StatCounter

Sunday, November 15, 2015

    ਹਕੂਮਤਾਂ ਖਿਲਾਫ਼ ਗੁੱਸੇ ਨੂੰ ਸਹੀ ਮੂੰਹਾਂ ਦਿਓ !
   ਲੋਕ-ਧੜਾ ਜ਼ੋੜੋ ! ਜਿੰਦਗੀ ਦੇ ਬੁਨਿਆਦੀ ਮਸਲਿਆਂ ਉੱਤੇ ਸੰਘਰਸ਼ ਭਖਾਓ !
   ਲੋਕ-ਸੰਘਰਸ਼ਾਂ ਦੇ ਰਾਹੀ, ਭੈਣੋ, ਭਰਾਵੋਨੌਜਵਾਨੋ ਅਤੇ ਪਿਆਰੇ ਲੋਕੋ,
         ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਸੂਬੇ ਦੀ ਫ਼ਿਜ਼ਾ ਅੰਦਰ ਤਣਾਅ ਜਾਰੀ ਰੱਖ ਰਹੀਆਂ ਹਨ “”ਸੇਵਾ” ਕਰਨ ਵਾਲੀਪੰਥਕ ਸਰਕਾਰ” ਤੇਸੁਰੱਖਿਆ-ਸਨਮਾਨ” ਦੇਣ ਵਾਲੀ ਪੁਲਸ ਦਾ ਹੀਜ਼-ਪਿਆਜ਼ ਨੰਗਾ ਕਰ ਰਹੀਆਂ ਹਨ ਇਹ ਬੇਅਦਬੀ ਕਰਨ ਵਾਲੇ ਕਹਿਣ ਨੂੰ ਕੁਝ ਵੀ ਕਹਿਣ, ਸਿੱਖ ਮਨਾਂ ਨੂੰ ਜਖ਼ਮੀ ਕਰਨ ਦਾ ਨਿੰਦਣ ਯੋਗ ਤੇ ਸਜ਼ਾ ਯੋਗ ਕਾਰਾ ਕਰ ਰਹੇ ਹਨ ਜਖ਼ਮੀ ਮਨਾਂ ਦਾ ਰੋਸ ਕੁਦਰਤੀ ਹੈ, ਜਾਇਜ਼ ਹੈ ਪਰ ਇਸ ਰੋਸ ਵਿਚ ਹੋਈਆਂ ਭੜਕਾਹਟਾਂ ਤੇ ਝੁਲਦੀਆਂ ਤਲਵਾਰਾਂ, ਜਾਣੇ ਜਾਂ ਅਣਜਾਣੇ, ਸੂਬੇ ਨੂੰ ਫਿਰਕੂ ਅੱਗ ਦੀ ਭੱਠੀ ਵਿਚ ਝੋਕਣ ਦਾ ਸਬੱਬ ਬਣ ਸਕਦੀਆਂ ਹਨ ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਸਕਦੀਆਂ ਹਨਲੋਕਾਂ ਦਾ ਏਕਾ ਤੋੜਨ ਦਾ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੇ ਸੰਘਰਸ਼ਾਂ ਨੂੰ ਲੀਹੋ ਭਟਕਾਉਣ ਦਾ ਸਾਧਨ ਬਣ ਸਕਦੀਆਂ ਹਨ
         ਵਜ੍ਹਾ ਇਹੀ ਹੈ ਕਿ ਇਹਨਾਂ ਰੋਸ 'ਕੱਠਾਂ ਵਿਚ ਕੌਣ ਕੀ ਇਰਾਦੇ ਤੇ ਮਨਸੂਬੇ ਲੈ ਕੇ ਆਉਂਦਾ ਹੈ ? ਰੋਸ ਦਾ ਨਿਸ਼ਾਨਾਂ ਕੀ ਤੋਂ ਕੀ ਬਣਾ ਦਿੰਦਾ ਹੈ ? ਏਹਦੀ ਚੌਕਸ ਨਿਗਾਹੀ ਤੇ ਫਿਕਰਦਾਰੀ  ਜਰੂਰੀ ਹੈ ਆਪੋ ਆਪਣੇ ਸਿਆਸੀ ਹਿਤ ਪੂਰਨ ਲਈ ਹਾਕਮ ਤੇ  ਕੱਟੜ ਫਿਰਕਾਪ੍ਰਸਤ ਅਜਿਹੀ ਹਾਲਤ ਦਾ ਲਾਹਾ ਲੈਣ ਲਈ ਤਹੂ ਰਹਿੰਦੇ ਹਨ ਦੋਵਾਂ ਦਾ ਨਿਸ਼ਾਨਾਂ ਲੋਕ ਬਣਦੇ ਹਨ 1947 ਵਿੱਚ ਦੇਸ਼ ਵੰਡ ਵਾਲੇ ਤੇ 1984 ਦੇ ਪੰਜਾਬ ਤੇ ਦਿੱਲੀ ਵਾਲੇ ਖ਼ੂਨੀ ਸਾਕਿਆਂ ਦੇ ਜਖ਼ਮ ਅੱਜ ਵੀ ਹਰੇ ਹਨ 1978 ਦੇ ਅਕਾਲੀਆਂ  ਤੇ ਨਿਰੰਕਾਰੀਆਂ ਦੇ ਖ਼ੂਨੀ ਟਕਰਾ ਵੇਲੇ ਸ਼ਾਇਦ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵੇ ਕਿ ਅਗਾਂਹ ਜਾ ਕੇ 10-12 ਸਾਲ ਮੌਤ ਸੰਨਾਟੇ ਵਿਚ ਗੁਜ਼ਾਰਨੇ ਪੈਣਗੇ ਸੱਥਰਾਂ ਦਾ ਸੰਤਾਪ ਭੋਗਣਾ ਪਵੇਗਾ ਅੱਜ ਵੀ ਲੋਕ-ਬੇਚੈਨੀ ਤੇ ਲੋਕ-ਸੰਘਰਸ਼ ਵਿਆਪਕ ਰੂਪ ਵਿਚ ਹੈ ਤੇ ਅੱਜ ਵੀ ਹਾਕਮਾਂ ਦੀਆਂ ਲੋਕਾਂ ਨੂੰ ਪਾੜ ਕੇ ਰਾਜ ਕਰਨ ਦੀਆਂ ਲੋੜਾਂ ਬਣੀਆਂ ਹੋਈਆਂ ਹਨ
        ਇਹ ਹਾਲਤਾਂ ਮੁਲਕ ਦੇ ਲੁਟੇਰੇ ਤੇ ਜਾਬਰ ਰਾਜ-ਪ੍ਰਬੰਧ ਵੱਲੋਂ ਅਖਤਿਆਰ ਕੀਤੀਆਂ ਲੋਕਦੋਖੀ ਨੀਤੀਆਂ ਦੀ ਪੈਦਾਵਾਰ ਹਨ। ਲੋਕ-ਧੜੇ ਤੇ ਜ਼ੋਕ-ਧੜੇ ਦੀ ਸਦੀਵੀ ਟੱਕਰ ਦਾ ਸਿੱਟਾ ਹਨ । ਦੋਵਾਂ ਵਿਚ ਘਮਸਾਨੀ ਭੇੜ ਹੈ ਜਿੰਦਗੀ ਮੌਤ ਦੀ ਲੜਾਈ ਹੈ ਮਜ਼ਦੂਰਾਂ, ਕਿਸਾਨਾਂ, ਛੋਟੇ ਸਨਅਤਕਾਰਾਂ, ਛੋਟੇ ਕਾਰੋਬਾਰੀਆਂ, ਮੁਲਾਜ਼ਮਾਂ ਤੇ ਨੌਜਵਾਨਾਂ ਦੇ ਲੋਕ-ਧੜੇ ਕੋਲ ਸਾਧਨ ਨਿਗੂਣੇ ਹਨ ਮੁਲਕ, ਖੇਤੀ ਪ੍ਰਧਾਨ ਮੁਲਕ ਹੈ ਪਰ ਏਹਦੇ ਖੇਤੀ ਕਰਨ ਵਾਲਿਆਂ ਕੋਲ ਜ਼ਮੀਨ ਦੀ ਤੋਟ ਹੈਬੇਰੁਜ਼ਗਾਰੀ ਬੇਸ਼ੁਮਾਰ ਹੈ ਲੋੜੀਂਦੀ ਹਰ ਵਸਤ ਦੀ ਮਹਿੰਗਾਈ ਨੇ ਕਚੂੰਮਰ ਕੱਢ ਰੱਖਿਆ ਹੈਗਰੀਬੀ, ਕੰਗਾਲੀ ਸਿਰ ਚੜੀ ਹੋਈ ਹੈ ਕਰਜ਼ੇ, ਖਾਸ ਕਰ ਸੂਦਖੋਰ ਕਰਜ਼ੇ ਦੀਆਂ ਪੰਡਾਂ ਹਨ ਵਿਦੇਸ਼ੀ ਤਕਨੀਕ ਤੇ ਨੀਤੀ ਨੇ ਸਨਅਤਾਂ ਵਿੱਚੋਂ ਰੁਜ਼ਗਾਰ ਖੋਹ ਲਿਆ ਹੈ  ਨਵੀਂ ਸਨਅਤੀ ਨੀਤੀ ਛੋਟੇ ਕਾਰਖਾਨਿਆਂ ਤੇ ਕਾਰੋਬਾਰਾਂ  ਨੂੰ ਨਿਗਲ ਰਹੀ ਹੈ ਸਿੱਖਿਆ, ਸੇਹਤ, ਬਿਜਲੀ, ਪਾਣੀ, ਆਵਾਜਾਈ ਪਹੁੰਚ ਤੋਂ ਬਾਹਰ ਹੋ ਰਹੇ ਹਨ
        ਏਹਦੇ ਉਲਟ, ਵੱਡੇ ਜਾਗੀਰਦਾਰਾਂ, ਸਾਮਰਾਜੀਆਂ, ਸਰਮਾਏਦਾਰਾਂ ਤੇ ਵੱਡੇ ਅਫ਼ਸਰਸ਼ਾਹਾਂ ਦਾ ਜ਼ੋਕਧੜਾ ਸੰਦ-ਸਾਧਨਾਂ ਨਾਲ ਮਾਲਾ ਮਾਲ ਹੈ ਸਾਰੇ ਮੁਲਕ ਦਾ ਮਾਲਕ ਹੈ ਵੱਡੀਆਂ ਜ਼ਮੀਨਾਂ,ਕਾਰਖਾਨਿਆਂ ਤੇ ਅੰਨੀ ਪੂੰਜੀ ਦੀ ਤਾਕਤ ਹੈ ਰਾਜ ਦੀਆਂ ਕੁੱਲ ਕਲ੍ਹਾਵਾਂ ਮੁੱਠੀ ਵਿੱਚ ਰੱਖਦਾ ਹੈ ਇਸ ਤਾਕਤ ਨਾਲ ਮਰਜ਼ੀ ਦੀ ਹਕੂਮਤ ਚੁਣਵਾਉਂਦਾ ਹੈ ਕਠਪੁਤਲੀ ਵਾਂਗੂੰ ਨਚਾਉਂਦਾ ਹੈ ਲੋਕਧੜੇ ਨੂੰ ਦਬਾ ਕੇ ਰੱਖਣ ਲਈ ਜਾਬਰ ਰਾਜ ਮਸ਼ੀਨਰੀ ਦੀ ਨਿਸ਼ੰਗ ਵਰਤੋਂ ਕਰਦਾ ਹੈ   
