StatCounter

Showing posts with label Punjab Police. Show all posts
Showing posts with label Punjab Police. Show all posts

Tuesday, February 17, 2015

ਪੰਜਾਬ ਪੁਲਸ ਨੇਂ ਸਾਹਿਤਕਾਰਾਂ, ਲੇਖਕਾਂ ਅਤੇ ਬੁਧੀਜੀਵੀਆਂ ਨੂੰ ਪ੍ਰੋਫੈਸਰ ਅਜਮੇਰ ਔਲਖ ਦੇ ਸਨਮਾਨ ਚ ਮਾਰਚ ਨਾਂ ਕਰਨ ਦਿੱਤਾ

ਜਮਹੂਰੀਅਤ ਦਾ ਜਨਾਜ਼ਾ 
ਪੰਜਾਬ ਪੁਲਸ ਨੇਂ ਬਠਿੰਡਾ ਚ ਸਾਹਿਤਕਾਰਾਂ, ਲੇਖਕਾਂ ਅਤੇ ਬੁਧੀਜੀਵੀਆਂ ਨੂੰ 

ਪ੍ਰੋਫੈਸਰ ਅਜਮੇਰ ਔਲਖ ਦੇ ਸਨਮਾਨ ਚ ਮਾਰਚ ਨਾਂ ਕਰਨ ਦਿੱਤਾ 


ਅਜ ਬਠਿੰਡੇ ਅਤੇ ਆਸ ਪਾਸ ਦੇ ਇਲਾਕੇ ਚੋਂ ਬਹੁਤ ਸਾਰੇ ਲੇਖਕ, ਸਾਹਿਤਕਾਰ ਅਤੇ ਬੁਧੀਜੀਵੀ ਅੱਜ ਸਵੇਰੇ ਟੀਚਰਜ਼  ਹੋਮ ਬਠਿੰਡਾ ਚ ਜਸਪਾਲ ਮਾਨਖੇੜਾ, ਅਤਰਜੀਤ ਕਹਾਣੀਕਾਰ, ਬਗਾ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਜਗਮੇਲ ਸਿੰਘ ਜਨਰਲ ਸੱਕਤਰ ਲੋਕ ਮੋਰਚਾ ਪੰਜਾਬ ਦੀ ਅਗਵਾਈ ਚ ਇਕਠੇ ਹੋਏ | ਇਹਨਾਂ ਸਾਰਿਆਂ ਨੇਂ ਮਿਲ ਕੇ ਲੋਕਾਂ ਨੂੰ ਪੰਜਾਬੀ ਨਾਟਕ ਤੇ ਰੰਗਮੰਚ ਦੇ ਬੁਲੰਦ ਸਿਤਾਰੇ ਅਤੇ ਸੰਘਰਸ਼ ਸ਼ੀਲ ਲੋਕਾਂ ਦੇ ਮਕਬੂਲ ਨਾਟਕਕਾਰ, ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਨਾਲ ਸਤਕਾਰਨ ਲਈ 1 ਮਾਰਚ ਨੂੰ ਮਾਈ ਭਾਗੋ ਗਰਲਜ਼ ਕਾਲਜ ਰੱਲਾ (ਮਾਨਸਾ) ਵਿਖੇ ਇਨਕਲਾਬੀ ਜਨਤਕ ਸਲਾਮ ਸਮਾਰੋਹ ਚ ਕਾਫ਼ਲੇ ਬੰਨ ਕੇ ਪਹੁੰਚਣ ਦਾ ਸੱਦਾ ਦੇਣ ਲਈ ਸ਼ੈਹਰ ਚ ਮਾਰਚ ਕਰਨਾ ਸੀ |

ਸਵੇਰ ਤੋਂ ਹੀ 60-70 ਪੁਲਸ ਮੁਲਾਜਮਾਂ ਦੀ ਧਾੜ , ਜਿਸ ਚ ਇਸਤਰੀ ਪੁਲਸ ਮੁਲਾਜਮ ਵੀ ਸ਼ਾਮਿਲ ਸਨ, ਟੀਚਰਜ਼ ਹੋਮ ਚ ਤੈਨਾਤ ਕਰ ਦਿੱਤੀ ਗਈ ਸੀ | ਕੁਝ ਦੇਰ ਬਾਦ ਲਗਪਗ ਏਨੇਂ ਹੀ ਪੁਲਸ ਮੁਲਾਜਮਾਂ ਦੀ ਹੋਰ ਨਫਰੀ ਟੀਚਰਜ਼ ਹੋਮ ਦੇ ਬਾਹਰ ਸੜਕ ਤੇ ਤੈਨਾਤ ਕਰ ਦਿੱਤੀ ਗਈ |

ਜਦੋਂ ਲੇਖਕਾਂ, ਸਾਹਿਤਕਾਰਾਂ ਅਤੇ ਬੁਧੀ ਜੀਵੀਆਂ ਦਾ ਇਹ ਗਰੁਪ ਸ਼ੈਹਰ ਚ ਮਾਰਚ  ਕਰਨ ਲਈ ਤਿਆਰ ਹੋਣ ਲੱਗਾ ਤਾਂ ਡਾਂਗਾਂ ਨਾਲ ਲੈਸ ਪੁਲਸ ਦੀਆਂ ਧਾੜਾਂ ਨੇਂ ਉਹਨਾਂ ਦਾ ਰਾਹ ਰੋਕ ਲਿਆ | ਟੀਚਰਜ਼ ਹੋਮ ਦਾ ਗੇਟ ਬੰਦ ਕਰਕੇ ਉਹਨਾਂ ਨੂੰ ਬਾਹਰ ਨਿਕਲਣ ਹੀ ਨਹੀਂ ਦਿੱਤਾ | ਪੁਲਸ ਦੇ ਉਪ ਕਪਤਾਨ ਰਣਜੀਤ ਸਿੰਘ ਨੂੰ ਜਮਹੂਰੀ ਅਧਿਕਾਰ  ਸਭਾ ਦੇ ਆਗੂ ਪ੍ਰਿੰਸਿਪਲ ਬਗਾ ਸਿੰਘ  ਨੇ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਉਹ ਸਾਰੇ ਜ਼ੁਮੇੰਵਾਰ ਨਾਗਰਿਕ ਹਨ ਅਤੇ ਲੋਕਾਂ ਨੂੰ ਸਿਰਫ  ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ  ਇਨਕਲਾਬੀ ਜਨਤਕ ਸਲਾਮ ਸਮਾਰੋਹ ਚ ਪਹੁੰਚਣ ਦਾ ਸੱਦਾ ਦੇਣ ਲਈ ਸ਼ਾਂਤੀ ਪੂਰਵਕ ਮਾਰਚ ਕਰ ਰਹੇ ਹਨ, ਪਰ ਉਸ ਦੇ ਕੰਨ ਤੇ ਜੂੰ ਨਹੀਂ ਸਰਕੀ | ਉਹਨੇ ਜਵਾਬ ਦਿੱਤਾ ਕਿ ਸਰਕਾਰ ਦਾ ਹੁਕਮ ਹੈ ਮਾਰਚ ਨਹੀਂ ਹੋਣ ਦੇਣਾ ਇਸ ਲਈ ਕੁਝ ਵੀ ਹੋਵੇ ਉਹ ਮਾਰਚ ਨਹੀਂ ਨਿਕਲਣ ਦੇਵੇਗਾ |  

ਲੇਖਕਾਂ, ਸਾਹਿਤਕਾਰਾਂ ਅਤੇ ਬੁਧੀ ਜੀਵੀਆਂ ਦੇ ਇਕ ਵਫਦ ਨੇਂ ਪੁਲਸ ਕਪਤਾਨ ਅਤੇ ਡੀ ਸੀ ਨੂੰ ਮਿਲ ਕੇ ਰੋਸ ਪ੍ਰਗਟਾਉਣ ਦੀ ਕੋਸ਼ਿਸ ਕੀਤੀ, ਪਰ ਸ਼ਾਇਦ ਉਹਨਾਂ ਨੂੰ ਪੈਹ੍ਲਾਂ ਹੀ ਭਿਣਕ ਪੈ ਗਈ ਸੀ, ਇਸ ਲਈ ਉਹਨਾਂ ਚੋਂ ਕੋਈ ਵੀ ਆਵਦੀ ਕੋਠੀ ਚ ਨਹੀਂ ਮਿਲਿਆ|

ਲੋਕ ਮੋਰਚਾ ਪੰਜਾਬ, ਪੁਲਸ ਦੇ ਇਸ ਸਿਰੇ ਦੇ ਗੈਰ ਜਮਹੂਰੀ, ਜ਼ਾਬਰ ਅਤੇ  ਧਕੜ ਰਵਈਏ ਦੀ ਸਖਤ ਨਿਖੇਧੀ ਕਰਦਾ ਹੈ | ਪੰਜਾਬ ਦੇ ਹਾਕਮਾਂ ਨੂੰ ਖੁਸ਼ ਕਰਨ ਲਈ, ਇਥੇ ਮੜੀਆਂ ਦੀ ਸ਼ਾਂਤੀ ਕਾਇਮ ਕਰਨ ਲਈ ਪੁਲਸ ਅਤੇ ਜ਼ਿਲਾ ਪ੍ਰਸ਼ਾਸ਼ਨ ਨੇਂ ਸੰਘਰਸ਼ ਸ਼ੀਲ ਲੋਕਾਂ ਸਿਰ ਇੰਦਿਰਾ ਗਾਂਧੀ ਦੀ ਐਮਰਜੈਨ੍ਸੀ (Emergency) ਵੇਲੇ ਦੀਆਂ ਹਾਲਤਾਂ ਪੈਦਾ ਕੀਤੀਆਂ ਹੋਈਆਂ ਹਨ, ਸੰਵਿਧਾਨ ਚ ਦਿੱਤੇ ਸਾਰੇ ਬੁਨਿਆਦੀ ਹੱਕ ਪੁਲਸ ਕਪਤਾਨ ਅਤੇ ਡੀ ਸੀ ਦੀਆਂ ਕਲਮਾਂ ਰਾਹੀਂ ਖੋਹ ਲਏ  ਗਏ ਹਨ, ਕਾਨੂਨ ਅਤੇ ਸਰਵ ਉਚ ਅਦਾਲਤ ਦੇ ਫੈਸਲੇ ਮੁਖ ਮੰਤਰੀ ਦੇ ਪਰਵਾਰ ਦੀ ਰਜ਼ਾ ਮੂਹਰੇ ਬੇਮਾਇਨੇ ਹੋ ਗਏ ਹਨ, ਜਮਹੂਰੀਅਤ ਦਾ ਮੁਕੰਮਲ ਜਨਜਾ ਨਿਕਲ ਚੁਕਿਆ ਹੈ |
ਲੋਕ ਮੋਰਚਾ ਪੰਜਾਬ ਸਾਰੇ ਇਨਸਾਫ਼ ਪਸੰਦ ਅਤੇ ਸੰਘਰਸ਼ ਸ਼ੀਲ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਹਾਕਮਾਂ ਦੀਆਂ ਇਹਨਾ ਗੈਰ ਜਮਹੂਰੀ, ਜ਼ਾਬਰ ਅਤੇ  ਧਕੜ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ  1 ਮਾਰਚ ਨੂੰ ਮਾਈ ਭਾਗੋ ਗਰਲਜ਼ ਕਾਲਜ ਰੱਲਾ (ਮਾਨਸਾ) ਵਿਖੇ ਇਨਕਲਾਬੀ ਜਨਤਕ ਸਲਾਮ ਸਮਾਰੋਹ ਚ ਕਾਫ਼ਲੇ ਬੰਨ ਕੇ ਪਹੂੰਚੋ |     

Monday, August 11, 2014

'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ ਬਠਿੰਡਾ ਵਿੱਚ ਰੋਸ ਮੁਜ਼ਾਹਰਾ

'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ
ਪੁਲਸ ਰੋਕਾਂ ਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ 
ਬਠਿੰਡਾ ਵਿੱਚ ਰੋਸ ਮੁਜ਼ਾਹਰਾ

