ਸਰਕਾਰੀ ਜਬਰ ਦਾ ਮੁਕਾਬਲਾ ਕਰ ਰਹੇ ਲੋਕਾਂ ਦੇ
ਹਾਕਮਾਂ ਦੇ ਨਾਮ ਅਣਖੀ ਬੋਲ
ਸਾਡਾ ਮਸਲਾ ਪੱਟੀ ਦੇ ਆੜਤੀਏ ਤੋਂ ਇੱਕ ਕਿਰਤੀ ਦੇ 3,62,000 ਰੁਪਏ ਲੈਣ ਦਾ ਸੀ। ਆੜਤੀਆ ਪੈਸੇ ਮਾਰਕੇ ਬੈਠਾ ਸੀ। ਐੱਸ.ਐੱਸ.ਪੀ. ਤਰਨ-ਤਾਰਨ ਦੇ ਦਰਖਾਸਤ ਦਿੱਤੀ। ਉਸ ਨੇ ਡੀ.ਐੱਸ.ਪੀ. ਪੱਟੀ ਦੀ ਡਿਊਟੀ ਲਾਈ। ਆੜਤੀਆ ਪੈਸੇ ਨਾ ਦੇਣ ਲਈ ਬਜਿੱਦ ਸੀ ਕਹਿੰਦਾ ਮੇਰੀ ਪਿੱਠ ਪਿੱਛੇ ਆਦੇਸ਼ਪ੍ਰਤਾਪ ਲਾਲ ਜੀ ਹਨ। ਡੀ.ਐੱਸ.ਪੀ. ਕਹਿਣ ਲੱਗਾ ਕਣਕ ਲੈ ਜਾਉ ਜਿੰਨੇ ਤੁਹਾਡੇ ਪੈਸੇ ਬਣਦੇ ਨੇ। ਪੁਲਿਸ ਨੇ ਕੋਲ ਖਲੋਕੇ ਕਣਕ ਚਕਵਾਈ। ਦੂਸਰੇ ਦਿਨ ਪਤਾ ਲੱਗਾ ਕਿ ਆੜਤੀਆਂ ਤੇ ਕੈਬਨਿਟ ਮੰਤਰੀ ਦੇ ਇਸ਼ਾਰੇ ਤੇ ਪਰਚੇ ਦਰਜ ਕਰ ਲਏ ਗਏ ਹਨ। ਕਹਿੰਦੇ ਪੁਲਿਸ ਦੀ ਹਾਜਰੀ 'ਚ ਡਾਕਾ ਮਾਰਿਆ 382, 148, 149, 395, IPC ਅਧੀਨ ਤਿੰਨ ਬੰਦਿਆਂ ਤੇ ਪਰਚਾ ਦਰਜ ਹੋ ਗਿਆ। ਦੂਸਰੇ ਦਿਨ ਵਾਧਾ ਕਰਕੇ 120 ਬੀ ਲਾਈ ਗਈ।
ਜਿੰਨ੍ਹਾਂ ਪੁਲਿਸ ਵਾਲਿਆਂ ਦੀ ਹਾਜਰੀ 'ਚ ਡਾਕਾ ਵੱਜਾ ਉਹ ਤੇਰੇ ਰਾਜ ਦੀ ਉਮਰ ਕਿੰਨੀ ਲੰਬੀ ਕਰ ਸਕਣਗੇ। ਕਿੰਨੇ ਕੁ ਪੁਲਿਸ ਵਾਲੇ ਭਲਾ ਸਸਪੈਂਡ ਹੋਏ ਜਿੰਨਾਂ ਦੀ ਹਾਜਰੀ 'ਚ ਡਾਕਾ ਵੱਜਾ। ਦੂਜੇ ਦਿਨ ਆਦੇਸ਼ਪ੍ਰਤਾਪ ਕੈਰੋਂ ਦੇ ਹੁਕਮ ਤੇ ਪਿੰਡ ਪ੍ਰਿੰਗੜੀ ਛਾਉਣੀ 'ਚ ਬਦਲ ਦਿੱਤਾ ਗਿਆ। ਸਾਡੇ ਆਗੂ ਪਰਗਟ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਵਿਹੜੇ 'ਚ ਪਈ ਉਸਦੀ ਕਣਕ ਨੂੰ ਸਰਕਾਰੀ ਬੋਰੀਆਂ 'ਚ ਭਰ ਲਿਆ ਗਿਆ। ਉਸ ਦੇ ਕਣਕ ਦੇ ਡਰੰਮ ਨੂੰ ਵੀ ਖਾਲੀ ਕਰ ਦਿੱਤਾ ਗਿਆ। ਆਟਾ ਪਿਸਾਉਣ ਲਈ ਤੋੜਿਆਂ 'ਚ ਪਾਈ 2 ਤੋੜੇ ਕਣਕ ਪੁਲਿਸ ਨੇ ਮੋਟਰ ਸਾਇਕਲਾਂ ਤੇ ਲੱਦ ਲਈ। ਘਰ ਦੇ ਜਿੰਦਰੇ ਤੋੜ ਕੇ ਘਰ ਦਾ ਕੀਮਤੀ ਸਮਾਨ ਲੁੱਟ ਲਿਆ ਗਿਆ। ਜਥੇਬੰਦੀ ਦੇ ਸਾਊਂਡ ਸਿਸਟਮ ਹਾਰਨ ਸਪੀਕਰ ਸਭ ਲੱਦ ਲਏ ਗਏ। ਪੁਲਿਸ ਦੇ ਅਫਸਰ ਜਿੰਨਾਂ 'ਚ ਐੱਸ.ਐੱਸ.ਪੀ. ਵੀ ਸ਼ਾਮਿਲ ਸਨ, ਨੇ ਪੱਤਰਕਾਰਾਂ ਨੂੰ ਨੇੜੇ ਵੀ ਨਾ ਫਟਕਣ ਦਿੱਤਾ। ਦੂਸਰੇ ਦਿਨ ਦੇ ਅਖਬਾਰਾਂ 'ਚ ਖਬਰ ਲੱਗੀ ਕਿ ਪੁਲਿਸ ਨੇ ਅੱਤਵਾਦ ਦੇ ਦਿਨਾਂ ਦੀ ਯਾਦ ਤਾਜਾ ਕਰਵਾ ਦਿੱਤੀ। 12 ਵਜੇ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ 4 ਵਜੇ ਪੁਲਿਸ ਘਰ ਨੂੰ ਲੁੱਟ-ਪੁੱਟ ਕੇ ਬੂਹੇ ਖੁੱਲੇ ਛੱਡ ਕੇ ਤੁਰਦੀ ਬਣੀ। ਅਗਲੀ ਰਾਤ ਪੁਲਿਸ ਨੇ ਜਥੇਬੰਦੀ ਦੇ ਆਗੂ ਘਰਾਂ ਤੋਂ ਚੁੱਕ ਲਏ ਗਏ। 18 ਆਗੂ ਅੰਮ੍ਰਿਤਸਰ ਜੇਲ 'ਚ ਬੰਦ ਕਰ ਦਿੱਤੇ ਗਏ, ਜਿਨ੍ਹਾਂ 'ਚ 75 ਸਾਲ ਦੇ ਬਜੁਰਗ ਵੀ ਸ਼ਾਮਿਲ ਸਨ। ਆਗੂਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਘਰਾਂ ਚੋਂ ਚੁੱਕ ਕੇ ਵੱਖ-ਵੱਖ ਥਾਣਿਆਂ 'ਚ ਰੱਖਿਆ ਗਿਆ ਤੇ ਪੁਲਸੀਆਂ ਦੇ ਘਰਾਂ 'ਚ ਰੱਖਿਆ ਗਿਆ, ਧਮਕੀਆਂ ਦਿੱਤੀਆਂ ਗਈਆਂ। ਕਈਆਂ ਨੂੰ 5-7 ਦਿਨਾਂ ਬਾਦ ਛੱਡ ਦਿੱਤਾ ਗਿਆ।
15 ਜੂਨ ਨੂੰ ਅਸੀਂ ਬਾਬਾ ਖੜਕ ਸਿੰਘ ਹਾਲ 'ਚ ਖੁੱਲੀ ਮੀਟਿੰਗ ਰੱਖੀ। ਹਰ ਪਿੰਡ ਤੋਂ 4-5 ਆਗੂ ਜਾ ਰਹੇ ਸਨ। ਸਾਡੇ ਵਾਲੀ ਟਰਾਲੀ 'ਚ 13 ਬੀਬੀਆਂ ਤੇ ਕੁਝ ਬੰਦੇ ਸੀ। ਹਾੜ੍ਹ ਦੀ ਸੰਗਰਾਦ ਦਾ ਦਿਹਾੜਾ ਸੀ। ਸਾਨੂੰ ਝਬਾਲ ਚੌਂਕ ਚੋਂ ਟਰਾਲੀਆਂ-ਟਰੈਕਟਰਾਂ ਸਮੇਤ ਝਬਾਲ ਥਾਣੇ ਬੰਦ ਕਰ ਦਿੱਤਾ। ਹੰਕਾਰੇ ਐੱਸ.