ਸਵਾਲ ਦਰ ਸਵਾਲ? ਸਮਾਂ ਮੰਗੇ ਜਵਾਬ!
ਕੋਈ ਹੈ, ਆਵਾਜ ਦਿਓ! ਕੋਈ ਹੈ, ਜਵਾਬ ਦਿਓ!!
-ਅਮੋਲਕ ਸਿੰਘ: 94170-76735
ਫੋਕਲ ਪੋਆਇੰਟ ਜਲੰਧਰ ਸਥਿਤ ਤਿੰਨ ਮੰਜ਼ਲੀ ਸੀਤਲ ਫੈਬਰਿਕ ਫੈਕਟਰੀ 15 ਅਪ੍ਰੈਲ ਦੀ ਅੱਧੀ ਰਾਤ ਨੂੰ ਪਲਾਂ ਛਿਣਾਂ ‘ਚ ਮਲਬੇ ਦੇ ਢੇਰ ‘ਚ ਵਟ ਗਈ। ਤਿੰਨ ਮੰਜ਼ਲਾਂ ਉੱਪਰ ਰਾਤ ਦੀ ਸ਼ਿਫਟ ‘ਚ ਕੰਮ ਕਰਦੇ ਸੈਂਕੜੇ ਪਰਵਾਸੀ ਕਾਮੇ ਅੱਖ ਝਪਕਣ ਜਿੰਨੇ ਪਲਾਂ ਵਿਚ ਭਾਰੀ ਮਸ਼ੀਨਾਂ, ਬੀਮਾਂ, ਪਿੱਲਰਾਂ ਅਤੇ ਸਟੋਰ ਦੇ ਸਾਮਾਨ ਹੇਠਾਂ ਦੱਬੇ ਗਏ। ਤਿੰਨ ਦਰਜਨ ਕਾਮੇ ਮੌਤ ਦੇ ਪੰਜਿਆਂ ‘ਚ ਚਲੇ ਗਏ। ਸੈਂਕੜੇ ਗੰਭੀਰ ਰੂਪ ‘ਚ ਫੱਟੜ ਹੋ ਗਏ। ਕਿੰਨਿਆਂ ਦੀਆਂ ਲੱਤਾਂ, ਬਾਹਵਾਂ ਆਦਿ ਕੱਟੀਆਂ ਗਈਆਂ। ਕਈ ਜ਼ਖ਼ਮੀਆਂ ਨੂੰ ਗੈਂਗਰੀਨ ਹੋ ਜਾਣ ਦੇ ਡਰੋਂ ਉਨ੍ਹਾਂ ਦੇ ਪ੍ਰਭਾਵਿਤ ਅੰਗ ਕੱਟਣੇ ਪਏ। ਵਿਛੜ ਗਿਆਂ ਦੇ ਉਸ ਅੰਕੜੇ ਦਾ ਹਿਸਾਬ-ਕਿਤਾਬ ਸ਼ਾਇਦ ਕਦੇ ਵੀ ਨਾ ਲੱਗ ਸਕੇ ਜਿਸਦੀ ਤਲਾਸ਼ ਵਿੱਚ ਵਿਆਕੁਲ ਹੋਏ ਉਹਨਾਂ ਦੇ ਭੁੱਬਾਂ ਮਾਰਦੇ ਵਾਰਸ ਕਦੇ ਮਲਬੇ ਦੇ ਢੇਰ ਕਦੇ ਹਸਪਤਾਲਾਂ ਦੀ ਖ਼ਾਕ ਛਾਣ ਰਹੇ ਹਨ। ਜੇ.ਬੀ.ਸੀ. ਮਸ਼ੀਨਾਂ ਰੁੱਕ ਗਈਆਂ। ਮਲਬਾ ਹਟਾਉਣ ਦਾ ਕੰਮ ਮੁੱਕ ਗਿਆ ਆਪਣਿਆਂ ਨੂੰ ਉਡੀਕਣ ਦੀ ਤਾਂਘ ਕਦੇ ਨਹੀਂ ਮੁੱਕੇਗੀ, ਜਿਹਨਾਂ ਨੂੰ ਮਲਬੇ ਹੇਠ ਦੱਬੇ ਆਪਣੇ ਲਾਲ ਨਹੀਂ ਮਿਲੇ ਉਹਨਾ ਨੂੰ ਪੈ ਰਹੀਆ ਦੰਦਲਾਂ, ਵੈਣਾਂ ਅਤੇ ਦੁਹੱਥੜਾਂ ਦੇ ਕਾਲਜੇ ਰੁੱਗ ਭਰਵੇਂ ਬੋਲ ਅਜੇ ਵੀ ਆਪਣਿਆਂ ਦੇ ਕਿੱਧਰੋਂ ਆ ਜਾਣ ਦੇ ਭੁਲੇਖੇ ਪਾਉਂਦੇ ਹਨ। ਜਿਨ੍ਹਾਂ ਦੇ ਸੁਹਾਗ ਦਾ ਸੰਧੂਰ ਮਲਬੇ ਹੇਠ ਸਦਾ ਲਈ ਦਫ਼ਨ ਹੋ ਗਿਆ। ਜਿਨ੍ਹਾਂ ਦਾ ਬਾਲ-ਮਜ਼ਦੂਰੀ ਕਰਦਾ ਬਚਪਨ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ। ਜਿਨ੍ਹਾਂ ਗਭਰੇਟਾਂ ਨੂੰ ਅਗਲੇ ਦਿਨਾਂ ‘ਚ ਸਿਹਰੇ ਸਜਣੇ ਸਨ ਉਨ੍ਹਾਂ ਨੂੰ ਖੱਫ਼ਣ ਵੀ ਨਸੀਬ ਨਹੀਂ ਹੋਇਆ। ਅਣਗਿਣਤ ਮਾਪਿਆਂ ਦੀ ਡੰਗੋਰੀ ਚੂਰ-ਚੂਰ ਹੋ ਗਈ। ਕੌਣ ਹੈ ਅਜਿਹੇ ਹਿਰਦੇਵਾਦਕ ਮੰਜ਼ਰ ਦਾ ਜ਼ਿੰਮੇਵਾਰ? ਇਹ ਨਾ ਕੁਦਰਤੀ ਕਰੋਪੀ ਹੈ ਨਾ ਰੱਬੀ ਭਾਣਾ ਹੈ। ਇਹ ਨਾ ਲੇਖਾਂ, ਮੱਥੇ ਦੀਆਂ ਰੇਖਾਵਾਂ ਅਤੇ ਨਾ ਹੀ ਸਾਹਸਾਂ ਦੀ ਪੂੰਜੀ ਦਾ ਮੁੱਕਿਆ ਹਿਸਾਬ-ਕਿਤਾਬ ਹੈ। ਇਹ ਹਾਦਸਾ ਨਹੀਂ। ਸਾਡੇ ਸਮਾਜ ਦੀ ਸਿਰਜਕ ਮਹਾਨ ਕਿਰਤੀ ਜਮਾਤ ਦਾ ਕਤਲੇਆਮ ਹੈ। ਉਜਾੜਾ ਹੈ। ਤਬਾਹੀ ਹੈ। ਇਸਦੇ ਮੁਜਰਿਮ ਲੁਕੇ-ਛਿਪੇ ਨਹੀਂ। ਜੱਗ ਜਾਹਰਾਂ ਹਨ। ਮੁਜ਼ਰਿਆਂ ਦਾ ਪੂਰਾ ਕੋੜਮਾ ਹੈ ਅਤੇ ਉਸ ਕੋੜਮੇ ਦੀ ਲੜੀ ਦਾ ਸਰਗਣਾ ਸੀਤਲ ਵਿਜ ਹੈ।
ਹਾਂ! ਹਾਂ!! ਸੀਤਲ ਵਿਜ। ਇਸ ਫੈਕਟਰੀ ਦਾ ਮਾਲਕ ਜਿਹੜਾ ਆਪਣਾ ਇਨਸਾਨੀਅਤ ਵਿਰੋਧੀ, ਕਿਰਤੀ ਵਿਰੋਧੀ, ਲੋਕ-ਵਿਰੋਧੀ ਅਤੇ ਮਾਨਵਤਾ ਵਿਰੋਧੀ ਨਿਸੰਗ ਅਪਰਾਧ ਕਬੂਲਣ ਦੀ ਬਜਾਏ ਉਰਲੀਆਂ ਪਰਲੀਆਂ ਮਾਰਕੇ ਲੋਕਾਂ ਦਾ ਅਪਮਾਨ ਕਰਦਾ ਹੈ। ਕੁੱਲ ਵਟਾ ਕੁੱਲ ਕਾਇਦੇ ਕਾਨੂੰਨਾਂ ਨੂੰ ਟਿੱਚ ਜਾਣਦਾ ਹੈ। ਕਿਰਤ ਕਾਨੂੰਨਾਂ, ਇੰਡਸਟਰੀ ਨਿਯਮਾਂ ਦੀ ਮਿੱਟੀ ਪਲੀਤ ਕਰਦਾ ਹੈ। ਪੀੜਤ ਪਰਿਵਾਰਾਂ ਅੱਗੇ ਆਪਣਾ ਗੁਨਾਹ ਕਬੂਲਣ ਦੀ ਬਜਾਏ ਹੰਕਾਰੀ ਅਤੇ ਹੈਵਾਨੀ ਅੰਦਾਜ਼ ‘ਚ ਇਸ ਨੂੰ ਕਦੇ 'ਭੁਚਾਲ ਆਉਣ' ਕਦੇ 'ਬੋਆਇਲਰ ਫਟਣ' ਦੇ ਖਾਤੇ ‘ਚ ਚਾੜ੍ਹਨ ਦੀ ਬੇਸ਼ਰਮੀ ਅਤੇ ਢੀਡਤਾਈ ਦਾ ਸਬੂਤ ਦਿੰਦਾ ਹੈ। ਧਰਮ ਦੇ ਮਖੌਟੇ ਪਹਿਨ ਕੇ ਮੂੰਹ ‘ਚ ਰਾਮ ਰਾਮ ਅਤੇ ਬਗਲ ‘’ਚ ਛੁਰੀ ਰੱਖਣ ਦੇ ਸ਼ੌਕੀਨ ਸੀਤਲ ਵਿਜ ਦਾ ਮਜ਼ਦੂਰ ਵਿਰੋਧੀ, ਅੰਨ੍ਹੇ ਮੁਨਾਫ਼ੇਮੁਖੀ, ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗਣ ਵਾਲਾ ਕਿਰਦਾਰ 15 ਅਪ੍ਰੈਲ ਨੂੰ ਵਾਪਰੀ ਘਟਨਾ ਸਦਕਾ ਹੀ ਰੌਸ਼ਨੀ ‘ਚ ਨਹੀਂ ਆਇਆ ਸਗੋਂ ਬਾਲ-ਮਜ਼ਦੂਰਾਂ ਦੀ ਰੱਤ ਸੜ੍ਹਾਕਣ, 12-12 ਘੰਟੇ ਕਾਮਿਆਂ ਤੋਂ ਕੰਮ ਕਰਾਉਣ, ਦੁਪਹਿਰ ਦੇ ਖਾਣੇ ਮੌਕੇ ਅੱਧੀ ਛੁੱਟੀ ਕਰਨ ਵਾਲੇ ਸਮੇਂ ਦਾ ਵੀ ਓਵਰ ਟਾਈਮ ਲਵਾਉਣ, ਰਾਜ ਦਰਬਾਰੇ, ਅਫ਼ਸਰਸ਼ਾਹੀ ਅਤੇ ਵੰਨ-ਸੁਵੰਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੂਹੜੇ ਯਰਾਨਿਆਂ ਦੇ ਕਿੱਸੇ ਜਲੰਧਰ ਦੀਆਂ ਗਲੀਆਂ ਮੁਹੱਲਿਆਂ ‘ਚ ਆਮ ਚਰਚਿਤ ਹਨ।
ਹਾਂ! ਹਾਂ!! ਸੀਤਲ ਵਿਜ। ਇਸ ਫੈਕਟਰੀ ਦਾ ਮਾਲਕ ਜਿਹੜਾ ਆਪਣਾ ਇਨਸਾਨੀਅਤ ਵਿਰੋਧੀ, ਕਿਰਤੀ ਵਿਰੋਧੀ, ਲੋਕ-ਵਿਰੋਧੀ ਅਤੇ ਮਾਨਵਤਾ ਵਿਰੋਧੀ ਨਿਸੰਗ ਅਪਰਾਧ ਕਬੂਲਣ ਦੀ ਬਜਾਏ ਉਰਲੀਆਂ ਪਰਲੀਆਂ ਮਾਰਕੇ ਲੋਕਾਂ ਦਾ ਅਪਮਾਨ ਕਰਦਾ ਹੈ। ਕੁੱਲ ਵਟਾ ਕੁੱਲ ਕਾਇਦੇ ਕਾਨੂੰਨਾਂ ਨੂੰ ਟਿੱਚ ਜਾਣਦਾ ਹੈ। ਕਿਰਤ ਕਾਨੂੰਨਾਂ, ਇੰਡਸਟਰੀ ਨਿਯਮਾਂ ਦੀ ਮਿੱਟੀ ਪਲੀਤ ਕਰਦਾ ਹੈ। ਪੀੜਤ ਪਰਿਵਾਰਾਂ ਅੱਗੇ ਆਪਣਾ ਗੁਨਾਹ ਕਬੂਲਣ ਦੀ ਬਜਾਏ ਹੰਕਾਰੀ ਅਤੇ ਹੈਵਾਨੀ ਅੰਦਾਜ਼ ‘ਚ ਇਸ ਨੂੰ ਕਦੇ 'ਭੁਚਾਲ ਆਉਣ' ਕਦੇ 'ਬੋਆਇਲਰ ਫਟਣ' ਦੇ ਖਾਤੇ ‘ਚ ਚਾੜ੍ਹਨ ਦੀ ਬੇਸ਼ਰਮੀ ਅਤੇ ਢੀਡਤਾਈ ਦਾ ਸਬੂਤ ਦਿੰਦਾ ਹੈ। ਧਰਮ ਦੇ ਮਖੌਟੇ ਪਹਿਨ ਕੇ ਮੂੰਹ ‘ਚ ਰਾਮ ਰਾਮ ਅਤੇ ਬਗਲ ‘’ਚ ਛੁਰੀ ਰੱਖਣ ਦੇ ਸ਼ੌਕੀਨ ਸੀਤਲ ਵਿਜ ਦਾ ਮਜ਼ਦੂਰ ਵਿਰੋਧੀ, ਅੰਨ੍ਹੇ ਮੁਨਾਫ਼ੇਮੁਖੀ, ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗਣ ਵਾਲਾ ਕਿਰਦਾਰ 15 ਅਪ੍ਰੈਲ ਨੂੰ ਵਾਪਰੀ ਘਟਨਾ ਸਦਕਾ ਹੀ ਰੌਸ਼ਨੀ ‘ਚ ਨਹੀਂ ਆਇਆ ਸਗੋਂ ਬਾਲ-ਮਜ਼ਦੂਰਾਂ ਦੀ ਰੱਤ ਸੜ੍ਹਾਕਣ, 12-12 ਘੰਟੇ ਕਾਮਿਆਂ ਤੋਂ ਕੰਮ ਕਰਾਉਣ, ਦੁਪਹਿਰ ਦੇ ਖਾਣੇ ਮੌਕੇ ਅੱਧੀ ਛੁੱਟੀ ਕਰਨ ਵਾਲੇ ਸਮੇਂ ਦਾ ਵੀ ਓਵਰ ਟਾਈਮ ਲਵਾਉਣ, ਰਾਜ ਦਰਬਾਰੇ, ਅਫ਼ਸਰਸ਼ਾਹੀ ਅਤੇ ਵੰਨ-ਸੁਵੰਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੂਹੜੇ ਯਰਾਨਿਆਂ ਦੇ ਕਿੱਸੇ ਜਲੰਧਰ ਦੀਆਂ ਗਲੀਆਂ ਮੁਹੱਲਿਆਂ ‘ਚ ਆਮ ਚਰਚਿਤ ਹਨ।
ਆਪਣੇ ਕਾਲੇ ਕੁਕਰਮ ਉੱਪਰ ਪਰਦਾਪੋਸ਼ੀ ਕਰਨ ਲਈ 16 ਅਪ੍ਰੈਲ ਦੀ ਸਵੇਰ ਸੀਤਲ ਵਿਜ ਨੇ 25-30 ਵਰਕਰਾਂ ਦੇ ਹੀ ਕੰਮ 'ਤੇ ਹੋਣ ਦੀ ਗੱਪ ਮਾਰੀ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਾ ਰਹੀ ਜਦੋਂ 26 ਮ੍ਰਿਤਕ ਅਤੇ ਸੱਤਰ ਤੋਂ ਵੱਧ ਜ਼ਖ਼ਮੀਆਂ ਦੀ ਗਿਣਤੀ ਸਾਹਮਣੇ ਆ ਗਈ। ਅਜੇ ਕਈ ਪਰਿਵਾਰ ਆਪਣੇ ਪ੍ਰਮੋਦ ਵਰਗੇ ਪੁੱਤਰਾਂ ਨੂੰ ਮਲਬੇ ਕੋਲ ਜਾ ਕੇ ਉੱਚੀ-ਉੱਚੀ ਆਵਾਜ਼ਾਂ ਮਾਰ ਰਹੇ ਹਨ ਜਿਹਨਾਂ ਦੀ ਮੁਰਦਾ, ਫੱਟੜ ਜਾਂ ਜ਼ਿੰਦਾ ਕਿਸੇ ਵੀ ਹਾਲਤ ਵਿਚ ਕੋਈ ਉੱਘ-ਸੁੱਘ ਨਹੀਂ ਨਿਕਲੀ। ਸੰਗੀਨਾਂ ਦੇ ਛਾਏ ਹੇਠਾਂ ਘੇਰੀ ਕਿਰਤੀਆਂ ਦੀ ਬਸਤੀ ਬੇਖੌਫ਼ ਹੋ ਕੇ ਦੋਸ਼ ਲਾਉਂਦੀ ਹੈ ਕਿ ਕਿੰਨੇ ਹੀ ਮਜ਼ਦੂਰ ਮਸ਼ੀਨਾਂ ਨਾਲ ਰਾਤ ਦੇ ਹਨੇਰੇ ‘'ਚ ਜਾਂ ਡੂੰਘੇ ਦਫ਼ਨ ਕਰ ਦਿੱਤੇ ਜਾਂ ਸਾੜ ਦਿੱਤੇ। ਇਸ ਕਰਕੇ ਹੀ ਸਾਡੀ ਘੇਰਾਬੰਦੀ ਕੀਤੀ ਗਈ ਹੈ।
