StatCounter

Sunday, September 8, 2019

‘ ਫਿਰਕੂ ਰਾਸ਼ਟਰਵਾਦ ਤੇ ਧਰਮ ਨਿਰਪੱਖਤਾ’

 ‘ ਫਿਰਕੂ ਰਾਸ਼ਟਰਵਾਦ ਤੇ ਧਰਮ ਨਿਰਪੱਖਤਾ’

ਲੋਕ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਇਸਦੀ ਬਠਿੰਡਾ ਇਕਾਈ ਵੱਲੋਂ ‘ ਫਿਰਕੂ ਰਾਸ਼ਟਰਵਾਦ ਤੇ ਧਰਮ ਨਿਰਪੱਖਤਾ’ ਵਿਸ਼ੇ ਤੇ ਵਿਚਾਰ ਚਰਚਾ ਕਰਵਾਈ ਗਈ।ਇਸ ਚਰਚਾ ਵਿੱਚ ਲੋਕ ਮੋਰਚੇ ਦੇ ਸਥਾਨਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨਾਂ,ਕਿਸਾਨਾਂ,ਮੁਲਾਜਮਾਂ ਤੇ ਜਮਹੂਰੀ ਹਿੱਸਿਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਲੋਕ ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਵਿਸਥਾਰ ਸਹਿਤ ਦੱਸਿਆ ਕਿ ਸਾਰੀਆਂ ਵੋਟ ਪਾਰਟੀਆਂ ਵੱਲੋਂ ਮੌਜੂਦਾ ਪੁਲਵਾਮਾ ਹਮਲੇ ਦੀ ਵਰਤੋਂ ਕੌਮੀ ਸੁਰੱਖਿਆ ਨੂੰ ਖਤਰੇ ਦਾ ਹਊਆ ਖੜ੍ਹਾ ਕਰਕੇ ਲੋਕਾਂ ਦੇ ਹਕੀਕੀ ਮਸਲੇ ਰੋਲਣ ਲਈ ਕੀਤੀ ਜਾ ਰਹੀ ਹੈ। ਦੇਸ਼ਭਗਤੀ ਦੇ ਨਾਂ ਹੇਠ ਫਿਰਕੂ ਤੇ ਕੌਮੀ ਸ਼ਾਵਨਵਾਦ ਨੂੰ ਹਵਾ ਦਿੱਤੀ ਜਾ ਰਹੀ ਹੈ।ਕਸ਼ਮੀਰੀਆਂ ਖਿਲਾਫ ਭੜਕਾਊ ਲਾਮਬੰਦੀਆਂ ਦੇ ਯਤਨ ਹੋ ਰਹੇ ਹਨ ।ਇੱਕ ਪਾਸੇ ਮੁਲਕ ਦੇ ਹੋਰਨਾਂ ਹਿੱਸਿਆਂ ਅੰਦਰ ਕਸ਼ਮੀਰੀ ਕੌਮ ਦਾ ਅਕਸ ਅੱਤਵਾਦੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਸ਼ਮੀਰ ਅੰਦਰ ਫੌਜੀ ਦਮਨ ਦਾ ਡੰਡਾ ਚਲਾਇਆ ਜਾ ਰਿਹਾ ਹੈ।ਭਾਰਤੀ ਲੀਡਰਾਂ ਵੱਲੋਂ ਰਾਇਸ਼ੁਮਾਰੀ ਕਰਵਾਉਣ ਨੂੰ ਲੈ ਕੇ ਵਿਸਾਹਘਾਤ ਹੰਢਾ ਰਹੀ ਕਸ਼ਮੀਰੀ ਕੌਮ ਸ੍ਵੈ-ਨਿਰਣੇ ਦੇ ਹੱਕ ਲਈ ਲੜ ਰਹੀ ਹੈ।ਕਸ਼ਮੀਰ ਦੇ ਦੋਨੋਂ ਪਾਸੇ ਭਾਰਤੀ ਤੇ ਪਾਕਿਸਤਾਨੀ ਫੌਜਾਂ ਵੱਲੋਂ ਡੰਡੇ ਦੇ ਜੋਰ ਹੱਕੀ ਸੰਘਰਸ਼ ਦਬਾਏ ਜਾਣ ਦੇ ਯਤਨ ਬਲਦੀ ਤੇ ਹੋਰ ਤੇਲ ਪਾ ਰਹੇ ਹਨ।
ਬੁਲਾਰੇ ਨੇ ਕਿਹਾ ਕਿ ਅੱਜ ਦੇ ਸਮੇਂ ਨਕਲੀ ਰਾਸ਼ਟਰਵਾਦ ਦੇ ਮੁਕਾਬਲੇ ਖਰੀ ਦੇਸ਼ਭਗਤੀ ਦਾ ਅਰਥ ਭਗਤ ਸਿੰਘ ਦੀ ਸਾਮਰਾਜਵਾਦ ਵਿਰੋਧੀ ਵਿਰਾਸਤ ਬੁਲੰਦ ਕਰਨਾ ਹੈ।ਸਾਮਰਾਜਵਾਦ ਤੇ ਜਗੀਰਦਾਰੀ ਦੇ ਸੰਗਲਾਂ ਨੂੰ ਤੋੜ ਕੇ ਖਰੀ ਜਮਹੂਰੀਅਤ ਦੀ ਸਿਰਜਣਾ ਲਈ ਜੂਝਣਾ ਹੈ।ਸਾਰੇ ਦੱਬੇ ਕੁਚਲੇ ਲੋਕਾਂ ਤੇ ਕੌਮਾਂ ਲਈ ਦਾਬੇ ਤੋਂ ਮੁਕਤ ਸਮਾਜ ਦੀ ਉਸਾਰੀ ਕਰਨਾ ਹੈ।ਇਸ ਕਰਕੇ ਅੱਜ ਖਰੀ ਦੇਸ਼ਭਗਤੀ ਦਾ ਇੱਕ ਲੜ ਕਸ਼ਮੀਰ ਵਰਗੀਆਂ ਦਾਬੇ ਦੀਆਂ ਸ਼ਿਕਾਰ ਕੌਮਾਂ ਦੀ ਮੁਕਤੀ ਲਈ ਅਵਾਜ ਉਠਾਉਣਾ ਵੀ ਹੈ।
ਇਸ ਮੌਕੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਸ੍ਰੀ ਅਤਰਜੀਤ,ਪ੍ਰਿਤਪਾਲ ਸਿੰਘ,ਕਮਲ,ਡਾ. ਅਜੀਤਪਾਲ ਅਤੇ ਨਿਰਮਲ ਸਿਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਅੰਤ ਤੇ ਵਿਚਾਰ ਚਰਚਾ ਨੂੰ ਸਮੇਟਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਧਰਮਾਂ,ਜਾਤਾਂ,ਫਿਰਕਿਆਂ ਤੇ ਕੌਮੀਅਤਾਂ ਦੀਆਂ ਵੰਡੀਆਂ ਤੋਂ ਉਪਰ ਉੱਠ ਕੇ ਸਾਂਝੀ ਇਨਕਲਾਬੀ ਲਹਿਰ ਉਸਾਰਨ ਦਾ ਅਤੇ ਕਸ਼ਮੀਰ ਦੇ ਸ੍ਵੈ-ਨਿਰਣੇ ਦੇ ਹੱਕ ਦੀ ਦ੍ਰਿੜ ਹਮਾਇਤ ਕਰਨ ਦਾ ਸੱਦਾ ਦਿੱਤਾ।ਹਾਜਰ ਇਕੱਠ ਵੱਲੋਂ ਪੜ੍ਹੋ ਪੰਜਾਬ ਦਾ ਵਿਰੋਧ ਕਰ ਰਹੇ ਚਾਰ ਅਧਿਆਪਕ ਆਗੂਆਂ ਦੀ ਸਜਾ ਵਜੋਂ ਬਦਲੀ ਕੀਤੇ ਜਾਣ ਖਿਲਾਫ ਅਤੇ ਸੰਸਾਰ ਵਿੱਚ ਸਭਤੋਂ ਸੰਘਣੀ 7 ਲੱਖ ਫੌਜੀਆਂ ਦੀ ਤਾਇਨਾਤੀ ਹੇਠ ਕਰਾਹ ਰਹੇ ਕਸ਼ਮੀਰ ਅੰਦਰ ਦਸ ਹਜਾਰ ਹੋਰ ਫੌਜੀ ਬਲ ਭੇਜੇ ਜਾਣ ਖਿਲਾਫ ਮਤੇ ਪਾਸ ਕੀਤੇ ਗਏ।ਇਸ ਮੌਕੇ ਸਟੇਜ ਸੰਚਾਲਨ ਸੁਖਵਿੰਦਰ ਸਿੰਘ ਵੱਲੋਂ ਕੀਤਾ ਗਿਆ।ਅੰਮ੍ਰਿਤਪਾਲ ਬੰਗੇ,ਨਿਰਮਲ ਸਿਵੀਆਂ ਅਤੇ ਅਮਨ ਦਾਤੇਵਾਸੀਆ ਵੱਲੋਂ ਵਿਸ਼ੇ ਨਾਲ ਸਬੰਧਿਤ ਗੀਤ ਪੇਸ਼ ਕੀਤੇ ਗਏ।

ਲੋਕ ਮੋਰਚਾ ਪੰਜਾਬ ਦਾ ਸੁਨੇਹਾ:

ਲੋਕ ਮੋਰਚਾ ਪੰਜਾਬ ਦਾ ਸੁਨੇਹਾ:

