ਪਿੰਡ ਗੰਧੜ ਦੇ ਮਜ਼ਦੂਰ ਪਰਿਵਾਰ ਦੀ ਨਾਬਾਲਗ ਕੁੜੀ ਨਾਲ ਬਲਾਤਕਾਰ ਦੇ
ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕਰਵਾਉਣ ਲਈ
ਵਿਸ਼ਾਲ ਇਕੱਠ ਬੰਨ੍ਹ ਕੇ ਅੱਗੇ ਆਓ
ਇਨਸਾਫਪਸੰਦ
ਲੋਕੋ,
24 ਜਨਵਰੀ ਨੂੰ ਪਿੰਡ ਗੰਧੜ ਦੇ ਮਜ਼ਦੂਰ ਪਰਿਵਾਰ ਦੀ ਅੱਠਵੀਂ ਵਿੱਚ ਪੜਦੀ
ਨਾਬਾਲਗ ਕੁੜੀ 'ਤੇ ਉਦੋਂ ਕਹਿਰ ਢਹਿ ਗਿਆ ਜਦੋਂ ਉਹ ਸਕੂਲ ਨੂੰ ਜਾ ਰਹੀ ਸੀ। ਸਕੂਲ ਦੇ ਐਨ ਲਾਗੇ ਆਪਣੇ
ਘਰ ਕੋਲ ਘਾਤ ਲਾਈ ਖੜ੍ਹੇ ਬਲਜੀਤ ਅਤੇ ਉਹਦੀ ਗੁੰਡਾ ਢਾਣੀ ਕੁੜੀ 'ਤੇ ਝਪਟ ਪਈ। ਬਲਜੀਤ, ਗੁਰਲਾਲ ਅਤੇ
ਮਨਪ੍ਰੀਤ ਨਾਂ ਦਾ ਇਹ ਗੁੰਡਾ ਟੋਲਾ ਧੁੰਦ ਦਾ ਫਾਇਦਾ ਉਠਾ ਕੇ ਕੁੜੀ ਨੂੰ ਜਬਰਦਸਤੀ ਚੁੱਕ ਕੇ ਬਲਜੀਤ
ਦੇ ਘਰੇ ਲੈ ਗਿਆ। ਕੁੜੀ ਨਾਲ ਜੋਰ ਜਬਰਦਸਤੀ ਕਰਦੇ ਰਹੇ ਇਸ ਗੁੰਡਾ ਟੋਲੇ ਨੇ ਕੁੜੀ ਨੂੰ ਉਦੋਂ ਹੀ ਛੱਡਿਆ
ਜਦੋਂ ਉਹਨਾਂ ਦੀ ਇਸ ਕਰਤੂਤ ਦਾ ਅੱਧੇ-ਪੌਣੇ ਘੰਟੇ ਬਾਅਦ ਸਕੂਲ ਤੇ ਆਂਢ-ਗੁਆਂਢ ਵਿੱਚ ਰੌਲਾ ਪੈ ਗਿਆ।
ਪੁਲਿਸ ਨੇ ਲਾਹੀ ਸੰਗ- ਦੋਸ਼ੀ ਘੁੰਮਦੇ ਫਿਰ ਨਸ਼ੰਗ
ਇਸ ਨੰਗੇ-ਚਿੱਟੇ ਧੱਕੇ ਤੇ ਜਬਰ ਵਿਰੁੱਧ ਪੀੜਤ ਮਜ਼ਦੂਰ ਪਰਿਵਾਰ ਵੱਲੋਂ
ਉਸੇ ਦਿਨ ਹੀ ਲੱਖੇਵਾਲੀ ਥਾਣੇ ਜਾ ਕੇ ਸਾਰੀ ਰਿਪੋਰਟ ਦਿੱਤੀ ਗਈ। ਥਾਣੇ ਦਾ ਮੁਖੀ ਮੋਹਣ ਲਾਲ ਕੁੜੀ
ਦੇ ਮਾਪਿਆਂ ਦੀ ਸ਼ਿਕਾਇਤ 'ਤੇ ਗੰਧੜ ਗਿਆ ਵੀ, ਪਰ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਮੁੜ ਆਇਆ। ਉਹਨੇ