          ਜਿਥੇ ਮੁਰੱਬਿਆਂ ਵਾਲੇ ਨੂੰ ਕਚਹਿਰੀਆਂ ਵਿੱਚ ਕੁਰਸੀ ਮਿਲਦੀ ਹੋਵੇ, ਉਥੇ ਹਕੂਮਤੀ ਛਟੀ ਭਾਵੇਂ ਕਿਸੇ ਸਿਆਸੀ ਗੁੱਟ ਦੇ ਹੱਥ ਹੋਵੇਹਕੂਮਤ ਕੇਂਦਰ ਦੀ ਹੋਵੇ, ਚਾਹੇ ਸੂਬੇ ਦੀ, ਇਹਨਾਂ ਨੂੰ ਰਾਜ ਕਰਨ ਦੀਆਂ ਲੋੜਾਂ ਅਤੇ ਦੇਸੀ-ਬਦੇਸ਼ੀ ਹਾਕਮਾਂ ਦੀ ਚਾਕਰੀ ਕਰਨ ਦੀਆਂ ਗਰਜ਼ਾਂ, ਲੋਕਾਂ ਵਿੱਚ ਫੁੱਟ ਪਾ ਕੇ ਚੱਲਣ ਲਈ ਤੁੰਨਦੀਆਂ ਰਹਿਣਗੀਆਂ ਮੌਕੇ-ਬਾਮੌਕੇ ਖ਼ਾਸ ਕਰਕੇ ਸੰਘਰਸ਼ਾਂ ਦੇ ਭਖੇ ਮੌਕਿਆਂ 'ਤੇ ਲੋਕਾਂ ਨੂੰ ਫਿਰਕੂ ਅੱਗ ਦੀ ਭੱਠੀ ਵਿਚ ਧੱਕਦੀਆਂ ਰਹਿਣਗੀਆਂ ਇਹਦੇ ਵਿਚ ਕੱਟੜ ਫਿਰਕਾਪ੍ਰਸਤਾਂ ਦੀ ਮਦਦ ਵੀ ਲੈਂਦੀਆਂ ਰਹਿਣਗੀਆਂਹੁਣ ਇਹੀ ਹੋ ਰਿਹਾ ਹੈ ਇਹ ਮੁਲਕ ਦੇ ਮਾਲ-ਖ਼ਜਾਨੇ, ਜਲ, ਜੰਗਲ, ਜ਼ਮੀਨ, ਸੜਕਾਂ, ਸਕੂਲ, ਹਸਪਤਾਲ, ਬੈਕਾਂ,ਬੱਸਾਂ, ਰੇਲਾਂ,ਜਹਾਜ਼, ਸਰਕਾਰੀ ਵਿਭਾਗ ਸਭ ਜ਼ੋਕ-ਧੜੇ ਦੀ ਝੋਲੀ ਪਾ  ਰਹੀਆਂ ਹਨ ਲੋਕਾਂ ਤੋਂ ਖੋਹ ਕੇ ਜ਼ੋਕਾਂ ਨੂੰ ਪਰੋਸ ਰਹੀਆਂ ਹਨ  ਉਹਨਾਂ ਦੇ ਹਿੱਤਾਂ ਅਨੁਸਾਰ ਕਾਨੂੰਨਾਂ ਵਿੱਚ ਸੋਧਾਂ ਕਰ ਰਹੀਆਂ ਹਨ ਚਤੁਰਾਈ ਇਹ ਹੈ ਕਿ ਇਹ ਸਭਆਰਥਿਕ ਸੁਧਾਰਾਂ” ਤੇਵਿਕਾਸ” ਦੇ ਨਾਂ ਹੇਠ ਕੀਤਾ ਜਾ ਰਿਹਾ ਹੈ ਜਦੋਂ ਕਿ ਇਹ ਸਾਮਰਾਜੀਆਂ ਦਾ ਹੁਕਮ ਹੈ ਧਨ ਲੁਟੇਰਿਆਂ ਕਾਰਪੋਰੇਟਾਂ ਦਾ ਨਿਰਦੇਸ਼ ਹੈ  ਲੋਕਾਂ ਦੀ ਤਾਂ ਸੁਣੀ ਹੀ ਨਹੀਂ ਜਾਂਦੀ ਨਾ ਭੋਰਾ ਪੁੱਗਤ ਹੈ, ਨਾ ਮਾਸਾ ਵੁਕਤ ਸਭਨਾਂ ਪਾਸੇ ਠੇਡੇ ਹਨਲੋਕਾਂ ਦੇ ਇੱਕਠੇ ਹੋਣ ਅਤੇ ਰੋਸ ਪ੍ਰਗਟਾਉਣ ਉੱਤੇ ਕਾਨੂੰਨੀ ਰੋਕਾਂ ਹਨ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕਰਜ਼ੇ ਤੇ ਜਾਨਲੇਵਾ ਬਿਮਾਰੀਆਂ ਅੱਡ ਘੇਰੀ ਰੱਖਦੀਆਂ ਹਨ ਲੋਕਾਂ ਨੂੰ ਖੁਦਕੁਸ਼ੀਆਂ ਦੇ ਮੂੰਹ ਧੱਕਿਆ ਜਾ ਰਿਹਾ ਹੈ
          ਇਸ ਹਾਲਤ ਵਿਚ  ਹਕੂਮਤਾਂ ਖਿਲਾਫ਼ ਲੋਕਾਂ ਵਿੱਚ ਰੋਸ ਬੁੜ ਬੁੜ ਤੋਂ ਅੱਗੇ ਵਧ ਲੋਕ-ਸੰਘਰਸ਼ਾਂ ਦਾ ਵਿਆਪਕ ਵਰਤਾਰਾ ਬਣ ਰਿਹਾ ਹੈ ਉਠਾਣ ਉੱਠ ਰਹੇ ਹਨ ਹਾਕਮਾਂ ਨੂੰ ਕੰਬਣੀਆਂ ਛੇੜ ਰਹੇ ਹਨ ਹਾਕਮਾਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਹਰਾਮ ਕਰ ਰਹੇ ਹਨ ਅਫਸਪਾ (AFSPA) ਵਰਗੇ ਸੈਂਕੜੇ ਜਾਬਰ ਕਾਲੇ ਕਾਨੂੰਨ ਘੜੇ ਤੇ ਮੜੇ ਹੋਏ ਹਨ ਹੋਰ ਨਵੇਂ ਵੀ ਘੜੇ ਤੇ ਮੜੇ ਜਾ ਰਹੇ ਹਨਮੁਲਕ ਦੇ ਅੱਧੇ ਸੂਬਿਆਂ ਵਿੱਚ ਲੋਕਾਂ ਦੀਆਂ ਲਹਿਰਾਂ ਉਤੇ ਫੌਜ ਵੀ ਚਾੜੀ ਹੋਈ ਹੈ ਲੋਕਾਂ ਉਤੇ ਡਰੋਨਾਂ ਤੇ ਜਹਾਜ਼ਾਂ ਨਾਲ ਬਾਰੂਦੀ ਵਾਛੜ ਕੀਤੀ ਜਾ ਰਹੀ ਹੈ ਜੇਲ੍ਹਾਂ ਵੱਡੀਆਂ ਕੀਤੀਆਂ ਜਾ ਰਹੀਆਂ ਹਨ ਥਾਂ ਪਰ ਥਾਂ ਜਬਰ ਦਾ ਪਹਿਰਾ ਹੈ ਹਰ ਮੋੜ 'ਤੇ ਸਲੀਬਾਂ ਹਨ ਪਰ ਇਹ ਜਬਰ ਲੋਕਾਂ ਅੰਦਰਲਾ ਗੁੱਸਾ ਸ਼ਾਂਤ ਨਹੀਂ ਕਰ ਪਾਉਂਦਾ ਕੁੱਟੇਮਾਰੇ ਲੋਕ ਭੇੜ ਵਿੱਚ ਪਏ ਰਹਿੰਦੇ ਹਨ
          ਲੜਨ ਦੀ ਲੋੜ ਮੂਹਰੇ ਹਕੂਮਤ ਦਾ ਹਰ ਜਬਰ ਨਾਕਾਮ ਹੋ ਜਾਂਦਾ ਹੈਜ਼ਬਰ ਜੁਲਮ ਕੀ ਟੱਕਰ ਮੇਂ, ਸੰਘਰਸ਼”  ਨਾਹਰਾ ਬਣ ਗੂੰਜ ਉੱਠਦਾ ਹੈ ਹਾਕਮਾਂ ਦੇ ਢਿੱਡੀਂ ਹੌਲ ਪੈਂਦੇ ਹਨ ਅੰਗਰੇਜਾਂ ਤੋਂ ਵਿਰਸੇ ਵਿਚ ਹਾਸਲ ਕੀਤੀਪਾੜੋ ਤੇ ਰਾਜ ਕਰੋ”ਦੀ ਨੀਤੀ ਚਾਲ ਚਲਦੇ ਹਨ ਇਥੇ ਜਾਤਾਂ, ਧਰਮਾਂ, ਫਿਰਕਿਆਂ, ਇਲਾਕਿਆਂ ਦੀ ਤਿੱਖੀ ਵੰਡ ਹੈ ਸਦੀਆਂ ਤੋਂ ਲੋਕ-ਮਨਾਂ ਵਿੱਚ ਵਖਰੇਂਵਿਆਂ ਤੇ ਪਾਟਕਾਂ ਦੀ ਹਾਕਮਾਂ ਵੱਲੋਂ ਪਾਈ ਗੰਢ ਹੈ ਹਾਕਮ ਇਹਦੀ  ਖੂਬ ਵਰਤੋਂ ਕਰਦੇ ਰਹੇ ਹਨ ਲੋਕਾਂ ਦੇ ਏਕੇ ਤੇ ਘੋਲ ਮੂਹਰੇ ਘਿਰੇ ਹਾਕਮ ਇਹਨਾਂ ਵਖਰੇਂਵਿਆਂ ਤੇ ਪਾਟਕਾਂ ਨੂੰ ਉਛਾਲ ਲੈਂਦੇ ਹਨਪਹਿਲਾਂ ਭਾਵਨਾਵਾਂ ਭੜਕਾ ਦਿੰਦੇ ਹਨ ਹਿਰਦੇ ਵਲੂੰਧਰ ਸਿੱਟਦੇ ਹਨ ਫੇਰ ਹਮਦਰਦੀ ਦੀ ਮਲ੍ਹਮ ਲਾਉਣ ਦੇ ਨਾਂ ਹੇਠ ਭਰਾ-ਮਾਰੂ ਟਕਰਾਅ ਦੇ ਟੀਕੇ ਲਾਉਂਦੇ ਹਨ ਲੋਕਾਂ ਦੀ ਸੁਰਤ ਮਾਰ ਦਿੰਦੇ ਹਨ ਹੱਥ ਲਏ ਰੋਟੀ-ਰੋਜੀ ਦੇ ਮਸਲੇ ਛਡਵਾ ਦਿੰਦੇ ਹਨ ਗਲ-ਵੱਢ ਟੱਕਰਾਂ ਕਰਵਾ ਦਿੰਦੇ ਹਨ ਲੋਕ ਲਾਸ਼ਾਂ ਗਿਣਦੇ ਹਨ, ਇਹ ਗੱਦੀਆਂ ਮੱਲ ਲੈਂਦੇ ਹਨ ਰਾਜਭਾਗ ਤਕੜਾ ਕਰ ਲੈਂਦੇ ਹਨਅੰਗਰੇਜਾਂ ਨੇ ਇਹੀ ਕੀਤਾ ਸੀ 1947 ਤੋਂ, ਇਥੋਂ ਵਾਲੇ ਹਾਕਮ ਇਹੋ  ਕਰ ਰਹੇ ਹਨ ਇਥੇ ਪੰਜਾਬ ਅੰਦਰ 1980 ਤੋਂ 1992 ਤੱਕ ਵੱਡਾ ਕਤਲੇ-ਆਮ ਕਰ ਅਤੇ ਕਰਵਾ ਕੇ ਲੋਕਾਂ ਦੇ ਨੱਕੋਂ-ਬੁੱਲੋਂ ਲਹੇ ਕਾਂਗਰਸੀ ਹਾਕਮ ਸ਼ਾਂਤੀ ਦੇ ਪੁੰਜ ਬਣ ਗਏ ਸਨ
