StatCounter

Showing posts with label Atrocities on Dalits.. Show all posts
Showing posts with label Atrocities on Dalits.. Show all posts

Thursday, January 19, 2017

ਜਲੂਰ ਕਾਂਡ : ਏਕਤਾ, ਚੌਕਸ ਨਿਗਾਹੀ ਅਤੇ ਦ੍ਰਿੜ ਸੰਘਰਸ਼ ਦੀ ਲੋੜ

ਜਲੂਰ ਕਾਂਡ ਦੇ ਦੋਸ਼ੀਆਂ   ਨੂੰ ਬਚਾਉਣ ਲਈ ਪੁਲਸ ਮੁੜ   ਸਰਗਰਮ  
ਜਿੱਤ ਤੱਕ ਪੁੱਜਣ ਲਈ ਏਕਤਾ, ਚੌਕਸ ਨਿਗਾਹੀ ਅਤੇ ਦ੍ਰਿੜ ਸੰਘਰਸ਼ ਦੀ ਲੋੜ            ਨਰਿੰਦਰ ਜੀਤ 
ਜਲੂਰ ਕਾਂਡ ਦਾ ਜ਼ਖਮੀ ਦਲਿਤ 
ਸੰਗਰੂਰ ਵਿਚ ਬੁਧੀਜੀਵੀਆਂ ਵੱਲੋਂ ਪ੍ਰਦਰਸ਼ਨ 
ਸ਼ਹੀਦ ਮਾਤਾ ਗੁਰਦੇਵ ਕੌਰ ਦੇ ਸੰਸਕਾਰ ਸਮੇਂ 

ਜਲੂਰ ਕਾਂਡ ਚ ਬਜ਼ੁਰਗ ਮਾਤਾ ਗੁਰਦੇਵ ਕੌਰ ਨੂੰ ਵਹਿਸ਼ੀ ਢੰਗ ਨਾਲ ਸ਼ਹੀਦ ਕਰਨ, ਦਲਿਤ ਲੜਕੀਆਂ ਅਤੇ ਔਰਤਾਂ ਦੀਆਂ ਇਜ਼ਤਾਂ ਨੂੰ ਹੱਥ ਪਾਉਣ, ਦਲਿਤਾਂ ਦੇ ਘਰ  ਅਤੇ ਸਾਮਾਨ ਭੰਨਣ, ਉਹਨਾਂ ਦੀ ਕੁੱਟ ਮਾਰ ਕਰਨ ਅਤੇ ਜਾਤੀ ਹਿੰਸਾ ਦਾ ਤਾਂਡਵ ਰਚਾਉਣ ਵਾਲੇ ਮੁਖ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਉਣ ਲਈ ਪੁਲਸ ਨੇਂ ਆਵਦੀਆਂ ਸਰਗਰਮੀਆਂ ਹੋਰ ਤੇਜ ਕਰ ਦਿੱਤੀਆਂ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇਂ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਇਸ ਕੇਸ ਦੀ ਮੁੜ ਪੜਤਾਲ ਕਰਨ ਦੀ ਇਜ਼ਾਜ਼ਤ ਮੰਗੀ ਹੈ | ਅਜਿਹਾ ਪੁਲਸ ਨੇਂ ਮੁਖ ਦੋਸ਼ੀ ਮੰਗੂ, ਗੁਰਲਾਲ ਵਗੈਰਾ ਦੀ ਅਰਜ਼ੀ ਤੇ ਕੀਤਾ ਹੈ, ਜਿਸ ਚ ਉਹਨਾਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਤਾਂ ਹਮਲੇ ਦੀ ਮਾਰ ਹੇਠ ਆਏ ਦਲਿਤਾਂ ਨੂੰ ਬਚਾਉਣ ਲਈ ਗਏ ਸਨ| ਅਸਲ ਚ ਪੁਲਸ ਇਹ ਸਾਰਾ ਕੁਝ ਅਕਾਲੀ ਮੰਤਰੀ ਪਰਮਿੰਦਰ ਢੀਂਡਸਾ, ਅਖੌਤੀ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਅਤੇ ਪਿਸ਼ੋਰਾ ਸਿੰਘ ਸਿੱਧੂਪੁਰ ਅਤੇ ਕਾਂਗਰਸੀ ਆਗੂ ਰਾਜਿੰਦਰ ਕੌਰ ਭਠੱਲ, ਦੇ ਹੁਕਮਾਂ ਅਧੀਨ ਕਰ ਰਹੀ ਹੈ | ਪਹਿਲਾਂ ਪੁਲਸ ਨੇਂ ਦੋਸ਼ੀਆਂ ਦਾ ਚਲਾਣ ਮਿਥੀ ਮਿਆਦ ਵਿਚ ਨਾਂ ਪੇਸ਼ ਕਰਕੇ ਉਹਨਾਂ ਨੂੰ ਜ਼ਮਾਨਤ ਕਰਵਾਉਣ ਦਾ ਮੌਕਾ ਦੇਣ ਦੀ ਵਿਉਂਤ ਘੜੀ ਸੀ| ਪਰ ਸੰਘਰਸ਼ ਸ਼ੀਲ ਲੋਕਾਂ ਦੇ ਦਬਾਅ ਥੱਲੇ ਉਹਨਾਂ ਨੂੰ ਇਹ ਸਕੀਮ ਰੱਦ ਕਰਨੀ ਪਈ| ਇਸ ਲਈ ਹੁਣ ਕੇਸ ਦੀ ਮੁੜ ਪੜਤਾਲ ਦਾ ਹਰਬਾ ਵਰਤਿਆ ਜਾ ਰਿਹਾ ਹੈ | ਪੁਲਸ ਅਦਾਲਤ ਦੀ ਥਾਂ ਖੁਦ ਹੀ ਜੱਜ ਬਣ ਕੇ ਮੁਜਰਮਾਂ ਨੂੰ ਬਰੀ ਕਰਨ ਦੀ ਚਾਲ ਚੱਲ ਰਹੀ ਹੈ