ਨਾ ਤਾਂ ਕਿਸੇ ਦੋਸ਼ੀ ਨੂੰ ਫੜਿਆ, ਨਾ ਪੀੜਤ ਕੁੜੀ ਦੇ ਬਿਆਨਾਂ 'ਤੇ ਪਰਚਾ ਕੱਟਿਆ ਤੇ ਨਾ ਹੀ ਕੁੜੀ ਦੀ
ਡਾਕਟਰੀ ਕਰਵਾਉਣ ਲਈ ਉਹਨੂੰ ਹਸਪਤਾਲ ਪਹੁੰਚਾਇਆ। ਸਗੋਂ ਡਰੀ ਤੇ ਸਹਿਮੀ ਕੁੜੀ ਨੂੰ ਥਾਣੇਦਾਰ ਵੱਲੋਂ
ਖੁਦ ਹੀ ਸਭ ਕੁੱਝ ਲਿਖ ਕੇ ਦੇਣ ਦਾ ਹੁਕਮ ਸੁਣਾਇਆ ਗਿਆ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਸਭ ਤੋਂ
ਪਹਿਲਾਂ ਕੁੜੀ ਨੂੰ ਹਸਪਤਾਲ ਪਹੁੰਚਾ ਕੇ ਉਹਦੀ ਡਾਕਟਰੀ ਤੇ ਇਲਾਜ ਕਰਵਾਇਆ ਜਾਂਦਾ। ਕੁੜੀ ਨੂੰ ਡਰ ਤੇ
ਸਹਿਮ 'ਚੋਂ ਕੱਢ ਕੇ ਸੁਖਾਵਾਂ ਮਾਹੌਲ ਸਿਰਜਣ ਰਾਹੀਂ ਉਹਨੂੰ ਬਿਆਨ ਦੇਣ ਦੀ ਹਾਲਤ ਵਿੱਚ ਲਿਆਂਦਾ ਜਾਂਦਾ।
ਦੋਸ਼ੀਆਂ ਨੂੰ ਫੜ ਕੇ ਥਾਣੇ ਡੱਕਿਆ ਜਾਂਦਾ। ਪਰ ਥਾਣੇਦਾਰ ਇਹ ਸਭ ਕੁਝ ਕਰਨ ਦੀ ਥਾਂ ਅਕਾਲੀ ਆਗੂਆਂ ਨਾਲ
ਗਿੱਟ-ਮਿੱਟ ਕਰਕੇ ਮੁੜ ਗਿਆ।
ਸਾਰੀ ਗੱਲ ਦਾ ਖੇਤ ਮਜ਼ਦੂਰ ਆਗੂਆਂ ਨੂੰ ਪਤਾ ਲੱਗਣ 'ਤੇ ਉਹਨਾਂ ਵੱਲੋਂ
ਤੇ ਮਾਪਿਆਂ ਵੱਲੋਂ ਜਦ ਅਗਲੇ ਦਿਨ ਕੁੜੀ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ
ਤੇ ਸਿਵਲ ਸਰਜਨ ਵੱਲੋਂ ਵੀ ਹਮਦਰਦੀ ਕਰਨ ਦੀ ਥਾਂ ਕੁੜੀ ਨੂੰ ਦਾਖਲ ਕਰਨ ਤੋਂ ਹੀ ਜਵਾਬ ਦੇ ਦਿੱਤਾ।
ਅਖੇ ਪੁਲਿਸ ਤੋਂ ਬਿਨਾ ਤਾਂ ਅਸੀਂ ਕੁੜੀ ਨੂੰ ਦਾਖਲ ਹੀ ਨਹੀਂ ਕਰ ਸਕਦੇ। ਮਜ਼ਦੂਰ ਆਗੂਆਂ ਤੇ ਪੱਤਰਕਾਰਾਂ
ਨੇ ਘੰਟੇ ਭਰ ਦੀ ਜੱਦੋਜਹਿਦ ਤੋਂ ਬਾਅਦ ਹੀ ਕੁੜੀ ਨੂੰ ਦਾਖਲ ਕਰਵਾਇਆ। ਇਸ ਤੋਂ ਬਾਅਦ ਵੀ ਪੁਲਸ ਕਈ
