'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ
ਪੁਲਸ ਰੋਕਾਂ ਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ
ਬਠਿੰਡਾ ਵਿੱਚ ਰੋਸ ਮੁਜ਼ਾਹਰਾ
'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ ਬਠਿੰਡਾ ਦਾਣਾ ਮੰਡੀ ਵਿੱਚ ਹੋਣ ਵਾਲੇ ਸਾਂਝੇ ਇਕੱਠ ਤੇ ਪੁਲਸੀ ਰੋਕਾਂ ਮੜੇ ਹੋਣ ਦੇ ਬਾਵਜੂਦ ਤੇ ਗ੍ਰਿਫਤਾਰੀਆਂ ਦੇ ਬਾਵਜੂਦ ਸ਼ਹਿਰ ਅੰਦਰ ਮਿੱਨੀ ਸਕੱਤਰੇਤ ਨੇੜੇ ਪਾਵਰ ਹਾਊਸ ਰੋਡ ਤੇ ਰੋਸ ਮਾਰਚ ਕੀਤਾ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਹੋਏ 'ਨਿੱਜੀ ਤੇ ਜਨਤਕ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ' ਵਾਪਸ ਲੈਣ ਦੀ ਮੰਗ ਕੀਤੀ ਗਈ। ਪੰਜਾਬ ਭਰ ਵਿੱਚ ਡੀ.ਸੀ ਦਫਡਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਅੱਜ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਦੇਣ ਲਈ ਇਕੱਤਰ ਹੋਣ ਆ ਰਹੇ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਸੈਂਕੜੇ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਤੇ ਔਰਤ ਕਾਰਕੁੰਨਾਂ ਨੂੰ ਬਠਿੰਡਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਅੱਜ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਸੁਮੀਤ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਸਮੇਤ ਲਗਭਗ ਦੋ ਢਾਈ ਸੌ ਦੇ ਕਰੀਬ ਕਾਰਕੁੰਨ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨਾਂ ਵਿੱਚ 150 ਦੇ ਕਰੀਬ ਸ਼ਹਿਰ ਨੇੜਲੇ ਪਿੰਡ ਭੁੱਚੋ ਖੁਰਦ, 60 ਦੇ ਕਰੀਬ ਬਠਿੰਡਾ ਸ਼ਹਿਰ ਵਿੱਚੋਂ ਤੇ 10 ਦੇ ਕਰੀਬ ਜੱਸੀ ਪੌ ਵਾਲੀ ਕੋਲੋਂ ਗ੍ਰਿਫਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਕਾਰਕੁੰਨਾਂ ਵਿੱਚ 30 ਦੇ ਕਰੀਬ ਔਰਤਾਂ ਵੀ ਸ਼ਾਮਲ ਹਨ। 50 ਦੇ ਕਰੀਬ ਸੰਘਰਸ਼ੀਲ ਕਾਰਕੁੰਨਾਂ ਦੇ ਕਾਫ਼ਲੇ ਵੱਲੋਂ ਪਾਵਰ ਹਾਊਸ ਰੋਡ 'ਤੇ ਰੋਸ ਮਾਰਚ ਕਰਦੇ ਹੋਏ ਡੀ.ਸੀ. ਦਫ਼ਤਰ ਵੱਲ ਵਧਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ।
ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਦੇ ਅਨੁਸਾਰ ਅੱਜ ਸਮੁੱਚੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਬਠਿੰਡਾ ਦਾਣਾ ਮੰਡੀ ਵਿੱਚ ਇਕੱਠੇ ਹੋਣਾ ਸੀ। ਇੱਥੇ ਕਾਨਫਰੰਸ ਕਰਨ ਤੋਂ ਬਾਅਦ ਦਾਣਾ ਮੰਡੀ ਤੋਂ ਚੱਲ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਸੌਂਪਣਾ ਸੀ। ਪਰ ਸੰਘਰਸ਼ਾਂ ਪ੍ਰਤੀ ਸਿਰੇ ਦਾ ਜ਼ਾਬਰ ਰਵੱਈਆ ਅਖ਼ਤਿਆਰ ਕਰਕੇ ਬੈਠੀ ਪੰਜਾਬ ਦੀ ਹਕੂਮਤ ਨੂੰ ਇਹ ਗੱਲ ਵੀ ਹਜ਼ਮ ਨਾ ਆਈ ਬਠਿੰਡਾ ਪੁਲਸ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਉਕਸਾਹਟ ਦੇ ਦਾਣਾ ਮੰਡੀ ਨੂੰ ਸਵੇਰੇ ਹੀ ਪੁਲਸ ਛਾਉਣ ਵਿੱਚ ਬਦਲ ਦਿੱਤਾ ਗਿਆ। ਸਵੇਰੇ ਸਵੱਖਤੇ ਪੰਡਾਲ ਵਿੱਚ ਪਹੁੰਚੇ 20 ਦੇ ਕਰੀਬ ਆਗੂਆਂ ਤੇ ਕਾਰਕੁੰਨਾਂ ਨੂੰ ਸ਼ਹਿ ਲਾ ਕੇ ਬੈਠੇ ਕਮਾਂਡੋਆਂ ਨੇ ਗ੍ਰਿਫ਼ਤਾਰ ਕਰ ਲਿਆ। ਇਥੋਂ ਗ੍ਰਿਫਤਾਰ ਹੋਏ ਮੁੱਖ ਆਗੂਆਂ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਮਹੀਪਾਲ, ਜਮਹੂਰੀ ਅਧਿਕਾਰ ਸਭਾ ਦੇ ਪ੍ਰਿਤਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਦਰਸ਼ਨ ਮਾਈਸਰਖਾਨ, ਨੌਜਵਾਨ ਭਾਰਤ ਸਭਾ ਦੇ ਅਮਰਜੀਤ ਭੁੱਚੋ ਖੁਰਦ ਆਦਿ ਸ਼ਾਮਲ ਹਨ।
ਸ਼ਹਿਰ ਵੱਲ ਆ ਰਹੇ ਕਿਸਾਨਾਂ ਮਜ਼ਦੂਰਾਂ ਦੇ 150 ਦੇ ਲਗਭਗ ਕਾਫ਼ਲੇ ਨੂੰ 9 ਕਿ.ਮੀ. ਦੂਰ ਭੁੱਚੋ ਖੁਰਦ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਇਸ ਕਾਫ਼ਲੇ ਵਿੱਚ ਬੀ.ਕੇ.ਯੂ ਉਗਰਾਹਾਂ ਦੀ ਆਗੂ ਪਰਮਜੀਤ ਕੌਰ ਪਿੱਥੋ, ਕਰਮਜੀਤ ਲਹਿਰਾ ਖਾਨਾ, ਹਰਪ੍ਰੀਤ ਕੌਰ ਜੇਠੂਕ ਆਦਿ ਆਗੂ ਸ਼ਾਮਲ ਸਨ। ਏਸੇ ਦੌਰਾਨ ਸ਼ਹਿਰ ਇਕੱਠ ਦਾ ਸਥਾਨ ਬਦਲ ਕੇ ਬਾਕੀ ਬਚੇ ਕਾਰਕੁੰਨ ਪਾਵਰ ਹਾਊਸ ਰੋਡ ਵਿਖੇ ਇਕੱਠੇ ਹੋਏ ਤੇ ਇਹਨਾਂ ਕਾਰਕੁੰਨਾਂ ਨੇ ਨਾਅਰੇ ਮਾਰਦੇ ਹੋਏ ਪਾਵਰ ਹਾਊਸ ਰੋਡ ਤੇ ਰੋਸ ਮਾਰਚ ਕੀਤਾ ਤੇ ਗ੍ਰਿਫ਼ਤਾਰੀਆਂ ਦਿੱਤੀਆਂ। ਇਨਾਂ ਵਿੱਚ ਨੌਜਵਾਨ ਭਾਰਤ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ, ਬਲਕਰਨ ਸਿੰਘ, ਜਸਕਰਨ ਸਿੰਘ ਕੋਟਗੁਰੂ, ਕੁਲਵਿੰਦਰ ਸਿੰਘ ਚੁੱਘਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਾਬੂ ਸਿੰਘ ਜੈ ਸਿੰਘ ਵਾਲਾ, ਕੁਲਵੰਤ ਸਿੰਘ ਰਾਏ ਕੇ ਕਲਾਂ, ਸੁਖਜੀਵਨ ਮਹਿਮਾ ਭਗਵਾਨਾ, ਸੁਖਪ੍ਰੀਤ ਕੌਰ ਮਹਿਮਾ, ਬੇਅੰਤ ਕੌਰ ਸਿਵੀਆਂ ਤੇ ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋ ਮਿੱਠੀ ਆਦਿ ਆਗੂ ਸ਼ਾਮਲ ਹਨ।
ਇੱਕ ਵੱਖਰੀ ਜਾਣਕਾਰੀ ਦਿੰਦੇ ਹੋਏ ਉਨਾਂ ਨੇ ਦੱਸਿਆ ਕਿ ਕੇਂਦਰੀ ਜੇਲ ਬਠਿੰਡਾ ਵਿੱਚ ਕੈਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਾਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੀ.ਆਰ.ਟੀ. ਸੀ. ਵਰਕਰਜ਼ ਯੂਨੀਅਨ (ਆਜ਼ਾਦ) ਪੰਜਾਬ ਦੇ ਕਾਰਕੁਨਾਂ ਨੇ ਵੀ ਕਾਲ਼ੇ ਕਾਨੂੰਨ ਖਿਲਾਫ਼ ਜ਼ੇਲ ਦੇ ਅੰਦਰ ਇਕੱਠ ਕੀਤੇ ਤੇ ਰੋਸ ਮੁਜ਼ਾਹਰਾ ਕੀਤਾ ਤੇ ਸੰਘਰਸ਼ਾਂ ਦੀ ਆਵਾਜ਼ ਦਬਾਉਣ ਵਾਲੀ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਪੰਜਾਬ ਦੀ ਹਕੂਮਤ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਥ ਦੇ ਨਾਮ ਦੇ ਮੋਰਚੇ ਲਾਉਣ ਦੇ ਦਾਅਵੇ ਕਰਨ ਵਾਲੀ ਹਕੂਮਤੀ ਪਾਰਟੀ ਆਮ ਲੋਕਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ ਤੇ ਮੰਗ ਪੱਤਰ ਫੜਨ ਦੀ ਬਜਾਏ ਸੰਘਰਸ਼ਸ਼ੀਲ ਲੋਕਾਂ ਨੂੰ ਚੁੱਕ ਕੇ ਜੇਲਾਂ ਥਾਣਿਆਂ ਵਿੱਚ ਸੁੱਟ ਰਹੀ ਹੈ। ਅਜ ਦੇ ਵਿਹਾਰ ਨੇ ਅਕਾਲੀ ਹਕੂਮਤ ਦਾ ਗੈਰ-ਜਮਹੂਰੀ ਤੇ ਧੱਕੜ ਰਵੱਈਆ ਇੱਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਪਰ ਉਨਾਂ ਕਿਹਾ ਕਿ ਹਕੂਮਤੀ ਫਤੂਰ ਵਿੱਚ ਨਸ਼ਿਆਈ ਬਾਦਲ ਸਰਕਾਰ ਨੂੰ ਭੁਲੇਖਾ ਹੈ ਕਿ ਲੋਕਾਂ ਦੇ ਸੰਘਰਸ਼ਾਂ ਨੂੰ ਜੇਲਾਂ, ਥਾਣਿਆਂ ਤੇ ਹਕੂਮਤੀ ਜ਼ਬਰ ਦੇ ਸਿਰ 'ਤੇ ਦਬਾ ਕੇ ਉਹ ਆਪਣੀ ਲੁੱਟ ਦਾ ਕੁਹਾੜਾ ਬੇਰੋਕ ਵਾਹ ਸਕਣਗੇ। ਨਾ ਹੀ ਅਜਿਹਾ ਕਰਕੇ ਉਹ ਬਠਿੰਡਾ ਸ਼ਹਿਰ ਅੰਦਰ ਸੰਘਰਸ਼ ਗੂੰਜਾਂ ਉੱਠਣੋਂ ਰੋਕ ਸਕਦੇ ਹਨ। ਉਨਾਂ ਕਿਹਾ ਕਿ ਹਕੂਮਤ ਦਾ ਇਹ ਰਵੱਈਆ ਕਾਲੇ ਕਾਨੂੰਨ ਵਿਰੋਧੀ ਸੰਘਰਸ਼ ਨੂੰ ਹੋਰ ਵੀ ਤੇਜ਼ ਕਰੇਗਾ।
ਵੱਲੋਂ ਨੌਜਵਾਨ ਭਾਰਤ ਸਭਾ
ਅਸ਼ਵਨੀ ਕੁਮਾਰ (95010-57052)
ਸੁਮੀਤ (9417024641
No comments:
Post a Comment