ਪੁਲਸ ਆਪਣਾ ਕਾਲਾ ਇਤਿਹਾਸ ਦੁਹਰਾ ਰਹੀ ਹੈ          

ਬਾਦਲਾਂ ਦੇ ਰਾਜ ਚ ਪੁਲਸ ਅਜਿਹਾ ਵਹਿਸ਼ੀ ਵਿਹਾਰ ਅਕਸਰ ਕਰਦੀ ਰਹੀ ਹੈ | ਫਰੀਦਕੋਟ ਵਿਚ ਨਿਸ਼ਾਨ ਸਿੰਘ ਦੇ ਗੁੰਡਾ ਗਰੋਹ ਵੱਲੋਂ ਇੱਕ ਨਾਬਾਲਗ ਲੜਕੀ ਨੂੰ ਸ਼ਰੇ-ਆਮ, ਲੋਕਾਂ ਨੂੰ ਲਲਕਾਰਦੇ ਹੋਏ ਉਸਦੇ ਮਾਪਿਆਂ ਦੇ ਸੱਟਾਂ ਮਾਰ ਕੇ ਘਰੋਂ ਅਗਵਾ ਕਰਨ ਦੇ ਮਾਮਲੇ ਚ, ਓਦੋਂ ਦੇ ਪੁਲਸ ਅਧਿਕਾਰੀਆਂ ਨੇਂ ਨਿਸ਼ਾਨ ਜੁੰਡਲੀ ਨੂੰ ਬਚਾਉਣ ਲਈ ਇਸ ਨੂੰ ਪਿਆਰ ਵਿਆਹ ਦਾ ਮਾਮਲਾ ਦੱਸ ਕੇ ਗੁੰਡਿਆਂ ਨੂੰ ਬੜੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਓਂਕਿ ਉਹ ਸੁਖਬੀਰ ਬਾਦਲ, ਮਜੀਠੀਏ ਅਤੇ ਗੁਰਦੇਵ ਬਾਦਲ ਦੀ ਛਤਰ ਛਾਇਆ ਚ ਪਲ ਰਹੇ ਸਨ |
ਮੁਕਤਸਰ ਜ਼ਿਲੇ ਦੇ ਗੰਧੜ ਪਿੰਡ ਚ, ਇੱਕ ਨਾਬਾਲਗ ਦਲਿਤ ਲੜਕੀ ਨਾਲ ਤਿੰਨ ਗੁੰਡਿਆਂ ਵੱਲੋਂ  ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ਚ ਇੱਕ ਅਕਾਲੀ ਵਿਧਾਇਕ ਅਤੇ ਮੁਖ ਮੰਤਰੀ ਬਾਦਲ ਦੇ ਕਹਿਣ ਤੇ ਪੁਲਸ ਦੇ ਇੱਕ ਉੱਚ ਅਧਿਕਾਰੀ ਨੇਂ ਇਹਨਾਂ ਬਲਾਤਕਾਰੀਆਂ ਨੂੰ ਨਿਰਦੋਸ਼ ਦੱਸਿਆ ਸੀ |
ਬਠਿੰਡਾ ਜ਼ਿਲੇ ਦੇ ਪਿੰਡ ਹਮੀਰਗੜ੍ਹ ਚ ਪਾਖਾਨਿਆਂ ਅਤੇ ਰੂੜੀਆਂ ਲਈ ਜਗਾਹ ਦੀ ਮੰਗ ਕਰ ਰਹੇ ਦਲਿਤਾਂ ਤੇ ਸਮੂਹਿਕ ਰੂਪ ਚ ਹਮਲਾ ਕਰਨ ਵਾਲੇ ਅਕਾਲੀ ਮੰਤਰੀ ਸਿਕੰਦਰ ਮਲੂਕੇ ਦੇ ਪਾਲਤੂ ਗੁੰਡਿਆਂ ਨੂੰ ਬਚਾਉਣ ਲਈ ਅਤੇ ਗੈਰ ਕਾਨੂੰਨੀ ਢੰਗ ਨਾਲ ਦੱਬੀ ਪੰਚਾਇਤੀ ਜ਼ਮੀਨ ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਅਕਾਲੀ ਹਾਕਮਾਂ ਦੇ ਹੁਕਮਾਂ ਤੇ ਪੁਲਸ ਨੇਂ ਦਲਿਤਾਂ ਤੇ ਵਹਿਸ਼ੀ ਜਬਰ ਢਾਉਣ ਤੋਂ ਬਾਅਦ ਉਲਟਾ ਉਹਨਾਂ ਤੇ ਹੀ ਇਰਾਦਾ ਕਤਲ ਵਰਗੇ ਸੰਗੀਨ ਦੋਸ਼ ਲਾਕੇ ਕੇਸ ਮੜ ਦਿੱਤੇ ਸਨ | ਕਿਰਨਜੀਤ ਦੇ ਕਾਤਲਾਂ ਨੂੰ ਵੀ ਸੰਗਰੂਰ ਪੁਲਸ ਨੇਂ ਬਚਾਉਣ ਲਈ  ਪੂਰਾ ਟਿੱਲ ਲਾਇਆ ਸੀ| ਲੁਧਿਆਣੇ ਚ ਸ਼ਹਿਨਾਜ਼ ਨਾਂ ਦੀ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਅਤੇ ਫਿਰ ਉਸ ਨੂੰ ਉਸਦੇ ਘਰ ਵਿਚ ਜਬਰੀ ਦਾਖਿਲ ਹੋ ਕੇ ਜਿੰਦਾ ਸਾੜ ਦੇਣ ਦੇ ਦੋਸ਼ੀਆਂ ਨੂੰ ਵੀ ਪੁਲਸ ਨੇ ਪੂਰੀ ਸੁਰਖਿਆ ਪ੍ਰਦਾਨ ਕੀਤੀ ਸੀ| ਵਿੰਝੂ ਬਲਾਹੜ. ਖੰਨਾਂ  ਚਮਿਆਰਾ, ਭਗਤਾ ਭਾਈ ਕਾ ਅਤੇ  ਅਜਿਹੇ ਹੋਰ ਕਿੰਨੇਂ ਹੀ ਜ਼ਮੀਨੀ ਸੰਘਰਸ਼ਾਂ ਦੇ ਮਾਮਲੇ ਗਿਣਾਏ ਜਾ ਸਕਦੇ ਹਨ, ਜਿਨ੍ਹਾਂ ਚ ਪੁਲਸ ਨੇ ਦਲਿਤ ਅਤੇ ਕਿਸਾਨ ਵਿਰੋਧੀ ਰੋਲ ਅਦਾ ਕੀਤਾ ਹੈ | ਇਹਨਾਂ ਸਾਰੇ ਮਾਮਲਿਆਂ ਚ ਮੁਜਰਮ ਸਿਆਸੀ ਪਹੁੰਚ ਵਾਲੇ ਸਨ, ਹੁਕਮਰਾਨ ਪਾਰਟੀ ਦਾ ਉਹਨਾਂ ਦੇ ਸਿਰ ਤੇ ਪੂਰਾ ਹੱਥ ਸੀ | ਪਰ ਲੋਕਾਂ ਦੀ ਏਕਤਾ ਮੂਹਰੇ ਪੁਲਸ ਨੂੰ ਆਖਿਰ ਗੋਡਿਆਂ ਪਰਨੇ ਹੋਣਾ ਪਿਆ ਹੈ, ਅਤੇ ਪੁਲਸ ਵੱਲੋਂ "ਨਿਰਦੋਸ਼" ਦੱਸੇ ਗੁੰਡੇ ਹੁਣ ਜੇਹਲਾਂ ਚ ਸਜ਼ਾਵਾਂ ਭੁਗਤ ਰਹੇ ਹਨ |

