StatCounter

Showing posts with label Central Budget. Show all posts
Showing posts with label Central Budget. Show all posts

Monday, July 8, 2019

ਕੇਂਦਰੀ ਬੱਜ਼ਟ ਦੇਸੀ-ਬਦੇਸ਼ੀ ਧਨਾਢਾਂ ਦੀ ਨੰਗੀ-ਚਿੱਟੀ ਸੇਵਾ ਤੇ ਲੋਕਾਂ ਨਾਲ ਧੋਖਾ

ਕੇਂਦਰੀ ਬੱਜ਼ਟ 2019-20 :
ਦੇਸੀ-ਬਦੇਸ਼ੀ ਧਨਾਢਾਂ ਨੂੰ ਲੁੱਟ ਦੀਆਂ ਖੁੱਲਾਂ !


ਭਾਜਪਾ ਦੀ ਕੇਂਦਰੀ ਹਕੂਮਤ ਵੱਲੋਂ ਸਾਲ 2019-20 ਦਾ ਪੇਸ਼ ਕੀਤਾ ਕੇਂਦਰੀ ਬੱਜ਼ਟ ਦੇਸੀ-ਬਦੇਸ਼ੀ ਧਨਾਢਾਂ ਦੀ ਨੰਗੀ-ਚਿੱਟੀ ਸੇਵਾ ਤੇ ਲੋਕਾਂ ਨਾਲ ਧੋਖਾ ਹੈ। ਇਸ ਸੇਵਾ ਤੇ ਧੋਖੇ ਦੀ ਖੇਡ ਵਿਚ ਤਨੋਂ ਮਨੋਂ ਜੁਟੀਆਂ ਪਹਿਲੀਆਂ ਕੇਂਦਰੀ ਤੇ ਸੂਬਾਈ ਹਕੂਮਤਾਂ ਦੀ ਤਰ੍ਹਾਂ ਹੁਣ ਭਾਜਪਾ ਦੀ ਕੇਂਦਰੀ ਹਕੂਮਤ ਨੇ ਵੀ ਇਸ ਵਾਰ ਦੇ ਬੱਜ਼ਟ ਰਾਹੀਂ ਇਸ ਸੇਵਾ ਤੇ ਧੋਖੇ ਦੀ ਖੇਡ ਵਿਚ ਕਸਰਾਂ ਕੱਢ ਦਿੱਤੀਆਂ ਹਨ। ਇਹ ਬੱਜ਼ਟ, ਲੋਕਾਂ ਲਈ ਮਹਿੰਗਾਈ, ਬੇਰੁਜ਼ਗਾਰੀ ਤੇ ਬਿਮਾਰੀਆਂ ਦੀ ਬੋਰੀ ਹੈ ਅਤੇ ਦੇਸੀ-ਬਦੇਸ਼ੀ ਧਨਾਢਾਂ ਲਈ ਗੱਫਿਆਂ ਦਾ ਰੰਗਲਾ ਲਿਫਾਫਾ ਹੈ।
ਇਸ ਬੱਜ਼ਟ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼-ਜ਼ਾਲ ਵਿਚੋਂ ਕੱਢਣ, ਫਸਲਾਂ ਸਮਰਥਨ ਮੁੱਲ ਉੱਤੇ ਖਰੀਦਣ ਅਤੇ ਵਾਤਾਵਰਣ ਦੇ ਸੰਕਟ ਨਾਲ ਨਜਿੱਠਣ ਦੇ ਮੁੱਦੇ 'ਤੇ ਚੁੱਪ ਧਾਰੀ ਗਈ ਹੈ। ਉਲਟਾ ਡੀਜ਼ਲ ਦਾ ਰੇਟ ਵਧਾ ਕੇ 240 ਕਰੋੜ ਰੁਪਏ ਦਾ ਭਾਰ ਪਾ ਦਿੱਤਾ ਹੈ। ਪੈਟਰੋਲ ਦੇ ਰੇਟ ਵਾਧੇ ਨਾਲ ਵੱਖਰਾ 900 ਕਰੋੜ ਰੁਪਏ ਦਾ ਭਾਰ ਪਾਇਆ ਗਿਆ ਹੈ। ਟੈਕਸਾਂ (ਜੀ. ਐਸ. ਟੀ.) ਦਾ ਭਾਰ, ਖਾਦਾਂ 'ਤੇ 5%, ਕੀਟਨਾਸ਼ਕਾਂ 'ਤੇ 12%, ਖੇਤੀ ਮਸ਼ੀਨਰੀ 'ਤੇ 18 ਤੋਂ 25% ਪਹਿਲਾਂ ਵਾਂਗ ਹੀ ਬਣਿਆ ਰਹੇਗਾ।
