StatCounter

Sunday, November 16, 2014

ਜੋ ਕੋਈ ਪੂਛੇ ਕਿ ਕੌਨ ਹੋ ਤੁਮ ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ, ਜ਼ੁਲਮ ਮਿਟਾਨਾ ਹਮਾਰਾ ਪੇਸ਼ਾ ਗ਼ਦਰ ਕਰਨਾ ਹੈ ਕਾਮ ਅਪਨਾ

ਸਦਾ ਜਾਗਦੀ ਅਤੇ ਜਗਦੀ ਇਤਿਹਾਸ ਦੀ ਅੱਖ

ਅਮੋਲਕ ਸਿੰਘ

16 ਨਵੰਬਰ 1915 ਦਾ ਦਿਹਾੜਾ, ਆਮ ਦਿਹਾੜਾ ਨਹੀਂ। ਕਰਤਾਰ ਸਿੰਘ ਸਰਾਭਾ ਸਮੇਤ ਸੱਤ ਦੇਸ਼ ਭਗਤਾਂ ਨੂੰ ਇੱਕੋ ਵੇਲੇ ਇੱਕੋ ਰੱਸੇ ਨਾਲ ਫਾਂਸੀ ਲਾਏ ਜਾਣ ਦਾ ਦਿਹਾੜਾ ਹੈ। ਪੂਰੇ 100 ਵਰ੍ਹੇ ਬੀਤਣ ’ਤੇ ਵੀ ਇਹ ਦਿਹਾੜਾ, ਕਾਲੇ ਸਮਿਆਂ ਅੰਦਰ ਰੌਸ਼ਨ ਮਿਨਾਰ ਹੈ। ਖ਼ਾਸਕਰ ਖ਼ੁਦਕੁਸ਼ੀਆਂ ਦੇ ਕੁਲਹਿਣੇ ਹੱਲੇ ਦੀ ਮਾਰ ਹੇਠ ਆਏ ਅਤੇ ਨਸ਼ਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀਆਂ ਪਲਕਾਂ ਅੱਗੇ ਨਵੇਂ ਇਤਿਹਾਸ, ਨਵੇਂ ਜੀਵਨ ਦੇ ਸਿਲੇਬਸ ਦਾ ਨਵਾਂ-ਨਕੋਰ ਵਰਕਾ ਖੋਲ੍ਹਣ, ਪੜ੍ਹਨ ਅਤੇ ਅਧਿਐਨ ਕਰਨ ਦਾ ਦਿਹਾੜਾ ਹੈ।  ਉਦਾਸੀ, ਦਿਸ਼ਾਹੀਣਤਾ, ਬੇਗਾਨਗੀ, ਬੇਕਾਰੀ, ਨਿਰਾਸਤਾ ਦੇ ਘੁੱਪ ਹਨੇਰੇ ’ਚੋਂ ਪਾਰ ਜਾ ਕੇ ਸੂਰਜਾਂ ਦੇ ਹਮਸਫ਼ਰ ਬਣਨ ਦੀ ਲਟ-ਲਟ ਬਲਦੀ ਪ੍ਰੇਰਨਾ ਦਾ ਦਿਹਾੜਾ ਹੈ। ਵਿੱਦਿਆ ਦੇ ਨਿੱਜੀਕਰਨ, ਵਪਾਰੀਕਰਨ ਅਤੇ ਨੌਜਵਾਨਾਂ ਨੂੰ ਮਸ਼ੀਨਾਂ ਬਣਾ ਕੇ ਮੁਨਾਫ਼ੇ ਦੀ ਮੰਡੀ ਵਿੱਚ ਵਿਕਣ ਵਾਲੀ ਸ਼ੈਅ ਬਣਾਏ ਜਾਣ ਦੇ ਦੌਰ ਨੂੰ ਪਿਛਾੜਨ ਲਈ ਵੰਗਾਰਮਈ ਦਿਹਾੜਾ ਹੈ।
ਇਹ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸ਼ਟਰ), ਜਗਤ ਸਿੰਘ ਸੁਰ ਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ (ਸਿਆਲਕੋਟੀ), ਬਖਸ਼ੀਸ਼ ਸਿੰਘ ਗਿੱਲਵਾਲੀ (ਅੰਮ੍ਰਿਤਸਰ), ਸੁਰੈਣ ਸਿੰਘ ਪੁੱਤਰ ਬੂੜ ਸਿੰਘ ਤੇ ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਦੋਵੇਂ ਪਿੰਡ ਗਿੱਲਵਾਲੀ (ਅੰਮ੍ਰਿਤਸਰ) ਨੂੰ ਲਾਹੌਰ ਕੇਂਦਰੀ ਜੇਲ੍ਹ ਵਿੱਚ ਫਾਂਸੀ ਲਾ ਕੇ ਸ਼ਹੀਦ ਕਰਨ ਦਾ ਅਭੁੱਲ ਦਿਹਾੜਾ ਹੈ।
ਇਨ੍ਹਾਂ ਸ਼ਹੀਦਾਂ ਦੀ ਸ਼ਤਾਬਦੀ (1915-2015) ਸਾਡੇ ਬੂਹੇ ਦਸਤਕ ਦੇ ਰਹੀ ਹੈ। ਰਵਾਇਤੀ ਲੀਹਾਂ ਤੋਂ ਹਟ ਕੇ ਸ਼ਤਾਬਦੀ ਨੂੰ ਅਰਥ ਭਰਪੂਰ ਮਹੱਤਵ ਦੇਣ, ਅਜੋਕੇ ਸਰੋਕਾਰਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਸੰਬੋਧਤ ਹੋਣ ਵਾਲੀ ਮੁਹਿੰਮ ਹੀ ਇਤਿਹਾਸਕ ਮੁੱਲ ਰੱਖਦੀ ਹੈ, ਨਹੀਂ ਤਾਂ ਰਸਮ ਬਣ ਕੇ ਲੰਘ ਜਾਏਗੀ।
  ਗ਼ਦਰ ਸ਼ਤਾਬਦੀ (1913-2013), ਕਾਮਾਗਾਟਾ ਮਾਰੂ ਸ਼ਤਾਬਦੀ (1914-2014) ਪ੍ਰਤੀ ਸਥਾਪਤੀ ਦੀ ਬੇਰੁਖ਼ੀ ਜਾਂ ਆਪਣੇ ਰਾਜਨੀਤਕ ਮੁਫ਼ਾਦ ਅਨੁਸਾਰੀ ਪਹੁੰਚ ਤਾਂ ਸਮਝ ਆਉਂਦੀ ਹੈ। ਇਉਂ ਹੀ 2015 ਦੀ ਸ਼ਤਾਬਦੀ ਲਈ ਉਨ੍ਹਾਂ ਤੋਂ ਆਸ ਕਰਨ ਦੀ ਬਜਾਏ ਇਤਿਹਾਸ ਸਾਡੇ ਕਰਨ ਗੋਚਰੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ ਦੀ ਆਸ ਕਰਦਾ ਹੈ।
ਇਤਿਹਾਸ ਬੋਲਦਾ ਹੈ ਕਿ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਨੂੰ ਬਾਲ ਜਰਨੈਲ ਕਿਹਾ ਕਰਦੇ ਸਨ।
  ਬਾਬਾ ਗੁਰਮੁਖ ਸਿੰਘ ਲਲਤੋਂ, ਹਰਨਾਮ ਸਿੰਘ ਟੁੰਡੀਲਾਟ, ਕੇਸਰ ਸਿੰਘ ਠੱਠਗੜ੍ਹ, ਲਾਲਾ ਹਰਦਿਆਲ ਵਰਗੇ ਸਰਾਭਾ ਦੀ ਨਿੱਕੀ ਉਮਰੇ ਉਚੇਰੀ ਅਤੇ ਲੰਮੇਰੀ ਇਨਕਲਾਬੀ ਪਰਵਾਜ਼ ਤੋਂ ਬੇਹੱਦ ਪ੍ਰਭਾਵਿਤ ਸਨ।
ਸ਼ਹੀਦ ਭਗਤ ਸਿੰਘ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ, ਭਰਾ ਅਤੇ ਸਾਥੀ ਦੱਸਿਆ ਕਰਦਾ ਸੀ। ਸ਼ਹੀਦ ਭਗਤ ਸਿੰਘ ਨੇ ਅਲਾਹਾਬਾਦ ਤੋਂ ਛਪੇ ‘ਚਾਂਦ’ ਦੇ ਵਿਸ਼ੇਸ਼ ਫਾਂਸੀ ਅੰਕ ਵਿੱਚ 1928 ਵਿੱਚ ਬਹੁਤ ਹੀ ਜਜ਼ਬਾਤੀ, ਸਾਹਿਤਕ ਅਤੇ ਕਲਾਤਮਕ ਅੰਦਾਜ਼ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਜੋ ਲਿਖਿਆ, ਉਹ ਅੱਜ ਹੋਰ ਵੀ ਪ੍ਰਸੰਗਕ ਹੈ। ਆਪਣੇ ਗਿਰਿਵਾਨ ’ਚ ਝਾਤੀ ਮਾਰਨ ਲਈ ਉਹ ਅੱਜ ਦਾ ਵੀ ਸੁਆਲ ਹੈ। ਭਗਤ ਸਿੰਘ ਨੇ ਲਿਖਿਆ ਹੈ:
‘‘ਅੱਜ ਦੁਨੀਆਂ ਵਿੱਚ ਫੇਰ ਸਵਾਲ ਖੜ੍ਹਾ ਹੁੰਦਾ ਹੈ, ਉਨ੍ਹਾਂ ਦੇ ਮਰਨ ਦਾ ਕੀ ਫ਼ਾਇਦਾ ਹੋਇਆ? ਉਹ ਕਿਨ੍ਹਾਂ ਵਾਸਤੇ ਮਰੇ? ਉਨ੍ਹਾਂ ਦਾ ਆਦਰਸ਼ ਕੀ ਸੀ?’’
ਸੰਨ 1929 ਵਿੱਚ ਭਗਤ ਸਿੰਘ ਦੀ ਕਲਮ ਵੱਲੋਂ ਖੜ੍ਹੇ ਕੀਤੇ ਸੁਆਲ ਸਰਾਭੇ ਦੀ ਸ਼ਹਾਦਤ ਤੋਂ ਸੌ ਵਰ੍ਹੇ ਮਗਰੋਂ ਹੋਰ ਵੀ ਵਿਰਾਟ ਅਤੇ ਤਿੱਖਾ ਰੂਪ ਧਾਰਨ ਕਰ ਗਏ ਹਨ। ਜੁਆਨੀ ਚੌਤਰਫ਼ੇ ਸੰਕਟਾਂ ਦੀ ਲਪੇਟ ’ਚ ਆਈ ਹੋਈ ਹੈ। ਭਗਤ ਸਿੰਘ ਨੇ ਲਿਖਿਆ ਸੀ:
ਚਮਨ ਜ਼ਾਰੇ ਮੁਹੱਬਤ ਮੇਂ ਉਸੀ ਨੇ ਬਾਗਵਾਨੀ ਕੀ,
ਕਿ ਜਿਸਨੇ ਆਪਣੀ ਮਿਹਨਤ ਕੋ ਹੀ
ਮਿਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਹੈ ਮੋਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।
ਭਾਵ ਉਸ ਮਾਲੀ ਦਾ ਵੀ ਕੋਈ ਜਵਾਬ ਨਹੀਂ ਜਿਹੜਾ ਮਿਹਨਤ ਨੂੰ ਹੀ ਮਿਹਨਤ ਦਾ ਫ਼ਲ ਸਮਝਦਾ ਹੈ। ਉਹ ਕਿੰਨੇ ਮਹਾਨ ਹੁੰਦੇ ਹਨ, ਜਿਹੜੇ ਇਤਿਹਾਸ ਵਿੱਚ ਅਜਿਹੀ ਭੂਮਿਕਾ ਅਦਾ ਕਰਦੇ ਹਨ ਜਿਵੇਂ ਹਨੇਰੀ ਰਾਤ ’ਚ ਚੁਪਕੇ ਜਿਹੇ ਆ ਕੇ ਤ੍ਰੇਲ ਆਪਣੇ ਮੋਤੀ ਬਿਖੇਰ ਕੇ ਚਲੀ ਜਾਂਦੀ ਹੈ ਤੇ ਉਸ ਦਾ ਕੋਈ ਸਾਨੀ ਨਹੀਂ ਹੈ। ਅੱਜ ਇਨ੍ਹਾਂ ਸੰਗਰਾਮੀਆਂ ਦੀ ਸ਼ਹਾਦਤ ਦੀ 100ਵੀਂ ਵਰ੍ਹੇਗੰਢ ਨੌਜਵਾਨਾਂ ਤੋਂ ਉਸ ਸ਼ਬਨਮ ਵਰਗੀ ਇਤਿਹਾਸਕ ਭੂਮਿਕਾ ਦੀ ਆਸ ਕਰਦੀ ਹੈ। ਪਿਛਲੇ ਦਹਾਕਿਆਂ ਤਕ ਜਿਉਂਦੇ ਰਹੇ ਗ਼ਦਰੀ ਬਾਬੇ ਉੱਨੀ-ਇੱਕੀ ਦੇ ਸ਼ਬਦੀ ਫ਼ਰਕਾਂ ਨਾਲ ਰਿਕਾਰਡ ਕਰਵਾਈਆਂ ਟੇਪਾਂ, ਤਕਰੀਰਾਂ, ਹੱਥ ਲਿਖਤ ਡਾਇਰੀਆਂ, ਲੇਖਾਂ ਵਿੱਚ ਜੁਆਨੀ ਨੂੰ ਵੰਗਾਰਦੇ ਰਹੇ ਹਨ। ਇਨ੍ਹਾਂ ਦਾ ਇਤਿਹਾਸਕ ਪ੍ਰਮਾਣ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ ਦੇ ਰਿਕਾਰਡ ’ਚ ਮੂੰਹੋਂ ਬੋਲਦਾ ਹੈ:
‘‘ਗ਼ਦਰ ਪਾਰਟੀ ਨੇ ਗ਼ੁਲਾਮੀ ਖਿਲਾਫ਼ ਆਜ਼ਾਦੀ ਦਾ ਪਰਚਮ ਚੁੱਕਿਆ ਸੀ।
  ਅਨੇਕਾਂ ਸੂਰਬੀਰਾਂ ਨੇ ਸ਼ਹੀਦੀ ਜਾਮ ਪੀਤੇ। ਇਸ ਪਾਰਟੀ ਨੇ ਗ਼ੁਲਾਮੀ ਨਾਲ ਨਿਢਾਲ ਹੋਈ ਹਿੰਦੀ ਜਨਤਾ ਦੇ ਖ਼ੂਨ ਵਿੱਚ ਆਜ਼ਾਦੀ ਦੀ ਨਵੀਂ ਰੂਹ ਫੂਕ ਦਿੱਤੀ। ਇਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ। ਲਾਸਾਨੀ ਕੁਰਬਾਨੀਆਂ ਦੀ ਲੜੀ ਨੇ ਆਜ਼ਾਦੀ ਪ੍ਰਾਪਤੀ ਲਈ ਇੱਕ ਹੋਰ ਨਵਾਂ ਸਫ਼ਾ ਇਤਿਹਾਸ ਵਿੱਚ ਜੋੜ ਦਿੱਤਾ।
ਸਾਡੇ ਇਹ ਨਾਅਰੇ ਪਾਰਟੀ ਦੇ ਨਿਯਮਾਂ ਅਤੇ ਅਮਲਾਂ ਵਿੱਚੋਂ ਹਨ:
1. ਏਕਤਾ ਦਾ ਫ਼ਲ: ਸ਼ਕਤੀ ਅਤੇ ਆਜ਼ਾਦੀ
2. ਅਨੇਕਤਾ ਦਾ ਸਿੱਟਾ: ਦੁਰਬਲਤਾ ਤੇ ਗ਼ੁਲਾਮੀ
3. ਏਕਤਾ ਦਾ ਮੂਲ: ਸਮਾਜਵਾਦ
4. ਅਨੇਕਤਾ ਦਾ ਮੂਲ: ਸਾਮਰਾਜਵਾਦ
ਯੁੱਗ ਪਲਟ ਰਿਹਾ ਹੈ! ਆਪਣੇ ਕਰਤੱਵ ਪੂਰੇ ਕਰੋ!
ਨੌਜਵਾਨੋ! ਜਾਗੋ! ਉਠੋ!!
ਸੁੱਤਿਆਂ ਨੂੰ ਯੁੱਗ ਬੀਤ ਗਏ!
ਹਰ ਪ੍ਰਕਾਰ ਦੀ ਗ਼ੁਲਾਮੀ ਕੀ ਆਰਥਿਕ, ਕੀ ਰਾਜਨੀਤਕ ਅਤੇ ਕੀ ਸਮਾਜਕ ਜੜ੍ਹ ਤੋਂ ਉਖੇੜ ਸੁੱਟੋ! ਮਨੁੱਖਤਾ ਹੀ ਸੱਚਾ ਧਰਮ ਹੈ।
ਜੈ ਜਨਤਾ’’
ਸੋਹਣ ਸਿੰਘ ਭਕਨਾ
ਅਜਿਹੇ ਉੱਚੇ-ਸੁੱਚੇ ਟੀਚੇ ਸਨ ਗ਼ਦਰੀ ਬਾਬਿਆਂ ਦੀ ਤੋਰ ਦੀ ਰਵਾਨੀ ’ਚ। ਅੱਜ ਲੋਕਾਂ ਦੀ ਏਕਤਾ, ਸਾਂਝ, ਭਾਈਚਾਰੇ ਨੂੰ ਤੀਲ੍ਹਾ-ਤੀਲ੍ਹਾ ਕਰਨ ਲਈ ਵਿਆਪਕ ਖ਼ਤਰੇ ਅੰਬਰਾਂ ’ਤੇ ਮੰਡਰਾ ਰਹੇ ਹਨ। ਲੋਕਾਂ ਉਪਰ ਅਨੇਕ ਪ੍ਰਕਾਰ ਦੇ ਬੋਝ ਦੀਆਂ ਪੰਡਾਂ ਲੱਦੀਆਂ ਜਾ ਰਹੀਆਂ ਹਨ। ਫ਼ਿਰਕੂ ਜ਼ਹਿਰ ਧੂੜੀ ਜਾ ਰਹੀ ਹੈ। ਲੋਕਾਂ ਦੇ ਜਨਮ ਸਿੱਧ ਮੌਲਿਕ ਮਾਨਵੀ ਅਧਿਕਾਰਾਂ ਉਪਰ ਨੰਗੀ ਤਲਵਾਰ ਲਟਕ ਰਹੀ ਹੈ। ਇਸ ਦੌਰ ਵਿੱਚ ਬਾਬਾ ਭਕਨਾ ਦੇ ਇਹ ਬੋਲ ਅਤੇ 1915 ਦੇ ਸ਼ਹੀਦਾਂ ਦੀ ਸ਼ਤਾਬਦੀ ਵਿਸ਼ੇਸ਼ ਧਿਆਨ ਖਿੱਚਦੀ ਹੈ। ਗ਼ਦਰੀ ਬਾਬੇ, ਇਤਿਹਾਸ ਪ੍ਰਤੀ ਕਦੇ ਵੀ ਲਕੀਰ ਦੇ ਫ਼ਕੀਰ ਨਹੀਂ ਬਣੇ। ਉਹ ਅਤੀਤ, ਇਤਿਹਾਸ ਜਾਂ ਬੁੱਤਾਂ ਦੇ ਪੂਜਕ ਨਹੀਂ ਬਣੇ। ਉਹ 1947 ਤੋਂ ਬਾਅਦ ਵੀ ਆਖ਼ਰੀ ਸਾਹ ਤਕ ਬੁਲੰਦ ਆਵਾਜ਼ ’ਚ ਹੋਕਾ ਦਿੰਦੇ ਰਹੇ ਕਿ ਅਜੇ ਸਾਡੇ ਅਤੇ ਸਾਡੇ ਅਮਰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਬਣਿਆ। ਉਹ ਜ਼ਿੰਦਗੀ ਭਰ ਇਨਕਲਾਬੀ ਸਫ਼ਰ ’ਤੇ ਰਹੇ।
