਈ ਵਾਰ ਬੈਠਕਾਂ ਕੀਤੀਆਂ ਹਨ, ਲਿਖਤੀ ਸਮਝੋਤੇ ਕੀਤੇ ਹਨ ਪਰ ਇਨ੍ਹਾਂ ਨੂੰ ਲਾਗੂ ਕਰਨ ਤੋਂ ਅਕਸਰ ਟਾਲਾ ਵੱਟ ਲੈਂਦੀ ਹੈ।

ਉਨ੍ਹਾਂ ਕਿਹਾ ਕਿ ਮੋਜੂਦ ਧਰਨੇ ਦੌਰਾਨ ਖੁਦਕਸ਼ੀ ਪੀੜਤਾਂ ਲਈ ਮੁਆਵਜ਼ੇ ਦੀ ਮੁਕੰਮਲ ਸਰਵਾ ਕਰਕੇ ਮੁਆਵਜ਼ਾ ਰਾਸ਼ੀ ਦੀ ਵੰਡ ਕਰਨ, ਲੋੜਵੰਦ ਤੇ ਬੇਘਰੇ ਮਜ਼ਦੂਰ ਪਰਿਵਾਰਾਂ ਨੂੰ ਅਲਾਟ ਕੀਤੇ ਪਲਾਟਾਂ ਦਾ ਕਬਜ਼ਾ ਦੇਣ, ਰਹਿੰਦੇ ਪਰਿਵਾਰਾਂ ਲਈ ਮਤੇ ਪਾਉਣੇ, ਪਿੰਡ ਗੋਬਿੰਦਪੁਰਾ ਦੇ ਉਜਾੜੇ ਮੂੰਹ ਆਏ ਮਜ਼ਦੂਰ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਅਤੇ ਕਰਜ਼ਾ ਕਾਨੂੰਨ ਲਾਗੂ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਭਰਮਾ ਕੇ ਵੋਟਾਂ ਹਾਸਲ ਕਰ ਲਈਆਂ ਜਾਂਦੀਆਂ ਹਨ ਤੇ ਫੇਰ  ਉਨ੍ਹਾਂ ਦੀ ਸਾਰ ਨਹੀਂ ਲਈ ਜਾਂਦੀ ਇਸ ਲਈ ਹੁਣ ਲੋਕ ਵੀ ਉਨ੍ਹਾਂ ਨੂੰ ਸਿਆਸੀ ਤਰੀਕੇ ਨਾਲ ਮਾਤ ਦੇਣਗੇ। ਪਿੰਡਾਂ ਵਿੱਚ ਅਕਾਲੀ ਆਗੂਆਂ ਨੂੰ ਵੜਣ ਤੋਂ ਅਤੇ ਚੋਣ ਬੈਠਕਾਂ ਕਰਨ ਤੋਂ ਰੋਕਿਆ ਜਾਵੇਗਾ।

      ਘਿਰਾਓ ਕੀਤੇ ਜਾਣ ਸਮੇਂ ਡਿਪਟੀ ਕਮਿਸ਼ਨਰ ਸਣੇ ਹੋਰ ਅਧਿਕਾਰੀ ਦਫਤਰ ਵਿਚ ਸਨ ਤੇ ਦੇਰ ਸ਼ਾਮ ਤੱਕ ਉਹ ਬਾਹਰ ਨਹੀਂ ਸਨ ਨਿਕਲੇ। ਇਸ ਦੌਰਾਨ ਥਾਨਾ ਸਦਰ ਦੇ ਪੁਲੀਸ ਮੁਖੀ ਇਕਬਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਫੋਰਸ ਲਾਗਾਤਾਰ ਤਾਇਨਾਤ ਹੈ।

Sunday, February 2, 2014

ਮਜ਼ਦੂਰ ਪਰਿਵਾਰ ਦੀ ਨਾਬਾਲਗ ਕੁੜੀ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਗਿਰਫਤਾਰ ਕਰਵਾਉਣ ਲਈ ਅੱਗੇ ਆਓ



ਪਿੰਡ ਗੰਧੜ ਦੇ ਮਜ਼ਦੂਰ ਪਰਿਵਾਰ ਦੀ ਨਾਬਾਲਗ ਕੁੜੀ ਨਾਲ ਬਲਾਤਕਾਰ ਦੇ
ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕਰਵਾਉਣ ਲਈ

ਵਿਸ਼ਾਲ ਇਕੱਠ ਬੰਨ੍ਹ ਕੇ ਅੱਗੇ ਆਓ


ਇਨਸਾਫਪਸੰਦ ਲੋਕੋ,
24 ਜਨਵਰੀ ਨੂੰ ਪਿੰਡ ਗੰਧੜ ਦੇ ਮਜ਼ਦੂਰ ਪਰਿਵਾਰ ਦੀ ਅੱਠਵੀਂ ਵਿੱਚ ਪੜਦੀ ਨਾਬਾਲਗ ਕੁੜੀ 'ਤੇ ਉਦੋਂ ਕਹਿਰ ਢਹਿ ਗਿਆ ਜਦੋਂ ਉਹ ਸਕੂਲ ਨੂੰ ਜਾ ਰਹੀ ਸੀ। ਸਕੂਲ ਦੇ ਐਨ ਲਾਗੇ ਆਪਣੇ ਘਰ ਕੋਲ ਘਾਤ ਲਾਈ ਖੜ੍ਹੇ ਬਲਜੀਤ ਅਤੇ ਉਹਦੀ ਗੁੰਡਾ ਢਾਣੀ ਕੁੜੀ 'ਤੇ ਝਪਟ ਪਈ। ਬਲਜੀਤ, ਗੁਰਲਾਲ ਅਤੇ ਮਨਪ੍ਰੀਤ ਨਾਂ ਦਾ ਇਹ ਗੁੰਡਾ ਟੋਲਾ ਧੁੰਦ ਦਾ ਫਾਇਦਾ ਉਠਾ ਕੇ ਕੁੜੀ ਨੂੰ ਜਬਰਦਸਤੀ ਚੁੱਕ ਕੇ ਬਲਜੀਤ ਦੇ ਘਰੇ ਲੈ ਗਿਆ। ਕੁੜੀ ਨਾਲ ਜੋਰ ਜਬਰਦਸਤੀ ਕਰਦੇ ਰਹੇ ਇਸ ਗੁੰਡਾ ਟੋਲੇ ਨੇ ਕੁੜੀ ਨੂੰ ਉਦੋਂ ਹੀ ਛੱਡਿਆ ਜਦੋਂ ਉਹਨਾਂ ਦੀ ਇਸ ਕਰਤੂਤ ਦਾ ਅੱਧੇ-ਪੌਣੇ ਘੰਟੇ ਬਾਅਦ ਸਕੂਲ ਤੇ ਆਂਢ-ਗੁਆਂਢ ਵਿੱਚ ਰੌਲਾ ਪੈ ਗਿਆ।

ਪੁਲਿਸ ਨੇ ਲਾਹੀ ਸੰਗ- ਦੋਸ਼ੀ ਘੁੰਮਦੇ ਫਿਰ ਨਸ਼ੰਗ

ਇਸ ਨੰਗੇ-ਚਿੱਟੇ ਧੱਕੇ ਤੇ ਜਬਰ ਵਿਰੁੱਧ ਪੀੜਤ ਮਜ਼ਦੂਰ ਪਰਿਵਾਰ ਵੱਲੋਂ ਉਸੇ ਦਿਨ ਹੀ ਲੱਖੇਵਾਲੀ ਥਾਣੇ ਜਾ ਕੇ ਸਾਰੀ ਰਿਪੋਰਟ ਦਿੱਤੀ ਗਈ। ਥਾਣੇ ਦਾ ਮੁਖੀ ਮੋਹਣ ਲਾਲ ਕੁੜੀ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਗੰਧੜ ਗਿਆ ਵੀ, ਪਰ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਮੁੜ ਆਇਆ। ਉਹਨੇ ਨਾ ਤਾਂ ਕਿਸੇ ਦੋਸ਼ੀ ਨੂੰ ਫੜਿਆ, ਨਾ ਪੀੜਤ ਕੁੜੀ ਦੇ ਬਿਆਨਾਂ 'ਤੇ ਪਰਚਾ ਕੱਟਿਆ ਤੇ ਨਾ ਹੀ ਕੁੜੀ ਦੀ ਡਾਕਟਰੀ ਕਰਵਾਉਣ ਲਈ ਉਹਨੂੰ ਹਸਪਤਾਲ ਪਹੁੰਚਾਇਆ। ਸਗੋਂ ਡਰੀ ਤੇ ਸਹਿਮੀ ਕੁੜੀ ਨੂੰ ਥਾਣੇਦਾਰ ਵੱਲੋਂ ਖੁਦ ਹੀ ਸਭ ਕੁੱਝ ਲਿਖ ਕੇ ਦੇਣ ਦਾ ਹੁਕਮ ਸੁਣਾਇਆ ਗਿਆ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਸਭ ਤੋਂ ਪਹਿਲਾਂ ਕੁੜੀ ਨੂੰ ਹਸਪਤਾਲ ਪਹੁੰਚਾ ਕੇ ਉਹਦੀ ਡਾਕਟਰੀ ਤੇ ਇਲਾਜ ਕਰਵਾਇਆ ਜਾਂਦਾ। ਕੁੜੀ ਨੂੰ ਡਰ ਤੇ ਸਹਿਮ 'ਚੋਂ ਕੱਢ ਕੇ ਸੁਖਾਵਾਂ ਮਾਹੌਲ ਸਿਰਜਣ ਰਾਹੀਂ ਉਹਨੂੰ ਬਿਆਨ ਦੇਣ ਦੀ ਹਾਲਤ ਵਿੱਚ ਲਿਆਂਦਾ ਜਾਂਦਾ। ਦੋਸ਼ੀਆਂ ਨੂੰ ਫੜ ਕੇ ਥਾਣੇ ਡੱਕਿਆ ਜਾਂਦਾ। ਪਰ ਥਾਣੇਦਾਰ ਇਹ ਸਭ ਕੁਝ ਕਰਨ ਦੀ ਥਾਂ ਅਕਾਲੀ ਆਗੂਆਂ ਨਾਲ ਗਿੱਟ-ਮਿੱਟ ਕਰਕੇ ਮੁੜ ਗਿਆ।

ਸਾਰੀ ਗੱਲ ਦਾ ਖੇਤ ਮਜ਼ਦੂਰ ਆਗੂਆਂ ਨੂੰ ਪਤਾ ਲੱਗਣ 'ਤੇ ਉਹਨਾਂ ਵੱਲੋਂ ਤੇ ਮਾਪਿਆਂ ਵੱਲੋਂ ਜਦ ਅਗਲੇ ਦਿਨ ਕੁੜੀ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਤੇ ਸਿਵਲ ਸਰਜਨ ਵੱਲੋਂ ਵੀ ਹਮਦਰਦੀ ਕਰਨ ਦੀ ਥਾਂ ਕੁੜੀ ਨੂੰ ਦਾਖਲ ਕਰਨ ਤੋਂ ਹੀ ਜਵਾਬ ਦੇ ਦਿੱਤਾ। ਅਖੇ ਪੁਲਿਸ ਤੋਂ ਬਿਨਾ ਤਾਂ ਅਸੀਂ ਕੁੜੀ ਨੂੰ ਦਾਖਲ ਹੀ ਨਹੀਂ ਕਰ ਸਕਦੇ। ਮਜ਼ਦੂਰ ਆਗੂਆਂ ਤੇ ਪੱਤਰਕਾਰਾਂ ਨੇ ਘੰਟੇ ਭਰ ਦੀ ਜੱਦੋਜਹਿਦ ਤੋਂ ਬਾਅਦ ਹੀ ਕੁੜੀ ਨੂੰ ਦਾਖਲ ਕਰਵਾਇਆ। ਇਸ ਤੋਂ ਬਾਅਦ ਵੀ ਪੁਲਸ ਕਈ ਘੰਟਿਆਂ ਪਿੱਛੋਂ ਹੀ ਹਸਪਤਾਲ ਪਹੁੰਚੀ। ਇਸੇ ਕਰਕੇ 24 ਤਾਰੀਖ ਦੀ ਸਵੇਰ ਨੂੰ ਵਾਪਰੀ ਇਸ ਵਾਰਦਾਤ ਦਾ ਪਰਚਾ 25 ਦੀ ਸ਼ਾਮ ਨੂੰ ਹੀ ਕੱਟਿਆ ਗਿਆ।

ਪਰ ਇਹਦੇ ਵਿੱਚ ਵੀ ਪੁਲਿਸ ਦੀ ਦੋਸ਼ੀਆਂ ਨਾਲ ਮਿਲੀਭੁਗਤ ਜੱਗ ਜ਼ਾਹਰ ਹੋ ਗਈ। ਕੁੜੀ ਦੇ ਲਿਖੇ ਬਿਆਨਾਂ ਮੁਤਾਬਕ ਪੁਲਿਸ ਨੇ ਨਾ ਤਾਂ ਦੋਸ਼ੀਆਂ ਉੱਤੇ ਕੁੜੀ ਨੂੰ ਧੱਕੇ ਨਾਲ ਚੁੱਕ ਕੇ ਲਿਜਾਣ ਵਾਲੀ ਅਗਵਾ ਦੀ ਧਾਰਾ ਹੀ ਲਾਈ ਤੇ ਨਾ ਹੀ ਤਿੰਨ ਜਣਿਆਂ ਵੱਲੋਂ ਵਰਤਾਏ ਇਸ ਕਹਿਰ ਕਰਕੇ ਸਮੂਹਿਕ ਬਲਾਤਕਾਰ ਨਾਲ ਸਬੰਧਤ ਬਣਦੀ ਧਾਰਾ ਹੀ ਲਾਈ ਗਈ। ਕਿਉਂਕਿ ਇਹਨਾਂ ਧਾਰਾਵਾਂ ਤਹਿਤ ਦੋਸ਼ੀਆਂ ਦੇ ਅਪਰਾਧ ਤੇ ਸਜ਼ਾ ਵਿੱਚ ਕਈ ਗੁਣਾਂ ਵਾਧਾ ਹੁੰਦਾ ਸੀ। ਏਦੂੰ ਵੀ ਅੱਗੇ 8-9 ਦਿਨ ਲੰਘਣ ਪਿੱਛੋਂ ਵੀ ਪੁਲਸ ਨੇ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ।

ਪੁਲਿਸ ਦੋਸ਼ੀਆਂ ਦੇ ਪੱਖ 'ਚ ਕਿਉਂ?

ਇੱਕ ਗੱਲ ਤਾਂ ਇਹ ਹੈ ਕਿ ਪੀੜਤ ਕੁੜੀ ਗਰੀਬ ਪਰਿਵਾਰ ਨਾਲ ਸਬੰਧਤ ਹੈ। ਜਦੋਂ ਕਿ ਦੋਸ਼ੀਆਂ ਵਿੱਚ ਜਾਗੀਰਦਾਰ ਪਰਿਵਾਰ ਦਾ ਮੁੰਡਾ ਵੀ ਸ਼ਾਮਲ ਹੈ ਤੇ ਬਾਕੀ ਦੋ ਵੀ ਸਮਾਜ 'ਚ ਉੱਚਾ ਰੁਤਬਾ ਰੱਖਦੇ ਘਰਾਂ ਨਾਲ ਸਬੰਧ ਰੱਖਦੇ ਹਨ। ਇਸ ਲਈ ਦੋਸ਼ੀ ਪੈਸੇ ਵਾਲੇ ਹੋਣ ਕਾਰਨ ਪੁਲਿਸ ਆਪਣੇ ਜਮਾਂਦਰੂ ਸੁਭਾਅ ਕਾਰਨ ਹੀ ਤਕੜਿਆਂ ਦੇ ਪੱਖ ਵਿੱਚ ਭੁਗਤ ਰਹੀ ਹੈ। ਪਰ ਗੱਲ ਏਦੂੰ ਵੀ ਅੱਗੇ ਲੱਗਦੀ ਹੈ। ਇਹ ਜ਼ਿਲ੍ਹਾ ਬਾਦਲਾਂ ਦਾ ਜੱਦੀ ਜ਼ਿਲ੍ਹਾ ਹੈ। ਇੱਥੇ ਬਾਦਲ ਪਰਿਵਾਰ ਤੇ ਉਹਦੇ ਨੇੜਲਿਆਂ ਦੇ ਕਹੇ ਬਿਨਾ ਸਰਕਾਰੀ ਤੰਤਰ ਦਾ ਪੱਤਾ ਨਹੀਂ ਹਿੱਲਦਾ। ਮੁੱਖ ਮੰਤਰੀ ਬਾਦਲ ਖੁਦ ਕਹਿੰਦੇ ਆ ਕਿ ਮੈਨੂੰ ਤਾਂ ਧਰਤੀ 'ਤੇ ਤੁਰੀ ਫਿਰਦੀ ਕੀੜੀ ਦਾ ਵੀ ਪਤਾ ਹੁੰਦਾ ਹੈ। ਫਿਰ ਇਹਨਾਂ ਦਿਨਾਂ ਵਿੱਚ ਤਾਂ ਬਾਦਲ ਸਾਹਿਬ ਸੰਗਤ ਦਰਸ਼ਨਾਂ ਕਰਕੇ ਖੁਦ ਇਸ ਇਲਾਕੇ ਵਿੱਚ ਹੀ ਤਿੰਨ ਦਿਨ ਫਿਰਦੇ ਰਹੇ ਹਨ। ਇਹਨਾਂ ਦਿਨਾਂ ਵਿੱਚ ਗੰਧੜ ਮਾਮਲੇ ਦਾ ਅਖਬਾਰਾਂ ਵਿੱਚ ਰੌਲ ਵੀ ਪੈਂਦਾ ਰਿਹਾ। ਇਸ ਕਰਕੇ ਇਹ ਗੱਲ ਪੱਕ ਨਾਲ ਹੀ ਕਹਿ ਸਕਦੇ ਹਾਂ ਕਿ ਇਹ ਮਾਮਲਾ ਬਾਦਲ ਸਾਹਿਬ ਦੇ ਵੀ ਧਿਆਨ 'ਚ ਹੈ। ਪਰ ਜੇਕਰ ਪੁਲਿਸ ਫਿਰ ਵੀ ਦੋਸ਼ੀਆਂ ਨੂੰ ਨਹੀਂ ਫੜਦੀ ਤਾਂ ਇਹ ਗੱਲ ਇਹ ਹੀ ਚੁਗਲੀ ਕਰਦੀ ਹੈ ਕਿ ਦੋਸ਼ੀਆਂ ਨੂੰ ਆਹਲਾ ਅਕਾਲੀ ਲੀਡਰਾਂ ਦੀ ਹਮਾਇਤ ਮਿਲੀ ਹੋਈ ਹੈ।

ਇਹ ਗੱਲ ਜੱਗ ਜ਼ਾਹਰ ਹੋ ਚੁੱਕੀ ਹੈ ਕਿ ਬਾਦਲਾਂ ਦੇ ਰਾਜ ਵਿੱਚ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਵਾਲਿਆਂ 'ਚ ਕਿਤੇ ਤਾਂ ਅਕਾਲੀ ਲੀਡਰ ਆਪ ਹੀ ਸ਼ਾਮਲ ਹਨ ਤੇ ਕਿਤੇ ਦੋਸ਼ੀਆਂ ਦੀ ਨੰਗੀ ਚਿੱਟੀ ਹਮਾਇਤ ਵਿੱਚ ਭੁਗਤ ਰਹੇ ਹਨ। ਕੁਝ ਚਿਰ ਪਹਿਲਾਂ ਹੀ ਫਰੀਦਕੋਟ ਵਿੱਚ ਮਾਪਿਆਂ ਦੇ ਸਿਰ ਤੇ ਬਾਹਾਂ ਭੰਨ ਕੇ ਅਤੇ ਗੋਲੀਆਂ ਚਲਾ ਕੇ ਘਰੋਂ ਅਗਵਾ ਕੀਤੀ ਕੁੜੀ ਦੇ ਦੋਸ਼ੀਆਂ ਨੂੰ ਬਚਾਉਂਦੇ ਬਚਾਉਂਦੇ ਤਾਂ ਬੀਬੇ ਚਿਹਰੇ ਵਾਲੇ,  ਘਾਗ ਅਤੇ ਚਤੁਰ ਸਿਆਸਦਾਨ ਵਜੋਂ ਮਸ਼ਹੂਰ ਮੁੱਖ ਮੰਤਰੀ ਸਿਰੀ ਬਾਦਲ ਖੁਦ ਵੀ ਕਾਲਖ਼ ਦਾ ਟਿੱਕਾ ਲਵਾ ਬੈਠੇ ਸਨ। ਛੇਹਰਟਾ ਵਿੱਚ ਅਕਾਲੀ ਲੀਡਰ ਦੇ ਹੱਥੋਂ ਆਪਣੀ ਧੀ ਦੀ ਪਤ ਬਚਾਉਂਦੇ ਥਾਣੇਦਾਰ ਨੂੰ ਦਿਨ ਦਿਹਾੜੇ ਇਹਨਾਂ ਅਕਾਲੀਆਂ ਨੇ ਭਰੇ ਬਾਜ਼ਾਰ ਕਤਲ ਕਰ ਦਿੱਤਾ ਸੀ। ਹੁਣ ਪੱਤੋ ਹੀਰਾ ਸਿੰਘ (ਮੋਗਾ) ਦੇ ਕਿਸਾਨ ਪਰਿਵਾਰ ਦੀ ਨਾਬਾਲਗ ਕੁੜੀ ਨੂੰ ਮਾਪਿਆਂ ਨੂੰ ਕੁੱਟ ਕੇ ਅਗਵਾ ਕਰਨ ਦੀ ਘਟਨਾ ਵਿੱਚ ਕਾਂਗਰਸੀ ਤੋਂ ਅਕਾਲੀ ਲੀਡਰ ਬਣੇ ਸਾਬਕਾ ਐਮ.ਐਲ.ਏ. ਦੇ ਮੁੰਡੇ ਦਾ ਨਾਂ ਬੋਲਦਾ ਹੈ, ਜਿਸ ਕਰਕੇ ਪੁਲਿਸ ਦੋਸ਼ੀਆਂ ਨੂੰ ਨਹੀਂ ਫੜ ਰਹੀ। ਇਸ ਲਈ ਇਹ ਘਟਨਾਵਾਂ ਵੀ ਇਸੇ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਗੰਧੜ ਵਿੱਚ ਵਾਪਰੇ ਅਗਵਾ ਤੇ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਵੀ ਹੁਕਮਰਾਨ ਧਿਰ ਦੀ ਮਿਲੀ ਸ਼ਹਿ ਕਾਰਨ ਹੀ ਪੁਲਸ ਉਹਨਾਂ ਨੂੰ ਫੜਨ ਤੋਂ ਕੰਨੀ ਕਤਰਾ ਰਹੀ ਹੈ।
ਇਨਸਾਫ ਲੈਣ ਲਈ ਡਟਵਾਂ ਮੋਢਾ ਲਾਓ
ਭੈਣੋਂ ਤੇ ਭਰਾਓ,
ਇੱਕ ਪਾਸੇ ਪੁਲਿਸ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ। ਦੂਜੇ ਪਾਸੇ ਦੋਸ਼ੀਆਂ ਦੇ ਨੇੜਲਿਆਂ ਵੱਲੋਂ ਪੀੜਤ ਮਜ਼ਦੂਰ ਪਰਿਵਾਰ ਕੋਲ ਸਮਝੌਤੇ ਲਈ ਗੇੜਾ ਬੰਨ੍ਹ ਰੱਖਿਆ ਹੈ। ਉਹ ਅਖੌਤੀ ਇੱਜਤ ਦਾ ਵਾਸਤਾ ਪਾ ਕੇ ਤੇ ਲੱਖਾਂ ਰੁਪਏ ਦੇ ਲਾਲਚ ਦੇ ਕੇ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾ ਰਹੇ ਹਨ। ਪੈਸੇ ਦੇ ਜ਼ੋਰ ਇੱਜਤ ਤੇ ਜਮੀਰ ਖਰੀਦਣ ਦੀ ਕੋਸ਼ਿਸ਼ ਰਾਹੀਂ ਪੀੜਤ ਕੁੜੀ ਤੇ ਮਾਪਿਆਂ ਦੇ ਜ਼ਖਮਾਂ 'ਤੇ ਲੂਣ ਭੁੱਕ ਰਹੇ ਹਨ। ਪਰ ਸਭ ਕੁੱਝ ਦੇ ਬਾਵਜੂਦ ਮਜ਼ਦੂਰ ਪਰਿਵਾਰ ਡਟਿਆ ਖੜਾ ਹੈ। ਉਸ ਨੂੰ ਇਨਸਾਫ ਲਈ ਤੁਹਾਡੇ ਸਭਨਾਂ ਦੇ ਸਾਥ ਤੇ ਹੱਲਾਸ਼ੇਰੀ ਦੀ ਲੋੜ ਹੈ। ਸਾਡਾ ਸਭਨਾਂ ਦਾ ਸਾਥ ਤੇ ਏਕਾ ਹੀ ਦੋਸ਼ੀਆਂ ਨੂੰ ਸੀਖਾਂ ਪਿੱਛੇ ਡੱਕਣ ਲਈ ਪੁਲਸ ਨੂੰ ਮਜਬੂਰ ਕਰ ਸਕਦਾ ਹੈ। ਦੋਸ਼ੀਆਂ ਦਾ ਪੱਖ ਪੂਰਦੇ ਥਾਣੇਦਾਰ ਤੇ ਸਿਆਸੀ ਲੀਡਰਾਂ ਦੇ ਕੰਨਾਂ ਨੂੰ ਹੱਥ ਲਵਾ ਸਕਦਾ ਹੈ। ਪੀੜਤ ਬੱਚੀ ਤੇ ਮਾਪਿਆਂ ਦੇ ਰਿਸਦੇ ਜਖ਼ਮਾਂ 'ਤੇ ਮੱਲਮ ਬਣ ਸਕਦਾ ਹੈ।

ਭੈਣੋਂ ਤੇ ਭਰਾਵੋ, ਗੱਲ ਸਿਰਫ ਗੰਧੜ ਪਿੰਡ ਵਿੱਚ ਨਾਬਾਲਗ ਕੁੜੀ ਨਾਲ ਜਬਰ ਜਨਾਹ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾ ਕੇ ਸਜ਼ਾ ਦੁਆਉਣ ਤੱਕ ਹੀ ਸੀਮਤ ਨਹੀਂ। ਜੇਕਰ ਅੱਜ ਐਡਾ ਵੱਡਾ ਕੁਕਰਮ ਕਰਕੇ ਦੋਸ਼ੀ ਸੁੱਕੇ ਬਚ ਜਾਂਦੇ ਹਨ, ਉਹਨਾਂ ਦਾ ਪੱਖ ਪੂਰਦੇ ਥਾਣੇਦਾਰ ਨੂੰ ਕੋਈ ਸੇਕ ਨਹੀਂ ਲੱਗਦਾ ਤਾਂ ਅਜਿਹੇ ਗੁੰਡਾ ਟੋਲਿਆਂ ਨੂੰ ਹੋਰ ਵੀ ਮੂੰਹ ਪਊਗਾ। ਉਹ ਜਦੋਂ ਮਰਜ਼ੀ ਤੇ ਜੀਹਦੀ ਮਰਜ਼ੀ ਧੀਅ-ਭੈਣ ਨੂੰ ਹੱਥ ਪਾਉਣਗੇ। ਇਹਨਾਂ ਦੀ ਦੇਖਾ-ਦੇਖੀ ਹੋਰਨਾਂ ਗੁੰਡਿਆਂ ਨੂੰ ਹੱਲਾਸ਼ੇਰੀ ਮਿਲੂਗੀ।