-ਪੁਲਵਾਮਾ ਹਮਲੇ ਤੋਂ ਬਾਅਦ ਸਿਰਜਿਆ ਮਾਹੌਲ ਅਤੇ ਭਾਰਤੀ ਹਵਾਈ ਸੈਨਾ ਵੱਲੋਂ ਕੀਤੀ ਬੰਬਾਰੀ ਵੋਟਾਂ ਦੇ ਮੌਸਮ ਅੰਦਰ ਲੋਕਾਂ ਦੇ ਦੇਸ਼ ਭਗਤੀ ਦੇ ਜਜ਼ਬੇ ਨੂੰ ਵੋਟਾਂ ਚ ਢਾਲਣ ਦੀ ਕਸਰਤ ਹੈ|ਮਹਿੰਗਾਈ,ਕਿਸਾਨੀ ਕਰਜ਼ੇ,ਰਾਫੇਲ ਵਰਗੇ ਘਪਲਿਆਂ ਅਤੇ ਬੇਰੁਜ਼ਗਾਰੀ ਵਰਗੇ ਲੋਕਾਂ ਦੇ ਮੁੱਦਿਆਂ ਨੂੰ ਪਾਸੇ ਕਰਕੇ ਕੌਮੀ ਸੁਰੱਖਿਆ ਦੇ ਨਾਂ ਤੇ ਵੋਟਾਂ ਇਕੱਠੀਆਂ ਕਰਨ ਦੀ ਮੁਹਿੰਮ ਹੈ|
-ਪਹਿਲਾਂ ਦੇਸ਼ ਭਗਤੀ ਦੇ ਨਾਂ ਤੇ ਕਸ਼ਮੀਰੀਆਂ ਨੂੰ ਦੇਸ਼ ਅੰਦਰ ਥਾਂ ਥਾਂ ਕਹਿਰ ਦਾ ਨਿਸ਼ਾਨਾ ਬਣਾਇਆ ਗਿਆ ਹੈ|ਹੁਣ ਗੁਆਂਢੀ ਮੁਲਕ ਅੰਦਰ ਜਾ ਕੇ ਬੰਬਾਰੀ ਕਰਨ ਨਾਲ ਉਸ ਪ੍ਰਤੀ ਦੁਸ਼ਮਣੀ ਤੇ ਨਫਰਤ ਦਾ ਮਾਹੌਲ ਸਿਰਜਣ ਤੇ ਜ਼ੋਰ ਲਾਇਆ ਜਾ ਰਿਹਾ ਹੈ|
-ਇਸ ਮੌਕੇ ਜੰਗ ਕਰਨਾ ਨਾ ਭਾਰਤੀ ਹਾਕਮਾਂ ਦੀ ਸਕੀਮ ਹੈ, ਨਾ ਪਾਕਿਸਤਾਨੀਅਾਂ ਦੀ ਤੇ ਨਾਂ ਇਨ੍ਹਾਂ ਦੇ ਸਿਆਸੀ ਆਕਾ ਅਮਰੀਕਾ ਦੀ| ਭਾਰਤੀ ਤੇ ਪਾਕਿਸਤਾਨੀ ਹਾਕਮਾਂ ਦੇ ਜੰਗਾਂ ਦੇ ਹੋਕਰੇ ਅਤੇ ਸ਼ਾਂਤੀ ਮੁਹਿੰਮਾਂ ਦੀਆਂ ਕਸਰਤਾਂ ਤਾਂ ਸਾਮਰਾਜੀ ਨਿਰਦੇਸ਼ਾਂ ਨਾਲ ਬੱਝੀਆਂ ਹੋਈਆਂ ਹਨ|ਅਜਿਹੀ ਕਾਰਵਾਈ ਜੀਹਦੇ ਬਾਰੇ ਭਾਰਤੀ ਲੋਕਾਂ ਦੀ ਥਾਂ ਟਰੰਪ ਨੂੰ ਭਰੋਸੇ ਵਿੱਚ ਲਿਆ ਗਿਆ ਸੀ, ਸਿਰਫ਼ ਦੰਭੀ ਦੇਸ਼ਭਗਤੀ ਦਾ ਮਾਹੌਲ ਭਖਾਉਣ ਦੇ ਮਕਸਦ ਨਾਲ ਕੀਤੀ ਗਈ ਹੈ|
-ਭਾਰਤੀ ਹਾਕਮ ਪਾਰਟੀਆਂ ਅਜਿਹੇ ਹਮਲਿਆਂ ਅਤੇ ਕਾਰਵਾਈਆਂ ਦਾ ਫ਼ਾਇਦਾ ਪਹਿਲਾਂ ਵੀ ਖਟਦੀਆਂ ਆਈਆਂ ਹਨ| 1999 ਦੀ ਕਾਰਗਿਲ ਜੰਗ ਨੇ ਤਿੰਨ ਮਹੀਨੇ ਅਤੇ ਡੇਢ ਸਾਲ ਦੀ ਸਰਕਾਰ ਚਲਾਉਣ ਵਾਲੇ ਅਟਲ ਬਿਹਾਰੀ ਵਾਜਪਾਈ ਨੂੰ ਪੂਰੇ ਪੰਜ ਸਾਲਾਂ ਲਈ ਗੱਦੀ ਬਖਸ਼ੀ ਸੀ|2002 ਵਿੱਚ ਅਕਸ਼ਰਧਾਮ ਹਮਲੇ ਤੋਂ ਬਾਅਦ ਮੋਦੀ ਗੁਜਰਾਤ ਦਾ ਮੁੜ ਮੁੱਖ ਮੰਤਰੀ ਚੁਣਿਆ ਗਿਆ ਸੀ|2008 ਮੁੰਬਈ ਹਮਲਿਆਂ ਤੋਂ ਬਾਅਦ ਯੂਪੀਏ ਮੁੜ ਸੱਤਾ ਵਿੱਚ ਆਈ ਸੀ|ਉੜੀ ਹਮਲਾ ਵੀ ਐਨ ਚੋਣਾਂ ਤੋਂ ਪਹਿਲਾਂ ਹੋਇਆ ਸੀ|ਮੌਜੂਦਾ ਹਮਲੇ ਦਾ ਫਾਇਦਾ ਵੀ ਹਾਕਮ ਪਾਰਟੀ ਨੇ ਉਠਾਉਣਾ ਹੈ ਤੇ ਹੋਰਨਾਂ ਵੋਟ ਪਾਰਟੀਆਂ ਨੇ ਇਸ ਵਿੱਚੋਂ ਹਿੱਸਾ ਵੰਡਾੳੁਣਾ ਹੈ|
-ਨਾ ਸਿਰਫ ਇਨ੍ਹਾਂ ਹਮਲਿਆਂ ਅਤੇ ਜੰਗਾਂ ਦਾ ਕਹਿਰ ਹਰ ਪਾਸੇ ਲੋਕ ਹੀ ਹੰਢਾਉਂਦੇ ਹਨ ਸਗੋਂ ਇਹਨਾਂ ਹਮਲਿਆਂ ਰਾਹੀਂ ਉਨ੍ਹਾਂ ਦੇ ਹਕੀਕੀ ਮੰਗਾਂ ਮਸਲੇ ਰੋਲੇ ਜਾਂਦੇ ਹਨ|ਲੋਕ ਹਾਕਮ ਜਮਾਤਾਂ ਦੀ ਚੋਣ ਖੇਡ ਵਿੱਚ ਘੜੀਸੇ ਜਾਂਦੇ ਹਨ|
-ਭਾਰਤੀ ਹਾਕਮ ਜਮਾਤ ਵੱਲੋਂ ਭੜਕਾੲੀ ਜਾ ਰਹੀ ਦੰਭੀ ਦੇਸ਼ ਭਗਤੀ ਦਾ ਸ਼ਿਕਾਰ ਹੋਣ ਤੋਂ ਬਚੋ|ਲੋਕਾਂ ਅੰਦਰ ਆਪਣੇ ਹੀ ਭਰਾਵਾਂ,ਹੋਰਨਾਂ ਫਿਰਕਿਆਂ ਅਤੇ ਗੁਆਂਢੀ ਮੁਲਕਾਂ ਖ਼ਿਲਾਫ਼ ਨਫ਼ਰਤ ਭਰਨ ਦੀਆਂ ਕਾਰਵਾਈਆਂ ਦਾ ਵਿਰੋਧ ਕਰੋ|ਆਪਣੇ ਅਸਲੀ ਮੰਗਾਂ ਮਸਲਿਆਂ ਤੇ ਸੰਘਰਸ਼ ਤੇਜ਼ ਕਰੋ|ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਸਮਝਦੇ ਹੋਏ ਵੱਖ ਵੱਖ ਧਰਮਾਂ,ਫਿਰਕਿਆਂ,ਭਾਈਚਾਰਿਆਂ ਅਤੇ ਕੌਮਾਂ ਦੀ ਆਪਸੀ ਸਾਂਝ ਹੋਰ ਮਜਬੂਤ ਕਰੋ| ਇਸ ਸਾਂਝ ਦੇ ਜ਼ੋਰ 'ਤੇ, ਸ਼ਹੀਦ ਭਗਤ ਸਿੰਘ ਵੱਲੋਂ ਲਾਇਆ ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਬੁਲੰਦ ਕਰਨਾ ਹੀ ਖਰੀ ਦੇਸ਼ ਭਗਤੀ ਹੈ।

ਝੂਠੇ ਗਣਤੰਤਰ ਤੇ ਨਕਲੀ ਜਮਹੂਰੀਅਤ ਦੀ 69ਵੀਂ ਵਰ੍ਹੇਗੰਢ ਤੇ ਲੋਕ ਮੋਰਚਾ ਪੰਜਾਬ ਦਾ ਲੋਕਾਂ ਨੂੰ ਸੁਨੇਹਾ:

➡️ਹਾਕਮ ਜਮਾਤਾਂ ਦੇ ਚੁੰਧਿਆਊ ਨਾਰ੍ਹਿਆਂ ਤੇ ਦੰਭੀ ਪ੍ਰਚਾਰ ਤੋਂ ਬਾਹਰ ਆ ਕੇ ਹਕੀਕੀ ਭਾਰਤ ਦੀ ਤਸਵੀਰ ਵੇਖੋ।ਇਹਨਾਂ ਵਰ੍ਹਿਆਂ ਦੌਰਾਨ ਲੋਕਾਂ ਦੀਆਂ ਜਿਦਗੀਆਂ ਤੇ ਜਮਹੂਰੀ ਹੱਕਾਂ ਦਾ ਪੈਰ-ਪੈਰ ਤੇ ਘਾਣ ਹੋਇਆ ਹੈ।ਲੋਕ ਹਿਤਾਂ ਤੋਂ ਉਲਟੇ ਫੈਸਲੇ ਲਾਗੂ ਕੀਤੇ ਗਏ ਹਨ।ਸਭਨਾਂ ਜਨਤਕ ਅਦਾਰਿਆਂ,ਲੋਕਾਂ ਨੂੰ ਮਿਲੀਆਂ ਚੁਨਿੰਦਾ ਸਹੂਲਤਾਂ,ਰੁਜ਼ਗਾਰ ਮੌਕਿਆਂ,ਲੋਕ ਭਲਾਈ ਖੇਤਰਾਂ ਦਾ ਭੋਗ ਪਾ ਕੇ ਅੰਬਾਨੀਆਂ-ਅਡਾਨੀਆਂ ਦੇ ਮੁਨਾਫੇ ਸੁਨਿਸ਼ਚਿਤ ਕੀਤੇ ਗਏ ਹਨ।ਈਸਟ ਇੰਡੀਆ ਕੰਪਨੀ ਵਰਗੀਆਂ ਹਜਾਰਾਂ ਸਾਮਰਾਜੀ ਕੰਪਨੀਆਂ ਨੂੰ ਭਾਰਤੀ ਲੋਕਾਂ ਦੀ ਲੁੱਟ ਦੇ ਮੌਕੇ ਉਪਲਬਧ ਕਰਾਏ ਗਏ ਹਨ।ਹੱਕ ਮੰਗਦੇ ਲੋਕਾਂ ਤੇ ਕਹਿਰ ਢਾਹਿਆ ਗਿਆ ਹੈ।ਲੋਕ ਰਜਾ ਤੇ ਜਮਹੂਰੀਅਤ ਨੂੰ ਰੋਲਿਆ ਗਿਆ ਹੈ।
➡️ਹਾਕਮ ਜਮਾਤਾਂ ਵੱਲੋਂ ਪ੍ਰਚਾਰੀ ਜਾਂਦੀ ਫਰੇਬੀ ਦੇਸ਼ਭਗਤੀ ਲੋਕਾਂ ਨੂੰ ਹਾਕਮਾਂ ਵੱਲੋਂ ਕੀਤੇ ਕੌਮ ਧਰੋਹੀ ਫੈਸਲੇ ਚੁੱਪਚਾਪ ਮੰਨਣ ਲਈ ਮਜਬੂਰ ਕਰਦੀ ਹੈ,ਫੌਜ ਤੇ ਪੁਲਸ ਨੂੰ ਲੋਕਾਂ ਦੇ ਹੱਕੀ ਸੰਘਰਸ਼ਾਂ ਦਾ ਘਾਣ ਕਰਨ ਲਈ ਝੋਕਦੀ ਹੈ,ਗੁਆਂਢੀ ਮੁਲਕਾਂ ਜਾਂ ਦਬਾਈਆਂ ਕੌਮਾਂ ਖਿਲਾਫ ਨਫਰਤ ਦਾ ਪਸਾਰਾ ਕਰਦੀ ਹੈ ਤੇ ਲੋਕਾਂ ਦੇ ਸੱਚੇ-ਸੁੱਚੇ ਦੇਸ਼ ਪਿਆਰ ਨੂੰ ਆਪਣੇ ਸਿਆਸੀ ਫਾਇਦਿਆਂ ਲਈ ਵਰਤਦੀ ਹੈ।।ਇਸ ਦੰਭੀ ਦੇਸ਼ਭਗਤੀ ਨੂੰ ਰੱਦ ਕਰਕੇ ਖਰੀ ਦੇਸ਼ਭਗਤੀ ਬੁਲੰਦ ਕਰੋ।ਲੋਕਾਂ ਦੇ ਮੂੰਹੋਂ ਬੁਰਕੀ ਖੋਹ ਕੇ,ਸਾਮਰਾਜੀ ਕੰਪਨੀਆਂ,ਅੰਬਾਨੀਆਂ,ਅਡਾਨੀਆਂ,ਨੀਰਵ ਮੋਦੀਆਂ ਅੱਗੇ ਦੇਸ਼ ਦੇ ਮਾਲ ਖ਼ਜਾਨੇ ਪਰੋਸਣ ਦਾ ਵਿਰੋਧ ਕਰੋ। ਜਨਤਕ ਅਦਾਰਿਆਂ ਦੀ ਰਾਖੀ ਲਈ ਅੱਗੇ ਆਓ।ਆਪਣਾ ਰੁਜ਼ਗਾਰ,ਜ਼ਮੀਨਾਂ,ਜੰਗਲ,ਸਿੱਖਿਆ-ਸਿਹਤ ਵਰਗੇ ਅਨੇਕਾਂ ਜਮਹੂਰੀ ਹੱਕ ਤੇ ਜਿੰਦਗੀਆਂ ਬਚਾਉਣ ਲਈ ਥਾਂ-ਥਾਂ ਸੰਘਰਸ਼ ਕਰ ਰਹੇ ਲੋਕਾਂ ਦੇ ਸੰਗੀ ਬਣੋ।ਇਹਨਾਂ ਸੰਘਰਸ਼ਾਂ ਨੂੰ ਤੇਜ ਕਰੋ।ਸਾਂਝੇ ਸੰਘਰਸ਼ਾਂ ਰਾਹੀਂ ਹਾਕਮਾਂ ਦੇ ਕੌਮ ਧਰੋਹੀ ਤੇ ਲੋਕ ਵਿਰੋਧੀ ਫੈਸਲੇ ਉਲਟਾਉਣ ਵੱਲ ਵਧੋ।