ਨਰੇਗਾ ਦੀ ਬੱਜ਼ਟ ਰਕਮ ਵੀ ਘਟਾ ਦਿੱਤੀ ਹੈ, ਪਹਿਲਾਂ ਖੁਦ ਲਾਏ ਅਨੁਮਾਨਾਂ ਤੋਂ ਕਿਤੇ ਘੱਟ ਰਕਮ ਦੇਣ ਦਾ ਵਾਅਦਾ ਕੀਤਾ ਹੈ। ਬੇਰੁਜ਼ਗਾਰਾਂ ਦੇ ਨਾ ਅੰਕੜੇ ਪੇਸ਼ ਕੀਤੇ ਅਤੇ ਨਾ ਬੇਰੁਜ਼ਗਾਰੀ ਦੇ ਹੱਲ ਲਈ ਕੋਈ ਰਾਹ-ਸੁਝਾਅ ਰੱਖਿਆ ਹੈ। ਅਨੁਸੂਚਿਤ ਜਾਤੀਆਂ ਦੇ ਵਿਕਾਸ ਦੀ ਅੰਬਰੇਲਾ ਯੋਜਨਾ ਲਈ ਬੱਜ਼ਟ ਰਕਮ ਵਿਚ 2164 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ। ਪਿੰਡਾਂ ਤੱਕ ਸ਼ੁੱਧ ਪਾਣੀ ਸਪਲਾਈ ਪਹੁੰਚਾਉਣ ਦੇ ਲੰਮੇ ਠੱਡੇ ਲਾਏ ਗਏ ਹਨ| 2024 ਤੱਕ ਦਾ ਵਾਅਦਾ ਕੀਤਾ ਗਿਆ ਹੈ। ਦੂਸ਼ਿਤ ਹੋ ਰਿਹਾ ਪਾਣੀ, ਆਬੋ-ਹਵਾ ਤੇ ਧਰਤੀ ਅਤੇ ਵਧ ਰਹੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਕੋਈ ਪੈਸਾ ਨਹੀਂ ਰੱਖਿਆ ਗਿਆ ਹੈ। ਪੁਲਾੜ, ਊਰਜਾ, ਵਿੱਤ, ਟਰਾਂਸਪੋਰਟ, ਰਿਟੇਲ ਟਰੇਡ, ਸਿਹਤ, ਸਿੱਖਿਆ ਨੂੰ ਨਿੱਜੀ ਖੇਤਰ ਲਈ ਖੋਲ ਦਿੱਤਾ ਹੈ। ਏਅਰ ਇੰਡੀਆ ਦੇ ਨਿੱਜੀਕਰਨ ਦੀ ਤਜਵੀਜ਼ ਪੇਸ਼ ਵੀ ਕਰ ਦਿੱਤੀ ਗਈ ਹੈ।ਰੇਲਵੇ, ਰੱਖਿਆ ਅਤੇ ਜਨਤਕ ਖੇਤਰ ਅੰਦਰ ਅਪਨਿਵੇਸ਼ ਕਰਕੇ (ਵੇਚ ਕੇ)1 (ਇੱਕ) ਲੱਖ ਕਰੋੜ ਰੁਪਏ ਇੱਕਠੇ ਕਰਨੇ ਹਨ। ਮੁਲਾਜ਼ਮਾਂ ਨੂੰ ਰਿਆਇਤਾਂ ਦੇਣ ਪੱਖੋਂ ਨਜਰ-ਅੰਦਾਜ਼ ਕੀਤਾ ਗਿਆ ਹੈ ਅਤੇ ਟੈਕਸਾਂ ਤੇ ਮਹਿੰਗਾਈ ਦੀ ਮਾਰ ਹੇਠਾਂ ਲਿਆਂਦਾ ਗਿਆ ਹੈ।