'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ ਬਠਿੰਡਾ ਦਾਣਾ ਮੰਡੀ ਵਿੱਚ ਹੋਣ ਵਾਲੇ ਸਾਂਝੇ ਇਕੱਠ ਤੇ ਪੁਲਸੀ ਰੋਕਾਂ ਮੜੇ ਹੋਣ ਦੇ ਬਾਵਜੂਦ ਤੇ ਗ੍ਰਿਫਤਾਰੀਆਂ ਦੇ ਬਾਵਜੂਦ ਸ਼ਹਿਰ ਅੰਦਰ ਮਿੱਨੀ ਸਕੱਤਰੇਤ ਨੇੜੇ ਪਾਵਰ ਹਾਊਸ ਰੋਡ ਤੇ ਰੋਸ ਮਾਰਚ ਕੀਤਾ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਹੋਏ 'ਨਿੱਜੀ ਤੇ ਜਨਤਕ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ' ਵਾਪਸ ਲੈਣ ਦੀ ਮੰਗ ਕੀਤੀ ਗਈ। ਪੰਜਾਬ ਭਰ ਵਿੱਚ ਡੀ.ਸੀ ਦਫਡਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਅੱਜ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਦੇਣ ਲਈ ਇਕੱਤਰ ਹੋਣ ਆ ਰਹੇ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਸੈਂਕੜੇ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ  ਤੇ ਔਰਤ ਕਾਰਕੁੰਨਾਂ ਨੂੰ ਬਠਿੰਡਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


 ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਅੱਜ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਸੁਮੀਤ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਸਮੇਤ ਲਗਭਗ ਦੋ ਢਾਈ ਸੌ ਦੇ ਕਰੀਬ ਕਾਰਕੁੰਨ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨਾਂ ਵਿੱਚ 150 ਦੇ ਕਰੀਬ ਸ਼ਹਿਰ ਨੇੜਲੇ ਪਿੰਡ ਭੁੱਚੋ ਖੁਰਦ, 60 ਦੇ ਕਰੀਬ ਬਠਿੰਡਾ ਸ਼ਹਿਰ ਵਿੱਚੋਂ ਤੇ 10 ਦੇ ਕਰੀਬ ਜੱਸੀ ਪੌ ਵਾਲੀ ਕੋਲੋਂ ਗ੍ਰਿਫਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਕਾਰਕੁੰਨਾਂ ਵਿੱਚ 30 ਦੇ ਕਰੀਬ ਔਰਤਾਂ ਵੀ ਸ਼ਾਮਲ ਹਨ। 50 ਦੇ ਕਰੀਬ ਸੰਘਰਸ਼ੀਲ ਕਾਰਕੁੰਨਾਂ ਦੇ ਕਾਫ਼ਲੇ ਵੱਲੋਂ ਪਾਵਰ ਹਾਊਸ ਰੋਡ 'ਤੇ ਰੋਸ ਮਾਰਚ ਕਰਦੇ ਹੋਏ ਡੀ.ਸੀ. ਦਫ਼ਤਰ ਵੱਲ ਵਧਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ।


ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਦੇ ਅਨੁਸਾਰ ਅੱਜ ਸਮੁੱਚੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਬਠਿੰਡਾ ਦਾਣਾ ਮੰਡੀ ਵਿੱਚ ਇਕੱਠੇ ਹੋਣਾ ਸੀ। ਇੱਥੇ ਕਾਨਫਰੰਸ ਕਰਨ ਤੋਂ ਬਾਅਦ ਦਾਣਾ ਮੰਡੀ ਤੋਂ ਚੱਲ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਸੌਂਪਣਾ ਸੀ। ਪਰ ਸੰਘਰਸ਼ਾਂ ਪ੍ਰਤੀ ਸਿਰੇ ਦਾ ਜ਼ਾਬਰ ਰਵੱਈਆ ਅਖ਼ਤਿਆਰ ਕਰਕੇ ਬੈਠੀ ਪੰਜਾਬ ਦੀ ਹਕੂਮਤ ਨੂੰ ਇਹ ਗੱਲ ਵੀ ਹਜ਼ਮ ਨਾ ਆਈ ਬਠਿੰਡਾ ਪੁਲਸ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਉਕਸਾਹਟ ਦੇ ਦਾਣਾ ਮੰਡੀ ਨੂੰ ਸਵੇਰੇ ਹੀ ਪੁਲਸ ਛਾਉਣ ਵਿੱਚ ਬਦਲ ਦਿੱਤਾ ਗਿਆ। ਸਵੇਰੇ ਸਵੱਖਤੇ ਪੰਡਾਲ ਵਿੱਚ ਪਹੁੰਚੇ 20 ਦੇ ਕਰੀਬ ਆਗੂਆਂ ਤੇ ਕਾਰਕੁੰਨਾਂ ਨੂੰ ਸ਼ਹਿ ਲਾ ਕੇ ਬੈਠੇ ਕਮਾਂਡੋਆਂ ਨੇ ਗ੍ਰਿਫ਼ਤਾਰ ਕਰ ਲਿਆ। ਇਥੋਂ ਗ੍ਰਿਫਤਾਰ ਹੋਏ ਮੁੱਖ ਆਗੂਆਂ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਮਹੀਪਾਲ, ਜਮਹੂਰੀ ਅਧਿਕਾਰ ਸਭਾ ਦੇ ਪ੍ਰਿਤਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਦਰਸ਼ਨ ਮਾਈਸਰਖਾਨ, ਨੌਜਵਾਨ ਭਾਰਤ ਸਭਾ ਦੇ ਅਮਰਜੀਤ ਭੁੱਚੋ ਖੁਰਦ ਆਦਿ ਸ਼ਾਮਲ ਹਨ।


ਸ਼ਹਿਰ ਵੱਲ ਆ ਰਹੇ ਕਿਸਾਨਾਂ ਮਜ਼ਦੂਰਾਂ ਦੇ 150 ਦੇ ਲਗਭਗ ਕਾਫ਼ਲੇ ਨੂੰ 9 ਕਿ.ਮੀ. ਦੂਰ ਭੁੱਚੋ ਖੁਰਦ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਇਸ ਕਾਫ਼ਲੇ ਵਿੱਚ ਬੀ.ਕੇ.ਯੂ ਉਗਰਾਹਾਂ ਦੀ ਆਗੂ ਪਰਮਜੀਤ ਕੌਰ ਪਿੱਥੋ, ਕਰਮਜੀਤ ਲਹਿਰਾ ਖਾਨਾ, ਹਰਪ੍ਰੀਤ ਕੌਰ ਜੇਠੂਕ ਆਦਿ ਆਗੂ ਸ਼ਾਮਲ ਸਨ। ਏਸੇ ਦੌਰਾਨ ਸ਼ਹਿਰ ਇਕੱਠ ਦਾ ਸਥਾਨ ਬਦਲ ਕੇ ਬਾਕੀ ਬਚੇ ਕਾਰਕੁੰਨ ਪਾਵਰ ਹਾਊਸ ਰੋਡ ਵਿਖੇ ਇਕੱਠੇ ਹੋਏ ਤੇ ਇਹਨਾਂ ਕਾਰਕੁੰਨਾਂ ਨੇ ਨਾਅਰੇ ਮਾਰਦੇ ਹੋਏ ਪਾਵਰ ਹਾਊਸ ਰੋਡ ਤੇ ਰੋਸ ਮਾਰਚ ਕੀਤਾ ਤੇ ਗ੍ਰਿਫ਼ਤਾਰੀਆਂ ਦਿੱਤੀਆਂ। ਇਨਾਂ ਵਿੱਚ ਨੌਜਵਾਨ ਭਾਰਤ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ, ਬਲਕਰਨ ਸਿੰਘ, ਜਸਕਰਨ ਸਿੰਘ ਕੋਟਗੁਰੂ, ਕੁਲਵਿੰਦਰ ਸਿੰਘ ਚੁੱਘਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਾਬੂ ਸਿੰਘ ਜੈ ਸਿੰਘ ਵਾਲਾ, ਕੁਲਵੰਤ ਸਿੰਘ ਰਾਏ ਕੇ ਕਲਾਂ, ਸੁਖਜੀਵਨ ਮਹਿਮਾ ਭਗਵਾਨਾ, ਸੁਖਪ੍ਰੀਤ ਕੌਰ ਮਹਿਮਾ, ਬੇਅੰਤ ਕੌਰ ਸਿਵੀਆਂ ਤੇ ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋ ਮਿੱਠੀ ਆਦਿ ਆਗੂ ਸ਼ਾਮਲ ਹਨ।



ਇੱਕ ਵੱਖਰੀ ਜਾਣਕਾਰੀ ਦਿੰਦੇ ਹੋਏ ਉਨਾਂ ਨੇ ਦੱਸਿਆ ਕਿ ਕੇਂਦਰੀ ਜੇਲ ਬਠਿੰਡਾ ਵਿੱਚ ਕੈਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਾਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੀ.ਆਰ.ਟੀ. ਸੀ. ਵਰਕਰਜ਼ ਯੂਨੀਅਨ (ਆਜ਼ਾਦ) ਪੰਜਾਬ ਦੇ ਕਾਰਕੁਨਾਂ ਨੇ ਵੀ ਕਾਲ਼ੇ ਕਾਨੂੰਨ ਖਿਲਾਫ਼ ਜ਼ੇਲ ਦੇ ਅੰਦਰ ਇਕੱਠ ਕੀਤੇ ਤੇ ਰੋਸ ਮੁਜ਼ਾਹਰਾ ਕੀਤਾ ਤੇ ਸੰਘਰਸ਼ਾਂ ਦੀ ਆਵਾਜ਼ ਦਬਾਉਣ ਵਾਲੀ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਪੰਜਾਬ ਦੀ ਹਕੂਮਤ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਥ ਦੇ ਨਾਮ ਦੇ ਮੋਰਚੇ ਲਾਉਣ ਦੇ ਦਾਅਵੇ ਕਰਨ ਵਾਲੀ ਹਕੂਮਤੀ ਪਾਰਟੀ ਆਮ ਲੋਕਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ ਤੇ ਮੰਗ ਪੱਤਰ ਫੜਨ ਦੀ ਬਜਾਏ ਸੰਘਰਸ਼ਸ਼ੀਲ ਲੋਕਾਂ ਨੂੰ ਚੁੱਕ ਕੇ ਜੇਲਾਂ ਥਾਣਿਆਂ ਵਿੱਚ ਸੁੱਟ ਰਹੀ ਹੈ। ਅਜ ਦੇ ਵਿਹਾਰ ਨੇ ਅਕਾਲੀ ਹਕੂਮਤ ਦਾ ਗੈਰ-ਜਮਹੂਰੀ ਤੇ ਧੱਕੜ ਰਵੱਈਆ ਇੱਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਪਰ ਉਨਾਂ ਕਿਹਾ ਕਿ ਹਕੂਮਤੀ ਫਤੂਰ ਵਿੱਚ ਨਸ਼ਿਆਈ ਬਾਦਲ ਸਰਕਾਰ ਨੂੰ ਭੁਲੇਖਾ ਹੈ ਕਿ ਲੋਕਾਂ ਦੇ ਸੰਘਰਸ਼ਾਂ ਨੂੰ ਜੇਲਾਂ, ਥਾਣਿਆਂ ਤੇ ਹਕੂਮਤੀ ਜ਼ਬਰ ਦੇ ਸਿਰ 'ਤੇ ਦਬਾ ਕੇ ਉਹ ਆਪਣੀ ਲੁੱਟ ਦਾ ਕੁਹਾੜਾ ਬੇਰੋਕ ਵਾਹ ਸਕਣਗੇ। ਨਾ ਹੀ ਅਜਿਹਾ ਕਰਕੇ ਉਹ ਬਠਿੰਡਾ ਸ਼ਹਿਰ ਅੰਦਰ ਸੰਘਰਸ਼ ਗੂੰਜਾਂ ਉੱਠਣੋਂ ਰੋਕ ਸਕਦੇ ਹਨ। ਉਨਾਂ ਕਿਹਾ ਕਿ ਹਕੂਮਤ ਦਾ ਇਹ ਰਵੱਈਆ ਕਾਲੇ ਕਾਨੂੰਨ ਵਿਰੋਧੀ ਸੰਘਰਸ਼ ਨੂੰ ਹੋਰ ਵੀ ਤੇਜ਼ ਕਰੇਗਾ।