  ਸਰਾਭੇ ਹੋਰਾਂ ਦੀ ਸ਼ਹਾਦਤ ਪ੍ਰਤੀ ਮਹਿਜ਼ ਸ਼ਰਧਾਵਾਨ ਹੋਣ ਦੀ ਬਜਾਏ, ਉਨ੍ਹਾਂ ਦੇ ਅਧੂਰੇ ਕਾਜ਼ ਲਈ ਉਹ ਨੌਜਵਾਨਾਂ, ਕਿਰਤੀ, ਕਿਸਾਨਾਂ, ਔਰਤਾਂ ਅਤੇ ਬੁੱਧੀਜੀਵੀਆਂ ਨੂੰ ਆਪਣੇ ਸਮੇਂ ਦੀਆਂ ਚੁਣੌਤੀਆਂ ਨੂੰ ਮੁਖ਼ਾਤਬ ਹੋਣ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਰਹੇ।
ਜਨਮ ਦਿਨ, ਸ਼ਹੀਦੀ ਦਿਨ, ਸਥਾਪਨਾ ਦਿਨ ਅਤੇ ਸ਼ਤਾਬਦੀ ਆਉਂਦੇ ਜਾਂਦੇ ਰਹਿੰਦੇ ਹਨ। ਇਤਿਹਾਸ ਦੇ ਸੰਵੇਦਨਸ਼ੀਲ ਵਾਰਸਾਂ ਨੇ ਸਥਾਪਤੀ ਅਤੇ ਰਵਾਇਤੀ ਤੌਰ ਤਰੀਕਿਆਂ ਨਾਲੋਂ ਇਨ੍ਹਾਂ ਇਤਿਹਾਸਕ ਮੌਕਿਆਂ ’ਤੇ ਆਪਣਾ ਸੰਤੁਲਿਤ, ਭਵਿੱਖ-ਮੁਖੀ ਅਤੇ ਲੋਕ-ਮੁਖੀ ਦ੍ਰਿਸ਼ਟੀਕੋਣ ਧਾਰਨ ਕਰ ਕੇ ਆਪਣੇ ਪੂਰਵਜਾਂ ਦੇ ਅਧੂਰੇ ਰਹਿ ਗਏ ਚਿੱਤਰ ’ਚ ਆਪਣੇ ਬੁਰਸ਼ ਨਾਲ ਆਪਣੇ ਅੰਦਾਜ਼ ’ਚ ਖ਼ੂਬਸੂਰਤ ਰੰਗ ਭਰਨੇ ਹੁੰਦੇ ਹਨ।
ਅੱਜ ਅਨੇਕਾਂ ਕਾਰਨਾਂ ਕਰਕੇ ਪੰਜਾਬ ਦੀ ਜੁਆਨੀ ਪਰਦੇਸਾਂ ਵੱਲ ਉਡਾਰੀ ਮਾਰ ਰਹੀ ਹੈ। ਕਦੇ ਨਿੱਕੜੀ ਉਮਰੇ ਹੀ ਕਰਤਾਰ ਸਿੰਘ ਸਰਾਭਾ ਨੇ ਵੀ ਅਮਰੀਕਾ ਜਾ ਕੇ ਰਸਾਇਣ ਵਿਗਿਆਨ ਦੀ ਉੱਚ ਵਿੱਦਿਆ ਹਾਸਲ ਕਰਨ ਦਾ ਸੁਪਨਾ ਲਿਆ ਸੀ। ਉਸ ਨੇ ਬਰਕਲੇ ਯੂਨੀਵਰਸਿਟੀ ਦਾਖ਼ਲਾ ਲਿਆ। ਇੱਕ ਦਿਨ ਉਸ ਨੇ ਅਮਰੀਕਣ ਔਰਤ ਨੂੰ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਦੇਖ ਕੇ ਇਸ ਬਾਰੇ ਜਾਨਣਾ ਚਾਹਿਆ। ਉਸ ਔਰਤ ਨੇ ਦੱਸਿਆ, ‘‘ਇਸ ਦਿਨ ਸਾਡਾ ਅਮਰੀਕਾ ਗ਼ੁਲਾਮੀ ਤੋਂ ਆਜ਼ਾਦ ਹੋਇਆ ਸੀ। ਅਸੀਂ ਆਜ਼ਾਦੀ ਪਰਵਾਨਿਆਂ ਨੂੰ ਕਦੇ ਵੀ ਭੁਲਾ ਨਹੀਂ ਸਕਦੇ।’’ ਉਸ ਪਲ ਸਰਾਭਾ ਸਿਰ ਤੋਂ ਪੈਰਾਂ ਤਕ ਝੰਜੋੜਿਆ ਗਿਆ। ਉਸ ਨੂੰ ਖ਼ਿਆਲਾਂ ਦੀਆਂ ਤਰੰਗਾਂ ਨੇ ਹਲੂਣ ਕੇ ਰੱਖ ਦਿੱਤਾ ਕਿ ਅਸੀਂ ਤਾਂ ਇੱਥੇ ਆ ਗਏ ਪੜ੍ਹਨ ਲਈ।
  ਡਾਲਰ ਕਮਾਉਣ ਲਈ।  ਸਾਡੀ ਮਾਂ ਧਰਤੀ ਗ਼ੁਲਾਮ ਹੈ। ਸਾਨੂੰ ਇੱਥੇ ਕੁਲੀ, ਡੈਮ, ਕਾਲੇ, ਡਰਟੀ ਕਿਹਾ ਜਾਂਦਾ ਹੈ। ਪਿੱਛੇ ਮੁਲਕ ’ਚ ਸਾਡੇ ਲੋਕ ਭੁੱਖ-ਨੰਗ, ਕਰਜ਼ੇ, ਬੀਮਾਰੀ, ਬੇਕਾਰੀ, ਸੂਦਖੋਰੀ ਅਤੇ ਜ਼ਬਰ ਦੇ ਭੰਨੇ ਹੋਏ ਹਨ। ਅਸੀਂ ਫਿਰ ਕੀ ਜਾਗਦੇ ਇਨਸਾਨ ਹਾਂ ਜਾਂ ਖ਼ੁਦਪ੍ਰਸਤ? ਉਹਦੇ ਅੰਦਰ ਵਿਚਾਰਾਂ ਦਾ ਤੂਫ਼ਾਨ ਉੱਠ ਖੜ੍ਹਿਆ। ਉਹ ਸਰਾਭੇ ਪਿੰਡ ਦੇ ਹੀ ਦੇਸ਼ ਭਗਤ ਰੁਲੀਆ ਸਿੰਘ ਪਾਸ ਆਇਆ ਕਰਦਾ ਸੀ। ਉਹਦੀ ਸੰਗਤ ਪਰਮਾਨੰਦ, ਲਾਲਾ ਹਰਦਿਆਲ ਵਰਗਿਆਂ ਨਾਲ ਹੋਣ ਲੱਗੀ। ਨਿੱਕੜਾ ਵਿਦਿਆਰਥੀ ਬੇਹੱਦ ਜ਼ਹੀਨ ਅਤੇ ਤਿੱਖੜਾ ਸੀ।
ਉਹ 21 ਅਪਰੈਲ 1913 ਨੂੰ ਆਸਟਰੀਆ ’ਚ ਬਣਾਈ ਗਈ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ’ ਜਥੇਬੰਦੀ ਦੇ ਸੰਪਰਕ ਵਿੱਚ ਆ ਗਿਆ।