ਇਸ ਦੇ ਉਲਟ, ਇਸ ਬੱਜ਼ਟ ਵਿਚ ਦੇਸੀ-ਬਦੇਸ਼ੀ  ਧਨਾਢਾਂ ਨੂੰ ਮੁਲਕ ਨੂੰ ਲੁੱਟਣ ਦੀ ਖੁੱਲ ਦੇ ਦਿੱਤੀ ਗਈ ਹੈ। ਧਰਤੀ, ਪਾਣੀ ਤੇ ਜੰਗਲ ਤੋਂ ਲੈ ਕੇ ਧੁਰ ਪੁਲਾੜ ਤੱਕ ਹਰ ਖੇਤਰ ਉਹਨਾਂ ਮੂਹਰੇ ਪਰੋਸ ਧਰਨ ਦੀ ਵਚਨਬੱਧਤਾ ਦੁਹਰਾਈ ਗਈ ਹੈ। ਪਹਿਲਾਂ ਹੀ ਕਈ ਖੇਤਰ ਪਰੋਸੇ ਜਾ ਚੁੱਕੇ ਹਨ। ਇਹਨਾਂ ਲਈ ਦਰਾਮਦੀ  ਟੈਕਸ ਘਟਾ ਕੇ ਜਨਤਕ ਖੇਤਰ ਨੂੰ ਨਿਗਲਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸਸਤੇ ਘਰ ਦੇਣ ਦੀ ਯੋਜਨਾ ਨਾਲ ਬਿਲਡਰਜ਼ ਲਾਬੀ ਨੂੰ ਸਰਕਾਰੀ ਜ਼ਮੀਨਾਂ ਤੇ ਟੈਕਸਾਂ ਰਾਹੀਂ ਲਾਭ ਦੇਣਾ ਹੈ। 200 ਕਰੋੜ ਰੁਪਏ ਦੀ ਸਾਲਾਨਾ ਟਰਨ ਓਵਰ ਵਾਲੇ ਪੂੰਜੀਪਤੀ ਨੂੰ ਉਸੇ ਟੈਕਸ ਦਰ ਨਾਲ ਹੁਣ 400 ਕਰੋੜ ਰੁਪਏ ਤੱਕ ਦੀ ਖੁੱਲ ਦੇ ਕੇ ਦੋਗੁਣਾ ਫਾਇਦਾ ਦਿੱਤਾ ਗਿਆ ਹੈ। ਵੱਡੇ ਧਨਾਢਾਂ ਵੱਲੋਂ ਦੱਬੇ ਕਰਜ਼ੇ ਵਾਲੇ ਬੈਂਕਾਂ ਨੂੰ ਇਸ ਬੱਜ਼ਟ ਰਾਹੀਂ 70,000 ਕਰੋੜ ਰੁਪਏ ਦੇਣਾ, ਅਸਲ ਵਿੱਚ ਫਿਰ ਉਨ੍ਹਾਂ ਹੀ ਧਨਾਢਾਂ ਨੂੰ ਕਰਜ਼ੇ ਦੀ ਸ਼ਕਲ ਵਿੱਚ ਰਿਆਇਤ ਦੇਣਾ ਹੈ। ਵਿਦੇਸ਼ੀ ਸਰਮਾਏ ਨੂੰ 100% ਲੁੱਟ ਕਰਨ ਦੀ ਖੁੱਲੀ ਛੁੱਟੀ ਕਰ ਦਿੱਤੀ ਗਈ ਹੈ।
ਲੋਕ ਮੋਰਚਾ ਪੰਜਾਬ ਆਪਣੇ ਪਿਆਰੇ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਇਨ੍ਹਾਂ ਹਕੂਮਤਾਂ ਤੋਂ ਭਲੇ ਦੀ ਝਾਕ ਛੱਡ ਦਿਓ। ਰਿਆਇਤਾਂ ਸਹੂਲਤਾਂ ਦੇ ਸੰਘਰਸ਼ਾਂ ਨੂੰ, ਪੂਰੀ ਸੂਰੀ ਮੁਕਤੀ ਦੇ ਸੰਘਰਸ਼ ਦੀ ਸੇਧ ਵਿਚ ਅੱਗੇ ਵਧਾਓ। ਸੰਘਰਸ਼ਾਂ ਸਬੰਧੀ ਹਾਕਮਾਂ ਦੇ ਸ਼ੈਤਾਨੀ ਤੇ ਜਾਬਰ ਹੱਥ ਕੰਡਿਆਂ ਦੇ ਹੋ ਰਹੇ ਇਜ਼ਹਾਰਾਂ ਨੂੰ ਸਰ ਕਰਨ ਹਿਤ ਜਥੇਬੰਦੀਆਂ ਨੂੰ ਤਕੜਿਆਂ ਕਰੋ ਤੇ ਸੰਘਰਸ਼ਾਂ ਦੇ ਪਿੜ ਮੱਲੋ।
ਲੋਕ ਮੋਰਚਾ ਪੰਜਾਬ
ਜਗਮੇਲ ਸਿੰਘ, ਸਕੱਤਰ
ਸੰਪਰਕ : 94172 24822

