StatCounter

Showing posts with label Naujwan Bharat Sabha. Show all posts
Showing posts with label Naujwan Bharat Sabha. Show all posts

Tuesday, November 11, 2014

ਘੁੱਦਾ ਪਿੰਡ ਦੀ ਸੱਥ ਵਿਚ, ਰੋਸ ਪ੍ਰਦਰਸ਼ਨ ਲਈ ਇੱਕਤਰ ਹੋਏ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਉੱਪਰ ਪੁਲਸ ਨੇ ਢਾਹਿਆ ਬੇਕਿਰਕ ਕਹਿਰ

  ਇਹ ਤਾਂ ਨੰਗੀ ਚਿੱਟੀ ਤਾਨਾਸ਼ਾਹੀ ਹੈ।

Police Attacking the protesters at Ghudda village

Protesters burning effigy of Punjab Govt after lathi-charge by police

People protesting against police lathi-charge

              ਘੁੱਦਾ ਪਿੰਡ ਦੀ ਸੱਥ ਵਿਚ, ਰੋਸ ਪ੍ਰਦਰਸ਼ਨ ਲਈ ਇੱਕਤਰ ਹੋਏ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਉੱਪਰ ਢਾਹੇ ਅੰਨੇ ਕਹਿਰ ਨੇ, ਮੁਲਕ ਦੇ ਜਾਬਰ ਚੇਹਰੇ 'ਤੇ ਚਾੜ੍ਹੇ ਅਖੌਤੀ ਜਮਹੂਰੀਅਤ ਦੇ ਮੁਖੌਟੇ ਨੂੰ ਪਰ੍ਹੇ ਵਗਾਹ ਮਾਰਦਿਆਂ ਨੰਗੀ ਚਿੱਟੀ ਤਾਨਾਸ਼ਾਹੀ ਨੂੰ ਜੱਗ ਜ਼ਾਹਰ ਕਰ ਦਿਤਾ ਹੈ। ਆਉਂਦਿਆਂ ਹੀ ਬਿਨਾਂ ਕੋਈ ਗੱਲ ਸੁਣਿਆ ਤੇ ਬਿਨਾਂ ਕੋਈ ਅਗਾਂਊ ਚਿਤਾਵਨੀ ਦਿੱਤਿਆ, ਡਾਂਗ ਵਰ੍ਹਾ ਦਿੱਤੀ। ਪੀੜਤ ਪ੍ਰੀਵਾਰ (ਕਿਸਾਨ ਆਪ,ਪਤਨੀ ਤੇ ਦੋਂਵੇ ਮੁੰਡੇ) ਸਮੇਤ ਦੋ ਦਰਜਨ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਬੰਧਕ ਬਣਾ ਕੇ ਲੈ ਗਏ ਤੇ ਪੁਲਸ 'ਤੇ ਹਮਲਾ ਕਰਨ ਦੇ ਝੂਠੇ ਪਰਚੇ ਤਹਿਤ ਜੇਲੀਂ ਡੱਕ ਦਿਤਾ ਗਿਆ। ਮੁਲਾਕਾਤ ਉਂਪਰ ਵੀ ਰੋਕ ਲਾ ਦਿਤੀ ਗਈ।

            ਇਥੇ ਮਸਲਾ, ਮਾੜੀ ਸਪਰੇਅ ਨਾਲ ਸੜੇ ਨਰਮੇ ਦਾ ਮੁਆਵਜ਼ਾ ਲੈਣ ਦਾ ਹੈ। ਘੁੱਦਾ ਪਿੰਡ ਦੇ ਕਿਸਾਨ ਜਸਵਿੰਦਰ ਸਿੰਘ ਦਾ, ਬਠਿੰਡੇ ਦੇ ਇਕ ਡੀਲਰ ਤੋਂ ਖਰੀਦੀ ਸਪਰੇਅ ਨਾਲ ਪੰਜ ਏਕੜ ਨਰਮਾ ਸੜ ਕੇ ਸੁਆਹ ਹੋ ਗਿਆ। ਉਸ ਦੇ ਕਹਿਣ ਅਨੁਸਾਰ ਉਸ ਦਾ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹ ਕਈ ਵਾਰ ਡੀਲਰ ਨੂੰ ਮਿਲਿਆ, ਉਸ ਨੇ ਕੋਈ ਲੜ ਨਾ ਫੜਾਇਆ। ਜਿਲਾ ਖੇਤੀਬਾੜੀ ਅਫਸਰ ਨੇ ਇਹ ਦੱਸ ਦਿਤਾ ਕਿ ਡੀਲਰ ਕੋਲ ਲਸੰਸ ਨਹੀਂ ਹੈ ਤੇ ਉਸ ਨੂੰ ਮੁਆਵਜ਼ਾ ਦੇਣਾ ਹੀ ਪਵੇਗਾ। ਪਰ ਡੀਲਰ ਖਿਲਾਫ ਕਾਰਵਾਈ ਇਸ ਨੇ ਵੀ ਨਾ ਕੀਤੀ। ਭਾਰਤੀ ਕਿਸਾਨ ਯੂਨੀਅਨ (ਉਗਰਾਂਹਾਂ) ਤੇ ਨੌਜਵਾਨ ਭਾਰਤ ਸਭਾ ਦੇ ਸਾਂਝੇ ਵਫਦ ਵੀ ਮਿਲੇ, ਮਸਲਾ ਹੱਲ ਨਾ ਹੋਇਆ। ਪੁਲਸ ਨੂੰ ਪਰਚਾ ਵੀ ਦਿਤਾ, ਉਲਟਾ ਪੁਲਸ ਕਿਸਾਨਾਂ ਨੂੰ ਹੀ ਘੂਰਨ ਤੇ ਘੇਰਨ ਲੱਗ ਪਈ। ਹੁਣ ਯੂਨੀਅਨ ਤੇ ਸਭਾ ਨੇ ਰੋਸ ਪ੍ਰਦਰਸ਼ਨ ਲਈ ਪਿੰਡ ਵਿੱਚ ਇੱਕਠ ਰੱਖਿਆ ਸੀ, ਜਿਥੇ ਪੁਲਸ ਨੇ ਆਕੇ ਆਹ ਕਹਿਰ ਢਾਹਿਆ ਹੈ।

