'ਜਮਹੂਰੀਅਤ'
ਦਾ ਜਲੂਸ
ਧੱਕੜ ਰਾਜ ਦੀ ਧੱਕੜ ਪਾਰਲੀਮੈਂਟ
ਦੇ ਧਾਕੜ ਨੁਮਾਇੰਦੇ
![]() | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
Pepper spray in Lok Sabha |
![]() |
MLA's fighting in J&K Assembly |
![]() |
MP affected by pepper spray |
ਨਕਲੀ ਆਜ਼ਾਦੀ, ਝੂਠੀ ਜਮਹੂਰੀਅਤ ਤੇ ਅਖੌਤੀ ਵਿਕਾਸ
ਦੇ ਘੱਟੇ ਦੀ ਧੂੜ ਪਲੇ ਪਲੇ ਲੋਕਾਂ ਦੇ ਅੱਖੀਂ ਪਾ ਕੇ ਮੁਲਕ ਦੇ ਰਾਜ ਦੇ ਲੁਟੇਰੇ ਤੇ ਧੱਕੜ
ਕਿਰਦਾਰ ਨੂੰ ਪਿਛਲੇ 64 ਸਾਲਾਂ ਤੋਂ ਜਮਹੂਰੀਅਤ ਦੇ ਛਲਾਵੇ ਨਾਲ ਢਕਦੇ ਆ ਰਹੇ ਇਸ ਦੇ ਨੁਮਾਇੰਦਿਆਂ
ਨੇ (ਸਾਂਸਦਾਂ ਨੇ), ਰੂਸੀ ਇਨਕਲਾਬ ਦੇ ਸਿਧਾਂਤਕਾਰ ਵਲਾਦੀਮੀਰ ਇਲੀਅਚ ਲੈਨਿਨ ਦੁਆਰਾ ਕਹੇ ਗਏ “ਸੂਰਾਂ
ਦੇ ਵਾੜੇ” ਵਿਚ, ਪਾਰਲੀਮੈਂਟ
ਵਿਚ ਜਦ ਹੁਣ ਤੇਰਾਂ ਫਰਵਰੀ ਨੂੰ, ਆਪੋ ਵਿਚੀ ਇਕ-ਦੂਜੇ ਦੀਆਂ ਅੱਖਾਂ ਵਿਚ ਮਿਰਚਾਂ ਦੀ ਧੂੜ ਪਾਈ
ਤਾਂ ਇਸ ਲੋਕ ਵੈਰੀ ਰਾਜ ਦੀਆਂ 'ਬਰਕਤਾਂ' ਮਾਣ ਰਹੇ ਇਸ ਦੇ ਸਭ ਖੈਰ-ਖੁਆਹਾਂ ਦੀਆਂ ਭੁੱਬਾਂ ਨਿਕਲ
ਗਈਆਂ। ਸਾਹ ਸੂਤੇ ਗਏ। ਹੋਸ਼ ਉੱਡ ਗਏ। ਪਾਰਲੀਮਾਨੀ ਛਲਾਵੇ ਦੇ ਬੇਪਰਦ ਹੋ ਜਾਣ ਤੋਂ ਤ੍ਰਹਿੰਦਿਆਂ
ਨੇ ਇਕ ਦੂਜੇ ਨੂੰ ਸ਼ਾਂਤ ਰਹਿਣ ਤੇ ਸ਼ਾਂਤੀ ਬਣਾਈ ਰੱਖਣ ਦੀਆਂ ਅਪੀਲਾਂ ਕੀਤੀਆਂ। ਕਈ ਡਰੂ ਦਾਖਲ ਹੋਣ
ਵੇਲੇ ਤਲਾਸ਼ੀ ਲਏ ਜਾਣ ਨੂੰ ਯਕੀਨੀ ਬਣਾਉਣ ਦੀ ਗੱਲ ਕਹਿ ਕੇ ਆਵਦੇ ਮਨ ਦੇ ਪਾਲੇ ਦੀ ਚੁਗਲੀ ਕਰ
ਬੈਠੇ ਹਨ ਕਿ ਬਚ ਗਏ, ਜੇ ਕਿਤੇ ਡੱਬਾਂ ਵਿਚੋਂ ਵੈਬਲੇ ਸਕਾਟ ਨਿਕਲ ਪੈਂਦੇ, ਫਿਰ ਪਤਾ ਨਹੀਂ
ਕਿੰਨਿਆਂ ਦੀਆਂ ਫੋਟੋਆਂ ਉਤੇ ਹਾਰ ਪਾਉਣੇ ਪੈਂਦੇ? ਹਾਂ, ਆਹ ਜਲੂਸ ਨਿਕਲਣ ਦਾ ਇਸ ਲਾਣੇ ਦੇ ਉਸ