ਜਿੱਤ ਤੱਕ ਪੁੱਜਣ ਲਈ ਏਕਤਾ, ਚੌਕਸ ਨਿਗਾਹੀ ਅਤੇ ਦ੍ਰਿੜ ਸੰਘਰਸ਼ ਦੀ ਲੋੜ  

ਜਲੂਰ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਸ਼ੀਲ ਲੋਕਾਂ ਦੀ ਏਕਤਾ ਅਤੇ ਲਗਾਤਾਰ ਚੌਕਸੀ ਅਤਿਅੰਤ ਜ਼ਰੂਰੀ ਹੈ| ਜ਼ਮੀਨ ਪ੍ਰਾਪਤੀ ਦੀ ਮੰਗ ਤੇ ਲਾਮਬੰਦ ਹੋਏ ਦਲਿਤ ਅਤੇ ਬੇਜ਼ਮੀਨੇ ਲੋਕ ਹਾਕਮਾਂ ਲਈ ਖਤਰੇ ਦੀ ਘੰਟੀ ਹਨ | ਉਹ ਚੰਗੀ ਤਰਾਂ ਜਾਣਦੇ ਹਨ ਕਿ ਅੱਜ ਸ਼ਾਮਲਾਟ ਅਤੇ ਪੰਚਾਇਤੀ ਜ਼ਮੀਨਾਂ ਚੋਂ ਆਪਣਾ ਬਣਦਾ ਕਾਨੂੰਨੀ ਹਿੱਸਾ ਮੰਗ ਰਹੇ ਇਹ ਖੇਤ ਮਜ਼ਦੂਰ ਅਤੇ ਉਹਨਾਂ ਦੀ ਹਿਮਾਇਤ ਤੇ ਆਏ ਬੇਜ਼ਮੀਨੇ, ਥੁੜ -ਜ਼ਮੀਨੇ  ਅਤੇ ਕਰਜ਼ਿਆਂ ਮਾਰੇ ਗਰੀਬ ਕਿਸਾਨ ਜੇ ਸੰਘਰਸ਼ ਦੇ ਜ਼ੋਰ ਆਪਣੀ ਮੰਗ ਮਨਵਾ ਲੈਂਦੇ ਹਨ ਅਤੇ ਉਹਨਾਂ ਦੇ ਇਸ ਸੰਘਰਸ਼ ਨੂੰ ਜਾਤ ਪਾਤੀ ਤੁਅਸੱਬ ਭੜਕਾ ਕੇ ਹਿੰਸਾ ਨਾਲ ਕੁਚਲਣ ਦੀ ਕੋਸ਼ਿਸ਼ ਕਰ ਰਹੇ, ਜਾਤ ਅਹੰਕਾਰ ਗ੍ਰਸਤ ਗੁੰਡਾ ਗਰੋਹਾਂ ਨੂੰ ਹਕੂਮਤੀ ਸ਼ਹਿ ਦੇ ਬਾਵਜੂਦ ਮਾਤ ਪਾ ਦਿੰਦੇ ਹਨ ਤਾਂ ਕੱਲ੍ਹ ਨੂੰ ਲਾਜ਼ਮੀ ਹੀ ਇਹ ਸੰਘਰਸ਼ਸ਼ੀਲ ਲੋਕ ਇਨਕਲਾਬੀ ਜ਼ਮੀਨੀ ਸੁਧਾਰਾਂ, ਰੁਜ਼ਗਾਰ, ਘਰ, ਵਿਦਿਆ, ਸਿਹਤ ਸਹੂਲਤਾਂ ਆਦਿ ਦੀ ਮੰਗ ਕਰਨਗੇ | ਹੁਣ ਤੱਕ ਬੁਰੀ ਤਰਾਂ ਦਬਾਅ ਕੇ ਰੱਖੇ "ਕੰਮੀ ਕਮੀਨ " ਸੱਤਾ ਤੇ ਕਾਬਜ਼ ਹੋਣ ਵੱਲ ਵਧਣਾ ਸ਼ੁਰੂ ਕਰ ਦੇਣਗੇ | ਇਸ ਘੋਲ ਚ ਮੰਗੂ ਅਤੇ ਗੁਰਲਾਲ ਵਰਗੇ ਮਹਿਜ਼ ਵਿਅਕਤੀ ਨਹੀਂ ਸਗੋਂ ਹਾਕਮਾਂ ਦੀ ਲੋਕ ਵਿਰੋਧੀ ਅਤੇ ਜਾਬਰ ਰਾਜ ਮਸ਼ੀਨਰੀ ਦੇ ਅਹਿਮ ਅੰਗ ਹਨ | ਜੋ ਜਾਬਰ ਕੰਮ ਪੁਲਸ, ਕਾਨੂੰਨੀ ਉਲਝਣਾਂ ਚ ਫਸਣ ਅਤੇ ਲੋਕਾਂ ਚ ਬਦਨਾਮ ਹੋਣ ਦੇ ਡਰੋਂ ਖੁਦ ਨਹੀਂ ਕਰ ਸਕਦੀ, ਉਹ ਇਹਨਾਂ ਤੋਂ ਕਰਵਾਉਂਦੀ ਹੈ| ਅਜਿਹੇ ਗੁੰਡੇ ਹੀ ਅੱਗੇ ਵੱਧ ਕੇ ਰਬਵੀਰ ਸੈਨਾ, ਸਲਵਾ ਜੁਦਮ, ਦੰਤੇਸ਼ਵਰੀ ਸੈਨਾ ਆਦਿ ਦਾ ਰੂਪ ਧਾਰਦੇ ਹਨ, ਜਿਨ੍ਹਾਂ ਦਾ ਕੰਮ ਸੰਘਰਸ਼ਸ਼ੀਲ  ਦਲਿਤਾਂ ਅਤੇ ਗਰੀਬ  ਲੋਕਾਂ ਤੇ ਖੂਨੀ  ਹਮਲੇ  ਕਰਨਾ, ਉਹਨਾਂ ਦੇ ਘਰ ਘਾਟ ਸਾੜਨਾ, ਔਰਤਾਂ ਦੀਆਂ ਇਜ਼ਤਾਂ ਲੁੱਟਣਾ ਅਤੇ ਸਮੂਹਿਕ  ਕਤਲ ਕਾਂਡ ਰਚਾਉਣਾ ਹੈ | ਇਸ ਲਈ ਉਹਨਾਂ ਦਾ ਬਚਾਅ ਕਰਨਾ ਹਾਕਮਾਂ ਦੀ ਜਮਾਤੀ ਲੋੜ ਹੈ ਅਤੇ ਇਹਨਾਂ ਤੇ ਪੂਰੇ ਜ਼ੋਰ ਨਾਲ ਸੱਟ  ਮਾਰਨੀ ਦਲਿਤਾਂ ਅਤੇ ਉਹਨਾਂ ਦੇ ਸੰਗੀਆਂ ਲਈ ਬੇਹੱਦ ਜ਼ਰੂਰੀ ਹੈ|
ਇਸ ਦੇ ਨਾਲ ਹੀ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਦਲਿਤਾਂ ਦੀ ਕਿਸਾਨਾਂ ਨਾਲ ਏਕਤਾ ਨੂੰ ਤੋੜਨ ਲਈ ਹਾਕਮਾਂ ਨੇਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਹਨ | ਪਹਿਲਾਂ ਉਹਨਾਂ ਨੇਂ ਮੰਗੂ ਅਤੇ ਗੁਰਲਾਲ ਵਰਗਿਆਂ ਰਾਹੀਂ ਇਸ ਮਾਮਲੇ ਨੂੰ ਦਲਿਤਾਂ ਦੇ ਦੋ ਧੜਿਆਂ ਵਿਚਕਾਰ ਆਪਸੀ ਟਕਰਾਅ ਵਜੋਂ ਪੇਸ਼ ਕੀਤਾ| ਫਿਰ ਇਸ ਨੂੰ ਲੱਖੋਵਾਲ ਅਤੇ ਸਿੱਧੂਪੁਰ ਰਾਹੀ 'ਜੱਟ ਬਨਾਮ ਦਲਿਤ' ਮਸਲੇ ਦੀ ਰੰਗਤ ਦਿੱਤੀ, ਪਰ ਸੂਝਵਾਨ ਲੋਕਾਂ ਨੇਂ ਧੜੱਲੇ ਨਾਲ ਇਹਨਾਂ ਸਾਰੀਆਂ ਕੁਚਾਲਾਂ ਦੀ ਫੂਕ ਕੱਢ ਦਿੱਤੀ |
ਇਹਨਾਂ ਸਾਰੇ ਪੱਖਾਂ ਤੋਂ ਸਾਵਧਾਨ ਰਹਿੰਦਿਆਂ ਸੰਘਰਸ਼ਸ਼ੀਲ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਸ ਸੰਘਰਸ਼ ਨੂੰ ਜਿੱਤ ਤੱਕ ਅੱਗੇ ਲੈ ਕੇ ਜਾਣ ਦੀ ਲੋੜ ਹੈ |                    