ਵੱਲੋਂ  ਨੌਜਵਾਨ ਭਾਰਤ ਸਭਾ
ਅਸ਼ਵਨੀ ਕੁਮਾਰ (95010-57052)
ਸੁਮੀਤ (9417024641

Wednesday, August 6, 2014

ਕੱਟ ਗਏ,ਝੁਕੇ ਨਹੀਂ ਉਹ ਹਾਂ ਅਸੀਂ, ਉਹ ਹੋਰ ਸੀ ਮਰ ਗਏ ਜੋ ਹੱਥ ਜੋੜਦੇ' ਅੇਵੇਂ ਭੁਲੇਖਾ ਨਾ ਰੱਖੀਂ ਤੂੰ” । ਤੇਰੇ ਜਬਰ ਤੋਂ ਸਾਡਾ ਸਬਰ ਵੱਡਾ ਇਹ ਅਸੀਂ ਸਾਬਤ ਕਰਾਂਗੇ।


ਸਰਕਾਰੀ ਜਬਰ ਦਾ ਮੁਕਾਬਲਾ ਕਰ ਰਹੇ ਲੋਕਾਂ ਦੇ 
ਹਾਕਮਾਂ ਦੇ ਨਾਮ ਅਣਖੀ ਬੋਲ 

  ਮੇਰੀ ਇਹ ਚਿੱਠੀ ਪੰਜਾਬ ਦੇ ਇਸ ਸਮੇ ਦੇ ਹਾਕਮ ਦੇ ਨਾਮ ਹੈ। ਜਿੱਥੇ ਸੰਬੋਧਨ ਕਰਨ ਲਈ ਸ਼ਬਦ ਨਹੀ ਮਿਲੇ। ਕਿੳਂਕਿ ਤੇਰੇ ਕੋੜਮੇ ਦੇ ਫੈਲਾਏ ਅੰਧਕਾਰ ਤੋਂ ਪਤਾ ਨਹੀਂ ਲੱਗਦਾ ਕਿ ਹਾਕਮ ਪ੍ਰਕਾਸ਼ ਸਿੰਘ ਬਾਦਲ ਹੈ, ਸੁਖਬੀਰ ਸਿੰਘ ਬਾਦਲ ਹੈ, ਆਦੇਸ਼ਪ੍ਰਤਾਪ ਕੈਰੋਂ ਜ਼ਾਂ ਬਿਕਰਮ ਮਜੀਠੀਆ । ਮੇਰਾ ਸਵੈ ਮਾਣ ਨਾਲ ਜੀਣ ਵਾਲਾ ਪੰਜਾਬ ਜੋ ਕਿ ਗੁਰਾਂ ਦੇ ਨਾਮ ਨਾਲ ਜਿਉਂਦਾ ਸੀ। ਅੱਜ ਜਦੋਂ ਪੁਲਿਸ ਘਰਾਂ 'ਚ ਛਾਪੇ ਮਾਰਨ ਜਾਂਦੀ ਹੈ ਤਾ ਕੋਈ ਪੁਲਸੀ ਟੋਲਾ ਕਹਿੰਦਾ ਸਾਨੂੰ ਬਿਕਰਮ ਮਜੀਠੀਆ ਕਹਿੰਦਾ ਹੈ ਕਿ ਕਿਸਾਨ ਆਗੂਆਂ ਨੂੰ ਸਾਲ ਭਰ ਲਈ ਜੇਲ ਵਿੱਚ ਬੰਦ ਕਰ ਦਿਉ ਵਰਕਰਾਂ ਖਿੰਡ ਪੁੰਡ ਜਾਣਾ ਤੇ ਜਥੇਬੰਦੀ ਖਤਮ। ਦੂਸਰੇ ਪਿੰਡ ਗਈ ਪੁਲਿਸ ਦੀ ਧਾੜ ਕਹਿੰਦੀ ਹੈ ਕਿ ਸੁਖਬੀਰ ਬਾਦਲ ਦਾ ਹੁਕਮ ਹੈ। ਕੋਈ ਅਫਸਰ ਧਮਕੀ ਦਿੰਦਾ ਹੈ ਕਿ ਆਦੇਸ਼ਪ੍ਰਤਾਪ ਕੈਰੋਂ ਦਾ ਤਰਲਾ ਮਾਰ ਲਵੋ ਸ਼ਾਇਦ ਬਖਸ਼ ਦੇਵੇ। ਅਸੀਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਵਾਰਸ ਤੇਰੇ ਅੱਗੇ ਲੇਲੜੀਆਂ ਨਹੀਂ ਕੱਢਾਂਗੇ। ਲੜਾਂਗੇ ਤੇਰੇ ਹਰ ਜਬਰ ਨੂੰ ਝੱਲਾਂਗੇ। ਜਿਹੜਾ ਭਰਮ ਤੇਰੇ ਮੰਤਰੀਆਂ ਨੂੰ ਕਿ ਵੋਟਾਂ ਲੰਘ ਗਈਆਂ ਹੁਣ ਮੌਕਾ ਜਥੇਬੰਦੀ ਨੂੰ ਸਬਕ ਸਿਖਾਉਣ ਦਾ। ਤੇਰਾ ਸਬਕ ਸਾਡੇ ਸਿਰ ਮੱਥੇ ਤੂੰ ਲਾ ਲਵੀਂ ਆਪਣਾ ਜੋਰ ਤੇ ਅਜਮਾ ਲਈਂ ਸਾਡੇ ਸੰਘਰਸ਼ ਨੂੰ। ਤੇਰੀਆਂ ਮੱਛਰੀਆਂ ਪੁਲਸੀ ਧਾੜਾਂ ਘਰਾਂ 'ਚ ਜਦੋਂ ਜਾਂਦੀਆਂ ਨੇ ਤਾ ਸਾਡੀਆਂ ਬੰਬੀਆਂ ਦੀਆਂ ਤਾਰਾਂ ਸਾੜਦੀਆਂ ਗਰਿੱਪ ਕੱਢ ਕੇ ਭੰਨ ਦਿੰਦੀਆਂ, ਪਨੀਰੀ ਤਾ ਪੱਠੇ ਸਾੜਨ ਦਾ ਹੁਕਮ ਚਾੜਦੀਆਂ ਨੇ। ਸਾਡੇ ਆਗੂ ਪਰਗਟ ਸਿੰਘ ਪ੍ਰਿੰਗੜੀ ਦੇ ਘਰ ਗਏ ਪੁਲਿਸ ਵਾਲੇ ਕਹਿੰਦੇ ਇਹਦੇ ਇਹਨਾਂ ਦੇ ਡੰਗਰਾਂ ਨੂੰ ਪੱਠੇ ਨਹੀਂ ਪਾਉਣੇ, ਕੁੱਤੀ ਨੂੰ ਰੋਟੀ ਨਹੀ ਪਾਉਣੀ।ਪੰਜਾਬ ਦੇ ਹਾਕਮਾ ਤੈਨੂੰ ਤੇ ਸਾਡੀ ਕੁੱਤੀ ਤੋਂ ਵੀ ਡਰ ਆਉਂਦਾ।

ਸਾਡਾ ਮਸਲਾ ਪੱਟੀ ਦੇ ਆੜਤੀਏ ਤੋਂ ਇੱਕ ਕਿਰਤੀ ਦੇ 3,62,000 ਰੁਪਏ ਲੈਣ ਦਾ ਸੀ। ਆੜਤੀਆ ਪੈਸੇ ਮਾਰਕੇ ਬੈਠਾ ਸੀ। ਐੱਸ.ਐੱਸ.ਪੀ. ਤਰਨ-ਤਾਰਨ ਦੇ ਦਰਖਾਸਤ ਦਿੱਤੀ। ਉਸ ਨੇ ਡੀ.ਐੱਸ.ਪੀ. ਪੱਟੀ ਦੀ ਡਿਊਟੀ ਲਾਈ। ਆੜਤੀਆ ਪੈਸੇ ਨਾ ਦੇਣ ਲਈ ਬਜਿੱਦ ਸੀ ਕਹਿੰਦਾ ਮੇਰੀ ਪਿੱਠ ਪਿੱਛੇ ਆਦੇਸ਼ਪ੍ਰਤਾਪ ਲਾਲ ਜੀ ਹਨ। ਡੀ.ਐੱਸ.ਪੀ. ਕਹਿਣ ਲੱਗਾ ਕਣਕ ਲੈ ਜਾਉ ਜਿੰਨੇ ਤੁਹਾਡੇ ਪੈਸੇ ਬਣਦੇ ਨੇ। ਪੁਲਿਸ ਨੇ ਕੋਲ ਖਲੋਕੇ ਕਣਕ ਚਕਵਾਈ। ਦੂਸਰੇ ਦਿਨ ਪਤਾ ਲੱਗਾ ਕਿ ਆੜਤੀਆਂ ਤੇ ਕੈਬਨਿਟ ਮੰਤਰੀ ਦੇ ਇਸ਼ਾਰੇ ਤੇ ਪਰਚੇ ਦਰਜ ਕਰ ਲਏ ਗਏ ਹਨ। ਕਹਿੰਦੇ ਪੁਲਿਸ ਦੀ ਹਾਜਰੀ 'ਚ ਡਾਕਾ ਮਾਰਿਆ 382, 148, 149, 395, IPC  ਅਧੀਨ ਤਿੰਨ ਬੰਦਿਆਂ ਤੇ  ਪਰਚਾ ਦਰਜ ਹੋ ਗਿਆ। ਦੂਸਰੇ ਦਿਨ ਵਾਧਾ ਕਰਕੇ 120 ਬੀ ਲਾਈ ਗਈ।