           ਵੇਖਣ ਨੂੰ ਛੋਟਾ ਲੱਗਦਾ ਇਹ ਮਾਮਲਾ, (ਡੀਲਰ ਨੇ ਮੁਆਵਜ਼ਾ ਦੇਣਾ ਹੈ, ਡੀਲਰ ਦੇ ਕਹਿਣ ਮੁਤਾਬਕ ਕਿ ਉਸ ਕੋਲ ਹੋਰ ਕੋਈ ਸ਼ਿਕਾਇਤ ਨਹੀਂ ਸਿਰਫ ਇਹੀ ਹੈ,ਯਾਨਿ ਇਕ ਕਿਸਾਨ ਨੂੰ ਹੀ ਮੁਆਵਜ਼ਾ ਦੇਣਾ ਹੈ) ਧਾੜਵੀਆਂ ਵਾਂਗੂੰ ਹਮਲਾਵਰ ਬਣਕੇ ਆਈ ਪੁਲਸ ਵੱਲੋਂ ਢਾਹੇ ਕਹਿਰ ਨੇ, ਵੱਡਾ ਬਣਾ ਦਿਤਾ ਹੈ। ਇੱਕਤਰ ਹੋਣ ਅਤੇ ਰੋਸ ਪ੍ਰਗਟਾਉਣ ਦੇ ਬੁਨਿਆਦੀ ਹੱਕ ਨੂੰ ਬੁਲੰਦ ਕਰਨ ਦਾ ਮਾਮਲਾ ਬਣ ਗਿਆ ਹੈ। ਇਸ ਹੱਕ ਦੀ ਬੁਲੰਦੀ ਤੇ ਬਹਾਲੀ ਨਾਲ ਹੀ ਮੁਆਵਜ਼ੇ ਦਾ ਕੁਝ ਬਣਨਾ ਹੈ।

          ਪੁਲਸ ਵੱਲੋਂ ਪਿੰਡਾਂ ਵਿਚ ਜਾਕੇ ਲੋਕਾਂ 'ਤੇ ਲਾਠੀਚਾਰਜ ਕਰਨਾ ਤੇ ਗ੍ਰਿਫਤਾਰ ਕਰਨਾ ਨਵੀਂ ਗੱਲ ਨਹੀਂ ਹੈ ਪਰ ਇਥੇ ਇਸ ਘੋਲ ਦੇ ਸ਼ੁਰੂ ਵਿਚ ਹੀ ਪੁਲਸ ਦਾ ਇਉਂ ਚੜਾਈ ਕਰਕੇ ਆਉਣਾ ਤੇ ਅੰਨਾ ਕਹਿਰ ਢਾਹੁਣਾ, ਉਸ ਦੀ ਇੱਕਲੀ ਦੀ ਖੇਡ ਨਹੀਂ, ਅਕਾਲੀ-ਭਾਜਪਾ ਹਕੂਮਤ ਤੇ ਪ੍ਰਸ਼ਾਸ਼ਨ ਪੂਰੇ ਦਾ ਪੂਰਾ ਸ਼ਾਮਲ ਹੈ। ਇਹ, ਸਰਕਾਰ ਤੇ ਪ੍ਰਸ਼ਾਸ਼ਨ ਦੀ ਉਹ ਜਾਬਰ ਨੀਤੀ ਦਾ ਹਿੱਸਾ ਹੀ ਹੈ, ਜਿਹੜੀ, ਜਗੀਰਦਾਰਾਂ ਸਰਮਾਏਦਾਰਾਂ ਤੇ ਦੇਸੀ-ਬਦੇਸ਼ੀ ਕਾਰਪੋਰੇਟਾਂ ਦੇ ਹਿੱਤ ਪਾਲੂ ਸਾਮਰਾਜੀ ਨੀਤੀਆਂ ਮੜ੍ਹਣ ਵੇਲੇ ਉੱਠਦੇ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਸੀ ਬਲਾਂ ਨੂੰ ਖੁੱਲਾਂ ਦਿੰਦੀ ਹੈ; ਜਿਹੜੀ, ਰਾਜਧਾਨੀ ਤੋਂ ਲੈਕੇ ਜਿਲਾ ਸਦਰ ਮੁਕਾਮਾਂ, ਤਹਿਸੀਲਾਂ ਤੇ ਬਲਾਕਾਂ ਤੱਕ ਲੋਕਾਂ ਨੂੰ ਧਰਨੇ ਮਾਰਨ ਤੇ ਮੁਜ਼ਾਹਰੇ ਕਰਨ ਨੂੰ ਮੂਹਰੇ ਹੋ ਡੱਕਣ ਲਈ ਸਦਾ ਹੀ ਅੰਗਰੇਜਾਂ ਵਾਲੀ ਦਫਾ ਚੁਤਾਲੀ ਮੜੀ ਰੱਖਦੀ ਹੈ; ਜਿਹੜੀ, ਸੈਂਕੜੇ ਜਾਬਰ ਕਾਲੇ ਕਾਨੂੰਨਾਂ ਦੇ ਭੱਥੇ ਵਿਚੋਂ ਸਿਰਫ ਇੱਕ ਨਿੱਕੜੇ ਜਿਹੇ ਸੱਤ ਕਵੰਜਾ (107/151 Cr.P.C.) ਕਾਨੂੰਨ ਨੂੰ ਸਰਕਾਰੀ ਸਿਆਸਤ ਦੀ ਪੁੱਠ ਦੇ ਕੇ ਸੰਘਰਸ਼ਸ਼ੀਲ ਆਗੂਆਂ ਨੂੰ ਮਹੀਨਿਆਂ ਬੱਧੀ ਜੇਲਾਂ ਵਿੱਚ ਬੰਦ ਕਰੀ ਰੱਖਦੀ ਹੈ; ਜਿਹੜੀ, ਤੇਜ਼ ਹੋਏ ਲੋਕ ਸੰਘਰਸ਼ਾਂ ਦੀ ਪੂਰੀ ਤਰ੍ਹਾਂ ਸੰਘੀ ਨੱਪਣ ਲਈ ਹੁਣ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ-2014 ਬਣਾਉਣ ਲਈ ਤਹੂ ਹੈ।

         ਪਾਰਲੀਮਾਨੀ ਚੋਣਾਂ ਵਿੱਚ ਹੋਈ ਨਮੋਸ਼ੀ ਤੋਂ ਬਾਅਦ ਬਾਦਲ ਹਕੂਮਤ ਨੇ ਬਠਿੰਡੇ ਨੂੰ ਪੂਰੀ ਤਰ੍ਹਾਂ ਪੁਲਸ ਦੇ ਹਵਾਲੇ ਕਰ ਦਿਤਾ ਹੈ। ਸਰਕਾਰੀ ਹਲਾ-ਸ਼ੇਰੀ ਨਾਲ ਭੂਸਰੀ ਪੁਲਸ ਸਾਂਵੀ ਹਿਟਲਰ ਬਣ ਕੇ ਚੱਲ ਰਹੀ ਹੈ। ਮੰਗ-ਪੱਤਰ ਦੇਣ ਆਇਆਂ 'ਤੇ ਵੀ ਕੇਸ ਮੜ੍ਹੇ ਜਾ ਰਹੇ ਹਨ। ਸੰਘਰਸ਼ਾਂ 'ਤੇ ਡਾਂਗ ਵਰ੍ਹਾਉਣ ਲਈ ਅਤੇ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ, ਸੰਘਰਸ਼ਾਂ 'ਤੇ ਤਸੱਦਦ ਢਾਹੁਣ ਵਿਚ ਬਦਨਾਮ ਏਸੇ ਡੀ.ਐੱਸ. ਪੀ.ਨੂੰ ਤਾਇਨਾਤ ਕੀਤਾ ਜਾਂਦਾ ਹੈ।