Monday, June 16, 2014

ਆਪਣੀਆਂ ਧੀਆਂ ਦੀਆਂ ਅਣਖਾਂ ਤੇ ਇਜ਼ਤਾਂ ਦੀ ਰਾਖੀ ਲਈ ਜੂਝ ਰਹੇ ਬਾਪੂਆਂ ਦੀ ਦਲੇਰੀ ਨੂੰ ਸਲਾਮ

ਬਾਪੂ ਦਿਵਸ ਤੇ ਵਿਸ਼ੇਸ਼

ਆਪਣੀਆਂ ਧੀਆਂ ਦੀਆਂ ਅਣਖਾਂ ਤੇ ਇਜ਼ਤਾਂ ਦੀ ਰਾਖੀ ਲਈ ਜੂਝ ਰਹੇ ਬਾਪੂਆਂ ਦੀ ਦਲੇਰੀ ਨੂੰ ਸਲਾਮ

ਨਰਿੰਦਰ ਜੀਤ 
ਗੰਧੜ ਪਿੰਡ ਦਾ ਗਰੀਬ ਦਲਿਤ ਬਾਪੂ,
ਇਹਨਾਂ ਬਾਪੂਆਂ ਦੇ ਸੰਗਰਾਮੀ ਹਥਾਂ ਨੇਂ ਵਰਤਮਾਨ ਦੀ ਹਿਕ ਤੇ ਜੋ ਸੂਹੇ ਹਰਫ਼ ਲਿਖੇ ਨੇ ਉਹ ਹਮੇਸ਼ਾ ਅਮਿਟ ਰਹਿਣਗੇ|  
ਕਲ੍ਹ ਬਾਪੂ-ਦਿਵਸ ਸੀ| ਜਦੋਂ ਸੁਖਬੀਰ ਬਾਦਲ ਦਾ ਪਿਆਰਾ ਬਾਪੂ ਤੇ ਪੰਜਾਬ ਦਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਲਵੰਡੀ ਸਾਬੋ ਦੇ ਇਲਾਕੇ ਚ ਆਪਨੇ ਪੂਰੇ ਅਮਲੇ ਫੈਲੇ ਨਾਲ ਦਰਬਾਰ ਲਗਾ ਕੇ ਸੰਗਤ ਦਰਸ਼ਨ ਦੇ ਨਾਂ ਹੇਠ ਇਹ ਵਿਧਾਨ ਸਭਾ ਸੀਟ ਜਿਤਣ ਦਾ ਜੁਗਾੜ ਬਣਾਉਣ ਚੜਿਆ ਸੀ, ਤਾਂ ਗੰਧੜ ਪਿੰਡ ਦਾ ਇਕ ਗਰੀਬ ਦਲਿਤ ਬਾਪੂ, ਆਪਣੀ ਲਾਡਲੀ ਧੀ ਨਾਲ ਸਮੂਹਕ ਜਬਰ ਜਿਨਾਹ ਕਰਨ ਵਾਲੇ ਤਿਨ ਗੁੰਡਿਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨ ਲਈ ਬਾਦਲ ਦੇ ਦਰਬਾਰ ਚ ਅਰਜੋਈ ਕਰਨ ਚਲਿਆ ਸੀ| ਉਸ ਦੇ ਨਾਲ ਮਾਲਵੇ ਦੇ ਵਖ ਵਖ ਪਿੰਡਾਂ ਚੋਂ ਆਏ ਹਜ਼ਾਰਾਂ ਹੋਰ ਬਾਪੂ ਸਨ| ਅਕਾਲੀ ਆਗੂਆਂ ਅਤੇ ਇਹਨਾਂ ਦੇ ਪਾਲਤੂ ਪੁਲਸ ਅਫਸਰਾਂ ਦੀ ਛਤਰ ਛਾਇਆ ਹੇਠ ਦਨ ਦਨਾ ਰਹੇ ਇਹਨਾਂ ਗੁੰਡਿਆਂ ਨੂੰ ਸਜਾਵਾਂ ਦੁਆ ਕੇ ਓਹ ਵੀ ਆਪਣੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਮਹਿਫੂਜ਼  ਕਰਨਾ ਚਾਹੁੰਦੇ ਸਨ| ਪਰ ਸੁਖਬੀਰ ਬਾਦਲ ਦੇ ਬੀਬੇ ਤੇ ਪਿਆਰੇ ਬਾਪੂ ਨੂੰ ਇਹਨਾਂ ਹਜ਼ਾਰਾਂ ਬਾਪੂਆਂ ਦੀਆਂ ਸ਼ਕਲਾਂ ਤੋਂ ਸ਼ਾਇਦ ਸਖਤ ਨਫਰਤ ਹੈ| ਉਹਨੂੰ ਲਗਦਾ ਹੈ ਕੇ ਇਹ ਸਾਰੇ ਬਾਪੂ ਉਸਦੇ ਪੁਤ ਦਾ ਅਨੰਤ ਕਾਲ ਤਕ ਪੰਜਾਬ ਤੇ ਰਾਜ ਕਰਨ ਦਾ ਸੁਪਨਾ ਚਕਨਾ-ਚੂਰ  ਕਰਨਾ ਚਾਹੁੰਦੇ ਹਨ, ਕਾਰੂੰ ਦੇ ਖਜਾਨਿਆਂ ਵਾਂਗ ਅਥਾਹ ਧਨ ਦੌਲਤ ਇਕਠੀ ਕਰਨ ਦੀ ਉਸਦੀ ਮਨਸ਼ਾ ਪੂਰੀ ਨਹੀਂ ਹੋਣ  ਦੇਣਾ ਚਾਹੁੰਦੇ| ਇਸੇ ਲਈ ਉਸਨੇ ਮਾਲਵੇ ਦੇ ਵਖ ਵਖ ਪਿੰਡਾਂ ਚੋਂ ਤੁਰੇ ਅਣਖੀ ਬਾਪੂਆਂ ਦੇ ਇਹਨਾਂ ਕਾਫਲਿਆਂ ਨੂੰ ਰਾਹਾਂ ਵਿਚ ਹੀ ਘੇਰਨ ਦੇ ਹੁਕਮ ਆਵਦੀ ਪੁਲਸ ਨੂੰ ਚਾੜ ਦਿਤੇ| 800 ਬਾਪੂ ਫੜ ਕੇ ਥਾਣਿਆਂ ਚ ਤੁਨ ਦਿਤੇ ਗਏ| ਦਮਦਮਾ ਸਾਹਿਬ ਦੀ ਪਵਿਤਰ  ਧਰਤੀ ਤੇ "ਬੀਬੇ ਬਾਪੂ" ਬਾਦਲ ਦੀ ਲਾਡਲੀ ਪੁਲਸ ਦੇ ਦੋ ਅਧਿਕਾਰੀਆਂ - ਜਸਬੀਰ ਸਿੰਘ ਅਤੇ ਗੁਰਮੇਲ ਸਿੰਘ, ਨੇਂ ਹਿਰਾਸਤ ਵਿਚ ਲਈਆਂ 12 ਔਰਤਾਂ ਅਤੇ ਲੜਕੀਆਂ ਨੂੰ "ਚਾੰਭਲੀਆਂ  ਰੰਨਾਂ " ਦਸ ਕੇ ਸਬਕ ਸਿਖਾਉਣ ਦੀਆਂ ਧਮਕੀਆਂ ਦਿਤੀਆਂ| ਸਤਾ ਦੇ ਨਸ਼ੇ ਚ ਚੂਰ ਅਕਾਲੀ-ਭਾਜਪਾ ਸਰਕਾਰ ਲਈ ਹੁਣ ਮਾਈ ਭਾਗੋ ਵਾਂਗੂੰ ਅਣਖ ਖਾਤਿਰ ਲੜਨ ਵਾਲੀਆਂ ਬੀਬੀਆਂ  "ਚਾੰਭਲੀਆਂ  ਰੰਨਾਂ " ਬਣ ਗ਼ਈਆਂ ਹਨ |