  ਉਹਦੇ ਵਿਸ਼ੇਸ਼ ਅਤੇ ਮੁੱਢਲੇ ਉੱਦਮ ਨਾਲ ‘ਗ਼ਦਰ’ ਅਖ਼ਬਾਰ ਸ਼ੁਰੂ ਹੋਇਆ।  ਉਹ ਹੱਥੀਂ ਮਸ਼ੀਨ ਚਲਾ ਕੇ ਦਿਨ ਰਾਤ ‘ਗ਼ਦਰ’ ਪਰਚੇ ਦੀ ਛਪਾਈ, ਲਿਖਾਈ, ਤਰਜ਼ਮੇ, ਵੰਡ-ਵੰਡਾਈ ਅਤੇ ਵਿੱਤੀ ਲੋੜਾਂ ਦੀ ਪੂਰਤੀ ਲਈ ਸਮਰਪਿਤ ਹੋ ਗਿਆ। ਗ਼ਦਰ ਪਾਰਟੀ ਦਾ ਤਿੰਨ ਰੰਗਾਂ ਝੰਡਾ ਹਿੰਦੂ, ਮੁਸਲਿਮ ਤੇ ਸਿੱਖਾਂ ਦੀ ਏਕਤਾ ਦਾ ਪ੍ਰਤੀਕ ਅਤੇ ਵਿਚਕਾਰ ਕਰਾਸ ਤਲਵਾਰਾਂ ਸੰਘਰਸ਼ ਦਾ ਚਿੰਨ੍ਹ, ਦਾ ਡਿਜ਼ਾਈਨ ਕਰਨ ’ਚ ਵੀ ਉਸ ਦੀ ਪ੍ਰਮੁੱਖ ਭੂਮਿਕਾ ਸੀ।
ਗ਼ਦਰ ਅਤੇ ਆਜ਼ਾਦੀ ਦੀ ਜੱਦੋ-ਜਹਿਦ ਵਿੱਚ ਉਹ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਦੇ ਵਿਸ਼ੇਸ਼ ਯੋਗਦਾਨ ਦੇ ਮਹੱਤਵ ਨੂੰ ਬਾਖ਼ੂਬੀ ਸਮਝਦਾ ਸੀ।
  ਸਰਾਭੇ ਨੇ ਲਿਖਿਆ ਹੈ:
ਹਿੰਦੋਸਤਾਨੀ ਲੋਕ ਆਮ ਰਵਾਜ਼ਨ ਆਪਣੀਆਂ ਔਰਤਾਂ ਨੂੰ ਮਰਦਾਂ ਤੋਂ ਹੀਣ ਸਮਝਦੇ ਹਨ। ਅਫ਼ਰੀਕਾ ਵਿੱਚ ਹਿੰਦੋਸਤਾਨ ਦੀਆਂ ਦੇਵੀਆਂ ਜਿਹੜੇ ਕੰਮ ਕਰ ਰਹੀਆਂ ਹਨ ਇਸ ਤੋਂ ਹਿੰਦੋਸਤਾਨੀਆਂ ਦੇ ਗ਼ਲਤ ਖ਼ਿਆਲਾਂ ਦਾ ਖੰਡਨ ਹੁੰਦਾ ਹੈ। ਅਫ਼ਰੀਕਾ ਦੇ ਲੋਕ-ਵਿਰੋਧੀ ਕਾਨੂੰਨਾਂ ਨੂੰ ਚਕਨਾਚੂਰ ਕਰਨ ਲਈ ਉੱਥੇ ਗੁਜਰਾਤੀ ਔਰਤਾਂ ਨੇ ਮਰਦਾਂ ਨਾਲੋਂ ਚਾਰ ਕਦਮ ਅੱਗੇ ਜਾ ਕੇ ਟਾਕਰਾ ਕੀਤਾ ਹੈ। ਉਨ੍ਹਾਂ ਅੱਗੇ ਹੋ ਕੇ ਗੰਨੇ ਦੇ ਖੇਤ ਫੂਕ ਸੁੱਟੇ। ਜਾਬਰਾਂ ਨਾਲ ਭਿੜੀਆਂ।
  ਜੇਲ੍ਹ ਜਾਣ ਤੋਂ ਨਹੀਂ ਡਰੀਆਂ।
ਅੱਜ ਪੰਜਾਬ ਵਿੱਚ ਆਪਣੇ ਹੱਕਾਂ ਲਈ ਹਰ ਮੋਰਚੇ ’ਤੇ ਅੱਗੇ ਹੋ ਕੇ ਜੂਝਦੀਆਂ ਨੌਜਵਾਨ ਲੜਕੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦੂਰ-ਅੰਦੇਸ਼ੀ ਅਤੇ ਔਰਤਾਂ ਦੀ ਇਤਿਹਾਸਕ ਭੂਮਿਕਾ ਬਾਰੇ ਸੋਚਣੀ ਦੀ ਹੀ ਪੁਸ਼ਟੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ।
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੇਬਾਕੀ ਨਾਲ ਉਸ ਸਮੇਂ, ਉਹ ਵੀ ਚੜ੍ਹਦੀ ਉਮਰੇ ਕੌੜਾ ਸੱਚ ਲਿਖਣਾ ਇਉਂ ਜਾਪਦਾ ਹੈ ਜਿਵੇਂ 100 ਵਰ੍ਹੇ ਬਾਅਦ ਉਹ ਹੋਰ ਵੀ ਲਿਸ਼ਕਿਆ ਅਤੇ ਨਿਖ਼ਰਿਆ ਹੈ। ਸਰਾਭੇ ਨੇ ਲਿਖਿਆ ਹੈ:
‘‘ਮੈਂ ਸਿੰਘਾਂ ਤੋਂ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਣਨਾ ਸਿਖਾਇਆ ਸੀ। ਇੱਕ-ਇੱਕ ਨੂੰ ਸਵਾ-ਸਵਾ ਲੱਖ ਨਾਲ ਲੜਨਾ ਸਿਖਾਇਆ ਸੀ ਪਰ ਕੀ ਹੁਣ ਪੰਜਾਬ ਵਿੱਚ ਇਸ ਤਰ੍ਹਾਂ ਅੰਮ੍ਰਿਤ ਛਕਾਇਆ ਜਾਂਦਾ ਹੈ? ਪਹਿਲਾਂ ਵਰਗੀ ਬਹਾਦਰੀ ਸਿੰਘਾਂ ਵਿੱਚ ਕਿਉਂ ਨਹੀਂ ਰਹੀ? ਇਸ ਦੇ ਦੋ ਸਬੱਬ ਹਨ। ਪਹਿਲਾ, ਉਹ ਆਦਮੀ ਜਿਹੜੇ ਅੰਮ੍ਰਿਤ ਬਣਾਉਂਦੇ ਹਨ, ਉਹ ਖ਼ੁਦ ਗ਼ੁਲਾਮ ਹਨ।