Tuesday, March 3, 2015

ਬਜੱਟ ਦੀ ਲੋਕ ਵਿਰੋਧੀ ਖਸਲਤ ਬਰ ਕਰਾਰ

ਹੁਣ ਦਾ ਬਜ਼ਟ, ਸਾਮਰਾਜੀ-ਜਾਗੀਰੂ ਲੁੱਟ ਤੇ ਦਾਬੇ ਅਤੇ ਦੇਸੀ-ਬਦੇਸ਼ੀ ਕਾਰਪੋਰੇਟਾਂ ਦੇ ਹਿੱਤ ਵਿਚ ਪਹਿਲੀਆਂ ਹਕੂਮਤਾਂ ਤੋਂ ਵਧ ਕੇ ਮਾਰਿਆ ਅਗਲਾ ਛੜੱਪਾ ਹੈ !
ਮੱਧ ਵਰਗ ਨੂੰ ਕੋਰਾ ਜਵਾਬ, ਗਰੀਬਾਂ ਤੇ ਮੇਹਨਤਕਸ਼ਾਂ ਨੂੰ ਲਾਰੇ

ਭਾਜਪਾ ਦੀ ਕੇਂਦਰੀ ਹਕੂਮਤ ਵੱਲੋਂ ਵਿਤ ਮੰਤਰੀ ਅਰੁਨ ਜੇਤਲੀ ਰਾਹੀਂ ਪੇਸ਼ ਕੀਤਾ ਸਾਲ 2015-16 ਦਾ ਆਮ ਬਜ਼ਟ, ਉਸੇ ਫਰੇਮ ਵਿਚ ਫਿੱਟ ਹੈ, ਜਿਸ ਨੂੰ ਭਾਜਪਾ ਗੱਦੀ 'ਤੇ ਬੈਠਣ ਵੇਲੇ ਤੋਂ ਹੀ ਘੜਦੀ-ਤਰਾਸ਼ਦੀ ਆ ਰਹੀ ਹੈ ਤੇ ਉਸੇ  ਆਧਾਰ (ਸਟੈਂਡ) ਉੱਤੇ ਸਜਾਇਆ ਗਿਆ ਹੈ, ਜਿਹੜਾ ਪਹਿਲੀਆਂ ਹਕੂਮਤਾਂ ਨੇ ਸੰਗਾਰਿਆ ਹੋਇਆ ਹੈ।ਇਹ ਬਜ਼ਟ, ਮੁਲਕ ਦਾ ਹਰ ਖੇਤਰ ਸਾਮਰਾਜੀਆਂ, ਜਾਗੀਰਦਾਰਾਂ ਤੇ ਦੇਸੀ-ਬਦੇਸ਼ੀ ਕਾਰਪੋਰੇਟਾਂ, ਜੋਕਾਂ, ਦੀ ਝੋਲੀ ਪਾਉਣ ਅਤੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਮੱਧ ਵਰਗੀਆਂ, ਛੋਟੇ ਕਾਰੋਬਾਰੀਆਂ, ਛੋਟੇ ਸਨਅਤਕਾਰਾਂ, ਨੌਜਵਾਨਾਂ, ਵਿਦਿਆਰਥੀਆਂ, ਲੋਕਾਂ ਕੋਲੋਂ ਹਰ ਸ਼ੈਅ ਖੋਹਣ ਦੀ ਭਾਜਪਾ ਹਕੂਮਤ ਦੀ ਨੀਤੀ-ਸੇਧ ਦਾ ਸਪਸ਼ੱਟ ਦਸਤਾਵੇਜ਼ ਹੈ।