ਐੱਸ.ਪੀ. ਨੇ ਗੱਲਬਾਤ ਤੇ ਰਿਹਾ ਕਰਨ ਤੋਂ ਨਾਹ ਕਰ ਦਿੱਤੀ। ਸਾਡੇ ਆਗੂ ਥਾਣੇ ਮਿਲਣ ਆਏ ਤੇ ਕਿਹਾ ਕਿ ਅਸੀਂ ਸੰਗਰਾਂਦ ਵਾਲੇ ਯਾਤਰੀਆਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਤੇ ਸਾਨੂੰ ਕੋਈ ਐਕਸ਼ਨ ਲੈਣ ਲਈ ਮਜਬੂਰ ਨਾ ਕੀਤਾ ਜਾਵੇ। ਪਰ ਪ੍ਰਸ਼ਾਸਨ ਅੜਿਆ ਰਿਹਾ।ਜਦੋਂ ਥਾਣਾ ਘੇਰ ਕੇ ਰਸਤਾ ਬੰਦ ਕੀਤਾ ਤਾਂ ਜਾ ਕੇ ਸਾਨੂੰ ਰਿਹਾ ਕੀਤਾ ਗਿਆ।
ਹਾਜਰ ਪ੍ਰਸ਼ਾਸਨ ਦਾ ਇੱਕ ਹੀ ਜਵਾਬ ਸੀ ਐੱਸ.ਐੱਸ.ਪੀ. ਨੂੰ ਤੁਹਾਡੇ ਤੇ ਗੁੱਸਾ ਬਹੁਤ ਹੈ। ਜਿਵੇਂ ਇੱਥੇ ਐੱਸ.ਐੱਸ.ਪੀ. ਗੁੱਸਾ ਕੱਢਣ ਲਈ ਲਾਇਆ ਹੋਵੇ। ਉਸ ਤੋਂ ਬਾਅਦ ਅਸੀਂ ਰੋਸ ਵਜੋਂ 27 ਜੂਨ ਨੂੰ ਤਰਨ-ਤਾਰਨ ਰੇਲਵੇ ਲਾਈਨ ਤੇ ਧਰਨਾ ਦਿੱਤਾ।ਕੜਕਦੀ ਧੁੱਪ 'ਚ ਜਦੋਂ ਸੜਦੇ ਬੀਬੀਆਂ ਬੱਚੇ ਤੇ ਕਿਸਾਨ ਜਦੋਂ ਸਬਰ ਨਾਲ ਲਾਈਨ ਤੇ ਬੈਠੇ ਰਹੇ ਤਾਂ ਪ੍ਰਸ਼ਾਸਨ ਦੇ ਕੰਨ ਤੇ ਜੂੰ ਸਰਕੀ, ਪੁਲਿਸ ਵਾਲੇ ਨਾਲ ਗੱਡੀਆਂ ਭਰਕੇ ਡਾਗਾਂ ਤੇ ਛਿੱਕੂ ਲੈ ਕੇ ਆੲੈ।ਜਦੋਂ ਦਬਾਅ ਦੀ ਰਾਜਨੀਤੀ ਕੰਮ ਨਾ ਆਈ ਤਾਂ ਜਾ ਕੇ ਐੱਸ.ਡੀ.ਐੱਮ. ਤੇ ਐੱਸ.ਪੀ.ਡੀ. ਨੇ ਸਾਨੂੰ ਗੱਲਬਾਤ ਲਈ ਸੱਦਿਆ।ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਮੰਗਲਵਾਰ 1 ਜੁਲਾਈ 12 ਵਜੇ ਤੁਹਡੀ ਐੱਸ.ਐੱਸ.ਪੀ. , ਡੀ.ਸੀ. ਨਾਲ ਮੀਟਿੰਗ ਹੈ , ਉਦੋਂ ਤੱਕ ਛਾਪੇਮਾਰੀ ਬੰਦ ਕੀਤੀ ਜਾਵੇਾਗੀ ਮਾਹੌਲ ਠੀਕ ਕੀਤਾ ਜਾਵੇਗਾ। ਪਰ ਵਾਅਦਾ ਖਿਲਾਫੀ ਕਰਕੇ ਧਰਨੇ ਚੋਂ ਜਾਂਦੇ ਰੇਸ਼ਮ ਸਿੰਘ ਦੁਬਲੀ ਨੂੰ ਚੁੱਕ ਲਿਆ ਗਿਆ।ਅਗਲੇ ਦਿਨ ਜੋਗਿੰਦਰ ਸਿੰਘ ਗੱਟੀ ਨੂੰ ਚੁੱਕ ਲਿਆ ਗਿਆ। 30 ਜੂਨ ਨੂੰ ਰਾਤ ਨੂੰ 8 ਵਜੇ ਜਥੇਬੰਦੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੂੰ ਚੁੱਕ ਲਿਆ ਗਿਆ, ਅਜੇ ਸਾਥੀ ਪੰਨੂੰ ਜਥੇਬੰਦੀ ਦੀ ਮੀਟਿੰਗ ਲਾ ਕੇ ਕਿਸੇ ਦੂਸਰੇ ਸਾਥੀ ਦੇ ਘਰ ਅੰਮ੍ਰਿਤਸਰ ਨੇੜੇ ਪਿੰਡ ਪਰਤ ਹੀ ਰਹੇ ਸਨ।ਉਹਨਾਂ ਨੂੰ ਵੱਡਾ ਘੇਰਾ ਪਾ ਕੇ ਚੁੱਕ ਲਿਆ ਗਿਆ। ਕਿਸੇ ਪਰਿਵਾਰ ਦੇ ਮੈਂਬਰ ਨੁੰ ਦੱਸਣ ਦੀ ਜਰੂਰਤ ਨਹੀ ਸਮਝੀ। ਅਣਦੱਸੀ ਥਾਂ ਤੇ ਲਿਜਾਇਆ ਗਿਆ, ਰਾਤ ਭਰ ਥਾਣਿਆਂ ਦੀ ਖਾਕ ਛਾਣੀ। ਸਵੇਰੇ ਹਸਪਤਾਲ ਧੱਕੇ ਖਾਧੇ। ਸਾਥੀ ਪੰਨੂੰ ਦਾ ਕੋਈ ਅਤਾ ਪਤਾ ਨਾ ਲੱਗਾ। 1 ਜੁਲਾਈ ਨੂੰ 2 ਵਜੇ ਪਤਾ ਲੱਗਾ ਕਿ ਉਹਨਾਂ ਨੁੰ ਫਰੀਦਕੋਟ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ। ਦੂਸਰੇ ਦਿਨ ਮੁਲਾਕਾਤ ਪਾਈ ਤਾਂ ਜਾ ਕੇ ਕੰਵਲਪ੍ਰੀਤ ਨੇ ਦੱਸਿਆ ਕਿਵੇਂ ਪੁਲਿਸ ਨੇ ਸੈਂਕੜਿਆਂ ਦੀ ਗਿਣਤੀ 'ਚ ਰਾਤ ਉਹਨਾਂ ਨੂੰ ਘੇਰਾ ਪਾਈ ਰੱਖਿਆ। ਰਾਤ 2 ਵਜੇ ਪੱਟੀ ਹਸਪਤਾਲ ਲਿਆ ਕੇ ਡਾਕਟਰ ਕੋਲੋਂ ਮਨਮਰਜੀ ਦਾ ਲਿਖਵਾਕੇ ਬਿਨਾਂ ਮੈਡੀਕਲ ਕੀਤੇ ਥਾਣਾ ਘਰਿੰਡਾ ਲਿਜਾਇਆ ਗਿਆ। ਅਗਲੇ ਦਿਨ ਹਰੀਕੇ ਵਾਲਾ ਪੁਲ ਪੈਰਾ ਮਿਲਟਰੀ ਨੂੰ ਦਿੱਤਾ ਗਿਆ। ਬਾਕੀ ਪੁਲਾਂ ਚੌਂਕਾ ਚ ਭਾਰੀ ਗਿਣਤੀ ਚ ਪੁਲਿਸ ਲਾਈ ਗਈ। ਪੱਟੀ ਏਰੀਏ ਚ ਪੁਲਿਸ ਦੀਆਂ ਚਾਰ ਗੱਡੀਆਂ ਮਾਰਚ ਕਰਦੀਆਂ ਪਿੰਡਾਂ ਚ ਘੁੰਮਦੀਆਂ ਰਹੀਆਂ।