ਘੰਟਿਆਂ ਪਿੱਛੋਂ ਹੀ ਹਸਪਤਾਲ ਪਹੁੰਚੀ। ਇਸੇ ਕਰਕੇ 24 ਤਾਰੀਖ ਦੀ ਸਵੇਰ ਨੂੰ ਵਾਪਰੀ ਇਸ ਵਾਰਦਾਤ ਦਾ
ਪਰਚਾ 25 ਦੀ ਸ਼ਾਮ ਨੂੰ ਹੀ ਕੱਟਿਆ ਗਿਆ।
ਪਰ ਇਹਦੇ ਵਿੱਚ ਵੀ ਪੁਲਿਸ ਦੀ ਦੋਸ਼ੀਆਂ ਨਾਲ ਮਿਲੀਭੁਗਤ ਜੱਗ ਜ਼ਾਹਰ ਹੋ
ਗਈ। ਕੁੜੀ ਦੇ ਲਿਖੇ ਬਿਆਨਾਂ ਮੁਤਾਬਕ ਪੁਲਿਸ ਨੇ ਨਾ ਤਾਂ ਦੋਸ਼ੀਆਂ ਉੱਤੇ ਕੁੜੀ ਨੂੰ ਧੱਕੇ ਨਾਲ ਚੁੱਕ
ਕੇ ਲਿਜਾਣ ਵਾਲੀ ਅਗਵਾ ਦੀ ਧਾਰਾ ਹੀ ਲਾਈ ਤੇ ਨਾ ਹੀ ਤਿੰਨ ਜਣਿਆਂ ਵੱਲੋਂ ਵਰਤਾਏ ਇਸ ਕਹਿਰ ਕਰਕੇ ਸਮੂਹਿਕ
ਬਲਾਤਕਾਰ ਨਾਲ ਸਬੰਧਤ ਬਣਦੀ ਧਾਰਾ ਹੀ ਲਾਈ ਗਈ। ਕਿਉਂਕਿ ਇਹਨਾਂ ਧਾਰਾਵਾਂ ਤਹਿਤ ਦੋਸ਼ੀਆਂ ਦੇ ਅਪਰਾਧ
ਤੇ ਸਜ਼ਾ ਵਿੱਚ ਕਈ ਗੁਣਾਂ ਵਾਧਾ ਹੁੰਦਾ ਸੀ। ਏਦੂੰ ਵੀ ਅੱਗੇ 8-9 ਦਿਨ ਲੰਘਣ ਪਿੱਛੋਂ ਵੀ ਪੁਲਸ ਨੇ
ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ।
ਪੁਲਿਸ ਦੋਸ਼ੀਆਂ ਦੇ ਪੱਖ 'ਚ ਕਿਉਂ?
ਇੱਕ ਗੱਲ ਤਾਂ ਇਹ ਹੈ ਕਿ ਪੀੜਤ ਕੁੜੀ ਗਰੀਬ ਪਰਿਵਾਰ ਨਾਲ ਸਬੰਧਤ ਹੈ।
ਜਦੋਂ ਕਿ ਦੋਸ਼ੀਆਂ ਵਿੱਚ ਜਾਗੀਰਦਾਰ ਪਰਿਵਾਰ ਦਾ ਮੁੰਡਾ ਵੀ ਸ਼ਾਮਲ ਹੈ ਤੇ ਬਾਕੀ ਦੋ ਵੀ ਸਮਾਜ 'ਚ ਉੱਚਾ
ਰੁਤਬਾ ਰੱਖਦੇ ਘਰਾਂ ਨਾਲ ਸਬੰਧ ਰੱਖਦੇ ਹਨ। ਇਸ ਲਈ ਦੋਸ਼ੀ ਪੈਸੇ ਵਾਲੇ ਹੋਣ ਕਾਰਨ ਪੁਲਿਸ ਆਪਣੇ ਜਮਾਂਦਰੂ
ਸੁਭਾਅ ਕਾਰਨ ਹੀ ਤਕੜਿਆਂ ਦੇ ਪੱਖ ਵਿੱਚ ਭੁਗਤ ਰਹੀ ਹੈ। ਪਰ ਗੱਲ ਏਦੂੰ ਵੀ ਅੱਗੇ ਲੱਗਦੀ ਹੈ। ਇਹ ਜ਼ਿਲ੍ਹਾ