  ਗੁਰਦੁਆਰਿਆਂ ਦੇ ਗ੍ਰੰਥੀ ਅੰਗਰੇਜ਼ ਬਾਂਦਰਾਂ ਨੂੰ ਝੁਕ-ਝੁਕ ਕੇ ਸਲਾਮ ਕਰਦੇ ਦੇਖੇ ਜਾ ਸਕਦੇ ਹਨ। ਭਲਾ ਜੇ ਅਜਿਹੇ ਨੀਚ ਪੁਰਸ਼ ਜਿਹੜੇ ਲੀਡਰ ਬਣੇ ਹੋਏ ਹਨ ਤਾਂ ਉਨ੍ਹਾਂ ਵਿੱਚ ਕੀ ਤਾਕਤ ਅਤੇ ਦਲੇਰੀ ਹੋ ਸਕਦੀ ਹੈ। ਜਦ ਤਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ ਤਦ ਤਕ ਕੋਈ ਅਸਰ ਨਹੀਂ ਹੋਵੇਗਾ।  ਅੱਜ-ਕੱਲ੍ਹ ਦੇ ਹਾਲਾਤ ’ਤੇ ਅੱਛੀ ਤਰ੍ਹਾਂ ਨਿਗਾਹ ਮਾਰ ਕੇ ਸਿੰਘਾਂ ਨੂੰ ਚਾਹੀਦੈ ਕਿ ਉਹ ਗ਼ੁਲਾਮ ਅਤੇ ਡਰਾਕਲ ਗ੍ਰੰਥੀਆਂ ਨੂੰ ਕੱਢ ਕੇ ਬਾਹਰ ਮਾਰਨ।’’
‘ਗ਼ਦਰ’ ਅਖ਼ਬਾਰ ਦੀ ਮਕਬੂਲੀਅਤ ਨੇ ਸਾਹਿਤ ਅੰਦਰ ਛੁਪੀ ਅਥਾਹ ਸ਼ਕਤੀ ਦਾ ਪ੍ਰਮਾਣ ਦਿੱਤਾ।
  ਕਰਤਾਰ ਸਿੰਘ ਸਰਾਭਾ ਦੇਸ਼ ਭਗਤ ਆਜ਼ਾਦੀ ਘੁਲਾਟੀਆ ਹੀ ਨਹੀਂ ਸਗੋਂ ਸਿਰੜੀ, ਨਿਹਚਾਵਾਨ ਅਤੇ ਪ੍ਰਤੀਬੱਧ ਕ੍ਰਾਂਤੀਕਾਰੀ ਪੱਤਰਕਾਰ ਅਤੇ ਆਜ਼ਾਦੀ ਸੰਗਰਾਮ ਦਾ ਸ਼ਹੀਦ ਪੱਤਰਕਾਰ ਵੀ ਹੈ।
ਚੋਟੀ ਦਾ ਕਲਮਕਾਰ, ਉਲੱਥਾਕਾਰ, ਕਾਮਾ ਅਤੇ ਹਰ ਖ਼ਤਰੇ ਨਾਲ ਧਾਅ ਗਲਵੱਕੜੀ ਪਾਉਣ ਵਾਲਾ ਸਰਾਭਾ ਹੀ ਸੀ ਜਿਸ ਨੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਵਿਚਾਰ-ਵਟਾਂਦਰਾ ਕਰ ਕੇ ਕਾਮਾਗਾਟਾ ਮਾਰੂ ਜਹਾਜ਼ ਨੂੰ ਜਬਰੀ ਮੋੜੇ ਜਾਣ ਮੌਕੇ ਯੋਕੋਹਾਮਾ ਵਿਖੇ 200 ਪਿਸਤੌਲ ਤੇ 2000 ਗੋਲੀਆਂ ਦੋ ਪੇਟੀਆਂ ’ਚ ਬੰਦ ਕਰ ਕੇ ਜਹਾਜ਼ ’ਚ ਪਹੁੰਚਦੀਆਂ ਕੀਤੀਆਂ।
ਇਹ ਸਰਾਭਾ ਹੀ ਸੀ ਜਿਹੜਾ ਅਜੇ ਜੁਆਨੀ ਦੀ ਸਰਦਲ ’ਤੇ ਕਦਮ ਟਿਕਾ ਰਿਹਾ ਸੀ ਪਰ ਅਮਰੀਕਾ ਛੱਡ ਕੇ ਆਪਣੇ ਦੇਸ਼ ਆਇਆ। ਫ਼ੌਜੀ ਛਾਉਣੀਆਂ ’ਚ ਸੰਪਰਕ ਬਣਾਏ। ਗ਼ਦਰ ਦੀ ਤਾਰੀਖ ਮਿਥੀ ਪਰ ਕਿਰਪਾਲੇ ਦੀ ਗ਼ੱਦਾਰੀ ਨਾਲ ਗ਼ਦਰ ਦੀ ਸੂਹ ਮਿਲਣ ’ਤੇ ਫ਼ੌਜੀਆਂ ਨੂੰ ਨਿਹੱਥੇ ਕਰ ਦਿੱਤਾ ਗਿਆ। ਗ੍ਰਿਫ਼ਤਾਰੀਆਂ, ਕੇਸਾਂ ਅਤੇ ਜੇਲ੍ਹਾਂ, ਫਾਂਸੀਆਂ ਦਾ ਚੱਕਰ ਤੇਜ਼ ਹੋਇਆ।
  ਸਰਾਭਾ ਖ਼ੁਦ ਭਾਵੇਂ ਬਚ ਨਿਕਲਿਆ ਸੀ। ਅਫ਼ਗਾਨਿਸਤਾਨ ਦੀ ਸਰਹੱਦ ਪਾਰ ਕਰ ਕੇ ਸੁਰੱਖਿਅਤ ਬਾਹਰ ਜਾ ਸਕਦਾ ਸੀ ਪਰ ਉਹ ਗ਼ਦਰੀ ਗੂੰਜਾਂ ਯਾਦ ਕਰਦਿਆਂ ਵਾਪਸ ਮੁੜ ਆਇਆ।
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ…
ਗ਼ਦਰੀ ਗੀਤ ਗਾਉਂਦਾ ਉਹ ਲੋਕਾਂ ’ਚ ਕੰਮ ਕਰਨ ਲੱਗਾ। ਉਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਸ਼ੇਸ਼ ਅਦਾਲਤ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ।
 
ਇਹ ਫਾਂਸੀ ਟਲ ਸਕਦੀ ਸੀ ਪਰ ਸਰਾਭਾ ਆਪਣੇ ਮਿਸ਼ਨ ਦੀ ਮਸ਼ਾਲ ਜਗਦੀ ਅਤੇ ਮਘਦੀ ਰੱਖਣ ਲਈ ਫਾਂਸੀ ਦੀ ਪੀਂਘ ਝੂਟ ਜਾਣਾ ਹੀ ਬਿਹਤਰ ਸਮਝਦਾ ਸੀ। ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਇੱਕ ਵਾਰ ਤਾਂ ‘ਗ਼ਦਰ’ ਨੂੰ ਗੰਭੀਰ ਪਛਾੜ ਵੱਜ ਗਈ, ਹੁਣ ਮਤਾਬੀ ਬਣ ਕੇ ਖ਼ੁਦ ਮੱਚਣਾ ਹੀ ਵਿਚਾਰਾਂ ਦੀ ਰੋਸ਼ਨੀ ਫੈਲਾਉਣਾ ਹੋਵੇਗਾ।