ਗੱਦੀ ਮੱਲਣ ਸਾਰ ਹੀ ਭਾਜਪਾ ਦੇ  ਪ੍ਰਧਾਨ ਮੰਤਰੀ ਤੇ ਮੰਤਰੀ ਦੇਸ਼ ਦੇਸ਼ ਜਾ ਕੇ ਚਤੁਰ-ਚੰਡੇ ਦਲਾਲ ਵਾਂਗੂੰ “ "ਭਾਰਤ ਵਿੱਚ ਬਣਾਓ" ” ਦੇ ਗਿਫ਼ਟ ਪੈਕਜ ਰਾਹੀਂ, "ਆਓ! ਇੱਧਰ ਆਓ ! ਭਾਰਤ ਵੱਲ ਆਓ ! ਲੁੱਟ ਕੇ ਲੈ ਜਾਓ ! ਕੁਝ ਵੀ ਵੇਚੋ ! ਕੁਝ ਵੀ ਬਣਾਓ ! ਧਰਤੀ ਵੀ ਸਸਤੀ ! ਮਜ਼ਦੂਰੀ ਵੀ ਸਸਤੀ ! ਰੋਕਾਂ ਵੀ ਕੋਈ ਨਹੀਂ ! ਸਭ ਖੁੱਲਾਂ ! " ਦਾ, ਹੋਕਾ ਮਾਰ ਕੇ ਆਏ ਹਨ। ਸਾਮਰਾਜੀ ਸਰਗਣੇ ਬਰਾਕ ਓਬਾਮਾ  ਨੂੰ ਇਥੇ ਸੱਦ ਕੇ ਰੱਖਿਆ ਖੇਤਰ ਸਮੇਤ ਪੂਰੇ ਦਾ ਪੂਰਾ ਮੁਲਕ ਪਰੋਸ ਧਰਿਆ ਗਿਆ। ਗੱਦੀ ਉੱਤੇ ਬਿਠਾਉਣ ਵਾਲੇ ਕਾਰਪੋਰੇਟ ਲਾਣੇ ਦਾ ਇਵਜ਼ਾਨਾ ਮੋੜਣ ਵਜੋਂ, ਉਹਨਾਂ ਵਲੋਂ ਮੁਲਕ ਦੀ ਕੀਤੀ ਜਾ ਰਹੀ ਲੁੱਟ ਵਿਚ ਪੈਂਦੇ ਸੰਘਰਸ਼ੀ ਤੇ ਕਾਨੂੰਨੀ ਅੜਿੱਕਿਆਂ ਨੂੰ ਦੂਰ ਕਰਕੇ ਜੰਗਲ, ਜ਼ਮੀਨ, ਕੋਲਾ ਤੇ ਹੋਰ ਖਣਿਜ ਕੌਡੀਆਂ ਦੇ ਭਾਅ ਉਹਨਾਂ ਦੀ ਝੋਲੀ ਪਾ ਦੇਣ ਲਈ, ਇੱਕ ਨਹੀਂ, ਨੌਂ ਆਰਡੀਨੈਂਸ ਲਿਆਂਦੇ ਗਏ ਹਨ।

ਇਸ ਬਜ਼ਟ ਵਿਚ, ਸੇਹਤ ਤੇ ਸਿੱਖਿਆ ਖੇਤਰ ਦੇ ਫੰਡਾਂ 'ਤੇ ਕੈਂਚੀ ਚਲਾਈ ਗਈ ਹੈ।ਮੱਧ ਵਰਗ ਨੂੰ ਕਿਸੇ ਵੀ ਸਹੂਲਤ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ ਹੈ।ਆਮਦਨ ਟੈਕਸ ਦੀ ਹੱਦ ਵਿਚ ਵਾਧਾ ਨਹੀਂ ਕੀਤਾ  ਗਿਆ। ਜਾਇਦਾਦ ਟੈਕਸ ਖਤਮ ਕਰ ਦਿੱਤਾ ਗਿਆ ਹੈ। ਐਕਸਾਈਜ਼ ਤੇ ਸਰਵਿਸ ਟੈਕਸ ਵਧਾ ਦਿੱਤਾ ਗਿਆ ਹੈ। ਕਾਰਪੋਰੇਟ ਟੈਕਸ ਘਟਾ ਦਿੱਤਾ ਹੈ।ਰੋਟੀ-ਰੋਜ਼ੀ ਦੀ ਮੰਗ ਕਰਦੇ ਮੇਹਨਤੀ ਤੇ ਕਮਾਊ ਲੋਕਾਂ ਦਾ ਅੰਕੜਿਆਂ ਨਾਲ ਢਿੱਡ ਭਰਨ ਦੀ ਖੇਡ ਖੇਡੀ ਗਈ ਹੈ।

