(ਜੱਥੇਬੰਦੀਆਂ ਵਲੋਂ ਪ੍ਰਾਪਤ ਪ੍ਰੈਸ ਨੋਟ) "ਪਿੰਡ ਸੇਲਬਰ੍ਹਾ 'ਚ ਸ਼ਰਾਬ ਦੇ ਗੈਰਕਨੂੰਨੀ ਧੰਦੇ ਨੂੰ ਜਾਰੀ ਰੱਖਣ ਲਈ ਜਿਵੇਂ ਇਸਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਵਿਸ਼ੇਸ਼ ਕਰਕੇ ਮਜ਼ਦੂਰ ਵਿਹੜੇ ਨੂੰ ਅੰਨ੍ਹੇ ਜਬਰ ਦਾ ਸ਼ਿਕਾਰ ਬਣਾਕੇ ਇਰਾਦਾ ਕਤਲ ਵਰਗੀਆਂ ਸੰਗੀਨ ਧਰਾਵਾਂ ਤਹਿਤ ਜਿਲ੍ਹ 'ਚ ਡੱਕਿਆ ਗਿਆ ਹੈ ਇਹਦੇ ਲਈ ਅਕਾਲੀ ਭਾਜਪਾ ਸਰਕਾਰ 'ਤੇ ਇਲਾਕੇ ਦਾ ਇੱਕ ਸਾਬਕਾ ਮੰਤਰੀ ਸਿੱਧੇ ਤੌਰ 'ਤੇ ਜੁੰਮੇਵਾਰ ਹੈ।" ਇਹ ਦੋਸ਼ ਬੀਤੇ ਦਿਨ 20 ਮਈ ਨੂੰ 20 ਕਿਸਾਨ ਤੇ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਦਿੱਤੇ "ਵਿਸ਼ਾਲ ਜਬਰ ਵਿਰੋਧੀ ਧਰਨੇ" ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਵਲੋਂ ਲਾਏ ਗਏ। ਬੁਲਾਰਿਆਂ ਨੇ ਕਿਹਾ ਕਿ ਜਿਵੇਂ ਪੰਚਾਇਤ ਤੇ ਸਮੁੱਚੇ ਪਿੰਡ ਦੇ ਵਿਰੋਧ ਦੇ ਬਾਵਜੂਦ ਸ਼ਰਾਬ ਦਾ ਨਜੈਜ ਧੰਦਾ ਜਾਰੀ ਰੱਖਣ ਲਈ ਪੁਲਸ ਵਲੋਂ ਸੁੱਤੇ ਪਏ ਲੋਕਾਂ ਨੂੰ ਜਬਰ ਦਾ ਸ਼ਿਕਾਰ ਬਣਾਇਆ ਗਿਆ, ਘਰੇਲੂ ਸਮਾਨ ਦੀ ਭੰਨਤੋੜ ਕੀਤੀ ਗਈ ਇਹਦੇ ਲਈ ਕੋਈ ਵੀ ਕਨੂੰਨ ਇਜ਼ਾਜਤ ਨਹੀਂ ਦਿੰਦਾ। ਇਹ ਸਭ ਕੁਝ ਆਪਣੇ ਬਣਾਏ ਕਨੂੰਨਾਂ ਨੂੰ ਹੀ ਪੈਰਾਂ ਹੇਠ ਦਰੜ ਕੇ ਕੀਤਾ ਗਿਆ ਜੋ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਰਾਗ ਅਲਾਪਣ ਵਾਲੀ ਹਕੂਮਤ ਦਾ ਅਸਲੀ ਚਿਹਰਾ ਸਾਹਮਣੇ ਲਿਆਉਂਦਾ ਹੈ।
ਸੇਲਬਰ੍ਹਾ ਤੋਂ ਬਾਅਦ ਆਪਣੀ ਜਾਬਰ ਨੀਤੀ ਨੂੰ ਅੱਗੇ ਵਧਾਉਂਦਿਆਂ ਪਿੰਡ ਕੋਟੜਾ ਕੌੜਿਆਂ 'ਚ ਸ਼ਰਾਬ ਦੇ ਠੇਕੇ ਦਾ ਵਿਰੋਧ ਕਰਨ ਬਦਲੇ ਸਰਕਾਰ ਦੀ ਸਰਪ੍ਰਸਤੀ ਤੇ ਇਲਾਕੇ ਦੇ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੀਆਂ ਹਦਾਇਤਾਂ 'ਤੇ ਗੁੰਡਾ ਟੋਲੇ ਨੇ ਕਿਸਾਨ ਮਜ਼ਦੂਰ ਆਗੂਆਂ 'ਤੇ ਜਾਨਲੇਵਾ ਹਮਲਾ ਕੀਤਾ। ਇਹਨਾਂ ਗੱਲਾਂ ਤੋਂ ਸਾਫ਼ ਹੈ ਕਿ ਅਕਾਲੀ ਭਾਜਪਾ ਸਰਕਾਰ ਤੇ ਇਸਦੇ ਸਥਾਨਕ ਲੀਡਰਾਂ ਦੀ ਨਸ਼ਿਆਂ ਦੇ ਸੌਦਾਗਰਾਂ ਨਾਲ ਮਿਲੀ ਭੁਗਤ ਹੈ। ਇਹ ਜਾਬਰ ਹਮਲੇ ਲੋਕ ਘੋਲਾਂ ਨੂੰ ਜਬਰ ਦੇ ਜੋਰ ਦਬਾਉਣ ਦੀ ਉਸੇ ਨੀਤੀ ਦਾ ਹਿੱਸਾ ਹੈ ਜਿਸਦੇ ਤਹਿਤ ਲੋਕਾਂ ਦੇ ਜਮਹੂਰੀ ਹੱਕਾਂ ਨੂੰ, ਮੁਢੋਂ ਹੀ ਕਤਲ ਕਰਨ ਲਈ ਕਾਲੇ ਕਨੂੰਨ ਘੜੇ ਗਏ ਹਨ।ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਸੇਲਬਰ੍ਹਾ 'ਚ ਜਬਰ ਦੇ ਦੋਸ਼ੀ ਅਧਿਕਾਰੀਆਂ ਸਮੇਤ ਨਜੈਜ ਧੰਦਾ ਕਰਨ ਵਾਲੇ ਬਲਬੀਰ ਸਿੰਘ ਅਤੇ ਹਵਾਈ ਫਾਇਰਿੰਗ ਕਰਨ ਬਾਲੇ ਏ ਐਸ ਆਈ 'ਤੇ ਪਰਚੇ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ , ਸ਼ਰਾਬ ਦਾ ਨਜਾਇਜ ਧੰਦਾ ਕਰਾਉਣ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਵਿਰੁੱਧ ਵੀ ਕੇਸ ਦਰਜ ਕੀਤਾ ਜਾਵੇ, ਸੇਲਬਰ੍ਹਾ ਤੇ ਕੋਟੜਾ ਕੌੜਿਆਂ ਵਾਲਾ 'ਚ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਤੇ ਲੋਕਾਂ ਦੀ ਸਹਿਮਤੀ ਤੋਂ ਬਿਨ੍ਹਾਂ ਸ਼ਰਾਬ ਦੇ ਠੇਕੇ ਖੋਹਲਣ ਦੀ ਮਨਾਹੀ ਕੀਤੀ ਜਾਵੇ। ਸੇਲਬਰ੍ਹਾ 'ਚ ਕੁੱਟਮਾਰ ਤੇ ਸਮਾਨ ਦੀ ਭੰਨਤੋੜ ਦਾ ਮੁਆਵਜਾ ਦਿੱਤਾ ਜਾਵੇ, ਕਿਸਾਨ ਮਜ਼ਦੂਰ ਆਗੂਆਂ 'ਤੇ ਦਰਜ ਕੇਸ ਰੱਦ ਕਰਕੇ ਫੌਰੀ ਰਿਹਾਅ ਕੀਤੇ ਜਾਣ, ਕੋਟੜਾ 'ਚ ਮਜ਼ਦੂਰ ਕਿਸਾਨ ਆਗੂਆਂ 'ਤੇ ਜਾਨ ਮਾਲ ਹਮਲੇ ਦੇ ਦੋਸ਼ੀ, ਕਰਨੈਲ ਸਿੰਘ, ਮਹਿੰਦਰ ਸਿੰਘ ਤੇ ਬਾਦਲ ਸਿੰਘ ਸਮੇਤ ਸਭਨਾਂ ਨੂੰ ਦਰਜ ਹੋਈ ਧਾਰਾ 307 ਤਹਿਤ ਗ੍ਰਿਫਤਾਰ ਕੀਤਾ ਜਾਵੇ ਅਤੇ ਮਜ਼ਦੂਰਾਂ ਦਾ ਜਾਤੀ ਅਪਮਾਨ ਕਰਨ ਬਦਲੇ ਦੋਸ਼ੀਆਂ 'ਤੇ ਐਸ. ਸੀ., ਐਸ. ਟੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ।
Sunday, May 22, 2011
ਨਸ਼ਿਆਂ ਨੂੰ ਸਰਕਾਰੀ ਸਰਪ੍ਰਸਤੀ ਤੇ ਪੁਲਸ ਵਧੀਕੀਆਂ ਖਿਲਾਫ ਵਿਸ਼ਾਲ ਰੋਸ ਧਰਨਾ
Wednesday, May 18, 2011
REPRESSION ON SELBRAH VILLAGERS TO PROTECT LIQUOR MAFIA
ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਦੀ ਤੱਥ ਖੋਜ ਕਮੇਟੀ ਵੱਲੋਂ ਜਾਰੀ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ ਸ਼ਰਾਬ ਮਾਫੀਏ ਦੀ ਪਿੱਠ ਥਾਪੜਣ ਲਈ ਪਿੰਡ ਸੇਲਬਰਾਹ ਦੇ ਲੋਕਾਂ ’ਤੇ ਕਹਿਰ ਢਾਹਿਆ ਗਿਆ,ਜਿਸ ਨੂੰ ਸਿਆਸੀ ਸ਼ਹਿ ਪ੍ਰਾਪਤ ਸੀ।
ਇਸ ਕਮੇਟੀ ਵੱਲੋਂ ਪਿੰਡ ਸੇਲਬਰਾਹ ਦਾ ਦੌਰਾ ਕੀਤਾ ਗਿਆ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਨਾਲ ਵੀ ਮੁਲਾਕਾਤ ਕੀਤੀ ਗਈ। ਤੱਥ ਖੋਜ ਕਮੇਟੀ ’ਚ ਸੂਬਾ ਕਨਵੀਨਰ ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਰਜੀਵ ਲੋਹਟਬੱਦੀ,ਐਡਵੋਕੇਟ ਚਮਕੌਰ ਸਿੰਘ,ਐਡਵੋਕੇਟ ਅਮਰਜੀਤ ਸਿੰਘ ਬਾਈ ਅਤੇ ਲਾਇਰਜ਼ ਫਾਰ ਜਸਟਿਸ ਐਂਡ ਡੇਮੋਕ੍ਰੇਟਿਕ ਰਾਇਟਸ ਦੇ ਐਨ.ਕੇ.ਜੀਤ ਸ਼ਾਮਲ ਹਨ। ਇਸ ਕਮੇਟੀ ਵੱਲੋਂ ਸਾਰੇ ਪੱਖਾਂ ਅਤੇ ਦਸਤਾਵੇਜ਼ਾਂ ਦੀ ਛਾਣ-ਬੀਣ ਕਰਨ ਮਗਰੋਂ ਰਿਪੋਰਟ ਜਾਰੀ ਕੀਤੀ ਗਈ ਹੈ।
ਸੂਬਾ ਕਨਵੀਨਰ ਦਲਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਤੇ ਜੇਕਰ ਲੋਕਾਂ ਨਾਲ ਇਨਸਾਫ ਨਾ ਕੀਤਾ ਗਿਆ ਅਤੇ ਦੋਸ਼ੀ ਪੁਲੀਸ ਅਧਿਕਾਰੀਆਂ ਅਤੇ ਸ਼ਰਾਬ ਮਾਫੀਏ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਇਨ੍ਹਾਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੁਰਮੁੱਖ ਸਿੰਘ ਸਮੇਤ ਜੇਲ੍ਹ ਵਿਚ ਬੰਦ ਸਾਰੇ ਵਿਅਕਤੀਆਂ ਨੂੰ ਰਿਹਾਅ ਕੀਤਾ ਜਾਵੇ। ਕਮੇਟੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਲੀਸ ਵੱਲੋਂ ਮਿਤੀ 2.5.2011 ਨੂੰ ਪਿੰਡ ਦੇ ਗਰੀਬ ਭਾਈਚਾਰੇ ਨਾਲ ਸਬੰਧਤ ਪਰਿਵਾਰਾਂ ਦੇ ਸਾਮਾਨ ਦੀ ਤੋੜ ਭੰਨ ਕੀਤੀ ਹੈ,ਉਨ੍ਹਾਂ ਨੂੰ ਉਸ ਦਾ ਮੁਆਵਜ਼ਾ ਦਿੱਤਾ ਜਾਵੇ। ਐਸ.ਐਚ.ਓ. ਥਾਣਾ ਫੂਲ ਸਮੇਤ ਹੋਰ ਪੁਲੀਸ ਅਧਿਕਾਰੀਆਂ ਜਿਨ੍ਹਾਂ ਨੇ ਝੂਠੇ ਕੇਸ ਦਰਜ ਕੀਤੇ ਹਨ, ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਰੋਕਣ ਲਈ ਸਖਤ ਹਦਾਇਤਾਂ ਕੀਤੀਆਂ ਜਾਣ ਅਤੇ ਜੇਕਰ ਪੰਚਾਇਤ ਸ਼ਰਾਬ ਦਾ ਠੇਕਾ ਪਿੰਡ ਵਿਚ ਨਾ ਖੋਲ੍ਹਣ ਦੇ ਸਬੰਧ ਵਿਚ ਮਤਾ ਪਾਉਂਦੀ ਹੈ ਤਾਂ ਉਸ ਦਾ ਸਨਮਾਨ ਕੀਤਾ ਜਾਵੇ।
