ਜ਼ੁਲਮ ਦੇ ਮੌਤ ਨਗਾਰੇ 'ਚ ਬਦਲ ਜਾਏਗਾ
By: Jaspal Jassi
(In memory of Sewewala Martyrs)
ਸ਼ਹੀਦਾਂ ਦਾ ਲਹੂ ਮਿੱਟੀ 'ਚ ਨਹੀਂ ਸਮਾਏਗਾ
ਜ਼ੁਲਮ ਦੇ ਮੌਤ ਨਗਾਰੇ 'ਚ ਬਦਲ ਜਾਏਗਾ
ਜਦੋਂ ਜ਼ਾਲਮ ਕਲੇਜੇ ਦਾ ਰੁੱਗ ਭਰਦਾ ਹੈ
ਇਹ ਧਰਤੀ ਮਾਂ ਹੈ ਸਦਮੇਂ 'ਚ ਗਸ਼ ਨਹੀਂ ਖਾਂਦੀ
ਸਦਾ ਸੁਹਾਗਣ ਹੈ ਇਹਦੀ ਕੁੱਖ ਦਾ ਨੂਰ ਨਹੀਂ ਮਰਦਾ
ਇਹਦੀ ਗੋਦੀ ਨੂੰ ਸਿਰਲੱਥਾਂ ਦੀ ਤੋਟ ਨਹੀਂ ਆਉਂਦੀ
ਜਿਗਰ 'ਚੋਂ ਸਿਤਮ ਦੇ ਨੇਜੇ ਦੀ ਨੋਕ ਗੁਜਰੀ ਹੈ
ਸਿੰਮਦੇ ਲਹੂ 'ਚੋਂ ਜਿਗਰੇ ਦੇ ਤੀਰ ਫੁੱਟ ਰਹੇ
ਜਖ਼ਮ ਮਲ੍ਹਮ ਨਹੀਂ ਜਾਲਮ ਦਾ ਖੂਨ ਮੰਗ ਰਹੇ
ਜਦੋਂ ਇਹ ਦਰਦ ਅੱਗ-ਵਾਛੜ ਦਾ ਰੂਪ ਧਾਰ ਗਿਆ
ਸਿਤਮ ਦਾ ਦੈਂਤ ਕਿਸ ਕੋਨੇ 'ਚ ਸਿਰ ਲੁਕਾਏਗਾ
............................................................
ਤਲੀ 'ਤੇ ਟਿੱਕ ਜਾਏ ਜਿਹੜਾ ਸਿਰ ਕਲਮ ਨਹੀਂ ਹੁੰਦਾ
ਤਣੀ ਹੋਈ ਹਿੱਕ 'ਤੇ ਗੋਲੀ ਦਾ ਅਸਰ ਨਹੀਂ ਹੁੰਦਾ
ਸ਼ੋਅਲਿਆਂ ਨੂੰ ਲੂਹੇ ਜਾਣ ਦਾ ਡਰ ਨਹੀਂ ਹੁੰਦਾ
ਨਜ਼ਰ 'ਚੋਂ ਨੀਰ ਦੇ ਦਰਿਆ ਤਲਾਸ਼ਦਾ ਜ਼ਾਲਮ
ਨਿਗਾਹੀਂ ਲਹੂ ਦਾ ਸਮੁੰਦਰ ਵੇਖ ਰਿਹਾ
ਪਿਘਲਦੇ ਸਿਦਕ ਦੀ ਕਣਸੋਅ ਉਡੀਕਦਾ ਕਾਤਲ
ਹਲੂਣੇ ਮਨਾਂ ਦੇ ਗੁੱਸੇ ਦੀ ਕਰਵਟ ਦੇਖ ਰਿਹਾ
ਜੋ ਵਿੰਨ੍ਹੇ ਦਿਲਾਂ ਦੇ ਹਰ ਛੇਕ ਤੀਕਰ ਫੈਲ ਰਿਹਾ
ਉਸ ਬਰੂਦ ਨੂੰ ਕੌਣ ਚੁੱਪ ਕਰਾਏਗਾ
ਸ਼ਹੀਦਾਂ ਦਾ ਲਹੂ ਮਿੱਟੀ 'ਚ ਨਹੀਂ ਸਮਾਏਗਾ
ਜ਼ੁਲਮ ਦੇ ਮੌਤ ਨਗਾਰੇ 'ਚ ਬਦਲ ਜਾਏਗਾ
No comments:
Post a Comment