        ਡੀਲਰ ਨੂੰ ਸਰਕਾਰ ਜਾਂ ਪੁਲਸ ਨੇ ਕੀ ਬਚਾਉਣਾ ਹੈ, ਆਮੋਂ-ਆਮ ਹੋਈ ਰਿਸ਼ਵਤਖੋਰੀ ਦੇ ਦੈਂਤ ਦਾ ਕੀ ਇਤਵਾਰ, ਕਿ ਦੋ ਲੱਖ ਤੋਂ ਵੱਡਾ ਬੁਰਕ ਭਰ ਲਵੇ? ਪਰ ਇਥੇ ਇਹ ਗੱਲ ਸਾਫ ਹੈ ਕਿ ਸਰਕਾਰ ਤੇ ਅਫਸਰਸ਼ਾਹੀ ਕਿਸਾਨਾਂ, ਮਜ਼ਦੂਰਾਂ,ਨੌਜਵਾਨਾਂ ਤੇ ਔਰਤਾਂ ਦੀ ਰਾਖੀ ਦਾ ਜੁੰਮਾ ਛੱਡ ਚੁੱਕੀ ਹੈ। ਕੁੱਲ ਛੇ ਏਕੜ ਜ਼ਮੀਨ ਵਾਲੇ ਦੀ ਪੰਜ ਏਕੜ ਫਸਲ ਤਬਾਹ ਹੋ ਜਾਵੇ, ਸਰਕਾਰ, ਪ੍ਰਸ਼ਾਸ਼ਨ ਤੇ ਅਫਸਰ ਉਸ ਦੀ ਬਾਂਹ ਨਾ ਫੜਣ, ਉਸਨੂੰ ਇਨਸਾਫ ਨਾ ਦਿਵਾਉਣ ਅਤੇ ਉੱਪਰੋਂ ਸਰਕਾਰੀ ਨੀਤੀਆਂ ਦੀ ਪੈਦਾਇਸ਼ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕਰਜ਼ੇ ਆਦਿ ਦਾ ਦੈਂਤ ਮੂੰਹ ਅੱਡੀ ਖੜਾ ਹੋਵੇ, ਤਾਂ ਉਸ ਕੋਲ ਜਥੇਬੰਦੀ ਤੇ ਸੰਘਰਸ਼ ਦਾ ਆਸਰਾ ਤੇ ਸਹਾਰਾ ਹੀ ਹੈ। ਜਿਹੜਾ ਇਹ ਕਿਸਾਨ ਕਰ ਰਿਹਾ ਹੈ। ਸਹੀ ਕਰ ਰਿਹਾ ਹੈ। ਲੋਕ ਮੋਰਚਾ ਪੰਜਾਬ ਉਸਦੇ ਨਾਲ ਹੈ। ਸਰਕਾਰ ਤੇ ਅਫਸਰਸ਼ਾਹੀ ਤਾਂ ਆਮ ਸਾਧਾਰਨ ਲੋਕਾਂ ਨੂੰ ਵੋਟਾਂ ਤੋਂ ਵੱਧ ਕੁਝ ਸਮਝਦੀ ਹੀ ਨਹੀਂ। ਆਮ ਰੂਪ ਵਿੱਚ ਲੋਕਾਂ ਨੂੰ ਲੁੱਟ ਤੇ ਕੁੱਟ ਰਾਹੀਂ ਅਤੇ ਝੂਠੇ ਲੋਕ-ਰਾਜ ਦੇ ਢਕਵੰਜ ਰਾਹੀਂ ਹਮੇਸ਼ਾ ਜਕੜ ਕੇ ਰੱਖਦੀ ਹੈ। ਲੋਕਾਂ ਨੂੰ ਤਾਂ, ਲੋਕਾਂ ਦੇ ਸੰਘਰਸ਼ ਵਿੱਚ ਘਿਰੇ ਹੀ, ਦਿੰਦੇ ਹਨ।   
      
       ਅੱਜ ਮੰਗ ਚਾਹੇ ਆਰਥਿਕ ਹੈ ਤੇ ਭਾਵੇਂ ਜਮਹੂਰੀ ਹੈ, ਇਹਨਾਂ ਲਈ ਚਲਦੇ ਸੰਘਰਸ਼, ਸਰਕਾਰ ਵੱਲੋਂ ਅਖਤਿਆਰ ਕੀਤੀ ਸੰਘਰਸ਼ਾਂ ਨੂੰ ਕੁਚਲ ਦੇਣ ਅਤੇ ਮੁਕੰਮਲ ਜ਼ੁਬਾਨ-ਬੰਦੀ ਕਰਨ ਦੀ ਜਾਬਰ ਨੀਤੀ ਦੇ ਪ੍ਰਸੰਗ ਵਿੱਚ, ਖਰੀ ਜਮਹੂਰੀਅਤ ਉਸਾਰਨ ਵਿੱਚ ਹਿੱਸਾ-ਪਾਊ ਸੰਘਰਸ਼ ਹਨ। ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਵਾਲੀ ਖਰੀ ਜਮਹੂਰੀਅਤ ਉਸਾਰਨ ਦਾ ਕਾਰਜ ਭਾਵੇਂ ਵੱਡਾ ਹੈ ਪਰ ਇਸ ਦਾ ਰਾਹ ਇਹੀ ਹੈ। ਤੇ ਇਹਨਾਂ ਸੰਘਰਸ਼ਾਂ ਨੂੰ ਸਹੀ ਤੇ ਸੱਚੇ ਮਾਰਗ 'ਤੇ ਜਾਰੀ ਰੱਖਣਾ ਹੀ, ਮੰਗਾਂ ਮੰਨਵਾਉਣ ਦਾ ਤੇ ਜਮਹੂਰੀਅਤ ਉਸਾਰਨ ਵਿੱਚ ਹਿੱਸਾ ਪਾਉਣ ਦਾ ਸਵੱਲੜਾ ਰਾਹ ਹੈ। ਇਹਨਾਂ ਸੰਘਰਸ਼ਾਂ ਲਈ, ਵਿਸ਼ਾਲ ਲੋਕਾਈ ਦੀ ਇੱਕ-ਜੁੱਟਤਾ, ਦ੍ਰਿੜਤਾ, ਸਾਹਸ, ਤਹੱਮਲ ਤੇ ਇਨਕਲਾਬੀ ਸੋਝੀ ਦੀ ਜਰੂਰਤ ਹੈ। ਲੋਕ ਮੋਰਚਾ ਪੰਜਾਬ ਖਰੀ ਜਮਹੂਰੀਅਤ ਉਸਾਰਨ ਵਾਸਤੇ ਲੋਕਾਂ ਨੂੰ ਜਾਗਰਿਤ ਤੇ ਜਥੇਬੰਦ ਕਰਨ ਦੇ ਕਾਰਜ ਵਿਚ ਕਾਰਜਸ਼ੀਲ ਹੈ ਤੇ ਸਦਾ ਸੰਘਰਸ਼ਸ਼ੀਲ ਲੋਕਾਂ ਦੇ ਨਾਲ ਹੈ 
(07.11.2014)                                                      
       ਜਾਰੀ ਕਰਤਾ:
       ਜਗਮੇਲ ਸਿੰਘ, ਜਨਰਲ ਸਕੱਤਰ