ਹੌਲਨਾਕ ਘਟਨਾ ਰਾਤ 11 ਵਜੇ ਦੀ ਹੈ ਪਰ ਨਾ-ਮਾਤਰ ਰਾਹਤ ਕਾਰਜ਼ ਸ਼ੁਰੂ ਹੁੰਦੇ ਹਨ ਸਵੇਰੇ ਸਾਢੇ ਛੇ ਵਜੇ। ਉਹ ਵੀ ਹਲਕੀ-ਫੁਲਕੀ ਮਸ਼ੀਨਰੀ ਅਤੇ ਔਜ਼ਾਰਾਂ ਨਾਲ। ਫੈਕਟਰੀ ਮਾਲਕ ਦੋ-ਤਿੰਨ ਦਰਜਨ ਤੱਕ ਗਿਣਤੀ ਸੀਮਤ ਕਰਕੇ ਵਿਆਪਕ ਛਾਣ-ਬਾਣ ਅਤੇ ਬੰਦੋਬਸਤ ਕਰਨ ਦੇ ਕਾਰਜ਼ ਨੂੰ ਗਿਣੀ-ਮਿੱਥੀ ਯੋਜਨਾ ਤਹਿਤ ਮੱਠਾ ਪਾਉਂਦਾ ਹੈ। ਹਾਜ਼ਰੀ ਲੁਕੋਣ ਦਾ ਮਤਲਬ ਸਮਝਣਾ ਕੋਈ ਔਖਾ ਪਹਾੜਾ ਨਹੀਂ।
ਪਰਵਾਸੀ ਕਾਮਿਆਂ ਦੀ ਬਸਤੀ ਜਿਹੜੀ 'ਕੱਠੀ ਹੋ ਕੇ ਰਾਹਤ ਕਾਰਜ ਵਿੱਚ ਸੇਵਾਵਾਂ ਸਮਰਪਤ ਕਰਨ ਲਈ ਜਦੋਂ ਘਟਨਾ ਸਥਾਨ ਵੱਲ ਵਾਹੋ ਦਾਹੀ ਦੌੜਦੀ ਹੈ ਤਾਂ ਉਹਨਾਂ ਦੀ ਪੀੜ ਅਤੇ ਜਖ਼ਮ ਮਹਿਸੂਸ ਕਰਕੇ ਮੱਲ੍ਹਮ ਪੱਟੀ ਕਰਨ ਜਾਂ ਰਾਹਤ ਪਹੁੰਚਾਉਣ ਦੀ ਬਜਾਏ ਉਨ੍ਹਾਂ ਉੱਪਰ ਤਿੰਨ ਵਾਰ ਲਾਠੀਚਾਰਜ ਕੀਤਾ ਜਾਂਦਾ ਹੈ। ਉਹਨਾਂ ਨੂੰ ਘਟਨਾ ਸਥਾਨ 'ਤੇ ਜਾਣ ਤੋਂ ਡੰਡੇ ਦੇ ਜ਼ੋਰ ਰੋਕਿਆ ਗਿਆ। ਮਜ਼ਦੂਰ ਬਸਤੀ ਦੁਆਲੇ ਹਥਿਆਰਬੰਦ ਪੁਲਸ ਅਤੇ ਫੌਜੀ ਬਲਾਂ ਦੇ ਸਖ਼ਤ ਪਹਿਰੇ ਲਗਾ ਦਿੱਤੇ। ਮਾਨਵਤਾ-ਪ੍ਰੇਮੀਆਂ, ਸਮਾਜ-ਸੇਵੀ ਜੱਥੇਬੰਦੀਆਂ ਅਤੇ ਜਮਹੂਰੀ-ਇਨਸਾਫਪਸੰਦ ਸੰਸਥਾਵਾਂ ਵਿਅਕਤੀਆਂ ਤੱਕ ਨੂੰ ਮੌਕਾ ਵਾਰਦਾਤ 'ਤੇ ਜਾਣ ਤੋਂ ਰੋਕਿਆ ਗਿਆ। ਕੋਈ ਦਸਵੇਂ ਦਿਨ ਤੱਕ ਵੀ ਦਿਲ-ਪਰੁੰਨਵੇਂ ਦ੍ਰਿਸ਼ ਸਾਹਮਣੇ ਆਉਂਦੇ ਰਹੇ! ਕਿਸੇ ਦਾ ਪੈਰ, ਕਿਸੇ ਦਾ ਪੰਜਾਂ ਜੇ.ਸੀ.ਬੀ. ਮਸ਼ੀਨਾਂ ਦੇ ਪੰਜਿਆਂ ਵਿਚ ਆਉਂਦਾ ਗਿਆ। ਇਹ ਉਸ ਦੇਸ਼ ਅੰਦਰ ਉਨ੍ਹਾਂ ਹੀ ਦਿਨਾਂ ‘ਚ ਕਾਂਡ ਵਾਪਰਿਆ ਹੈ, ਜਿਨ੍ਹਾਂ ਦਿਨਾਂ ‘ਚ ਵਿਕਾਸ ਦੇ ਅਲੰਬਰਦਾਰ 20 ਮਿੰਟਾਂ ‘'ਚ 5000 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਮਿਜ਼ਾਇਲ ਦਾ ਸਫ਼ਲ ਤਜ਼ਰਬਾ ਕਰਨ ਦੀਆਂ ਥਾਪੀਆਂ ਮਾਰ ਰਹੇ ਹਨ। ਜਲੰਧਰ ਅੰਦਰ “ਆਹਲਾ ਦਰਜਾ ਅਫਸਰਾਂ, ਮੰਤਰੀਆਂ” ਤੋਂ 5 ਕਿਲੋਮੀਟਰ ਤੋਂ ਵੀ ਘੱਟ ਵਿੱਥ 'ਤੇ ਵਾਪਰੀ ਘਟਨਾ ਤੱਕ 'ਵਿਕਾਸ ਉਡਾਰੀ' ਨਹੀਂ ਭਰੀ ਜਾ ਸਕੀ। ਪਰਵਾਸੀ ਕਾਮਿਆਂ ਨਾਲ ਬੇਗਾਨਗੀ ਅਤੇ ਅਣਮਨੁੱਖੀ ਰਵੱਈਆ ਉਸ ਮੁਲਕ ਅੰਦਰ ਹੀ ਸਾਹਮਣੇ ਆਇਆ ਹੈ, ਜਿੱਥੇ ਇੱਕ ਬੰਨ੍ਹੇ ਮਲਬੇ ਹੇਠ ਮਨੁੱਖੀ ਜ਼ਿੰਦਾਂ ਸਦਾ ਲਈ ਸੌਂ ਗਈਆਂ ਉੱਥੇ ਕੁਝ ਵਰ੍ਹੇ ਪਹਿਲਾਂ ਇੱਕ ਬੱਚੇ ਨੂੰ ਡੂੰਘੇ ਖੱਡੇ 'ਚੋਂ ਬਚਾਉਣ ਦੀ ਕਾਰਵਾਈ ਦਾ ਟੀ.ਵੀ. ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕਰਕੇ ਜੱਗ ਵਾਲਿਆਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਕਿ ਅਸੀਂ ਮਨੁੱਖੀ ਜ਼ਿੰਦਗੀ ਪ੍ਰਤੀ ਕਿੰਨੇ ਸੰਵੇਦਨਸ਼ੀਲ ਹਾਂ! ਸੀਤਲ ਵਿਜ ਫਾਈਬਰ ਫੈਕਟਰੀ ਘਟਨਾ ਮੌਕੇ ਉਲਟਾ ਕਾਮਿਆਂ 'ਤੇ ਲਾਠੀਚਾਰਜ, ਰਾਹਤ ਕਾਰਜ ‘ਚ ਹੱਥ ਵਟਾਉਣ ਵਾਲਿਆਂ 'ਤੇ ਰੋਕਾਂ, ਦੇਵੀ ਤਲਾਬ ਮੰਦਰ ਚੈਰੀਟੇਬਲ ਹਸਪਤਾਲ 'ਚੋਂ ਅਣਪਛਾਤੇ ਬੰਦਿਆਂ ਰਾਹੀਂ ਮਰੀਜ਼ਾਂ ਨੂੰ ਮਾੜੀ-ਮੋਟੀ ਮਲ੍ਹਮ ਪੱਟੀ ਕਰਨ ਉਪਰੰਤ ਬਿਨਾਂ ਕਿਸੇ ਰਿਕਾਰਡ ਦਰਜ ਕੀਤੇ ਭਜਾਉਣ ਦੀਆਂ ਵਾਰਦਾਤਾਂ, ਮ੍ਰਿਤਕਾਂ ਦੇ ਵਾਰਸਾਂ ਨੂੰ ਕਦੇ 2 ਕਦੇ 3 ਲੱਖ ਦੇਣ ਦੇ ਵਾਅਦੇ ਕਰਨ ਦਾ ਮਖੌਲ ਸਾਹਮਣੇ ਆਇਆ ਇਸਨੇ ਕਮਾਊ ਲੋਕਾਂ ਖਾਸ ਕਰਕੇ ਪਰਵਾਸੀਆਂ ਪ੍ਰਤੀ ਰਵੱਈਏ ਦੀ ਅਸਲੀਅਤ ਦਾ ਮੂੰਹ ਬੋਲਦਾ ਸਬੂਤ ਦਿੱਤਾ ਹੈ।
