ਪਿੰਡ ਥੇਹੜੀ ਵਿਖੇ ਕੀਤੀ ਰੈਲੀ ਨੂੰ ਸ਼ਬੋਧਨ ਕਰਦੇ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ
ਉਪਜਾਊ ਜ਼ਮੀਨ ਐਕਵਾਇਰ ਕੀਤੇ ਜਾਨ ਵਿਰੁਧ ਕਿਸਾਨਾਂ ਮਜਦੂਰਾਂ ਦਾ ਸੰਘਰਸ਼
ਗਿੱਦੜਬਾਹਾ 31 ਮਾਰਚ – ਗਿੱਦੜਬਾਹਾ ਦੇ ਤਿੰਨ ਪਿੰਡਾਂ ਥੇਹੜੀ, ਘੱਗਾ ਅਤੇ ਬਬਾਣੀਆਂ ਦੀ 2000 ਏਕੜ ਜ਼ਮੀਨ ਤੇ ਲੱਗਣ ਵਾਲੇ 2640 ਮੈਗਾਵਾਟ ਦੇ ਥਰਮਲ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਘੱਟ ਰੇਟਾਂ ਨੂੰ ਲੈ ਕੇ ਲਗਾਤਾਰ ਕਰੀਬ ਤਿੰਨ ਮਹੀਨੇ ਤੋਂ ਸਘੰਰਸ਼ ਕਰ ਰਹੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਕਿਸਾਨਾ ਵੱਲੋ ਧਰਨੇ ਵਾਲੀ ਜਗ੍ਹਾ ਤੇ ਅੱਜ ਵਿਸ਼ਾਲ ਕਿਸਾਨ ਰੈਲੀ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਨੇ ਭਾਗ ਲਿਆ। ਇਸ ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਗੁਰਾਂਦਿੱਤਾ ਸਿੰਘ ਭਾਗਸਰ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਲੱਖੇਵਾਲੀ, ਨਾਨਕ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ, ਨਛੱਤਰ ਸਿੰਘ ਰਣ ਸਿੰਘ ਵਾਲਾ, ਸੁਰਜੀਤ ਸਿੰਘ ਢਾਬਾਂ, ਸੁਖਮੰਦਰ ਸਿੰਘ ਵਜ਼ੀਦ ਪੁਰ, ਗੁਰਵਿੰਦਰ ਸਿੰਘ, ਰੁਪਿੰਦਰ ਸਿੰਘ ਚੰਨੂੰ, ਬੋਹੜ ਸਿੰਘ ਮਲੋਟ ਅਤੇ ਰਾਜਾ ਸਿੰਘ ਖੁਨਣ ਖੁਰਦ ਅਤੇ ਲਛਮਣ ਸਿੰਘ ਸੇਵੇਵਾਲਾ ਤੋ ਇਲਾਵਾ ਜ਼ਮੀਨ ਬਚਾਓ ਕਿਸਾਨ, ਮਜ਼ਦੂਰ ਸਘੰਰਸ਼ ਕਮੇਟੀ ਦੇ ਕਨਵੀਨਰ ਪਰਮਜੀਤ ਸਿੰਘ ਥੇਹੜੀ ਨੇ ਵੀ ਸੰਬੋਧਨ ਕੀਤਾ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਸਰਕਾਰ ਉਪਜਾਊ ਜ਼ਮੀਨ ਜੋ ਥਰਮਲ ਵਿੱਚ ਆ ਰਹੀ ਹੈ ਨੂੰ ਥਰਮਲ ਵਿੱਚੋ ਬਾਹਰ ਕੱਢਿਆ ਜਾਵੇ ਅਤੇ ਸੇਮ ਵਾਲੀ ਜ਼ਮੀਨ ਥਰਮਲ ਦੇ ਰਕਬੇ ਵਿੱਚ ਪਾਈ ਜਾਵੇ। ਕਿਸਾਨਾ ਨੂੰ ਉਨ੍ਹਾਂ ਦੀ ਜ਼ਮੀਨ ਦਾ ਰੇਟ ਮਾਰਕੀਟ ਦੇ ਮੁੱਲ ਦੇ ਹਿਸਾਬ ਨਾਲ ਦਿੱਤਾ ਜਾਵੇ ਅਤੇ ਨਾਨਕਸਰ ਢਾਣੀ ਵਿੱਚ ਰਹਿੰਦੇ ਪਰਿਵਾਰਾਂ ਦੇ ਮੁੜ ਵਸੇਵੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਸਘੰਰਸ਼ ਲਈ ਮਜ਼ਬੂਰ ਨਾ ਹੋਣਾ ਪਵੇ। ਅਗਰ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਧੱਕੇ ਨਾਲ ਉਜਾੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਵਿਰੁੱਧ ਫੈਸਲਾਕੁੰਨ ਲੜਾਈ ਲੜੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਸਾਮਰਾਜੀਆਂ, ਸਰਮਾਏਦਾਰਾਂ ਅਤੇ ਬਹੁਕੌਮੀ ਕੰਪਨੀਆਂ ਨੂੰ ਰਾਸ ਬਹਿੰਦੀਆਂ ਨੀਤੀਆਂ ਤਹਿਤ ਉਪਜਾਊ ਜਮੀਨਾਂ ਤੇ ਬਸਤੀਆਂ ਦਾ ਉਜਾੜਾ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਸੋਧ ਕਰੇ ਅਤੇ ਸੇਮ ਵਾਲੀ ਜ਼ਮੀਨ ਦੇ ਰੇਟ ਨਵੇਂ ਸਿਰੇ ਤੋਂ ਤੈਅ ਕੀਤੇ ਜਾਣ। ਥਰਮਲ ਵਿੱਚ ਜਿਨ੍ਹਾਂ ਪਰਿਵਾਰਾਂ ਦੀ ਜ਼ਮੀਨ ਆਉਂਦੀ ਹੈ ਉਸ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਦੇ ਆਧਾਰ ਤੇ ਥਰਮਲ ਵਿੱਚ ਪੱਕੀ ਨੌਕਰੀ ਦਿੱਤੀ ਜਾਵੇ। ਇਸ ਰੈਲੀ ਨੂੰ ਵੇਖਦੇ ਹੋਏ ਪੁਲੀਸ ਵੱਲੋਂ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਹੋਏ ਸਨ।
No comments:
Post a Comment