       ਲੋਕ ਮੋਰਚਾ ਪੰਜਾਬ (ਸੰਪਰਕ:9417224822)

Sunday, March 17, 2013

ਧਰਨਿਆਂ 'ਤੇ ਪਾਬੰਦੀਆਂ ਖਿਲਾਫ਼ - ਜਥੇਬੰਦੀਆਂ ਕਰਨਗੀਆਂ ਰੋਸ ਕਨਵੈਨਸ਼ਨ


ਧਰਨਿਆਂ 'ਤੇ ਪਾਬੰਦੀਆਂ ਖਿਲਾਫ਼
ਜਥੇਬੰਦੀਆਂ ਕਰਨਗੀਆਂ ਰੋਸ ਕਨਵੈਨਸ਼ਨ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣ ਅਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਬਠਿੰਡਾ ਸ਼ਹਿਰ 'ਚ ਧਰਨੇ ਮੁਜ਼ਾਹਰੇ ਕਰਨ 'ਤੇ ਪਾਬੰਦੀ ਮੜ੍ਹਨ ਦੇ ਕਦਮਾਂ ਦਾ ਬਠਿੰਡੇ ਜ਼ਿਲੇ   'ਚ ਕੰਮ ਕਰਦੀਆਂ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਰਲ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਇਹ ਰੋਸ ਪ੍ਰਗਟਾਉਣ ਲਈ 27 ਮਾਰਚ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਸਾਂਝੀ ਰੋਸ ਕਨਵੈਨਸ਼ਨ ਕੀਤੀ ਜਾਵੇਗੀ। ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਦੱਸਿਆ ਕਿ ਅੱਜ ਟੀਚਰਜ਼ ਹੋਮ ਵਿੱਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਜਿਸ ਵਿੱਚ ਜ਼ਿਲੇ ਭਰ ਅੰਦਰ ਕੰਮ ਕਰਦੀਆਂ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਜੁੜੇ ਸਭਨਾਂ ਆਗੂਆਂ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਇਹਨਾਂ ਜਾਬਰ ਕਦਮਾਂ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣਾ ਕਰਾਰ ਦਿੱਤਾ ਹੈ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਬੁਲੰਦ ਕਰਨ ਲਈ ਲੋਕ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਹੈ।

ਸਭਨਾਂ ਆਗੂਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਤੇ ਵਾਜਬ ਮੰਗਾਂ ਨੂੰ ਸੁਣਨ ਤੇ ਹੱਲ ਕਰਨ ਦੀ ਥਾਂ ਹੱਕੀ ਆਵਾਜ਼ ਨੂੰ ਦਬਾਉਣ ਦਾ ਰਾਹ ਫੜਿ
ਆ ਹੈ ਤੇ ਹਜ਼ਾਰਾਂ ਕਿਸਾਨਾਂ 'ਤੇ ਝੂਠੇ ਕੇਸ ਮੜ੍ਹ ਕੇ ਜੇਲਾਂ 'ਚ ਸੁੱਟ ਦਿੱਤਾ ਹੈ। ਕਿਸਾਨਾਂ ਦੇ ਸੰਘਰਸ਼ ਦੀਆਂ ਬਹੁਤੀਆਂ ਮੰਗਾਂ ਉਹ ਹਨ ਜਿਹਨਾਂ ਨੂੰ ਸਰਕਾਰ ਨੇ ਪਹਿਲਾਂ ਹੀ ਪ੍ਰਵਾਨ ਕੀਤਾ ਹੋਇਆ ਹੈ ਤੇ ਉਹਨਾਂ ਨੂੰ ਹੀ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਪ੍ਰਤੀ ਸਰਕਾਰ ਨੇ ਦਮਨਕਾਰੀ ਵਤੀਰਾ ਅਖ਼ਤਿਆਰ ਕੀਤਾ ਹੈ। ਇਸ ਸਰਕਾਰ ਵੱਲੋਂ ਵਿਕਾਸ ਦੇ ਨਾਮ ਥੱਲੇ ਲਾਗੂ ਕੀਤੀਆਂ ਜਾ ਰਹੀਆਂ ਲੋਕ-ਵਿਰੋਧੀ ਨਵੀਆਂ ਆਰਥਿਕ ਨੀਤੀਆਂ ਨੇ ਪੰਜਾਬ ਦੇ ਸਭਨਾਂ ਮਿਹਨਤਕਸ਼ ਵਰਗਾਂ ਦੀ ਜ਼ਿੰਦਗੀ ਦੁੱਭਰ ਕੀਤੀ ਹੋਈ ਹੈ ਅਤੇ ਆਏ ਦਿਨ ਵਧ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਲੋਕ ਸਮੂਹ ਜਥੇਬੰਦ ਹੋਣ ਦੇ ਰਾਹ ਪੈ ਰਹੇ ਹਨ। ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਦਾ ਝੰਡਾ ਚੁੱਕ ਰਹੇ ਹਨ। ਰਾਜ ਨਹੀਂ ਸੇਵਾ ਦੇ ਦਾਅਵੇ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਲੋਕਾਂ ਦੀ ਇਹ ਆਵਾਜ਼ ਸੁਣਨ ਨੂੰ ਵੀ ਤਿਆਰ ਨਹੀਂ ਹੈ। ਇਸੇ ਲਈ ਪੰਜਾਬ ਕੈਬਨਿਟ ਵੱਲੋਂ ਪਿਛਲੇ ਦਿਨਾਂ 'ਚ ਲੋਕਾਂ ਦੇ ਸ਼ਾਂਤਮਈ ਧਰਨੇ ਮੁਜ਼ਾਹਰਿਆਂ ਨੂੰ ਵੀ ਬਰਦਾਸ਼ਤ ਨਾ ਕਰਨ ਦੇ ਐਲਾਨ ਜਾਰੀ ਕੀਤੇ ਗਏ ਹਨ। ਇਹਨਾਂ ਫੁਰਮਾਨਾਂ ਤਹਿਤ ਹੀ ਹੁਣ ਬਠਿੰਡਾ ਪ੍ਰਸ਼ਾਸਨ ਵੀ ਲੋਕਾਂ ਤੋਂ ਇਹ ਅਧਿਕਾਰ ਪੂਰੀ ਤਰਾਂ ਖੋਹਣ ਦੇ ਰਾਹ ਤੁਰ ਪਿਆ ਹੈ। ਮਿੰਨੀ ਸਕੱਤਰੇਤ ਦੇ ਇਲਾਕੇ ਨੂੰ ਪੂਰੀ ਤਰਾਂ ਸੀਲ ਕਰਨ ਤੇ ਧਰਨਿਆਂ ਦੀ ਥਾਂ ਬਠਿੰਡੇ ਸ਼ਹਿਰ ਤੋਂ ਪੰਜ ਕਿਲੋਮੀਟਰ ਦੂਰ ਨਿਸ਼ਚਿਤ ਕਰਨ ਦਾ ਭਾਵ ਲੋਕਾਂ ਦੀ ਹੱਕੀ ਆਵਾਜ਼ ਨੂੰ ਕੁਚਲਣ ਦਾ ਖੁੱਲਾ ਐਲਾਨ ਹੈ। ਪਹਿਲਾਂ ਕਿਸਾਨਾਂ ਨੂੰ ਸ਼ਾਂਤਮਈ ਰੋਸ ਧਰਨਾ ਲਗਾਉਣ ਤੋਂ ਜਬਰੀ ਰੋਕਿਆ ਗਿਆ, ਫਿਰ ਦੋ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਸਾਖਰ ਪ੍ਰੇਰਕਾਂ ਦਾ ਟੈਂਟ ਉਖਾੜ ਦਿੱਤਾ ਗਿਆ ਤੇ ਹੁਣ ਹੋਰ ਅਗਾਂਹ ਜਾਂਦਿਆਂ ਲੋਕਾਂ ਤੋਂ ਸਕੱਤਰੇਤ ਮੂਹਰੇ ਪਹੁੰਚ ਕੇ ਆਪਣੀ ਸਮੱਸਿਆ ਦੱਸਣ ਦਾ ਹਰ ਹੱਕ ਖੋਹ ਲਿਆ ਗਿਆ ਹੈ। ਜਿਸ ਨੂੰ ਸੰਘਰਸ਼ਸ਼ੀਲ ਲੋਕ ਬਰਦਾਸ਼ਤ ਨਹੀਂ ਕਰਨਗੇ। ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰਨ ਦਾ ਬੁਨਿਆਦੀ ਜਮਹੂਰੀ ਹੱਕ ਖੁੱਸਣ ਨਹੀਂ ਦਿੱਤਾ ਜਾਵੇਗਾ। ਇਹ ਹੱਕ ਪਹਿਲਾਂ ਵੀ ਸੰਘਰਸ਼ ਰਾਹੀਂ ਹੀ ਹਾਸਲ ਕੀਤਾ ਗਿਆ ਹੈ ਤੇ ਇਸ ਦੀ ਰਾਖੀ ਵੀ ਸੰਘਰਸ਼ ਰਾਹੀਂ ਹੀ ਕੀਤੀ ਜਾਵੇਗੀ।

ਆਗੂਆਂ ਨੇ ਦੱਸਿਆ ਕਿ ਇਹਨਾਂ ਮੁੱਦਿਆਂ 'ਤੇ ਜਥੇਬੰਦੀਆਂ ਦੇ ਆਗੂਆਂ ਦਾ ਸਾਂਝਾ ਵਫ਼ਦ 19 ਮਾਰਚ ਨੂੰ ਡੀ. ਸੀ . ਬਠਿੰਡਾ ਨੂੰ ਮਿਲੇਗਾ ਤੇ ਇਹ ਪਾਬੰਦੀਆਂ ਫੌਰੀ ਖ਼ਤਮ ਕਰਨ ਦੀ ਮੰਗ ਕਰੇਗਾ। ਮੀਟਿੰਗ ਵਿੱਚ ਸ਼ਾਮਲ ਜਥੇਬੰਦੀਆਂ ਨੇ ਜ਼ਿਲੇ ਅੰਦਰ ਕੰਮ ਕਰਦੀਆਂ ਸਭਨਾਂ ਲੋਕ ਜਥੇਬੰਦੀਆਂ ਅਤੇ ਜਮਹੂਰੀ ਸ਼ਖਸ਼ੀਅਤਾਂ/ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਜਾਬਰ ਕਦਮਾਂ ਖਿਲਾਫ ਸਾਂਝੀ ਆਵਾਜ਼ ਬੁਲੰਦ ਕਰਨ ਤੇ ਰੋਸ ਕਨਵੈਨਸ਼ਨ 'ਚ ਸ਼ਮੂਲੀਅਤ ਕਰਨ।

ਇਸ ਮੀਟਿੰਗ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੇਵਕ ਸਿੰਘ, ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ, ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਤਵਿੰਦਰ ਸੋਨੀ, ਡੈਮੋਕਰੈਟਿਕ ਅਧਿਆਪਕ ਫਰੰਟ ਪੰਜਾਬ ਜਸਵਿੰਦਰ ਸਿੰਘ, ਟੀ. ਈ. ਟੀ. ਪਾਸ ਅਧਿਆਪਕ ਯੂਨੀਅਨ ਦੇ ਅਮਨਦੀਪ ਫੂਲ,
SSA/ RMSA /CSS ਟੀਚਰਜ਼ ਯੂਨੀਅਨ ਦੇ ਹਰਜੀਤ ਜੀਦਾ, ਈ. ਟੀ. ਟੀ. ਟੀਚਰਜ਼ ਯੂਨੀਅਨ ਪੰਜਾਬ ਦੇ ਗੁਰਮੁਖ ਸਿੰਘ, B.Ed
ਅਧਿਆਪਕ ਫਰੰਟ ਦੇ ਦਵਿੰਦਰ ਸਿੰਘ, 7654 ਅਧਿਆਪਕ ਫਰੰਟ ਦੇ ਪਰਵਿੰਦਰ ਸਿੰਘ, ਲੋਕ ਮੋਰਚਾ ਪੰਜਾਬ ਦੇ ਸੁਖਵਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸਬਜੀਤ ਮੌੜ, ਐਸ. ਟੀ. ਆਰ ਯੂਨੀਅਨ ਦੇ ਕਾਲਾ ਸਿੰਘ, ਈ. ਜੀ. ਐਸ. (ਈ. ਟੀ. ਟੀ.) ਯੂਨੀਅਨ ਦੇ ਰਾਜਵਿੰਦਰ ਸਿੰਘ ਆਦਿ ਸ਼ਾਮਿਲ ਸਨ।
 