ਘਟਨਾ ਦੀ ਜਿਉਂ-ਜਿਉਂ ਪਰਤ-ਦਰ-ਪਰਤ ਖੁੱਲ੍ਹਦੀ ਜਾ ਰਹੀ ਹੈ ਤਾਂ ਇਕ ਤੋਂ ਬਾਅਦ ਦੂਜਾ ਅਪਰਾਧਜਨਕ ਅਤੇ ਗੈਰ-ਕਾਨੂੰਨੀ ਮਾਮਲਾ ਸਾਹਮਣੇ ਆ ਰਿਹਾ ਹੈ। ਫੈਕਟਰੀ ਦੀ ਉਸਾਰੀ ਹੀ ਅਧਿਕਾਰਤ ਨਹੀਂ। ਨਕਸ਼ਾ ਵੀ ਪਾਸ ਨਹੀਂ ਕਰਵਾਇਆ। ਜਿਸ 81 ਨੰਬਰ ਪਲਾਟ ‘ਚ ਫੈਕਟਰੀ ਹੈ, ਉੱਥੇ ਅੱਜ ਤੱਕ ਪਾਵਰਕਾਮ ਜਾਂ ਪੰਜਾਬ ਰਾਜ ਬਿਜਲੀ ਬੋਰਡ ਤੋਂ ਬਿਜਲੀ ਕੁਨੈਕਸ਼ਨ ਦੀ ਵੀ ਮਨਜ਼ੂਰੀ ਨਹੀਂ ਲਈ। ਇਸ ਪਲਾਟ ਦੇ ਲਾਗੇ 77 ਨੰਬਰ ਪਲਾਟ ਤੋਂ ਹੀ ਬਿਜਲੀ ਦੀਆਂ ਤਾਰਾਂ ਖਿੱਚ ਕੇ ਤਿੰਨ ਮੰਜਲੀ ਫੈਕਟਰੀ ਦਾ ਸਾਰਾ ਕਾਰੋਬਾਰ ਵਰ੍ਹਿਆਂ ਤੋਂ ਗੈਰ-ਕਾਨੂੰਨੀ ਚੱਲ ਰਿਹਾ ਹੈ। ਹੁਣ ਪਾਵਰਕਾਮ ਅਧਿਕਾਰੀਆਂ ਦੇ ਜ਼ੁਬਾਨੀ ਇਹ ਅਸਲੀਅਤ ਪ੍ਰਵਾਨ ਕੀਤੀ ਗਈ ਹੈ। ਇਹੀ ਪਾਵਰਕਾਮ ਪੁਲਸ ਅਤੇ ਸਿਵਲ ਪ੍ਰਸਾਸ਼ਨ ਦੀਆਂ ਧਾੜਾਂ ਚਾੜ੍ਹ ਕੇ ਗਰੀਬ ਪੇਂਡੂ, ਖੇਤ ਮਜ਼ਦੂਰਾਂ ਦੇ ਬਿਲ ਮਾਫ਼ ਕਰਨ ਦੇ ਸਰਕਾਰੀ ਵਾਅਦਿਆਂ ਦੇ ਬਾਵਜੂਦ ਉਨ੍ਹਾਂ ਦੇ ਘਰਾਂ ਦੇ ਕੁਨੈਕਸ਼ਨ ਕੱਟਣ ਲਈ ਆਏ ਰੋਜ਼ ਕਿਤੇ ਨਾ ਕਿਤੇ ਚੜ੍ਹਾਈ ਕਰਦਾ ਰਹਿੰਦਾ ਹੈ। ਜਲੰਧਰ ਸ਼ਹਿਰ ‘ਚ ਇਨ੍ਹਾਂ ਦੇ ਐਨ ਨੱਕ ਦੇ ਹੇਠ ਵਰ੍ਹਿਆਂ ਤੋਂ ਫਾਈਬਰ ਫੈਕਟਰੀ ਸਮੇਤ ਹੋਰ ਵੀ ਨਜਾਇਜ਼ ਕੁਨੈਕਸ਼ਨਾਂ ਤੇ ਬੇਖੌਫ਼ ਕੰਮ ਚੱਲ ਰਿਹਾ ਹੈ। ਕੌਣ ਕਹੇ ਰਾਣੀ ਅੱਗਾ ਢਕ!
ਈ.ਐਸ.ਆਈ. ਬੀਮਾ ਕਾਰਪੋਰੇਸ਼ਨ ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਜਿਸ ਕਿਸੇ ਮਹਿਕਮੇ ਨਾਲ ਵੀ ਗੱਲ ਕਰੋ ਹਰੇਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਕਾਰਡ ‘ਚ ਕੋਈ ਅਜਿਹੀ ਫੈਕਟਰੀ ਦਾ ਵਜੂਦ ਹੀ ਨਹੀਂ। ਭਲਾ ਸੀਤਲ ਵਿਜ ਹੁਣ ਤੱਕ ਸਾਹਮਣੇ ਆਏ 14 ਫੈਕਟਰੀਆਂ 'ਚੋਂ 11 ਫੈਕਟਰੀਆਂ ਦੇ ਗੈਰ ਕਾਨੂੰਨੀ ਚੱਲਦੇ ਰਹਿਣ ਦੀ ਪ੍ਰਵਾਹ ਕਿਉਂ ਕਰੇ, ਜਦੋਂ ਉਸ ਨੂੰ ਸਰਕਾਰੀ ਦਰਬਾਰੋਂ ਅਸ਼ੀਰਵਾਦ ਹਾਸਲ ਹੈ। ਅਜੇਹੀ ਹਨੇਰਗਰਦੀ ਅਣਸਰਦੇ ਨੂੰ ਕਿਸੇ ਨਾ ਕਿਸੇ ਕਾਰਨਾਂ ਕਰਕੇ ਫੈਕਟਰੀ ਘਟਨਾ ਵਾਪਰਨ ਤੋਂ ਬਾਅਦ ਸਿਰਫ਼ ਲੋਕਾਂ ਸਾਹਮਣੇ ਹੀ ਹੁਣ ਆਈ ਹੈ। ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਅਧਿਕਾਰੀਆਂ ਨੂੰ ਅਣਧਿਕਾਰਤ ਫੈਕਟਰੀ ਨਿਰਮਾਣ, ਬਿਜਲੀ ਕੁਨੈਕਸ਼ਨ, ਜਾਅਲੀ ਰਜਿਸਟਰ, ਬਾਲ-ਮਜ਼ਦੂਰੀ, ਬੀਮਾ, ਈ.ਐਸ.ਆਈ., ਸਿਹਤ ਵਿਭਾਗ ਆਦਿ ਸਭ ਤੋਂ ਹੀ ਇਹ ਕੁਝ ਚੋਰੀ-ਚੋਰੀ ਚੁਪਕੇ-ਚੁਪਕੇ ਹੋ ਰਿਹਾ ਸੀ। ਉਨ੍ਹਾਂ ਦੀ ਰਜ਼ਾ ਨਾਲ ਹੀ ਇਹ ਮਾਮਲੇ ਚੱਲ ਸਕਦੇ ਹਨ।
ਫੈਕਟਰੀ ਐਕਟ 1948 ਤਹਿਤ ਕਿਸੇ ਵੀ ਫੈਕਟਰੀ ਦੀ ਇਮਾਰਤ ਦਾ ਨਕਸ਼ਾ ਪਾਸ ਕਰਾਉਣਾ ਲਾਜ਼ਮੀ ਹੈ। ਬਾਲ ਮਜ਼ਦੂਰੀ ਕਾਨੂੰਨੀ ਜ਼ੁਰਮ ਹੈ। ਲੇਬਰ ਕਮਿਸ਼ਨਰ ਪੰਜਾਬ ਪ੍ਰਭਜੋਤ ਸਿੰਘ ਮੰਡ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਫੈਕਟਰੀ ਮਾਲਕ ਵੱਲੋਂ ਸਾਰੇ ਨਿਯਮ ਛਿੱਕੇ ਟੰਗੇ ਗਏ। ਉਨ੍ਹਾਂ ਦੱਸਿਆ ਕਿ ਨਾ ਸਾਡੇ ਵਿਭਾਗ ਨੂੰ ਤਿੰਨ ਮੰਜ਼ਿਲਾ ਫੈਕਟਰੀ ਦੀ ਉਸਾਰੀ ਦੀ ਜਾਣਕਾਰੀ ਦਿੱਤੀ ਗਈ, ਨਾ ਹੀ ਕਦੇ ਬਕਾਇਦਾ ਲੇਬਰ ਨਿਯਮਾਂ ਦੀ ਜਾਂਚ ਪੜਤਾਲ ਹੋਈ। ਕਦੀ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਵੱਲੋਂ ਪੜਤਾਲੀਆ ਕਮੇਟੀ ਬਣਾਈ ਗਈ ਹੈ ਉਹ ਹੋਰ ਤੱਥ ਵੀ ਸਾਹਮਣੇ ਲਿਆਵੇਗੀ। ਸੁਆਲ ਪੈਦਾ ਹੁੰਦਾ ਹੈ ਕਿ ਜਦੋਂ ਲੇਬਰ ਕਮਿਸ਼ਨਰ ਸਾਫ਼ ਬਿਆਨ ਕਲਮਬੱਧ ਕਰਾਉਂਦਾ ਹੈ ਫਿਰ ਹੋਰ ਦੂਹਰੀਆਂ-ਤੀਹਰੀਆਂ ਕਮੇਟੀਆਂ, ਕਮਿਸ਼ਨ, ਜਾਂਚ ਪੜਤਾਲ ਦੀ ਮਹੀਣ ਜਾਣਕਾਰੀ ਤਾਂ ਮੰਨਿਆ ਪਰ ਬੁਨਿਆਦੀ ਤੌਰ 'ਤੇ ਤਾਂ ਗੱਲ ਸਾਫ਼ ਹੈ ਕਿ ਸਭ ਕੁੱਝ ਗੈਰ ਕਾਨੂੰਨੀ ਹੈ। ਇਸ ਮੁਤਾਬਕ ਕਾਰਵਾਈ ਕਰਨ ‘ਚ ਕੀ ਰੁਕਾਵਟ ਹੈ? ਪੜਤਾਲੀਆ ਕਮੇਟੀਆਂ ਬਣਾਉਣਾ, ਉਨ੍ਹਾਂ ਲਈ ਤਿੰਨ-ਚਾਰ ਹਫ਼ਤੇ ਦਾ ਸਮਾਂ ਦੇਣਾ, ਫਿਰ ਆਵੇਗਾ ਸਮਾਂ ਅਜੇ ਹੋਰ ਲੱਗੇਗਾ, ਫਿਰ ਚੋਰ ਮੋਰੀਆਂ, ਫਿਰ ਘਪਲੇ ਢਕਣ ਲਈ ਘਪਲੇ, ਮੁਜ਼ਰਿਮਾਂ ਲਈ ਓਟ ਛਤਰੀ। ਇਹ ਮਾਮਲੇ ਕਿਸੇ ਤੋਂ ਛੁਪੇ ਨਹੀਂ ਹੋਏ। ਭੁਪਾਲ ਗੈਸ ਕਾਂਡ, ਡੱਬਵਾਲੀ ਸਿਨੇਮਾ ਕਾਂਡ, ਰਾਜਿੰਦਰਾ ਹਸਪਤਾਲ ਪਟਿਆਲਾ, ਦਿੱਲੀ, ਗੁਜਰਾਤ, ਗੋਦਰਾ ਆਦਿ ਸਭ ਕੁਝ ਜੱਗ ਜਾਹਰ ਹੈ ਕਿ ਅਜੇ ਤੱਕ ਪੜਤਾਲ ਦਾ ਅਰਥ ਜੋਰਾਵਰਾਂ ਨੂੰ ਬਰੀ ਕਰਨਾ, ਮਾਮਲੇ ਨੂੰ ਲਮਕਾਉਣਾ, ਠੰਢਾ ਕਰਨਾ ਅਤੇ ਅਖ਼ੀਰ ਕੋਲਡ ਸਟੋਰ ‘ਚ ਲਾਉਣਾ ਹੁੰਦਾ ਹੈ। ਸੀਤਲ ਵਿਜ ਫੈਕਟਰੀ ਘਟਨਾ ਦੇ ਵੀ ਅਜਿਹੇ ਨਤੀਜੇ ਸਾਹਮਣੇ ਆਉਣਗੇ ਉਨ੍ਹਾਂ ਦਾ ਸੰਕੇਤ ਹੀ ਕਰ ਰਿਹਾ ਹੈ ਚੱਲ ਰਿਹਾ 'ਪੜਤਾਲੀਆ' ਘਟਨਾ-ਕ੍ਰਮ।
ਮਿੱਟੀ, ਸੀਮੈਂਟ, ਸਰੀਏ ਆਦਿ ਦੀ ਫੋਰੈਂਸਿਕ ਜਾਂਚ ਕਰਾਈ ਜਾ ਰਹੀ ਹੈ ਕਿ ਇਹ ਘਟੀਆ ਕਿਸਮ ਦਾ ਤਾਂ ਨਹੀਂ ਵਰਤਿਆ ਗਿਆ। ਕੇਹਾ ਮਖੌਲ ਹੈ ਪੀੜਤ ਪਰਿਵਾਰਾਂ ਨਾਲ!! ਭਲਾ ਕੋਈ ਪੁੱਛੇ ਕਿ ਜਦੋਂ ਫੈਕਟਰੀ ਦੀ ਉਸਾਰੀ ਹੀ ਗੈਰਕਾਨੂੰਨੀ ਹੈ, ਫੈਕਟਰੀ ਦਾ ਸਾਲਾਂ ਬੱਧੀ ਗੈਰ ਕਾਨੂੰਨੀ ਚੱਲਦੇ ਰਹਿਣਾ ਹੀ ਕਾਨੂੰਨੀ ਜੁਰਮ ਹੈ ਤਾਂ ਹੁਣ ਭਲਾ ਇਸ ਦੀ ਕੀ ਤੁਕ ਹੈ ਕਿ ਮਿੱਟੀ, ਰੇਤਾ, ਸੀਮੈਂਟ, ਸਰੀਆ ਆਦਿ ਕਿਸ ਕੁਆਲਟੀ ਦਾ ਹੈ। ਇਹਨੂੰ ਕਹਿੰਦੇ ਨੇ ਨਾਲੇ ਚੋਰ ਨਾਲੇ ਚਤੁਰਾਈਆਂ। ਅਸਲ ਮੁੱਦਾ ਮਲਬੇ ਹੇਠ ਦੱਬਣਾ ਅਤੇ ਆਪਣੇ ਆਪ ਨੂੰ ਪੇਸ਼ ਇਉਂ ਕਰਨਾ ਜਿਵੇਂ ਕਿਤੇ ਹਾਕਮ ਅਤੇ ਪ੍ਰਸਾਸ਼ਨ ਤਾਂ ਹੁਣ ਜ਼ਿਆਦਾ ਹੀ ਸੰਵੇਦਨਸ਼ੀਲ ਹੋ ਗਿਆ ਹੈ।
- ਚਿੱਟੇ ਦਿਨ ਵਾਂਗ ਗੱਲ ਸਾਫ਼ ਹੈ ਕਿ ਫੈਕਟਰੀ ਐਕਟ 1948 ਤਹਿਤ ਜੇ ਫੈਕਟਰੀ ਸੁਰੱਖਿਆ ਵਿੱਚ ਕਮੀਆਂ ਪਾਈਆਂ ਜਾਂਦੀਆਂ ਹਨ ਤਾਂ ਉਸ ਫੈਕਟਰੀ ਮਾਲਕ ਨੂੰ ਸੱਤ ਸਾਲ ਦੀ ਸਜ਼ਾ ਜਾਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ। ਜੇਕਰ ਉਹ ਇਸ ਤੋਂ ਬਾਅਦ ਵੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸਨੂੰ ਹਰ ਰੋਜ਼ 5 ਹਜ਼ਾਰ ਰੁਪਏ ਜੁਰਮਾਨਾ ਅਤੇ 10 ਸਾਲ ਦੀ ਸਜ਼ਾ ਜਾਂ ਦੋਵੇਂ ਹੋ ਸਕਦੇ ਹਨ।
- ਇਮਾਰਤ ਨਿਰਮਾਣ ਅਤੇ ਉਸਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਜਾਣਕਾਰੀ ਵੀ ਕਿਰਤ ਵਿਭਾਗ ਨੂੰ ਰੈਗੂਲੇਸ਼ਨ ਆਫ ਇੰਪਲਾਈਮੈਂਟ ਅਤੇ ਕੰਡੀਸ਼ਨ ਆਫ ਸਰਵਿਸ ਐਕਟ 1996 ਤਹਿਤ ਦੇਣੀ ਹੁੰਦੀ ਹੈ ਤਾਂ ਜੋ ਵਿਭਾਗ ਵੀ ਦੇਖ ਸਕੇ ਕਿ ਬਿਲਡਿੰਗ ਦਾ ਨਿਰਮਾਣ ਸਹੀ ਢੰਗ ਨਾਲ ਹੋ ਰਿਹਾ ਹੈ ਜਾਂ ਨਹੀਂ। ਵਿਭਾਗ ਕੋਲ ਨਕਸ਼ਾ ਵੀ ਜਮ੍ਹਾਂ ਕਰਾਉਣਾ ਹੁੰਦਾ ਹੈ। ਉਲੰਘਣਾ ਕਰਨ ਤੇ ਜੁਰਮਾਨਾ ਅਤੇ ਸਜ਼ਾ ਦੋਵੇਂ ਵੀ ਹੋ ਸਕਦੀਆਂ ਹਨ।
- ਜੇ ਕੋਈ ਬਾਲ ਮਜ਼ਦੂਰੀ ਕਰਾਉਂਦਾ ਹੈ ਤਾਂ ਚਾਈਲਡ ਵਰਕਰਜ਼ ਇਨ ਵਾਈਲੇਸ਼ਨ ਆਫ ਸੈਕਸ਼ਨ-3 ਤਹਿਤ ਉਸਨੂੰ ਘੱਟੋ ਘੱਟ 3 ਮਹੀਨੇ ਦੀ ਸਜ਼ਾ ਹੋ ਸਕਦੀ ਹੈ ਸਾਲ ਤੱਕ ਵਧਾਇਆ ਵੀ ਜਾ ਸਕਦਾ ਹੈ। ਜੇ ਮਾਲਕ ਫਿਰ ਵੀ ਬਾਜ਼ ਨਾ ਆਏ ਤਾਂ ਸਜ਼ਾ 2 ਸਾਲ ਵੀ ਹੋ ਸਕਦੀ ਹੈ।
ਸੀਤਲ ਵਿਜ ਫੈਕਟਰੀ ‘ਚ ਤਾਂ ਬੀਤੇ 12 ਵਰ੍ਹਿਆਂ ਤੋਂ ਜਦੋਂ ਤੋਂ ਫੈਕਟਰੀ ਚੱਲ ਰਹੀ ਹੈ ਅਤੇ ਜਦੋਂ ਅਜੇ ਇਸਦੀ ਨੀਂਹ ਧਰੀ ਜਾ ਰਹੀ ਸੀ ਉਦੋਂ ਤੋਂ ਹੀ ਸਾਰਾ ਮਾਮਲਾ ਹੀ ਗੈਰ ਕਾਨੂੰਨੀ ਚੱਲ ਰਿਹਾ ਹੈ। ਇਸ ਲਈ ਪੜਤਾਲੀਆ ਕਮੇਟੀਆਂ ਨਾਟਕ ਨਹੀਂ ਤਾਂ ਹੋਰ ਕੀ ਹੈ? ਕੀ ਆਮ ਨਾਗਰਿਕਾਂ ਦੇ ਮਾਮਲੇ ‘ਚ ਇਉਂ ਕੀਤਾ ਜਾਂਦਾ ਹੈ?