         ਭਾਜਪਾ ਤੇ ਆਰ. ਐਸ. ਐਸ. ਦੇ ਮੰਤਰੀ-ਸੰਤਰੀ ਤੇ ਸਾਧ-ਸੰਤ ਸਭ ਹਿੰਦੂ ਫਿਰਕਾਪ੍ਰਸਤੀ ਦੀ ਨੰਗੀ ਤਲਵਾਰ ਫੜ ਕੇਂਦਰੀ ਹਕੂਮਤੀ ਰੱਥ 'ਤੇ ਚੜੇ ਹੋਏ ਹਨ ਅਜੇ 2002 ਵਿਚ ਰਚਾਏ ਗੁਜਰਾਤ ਕਤਲੇਆਮ ਦੇ ਖੂਨੀ ਧੱਬੇ ਇਹਨਾਂ ਦੇ ਮੱਥਿਓ ਲੱਥੇ ਨਹੀਂ ਹਨ ਹੁਣ ਏਹਦੇ ਫਿਰਕੂ ਕਾਤਲੀ ਗ੍ਰੋਹ ਨਿੱਤ ਦਿਨ ਕਿਤੇ ਨਾ ਕਿਤੇ ਕਤਲ ਕਾਂਡ ਰਚਾਉਂਦੇ ਰਹਿੰਦੇ ਹਨ ਮੂੰਹ-ਫੱਟ ਜਨੂੰਨੀ ਟੋਲੇ ਕਤਲਾਂ ਦਾ ਮਾਹੌਲ ਬਣਾਉਂਦੇ ਰਹਿੰਦੇ ਹਨ ਹੁਣ ਇਹਨਾਂ ਨੇ ਲਵ ਜੇਹਾਦ, ਘਰ ਵਾਪਸੀ ਤੇ ਗਊਮਾਸ ਦੇ ਮੁੱਦੇ ਖੜੇ ਕਰਕੇ ਖੂਨੀ ਖਰੂਦ ਪਾਇਆ ਹੋਇਆ ਹੈ ਲੋਕ-ਪੱਖੀ ਵਿਗਿਆਨਕ ਕਲਮਕਾਰਾਂ ਤੇ ਕਲਾਕਾਰਾਂ ਨੂੰ ਮਾਰਿਆ ਜਾ ਰਿਹਾ ਹੈ ਘੱਟ ਗਿਣਤੀ ਧਰਮਾਂ ਫਿਰਕਿਆਂ, ਜਾਤਾਂ ਅਤੇ ਵੱਖਰੇ ਵਿਚਾਰਾਂ ਨੂੰ ਸਹਿਣ ਨਹੀਂ ਕੀਤਾ ਜਾ ਰਿਹਾ ਹੈ, ਇਥੋਂ ਭੱਜ ਜਾਣ ਦੀਆਂ ਮੌਤ ਧਮਕੀਆਂ ਦਿੱਤੀਆਂ ਜਾ ਰਹੀਆਂ ਹਨਇਸ ਦੀ ਭਾਈਵਾਲ ਬਣੀ ਸੂਬੇ ਦੀ ਆਕਾਲੀ ਪਾਰਟੀ ਅਤੇ ਸਿੱਖ ਕੱਟੜ ਫਿਰਕਾਪ੍ਰਸਤ ਵੀ ਫਿਰਕੂ ਵਖਰੇਂਵਿਆਂ ਨੂੰ ਆਵਦੇ ਸਿਆਸੀ ਹਿਤਾਂ ਵਾਸਤੇ ਨਿਸ਼ੰਗ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਨ 1978 ਦੇ ਨਿਰੰਕਾਰੀਆਂ ਨਾਲ ਅਤੇ 2007 ਦੇ ਡੇਰਾ ਸਿਰਸਾ ਨਾਲ ਭੇੜ ਵਿਚ ਏਹ ਦਰਜਨਾਂ ਬੰਦਿਆਂ ਦੇ ਕਤਲ ਦੇ ਜੁੰਮੇਵਾਰ ਹਨ ਹੁਣ ਵੀ ਡੇਰਾ ਸਰਸੇ ਦੇ ਮਾਮਲੇ 'ਤੇ ਸਿਆਸੀ ਗੋਟੀਆਂ ਖੇਲ੍ਹ ਰਹੇ ਹਨ 1984 ਵਾਲੀ ਫਿਰਕੂ ਕਾਤਲੀ ਹਨੇਰੀ ਵਿਚ ਵੀ ਇਹ ਕਾਂਗਰਸ ਨਾਲ ਬਰਾਬਰ ਦੇ ਭਾਈਵਾਲ ਹਨ       
         ਇਹਨਾਂ ਹਾਕਮਾਂ ਤੇ ਕੱਟੜ ਫਿਰਕਾਪ੍ਰਸਤਾਂ ਦੀਆਂ ਨੀਤੀ-ਚਾਲਾਂ ਨੂੰ ਸਮਝੋ।। ਸੁਚੇਤ ਹੋਵੋ ਹਾਕਮ ਪਾਰਟੀਆਂ ਦੀਆਂ ਸਿਆਸੀ ਤਿਕੜਮ-ਬਾਜੀਆਂ ਤੇ ਲੋਕ ਦੋਖੀ ਖ਼ਸਲਤ ਨੁੰ ਜਾਣੋ ਤਿਕੜਮਾਂ ਨੂੰ ਛੰਡਣਾ ਤੇ ਚਾਲਾਂ ਨੂੰ ਫੇਲ੍ਹ ਕਰਨਾ ਸਿੱਖੋਬੇਅਦਬੀ ਕਰਨ ਵਾਲੇ ਤੇ ਜਾਨਾਂ ਲੈਣ ਵਾਲੇ ਮੁਜ਼ਰਮਾਂ ਨੂੰ ਸਜ਼ਾਵਾਂ ਦੀ ਮੰਗ ਕਰੋ ਏਕੇ ਦਾ ਹੋਰ ਵੱਡਾ ਯੱਕ ਬੰਨੋਆਪੋ ਆਪਣੀਆਂ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਜਥੇਬੰਦ ਸੰਘਰਸ਼ਾਂ ਦਾ ਪਿੜ ਮੱਲੋ ਸਾਂਝੇ ਵਿਸ਼ਾਲ ਘੋਲਾਂ ਦੇ ਅਖਾੜੇ ਮਘਾਓਮੰਗਾਂ ਦੇ ਬੁਨਿਆਦੀ ਹੱਲ ਵੱਲ ਅੱਗੇ ਵਧੋ
          ਜਿੰਦਗੀ ਰੁਜ਼ਗਾਰ ਤੇ ਰੋਟੀ ਮੰਗਦੀ ਹੈ ਭਾਈਚਾਰਾ ਭਾਲਦੀ ਹੈ ਸਮਾਜਿਕ ਸਭਿਅਕ ਬੋਲ-ਚਾਲ ਦੀ ਆਜ਼ਾਦੀ ਚਾਹੁੰਦੀ ਹੈ। ਖੁਸ਼ਹਾਲੀ ਤੇ ਵਿਕਾਸ ਦੀ ਇੱਛਾ ਪਾਲਦੀ ਹੈ ਬਰਾਬਰਤਾ, ਪੁੱਗਤ ਤੇ ਵੁੱਕਤ ਦੀ ਆਸ ਕਰਦੀ ਹੈ ਹਰ ਰਾਤ ਦਿਵਾਲੀ ਵਾਲੀ ਰਾਤ ਲੋਚਦੀ ਹੈ ਸਭ ਸੁੱਖ ਸਹੂਲਤਾਂ ਤੇ ਸੰਦ ਸਾਧਨਾਂ ਦੀ ਚਾਹਤ ਰੱਖਦੀ ਹੈ ਇਹਦੇ ਲਈ ਇਹ ਲੁੱਟ ਤੇ ਦਾਬੇ ਦੇ, ਵੰਡਾਂ-ਵਿਤਕਰਿਆਂ ਵਾਲੇ, ਊਚ-ਨੀਚ ਵਾਲੇ ਅਤੇ ਪਾਟਕ-ਪਾਊ ਤੇ ਭਰਾ ਮਾਰੂ, ਰਾਜ ਤੇ ਸਮਾਜ ਬਦਲਣ ਵੱਲ ਤੁਰੋ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦਾ ਲੁੱਟ ਰਹਿਤ ਖ਼ਰਾ ਜਮਹੂਰੀ ਰਾਜ ਤੇ ਸਮਾਜ ਉਸਾਰਨ ਵੱਲ ਕਦਮ ਵਧਾਓਪੂਰੇ ਲੋਕਧੜੇ ਨੂੰ ਨਾਲ ਲਵੋ ਲੜਣ ਵਾਲਿਆਂ ਦੀ ਇੱਕ ਲਹਿਰ ਬਣਾਓ 
         ਚੰਗਾ ਇਹ ਹੋਇਆ, ਕਿ ਤੁਸੀਂ ਲੋਕਾਂ ਦੇ ਵੱਡੇ ਹਿੱਸੇ ਨੇ ਇਸ ਜੁਰਮੀ ਕਾਰੇ ਨੂੰ ਬੁੱਝ ਲਿਆ ਹੈ ਇਹਨਾਂ ਕਾਲੀਆਂ ਤਾਕਤਾਂ ਦੇ ਕਾਲੇ ਇਰਾਦੇ ਭਾਂਪ ਲਏ ਹਨ ਏਕਾ ਬਣਾਈ ਰੱਖਿਆ ਹੈ ਸੰਘਰਸ਼ ਦਾ ਝੰਡਾ ਚੱਕੀ ਰੱਖਿਆ ਹੈਇਹ ਵੀ ਤਾਂ ਹੀ ਹੋ ਸਕਿਆ ਹੈ ਕਿ ਜਾਂ ਤਾਂ ਤੁਸੀਂ ਖੁਦ ਸੰਘਰਸ਼ਾਂ ਦੇ ਵਿਚ ਸੀਗੇ ਜਾਂ ਸੰਘਰਸ਼ਾਂ ਨਾਲ ਨੇੜਿਉਂ ਜੁੜੇ ਹੋਏ ਹੋਵੋਗੇ ਸੰਘਰਸ਼ ਦਾ ਮੈਦਾਨ ਹੀ, ਜੀਵਨ ਲੋੜਾਂ ਦੇ ਸਾਂਝੇ ਇੱਕੋ ਹਿਤਾਂ ਵਾਲਿਆਂ ਨੂੰ ਇੱਕ ਮੰਚ ਓਤੇ ਇੱਕਠੇ ਕਰ ਦਿੰਦਾ ਹੈ ਸੰਘਰਸ਼ ਹੀ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਕਰਾਉਂਦਾ ਹੈ ਦੋਸਤਾਂ ਦਾ ਏਕਾ ਪੱਕਾ ਕਰਦਾ ਹੈ ਪੱਕਾ ਹੋਇਆ ਏਕਾ, ਸੰਘਰਸ਼ ਨੂੰ ਮਜ਼ਬੂਤ ਕਰਦਾ ਹੈ ਕੱਠ, ਲੋਹੇ ਦੀ ਲੱਠ ਬਣ ਦੁਸ਼ਮਣ ਦੇ ਸਿਰ ਵਜਦਾ ਹੈ ਇਹ ਬਣਾਓ
                                        ਲੋਕ ਸੰਘਰਸ਼ਾਂ ਦੇ ਅੰਗਸੰਗ
                                       ਸੂਬਾ ਕਮੇਟੀ ਲੋਕ ਮੋਰਚਾ ਪੰਜਾਬ                                                                                                                                   
ਪ੍ਰਕਾਸ਼ਕ : ਜਗਮੇਲ ਸਿੰਘ, ਜਨਰਲ ਸਕੱਤਰ (ਮੋਬਾ:9417224822)                                       
                                             