ਹਾਕਮਾਂ ਤੇਰੇ ਰਾਜ ਵਿੱਚ ਅੰਨਦਾਤੇ ਡਾਕੂ ਹਨ ਤੇ ਤੇਰੇ ਮੰਤਰੀ ਜੋ ਦਿਨ ਦਿਹਾੜੇ ਪੰਜਾਬ ਨੂੰ ਲੁੱਟੀ ਜਾ ਰਹੇ ਹਨ, ਉਹ ਭਲੇਮਾਣਸ ਹਨ। ਜਿਹੜੇ ਨਸ਼ਿਆਂ ਦੇ ਵਪਾਰੀ ਹਨ, ਜਿੰਨਾਂ ਦੀ ਸਮੈਕ ਪਿੰਡਾਂ ਚ ਵਿਕਦੀ ਹੈ, ਉਹ ਕਦੋਂ ਚਾਹੁਣਗੇ ਇੱਥੇ ਕੋਈ ਸੰਘਰਸ਼ੀ ਯੋਧੇ ਪੈਦਾ ਹੋਣ। ਕੋਈ ਸਾਡੇ ਕਾਰਨਾਮੇ ਨੰਗੇ ਕਰੇ। ਬੜੀ ਚੁੱਭਦੀ ਤੇਰੀ ਅਫਸਰਸ਼ਾਹੀ ਤੇ ਮੰਤਰੀਆਂ ਨੂੰ ਸਾਡੀ ਨਸ਼ਿਆਂ ਦੇ ਖਿਲਾਫ ਕਿਸਾਨੀ ਅਤੇ ਜਵਾਨੀ ਬਚਾਉ ਮੁਹਿੰਮ । ਸਾਡੀਆਂ ਕਾਨਫਰੰਸਾਂ ਤੇ ਜੇਲ ਭਰੋ ਅੰਦੋਲਨ।
ਤੇਰੇ ਪੁਲਿਸਵਾਲੇ ਸਾਡਾ ਝੋਨਾ ਵਾਹੁਣ ਦੀਆਂ ਧਮਕੀਆਂ ਦੇਂਦੇ ਫਿਰਦੇ ਨੇ, ਤੂੰ ਕਰ ਲੈ ਸਾਡੇ ਬੱਚਿਆਂ ਦੀ ਰੋਟੀ ਤੇ ਰਿਹਾਇਸ਼ ਦਾ ਪ੍ਰਬੰਧ , ਖੋਲ ਦੇ ਜੇਲਾਂ ਦੇ ਬੂਹੇ ਤੇ ਜੇਲਾ ਵੱਡੀਆਂ ਬਣਾ ਲੈ। ਸਾਡੀ ਗਿਣਤੀ ਬੜੀ ਵੱਡੀ, ਅਸੀਂ ਹੋਰ ਮਜਬੂਤੀ ਨਾਲ ਲੜਾਂਗੇ ਤੇਰੇ ਹਥਕੰਡਿਆਂ ਦੇ ਖਿਲਾਫ। ਨਾਲੇ ਹੁਣ ਤੇਰੇ ਕੋਲ ਪੰਨੂੰ ਹੈ ਥਾਂ ਥਾਂ ਸੁੰਘਦੇ ਫਿਰਨ ਦੀ ਲੋੜ ਨਹੀਂ, ਕਰ ਲੈ ਆਪਣੇ ਮਨ ਦੀਆਂ ਰੀਝਾਂ ਪੂਰੀਆਂ। ਫਰੀਦਕੋਟ ਬਹੁਤ ਨੇੜੇ ਹੈ ਤੁੰ ਕਾਲੇਪਾਣੀ ਲੈ ਜਾ। ਤੇਰੇ ਰਾਜ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ ਲੋਕ ਤੇ ਕੀੜੇ ਮਕੌੜੇ ਨੇ। ਜਦੋਂ ਮਰਜੀ ਕੁਚਲ ਦੇਵੀਂ । ਸਾਡਾ ਝੋਨਾ ਲੱਗਣਾ ਰੁਕਾ ਕੇ ਸਾਡੀਆਂ ਮੰਡੀਆਂ 'ਚ ਤੂੰ ਆਪਦਾ ਵੇਚ ਜਾਵੀਂ। ਪਰ ਅਸੀਂ ਆਪਣੀਆਂ ਜਮੀਨਾਂ ਦੀਆਂ ਗਿਰਦਾਵਰੀਆ ਤੇਰੇ ਨਾਮ ਨਹੀਂ ਕਰਨੀਆਂ। ਇਹ ਮਾਲਕੀ ਹੱਕ ਸਾਨੂੰ ਬਾਬਾ ਬੰਦਾ ਸਿੰਘ ਬਹਾਦੁਰ ਨੇ ਬਖਸ਼ੇ ਹਨ। ਤੂੰ ਸਾਡੀ ਸਮੇ ਮਾਰ ਕਰ ਸਕਦਾ ਹਾਕਮ ਜੋ ਹੋਇਆ, ਪਰ ਸਾਡੀ ਅਣਖ ਨਹੀਂ ਮਾਰ ਸਕਦਾ। ਤੂੰ ਸਾਨੂੰ ਕੀ ਮਾਰੇਂਗਾ। ਅਸੀਂ ਜਿਹੜੇ 1947 ਚ ਮਰੇ 1984 ਚ ਮਰੇ , ਦਹਾਕਿਆਂ ਤੱਕ ਮਰਦੇ ਰਹੇ। ਰੋਜ ਸੜਕੀ ਦੁਰਘਟਨਾਂਵਾਂ ਚੋਂ ਮਰਦੇ ਹਾਂ। ਰੋਜ ਨਸ਼ਿਆਂ ਸਮੈਕਾਂ ਨਾਲ ਮਰਦੇ ਪੁੱਤਾਂ ਦੀਆਂ ਲਾਸ਼ਾਂ ਢੋਣ ਵਾਲਿਆਂ ਨੂੰ ਤੂੰ ਕੀ ਮਾਰੇਂਗਾ । ਤੂੰ ਮਹਿੰਗਾਈ ਨਾ ਰੋਕ ਸਕਿਆ , ਨਸ਼ੇ ਨਾ ਰੋਕ ਸਕਿਆ, ਤੂੰ ਹੜ ਨਹੀਂ ਰੋਕ ਸਕਿਆ, , ਤੂੰ ਲੋਕਾਂ ਦੀ ਤਕਦੀਰ ਨਾ ਬਦਲ ਸਕਿਆ, ਤੈਨੂੰ ਦਿਸਦੇ ਨਹੀਂ ਫਸਲਾਂ ਦੇ ਜਾਮ ਹੋਏ ਭਾਅ, ਤੈਨੂੰ ਨਹੀਂ ਦਿੱਸਦੀ ਟੁੱਟਦੀ ਤੇ ਖੁੱਸਦੀ ਜਵਾਨੀ ਤੇ ਕਿਸਾਨੀ। ਤੈਨੂੰ ਤੇ ਦਿੱਸਦੇ ਕਿਸਾਨ ਹੁਣ ਡਾਕੂ,ਪਰ ਯਾਦ ਰੱਖੀਂ ਤੈਨੂੰ ਸਾਡੀ ਵੋਟ ਪਰਚੀ ਰਾਹੀਂ ਸਾਹ ਆਉਂਦਾ ਹੈ ਤੇ ਵੋਟਾਂ ਬਾਰਾਂ ਸਾਲ ਬਾਦ ਨਹੀਂ ਆਉਂਦੀਆਂ। ਤੂੰ ਨੰਨੀਆਂ ਛਾਵਾਂ ਦੀਆਂ ਮਾਵਾ ਨੂੰ ਕਰਦੇ ਕੈਦ ਤੇ ਕਰਲੇ ਆਪਣੀ ਰੀਝ ਪੂਰੀ।
ਕੱਟ ਗਏ,ਝੁਕੇ ਨਹੀਂ ਉਹ ਹਾਂ ਅਸੀਂ, ਉਹ ਹੋਰ ਸੀ ਮਰ ਗਏ ਜੋ ਹੱਥ ਜੋੜਦੇ' ਅੇਵੇਂ ਭੁਲੇਖਾ ਨਾ ਰੱਖੀਂ ਤੂੰ । ਤੇਰੇ ਜਬਰ ਤੋਂ ਸਾਡਾ ਸਬਰ ਵੱਡਾ ਇਹ ਅਸੀਂ ਸਾਬਤ ਕਰਾਂਗੇ।