ਜਿੰਨ੍ਹਾਂ ਪੁਲਿਸ ਵਾਲਿਆਂ ਦੀ ਹਾਜਰੀ 'ਚ ਡਾਕਾ ਵੱਜਾ ਉਹ ਤੇਰੇ ਰਾਜ ਦੀ ਉਮਰ ਕਿੰਨੀ ਲੰਬੀ ਕਰ ਸਕਣਗੇ। ਕਿੰਨੇ ਕੁ ਪੁਲਿਸ ਵਾਲੇ ਭਲਾ ਸਸਪੈਂਡ ਹੋਏ ਜਿੰਨਾਂ ਦੀ ਹਾਜਰੀ 'ਚ ਡਾਕਾ ਵੱਜਾ। ਦੂਜੇ ਦਿਨ ਆਦੇਸ਼ਪ੍ਰਤਾਪ ਕੈਰੋਂ ਦੇ ਹੁਕਮ ਤੇ ਪਿੰਡ ਪ੍ਰਿੰਗੜੀ ਛਾਉਣੀ 'ਚ ਬਦਲ ਦਿੱਤਾ ਗਿਆ। ਸਾਡੇ ਆਗੂ ਪਰਗਟ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਵਿਹੜੇ 'ਚ ਪਈ ਉਸਦੀ ਕਣਕ ਨੂੰ ਸਰਕਾਰੀ ਬੋਰੀਆਂ 'ਚ ਭਰ ਲਿਆ ਗਿਆ।  ਉਸ ਦੇ ਕਣਕ ਦੇ ਡਰੰਮ ਨੂੰ ਵੀ ਖਾਲੀ ਕਰ ਦਿੱਤਾ ਗਿਆ। ਆਟਾ ਪਿਸਾਉਣ ਲਈ ਤੋੜਿਆਂ 'ਚ ਪਾਈ 2 ਤੋੜੇ ਕਣਕ ਪੁਲਿਸ ਨੇ ਮੋਟਰ ਸਾਇਕਲਾਂ ਤੇ ਲੱਦ ਲਈ। ਘਰ ਦੇ ਜਿੰਦਰੇ ਤੋੜ ਕੇ ਘਰ ਦਾ ਕੀਮਤੀ ਸਮਾਨ ਲੁੱਟ ਲਿਆ ਗਿਆ। ਜਥੇਬੰਦੀ ਦੇ ਸਾਊਂਡ ਸਿਸਟਮ ਹਾਰਨ ਸਪੀਕਰ ਸਭ ਲੱਦ ਲਏ ਗਏ। ਪੁਲਿਸ ਦੇ ਅਫਸਰ ਜਿੰਨਾਂ 'ਚ ਐੱਸ.ਐੱਸ.ਪੀ. ਵੀ  ਸ਼ਾਮਿਲ ਸਨ, ਨੇ ਪੱਤਰਕਾਰਾਂ ਨੂੰ ਨੇੜੇ ਵੀ ਨਾ ਫਟਕਣ ਦਿੱਤਾ। ਦੂਸਰੇ ਦਿਨ ਦੇ ਅਖਬਾਰਾਂ 'ਚ ਖਬਰ ਲੱਗੀ ਕਿ ਪੁਲਿਸ ਨੇ ਅੱਤਵਾਦ ਦੇ ਦਿਨਾਂ ਦੀ ਯਾਦ ਤਾਜਾ ਕਰਵਾ ਦਿੱਤੀ। 12 ਵਜੇ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ 4 ਵਜੇ ਪੁਲਿਸ ਘਰ ਨੂੰ ਲੁੱਟ-ਪੁੱਟ ਕੇ ਬੂਹੇ ਖੁੱਲੇ ਛੱਡ ਕੇ ਤੁਰਦੀ ਬਣੀ। ਅਗਲੀ ਰਾਤ ਪੁਲਿਸ ਨੇ ਜਥੇਬੰਦੀ ਦੇ ਆਗੂ ਘਰਾਂ ਤੋਂ ਚੁੱਕ ਲਏ ਗਏ। 18 ਆਗੂ ਅੰਮ੍ਰਿਤਸਰ ਜੇਲ 'ਚ ਬੰਦ ਕਰ ਦਿੱਤੇ ਗਏ, ਜਿਨ੍ਹਾਂ 'ਚ 75 ਸਾਲ ਦੇ ਬਜੁਰਗ ਵੀ ਸ਼ਾਮਿਲ ਸਨ। ਆਗੂਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਘਰਾਂ ਚੋਂ ਚੁੱਕ ਕੇ ਵੱਖ-ਵੱਖ ਥਾਣਿਆਂ 'ਚ ਰੱਖਿਆ ਗਿਆ ਤੇ ਪੁਲਸੀਆਂ ਦੇ ਘਰਾਂ 'ਚ ਰੱਖਿਆ ਗਿਆ, ਧਮਕੀਆਂ ਦਿੱਤੀਆਂ ਗਈਆਂ। ਕਈਆਂ ਨੂੰ 5-7 ਦਿਨਾਂ ਬਾਦ ਛੱਡ ਦਿੱਤਾ ਗਿਆ।

15 ਜੂਨ ਨੂੰ ਅਸੀਂ ਬਾਬਾ ਖੜਕ ਸਿੰਘ ਹਾਲ 'ਚ ਖੁੱਲੀ ਮੀਟਿੰਗ ਰੱਖੀ। ਹਰ ਪਿੰਡ ਤੋਂ 4-5 ਆਗੂ ਜਾ ਰਹੇ ਸਨ। ਸਾਡੇ ਵਾਲੀ ਟਰਾਲੀ 'ਚ 13 ਬੀਬੀਆਂ ਤੇ ਕੁਝ ਬੰਦੇ ਸੀ। ਹਾੜ੍ਹ ਦੀ ਸੰਗਰਾਦ ਦਾ ਦਿਹਾੜਾ ਸੀ। ਸਾਨੂੰ ਝਬਾਲ ਚੌਂਕ ਚੋਂ ਟਰਾਲੀਆਂ-ਟਰੈਕਟਰਾਂ ਸਮੇਤ ਝਬਾਲ ਥਾਣੇ ਬੰਦ ਕਰ ਦਿੱਤਾ। ਹੰਕਾਰੇ ਐੱਸ.ਐੱਸ.ਪੀ. ਨੇ ਗੱਲਬਾਤ ਤੇ ਰਿਹਾ ਕਰਨ ਤੋਂ ਨਾਹ ਕਰ ਦਿੱਤੀ। ਸਾਡੇ ਆਗੂ ਥਾਣੇ ਮਿਲਣ ਆਏ ਤੇ ਕਿਹਾ ਕਿ ਅਸੀਂ ਸੰਗਰਾਂਦ ਵਾਲੇ ਯਾਤਰੀਆਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਤੇ ਸਾਨੂੰ ਕੋਈ ਐਕਸ਼ਨ ਲੈਣ ਲਈ ਮਜਬੂਰ ਨਾ ਕੀਤਾ ਜਾਵੇ। ਪਰ ਪ੍ਰਸ਼ਾਸਨ ਅੜਿਆ ਰਿਹਾ।ਜਦੋਂ ਥਾਣਾ ਘੇਰ ਕੇ ਰਸਤਾ ਬੰਦ ਕੀਤਾ ਤਾਂ ਜਾ ਕੇ ਸਾਨੂੰ ਰਿਹਾ ਕੀਤਾ ਗਿਆ।

ਹਾਜਰ ਪ੍ਰਸ਼ਾਸਨ ਦਾ ਇੱਕ ਹੀ ਜਵਾਬ ਸੀ ਐੱਸ.ਐੱਸ.ਪੀ. ਨੂੰ ਤੁਹਾਡੇ ਤੇ ਗੁੱਸਾ ਬਹੁਤ ਹੈ। ਜਿਵੇਂ ਇੱਥੇ ਐੱਸ.ਐੱਸ.ਪੀ. ਗੁੱਸਾ ਕੱਢਣ ਲਈ ਲਾਇਆ ਹੋਵੇ। ਉਸ ਤੋਂ ਬਾਅਦ ਅਸੀਂ ਰੋਸ ਵਜੋਂ 27 ਜੂਨ ਨੂੰ ਤਰਨ-ਤਾਰਨ ਰੇਲਵੇ ਲਾਈਨ ਤੇ ਧਰਨਾ ਦਿੱਤਾ।ਕੜਕਦੀ ਧੁੱਪ 'ਚ ਜਦੋਂ ਸੜਦੇ ਬੀਬੀਆਂ ਬੱਚੇ ਤੇ ਕਿਸਾਨ ਜਦੋਂ ਸਬਰ ਨਾਲ ਲਾਈਨ ਤੇ ਬੈਠੇ ਰਹੇ ਤਾਂ ਪ੍ਰਸ਼ਾਸਨ ਦੇ ਕੰਨ ਤੇ ਜੂੰ ਸਰਕੀ, ਪੁਲਿਸ ਵਾਲੇ ਨਾਲ ਗੱਡੀਆਂ ਭਰਕੇ ਡਾਗਾਂ ਤੇ ਛਿੱਕੂ ਲੈ ਕੇ ਆੲੈ।ਜਦੋਂ ਦਬਾਅ ਦੀ ਰਾਜਨੀਤੀ ਕੰਮ ਨਾ ਆਈ   ਤਾਂ ਜਾ ਕੇ ਐੱਸ.ਡੀ.ਐੱਮ. ਤੇ ਐੱਸ.ਪੀ.ਡੀ. ਨੇ ਸਾਨੂੰ ਗੱਲਬਾਤ ਲਈ ਸੱਦਿਆ।ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਮੰਗਲਵਾਰ 1 ਜੁਲਾਈ 12 ਵਜੇ ਤੁਹਡੀ ਐੱਸ.ਐੱਸ.ਪੀ. , ਡੀ.ਸੀ. ਨਾਲ ਮੀਟਿੰਗ ਹੈ , ਉਦੋਂ ਤੱਕ ਛਾਪੇਮਾਰੀ  ਬੰਦ ਕੀਤੀ ਜਾਵੇਾਗੀ ਮਾਹੌਲ ਠੀਕ ਕੀਤਾ ਜਾਵੇਗਾ। ਪਰ ਵਾਅਦਾ ਖਿਲਾਫੀ ਕਰਕੇ ਧਰਨੇ ਚੋਂ ਜਾਂਦੇ ਰੇਸ਼ਮ ਸਿੰਘ ਦੁਬਲੀ ਨੂੰ ਚੁੱਕ ਲਿਆ ਗਿਆ।ਅਗਲੇ ਦਿਨ ਜੋਗਿੰਦਰ ਸਿੰਘ ਗੱਟੀ ਨੂੰ ਚੁੱਕ ਲਿਆ ਗਿਆ। 30 ਜੂਨ ਨੂੰ ਰਾਤ ਨੂੰ 8 ਵਜੇ ਜਥੇਬੰਦੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੂੰ ਚੁੱਕ ਲਿਆ ਗਿਆ, ਅਜੇ ਸਾਥੀ ਪੰਨੂੰ ਜਥੇਬੰਦੀ ਦੀ ਮੀਟਿੰਗ ਲਾ ਕੇ  ਕਿਸੇ ਦੂਸਰੇ ਸਾਥੀ ਦੇ ਘਰ ਅੰਮ੍ਰਿਤਸਰ ਨੇੜੇ ਪਿੰਡ ਪਰਤ ਹੀ ਰਹੇ ਸਨ।ਉਹਨਾਂ ਨੂੰ ਵੱਡਾ ਘੇਰਾ ਪਾ ਕੇ ਚੁੱਕ ਲਿਆ ਗਿਆ। ਕਿਸੇ ਪਰਿਵਾਰ ਦੇ ਮੈਂਬਰ ਨੁੰ ਦੱਸਣ ਦੀ ਜਰੂਰਤ ਨਹੀ ਸਮਝੀ। ਅਣਦੱਸੀ ਥਾਂ ਤੇ ਲਿਜਾਇਆ ਗਿਆ, ਰਾਤ ਭਰ ਥਾਣਿਆਂ ਦੀ ਖਾਕ ਛਾਣੀ। ਸਵੇਰੇ ਹਸਪਤਾਲ ਧੱਕੇ ਖਾਧੇ। ਸਾਥੀ ਪੰਨੂੰ ਦਾ ਕੋਈ ਅਤਾ ਪਤਾ  ਨਾ ਲੱਗਾ। 1 ਜੁਲਾਈ ਨੂੰ 2 ਵਜੇ ਪਤਾ ਲੱਗਾ  ਕਿ ਉਹਨਾਂ ਨੁੰ ਫਰੀਦਕੋਟ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ। ਦੂਸਰੇ ਦਿਨ ਮੁਲਾਕਾਤ ਪਾਈ ਤਾਂ ਜਾ ਕੇ ਕੰਵਲਪ੍ਰੀਤ ਨੇ ਦੱਸਿਆ ਕਿਵੇਂ ਪੁਲਿਸ ਨੇ ਸੈਂਕੜਿਆਂ ਦੀ ਗਿਣਤੀ 'ਚ ਰਾਤ ਉਹਨਾਂ ਨੂੰ ਘੇਰਾ ਪਾਈ ਰੱਖਿਆ। ਰਾਤ 2 ਵਜੇ ਪੱਟੀ ਹਸਪਤਾਲ ਲਿਆ ਕੇ ਡਾਕਟਰ ਕੋਲੋਂ ਮਨਮਰਜੀ ਦਾ ਲਿਖਵਾਕੇ ਬਿਨਾਂ ਮੈਡੀਕਲ ਕੀਤੇ ਥਾਣਾ  ਘਰਿੰਡਾ ਲਿਜਾਇਆ ਗਿਆ। ਅਗਲੇ ਦਿਨ ਹਰੀਕੇ ਵਾਲਾ ਪੁਲ ਪੈਰਾ ਮਿਲਟਰੀ ਨੂੰ ਦਿੱਤਾ ਗਿਆ। ਬਾਕੀ ਪੁਲਾਂ ਚੌਂਕਾ ਚ ਭਾਰੀ ਗਿਣਤੀ ਚ ਪੁਲਿਸ ਲਾਈ ਗਈ। ਪੱਟੀ ਏਰੀਏ ਚ ਪੁਲਿਸ    ਦੀਆਂ ਚਾਰ ਗੱਡੀਆਂ ਮਾਰਚ ਕਰਦੀਆਂ ਪਿੰਡਾਂ ਚ ਘੁੰਮਦੀਆਂ ਰਹੀਆਂ।