ਬਾਪੂ ਦਿਵਸ ਤੇ  ਅਸੀਂ ਗੰਧੜ ਪਿੰਡ ਦੇ ਉਸ ਗਰੀਬ ਦਲਿਤ ਬਾਪੂ ਦੇ ਸਿਦਕ ਨੂੰ ਸਲਾਮ ਕਰਦੇ ਹਾਂ, ਜਿਸ ਨੇਂ ਆਪਣੀ ਧੀ ਦੀ ਇਜ਼ਤ ਦਾ ਸੌਦਾ ਕਰਨ ਤੋਂ ਕੜਕਵੀਂ ਨਾਂਹ ਕੀਤੀ| ਤਿਨਾਂ ਗੁੰਡਿਆਂ ਦੇ ਪਰਿਵਾਰਾਂ ਵਲੋਂ ਦਸ ਦਸ ਲਖ ਰੁਪੇ ਦੇਣ ਦੀ ਪੇਸ਼ਕਸ਼ ਨੂੰ ਪੂਰੀ ਨਫਰਤ ਨਾਲ ਠੁਕਰਾਇਆ | ਪਿੰਡ ਦੇ ਜਿਸ ਸਾਬਕਾ ਸਰਪੰਚ ਨਾਲ ਉਹ ਸੀਰੀ ਸੀ ਉਹਨੇ ਉਸਦੀ ਬਣਦੀ ਮੇਹਨਤ ਦੇ 25000 ਰੁਪੇ ਦੇਣ ਲਈ ਬਲਾਤਕਾਰੀਆਂ ਨਾਲ ਸਮਝੌਤਾ ਕਰਨ ਦੀ ਸ਼ਰਤ ਲਾ ਦਿਤੀ| ਫਾਕੇ ਕਟ ਕੇ ਵੀ ਉਹ ਆਪਣੀ ਧੀ ਦੀ ਅਣਖ ਦੀ ਰਾਖੀ ਲਈ ਡਟਿਆ ਰਿਹਾ| 25 ਮਈ ਤੋਂ ਹੁਣ ਤਕ ਉਹ ਦਰਜਨਾਂ ਵਾਰੀ ਪੁਲਸ ਹਿਰਾਸਤ ਚ ਗਿਆ, ਪੁਲਸ ਦੀਆਂ ਝਿੜਕਾਂ ਤੇ ਗਾਲਾਂ ਸੁਨੀਆਂ, ਪਿੰਡ ਦੇ ਚੌਧਰੀਆਂ ਦੇ ਬੋਲ ਕੁਬੋਲ ਸੁਣੇ, ਪਰ ਇਸ ਸਭ ਕਾਸੇ ਦੇ ਬਾਵਜੂਦ ਆਪਣੇ ਸਿਦਕ ਤੋਂ ਨਹੀਂ ਡੋਲਿਆ. ਧੀ ਦੀ ਇਜ਼ਤ ਤੇ ਆਂਚ ਨਹੀਂ ਆਉਣ ਦਿਤੀ|


ਅਸੀਂ ਸਲਾਮ ਕਰਦੇ ਹਾਂ ਉਹਨਾ ਹਜ਼ਾਰਾਂ ਬਾਪੂਆਂ ਨੂੰ ਤੇ ਮਾਵਾਂ ਨੂੰ ਜਿਹਨਾਂ ਨੇ 25 ਮਈ ਤੋਂ ਲੈ ਕੇ ਹੁਣ ਤਕ ਅਣਖ ਇਜ਼ਤ ਦੇ ਇਸ ਸੰਗ੍ਰਾਮ ਨੂੰ ਮਠਾ ਨਹੀਂ ਪੈਣ ਦਿਤਾ| ਹਉਮੇ ਦੇ ਪੁੱਤਾਂ ਨੇ ਇਨਸਾਫ਼ ਨਹੀਂ ਕਰਨਾ| ਇਨਸਾਫ਼ ਤਾਂ ਲੋਕ ਸੰਘਰਸ਼ਾਂ ਦੇ ਜੋਰ ਤੇ ਹੀ ਹੋਣਾ ਹੈ| ਇਹਨਾਂ ਬਾਪੂਆਂ ਦੇ ਸੰਗਰਾਮੀ ਹਥਾਂ ਨੇਂ ਵਰਤਮਾਨ ਦੀ ਹਿਕ ਤੇ ਜੋ ਸੂਹੇ ਹਰਫ਼ ਲਿਖੇ ਨੇ ਉਹ ਹਮੇਸ਼ਾ ਅਮਿਟ ਰਹਿਣਗੇ|    

Thursday, June 12, 2014

ਸਰਕਾਰ ਤੇ ਪੁਲਸ ਵੱਲੋਂ ਅਗਵਾਕਾਰ ਤੇ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ, ਪੀੜਤ ਜੇਲੀਂ ਡੱਕੇ।

ਗੰਧੜ ਕਾਂਡ :
ਸਰਕਾਰ ਤੇ ਪੁਲਸ ਵੱਲੋਂ ਅਗਵਾਕਾਰ ਤੇ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ, ਪੀੜਤ ਜੇਲੀਂ ਡੱਕੇ
ਜਮਹੂਰੀਅਤ ਦੇ ਦੰਦ ਜੋਕਾਂ ਲਈ ਹੋਰ ਤੇ ਲੋਕਾਂ ਲਈ ਹੋਰ
(ਜਗਮੇਲ ਸਿੰਘ ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ   Mobile: 9417224822)