ਰਹਿੰਦੀ ਖੂੰਹਦੀ ਕਸਰ ਸੀਤਲ ਵਿਜ ਦੀ ਹਿਰਾਸਤ ਦੌਰਾਨ ਖਾਤਰਦਾਰੀ ਤੋਂ ਪੂਰੀ ਹੋ ਜਾਂਦੀ ਹੈ। ਕੇਸ 8 ਨੰਬਰ ਥਾਣੇ ਦਾ, ਰੱਖਿਆ ਬਾਰਾਂਦਰੀ ‘ਚ। ਉਹ ਵੀ ਸ਼ਾਹੀਆਨਾ ਅੰਦਾਜ਼ ‘ਚ ਮੌਜ ਨਾਲ ਫੋਨ ਦੀ ਵਰਤੋਂ ਹੋ ਰਹੀ ਹੈ, ਮਿਲਣੀਆਂ ਹੋ ਰਹੀਆਂ ਹਨ। ਆਮ ਲੋਕਾਂ ਲਈ ਥਾਣੇ ਦੇ ਗੇਟ ਬੰਦ ਹੋ ਜਾਂਦੇ ਹਨ। ਅਦਾਲਤੀ ਰਿਮਾਂਡ ਦੇ ਅਦਾਲਤੀ ਹੁਕਮਾਂ ਦੇ ਬਾਵਜੂਦ ਰਾਹ 'ਚੋਂ ਹੀ ਮੋੜ ਕੇ ਵਿਜ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ। ਉੱਥੇ ਕਦੇ ਆਈ.ਸੀ.ਯੂ., ਕਦੇ ਵਿਸ਼ੇਸ਼ ਕਮਰੇ ‘ਚ ਟਹਿਲ ਸੇਵਾ ਹੁੰਦੀ ਹੈ। ਜੁੜਵੇਂ ਵਾਰਡਾਂ ਦੇ ਮਰੀਜ਼ ਅਤੇ ਉਹਨਾਂ ਦੇ ਸਕੇ ਸਬੰਧੀ ਪੈਣ ਢੱਠੇ ਖੂਹ ‘ਚ! ਆਹਲਾ ਦਰਜੇ ਦੇ ਅਫ਼ਸਰ, ਪੁਲਸ ਪਲਟਣਾਂ ਵਿਜ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤੀਆਂ ਜਾਂਦੀਆਂ ਹਨ। ਭਾਰਤੀ ਸੰਵਿਧਾਨ, ਕਾਨੂੰਨ ਦੀ ਐਨਕ ‘ਚ ਅਜੇ ਵੀ ਸਭ ਨਾਗਰਿਕ ਬਰਾਬਰ ਹਨ! ਜੇ ਮਲਬੇ ਥੱਲੇ ਦੱਬੇ ਕਾਮਿਆਂ ਨੂੰ ਵਾਰਸ ਘਟਨਾ ਸਥਾਨ ਵੱਲ ਜਾਣ ਤਾਂ ਲਾਠੀਆਂ ਮਿਲਦੀਆਂ ਹਨ ਜੇ ਮਹਾਂ ਦੋਸ਼ੀ ਵਿਜ ਵਰਗਾ ਹੋਵੇ ਤਾਂ ਉਸਨੂੰ ਗੈਰ ਕਾਨੂੰਨੀ ਕਾਰਿਆਂ ਦੀ ਲੰਮੀ ਲੜੀ ਦਾ ਚੈਂਪੀਅਨ ਹੋਣ ਕਰਕੇ ਕਾਨੂੰਨੀ ਸਹਾਇਤਾ ਮਿਲਦੀ ਹੈ ਅਤੇ ਉਸਦੀ ਵਿਸ਼ੇਸ਼ ਮਹਿਮਾਨ ਵਾਂਗ ਟਹਿਲ ਸੇਵਾ ਹੁੰਦੀ ਹੈ ਫਿਰ ਵੀ ਅਸੀਂ ਨਿਆਂ ਦੇ ਪਤੁਲੇ ਹਾਂ। ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਅਲੰਮਬਰਦਾਰ ਹਾਂ!!
ਸੀਤਲ ਵਿਜ ਦੀ ਫੈਕਟਰੀ ਦੇ ਬਾਹਰ ਹੁਣ ਜਾ ਕੇ ਇੱਕ ਨੋਟਿਸ ਚਪਕਾ ਦਿੱਤਾ ਕਿ ਜਵਾਬ ਦਿਓ ਤੁਹਾਡੇ ਖਿਲਾਫ਼ ਕਿਉਂ ਨਾ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਸਮੇਤ ਬਹੁਤਿਆਂ ਦਾ ਕਹਿਣਾ ਹੈ ਕਿ ਪੁਲਸ ਰਿਮਾਂਡ ‘ਚ ਵੀ ਵਿਜ ਤੋਂ ਰਜਿਸਟਰ ਬਾਰੇ ਕੁਝ ਪਤਾ ਨਹੀਂ ਲੱਗਾ। ਮਜ਼ਦੂਰਾਂ ਦੀ ਗਿਣਤੀ ਬਾਰੇ ਜਾਣਕਾਰੀ ਨਹੀਂ ਮਿਲੀ। ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਕਾਰਜਾਂ ਤੋਂ ਵਿਹਲੇ ਹੋ ਕੇ ਇਸ ਪਾਸੇ ਹੋਵਾਂਗੇ। ਭਾਵ ਸਾਫ ਹੈ ਕਿ ਹਾਕਮਾਂ, ਅਫ਼ਸਰਾਂ ਅਤੇ ਕਾਨੂੰਨ ਦੀ ਨਜ਼ਰ ‘ਚ ਪੀੜਤ ਮਜ਼ਦੂਰ ਤਬਕਾ ਕੋਈ ਧਿਰ ਨਹੀਂ। ਉਸਦੇ ਹਲਫ਼ੀਆ ਬਿਆਨ ਕੋਈ ਅਰਥ ਨਹੀਂ ਰੱਖਦੇ। ਵਿਜ ਕੀ ਕਹੇਗਾ! ਉਹ ਪੜਤਾਲ ਦਾ ਹਿੱਸਾ ਹੋਏਗਾ। ਉਹ ਕਮੇਟੀਆਂ ਜਿਹਨਾਂ ਦੇ ਅਦਾਰਿਆਂ ਨੇ 12 ਵਰ੍ਹੇ ਅੱਖਾਂ ਮੀਟੀ ਰੱਖੀਆਂ ਉਹ ਪੜਤਾਲ ਕਰਕੇ ਇਨਸਾਫ਼ ਕਰਨਗੀਆਂ। ਝੋਟਿਆਂ ਵਾਲੇ ਘਰੋਂ ਲੱਸੀ ਦਾ ਭਰੋਸਾ ਦਿੱਤਾ ਜਾ ਰਿਹੈ।
ਲੋਕ ਹੱਕਾਂ ਲਈ ਹੁੰਦੀਆਂ ਇਕੱਤਰਤਾਵਾਂ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਜਦੋਂ ਕਿ ਲੋਕ ਆਪਣੇ ਮੁੱਢਲੇ ਅਧਿਕਾਰਾਂ ਮੁਤਾਬਕ ਹੀ ਇਕੱਠ ਕਰ ਰਹੇ ਹੁੰਦੇ ਹਨ। ਹੁਣ ਜਦੋਂ ਲੋਕ ਕਹਿ ਰਹੇ ਹਨ ਕਿ ਕਿੰਨੇ ਮਜ਼ਦੂਰਾਂ ਨੂੰ ਸਾੜ ਦਿੱਤਾ। ਕਿੰਨਿਆਂ ਨੂੰ ਜ਼ਮੀਨ ਹੇਠ ਦੱਬ ਦਿੱਤਾ ਤਾਂ ਅਜੇਹੇ ਮੌਕੇ ਅਸਲੀਅਤ ਤੇ ਲੋਕਾਂ ਨੂੰ ਬਾਖ਼ਬਰ ਕਰਨ ਲਈ ਵੀਡੀਓਗ੍ਰਾਫੀ ਕਿਉਂ ਨਾ ਕੀਤੀ? ਵਾਰਸਾਂ, ਜਥੇਬੰਦੀਆਂ ਨੂੰ ਘਟਨਾ ਸਥਾਨ 'ਤੇ ਜਾਣ ਤੋਂ ਕਿਉਂ ਰੋਕਿਆ? ਇੱਕ ਤੋਂ ਬਾਅਦ ਦੂਜਾ ਤੱਥ ਸਾਫ਼ ਹੈ ਕਿ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਲੋਕਾਂ ਲਈ ਹੋਰ ਜੋਕਾਂ ਲਈ ਹੋਰ, ਆਪੋ ਆਪਣੇ ਵਿਤ ਮੁਤਾਬਕ ਜੇ ਹਾਅ ਦਾ ਨਾਅਰਾ ਮਾਰਨ ਲਈ ਕੋਈ ਮੈਦਾਨ ‘ਚ ਆਇਆ ਹੈ ਤਾਂ ਉਹ ਲੋਕ-ਪੱਖੀ, ਜਮਹੂਰੀ ਇਨਕਲਾਬੀ ਜੱਥੇਬੰਦੀਆਂ ਹੀ ਹਨ। ਵੰਨ ਸੁਵੰਨੇ ਫਿਰਕੂ ਜ਼ਹਿਰ ਦੇ ਵਣਜਾਰੇ ਸੀਤਲ ਵਿਜ ਫੈਕਟਰੀ ਦੀ ਘਟਨਾ ਮੌਕੇ ਖ਼ਾਮੋਸ਼ ਹਨ।
ਇਸ ਘਟਨਾਕ੍ਰਮ ਨੇ 3 ਦਸੰਬਰ, 2009 ਨੂੰ ਫੋਕਲ ਪੋਆਇੰਟ ਲੁਧਿਆਣਾ ਵਿਖੇ ਵਾਪਰੀ ਘਟਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਦੋਂ ਆਪਣੀ ਆਏ ਰੋਜ਼ ਹੁੰਦੀ ਲੁੱਟ ਅਤੇ ਕੁੱਟ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਹਾਈਵੇ 'ਤੇ ਰੋਸ ਧਰਨੇ ਉੱਪਰ ਬੈਠੇ ਪਰਵਾਸੀ ਕਾਮਿਆਂ ਉੱਪਰ ਹੱਲਾ ਬੋਲਣ ਲਈ ਪੁਲਸ ਅਤੇ ਮਿੱਲ ਮਾਲਕਾਂ ਦੇ ਲੱਠਮਾਰਾਂ ਨੇ ਮੁਨਿਆਦੀ ਕਰਵਾ ਕੇ ਸਥਾਨਕ ਪੰਜਾਬੀਆਂ ਨੂੰ ਉਕਸਾਇਆ ਭੜਕਾਇਆ ਕਿ, ''ਬਿਹਾਰੀ ਚਾਂਭਲ ਗਏ ਨੇ ਇਨ੍ਹਾਂ ਨੂੰ ਪੱਧਰੇ ਕਰਨ ਦੀ ਲੋੜ ਹੈ।'' ਅੱਜ ਪਰਵਾਸੀ ਕਾਮਿਆਂ ਪ੍ਰਤੀ ਸਥਾਨਕ ਕਾਮਿਆਂ ‘ਚ ਜਿਸ ਕਦਰ ਰੋਸ ਜਾਗਣਾ ਚਾਹੀਦਾ ਸੀ ਉਸਦੀ ਘਾਟ ਰੜਕਣ ਪਿੱਛੇ ਲਗਾਤਾਰ ਪਰਵਾਸੀ ਕਾਮਿਆਂ ਬਾਰੇ ਕੀਤਾ ਜਾਂਦਾ ਦੁਰ-ਪ੍ਰਚਾਰ ਹੈ।
ਸਭ ਤੋਂ ਖ਼ਤਰਨਾਕ ਅਤੇ ਚਿੰਤਾਜਨਕ ਗੱਲ ਇਹ ਹੈ ਕਿ ਲੋਥਾਂ ਦਾ ਢੇਰ ਬਣੀ, ਮਰੀਜਾਂ, ਵਿਰਲਾਪ ਕਰਦੇ ਵਾਰਸਾਂ ਦਾ ਹਿਰਦੇਵੇਦਕ ਦ੍ਰਿਸ਼ ਬਣੀ ਫੈਕਟਰੀ ਦੇ ਬਿਲਕੁਲ ਲਾਗੇ ਹੀ ਪੈਂਦੀਆਂ ਫੈਕਟਰੀਆਂ ਉਸੇ ਤਰ੍ਹਾਂ ਚੱਲਦੀਆਂ ਰਹੀਆਂ। ਹੋਰ ਤਾਂ ਹੋਰ ਲੋਕ-ਹਿਤੈਸ਼ੀ ਜੱਥੇਬੰਦੀਆਂ ਵੀ ਇੱਕਜੁੱਟ ਹੋ ਕੇ ਕਿਸੇ ਬੱਝਵੀਂ ਵਿਉਂਤਬੱਧ ਸੇਧ ਮੁਤਾਬਕ ਇਸ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਥ ਨਹੀਂ ਲੈ ਸਕੀਆਂ। ਟੁੱਟਵੀਂ, ਇਕੱਲੀ ਇਕਹਿਰੀ ਜਾਂ ਆਰਜੀ ਕਾਰਵਾਈ ਸਾਹਮਣੇ ਆਈ। ਇੱਕ ਬੱਝਵੀਂ ਰੋਸ ਲਹਿਰ, ਸਦਭਾਵਨਾ ਲਹਿਰ ਦਾ ਵਰਤਾਰਾ ਸਾਹਮਣੇ ਨਹੀਂ ਆਇਆ। ਇਹ ਕਿਸੇ 'ਤੇ ਉਂਗਲ ਰੱਖਣ ਦੀ ਬਜਾਏ ਸਭਨਾ ਲਈ ਆਪੋ-ਆਪਣੇ ਹਿੱਸੇ ਦੀ ਸਵੈ-ਪੜਚੋਲਵੀਂ ਅੰਤਰ-ਝਾਤ ਮਾਰਨ ਦਾ ਤਿੱਖਾ ਪ੍ਰਸ਼ਨ ਹੈ।
ਅਜੇ ਇਕ ਦਿਨ ਹੀ ਬੀਤਿਆ ਸੀ ਜਦੋਂ ਦੇਸ਼-ਵਿਦੇਸ਼ ਅੰਦਰ ਵਿਸਾਖੀ ਦਿਹਾੜੇ, ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਦਿਹਾੜੇ ਅਤੇ ਗ਼ਦਰ ਪਾਰਟੀ ਸਥਾਪਨਾ ਦਿਹਾੜੇ ਦੇ ਸਮਾਗਮ ਹੋਏ। ਸਾਂਝੀ, ਅਮੀਰ ਅਤੇ ਸੰਗਰਾਮੀ ਵਿਰਾਸਤ ਬਾਰੇ ਵਿਚਾਰਾਂ ਹੋਈਆਂ। ਅੱਜ ਜਦੋਂ ਦਿਲ ਹਲੂਣਵੀਂ ਘਟਨਾ ਸਾਡੇ ਸਿਰਾਂ 'ਤੇ ਅਸਮਾਨੀ ਬਿਜਲੀ ਬਣ ਡਿਗੀ ਤਾਂ ਉਸ ਮੌਕੇ ਹਾਕਮਾਂ, ਪ੍ਰਸਾਸ਼ਨ ਆਦਿ ਦੇ ਲੋਕ ਦੋਖੀ ਅਤੇ ਚਰਿੱਤਰ ਕਾਰਨ ਪਰਵਾਸੀਆਂ ਨਾਲ ਦੁਰ-ਵਿਹਾਰ ਅਤੇ ਦੋਗਲਾ ਮਿਆਰ ਸਮਝ ਆਉਂਦੇ ਹਨ ਸਾਡੇ ਸਮਾਜਕ ਭਾਈਚਾਰਕ ਨੈਤਿਕ ਮਿਆਰ ਦਾ ਗਰਾਫ਼ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਇਸ ਦੀ ਟੋਹ ਵੀ ਸਾਫ਼ ਲੱਗਦੀ ਹੈ। ਸਮਾਜਕ ਸਭਿਆਚਾਰਕ ਅਤੇ ਜਮਹੂਰੀ ਚੇਤਨਾ ਦੇ ਪੱਧਰ ਦੀ ਤਸਵੀਰ ਇਸ ਦਰਪਣ 'ਚੋਂ ਦੇਖੀ ਜਾ ਸਕਦੀ ਹੈ।
ਕੁੱਝ ਸੁਣ ਗਏ ਹਾਂ, ਕੁੱਝ ਕਹਿ ਗਏ ਹਾਂ
ਅਸੀਂ ਖ਼ਬਰਾਂ ਪੜ੍ਹਦੇ ਸੁਣਦੇ ਹਾਂ
ਤੇ ਖ਼ਬਰਾਂ ਬਣ ਕੇ ਰਹਿ ਗਏ ਹਾਂ
ਮੁਲਕ ਅੰਦਰ ਰਿਵਾਜ਼ ਹੀ ਬਣ ਗਿਐ ਕਿ ਜਿੱਡਾ ਵੱਡਾ ਕਾਤਲ, ਭ੍ਰਿਸ਼ਟ, ਬਲਾਤਕਾਰੀਆ, ਨੌਸਰਬਾਜ਼, ਲੁਟੇਰਾ ਅਤੇ ਅਪਰਾਧੀ ਉਸਦੇ ਮਗਰ ਓਡੇ ਹੀ 'ਵੱਡੇ ਬੰਦੇ'। ਓਨੀ ਹੀ ਹਾਕਮ ਧਿਰ, ਪ੍ਰਸਾਸ਼ਨ ਦੀ ਛੱਤਰੀ। ਉਸਨੂੰ ਬੇਕਸੂਰ ਦੱਸਣ ਦੀ ਕਵਾਇਤ। ਜਲਦੀ ਰਿਹਾ ਕਰਨ ਕਰਾਉਣ ਦਾ ਸ਼ੋਰ। ਰਿਹਾ ਹੋ ਕੇ ਆਇਆਂ ਲਈ ਦੋਵੱਲੇ ਜੇਤੂ ਨਿਸ਼ਾਨ ਬਣਾਉਣ ਦੇ ਦ੍ਰਿਸ਼ ਜਿਵੇਂ ਕੋਈ ਮਾਂ ਧਰਤੀ ਜਾਇਆ ਸੂਰਮਾ ਲੋਕਾਂ ਲਈ ਜੰਗ ਜਿੱਤ ਕੇ ਆਇਆ ਹੋਵੇ!