ਹਾਕਮਾਂ ਤੇਰੇ ਰਾਜ ਵਿੱਚ ਅੰਨਦਾਤੇ ਡਾਕੂ ਹਨ ਤੇ ਤੇਰੇ ਮੰਤਰੀ ਜੋ ਦਿਨ ਦਿਹਾੜੇ ਪੰਜਾਬ ਨੂੰ ਲੁੱਟੀ ਜਾ ਰਹੇ ਹਨ, ਉਹ ਭਲੇਮਾਣਸ ਹਨ।   ਜਿਹੜੇ ਨਸ਼ਿਆਂ ਦੇ ਵਪਾਰੀ ਹਨ, ਜਿੰਨਾਂ ਦੀ ਸਮੈਕ ਪਿੰਡਾਂ ਚ ਵਿਕਦੀ ਹੈ, ਉਹ ਕਦੋਂ ਚਾਹੁਣਗੇ ਇੱਥੇ ਕੋਈ  ਸੰਘਰਸ਼ੀ ਯੋਧੇ ਪੈਦਾ ਹੋਣ। ਕੋਈ ਸਾਡੇ ਕਾਰਨਾਮੇ ਨੰਗੇ ਕਰੇ। ਬੜੀ ਚੁੱਭਦੀ ਤੇਰੀ ਅਫਸਰਸ਼ਾਹੀ ਤੇ ਮੰਤਰੀਆਂ ਨੂੰ ਸਾਡੀ ਨਸ਼ਿਆਂ ਦੇ ਖਿਲਾਫ “ ਕਿਸਾਨੀ ਅਤੇ ਜਵਾਨੀ ਬਚਾਉ ਮੁਹਿੰਮ” । ਸਾਡੀਆਂ ਕਾਨਫਰੰਸਾਂ ਤੇ ਜੇਲ ਭਰੋ ਅੰਦੋਲਨ।

ਤੇਰੇ ਪੁਲਿਸਵਾਲੇ ਸਾਡਾ ਝੋਨਾ ਵਾਹੁਣ ਦੀਆਂ ਧਮਕੀਆਂ ਦੇਂਦੇ ਫਿਰਦੇ ਨੇ, ਤੂੰ ਕਰ ਲੈ ਸਾਡੇ ਬੱਚਿਆਂ ਦੀ ਰੋਟੀ ਤੇ ਰਿਹਾਇਸ਼ ਦਾ ਪ੍ਰਬੰਧ , ਖੋਲ ਦੇ ਜੇਲਾਂ ਦੇ ਬੂਹੇ ਤੇ ਜੇਲਾ ਵੱਡੀਆਂ ਬਣਾ ਲੈ। ਸਾਡੀ ਗਿਣਤੀ ਬੜੀ ਵੱਡੀ, ਅਸੀਂ ਹੋਰ ਮਜਬੂਤੀ ਨਾਲ ਲੜਾਂਗੇ ਤੇਰੇ ਹਥਕੰਡਿਆਂ ਦੇ ਖਿਲਾਫ। ਨਾਲੇ ਹੁਣ ਤੇਰੇ ਕੋਲ ਪੰਨੂੰ ਹੈ ਥਾਂ ਥਾਂ ਸੁੰਘਦੇ ਫਿਰਨ ਦੀ ਲੋੜ ਨਹੀਂ, ਕਰ ਲੈ ਆਪਣੇ ਮਨ ਦੀਆਂ ਰੀਝਾਂ ਪੂਰੀਆਂ। ਫਰੀਦਕੋਟ ਬਹੁਤ ਨੇੜੇ ਹੈ ਤੁੰ ਕਾਲੇਪਾਣੀ ਲੈ ਜਾ। ਤੇਰੇ ਰਾਜ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ ਲੋਕ ਤੇ ਕੀੜੇ ਮਕੌੜੇ ਨੇ। ਜਦੋਂ ਮਰਜੀ ਕੁਚਲ ਦੇਵੀਂ । ਸਾਡਾ ਝੋਨਾ ਲੱਗਣਾ ਰੁਕਾ ਕੇ ਸਾਡੀਆਂ ਮੰਡੀਆਂ 'ਚ ਤੂੰ ਆਪਦਾ ਵੇਚ ਜਾਵੀਂ। ਪਰ ਅਸੀਂ ਆਪਣੀਆਂ ਜਮੀਨਾਂ ਦੀਆਂ ਗਿਰਦਾਵਰੀਆ ਤੇਰੇ ਨਾਮ ਨਹੀਂ ਕਰਨੀਆਂ। ਇਹ ਮਾਲਕੀ ਹੱਕ ਸਾਨੂੰ ਬਾਬਾ ਬੰਦਾ ਸਿੰਘ ਬਹਾਦੁਰ ਨੇ ਬਖਸ਼ੇ ਹਨ। ਤੂੰ ਸਾਡੀ ਸਮੇ ਮਾਰ ਕਰ ਸਕਦਾ ਹਾਕਮ ਜੋ ਹੋਇਆ, ਪਰ ਸਾਡੀ ਅਣਖ ਨਹੀਂ ਮਾਰ ਸਕਦਾ। ਤੂੰ ਸਾਨੂੰ ਕੀ ਮਾਰੇਂਗਾ। ਅਸੀਂ ਜਿਹੜੇ 1947 ਚ ਮਰੇ 1984 ਚ ਮਰੇ , ਦਹਾਕਿਆਂ ਤੱਕ ਮਰਦੇ ਰਹੇ। ਰੋਜ ਸੜਕੀ  ਦੁਰਘਟਨਾਂਵਾਂ  ਚੋਂ ਮਰਦੇ ਹਾਂ। ਰੋਜ ਨਸ਼ਿਆਂ ਸਮੈਕਾਂ ਨਾਲ ਮਰਦੇ ਪੁੱਤਾਂ ਦੀਆਂ ਲਾਸ਼ਾਂ ਢੋਣ ਵਾਲਿਆਂ ਨੂੰ ਤੂੰ ਕੀ ਮਾਰੇਂਗਾ  । ਤੂੰ ਮਹਿੰਗਾਈ ਨਾ ਰੋਕ ਸਕਿਆ , ਨਸ਼ੇ ਨਾ ਰੋਕ ਸਕਿਆ, ਤੂੰ ਹੜ ਨਹੀਂ ਰੋਕ ਸਕਿਆ, , ਤੂੰ ਲੋਕਾਂ ਦੀ ਤਕਦੀਰ ਨਾ ਬਦਲ ਸਕਿਆ, ਤੈਨੂੰ ਦਿਸਦੇ ਨਹੀਂ ਫਸਲਾਂ ਦੇ ਜਾਮ ਹੋਏ ਭਾਅ, ਤੈਨੂੰ ਨਹੀਂ  ਦਿੱਸਦੀ ਟੁੱਟਦੀ ਤੇ ਖੁੱਸਦੀ ਜਵਾਨੀ ਤੇ ਕਿਸਾਨੀ। ਤੈਨੂੰ ਤੇ ਦਿੱਸਦੇ ਕਿਸਾਨ ਹੁਣ ਡਾਕੂ,ਪਰ ਯਾਦ ਰੱਖੀਂ ਤੈਨੂੰ ਸਾਡੀ ਵੋਟ ਪਰਚੀ ਰਾਹੀਂ ਸਾਹ ਆਉਂਦਾ ਹੈ ਤੇ ਵੋਟਾਂ ਬਾਰਾਂ ਸਾਲ ਬਾਦ ਨਹੀਂ ਆਉਂਦੀਆਂ। ਤੂੰ ਨੰਨੀਆਂ ਛਾਵਾਂ ਦੀਆਂ ਮਾਵਾ ਨੂੰ ਕਰਦੇ ਕੈਦ ਤੇ ਕਰਲੇ ਆਪਣੀ ਰੀਝ ਪੂਰੀ।

“ਕੱਟ ਗਏ,ਝੁਕੇ ਨਹੀਂ ਉਹ ਹਾਂ ਅਸੀਂ, ਉਹ ਹੋਰ ਸੀ ਮਰ ਗਏ ਜੋ ਹੱਥ ਜੋੜਦੇ' ਅੇਵੇਂ ਭੁਲੇਖਾ ਨਾ ਰੱਖੀਂ ਤੂੰ” । ਤੇਰੇ ਜਬਰ ਤੋਂ ਸਾਡਾ ਸਬਰ   ਵੱਡਾ ਇਹ ਅਸੀਂ ਸਾਬਤ ਕਰਾਂਗੇ।

ਤੇਰੇ ਭਰਾ ਅਮਰਿੰਦਰ ਸਿੰਘ ਨੇ ਹਕੂਮਤੀ ਸਮੇ 'ਚ ਸਾਡੇ ਤੇ ਬਥੇਰਾ ਜਬਰ ਕੀਤਾ। ਤੇਰੇ ਪੁਲਸੀਏ ਸਾਡੇ ਘਰ-ਘਰ ਹਰਲ ਹਰਲ ਕਰਦੇ ਫਿਰਦੇ, ਉਸ ਹਾਕਮ ਵੀ ਸਾਡੇ ਤੇ ਬੜੇ ਪਰਚੇ ਦਰਜ ਕੀਤੇ। ਇੱਥੋਂ ਤੱਕ ਕਿ ਮੇਰੇ ਤੇ ਵੀ 307 ਦਾ ਪਰਚਾ ਦਰਜ ਕੀਤਾ। ਬਥੇਰਾ ਚਿਰ ਸਾਨੂੰ ਘਰੋਂ ਬੇਘਰ ਰੱਖਿਆ। ਪਰ ਉਹ ਹਾਕਮ ਹਾਰਿਆ ਸੀ। ਸਾਥੀ ਪੰਨੂੰ ਤੇ 14 ਪਰਚੇ ਪਹਿਲਾਂ ਦਰਜ ਹਨ। ਪੰਦਰਵੇਂ ਲਈ ਤੇਰਾ ਬੜਾ ਧੰਨਵਾਦ। ਪੰਨੂੰ ਬਾਰੇ ਲਿਖਦਿਆਂ ਪਰਚਿਆਂ ਬਾਰੇ ਇੱਕ ਕਿਤਾਬ ਅਲੱਗ ਲਿਖਣੀ ਪਊਗੀ। ਤੇਰਾ ਤੇ ਤੇਰੀ ਭੈਣ ਕਾਂਗਰਸ ਦਾ ਉਚੇਚਾ ਜਿਕਰ ਹੋਊ, ਤੁਸੀਂ ਅੋਰੰਗਜੇਬ ਦੇ ਪੈਰੋਕਾਰ। ਮੈਨੂੰ, ਮੇਰੇ ਸਾਥੀ ਪੰਨੂੰ ਤੇ ਸਾਡੀ 14 ਵਰਿਆਂ ਭਰ ਜਵਾਨ ਹੋਈ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਤੇ ਉਸਦੇ ਸੰਘਰਸ਼ੀ ਯੋਧਿਆਂ ਨੂੰ ਕੀ ਹਰਾ ਲਉਗੇ।

ਸਾਡੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਆਪਣੇ ਸਿਰਾਂ ਸਮੇਤ ਪੂਰੇ ਜ਼ਜਬੇ ਤੇ ਅਣਖ ਨਾਲ ਤੇਰੀ ਕਚਿਹਰੀ ਚ ਹਾਜਰ ਹੈ। ਲੜਾਂਗੇ, ਮਰਾਂਗੇ ਤੇ ਲੋਕਾਂ ਵਿੱਚ ਨਾਇਨਸਾਫੀ ਖਿਲਾਫ ਖੜੇ ਹੋਣ ਦੀ ਹਿੰਮਤ ਪੈਦਾ ਕਰਾਂਗੇ। ਜੀਣ ਦੀਆਂ ਸਾਰੀਆਂ ਇੱਛਾਵਾਂ ਨੂੰ ਮਾਰਕੇ ਅਸੀਂ ਤੁਰੇ ਹਾਂ ਸਿਰਾਂ ਤੇ ਕਫਨ ਬੰਨਕੇ। ਤੈਨੂੰ ਖਤ ਤੇਰੇ ਤੋਂ ਕਿਸੇ ਆਸ ਨਾਲ ਨਹੀਂ ਲਿਖਿਆ। ਸਿਰਫ ਆਪਣੇ ਲੋਕਾਂ 'ਚ ਆਪਣੀ ਗੱਲ ਪਹੁੰਚਾਉਣ ਦਾ ਜਰੀਆ ਮਾਤਰ ਹੀ ਹੈ। ਸਲਾਮ ਮੇਰੇ ਆਪਣੇ ਪੰਜਾਬ ਦੇ ਲੜਦੇ ਲੋਕਾ ਨੂੰ। ਆਪਣੇ ਦੇਸ਼ ਅਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਜੋ ਪੂਰੇ ਮੁਲਕਾਂ 'ਚ ਨਾਇਨਸਾਫੀ ਤੇ ਨਾਬਰਾਬਰੀ ਖਿਲਾਫ ਸਾਰੀ ਜਿੰਦਗੀ ਸੰਘਰਸ਼ ਕਰਦੇ ਰਹੇ।
                                                         ਲੜਦੇ ਲੋਕਾਂ ਦੀ ਦਿਲੋਂ ਸ਼ੁੱਭ ਚਿੰਤਕ,
ਜੁਲਾਈ 2014                                   ਰਜਵੰਤ ਕੌਰ ਪੰਨੂੰ,
+91- 8872281343                          ਸਮੂਹ ਕਿਸਾਨ ਸੰਘਰਸ਼ ਕਮੇਟੀ ਮੈਂਬਰ।

ਨੋਟ: ਇਹ ਚਿਠੀ ਕਿਸਾਨ ਸੰਘਰਸ਼ ਕਮੇਟੀ ਵਲੋਂ ਜਾਰੀ ਕੀਤੀ ਗਈ ਹੈ| ਲੋਕਾਂ ਦੇ ਸੰਘਰਸ਼ਾਂ ਦੀ ਸੰਘੀ ਘੁਟਨ ਲਈ ਘੜੇ ਸਰਕਾਰੀ ਅਤੇ ਨਿਜੀ ਜਾਇਦਾਦ ਦਾ ਨੁਕਸਾਨ ਰੋਕਣ ਲਈ ਕਨੂਨ-2014, ਨੂੰ ਲਾਗੂ ਕਰਨ ਲਈ ਬਾਦਲ ਸਰਕਾਰ ਨੇੰ ਬਹਾਨਾ ਨਿਜੀ ਜਾਇਦਾਦ ਦੀ ਰਾਖੀ ਦਾ ਬਣਾਇਆ ਹੈ| ਪਰ ਸਰਕਾਰ ਦਾ ਅਸਲ ਮਕਸਦ ਇਸ ਕਨੂਨ ਰਾਹੀਂ ਵਡੇ ਜਗੀਰਦਾਰਾਂ, ਟਰਾਂਸਪੋਰਟਰਾਂ, ਆੜਤੀਆਂ, ਦੇਸੀ ਅਤੇ ਵਿਦੇਸ਼ੀ ਵਡੇ ਸਰਮਾਇਦਾਰਾਂ, ਅਤੇ ਬਹੁ ਰਾਸ਼ਟਰੀ ਕੰਪਨੀਆਂ ਦੀਆਂ ਜਾਇਦਾਦਾਂ ਨੂੰ ਲੋਕ ਰੋਹ ਤੋਂ ਬਚਾਉਣਾ ਹੈ| ਸਧਾਰਨ ਲੋਕਾਂ ਦੀ ਜਾਇਦਾਦ ਦੀ ਰਾਖੀ ਕਰਨਾ ਉਹਨਾਂ ਦੇ ਏਜੰਡੇ ਤੇ ਬਿਲਕੁਲ ਹੀ ਨਹੀਂ| ਇਹ ਗੱਲ ਉਪਰੋਕਤ ਸੰਘਰਸ਼ ਦੇ ਤਜ਼ਰਬੇ ਚੋਂ ਬਿਲਕੁਲ ਸਾਫ਼ ਹੋ ਜਾਂਦੀ ਹੈ| ਲੋਕ ਮੋਰਚਾ ਪੰਜਾਬ ਜਿਥੇ ਸਰਕਾਰ ਵਲੋਂ  ਕਿਸਾਨਾਂ ਤੇ ਕੀਤੇ ਜਾ ਰਹੇ ਇਸ ਜਬਰ ਤਸ਼ਦਦ ਦਾ ਪੁਰ ਜੋਰ ਵਿਰੋਧ ਕਰਦਾ ਹੈ ਉਥੇ ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਸ ਜਬਰ ਤਸ਼ਦਦ ਦਾ ਡਟਵਾਂ ਵਿਰੋਧ ਕਰਨ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹਕ ਵਿਚ ਨਿਤਰਣ ਦਾ ਸਦਾ ਦਿੰਦਾ ਹੈ |

Saturday, July 13, 2013

ਬਹਿਣੀਵਾਲ 'ਚ ਹੋਇਆ ਕਥਿਤ ਪੁਲਸ ਮੁਕਾਬਲਾ : ਫਰਜ਼ੀ ਮੁਕਾਬਲਿਆਂ ਦੇ ਨਾਂ ਹੇਠ ਕਤਲਾਂ ਦੀ ਲੜੀ ਦਾ ਹਿੱਸਾ

ਜਮਹੂਰੀ ਅਧਿਕਾਰ ਸਭਾ, ਪੰਜਾਬ ਦੀ ਰਿਪੋਰਟ


ਬਹਿਣੀਵਾਲ ਦੀ ਜੂਹ 'ਚ ਹੋਇਆ ਕਥਿਤ ਪੁਲਸ ਮੁਕਾਬਲਾ :

ਫਰਜ਼ੀ ਮੁਕਾਬਲਿਆਂ ਦੇ ਨਾਂ ਹੇਠ ਕਤਲਾਂ ਦੀ ਲੜੀ ਦਾ ਹਿੱਸਾ


           ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ, ਪ੍ਰਸਿੱਧ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਨੇ ਬਹਿਣੀਵਾਲ ਦੀ ਜੂਹ 'ਚ ਹੋਏ ਕਥਿਤ ਪੁਲਸ ਮੁਕਾਬਲੇ ਨੂੰ ਫਰਜ਼ੀ ਮੁਕਾਬਲਿਆਂ ਦੇ ਨਾਂ ਹੇਠ ਕਤਲਾਂ ਦੀ ਲੜੀ ਕਰਾਰ ਦਿੱਤਾ ਹੈ।ਉਹਨਾਂ ਨੇ ਇਹ ਗੱਲ 26-27 ਅਪ੍ਰੈਲ 2013 ਦੀ ਵਿਚਕਾਰਲੀ ਰਾਤ ਨੂੰ ਰਚਾਏ ਗਏ ਇਸ ਕਥਿਤ ਪੁਲਸ ਮੁਕਾਬਲੇ ਦੀ ਪੜਤਾਲ ਸਬੰਧੀ ਉਹਨਾਂ ਦੀ ਅਗਵਾਈ ਵਿੱਚ ਨਰਭਿੰਦਰ (ਸੂਬਾ ਜਥੇਬੰਧਕ ਸਕੱਤਰ), ਸੇਵਾ-ਮੁਕਤ ਬੈਂਕ ਮੈਨੇਜਰ ਪ੍ਰਿਤਪਾਲ ਸਿੰਘ (ਸੂਬਾ ਪ੍ਰਕਾਸ਼ਨ ਸਕੱਤਰ), ਐਡਵੋਕੇਟ ਐਨ ਕੇ ਜੀਤ (ਸੂਬਾ ਕਮੇਟੀ ਮੈਂਬਰ), ਐਡਵੋਕੇਟ ਬਲਕਰਨ ਬੱਲੀ ਅਤੇ ਕਾਮਰੇਡ ਜਸਪਾਲ ਖੋਖਰ (ਕਮੇਟੀ ਮੈਂਬਰ) ਆਦਿ ਮੈਂਬਰਾਂ ਦੀ ਇਕ ਤੱਥ ਖੋਜ ਕਮੇਟੀ ਵੱਲੋਂ ਤਿਆਰ ਕੀਤੀ ਪੜਤਾਲੀਆ ਰਿਪੋਰਟ ਜਾਰੀ ਕਰਦਿਆਂ ਕਹੀ ।ਟੀਮ ਨੇ 25 ਅਪ੍ਰੈਲ ਨੂੰ ਤਿੰਨਾਂ ਦੋਸ਼ੀਆਂ - ਨਾਹਰ ਸਿੰਘ, ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵੱਲੋਂ - ਦੋ ਕਾਰਬਾਈਨਾਂ ਅਤੇ ਇਕ ਐੱਸ.ਐੱਲ.ਆਰ. ਨਾਲ ਲੈਸ 6 ਵਿਅਕਤੀਆਂ ਦੀ ਪੁਲਸ ਪਾਰਟੀ ਦੀ ਹਿਰਾਸਤ ਵਿਚੋਂ ਇਕ ਪੁਲਸ ਕਰਮਚਾਰੀ ਨੂੰ ਮਾਰ ਕੇ ਅਤੇ ਦੂਜੇ ਨੂੰ ਜ਼ਖ਼ਮੀ ਕਰਕੇ, ਇਕ ਐੱਸ.ਐੱਲ.ਆਰ. ਸਮੇਤ ਭੱਜ ਜਾਣ ਅਤੇ 26-27 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਇਨ੍ਹਾਂ ਵਿਚੋਂ ਦੋ ਮੁਲਜ਼ਮਾਂ - ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ - ਦੇ ਪਿੰਡ ਬਹਿਣੀਵਾਲ ਨੇੜੇ ਕਥਿਤ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਅਤੇ ਤੀਜੇ ਮੁਲਜ਼ਮ ਜਸਵਿੰਦਰ ਸਿੰਘ ਦੇ ਬਚ ਕੇ ਭੱਜ ਜਾਣ ਸਬੰਧੀ ਪੁਲਸ ਕਹਾਣੀ ਜੋ ਇਨ੍ਹਾਂ ਘਟਨਾਵਾਂ ਨਾਲ ਸਬੰਧਤ ਐਫ.ਆਈ.ਆਰਾਂ ਵਿਚ ਦਰਜ਼ ਹੈ, ਨੂੰ ਘਟਨਾਵਾਂ ਨਾਲ ਸਬੰਧਤ ਥਾਵਾਂ ਤੇ ਹਾਜ਼ਰ ਲੋਕਾਂ ਵੱਲੋਂ ਦਿੱਤੀ ਜਾਣਕਾਰੀ, ਮ੍ਰਿਤਕਾਂ ਦੀਆਂ ਪੋਸਟ ਮਾਰਟਮ ਰਿਪੋਰਟਾਂ, ਇਨ੍ਹਾਂ ਰਿਪੋਰਟਾਂ ਤੇ ਮਾਹਰ ਡਾਕਟਰਾਂ, ਫਰੈਂਸਿਕ ਮਾਹਰਾਂ ਅਤੇ ਫ਼ੌਜਦਾਰੀ ਦੇ ਮਾਹਰ ਵਕੀਲਾਂ ਵੱਲੋਂ ਦਿੱਤੀਆਂ ਗਈਆਂ ਰਾਇਆਂ (ਉਪੀਨੀਅਨ), ਕਿਸੇ ਭਗੌੜੇ ਮੁਲਜ਼ਮ ਨੂੰ ਫੜ੍ਹਨ ਲਈ ਤਾਕਤ ਦੀ ਵਰਤੋਂ ਸਬੰਧੀ ਕਾਨੂੰਨੀ ਵਿਵਸਥਾਵਾਂ (ਪਰੋਵਿਜ਼ਨ) ਅਤੇ ਝੂਠੇ ਮੁਕਾਬਲਿਆਂ ਸਬੰਧੀ ਸ਼ਿਕਾਇਤਾਂ ਮਿਲਣ ਤੇ ਯੋਗ ਕਾਰਵਾਈ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀ ਰੋਸ਼ਨੀ 'ਚ ਵਿਚਾਰਿਆ ਗਿਆ ਹੈ। ਇਸ ਸਾਰੀ ਵਿਚਾਰ-ਚਰਚਾ ਉਪਰੰਤ ਸਭਾ ਹੇਠ ਲਿਖੇ ਸਿੱਟਿਆਂ ਉੱਪਰ ਪੁੱਜੀ ਹੈ :-