ਇਹ ਖਤਰਾ ਸਿਰਫ ਗਰੀਬ ਖੇਤ ਮਜ਼ਦੂਰਾਂ ਲਈ ਹੀ ਨਹੀਂ, ਹਰ ਘਰ ਦੀ ਧੀ ਭੈਣ ਵਾਸਤੇ ਹੈ। ਬੱਸ ਫਰਕ ਤਾਂ ਸਿਰਫ ਏਨਾ ਹੀ ਹੈ ਕਿ ਗਰੀਬਾਂ ਦੀਆਂ ਧੀਆਂ ਭੈਣਾਂ ਨੂੰ ਹੱਥ ਪਾਉਣਾ ਇਹਨਾਂ ਲਈ ਥੋੜ੍ਹਾ ਸੌਖਾ ਹੁੰਦਾ ਹੈ। ਪਰ ਅਜਿਹੇ ਟੋਲੇ ਬਖਸ਼ਦੇ ਕਿਸੇ ਨੂੰ ਨਹੀਂ। ਇਸ ਲਈ ਇਹ ਮਾਮਲਾ ਕਿਸੇ ਵਿਸ਼ੇਸ਼ ਜਾਤਪਾਤ ਦਾ ਨਹੀਂ, ਸਮੂਹ ਲੋਕਾਂ ਦੀਆਂ ਧੀਆਂ ਭੈਣਾਂ ਦੀ ਰਾਖੀ ਦਾ ਮਸਲਾ ਹੈ। ਇਹ ਰਾਖੀ ਪੁਲਿਸ, ਹਕੂਮਤ ਜਾਂ ਕਿਸੇ ਲੋਕ-ਦੋਖੀ ਸਿਆਸੀ ਲੀਡਰ ਨੇ ਨਹੀਂ ਕਰਨੀ, ਸਗੋਂ ਅਕਾਲੀ ਦਲ ਸਮੇਤ ਸਭੈ ਲੋਕ ਵਿਰੋਧੀ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਹਨਾਂ ਨੂੰ ਨਸ਼ਿਆਂ ਦੇ ਮੂੰਹ ਧੱਕਣ ਤੇ ਕਾਮੁਕ ਬਿਰਤੀ ਨੂੰ ਉਕਸਾਉਣ ਦੇ ਰਾਹੀਂ ਗੁੰਡਾ ਗਰੋਹਾਂ ਵਿੱਚ ਬਦਲਣ ਦੇ ਕੁਕਰਮ 'ਚ ਲੱਗੀਆਂ ਹੋਈਆਂ ਹਨ, ਤਾਂ ਜੋ ਇਹਨਾਂ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਤੇ ਕਰਜ਼ਿਆਂ ਆਦਿ ਦੀ ਚੱਕੀ ਵਿੱਚ ਪਿਸਦੇ ਇਹ ਨੌਜੁਆਨ ਹੱਕੀ ਸੰਘਰਸ਼ਾਂ ਦੇ ਰਾਹ ਪੈ ਕੇ ਹਕੂਮਤਾਂ ਲਈ ਮੁਸੀਬਤਾਂ ਪੈਦਾ ਕਰਨ ਦੀ ਥਾਂ ਇਹਨਾਂ ਪਾਰਟੀਆਂ ਦਾ ਹੱਥਾ ਬਣ ਜਾਣ। ਇਹਨਾਂ ਪਾਰਟੀਆਂ ਲਈ ਵੋਟਾਂ ਮੌਕੇ ਬੂਥਾਂ 'ਤੇ ਕਬਜ਼ੇ ਕਰਨ ਵਾਲੇ ਗਰੋਹਾਂ ਦਾ ਅੰਗ ਬਣ ਜਾਣ। ਇਸ ਲਈ ਪੁਲਸ, ਸਰਕਾਰ ਤੇ ਲੋਕ ਵਿਰੋਧੀ ਸਿਆਸੀ ਪਾਰਟੀਆਂ ਤੋਂ ਧੀਆਂ ਭੈਣਾਂ ਦੀ ਰਾਖੀ ਦੀ ਝਾਕ ਛੱਡ ਕੇ ਖੁਦ ਹੀ ਅੱਗੇ ਆਉਣ ਦੀ ਲੋੜ ਹੈ। ਫਰੀਦਕੋਟ 'ਚ ਵਾਪਰੇ ਕਾਂਡ ਮੌਕੇ ਵੀ ਹਰਕਤ 'ਚ ਆਈ ਸ਼ਹਿਰੀ ਤੇ ਪੇਂਡੂ ਵਿਸ਼ਾਲ ਜਨਤਾ ਦੀ ਤਾਕਤ ਹੀ ਰਾਜਭਾਗ ਦੀ ਬੁੱਕਲ 'ਚ ਛੁਪੇ ਬੈਠੇ ਗੁੰਡਾ ਗਰੋਹ ਨੂੰ ਧੂਹ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ਦਾ ਸਾਧਨ ਬਣੀ ਸੀ। ਇੱਥੇ ਵੀ ਏਸੇ ਤਾਕਤ ਨੇ ਹੀ ਕੰਮ ਆਉਣਾ ਹੈ।

ਸੋ ਆਓ! ਗੁੰਡਾ ਗਰੋਹ ਦੇ ਹੱਥੋਂ ਬਲਾਤਕਾਰ ਦਾ ਸ਼ਿਕਾਰ ਹੋਈ ਗੰਧੜਾਂ ਦੀ ਨਾਬਾਲਗ ਕੁੜੀ ਤੇ ਪਰਿਵਾਰ ਦਾ ਇਕੱਠੇ ਹੋ ਕੇ ਦੁੱਖ ਵੰਡਾਈਏ। ਉਹਨਾਂ ਦੀ ਬਾਂਹ ਫੜੀਏ, ਉਹਨਾਂ ਦੀ ਢੋਈ ਬਣੀਏ। ਔਰਤਾਂ ਤੇ ਕੁੜੀਆਂ ਨੂੰ ਵਿਸ਼ੇਸ਼ ਕਰਕੇ ਅੱਗੇ ਆਉਣ ਦੀ ਲੋੜ ਹੈ।

ਸੋ ਪਿੰਡ ਪਿੰਡ ਇਕੱਠ ਮਾਰੋ। ਬਲਾਤਕਾਰੀਆਂ, ਪੁਲਸ ਤੇ ਹਕੂਮਤ ਨੂੰ ਲਾਹਣਤਾਂ ਪਾਓ। ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ, ਕੇਸ ਵਿੱਚ ਬਣਦੀਆਂ ਧਾਰਾਵਾਂ ਲਵਾਉਣ, ਦੋਸ਼ੀਆਂ ਦਾ ਪੱਖ ਪੂਰਨ ਵਾਲੇ ਥਾਣੇਦਾਰ 'ਤੇ ਕਾਰਵਾਈ ਕਰਵਾਉਣ ਅਤੇ ਪੀੜਤ ਕੁੜੀ ਨੂੰ ਮੁਆਵਜਾ ਦੁਆਉਣ ਲਈ ਲੱਕ ਬੰਨ੍ਹ ਕੇ ਅੱਗੇ ਆਓ।

6 ਤੋਂ 8 ਫਰਵਰੀ ਤੱਕ ਲੱਖੇਵਾਲੀ ਥਾਣੇ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਵਹੀਰਾਂ ਘੱਤ ਕੇ ਪਹੁੰਚੋ।

ਸਭਨਾਂ ਇਨਸਾਫਪਸੰਦ ਲੋਕਾਂ ਅਤੇ ਜਥੇਬੰਦੀਆਂ ਨੂੰ ਹਮਾਇਤ ਦੀ ਵਿਸ਼ੇਸ਼ ਅਪੀਲ ਕੀਤੀ ਜਾਂਦੀ ਹੈ।

ਵੱਲੋਂ:ਪੰਜਾਬ ਖੇਤ ਮਜ਼ਦੂਰ ਯੂਨੀਅਨ (ਇਲਾਕਾ ਮੁਕਤਸਰ)
ਪ੍ਰਕਾਸ਼ਨ ਮਿਤੀ: 1 ਫਰਵਰੀ, 2014
ਪ੍ਰਕਾਸ਼ਕ: ਕਾਕਾ ਸਿੰਘ ਖੁੰਡੇਹਲਾਲ ਸੰਪਰਕ: 94630 43761

Wednesday, January 29, 2014

ਬਲਾਤਕਾਰ ਦੇ ਦੋਸ਼ੀਆਂਅਤੇ ਸਮੇਂ ਸਿਰ ਕਾਰਵਾਈ ਨਾਂ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਡਾਕਟਰਾਂ ਨੂੰ ਢੁਕਵੀਂ ਸਜ਼ਾ ਦਿਵਾਉਣ ਲਈ ਲਈ ਅਵਾਜ਼ ਉਠਾਓ



ਗੰਧੜ ਪਿੰਡ ਚ
ਦਲਿਤ ਵਿਦਿਆਰਥਣ ਨਾਲ ਹੋਏ ਬਲਾਤਕਾਰ ਦੇ ਦੋਸ਼ੀਆਂ ਦੀ ਗ੍ਰਿਫਤਾਰੀ
ਅਤੇ ਸਮੇਂ ਸਿਰ ਕਾਰਵਾਈ ਨਾਂ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਡਾਕਟਰਾਂ ਨੂੰ

ਢੁਕਵੀਂ ਸਜ਼ਾ ਦਿਵਾਉਣ ਲਈ ਲਈ ਅਵਾਜ਼ ਉਠਾਓ




         24 ਜਨਵਰੀ ਨੂੰ ਜਦੋਂ ਸਾਰੇ ਪੰਜਾਬ ਦੀ ਪੁਲਸ ਗਣਤੰਤਰ ਦਿਵਸ ਦੀਆਂ ਤਿਆਰੀਆਂ ਚ ਰੁਝੀ  ਹੋਈ ਸੀ ਤਾਂ ਸਿਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਗੰਧੜ ਚ ਤਿਨ ਗੁੰਡੇ ਇਕ ਦਲਿਤ ਪਰਿਵਾਰ ਦੀ 8 ਵੀਂ ਚ ਪੜਦੀ ਨਾਬਾਲਿਕ ਲੜਕੀ ਤੇ ਝਪਟ ਪਏ ਅਤੇ ਉਸਦੀ ਇਜ਼ਤ ਨੂੰ ਤਾਰ ਤਾਰ ਕੀਤਾ | ਸਵੇਰੇ ਜਦੋਂ ਉਹ ਲੜਕੀ  ਸਕੂਲ ਜਾ ਰਹੀ ਸੀ ਤਾਂ ਇਹਨਾਂ ਤਿਨਾਂ ਗੁੰਡਿਆਂ ਨੇ ਉਸਨੂੰ ਧਕੇ ਨਾਲ ਚਕ ਕੇ ਅਤੇ ਧੂ ਕੇ ਇਕ ਗੁੰਡੇ ਦੇ ਘਰ ਲੈ ਆਂਦਾ| ਇਕ ਕਮਰੇ ਚ ਬੰਦ ਕਰਕੇ ਉਸਦੇ ਕਪੜੇ ਲਾਹ ਦਿਤੇ ਅਤੇ ਜਬਰਦਸਤੀ ਕਰਨ ਲਗੇ | ਮਜਲੂਮ ਕੁੜੀ ਨੇਂ ਰੌਲਾ ਪਾਇਆ, ਚੀਕਾਂ ਮਾਰੀਆਂ ਅਤੇ ਗੁੰਡਿਆਂ ਦਾ ਵਿਰੋਧ ਕੀਤਾ| ਉਸਦੀਆਂ ਚੀਕਾਂ ਸੁਨ ਕੇ ਇਕ ਔਰਤ ਉਥੇ ਆ ਗਈ ਜਿਸਨੂੰ ਦੇਖ ਕੇ ਗੁੰਡਿਆਂ ਨੂੰ ਉਸ ਨੂੰ ਛਡਣਾ ਪਿਆ| ਪਰ ਉਦੋਂ ਤਕ ਅਨਰਥ ਵਾਪਰ ਚੁਕਿਆ ਸੀ|

         ਗੁੰਡਿਆਂ ਦੀ ਗਿਰਫ਼ਤ ਚੋਂ ਰਿਹਾ ਹੋਕੇ ਕੁੜੀ ਨੇਂ ਆਪਨੇ ਮਾਂ ਪਿਉ ਨੂੰ ਆਪਣੇ ਤੇ ਵਾਪਰੇ ਕੈਹਰ ਦੀ ਕਹਾਣੀ ਦੱਸੀ| ਕੁੜੀ ਦਾ ਪਿਉ ਪਿੰਡ ਦੇ ਸਰਪੰਚ ਨਾਲ ਸੀਰੀ ਸੀ| ਉਹ ਮਦਦ ਦੀ ਆਸ ਲੈਕੇ ਸਰਪੰਚ ਕੋਲ ਗਿਆ ਪਰ ਸਰਪੰਚ ਉਸ ਨਾਲ ਥਾਣੇ ਜਾਨ ਚ ਦੇਰੀ ਕਰਦਾ ਰਿਹਾ | ਪਿਛੇ ਮੰਤਵ ਇਹ ਸੀ ਕੇ ਗੁੰਡੇ ਪਿੰਡ ਚੋਂ  ਭਜ ਜਾਨ ਤੇ ਪੁਲਸ ਦੇ ਹਥ ਨਾਂ ਆਉਣ |

         ਗੱਲ ਖੇਤ ਮਜਦੂਰ ਜਥੇਬੰਦੀ ਦੇ ਆਗੂਆਂ ਤਕ ਪਹੁੰਚ ਗਈ| ਉਹਨਾਂ ਨੇਂ ਲਾਚਾਰ ਬਾਪ ਨੂੰ ਨਾਲ ਲੈਕੇ ਲਖੇਵਾਲੀ ਥਾਣੇ ਪਹੁੰਚ ਕੀਤੀ| ਥਾਣੇ ਦਾ ਮੁਖ ਅਫਸਰ ਉਹਨਾਂ ਦੇ ਦਬਾਅ ਥੱਲੇ ਪਿੰਡ ਚ ਪਹੁੰਚ ਗਿਆ| ਉਸਨੇ ਪੀਡ਼ਤ  ਲੜਕੀ ਦਾ ਬਿਆਨ ਲਿਖਿਆ, ਉਹਦੇ ਮਾਪਿਆਂ ਤੋਂ ਪੁਛ ਪੜਤਾਲ ਕੀਤੀ| ਪਰ ਐਫ ਆਈ ਆਰ (F.I.R) ਦਰਜ ਨਹੀਂ ਕੀਤੀ| ਨਾਂ ਹੀ ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਇਆ | ਕਿਸੇ ਮੁਲਜ਼ਮ ਨੂੰ ਗਿਰਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ |  ਇਕ ਮੁਲਜ਼ਮ ਦੇ ਘਰੋਂ ਉਸਦੇ ਬਾਪ ਨੂੰ ਫੜ ਕੇ ਥਾਣੇ ਲੈ ਗਿਆ ਪਰ ਬਾਦ ਵਿਚ ਪਿੰਡ ਦੇ ਕੁਝ ਸਿਆਸੀ ਆਗੂਆਂ ਦੇ ਦਖਲ ਦੇਣ ਤੇ ਉਸਨੂੰ ਕੁਝ ਘੰਟਿਆਂ ਬਾਦ ਛਡ ਦਿੱਤਾ|

           ਅਗਲੇ ਦਿਨ 25 ਜਨਵਰੀ ਨੂੰ ਪੀੜਤ ਲੜਕੀ ਦੇ ਮਾਪੇ ਉਸਨੂੰ ਮੁਕਤਸਰ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਉਣ ਲਈ ਖੇਤ ਮਜਦੂਰ ਜਥੇਬੰਦੀ ਦੇ ਆਗੂਆਂ ਨਾਲ ਪਹੁੰਚੇ|  ਡਿਉਟੀ ਤੇ ਮੌਜੂਦ ਡਾਕਟਰ ਨੇਂ ਉਸਨੂੰ ਦਾਖਲ ਕਰਨ ਤੋ ਇਨਕਾਰ ਕਰ ਦਿੱਤਾ| ਉਹਨਾਂ ਨੇ ਸਿਵਲ ਸਰਜਨ ਤਕ ਪਹੁੰਚ ਕੀਤੀ| ਉਹਨੇ ਵੀ ਨਾਂਹ ਕਰ ਦਿੱਤੀ| ਮਾਮਲਾ ਉਥੋਂ ਦੇ ਪਤਰਕਾਰਾਂ ਦੇ ਧਿਆਨ ਵਿਚ ਲਿਆਂਦਾ ਗਿਆ| ਪਹਿਲਾਂ ਤਾਂ ਸਿਵਲ ਸਰਜਨ ਨੇਂ ਉਹਨਾਂ ਨੂੰ ਵੀ ਨਾਂਹ ਕਰ ਦਿੱਤੀ, ਕਹਿੰਦਾ ਪੀੜਤ ਲੜਕੀ ਨੂੰ ਸਿਰਫ ਪੁਲਸ ਦੇ ਕਹਿਣ ਤੇ ਹੀ ਦਾਖ਼ਲ ਕੀਤਾ ਜਾ ਸਕਦਾ ਹੈ| ਪਰ ਜਦੋਂ ਪਤਰਕਾਰ ਅਤੇ ਖੇਤ ਮਜਦੂਰ ਇਹ ਗੱਲ ਲਿਖਤੀ ਲੈਣ ਤੇ ਅੜ ਗਏ ਤਾਂ ਉਹ ਢਿੱਲਾ ਪੈ ਗਿਆ ਅਤੇ ਪੀੜਤ ਲੜਕੀ ਨੂੰ ਦਾਖ਼ਲ ਕਰ ਲਿਆ|

          ਹਸਪਤਾਲ ਚੋਂ ਤੁਰੰਤ ਪੁਲਸ ਨੂੰ ਇਤਲਾਹ ਦੇ ਦਿਤੀ ਗਈ, ਪਰ ਪੁਲਸ ਨਾ ਆਈ| ਖੇਤ ਮਜਦੂਰ ਆਗੂਆਂ ਨੇ SSP ਨੂੰ ਫੋਨ ਕੀਤਾ| ਉਹਨੇ ਕਿਹਾ DSP ਮਲੋਟ ਨੂੰ ਭੇਜ ਰਿਹਾ ਹਾਂ| ਇਕ ਘੰਟਾ ਇੰਤਜ਼ਾਰ ਕਰਨ ਤੋਂ ਬਾਦ ਜਦੋ DSP ਨਾਂ ਆਇਆ ਤਾਂ SSP ਨਾਲ ਖੇਤ ਮਜਦੂਰਾਂ ਨੇ ਦੁਬਾਰਾ ਗੱਲ ਕੀਤੀ | ਉਹ ਕਹਿੰਦਾ ਤੁਸੀਂ ਲ੍ਖੇਵਾਲੀ ਥਾਣੇ ਜਾ ਕੇ ਬਿਆਨ ਲਿਖਵਾਓ| ਖੇਤ ਮਜਦੂਰਾਂ ਨੇਂ ਉਸਨੂੰ  ਦੱਸਿਆ ਕਿ  ਲਖੇਵਾਲੀ ਥਾਣੇ ਤਾਂ ਪਹਿਲਾਂ ਹੀ ਇਤਲਾਹ ਦਿੱਤੀ ਹੋਈ ਹੈ| ਫਿਰ SSP ਕਹਿੰਦਾ ਥੋੜੀ ਦੇਰ ਹੋਰ ਇੰਤਜ਼ਾਰ ਕਰੋ|

                   SSP ਦੇ ਇਸ ਟਾਲ ਮਟੋਲ ਵਾਲੇ ਰਵਈਏ ਬਾਰੇ ਪਤਰਕਾਰਾਂ ਨੇ ਉਸ ਨਾਲ ਗੱਲ ਕੀਤੀ | ਮੀਡੀਆ ਤੋਂ ਡਰਦਿਆਂ ਉਹਨੇ ਸ਼ਾਮ ਨੂੰ ਲਗਪਗ ਸਵਾ ਤਿਨ ਵਜੇ ਪੁਲਸ ਨੂੰ ਪੀੜਤ ਲੜਕੀ ਦਾ ਬਿਆਨ ਲਿਖਣ ਲਈ ਭੇਜਿਆ|

         ਡਾਕਟਰਾਂ ਨੇਂ ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਤਾਂ ਕਰ ਲਿਆ ਪਰ ਹੁਣ ਉਹ ਮੈਡੀਕਲ ਰਿਪੋਰਟ ਦੇਣ ਤੋਂ ਟਾਲ ਵੱਟ ਰਹੇ ਹਨ।

         ਪੁਲਸ ਨੇ ਦੋਸ਼ੀਆਂ ਨੂੰ ਬਚਾਉਣ ਦੇ ਇਰਾਦੇ ਨਾਲ ਉਹਨਾਂ ਦੇ ਖਿਲਾਫ਼ ਜਬਰੀ ਅਗਵਾ ਕਰਨ ਅਤੇ ਸਮੂਹਕ ਬਲਾਤਕਾਰ ਕਰਨ ਦੀ ਕੋਸ਼ਿਸ ਦੇ ਜੁਰਮ ਨਹੀਂ ਲਗਾਏ| ਪੀੜਿਤ ਲੜਕੀ ਡੂੰਘੇ ਸਦਮੇ ਚ ਹੈ|

                  FIR ਦਰਜ ਕਰਨ ਦੇ ਬਾਵਜੂਦ ਵੀ ਪੁਲਸ ਨੇਂ ਅਜੇ ਤਕ ਗੁੰਡਿਆਂ ਨੂੰ ਫੜਨ ਲਈ ਕੋਈ ਕਦਮ ਨਹੀਂ ਚੁਕਿਆ| ਉਧਰ ਗੁੰਡਿਆਂ ਦੇ ਮਾਪੇ ਅਤੇ ਸਿਆਸੀ ਸਰਪ੍ਰਸਤ ਪੁਲਸ ਦੀ ਨਾ-ਅਹਲੀਅਤ ਦਾ ਫਾਇਦਾ ਉਠਾਉਂਦਿਆਂ ਲਗਾਤਾਰ ਪੀੜਤ ਲੜਕੀ ਦੇ ਪਰਿਵਾਰ ਤੇ ਸਮਝੌਤਾ ਕਰਨ ਲਈ ਦਬਾਅ ਪਾ ਰਹੇ ਹਨ| ਉਹਨਾਂ ਨੂੰ ਸਮਝੌਤੇ ਲਈ ਪੈਸੇ ਦੇਣ ਦੀਆਂ ਪੇਸ਼ਕਸ਼ਾਂ ਕਰ ਰਹੇ ਹਨ, ਗੁਝੀਆਂ ਧਮਕੀਆਂ ਵੀ ਦੇ ਰਹੇ ਹਨ | 

         ਪੁਲਸ ਦੀ ਨਾ-ਅਹਲੀਅਤ ਦੇ ਖਿਲਾਫ਼ ੨੭ ਜਨਵਰੀ ਨੂੰ ਸੈਂਕੜੇ ਲੋਕਾਂ ਨੇਂ 'ਪੰਜਾਬ ਖੇਤ ਮਜ਼ਦੂਰ ਯੂਨੀਅਨ' ਦੀ ਅਗਵਾਈ ਹੇਠ ਥਾਨਾ ਲੱਖੇਵਾਲੀ ਮੂਹਰੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਤੇ ਕਾਕਾ ਸਿੰਘ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਸਿਆਸੀ ਦਬਾਅ ਕਾਰਨ ਢਿੱਲ ਵਰਤ ਰਿਹਾ ਹੈ ਜਦੋਂ ਕਿ ਦੋਸ਼ੀਆਂ ਖਿਲਾਫ ਫੌਰੀ ਕਾਰਵਾਈ ਕਰਨੀ ਬਣਦੀ ਹੈ। ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲੀਸ ਵਲੋਂ ਦੋਸ਼ੀਆਂ ਨੂੰ ਰਾਹਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਲਾਤਕਾਰ ਦੇ ਦੋਸ਼ੀਆਂ ਖਿਲਾਫ ਸਾਰੇ ਬਣਦੇ ਜੁਰਮ FIR ਵਿਚ ਜੋੜੇ ਜਾਨ ਤੇ ਦੋਸ਼ੀਆਂ ਨੂੰ  ਗਿਰਫਤਾਰ ਕੀਤਾ ਜਾਵੇ।

             ਇਸ ਘਟਨਾ ਨੇਂ ਪੰਜਾਬ ਸਰਕਾਰ ਦੇ ਉਹਨਾਂ ਸਾਰੇ ਦਾਅਵਿਆਂ ਦੀ ਫੂਕ ਕਢ ਦਿੱਤੀ ਹੈ ਜਿਨ੍ਹਾਂ ਵਿਚ ਔਰਤਾਂ ਦੀ ਸੁਰਖਿਆ ਲਈ ਪੁਖਤਾ ਇੰਤਜ਼ਾਮ ਕਰਨ, ਪੁਲਸ ਨੂੰ ਬਲਾਤਕਾਰ ਅਤੇ ਛੇੜ ਛਾੜ ਦੇ ਮਾਮਲਿਆਂ ਚ ਵਧ ਸੰਵੇਦਨਸ਼ੀਲ ਬਣਾਉਣ ਅਤੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ - ਸਮੇਤ ਸਰਕਾਰੀ ਡਾਕਟਰਾਂ ਦੇ, ਨੂੰ ਪੀੜਤ ਔਰਤਾਂ ਨਾਲ ਹਮਦਰਦੀ ਸਹਿਤ ਪੇਸ਼ ਆਉਣ ਤੇ ਹਰ ਤਰਾਂ ਦੀ ਮਦਦ ਕਰਨ ਦੀਆਂ ਹਦੈਤਾਂ ਦੇਣ ਦੀਆਂ ਡੀਂਗਾਂ ਮਾਰੀਆਂ ਗਈਆਂ ਹਨ| ਇਸ ਪੀੜਿਤ ਦਲਿਤ ਬਾਲੜੀ ਦੇ ਮਾਮਲੇ ਚ ਪੁਲਸ ਅਤੇ ਸਿਵਿਲ ਹਸਪਤਾਲ ਮੁਕਤਸਰ ਦੇ ਅਧਿਕਾਰੀਆਂ / ਡਾਕਟਰਾਂ ਨੇਂ ਮੁਜਰਮਾਨਾ ਕੁਤਾਹੀ ਕੀਤੀ ਹੈ |

ਲੋਕ ਮੋਰਚਾ ਪੰਜਾਬ ਮੰਗ ਕਰਦਾ ਹੈ ਕਿ:

1.                  ਇਸ ਪੀੜਤ ਦਲਿਤ ਬਾਲੜੀ ਨੂੰ ਅਗਵਾ ਕਰਨ ਅਤੇ ਉਸਨੂੰ ਘਰ ਚ ਬੰਦ ਕਰਕੇ ਉਸਦੇ ਕਪੜੇ ਲਾਹੁਣ ਅਤੇ ਇਜ਼ਤ ਲੁਟਣ ਵਾਲੇ ਤਿਨਾਂ ਮੁਲਜ਼ਮਾਂ ਦੇ ਖਿਲਾਫ਼ - ਅਗਵਾ, ਸਮੂਹਕ ਬਲਾਤਕਾਰ ਅਤੇ ਹੋਰ ਬਣਦੇ ਜੁਰਮ FIR ਵਿਚ ਜੋੜੇ ਜਾਨ;

2.                  FIR ਦਰਜ਼ ਕਰਨ ਅਤੇ ਪੀੜਤ ਬਾਲੜੀ ਦਾ ਡਾਕਟਰੀ ਮੁਆਇਨਾ ਕਰਵਾਉਣ ਚ ਦੇਰੀ ਕਰਨ ਲਈ ਜ਼ਿਮੇੰਦਾਰ ਪੁਲਸ ਅਧਿਕਾਰੀਆਂ ਦੇ ਖਿਲਾਫ਼ ਮੁਕਦਮਾ ਦਰਜ਼ ਕਰਕੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ;

3.                  ਸਿਵਲ ਸਰਜਨ ਸਿਰੀ ਮੁਕਤਸਰ ਸਾਹਿਬ ਅਤੇ ਡਿਉਟੀ ਤੇ ਮੌਜੂਦ ਡਾਕਟਰ ਜਿਨਾਹਂ ਨੇਂ ਪੀੜਤ ਲੜਕੀ ਨੂੰ ਹਸਪਤਾਲ ਚ ਦਾਖਲ ਕਰਨ, ਉਸਦਾ ਡਾਕਟਰੀ ਮੁਆਇਨਾ ਅਤੇ ਇਲਾਜ ਕਰਨ ਤੋਂ ਨਾਂਹ ਕੀਤੀ ਹੈ, ਉਹਨਾਂ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇ;