ਜਿਨ੍ਹਾਂ ਪਰਵਾਸੀਆਂ ਨੇ ਪੰਜਾਬ ਦੀ ਸਨਅਤ, ਖੇਤੀ ਹੋਰ ਕਾਰੋਬਾਰਾਂ ਚ ਖ਼ੂਨ ਪਸੀਨਾ ਵਹਾ ਕੇ, ਸਸਤੀ ਲੇਬਰ ਕਰਕੇ, ਕੁੱਟਾਂ ਮਾਰਾਂ ਝੱਲ ਕੇ ਅਤੇ ਸੀਤਲ ਵਿਜ ਵਰਗਿਆਂ ਤੋਂ ਆਪਣੇ ਮੁੜ੍ਹਕੇ ਦੀ ਲੁੱਟ ਕਰਾ ਕੇ ਵੀ ਨਿਰਮਾਣ ‘ਚ ਯੋਗਦਾਨ ਪਾਇਆ ਹੈ ਉਸ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰਤੀ ਰੇਲਵੇ ਸਟੇਸ਼ਨਾਂ ਤੋਂ ਲੱਦ ਕੇ ਲਿਆਉਣ ਵੇਲੇ, ਕੰਮ ਲੈਣ ਵੇਲੇ ਰਵੱਈਆ ਹੋਰ, ਮਿਹਨਤ ਅਦਾ ਕਰਨ ਵੇਲੇ ਹੋਰ ਅਤੇ ਸੀਤਲ ਵਿਜ ਫੈਕਟਰੀ ਵਰਗੀ ਘਟਨਾ ਵਾਪਰਨ ਵੇਲੇ ਰਵੱਈਆ ਹੋਰ।
ਸੀਤਲ ਵਿਜ ਹੋਵੇ ਜਾਂ ਉਸ ਵਰਗੇ ਹੋਰ ਸਨਅਤਕਾਰ। ਮਾਮਲਾ ਇਸ ਜਮਾਤ ਦੇ ਮਜ਼ਦੂਰ ਜਮਾਤ ਨਾਲ ਰਿਸ਼ਤੇ ਦਾ ਹੈ। ਇਹ ਨਹੁੰ ਮਾਸ ਦਾ ਨਹੀਂ ਸਗੋਂ ਮਾਲਕ ਅਤੇ ਮਜ਼ਦੂਰ ਦਾ ਰਿਸਤਾ ਹੈ। ਅਜੇਹੇ ਸਨਅਤਕਾਰ, ਜਾਗੀਰਦਾਰ, ਵਪਾਰੀ, ਬਹੁ ਕੌਮੀ ਕੰਪਨੀਆਂ, ਸੂਦਖੋਰ, ਠੇਕੇਦਾਰ ਆਦਿ ਦਾ ਅਜੇਹਾ ਕੁੜਮ ਕਬੀਲਾ ਹੈ ਜਿਹੜਾ ਸਾਡੇ ਸਮਾਜ ਦੇ ਪਿੰਡੇ 'ਤੇ ਜੋਕ ਬਣ ਕੇ ਲੱਗਿਆ ਹੈ। ਖਾਸ ਕਰਕੇ ਨਵੀਆਂ ਸਨਅਤੀ ਨੀਤੀਆਂ, ਆਰਥਕ ਨੀਤੀਆਂ ਦੀ ਖੁੱਲ• ਖੇਡ ਮਗਰੋਂ ਇਸ ਲਾਣੇ ਦੀਆਂ ਹੋਰ ਵੀ ਚੜ੍ਹ ਮੱਚੀਆਂ ਹਨ। ਇਨ੍ਹਾਂ ਕੋਲ ਹੱਕ, ਮੁਨਾਫ਼ੇ ਲਈ ਵੀ ਖੁੱਲ੍ਹੇ ਹਨ ਅਤੇ ਮਜ਼ਦੂਰਾਂ, ਸਮੂਹ ਮਿਹਨਤਕਸ਼ਾਂ ਦੀ ਕਮਾਈ ਲੁੱਟਣ ਅਤੇ ਕੁੱਟਣ ਲਈ ਵੀ ਖੁੱਲ੍ਹੇ ਹਨ। ਜਿਨ੍ਹਾਂ ਫੈਕਟਰੀਆਂ ਦਾ ਮਾਮਲਾ ਅਜੇ ਜੱਗ ਜਾਹਰ ਨਹੀਂ ਉਹ ਸਿਰਫ਼ ਢਕੀ ਰਿਝ ਰਹੀ ਹੈ, ਸਭ ਅੱਛਾ ਉੱਥੇ ਵੀ ਨਹੀਂ। ਦੇਰ ਸਵੇਰ ਹੋਰ ਵੀ ਭਿਆਨਕ ਅਜੇਹੇ ਹਾਦਸੇ ਸਾਡਾ ਕਿਸੇ ਦਾ ਵੀ ਬੂਹਾ ਖੜਕਾ ਸਕਦੇ ਹਨ। ਪਰਵਾਸੀ ਪੀੜਤਾਂ ਦੇ ਮਸਲੇ ਨੂੰ ਜੇ ਤਮਾਸ਼ਾ ਸਮਝਕੇ ਦੇਖਦੇ ਰਹਾਂਗੇ ਤਾਂ ਇਸ ਦੀ ਭਵਿੱਖ ‘ਚ ਭਾਰੀ ਕੀਮਤ ਅਦਾ ਕਰਨੀ ਪਵੇਗੀ। ਇਹਨਾਂ ਘਟਨਾਵਾਂ ਨੂੰ ਅਵੱਸ਼ ਹੀ ਮੌਜੂਦਾ ਪ੍ਰਬੰਧ ਦੀ ਕੜੀ ਜੋੜ ਅਤੇ ਉਸਦੀ ਪੈਦਾਇਸ਼ ਵਜੋਂ ਅੰਗਣਾ ਚਾਹੀਦਾ ਹੈ। ਇਸਦੀ ਰੋਕਥਾਮ ਲਈ ਮਜ਼ਦੂਰਾਂ ਦੀ ਕਿਰਤ ਅਤੇ ਜੀਵਨ ਦੀ ਸੁਰੱਖਿਆ ਦੀ ਗਰੰਟੀ ਤੋਂ ਲੈ ਕੇ ਇਸ ਨਿਜ਼ਾਮ ਦੀ ਮੂਲੋਂ ਬਦਲੀ ਅਤੇ ਕਾਮਿਆਂ/ ਲੋਕਾਂ ਦੀ ਪੁਗਤ ਵਾਲੇ ਨਿਜ਼ਾਮ ਤੱਕ ਦੀ ਸਿਰਜਣਾ ਲਈ ਇਕਜੁੱਟ ਹੋ ਕੇ ਅੱਗੇ ਆਉਣਾ ਵਕਤ ਦੀ ਲੋੜ ਹੈ।
ਆਦਮ-ਖਾਣੇ ਪ੍ਰਬੰਧ ਦੀ ਹਨੇਰਗਰਦੀ ਖਿਲਾਫ਼ ਆਪਣੇ ਹਿੱਸੇ ਦੀ ਮੋਮਬੱਤੀ ਜਗਾ ਕੇ ਨਾ ਤੁਰਨ ਦੀ ਹਾਲਤ ‘ਚ ਭਵਿੱਖ ਸਾਡੇ 'ਤੇ ਤਿੱਖੇ ਸੁਆਲ ਕਰੇਗਾ ਕਿ ਮਲਬੇ ਹੇਠ ਕੌਣ ਹੈ। ਉਹ ਜੋ ਸਦਾ ਦੀ ਨੀਂਦ ਸੌਂ ਗਏ ਜਾਂ ਅਸੀਂ ਜਿਹੜੇ ਜਾਗਦੇ ਹੀ ਸੌਂ ਗਏ। ਮਲਬੇ ਹੇਠ ਦੱਬਿਆਂ ਨੂੰ ਮਾਰੀਆਂ ਅਵਾਜ਼ਾਂ ਕੋਈ ਹੈ! ਕੋਈ ਹੈ!! ਸਿਰਫ ਉਹਨਾਂ ਲਈ ਹੀ ਨਹੀਂ ਉਹ ਸਭ ਤੋਂ ਵੱਧ ਸਮਾਜਕ ਸਰੋਕਾਰਾਂ ਦੀ ਬਾਂਹ ਫੜਨ ਵਾਲਿਆਂ ਨੂੰ ਸੁਣਨੀਆਂ ਚਾਹੀਦੀਆਂ ਹਨ। ਆਓ! ਗੌਰ ਨਾਲ ਇਸ ਆਵਾਜ਼ ਉੱਪਰ ਵਿਚਾਰ ਕਰੀਏ ਜਿਹੜੀ ਗਲੇ ਸੜੇ ਅਜੋਕੇ ਸਮਾਜ ਦੇ ਮਲਬੇ ਥੱਲੇ ਦੱਬੇ ਸਭਨਾ ਨੂੰ ਹੀ ਮਾਰੀ ਜਾ ਰਹੀ ਹੈ।
ਕੋਈ ਹੈ! ਆਵਾਜ਼ ਦਿਓ!!
ਕੋਈ ਹੈ! ਜਵਾਬ ਦਿਓ!!