v                ਮ੍ਰਿਤਕਾਂ ਦੇ ਪਹਿਨੇ ਹੋਏ ਕੱਪੜਿਆਂ ਤੋਂ ਉਹਨਾਂ ਵੱਲੋਂ ਮੋਟਰ ਸਾਈਕਲ ਤੋਂ ਉਤਰਕੇ ਭੱਜਣ ਅਤੇ ਪੁਲਸ ਨਾਲ ਮੁਕਾਬਲਾ ਕਰਨ ਦੀ ਕਹਾਣੀ ਦੀ ਪੁਸ਼ਟੀ ਨਹੀਂ ਹੁੰਦੀ। ਦੋਹਾਂ ਦੇ ਪੈਰਾਂ ਵਿਚ ਚਿੱਟੀਆਂ ਨੀਲੀਆਂ ਚਪਲਾਂ ਪਾਈਆਂ ਹੋਈਆਂ ਸਨ ਜਿਨ੍ਹਾਂ ਨਾਲ ਖੇਤਾਂ ਵਿਚ ਭੱਜਣਾ ਬੇਹੱਦ ਔਖਾ ਹੈ। ਪੇਸ਼ਾਵਰ ਭਗੌੜਿਆਂ ਤੋਂ ਇਸ ਤਰ੍ਹਾਂ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

v                ਮੁਕਾਬਲਾ ਕਰਨ ਵਾਲਾ ਹਮੇਸ਼ਾਂ ਕਿਸੇ ਓਟ ਦਾ ਸਹਾਰਾ ਲਵੇਗਾ, ਖੁੱਲ੍ਹਾ ਖੇਤ ਮੁਕਾਬਲੇ ਦੀ ਜਗਾ ਨਹੀਂ ਹੋ ਸਕਦੀ।

v                ਮੁਕਾਬਲੇ ਵਿਚ ਦੋਨੋ ਮੁਕਾਬਲਾ ਕਰ ਰਹੀਆਂ ਧਿਰਾਂ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ ਹੈ, ਪਰ ਕਿਸੇ ਪੁਲਸ ਵਾਲੇ ਦੇ ਕੋਈ ਝਰੀਟ ਵੀ ਨਹੀਂ ਆਈ।
v                ਦੋਸ਼ੀਆਂ ਦੇ ਸਾਰੀਆਂ ਗੋਲੀਆਂ ਲੱਕ ਤੋਂ ਉਪਰ ਹੀ ਲੱਗੀਆਂ ਹਨ। ਕੋਈ ਵੀ ਗੋਲੀ ਸਰੀਰ ਦੇ ਹੇਠਲੇ ਹਿੱਸੇ ਵਿਚ ਨਹੀਂ ਲੱਗੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੁਲਸ ਦੀ ਮਨਸ਼ਾ ਦੋਸ਼ੀਆਂ ਨੂੰ ਮਾਰਨ ਦੀ ਸੀ ਨਾ ਕਿ ਫੜ੍ਹਨ ਦੀ। ਜੇ ਪੁਲਸ ਵੱਲੋਂ ਪ੍ਰਚਾਰੀ ਜਾ ਰਹੀ ਮੁਕਾਬਲੇ ਦੀ ਕਹਾਣੀ ਸੱਚੀ ਵੀ ਮੰਨ ਲਈਏ ਤਾਂ ਵੀ ਦੋਸ਼ੀ ਕੁਲਵਿੰਦਰ ਸਿੰਘ ਜੋ ਕਿ ਇਕ ਲੱਤ ਤੋਂ ਆਹਰੀ ਸੀ ਅਤੇ ਬਹੁਤਾ ਭੱਜ ਨਹੀਂ ਸਕਦਾ ਸੀ, ਨੂੰ ਜਿਉਂਦਿਆਂ ਫੜ੍ਹਿਆ ਜਾ ਸਕਦਾ ਸੀ।

v                ਦੋਨੋ ਮ੍ਰਿਤਕਾਂ ਦੇ ਸਰੀਰ ਉਪਰ ਲੱਗੀਆਂ ਗੋਲੀਆਂ ਦੀ ਇਕੋ ਦਿਸ਼ਾ ਵੀ ਮੁਕਾਬਲੇ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦੀ ਹੈ। ਭਾਵੇਂ ਉਹਨਾਂ ਦੀਆਂ ਲਾਸ਼ਾਂ ਖੇਤ ਵਿਚ ਤੀਹ ਪੈਂਤੀ ਕਰਮਾਂ ਦੀ ਵਿੱਥ ਉਤੇ ਪਈਆਂ ਸਨ।

v                ਮ੍ਰਿਤਕ ਨਾਹਰ ਸਿੰਘ ਦੇ ਬਾਂਹ ਉਪਰ ਗੋਲੀਆਂ ਦੇ ਜ਼ਖ਼ਮ ਕਿਸੇ ਤਰ੍ਹਾਂ ਵੀ ਮੁਕਾਬਲੇ ਵਿਚ ਲੱਗੀਆਂ ਗੋਲੀਆਂ ਦੇ ਜ਼ਖ਼ਮ ਸਿੱਧ ਨਹੀਂ ਹੁੰਦੇ, ਸਗੋਂ ਸੰਭਾਵਨਾ ਇਹ ਹੈ ਕਿ ਮ੍ਰਿਤਕ ਦੀਆਂ ਬਾਹਾਂ ਕਿਸੇ ਕੱਪੜੇ ਨਾਲ ਸਰੀਰ ਦੇ ਬਰਾਬਰ ਬੰਨ੍ਹੀਆਂ ਗਈਆਂ ਅਤੇ ਨੇੜਿਉਂ ਕੀਤੇ ਫਾਇਰ ਦੀ ਗੋਲੀ ਹੀ ਉਸਦੇ ਸਰੀਰ ਨੂੰ ਪਾਰ ਕਰਕੇ ਫਿਰ ਬਾਂਹ ਦੇ ਵੀ ਪਾਰ ਹੋ ਸਕਦੀ ਹੈ। ਫਾਰੈਂਸਕ ਮਾਹਰਾਂ ਅਨੁਸਾਰ ਦੂਰ ਤੋਂ ਕੀਤੇ ਫਾਇਰ ਦੀ ਗੋਲੀ ਜੇ ਸਰੀਰ ਵਿਚ ਦੀ ਨਿਕਲ ਵੀ ਜਾਂਦੀ ਹੈ, ਤਾਂ ਉਹ ਫਿਰ ਸਰੀਰ ਦੇ ਹੋਰ ਅੰਗ ਨੂੰ ਪਾਰ ਨਹੀਂ ਕਰਦੀ।

v                ਪਿੰਡ ਬਹਿਣੀਵਾਲ ਦੇ ਲੋਕਾਂ ਅਨੁਸਾਰ ਪੁਲਸ ਨੇ ਦੋਸ਼ੀਆਂ ਨੂੰ ਸ਼ਾਮ ਨੂੰ 8.30 ਵਜੇ ਫੜ੍ਹ ਲਿਆ ਸੀ ਅਤੇ ਫਿਰ ਪੁਲਸ ਕੁਝ ਦੇਰ ਬਾਅਦ ਬਾਲਣ ਦੇ ਢੇਰ ਵਿਚੋਂ ਕੁਝ ਕੱਢ ਕੇ ਲੈ ਗਈ ਸੀ। ਕੀ ਫਿਰ ਪੁਲਸ ਹਿਰਾਸਤ ਵਿਚ ਹੀ ਦੋਸ਼ੀਆਂ ਨੇ ਪੁਲਸ ਨਾਲ ਮੁਕਾਬਲਾ ਕੀਤਾ।

v                25 ਅਪ੍ਰੈਲ ਨੂੰ ਦੋਸ਼ੀਆਂ ਦੇ ਪੁਲਸ ਹਿਰਾਸਤ ਵਿਚੋਂ ਭੱਜਣ ਸਮੇਂ ਪੁਲਸ ਕਰਮਚਾਰੀਆਂ ਦਾ ਵਿਹਾਰ ਸ਼ੱਕ ਦੇ ਘੇਰੇ ਵਿਚ ਹੈ, ਕਿਉਂਕਿ ਪੁਲਸ ਪਾਰਟੀ ਦੇ ਛੇ ਮੈਂਬਰ ਸਨ ਅਤੇ ਉਹ ਆਧੁਨਿਕ ਹਥਿਆਰਾਂ ਨਾਲ ਲੈਸ ਸਨ।

ਮੰਗਾਂ ਅਤੇ ਸੁਝਾਅ:-
v                ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਨੂੰ ਕਥਿਤ ਮੁਕਾਬਲੇ ਵਿਚ ਮਾਰ ਕੇ ਅਸਲ ਵਿਚ ਇਨ੍ਹਾਂ ਵਿਅਕਤੀਆਂ ਵੱਲੋਂ ਪੁਲਸ ਹਿਰਾਸਤ ਚੋਂ ਭੱਜਣ ਸਮੇਂ ਐੱਚ.ਸੀ. ਅਵਤਾਰ ਸਿੰਘ ਨੂੰ ਮਾਰ ਦੇਣ ਅਤੇ ਐੱਚ.ਸੀ. ਮਨਦੀਪ ਸਿੰਘ ਨੂੰ ਜ਼ਖ਼ਮੀ ਕਰਨ ਦਾ ਬਦਲਾ ਲਿਆ ਹੈ। ਇਉਂ ਕਰਦਿਆਂ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। ਅਤੇ ਅਦਾਲਤੀ ਹੁਕਮਾਂ ਦੀ ਘੋਰ ਉਲੰਘਣਾ ਕੀਤੀ ਗਈ ਸੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਹ ਕਾਲਾ ਕਾਰਨਾਮਾ ਹੇਠਲੇ ਪੱਧਰ ਦੇ ਪੁਲਸ ਅਧਿਕਾਰੀਆਂ ਨੇ ਨਹੀਂ ਸਗੋਂ ਉਚ ਪੁਲਸ ਅਧਿਕਾਰੀਆਂ ਨੇ ਸਾਜਿਸ਼ ਰਚਕੇ ਵਿਉਂਤਬੱਧ ਢੰਗ ਨਾਲ ਕੀਤਾ ਹੈ। ਇਸ ਦਾ ਮਕਸਦ ਲੋਕਾਂ ਤੇ ਪੁਲਸ (ਸਰਕਾਰੀ ਡੰਡੇ) ਦੀ ਦਬਸ਼ ਕਾਇਮ ਰੱਖਣਾ ਹੈ। ਇਸ ਮਾਮਲੇ 'ਚ ਪੁਲਸ ਦੇ ਸਿਆਸੀ ਪ੍ਰਭੂ ਉਸ ਨਾਲ ਘਿਉ ਖਿਚੜੀ ਹਨ। ਇਸ ਦਾ ਪ੍ਰਗਟਾਵਾ ਲੱਗਭੱਗ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਅਖੌਤੀ ਲੋਕ ਨੁਮਾਇੰਦਿਆਂ ਵੱਲੋਂ ਇਸ ਮਸਲੇ ਤੇ ਧਾਰੀ ਚੁੱਪ ਤੋਂ ਹੁੰਦਾ ਹੈ।