4.                  ਪੀੜਤ ਲੜਕੀ ਅਤੇ ਉਸਦੇ ਪਰਿਵਾਰ ਦੇ ਮੁੜ ਵਸੇਬੇ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ|

ਜਗਮੇਲ ਸਿੰਘ - ਜਨਰਲ ਸਕੱਤਰ
ਗੁਰਦਿਆਲ ਸਿੰਘ ਭੰਗਲ – ਪ੍ਰਧਾਨ
ਲੋਕ ਮੋਰਚਾ ਪੰਜਾਬ

Thursday, June 6, 2013

ਖੇਤ ਮਜ਼ਦੂਰ ਜਥੇਬੰਦੀ ਦੇ ਸਭਨਾਂ ਹਿਤੈਸ਼ੀਆਂ ਦੇ ਨਾਂ ਅਪੀਲ - ਵਿਸ਼ੇਸ਼ ਫੰਡ ਮੁਹਿੰਮ 'ਚ ਯੋਗਦਾਨ ਪਾਉਣ ਲਈ ਅੱਗੇ ਆਓ



ਖੇਤ ਮਜ਼ਦੂਰ ਜਥੇਬੰਦੀ ਦੇ ਸਭਨਾਂ ਹਿਤੈਸ਼ੀਆਂ ਦੇ ਨਾਂ ਅਪੀਲ
ਵਿਸ਼ੇਸ਼ ਫੰਡ ਮੁਹਿੰਮ 'ਚ ਯੋਗਦਾਨ ਪਾਉਣ ਲਈ ਅੱਗੇ ਆਓ

ਸਾਥੀ ਜੀ, ਅਸੀਂ ਤੁਹਾਡੇ ਨਾਲ ਸਾਡੀ ਜਥੇਬੰਦੀ ਦੀ ਇੱਕ ਅਹਿਮ ਸਮੱਸਿਆ ਸਾਂਝੀ ਕਰਨਾ ਚਾਹੁੰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਰਕਾਰਾਂ ਵੱਲੋਂ ਜਾਗੀਰੂ ਅਤੇ ਸਾਮਰਾਜੀ ਲੁੱਟ ਨੂੰ ਹੋਰ ਤੇਜ਼ ਤੇ ਤਿੱਖੀ ਕਰਨ ਵਾਲੀਆਂ ਨੀਤੀਆਂ ਤੇਜੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਲੋਕ ਵਿਰੋਧੀ ਨੀਤੀਆਂ ਦਾ ਹੱਲਾ ਹੋਰਨਾਂ ਮਿਹਨਤਕਸ਼ਾਂ ਵਾਂਗ ਖੇਤ ਮਜ਼ਦੂਰਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਸ ਆਰਥਿਕ ਧਾਵੇ ਨੂੰ ਅੱਗੇ ਵਧਾਉਣ ਲਈ ਸਭੈ ਸਰਕਾਰਾਂ ਵੱਲੋਂ ਜਾਬਰ ਹੱਲਾ ਵੀ ਤੇਜ਼ ਕੀਤਾ ਜਾ ਰਿਹਾ ਹੈ। ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਮੁੱਢਲੇ ਅਤੇ ਜਮਹੂਰੀ ਅਧਿਕਾਰ ਬੁਰੀ ਤਰ੍ਹਾਂ ਦਰੜੇ ਜਾ ਰਹੇ ਹਨ। ਇਹਨਾਂ ਹਮਲਿਆਂ ਦਾ ਜੁਆਬ ਦੇਣ ਲਈ ਵੱਖ ਵੱਖ ਤਬਕਿਆਂ ਦੀਆਂ ਆਪਣੀਆਂ ਵਿਸ਼ਾਲ ਜਨਤਕ ਆਧਾਰ ਅਤੇ ਭੇੜੂ ਸਮਰੱਥਾ ਵਾਲੀਆਂ ਜਥੇਬੰਦੀਆਂ ਦੀ ਬੇਹੱਦ ਲੋੜ ਹੈ। ਇਸ ਤੋਂ ਅੱਗੇ ਸਾਂਝੇ ਘੋਲ ਵੀ ਅਣਸਰਦੀ ਲੋੜ ਹਨ।

ਖੇਤ ਮਜ਼ਦੂਰ, ਜਿਹੜੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਪਹਿਲਾਂ ਹੀ ਸਮਾਜ ਦੀ ਕੰਨੀ 'ਤੇ ਧੱਕੇ ਹੋਏ ਹਨ। ਇਹਨਾਂ ਨੀਤੀਆਂ ਦੇ ਸਿੱਟੇ ਵਜੋਂ ਹੋਰ ਵੀ ਗੰਭੀਰ ਸੰਕਟ ਦੇ ਮੂੰਹ ਧੱਕੇ ਜਾ ਰਹੇ ਹਨ। ਉਹਨਾਂ ਵਿੱਚ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੀ ਲੋੜ ਵਧ ਰਹੀ ਹੈ। ਸਾਡੀ ਜਥੇਬੰਦੀ ਇਹਨਾਂ ਨੂੰ ਜਥੇਬੰਦ ਕਰਕੇ ਦ੍ਰਿੜ੍ਹ ਸੰਘਰਸ਼ਾਂ ਦੇ ਮੋਰਚੇ 'ਤੇ ਲਿਆਉਣ ਲਈ ਜੂਝ ਰਹੀ ਹੈ। ਖੇਤ ਮਜ਼ਦੂਰਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਡੇ ਪੱਧਰ 'ਤੇ ਇਸਦੇ ਪਸਾਰੇ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਹਨਾਂ ਸੰਭਾਵਨਾਵਾਂ ਨੂੰ ਹਕੀਕਤ ਵਿੱਚ ਬਦਲਣ ਲਈ ਜਥੇਬੰਦੀ ਵਾਸਤੇ ਪੂਰਾ ਸਮਾਂ ਦੇਣ ਵਾਲੀਆਂ ਆਗੂ ਟੀਮਾਂ ਦੀ ਅਣਸਰਦੀ ਲੋੜ ਹੈ। ਮੌਜੂਦਾ ਸਮੇਂ ਯੂਨੀਅਨ ਕੰਮਾਂ ਲਈ ਪੂਰਾ ਸਮਾਂ ਦੇਣ ਵਾਲੇ ਆਗੂਆਂ/ਕਾਰਕੁੰਨਾਂ ਦੀਆਂ ਸਮਰੱਥਾਵਾਨ ਟੀਮਾਂ ਸਾਡੇ ਕੋਲ ਇੱਕ ਹੱਦ ਤੱਕ ਮੌਜੂਦ ਹਨ। ਥੋੜ੍ਹੀ ਹੋਰ ਮਿਹਨਤ ਤੇ ਸਮੇਂ ਦੇ ਨਾਲ ਅਜਿਹੇ ਹੋਰ ਆਗੂ/ਕਾਰਕੁੰਨ ਪੈਦਾ ਹੋਣ ਦੀਆਂ ਅਥਾਹ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ, ਜਿਹਨਾਂ ਦੀ ਯੋਗਤਾ ਨੂੰ ਭਰਪੂਰ ਵਰਤੋਂ ਵਿੱਚ ਲਿਆ ਕੇ ਸਾਡੀ ਜਥੇਬੰਦੀ ਛੇਤੀ ਹੀ ਵਿਸ਼ਾਲ ਅਤੇ ਮਜਬੂਤ ਜਥੇਬੰਦੀ ਵਜੋਂ ਉੱਭਰ ਸਕਦੀ ਹੈ। ਇਸ ਸਮੇਂ ਸਥਾਨਕ ਤੇ ਸਰਕਾਰੀ ਰਿਆਇਤਾਂ ਸਹੂਲਤਾਂ ਵਾਲੇ ਛੋਟੇ ਮੁੱਦਿਆਂ ਉੱਪਰ ਘੋਲ ਜਥੇਬੰਦ ਕਰਨ ਤੋਂ ਅੱਗੇ ਵਧ ਸਕਦੀ ਹੈ। ਜ਼ਮੀਨ, ਕਰਜ਼ੇ ਤੇ ਨਿੱਜੀਕਰਨ ਆਦਿ ਨਾਲ ਜੁੜੇ ਵੱਡੇ ਤੇ ਬੁਨਿਆਦੀ ਮੁੱਦਿਆਂ ਨੂੰ ਘੋਲ ਮੁੱਦਿਆਂ ਵਜੋਂ ਹੱਥ ਲੈਣ ਦੇ ਸਮਰੱਥ ਬਣ ਸਕਦੀ ਹੈ। ਪਰ ਯੂਨੀਅਨ ਲਈ ਪੂਰਾ ਸਮਾਂ ਦੇ ਸਕਣ ਦੀ ਯੋਗਤਾ ਅਤੇ ਮਾਨਸਿਕ ਤਿਆਰੀ ਰੱਖਦੇ ਸਭਨਾਂ ਆਗੂਆਂ/ਕਾਰਕੁੰਨਾਂ ਦੀ ਪੂਰੀ ਤੇ ਸਹੀ ਵਰਤੋਂ ਕਰਨ ਦੇ ਮਾਮਲੇ ਵਿੱਚ ਸਾਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਆਗੂ /ਕਾਰਕੁੰਨ ਇਹ ਯੋਗਤਾ ਰੱਖਦੇ ਹਨ, ਉਹਨਾਂ ਨੂੰ ਘਰਾਂ ਦੀਆਂ ਕਬੀਲਦਾਰੀਆਂ ਦਾ ਬੋਝ ਵੀ ਚੁੱਕਣਾ ਪੈ ਰਿਹਾ ਹੈ। ਖੇਤ ਮਜ਼ਦੂਰਾਂ ਦੀ ਊਣੀ ਮਿਹਨਤ, ਸੋਕੜੇ ਮਾਰੇ ਰੁਜ਼ਗਾਰ ਤੇ ਵਧਦੀ ਮਹਿੰਗਾਈ ਦੇ ਕਾਰਨ ਪੂਰੇ ਦਾ ਪੂਰਾ ਟੱਬਰ ਰਲ ਕੇ ਵੀ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਤੇ ਹੋਰ ਲੋੜਾਂ ਤੋਂ ਥੁੜ੍ਹਦਾ ਹੈ। ਹਾਲਤ ਇਹ ਸਾਹਮਣੇ ਆਉਂਦੀ ਹੈ ਕਿ ''ਜਾਂ ਟਾਂਡਿਆਂ ਵਾਲੀ ਨਹੀਂ- ਜਾਂ ਭਾਂਡਿਆਂ ਵਾਲੀ ਨਹੀਂ''। ਜੇਕਰ ਉਹ ਜਥੇਬੰਦੀ ਦੇ ਕੰਮਾਂ ਵਿੱਚ ਲਗਾਤਾਰ ਆਪਣਾ ਸਮਾਂ ਦਿੰਦੇ ਹਨ ਤਾਂ ਘਰ ਦੀ ਕਬੀਲਦਾਰੀ ਉੱਖੜਦੀ ਹੈ, ਜੇ ਕਬੀਲਦਾਰੀ ਨੂੰ ਸੰਭਾਲਦੇ ਹਨ ਤਾਂ ਜਥੇਬੰਦੀ ਲਈ ਸਮਾਂ ਨਹੀਂ ਬਚਦਾ। ਸਿੱਟੇ ਵਜੋਂ ਜਥੇਬੰਦੀ ਦਾ ਢਾਂਚਾ ਉੱਖੜਦਾ ਹੈ। ਪਰ ਸਾਡੀ ਜਥੇਬੰਦੀ ਅਜੇ ਆਰਥਿਕ ਪੱਖੋਂ ਇਸ ਗੱਲ ਦੇ ਸਮਰੱਥ ਨਹੀਂ ਕਿ ਉਹ ਅਜਿਹੇ ਆਗੂਆਂ, ਵਰਕਰਾਂ ਦੀਆਂ ਕਬੀਲਦਾਰੀਆਂ ਦਾ ਬੋਝ ਵੰਡਾ ਸਕੇ। ਜਿਹੜੇ ਕੁਝ ਕੁ ਆਗੂ/ਕਾਰਕੁੰਨ ਸਿਰੜ ਨਾਲ ਲੱਕ ਬੰਨ੍ਹ ਕੇ ਕੁਲਵਕਤੀ ਤੁਰ ਵੀ ਰਹੇ ਹਨ। ਉਹਨਾਂ ਨੂੰ ਵੀ ਪਰਿਵਾਰ ਤੇ ਯੂਨੀਅਨ ਕੰਮਾਂ ਦੀਆਂ ਇੱਕੋ ਸਮੇਂ ਉੱਭਰਦੀਆਂ ਤਿੱਖੀਆਂ ਲੋੜਾਂ ਦੇ ਭਾਰੀ ਤਣਾਅ ਵਾਲੀਆਂ ਹਾਲਤਾਂ 'ਚੋਂ ਗੁਜ਼ਰਨਾ ਪੈ ਰਿਹਾ ਹੈ। 

ਕੁਝ ਸਮਾਂ ਪਹਿਲਾਂ ਭਾਰੀ ਮੀਹਾਂ ਕਾਰਨ ਸਾਡੇ ਦੋ ਲੱਗਭੱਗ ਕੁਲਵਕਤੀ ਕਾਰਕੁੰਨਾਂ ਦੇ ਕੋਠੇ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ, ਜਿਹਨਾਂ ਨੂੰ ਪੂਰੀ ਸਰਦੀ ਤੰਬੂਆਂ ਦੇ ਆਸਰੇ ਹੀ ਕੱਟਣੀ ਪਈ। ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਉਹਨਾਂ ਨੇ ਨਾ ਜਥੇਬੰਦੀ ਦਾ ਕੰਮ ਛੱਡਿਆ ਤੇ ਨਾ ਹੀ ਆਰਥਿਕ ਸਹਾਇਤਾ ਦੀ ਮੰਗ ਕੀਤੀ। ਕੁੱਲ ਮਿਲਾ ਕੇ ਇਹਨਾਂ ਕਾਰਕੁੰਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਔਖ-ਸੌਖ ਝੱਲਣ ਲਈ ਕਾਫੀ ਚੰਗੀ ਮਾਨਸਿਕ ਤਿਆਰੀ ਦਾ ਪ੍ਰਗਟਾਵਾ ਕੀਤਾ। ਇਸ ਹਾਲਤ ਵਿੱਚ ਉਹਨਾਂ ਦੀ ਮੱਦਦ ਕਰਨਾ ਅਣਸਰਦੀ ਲੋੜ ਸੀ, ਪਰ ਇਹ ਸਾਡੇ ਲਈ ਪੂਰੀ ਤਰ੍ਹਾਂ ਅਸੰਭਵ ਸੀ। ਇਸ ਹਾਲਤ ਨੂੰ ਵਾਚ ਕੇ ਲੋਕ ਲਹਿਰ ਦੇ ਹਮਾਇਤੀ ਕੁੱਝ ਮੁਲਾਜ਼ਮ ਹਿੱਸਿਆਂ ਵੱਲੋਂ ਖੁਦ ਹੀ ਇਸ ਲੋੜ ਨੂੰ ਮਹਿਸੂਸ ਕੀਤਾ ਗਿਆ। ਇਹਨਾਂ ਪਰਿਵਾਰਾਂ ਲਈ ਉੱਦਮ ਜੁਟਾ ਕੇ ਉਹਨਾਂ ਦੇ ਮਕਾਨ ਬਣਾਉਣ 'ਚ ਚੰਗੀ ਮੱਦਦ ਜੁਟਾਈ ਗਈ। ਇੱਕ ਹੋਰ ਅਜਿਹੇ ਕਾਰਕੁੰਨ ਨੂੰ ਗੰਭੀਰ ਬਿਮਾਰੀ ਨੇ ਘੇਰ ਲਿਆ ਸੀ, ਜਿਸ ਦੇ ਇਲਾਜ ਉੱਪਰ ਇੱਕ ਲੱਖ ਦੇ ਕਰੀਬ ਆਉਣ ਵਾਲਾ ਖਰਚਾ ਸਾਡੀ ਜਥੇਬੰਦੀ ਅਤੇ ਉਸ ਪਰਿਵਾਰ ਲਈ ਬੇਹੱਦ ਮੁਸ਼ਕਲ ਸੀ। ਇਸ ਕੇਸ ਵਿੱਚ ਵੀ ਨੇੜਲੇ ਤੇ ਹਮਾਇਤੀ ਮੁਲਾਜ਼ਮ ਅਤੇ ਕਿਸਾਨ ਹਿੱਸਿਆਂ ਨੇ ਵਿਅਕਤੀਗਤ ਮੱਦਦ ਜੁਟਾ ਕੇ ਉਸਦਾ ਦਾ ਇਲਾਜ ਕਰਵਾਇਆ ਸੀ। ਇਸ ਤੋਂ ਇਲਾਵਾ ਜਥੇਬੰਦੀ ਲਈ ਪੂਰਾ ਸਮਾਂ ਦੇਣ ਵਾਲੇ ਜਾਂ ਬਹੁਤਾ ਸਮਾਂ ਦੇਣ ਵਾਲੇ ਕਾਰਕੁੰਨਾਂ ਦੀਆਂ ਆਪਣੀਆਂ ਜਾਂ ਪਰਿਵਾਰਕ ਮੈਂਬਰਾਂ ਦੀਆਂ ਬਿਮਾਰੀਆਂ ਸਮੇਂ ਇਲਾਜ ਕਰਵਾਉਣ, ਜੁਆਕਾਂ ਦੇ ਮੂੰਹ 'ਚ ਦੋ ਬੁਰਕੀਆਂ ਪਾਉਣ, ਉਹਨਾਂ ਦਾ ਨੰਗ ਢਕਣ ਵਰਗੀਆਂ ਅਣਸਰਦੀਆਂ ਲੋੜਾਂ ਪੂਰੀਆਂ ਕਰਨ ਦੀ ਹਾਲਤ ਸਾਡੇ ਸਾਹਮਣੇ ਗੰਭੀਰ ਆਰਥਿਕ ਸਮੱਸਿਆ ਬਣ ਕੇ ਆਉਂਦੀ ਹੈ। ਜ਼ਿਲ੍ਹਾ ਮੁਕਤਸਰ ਵਿੱਚ ਸਾਡੀ ਜਥੇਬੰਦੀ ਦੇ ਦੋ ਅਹਿਮ ਕਾਰਕੁੰਨ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਸਾਨੂੰ ਵਿਛੋੜਾ ਦੇ ਗਏ ਹਨ, ਜਿਹਨਾਂ ਨੂੰ ਵੇਲੇ ਸਿਰ ਅਤੇ ਚੰਗੇ ਇਲਾਜ ਨਾਲ ਬਚਾਅ ਸਕਣ ਦੀਆਂ ਸੰਭਾਵਨਾਵਾਂ ਮੌਜੂਦ ਵੀ ਸਨ। ਪਰ ਇਹਨਾਂ ਪਰਿਵਾਰਾਂ ਅਤੇ ਜਥੇਬੰਦੀ ਦੀ ਕਮਜ਼ੋਰ ਆਰਥਿਕ ਹਾਲਤ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਇਹਨਾਂ ਆਗੂਆਂ ਦੇ ਘਰਾਂ ਦੀ ਹਾਲਤ ਇਹ ਸੀ ਕਿ ਸੰਸਕਾਰ ਤੇ ਭੋਗ ਦੇ ਖਰਚਿਆਂ  'ਚ ਵੀ ਯੂਨੀਅਨ ਨੂੰ ਹੱਥ ਵਟਾਉਣਾ ਪਿਆ।

ਅਸੀਂ ਇਸ ਸਮੱਸਿਆ ਦੇ ਹੱਲ ਲਈ ਆਪਣੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕਰਦੇ ਆ ਰਹੇ ਹਾਂ। ਮਿਸਾਲ ਵਜੋਂ ਹੁਣ ਇਹਨਾਂ ਦਿਨਾਂ ਵਿੱਚ ਹੀ ਜ਼ਿਲ੍ਹਾ ਸੰਗਰੂਰ ਵਿੱਚ 125 ਦੇ ਕਰੀਬ ਯੂਨੀਅਨ ਵਰਕਰਾਂ ਵੱਲੋਂ ਇਕੱਠੇ ਹੋ ਕੇ ਕਈ ਦਿਨ ਇਸ ਮਕਸਦ ਖਾਤਰ ਕਣਕ ਦੀ ਵਾਢੀ ਕੀਤੀ ਗਈ। ਤਾਂ ਜੋ ਸਮੂਹਿਕ ਮਿਹਨਤ ਨਾਲ ਇਕੱਠੇ ਹੋਏ ਇਸ ਫੰਡ ਨੂੰ ਅਜਿਹੇ ਕਾਰਕੁੰਨਾਂ ਦੀ ਸਹਾਇਤਾ ਲਈ ਵੀ ਵਰਤਿਆ ਜਾ ਸਕੇ। ਇਸ ਤੋਂ ਪਹਿਲਾਂ ਵੀ ਅਸੀਂ ਕਈ ਥਾਈਂ ਕਣਕ ਦੀ ਵਾਢੀ, ਝੋਨੇ ਦੀ ਲਵਾਈ ਅਤੇ ਨਰਮੇ ਦੀ ਚੁਗਾਈ ਦੇ ਸੀਜ਼ਨਾਂ ਵਿੱਚ ਇਕੱਠੇ ਹੋ ਕੇ ਕੀਤੇ ਕੰਮ ਦੇ ਪੈਸਿਆਂ ਨੂੰ ਯੂਨੀਅਨ ਦੇ ਫੰਡਾਂ ਤੋਂ ਇਲਾਵਾ ਇਸ ਮਕਸਦ ਖਾਤਰ ਵੀ ਜੁਟਾਉਣ ਦੇ ਯਤਨ ਕਰਦੇ ਆ ਰਹੇ ਹਾਂ। ਵਿਸ਼ੇਸ਼ ਲੋੜਾਂ ਅਤੇ ਮੌਕਿਆਂ 'ਤੇ ਚੋਣਵੇਂ ਮਜ਼ਦੂਰ ਹਿੱਸਿਆਂ ਕੋਲੋਂ ਇਸ ਖਾਤਰ ਯੋਗਦਾਨ ਪਵਾ ਰਹੇ ਹਾਂ। ਇੱਕ ਛੋਟੇ ਤੇ ਨੇੜੇ ਬੈਠੇ ਖੇਤ ਮਜ਼ਦੂਰ ਹਿਤੈਸ਼ੀ ਮੁਲਾਜ਼ਮ, ਕਿਸਾਨ ਤੇ ਹੋਰਨਾਂ ਹਿੱਸਿਆਂ ਕੋਲੋਂ ਮੌਕਾ-ਬਾ-ਮੌਕਾ ਵਿਸ਼ੇਸ਼ ਫੰਡ ਹਾਸਲ ਕਰਨ ਰਾਹੀਂ ਇਹਨਾਂ ਲੋੜਾਂ ਨੂੰ ਪੂਰਾ ਕਰਨ ਦੇ ਟੁੱਟਵੇਂ-ਖਿੰਡਵੇਂ ਤੇ ਅੰਸ਼ਿਕ ਯਤਨ ਜੁਟਾਉਂਦੇ ਆ ਰਹੇ ਹਾਂ। ਪਰ ਕੁੱਲ ਲੋੜਾਂ ਦੇ ਹਿਸਾਬ ਨਾਲ ਇਹ ਆਟੇ 'ਚ ਲੂਣ ਬਰੋਬਾਰ ਹਨ। 

ਯੂਨੀਅਨ ਲਈ ਪੂਰਾ ਸਮਾਂ ਦੇਣ ਦੇ ਸਮਰੱਥ ਤੇ ਮਾਨਸਿਕ ਤੌਰ 'ਤੇ ਤਿਆਰ ਸਭਨਾਂ ਆਗੂਆਂ/ਕਾਰਕੁੰਨਾਂ ਦੀਆਂ ਬੇਹੱਦ ਵਾਜਬ, ਅਣ-ਸਰਦੀਆਂ ਪਰਿਵਾਰਕ ਲੋੜਾਂ ਦਾ ਕੁਝ ਨਾ ਕੁਝ ਬੋਝ ਵੰਡਾਉਣਾ ਉਹਨਾਂ ਨੂੰ ਕੁਲਵਕਤੀ ਤੋਰਨ ਲਈ ਸ਼ਰਤ ਵਰਗੀ ਗੱਲ ਬਣੀ ਖੜ੍ਹੀ ਹੈ। ਜੋ ਸਾਡੇ ਵਿੱਤ ਤੋਂ ਕਿਤੇ ਵੱਡੀ ਗੱਲ ਹੈ। ਇਸ ਲਈ ਅਸੀਂ ਅਜਿਹੇ ਹੋਣਹਾਰ ਆਗੂਆਂ ਦੀ ਸਹਾਇਤਾ ਵਾਸਤੇ ਖੇਤ ਮਜ਼ਦੂਰ ਜਥੇਬੰਦੀ ਤੇ ਲਹਿਰ ਦੇ ਹਿਤੈਸ਼ੀ ਸਭਨਾਂ ਹਿੱਸਿਆਂ ਕੋਲੋਂ ਵੱਡੀ ਫੰਡ ਮੁਹਿੰਮ ਜਥੇਬੰਦ ਕਰਨ ਦਾ ਫੈਸਲਾ ਕੀਤਾ ਹੈ। ਸੋ ਅਸੀਂ ਤੁਹਾਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਸ ਫੰਡ-ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾਇਆ ਜਾਵੇ। ਤੁਹਾਡੇ ਜ਼ੋਰਦਾਰ ਸਹਿਯੋਗ ਤੋਂ ਬਿਨਾ ਸਾਡੇ ਲਈ ਇਸ ਸਮੱਸਿਆ ਦਾ ਹੱਲ ਕਰਨਾ ਮੁਸ਼ਕਲ ਹੀ ਨਹੀਂ, ਲੱਗਭੱਗ ਅਸੰਭਵ ਹੈ। ਸਾਨੂੰ ਇਸ ਗੱਲ ਦਾ ਪੂਰਨ ਅਹਿਸਾਸ ਹੈ ਕਿ ਅੰਤਿਮ ਤੌਰ 'ਤੇ ਤਾਂ ਸਾਡੀ ਜਥੇਬੰਦੀ ਨੇ ਆਪਣੇ ਵਿਸ਼ਾਲ ਜਨਤਕ ਆਧਾਰ ਅਤੇ ਮਜਬੂਤੀ ਦੇ ਆਸਰੇ ਖੁਦ ਹੀ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਜਿੱਠਣ ਦੇ ਸਮਰੱਥਾ ਬਣਨਾ ਹੈ। ਪਰ ਮੌਜੂਦਾ ਹਾਲਤਾਂ 'ਚ ਵਕਤੀ ਤੌਰ 'ਤੇ ਤੁਹਾਡੇ ਸਭਨਾਂ ਦੇ ਸਹਿਯੋਗ ਤੋਂ ਬਿਨਾ ਇਹ ਮੁਕਾਮ ਹਾਸਲ ਕਰਨਾ ਅਜੇ ਸੰਭਵ ਨਹੀਂ।

ਅਸੀਂ ਹੁਣ ਇੱਕ ਵਾਰ ਜ਼ੋਰਦਾਰ ਝੁੱਟੀ ਮਾਰ ਕੇ ਇਹ ਫੰਡ ਇਕੱਠਾ ਕਰਨ ਦਾ ਟੀਚਾ ਮਿਥਿਆ ਹੈ। ਇਸ ਤੋਂ ਇਲਾਵਾ ਇਸ ਕੰਮ ਖਾਤਰ ਲਗਾਤਾਰ ਛਿਮਾਹੀ ਜਾਂ ਪ੍ਰਤੀ ਮਹੀਨਾ ਨਿਯਮਤ ਫੰਡ ਦੇਣਾ ਵੀ ਇਸ ਕਾਰਜ ਦਾ ਇੱਕ ਹਿੱਸਾ ਹੈ। ਅਸੀਂ ਆਸ ਕਰਦੇ ਹਾਂ ਕਿ ਖੇਤ ਮਜ਼ਦੂਰ ਜਥੇਬੰਦੀ ਅਤੇ ਲਹਿਰ ਨੂੰ ਅੱਗੇ ਵਧਾਉਣ ਲਈ ਇਸ ਕਾਰਜ 'ਚ ਆਪ ਜੀ ਵੱਲੋਂ ਦਿਲ ਖੋਲ੍ਹ ਕੇ ਭਰਪੂਰ ਯੋਗਦਾਨ ਪਾਇਆ ਜਾਵੇਗਾ।