         

Thursday, September 24, 2015

ਬਾਦਲ ਸਰਕਾਰ ਨੇਂ ਬੁਨਿਆਦੀ ਢਾਂਚਾ ਟੈਕਸ ਦੇ ਰੂਪ ਚ ਲੋਕਾਂ ਤੇ 900 ਕਰੋੜ ਰੁਪੈ ਦਾ ਭਾਰ ਲਿਆ ਸੁੱਟਿਆ

ਬਾਦਲ ਸਰਕਾਰ ਨੇਂ ਵੱਡੇ ਠੇਕੇਦਾਰਾਂ ਦੇ ਵਾਰੇ ਨਿਆਰੇ ਕਰਨ ਲਈ ਪੰਜਾਬ ਦੇ ਲੋਕਾਂ ਤੇ 900 ਕਰੋੜ ਰੁਪੈ ਤੋਂ ਵਧ ਦਾ ਬੋਝ ਪਾਇਆ
23 ਸਿਤੰਬਰ ਨੂੰ ਵਿਧਾਨ ਸਭਾ ਬਿਨਾ ਕਿਸੇ ਬੈਹਿਸ ਤੋਂ ਬਿਲ ਪਾਸ ਕਰਵਾ ਲਿਆ 
ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦਾ "ਅੰਦਰੋਂ ਜੱਫੀਆਂ ਬਾਹਰੋਂ ਜੰਗ"  ਦਾ ਨਾਟਕ ਬੇਪਰਦ 
ਲੋਕ ਮੋਰਚਾ ਪੰਜਾਬ ਵਲੋਂ ਸਖਤ ਨਿਖੇਧੀ ਅਤੇ ਵਿਰੋਧ ਕਰਨ ਦਾ ਸੱਦਾ 