26 ਮਈ, ਜਦੋਂ ਦਿੱਲੀ ਵਿਚ, ਨਵੇਂ ਬਣੇ ਪ੍ਰਧਾਨ ਮੰਤਰੀ ਦੇ ਸਹੁੰਚੁੱਕ ਸਮਾਗਮ 'ਤੇ 'ਜਮਹੂਰੀਅਤ' ਦੇ ਨਾਟਕ ਦੇ ਮੰਚਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਐਨ ਉਦੋਂ ਹੀ, ਬਠਿੰਡਾ (ਪੰਜਾਬ) ਵਿਚ, ਪੁਲਸ ਜ਼ੋਨ ਬਠਿੰਡਾ ਦੇ ਪਿੰਡ ਗੰਧੜ (ਮੁਕਤਸਰ) ਦੀ ਮਜਦੂਰ ਬੱਚੀ ਦੇ ਅਗਵਾਕਾਰਾਂ ਤੇ ਬਲਾਤਕਾਰੀਆਂ ਨੂੰ 4 ਮਹੀਨੇ (24 ਜਨਵਰੀ ਤੋਂ 26 ਮਈ) ਬੀਤ ਜਾਣ 'ਤੇ ਵੀ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ ਆਈ.ਜੀ. (ਪੁਲਸ) ਦੇ ਬਠਿੰਡਾ ਦਫਤਰ ਮੂਹਰੇ ਰੋਸ ਧਰਨਾ ਮਾਰਨ ਲਈ ਬਠਿੰਡੇ ਰਹੇ ਮਜਦੂਰਾਂ-ਕਿਸਾਨਾਂ ਨੂੰ ਫੜ ਫੜ ਜੇਲੀ ਡੱਕਿਆ ਜਾ ਰਿਹਾ ਸੀ ਪੀੜਤ ਪਰਿਵਾਰ ਅਤੇ ਮਜਦੂਰ-ਕਿਸਾਨ ਸੰਗਠਨਾਂ ਵੱਲੋਂ ਹਰ ਰੋਜ਼ ਧਰਨੇ ਲਈ ਜਥੇ ਰਹੇ ਹਨ ਤੇ ਸਰਕਾਰ ਗ੍ਰਿਫਤਾਰੀਆਂ ਕਰ ਰਹੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਗ੍ਰਿਫਤਾਰੀ ਦੀ ਮੰਗ ਕਰਨ ਵਾਲੇ ਮਜਦੂਰਾਂ-ਕਿਸਾਨਾਂ ਦੀ ਫੜੋ-ਫੜੀ ਨੇ ਦੁਨੀਆਂ ਦੀ ਸਭ ਤੋ ਵੱਡੀ ਕਹੀ ਜਾਂਦੀ ਜਮਹੂਰੀਅਤ ਨੂੰ ਇਕ ਵਾਰ ਫੇਰ ਝੂਠੀ ਜਮਹੂਰੀਅਤ ਵਜੋਂ ਬੇਪਰਦ ਕਰ ਦਿੱਤਾ ਹੈ ਇਸ ਜਮਹੂਰੀਅਤ ਦੇ ਦੰਦ ਜੋਕਾਂ ਲਈ ਹੋਰ ਤੇ ਲੋਕਾਂ ਲਈ ਹੋਰ ਨੂੰ ਤਸਦੀਕ ਕਰ ਦਿੱਤਾ ਹੈ ਜਿਵੇਂ ਕੇਂਦਰੀ ਵਜਾਰਤ ਵਿਚ ਨਵੇਂ ਬਣੇ 45 ਮੰਤਰੀਆਂ ਵਿਚੋਂ 42 ਪ੍ਰਤੀਸ਼ਤ ਮੰਤਰੀਆਂ ਉਪਰ ਅਪਰਾਧਿਕ ਮਾਮਲੇ ਦਰਜ ਹੋਏ ਹੋਣ 'ਤੇ ਵੀ ਗ੍ਰਿਫਤਾਰ ਨਾ ਕਰਨਾ, ਉਲਟਾ ਸਰਕਾਰੀ ਕੁਰਸੀ, ਮਹਿਕਮਾ ਤੇ ਸੁਰੱਖਿਆ ਦਿੱਤੇ ਜਾਣਾ ਭਾਜਪਾ ਤੇ ਉਸਦੇ ਗਠਜੋੜ ਵੱਲੋਂ ਦਿੱਤੇ ਹਕੂਮਤੀ ਥਾਪੜੇ ਨੂੰ ਪ੍ਰਗਟ ਕਰਦਾ ਹੈ, ਉਵੇਂ ਇਥੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਨਾਲ ਦੋਸ਼ੀਆਂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀ ਹਰੀ ਝੰਡੀ ਨੂੰ ਹੀ ਨੰਗਿਆ ਕਰਦਾ ਹੈ ਪੰਜਾਬ ਅੰਦਰ ਪਹਿਲਾਂ ਵੀ ਅਗਵਾਕਾਰਾਂ ਬਲਾਤਕਾਰੀਆਂ, ਗੁੰਡਾ ਗਰੋਹਾਂ ਨੂੰ ਸ਼ਹਿ ਤੇ ਸਰਪ੍ਰਸਤੀ ਦੇਣ ਕਾਰਨ ਸਰਕਾਰ ਆਪਣੇ ਮੱਥੇ ਕਲੰਕੀ ਟਿੱਕਾ ਲਗਵਾ ਚੁੱਕੀ ਹੋਣ ਦੇ ਬਾਵਜੂਦ ਵੀ ਇਥੇ ਫਿਰ ਉਨ੍ਹਾਂ ਪਾਪਾਂ ਦੀ ਭਾਗੀ ਹੀ ਬਣ ਰਹੀ ਹੈ ਇਥੋਂ ਦੇ ਰਾਜਨੀਤਕ, ਆਰਥਿਕ, ਸਮਾਜਿਕ ਤਾਣੇਬਾਣੇ ਦੇ ਗੈਰ-ਜਮਹੂਰੀ, ਔਰਤ- ਵਿਰੋਧੀ ਤੇ ਗਰੀਬ -ਵਿਰੋਧੀ ਹੋਣ ਦੀ ਲਗਾਤਾਰ ਹੁੰਦੀ ਰਹੀ ਪੁਸ਼ਟੀ ਨੇ ਇਹ ਗੱਲ ਉਭਾਰ ਕੇ ਸਾਹਮਣੇ ਲਿਆਂਦੀ ਹੈ ਕਿ ਆਬਾਦੀ ਦੇ ਵੱਡੇ ਹਿੱਸੇ ਨੂੰ ਅਧਿਕਾਰਾਂ, ਪੁੱਗਤ ਤੇ ਵੁੱਕਤ ਤੋਂ ਵਾਂਝੇ ਕੀਤੇ ਹੋਣ ਪਿਛੇ ਇਥੇ ਜਮੀਨ-ਜਾਇਦਾਦ ਤੇ ਪੂੰਜੀ ਉੱਤੇ ਮੁੱਠੀ ਭਰ ਜੋਕਾਂ ਦਾ ਗਲਬਾ ਹੈ ਜੀਹਦੇ ਜੋਰ 'ਤੇ ਇਥੋਂ ਦਾ ਸਮੁੱਚਾ ਰਾਜ-ਪ੍ਰਬੰਧ ਉਨ੍ਹਾਂ ਦੀ ਮੁੱਠੀ ਵਿਚ ਹੈ ਉਨ੍ਹਾਂ ਨੇ ਹੀ ਇਥੋਂ ਦੇ ਰਾਜਕੀ ਤੇ ਸਮਾਜੀ ਤਾਣੇ-ਬਾਣੇ ਨੂੰ ਗੈਰ- ਜਮਹੂਰੀ ਵਲਾਵੇ ਵਿਚ ਵਲਿਆ ਹੋਇਆ ਹੈ ਏਸੇ ਕਰਕੇ ਇਥੋਂ ਦਾ ਕਨੂੰਨ, ਪੁਲਸ, ਅਦਾਲਤ, ਮਹਿਕਮੇ ਸਭ ਉਨ੍ਹਾਂ ਦੇ ਇਸ਼ਾਰੇ 'ਤੇ ਚਲਦੇ ਹਨ