ਇਹ ਬਜ਼ਟ, ਹੁਣ ਤੱਕ ਦੀਆਂ ਸਾਰੀਆਂ ਹਕੂਮਤਾਂ ਵੱਲੋਂ ਸਾਮਰਾਜੀ-ਜਾਗੀਰੂ ਲੁੱਟ ਤੇ ਦਾਬੇ ਨੂੰ ਨਾ ਸਿਰਫ ਬਰਕਰਾਰ ਰੱਖਣ ਸਗੋਂ ਹੋਰ ਵਧਾਉਣ ਤੇ ਪੱਕਾ ਕਰਨ ਦੇ ਪੱਖ ਵਾਲੀ ਅਤੇ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਨੂੰ ਲੁੱਟਣ-ਚੂੱਡਣ ਦੀ ਹੋਰ ਖੁੱਲ ਦੇਣ ਦੇ ਪੱਖ ਵਾਲੀ ਮਿਥੀ ਸੇਧ ਵਿਚ ਹੀ ਹੁਣ ਭਾਜਪਾ ਹਕੂਮਤ ਦਾ ਕਦਮ ਵਧਾਰਾ ਹੈ।ਮੁਲਕ ਦਾ ਤੇ ਲੋਕਾਂ ਦਾ ਰੱਤ ਪੀਣੀਆਂ ਇਹਨਾਂ ਜੋਕਾਂ ਕੋਲੋਂ ਹੋਰਨਾਂ ਸਿਆਸੀ ਸਰੀਕਾਂ ਨਾਲੋਂ ਵੱਧ 'ਉਦਾਰ ' ਹੋਣ ਦਾ ਮੈਡਲ ਹਾਸਲ ਕਰਨ ਦੀ ਕੀਤੀ ਜਾ ਰਹੀ ਚਾਕਰੀ ਵਿਚ ਭਾਜਪਾ ਹਕੂਮਤ ਵੱਲੋਂ ਮਾਰਿਆ ਵੱਡਾ ਛੜੱਪਾ ਹੈ।

ਇਹ ਬਜ਼ਟ, ਆਜ਼ਾਦੀ-ਸੰਗਰਾਮ ਵੇਲੇ ਉੱਭਰੀ  ਰਾਸ਼ਟਰੀ ਜਾਗਰਿਤੀ ਅਤੇ ਲਹਿਰ ਨੂੰ ਛਲਾਵਿਆਂ, ਲਾਰਿਆਂ, ਨਾਲ ਵਰਚਾਉਂਦਿਆਂ ਅਤੇ ਡਾਂਗਾਂ, ਜੇਲ੍ਹਾਂ, ਕਤਲਾਂ ਨਾਲ ਡਰਾਉਂਦਿਆਂ ਦਬਾਉਂਦਿਆਂ ਇਹਨਾਂ ਹਕੂਮਤਾਂ ਵੱਲੋਂ ਮੁਲਕ ਦੇ ਆਰਥਿਕ, ਰਾਜਨੀਤਿਕ ਤੇ ਸਮਾਜਿਕ ਢਾਂਚੇ ਦੀ ਇਹਨਾਂ ਜ਼ੋਕਾਂ ਪੱਖੀ ਕੀਤੀ ਢਲਾਈ, ਅਪਨਾਈ ਸੇਧ ਤੇ ਚੁੱਕੇ ਜਾ ਰਹੇ ਕਦਮਾਂ ਤੋਂ ਬਾਹਰਾ ਨਹੀਂ ਹੈ।“ ਜਿਹੋ  ਜਿਹੀ ਕੋਕੋ, ਉਹੋ  ਜਿਹੇ ਹੀ  ਉਹਦੇ ਬੱਚੇ ” ਦੀ ਕਹਾਵਤ ਪੂਰੀ  ਢੁੱਕਦੀ ਹੈ।