ਲੋਕ ਮੋਰਚਾ ਪੰਜਾਬ ਦੀ ਸੂਬਾਈ ਕਨਵੈਨਸ਼ਨ

ਮੌਜੂਦਾ ਲੁਟੇਰੇ ਰਾਜ-ਭਾਗ ਦੀ ਥਾਂ ਲੋਕਾਂ ਦੀ ਪੁੱਗਤ ਵਾਲੇ ਖਰੇ ਲੋਕ ਰਾਜ ਦਾ ਬਦਲ ਉਭਾਰਨ ਲਈ ਸਰਗਰਮ ਹੋਣ ਦਾ ਸੱਦਾ
ਬਠਿੰਡਾ, 20 ਜਨਵਰੀ - ਲੋਕ ਮੋਰਚਾ ਪੰਜਾਬ ਦੀ ਸੂਬਾਈ ਜਥੇਬੰਦਕ ਕਨਵੈਨਸ਼ਨ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਹੱਕੀ ਮੰਗਾਂ ਮਸਲਿਆਂ ਲਈ ਚਲਦੇ ਸੰਘਰਸ਼ਾਂ ਨੂੰ ਖਰਾ ਲੋਕਰਾਜ ਉਸਾਰਨ ਦੀ ਮੰਜ਼ਿਲ ਤੱਕ ਲੈ ਜਾਣ ਦਾ ਇਰਾਦਾ ਧਾਰਨ ਕਿਉਂਕਿ ਲੋਕਾਂ ਦੀਆਂ ਸਭਨਾਂ ਮੁਸ਼ਕਲਾਂ ਦਾ ਹੱਲ ਮੌਜੂਦਾ ਲੁਟੇਰੇ ਰਾਜ 'ਚ ਨਹੀਂ ਸਗੋਂ ਲੋਕਾਂ ਦੀ ਪੁੱਗਤ ਵਾਲੇ ਖਰੇ ਜਮਹੂਰੀ ਲੋਕ ਰਾਜ ਦੀ ਸਿਰਜਨਾ ਨਾਲ ਹੀ ਹੋ ਸਕਦਾ ਹੈ। ਲੋਕਾਂ ਮੂਹਰੇ ਖਰੇ ਲੋਕ ਰਾਜ ਦੀ ਲੋੜ ਉਭਾਰਨ ਤੇ ਪ੍ਰਚਾਰਨ ਦੇ ਮਕਸਦ ਨੂੰ ਪ੍ਰਣਾਈ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ ਅੱਜ ਟੀਚਰਜ਼ ਹੋਮ ਬਠਿੰਡਾ 'ਚ ਕੀਤੀ ਆਪਣੀ ਸੂਬਾਈ ਜਥੇਬੰਦਕ ਕਨਵੈਨਸ਼ਨ 'ਚ ਇਨਕਲਾਬੀ ਬਦਲ ਉਭਾਰਨ ਪ੍ਰਚਾਰਨ ਦੇ ਆਪਣੇ ਕਾਰਜਾਂ ਦੀ ਰੂਪ ਰੇਖਾ ਉਲੀਕੀ ਅਤੇ ਜਥੇਬੰਦੀ ਦੇ ਸੰਚਾਲਨ ਲਈ ਆਪਣੀ ਸੂਬਾਈ ਜਥੇਬੰਦਕ ਕਮੇਟੀ ਦੀ ਚੋਣ ਕੀਤੀ।
ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਜੁੜੇ ਲੋਕ ਮੋਰਚਾ ਪੰਜਾਬ ਦੇ ਮੈਂਬਰਾਂ ਤੇ ਸਮਰਥਕਾਂ ਦੀ ਭਰਵੀਂ ਇਕੱਤਰਤਾ ਦੀ ਸ਼ੁਰੂਆਤ ਮੁਲਕ ਦੀ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਨੂੰ ''ਮਿੱਤਰੋ ਨਾ ਭੁੱਲ ਜਾਣਾ ਪੈਗਾਮ ਸ਼ਹੀਦਾਂ ਦਾ'' ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਹਾਲ 'ਚ ਜੁੜੇ ਕਾਰਕੁੰਨਾਂ ਦਾ ਸਵਾਗਤ ਕਰਦਿਆਂ ਮੋਰਚਾ ਦੇ ੧੫ ਵਰ੍ਹੇ ਸੂਬਾ ਸਕੱਤਰ ਰਹੇ ਅਮੋਲਕ ਸਿੰਘ ਨੇ ਇਨਕਲਾਬੀ ਬਦਲ ਉਭਾਰਨ ਦੇ ਬੇਹੱਦ ਮਹੱਤਵਪੂਰਨ ਕਾਰਜ ਲਈ ਜੁਟਣ ਖਾਤਰ ਆਪਣੇ ਕੰਮਾਂ ਦੀ ਵਿਉਂਤਬੰਦੀ ਕਰਨ ਅਤੇ ਨਵੀਂ ਆਗੂ ਟੀਮ ਦੀ ਚੋਣ ਕਰਨ ਦੇ ਕਾਰਜ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮੇਂ ਦੇ ਹਾਣ ਦੇ ਹੋ ਨਿਜੱਠਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ, ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਅਤੇ ਸ਼ੀਰੀਂ ਨੇ ਮੌਜੂਦਾ ਦੌਰ ਦੀਆਂ ਕੌਮੀ ਅਤੇ ਕੌਮਾਂਤਰੀ ਹਾਲਤਾਂ ਬਾਰੇ ਅਤੇ ਇਨ੍ਹਾਂ 'ਚੋਂ ਨਿਕਲਣੇ ਜਥੇਬੰਦੀ ਦੇ ਕਾਰਜਾਂ ਬਾਰੇ ਵਿਸਥਾਰੀ ਚਰਚਾ ਕੀਤੀ। ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਅੱਜ ਮੁਲਕ ਦੇ ਸਭਨਾਂ ਸੰਕਟਾਂ ਦੀਆਂ ਜੜ੍ਹਾਂ ਮੌਜੂਦਾ ਲੁਟੇਰੇ ਰਾਜ ਭਾਗ ਤੇ ਸਮਾਜ 'ਚ ਹਨ। ਅੰਗਰੇਜੀ ਸਾਮਰਾਜ ਵੱਲੋਂ ਮੁਲਕ ਦੀ ਅੰਨ੍ਹੀ ਲੁੱਟ ਖਸੁੱਟ ਕਰਕੇ ਇਸਨੂੰ ਪਛੜੇਵੇਂ ਵਿਚ ਧੱਕ ਦਿੱਤਾ ਗਿਆ ਸੀ ਅਤੇ ਮਗਰੋਂ ੧੯੪੭ ਦੀ ਸੱਤਾ ਬਦਲੀ 'ਚ ਮੁਲਕ ਦੇ ਜਗੀਰਦਾਰਾਂ ਤੇ ਦਲਾਲ ਸਮਰਾਏਦਾਰਾਂ ਨੇ ਰਾਜ ਭਾਗ ਸਾਂਭ ਕੇ ਸਾਮਰਾਜੀ ਗੁਲਾਮੀ ਨੂੰ ਜਾਰੀ ਰੱਖਿਆ ਅਤੇ ਮੁਲਕ ਦੇ ਕੁਦਰਤੀ ਸਰੋਤਾਂ ਤੇ ਕਿਰਤ ਦੀ ਲੁੱਟ ਜਿਉਂ ਤਿਉਂ ਜਾਰੀ ਰਹੀ ਅਤੇ ਹੋਰ ਤੇਜੀ ਹੁੰਦੀ ਗਈ। ਬੀਤੇ ੭੧ ਸਾਲਾਂ 'ਚ ਬਦਲ-ਬਦਲ ਕੇ ਰਾਜ ਕਰਦੀਆਂ ਆ ਰਹੀਆਂ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਲੋਕਾਂ ਤੇ ਨਵੀਆਂ-ਨਵੀਆਂ ਲੁਟੇਰੀਆਂ ਨੀਤੀਆਂ ਨੂੰ ਮੜ੍ਹਿਆ ਹੈ ਤੇ ਹਰ ਇੱਕ ਨੇ ਦੂਜੇ ਤੋਂ ਵੱਧ ਕੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ। ਲੋਕ ਥਾਂ-ਥਾਂ ਇਨ੍ਹਾਂ ਲੁੱਟਣ ਦੇ ਅਮਲਾਂ ਖਿਲਾਫ ਸੰਘਰਸ਼ ਭਖਾ ਰਹੇ ਹਨ ਤੇ ਆਪਣੀ ਮੁਕਤੀ ਦੇ ਅਰਥਾਂ ਦੀ ਤਲਾਸ਼ 'ਚ ਹਨ। ਸੋਹਣੀ ਤੇ ਖੁਸ਼ਹਾਲ ਜਿੰਦਗੀਆਂ ਦੀਆਂ ਆਸਾਂ ਲਾਈ ਮੁਕਤੀ ਦੇ ਹਰ ਆਸਮਈ ਨਾਅਰੇ ਨੂੰ ਹੁੰਗਾਰਾ ਦਿੰਦੇ ਹਨ। ਪਰ ਲੋਕਾਂ ਦੇ ਸਾਹਮਣੇ ਆਪਣੇ ਖਰ੍ਹੇ ਲੋਕ ਰਾਜ ਦਾ ਨਕਸ਼ਾ ਨਹੀਂ ਉਭਰਿਆ ਹੋਇਆ ਅਤੇ ਨਾ ਹੀ ਲੋਕਾਂ ਨੂੰ ਅਜਿਹੇ ਰਾਜ ਦੀ ਉਸਾਰੀ ਦਾ ਰਸਤਾ ਸਪੱਸ਼ਟ ਹੈ। ਇਸ ਲਈ ਵਾਰ-ਵਾਰ ਲੋਕ ਤਰ੍ਹਾਂ-ਤਰ੍ਹਾਂ ਦੇ ਚੋਣ ਮਦਾਰੀਆਂ ਤੋਂ ਠੱਗੇ ਜਾਂਦੇ ਹਨ। ਲੋਕਾਂ ਦੀ ਝਾਕ ਮੌਜੂਦਾ ਪਾਰਲੀਮੈਂਟਾਂ ਤੇ ਵਿਧਾਨ ਸਭਾਵਾਂ ਤੋਂ ਮੁੱਕਣ ਨਾਲ ਹੀ ਆਪਣੇ ਅਸਲ ਰਾਜ ਲਈ ਸੰਗਰਾਮ 'ਚ ਆ ਸਕਦੇ ਹਨ। ਇਸ ਲਈ ਲੋਕਾਂ ਨੂੰ ਬਦਲਵੇਂ ਲੋਕ ਰਾਜ ਦਾ ਨਕਸ਼ਾ ਤੇ ਰਾਸਤਾ ਪ੍ਰਚਾਰਨਾ ਤੇ ਉਭਾਰਨਾ ਬੇਹੱਦ ਜਰੂਰੀ ਹੈ ਤਾਂ ਕਿ ਉਹ ਆਪਣੇ ਰੋਜਮਰ੍ਹਾ ਦੇ ਸੰਘਰਸ਼ਾਂ ਦੀ ਅੰਤਿਮ ਮੰਜਿਲ ਦੇਖ ਸਕਣ। ਦਲਾਲ ਹਾਕਮਾਂ ਦੀਆਂ ਦੰਭੀ ਸੰਸਥਾਵਾਂ (ਪਾਰਲੀਮੈਂਟ, ਵਿਧਾਨ ਸਭਾਵਾਂ ਤੇ ਅਦਾਲਤਾਂ ਵਗੈਰਾ) ਤੋਂ ਝਾਕ ਛੱਡਣ ਅਤੇ ਆਪਣੀ ਤਾਕਤ ਜੋੜਨ ਦੇ ਰਾਹ ਪੈ ਸਕਣ। ਲੋਕਾਂ 'ਚ ਇਹ ਸੰਦੇਸ਼ ਉੱਚਾ ਕਰਨਾ ਜਰੂਰੀ ਹੈ ਕਿ ਉਨ੍ਹਾਂ ਦੇ ਮੌਜੂਦਾ ਹੱਕੀ ਸੰਘਰਸ਼ ਵਕਤੀ ਰਾਹਤ ਦੇ ਸਕਦੇ ਹਨ ਪਰ ਉਨ੍ਹਾਂ ਦੀ ਮੁਕਤੀ ਦਾ ਜਰੀਆ ਨਹੀਂ ਬਣ ਸਕਦੇ। ਮੁਕਤੀ ਦਾ ਜਰੀਆ ਤਾਂ ਹੀ ਬਣ ਸਕਦੇ ਹਨ ਜੇਕਰ ਇਹ ਮੌਜੂਦਾ ਲੁਟੇਰੇ ਰਾਜ ਖਿਲਾਫ ਸੇਧਤ ਹੋਣ ਤੇ ਆਪਣੀ ਸੱਤਾ ਸਥਾਪਤ ਕਰਨ ਦਾ ਨਿਸ਼ਾਨਾ ਮਿਥਣ।
ਇਸ ਲਈ ਸਾਨੂੰ ਦਿਨੋਂ ਦਿਨ ਤਿੱਖੀ ਹੋ ਰਹੀ ਇਨਕਲਾਬੀ ਬਦਲ ਦੀ ਜਰੂਰਤ ਨੂੰ ਹੁੰਗਾਰਾ ਦੇਣਾ ਚਾਹੀਦਾ ਹੈ ਤੇ ਲੋਕਾਂ 'ਚ ਅਜਿਹੇ ਬਦਲ ਦਾ ਸੰਦੇਸ਼ ਉਭਾਰਨ ਲਈ ਸਰਗਰਮ ਹੋਣਾ ਚਾਹੀਦਾ ਹੈ। ਖਰ੍ਹੇ ਬਦਲ ਦੀ ਅਣਹੋਂਦ 'ਚ ਹਾਕਮ ਜਮਾਤਾਂ ਲੋਕਾਂ 'ਚ ਭਰਮਾਊ ਤੇ ਭਟਕਾਊ ਨਾਅਰਿਆਂ ਸਹਾਰੇ ਪਾਟਕ ਪਾਉਂਦੀਆਂ ਹਨ ਅਤੇ ਆਪਣੇ ਲੁਟੇਰੇ ਰਾਜ ਦੀਆਂ ਜੜ੍ਹਾਂ ਹੀ ਹੋਰ ਮਜਬੂਤ ਕਰਦੀਆਂ ਹਨ। ਇਹ ਸੰਦੇਸ਼ ਪ੍ਰਚਾਰਨ ਲਈ ਸਾਨੂੰ ਸ਼ਹੀਦ ਭਗਤ ਸਿੰਘ ਦੇ ਨਾਅਰੇ ਇਨਕਲਾਬ-ਜਿੰਦਾਬਾਦ ਤੇ ਸਾਮਰਾਜਬਾਦ ਮੁਰਦਾਬਾਦ ਨੂੰ ਉਚਾ ਕਰਨ ਦੀ ਲੋੜ ਹੈ।
ਇਸ ਵਿਸ਼ੇ 'ਤੇ ਚਰਚਾ 'ਚ ਹਾਜਰ ਕਾਰਕੁੰਨਾਂ ਨੇ ਭਾਗ ਲਿਆ ਤੇ ਕਈ ਸੁਝਾਅ ਦਿੱਤੇ। ਇਕੱਤਰਤਾ ਨੇ ਆਪਣੇ 'ਚੋਂ ਪੰਜ ਮੈਂਬਰੀ ਸੂਬਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ, ਜਿਸ ਵਿਚ ਜਗਮੇਲ ਸਿੰਘ, ਗੁਰਦੀਪ ਮਲੋਟ, ਸ਼ੀਰੀਂ, ਸੁਖਵਿੰਦਰ ਸਿੰਘ ਤੇ ਸਤਨਾਮ ਦੀਵਾਨਾ ਸ਼ਾਮਲ ਹਨ। ਕਮੇਟੀ ਨੇ ਆਪਣੇ 'ਚੋਂ ਜਗਮੇਲ ਸਿੰਘ ਨੂੰ ਸਕੱਤਰ ਚੁਣਿਆ। ਕਮੇਟੀ ਨੇ ਐਨ.ਕੇ. ਜੀਤ ਨੂੰ ਆਪਣੇ ਸਲਾਹਕਾਰ ਵਜੋਂ ਨਾਲ ਲਿਆ। ਅਖੀਰ 'ਤੇ ਐਨ.ਕੇ. ਜੀਤ ਨੇ ਸਭਨਾਂ ਕਾਰਕੁੰਨਾਂ ਦਾ ਧੰਨਵਾਦ ਕਰਦਿਆਂ ਲੋਕਾਂ ਮੂਹਰੇ ਇਨਕਲਾਬੀ ਬਦਲ ਉਭਾਰਨ ਦੇ ਕਾਰਜ 'ਚ ਇਨਕਲਾਬੀ ਉਤਸ਼ਾਹ ਤੇ ਜੋਸ਼ੋ ਖਰੋਸ਼ ਨਾਲ ਕੁੱਦਣ ਦਾ ਸੱਦਾ ਦਿੱਤਾ। ਅੱਜ ਦੀ ਇਕੱਤਰਤਾ ਨੇ ਪੰਜ ਸੰਘਰਸ਼ਸ਼ੀਲ ਅਧਿਆਪਕਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ, ਕੇਂਦਰੀ ਹਕੂਮਤ ਵੱਲੋਂ ਕੰਪਿਊਟਰ 'ਤੇ ਨਿਗਰਾਨੀ ਦਾ ਨੋਟੀਫਿਕੇਸ਼ਨ ਪਾਸ ਕਰਨ ਦਾ ਗੈਰ ਜਮਹੂਰੀ ਕਦਮ ਚੁੱਕਣ ਦੀ ਨਿੰਦਾ ਕਰਦੇ ਮਤੇ ਪਾਸ ਕਰਦਿਆਂ ਇਨ੍ਹਾਂ ਕਦਮਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਦੇਸ਼ ਭਰ 'ਚੋਂ ਗ੍ਰਿਫਤਾਰ ਕੀਤੇ ਗਏ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਰਿਹਾਈ ਲਈ ਵੀ ਆਵਾਜ਼ ਉਠਾਈ ਗਈ। ਇਸ ਮੌਕੇ ਗੁਰਦਿਆਲ ਸਿੰਘ, ਨਿਰਮਲ ਸਿੰਘ ਸਿਵੀਆਂ, ਰਤਨ ਮੂਣਕ, ਸਰਬਜੀਤ ਸਿੰਘ, ਨਨਪਾਲ, ਸੰਦੀਪ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਤਸਵੀਰਾਂ ਨੱਥੀ:
ਜਾਰੀ ਕਰਤਾ:
ਸੁਖਵਿੰਦਰ ਸਿੰਘ
ਫੋਨ ਨੰ:9417289536
ਮਿਤੀ. 20 ਜਨਵਰੀ2019