ਬਾਦਲਾਂ ਦਾ ਜੱਦੀ ਜ਼ਿਲ੍ਹਾ ਹੈ। ਇੱਥੇ ਬਾਦਲ ਪਰਿਵਾਰ ਤੇ ਉਹਦੇ ਨੇੜਲਿਆਂ ਦੇ ਕਹੇ ਬਿਨਾ ਸਰਕਾਰੀ ਤੰਤਰ
ਦਾ ਪੱਤਾ ਨਹੀਂ ਹਿੱਲਦਾ। ਮੁੱਖ ਮੰਤਰੀ ਬਾਦਲ ਖੁਦ ਕਹਿੰਦੇ ਆ ਕਿ ਮੈਨੂੰ ਤਾਂ ਧਰਤੀ 'ਤੇ ਤੁਰੀ ਫਿਰਦੀ
ਕੀੜੀ ਦਾ ਵੀ ਪਤਾ ਹੁੰਦਾ ਹੈ। ਫਿਰ ਇਹਨਾਂ ਦਿਨਾਂ ਵਿੱਚ ਤਾਂ ਬਾਦਲ ਸਾਹਿਬ ਸੰਗਤ ਦਰਸ਼ਨਾਂ ਕਰਕੇ ਖੁਦ
ਇਸ ਇਲਾਕੇ ਵਿੱਚ ਹੀ ਤਿੰਨ ਦਿਨ ਫਿਰਦੇ ਰਹੇ ਹਨ। ਇਹਨਾਂ ਦਿਨਾਂ ਵਿੱਚ ਗੰਧੜ ਮਾਮਲੇ ਦਾ ਅਖਬਾਰਾਂ ਵਿੱਚ
ਰੌਲ ਵੀ ਪੈਂਦਾ ਰਿਹਾ। ਇਸ ਕਰਕੇ ਇਹ ਗੱਲ ਪੱਕ ਨਾਲ ਹੀ ਕਹਿ ਸਕਦੇ ਹਾਂ ਕਿ ਇਹ ਮਾਮਲਾ ਬਾਦਲ ਸਾਹਿਬ
ਦੇ ਵੀ ਧਿਆਨ 'ਚ ਹੈ। ਪਰ ਜੇਕਰ ਪੁਲਿਸ ਫਿਰ ਵੀ ਦੋਸ਼ੀਆਂ ਨੂੰ ਨਹੀਂ ਫੜਦੀ ਤਾਂ ਇਹ ਗੱਲ ਇਹ ਹੀ ਚੁਗਲੀ
ਕਰਦੀ ਹੈ ਕਿ ਦੋਸ਼ੀਆਂ ਨੂੰ ਆਹਲਾ ਅਕਾਲੀ ਲੀਡਰਾਂ ਦੀ ਹਮਾਇਤ ਮਿਲੀ ਹੋਈ ਹੈ।
ਇਹ ਗੱਲ ਜੱਗ ਜ਼ਾਹਰ ਹੋ ਚੁੱਕੀ ਹੈ ਕਿ ਬਾਦਲਾਂ ਦੇ ਰਾਜ ਵਿੱਚ ਲੋਕਾਂ
ਦੀਆਂ ਧੀਆਂ-ਭੈਣਾਂ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਵਾਲਿਆਂ 'ਚ ਕਿਤੇ ਤਾਂ ਅਕਾਲੀ ਲੀਡਰ ਆਪ ਹੀ ਸ਼ਾਮਲ
ਹਨ ਤੇ ਕਿਤੇ ਦੋਸ਼ੀਆਂ ਦੀ ਨੰਗੀ ਚਿੱਟੀ ਹਮਾਇਤ ਵਿੱਚ ਭੁਗਤ ਰਹੇ ਹਨ। ਕੁਝ ਚਿਰ ਪਹਿਲਾਂ ਹੀ ਫਰੀਦਕੋਟ
ਵਿੱਚ ਮਾਪਿਆਂ ਦੇ ਸਿਰ ਤੇ ਬਾਹਾਂ ਭੰਨ ਕੇ ਅਤੇ ਗੋਲੀਆਂ ਚਲਾ ਕੇ ਘਰੋਂ ਅਗਵਾ ਕੀਤੀ ਕੁੜੀ ਦੇ ਦੋਸ਼ੀਆਂ
ਨੂੰ ਬਚਾਉਂਦੇ ਬਚਾਉਂਦੇ ਤਾਂ ਬੀਬੇ ਚਿਹਰੇ ਵਾਲੇ,