ਇਸ ਰਿਪੋਰਟ ਮੁਤਾਬਕ ਮਿਤੀ 2.5.2011 ਨੂੰ ਪੁਲੀਸ ਵੱਲੋਂ ਘਰਾਂ ਦਾ ਕੀਮਤੀ ਸਾਮਾਨ ਟੀ.ਵੀ., ਫਰਿੱਜ ਆਦਿ ਦੀ ਤੋੜ ਭੰਨ ਕੀਤੀ ਗਈ ਅਤੇ ਮਰਦ ਪੁਲੀਸ ਵੱਲੋਂ ਪਿੰਡ ਦੀਆਂ ਔਰਤਾਂ, ਬੱਚਿਆਂ,ਬਜ਼ੁਰਗਾਂ ਅਤੇ ਮਰਦਾਂ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ। ਪਸ਼ੂ ਖੋਲ੍ਹ ਦਿੱਤੇ ਗਏ,ਇਸ ਤਰਾਂ ਪੁਲੀਸ ਨੇ ਸ਼ਰਾਬ ਮਾਫੀਆ ਨਾਲ ਮਿਲ ਕੇ ਪਹਿਲਾਂ ਐਫ.ਆਈ.ਆਰ.ਨੰ:20 ਮਿਤੀ 3.4.2011 ਨੂੰ ਦਰਜ ਕੀਤੀ ਜੋ ਕਿ ਸੰਗੀਨ ਧਾਰਾਂਵਾਂ ਤਹਿਤ ਦਰਜ ਕੀਤੀ ਗਈ,ਜੋ ਕਿ ਘਟਨਾ ਤੋਂ ਤਿੰਨ ਦਿਨ ਬਾਅਦ ਦਾਇਰ ਕੀਤੀ ਗਈ,ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਬੀਰਬਲ ਪੁੱਤਰ ਬੇਲਾ ਸਿੰਘ ਜੋੋ ਕਿ ਆਪਣੇ ਆਪ ਨੂੰ ਸ਼ਰਾਬ ਦਾ ਠੇਕੇਦਾਰ ਕਹਿ ਰਿਹਾ ਹੈ ਅਤੇ ਚੱਢਾ ਗਰੁੱਪ ਨਾਲ ਐਗਰੀਮੈਂਟ ਕਰਕੇ ਸ਼ਰਾਬ ਦਾ ਠੇਕਾ ਚਲਾਉਣ ਦੀ ਗੱਲ ਕਰ ਰਿਹਾ ਹੈ ਜੇਕਰ ਬੀਰਬਲ ਬਿੰਡੀ ਕਿਸੇ ਸ਼ਰਾਬ ਦੇ ਠੇਕੇ ਦਾ ਮਾਲਕ ਹੁੰਦਾ।
ਰਿਪੋਰਟ ਅਨੁਸਾਰ ਜਥੇਬੰਦੀਆਂ ਵੱਲੋਂ ਫਰਵਰੀ ਮਹੀਨੇ ਤੋਂ ਲਗਾਤਾਰ ਦਿੱਤੇ ਜਾ ਰਹੇ ਮੰਗ ਪੱਤਰਾਂ ਦੇ ਬਾਵਜੂਦ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਬੀਰਬਲ ਬਿੰਡੀ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨੀ ਅਤੇ ਅੱਜ ਤੱਕ ਸਿਵਲ ਪ੍ਰਸ਼ਾਸਨ ਰਾਮਪੁਰਾ ਫੂਲ ਅਤੇ ਡੀ.ਸੀ.ਬਠਿੰਡਾ ਵੱਲੋਂ ਪਿੰਡ ਦਾ ਦੌਰਾ ਨਾ ਕਰਨਾ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਵੱਲ ਚੁੱਪ ਧਾਰੀ ਰੱਖਣਾ ਉਨ੍ਹਾਂ ਦਾ ਲੋਕ ਵਿਰੋਧੀ ਹੋਣ ਦਾ ਅਤੇ ਸ਼ਰਾਬ ਮਾਫੀਏ ਨਾਲ ਮਿਲੀਭੁਗਤ ਹੋਣ ਦਾ ਸਾਫ ਸਬੂਤ ਹੈ। ਇਸ ਤੋਂ ਇਲਾਵਾ ਆਬਾਦੀ ਵਿਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਦੇ ਨਿਯਮ ਹੋਣ ਦੇ ਬਾਵਜੂਦ ਸ਼ਰੇਆਮ ਹੀ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਬਿਨਾਂ ਸਿਆਸੀ ਸ਼ਹਿ ਤੋਂ ਨਹੀਂ ਚੱਲ ਸਕਦਾ।