ਹਿੱਸੇ ਨੂੰ ਪਹਿਲਾਂ ਹੀ ਪਤਾ ਹੋਣਾ, ਜਿਸਨੇ ਮੁਲਕ ਦੇ ਜਗੀਰਦਾਰੀ ਸਮਾਜਿਕ ਨਿਜ਼ਾਮ ਦੇ ਗੋਲ ਸੱਲ੍ਹ
ਵਿਚ ਇਸ ਪਾਰਲੀਮਾਨੀ ਜਮਹੂਰੀਅਤ ਦੇ ਛਲਾਵੇ ਦੀ ਚੌਰਸ ਗਿੱਟੀ ਠੋਕੀ ਹੈ।
ਇਹ ਨਾ ਪਹਿਲੀ ਤੇ ਨਾ ਨਵੀਂ ਘਟਨਾ
ਹੈ। ਇਸ ਪਾਰਲੀਮੈਂਟ ਅੰਦਰ ਹੀ ਨਹੀਂ, ਰਾਜ ਵਿਧਾਨ ਸਭਾਵਾਂ ਅੰਦਰ ਵੀ, ਇਹਨਾਂ ਦੇ ਬਣਨ ਵੇਲੇ ਤੋਂ
ਹੀ ਲਗਾਤਾਰ ਏਹੀ ਜੂਤ ਪਤਾਣ ਹੁੰਦਾ ਆ ਰਿਹਾ ਹੈ। ਮਾਈਕ ਤੋੜ ਤੋੜ ਡਲਿਆਂ ਵਾਂਗ ਇਕ ਦੂਜੇ ਵੱਲ
ਵਰਾਉਣੇ, ਸੈਂਡਲਾਂ ਥੱਪੜਾਂ ਦੇ ਕੜਾਕੇ, ਆਮ ਵਰਤਾਰਾ ਹੈ। ਨਾ ਸਿਰਫ ਇਹਨਾਂ ਧਾਕੜ ਨੁਮਾਇੰਦਿਆਂ
ਦੀਆਂ ਕਾਰਵਾਈਆਂ ਕਰਤੂਤਾਂ ਕਰਕੇ ਹੀ, ਸਗੋਂ ਇਹਨਾਂ ਪਾਰਲੀਮਾਨੀ ਸੰਸਥਾਵਾਂ ਅੰਦਰੋਂ ਪਾਸ ਹੋ ਹੋ ਆ
ਰਹੀਆਂ ਨੀਤੀਆਂ ਤੇ ਕਨੂੰਨ ਇਹਨਾਂ ਦੀ ਲੋਕ ਤੇ ਮੁਲਕ ਦੋਖੀ ਹਕੀਕਤ ਨੂੰ ਜੱਗ ਜ਼ਾਹਰ ਕਰਦੇ ਰਹਿੰਦੇ
ਹਨ।
ਲੋਕ ਮੋਰਚਾ ਪੰਜਾਬ, ਪਹਿਲਾਂ ਤੋਂ
ਹੀ ਇਸ ਝੂਠੀ ਜਮਹੂਰੀਅਤ ਦੇ ਢਕਵੰਜ - ਪਾਰਲੀਮੈਂਟ ਤੇ ਰਾਜ ਵਿਧਾਨ ਸਭਾਵਾਂ ਦੇ ਲੋਕ ਦੋਖੀ ਤੇ
ਮੁਲਕ ਦੋਖੀ ਕਿਰਦਾਰ ਨੂੰ ਬੇਪਰਦ ਕਰਦਾ ਆ ਰਿਹਾ ਹੈ। ਇਹ ਅਖੌਤੀ ਅਦਾਰੇ, ਵੱਡੇ ਪੂੰਜੀਪਤੀਆਂ,
ਜਗੀਰਦਾਰਾਂ ਤੇ ਸਾਮਰਾਜੀਆਂ ਵੱਲੋਂ ਲੋਕਾਂ ਦੀ ਤੇ ਮੁਲਕ ਦੀ ਕੀਤੀ ਜਾ ਰਹੀ ਲੁੱਟ ਨੂੰ ਕਨੂੰਨੀ
ਬਾਣਾ ਪਹਿਨਾਏ ਜਾਣ ਵਾਲੀ ਬੁਟੀਕ ਹਨ। ਇਹ ਲੋਕਾਂ ਕੋਲੋਂ ਜਲ, ਜੰਗਲ, ਜਮੀਨਾਂ, ਸਰਕਾਰੀ ਰੈਗੂਲਰ
ਰੁਜ਼ਗਾਰ ਖੋਹ ਲੈਣ ਵਾਲੇ ਵੱਡੇ ਝਬੁੱਟਮਾਰ ਹਨ। ਇਹ ਗਰੀਬੀ, ਕੰਗਾਲੀ, ਬੇਰੁਜ਼ਗਾਰੀ ਤੇ ਮਹਿੰਗਾਈ
ਵਧਾਉਣ ਵਾਲੇ ਜਰਾਸੀਮਾਂ ਵਾਲਾ ਸੜਿਆਂਦ ਮਾਰਦਾ ਗੰਦਾ ਛੱਪੜ ਹਨ। ਇਹ ਸਿੱਖਿਆ, ਸੇਹਤ, ਬਿਜਲੀ,
ਪਾਣੀ, ਆਵਾਜਾਈ ਮਹਿੰਗੀ ਕਰਨ ਵਾਲੇ ਲੁੱਟ ਦੀ ਦੁਕਾਨ ਹਨ। ਇਹ ਲੋਕਾਂ ਦੀ ਹੱਕ, ਸੱਚ, ਇਨਸਾਫ ਦੀ