ਘਾਗ ਅਤੇ ਚਤੁਰ ਸਿਆਸਦਾਨ ਵਜੋਂ ਮਸ਼ਹੂਰ ਮੁੱਖ ਮੰਤਰੀ ਸਿਰੀ ਬਾਦਲ ਖੁਦ ਵੀ ਕਾਲਖ਼ ਦਾ ਟਿੱਕਾ
ਲਵਾ ਬੈਠੇ ਸਨ। ਛੇਹਰਟਾ ਵਿੱਚ ਅਕਾਲੀ ਲੀਡਰ ਦੇ ਹੱਥੋਂ ਆਪਣੀ ਧੀ ਦੀ ਪਤ ਬਚਾਉਂਦੇ ਥਾਣੇਦਾਰ ਨੂੰ ਦਿਨ
ਦਿਹਾੜੇ ਇਹਨਾਂ ਅਕਾਲੀਆਂ ਨੇ ਭਰੇ ਬਾਜ਼ਾਰ ਕਤਲ ਕਰ ਦਿੱਤਾ ਸੀ। ਹੁਣ ਪੱਤੋ ਹੀਰਾ ਸਿੰਘ (ਮੋਗਾ) ਦੇ
ਕਿਸਾਨ ਪਰਿਵਾਰ ਦੀ ਨਾਬਾਲਗ ਕੁੜੀ ਨੂੰ ਮਾਪਿਆਂ ਨੂੰ ਕੁੱਟ ਕੇ ਅਗਵਾ ਕਰਨ ਦੀ ਘਟਨਾ ਵਿੱਚ ਕਾਂਗਰਸੀ
ਤੋਂ ਅਕਾਲੀ ਲੀਡਰ ਬਣੇ ਸਾਬਕਾ ਐਮ.ਐਲ.ਏ. ਦੇ ਮੁੰਡੇ ਦਾ ਨਾਂ ਬੋਲਦਾ ਹੈ, ਜਿਸ ਕਰਕੇ ਪੁਲਿਸ ਦੋਸ਼ੀਆਂ
ਨੂੰ ਨਹੀਂ ਫੜ ਰਹੀ। ਇਸ ਲਈ ਇਹ ਘਟਨਾਵਾਂ ਵੀ ਇਸੇ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਗੰਧੜ ਵਿੱਚ ਵਾਪਰੇ
ਅਗਵਾ ਤੇ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਵੀ ਹੁਕਮਰਾਨ ਧਿਰ ਦੀ ਮਿਲੀ ਸ਼ਹਿ ਕਾਰਨ ਹੀ ਪੁਲਸ ਉਹਨਾਂ
ਨੂੰ ਫੜਨ ਤੋਂ ਕੰਨੀ ਕਤਰਾ ਰਹੀ ਹੈ।
ਇਨਸਾਫ ਲੈਣ ਲਈ ਡਟਵਾਂ ਮੋਢਾ ਲਾਓ
ਭੈਣੋਂ
ਤੇ ਭਰਾਓ,
ਇੱਕ ਪਾਸੇ ਪੁਲਿਸ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ। ਦੂਜੇ ਪਾਸੇ ਦੋਸ਼ੀਆਂ
ਦੇ ਨੇੜਲਿਆਂ ਵੱਲੋਂ ਪੀੜਤ ਮਜ਼ਦੂਰ ਪਰਿਵਾਰ ਕੋਲ ਸਮਝੌਤੇ ਲਈ ਗੇੜਾ ਬੰਨ੍ਹ ਰੱਖਿਆ ਹੈ। ਉਹ ਅਖੌਤੀ ਇੱਜਤ
ਦਾ ਵਾਸਤਾ ਪਾ ਕੇ ਤੇ ਲੱਖਾਂ ਰੁਪਏ ਦੇ ਲਾਲਚ ਦੇ ਕੇ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾ ਰਹੇ ਹਨ। ਪੈਸੇ