ਪਾਰਲੀਮੈਂਟ ਅੰਦਰ ਹੁਣ ਚਲਦੀ ਬਹਿਸ ਵੀ, ਇਸ ਬਜ਼ਟ ਨੂੰ, ਉਲਟਾ ਨਹੀਂ ਸਕਦੀ, ਸਗੋਂ ਇਸ ਦੀ ਸਜਾਵਟ ਵਿਚ ਰਹੀਆਂ ਕਮੀਆਂ ਨੂੰ ਦੂਰ ਕਰਨ ਜਾਂ ਰਹੇ ਕੋਹਝਾਂ ਨੂੰ ਲੁਕਾਉਣ ਵਿਚ ਮਦਦਗਾਰ ਹੀ ਹੋ ਨਿਬੜੇਗੀ।ਉਥੇ ਬਹਿਸ ਕਰਨ ਵਾਲੇ, ਸਭ ਉਹੀ ਹਨ, ਜਿਹੜੇ ਜਦੋਂ ਹਕੂਮਤੀ ਕੁਰਸੀਆਂ ਉੱਤੇ ਬਿਰਾਜਮਾਨ ਹੁੰਦੇ ਹਨ, ਉਦੋਂ ਹੋਰ ਬੋਲੀ ਬੋਲਦੇ ਹਨ ਅਤੇ ਜਦੋਂ ਵਿਰੋਧੀ ਬੈਂਚਾਂ ਉੱਤੇ ਹੁੰਦੇ ਹਨ ਉਦੋਂ ਹੋਰ ਬੋਲੀ ਬੋਲਦੇ ਹਨ। ਇਸ ਬਹਿਸ ਵਿਚੋਂ,  ਸ਼ਬਦੀ-ਜਾਲ ਰਾਹੀਂ ਲੋਕਾਂ ਨੂੰ ਫਾਹੁਣ ਦੀਆਂ ਚਾਲਾਂ ਤੋਂ ਵੱਧ ਕੁਝ ਨਹੀਂ ਨਿਕਲਣਾ, ਪਿਛਲੇ 65 ਸਾਲਾਂ ਦਾ ਇਹਨਾਂ ਬਹਿਸਾਂ ਦਾ ਅਮਲ ਇਹੋ ਚੁਗਲੀ ਕਰਦਾ ਹੈ।

ਇਹਨਾਂ ਬਹਿਸਾਂ ਦੇ ਉਲਟ, ਲੋਕ-ਸੰਘਰਸ਼ਾਂ ਦਾ ਇਤਿਹਾਸ ਇਹੋ ਦਸਦਾ ਹੈ ਕਿ ਜਦੋਂ ਵੀ ਕੁਝ ਹਾਸਲ ਕੀਤਾ ਹੈ ਜਾਂ ਹਾਸਲ ਹੋਇਆ ਬਚਾਇਆ ਹੈ, ਉਹ ਸਭ ਸੰਘਰਸ਼ਾਂ ਦੇ ਬਲਬੂਤੇ ਹੀ ਸੰਭਵ ਹੋਇਆ ਹੈ। ਲੋਕਾਂ ਨੇ ਆਪਣੀਆਂ ਜੀਵਨ ਲੋੜਾਂ ਪੂਰੀਆਂ ਕਰਨੀਆਂ ਹਨ ਜਾਂ ਹਾਸਲ ਹੱਕਾਂ ਤੇ ਵਸਤਾਂ ਨੂੰ ਬਚਾਉਣਾ ਹੈ, ਇਸ ਸਭ ਲਈ ਇਹਨਾਂ ਜਥੇਬੰਦ ਸੰਘਰਸ਼ਾਂ ਨੇ ਹੀ ਢਾਲ ਤੇ ਤਲਵਾਰ ਬਣਨਾ ਹੈ।ਇਥੇ ਬਿਨ ਸੰਘਰਸ਼ਾਂ ਕੁਝ ਨਹੀਂ ਮਿਲਦਾ ਹੈ। ਲੋਕ ਮੋਰਚਾ ਪੰਜਾਬ, ਲੋਕਾਂ ਨੂੰ ਆਪੋ ਆਪਣੀਆਂ ਜਥੇਬੰਦੀਆਂ ਮਜ਼ਬੂਤ ਕਰਨ ਤੇ ਸੰਘਰਸ਼ ਦ੍ਰਿੜ-ਵਿਸ਼ਾਲ ਕਰਕੇ ਇੱਕਜੁੱਟ ਸਾਂਝੇ ਸੰਘਰਸ਼ਾਂ ਦੀ ਲੋਕ ਲਹਿਰ ਉਸਾਰਨ  ਦੀ  ਅਪੀਲ ਕਰਦਾ ਹੈ।    (02.03.215)                                                                       

ਜਗਮੇਲ ਸਿੰਘ, ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ

ਸੰਪਰਕ: 9417224822