ਆਵਾਜ਼ ਦਾ ਗਲਾ ਘੁੱਟਣ, ਜਨਤਕ ਰੋਸ ਪ੍ਰਗਟਾਵਿਆਂ 'ਤੇ ਪਾਬੰਦੀਆਂ ਲਾਉਣ, ਹੱਕਾਂ ਲਈ ਸੰਘਰਸ਼ ਕਰਦੇ
ਲੋਕਾਂ ਨੂੰ ਝੂਠੇ ਕੇਸਾਂ ਤਹਿਤ ਜੇਲ੍ਹੀਂ ਡੱਕਣ, ਉੱਤਰ ਪੂਰਬ ਦੇ ਸੂਬਿਆਂ ਸਮੇਤ ਜੰਮੂ ਕਸ਼ਮੀਰ ਦੇ
ਲੋਕਾਂ ਦੀ ਆਜ਼ਾਦੀ ਦੀ ਲੜਾਈ 'ਤੇ ਅੰਨ੍ਹਾ ਜਬਰ ਢਾਹੁਣ, ਔਰਤਾਂ ਨਾਲ ਬਲਾਤਕਾਰ ਕਰਨ, ਮਾਰ-ਖਪਾ ਦੇਣ
ਵਾਲੇ ਅਫਸਪਾ (AFSPA) ਵਰਗੇ ਕਾਲੇ ਕਨੂੰਨ ਘੜਨ ਤੇ
ਮੜਨ, ਜਲ, ਜੰਗਲ, ਜਮੀਨ ਖੋਹੇ ਜਾਣ ਖਿਲਾਫ਼ ਜੂਝ ਰਹੇ ਜੰਗਲ ਵਾਸੀਆਂ ਉਤੇ ਹਵਾਈ ਤੇ ਡਰੋਨ ਹਮਲੇ
ਕਰਨ ਦੀ ਕਤਲਗਾਹ ਹਨ। ਸਾਮਰਾਜੀਆਂ ਨੂੰ ਮੁਲਕ ਲੁੱਟਣ ਚੂੰਡਣ ਦੇ ਨਿਓਤੇ ਦੇ ਕੇ ਸੁਆਗਤ ਕਰਨ ਵਾਲਾ
ਸੁਆਗਤੀ ਦਰਵਾਜ਼ਾ ਹਨ। ਇਹ, ਸੱਟੇਬਾਜਾਂ, ਕਾਤਲਾਂ, ਬਲਾਤਕਾਰੀਆਂ, ਚੋਰਾਂ, ਡਾਕੂਆਂ ਦੀ ਵਧੀਆ ਵੱਡੀ
ਛੁਪਣਗਾਹ ਹਨ।
ਏਸੇ ਕਰਕੇ ਲੋਕ ਮੋਰਚਾ ਪੰਜਾਬ,
ਆਪਣੇ ਪਿਆਰੇ ਲੋਕਾਂ ਨੂੰ ਸੱਦਾ ਦਿੰਦਾ ਆ ਰਿਹਾ ਹੈ ਕਿ ਇਹਨਾਂ ਅਦਾਰਿਆਂ ਤੋਂ ਭਲੇ ਦੀ ਝਾਕ ਛੱਡੋ।
ਮੂਹਰੇ ਆ ਰਹੀਆਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਭਲੇ ਦੀ ਆਸ ਬੰਨਾਉਣਾ ਚਾਹੁੰਦਿਆਂ ਨੂੰ ਲੋਕ-ਸੱਥ
ਦੇ ਚੁਰਾਹਿਆਂ ਵਿਚ ਛੰਡੋ। ਗਦਰੀ ਬਾਬਿਆਂ, ਭਗਤ-ਸਰਾਭਿਆਂ ਦੇ ਇਨਕਲਾਬੀ ਰਾਹ ਦੇ ਰਾਹੀ ਬਣ ਕੇ
ਜਥੇਬੰਦ ਜੁਝਾਰੂ ਲੋਕ-ਲਹਿਰ ਮਜਬੂਤ ਕਰੋ। ਸੰਘਰਸ਼ਾਂ ਦੇ ਅਖਾੜੇ ਭਖਾਓ। ਮੌਜੂਦਾ ਲੁਟੇਰੇ ਤੇ ਜਾਬਰ
ਰਾਜ ਪ੍ਰਬੰਧ ਨੂੰ ਬਦਲ ਕੇ ਲੋਕ-ਪੱਖੀ ਖਰਾ ਜਮਹੂਰੀ ਰਾਜ ਤੇ ਸਮਾਜ ਉਸਾਰਨ ਲਈ ਅੱਗੇ ਵਧੋ। ਇਨਕਲਾਬ-ਜਿੰਦਾਬਾਦ
ਦੇ ਨਾਹਰੇ ਗੂੰਜਾਓ।
ਜਗਮੇਲ ਸਿੰਘ ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ
9417224822 (15.02.2014)
No comments:
Post a Comment