ਜਦੋਂ ਪੰਜਾਬ ਦੇ ਕਰਜਾ ਜਲ ਫਸੇ ਕਿਸਾਨ ਅਤੇ ਖੇਤ ਮਜਦੂਰ, "ਤੋਤਿਆਂ" ਤੇ ਚਿੱਟੀ ਮਖੀ ਦੇ ਹਮਲੇ ਨਾਲ ਤਬਾਹ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਅਤੇ ਇਸ ਨੂੰ ਪੂਰੀ ਕਰਵਾਉਣ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ ਤਾਂ ਬਾਦਲ ਸਰਕਾਰ ਨੇਂ ਬੁਨਿਆਦੀ ਢਾਂਚਾ ਟੈਕਸ ਦੇ ਰੂਪ ਲੋਕਾਂ ਤੇ 900 ਕਰੋੜ ਰੁਪੈ ਤੋ ਵਧ ਦਾ ਭਾਰ ਅਚਾਨਕ ਲਿਆ ਸੁੱਟਿਆ ਹੈ |

ਇਸ ਮਕਸਦ ਲਈ ਸਰਕਾਰ ਨੇਂ ਚੱਲ ਰਹੇ ਵਿਧਾਨ ਸਭਾ ਦੇ ਇਜਲਾਸ ਵਿਚ Punjab Infrastructure (Development and Regulation) Amendment Bill 2015 ਪਾਸ ਕਰਵਾਇਆ ਹੈ ਜਿਸ ਰਾਹੀਂ ਬਿਜਲੀ ਦੇ ਬਿੱਲਾਂ ਤੇ 5 ਫੀ ਸਦੀ ਬੁਨਿਆਦੀ ਢਾਂਚਾ ਟੈਕਸ ਲਾ ਦਿੱਤਾ ਗਿਆ ਹੈ | ਅਚੱਲ ਜਾਇਦਾਦ ਦੀ ਵਿਕਰੀ ਤੇ ਇਹ ਟੈਕਸ 1 ਪ੍ਰਤੀਸ਼ਤ ਲਗੇਗਾ | ਇਸ ਤਰਾਂ ਕੁੱਲ ਮਿਲਾ ਕੇ ਲੋਕਾਂ ਤੇ 900 ਕਰੋੜ ਤੋਂ ਵਧ ਦਾ ਬੋਝ ਪੈ ਜਾਵੇਗਾ |
ਇਸ ਟੈਕਸ ਰਾਹੀਂ ਉਗਰਾਹਿਆ ਪੈਸਾ ਸੜਕਾਂ, ਪੁਲਾਂ, ਸਰਕਾਰੀ ਇਮਾਰਤਾਂ, ਬਿਜਲੀ ਲਾਈਨਾਂ ਆਦਿ ਦੇ ਕੰਮ ਲੱਗੇ ਠੇਕੇਦਾਰਾਂ ਅਤੇ ਵਪਾਰੀਆਂ ਨੂੰ ਦਿੱਤਾ ਜਾਵੇਗਾ |

ਵਿਧਾਨ ਸਭਾ ਬੈਠੀਆਂ - ਹਕੂਮਤ ਚਲਾ ਰਹੀਆਂ ਤੇ ਵਿਰੋਧੀ ਪਾਰਟੀਆਂ ਦੀ ਲੋਕਾਂ ਨੂੰ ਲੁੱਟਣ ਇੱਕਮਤਤਾ ਅਤੇ ਸਾਂਝੀ ਸੁਰ ਇਸ ਗੱਲੋਂ ਜੱਗ ਜਾਹਰ ਹੋ ਗਈ ਹੈ ਕਿ, ਕਿਸੇ ਪਾਰਟੀ ਨੇਂ ਵੀ ਇਸ ਬਿਲ ਤੇ ਬੈਹਿਸ ਕਰਵਾਉਣ ਦੀ ਮੰਗ ਨਹੀਂ ਕੀਤੀ ਅਤੇ ਨਾਂ ਹੀ ਇਸ ਦੇ ਖਿਲਾਫ਼ ਜੁਬਾਨ ਖੋਹਲੀ ਹੈ |

ਲੋਕ ਮੋਰਚਾ ਪੰਜਾਬ ਸਰਕਾਰ ਦੇ ਇਸ ਲੋਕ ਧ੍ਰੋਹੀ ਕਦਮ ਦੀ ਜ਼ੋਰਦਾਰ ਨਿਖੇਧੀ ਕਰਦਾ ਹੈ ਅਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਸ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੰਦਾ ਹੈ

ਵਲੋਂ: ਜਗਮੇਲ ਸਿੰਘ ਜਨਰਲ ਸਕੱਤਰ , ਲੋਕ ਮੋਰਚਾ ਪੰਜਾਬ 

Saturday, August 8, 2015

ਸਾਥੀ ਕਰੋੜਾ ਸਿੰਘ ਦੀ ਇਨਕਲਾਬੀ ਵਿਰਾਸਤ ਦਾ ਝੰਡਾ ਬੁਲੰਦ ਕਰੋ

           ਸਾਥੀ ਕਰੋੜਾ ਸਿੰਘ ਨੂੰ ਲਾਲ ਸਲਾਮ - ਲਾਲ ਸਲਾਮ ਲਾਲ ਸਲਾਮ          
ਕਰੋੜਾ ਸਿੰਆਂ ਤੇਰੀ ਸੋਚ ਤੇ - ਪਹਿਰਾ ਦਿਆਂਗੇ ਠੋਕ ਕੇ 

ਬਿਜਲੀ ਕਾਮਿਆਂ ਦੀ ਜੁਝਾਰ ਜਥੇਬੰਦੀ ਟੀ.ਐਸ.ਯੂ  ਦੇ ਸਾਬਕਾ ਜਨਰਲ ਸਕੱਤਰ, ਇਨਕਲਾਬੀ ਜਮਹੂਰੀ ਲਹਿਰ ਦੀ ਨਿਹਚਾਵਾਨ ਸਖਸ਼ੀਅਤ