Monday, July 8, 2019

ਕੇਂਦਰੀ ਬੱਜ਼ਟ ਦੇਸੀ-ਬਦੇਸ਼ੀ ਧਨਾਢਾਂ ਦੀ ਨੰਗੀ-ਚਿੱਟੀ ਸੇਵਾ ਤੇ ਲੋਕਾਂ ਨਾਲ ਧੋਖਾ

ਕੇਂਦਰੀ ਬੱਜ਼ਟ 2019-20 :
ਦੇਸੀ-ਬਦੇਸ਼ੀ ਧਨਾਢਾਂ ਨੂੰ ਲੁੱਟ ਦੀਆਂ ਖੁੱਲਾਂ !


ਭਾਜਪਾ ਦੀ ਕੇਂਦਰੀ ਹਕੂਮਤ ਵੱਲੋਂ ਸਾਲ 2019-20 ਦਾ ਪੇਸ਼ ਕੀਤਾ ਕੇਂਦਰੀ ਬੱਜ਼ਟ ਦੇਸੀ-ਬਦੇਸ਼ੀ ਧਨਾਢਾਂ ਦੀ ਨੰਗੀ-ਚਿੱਟੀ ਸੇਵਾ ਤੇ ਲੋਕਾਂ ਨਾਲ ਧੋਖਾ ਹੈ। ਇਸ ਸੇਵਾ ਤੇ ਧੋਖੇ ਦੀ ਖੇਡ ਵਿਚ ਤਨੋਂ ਮਨੋਂ ਜੁਟੀਆਂ ਪਹਿਲੀਆਂ ਕੇਂਦਰੀ ਤੇ ਸੂਬਾਈ ਹਕੂਮਤਾਂ ਦੀ ਤਰ੍ਹਾਂ ਹੁਣ ਭਾਜਪਾ ਦੀ ਕੇਂਦਰੀ ਹਕੂਮਤ ਨੇ ਵੀ ਇਸ ਵਾਰ ਦੇ ਬੱਜ਼ਟ ਰਾਹੀਂ ਇਸ ਸੇਵਾ ਤੇ ਧੋਖੇ ਦੀ ਖੇਡ ਵਿਚ ਕਸਰਾਂ ਕੱਢ ਦਿੱਤੀਆਂ ਹਨ। ਇਹ ਬੱਜ਼ਟ, ਲੋਕਾਂ ਲਈ ਮਹਿੰਗਾਈ, ਬੇਰੁਜ਼ਗਾਰੀ ਤੇ ਬਿਮਾਰੀਆਂ ਦੀ ਬੋਰੀ ਹੈ ਅਤੇ ਦੇਸੀ-ਬਦੇਸ਼ੀ ਧਨਾਢਾਂ ਲਈ ਗੱਫਿਆਂ ਦਾ ਰੰਗਲਾ ਲਿਫਾਫਾ ਹੈ।
ਇਸ ਬੱਜ਼ਟ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼-ਜ਼ਾਲ ਵਿਚੋਂ ਕੱਢਣ, ਫਸਲਾਂ ਸਮਰਥਨ ਮੁੱਲ ਉੱਤੇ ਖਰੀਦਣ ਅਤੇ ਵਾਤਾਵਰਣ ਦੇ ਸੰਕਟ ਨਾਲ ਨਜਿੱਠਣ ਦੇ ਮੁੱਦੇ 'ਤੇ ਚੁੱਪ ਧਾਰੀ ਗਈ ਹੈ। ਉਲਟਾ ਡੀਜ਼ਲ ਦਾ ਰੇਟ ਵਧਾ ਕੇ 240 ਕਰੋੜ ਰੁਪਏ ਦਾ ਭਾਰ ਪਾ ਦਿੱਤਾ ਹੈ। ਪੈਟਰੋਲ ਦੇ ਰੇਟ ਵਾਧੇ ਨਾਲ ਵੱਖਰਾ 900 ਕਰੋੜ ਰੁਪਏ ਦਾ ਭਾਰ ਪਾਇਆ ਗਿਆ ਹੈ। ਟੈਕਸਾਂ (ਜੀ. ਐਸ. ਟੀ.) ਦਾ ਭਾਰ, ਖਾਦਾਂ 'ਤੇ 5%, ਕੀਟਨਾਸ਼ਕਾਂ 'ਤੇ 12%, ਖੇਤੀ ਮਸ਼ੀਨਰੀ 'ਤੇ 18 ਤੋਂ 25% ਪਹਿਲਾਂ ਵਾਂਗ ਹੀ ਬਣਿਆ ਰਹੇਗਾ।
ਨਰੇਗਾ ਦੀ ਬੱਜ਼ਟ ਰਕਮ ਵੀ ਘਟਾ ਦਿੱਤੀ ਹੈ, ਪਹਿਲਾਂ ਖੁਦ ਲਾਏ ਅਨੁਮਾਨਾਂ ਤੋਂ ਕਿਤੇ ਘੱਟ ਰਕਮ ਦੇਣ ਦਾ ਵਾਅਦਾ ਕੀਤਾ ਹੈ। ਬੇਰੁਜ਼ਗਾਰਾਂ ਦੇ ਨਾ ਅੰਕੜੇ ਪੇਸ਼ ਕੀਤੇ ਅਤੇ ਨਾ ਬੇਰੁਜ਼ਗਾਰੀ ਦੇ ਹੱਲ ਲਈ ਕੋਈ ਰਾਹ-ਸੁਝਾਅ ਰੱਖਿਆ ਹੈ। ਅਨੁਸੂਚਿਤ ਜਾਤੀਆਂ ਦੇ ਵਿਕਾਸ ਦੀ ਅੰਬਰੇਲਾ ਯੋਜਨਾ ਲਈ ਬੱਜ਼ਟ ਰਕਮ ਵਿਚ 2164 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ। ਪਿੰਡਾਂ ਤੱਕ ਸ਼ੁੱਧ ਪਾਣੀ ਸਪਲਾਈ ਪਹੁੰਚਾਉਣ ਦੇ ਲੰਮੇ ਠੱਡੇ ਲਾਏ ਗਏ ਹਨ| 2024 ਤੱਕ ਦਾ ਵਾਅਦਾ ਕੀਤਾ ਗਿਆ ਹੈ। ਦੂਸ਼ਿਤ ਹੋ ਰਿਹਾ ਪਾਣੀ, ਆਬੋ-ਹਵਾ ਤੇ ਧਰਤੀ ਅਤੇ ਵਧ ਰਹੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਕੋਈ ਪੈਸਾ ਨਹੀਂ ਰੱਖਿਆ ਗਿਆ ਹੈ। ਪੁਲਾੜ, ਊਰਜਾ, ਵਿੱਤ, ਟਰਾਂਸਪੋਰਟ, ਰਿਟੇਲ ਟਰੇਡ, ਸਿਹਤ, ਸਿੱਖਿਆ ਨੂੰ ਨਿੱਜੀ ਖੇਤਰ ਲਈ ਖੋਲ ਦਿੱਤਾ ਹੈ। ਏਅਰ ਇੰਡੀਆ ਦੇ ਨਿੱਜੀਕਰਨ ਦੀ ਤਜਵੀਜ਼ ਪੇਸ਼ ਵੀ ਕਰ ਦਿੱਤੀ ਗਈ ਹੈ।ਰੇਲਵੇ, ਰੱਖਿਆ ਅਤੇ ਜਨਤਕ ਖੇਤਰ ਅੰਦਰ ਅਪਨਿਵੇਸ਼ ਕਰਕੇ (ਵੇਚ ਕੇ)1 (ਇੱਕ) ਲੱਖ ਕਰੋੜ ਰੁਪਏ ਇੱਕਠੇ ਕਰਨੇ ਹਨ। ਮੁਲਾਜ਼ਮਾਂ ਨੂੰ ਰਿਆਇਤਾਂ ਦੇਣ ਪੱਖੋਂ ਨਜਰ-ਅੰਦਾਜ਼ ਕੀਤਾ ਗਿਆ ਹੈ ਅਤੇ ਟੈਕਸਾਂ ਤੇ ਮਹਿੰਗਾਈ ਦੀ ਮਾਰ ਹੇਠਾਂ ਲਿਆਂਦਾ ਗਿਆ ਹੈ।
ਇਸ ਦੇ ਉਲਟ, ਇਸ ਬੱਜ਼ਟ ਵਿਚ ਦੇਸੀ-ਬਦੇਸ਼ੀ  ਧਨਾਢਾਂ ਨੂੰ ਮੁਲਕ ਨੂੰ ਲੁੱਟਣ ਦੀ ਖੁੱਲ ਦੇ ਦਿੱਤੀ ਗਈ ਹੈ। ਧਰਤੀ, ਪਾਣੀ ਤੇ ਜੰਗਲ ਤੋਂ ਲੈ ਕੇ ਧੁਰ ਪੁਲਾੜ ਤੱਕ ਹਰ ਖੇਤਰ ਉਹਨਾਂ ਮੂਹਰੇ ਪਰੋਸ ਧਰਨ ਦੀ ਵਚਨਬੱਧਤਾ ਦੁਹਰਾਈ ਗਈ ਹੈ। ਪਹਿਲਾਂ ਹੀ ਕਈ ਖੇਤਰ ਪਰੋਸੇ ਜਾ ਚੁੱਕੇ ਹਨ। ਇਹਨਾਂ ਲਈ ਦਰਾਮਦੀ  ਟੈਕਸ ਘਟਾ ਕੇ ਜਨਤਕ ਖੇਤਰ ਨੂੰ ਨਿਗਲਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸਸਤੇ ਘਰ ਦੇਣ ਦੀ ਯੋਜਨਾ ਨਾਲ ਬਿਲਡਰਜ਼ ਲਾਬੀ ਨੂੰ ਸਰਕਾਰੀ ਜ਼ਮੀਨਾਂ ਤੇ ਟੈਕਸਾਂ ਰਾਹੀਂ ਲਾਭ ਦੇਣਾ ਹੈ। 200 ਕਰੋੜ ਰੁਪਏ ਦੀ ਸਾਲਾਨਾ ਟਰਨ ਓਵਰ ਵਾਲੇ ਪੂੰਜੀਪਤੀ ਨੂੰ ਉਸੇ ਟੈਕਸ ਦਰ ਨਾਲ ਹੁਣ 400 ਕਰੋੜ ਰੁਪਏ ਤੱਕ ਦੀ ਖੁੱਲ ਦੇ ਕੇ ਦੋਗੁਣਾ ਫਾਇਦਾ ਦਿੱਤਾ ਗਿਆ ਹੈ। ਵੱਡੇ ਧਨਾਢਾਂ ਵੱਲੋਂ ਦੱਬੇ ਕਰਜ਼ੇ ਵਾਲੇ ਬੈਂਕਾਂ ਨੂੰ ਇਸ ਬੱਜ਼ਟ ਰਾਹੀਂ 70,000 ਕਰੋੜ ਰੁਪਏ ਦੇਣਾ, ਅਸਲ ਵਿੱਚ ਫਿਰ ਉਨ੍ਹਾਂ ਹੀ ਧਨਾਢਾਂ ਨੂੰ ਕਰਜ਼ੇ ਦੀ ਸ਼ਕਲ ਵਿੱਚ ਰਿਆਇਤ ਦੇਣਾ ਹੈ। ਵਿਦੇਸ਼ੀ ਸਰਮਾਏ ਨੂੰ 100% ਲੁੱਟ ਕਰਨ ਦੀ ਖੁੱਲੀ ਛੁੱਟੀ ਕਰ ਦਿੱਤੀ ਗਈ ਹੈ।
ਲੋਕ ਮੋਰਚਾ ਪੰਜਾਬ ਆਪਣੇ ਪਿਆਰੇ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਇਨ੍ਹਾਂ ਹਕੂਮਤਾਂ ਤੋਂ ਭਲੇ ਦੀ ਝਾਕ ਛੱਡ ਦਿਓ। ਰਿਆਇਤਾਂ ਸਹੂਲਤਾਂ ਦੇ ਸੰਘਰਸ਼ਾਂ ਨੂੰ, ਪੂਰੀ ਸੂਰੀ ਮੁਕਤੀ ਦੇ ਸੰਘਰਸ਼ ਦੀ ਸੇਧ ਵਿਚ ਅੱਗੇ ਵਧਾਓ। ਸੰਘਰਸ਼ਾਂ ਸਬੰਧੀ ਹਾਕਮਾਂ ਦੇ ਸ਼ੈਤਾਨੀ ਤੇ ਜਾਬਰ ਹੱਥ ਕੰਡਿਆਂ ਦੇ ਹੋ ਰਹੇ ਇਜ਼ਹਾਰਾਂ ਨੂੰ ਸਰ ਕਰਨ ਹਿਤ ਜਥੇਬੰਦੀਆਂ ਨੂੰ ਤਕੜਿਆਂ ਕਰੋ ਤੇ ਸੰਘਰਸ਼ਾਂ ਦੇ ਪਿੜ ਮੱਲੋ।
ਲੋਕ ਮੋਰਚਾ ਪੰਜਾਬ
ਜਗਮੇਲ ਸਿੰਘ, ਸਕੱਤਰ
ਸੰਪਰਕ : 94172 24822