ਖੇਤ ਮਜ਼ਦੂਰ ਜਥੇਬੰਦੀ ਜੋ ਕਿਸਾਨ ਲਹਿਰ ਦਾ ਹੀ ਅਟੁੱਟ ਅੰਗ ਹੈ। ਇਸਦੀ ਮਜਬੂਤੀ ਤੇ ਪਸਾਰਾ ਸਿਰਫ ਖੇਤ ਮਜ਼ਦੂਰਾਂ ਲਈ ਹੀ ਨਹੀਂ ਸਗੋਂ ਸਮੁੱਚੇ ਮਿਹਨਤਕਸ਼ ਤਬਕਿਆਂ ਲਈ ਵੀ ਸਹਾਈ ਸਾਬਤ ਹੋਵੇਗਾ। ਇਹ ਹਕੀਕਤ ਸਭਨਾਂ ਦੇ ਸਾਹਮਣੇ ਹੈ ਕਿ ਬੀ.ਕੇ.ਯੂ. ਏਕਤਾ (ਉਗਰਾਹਾਂ) ਦੀ ਤਕੜਾਈ ਦਾ ਸਭਨਾਂ ਸੰਘਰਸ਼ਸ਼ੀਲ ਤੇ ਪੀੜਤ ਹਿੱਸਿਆਂ ਨੂੰ ਗਿਣਨਯੋਗ ਸਹਾਰਾ ਮਿਲਿਆ ਹੈ। ਮੁਲਾਜ਼ਮਾਂ ਤੇ ਬੇਰੁਜ਼ਗਾਰਾਂ ਦੇ ਘੋਲਾਂ ਸਮੇਂ ਇਹਦੇ ਹਮਾਇਤੀ ਕੰਨ੍ਹੇ ਨੇ ਮਹੱਤਵਪੂਰਨ ਰੋਲ ਨਿਭਾਇਆ ਹੈ। ਸ਼ਰੂਤੀ ਅਗਵਾ ਕਾਂਡ 'ਚ ਇਹਦੇ ਰੋਲ ਨੇ ਕੁੱਲ ਕੇਸ ਦਾ ਪਾਸਾ ਪਲਟ ਦਿੱਤਾ ਹੈ। ਇਉਂ ਹੀ ਮਜ਼ਦੂਰ ਜਥੇਬੰਦੀ ਦੀ ਮਜਬੂਤੀ ਦਾ ਸਮੁੱਚੇ ਸੰਘਰਸ਼ਸ਼ੀਲ ਤੇ ਲੁੱਟੇ ਪੁੱਟੇ ਜਾ ਰਹੇ ਹਿੱਸਿਆਂ ਦੇ ਹੱਕ ਵਿੱਚ ਵਜ਼ਨ ਬਣਨਾ ਹੈ। ਕਿਸਾਨ ਜਥੇਬੰਦੀ ਦੀ ਹੋਰ ਤਕੜਾਈ ਦਾ ਵੀ ਖੇਤ ਮਜ਼ਦੂਰ ਜਥੇਬੰਦੀ ਦੀ ਮਜਬੂਤੀ ਨਾਲ ਬੇਹੱਦ ਨੇੜਲਾ ਸਬੰਧ ਹੈ। ਕਿਸਾਨ ਜਥੇਬੰਦੀ ਵੱਲੋਂ ਜ਼ਮੀਨੀ ਸੁਧਾਰਾਂ ਨੂੰ ਲਾਗੂ ਕਰਕੇ ਇਹਦੀ ਵੰਡ ਬੇਜ਼ਮੀਨੇ ਕਿਸਾਨਾਂ ਵਿੱਚ ਕਰਵਾਉਣ, ਸੂਦਖੋਰੀ ਨੂੰ ਨੱਥ ਮਾਰਦਾ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਉਣ, ਕਰਜ਼ਿਆਂ ਦਾ ਖਾਤਮਾ ਆਦਿਕ ਹੱਥ ਲਏ ਜਾ ਰਹੇ ਮੁੱਦੇ ਅਤੇ ਇਹਨਾਂ ਕਰਕੇ ਹੋ ਰਹੇ ਹਕੂਮਤੀ ਅਤੇ ਗੁੰਡਾ ਵਾਰ ਅਜਿਹੇ ਮਸਲੇ ਹਨ, ਜਿਹਨਾਂ ਦੀ ਸਫਲਤਾ ਇਹਨਾਂ ਘੋਲਾਂ ਵਿੱਚ ਖੇਤ ਮਜ਼ਦੂਰਾਂ ਦੀ ਗਹਿ ਗੱਡਵੀਂ ਸ਼ਮੂਲੀਅਤ ਨਾਲ ਜੁੜੀ ਹੋਈ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਖੇਤ ਮਜ਼ਦੂਰ ਖੁਦ ਵੱਡੀ ਪੱਧਰ 'ਤੇ ਜਥੇਬੰਦ ਹੁੰਦੇ ਹਨ। ਘੋਲਾਂ ਦੇ ਅਮਲ ਰਾਹੀਂ ਚੇਤਨਾ ਹਾਸਲ ਕਰਦੇ ਹਨ। ਇਸ ਲਈ ਖੇਤ ਮਜ਼ਦੂਰ ਜਥੇਬੰਦੀ ਦੀ ਮਜਬੂਤੀ ਤੇ ਪਸਾਰੇ ਵਿੱਚ ਅੜਿੱਕਾ ਬਣੀ ਖੜ੍ਹੀ ਇਸ ਆਰਥਿਕ ਸਮੱਸਿਆ ਨੂੰ ਸਰ ਕਰਨ ਲਈ ਉੱਦਮ ਜੁਟਾਉਣਾ ਖੇਤ ਮਜ਼ਦੂਰਾਂ ਦੀ ਮੱਦਦ ਤਾਂ ਹੈ ਹੀ, ਇਸ ਤੋਂ ਵੀ ਅੱਗੇ ਇਹ ਹੋਰਨਾਂ ਵਰਗਾਂ ਦੇ ਲੋਕਾਂ ਲਈ ਆਪਣੀ ਅਤੇ ਆਪਣੇ ਵਰਗ ਦੀ ਮੱਦਦ ਦਾ ਵੀ ਹਿੱਸਾ ਬਣਦਾ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਆਪ ਜੀ ਵੱਲੋਂ ਇਸ ਫੰਡ ਮੁਹਿੰਮ 'ਚ ਭਰਪੂਰ ਯੋਗਦਾਨ ਪਾਇਆ ਜਾਵੇਗਾ। 

ਭਰਵੇਂ ਹੁੰਗਾਰੇ ਦੀ ਆਸ ਨਾਲ,
ਸੂਬਾ ਕਮੇਟੀ,
ਪੰਜਾਬ ਖੇਤ ਮਜ਼ਦੂਰ ਯੂਨੀਅਨ
ਜ਼ੋਰਾ ਸਿੰਘ ਨਸਰਾਲੀ, ਸੂਬਾ ਪ੍ਰਧਾਨ (98763 94024)
ਲਛਮਣ ਸਿੰਘ ਸੇਵੇਵਾਲਾ, ਸੂਬਾ ਸਕੱਤਰ (94170 79170, 76963 63025)
(29 ਅਪ੍ਰੈਲ, 2013)

Wednesday, March 13, 2013

ਹੁਣ ਪਿੰਡ ਪਿੰਡ ਗੂੰਜੇਗਾ ਖੇਤ ਮਜ਼ਦੂਰਾਂ ਦਾ ਸੰਘਰਸ਼

     ਹੁਣ ਪਿੰਡ ਪਿੰਡ ਗੂੰਜੇਗਾ ਖੇਤ ਮਜ਼ਦੂਰਾਂ ਦਾ ਸੰਘਰਸ਼

                            ਖੇਤ ਮਜ਼ਦੂਰਾਂ ਵੱਲੋਂ ਲੰਬੀ 'ਚ ਲਾ-ਮਿਸਾਲ ਮੁਜਾਹਰਾ 
               ਅਰਥੀਆਂ ਸਾੜਨ ਅਤੇ ਸਿਆਪਾ ਕਾਨਫਰੰਸਾਂ ਦਾ ਐਲਾਨ

ਲੰਬੀ, 13 ਮਾਰਚ- ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਵਿਖੇ ਦਿੱਤੇ ਜਾ ਰਹੇ ਧਰਨੇ ਦੇ 9ਵੇਂ ਦਿਨ ਵਿਸ਼ਾਲ ਗਿਣਤੀ ਵਿੱਚ ਪਹੁੰਚੇ ਖੇਤ ਮਜ਼ਦੂਰ ਮਰਦ-ਔਰਤਾਂ ਵੱਲੋਂ ਲੰਬੀ ਵਿੱਚ ਰੋਹ-ਭਰਪੂਰ ਮੁਜਾਹਰਾ ਕਰਕੇ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।



ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬੇਘਰੇ ਅਤੇ ਲੋੜਵੰਦਾਂ ਨੂੰ ਪਲਾਟ ਦੇਣ, ਪੰਚਾਇਤੀ ਅਤੇ ਸ਼ਾਮਲਾਟ ਜ਼ਮੀਨਾਂ 'ਤੇ ਮਜ਼ਦੂਰਾਂ ਨੂੰ ਮਾਲਕੀ ਹੱਕ ਦੇਣ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜਾ ਅਤੇ ਨੌਕਰੀ ਦੇਣ, ਬਿਜਲੀ ਬਿੱਲਾਂ ਦੇ ਬਕਾਏ ਉਗਰਾਹੁਣ 'ਤੇ ਰੋਕ ਲਾ ਕੇ 400 ਯੂਨਿਟਾਂ ਮੁਆਫ ਕਰਨ, ਪੁੱਟੇ ਮੀਟਰ ਜੋੜਨ, ਤੇ ਪੰਜ ਲੱਖ ਹੋਰ ਪਰਿਵਾਰਾਂ ਨੂੰ ਘਰੇਲੂ ਬਿੱਲ ਮੁਆਫ ਕਰਨ, ਮਨਰੇਗਾ ਦੇ ਬਕਾਏ ਅਤੇ ਕੰਮ ਦੇਣ, ਕੱਟੀਆਂ ਪੈਨਸ਼ਨਾਂ ਚਾਲੂ ਕਰਨ ਆਦਿ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਧਰਨੇ 'ਤੇ ਬੈਠੇ ਮਜ਼ਦੂਰਾਂ ਨੇ ਸਰਕਾਰ ਅਤੇ ਪ੍ਰਸਾਸ਼ਨ ਦੇ ਬੇਰੁਖੀ ਵਾਲੇ ਰਵੱਈਏ ਤੋਂ ਦੁਖੀ ਹੋ ਕੇ ਘੋਲ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਰਣ-ਨੀਤੀ ਅਖਤਿਆਰ ਕਰ ਲਈ ਹੈ।

ਵਿਸ਼ਾਲ ਇਕੱਠ 'ਚ ਜ਼ਿਲ੍ਹਾ ਪ੍ਰਧਾਨ ਨਾਨਕ ਸਿੰਘ ਨੇ ਐਲਾਨ ਕੀਤਾ ਕਿ ਸਰਕਾਰ ਦੇ ਮਜ਼ਦੂਰ ਦੋਖੀ ਕਿਰਦਾਰ ਵਿਰੁੱਧ ਜ਼ਿਲ੍ਹੇ ਅੰਦਰ 15 ਤੋਂ 22 ਮਾਰਚ ਤੱਕ ਸਰਕਾਰ ਅਤੇ ਪ੍ਰਸਾਸ਼ਨ ਦੀਆਂ ਪਿੰਡ ਪਿੰਡ ਅਰਥੀਆਂ ਫੂਕੀਆਂ ਜਾਣਗੀਆਂ ਅਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਨ 'ਤੇ ਪਿੰਡਾਂ ਵਿੱਚ ਵਿਸ਼ਾਲ ਇਕੱਠ ਕਰਕੇ ਉਕਤ ਮੰਗਾਂ ਤੋਂ ਇਲਾਵਾ ਜ਼ਮੀਨੀ ਸੁਧਾਰ ਲਾਗੂ ਕਰਨ, ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਕੇ 25 ਤੋਂ 31 ਮਾਰਚ ਤੱਕ ਸਿਆਪਾ ਕਾਨਫਰੰਸਾਂ ਕੀਤੀਆਂ ਜਾਣਗੀਆਂ।

ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਖੇਤ ਮਜ਼ਦੂਰਾਂ ਦਾ ਸੰਘਰਸ਼ ਹੁਣ ਪਿੰਡ ਪਿੰਡ ਗੂੰਜੇਗਾ, ਜੋ ਹਕੂਮਤ ਲਈ ਕਾਫੀ ਮਹਿੰਗਾ ਸਾਬਤ ਹੋਵੇਗਾ। ਉਹਨਾਂ ਆਖਿਆ ਕਿ ਮਜ਼ਦੂਰ ਮੰਗਾਂ ਸਬੰਧੀ ਧਾਰੀ ਸਰਕਾਰੀ ਚੁੱਪ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਖੇਤ ਮਜ਼ਦੂਰਾਂ ਅਤੇ ਲੋਕਾਂ ਲਈ ਖੇਖਣ ਤੋਂ ਵੱਧ ਹੋਰ ਕੁੱਝ ਨਹੀਂ। ਜਦੋਂ ਕਿ ਇਹੀ ਸੰਗਤ ਦਰਸ਼ਨ ਆਪਣੀ ਧਿਰ ਦੇ ਸਥਾਨਕ ਆਗੂਆਂ ਦਾ ਢਿੱਡ ਭਰਨ ਦਾ ਸਾਧਨ ਹਨ। ਉਹਨਾਂ ਆਖਿਆ ਕਿ ਜਿਹੜੇ ਪੰਜ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਆਪਣੇ ਹਲਕੇ ਅਤੇ ਜ਼ਿਲ੍ਹੇ ਦੇ ਮਜ਼ਦੂਰਾਂ ਨੂੰ ਛੱਤ ਨਹੀਂ ਦੇ ਸਕੇ, ਖੁਦਕੁਸ਼ੀਆਂ ਦੇ ਰਾਹ ਤੋਂ ਨਹੀਂ ਰੋਕ ਸਕੇ ਤੇ ਮਜ਼ਦੂਰ ਵਿਹੜਿਆਂ 'ਚੋਂ ਗੰਦੇ ਪਾਣੀ ਦਾ ਨਿਕਾਸ ਤੱਕ ਨਹੀਂ ਕਰਵਾ ਸਕੇ, ਉਹ ਵਿਕਾਸ ਦੇ ਦਾਅਵੇ ਕਾਹਦੇ ਸਿਰ 'ਤੇ ਕਰ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਵਿੱਚ ਬਦਅਮਨੀ ਦੀ ਹਾਲਤ, ਇਸ ਕਦਰ ਨਿੱਘਰ ਚੁੱਕੀ ਹੈ ਕਿ ਸੁਪਰੀਮ ਕੋਰਟ ਵੀ ਇਸ ਰਾਜ ਦੀ ਅੰਗਰੇਜ਼ਾਂ ਦੇ ਰਾਜ ਨਾਲ ਤੁਲਨਾ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀ ਵਡੱਤਣ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸੰਕਟ-ਮੁਕਤ ਕਰਨ ਵਿੱਚ ਹੁੰਦੀ ਹੈ, ਨਾ ਕਿ ਉਹਨਾਂ ਦੇ ਸੰਘਰਸ਼ਾਂ ਨੂੰ ਅਣਗੌਲੇ ਕਰਨ ਅਤੇ ਜਬਰ ਦੇ ਜ਼ੋਰ ਦਬਾਉਣ ਨਾਲ ਹੁੰਦੀ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀ ਇਸ ਨੀਤੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਿਰ-ਵੱਢਵੀਂ ਦੁਸ਼ਮਣ ਹੈ। ਇਹ ਜਾਗੀਰਦਾਰਾਂ, ਸੂਦਖੋਰਾਂ, ਵੱਡੇ ਸਰਮਾਏਦਾਰਾਂ, ਸਾਮਰਾਜੀਆਂ, ਬਹੁਕੌਮੀ ਦੇਸੀ-ਬਦੇਸੀ ਕੰਪਨੀਆਂ ਦੀ ਚਹੇਤਾ ਸਰਕਾਰ ਹੈ।

ਔਰਤ ਆਗੂ ਗੁਰਮੇਲ ਕੌਰ ਅਤੇ ਕ੍ਰਿਸ਼ਨਾ ਦੇਵੀ ਨੇ ਆਖਿਆ ਕਿ ਹੁਣ ਮਜ਼ਦੂਰ ਔਰਤਾਂ ਵੀ ਟਿਕ ਕੇ ਨਹੀਂ ਬੈਠਣਗੀਆਂ ਤੇ ਸਿਆਪਾ ਕਾਨਫਰੰਸਾਂ ਦੀ ਕਮਾਂਡ ਖੁਦ ਸੰਭਾਲਣਗੀਆਂ।

ਭਰਾਤਰੀ ਤੌਰ 'ਤੇ ਪਹੁੰਚੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰੀਰਾਮ ਚੱਕ ਸ਼ੇਰੇਵਾਲਾ ਨੇ ਮਜ਼ਦੂਰ ਘੋਲ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮੈਡੀਕਲ ਪ੍ਰੈਕਟੀਨਰ ਐਸੋਸੀਏਸ਼ਨ ਦੇ ਆਗੂ ਡਾ. ਮਨਜਿੰਦਰ ਸਿੰਘ ਸਰਾਂ, ਨੌਜਵਾਨ ਭਾਰਤ ਸਭਾ ਦੇ ਫਕੀਰ ਚੰਦ ਆਦਿ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੁੱਖਾ ਸਿੰਘ, ਗੁਰਜੰਟ ਸਿੰਘ, ਰਾਜਾ ਸਿੰਘ, ਬਾਜ਼ ਸਿੰਘ ਤੇ ਜਸਵੰਤ ਰਾਏ ਨੇ ਸੰਬੋਧਨ ਕੀਤਾ।

ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਖੁੰਡੇਹਲਾਲ ਨੇ ਆਰ.ਐਮ.ਪੀ. ਡਾਕਟਰ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ ਅਤੇ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਨੌਜਵਾਨ ਭਾਰਤ ਸਭਾ ਵੱਲੋਂ ਧਰਨੇ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਅਤੇ ਮੀਡੀਆ ਵੱਲੋਂ ਕੀਤੀ ਗਈ ਵਿਸ਼ੇਸ਼ ਕਵਰੇਜ ਦਾ ਧੰਨਵਾਦ ਕੀਤਾ।

ਜਾਰੀ ਕਰਤਾ-
ਨਾਨਕ ਸਿੰਘ ਜ਼ਿਲ੍ਹਾ ਪ੍ਰਧਾਨ (94170 79170)

Sunday, September 2, 2012

ਪੰਚਾਇਤਾਂ ਦੀ ਮਜ਼ਦੂਰ-ਕਿਸਾਨ ਵਿਰੋਧੀ ਭੂਮਿਕਾ

ਮਜ਼ਦੂਰਾਂ ਕਿਸਾਨਾਂ ਦੇ ਮਸਲੇ ਤੇ ਪੰਚਾਇਤਾਂ ਦੀ ਭੂਮਿਕਾ ਵਿਸ਼ੇ ਦੇ ਉੱਤੇ ਕੀਤੀ ਗਈ ਕਾਨਫਰੰਸ



ਲੰਬੀ, 2 ਸਤੰਬਰ:  ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਪਿੰਡ ਸਿੰਘੇਵਾਲਾ ਵਿਖੇ ਮਜ਼ਦੂਰਾਂ ਕਿਸਾਨਾਂ ਦੇ ਮਸਲੇ ਤੇ ਪੰਚਾਇਤਾਂ ਦੀ ਭੂਮਿਕਾ ਵਿਸ਼ੇ ਦੇ ਉੱਤੇ ਕੀਤੀ ਗਈ ਕਾਨਫਰੰਸ ਅੰਦਰ ਇਲਾਕੇ ਦੇ ਪਿੰਡ ਸਿੰਘੇਵਾਲਾ, ਫਤੂਹੀਵਾਲਾ, ਮਿਠੜੀ, ਗੱਗੜ, ਬਾਦਲ, ਮਹਿਣਾ, ਕਿਲਿਆਂਵਾਲੀ, ਖੁੱਡੀਆਂ, ਕੱਖਾਂਵਾਲੀ ਅਤੇ ਚੰਨੂੰ ਆਦਿ ਤੋਂ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਸਰਕਾਰੀ ਗਰਾਂਟਾਂ ਅਤੇ ਸਹੂਲਤਾਂ ਦੇ ਮਾਮਲੇ ਵਿੱਚ ਪੰਚਾਇਤਾਂ ਵੱਲੋਂ ਪਿੰਡ ਪਿੰਡ ਕਾਣੀ ਵੰਡ ਦੇ ਮਾਮਲੇ ਉਠਾਏ ਗਏ। 
ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਨਾਨਕ ਸਿੰਘ, ਸੁੱਖਾ ਸਿੰਘ ਅਤੇ ਬੀ.ਕੇ.ਯੂ. ਏਕਤਾ ਦੇ ਗੁਰਪਾਸ਼ ਸਿੰਘ ਅਤੇ ਗੁਰਦੀਪ ਸਿੰਘ ਨੇ ਠੋਸ ਮਸਲੇ ਉਭਾਰਦੇ ਹੋਏ ਆਖਿਆ ਕਿ ਸਿੰਘੇਵਾਲਾ ਦੀ ਪੰਚਾਇਤ ਮਜ਼ਦੂਰ-ਕਿਸਾਨ ਵਿਰੋਧੀ ਅਤੇ ਧਨਾਢਾਂ ਪੱਖੀ ਭੂਮਿਕਾ ਅਦਾ ਕਰ ਰਹੀ ਹੈ। ਉਹਨਾਂ ਕਿਹਾ ਜੇਕਰ ਅੱਜ ਪਿੰਡ ਸਿੰਘੇਵਾਲਾ ਦੇ ਡੇਢ ਦਰਜਨ ਦੇ ਕਰੀਬ ਮਜ਼ਦੂਰ ਪਰਿਵਾਰ ਬਿਲਕੁਲ ਬੇਘਰੇ ਹੋਣ ਕਾਰਨ ਬਿਗਾਨੀਆਂ ਥਾਵਾਂ 'ਤੇ ਸ਼ਰਨ ਲੈਣ ਕਾਰਨ ਜਗੀਰਦਾਰਾਂ ਦੇ ਦਾਬੇ ਹੇਠ ਰਹਿਣ, ਵਗਾਰਾਂ ਕਰਨ ਅਤੇ ਸਮਾਜਿਕ ਤੌਰ 'ਤੇ ਹੀਣੇ ਮਹਿਸੂਸ ਕਰਦੇ ਹਨ ਤਾਂ ਇਹਦੇ ਲਈ ਸਿੰਘੇਵਾਲਾ ਦੀ ਪੰਚਾਇਤ ਪੂਰੀ ਤਰਾਂ ਦੋਸ਼ੀ ਹੈ, ਜੋ ਜਾਗੀਰਦਾਰਾਂ ਅਤੇ ਬਾਦਲ ਪਰਿਵਾਰ ਵੱਲੋਂ ਮਿਲੇ ਥਾਪੜੇ ਅਤੇ ਘੁਰਕੀ ਕਾਰਨ ਪਲਾਟਾਂ ਲਈ ਮਤਾ ਪਾਸ ਨਹੀਂ ਕਰ ਰਹੀ ਅਤੇ ਇਉਂ ਪੰਚਾਇਤ ਮਜ਼ਦੂਰਾਂ ਨਾਲ ਦੁਸ਼ਮਣੀ ਦਾ ਰਿਸ਼ਤਾ ਕਮਾ ਰਹੀ ਹੈ। ਉਹਨਾਂ ਆਖਿਆ ਕਿ ਮਤਾ ਪਾਸ ਨਾ ਕਰਨ ਸਦਕਾ ਸੈਂਕੜੇ ਮਜ਼ਦੂਰ-ਕਿਸਾਨ ਪਰਿਵਾਰ ਬੇਹੱਦ ਤੰਗ ਥਾਵਾਂ 'ਚ ਦਿਨ-ਕਟੀ ਕਰਨ ਲਈ ਮਜਬੂਰ ਹਨ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਅਤੇ ਪੰਚਾਇਤ ਵੱਲੋਂ ਆਈ ਹੋਈ ਦੋ ਮਹੀਨਿਆਂ ਦੀ ਪੈਨਸ਼ਨ ਦੀ ਕੋਈ 1 ਲੱਖ 61 ਹਜ਼ਾਰ ਰੁਪਏ ਦੀ ਰਕਮ ਚੋਰੀ ਹੋਣ ਦੇ ਨਾਂ ਹੇਠ ਗਬਨ ਕਰ ਲਈ ਗਈ, ਜਿਸ ਕਾਰਨ ਆਸ਼ਰਿਤ ਬੱਚੇ, ਵਿਧਵਾਵਾਂ, ਅਪੰਗ ਅਤੇ ਬਜ਼ੁਰਗ ਪੈਨਸ਼ਨ ਤੋਂ ਵਾਂਝੇ ਬੈਠੇ ਹਨ। ਉਹਨਾਂ ਮੰਗ ਕੀਤੀ ਕਿ ਮਤਾ ਨਾ ਪਾਉਣ ਅਤੇ ਪੈਨਸ਼ਨ ਦੀ ਰਕਮ ਗਬਨ ਕਰਨ ਦੇ ਮਾਮਲੇ ਵਿੱਚ ਸਰਪੰਚ ਨੂੰ ਸਸਪੈਂਡ ਕਰਕੇ ਪੰਚਾਇਤ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਪਿੰਡ ਦੀ ਪੰਚਾਇਤੀ ਆਮਦਨ ਅਤੇ ਗਰਾਂਟਾਂ ਦੇ ਮਾਮਲੇ ਵਿੱਚ ਘਪਲਿਆਂ ਦੀ ਸ਼ੰਕਾ ਪ੍ਰਗਟ ਕਰਦਿਆਂ ਉਹਨਾਂ ਇਸਦੀ ਜਾਂਚ ਕਰਨ ਦੀ ਮੰਗ ਵੀ ਕੀਤੀ।


ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਬੀ.ਕੇ.ਯੂ. ਏਕਤਾ ਦੇ ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ ਨੇ ਆਖਿਆ ਕਿ ਪਿੰਡਾਂ ਦੇ ਵਿਕਾਸ ਤੇ ਭਾਈਚਾਰੇ ਦੀ ਸਾਂਝੀ ਸੰਸਥਾ ਦੇ ਨਾਂ 'ਤੇ ਬਣਾਈਆਂ ਜਾਂਦੀਆਂ ਪੰਚਾਇਤਾਂ ਅਸਲ ਵਿੱਚ ਪਿੰਡਾਂ ਦੇ ਜਾਗੀਰਦਾਰਾਂ ਅਤੇ ਸਰਕਾਰਾਂ ਦੀਆਂ ਮਜ਼ਦੂਰਾਂ, ਕਿਸਾਨਾਂ ਅਤੇ ਕਮਾਊ ਲੋਕਾਂ ਲੁੱਟਣ-ਕੁੱਟਣ ਅਤੇ ਦਾਬੇ ਹੇਠ ਰੱਖਣ ਵਾਲੀਆਂ ਸੰਸਥਾਵਾਂ ਦੀ ਪੌੜੀ ਦਾ ਪਹਿਲਾਂ ਟੰਬਾ ਹਨ, ਜੋ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਭਰੇ ਸਰਕਾਰੀ ਖਜ਼ਾਨੇ ਤੋਂ ਗਰਾਂਟਾਂ ਰਾਹੀਂ ਪੰਚਾਇਤੀ ਨੁਮਾਇੰਦਿਆਂ ਅਤੇ ਸਰਕਾਰ ਦੇ ਨੇੜਲੇ ਹਿੱਸਿਆਂ ਨੂੰ ਗੱਫੇ ਲਵਾਉਣ ਰਾਹੀਂ ਹਾਕਮ ਪਾਰਟੀ ਦੀਆਂ ਵੋਟਾਂ ਪੱਕੀਆਂ ਕਰਨ ਦਾ ਸਾਧਨ ਹੋ ਨਿੱਬੜਦੀਆਂ ਹਨ। ਉਹਨਾਂ ਕਿਹਾ ਕਿ ਭਾਵੇਂ  ਪੰਚਾਇਤੀ ਰਾਜ ਐਕਟ ਤਹਿਤ ਹਰ ਪੰਚਾਇਤ ਵੱਲੋਂ ਛੇ ਮਹੀਨੇ ਬਾਅਦ ਸਮੁੱਚੇ ਪਿੰਡ ਦਾ ਆਮ ਇਜਲਾਸ ਬੁਲਾ ਕੇ ਹਿਸਾਬ-ਕਿਤਾਬ ਦੇਣ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਮਤੇ ਪਾਸ ਕਰਨ ਕਾਨੂੰਨਨ ਜ਼ਰੂਰੀ ਕਰਾਰ ਦਿੱਤਾ ਹੋਇਆ ਹੈ, ਪ੍ਰੰਤੂ ਸਿੰਘੇਵਾਲਾ ਸਮੇਤ ਕੋਈ ਵੀ ਪੰਚਾਇਤ ਇਸ ਨੂੰ ਅਮਲ ਵਿੱਚ ਲਾਗੂ ਨਹੀਂ ਕਰਦੀ ਅਤੇ ਆਪਣੇ ਨੇੜਲੇ ਹਿੱਸਿਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਲਈ ਲੋਕਾਂ ਦੀ ਪਿੱਠ ਪਿੱਛੇ ਮਤੇ ਪਾਸ ਕਰਕੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਜਾਂਦਾ ਹੈ। ਉਹਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨਾਂ ਦੇ ਨਾਂ ਹੇਠ ਪੰਚਾਇਤਾਂ ਨੂੰ ਦਿੱਤੀਆਂ ਜਾ ਰਹੀਆਂ ਗਰਾਂਟਾਂ ਅੰਦਰ ਵੱਡੀ ਪੱਧਰ 'ਤੇ ਘਪਲੇ ਹੋਣ ਦੇ ਦੋਸ਼ ਵੀ ਲਾਏ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਸਿੰਘੇਵਾਲਾ ਸਮੇਤ ਸਭਨਾਂ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਨੂੰ ਪਲਾਟ ਲੈਣ ਅਤੇ ਹੋਰ ਮਸਲੇ ਹੱਲ ਕਰਵਾਉਣ ਲਈ ਆਪਣੀ ਜਥੇਬੰਦ ਅਤੇ ਸੰਘਰਸ਼ਸ਼ੀਲ ਤਾਕਤ ਉੱਤੇ ਹੀ ਟੇਕ ਰੱਖਣ ਦੀ ਜ਼ਰੂਰਤ ਹੈ। ਸਭਨਾਂ ਬੁਲਾਰਿਆਂ ਨੇ ਐਲਾਨ ਕੀਤਾ ਕਿ ਸਿੰਘੇਵਾਲਾ ਦੀ ਪੰਚਾਇਤ ਵੱਲੋਂ ਮਜ਼ਦੂਰਾਂ-ਕਿਸਾਨਾਂ ਨਾਲ ਮਤੇ ਪਾਸ ਨਾ ਕਰਨ ਰਾਹੀਂ ਕੀਤੇ ਜਾ ਰਹੇ ਧੱਕੇ ਵਿਰੁੱਧ ਸੰਘਰਸ਼ ਨੂੰ ਹੋਰ ਵੀ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਗੁਰਾਂਦਿੱਤਾ ਸਿੰਘ ਭਾਗਸਰ, ਤਰਸੇਮ ਸਿੰਘ ਖੁੰਡੇਹਲਾਲ, ਗੁਰਭਗਤ ਸਿੰਘ ਭਲਾਈਆਣਾ, ਰਾਜਾ ਸਿੰਘ ਖ਼ੂਨਣ ਖੁਰਦ, ਗੁਰਜੰਟ ਸਿੰਘ ਸਾਉਂਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। 
ਜਾਰੀ ਕਰਤਾ-
ਨਾਨਕ ਸਿੰਘ, ਗੁਰਪਾਸ਼ ਸਿੰਘ
(9417079170)

Saturday, May 12, 2012

ਲੋਕ ਮਸਲੇ

ਖੇਤ ਮਜ਼ਦੂਰਾਂ ਦੇ ਮਸਲੇ ਅਤੇ ਪੰਚਾਇਤਾਂ ਦੀ ਕਾਰਗੁਜਾਰੀ

ਕੋਈ ਵੇਲਾ ਸੀ ਜਦੋਂ ਪੰਚਾਇਤ ਨੂੰ ਰੱਬ ਦੇ ਬਰੋਬਰ ਮੰਨਿਆ ਜਾਂਦਾ ਸੀ। ''ਜੀਹਨੇ ਪੰਚਾਇਤ ਧੱਕਤੀ- ਉਹਨੇ ਰੱਬ ਧੱਕਤਾ'' ਵਰਗੀਆਂ ਕਹਾਵਤਾਂ ਲੋਕਾਂ ਦੇ ਪੰਚਾਇਤਾਂ ਉਪਰ ਬੱਝੇ ਅੰਨ੍ਹੇ ਭਰੋਸੇ ਨੂੰ ਹੀ ਰੂਪਮਾਨ ਕਰਦੀਆਂ ਹਨ। ਪਰ ਸਮੇਂ ਦੇ ਬਦਲੇ ਹੋਏ ਗੇੜ ਨੇ ਪੰਚਾਇਤ ਦਾ ਰੁਤਬਾ ਵੀ ਬਦਲ ਦਿੱਤਾ ਹੈ। ਹੁਣ ਇਹ ਭਾਈਚਾਰੇ ਦੀ ਸਾਂਝੀ ਸੰਸਥਾ ਦੀ ਥਾਂ ਰਾਜ-ਭਾਗ ਦੀ ਇੱਕ ਅਟੁੱਟ ਅਤੇ ਮੁੱਢਲੀ ਕੜੀ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਰਾਜ-ਭਾਗ ਦੇ ਸਿਖਰਲੇ ਡੰਡੇ (ਵਿਧਾਨ ਸਭਾਵਾਂ/ਪਾਰਲੀਮੈਂਟ) 'ਤੇ ਕਾਬਜ਼ ਹੋਣ ਲਈ ਤਿੰਘ ਰਹੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਲਈ ਪੰਚਾਇਤਾਂ ਵੋਟਾਂ ਦੇ ਗੁਥਲੇ ਹਨ। ਕਿਸੇ ਸਿਆਸੀ ਪਾਰਟੀ ਦਾ ਜਿੰਨਾ ਵੱਧ ਪਿੰਡਾਂ ਦੀਆਂ ਪੰਚਾਇਤਾਂ 'ਤੇ ਕਬਜ਼ਾ ਹੋਵੇਗਾ, ਓਹਨਾ ਹੀ ਉਸਦਾ ਚੋਣਾਂ ਦੌਰਾਨ ਹੱਥ ਉੱਤੋਂ ਦੀ ਹੋਵੇਗਾ। ਇਸੇ ਲਈ ਪੰਚਾਇਤੀ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਲਟੋ-ਪੀਂਘ ਹੁੰਦੀਆਂ ਵੇਖੀਆਂ ਜਾਂਦੀਆਂ ਹਨ ਅਤੇ ਪੰਚਾਇਤ ਉਪਰ ਕਾਬਜ਼ ਹੋਣ ਲਈ ਪਿੰਡ ਦੇ ਜਾਗੀਰਦਾਰਾਂ/ਵੱਡੇ ਚੌਧਰੀਆਂ ਦੇ ਧੜਿਆਂ ਵੱਲੋਂ ਆਪੋ ਆਪਣੇ ਪੱਖ 'ਚ ਵੋਟਾਂ ਭੁਗਤਾਉਣ ਲਈ ਸਿਰੇ ਦਾ ਤਾਣ ਲਾਇਆ ਜਾਂਦਾ ਹੈ। ਨਸ਼ੇ ਵੰਡੇ ਜਾਂਦੇ ਹਨ। ਵੋਟਾਂ ਖਰੀਦੀਆਂ ਜਾਂਦੀਆਂ ਹਨ। ਰੋਹਬ ਦਾਬ ਦੀ ਗੁੱਝੀ ਤੇ ਐਲਾਨੀਆ ਵਰਤੋਂ ਕੀਤੀ ਜਾਂਦੀ ਹੈ। ਭਾਈਚਾਰੇ ਦਾ ਵਾਸਤਾ ਪਾਇਆ ਜਾਂਦਾ ਹੈ। ਸਾਕ-ਸਕੀਰੀਆਂ ਦਾ ਜ਼ੋਰ ਚੜ੍ਹਾਉਣ ਸਮੇਤ ਹਰ ਕਿਸਮ ਦੇ ਹੱਥਕੰਡੇ ਵਰਤੇ ਜਾਂਦੇ ਹਨ। ਜੇ ਇਹ ਕਹਿ ਲਿਆ ਜਾਵੇ ਕਿ ਸਭਨਾਂ ਚੋਣਾਂ ਦੇ ਮੁਕਾਬਲੇ ਪੰਚਾਇਤੀ ਚੋਣਾਂ ਦੌਰਾਨ ਹੀ ਸਭ ਤੋਂ ਜ਼ਿਆਦਾ ਤੇ ਨਿੱਘਰੇ ਹੋਏ ਹੱਥ ਕੰਡੇ ਅਪਣਾਏ ਜਾਂਦੇ ਹਨ ਤਾਂ ਇਹਦੇ ਵਿੱਚ ਕੋਈ ਅਤਿ-ਕਥਨੀ ਨਹੀਂ ਹੈ।

ਭਾਰਤੀ ਸਮਾਜ ਦੀ ਸਭ ਤੋਂ ਹੇਠਲੀ ਕੰਨ੍ਹੀ 'ਤੇ ਵਿਚਰਦੇ ਖੇਤ ਮਜ਼ਦੁਰਾਂ/ਦਲਿਤਾਂ ਪ੍ਰਤੀ ਪੰਚਾਇਤਾਂ ਦਾ ਰੋਲ ਤੇ ਰਵੱਈਆ ਬੇਹੱਦ ਗਹੁ ਕਰਨਯੋਗ ਨੁਕਤਾ ਹੈ। ਸਰਕਾਰਾਂ ਵੱਲੋਂ ਖੇਤ ਮਜ਼ਦੂਰਾਂ/ਦਲਿਤਾਂ ਦਾ ਜੀਵਨ ਪੱਧਰ ਉੱਚਾ ਚੁੱਕਣਾਂ ਦੇ ਨਾਂ ਹੇਠ ਦਿੱਤੀਆਂ ਜਾਂਦੀਆਂ ਵਿਖਾਵੇ ਮਾਤਰ ਸਹੂਲਤਾਂ/ਸਕੀਮਾਂ/ਯੋਜਨਾਵਾਂ ਦੇ ਲਾਗੂ ਹੋਣ ਦਾ ਸਿੱਧਾ ਸਬੰਧ ਪੁੰਚਾਇਤਾਂ ਦੇ ਨਾਲ ਹੀ ਜੁੜਦਾ ਹੈ ਜਾਂ ਇਹ ਕਹਿਣਾ ਜ਼ਿਆਦਾ ਢੁਕਵਾਂ ਹੈ ਕਿ ਇਹਨਾਂ ਦਾ ਲਾਗੂ ਹੋਣਾ ਪੰਚਾਇਤਾਂ ਦੇ ਰਹਿਮੋਕਰਮ 'ਤੇ ਹੀ ਨਿਰਭਰ ਕਰਦਾ ਹੈ। ਮਿਸਾਲ ਵਜੋਂ ਕਿਸੇ ਨੇ ਪੈਨਸ਼ਨ ਲਵਾਉਣੀ ਹੈ ਤਾਂ ਵੀ ਪੰਚਾਇਤ ਦੇ ਮਤੇ ਬਿਨਾ ਸੰਭਵ ਨਹੀਂ। ਸਰਕਾਰ ਵੱਲੋਂ ਪੰਜ-ਪੰਜ ਮਰਲੇ ਦੇ ਪਲਾਟ ਅਤੇ ਰੂੜੀਆਂ ਲਈ ਥਾਂ ਦੇਣ ਤੋਂ ਇਲਾਵਾ ਲੰਮੇ ਸਮੇਂ ਤੋਂ ਪੰਚਾਇਤੀ/ਸ਼ਾਮਲਾਟ ਜ਼ਮੀਨਾਂ ਉਪਰ ਘਰ ਬਣਾ ਕੇ ਰਹਿ ਰਹੇ ਮਜ਼ਦੂਰਾਂ ਨੂੰ ਮਾਲਕੀ ਹੱਕ ਦੇਣ ਦਾ ਮਾਮਲਾ ਵੀ ਪੰਚਾਇਤੀ ਮਤੇ ਦਾ ਹੀ ਮੁਥਾਜ ਹੈ। ਇਉਂ ਹੀ ਮਾਮਲਾ ਭਾਵੇਂ ਕੱਚੇ ਮਕਾਨ ਨੂੰ ਪੱਕਾ ਬਣਾਉਣ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਗਰਾਂਟ ਦਾ ਹੋਵੇ ਜਾਂ ਮਕਾਨ ਦੀ ਰਿਪੇਅਰ ਦਾ ਇਥੇ ਵੀ ਪੰਚਾਇਤੀ ਮਤੇ ਬਿਨਾ ਮਜ਼ਦੂਰਾਂ ਦਾ ਕੰਮ ਨਹੀਂ ਚੱਲਦਾ। ਹੋਰ ਤਾਂ ਹੋਰ ਮਨਰੇਗਾ ਦਾ ਜਾਬ ਕਾਰਡ ਬਣਾਉਣ ਤੋਂ ਲੈ ਕੇ ਕੰਮ ਲੈਣ ਅਤੇ ਕੀਤੀ ਗਈ ਮਿਹਨਤ ਦਾ ਇਵਜਾਨਾ ਲੈਣ ਤੱਕ ਪੰਚਾਇਤ ਦਾ ਹੀ ਵਾਰਾ-ਪਹਿਰਾ ਚੱਲਦਾ ਹੈ। ਇਸ ਤੋਂ ਇਲਾਵਾ ਘਰੇਲੂ ਬਿਜਲੀ ਬਿੱਲਾਂ ਦੀ ਮੁਆਫੀ ਵਿੱਚ ਲੱਗਦਾ ਜਾਤੀ ਸਰਟੀਫਿਕੇਟ ਬਣਾਉਣ, ਸ਼ਗਨ ਸਕੀਮ ਦਾ ਲਾਭ ਲੈਣ ਤੇ ਬੀ.ਪੀ.ਐਲ. ਕਾਰਡ ਬਣਾਉਣ ਆਦਿ ਸਭ ਕੁੱਝ ਲਈ ਪੰਚਾਇਤੀ ਨੁਮਾਇੰਦਿਆਂ ਦੀ ਮੋਹਰ ਤੇ ਸਹਿਮਤੀ ਜ਼ਰੂਰੀ ਹੈ।

ਰਾਜ ਭਾਗ ਦੀ ਪੌੜੀ ਦਾ ਪਹਿਲਾ ਡੰਡਾ ਹੋਣ ਕਰਕੇ ਖੇਤ ਮਜ਼ਦੂਰਾਂ/ਦਲਿਤਾਂ ਦੇ ਮਾਮਲੇ ਵਿੱਚ ਰਾਜ ਭਾਗ ਦੇ ਬਾਕੀ ਅਦਾਰਿਆਂ ਵਾਂਗ ਪੰਚਾਇਤਾਂ ਦਾ ਵਿਹਾਰ ਵੀ ਸਿਰੇ ਦਾ ਤੰਗਨਜ਼ਰ, ਧੱਕੜ, ਗੈਰ-ਜਮਹੂਰੀ, ਦਬਾਊ, ਟਰਕਾਊ ਅਤੇ ਸਿਆਸੀ ਵਿਤਕਰੇ ਵਾਲਾ ਹੀ ਸਾਹਮਣੇ ਆਉਂਦਾ ਹੈ। ਇਸ ਲਈ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਮਜ਼ਦੂਰਾਂ ਦੇ ਹੱਕ ਵਿੱਚ ਮਤੇ ਪਾਉਣ ਤੋਂ ਅਕਸਰ ਪੰਚਾਇਤਾਂ ਵੱਲੋਂ ਟਾਲਾ ਹੀ ਵੱਟਿਆ ਜਾਂਦਾ ਹੈ। ਸਗੋਂ ਜਾਤਪਾਤੀ ਨਫਰਤ ਦਾ ਸ਼ਿਕਾਰ, ਜਾਗੀਰੂ ਹੈਂਕੜ ਨਾਲ ਭਰੀਆਂ ਅਤੇ ਪੇਂਡੂ ਤੇ ਸਿਆਸੀ ਧੜੇਬੰਦੀ ਦਾ ਸ਼ਿਕਾਰ ਪੰਚਾਇਤਾਂ ਵੱਲੋਂ ਚੋਣਾਂ ਦੌਰਾਨ ਉਲਟ ਭੁਗਤਾਨ ਵਾਲੇ ਮਜ਼ਦੂਰਾਂ ਦੇ ਹੱਕ ਵਿੱਚ ਮਤਾ ਪਾਉਣਾ ਤਾਂ ਦੂਰ ਸਗੋਂ ਉਹਨਾਂ ਦਾ ਬਣਦਾ ਕੰਮ ਵਿਗਾੜਨ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਭਾਵੇਂ ਕਿ ਹਰ ਛੇ ਮਹੀਨੇ ਬਾਅਦ ਪਿੰਡ ਦੇ ਸਮੂਹ ਲੋਕਾਂ ਨੂੰ ਬੁਲਾਕੇ ਇਜਲਾਸ ਕਰਨ ਰਾਹੀਂ ਪੰਚਾਇਤ ਵੱਲੋਂ ਲੋਕਾਂ ਤੇ ਪਿੰਡ ਦੀਆਂ ਲੋੜਾਂ ਬਾਰੇ ਪਾਰਦਰਸ਼ੀ ਢੰਗ ਨਾਲ ਮਤੇ ਪਾਸ ਕਰਨਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ, ਪਰ ਪੰਚਾਇਤਾਂ ਵੱਲੋਂ ਇਸਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ।

ਇਸ ਲਈ ਪੰਚਾਇਤਾਂ ਵੱਲੋਂ ਮਤੇ ਪਾਸ ਨਾ ਕਰਨ ਸਦਕਾ ਖੇਤ ਮਜ਼ਦੂਰ/ਦਲਿਤ ਵਰਗ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਹਮੇਸ਼ਾਂ ਹੀ ਵਾਂਝਾ ਰਹਿ ਜਾਂਦਾ ਹੈ। ਕਿਹੜਾ ਮਤਾ ਪਾਸ ਕਰਨਾ ਹੈ ਤੇ ਕਿਹੜਾ ਨਹੀਂ ਕਰਨਾ ਇਹ ਗੱਲ ਪੂਰੀ ਤਰ੍ਹਾਂ ਪੰਚਾਇਤ ਉਪਰ ਕਾਬਜ਼ ਧੜੇ ਦੇ ਹੱਥ ਹੀ ਹੁੰਦੀ ਹੈ। ਸਿਆਸੀ ਪਾਰਟੀਆਂ ਨਾਲ ਬੱਝੀਆਂ ਧੜੇਬੰਦੀ ਤੇ ਜਾਤਪਾਤੀ ਤੁਅੱਸਬਾਂ ਦਾ ਸ਼ਿਕਾਰ ਪੰਚਾਇਤਾਂ ਵੱਲੋਂ ਜੇ ਮਜ਼ਦੂਰ ਭਲਾਈ ਸਕੀਮਾਂ ਲਾਗੂ ਕਰਵਾਉਣ ਬਾਰੇ ਮਤੇ ਪਾਏ ਵੀ ਜਾਂਦੇ ਹਨ ਤਾਂ ਉਹ ਵੀ ਆਪਣਾ ਵੋਟ ਬੈਂਕ ਤੇ ਧੜਾ ਪੱਕਾ ਕਰਨ ਅਤੇ ਮਜ਼ਦੂਰਾਂ ਉਪਰ ਆਪਣੀ ਦਬਸ਼ ਵਧਾਉਣ ਦੇ ਸੌੜੇ ਮਨੋਰਥਾਂ ਨਾਲ ਹੀ ਗ੍ਰਸੇ ਹੁੰਦੇ ਹਨ। ਜਿਹਨਾਂ ਵਿੱਚ ਸਮੂਹ ਲੋੜਵੰਦਾਂ ਨੂੰ ਸ਼ਾਮਲ ਕਰਨ ਦੀ ਥਾਂ ਆਪਣੇ ਪੱਖੀ ਹਿੱਸਿਆਂ ਨੂੰ ਹੀ ਸ਼ਾਮਲ ਕਰਕੇ ਸਿਆਸੀ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ।

ਮਜ਼ਦੂਰ ਭਲਾਈ ਸਕੀਮਾਂ ਨੂੰ ਪੰਚਾਇਤਾਂ ਨਾਲ ਬੰਨ੍ਹ ਕੇ ਰੱਖਣ ਅਸਲ ਵਿੱਚ ਇਹਨਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਣ ਦੇ ਲਈ ਸਰਕਾਰ ਕੋਲ ਖੂਬਸੂਰਤ ਬਹਾਨਾ ਹੈ। ਜਦ ਕਦੀ ਮਜ਼ਦੂਰ ਵਰਗ ਸੰਗਠਤ ਹੋ ਕੇ ਇਹਨਾਂ ਯੋਜਨਾਵਾਂ/ਸਕੀਮਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ 'ਤੇ ਦਬਾਅ ਬਣਾਉਂਦਾ ਹੈ ਤਾਂ ਸਰਕਾਰ ਵੱਲੋਂ ਇਹਨਾਂ ਨੂੰ ਪ੍ਰਵਾਨ ਤਾਂ ਕਰ ਲਿਆ ਜਾਂਦਾ ਹੈ। ਪਰ ਲਾਗੂ ਕਰਨ ਦੇ ਮਾਮਲੇ ਵਿੱਚ ਪੰਚਾਇਤੀ ਮਤਿਆਂ ਵਾਲਾ ਪੱਤਾ ਵਰਤਿਆ ਜਾਂਦਾ ਹੈ। ਕਿ ਹੁਣ ਜਦੋਂ ਪੰਚਾਇਤ ਹੀ ਮਤਾ ਨਹੀਂ ਪਾਉਂਦੀ ਤਾਂ ਅਸੀਂ ਵੀ ਕੀ ਕਰ ਸਕਦੇ ਹਾਂ? ਆਖ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ।

ਮੁੱਖ ਮੰਤਰੀ ਸ੍ਰੀ ਬਾਦਲ ਦੇ ਜੱਦੀ ਜ਼ਿਲ੍ਹੇ ਵਿੱਚ ਸਾਲ 2008 ਦੌਰਾਨ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਖੇਤ ਮਜ਼ਦੂਰਾਂ ਵੱਲੋਂ ਕੀਤੇ ਲਮਕਵੇਂ ਤੇ ਸਿਰੜੀ ਘੋਲ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਔਲਖ ਟਿੱਬਾ ਦੇ ਮਦੂਰਾਂ ਨੂੰ 4 ਕਨਾਲ ਪੰਚਾਇਤੀ ਜ਼ਮੀਨ ਰੂੜੀਆਂ ਲਈ ਇੱਕ ਹਫਤੇ ਵਿੱਚ ਦੇਣ ਅਤੇ ਕਈ ਪਿੰਡਾਂ ਵਿੱਚ ਪਲਾਟ ਦੇਣ ਦਾ ਲਿਖਤੀ ਸਮਝੌਤਾ ਕੀਤਾ ਗਿਆ ਸੀ। ਜੋ ਮੁੱਖ ਮੰਤਰੀ ਦੇ ਦਰਬਾਰ ਵਿੱਚ ਪਹੁੰਚਣ ਦੇ ਬਾਵਜੂਦ ਅੱਜ ਤੱਕ ''ਪੰਚਾਇਤਾਂ ਨਹੀਂ ਮੰਨਦੀਆਂ'' ਕਹਿ ਕੇ ਲਾਗੂ ਨਹੀਂ ਕੀਤਾ ਗਿਆ। ਇਉਂ ਹੀ ਪੰਚਾਇਤੀ ਤੇ ਸ਼ਾਮਲਟਾ ਜ਼ਮੀਨਾਂ ਉਪਰ ਮਕਾਨ ਬਣਾ ਕੇ ਰਹਿ ਰਹੇ ਮਜ਼ਦੂਰਾਂ ਨੂੰ ਮਾਲਕੀ ਹੱਕ ਦੇਣ ਦੇ ਮਾਮਲੇ ਵਿੱਚ ਅਗਸਤ 2008 ਤੋਂ ਸਰਕਾਰੀ ਪੱਤਰ ਜਾਰੀ ਹੋਣ ਦੇ ਬਾਵਜੂਦ ਪੰਚਾਇਤ ਵੱਲੋਂ ਮਤੇ ਪਾਸ ਨਾ ਕਰਨ ਦਾ ਬਹਾਨਾ ਬਣਾ ਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਿਆਂ ਵਾਲਾ, ਬਲਾਹੜ ਮਹਿਮਾ, ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਦੇ ਪਿੰਡ ਸਿੰਘੇਵਾਲਾ ਅਤੇ ਅਣਗਿਣਤ ਥਾਵਾਂ 'ਤੇ ਹਜ਼ਾਰਾਂ ਮਜ਼ਦੂਰਾਂ ਨੂੰ ਅੱਜ ਤੱਕ ਮਾਲਕੀ ਹੱਕ ਨਹੀਂ ਦਿੱਤੇ ਗਏ। ਜਦੋਂ ਕਿ ਸਿੰਘੇਵਾਲਾ ਦੇ ਮਾਮਲੇ ਵਿੱਚ ਮਜ਼ਦੂਰ ਅੰਦੋਲਨ ਦੌਰਾਨ ਸੰਨ 2009 ਵਿੱਚ ਰਾਤ ਦੇ 10 ਵਜੇ ਬੀ.ਡੀ.ਪੀ.ਓ. ਦਫਤਰ ਬਹਿ ਕੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੇ ਸਰਪੰਚ ਵੱਲੋਂ ਮਾਤ ਪਾਸ ਕਰਨ ਦਾ ਸੈਂਕੜੇ ਲੋਕਾਂ ਸਾਹਮਣੇ ਜਨਤਕ ਐਲਾਨ ਵੀ ਕੀਤਾ ਗਿਆ ਸੀ। ਮਾਨਸਾ ਜ਼ਿਲ੍ਹੇ ਵਿੱਚ ਪਲਾਟਾਂ ਦੇ ਮਾਮਲੇ ਨੂੰ ਲੈ ਕੇ ਚੱਲੇ ਮਜ਼ਦੂਰ ਅੰਦੋਲਨ ਦੌਰਾਨ ਵੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲਿਖਤੀ ਸਮਝੌਤਾ ਕਰਨ ਤੋਂ ਬਾਅਦ ਪਲਾਟ ਦੇਣ ਦੀ ਥਾਂ ਉਲਟਾ ਸੈਂਕੜੇ ਮਰਦ, ਔਰਤਾਂ ਅਤੇ ਬੱਚਿਆਂ ਤੱਕ ਨੂੰ ਮਹੀਨਿਆਂ ਬੱਧੀ ਜੇਲ੍ਹਾਂ ਵਿੱਚ ਹੀ ਡੱਕ ਦਿੱਤਾ ਗਿਆ।