ਸਾਥੀ ਕਰੋੜਾ ਸਿੰਘ ਦੀ ਇਨਕਲਾਬੀ ਵਿਰਾਸਤ ਦਾ ਝੰਡਾ ਬੁਲੰਦ ਕਰੋ 


ਬਿਜਲੀ ਮੁਲਾਜ਼ਮਾਂ ਦੀ ਜੁਝਾਰ ਜਥੇਬੰਦੀ ਟੀ.ਐਸ.ਯੂ.ਦੇ ਸਾਬਕਾ ਸੂਬਾ ਜਨਰਲ ਸਕੱਤਰ ਸਾਥੀ ਕਰੋੜਾ ਸਿੰਘ ਨਹੀ ਰਹੇ । ਇੱਕ ਅਗਸਤ 2015 ਸਵੇਰ ਨੂੰ ਪਿੱਤੇ ਅਤੇ ਜਿਗਰ ਦੇ ਕੈਂਸ਼ਰ ਦੀ ਚੰਦਰੀ ਬਿਮਾਰੀ ਨੇ ਉਹਨਾਂ ਨੂੰ ਸਾਥੋਂ ਖੋਹ ਲਿਆ ਹੈ । ਉਹਨਾ ਦੇ ਘਰ-ਪਰਿਵਾਰ ਤੇ ਇਨਕਲਾਬੀ ਕਾਫਲੇ ਦੀਆਂ ਸਿਰ ਤੋੜ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਹੀ ਜਾ ਸਕਿਆ ਪਰ ਸਾਥੀ ਕਰੋੜਾ ਸਿੰਘ ਉਹਨਾਂ ਨਿਵੇਕਲੇ ਲੋਕ ਆਗੂਆਂ ਵਿੱਚੋਂ ਇੱਕ ਸਨ ਜਿਹੜੇ ਕਿ ਮਰਕੇ ਵੀ ਨਹੀ ਮਰਦੇ । ਸਗੋਂ ਆਪਣੇ ਵਿਚਾਰਾਂ ਤੇ ਕਾਰਨਾਮਿਆਂ ਸਦਕਾ ਸਦਾ ਜਿਉਂਦੇ ਰਹਿੰਦੇ ਹਨ । ਅਜਿਹੇ ਲੋਕ ਨਾ ਸਿਰਫ ਲੋਕਾਂ ਦੇ ਪਿਆਰ ਤੇ ਸਤਿਕਾਰ ਦਾ ਪਾਤਰ ਬਣੇ ਰਹਿੰਦੇ ਹਨ ਸਗੋਂ ਉਹਨਾਂ ਨੂੰ ਬਿਹਤਰ ਜਿੰਦਗੀ ਦੇ ਸੰਘਰਸ਼ ਲਈ ਪ੍ਰੇਰਦੇ ਤੇ ਝੰਜੋੜਦੇ ਵੀ ਰਹਿੰਦੇ ਹਨ ।
ਸਾਥੀ ਕਰੋੜਾ ਸਿੰਘ ਭਾਵੇਂ ਆਪਣੀ ਰਿਟਾਇਰਮੈਂਟ (ਸਾਲ 2006) ਤੱਕ ਸਰਕਾਰੀ ਬਿਜਲੀ ਮੁਲਾਜਮ ਰਹੇ ਤੇ ਇਸਦੀ ਜੁਝਾਰ ਜਥੇਬੰਦੀ ਟੀ.ਐਸ.ਯੂ. ਦੇ ਸਧਾਰਨ ਵਰਕਰ ਤੋਂ ਲੈ ਕੇ ਸੂਬਾ ਜਨਰਲ ਸਕੱਤਰ ਤੱਕ ਦੇ ਵੱਖ-ਵੱਖ ਸਥਾਨਾਂ ਤੇ ਰਹਿ ਕੇ ਬਿਜਲੀ ਮੁਲਾਜ਼ਮਾਂ ਦੀ ਬਿਹਤਰੀ ਲਈ ਜੂਝਦੇ ਰਹੇ । ਪਰ ਉਹਨਾ ਦੀ ਸੋਚ ਤੇ ਸਰਗਰਮੀ ਦਾ ਘੇਰਾ ਨਿੱਜੀ, ਨੌਕਰੀ ਤੇ ਬਿਜਲੀ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ ਕਰਨ ਤੱਕ ਹੀ ਸੀਮਤ ਨਹੀ ਸੀ । ਉਹ ਤਾਂ ਦਰਅਸਲ ਇੱਕ ਨਿਹਚਾਵਾਨ ਇਨਕਲਾਬੀ ਸਨ । ਜਿਹੜੇ ਆਪਣੀਆਂ ਨਿੱਜੀ ਤੇ ਮਹਿਕਮੇ ਦੀਆਂ ਸਾਰੀਆਂ ਮੁਸ਼ਕਲਾਂ ਤੇ ਔਹਰਾਂ ਨੂੰ ਲੁੱਟੀ ਤੇ ਲਤਾੜੀ ਜਾਂਦੀ ਸਮੁੱਚੀ ਲੋਕਾਈ ਦੀਆਂ ਮੁਸ਼ਕਲਾਂ ਤੇ ਔਕੜਾਂ ਦਾ ਹਿੱਸਾ ਹੀ ਗਿਣਦੇ ਸਨ ਤੇ ਇਹਨਾਂ ਸਭਨਾਂ ਦਾ ਨਿਵਾਰਨ  ਸਮਾਜ ਅੰਦਰ ਵੱਡੀਆਂ ਤਬਦੀਲੀਆਂ ਰਾਹੀਂ ਦੇਖਦੇ ਸਨ । 
ਖੱਬੀ ਪਾਹ ਵਾਲੇ ਵਿਚਾਰਾਂ ਦੀ ਗੁੜਤੀ ਤਾਂ ਸਾਥੀ ਕਰੋੜਾ ਸਿੰਘ ਨੂੰ ਆਪਣੇ ਪਿਤਾ ਸਰਦਾਰ ਕਾਲਾ ਸਿੰਘ ਤੋਂ ਮਿਲੀ ਜਿਹੜੇ ਲੰਬੀ ਬਲਾਕ ਦੇ ਪਿੰਡ ਘੁਮਿਆਰਾ ਦੇ ਇੱਕ ਗਰੀਬ ਕਿਸਾਨ ਸਾਬਕਾ ਫੌਜੀ ਤੇ ਸੀ.ਪੀ.ਆਈ.ਨਾਲ ਜੁੜੇ ਹੋਏ  ਲੋਕ-ਪੱਖੀ ਸਰਪੰਚ ਵੱਜੋਂ ਇਲਾਕੇ ਵਿੱਚ ਮਸ਼ਹੂਰ ਸਨ । ਸਕੂਲ ਕਾਲਜ ਤੇ ਆਈ.ਟੀ.ਆਈ.ਦੀ ਪੜ੍ਹਾਈ ਸਮੇਂ ਭਗਤ ਸਿੰਘ ਦੇ ਵਿਚਾਰਾਂ ਨੇ ਤੇ  ਇਨਕਲਾਬੀ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ.ਦੀਆਂ ਸਰਗਰਮੀਆਂ ਨੇ ਉਹਨਾਂ ਦੀ ਇਨਕਲਾਬੀ 
ਨਿਹਚਾ ਨੂੰ ਹੋਰ ਸਾਣ ਤੇ ਲਾਇਆ ਤੇ ਅਮੋੜ ਝੁਕਾਅ ਚ ਬਦਲ ਦਿੱਤਾ । ਸਿੱਟੇ ਵੱਜੋਂ ਸਾਥੀ ਕਰੋੜਾ ਸਿੰਘ ਉਮਰ ਭਰ ਆਵਦੇ ਇਹਨਾਂ ਵਿਚਾਰਾਂ ਨੂੰ ਜਿੰਦਗੀ ਦੇ ਵੱਖ-ਵੱਖ ਖੇਤਰਾਂ ਅੰਦਰ ਅਮਲੀ ਜਾਮਾਂ ਪਹਿਨਾਉਣ ਲਈ ਵੱਡੀ ਘਾਲਣਾ ਘਾਲਦੇ ਰਹੇ । 
ਬਿਜਲੀ ਮੁਲਾਜ਼ਮ ਮੁਹਾਜ ਤੇ ਜਿੱਥੇ ਇਕ ਪਾਸੇ ਉਹ ਵੱਖ-2 ਅਹੁਦਿਆਂ ਤੇ ਕੰਮ ਕਰਦਿਆਂ ਮੁਲਾਜਮਾਂ ਦੇ ਆਰਥਿਕ ਹਿੱਤਾਂ, ਕੰਮ ਦੀਆਂ ਬਿਹਤਰ ਹਾਲਤਾਂ ਤੇ ਉਹਨਾਂ ਦੇ ਟ੍ਰੇਡ ਯੂਨੀਅਨ ਜਮਹੂਰੀ ਅਧਿਕਾਰਾਂ ਲਈ ਮੁਹਰੈਲ ਸਫਾਂ *ਚ ਅਗਵਾਈ ਦਿੰਦੇ ਰਹੇ ਤੇ 1970-71 ਅਤੇ ਜਨਵਰੀ 1974 ਦੀਆਂ ਬਿਜਲੀ ਮੁਲਾਜਮਾਂ ਦੀਆਂ ਹੜਤਾਲਾਂ ਚ ਸਿਰ ਕੱਢ ਰੋਲ ਨਿਭਾਉਂਦੇ ਰਹੇ ਉੱਥੇ ਪੁਲਸੀ ਜਬਰ, ਗੁੰਡਾਗਰਦੀ ਤੇ ਜਗੀਰੂ ਧੌਂਂਸ ਵਿਰੁੱਧ ਘੌਲਾਂ ਵਿੱਚ ਮੂਹਰੇ ਹੋ ਕੇ ਜੂਝਦੇ ਰਹੇ । ਜਿਹਦੇ ਵਿਚ 1977  ਚ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ ਮਲੋਟ ਦੇ ਇਕ ਬਿਜਲੀ ਕਾਮੇ ਦੀ ਲੜਕੀ ਅਚਲਾ ਦੇ ਅਗਵਾ ਕਾਂਡ ਵਿਰੁੱਧ ਘੋਲ, ਤੱਪਾਖੇੜਾ ਦੇ ਬਰਗੇਡੀਅਰ ਦੀ ਗੁੰਡਾ ਗਰਦੀ ਵਿਰੋਧੀ ਘੋਲ,  ਮਲੋਟ ਦੇ ਰਿਕਸ਼ਾ ਚਾਲਕ ਦੀ ਪੁਲਿਸ ਵਲੋਂ ਕੁੱਟਮਾਰ ਵਿਰੁੱਧ ਘੋਲ ਤੇ ਮਲੋਟ ਦੇ ਸੂਰਜ ਟੈਕਸਟਾਈਲ ਮਿਲ ਦੇ ਕਾਮਿਆਂ ਦੇ ਘੋਲ *ਚ ਅਹਿਮ ਰੋਲ ਨਿਭਾਇਆ ਤੇ ਇਹਨਾਂ ਨੂੰ ਜਿੱਤ ਤੱਕ ਪਹੁੰਚਾਇਆ । ਐਮਰਜੈਂਸੀ ਦੌਰਾਨ ਜਦੋਂ ਟੀ.