ਦੇ ਜ਼ੋਰ ਇੱਜਤ ਤੇ ਜਮੀਰ ਖਰੀਦਣ ਦੀ ਕੋਸ਼ਿਸ਼ ਰਾਹੀਂ ਪੀੜਤ ਕੁੜੀ ਤੇ ਮਾਪਿਆਂ ਦੇ ਜ਼ਖਮਾਂ 'ਤੇ ਲੂਣ ਭੁੱਕ
ਰਹੇ ਹਨ। ਪਰ ਸਭ ਕੁੱਝ ਦੇ ਬਾਵਜੂਦ ਮਜ਼ਦੂਰ ਪਰਿਵਾਰ ਡਟਿਆ ਖੜਾ ਹੈ। ਉਸ ਨੂੰ ਇਨਸਾਫ ਲਈ ਤੁਹਾਡੇ ਸਭਨਾਂ
ਦੇ ਸਾਥ ਤੇ ਹੱਲਾਸ਼ੇਰੀ ਦੀ ਲੋੜ ਹੈ। ਸਾਡਾ ਸਭਨਾਂ ਦਾ ਸਾਥ ਤੇ ਏਕਾ ਹੀ ਦੋਸ਼ੀਆਂ ਨੂੰ ਸੀਖਾਂ ਪਿੱਛੇ
ਡੱਕਣ ਲਈ ਪੁਲਸ ਨੂੰ ਮਜਬੂਰ ਕਰ ਸਕਦਾ ਹੈ। ਦੋਸ਼ੀਆਂ ਦਾ ਪੱਖ ਪੂਰਦੇ ਥਾਣੇਦਾਰ ਤੇ ਸਿਆਸੀ ਲੀਡਰਾਂ ਦੇ
ਕੰਨਾਂ ਨੂੰ ਹੱਥ ਲਵਾ ਸਕਦਾ ਹੈ। ਪੀੜਤ ਬੱਚੀ ਤੇ ਮਾਪਿਆਂ ਦੇ ਰਿਸਦੇ ਜਖ਼ਮਾਂ 'ਤੇ ਮੱਲਮ ਬਣ ਸਕਦਾ ਹੈ।
ਭੈਣੋਂ ਤੇ ਭਰਾਵੋ, ਗੱਲ ਸਿਰਫ ਗੰਧੜ ਪਿੰਡ ਵਿੱਚ ਨਾਬਾਲਗ ਕੁੜੀ ਨਾਲ
ਜਬਰ ਜਨਾਹ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾ ਕੇ ਸਜ਼ਾ ਦੁਆਉਣ ਤੱਕ ਹੀ ਸੀਮਤ ਨਹੀਂ। ਜੇਕਰ ਅੱਜ ਐਡਾ
ਵੱਡਾ ਕੁਕਰਮ ਕਰਕੇ ਦੋਸ਼ੀ ਸੁੱਕੇ ਬਚ ਜਾਂਦੇ ਹਨ, ਉਹਨਾਂ ਦਾ ਪੱਖ ਪੂਰਦੇ ਥਾਣੇਦਾਰ ਨੂੰ ਕੋਈ ਸੇਕ ਨਹੀਂ
ਲੱਗਦਾ ਤਾਂ ਅਜਿਹੇ ਗੁੰਡਾ ਟੋਲਿਆਂ ਨੂੰ ਹੋਰ ਵੀ ਮੂੰਹ ਪਊਗਾ। ਉਹ ਜਦੋਂ ਮਰਜ਼ੀ ਤੇ ਜੀਹਦੀ ਮਰਜ਼ੀ ਧੀਅ-ਭੈਣ
ਨੂੰ ਹੱਥ ਪਾਉਣਗੇ। ਇਹਨਾਂ ਦੀ ਦੇਖਾ-ਦੇਖੀ ਹੋਰਨਾਂ ਗੁੰਡਿਆਂ ਨੂੰ ਹੱਲਾਸ਼ੇਰੀ ਮਿਲੂਗੀ।
ਇਹ ਖਤਰਾ ਸਿਰਫ ਗਰੀਬ ਖੇਤ ਮਜ਼ਦੂਰਾਂ ਲਈ ਹੀ ਨਹੀਂ, ਹਰ ਘਰ ਦੀ ਧੀ ਭੈਣ