ਬੱਚੀ ਦੇ ਮਾਪਿਆਂ ਦੀ ਗਰੀਬੀ ਅਤੇ ਗੁੰਡਾ ਟੋਲੇ ਦੀ ਅਮੀਰੀ ਤੇ ਸਿਆਸੀ ਸ਼ਹਿ ਨੇ ਹੀ ਇਹ ਕਹਿਰ ਵਰਤਾਇਆ ਹੈ ਗਰੀਬੀ ਅਤੇ ਗਰੀਬੀ ਕਰਕੇ ਬਣਦੀ ਮੁਥਾਜਗੀ, ਗਰੀਬ ਦੀ ਤਾਕਤ ਕਮਜੋਰ ਕਰਦੀ ਹੈ ਤੇ ਸੁਰੱਖਿਆ ਘਟਾਉਂਦੀ ਹੈ ਇਸਦੇ ਉਲਟ ਅਮੀਰੀ ਤੇ ਸਿਆਸੀ ਸਹਿ ਤਾਕਤ ਵਧਾਉਂਦੀ ਹੈ ਤੇ ਹਮਲਾਵਰ ਬਣਾਉਂਦੀ ਹੈ ਇਸ ਗੁੰਡਾ ਟੋਲੇ ਨੇ ਨਾ ਸਿਰਫ ਇਹ ਅਗਵਾ ਤੇ ਸਮੂਹਿਕ ਬਲਾਤਕਾਰ ਦਾ ਕਹਿਰ ਢਾਹਿਆ ਹੈ, ਇਸਤੋਂ ਵੀ ਅੱਗੇ ਵਧਕੇ ਪੀੜਤ ਪਰਿਵਾਰ ਨੂੰ ਚੁੱਪ ਕਰਵਾਉਣ ਵਾਸਤੇ 'ਸਮਝੌਤੇ' ਲਈ ਦਬਾਅ ਪਾਇਆ ਹੈ?

ਰਾਜ-ਪ੍ਰਬੰਧ ਦਾ ਕੋਈ ਵੀ ਅੰਗ, ਜਦੋਂ ਕੋਈ ਕਦਮ ਚੱਕਦਾ ਹੈ ਜਾਂ ਮੂੰਹੋਂ ਬੋਲਦਾ ਹੈ ਤਾਂ ਉਸਦਾ ਔਰਤ-ਵਿਰੋਧੀ ਤੇ ਗਰੀਬ- ਵਿਰੋਧੀ ਗੈਰ- ਜਮਹੂਰੀ ਵਿਵਹਾਰ ਸਾਹਮਣੇ ਆਏ ਬਿਨਾਂ ਨਹੀਂ ਰਹਿੰਦਾ ਅਨੇਕਾਂ ਸਾਧ੍ - ਬਾਬੇ ਵੀ ਔਰਤ ਵਿਰੋਧੀ ਭੜਾਸ ਕੱਢਦੇ ਰਹਿੰਦੇ ਹਨ

ਇਸ ਮਾਮਲੇ ਵਿਚ ਪੁਲਸ-ਪ੍ਰਸਾਸਨ ਦਾ ਰੋਲ ਕੋਈ ਵੱਖਰਾ ਨਹੀਂ ਹੈ ਪਹਿਲੇ ਹੀ ਦਿਨ, ਪਿੰਡ ਜਾ ਕੇ, ਬੱਚੀ ਨੂੰ ਮਿਲਕੇ, ਬਿਆਨ ਸੁਣ ਕੇ ਵੀ ਥਾਣੇਦਾਰ ਨੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਜਥੇਬੰਦ ਸੰਘਰਸ਼ ਦੇ ਜ਼ੋਰ ਪਰਚਾ ਹੋਇਆ ਪਰ ਬਣਦੀਆਂ ਵਾਜਬ ਧਾਰਾਵਾਂ ਨਾ ਲਾਈਆਂ ਪੰਦਰਾਂ ਦਿਨ ਬਾਦ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਧਰਨੇ ਨਾਲ ਹੋਈ ਚਾਰ ਮਹੀਨੇ ਬੀਤ ਜਾਣ 'ਤੇ ਵੀ ਤੀਜੇ ਦੋਸ਼ੀ ਨੂੰ ਫੜਨ ਲਈ ਪੁਲਸ ਨੇ ਕੁਝ ਨਹੀਂ ਕੀਤਾ ਉਲਟਾ ਲੋਕਾਂ ਵਿਚ ਪੈਦਾ ਹੋਏ ਰੋਸ ਨੂੰ ਕੁਚਲਣ ਲਈ ਤਿੰਨ ਜਿਲਿਆਂ ਦੀ ਪੁਲਸ-ਫੋਰਸ ਤਾਇਨਾਤ ਕਰਕੇ ਦੋਸ਼ੀਆਂ ਦੀ ਪਿੱਠ ਥਾਪੜੀ ਹੈ