ਐਸ.ਯੂ. ਦੀ ਮੌਕਾਪ੍ਰਸਤ ਲੀਡਰਸ਼ਿਪ ਨੇ ਜਥੇਬੰਦੀ ਤੋੜ ਦਿਤੀ ਤਾਂ ਇਹ ਬਿਜਲੀ ਮੁਲਾਜਮ ਹਿਤਾਂ ਲਈ ਭਾਰੀ ਸੱਟ ਸੀ । ਉਸ ਮੌਕੇ ਸਾਥੀ ਕਰੋੜਾ ਸਿੰਘ ਨੇ ਅਮਰ ਲੰਬੀ ਤੇ ਹੋਰ ਆਗੂਆਂ ਨਾਲ ਰਲ ਕੇ ਇਸ ਜਥੇਬੰਦੀ ਨੂੰ ਮੁੜ ਬਹਾਲ ਕਰਨ ਚ ਆਗੂ ਭੁਮਿਕਾ ਨਿਭਾਈ ਤੇ ਪਿਛੋਂ ਨਾ ਸਿਰਫ ਇਨਾਂ ਨੇ ਆਪਣੇ ਆਪ ਨੂੰ ਖੱਬੀਖਾਨ ਕਹਾਉਂਦੇ ਅਫਸਰਾਂ - ਐਸ.ਈ. ਸੂਦ, ਐਕਸੀਅਨ ਸੁਖਮੰਦਰ, ਗਰੇਵਾਲ, ਦਿਉਲ ਤੇ ਹੀਰਾ ਸਿੰਘ ਵਰਗਿਆਂ ਵਿਰੁੱਧ ਜੁਝਾਰ ਘੋਲਾਂ ਚ ਆਗੂ ਭੁਮਿਕਾ ਨਿਭਾਈ ਤੇ ਇਹਨਾਂ ਖੱਬੀਖਾਨਾਂ ਦੀ ਬੂਥ ਲਵਾਈ ਸਗੋਂ  ਵੇਲੇ ਦੇ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਬਦਲਾਖੋਰ ਨੀਤੀ ਵਿਰੁੱਧ  ਘੋਲ ਵਰਗੇ ਲੰਮੇ ਤੇ ਵੱਕਾਰੀ ਘੋਲਾਂ ਵਿੱਚ ਅਹਿਮ ਆਗੂ ਭੂਮਿਕਾ ਨਿਭਾਈ ਤੇ ਇਸ ਘੈਂਕਰੇ ਮੰਤਰੀ ਦੀ ਹੈਂਕੜ ਭੰਨੀ ।ਸਿੱਟੇ ਵੱਜੋਂ ਕਈ ਝੂਠੇ ਕੇਸਾਂ *ਚ ਮੜ੍ਹਿਆ ਗਿਆ, ਜੇਲ੍ਹ ਜਾਣਾ ਪਿਆ ਤੇ ਨੌਕਰੀ ਤੋਂ ਮੁਅੱਤਲੀ ਵੀ ਝੱਲਣੀ ਪਈ  ਪਰ ਉਨ੍ਹਾਂ ਨੇ ਇਹ ਸਾਰਾ ਕੁੱਝ ਖਿੜੇ ਮੱਥੇ ਪੂਰੇ ਸਿੱਦਕ ਤੇ ਸਿਰੜ ਨਾਲ ਝੱਲਿਆ । 
ਮੁਲਾਜ਼ਮ ਮੁਹਾਜ ਤੇ ਮੌਕਾਪ੍ਰਸਤ ਤੇ ਸਮਝੌਤਾ ਪ੍ਰਸਤ ਰੁਝਾਨਾਂ ਵਿਰੁੱਧ ਡੱਟਵੀ ਲੜਾਈ ਦਿੰਦਿਆਂ ਅਮਰ ਲੰਬੀ ਤੇ ਹੋਰ ਸਾਥੀਆਂ ਨਾਲ ਜੁੜ ਕੇ ਮੁਲਾਜ਼ਮ ਮੁਹਾਜ ਨੂੰ ਇਨਕਲਾਬੀ ਲੀਹਾਂ ਤੇ ਜਥੇਬੰਦ ਕਰਨ ਲਈ "ਲੰਬੀ ਗਰੁੱਪ" ਚ ਸ਼ਾਮਲ ਹੋ ਕੇ ਪੰਜਾਬ ਪੱੱਧਰ ਤੇ ਅਹਿਮ ਆਗੂ ਭੂਮਿਕਾ ਨਿਭਾਈ। ਸਿੱਟੇ ਵੱਜੋਂ ਮੁਲਾਜ਼ਮ ਲਹਿਰ ਨੂੰ ਆਰਥਕਵਾਦ, ਕਾਨੂੰਨਵਾਦ ਦੀ ਦਲਦਲ ਚੋਂ ਕੱਢਕੇ ਦ੍ਰਿੜ, ਖਾੜਕੂ ਲੰਬੇ ਘੋਲਾਂ ਦੇ ਨਾਅਰੇ ਦੁਆਲੇ ਤੇ ਦੂਜੇ ਪਾਸੇ ਜਮਹ੍ਵਰੀ ਲੀਹਾਂ ਤੇ ਜਥੇਬੰਦ ਕਰਨ ਲਈ ਵੱਡੇ ਉੱਦਮ ਜੁਟਾਏ ।ਇਸ ਵੱਂਡੇ ਉਪਰਾਲੇ ਦੌਰਾਨ ਉਨ੍ਹਾਂ ਨੇ "ਲੰਬੀ ਸੋਚ" ਤੇ ਅਧਾਰਿਤ ਲੰਬੀ ਬਲਾਕ ਚ ਤਾਲਮੇਲ ਕਮੇਟੀ ਬਣਾ ਕੇ ਇਸ ਦਾ ਸੁਨੇਹਾ ਪੰਜਾਬ ਪੱਧਰ ਤੇ ਉਭਾਰਦਿਆਂ ਨਾ ਸਿਰਫ ਵੇਲੇ ਦੇ ਹਾਕਮਾਂ ਤੇ ਮੌਕਾਪ੍ਰਸਤ ਪਾਰਟੀਆਂ ਨਾਲ ਮੇਲ ਮਿਲਾਪ ਦੀ ਸਮਝੌਤਾਵਾਦੀ ਟਰੇਡ ਯੂਨੀਅਨ ਨੀਤੀ ਨੂੰ ਰੱਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸਗੋਂ ਇਨਕਲਾਬੀ ਜਮਾਤੀ ਨਜਰੀਏ ਤੋਂ ਜੁਝਾਰ ਘੋਲਾਂ ਦੀਆਂ ਪਿਰਤਾਂ ਪਾਈਆਂ । ਇਸ ਤੋਂ ਅਗੇ ਵੱਧ ਕੇ ਇਸ  ਇਨਕਲਾਬੀ ਸਮਝ ਨੂੰ ਬਿਜਲੀ ਮੁਹਾਜ ਤੇ ਅਮਲੀ ਜਾਮਾ ਪਹਿਨਾਉਣ ਲਈ ਸਾਥੀ ਅਮਰ ਲੰਬੀ ਨਾਲ ਮਿਲਕੇ ਬਿਜਲੀ ਮੁਲਾਜ਼ਮਾਂ ਚ "ਇਨਕਲਾਬੀ ਜਮਹੂਰੀ ਫਰੰਟ" ਜਥੇਬੰਦ ਕੀਤਾ ਤੇ ਇਸਦੇ ਸਿਰ ਤੇ ਖੇਤ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮੁਲਾਜ਼ਮ ਤਬਕਿਆਂ ਨਾਲ ਸਾਂਝੇ ਘੌਲਾਂ ਦੀਆਂ ਪਿਰਤਾਂ ਪਾਉਣ ਚ ਆਗੂ ਰੋਲ ਨਿਭਾਇਆ  । 1978 ਵਿੱਚ  ਬੁੇਰਜ਼ਗਾਰ  ਅਧਿਆਪਕਾਂ  ਦਾ ਘੋਲ, 1979  ਚ ਵਿਦਿਆਰਥੀ ਆਗੂ ਰੰਧਾਵਾਂ ਦੇ ਕਤਲ ਵਿਰੋਧੀ ਘੋਲ 1980 ਚ ਪੰਜਾਬ ਪੱਧਰਾ ਬੱਸ ਕਿਰਾਇਆ ਘੋਲ, ਅੱਤਵਾਦ ਦੇ ਕਾਲੇ ਦਿਨਾਂ ਵਿੱਚ ਦੋ-ਮੂੰਹੀ ਦਹਿਸ਼ਤਗਰਦੀ ਵਿਰੁੱਧ ਜਾਨ ਹੂਲਵੇਂ ਸੰਘਰਸ਼ , ਸੰਨ 2000 ਵਿੱਚ ਜੇਠੂਕੇ ਦਾ ਬੱਸ ਕਿਰਾਇਆ ਘੋਲ, ਬਿਜਲੀ ਬੋਰਡ ਦੇ ਨਿੱਜੀਕਰਨ ਵਿਰੋਧੀ ਘੋਲ ਆਦਿ ਅਜਿਹੇ ਇਤਿਹਾਸਕ ਘੋਲਾਂ ਦੀਆਂ ਉਦਾਹਰਨਾਂ ਹਨ ਜਿੰਨਾਂ ਵਿੱਚ ਅਮਰ ਲੰਬੀ ਤੇ ਪਿੱਛੋਂ ਗੁਰਦਿਆਲ ਭੰਗਲ ਨਾਲ ਮਿਲਕੇ ਸਾਂਝੇ ਲੋਕ ਘੋਲਾਂ ਚ ਬਿਜਲੀ ਮੁਲਾਜ਼ਮਾਂ ਦੀ ਅਗਵਾਈ ਕਰਨ ਚ ਮਿਸਾਲੀ ਆਗੂ ਭੂਮਿਕਾ ਨਿਭਾਈ । 