ਤੇਰੇ ਭਰਾ ਅਮਰਿੰਦਰ ਸਿੰਘ ਨੇ ਹਕੂਮਤੀ ਸਮੇ 'ਚ ਸਾਡੇ ਤੇ ਬਥੇਰਾ ਜਬਰ ਕੀਤਾ। ਤੇਰੇ ਪੁਲਸੀਏ ਸਾਡੇ ਘਰ-ਘਰ ਹਰਲ ਹਰਲ ਕਰਦੇ ਫਿਰਦੇ, ਉਸ ਹਾਕਮ ਵੀ ਸਾਡੇ ਤੇ ਬੜੇ ਪਰਚੇ ਦਰਜ ਕੀਤੇ। ਇੱਥੋਂ ਤੱਕ ਕਿ ਮੇਰੇ ਤੇ ਵੀ 307 ਦਾ ਪਰਚਾ ਦਰਜ ਕੀਤਾ। ਬਥੇਰਾ ਚਿਰ ਸਾਨੂੰ ਘਰੋਂ ਬੇਘਰ ਰੱਖਿਆ। ਪਰ ਉਹ ਹਾਕਮ ਹਾਰਿਆ ਸੀ। ਸਾਥੀ ਪੰਨੂੰ ਤੇ 14 ਪਰਚੇ ਪਹਿਲਾਂ ਦਰਜ ਹਨ। ਪੰਦਰਵੇਂ ਲਈ ਤੇਰਾ ਬੜਾ ਧੰਨਵਾਦ। ਪੰਨੂੰ ਬਾਰੇ ਲਿਖਦਿਆਂ ਪਰਚਿਆਂ ਬਾਰੇ ਇੱਕ ਕਿਤਾਬ ਅਲੱਗ ਲਿਖਣੀ ਪਊਗੀ। ਤੇਰਾ ਤੇ ਤੇਰੀ ਭੈਣ ਕਾਂਗਰਸ ਦਾ ਉਚੇਚਾ ਜਿਕਰ ਹੋਊ, ਤੁਸੀਂ ਅੋਰੰਗਜੇਬ ਦੇ ਪੈਰੋਕਾਰ। ਮੈਨੂੰ, ਮੇਰੇ ਸਾਥੀ ਪੰਨੂੰ ਤੇ ਸਾਡੀ 14 ਵਰਿਆਂ ਭਰ ਜਵਾਨ ਹੋਈ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਤੇ ਉਸਦੇ ਸੰਘਰਸ਼ੀ ਯੋਧਿਆਂ ਨੂੰ ਕੀ ਹਰਾ ਲਉਗੇ।
ਸਾਡੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਆਪਣੇ ਸਿਰਾਂ ਸਮੇਤ ਪੂਰੇ ਜ਼ਜਬੇ ਤੇ ਅਣਖ ਨਾਲ ਤੇਰੀ ਕਚਿਹਰੀ ਚ ਹਾਜਰ ਹੈ। ਲੜਾਂਗੇ, ਮਰਾਂਗੇ ਤੇ ਲੋਕਾਂ ਵਿੱਚ ਨਾਇਨਸਾਫੀ ਖਿਲਾਫ ਖੜੇ ਹੋਣ ਦੀ ਹਿੰਮਤ ਪੈਦਾ ਕਰਾਂਗੇ। ਜੀਣ ਦੀਆਂ ਸਾਰੀਆਂ ਇੱਛਾਵਾਂ ਨੂੰ ਮਾਰਕੇ ਅਸੀਂ ਤੁਰੇ ਹਾਂ ਸਿਰਾਂ ਤੇ ਕਫਨ ਬੰਨਕੇ। ਤੈਨੂੰ ਖਤ ਤੇਰੇ ਤੋਂ ਕਿਸੇ ਆਸ ਨਾਲ ਨਹੀਂ ਲਿਖਿਆ। ਸਿਰਫ ਆਪਣੇ ਲੋਕਾਂ 'ਚ ਆਪਣੀ ਗੱਲ ਪਹੁੰਚਾਉਣ ਦਾ ਜਰੀਆ ਮਾਤਰ ਹੀ ਹੈ। ਸਲਾਮ ਮੇਰੇ ਆਪਣੇ ਪੰਜਾਬ ਦੇ ਲੜਦੇ ਲੋਕਾ ਨੂੰ। ਆਪਣੇ ਦੇਸ਼ ਅਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਜੋ ਪੂਰੇ ਮੁਲਕਾਂ 'ਚ ਨਾਇਨਸਾਫੀ ਤੇ ਨਾਬਰਾਬਰੀ ਖਿਲਾਫ ਸਾਰੀ ਜਿੰਦਗੀ ਸੰਘਰਸ਼ ਕਰਦੇ ਰਹੇ।