ਵਾਸਤੇ ਹੈ। ਬੱਸ ਫਰਕ ਤਾਂ ਸਿਰਫ ਏਨਾ ਹੀ ਹੈ ਕਿ ਗਰੀਬਾਂ ਦੀਆਂ ਧੀਆਂ ਭੈਣਾਂ ਨੂੰ ਹੱਥ ਪਾਉਣਾ ਇਹਨਾਂ
ਲਈ ਥੋੜ੍ਹਾ ਸੌਖਾ ਹੁੰਦਾ ਹੈ। ਪਰ ਅਜਿਹੇ ਟੋਲੇ ਬਖਸ਼ਦੇ ਕਿਸੇ ਨੂੰ ਨਹੀਂ। ਇਸ ਲਈ ਇਹ ਮਾਮਲਾ ਕਿਸੇ
ਵਿਸ਼ੇਸ਼ ਜਾਤਪਾਤ ਦਾ ਨਹੀਂ, ਸਮੂਹ ਲੋਕਾਂ ਦੀਆਂ ਧੀਆਂ ਭੈਣਾਂ ਦੀ ਰਾਖੀ ਦਾ ਮਸਲਾ ਹੈ। ਇਹ ਰਾਖੀ ਪੁਲਿਸ,
ਹਕੂਮਤ ਜਾਂ ਕਿਸੇ ਲੋਕ-ਦੋਖੀ ਸਿਆਸੀ ਲੀਡਰ ਨੇ ਨਹੀਂ ਕਰਨੀ, ਸਗੋਂ ਅਕਾਲੀ ਦਲ ਸਮੇਤ ਸਭੈ ਲੋਕ ਵਿਰੋਧੀ
ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਹਨਾਂ ਨੂੰ ਨਸ਼ਿਆਂ ਦੇ ਮੂੰਹ ਧੱਕਣ ਤੇ ਕਾਮੁਕ
ਬਿਰਤੀ ਨੂੰ ਉਕਸਾਉਣ ਦੇ ਰਾਹੀਂ ਗੁੰਡਾ ਗਰੋਹਾਂ ਵਿੱਚ ਬਦਲਣ ਦੇ ਕੁਕਰਮ 'ਚ ਲੱਗੀਆਂ ਹੋਈਆਂ ਹਨ, ਤਾਂ
ਜੋ ਇਹਨਾਂ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਤੇ ਕਰਜ਼ਿਆਂ
ਆਦਿ ਦੀ ਚੱਕੀ ਵਿੱਚ ਪਿਸਦੇ ਇਹ ਨੌਜੁਆਨ ਹੱਕੀ ਸੰਘਰਸ਼ਾਂ ਦੇ ਰਾਹ ਪੈ ਕੇ ਹਕੂਮਤਾਂ ਲਈ ਮੁਸੀਬਤਾਂ ਪੈਦਾ
ਕਰਨ ਦੀ ਥਾਂ ਇਹਨਾਂ ਪਾਰਟੀਆਂ ਦਾ ਹੱਥਾ ਬਣ ਜਾਣ। ਇਹਨਾਂ ਪਾਰਟੀਆਂ ਲਈ ਵੋਟਾਂ ਮੌਕੇ ਬੂਥਾਂ 'ਤੇ ਕਬਜ਼ੇ
ਕਰਨ ਵਾਲੇ ਗਰੋਹਾਂ ਦਾ ਅੰਗ ਬਣ ਜਾਣ। ਇਸ ਲਈ ਪੁਲਸ, ਸਰਕਾਰ ਤੇ ਲੋਕ ਵਿਰੋਧੀ ਸਿਆਸੀ ਪਾਰਟੀਆਂ ਤੋਂ
ਧੀਆਂ ਭੈਣਾਂ ਦੀ ਰਾਖੀ ਦੀ ਝਾਕ ਛੱਡ ਕੇ ਖੁਦ ਹੀ ਅੱਗੇ ਆਉਣ ਦੀ ਲੋੜ ਹੈ। ਫਰੀਦਕੋਟ 'ਚ ਵਾਪਰੇ ਕਾਂਡ
ਮੌਕੇ ਵੀ ਹਰਕਤ 'ਚ ਆਈ ਸ਼ਹਿਰੀ ਤੇ ਪੇਂਡੂ ਵਿਸ਼ਾਲ ਜਨਤਾ ਦੀ ਤਾਕਤ ਹੀ ਰਾਜਭਾਗ ਦੀ ਬੁੱਕਲ 'ਚ ਛੁਪੇ