ਇਸ ਮਾਮਲੇ ਵਿੱਚ ਸਭ ਕੁੱਝ ਪੰਚਾਇਤਾਂ ਦੇ ਹੱਥ ਹੋਣ ਅਤੇ ਆਪਣੇ ਤੇ ਸਰਕਾਰ ਦੇ ਬੇਵੱਸ ਹੋਣ ਦਾ ਪੱਤਾ ਖੇਡਦੇ ਹੋਏ ਖੇਤ ਮਜ਼ਦੂਰ ਅਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਆਪਣੇ ਜਾਣੇ ਪਹਿਚਾਣੇ ਅੰਦਾਜ਼ ਵਿੱਚ ਅਕਸਰ ਹੀ ਕਹਿੰਦੇ ਸੁਣੇ ਜਾਂਦੇ ਰਹੇ ਹਨ, ''ਬਈ ਪੰਚਾਇਤਾਂ ਤਾਂ ਖੁਦਮੁਖਤਿਆਰ ਆ। ਅਸੀਂ ਫੋਰਸ ਵੀ ਨਹੀਂ ਨਾ ਕਰ ਸਕਦੇ। ਹਾਂ ਅਪੀਲ ਹੀ ਕਰ ਸਕਦੇ ਹਾਂ। ਮੈਂ ਤਾਂ ਹਰ ਸੰਗਤ ਦਰਸ਼ਨ ਵਿੱਚ ਅਪੀਲ ਕਰਦਾਂ ਬਈ ਵੇਖੋ! ਮਜ਼ਦੂਰਾਂ ਦੀ ਹਾਲਤ ਬਹੁਤ ਮਾੜੀ ਆ। ਇਹਨਾਂ ਨੂੰ ਪਲਾਟ ਵਗੈਰਾ ਦੇਣ ਲਈ ਮਤਾ ਜ਼ਰੂਰ ਪਾਓ ਬਈ। ਪਰ ਅੱਗੋਂ ਕਰਨਾ ਤਾਂ ਉਹਨਾਂ ਨੇ ਈ ਹੈ ਨਾ....।''

ਪਰ ਕੌੜੀ ਸਚਾਈ ਤਾਂ ਇਹ ਹੈ ਕਿ ਜਿੱਥੇ ਕਿਤੇ ਪੰਚਾਇਤਾਂ ਵੱਲੋਂ ਮਜ਼ਦੂਰਾਂ ਨੂੰ ਪਲਾਟ ਦੇਣ ਤੇ ਮਕਾਨਾਂ ਲਈ ਗਰਾਂਟਾਂ ਆਦਿ ਦੇ ਮਤੇ ਪਾਏ ਵੀ ਜਾਂਦੇ ਹਨ, ਉਹਨਾਂ ਨੂੰ ਹੋਰਨਾਂ ਬਹਾਨਿਆਂ ਹੇਠ ਲਾਗੂ ਹੀ ਨਹੀਂ ਕੀਤਾ ਜਾਂਦਾ।

ਅਸਲ ਵਿੱਚ ਨਾ ਤਾਂ ਸਰਕਾਰ ਹੀ ਇਸ ਮਾਮਲੇ ਵਿੱਚ ਬੇਵੱਸ ਹੈ ਤੇ ਨਾ ਹੀ ਪੰਚਾਇਤਾਂ ਉਸ ਤੋਂ ਬਾਹਰ ਹਨ। ਜਿੱਥੇ ਕਿਤੇ ਸਰਕਾਰ ਨੂੰ ਆਪਣੇ ਹਿੱਤ ਲਈ ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ਚਾਹੀਦੀਆਂ ਹੋਣ ਜਾਂ ਕਿਸੇ ਹੋਰ ਕੰਮ ਲਈ ਮਤੇ ਪਾਸ ਕਰਵਾਉਣੇ ਹੋਣ, ਉਥੇ ਪੰਚਾਇਤਾਂ ਪੂਰੀ ਤਰ੍ਹਾਂ ਸਰਕਾਰ ਦੀ ਮੁੱਠੀ 'ਚ ਹੁੰਦੀਆਂ ਹਨ। ਮਿਸਾਲ ਵਜੋਂ ਮਜ਼ਦੂਰਾਂ ਨੂੰ ਰੂੜੀਆਂ ਲਈ 4 ਕਨਾਲ ਜ਼ਮੀਨ ਦੇਣ ਤੋਂ ਇਨਕਾਰੀ ਪਿੰਡ ਔਲਖ ਦੀ ਪੰਚਾਇਤ ਜੇ ਇਥੇ ਸਰਕਾਰ ਤੋਂ ਬਾਗੀ ਹੁੰਦੀ ਦਿਸਦੀ ਹੈ ਤਾਂ ਬਿਜਲੀ ਗਰਿੱਡ ਲਈ ਉਸੇ ਜ਼ਮੀਨ 'ਚੋਂ ਪੰਜ ਏਕੜ ਜ਼ਮੀਨ ਮੁਫਤ 'ਚ ਸਰਕਾਰ ਨੂੰ ਦੇਣ ਲਈ ਉਸਦੀ ਮੁੱਠੀ 'ਚ ਬੰਦ ਹੋ ਜਾਂਦੀ ਹੈ। ਇਉਂ ਹੀ ਸ੍ਰੀ ਬਾਦਲ ਦੇ ਪੁਰਖਿਆਂ ਦੇ ਪਿੰਡ ਘੁੱਦਾ ਦੀ ਕਰੀਬ 18-20 ਏਕੜ ਪੰਚਾਇਤੀ ਜ਼ਮੀਨ ਸਰਕਾਰੀ ਮੰਤਵਾਂ ਲਈ ਹਾਸਲ ਕਰਨ ਸਮੇਂ ਪੰਚਾਇਤ ਨੇ ਕੋਈ ਉਜਰ ਨਹੀਂ ਕੀਤਾ। ਅਜਿਹੇ ਮੌਕਿਆਂ 'ਤੇ ਪੰਚਾਇਤਾਂ ਵੱਲੋਂ ਅਫਸਰਸ਼ਾਹੀ ਨਾਲ ਮਿਲ ਕੇ ਘਰੇ ਬੈਠ ਕੇ ਹੀ ਮਤੇ ਪਾਸ ਕਰ ਦਿੱਤੇ ਜਾਂਦੇ ਹਨ ਅਤੇ ਆਪਣੇ ਹਮਾਇਤੀਆਂ ਤੋਂ ਘਰੋ ਘਰੀ ਜਾ ਕੇ ਅੰਗੂਠੇ ਲਵਾ ਕੇ ਕਾਗਜ਼ ਦਾ ਢਿੱਡ ਭਰ ਦਿਤਾ ਜਾਂਦਾ ਹੈ। ਜਿਸਦੀ ਉਦਾਹਰਨ ਮੌਜੂਦਾ ਵਿਧਾਨ ਸਭਾ ਚੋਣਾਂ ਤੋਂ ਕੁਝ ਚਿਰ ਪਹਿਲਾਂ ਹੀ ਸ੍ਰੀ ਬਾਦਲ ਦੇ ਜੱਦੀ ਪਿੰਡ ਤੋਂ ਮਹਿਜ ਅੱਠ ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਵੀ ਸਾਹਮਣੇ ਆਈ ਹੈ। ਜਿਥੇ ਪਲਾਟਾਂ ਲਈ 6 ਏਕੜ ਜ਼ਮੀਨ ਵੰਡਣ ਵੇਲੇ ਮਤਾ ਪਾਸ ਕਰਨ ਸਮੇਂ ਕਿਸੇ ਨੂੰ ਭਿਣਕ ਤੱਕ ਵੀ ਨਹੀਂ ਪੈਣ ਦਿੱਤੀ ਗਈ ਅਤੇ ਕਾਗਜ਼ਾਂ ਵਿੱਚ ਪਿੰਡ ਦਾ ਇਜਲਾਸ ਹੋਇਆ ਵਿਖਾ ਕੇ ਸਭ ਅੱਛਾ ਕਹਿ ਦਿੱਤਾ ਗਿਆ।

ਕੁੱਲ ਮਿਲਾ ਕੇ ਵੇਖਿਆਂ, ਇੱਕ ਤਾਂ ਸਰਕਾਰਾਂ ਵੱਲੋਂ ਬਣਾਈਆਂ ਜਾਂਦੀਆਂ ਮਜ਼ਦੂਰ ਭਲਾਈ ਯੋਜਨਾਵਾਂ ''ਊਠ ਤੋਂ ਛਾਨਣੀ ਲਾਹ ਕੇ ਭਾਰ ਹੌਲਾ'' ਕਰਨ ਬਰੋਬਰ ਹੀ ਹੁੰਦੀਆਂ ਹਨ, ਜੋ ਜੇਕਰ ਇੰਨ ਬਿੰਨ ਲਾਗੂ ਹੋ ਵੀ ਜਾਣ ਤਾਂ ਵੀ ਮਜ਼ਦੂਰਾਂ ਦੀ ਨਰਕੀ ਬਣੀ ਜਿੰਦਗੀ ਵਿੱਚ ਬੁਨਿਆਦੀ ਤਬਦੀਲੀ ਲਿਆਉਣ ਦਾ ਸਬੱਬ ਨਹੀਂ ਬਣਦੀਆਂ। ਦੂਜਾ ਇਹਨਾਂ ਦੀ ਵਾਗਡੋਰ ਪੰਚਾਇਤਾਂ ਹੱਥ ਹੋਣ ਸਦਕਾ ਇਹਨਾਂ ਦਾ ਲਾਗੂ ਹੋਣਾ ਖਾਲਾ ਜੀ ਦਾ ਵਾੜਾ ਨਹੀਂ। ਤੀਜਾ ਇਹ ਖੇਤ ਮਜ਼ਦੂਰਾਂ ਉਪਰ ਪੇਂਡੂ ਸੱਤਾ ਤੇ ਕਾਬਜ਼ ਜਾਗੀਰੂ ਚੌਧਰੀਆਂ ਤੇ ਸਿਆਸੀ ਲੋਕਾਂ ਦਾ ਦਾਬਾ ਤੇ ਵਗਾਰ ਹੋਰ ਵਧਾਉਣ ਤੇ ਪੱਕੇ ਕਰਨ ਦਾ ਹੀ ਸਾਧਨ ਬਣਦੀਆਂ ਹਨ।

ਅਜਿਹੇ ਕੁਝ ਦੇ ਚੱਲਦਿਆਂ ਇਹਨਾਂ ਨੂੰ ਲਾਗੂ ਕਰਵਾਉਣ ਲਈ ਪੰਚਾਇਤਾਂ ਤੇ ਸਰਕਾਰ ਦੇ ਹੱਥਕੰਡਿਆਂ ਨੂੰ ਫੇਲ੍ਹ ਕਰਨ ਲਈ ਖੇਤ ਮਜ਼ਦੂਰਾਂ ਦੀ ਵਿਸ਼ਾਲ ਜਥੇਬੰਦ ਤਾਕਤ ਤੇ ਦ੍ਰਿੜ੍ਹ ਘੋਲਾਂ ਦੀ ਅਣਸਰਦੀ ਲੋੜ ਹੈ। ਇਸਦੇ ਨਾਲ ਹੀ ਖੇਤ ਮਜ਼ਦੂਰਾਂ ਵਾਂਗ ਹੀ ਲੁੱਟ ਤੇ ਦਾਬੇ ਦਾ ਸ਼ਿਕਾਰ ਗਰੀਬ ਤੇ ਥੁੜ੍ਹ ਜ਼ਮੀਨੇ ਕਿਸਾਨਾਂ ਨਾਲ ਖੇਤ ਮਜ਼ਦੂਰ ਲਹਿਰ ਦੇ ਜੋਟੀ ਵੀ ਬੇਹੱਦ ਜ਼ਰੂਰੀ ਹੈ।

—ਲਛਮਣ ਸਿੰਘ ਸੇਵੇਵਾਲਾ
(94170 79170)

Tuesday, February 28, 2012

REMEMBERING ADAM GONDVI- A PEOPLES POET


REMEMBERING ADAM GONDVI- A PEOPLES POET

Saurabh Shukla

 साल 2011 आख़िरी पड़ाव पर है लेकिन जाते जाते यह अपने साथ धरती के अनमोल नगीनों को भी लेता जा रहा है. आज काल का शिकार बने आम आदमी के कवि अदम गोंडवी या कहें रमानाथ सिंह. उन्हें लीवर से जुड़ी तकलीफ़ थी. लखनऊ के पीजीआई अस्पताल में आज तड़के साढ़े 5 बजे उन्होंने आख़िरी सांस ली और अपने पीछे छोड़ गए अमिट छाप वाली रचनाएं.

अपने ठेठ और गंवई अंदाज़ के लिए मशहूर अदम साहब का जन्म 22 अक्टूबर 1947 को उत्तर प्रदेश के गोंडा ज़िले में पसरपर के आटा गांव में हुआ था. ये गांव गोस्वामी तुलसीदास के गुरु स्थान सूकर क्षेत्र के बेहद करीब है. स्वर्गीय श्रीमती मांडवी सिंह और श्री देवी कलि सिंह के पुत्र अदम कबीर परंपरा के कवि थे. बस कहीं फ़र्क है तो वो ये कि कबीर जी ने कभी कागज़ कलम नहीं छुआ और इन्होंने उसे छुआ था. लेकिन बस उतना ही जितना एक किसान ठाकुर के लिए ज़रूरी होता है.
अपने आस-पास घट रही घटनाओं को काग़ज़ पर सहजता से उतारना अदम साहब से बेहतर शायद की होई जानता होदलित फुलिया पर हुए ज़ुल्म को देख उनकी कलम से आंसू कुछ यूं निकले...और जब निकले तो आंसू रुकने का नाम ही नहीं ले रहे थे...


आइए महसूस करिए ज़िंदगी के ताप को
मैं चमारों की गली तक ले चलूंगा आपको

जिस गली में भुखमरी की यातना से ऊब कर
मर गई फुलिया बिचारी इक कुएं में डूब कर

है सधी सिर पर बिनौली कंडियों की टोकरी
आ रही है सामने से हरखुआ की छोकरी

चल रही है छंद के आयाम को देती दिशा
मैं इसे कहता हूँ सरजूपार की मोनालिसा

कैसी यह भयभीत है हिरनी-सी घबराई हुई
लग रही जैसे कली बेला की कुम्हलाई हुई

कल को यह वाचाल थी पर आज कैसी मौन है
जानते हो इसकी ख़ामोशी का कारण कौन है

थे यही सावन के दिन हरखू गया था हाट को
सो रही बूढ़ी ओसारे में बिछाए खाट को

डूबती सूरज की किरनें खेलती थीं रेत से
घास का गट्ठर लिए वह आ रही थी खेत से

आ रही थी वह चली खोई हुई जज्बात में
क्या पता उसको कि कोई भेड़िया है घात में

होनी से बेख़बर कृष्ना बेख़बर राहों में थी
मोड़ पर घूमी तो देखा अजनबी बाहों में थी

चीख़ निकली भी तो होठों में ही घुटकर रह गई
छटपटाई पहले, फिर ढीली पड़ी, फिर ढह गई

दिन तो सरजू के कछारों में था कब का ढल गया
वासना की आग में कौमार्य उसका जल गया

और उस दिन ये हवेली हंस रही थी मौज में
होश में आई तो कृष्ना थी पिता की गोद में

जुड़ गई थी भीड़ जिसमें ज़ोर था सैलाब था
जो भी था अपनी सुनाने के लिए बेताब था

बढ़ के मंगल ने कहा काका तू कैसे मौन है
पूछ तो बेटी से आख़िर वो दरिंदा कौन है

कोई हो संघर्ष से हम पाँव मोड़ेंगे नहीं
कच्चा खा जाएंगे ज़िन्दा उनको छोडेंगे नहीं

कैसे हो सकता है होनी कह के हम टाला करें
और ये दुश्मन बहू-बेटी से मुँह काला करें

बोला कृष्ना से- बहन, सो जा मेरे अनुरोध से
बच नहीं सकता है वो पापी मेरे प्रतिशोध से

पड़ गई इसकी भनक थी ठाकुरों के कान में
वे इकट्ठे हो गए सरपंच के दालान  में

दृष्टि जिसकी है जमीं भाले की लम्बी नोक पर
देखिए सुखराज सिंह बोले हैं खैनी ठोंक कर

क्या कहें सरपंच भाई! क्या ज़माना आ गया
कल तलक जो पाँव के नीचे था रुतबा पा गया

कहती है सरकार कि आपस में मिलजुल कर रहो
सुअर के बच्चों को अब कोरी नहीं हरिजन कहो

देखिए ना यह जो कृष्ना है चमारों के यहाँ
पड़ गया है सीप का मोती गँवारों के यहाँ

जैसे बरसाती नदी अल्हड़ नशे में चूर है
न पुट्ठे पे हाथ रखने देती है, मगरूर है

भेजता भी है नहीं ससुराल इसको हरखुआ
फिर कोई बाहों में इसको भींच ले तो क्या हुआ

आज सरजू पार अपने श्याम से टकरा गई
जाने-अनजाने वो लज्जत ज़िंदगी की पा गई

वो तो मंगल देखता था बात आगे बढ़ गई
वरना वह मरदूद इन बातों को कहने से रही

जानते हैं आप मंगल एक ही मक्कार है
हरखू उसकी शह पे थाने जाने को तैयार है

कल सुबह गरदन अगर नपती है बेटे-बाप की
गाँव की गलियों में क्या इज्जत रहेगी आपकी

बात का लहजा था ऐसा ताव सबको आ गया
हाथ मूँछों पर गए माहौल भी सन्ना गया 

क्षणिक आवेश जिसमें हर युवा तैमूर था
हाँ, मगर होनी को तो कुछ और ही मंज़ूर था

रात जो आया न अब तूफ़ान वह पुरज़ोर था
भोर होते ही वहाँ का दृश्य बिलकुल और था

सिर पे टोपी बेंत की लाठी संभाले हाथ में
एक दर्जन थे सिपाही ठाकुरों के साथ में

घेरकर बस्ती कहा हलके के थानेदार ने -
"जिसका मंगल नाम हो वह व्यक्ति आए सामने"

निकला मंगल झोपड़ी का पल्ला थोड़ा खोलकर
एक सिपाही ने तभी लाठी चलाई दौड़ कर

गिर पड़ा मंगल तो माथा बूट से टकरा गया
सुन पड़ा फिर "माल वो चोरी का तूने क्या किया"

"कैसी चोरी माल कैसा" उसने जैसे ही कहा
एक लाठी फिर पड़ी बस, होश फिर जाता रहा

होश खोकर वह पड़ा था झोपड़ी के द्वार पर
ठाकुरों से फिर दरोगा ने कहा ललकार कर -

"मेरा मुँह क्या देखते हो! इसके मुँह में थूक दो
आग लाओ और इसकी झोपड़ी भी फूँक दो"

और फिर प्रतिशोध की आँधी वहाँ चलने लगी
बेसहारा निर्बलों की झोपड़ी जलने लगी

दुधमुँहा बच्चा व बुड्ढा जो वहाँ खेड़े में था
वह अभागा दीन हिंसक भीड़ के घेरे में था

घर को जलते देखकर वे होश को खोने लगे
कुछ तो मन ही मन मगर कुछ ज़ोर से रोने लगे

"कह दो इन कुत्तों के पिल्लों से कि इतराएँ नहीं
हुक्म जब तक मैं न दूँ कोई कहीं जाए नहीं"

यह दरोगा जी थे मुँह से शब्द झरते फूल से
आ रहे थे ठेलते लोगों को अपने रूल से

फिर दहाड़े "इनको डंडों से सुधारा जाएगा
ठाकुरों से जो भी टकराया वो मारा जाएगा"

इक सिपाही ने कहा "साइकिल किधर को मोड़ दें
होश में आया नहीं मंगल कहो तो छोड़ दें"

बोला थानेदार "मुर्गे की तरह मत बांग दो
होश में आया नहीं तो लाठियों पर टांग लो

ये समझते हैं कि ठाकुर से उलझना खेल है
ऐसे पाजी का ठिकाना घर नहीं है जेल है"

पूछते रहते हैं मुझसे लोग अकसर यह सवाल
"कैसा है कहिए न सरजू पार की कृष्ना का हाल"
उनकी उत्सुकता को शहरी नग्नता के ज्वार को
सड़ रहे जनतंत्र के मक्कार पैरोकार को

धर्म संस्कृति और नैतिकता के ठेकेदार को
प्रांत के मंत्रीगणों को केंद्र की सरकार को

मैं निमंत्रण दे रहा हूँ आएँ मेरे गाँव में
तट पे नदियों के घनी अमराइयों की छाँव में

गाँव जिसमें आज पांचाली उघाड़ी जा रही
या अहिंसा की जहाँ पर नथ उतारी जा रही

हैं तरसते कितने ही मंगल लंगोटी के लिए
बेचती हैं जिस्म कितनी कृष्ना रोटी के लिए !

Courtesy : Pratirodh

Saturday, March 5, 2011

ਚਾਰ ਵਾਰ ਮੁੱਖ ਮੰਤਰੀ ਬਣੇ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਨੇੜਲੇ ਪਿੰਡ ਫਤੂਹੀਵਾਲਾ ਦੇ ਮਜ਼ਦੂਰਾਂ ਦੀ ਦਰਦਨਾਕ ਹਾਲਤ ਦੀ ਕਹਾਣੀ

ਕੰਮੀਆਂ ਦੇ ਵਿਹੜੇ ਦੀ ਲਾਲੀ 'ਤੇ ਕਰਜ਼ੇ ਦਾ ਪ੍ਰਛਾਵਾਂ

"ਯਹ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ.. . . . . . . ."

Dalit landless labourers' suicides in Punjabਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਚੁੱਕੇ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ,ਜਿਲ੍ਹਾ ਮੁਕਤਸਰ ਤੋਂ ਵਲ 6 ਕਿਲੋਮੀਟਰ ਪਿੰਡ ਫਾਤੂਹੀਵਾਲਾ ਵਿੱਚ ਕਰਜ਼ੇ ਕਾਰਣ ਖ਼ੁਦਕੁਸੀਆਂ ਕਰ ਗਏ ਕਿਰਤੀਆਂ ਦੀਆਂ ਵਿਧਵਾਵਾਂ ਅਤੇ ਯਤੀਮ ਬੱਚਿਆਂ ਦਾ ਇਕੱਠ ਤੁਹਾਡਾ ਸਵਾਗਤ ਕਰਦਾ ਹੈ। ਬੇਆਸ, ਨਿਰਾਸ਼, ਸੁੰਨੀਆਂ ਅੱਖਾਂ ਕੋਲ ਪੁੱਜੇ ਪਰ ਆਦਮੀ ਵੱਲ ਕਿਸੇ ਉਮੀਦ ਦੀ ਆਸ ਨਾਲ ਤੱਕਦੀਆਂ ਹਨ। ਪਿੱਛਲੇ ਡੇਢ ਦਹਾਕੇ ਵਿੱਚ ਹੀ ਕਰਜ਼ੇ ਦੇ ਵੱਧਦੇ ਭਾਰ ਕਾਰਣ 15 ਦੇ ਕਰੀਬ ਇਕੱਲੇ ਮਜ਼ਦੂਰਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ। ਇੱਕ-ਦੋ ਨੂੰ ਛੱਡ ਕੇ ਬਾਕੀਆਂ ਦੀ ਉਮਰ ਚੜ੍ਹਦੀ ਜਵਾਨੀ ਵਾਲੀ 22 ਸਾਲ ਤੋਂ 28 ਸਾਲ ਦੇ ਵਿਚਾਲੇ ਹੈ , ਜਿਨ੍ਹਾਂ ਵਿੱਚੋਂ ਚਾਰ ਅਜੇ ਕੁਆਰੇ ਹੀ ਸਨ ਅਤੇ 5 ਤੋਂ 7 ਅਜਿਹੇ ਸਨ ਜਿਨ੍ਹਾਂ ਦੇ ਵਿਆਹਾਂ ਨੂੰ ਕੇਵਲ ਕੁਝ ਮਹੀਨੇ ਜਾਂ 1 ਤੋਂ 3 ਸਾਲ ਹੀ ਹੋਏ ਸਨ। ਲੰਬੀ ਜ਼ਿੰਦਗੀ ਭਰ ਦਾ ਰਾਡੇਂਪਾ, ਉੱਤੋਂ ਅਥਾਹ ਗਰੀਬੀ ਵਿੱਚ ਦੋ ਡੰਗ ਲਈ ਚੁੱਲਾ ਤੱਪਦਾ ਰੱਖਣਾ ਵੀ ਮੁਹਾਲ ਅਤੇ ਕਰਜ਼ੇ ਦਾ ਜ਼ਹਿਰੀਲੇ ਨਾਗ ਦੇ ਢੰਗ ਹਰ ਕਦਮ-ਕਦਮ 'ਤੇ ਉਨ੍ਹਾਂ ਲਈ ਚਣੌਤੀ ਹੈ, ਵਿਧਵਾਵਾਂ ਕੋਲ ਗੱਲ ਛੇੜਨ ਦੀ ਹੀ ਲੋੜ ਸੀ ਫਿਰ ਤਾਂ ਉਨ੍ਹਾਂ ਦੀਆਂ ਅੱਖ਼ਾਂ ਵਿੱਚੋਂ ਹੰਝੂ ਨਹੀਂ ਰੁਕਦੇ। ਕਰਜ਼ੇ ਕਾਰਣ ਸਲਫ਼ਾਸ ਨਿਘਲ ਜਾਣ ਵਾਲਿਆਂ ਦੇ ਪੁੱਤਰ-ਪੁੱਤਰੀਆਂ ਜਾਂ ਤਾਂ ਉਸ ਸਮੇਂ ਮਾਵਾਂ ਦੀ ਬੁੱਕਲ ਵਿੱਚ ਸਨ ਜਾਂ ਉਨ੍ਹਾਂ ਦੇ ਪੇਟ ਵਿੱਚ, ਇਨ੍ਹਾਂ ਸਭ ਨੂੰ ਵਿਰਾਸਤ ਵਿੱਚ ਕਰਜ਼ੇ ਦੇ ਢੇਰ ਅਤੇ ਗਰੀਬੀ ਤੋਂ ਸਿਵਾਏ ਕੁਝ ਨਹੀਂ ਮਿਲਿਆ। ਕਰਜ਼ੇ ਦੇ ਜਾਲ ਵਿੱਚ ਫਸੇ ਇਨ੍ਹਾਂ ਦੇ ਬੱਚੇ ਅਨਪੜ੍ਹ, ਸਾਲ ਵਿੱਚ ਕੁਝ ਮਹੀਨਿਆਂ ਲਈ ਦਿਹਾੜੀਦਾਰ, ਮਾਨਸਿਕ ਤਣਾਓ ਵਿੱਚ ਜਿੰਦਗੀ ਨੂੰ ਧੱਕੇ ਦੇ ਰਹੇ ਹਨ। ਇਨ੍ਹਾਂ ਪਰਿਵਾਰਾਂ ਕੋਲ ਨਾ ਜਿੰਦਗੀ ਦਾ ਕੋਈ ਉਦੇਸ਼ ਹੈ, ਨਾ ਜਿੰਦਗੀ ਜਿਉਂਣ ਲਈ ਬੁਨਿਆਦੀ ਜਰੂਰਤਾਂ ਹਨ। ਬੱਸ ਜੇ ਹੈ ਤਾਂ ਵਿਰਾਸਤ ਵਿੱਚ ਮਿਲਿਆ ਕਰਜ਼ਾ ਜੋ ਅਮਰਵੇਲ ਵਾਂਗ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਜਾਪਦਾ ਹੈ ਕਿ ਹੁਣ ਕਰਜ਼ੇ ਦੇ ਕਾਲੇ ਦੈਂਤ ਨੇ ਕੰਮਿਆਂ ਦੇ ਵਿਹੜੇ ਵਿੱਚੋਂ ਮੱਘਦੇ ਸੂਰਜ ਦੀ ਲਾਲੀ 'ਤੇ ਕਾਲਾ ਪ੍ਰਛਾਵਾ ਪਾਇਆ ਹੈ।
ਅਠਾਰਾ-ਉਨੀ ਸਾਲ ਦੀ ਨੌਜਵਾਨ ਮਜ਼ਦੂਰ ਦੀ ਧੀ ਸੰਦੀਪ ਕੌਰ ਅਤੇ ਉਸ ਦੀ ਮਾਂ ਬਲਜੀਤ ਕੌਰ ਦੋ ਡੰਗ ਚੁੱਲੇ ਵਿੱਚ ਅੱਗ ਪਾਉਣ ਲਈ ਜਦੋ-ਜਹਿਦ ਕਰ ਰਹੀਆਂ, ਸੰਦੀਪ ਕੌਰ ਉਸ ਸਮੇਂ ਮਾਂ ਦੇ ਪੇਟ ਵਿੱਚ ਹੀ ਸੀ ਜਦੋਂ ਉਸ ਦਾ ਪਿਤਾ ਪਵਨ ਸਿੰਘ ਪੁੱਤਰ ਗੁਰਬਖ਼ਸ ਸਿੰਘ ਆਪਣੇ ਵਿਆਹ ਤੋਂ ਕੇਵਲ ਇੱਕ ਸਾਲ ਮਗਰੋਂ ਹੀ ਭਰ ਜੁਵਾਨੀ ਵਿੱਚ 20 ਸਾਲ ਦੀ ਉਮਰ ਵਿੱਚ ਹੀ ਕਰਜ਼ੇ ਕਾਰਣ ਫਾਹਾ ਲੈ ਗਿਆ। ਬਲ+ਜੀਤ ਆਪਣੇ ਬਲ ਨਾਲ ਜਿੰਦਗੀ ਜਿੱਤ ਨਹੀਂ ਸਕਦੀ, ਉਸ ਦਾ ਸਭ ਕੁਝ ਕਰਜ਼ੇ ਦੀ ਦਰਿੰਦਗੀ ਨੇ ਹੜ੍ਹੱਪ ਕਰ ਲਿਆ। ਪਰਿਵਾਰ ਸਿਰ 40-50 ਹਜ਼ਾਰ ਰੁਪਏ ਦਾ ਕਰਜ਼ਾ ਸੀ। ਜਿੰਦਗੀ ਲੀਂਹ 'ਤੇ ਲੈ ਕੇ ਆਉਂਣ ਖਾਤਰ ਉਨ੍ਹਾਂ ਨੇ ਆਪਣਾ 5-6 ਤੋਲਾ ਸੋਨੇ ਦਾ 20 ਕੁ ਹਜ਼ਾਰ ਰੁਪਏ ਵਿੱਚ ਵੇਚਿਆ ਪਰ ਅਖੀਰ ਇਸ ਕਰਜ਼ੇ ਨੇ 10 ਮਾਰਚ 1992 ਨੂੰ ਉਸ ਦੇ ਸੁਹਾਗ ਦੀ ਬਲੀ ਲੈ ਲਈ। ਹੁਣÎ ਵੀ ਇਹ ਪਰਿਵਾਰ 20-25 ਹਜ਼ਾਰ ਰੁਪਏ ਦਾ ਕਰਜ਼ਈ ਹੈ।