Sunday, June 9, 2019

ਸੰਘਰਸ਼ ਹੀ ਸਵੱਲੜਾ ਰਾਹ

ਲੋਕ ਸਭਾ ਚੋਣ 2019 ਦਾ ਨਤੀਜਾ ਤੇ ਸੰਘਰਸ਼ : 

ਇਹ ਚੋਣ ਨਤੀਜਾ, ਰਾਜਭਾਗ ਦੀ ਤਾਕਤ  ਆਰਥਿਕ ਵਸੀਲਿਆਂ, ਸਮਾਜਿਕ ਰੁਤਬਿਆਂ, ਰਾਜ-ਮਸ਼ੀਨਰੀ ਦੇ ਸਾਰੇ ਅੰਗਾਂ, ਵੱਡੇ ਮੀਡੀਏ, ਵੋਟ-ਵਟੋਰੂਆਂ ਦੇ ਚੋਣ ਚਲਿੱਤਰਾਂ ਦੇ ਦਾਬੇ ਤੇ ਛੱਪੇ ਦੇ ਜ਼ੋਰ ਲੋਕਾਂ ਦੇ ਵੱਡੇ ਹਿੱਸੇ ਦੀ ਗਰੀਬੀ, ਬੇਰੁਜ਼ਗਾਰੀ, ਅਨਪੜਤਾ ਕਰਕੇ ਬਣੀ ਮੁਥਾਜਗੀ ਵਾਲੀ ਵੋਟ ਦੇ ਪਤਿਆਏ, ਭਰਮਾਏ, ਵਡਿਆਏ ਤੇ ਹਥਿਆਏ ਜਾਣ ਦਾ ਨਤੀਜਾ ਹੈ। ਜਾਤਾਂ,ਧਰਮਾਂ, ਫਿਰਕਿਆਂ, ਇਲਾਕਿਆਂ, ਤਬਕਿਆਂ ਦੀ ਤੰਗ ਸੋਚਣੀ ਵਿਚ ਉਲਝੇ ਹੋਣ ਦਾ ਨਤੀਜਾ ਹੈ। ਚੋਣ ਪ੍ਰਚਾਰ ਦੌਰਾਨ ਲਗਭਗ ਸਭਨਾਂ ਵੋਟਾਂ ਵਾਲਿਆਂ ਵੱਲੋਂ ਲੋਕ ਮਸਲਿਆਂ ਨੂੰ ਰੋਲ੍ਹ ਕੇ ਫਿਰਕੂ ਤੇ ਕੌਮੀ ਸ਼ਾਵਨਵਾਦ ਅਤੇ ਜੰਗੀ ਮਾਹੌਲ ਦੀ ਪੁੱਠ ਚੜੇ ਪ੍ਰਚਾਰ-ਗੁਬਾਰ ਦੀ ਹਨੇਰੀ ਝੁਲਾਈ ਹੋਣ ਦਾ ਨਤੀਜਾ ਹੈ। ਲੋਕ-ਧੜੇ ਦਾ ਅਜੇ ਯੱਕ ਨਾ ਬੰਨੇ ਹੋਣ ਦਾ ਨਤੀਜਾ ਹੈ। ਲੋਕਦੋਖੀ ਰਾਜਪ੍ਰਬੰਧ ਤੇ ਇਸ ਦੀਆਂ ਨੀਤੀਆਂ-ਕਾਨੂੰਨ ਅਜੇ ਲੋਕ-ਸੰਘਰਸ਼ਾਂ ਦਾ ਅਜੰਡਾ ਨਾ ਬਣਿਆ ਹੋਣ ਤੇ ਸੰਘਰਸ਼ਾਂ ਦਾ ਇੱਕ-ਜੁੱਟ ਨਾ ਹੋਣ ਦਾ ਨਤੀਜਾ ਹੈ। ਜੀਹਨੂੰ ਇਹ ਸਾਰਾ ਜੋਕ ਧੜਾ ਲੋਕ ਫਤਵੇ ਦਾ ਨਾਂ ਦੇ ਰਿਹਾ ਹੈ।
ਸੰਘਰਸ਼ਾਂ ਦੇ ਮੋਹਰੀਆਂ ਮੂਹਰੇ ਤਾਂ ਉਹੀ ਕਾਰਜ ਖੜਾ ਹੈ, ਜਿਹੜਾ ਚੋਣਾਂ ਤੋਂ ਪਹਿਲਾਂ ਵੀ ਖੜਾ ਸੀ, ਕਿ ਲੋਕਾਂ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਅਤੇ ਸਮਾਜਿਕ ਤੌਰ 'ਤੇ ਪੁੱਗਤ ਤੇ ਵੁੱਕਤ ਵਾਲਾ ਲੋਕਾਂ ਦਾ ਖਰਾ ਜਮਹੂਰੀ ਰਾਜ ਉਸਾਰਨਾ ਹੈ।
ਚੋਣ ਨਤੀਜਿਆਂ ਨੇ  ਇਸ ਕਾਰਜ ਨੂੰ ਪਹਿਲਾਂ ਨਾਲੋਂ ਵੱਧ ਤੱਦੀ ਵਾਲਾ ਕਾਰਜ ਬਣਾ ਦਿੱਤਾ ਹੈੈ ਕਿਉਂਕਿ ਚੋਣ ਪ੍ਰਚਾਰ ਦੌਰਾਨ ਫਿਰਕੂ ਤੇ ਕੌਮੀ ਸ਼ਾਵਨਵਾਦ ਦੀ ਪੁੱਠ ਚੜੇ ਪ੍ਰਚਾਰ-ਗੁਬਾਰ ਦੀ ਹਨੇਰੀ ਝੁਲਾਉਣ ਵਿਚ ਮੋਹਰੀ ਰਹੀ ਭਾਜਪਾ ਵੋਟਾਂ ਹਥਿਆਉਣ ਵਿਚ ਵੀ ਮੋਹਰੀ ਰਹੀ ਹੈ। ਕਿਉਂਕਿ ਭਾਜਪਾ ਤੇ ਉਸ ਦੀਆਂ ਫਾਕਾਂ ਦਾ ਅੰਗਰੇਜ਼ਾਂ ਵੇਲੇ ਤੋਂ ਤੁਰਿਆ ਆਉਂਦਾ ਹਿੰਦੂਤਵ ਦਾ ਅਜੰਡਾ ਅਤੇ ਪਿਛਲੇ ਸਾਲਾਂ ਅੰਦਰ ਹਿੰਦੂ ਫਿਰਕੂ ਫਾਸ਼ੀ ਭੀੜਾਂ ਵੱਲੋਂ ਚੱਕੀ ਸਿੰਗ ਮਿੱਟੀ ਇਸ ਕਾਰਜ ਨੂੰ ਤੇਜੀ ਨਾਲ ਕਰਨ ਦਾ ਮਹੱਤਵ ਵਧਾ ਦਿੰਦੀ ਹੈ। ਕਿਉਂਕਿ ਜੇ ਪਿਛਲੇ ਪੰਜ ਸਾਲਾਂ ਵਿਚ ਸੰਸਾਰੀਕਰਨ ਦੀਆਂ ਲੋਕ-ਦੋਖੀ ਨੀਤੀਆਂ ਬੇਕਿਰਕੀ ਨਾਲ ਲੋਕਾਂ ਸਿਰ ਮੜ੍ਹਣ ਵਾਲੀ, ਮੁਲਕ ਦਾ ਧਨ-ਦੌਲਤ ਲੋਕਾਂ ਕੋਲੋਂ ਖੋਹ ਕੇ ਮੁਲਕ ਦੇ ਧਨਕੁਬੇਰਾਂ ਦੀ ਝੋਲੀ ਪਾਉਣ ਵਾਲੀ, ਮੁਲਕ ਦੇ ਜਲ, ਜੰਗਲ, ਜ਼ਮੀਨ, ਦੇਸੀ-ਬਦੇਸ਼ੀ ਪੂੰਜੀਪਤੀਆਂ ਮੂਹਰੇ ਪਰੋਸ ਧਰਨ ਵਾਲੀ ਅਤੇ ਸਾਮਰਾਜ, ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਵਪਾਰ ਸੰਗਠਨ ਨਾਲ ਮੁਲਕ-ਮਾਰੂ ਸੰਧੀਆਂ/ ਸਮਝੌਤੇ ਕਰਨ ਵਾਲੀ ਭਾਜਪਾ ਸਰਕਾਰ ਹੀ ਮੁੜ ਮੁਲਕ ਦੀ ਗੱਦੀ ਮੱਲ ਰਹੀ ਹੈ, ਪਹਿਲਾਂ ਨਾਲੋਂ ਵੱਡੀ ਵੋਟ ਤਾਕਤ ਨਾਲ, ਤਾਂ ਫਿਰ ਲੋਕ ਦੋਖੀ ਨੀਤੀਆਂ ਕਾਨੂੰਨਾਂ ਦਾ ਅਤੇ ਫਿਰਕਾਪ੍ਰਸਤੀ ਦਾ ਕੁਹਾੜਾ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਲੋਕਾਂ ਸਿਰ ਵਰਾਇਆਂ ਜਾਣਾ ਇਸ ਨਤੀਜੇ ਦਾ ਨਤੀਜਾ ਬਣਨ ਦੇ ਹਾਲਾਤ ਬਣ ਜਾਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਣੀ।
ਇਸ ਹਾਲਤ ਵਿਚ, ਪਹਿਲਾਂ ਲੜੇ ਤੇ ਜਿੱਤੇ ਸੰਘਰਸ਼ ਮਨਚਿੱਤ ਵਿਚ ਚੱਤੋ ਪਹਿਰ ਚੇਤੇ ਰਹਿਣ ਅਤੇ ਹਰ ਮੁਸ਼ਕਲ, ਮਸਲੇ ਤੇ ਉਲਝਣ ਦਾ ਹੱਲ, ਸੰਘਰਸ਼ ਹੀ ਸਵੱਲੜਾ ਰਾਹ ਬਣੇ। ਲੋਕ ਧੜੇ ਦੇ ਏਕੇ ਦਾ ਮਜ਼ਬੂਤ ਯੱਕ ਬੱਝੇ। ਫੌਰੀ ਰਾਹਤ ਦਿੰਦੀਆਂ ਮੰਗਾਂ ਅਤੇ ਇਹਨਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼,  ਜੂਨ ਸੁਧਾਰਨ ਵਾਲੀਆਂ ਮੰਗਾਂ ਅਤੇ ਸੰਘਰਸ਼ਾਂ ਵੱਲ ਵਧਣ। ਸੰਘਰਸ਼ਾਂ ਦੀਆਂ ਮੰਗਾਂ ਹੋਣ : ਮੁਲਕ ਲੁਟਾਊ ਸੰਧੀਆਂਸਮਝੌਤੇ ਰੱਦ ਹੋਣ; ਮੁਲਕ ਤੇ ਲੋਕ ਪੱਖੀ ਕਾਨੂੰਨ ਤੇ ਨੀਤੀਆਂ ਬਣਨ; ਖੇਤੀ ਤੇ ਰੁਜ਼ਗਾਰ ਨੂੰ ਤਰਜੀਹ ਮਿਲੇ; ਬੱਜ਼ਟ ਰਕਮਾਂ ਵਧਣ ਤੇ ਲੱਗਣ; ਨਿੱਜੀਕਰਨ ਦੀਆਂ ਨੀਤੀਆਂ ਰੱਦ ਹੋਣ; ਰੈਗੂਲਰ ਭਰਤੀ ਹੋਵੇ; ਤਾਉਮਰ ਸਮਾਜਿਕ ਸੁਰੱਖਿਆ ਹੋਵੇ; ਮੁੱਠੀ ਭਰ ਵੱਡੇ ਜਾਗੀਰਦਾਰਾਂ ਦੀਆਂ ਜ਼ਮੀਨਾਂ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ-ਮਜ਼ਦੂਰਾਂ ਵਿਚ ਵੰਡੀਆਂ ਜਾਣ; ਮੁੱਠੀ ਭਰ ਵੱਡੇ ਸਰਮਾਏਦਾਰਾਂ ਦੀ ਪੂੰਜੀ ਮੁਲਕ ਦੀ ਪੂੰਜੀ ਬਣੇ ਤੇ ਲੋਕਾਂ ਦੀ ਤਰੱਕੀ ਖੁਸ਼ਹਾਲੀ ਵਿਚ ਲੱਗੇ; ਹਰ ਸਰਕਾਰੀ ਅਦਾਰੇ ਅੰਦਰ ਲੋਕਾਂ ਦੀ ਪੁੱਗਤ ਹੋਵੇ ਤੇ ਵੁੱਕਤ ਬਣੇ, ਆਦਿ।
ਲੋਕ ਮੋਰਚਾ ਪੰਜਾਬ
ਜਗਮੇਲ ਸਿੰਘ ਸਕੱਤਰ (94172 24822) ਮਿਤੀ : 26.5.2019 

Wednesday, February 20, 2019

ਲੋਕ ਮੋਰਚਾ ਪੰਜਾਬ ਵੱਲੋਂ ਫਿਰਕੂ ਅਤੇ ਕੌਮੀ ਸ਼ਾਵਨਵਾਦ ਭੜਕਾਉਣ ਦੀ ਨਿਖੇਧੀ ਕੌਮੀ ਭਾਵਨਾਵਾਂ ਨੂੰ ਚੋਣ ਗਿਣਤੀਆਂ ਚ ਵਰਤੇ ਜਾਣ ਖਿਲਾਫ ਚੌਕਸ ਰਹਿਣ ਦਾ ਸੱਦਾ


ਲੋਕ ਮੋਰਚਾ ਪੰਜਾਬ ਵੱਲੋਂ ਫਿਰਕੂ ਅਤੇ ਕੌਮੀ ਸ਼ਾਵਨਵਾਦ ਭੜਕਾਉਣ ਦੀ ਨਿਖੇਧੀ ਕੌਮੀ ਭਾਵਨਾਵਾਂ ਨੂੰ ਚੋਣ ਗਿਣਤੀਆਂ ਚ ਵਰਤੇ ਜਾਣ ਖਿਲਾਫ ਚੌਕਸ ਰਹਿਣ ਦਾ ਸੱਦਾ 