ਲੜਦੇ ਲੋਕਾਂ ਦੀ ਦਿਲੋਂ ਸ਼ੁੱਭ ਚਿੰਤਕ,
ਜੁਲਾਈ 2014 ਰਜਵੰਤ ਕੌਰ ਪੰਨੂੰ,
+91- 8872281343 ਸਮੂਹ ਕਿਸਾਨ ਸੰਘਰਸ਼ ਕਮੇਟੀ ਮੈਂਬਰ।
ਨੋਟ: ਇਹ ਚਿਠੀ ਕਿਸਾਨ ਸੰਘਰਸ਼ ਕਮੇਟੀ ਵਲੋਂ ਜਾਰੀ ਕੀਤੀ ਗਈ ਹੈ| ਲੋਕਾਂ ਦੇ ਸੰਘਰਸ਼ਾਂ ਦੀ ਸੰਘੀ ਘੁਟਨ ਲਈ ਘੜੇ ਸਰਕਾਰੀ ਅਤੇ ਨਿਜੀ ਜਾਇਦਾਦ ਦਾ ਨੁਕਸਾਨ ਰੋਕਣ ਲਈ ਕਨੂਨ-2014, ਨੂੰ ਲਾਗੂ ਕਰਨ ਲਈ ਬਾਦਲ ਸਰਕਾਰ ਨੇੰ ਬਹਾਨਾ ਨਿਜੀ ਜਾਇਦਾਦ ਦੀ ਰਾਖੀ ਦਾ ਬਣਾਇਆ ਹੈ| ਪਰ ਸਰਕਾਰ ਦਾ ਅਸਲ ਮਕਸਦ ਇਸ ਕਨੂਨ ਰਾਹੀਂ ਵਡੇ ਜਗੀਰਦਾਰਾਂ, ਟਰਾਂਸਪੋਰਟਰਾਂ, ਆੜਤੀਆਂ, ਦੇਸੀ ਅਤੇ ਵਿਦੇਸ਼ੀ ਵਡੇ ਸਰਮਾਇਦਾਰਾਂ, ਅਤੇ ਬਹੁ ਰਾਸ਼ਟਰੀ ਕੰਪਨੀਆਂ ਦੀਆਂ ਜਾਇਦਾਦਾਂ ਨੂੰ ਲੋਕ ਰੋਹ ਤੋਂ ਬਚਾਉਣਾ ਹੈ| ਸਧਾਰਨ ਲੋਕਾਂ ਦੀ ਜਾਇਦਾਦ ਦੀ ਰਾਖੀ ਕਰਨਾ ਉਹਨਾਂ ਦੇ ਏਜੰਡੇ ਤੇ ਬਿਲਕੁਲ ਹੀ ਨਹੀਂ| ਇਹ ਗੱਲ ਉਪਰੋਕਤ ਸੰਘਰਸ਼ ਦੇ ਤਜ਼ਰਬੇ ਚੋਂ ਬਿਲਕੁਲ ਸਾਫ਼ ਹੋ ਜਾਂਦੀ ਹੈ| ਲੋਕ ਮੋਰਚਾ ਪੰਜਾਬ ਜਿਥੇ ਸਰਕਾਰ ਵਲੋਂ ਕਿਸਾਨਾਂ ਤੇ ਕੀਤੇ ਜਾ ਰਹੇ ਇਸ ਜਬਰ ਤਸ਼ਦਦ ਦਾ ਪੁਰ ਜੋਰ ਵਿਰੋਧ ਕਰਦਾ ਹੈ ਉਥੇ ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਸ ਜਬਰ ਤਸ਼ਦਦ ਦਾ ਡਟਵਾਂ ਵਿਰੋਧ ਕਰਨ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹਕ ਵਿਚ ਨਿਤਰਣ ਦਾ ਸਦਾ ਦਿੰਦਾ ਹੈ |
No comments:
Post a Comment