ਸੁਖਵਿੰਦਰ ਕੌਰ ਆਪਣੀਆਂ ਤਿੰਨ ਬੇਟੀਆਂ ਸਮੇਤ ਪਿੰਡ ਦੇ ਜਿਮੀਂਦਾਰਾਂ ਦੇ ਘਰਾਂ ਅਤੇ ਵਾੜਿਆਂ ਦਾ ਗੋਹਾ-ਕੂੜਾ ਕਰਕੇ ਆਪਣੇ ਪੇਟ ਦੀ ਅੱਗ ਬੁਝਾਉਂਣ ਦੀ ਕੋਸ਼ਿਸ਼ ਵਿੱਚ ਹੈ। 50-60 ਹਜ਼ਾਰ ਦਾ ਕਰਜ਼ਾ ਅਜੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ। ਵਿਰਾਸਤ ਵਿੱਚ ਕਰਜ਼ਈ ਹੋਈਆਂ ਇਹ ਗੁੱਡੀਆਂ ਉਸ ਸਮੇਂ ਬਚਪਨ ਵਿੱਚ ਹੀ ਮਸਤ ਸਨ ਕਿ ਇਨ੍ਹਾਂ ਦੇ ਪਿਤਾ ਰਾਜੂ ਸਿੰਘ 25 ਸਾਲ ਦੀ ਉਮਰ ਵਿੱਚ ਸੰਨ 2000 ਵਿੱਚ ਡੇਢ ਲੱਖ ਦੇ ਕਰੀਬ ਕਰਜ਼ਾ ਨਾ ਦੇਣ ਕਰਕੇ ਕੀਟ ਨਾਸਕ ਦਵਾਈ ਨਿਘਲ ਗਿਆ, ਉਹ ਅੱਠ ਦਿਨ ਹਸਪਤਾਲ ਵਿੱਚ ਜਿੰਦਗੀ ਮੌਤ ਵਿਚਾਲੇ ਸੰਘਰਸ਼ ਕਰਦਾ ਰਿਹਾ, ਤੜ੍ਹਫਤਦਾ ਰਿਹਾ, ਉਸ ਦੇ ਇਲਾਜ਼ 'ਤੇ ਲੱਗਿਆ ਦੋ ਲੱਖ ਰੁਪਏ ਨੇ ਕਰਜ਼ੇ ਦਾ ਗਰਾਫ਼ ਹੋਰ ਵਧਾ ਦਿੱਤਾ, ਅਖੀਰ ਮੌਤ ਜਿੱਤ ਗਈ । ਸੁਖਵਿੰਦਰ ਨੇ ਜਿੰਦਗੀ ਵਿੱਚ ਕਦੇ ਸੁੱਖ ਨਾ ਪਾਇਆ ਉਹ ਕਹਿੰਦੀ ਹੈ ਕਿ ਬਾਕੀ ਦੀ ਜਿੰਦਗੀ ਅਤੇ ਬੱਚੀਆਂ ਦੀ ਜਿੰਦਗੀ ਅੱਗੇ ਵੀ ਹਨੇਰ ਤੋਂ ਸਿਵਾਏ ਕੱਖ ਨਹੀਂ ਹੈ।

''ਇਸ ਜਿੰਦਗੀ ਨਾਲੋਂ ਤਾਂ ਚੰਗਾ ਸੀ ਕਿ ਉਹ ਮੈਂਨੂੰ ਵੀ ਜ਼ਹਿਰ ਦੇ ਦਿੰਦਾ ਤਾਂ ਕੰਮ ਨਿਬੜ ਜਾਂਦਾ।'' ਆਪਣੇ ਝੁਰੜੀਆਂ ਵਾਲੇ ਚਿਹਰੇ, ਖਿਲਰੇ ਵਾਲਾਂ 'ਤੇ ਬਿਆਈਆਂ ਵਾਲੇ ਫਟੇ ਹੱਥ ਫੇਰਦੀ ਇਸ ਪਿੰਡ ਫਤੂਹੀਵਾਲ ਦੀ ਵਿਧਵਾ ਮਜ਼ਦੂਰ ਸਿੰਦਰ ਕੌਰ ਦੇ ਬੋਲ ਹਨ। ਉਸ ਦੇ ਪਤੀ ਜੱਗਾ ਸਿੰਘ ਉਮਰ 34 ਸਾਲ ਨੇ ਜਿੰਦਗੀ ਬਿਹਤਰ ਬਣਾਉਂਣ ਦੇ ਉਦੇਸ਼ ਨਾਲ ਇੱਕ ਕੁਝ ਕਰਜ਼ਾ ਦੁਕਾਨ ਅਤੇ ਮਕਾਨ ਲਈ ਲਿਆ ਸੀ ਜੋ ਵੱਧਦਾ-ਵੱਧਦਾ ਇੱਕ ਲੱਖ ਰੁਪਏ ਤੱਕ ਪੁੱਜ ਗਿਆ, ਦੇਣ ਵਾਲਿਆਂ ਦੀਆਂ ਨਿੱਤ-ਦਿਨ ਦੀਆਂ ਧਮਕੀਆਂ ਅਤੇ ਝਿੜਕਾਂ ਤੋਂ ਤੰਗ ਆ ਕੇ ਉਸ ਨੇ 18 ਅਪ੍ਰੈਲ 2006 ਵਿੱਚ ਸਲਫ਼ਾਸ ਖਾ ਲਈ। ਵਿਧਵਾ, ਉਸ ਦੀ ਤੇਰ੍ਹਾਂ ਸਾਲ ਦੀ ਬੇਟੀ ਅਤੇ 17 ਸਾਲ ਦੇ ਲੜਕੇ ਨੂੰ ਗੁੜਤੀ ਹੀ ਕਰਜ਼ੇ ਦੀ ਮਿਲੀ ਹੋਈ ਹੈ। ਹੁਣ ਉਹ ਦਿਹਾੜੀ ਆਦਿ 'ਤੇ ਜਾਦੇ ਹਨ।
Dalit landless labourers' suicides in Punjab ਸਿੰਦੋ ਕੌਰ, ਤਿੰਨ ਜਵਾਨ ਕੁੜੀਆਂ ਅਤੇ ਇੱਕ ਮੁੰਡੇ ਨੂੰ ਵਿਰਸ਼ੇ ਵਿੱਚ ਜੇ ਕੁਝ ਮਿਲਿਆ ਤਾਂ ਕੇਵਲ ਜਿਮੀਂਦਾਰਾਂ ਦਾ ਕਰਜ਼ਾ। ਵਿਧਵਾ ਅਤੇ ਉਸ ਦੀਆਂ ਬੇਟੀਆਂ ਘਰਾਂ ਵਿੱਚ ਗੋਹਾ ਕੁੜਾ ਕਰਦੀਆਂ ਹਨ। ਮੁੰਡਾ ਦਿਹਾੜੀ 'ਤੇ ਜਾਂਦਾ ਹੈ। ਸਿੰਦੋ ਰੋਂਦੀ ਹੋਈ ਆਪਣਾ ਦੁੱਖ ਦੱਸਦੀ ਹੈ ਕਿ ਉਸ ਦਾ ਪਤੀ ਸੇਵਾ ਸਿੰਘ 48-49 ਸਾਲਾਂ ਦੀ ਉਮਰ ਵਿੱਚ 35 ਹਜ਼ਾਰ ਰੁਪਏ ਨਾ ਮੋੜਨ ਕਰਕੇ ਸੰਨ 1990 ਵਿੱਚ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਗਿਆ ਸੀ। ਕਰਜ਼ਾ ਲਾਉਂਣ ਖਾਤਰ ਉਨ੍ਹਾਂ ਜਿਮੀਂਦਾਰਾਂ ਨੂੰ 5 ਮਰਲੇ ਥਾਂ ਦੇ ਵੀ ਵੇਚੇ ਪਰ ਇਹ ਘੱਟਣ ਦੀ ਬਜਾਏ ਵੱਧਦਾ ਗਿਆ ਹੈ ਅਤੇ ਦਹਾਕਿਆਂ ਮਰਗੋਂ ਵੀ 35 ਹਜ਼ਾਰ ਦੇ ਕਰੀਬ ਬਾਕੀ ਹੈ।
''ਜਿਮੀਂਦਾਰਾਂ ਦੇ ਖ਼ੇਤਾਂ ਵਿੱਚ ਦਸ ਸਾਲ ਦਿਨ ਰਾਤ ਘੱਟਾ ਢੋਹਣ 'ਤੇ ਵੀ ਇਹ ਕਰਜ਼ਾ ਵੱਧਦਾ ਹੀ ਗਿਆ ਅਤੇ ਅਖ਼ੀਰ ਮਾੜੇ ਕਰਮਾਂ ਵਾਲੇ ਦੀ ਜਾਨ ਲੈ ਲਈ ਪਰ ਇਹ ਸਾਡਾ ਖਹਿੜਾ ਹੁਣ ਵੀ ਨਹੀਂ ਛੱਡ ਰਿਹਾ। ਇਹ 13 ਤੇ 15 ਸਾਲ ਦੇ ਦੋ ਮੁੰਡੇ ਨੇ, ਇਨ੍ਹਾਂ ਨੂੰ ਜੰਮਦਿਆਂ ਹੀ ਕਰਜ਼ੇ ਨੇ ਜਾਲ ਵਿੱਚ ਫਸਾ ਲਿਆ। ਵੱਡੀ ਕੁੜੀ 17 ਸਾਲ ਦੀ ਵਿਆਹ ਦਿੱਤੀ ਹੈ।'' ਸੰਖੇਪ ਜਿਹੀ ਗੱਲ ਵਿੱਚ ਹੀ ਆਪਣੇ ਦੁੱਖ ਬਿਆਨ ਕਰਦੀ ਵਿਧਵਾ ਮਜ਼ਦੂਰ ਛਿੰਦਰ ਕੌਰ ਦਾ ਰੋਣਾ ਨਹੀਂ ਠੱਲਿਆ ਜਾ ਰਿਹਾ। ਉਸ ਦੇ ਪਤੀ ਸੁੱਚਾ ਸਿੰਘ ਦੀ ਕਿਰਤ ਦਾ ਸੁੱਚਾਪਣ ਨਾ ਚੱਲਿਆ। ਵਿਆਹ ਤੋਂ ਦਸ ਸਾਲ ਮਗਰੋ ਹੀ 35 ਸਾਲ ਦੀ ਉਮਰ ਵਿੱਚ 40-45 ਹਜ਼ਾਰ ਰੁਪਏ ਕਰਜ਼ਾ ਨਾ ਲਹਿਣ ਕਾਰਣ ਉਸ ਨੇ ਘਰ ਵਿੱਚ ਹੀ ਫ਼ਾਹਾ ਲੈ ਲਿਆ, ਹਲਾਂਕਿ ਉਹ ਲਗਾਤਾਰ ਦਸ ਸਾਲ ਉਸ ਕਿਸਾਨ ਦੇ ਖ਼ੇਤਾਂ ਦਾ ਪੁੱਤ ਰਿਹਾ ਸੀ। ਗਰੀਬ ਪਰਿਵਾਰ ਕਿਸਾਨਾਂ ਦੇ ਦਿਹਾੜੀ ਆਦਿ ਕਰਦਾ ਹੈ ਅਤੇ ਛਿੰਦਰ ਹੋਰਨਾਂ ਕਿਰਤੀ ਔਰਤਾਂ ਵਾਂਗ ਹੀ ਗੋਹਾ- ਕੂੜਾ ਢੋਂਹਦੀ ਹੈ।
ਰਾਣੀ ਕੌਰ ਲੋਕਾਂ ਦੇ ਘਰਾਂ 'ਚ ਪਸ਼ੂਆਂ ਦਾ ਗੋਹਾ-ਮੁਤਰਾਲ ਸਿਰ 'ਤੇ ਢੋਹ ਰਹੀ ਹੈ। ਤਿੰਨੋਂ ਬੱਚੇ ਗਰੀਬੀ ਕਾਰਣ ਅਨਪੜ੍ਹ ਰਹੇ ਗਏ ਹਨ। ਸੁੱਖਾ ਸਿੰਘ ਦੇ ਇਸ ਪਰਿਵਾਰ 'ਤੇ ਦੁੱਖਾਂ ਦੇ ਪਹਾੜ ਹਨ। ''ਇਹ ਰੰਡੇਪੇ ਵਾਲਾ ਦੁੱਖ, ਕੰਗਾਲੀ, ਕਰਜ਼ਾ, ਘੋਰ ਗਰੀਬੀ ਅਜਿਹੀ ਜਿੰਦਗੀ ਨਾਲੋਂ ਤਾਂ ਸਾਨੂੰ ਰੱਬ ਮੌਤ ਦੇ ਦੇਵੇ।'' ਆਪਣੇ ਅੱਥਰੂ ਪੂੰਝਦੀ ਹੋਈ ਕਹਿੰਦੀ ਹੈ। ਉਸ ਦਾ ਪਤੀ ਸੁੱਖਾ ਸਿੰਘ 28 ਸਾਲ ਦੀ ਉਮਰ ਵਿੱਚ ਅਜ਼ਾਦੀ ਵਾਲੇ ਮਹੀਨੇ 31 ਤਾਰੀਖ 1995 ਨੂੰ ਜ਼ਹਿਰ ਪੀ ਕੇ ਆਪਣੇ ਜਿੰਦਗੀ ਮੌਤ ਹਵਾਲੇ ਕਰ ਗਿਆ। ਉਨ੍ਹਾਂ ਸਿਰ ਪਿੰਡ ਦੇ ਕਿਸਾਨਾਂ ਦਾ ਡੇਢ ਲੱਖ ਰੁਪਏ ਦਾ ਕਰਜ਼ਾ ਸਿਰ ਸੀ। ਉਸ ਸਮੇਂ ਉਨ੍ਹਾਂ ਦੇ ਵਿਆਹ ਨੂੰ 12 ਸਾਲ ਹੀ ਹੋਏ ਸਨ ਕਿ ਕਰਜ਼ੇ ਦੇ ਛੁਰੇ ਨੇ ਉਸ ਦਾ ਸਭ ਕੁਝ ਉਜਾੜ ਦਿੱਤਾ।
ਮਾਪਿਆਂ ਨੇ ਉਸ ਦਾ ਲਾਡ ਨਾਲ ਨਾਂ ਅੰਗਰੇਜ਼ ਸਿੰਘ ਰੱਖਿਆ ਪਰ ਕਰਜ਼ੇ ਦੇ ਦੈਂਤ ਨੇ ਉਸ ਨੂੰ ਨਾ ਅੰਗਰੇਜ਼ ਬਣ ਕੇ ਜਿਉਂਣ ਦਿੱਤਾ ਨਾ ਕੁਝ ਹੋਰ, ਇਸੇ ਪਿੰਡ ਫਾਤੂਹੀਵਾਲਾ ਦਾ ਅੰਗਰੇਜ 26 ਸਾਲ ਦੀ ਉਮਰ ਵਿੱਚ 1994 ਵਿੱਚ ਫਾਹਾ ਲੈ ਕੇ ਆਤਮ ਘਾਤ ਕਰ ਗਿਆ। ਵਿਧਵਾ ਬੰਸੋ ਕੌਰ ਦੱਸਦੀ ਹੈ ਕਿ ਉਨ੍ਹਾਂ ਦੇ ਵਿਆਹ ਨੂੰ ਕੇਵਲ 5 ਸਾਲ ਹੀ ਹੋਏ ਸਨ। ਉਸ ਨੇ ਸਿਰ 50-60 ਹਜ਼ਾਰ ਰੁਪਏ ਦਾ ਕਰਜ਼ਾ ਸੀ ਜੋ ਉਸ ਦੀ ਬਿਮਾਰੀ ਕਾਰਣ ਹੋਰ ਵੱਧ ਗਿਆ। ਕਰਜ਼ੇ ਦੀ ਦਲਦਲ ਵਿੱਚ ਫਸਿਆ ਪਰਿਵਾਰ ਦੱਸਦਾ ਹੈ ਉਨ੍ਹਾਂ ਨੇ ਕਰਜ਼ੇ ਦੇ ਜਾਲ ਵਿੱਚੋਂ ਨਿਕਲਣ ਲਈ 3-4 ਮੱਝਾਂ ਅਤੇ ਝੋਟੀਆਂ ਵੀ 10 ਤੋਂ 15 ਹਜ਼ਾਰ ਰੁਪਏ ਤੱਕ ਵਿੱਚ ਵੇਚੀਆਂ ਪਰ ਇਹ ਕਰਜ਼ਾ ਵੱਧਦਾ ਗਿਆ।
ਡੇਢ ਲੱਖ ਰੁਪਏ ਵਿੱਚ 8 ਕਨਾਲਾਂ ਜਗਾ ਵੇਚਣ ਨਾਲ ਵੀ ਨੌਜਵਾਨ ਗੁਰਜੰਟ ਸਿੰਘ ਨੂੰ ਕਰਜ਼ੇ ਤੋਂ ਮੁਕਤੀ ਨਾ ਮਿਲੀ। ਕਰਜ਼ਾ, ਗਰੀਬੀ, ਕਬੀਲਦਾਰੀ, ਮਾਨਸਿਕ ਤਣਾਓ ਦਾ ਨਤੀਜਾ ਇਹ ਸੀ ਕਿ ਉਸ ਨੇ 25 ਸਾਲ ਦੀ ਉਮਰ ਵਿੱਚ ਸੰਨ 1998 ਵਿੱਚ ਉਸ ਨੇ ਆਪਣੇ ਆਪ ਨੂੰ ਅੱਗ ਹਵਾਲੇ ਕਰ ਦਿੱਤਾ। ਇਹ ਕਰਜ਼ਾ ਪਿੰਡ ਦੇ ਕਿਸਾਨਾਂ ਦਾ ਵੀ ਸੀ। ਕਰਜ਼ਾ ਵੱਧਦਾ ਗਿਆ ਤਾਂ ਵਿਧਵਾ ਦਲਿਤ ਔਰਤ ਆਪਣੇ ਕਰਜ਼ਈ 4 ਬੱਚਿਆਂ ਨੂੰ ਲੈ ਕੇ ਚੁੱਪ-ਚੁਪੀਤੇ ਹੀ ਪਿੰਡ ਛੱਡ ਗਈ। ਮ੍ਰਿਤਕ ਦਾ ਭਰਾ ਮਜ਼ਦੂਰ ਗੁਰਚਰਨ ਸਿੰਘ ਸੋਚ ਕੇ ਅਤੇ ਹਾਉਂਦਾ ਭਰ ਕੇ ਆਖਦਾ ਹੈ ਕਿ ਭਾਈ ਕਰਜ਼ਾ ਤਾਂ ਪਿੰਡ ਨਹੀਂ ਛੱਡਦਾ ਨਾ ਹੀ ਘਰ ਛੱਡਦਾ ਹੈ।
''ਸਾਡੇ ਮਜ਼ਦੂਰਾਂ ਕੋਲ ਇਨ੍ਹਾਂ ਦੋ ਹੱਥਾਂ ਦੀ ਕਿਰਤ ਵੇਚਣ ਤੋਂ ਸਿਵਾਏ ਹੋਰ ਕੀ ਹੈ? ਇਹ ਵੀ ਜੇ ਵਿਕ ਗਈ ਤਾਂ ਰੋਟੀ ਖਾ ਲਈ ਨਹੀਂ ਤਾਂ ਫਿਰ….. . . .!'' ਵਿਧਵਾ ਦਲਿਤ ਔਰਤ ਗੁਰਦੀਪ ਕੌਰ ਦੇ ਮੂੰਹ ਵਿੱਚ ਇਹ ਵਾਕ ਰਹਿ ਜਾਂਦੇ ਹਨ। ਉਹ ਕਿਸਾਨਾਂ ਦਾ ਗੋਂਲਾ-ਧੰਦਾ ਕਰਕੇ ਵੇਲਾ-ਪੁਰਾ ਕਰਦੀ ਹੈ। ਖ਼ੇਤਾਂ ਵਿੱਚ ਨਰਮਾ ਚੁਗਦੀ ਅਤੇ ਕਣਕ ਵੱਢਦੀ ਹੈ। ਉਸ ਨੂੰ ਪਤੀ ਦੀ ਵਿਰਾਸਤ ਵਿੱਚ ਮਿਲਿਆ 30-40 ਹਜ਼ਾਰ ਰੁਪਏ ਦਾ ਕਰਜ਼ਾ ਬਰਕਰਾਰ ਹੈ। ਉਸ ਦਾ ਪਤੀ ਲੱਛਮਣ ਸਿੰਘ 21 ਸਤੰਬਰ 1998 ਨੂੰ ਆਪਣੀ 32 ਸਾਲ ਦੀ ਉਮਰ ਵਿੱਚ ਵਿਆਹ ਤੋਂ ਇੱਕ ਦਹਾਕਾ ਬਾਅਦ ਹੀ ਜ਼ਹਿਰ ਪੀ ਕੇ ਖ਼ੁਦਕੁਸੀ ਕਰ ਗਿਆ ਸੀ। ਵਿਧਵਾ ਨੇ ਸਾਰੀ ਉਮਰ ਕਿਰਤ ਵੇਚਣ ਤੋਂ ਇਲਾਵਾ ਆਪਣੀਆਂ ਦੋ ਮੱਝਾਂ ਵੀ 25 ਹਜ਼ਾਰ ਰੁਪਏ ਵਿੱਚ ਵੇਚੀਆਂ ਪਰ ਕਰਜ਼ਾ ਵੱਧਦਾ ਗਿਆ।
ਭਾਗ ਸਿੰਘ ਦੇ ਪੁੱਤਰਾਂ ਦੇ ਕਿਉਂ ਭਾਗ ਫੁੱਟੇ? ਜਦੋਂ ਸਾਰਾ ਪਰਿਵਾਰ ਦਿਨ ਰਾਤ ਇੱਕ ਕਰਕੇ ਕਮਾ ਰਿਹਾ ਸੀ, ਸਾਰਾ ਪਰਿਵਾਰ ਕਿੱਥੇ ਹੈ? ਕੁਝ ਪਤਾ ਨਹੀਂ, ਕੁਝ ਕੁ ਕਹਿੰਦੇ ਹਨ ਕਿ ਡੱਬਵਾਲੀ ਦਿਹਾੜੀ ਕਰਦੇ ਹਨ। ਉਸ ਦੇ ਛੋਟੇ ਮੁੰਡੇ ਬਾਰੇ ਪਿੰਡ ਵਾਲੇ ਕਹਿੰਦੇ ਹਨ, ''ਬਈ, ਵੱਡੇ ਭਰਾ ਦੀ ਮੌਤ 'ਤੇ ਉਸ ਨੂੰ ਦੁੱਖ ਨੇ ਪਾਗਲ ਬਣਾ ਦਿੱਤਾ।'' 24 ਸਾਲ ਦੀ ਭਰ ਜੁਵਾਨੀ ਵਿੱਚ ਸੁਲੱਖਣ ਸਿੰਘ ਆਪਣੇ ਵਿਆਹ ਤੋਂ 4 ਸਾਲ ਬਾਅਦ ਸੰਨ 2002 ਵਿੱਚ ਜ਼ਹਿਰ ਪੀ ਗਿਆ। ਪੀੜ੍ਹਤ ਪਰਿਵਾਰ 'ਤੇ 80 ਹਜ਼ਾਰ ਰੁਪਏ ਦਾ ਕਰਜ਼ਾ ਸੀ, ਜੋ ਉਸ ਦੀ ਮੌਤ ਮਗਰੋਂ ਵੀ ਵਿਧਵਾ ਅਤੇ ਪਰਿਵਾਰ 'ਤੇ ਬਰਕਰਾਰ ਹੈ।
ਤਰਸੇਮ 35-36 ਸਾਲ ਦੀ ਉਮਰ ਵਿੱਚ ਸੰਨ 2000 ਵਿੱਚ ਬੈਂਕ ਦਾ 50 ਹਜ਼ਾਰ ਰੁਪਏ ਕਰਜ਼ਾ ਨਾ ਮੋੜ੍ਹਨ ਕਾਰਣ ਮਜ਼ਬੂਰੀ ਵਸ ਜ਼ਹਿਰ ਪੀ ਗਿਆ। ਮਜ਼ਦੂਰ ਪਰਿਵਾਰ ਸਿਰ ਹੁਣ ਵੀ 30 ਹਜ਼ਾਰ ਰੁਪਏ ਦਾ ਕਰਜ਼ਾ ਹੈ।
ਕਰਜ਼ੇ ਦੇ ਵੱਧਦੇ ਦਬਾਅ ਕਾਰਣ ਪਿੰਡ ਕੁਆਰੇ ਨੌਜਵਾਨ ਵੀ ਮੌਤ ਦੀ ਬੁੱਕਲ ਵਿੱਚ ਸਮਾ ਗਏ। ਲਗਾਤਾਰ ਦਸ ਸਾਲ ਕਿਸਾਨਾਂ ਦੇ ਖ਼ੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ, ਖ਼ੇਤਾਂ ਦਾ ਅਸਲੀ ਪੁੱਤ ਬਿੰਦਰ ਖਾਨ ਪੁੱਤਰ ਹਬੀਬ ਖਾਨ ਕਿਸਾਨ ਦਾ 25 ਹਜ਼ਾਰ ਰੁਪਏ ਨਾ ਮੋੜ੍ਹਨ ਕਰਕੇ 1995 ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਗਿਆ। ਇਸ ਵਕਫੇ ਦੌਰਾਨ ਇਸ ਮਜ਼ਦੂਰ ਪਰਿਵਾਰ ਨੇ 5 ਮਰਲੇ ਦੀ ਥਾਂ ਵੀ 35 ਹਜ਼ਾਰ ਰੁਪਏ ਵਿੱਚ ਵੇਚੀ, ਪਰ ਅਜੇ ਵੀ 25 ਹਜ਼ਾਰ ਰੁਪਏ ਕਰਜ਼ੇ ਦਾ ਭੂਤ ਦਨਦਨਾ ਰਿਹਾ ਹੈ। ਬੂਟਾ ਖਾਨ ਦੇ ਮੂੰਹੋਂ ਕੇਵਲ ਇਹ ਸ਼ਬਦ ਨਿਕਲਦੇ ਹਨ, ''ਮਜੂ'ਰ ਦੀ ਵੀ ਕੋਈ ਜਿੰਦਗੀ ਹੈ!''
22 ਸਾਲ ਦੀ ਉਮਰ ਦਾ ਕੁਆਰਾ ਭੁਪਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਤੋਂ ਜਦੋਂ ਕਿਸਾਨਾਂ ਦਾ ਕਰਜ਼ਾ ਨਾ ਉਤਰਿਆ ਤਾਂ 11 ਮਈ ਨੂੰ ਉਸ ਨੇ ਆਪਣੇ ਗਲ ਰੱਸਾ ਪਾਉਣ ਦਾ ਇੱਕੋਂ ਇੱਕ ਰਾਹ ਚੁਣਿਆ। ਹੁਣ ਕਰਜ਼ਾ ਕਿੰਨ੍ਹਾ ਹੈ ਇਹ ਪੁੱਛਣ 'ਤੇ, ਉਸ ਦੀ ਮਾਂ ਰੋਂਦੀ ਹੋਈ ਹੱਥ ਮਾਰਦੀ ਹੈ ਕਿ ਇਸ ਚੰਦਰੇ ਦਾ ਕੋਈ 'ਸਾਬ ਨ੍ਹੀ ਏ। ਇਸ ਅਰਸੇ ਦੌਰਾਨ ਉਨ੍ਹਾਂ ਕਰਜ਼ੇ ਤੋਂ ਛੁਟਕਾਰਾ ਪਾਉਂਣ ਲਈ 15-15 ਹਜ਼ਾਰ ਦੀਆਂ ਦੋ ਮੱਝਾਂ ਵੀ ਵੇਚੀਆਂ। ਪਰ ਕਰਜ਼ਾ ਜਿਉਂ ਦੀ ਤਿਉਂ ਹਾਲਤ ਵਿੱਚ ਹੈ।Dalit landless labourers' suicides in Punjabਓਮ ਪ੍ਰਕਾਸ ਦੀ ਜਿੰਦਗੀ ਵਿੱਚ ਹਨੇਰਾ ਹੀ ਸੀ। ਇਸ ਦੀ ਮਾਤਾ ਭਾਗਵੰਤੀ ਅਤੇ ਪਿਓ ਕ੍ਰਿਸ਼ਨ ਲਾਲ ਪਿੰਡ ਵਿੱਚ ਦਿਹਾੜੀ ਕਰਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਓਮ ਪ੍ਰਕਾਸ ਦੀਆਂ ਲੱਤਾਂ ਖੜ੍ਹਨ 'ਤੇ ਪਰਿਵਾਰ ਨੇ ਉਸ ਦੇ ਇਲਾਜ਼ ਲਈ ਕਰਜ਼ਾ ਲਿਆ। ਬਿਮਾਰੀ ਅਤੇ ਕਰਜ਼ਾ ਇਕੱਠ ਹੀ ਵੱਧਦੇ ਗਏ ਤਾਂ ਓਮ ਪ੍ਰਕਾਸ ਨੇ ਇੱਕ ਨਵੰਬਰ 2003 ਨੂੰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਕਰਜ਼ੇ ਤੋਂ ਛੁਟਕਾਰਾ ਪਾਉਂਣ ਲਈ ਪਰਿਵਾਰ ਨੇ 3 ਮੱਝਾਂ 20-25 ਹਜ਼ਾਰ ਰੁਪਏ ਦੀਆਂ ਵੇਚੀਆਂ ਪਰ ਇਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।
ਇਸੇ ਪਿੰਡ ਦਾ ਦਲਿਤ ਨੌਜਵਾਨ ਤਰਸੇਮ ਸਿੰਘ 13 ਨਵੰਬਰ 2008 ਨੂੰ ਫਾਹਾ ਲੈ ਕੇ ਆਤਮ ਹੱਤਿਆ ਕਰ ਗਿਆ। ਉਸ ਸਮੇਂ ਉਸ ਦੀ ਉਮਰ 20 ਸਾਲ ਦੀ ਸੀ ਅਤੇ ਉਹ ਕੁਆਰਾ ਹੀ ਸੀ। ਉਸ ਦੀ ਬਿਮਾਰੀ ਅਤੇ ਕਰਜ਼ਾ ਨਾਲੋਂ-ਨਾਲ ਵੱਧਦੇ ਗਏ। ਇਸ ਦੇ ਬਾਵਜੂਦ ਵੀ ਕਿ ਉਨ੍ਹਾਂ 5 ਮਰਲੇ ਥਾਂ 7 ਹਜ਼ਾਰ ਰੁਪਏ ਵਿੱਚ ਅਤੇ ਇੱਕ ਮੱਝ 8 ਹਜ਼ਾਰ ਰੁਪਏ ਵਿੱਚ ਵੇਚੀ। ਮ੍ਰਿਤਕ ਦੀ ਮਾਤਾ ਸਿੰਦਰਪਾਲ ਕੌਰ ਦੱਸਦੀ ਹੈ ਕਿ ਕਰਜ਼ੇ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ ਰਹਿੰਦਾ।
ਪਿੰਡ ਦੇ ਮਜ਼ਦੂਰ ਆਗੂ ਸੁੱਖਾ ਸਿੰਘ ਅਤੇ ਰਾਜਾ ਸਿੰਘ ਦੱਸਦੇ ਹਨ ਕਿ ਕਿਰਤੀਆਂ ਵੱਲੋਂ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਕਰਜ਼ੇ ਨੇ ਉਨ੍ਹਾਂ ਦੀ ਹਾਲਤ ਭਿਆਨਕ ਬਣਾ ਦਿੱਤੀ ਹੈ। ਉਹ ਸਰਕਾਰ 'ਤੇ ਦੋਸ ਦਿੰਦੇ ਕਹਿੰਦੇ ਹਨ ਕਿ ਇੱਥੋਂ 5-4 ਕਿਲੋਮੀਟਰ ਮੁੱਖ ਮੰਤਰੀ ਦਾ ਪਿੰਡ ਹੈ, ਜੋ ਸੂਬੇ ਦੀ ਯੁਰਪ ਦੇ ਕਦੇ ਕਿਸੇ ਦੇਸ਼ ਨਾਲ ਅਤੇ ਕਦੇ ਕਿਸੇ ਦੇਸ਼ ਨਾਲ ਤੁਲਨਾ ਕਰਦਾ ਨਹੀਂ ਥੱਕਦਾ ਪਰ ਦੂਜੇ ਪਾਸੇ ਵਿਹੜੇ ਦੀ ਨਿਘਰਦੀ ਹਾਲਤ ਅਤੇ ਲੁੱਟ ਬਾਰੇ ਚੁੱਪ ਧਾਰੀ ਹੋਈ ਹੈ। ਚਾਹ ਪੀਕੇ ਜਦੋਂ ਸੁੱਚਾ ਸਿੰਘ ਦੇ ਘਰੋਂ ਉੱਠਣ ਲੱਗਦੇ ਹਾਂ ਤਾਂ ਉਸ ਦੀ ਕੰਧ 'ਤੇ ਲੱਗੇ ਇੱਕ ਪੋਸਟਰ ਤੋਂ ਇਹ ਸ਼ਬਦ ਨਜ਼ਰੀ ਪੈਂਦੇ ਹਨ:

ਮੇਰੀਆਂ ਸੋਚਾਂ ਦੇ ਵਿੱਚ ਬੇਕਰਾਰੀ ਹੈ ਅਜੇ।
ਜਿੰਦਗੀ ਤੁਰਦੀ ਪਈ, ਪਰ ਜੰਗ ਜਾਰੀ ਹੈ ਅਜੇ।

ਵਲੋਂ: ਬਲਜਿੰਦਰ ਕੋਟਭਾਰਾ

Monday, November 29, 2010

ਕਿਸਾਨ ਮਜ਼ਦੂਰਾਂ ਦਾ ਏਕਾ

ਕਿਸਾਨ ਮਜ਼ਦੂਰਾਂ ਦਾ ਏਕਾ

ਹਰਮੇਸ਼ ਮਾਲ੍ਹੜੀ

ਕਿਰਤ ਦੀ ਧਿਰ ਦੇ ਸਭਨਾਂ ਲੋਕਾਂ ਨੇ ਇਹ ਖ਼ਬਰ ਖੁਸ਼ੀ ਨਾਲ ਪੜ੍ਹੀ ਤੇ ਮਾਣੀ ਹੈ ਕਿ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀਆਂ ਜਥੇਬੰਦੀਆਂ ਅਤੇ ਗਰੀਬ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਮਿਲ ਕੇ ਤਿੰਨ ਥਾਵਾਂ ’ਤੇ ਤਿੰਨ ਦਿਨ ਲਗਾਤਾਰ ਧਰਨੇ ਲਾ ਕੇ ਆਪਣੀਆਂ ਕੁਝ ਮੰਗਾਂ ਮੰਨਵਾ ਲਈਆਂ ਹਨ। ਆਮ ਤੌਰ ’ਤੇ ਤਬਕਾਤੀ ਜਥੇਬੰਦੀਆਂ ਆਰਥਿਕ ਮੰਗਾਂ ’ਤੇ ਹੀ ਆਪਣੀ ਲੜਾਈ ਕੇਂਦਰਤ ਕਰਦੀਆਂ ਹਨ। ਰਾਜ ਕਰਦੀਆਂ ਹਾਕਮ ਜਮਾਤਾਂ ਵੱਲੋਂ ਲਗਾਤਾਰ ਜਦੋਂ ਉਨ੍ਹਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਅਤੇ ਜਬਰ ਦੇ ਜ਼ੋਰ ਉਨ੍ਹਾਂ ਦਾ ਮੂੰਹ ਬੰਦ ਕਰਨ ਦੀ ਨੀਤੀ ਅਖਤਿਆਰ ਕੀਤੀ ਜਾਂਦੀ ਹੈ ਤਾਂ ਹਾਕਮ ਜਮਾਤਾਂ ਦੇ ਇਸ ਰਵੱਈਏ ਕਾਰਨ ਹੀ ਤਬਕਾਤੀ ਜਥੇਬੰਦੀਆਂ ਲਈ ਜਮਹੂਰੀ ਹੱਕਾਂ ਦੀ ਰਾਖੀ ਦਾ ਸਵਾਲ ਖੜ੍ਹਾ ਹੁੰਦਾ ਹੈ। ਇਸ ਤੋਂ ਬਾਅਦ ਹੀ ਇਨ੍ਹਾਂ ਜਥੇਬੰਦੀਆਂ ਦੇ ਵਰਕਰਾਂ, ਆਗੂਆਂ ਦੀ ਸੋਚ ਵਿਚ ਸਿਆਸੀ ਅੰਸ਼ ਦਾਖਲ ਹੁੰਦੇ ਹਨ ਤੇ ਫਿਰ ਹੌਲੀ-ਹੌਲੀ ਮੰਗਾਂ ਦਾ ਸਿਆਸੀਕਰਨ ਹੁੰਦਾ ਹੈ। ਜਮਾਤਾਂ ਵਿਚ ਵੰਡੇ ਸਮਾਜ ਅੰਦਰ ਸਾਧਨ ਸੰਪੰਨ ਜਮਾਤਾਂ ਆਰਥਿਕ ਅਤੇ ਰਾਜਨੀਤਕ ਵਿਵਸਥਾ ’ਤੇ ਕਬਜ਼ਾ ਕਰਕੇ ਅਧੀਨ ਜਮਾਤਾਂ ਦੇ ਹੱਕਾਂ ਨੂੰ ਕੁਚਲਦੀਆਂ ਹਨ। ਇਹ ਸਾਰੇ ਸੰਸਾਰ ਵਿਚ ਹਾਕਮ ਜਮਾਤਾਂ ਦਾ ਆਮ ਕਿਰਦਾਰ ਹੈ। ਸਮਾਜਿਕ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿਚ ਹਾਕਮ ਜਮਾਤਾਂ ਦੇ ਤੌਰ- ਤਰੀਕੇ ਹੀ ਬਦਲਦੇ ਹਨ ਕਿਰਦਾਰ ਉਹੋ ਹੀ ਰਹਿੰਦਾ ਹੈ। ਮੌਜੂਦਾ ਸਮੇਂ ਸਾਡੇ ਉੱਤੇ ਰਾਜ ਕਰ ਰਹੀਆਂ ਹਾਕਮ ਜਮਾਤਾਂ ਵੀ ਇਸੇ ਜੁਮਰੇ ਵਿਚ ਹੀ ਆਉਂਦੀਆਂ ਹਨ। ਖਾਸ ਤੌਰ ’ਤੇ ਪਿਛਲੇ ਪੰਦਰਾਂ ਸਾਲਾਂ ਤੋਂ ਜਿਹੜੀਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਇਨ੍ਹਾਂ ਨੀਤੀਆਂ ਨੇ ਗਰੀਬ ਅਤੇ ਦਰਮਿਆਨੇ ਤਬਕਿਆਂ ਵਿਚ ਜ਼ਬਰਦਸਤ ਬਦਜ਼ਨੀ ਪੈਦਾ ਕੀਤੀ ਹੈ। ਪੰਜਾਬ ਅੰਦਰ ਲਾਗੂ ਕੀਤੇ ਅਖੌਤੀ ਹਰੇ ਇਨਕਲਾਬ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਖੁੰਗਲ ਕਰਕੇ ਰੱਖ ਦਿੱਤਾ ਹੈ ਅਤੇ ਖੇਤ ਮਜ਼ਦੂਰਾਂ ਕੋਲੋਂ ਖੇਤੀ ਅੰਦਰ ਰੁਜ਼ਗਾਰ ਖੁੱਸ ਗਿਆ ਹੈ। ਸਮਾਜ ਦੇ ਇਹ ਦੋਵੇਂ ਬੁਨਿਆਦੀ ਤਬਕੇ ਇਸ ਵਕਤ ਚੌਤਰਫੇ ਸੰਕਟ ਵਿਚੋਂ ਗੁਜ਼ਰ ਰਹੇ ਹਨ ਅਤੇ ਅੰਤਾਂ ਦੇ ਬਦਜ਼ਨ ਹਨ। ਇਸ ਬਦਜ਼ਨੀ ਨੇ ਖੁਦਕੁਸ਼ੀਆਂ ਤੇ ਨਸ਼ਿਆਂ ਵਰਗੇ ਮਾਰੂ ਰੁਝਾਨ ਵਿਚ ਬੇਓੜਕ ਵਾਧਾ ਕੀਤਾ ਹੈ। ਕਿਸਾਨਾਂ-ਮਜ਼ਦੂਰਾਂ ਦੀਆਂ ਇਨ੍ਹਾਂ ਜਥੇਬੰਦੀਆਂ ਨੇ ਇਨ੍ਹਾਂ ਤਬਕਿਆਂ ਦੀਆਂ ਮੰਗਾਂ ’ਤੇ ਅੰਦੋਲਨ ਛੇੜ ਕੇ ਲੋਕ ਰੋਹ ਨੂੰ ਸਹੀ ਪਾਸੇ ਲਾਇਆ ਹੈ ਤੇ ਉਨ੍ਹਾਂ ਨਾਅਰਾ ਦਿੱਤਾ ਹੈ, ‘‘ਖੁਦਕੁਸ਼ੀਆਂ ਨਹੀਂ ਸੰਘਰਸ਼ ਕਰੋ’’ ਇਸ ਨਾਅਰੇ ਦੀ ਬਦੌਲਤ ਹੀ ਪੰਜਾਬ ਦੇ ਬੇਜ਼ਮੀਨੇ ਮਜ਼ਦੂਰ ਅਤੇ ਕਿਸਾਨ ਅੰਦੋਲਨਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲੱਗੇ ਹਨ ਤੇ ਇਨ੍ਹਾਂ ਦੋਵਾਂ ਤਬਕਿਆਂ ਦੀਆਂ ਹੱਕੀ ਮੰਗਾਂ ‘ਸੀਨ’ ’ਤੇ ਆਈਆਂ ਹਨ। ਜ਼ਿਲ੍ਹਾ ਮਾਨਸਾ ਵਿਚ ਮੋਰਚਾ ਲਾਉਣ ਦਾ ਕਾਰਨ ਜ਼ਿਲ੍ਹੇ ਦੇ ਪਿੰਡ ਬੈਰੋਕੇ ਵਿਖੇ ਸਵਾ ਕਿੱਲੇ ਦੇ ਮਾਲਕ ਕਿਸਾਨ ਭੋਲਾ ਸਿੰਘ ਦੀ ਸਿਰਫ ਡੇਢ ਲੱਖ ਰੁਪਏ ਦੇ ਕਰਜ਼ੇ ਕਰਕੇ ਇਕ ਆੜ੍ਹਤੀਆ ਕੁਰਕੀਆਂ ਕਰਨੀ ਚਾਹੁੰਦਾ ਸੀ ਜਿਸ ਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ। ਵਿਰੋਧ ਕਰਨ ’ਤੇ ਸਰਕਾਰੀ ਅਧਿਕਾਰੀ ਅਤੇ ਆੜ੍ਹਤੀਆ ਇਕ ਵਾਰ ਤਾਂ ਚਲੇ ਗਏ ਪਰ ਕੁਝ ਸਮੇਂ ਬਾਅਦ ਆੜ੍ਹਤੀਆ ਆਪਣੇ ਨਾਲ ਹਥਿਆਰਬੰਦ ਬੰਦੇ ਲਿਆਇਆ ਜਿਨ੍ਹਾਂ ਨੇ ਥੋੜ੍ਹੀ ਗਿਣਤੀ ’ਚ ਰਹਿ ਗਏ ਕਿਸਾਨਾਂ ’ਤੇ ਹਮਲਾ ਕਰਕੇ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਨੂੰ ਗੋਲੀ ਮਾਰ ਕੇ ਥਾਏਂ ਮਾਰ ਦਿੱਤਾ ਅਤੇ ਦੋ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ। ਆੜ੍ਹਤੀਏ ਸਮੇਤ ਜਿਨ੍ਹਾਂ ਸੱਤ ਬੰਦਿਆਂ ’ਤੇ ਕਤਲ ਦਾ ਪਰਚਾ ਦਰਜ ਹੋਇਆ ਉਨ੍ਹਾਂ ਵਿਚ ਸਥਾਨਕ ਨਾਇਬ ਤਹਿਸੀਲਦਾਰ ਵੀ ਸ਼ਾਮਲ ਹੈ। ਪੁਲੀਸ ਇਸ ਤਹਿਸੀਲਦਾਰ ਅਤੇ ਆੜ੍ਹਤੀਏ ਨੂੰ ਗ੍ਰਿਫਤਾਰ ਨਹੀਂ ਕਰਦੀ। ਇਸ ਲਈ ਮੋਰਚਾ ਲਾਉਣਾ ਪਿਆ। ਦੂਸਰਾ ਧਰਨਾ ਜਲੰਧਰ ਵਿਖੇ ਸੀ। ਇੱਥੇ ਮਸਲਾ ਇਹ ਸੀ ਕਿ ਕਸਬਾ ਕਰਤਾਰਪੁਰ ਵਿਖੇ ਇਕ ਮਜ਼ਦੂਰ ਮੁਹੱਲੇ ਵਿਚ ਜਥੇਬੰਦੀਆਂ ਵੱਲੋਂ ਐਲਾਨੇ ਬਿਜਲੀ ਬਿਲਾਂ ਦੇ ਬਾਈਕਾਟ ਸਬੰਧੀ ਮਜ਼ਦੂਰ ਘਰਾਂ ਦੇ ਕੁਨੈਕਸ਼ਨ ਕੱਟਣ ਵਿਰੁੱਧ ਇਕ ਮਜ਼ਦੂਰ ਆਗੂ ਮਜ਼ਦੂਰਾਂ ਦੀ ਮੀਟਿੰਗ ਕਰਵਾ ਰਿਹਾ ਸੀ। ਪੁਲੀਸ ਨੇ ਪਹਿਲਾਂ ਇਸ ਆਗੂ ਦੀ ਜਨਤਕ ਤੌਰ ’ਤੇ ਕੁੱਟਮਾਰ ਕੀਤੀ ਤੇ ਫਿਰ ਇਸ ਦੇ ਇਕ ਸਾਥੀ ਸਮੇਤ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਇਸ ਨੂੰ ਜੇਲ੍ਹ ਭੇਜ ਦਿੱਤਾ। ਜਥੇਬੰਦੀਆਂ ਦੀ ਮੰਗ ਸੀ ਕਿ ਇਨ੍ਹਾਂ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਤੀਜਾ ਮਸਲਾ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਸੀ। ਇੱਥੇ ਇਕ ਧਰਨੇ ਦੌਰਾਨ (15 ਸਤੰਬਰ ਨੂੰ) ਇਕ ਨੌਜਵਾਨ, ਜਿਹੜਾ ਬਿਮਾਰ ਹੋਣ ਕਰਕੇ ਆਪਣੇ ਸਾਥੀਆਂ ਨਾਲੋਂ ਵਿਛੜ ਗਿਆ ਸੀ ਪਰ ਪੁਲੀਸ ਦੇ ਇਹ ਧਿਆਨ ਵਿਚ ਆ ਗਿਆ ਸੀ। ਪੁਲੀਸ ਨੇ ਇਸ ਨੂੰ ਹਸਪਤਾਲ ਪਹੁੰਚਾਉਣ ਵਿਚ ਦੇਰੀ ਕੀਤੀ ਜਿਸ ਕਰਕੇ ਇਸ ਨੌਜਵਾਨ ਦੀ ਸਿਹਤ ਵਧੇਰੇ ਵਿਗੜ ਗਈ। ਅੱਗੋਂ ਹਸਪਤਾਲ ਦੇ ਡਾਕਟਰਾਂ ਨੇ ਲਾਵਾਰਸ ਹੋਣ ਕਰਕੇ ਇਲਾਜ ਵਿਚ ਕੁਤਾਹੀ ਵਰਤੀ ਜਿਸ ਕਰਕੇ ਇਹ ਸਤਾਰਾਂ ਸਾਲਾਂ ਦਾ ਨੌਜਵਾਨ ਮੌਤ ਦੇ ਮੂੰਹ ਜਾ ਪਿਆ। ਜਥੇਬੰਦੀਆਂ ਦੀ ਮੰਗ ਸੀ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦੀ ਜਾਂਚ ਹੋਵੇ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਸਰਕਾਰ ਕਰੇ। ਇਨ੍ਹਾਂ ਮੰਗਾਂ ’ਤੇ ਵਾਰ-ਵਾਰ ਅਪੀਲਾਂ ਕਰਨ, ਅਧਿਕਾਰੀਆਂ ਨੂੰ ਮਿਲਣ, ਸਥਾਨਕ ਪੱਧਰਾਂ ’ਤੇ ਇਕ ਦਿਨਾ ਰੋਸ ਪ੍ਰਦਰਸ਼ਿਤ ਕਰਨ ਦੇ ਬਾਵਜੂਦ ਵੀ ਜਦੋਂ ਅਧਿਕਾਰੀਆਂ ਨੇ ‘ਕੰਨ ਨਾ ਕਵੱਸਿਆ’ ਤਾਂ ਤਿੰਨ ਦਿਨ ਲਗਾਤਾਰ ਧਰਨੇ ਲਾਉਣ ਦਾ ਐਲਾਨ ਹੋਇਆ। ਪੰਜਾਬ ਭਰ ਵਿੱਚ ਕੰਧਾਂ ’ਤੇ ਇਸ਼ਤਿਹਾਰ ਲਾਉਣ ਤੋਂ ਇਲਾਵਾ ਸਾਰੀਆਂ ਜਥੇਬੰਦੀਆਂ ਨੇ ਆਪੋ-ਆਪਣੇ ਕੰਮ ਖੇਤਰਾਂ ਵਿੱਚ ਮੀਟਿੰਗਾਂ, ਰੈਲੀਆਂ ਕਰਕੇ ਇਸ ਮਸਲੇ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ। ਧਰਨਿਆਂ ਲਈ ਜਿੱਥੇ ਵਰਕਰ ਲਗਾਤਾਰ ਬੈਠਣ ਲਈ ਵੱਡੀ ਪੱਧਰ ’ਤੇ ਤਿਆਰ ਹੋਏ, ਉੱਥੇ ਉਨ੍ਹਾਂ ਨੇ ਨਾਲ ਹੀ ਪਿੰਡਾਂ ਵਿੱਚੋਂ ਵੱਡੀ ਪੱਧਰ ’ਤੇ ਰਸਦ ਸਮੱਗਰੀ ਵੀ ’ਕੱਠੀ ਕਰ ਲਈ। ਇਨ੍ਹਾਂ ਤਿਆਰੀਆਂ ਨੂੰ ਦੇਖ ਕੇ ਅਧਿਕਾਰੀਆਂ ਦੀ ਕੁਝ ਨੀਂਦ ਖੁੱਲ੍ਹੀ। ਉਨ੍ਹਾਂ ਜਲੰਧਰ ਜੇਲ੍ਹ ਵਿੱਚ ਡੱਕੇ ਦੋਵੇਂ ਆਗੂ ਬਿਨਾਂ ਸ਼ਰਤ ਰਿਹਾਅ ਕਰ ਦਿੱਤੇ। ਤਰਨ ਤਾਰਨ ਜ਼ਿਲ੍ਹੇ ਵਾਲੇ ਗੁਰਜੰਟ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਮੁਆਵਜ਼ਾ ਰਕਮ ਵੀ ਦੇ ਦਿੱਤੀ, ਪਰ ਮਾਨਸਾ ਵਾਲਾ ਮਸਲਾ ਉਵੇਂ ਹੀ ਖੜ੍ਹਾ ਸੀ।
ਇਨ੍ਹਾਂ ਮੋਰਚਿਆਂ ਦੀ ਪਹਿਲੀ ਜਿੱਤ ਤਾਂ ਇਹ ਹੈ/ਸੀ ਕਿ ਭਾਵੇਂ ਦੋ ਜ਼ਿਲ੍ਹਿਆਂ ਨਾਲ ਸਬੰਧਤ ਮਸਲੇ ਨਿਬੜ ਗਏ ਸਨ, ਪਰ ਫਿਰ ਵੀ ਤੀਜੇ ਜ਼ਿਲ੍ਹੇ ਦੇ ਮਸਲੇ ਕਰਕੇ ਇਨ੍ਹਾਂ ਦੋ ਜ਼ਿਲ੍ਹਿਆਂ ਨੇ ਤੀਜੇ ਮਸਲੇ ਦੇ ਨਿਬੇੜੇ ਲਈ ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਮੋਰਚੇ ਲਾਉਣ ਦਾ ਫੈਸਲਾ ਬਰਕਰਾਰ ਰੱਖਿਆ। ਇਸ ਫੈਸਲੇ ’ਤੇ ਨਿਭਦਿਆਂ ਹੋਇਆਂ ਪੂਰੀ ਤੈਅ ਕੀਤੀ ਗਿਣਤੀ ਅਨੁਸਾਰ ਮਾਨਸਾ ਦੇ ਨਾਲ ਹੀ ਐਥੋਂ ਹੀ 15 ਨਵੰਬਰ ਨੂੰ ਮੋਰਚੇ ਲਾ ਦਿੱਤੇ ਗਏ, ਜੋ ਤੀਜੇ ਦਿਨ ਮਾਨਸੇ ਜ਼ਿਲ੍ਹੇ ਵਾਲੀਆਂ ਮੰਗਾਂ ਮੰਨਣ ਤੋਂ ਬਾਅਦ ਹੀ ਚੁੱਕੇ ਗਏ। ਇਨ੍ਹਾਂ ਮਸਲਿਆਂ ’ਤੇ ਜਿੱਤ ਤਾਂ ਐਲਾਨੇ ਪ੍ਰੋਗਰਾਮ ਦੀ ਜਿੱਤ ਹੈ। ਅਸਲ ਜਿੱਤ ਤਾਂ ਕਿਸਾਨਾਂ-ਮਜ਼ਦੂਰਾਂ ਦੇ ਸਿਦਕ ਦੀ ਜਿੱਤ ਹੈ।

Courtesy: Punjabi Tribune, November 28,2010