ਲੋਕ ਮੋਰਚਾ ਪੰਜਾਬ ਵੱਲੋਂ ਇੱਕ ਬਿਆਨ ਰਾਹੀਂ ਭਾਰਤੀ ਹਾਕਮਾਂ ਵੱਲੋਂ ਫਿਰਕੂ ਅਤੇ ਕੌਮੀ ਸ਼ਾਵਨਵਾਦੀ ਲੀਹਾਂ ਉੱਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਗਈ ਹੈ ਅਤੇ ਲੋਕਾਂ ਦੀਆਂ ਕੌਮੀ ਭਾਵਨਾਵਾਂ ਨੂੰ ਚੋਣ ਗਿਣਤੀਆਂ ਵਿੱਚ ਵਰਤੇ ਜਾਣ ਖ਼ਿਲਾਫ਼ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ|ਬੀਤੇ ਦਿਨੀਂ ਪੁਲਵਾਮਾ ਘਟਨਾ ਤੋਂ ਬਾਅਦ ਅਜਿਹੀਆਂ ਕੋਸ਼ਿਸ਼ਾਂ ਹੋਰ ਤੇਜ਼ ਹੋਈਆਂ ਹਨ ਅਤੇ ਮੋਦੀ ਹਕੂਮਤ ਸਮੇਤ ਸਾਰੀਆਂ ਮੌਕਾਪ੍ਰਸਤ ਵੋਟ ਪਾਰਟੀਆਂ ਇਸ ਘਟਨਾ ਤੋਂ ਸਿਆਸੀ ਲਾਹਾ ਖੱਟਣ ਦੀ ਤਾਕ ਵਿੱਚ ਹਨ|
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਭਾਰਤੀ ਹਕੂਮਤ ਵੱਲੋਂ ਮੁਲਕ ਦੇ ਫ਼ੌਜੀ ਜਵਾਨਾਂ ਨੂੰ ਆਪਣੇ ਸੌੜੇ ਸਿਆਸੀ ਮੰਤਵਾਂ ਦੀ ਭੇਟ ਚੜ੍ਹਾਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ| ਲੋਕਾਂ ਦੇ ਪੁੱਤਾਂ ਨੂੰ ਭਾਰਤੀ ਹਾਕਮਾਂ ਵੱਲੋਂ ਆਪਣੇ ਸੌੜੇ ਸਿਆਸੀ ਮਨੋਰਥਾਂ ਲਈ ਦੇਸ਼ ਤੋਂ ਬਾਹਰ ਅਤੇ ਦੇਸ਼ ਦੇ ਅੰਦਰ ਵਾਰ ਵਾਰ ਬਲਦੀ ਦੇ ਬੁਥੇ ਦਿੱਤਾ ਗਿਆ ਹੈ|ਕਸ਼ਮੀਰ ਅੰਦਰ ਵੀ ਕਸ਼ਮੀਰੀ ਲੋਕਾਂ ਦੀ ਕੌਮੀ ਮੁਕਤੀ ਦੀ ਲਹਿਰ ਨੂੰ ਫੌਜੀ ਜ਼ੋਰ ਤੇ ਦਬਾਉਣ ਲਈ ਸਭ ਤੋਂ ਵੱਡੀ ਗਿਣਤੀ ਵਿੱਚ ਹਥਿਆਰਬੰਦ ਬਲ ਭੇਜੇ ਗਏ ਹਨ| ਕਸ਼ਮੀਰੀ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਅਤੇ ਉਨ੍ਹਾਂ ਉੱਪਰ ਅਣਮਨੁੱਖੀ ਕਹਿਰ ਢਾਹ ਰਹੀ ਭਾਰਤੀ ਹਕੂਮਤ ਪ੍ਰਤੀ ਉਨ੍ਹਾਂ ਦੀ ਨਫਰਤ ਦਾ ਨਿਸ਼ਾਨਾ ਹਥਿਆਰਬੰਦ ਬਲ ਬਣਦੇ ਹਨ| ਮੌਜੂਦਾ ਪੁਲਵਾਮਾ ਹਮਲਾ ਵੀ ਮੋਦੀ ਹਕੂਮਤ ਵੱਲੋਂ ਕਸ਼ਮੀਰੀ ਲੋਕਾਂ ਦੀ ਹੱਕੀ ਮੰਗ ਨੂੰ ਬੰਦੂਕਾਂ,ਪੈਲੇਟ ਗੰਨਾਂ ਤੇ ਦਰਿੰਦਗੀ ਭਰੇ ਕਾਰਿਆਂ ਨਾਲ ਦਬਾਏ ਜਾਣ ਖ਼ਿਲਾਫ਼ ਮੋੜਵਾਂ ਵਾਰ ਹੈ ਜਿਸ ਦਾ ਨਿਸ਼ਾਨਾ ਫੌਜੀ ਬਣੇ ਹਨ|
                   ਪਿਛਲੇ ਦਹਾਕਿਆਂ ਦੌਰਾਨ ਜਿੱਥੇ ਇੱਕ ਪਾਸੇ ਕਸ਼ਮੀਰ ਅੰਦਰ ਹਕੂਮਤੀ ਹਿੰਸਕ ਕਹਿਰ ਵਰਤਾਇਆ ਗਿਆ ਹੈ ਅਤੇ ਨਿਰਦੋਸ਼ ਜਿੰਦਾਂ ਦੇ ਕਤਲਾਂ,ਬਲਾਤਕਾਰਾਂ,ਫਰਜ਼ੀ ਮੁਕਾਬਲਿਆਂ ਤੇ ਜਨਤਕ ਇਕੱਠਾਂ ਤੇ ਗੋਲੀਆਂ-ਛਰਿਆਂ ਦੀਆਂ ਬੁਛਾਰਾਂ ਦਾ ਚੱਕਰ ਚੱਲਿਆ ਹੈ,ਦੂਜੇ ਪਾਸੇ ਭਾਰਤ ਅੰਦਰ ਕਸ਼ਮੀਰੀਆਂ ਪ੍ਰਤੀ ਬੇਗਾਨਗੀ ਅਤੇ ਵਿਰੋਧ ਦੀ ਭਾਵਨਾ ਉਤਸ਼ਾਹਤ ਕਰਦੇ ਹੋਏ ਕਸ਼ਮੀਰੀ ਕੌਮ ਨੂੰ ਅੱਤਵਾਦੀਆਂ ਵਜੋਂ ਪੇਸ਼ ਕੀਤਾ ਗਿਆ ਹੈ|ਵਾਰ ਵਾਰ ਇਸ ਝੂਠੇ ਰਾਸ਼ਟਰਵਾਦ ਅਤੇ ਫਿਰਕੂ ਪਾਲਾਬੰਦੀ ਨੂੰ ਵੋਟ ਪਾਰਟੀਆਂ ਵੱਲੋਂ ਵੋਟ ਸਿਆਸਤ ਵਿੱਚ ਵਰਤਿਆ ਗਿਆ ਹੈ|ਹੁਣ ਵੀ ਪੁਲਵਾਮਾ ਹਮਲੇ ਪਿੱਛੋਂ ਫਿਰਕੂ ਪਾਲਾਬੰਦੀ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ,ਪਾਕਿਸਤਾਨ ਖਿਲਾਫ ਜੰਗੀ ਜਨੂੰਨ ਭੜਕਾਇਆ ਜਾ ਰਿਹਾ ਹੈ ਅਤੇ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਕਸ਼ਮੀਰੀਆਂ ਨੂੰ ਦੇਸ਼ ਅੰਦਰ ਥਾਂ ਥਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ|ਗੁਆਂਢੀ ਮੁਲਕ ਖ਼ਿਲਾਫ਼ ਜ਼ਹਿਰੀਲਾ ਪ੍ਰਚਾਰ ਵਿੱਢ ਕੇ ਅਤੇ ਕੌਮੀ ਸ਼ਾਵਨਵਾਦ ਭੜਕਾ ਕੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਸਿਆਸੀ ਵੋਟ ਪਾਰਟੀਆਂ ਵੱਲੋਂ ਇਸ ਘਟਨਾ ਦੀ ਵਰਤੋਂ ਕੀਤੀ ਜਾ ਰਹੀ ਹੈ|ਲੋਕ ਮੋਰਚਾ ਪੰਜਾਬ ਨੇ ਲੋਕਾਂ ਨੂੰ ਫਿਰਕੂ ਤੇ ਅੰਧ-ਰਾਸ਼ਟਰੀ ਪ੍ਰਚਾਰ ਤੋਂ ਦੂਰ ਰਹਿੰਦਿਆਂ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ  ਹੱਕ ਲਈ ਜਦੋਜਹਿਦ ਦੀ ਹਮਾਇਤ ਕਰਨ,ਮੁਲਕ ਦੇ ਬਾਕੀ ਹਿੱਸਿਆਂ ਅੰਦਰ ਵੱਸਦੇ ਕਸ਼ਮੀਰੀਆਂ ਦੀ ਹਿਫਾਜ਼ਤ ਕਰਨ,ਗੁਆਂਢੀ ਮੁਲਕਾਂ ਨਾਲ ਮਿੱਤਰ ਭਾਵ ਬਣਾਈ ਰੱਖਣ ਅਤੇ ਫਿਰਕੂ ਤੇ ਕੌਮੀ ਸ਼ਾਵਨਵਾਦ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ|
                 ਇਸ ਮੌਕੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੂੰ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਅਧਿਕਾਰ ਅਤੇ ਹੱਕੀ ਸੰਘਰਸ਼ ਨੂੰ ਹਿੰਸਾ ਦਾ ਚੱਕਰ ਚਲਾ ਕੇ ਦਬਾਉਣ ਦੀ ਨੀਤੀ ਬੰਦ ਕਰਨੀ ਚਾਹੀਦੀ ਹੈ ਅਤੇ ਕਸ਼ਮੀਰ ਸਮੇਤ ਮੁਲਕ ਦੀਆਂ ਵੱਖ ਵੱਖ ਥਾਵਾਂ ਅੰਦਰ ਲੋਕਾਂ ਦੇ ਹੱਕੀ ਸੰਘਰਸ਼ ਦਬਾਉਣ ਲਈ ਝੋਕੇ ਗਏ ਹਥਿਆਰਬੰਦ ਬਲ ਵਾਪਸ ਬੁਲਾਉਣੇ ਚਾਹੀਦੇ ਹਨ|
                ਲੋਕ ਮੋਰਚਾ ਪੰਜਾਬ ਵੱਲੋਂ ਪੁਲਵਾਮਾ ਘਟਨਾ ਤੋਂ ਪਿੱਛੋਂ ਮੁਲਕ ਵਿੱਚ ਅਨੇਕਾਂ ਥਾਈਂ ਮੁਸਲਮਾਨਾਂ ਅਤੇ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹਿੰਸਕ ਘਟਨਾਵਾਂ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ ਅਤੇ ਸਰਕਾਰ ਤੋਂ ਕਸ਼ਮੀਰੀਆਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ|
ਜਾਰੀ ਕਰਤਾ:ਜਗਮੇਲ ਸਿੰਘ(941724822)