ਇਸ ਕੇਸ ਵਿਚ ਸਾਹਮਣੇ ਆਏ ਤੱਥਾਂ ਨੇ ਸਰਕਾਰੀ ਸੇਹਤ ਸੇਵਾਵਾਂ ਦੇ ਪ੍ਰਬੰਧਕਾਂ ਦਾ ਵੀ ਕਰੂਰ ਕਿਰਦਾਰ ਸਾਹਮਣੇ ਲਿਆਂਦਾ ਹੈ ਬੱਚੀ ਨੂੰ ਇਲਾਜ ਲਈ ਦਾਖਲ ਕਰਨ ਤੋਂ ਆਨੀ-ਬਹਾਨੀ ਜਵਾਬ ਦਿੱਤਾ ਗਿਆ ਜਥੇਬੰਦਕ ਦਬਾਅ ਆਸਰੇ ਹੀ ਦਾਖਲਾ ਮਿਲਿਆ ਹੈ ਮੈਡੀਕਲ ਰਿਪੋਰਟ ਦੇਣ ਤੋਂ ਟਾਲਾ ਵੱਟੀ ਰੱਖਿਆ
ਲੋਕਾਂ ਦੇ ਦੁੱਖਾਂ ਦਰਦਾਂ ਦੇ ਦਰਦੀ ਹੋਣ ਅਤੇ 'ਨੰਨੀ ਛਾਂ' ਦੇ ਰਖਵਾਲੇ ਹੋਣ ਦਾ ਖੇਖਣ ਕਰਨ ਵਾਲੀਆਂ ਸਿਆਸੀਪਾਰਟੀਆਂ ਅਤੇ ਸਿਆਸਤਦਾਨਾਂ ਵੱਲੋਂ ਇਨ੍ਹਾਂ ਚੋਣਾਂ ਵਿਚ ਵੀ, ਇਸ ਬੱਚੀ ਨਾਲ ਦਰਦ ਸਾਂਝਾਂ ਨਾ ਕਰਕੇ ਲੋਕਾਂ ਨਾਲ ਦੁਸ਼ਮਣਾਨਾ ਰਿਸ਼ਤਾ ਕਾਇਮ ਰੱਖਿਆ ਹੈ ਅਕਾਲੀ-ਭਾਜਪਾ ਸਰਕਾਰ ਵੱਲੋਂ ਅਗਵਾਕਾਰੀ ਤੇ ਬਲਾਤਕਾਰੀ ਗੁੰਡਾ ਗਰੋਹਾਂ ਦੀ ਪੁਸ਼ਤਪਨਾਹੀ ਕਰਨ ਤੇ ਹੱਲਾਸ਼ੇਰੀ ਦੇਣ ਦੀ ਅਪਨਾਈ ਨੀਤੀ ਨੂੰ ਇਹਨਾਂ ਚੋਣਾਂ ਵਿਚ ਥੂ-ਥੂ ਕਰਵਾ ਕੇ ਵੀ ਜਾਰੀ ਰੱਖਿਆ ਜਾ ਰਿਹਾ ਹੈ, ਉਥੇ, ਸਭ ਹਾਕਮ ਪਾਰਟੀਆਂ ਵੀ ਗੁੰਡਾ ਗਰੋਹਾਂ ਨੂੰ ਪਾਲਣ ਪੋਸ਼ਣ ਵਿਚ ਪਿੱਛੇ ਨਹੀਂ ਹਨ ਰਾਜ ਅਤੇ ਸਰਕਾਰ ਬਣਾਉਣ ਤੇ ਚਲਾਉਣ ਅਤੇ ਸਾਮਰਾਜੀ ਨੀਤੀਆਂ ਰਾਹੀੱ ਵਿੱਢੇ ਆਰਥਿਕ ਹੱਲੇ ਨੂੰ ਲੋਕਾਂ ਸਿਰ ਮੜਨ ਲਈ ਪੁਲਸ ਫੌਜ ਦੀ ਜਾਬਰ ਤਾਕਤ ਦੇ ਨਾਲ ਇਨਾਂ ਨੇ ਗੁੰਡਾ੍-ਗਰੋਹਾਂ ਦੀ ਤਾਕਤ ਉਤੇ ਟੇਕ ਵਧਾਈ ਹੋਈ ਹੈ


ਇਸ ਕੇਸ ਵਿਚ ਬੱਚੀ ਦੀ ਨਾ ਸੁਣਨ, ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਵਾਲਿਆਂ ਨੂੰ ਜੇਲ੍ਹੀਂ ਡੱਕਣ ਦਾ ਸਰਕਾਰ ਤੇ ਪੁਲਸ ਵੱਲੋਂ ਅਖਤਿਆਰ ਕੀਤੇ ਜਾਬਰ ਰਵੱਈਏ, ਜਿਥੇ ਪੀੜਤ ਬੱਚੀ ਤੇ ਪ੍ਰੀਵਾਰ ਅਤੇ ਸੰਘਰਸ਼ ਕਰ ਰਹੀਆਂ ਮਜਦੂਰ-ਕਿਸਾਨ ਜਥੇਬੰਦੀਆਂ, ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਤੇ ਸਜਾ ਦਿਵਾਉਣ ਅਤੇ ਬੋਲਣ ਤੇ ਰੋਸ ਪ੍ਰਗਟਾਉਣ ਦੇ ਹੱਕ ਨੂੰ ਬੁਲੰਦ ਕਰਨ ਲਈ ਇਸ ਸੰਘਰਸ਼ ਨੂੰ ਜਾਰੀ ਰੱਖ ਰਹੀਆਂ ਹਨ ਇਨ੍ਹਾਂ ਨੂੰ ਹੋਰ ਲੋਕ ਹਿੱਸਿਆਂ ਨੂੰ ਖਾਸ ਕਰਕੇ ਜਥੇਬੰਦ ਤੇ ਸੰਘਰਸ਼ਸ਼ੀਲ ਹਿੱਸਿਆਂ ਨੂੰ ਇਸ ਕੇਸ ਅਤੇ ਸਰਗਰਮੀ ਨਾਲ ਜੋੜਨ ਲਈ ਯਤਨ ਕਰਨੇ ਚਾਹੀਦੇ ਹਨ ਉਥੇ ਹੋਰ ਸਭਨਾਂ ਸੰਘਰਸ਼ਸ਼ੀਲ ਜਥੇਬੰਦੀਆਂ, ਇਨਸਾਫ-ਪਸੰਦ ਤੇ ਜਮਹੂਰੀਅਤ ਪਸੰਦ ਸੰਗਠਨਾਂ ਤੇ ਸ਼ਕਤੀਆਂ, ਧੀਆਂ-ਭੈਣਾਂ ਦੀਆਂ ਇੱਜਤਾਂ ਦੇ ਸਾਂਝੀਵਾਲ ਅਤੇ ਗੁੰਡਾਗਰਦੀ ਨੂੰ ਨੱਥ ਪਾਉਣਾ ਚਾਹੁੰਦੇ ਸਭ ਲੋਕਹਿੱਸਿਆਂ ਨੂੰ ਇਸ ਪੀੜਤ ਬੱਚੀ ਤੇ ਪਰਿਵਾਰ ਅਤੇ ਸੰਘਰਸ਼ ਦੇ ਹੱਕ ਵਿਚ ਅਤੇ ਦਿਨੋ-ਦਿਨ ਵੱਧ ਰਹੇ ਇਸ ਗੁੰਡਾ ਰੁਝਾਨ ਤੇ ਇਸਦੀ ਪੁਸ਼ਤ-ਪਨਾਹੀ ਕਰ ਰਹੀ ਹਕੂਮਤ ਦੇ ਹੱਥ ਨੂੰ ਰੋਕਣ ਲਈ ਆਪੋ ਆਪਣੇ ਵਿੱਤ-ਸਮਰੱਥਾ ਅਨੁਸਾਰ ਹਿੱਸਾ ਪਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਹੋਰ ਬਹੁਤ ਸਾਰੀਆਂ ਮਿਸਾਲਾਂ ਦੇ ਨਾਲ ਨਾਲ ਇਸ ਕੇਸ ਦੇ ਰਜਿਸਟਰ ਹੋਣ, ਬੱਚੀ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਅਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਵਿਚ ਕਾਮਯਾਬ ਰਹੇ ਜਥੇਬੰਦ ਸੰਘਰਸ਼ ਨੂੰ ਉਚਿਆਣ ਦੀ ਅਤੇ ਅੱਜ ਵਾਂਗ ਜਾਰੀ ਰੱਖਣ ਦੀ ਲੋੜ ਹੈ ਇਹ ਲੜਾਈ ਆਪਾ-ਸੁਰੱਖਿਆ ਅਤੇ ਆਪਾ-ਪੁਗਾਈ ਦੀ ਲੜਾਈ ਹੈ ਰਾਜ ਤੇ ਸਮਾਜ ਦੇ ਜਮਹੂਰੀਕਰਨ ਦੀ ਲੜਾਈ ਦਾ ਹਿੱਸਾ ਹੈ ਜਿਹੜੀ ਇਉਂ ਕਦਮਬਕਦਮ ਅੱਗੇ ਵਧਦੀ ਹੋਈ ਸੱਚੀ ਜਮਹੂਰੀਅਤ ਸਿਰਜਣ ਵਿਚ ਹਿੱਸਾਪਾਈ ਕਰੇਗੀ  (30 ਮਈ 2014)