ਜਾਰੀ ਕਰਤਾ —
ਨੌਜਵਾਨ ਭਾਰਤ ਸਭਾ
ਪਾਵੇਲ ਕੁੱਸਾ (94170-54015)

Tuesday, March 5, 2013

ਘੁਮਿਆਰਾ ਪਿੰਡ 'ਚ ਲੋਕਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਪੁਲਸ ਨੇ ਢਾਹਿਆ ਕਹਿਰ



ਜੱਥੇਬੰਦੀਆਂ ਵੱਲੋਂ ਦੋਸ਼:
ਘੁਮਿਆਰਾ ਪਿੰਡ 'ਚ
ਲੋਕਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਪੁਲਸ ਨੇ ਢਾਹਿਆ ਕਹਿਰ

ਪਿਛਲੇ ਦਿਨੀਂ ਪਿੰਡ ਘੁਮਿਆਰਾ ਵਿਖੇ ਨਾਜ਼ਰ ਸਿੰਘ ਦੇ ਪਰਿਵਾਰ ਤੇ ਪੁਲਸ ਚੌਕੀ ਕਿੱਲਿਆਂਵਾਲੀ ਦੇ ਮੁਲਾਜ਼ਮਾਂ ਵਿਚਕਾਰ ਵਾਪਰੀ ਟਕਰਾਅ ਦੀ ਘਟਨਾ ਦੇ ਸਬੰਧ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਆਗੂ ਨਾਨਕ ਸਿੰਘ ਸਿੰਘੇਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ  ਗੁਰਪਾਸ਼ ਸਿੰਘ ਬਲਾਕ ਸਕੱਤਰ, ਜ਼ਿਲ੍ਹਾ ਆਗੂ ਹੇਮ ਰਾਜ ਬਾਦਲ, ਨੌਜਵਾਨ ਭਾਰਤ ਸਭਾ ਆਗੂ ਮੈਂਗਲ ਸਿੰਘ ਵੱਲੋਂ ਆਪਣੇ ਹੋਰਨਾਂ ਸਾਥੀਆਂ ਦੀ ਟੀਮ ਦੁਆਰਾ, ਥਾਣਾ ਲੰਬੀ ਮੁਖੀ ਅਤੇ ਪਿੰਡ ਘੁਮਿਆਰਾ ਦੇ 35-40 ਮਰਦ-ਔਰਤਾਂ ਨੂੰ ਮਿਲ ਕੇ ਤੱਥ ਵੇਰਵੇ ਇਕੱਤਰ ਕੀਤੇ ਗਏ।

ਇਹਨਾਂ ਤੱਥਾਂ ਦੇ ਆਧਾਰ 'ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਸੁੱਖਾ ਸਿੰਘ, ਬੀ.ਕੇ.ਯੁ. ਏਕਤਾ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਖੁੱਡੀਆਂ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਫਕੀਰ ਚੰਦ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਆਖਿਆ ਗਿਆ ਕਿ ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਤੇ ਪੁਲਿਸ ਮੁਲਾਜ਼ਮਾਂ ਦੇ ਦਰਮਿਆਨ ਹੋਏ ਝਗੜੇ ਵਿੱਚ ਮੁਲਾਜ਼ਮਾਂ ਦੇ ਸੱਟਾਂ ਲੱਗਣ ਤੋਂ ਬਾਅਦ ਪੁਲਸ ਵੱਲੋਂ ਬਦਲਾ-ਲਊ ਭਾਵਨਾ ਤਹਿਤ ਸਮੁੱਚੇ ਪਿੰਡ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੇ ਆਮ ਲੋਕਾਂ ਨੂੰ ਵੀ ਵੱਡੀ ਪੱਧਰ 'ਤੇ ਜਬਰ ਦਾ ਨਿਸ਼ਾਨਾ ਬਣਾਇਆ ਹੈ।

ਟੀਮ ਵੱਲੋਂ ਜਦੋਂ ਨਾਜ਼ਰ ਸਿੰਘ ਦੇ ਘਰ ਦਾ ਦੌਰਾ ਕੀਤਾ ਤਾਂ ਪੁਲਸ ਵੱਲੋਂ ਤੋੜੇ ਗਏ ਦਰਵਾਜ਼ੇ, ਭੰਨੇ ਹੋਏ ਭਾਂਡੇ ਖਿਲਰਿਆ ਪਿਆ ਸਮਾਨ ਪੁਲਸ ਵੱਲੋਂ ਸਬਕ ਸਿਖਾਉਣ ਦੇ ਇਰਾਦੇ ਨਾਲ ਕੀਤੀ ਕਾਰਵਾਈ ਦੀ ਗਵਾਹੀ ਭਰ ਰਿਹਾ ਸੀ। ਪੁਲਸ ਦੀ ਦਹਿਸ਼ਤ ਏਨੀ ਹੈ ਕਿ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਪੁਲਸ ਨੇ ਵੱਲੋਂ ਢਾਹੇ ਕਹਿਰ ਬਾਰੇ ਤਾਂ ਦੱਸਿਆ ਪਰ ਆਪਣਾ ਨਾਂ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਲੋਕਾਂ ਨੇ ਇਹ ਵੀ ਦੱਸਿਆ ਕਿ ਪੁਲਸ ਨੇ ਨਾਜ਼ਰ ਸਿੰਘ ਦੇ ਡੰਗਰ ਤੇ ਕੁੱਕੜ ਵੀ ਘਰੋਂ ਭਜਾ ਦਿੱਤੇ।

ਰਿਪੋਰਟ ਅਨੁਸਾਰ ਪੁਲਸ ਵੱਲੋਂ 40 ਦੇ ਕਰੀਬ ਮਰਦਾਂ-ਔਰਤਾਂ ਨੂੰ ਗ੍ਰਿਫਤਾਰ ਕਰਕੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ, ਜਦੋਂ ਕਿ ਦੋ ਦਰਜ਼ਨ ਤੋਂ ਉਪਰ ਲੋਕਾਂ ਤੋਂ ਪੁੱਛ ਪੜਤਾਲ ਲਈ ਉਹਨਾਂ ਨੂੰ ਥਾਣੇ ਲਿਆਉਣ ਬਾਰੇ ਥਾਣਾ ਲੰਬੀ ਮੁਖੀ ਵੀ ਪ੍ਰਵਾਨ ਕਰ ਚੱਕੇ ਹਨ।