v                ਝੂਠੇ ਪੁਲਸ ਮੁਕਾਬਲੇ ਰਚਾਉਣ ਵੇਲੇ, ਲੋਕਾਂ ਨੂੰ ਭੰਬਲ ਭੂਸੇ ਵਿਚ ਪਾਕੇ ਬੇਹਰਕਤੇ ਕਰਨ ਅਤੇ ਆਪਣੇ ਗ਼ੈਰ ਕਾਨੂੰਨੀ ਤੇ ਅਣਮਨੁੱਖੀ ਵਹਿਸ਼ੀ ਕਾਰੇ ਨੂੰ ਵਾਜਬ ਠਹਿਰਉਣ ਲਈ, ਪੁਲਸ ਅਧਿਕਾਰੀ ਅਕਸਰ ਮ੍ਰਿਤਕ ਤੇ ਖ਼ਤਰਨਾਕ ਮੁਜਰਮ, ਦਹਿਸ਼ਤਗਰਦ ਜਾਂ ਦੇਸ਼ ਧ੍ਰੋਹੀ ਹੋਣ ਦਾ ਠੱਪਾ ਲਾ ਦਿੰਦੀ ਹੈ। (ਇਸ਼ਰਤ ਜਹਾਂ ਫਰਜ਼ੀ ਪੁਲਸ ਮੁਕਾਬਲੇ ਦੀ ਅੱਜਕੱਲ੍ਹ ਉਧੜ ਰਹੀ ਕਹਾਣੀ ਇਸ ਦੀ ਸੱਜਰੀ ਮਿਸਾਲ ਹਨ। ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਖ਼ਤਰਨਾਕ ਮੁਜਰਮ ਆਪਣਾ ਅਸਰ-ਰਸੂਖ਼ ਵਰਤਕੇ ਅਦਾਲਤਾਂ ਵਿਚੋਂ ਬਰੀ ਹੋ ਜਾਂਦੇ ਹਨ, ਇਸ ਲਈ ਉਹਨਾਂ ਨੂੰ ਪੁਲਸ ਮੁਕਾਬਲੇ ਵਿਚ 'ਗੱਡੀ ਚਾੜਿਆ' ਜਾਣਾ ਚਾਹੀਦਾ ਹੈ। ਪਰ ਇਹ ਸਾਰੀਆਂ ਗੱਲਾਂ ਸਿਰੇ ਦੀਆਂ ਗ਼ੈਰ ਜਮਹੂਰੀ, ਗੈਰ ਸੰਵਿਧਾਨਕ ਅਤੇ ਅੰਤਰ ਰਾਸ਼ਟਰੀ ਤੌਰ 'ਤੇ ਪ੍ਰਵਾਨਤ ਮਨੁੱਖੀ ਹੱਕਾਂ ਦੀ ਉਲੰਘਣਾ ਹਨ। ਕਿਸੇ ਵੀ ਅਜਿਹੇ ਮੁਲਕ ਵਿਚ - ਜੋ ਸੰਵਿਧਾਨ ਅਤੇ ਕਾਨੂੰਨ ਉਪਰ ਅਧਾਰਤ ਰਾਜ ਹੋਣ ਦਾ ਦਾਅਵਾ ਕਰਦਾ ਹੈ, ਕਿਸੇ ਪੁਲਸ ਜਾਂ ਰਾਜ ਦੀ ਸ਼ਹਿ ਪ੍ਰਾਪਤ ਸਿਆਸੀ ਟੋਲੇ ਨੂੰ ਉਹਨਾਂ ਦੀਆਂ ਅੱਖਾਂ ਵਿੱਚ ਰੜਕਦੇ ਬੰਦਿਆਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਮਾਰ ਮੁਕਾਉਣ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਲੋਕਾਂ ਨੂੰ ਇਹਨਾਂ ਬੇਥਵੀਆਂ ਦਲੀਲਾਂ ਨੂੰ ਮੁੱਢੋਂ ਸੁੱਢੋਂ ਰੱਦ ਕਰਕੇ ਕਾਨੂੰਨ ਦੇ ਰਾਜ ਉਤੇ ਆਧਾਰਤ ਜਮਹੂਰੀਅਤ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

v                ਇਸ ਸਬੰਧ 'ਚ ਕੁੱਝ ਮਹੀਨੇ ਪਹਿਲਾਂ ਸੁਪਰੀਮ ਕੋਰਟ ਦੇ ਦੋ ਜੱਜਾਂ ਉਤੇ ਆਧਾਰਤ ਬੈਂਚ ਵੱਲੋਂ ''ਰੋਹਤਾਸ ਕੁਮਾਰ ਬਨਾਮ ਹਰਿਆਣਾ ਸਰਕਾਰ ਵਗੈਰਾ ਕੇਸ ਵਿਚ ਕੀਤਾ ਫ਼ੈਸਲਾ ਵਰਨਣ ਯੋਗ ਹੈ। ਇਸ ਕੇਸ ਵਿਚ ਪੁਲਸ ਅਨੁਸਾਰ ਮਹਿੰਦਰਗੜ੍ਹ ਅਤੇ ਰਿਵਾੜੀ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਲੋੜੀਂਦੇ ਮੁਜਰਮ ਸੁਨੀਲ ਨਾਂ ਦੇ ਇਕ ਵਿਅਕਤੀ ਨੂੰ ਨਾਰਨੌਲ ਪੁਲਸ ਨੇ ਇਕ ਮੁਕਾਬਲੇ 'ਚ ਮਾਰ ਦੇਣ ਦਾ ਦਾਅਵਾ ਕੀਤਾ ਸੀ। ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਸੀ ਕਿ ਸੁਨੀਲ ਨੂੰ ਝੂਠੇ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿਚ ਇਸ ਕਥਿਤ ਮੁਕਾਬਲੇ ਨੂੰ ਝੂਠਾ ਕਰਾਰ ਦਿੰਦਿਆਂ ਹਰਿਆਣਾ ਸਰਕਾਰ ਨੂੰ ਮ੍ਰਿਤਕਾਂ ਦੇ ਵਾਰਸਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਕਿ:-
Ø     ਝੂਠੇ ਪੁਲਸ ਮੁਕਾਬਲੇ ਦੀ ਪੜਤਾਲ ਕਰ ਰਹੇ ਅਧਿਕਾਰੀ ਨੂੰ ਮ੍ਰਿਤਕਾਂ ਦੇ ਚਾਲ ਚੱਲਣ ਨੂੰ ਧਿਆਨ ਵਿਚ ਨਹੀਂ ਰੱਖਣਾ ਚਾਹੀਦਾ ਸਗੋਂ ਆਪਣੀ ਪੜਤਾਲ ਕਥਿਤ ਮੁਕਾਬਲੇ ਦੇ ਹਾਲਾਤਾਂ ਉਤੇ ਕੇਂਦਰਤ ਕਰਨੀ ਚਾਹੀਦੀ ਹੈ। ਤਾਂ ਕਿ ਜ਼ਰੂਰੀ ਸਬਕ ਕੱਢੇ ਜਾ ਸਕਣ ਅਤੇ ਘਟਨਾਵਾਂ ਨੂੰ ਮੁੜ ਵਾਪਣ ਤੋਂ ਰੋਕਿਆ ਜਾ ਸਕੇ।
Ø     ਜਿਉਂ ਹੀ ਪੁਲਸ ਖ਼ਿਲਾਫ਼ ਕਤਲ ਦੀ ਸ਼ਿਕਾਇਤ ਮ੍ਰਿਤਕ ਦੇ ਵਾਰਸਾਂ ਵੱਲੋਂ ਕੀਤੀ ਜਾਂਦੀ ਹੈ, ਐੱਫ.ਆਈ.ਆਰ. ਤੁਰੰਤ ਦਰਜ਼ ਕੀਤੀ ਜਾਣੀ ਚਾਹੀਂਦੀ ਹੈ।
Ø     ਪੁਲਸ ਮੁਕਾਬਲੇ ਵਿਚ ਹੋਈ ਮੌਤ ਦੀ ਤਫ਼ਤੀਸ਼ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ।

v                ਪੁਲਸ ਵੱਲੋਂ ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਕਥਿਤ ਮਕਾਬਲੇ 'ਚ ਮਾਰ ਮਕਾਉਣ ਅਤੇ ਜਸਵਿੰਦਰ ਸਿੰਘ ਦੇ ਬਚ ਕੇ ਨਿਕਲ ਜਾਣ ਦੀ ਕਹਾਣੀ ਨਾਲ ਇਨ੍ਹਾਂ ਘਟਨਾਵਾਂ ਸਬੰਧੀ ਥਾਣਾ ਮੌੜ ਅਤੇ ਥਾਣਾ ਜੌੜਕੀਆਂ 'ਚ ਦਰਜ਼ ਐਫ ਆਈ ਆਰ ਤਫਤੀਸ਼ ਬੰਦ ਹੋ ਗਈ ਹੈ। ਇਸ ਨਾਲ ਇਨ੍ਹਾਂ ਦੋਹਾਂ ਵਾਰਦਾਤਾਂ ਦਾ ਸੱਚ ਲੋਕਾਂ ਜਾਂ ਅਦਾਲਤਾਂ ਸਾਹਮਣੇ ਆਉਣ ਦੇ ਦਰਵਾਜ਼ੇ ਬੰਦ ਹੋ ਗਏ ਹਨ। ਇਸ ਲਈ ਇਨ੍ਹਾਂ ਦੋਹਾਂ ਘਟਨਾਵਾਂ ਦੀ ਸ਼ੈਸਨ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ ਤੋਂ ਪੜਤਾਲ ਕਰਵਾਕੇ ਅਗਲੇਰੀ ਕਾਰਵਾਈ ਕੀਤੀ ਜਾਣੀ ਚਾਹੀਂਦੀ ਹੈ।

v                ਮ੍ਰਿਤਕ ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ ਦੇ ਮਾਪਿਆਂ ਵੱਲੋਂ ਅਖੌਤੀ ਪੁਲਸ ਮੁਕਾਬਲੇ ਨੂੰ ਝੂਠਾ ਕਰਾਰ ਦੇਣ ਅਤੇ ਦੋਹਾਂ ਨੂੰ ਫੜ੍ਹ ਕੇ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਉਹਨਾਂ ਨੇ ਜਸਵਿੰਦਰ ਸਿੰਘ ਨੂੰ ਵੀ ਪੁਲਸ ਵੱਲੋਂ ਕਿਧਰੇ ਛੁਪਾਉਣ ਜਾਂ ਮਾਰ ਖਪਾਉਣ ਦਾ ਦੋਸ਼ ਲਗਾਇਆ ਹੈ। ਇਸ ਆਧਾਰ ਉਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਮੁਕੱਦਮਾ ਦਰਜ਼ ਕਰਕੇ, ਇਸ ਦੀ ਪੜਤਾਲ ਕਿਸੇ ਨਿਰਪੱਖ ਏਜੰਸੀ ਤੋਂ ਅਦਾਲਤੀ ਦੇਖ-ਰੇਖ ਹੇਠ ਕਰਵਾਈ ਜਾਣੀ ਚਾਹੀਦੀ ਹੈ।

v                ਜਸਵਿੰਦਰ ਸਿੰਘ, ਜਿਸਨੂੰ ਪੁਲਸ ਨੇ ਭਗੌੜਾ ਦੱਸਿਆ ਹੈ ਨੂੰ ਲੱਭਿਆ ਜਾਵੇ ਅਤੇ ਸਰਕਾਰ ਇਹ ਯਕੀਨੀ ਬਣਾਵੇ ਕਿ ਪੁਲਸ ਗ਼ੈਰ ਕਾਨੂੰਨੀ ਕਾਰੇ (ਝੂਠੇ ਪੁਲਸ ਮੁਕਾਬਲੇ) ਉੱਤੇ ਪੜਦਾ ਪਾਉਣ ਲਈ ਉਸ ਨੂੰ ਖ਼ਤਮ ਨਾ ਕਰ ਸਕੇ। 

ਜਾਰੀ ਕਰਤਾ: ਪ੍ਰੌਫੈਸਰ ਅਜਮੇਰ ਔਲਖ (ਸੂਬਾ ਪ੍ਰਧਾਨ)   ਪ੍ਰੋਫੈਸਰ ਜਗਮੋਹਨ ਸਿੰਘ (ਜਨਰਲ ਸਕਤਰ)
ਮੋਬਾਈਲ 9815575495                   ਮੋਬਾਈਲ 9814001836

ਜਮਹੂਰੀ ਅਧਿਕਾਰ ਸਭਾ, ਪੰਜਾਬ