ਇਨਕਲਾਬੀ ਵਿਚਾਰਾਂ ਦੇ ਪ੍ਰਚਾਰ, ਪ੍ਰਸਾਰ ਦੇ ਖੇਤਰ ਚ ਸਾਥੀ ਕਰੋੜਾ ਸਿੰਘ ਨੇ ਜਿਥੇ ਹਰ ਮਈ ਦਿਵਸ ਮੌਕੇ ਕੌਮਾਤਰੀ ਮਜਦੂਰ ਜਮਾਤ ਦਾ ਪਰਚਮ ਲਹਿਰਾਇਆ ਉਥੇ ਭਗਤ ਸਿੰਘ ਦੇ ਜਨਮ ਸ਼ਤਾਬਦੀ ਸਮਾਗਮ ਮੌਕੇ, ਬਰਨਾਲਾ ਦੀ ਪੱਗੜੀ ਸੰਭਾਲ ਕਾਨਫਰੰਸ ਤੇ ਮੋਗਾ ਦੀ ਇਨਕਲਾਬ ਜਿੰਦਾਬਾਦ ਰੈਲੀ ਮੌਕੇ ਬਿਜਲੀ ਮੁਲਾਜਮਾਂ ਤੇ ਆਮ ਲੋਕਾਂ ਅੰਦਰ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਅਜੋਕੀ ਹਾਲਤ ਨਾਲ ਜੋੜ ਕੇ ਪਰਚਾਰਣ   ਚ ਅਹਿਮ  ਭੂਮਿਕਾ ਨਿਭਾਈ । ਉਸਨੇ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਇਨਕਲਾਬੀ ਨਿਹਚਾ ਸਨਮਾਨ ਸਮਾਰੋਹ ਮੌਕੇ ਤੇ ਪਿੱਛੋਂ ਅਜਮੇਰ ਸਿੰਘ ਔਲਖ ਦੇ ਸਨਮਾਨ ਸਮਾਰੋਹ ਮੌਕੇ ਇਹਨਾਂ ਸਮਾਗਮਾਂ ਦੀਆਂ ਸੰਚਾਲਕ ਕਮੇਟੀਆਂ ਚ ਸ਼ਾਮਲ ਹੋ ਕੇ ਇਨਕਲਾਬੀ ਸਾਹਿਤ ਤੇ ਇਨਕਲਾਬੀ ਲੋਕ ਲਹਿਰ ਦੇ ਰਿਸ਼ਤੇ ਸਬੰਧੀ ਅਤੇ ਇਨਾਂ ਨਾਮਵਰ ਸਖਸ਼ੀਅਤਾਂ ਦੇ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਚ ਵੱਡੀ ਆਗੂ ਭੂਮਿਕਾ ਨਿਭਾਈ । 
ਕਮਾਲ ਦੀ ਗੱਲ ਇਹ ਹੈ ਕਿ ਸੱਚੇ ਸਿੱਦਕਵਾਨ ਇਨਕਲਾਬੀ ਵਾਂਗ ਸਾਥੀ ਕਰੋੜਾ ਸਿੰਘ  ਨੇ ਆਪਣੀ ਇਹ ਲੜਾਈ ਧੜੱਲੇ ਤੇ ਜੋਸ਼ ਨਾਲ ਜਾਰੀ ਰੱਖੀ ਤੇ ਹੁਣ ਤੱਕ ਵੀ ਉਹ ਬਿਜਲੀ ਕਾਮਿਆਂ ਦੇ ਇਨਕਲਾਬੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰ ਚਲੇ ਆ ਰਹੇ ਸਨ । ਮੁਲਾਜਮਾਂ ਅੰਦਰ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਲਈ ਉਹ ਅੰਤਿਮ ਸਾਹਾਂ ਤੱਕ  "ਵਰਗ ਚੇਤਨਾ " ਪਰਚੇ ਚ ਅਹਿਮ ਸੰਪਾਦਕੀ ਜੁੰਮੇਵਾਰੀਆਂ ਨਿਭਾਉਂਦੇ ਰਹੇ ਤੇ ਅੰਤਲੇ ਸਾਹਾਂ ਤੱਕ ਜੁਝਾਰ ਜਨਤਕ ਘੋਲਾਂ ਚ ਸਮੂਲੀਅਤ ਤੇ ਅਗਵਾਈ ਵਿਚ ਜੀ-ਜਾਨ ਨਾਲ ਜੂਝਦੇ ਰਹੇ ਹਨ। ਆਪਣੇ ਆਖਰੀ ਦਿਨਾਂ ਚ ਉਨ੍ਹਾਂ ਨੇ ਸਾਹਮਣੇ ਦਿਖਦੀ ਮੌਤ ਦਾ ਵੀ ਪੂਰੇ ਹੌਂਸਲੇ ਨਾਲ ਡੱਟ ਕੇ ਟਾਕਰਾ ਕੀਤਾ ਤੇ ਅੰਤ ਤੱਕ ਬੁਲੰਦ ਹੌਂਸਲੇ ਤੇ ਭਖਾ ਨਾਲ ਜਿਉਂਦੇ ਰਹੇ । ਅੱਜ ਜਦੋਂ ਸਾਮਰਾਜੀਆਂ, ਕਾਰਪੋਰੇਟ ਘਰਾਣਿਆਂ ਤੇ ਜਾਗੀਰਦਾਰਾਂ ਪੱਖੀ ਸਰਕਾਰਾਂ ਵਲੋਂ ਮੁਲਾਜਮਾਂ ਅਤੇ ਲੋਕਾਂ ਉਤੇ ਚੌਤਰਫਾ ਹਮਲਾ ਤੇਜ ਕੀਤਾ ਜਾ ਰਿਹਾ ਹੈ ਜਦੋਂ ਇਨ੍ਹਾਂ ਹਕੂਮਤਾ ਵਲੋਂ ਨਿਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਅਜੰਡੇ ਨੂੰ ਜੋਰ-ਸ਼ੋਰ ਨਾਲ ਅੱਗੇ ਵਧਾਉਂਦੇ ਹੋਏ ਲੋਕਾਂ ਦੇ ਆਰਥਿਕ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਹੈ । ਜਲ, ਜੰਗਲ ,ਜ਼ਮੀਨਾਂ, ਰੁਜਗਾਰ ,ਵਿੱਦਿਆ, ਆਵਾਜਾਈ ਤੇ ਸਿਹਤ ਸੇਵਾਵਾਂ ਖੌਹੀਆਂ ਜਾ ਰਹੀਆਂ ਹਨ ।ਜਮਹੂਰੀ ਹੱਕਾਂ ਤੇ ਸੰਘਰਸ਼ਾਂ ਦੇ ਗਲ ਘੁੱਟਣ ਲਈ ਜਾਬਰ ਰਾਜ ਮਸ਼ੀਨਰੀ ਦੇ ਦੰਦੇ ਆਏ ਰੋਜ਼ ਹੋਰ ਤਿੱਖੇ ਕੀਤੇ ਜਾ ਰਹੇ ਹਨ । ਧਾਰਮਿਕ, ਜਾਤਪਾਤੀ ਤੇ ਕੌਮੀ ਜਨੂੰਨ ਭੜਕਾ ਕੇ ਲੋਕਾਂ *ਚ ਵੰਡੀਆਂ ਪਾਉਣ ਦੇ ਪੱਤੇ ਵਰਤੇ ਜਾ ਰਹੇ ਹਨ ਤੇ ਜਦੋਂ ਦੂਜੇ ਪਾਸੇ ਥਾਂ-ਥਾਂ ਲੋਕ ਘੋਲਾਂ ਦੇ ਫੁਟਾਰੇ  ਫੁੱਟ ਰਹੇ ਹਨ ਤਾਂ ਅੱਜ ਸਾਨੂੰ ਸਾਥੀ ਕਰੋੜਾ ਸਿੰਘ ਵਰਗੇ ਨਿਹਚਾਵਾਨ, ਸੂਝਵਾਨ, ਧੜੱਲੇਦਾਰ, ਸਮਰਪਤ ਲੋਕ ਆਗੂ ਦੀ ਲੋੜ  ਹੋਰ ਵੀ ਵੱਧ ਜਾਂਦੀ ਹੈ । ਅਜਿਹੇ ਮੌਕੇ ਸਾਥੀ ਕਰੋੜਾ ਸਿੰਘ ਦਾ ਵਿਛੋੜਾ ਮੁਲਾਜਮ ਲਹਿਰ ਲਈ ਤੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਸਦਮਾ ਤੇ ਘਾਟਾ ਹੈ । ਇਸ ਸਦਮੇ ਚੋਂ ਨਿਕਲਣ ਤੇ ਉਨਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਲੋਕ ਪੱਖੀ ਇਨਕਲਾਬੀ ਵਿਚਾਰਾਂ ਤੇ ਡਟਵਾਂ ਪਹਿਰਾ ਦਿੰਦੇ ਹੋਏ ਜਮਾਤੀ ਇਨਕਲਾਬੀ ਘੋਲਾਂ ਨੂੰ ਹੋਰ ਤੇਜ ਕਰੀਏ ਤੇ ਅਗੇ ਵਧਾਈਏ ਇਹੀ ਸਾਥੀ ਕਰੋੜਾ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।

ਵਲੋਂ ਇਨਕਲਾਬੀ ਜਮਹੂਰੀ ਫਰੰਟ ਪੰਜਾਬ

ਮਿਤੀ : 8-8-2015         ਜਾਰੀ ਕਰਤਾ
ਸੁਖਵੰਤ ਸਿੰਘ ਸੇਖੋਂ
ਮੋਬਾਈਲ 9417181791