ਤਸ਼ੱਦਦ ਦਾ ਸ਼ਿਕਾਰ ਬਣੇ ਲੋਕਾਂ ਵਿੱਚੋਂ ਬਿੱਟੂ ਸਿੰਘ ਦੇ ਪਿਤਾ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਨਾਜ਼ਰ ਸਿੰਘ ਦੇ ਲੜਕਿਆਂ ਦਾ ਪਿੰਡ ਇੱਕ ਵਿਅਕਤੀ ਨਾਲ ਉਸ ਰਾਤ ਝਗੜਾ ਹੁੰਦਾ ਦੇਖ ਉਸਦੇ ਪੁੱਤਰ ਬਿੱਟੂ ਸਿੰਘ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਕਿ ਉਥੇ ਝਗੜਾ ਜ਼ਿਆਦਾ ਨਾ ਵਧ ਜਾਵੇ, ਉਸਦੇ ਲੜਕੇ ਨੇ ਪੁਲਸ ਮੁਲਾਜ਼ਮਾਂ ਜਾਂ ਕਿਸੇ ਹੋਰ ਦੇ ਨਾਲ ਕੋਈ ਝਗੜਾ ਨਹੀਂ ਕੀਤਾ ਪਰ ਉਸਨੂੰ ਵੀ ਧਾਰਾ 307 ਦੇ ਕੇਸ ਵਿੱਚ ਬਿਨਾ ਵਜਾਹ ਗ੍ਰਿਫਤਾਰ ਕਰਕੇ ਤਸ਼ੱਦਦ ਢਾਹ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ।

ਨਾਜ਼ਰ ਸਿੰਘ ਦੀ ਪਤਨੀ ਪੰਮੀ ਕੌਰ ਨੇ ਟੀਮ ਨੂੰ ਦੱਸਿਆ ਕਿ ਪੁਲਸ ਵੱਲੋਂ ਢਾਹੇ ਜਬਰ ਕਾਰਨ ਉਸਦੇ ਪੁੱਤਰ ਗੱਗੂ ਦੀ ਬਾਂਹ ਟੁੱਟ ਗਈ ਹੈ, ਚੂਹਾ ਸਿੰਘ ਦੇ ਕਰੰਟ ਲਾਏ ਗਏ ਅਤੇ ਕੋਚੀ ਸਿੰਘ ਦੀ ਅੱਖ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਰਿਪੋਰਟ ਅਨੁਸਾਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਾਜ਼ਰ ਸਿੰਘ ਦਾ ਪਰਿਵਾਰ ਪੁਲਸ ਚੌਕੀ ਕਿੱਲਿਆਂਵਾਲੀ ਦਾ ਖਾਸਮ-ਖਾਸ ਰਿਹਾ ਹੈ।

ਜਥੇਬੰਦੀਆਂ ਵੱਲੋਂ ਕੀਤੀ ਪੜਤਾਲ ਅਨੁਸਾਰ ਪੁਲਸ ਵੱਲੋਂ ਜੋ ਅੱਠ ਵਿਅਕਤੀਆਂ ਉੱਪਰ ਇਰਾਦਾ ਕਤਲ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਹੈ, ਉਹਨਾਂ ਵਿੱਚੋਂ ਚਾਰ ਵਿਅਕਤੀਆਂ ਦਾ ਅਜਿਹਾ ਕੋਈ ਦੋਸ਼ ਸਾਬਤ ਨਹੀਂ ਹੁੰਦਾ। ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਉੱਪਰ ਵੀ ਇਰਾਦਾ ਕਤਲ ਵਰਗੀਆਂ ਲਾਈਆਂ ਧਾਰਾਵਾਂ ਬਿਲਕੁੱਲ ਨਜਾਇਜ਼ ਹਨ।

ਉਹਨਾਂ ਮੰਗ ਕੀਤੀ ਕਿ ਘੁਮਿਆਰਾ ਪਿੰਡ ਦੇ ਲੋਕਾਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਤਸ਼ੱਦਦ ਕਰਨ ਅਤੇ ਨਜਾਇਜ਼ ਹਿਰਾਸਤ ਵਿੱਚ ਰੱਖਣ ਵਾਲੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਿਰਦੋਸ਼ਾਂ ਉੱਪਰ ਦਰਜ ਮੁਕੱਦਮੇ ਵਾਪਸ ਲਏ ਜਾਣ। ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਖਿਲਾਫ ਲਾਈਆਂ ਸਖਤ ਧਾਰਾਵਾਂ ਵਾਪਸ ਲਈਆਂ ਜਾਣ।


ਜਾਰੀ ਕਰਤਾ
ਸੁੱਖਾ ਸਿੰਘ, ਗੁਰਦੀਪ ਸਿੰਘ ਖੁੱਡੀਆਂ, ਫਕੀਰ ਚੰਦ
(ਸੰਪਰਕ: 98552 17930, 94780 14579)

Saturday, March 2, 2013

ਰਾਮਾਂ ਮੰਡੀ ਬਲਾਤਕਾਰ ਘਟਨਾ ਦੀ ਜਾਂਚ ਦੀ ਮੰਗ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਵੱਲੋਂ ਧਰਨਾ ਤੇ ਮੁਜ਼ਾਹਰਾ




ਰਾਮਾਂ ਮੰਡੀ ਬਲਾਤਕਾਰ ਘਟਨਾ ਦੀ ਜਾਂਚ ਦੀ ਮੰਗ ਨੂੰ ਲੈ ਕੇ
 
ਨੌਜਵਾਨ ਭਾਰਤ ਸਭਾ ਵੱਲੋਂ ਧਰਨਾ ਤੇ ਮੁਜ਼ਾਹਰਾ


12 ਫਰਵਰੀ ਨੂੰ ਰਾਮਾਂ ਮੰਡੀ (ਬਠਿੰਡਾ) 'ਚ 6 ਸਾਲਾ ਬੱਚੀ ਨਾਲ ਹੋਏ ਜਬਰ ਜਿਨਾਹ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਪਹੁੰਚੇ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਪਹਿਲਾਂ ਐਸ.ਐਸ.ਪੀ. ਦਫ਼ਤਰ ਕੋਲ ਹੋਈ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪੀੜਤ ਬੱਚੀ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ, ਘਟਨਾ ਦੇ ਅਸਲ ਦੋਸ਼ੀ ਨੂੰ ਲੱਭ ਕੇ ਗ੍ਰਿਫਤਾਰ ਕੀਤਾ ਜਾਵੇ।