ਬੈਠੇ ਗੁੰਡਾ ਗਰੋਹ ਨੂੰ ਧੂਹ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ਦਾ ਸਾਧਨ ਬਣੀ ਸੀ। ਇੱਥੇ
ਵੀ ਏਸੇ ਤਾਕਤ ਨੇ ਹੀ ਕੰਮ ਆਉਣਾ ਹੈ।
ਸੋ ਆਓ! ਗੁੰਡਾ ਗਰੋਹ ਦੇ ਹੱਥੋਂ ਬਲਾਤਕਾਰ ਦਾ ਸ਼ਿਕਾਰ ਹੋਈ ਗੰਧੜਾਂ
ਦੀ ਨਾਬਾਲਗ ਕੁੜੀ ਤੇ ਪਰਿਵਾਰ ਦਾ ਇਕੱਠੇ ਹੋ ਕੇ ਦੁੱਖ ਵੰਡਾਈਏ। ਉਹਨਾਂ ਦੀ ਬਾਂਹ ਫੜੀਏ, ਉਹਨਾਂ ਦੀ
ਢੋਈ ਬਣੀਏ। ਔਰਤਾਂ ਤੇ ਕੁੜੀਆਂ ਨੂੰ ਵਿਸ਼ੇਸ਼ ਕਰਕੇ ਅੱਗੇ ਆਉਣ ਦੀ ਲੋੜ ਹੈ।
ਸੋ ਪਿੰਡ ਪਿੰਡ ਇਕੱਠ ਮਾਰੋ। ਬਲਾਤਕਾਰੀਆਂ, ਪੁਲਸ ਤੇ ਹਕੂਮਤ ਨੂੰ ਲਾਹਣਤਾਂ
ਪਾਓ। ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ, ਕੇਸ ਵਿੱਚ ਬਣਦੀਆਂ ਧਾਰਾਵਾਂ ਲਵਾਉਣ, ਦੋਸ਼ੀਆਂ ਦਾ ਪੱਖ ਪੂਰਨ
ਵਾਲੇ ਥਾਣੇਦਾਰ 'ਤੇ ਕਾਰਵਾਈ ਕਰਵਾਉਣ ਅਤੇ ਪੀੜਤ ਕੁੜੀ ਨੂੰ ਮੁਆਵਜਾ ਦੁਆਉਣ ਲਈ ਲੱਕ ਬੰਨ੍ਹ ਕੇ ਅੱਗੇ
ਆਓ।
6 ਤੋਂ 8 ਫਰਵਰੀ ਤੱਕ ਲੱਖੇਵਾਲੀ ਥਾਣੇ ਅੱਗੇ ਦਿੱਤੇ ਜਾ ਰਹੇ ਧਰਨੇ
ਵਿੱਚ ਵਹੀਰਾਂ ਘੱਤ ਕੇ ਪਹੁੰਚੋ।
ਸਭਨਾਂ ਇਨਸਾਫਪਸੰਦ ਲੋਕਾਂ ਅਤੇ ਜਥੇਬੰਦੀਆਂ ਨੂੰ ਹਮਾਇਤ ਦੀ ਵਿਸ਼ੇਸ਼
ਅਪੀਲ ਕੀਤੀ ਜਾਂਦੀ ਹੈ।
ਵੱਲੋਂ:ਪੰਜਾਬ ਖੇਤ ਮਜ਼ਦੂਰ ਯੂਨੀਅਨ (ਇਲਾਕਾ ਮੁਕਤਸਰ)
ਪ੍ਰਕਾਸ਼ਨ
ਮਿਤੀ: 1 ਫਰਵਰੀ, 2014
ਪ੍ਰਕਾਸ਼ਕ:
ਕਾਕਾ ਸਿੰਘ ਖੁੰਡੇਹਲਾਲ ਸੰਪਰਕ: 94630 43761
No comments:
Post a Comment