ਰੈਲੀ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਬਠਿੰਡਾ ਪੁਲਿਸ ਜਾਂ ਤਾਂ ਅਸਲ ਦੋਸ਼ੀ ਨੂੰ ਛੁਪਾਉਣਾ ਚਾਹੁੰਦੀ ਹੈ ਜਾਂ ਫਿਰ ਉਸਨੇ ਲੋਕ ਰੋਹ ਤੇ ਠੰਢਾ ਛਿੜਕਣ ਅਤੇ ਕੇਸ ਹੱਲ ਕਰਨ ਦਾ ਸਿਹਰਾ ਸਿਰ ਸਿਜਾਉਣ ਲਈ ਇੱਕ ਨਿਰਦੋਸ਼ ਨੌਜਵਾਨ ਨੂੰ ਫੜਕੇ ਜੇਲ 'ਚ ਸੁੱਟ ਦਿੱਤਾ ਹੈ। ਇਨਸਾਫ਼ ਮੰਗਦੇ ਰਾਮਾਂ ਮੰਡੀ ਨਿਵਾਸੀਆਂ ਦੇ ਅੱਖੀਂ ਘੱਟਾ ਪਾਇਆ ਹੈ। ਹਾਲਾਂਕਿ ਤੱਥ ਤੇ ਸਬੂਤ ਮੌਜੂਦ ਹਨ ਜਿਹਨਾਂ ਰਾਹੀਂ ਇਹ ਸਿੱਧ ਹੁੰਦਾ ਹੈ ਕਿ ਉਸ ਦਿਨ ਅਖਿਲੇਸ਼ ਕੁਮਾਰ ਪੱਕਾ ਕਲਾਂ ਪਿੰਡ 'ਚ ਇੱਕ ਘਰੇ ਦਿਹਾੜੀ 'ਤੇ ਕੰਮ ਕਰ ਰਿਹਾ ਸੀ। ਇਸ ਮਾਮਲੇ 'ਚ ਪੁਲਿਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ 'ਤੇ ਉੱਠਦੇ ਸਵਾਲਾਂ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਘਟਨਾ ਰਾਮਾਂ ਮੰਡੀ ਪੁਲਿਸ ਦੇ ਐਨ ਨੱਕ ਹੇਠ ਵਾਪਰੀ ਹੈ।


ਜ਼ਿਕਰਯੋਗ ਹੈ ਕਿ ਦੋਨਾਂ ਜੱਥੇਬੰਦੀਆਂ ਵੱਲੋਂ ਆਪਣੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਨੂੰ ਇੱਕ ਹੱਥ ਪਰਚੇ ਰਾਹੀਂ ਰਾਮਾ ਮੰਡੀ ਦੇ ਲੋਕਾਂ ਅਤੇ ਹੋਰਨਾਂ ਇਨਸਾਫ਼ ਪਸੰਦ ਲੋਕਾਂ 'ਚ ਵੰਡਿਆ ਗਿਆ ਹੈ। ਸਭਾ ਵੱਲੋਂ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ, ਸੁਮੀਤ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੇਸ ਦੀ ਉੱਚ ਪੱਧਰੀ ਪੜਤਾਲ ਹੀ ਅਸਲੀਅਤ ਸਾਹਮਣੇ ਲਿਆ ਸਕਦੀ ਹੈ। ਇਹ ਜਾਂਚ ਕਰਵਾਉਣ ਤੋਂ ਪੁਲਿਸ ਟਾਲਾ ਵੱਟ ਰਹੀ ਹੈ। ਆਪਣੀ ਝੂਠੀ ਕਹਾਣੀ ਨੂੰ ਖੜੀ ਰੱਖਣ ਲਈ ਹੋਰ ਝੂਠ ਦਾ ਸਹਾਰਾ ਲੈ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਠੂ ਸਿੰਘ ਕੋਟੜਾ ਅਤੇ ਮੋਹਣ ਸਿੰਘ ਨੇ ਕਿਹਾ ਕਿ ਪੁਲਿਸ, ਅਦਾਲਤਾਂ ਤੇ ਸਾਰੀ ਹਕੂਮਤੀ ਮਸ਼ੀਨਰੀ ਲੋਕਾਂ ਦੇ ਦਬਾਅ ਮੂਹਰੇ ਇਹ ਪ੍ਰਭਾਵ ਦੇਣ 'ਤੇ ਲੱਗੀ ਹੈ ਕਿ ਹੁਣ ਔਰਤਾਂ ਨੂੰ ਝੱਟ ਪੱਟ ਇਨਸਾਫ਼ ਮਿਲਣਾ ਯਕੀਨੀ ਹੈ ਪਰ ਇਹ ਘਟਨਾ ਦਰਸਾਉਂਦੀ ਹੈ ਕਿ ਇਸ ਨਕਲੀ ਫੁਰਤੀ ਦਾ ਮਤਲਬ ਲੋਕਾਂ ਦੇ ਰੋਹ 'ਤੇ ਠੰਢਾ ਛਿੜਕਣਾ ਹੈ ਨਾ ਕਿ ਸਹੀ ਅਰਥਾਂ 'ਚ ਇਨਸਾਫ਼ ਕਰਨਾ। ਇਨਸਾਫ਼ ਤਾਂ ਹੀ ਮਿਲ ਸਕਦਾ ਹੈ ਜੇਕਰ ਲੋਕ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ। ਇਸ ਮੌਕੇ ਸ਼ਾਮਲ ਸਭਨਾਂ ਜੱਥੇਬੰਦੀਆਂ ਦੇ ਆਗੂਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਇਸ ਮੁੱਦੇ 'ਤੇ ਉਹ ਚੁੱਪ ਨਹੀਂ ਬੈਠਣਗੇ ਸਗੋਂ ਪੁਲਿਸ ਦੀ ਝੂਠੀ ਕਹਾਣੀ ਦਾ ਲੋਕਾਂ ਮੂਹਰੇ ਪਰਦਾਚਾਕ ਕਰਨਾ ਜਾਰੀ ਰੱਖਣਗੇ। ਪੀ.ਐਸ.ਯੂ.(ਸ਼ਹੀਦ ਰੰਧਾਵਾ) ਦੀ ਅਗਵਾਈ 'ਚ ਵਿਦਿਆਰਥੀ ਵੀ ਸ਼ਾਮਲ ਹੋਏ।
ਰੋਸ ਮਾਰਚ ਵੱਖ-ਵੱਖ ਬਜ਼ਾਰਾਂ 'ਚੋਂ ਹੁੰਦਾ ਹੋਇਆ ਬੱਸ ਅੱਡੇ 'ਤੇ ਆ ਕੇ ਸਮਾਪਤ ਹੋਇਆ। ਸ਼ਾਮਲ ਲੋਕਾਂ ਵੱਲੋਂ ਬਠਿੰਡਾ ਪੁਲਿਸ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ 'ਚ ਲੋਕ ਮੋਰਚਾ ਪੰਜਾਬ ਦੇ ਸੁਖਵਿੰਦਰ ਸਿੰਘ, ਭੁੱਲਰ ਭਾਈਚਾਰੇ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੰਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਟੀ.ਐਸ.ਯੂ ਦੇ ਸਤਵਿੰਦਰ ਸੋਨੀ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਮਾਸਟਰ ਸੇਵਕ ਸਿੰਘ ਵੀ ਧਰਨੇ 'ਚ ਸ਼ਾਮਿਲ ਹੋਏ।

ਜਾਰੀ ਕਰਤਾ
ਪਾਵੇਲ ਕੁੱਸਾ, ਸੂਬਾ ਸਕੱਤਰ, ਨੌਜਵਾਨ ਭਾਰਤ ਸਭਾ