ਆਖ਼ਰ ਸਰਾਭੇ ਨੂੰ ਸਾਥੀਆਂ ਸਮੇਤ ਫਾਂਸੀ ’ਤੇ ਲਟਕਾ ਦਿੱਤਾ ਗਿਆ। ਕੋਈ ਸਾਢੇ ਅਠਾਰਾਂ ਵਰ੍ਹਿਆਂ ਦਾ ਕਰਤਾਰ ਸਿੰਘ ਸਰਾਭਾ ਜਿੰਨਾ ਗੱਭਰੂ 1915 ’ਚ ਸੀ, 2015 ਸ਼ਤਾਬਦੀ ਮੌਕੇ ਅਤੇ ਭਵਿੱਖ ਵਿੱਚ ਵੀ ਓਨਾ ਹੀ ਭਰ ਜੁਆਨ ਪ੍ਰਤੀਤ ਹੁੰਦਾ ਰਹੇਗਾ। ਨਵੀਂ ਜੁਆਨੀ ਦੇ ਗਲ਼ ਲੱਗ ਕੇ ਮਿਲਦਾ ਰਹੇਗਾ। ਨਵੀਂ ਪਨੀਰੀ ਨਾਲ ਜੋਟੀ ਪਾ ਕੇ ਗੀਤ ਗਾਉਂਦਾ ਰਹੇਗਾ ਜੋ ਉਸ ਦੀ ਕਲਮ ਨੇ ਲਿਖਿਆ ਅਤੇ ਉਸ ਨੇ ਖ਼ੁਦ ਗਾਇਆ ਸੀ:
ਜੋ ਕੋਈ ਪੂਛੇ ਕਿ ਕੌਨ ਹੋ ਤੁਮ
ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ
ਜ਼ੁਲਮ ਮਿਟਾਨਾ ਹਮਾਰਾ ਪੇਸ਼ਾ
ਗ਼ਦਰ ਕਰਨਾ ਹੈ ਕਾਮ ਅਪਨਾ
ਨਮਾਜ਼ ਸੰਧਿਆ ਯਹੀ ਹਮਾਰੀ
ਔਰ ਪਾਠ ਪੂਜਾ ਸਭ ਯਹੀ ਹੈ
ਧਰਮ ਕਰਮ ਸਭ ਯਹੀ ਹੈ ਹਮਾਰਾ,
ਯਹੀ ਖ਼ੁਦਾ ਔਰ ਰਾਮ ਅਪਨਾ।
ਅਜੋਕੇ ਨਾਜ਼ੁਕ ਦੌਰ ਵਿੱਚ ਮੁਲਕ ਦੀ ਬੇੜੀ ਕਿਨਾਰੇ ਲਾਉਣ ਲਈ ਸਾਮਰਾਜੀ ਗਲਬੇ ਨੂੰ ਵਗਾਹ ਮਾਰਨਾ, ਜਗੀਰੂ-ਪੂੰਜੀਪਤੀ ਮੱਕੜਜਾਲ ਤੋਂ ਮੁਕਤ ਹੋਣਾ, ਫ਼ਿਰਕਾਪ੍ਰਸਤੀ, ਜ਼ਾਤ-ਪ੍ਰਸਤੀ, ਗ਼ਰੀਬੀ, ਬੇਕਾਰੀ, ਵਿਤਕਰੇਬਾਜ਼ੀ ਅਤੇ ਜ਼ਬਰ ਜ਼ੁਲਮ ਤੋਂ ਮੁਕਤ, ਆਜ਼ਾਦ, ਖ਼ੁਸ਼ਹਾਲ, ਅਤੇ ਸਾਂਝੀਵਾਲਤਾ ਭਰਿਆ ਨਿਜ਼ਾਮ ਸਿਰਜਣ ਲਈ ਚੇਤਨਾ ਦੇ ਚਾਨਣ ਦਾ ਛੱਟਾ ਦੇਣਾ 2015 ਸ਼ਤਾਬਦੀ ਦਾ ਮਨੋਰਥ ਹੋਵੇ। ਇਹੋ ਵਕਤ ਦੀ ਆਵਾਜ਼ ਹੈ। ਇਤਿਹਾਸ ਦੀ ਅੱਖ ਸਦਾ ਜਾਗਦੀ ਅਤੇ ਜਗਦੀ ਰਹਿੰਦੀ ਹੈ। ਡਾਹਢਿਆਂ ਨੂੰ ਐਵੇਂ ਭੁਲੇਖਾ ਹੁੰਦਾ ਹੈ ਕਿ ਇਤਿਹਾਸ ਉਨ੍ਹਾਂ ਦੀ ਮਨਮਰਜ਼ੀ ਦੀ ਤੋਰ ਤੁਰੇਗਾ ਅਤੇ ਉਨ੍ਹਾਂ ਮੁਤਾਬਕ ਦੇਖੇਗਾ।

Friday, November 14, 2014

“ਜ਼ਮੀਨ ਪ੍ਰਾਪਤੀ ਕਾਨੂੰਨ - ਵਿੱਤ ਮੰਤਰੀ ਨੇ ਲੋਕ-ਰਜ਼ਾ ਦੀ ਕਦਰ ਕਰਨ ਦਾ ਹੀਜ਼-ਪਿਆਜ ਨੰਗਾ ਕਰ ਲਿਆ

ਜ਼ਮੀਨ ਅਕਵਾਇਰ ਕਰਨ ਵੇਲੇ ਕਿਸਾਨ ਰਜ਼ਾ ਦੀ ਕਦਰ
ਨਾ ਸਰਕਾਰ ਕਰਦੀ ਹੈ ਤੇ ਨਾ ਇਹ ਬਿਲ ਕਰੇਗਾ।
     
       ਜ਼ਮੀਨ ਪ੍ਰਾਪਤੀ, ਮੁੜਬਹਾਲੀ ਤੇ ਮੁੜ-ਵਸੇਵਾਂ ਬਿਲ-2011ਦੇ ਕਾਨੂੰਨ ਬਣਨ ਤੋਂ ਪਹਿਲਾਂ ਇਸ ਵਿਚ ਸੋਧਾਂ ਸਬੰਧੀ ਦਿੱਲੀ ਵਿਖੇ ਇਕ ਮੀਟਿੰਗ ਵਿੱਚ ਬੋਲਦਿਆਂ ਵਿੱਤ ਮੰਤਰੀ ਅਰੁਨ ਜੇਤਲੀ ਨੇ, ਜ਼ਮੀਨ ਅਕਵਾਇਰ ਕਰਨ ਵੇਲੇ, ਆਮ ਸਹਿਮਤੀ ਦੀ ਉਡੀਕ ਨਹੀਂ ਕਰਾਂਗੇ ਕਹਿਕੇ ਆਵਦੀ, ਆਵਦੀ ਭਾਜਪਾਈ ਸਰਕਾਰ ਦੀ ਅਤੇ ਇਸ ਬਿਲ ਦੀ ਕਿਸਾਨ ਤੇ ਲੋਕ ਦੋਖੀ ਖਸਲਤ ਜੱਗ ਜ਼ਾਹਰ ਕਰ ਲਈ ਹੈ। ਇਹ, ਕਾਨੂੰਨ ਦਾ ਵੱਡਾ ਵਕੀਲ ਕਹਾਉਣ ਵਾਲੇ ਇਸ ਮੰਤਰੀ ਦੇ ਮੂੰਹੋਂ ਅਚਾਨਕ ਨਿਕਲੀ ਗੱਲ ਨਹੀਂ ਹੈ, ਰਾਜ-ਗੱਦੀ ਮੱਲਦਿਆਂ ਹੀ ਮੁਲਕ ਅੰਦਰ ਪਹਿਲਾਂ ਤੋਂ ਹੀ ਚਲੇ ਆ ਰਹੇ ਸਾਮਰਾਜੀ-ਜਾਗੀਰੂ ਲੁੱਟ ਤੇ ਦਾਬੇ ਵਾਲੇ ਆਰਥਿਕ-ਰਾਜਨੀਤਿਕ ਨਿਜ਼ਾਮ ਨੂੰ ਹੋਰ ਤਕੜਾ ਕਰਨ ਦੀ 'ਵਿੱਢੀ ਮੁਹਿੰਮ ਦਾ ਜ਼ੋਸ਼' ਹੈ। ਜੇਤਲੀ ਦਾ ਇਉਂ,“ ਵਿਰੋਧੀ ਧਿਰ ਸਹਿਯੋਗ ਨਹੀਂ ਦਿੰਦੀ ਤੇ ਅਸੀਂ ਅੱਗੇ ਵਧਾਂਗੇ, ਫੈਸਲੇ ਲਵਾਂਗੇ” ਕਹਿਣਾ, ਦੇਸ਼ ਵਿਚ ਆਇਆਂ ਨੂੰ ਅਤੇ ਦੇਸ਼ ਤੋਂ ਬਾਹਰ ਜਾਕੇ ਉਥੋਂ ਦੇ ਹਾਕਮਾਂ ਤੇ ਕਾਰਪੋਰੇਟ ਲੁਟੇਰਿਆਂ ਨੂੰ ਮਿਲਣ ਉਪਰੰਤ ਦੇਸ਼ ਅੰਦਰ ਲੁੱਟ ਮਚਾਉਣ ਲਈ ਨਿਵੇਸ਼ ਕਰਨ ਦੇ ਦਿੱਤੇ ਖੁੱਲੇ ਸੱਦਿਆਂ ਨੂੰ ਅਤੇ 100 ਸਮਾਰਟ ਸਿਟੀ ਉਸਾਰਨ ਦੀ ਉਲੀਕੀ ਤੇ ਐਲਾਨੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਜਾ ਰਹੀ ਕਾਰਪੋਰੇਟੀ-ਸੇਵਾ ਦਾ ਸਿੱਟਾ ਹੈ। ਮੋਦੀ ਟੀਮ ਦਾ ਇਹ ਮੋਹਰੀ ਮੰਤਰੀ, ਜੇਤਲੀ ਪਿੱਛੇ ਕਿਵੇਂ ਰਹਿ ਸਕਦਾ ਹੈ?
       ਮਨਮੋਹਨ ਸਿੰਘ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਪਹਿਲਾਂ ਹੀ, ਇਸ ਬਿਲ ਨੂੰ ਦੇਸੀ-ਬਦੇਸ਼ੀ ਕਾਰਪੋਰੇਟਾਂ ਤੇ ਵੱਡੇ ਭੌਂਇ ਸਰਦਾਰਾਂ ਦੇ ਲੁਟੇਰੇ ਤੇ ਧਾੜਵੀ ਮਕਸਦ ਪੂਰਨ ਲਈ ਇਸ ਉੱਤੇ ਜਨਤਕ ਹਿੱਤਾਂ ਤੇ ਜਨਤਕ ਉਦੇਸਾਂ ਦਾ ਮੁਲੰਮਾ ਚਾੜ ਕੇ ਮੁਲਕ ਦੇ ਸਾਮਰਾਜੀ ਜਾਗੀਰੂ ਜਕੜ-ਪੰਜ਼ੇ ਦੇ ਫਿੱਟ ਬਹਿੰਦਾ ਘੜਿਆ ਹੋਇਆ ਹੈ। ਉਸੇ ਵੇਲੇ ਤੋਂ ਹੀ ਇਸ ਬਿਲ ਵਿਚ ਸੋਧਾਂ ਸਬੰਧੀ ਸੁਝਾਅ ਮੰਗੇ ਜਾਣ ਦਾ ਪਰਪੰਚ ਵੀ ਰਚਿਆ ਹੋਇਆ ਹੈ। ਜਿਸ 'ਤੇ ਹੁਣ ਗੱਲ ਕਰਦਿਆਂ ਵਿੱਤ ਮੰਤਰੀ ਨੇ ਲੋਕ-ਰਜ਼ਾ ਦੀ ਕਦਰ ਕਰਨ ਦਾ ਹੀਜ਼-ਪਿਆਜ ਨੰਗਾ ਕਰ ਲਿਆ ਹੈ।
       ਜਿਹੋ ਜਿਹੀ ਕੋਕੋ, ਉਹੋ ਜਿਹੇ ਉਸਦੇ ਬੱਚੇ। ਲੁਟੇਰੇ ਤੇ ਜਾਬਰ ਆਰਥਿਕ ਰਾਜਨੀਤਿਕ ਨਿਜ਼ਾਮ ਦੇ ਕਾਨੂੰਨ ਵੀ ਲੁੱਟ ਤੇ ਦਾਬੇ ਨੂੰ ਕਾਇਮ ਰੱਖਣ ਯਾਨੀ ਇਸ ਨਿਜ਼ਾਮ ਨੂੰ ਕਾਇਮ ਰੱਖਣ ਵਾਲੇ ਤੇ ਅੱਗੇ ਵਧਾਉਣ ਵਾਲੇ ਹੀ ਹੁੰਦੇ ਹਨ। ਕੋਈ ਵੱਖਰੇਵਾਂ ਨਹੀਂ। ਕੋਈ ਟਕਰਾਅ ਨਹੀਂ। ਜਿਥੇ, ਪਲੇ-ਪਲੇ ਲੋਕਾਂ ਨੂੰ ਬੇਵੁੱਕਤੀ ਹੰਢਾਉਣੀ ਪੈ ਰਹੀ ਹੋਵੇ। ਜਿਥੇ, ਭੋਰਾ ਭਰ ਆਨੇ ਮੁੱਲ ਦੀ ਵੀ ਲੋਕਾਂ ਦੀ ਪੁੱਗਤ ਨਾ ਹੋਵੇ। ਜਿਥੇ,ਲੋਕਾਂ ਨੂੰ ਕੋਈ ਬੇਰਾਂ ਵੱਟੇ ਨਾ ਪਛਾਣਦਾ ਹੋਵੇ, ਬੱਸ ਇੱਕ ਵੋਟ-ਪਰਚੀ ਮੰਨ ਕੇ ਹਥਿਆਉਣ ਲਈ ਲੋਕਰਾਜ,ਆਜ਼ਾਦੀ ਤੇਜਮਹੂਰੀਅਤਵਰਗੇ ਛਲਾਵਿਆਂ ਨੂੰ ਸਿੰਗਾਰ-ਸਿੰਗਾਰ ਵਿਖਾਇਆ ਤੇ ਉਚਿਆਇਆ ਜਾਂਦਾ ਹੋਵੇ। ਜਿਥੇ, ਸੰਗਤ ਦਰਸ਼ਨਾਂ ਵਿਚ ਸੱਦ ਕੇ ਬੁਲਾਇਆਂ ਨੂੰ ਵੀ ਸਾਰਾ ਸਾਰਾ ਦਿਨ ਪੁਲਸ ਡੱਕ ਕੇ ਰੋਕੀ ਰੱਖਦੀ ਹੋਵੇ। ਜਿਥੇ, ਮੰਗ-ਪੱਤਰ ਦੇਣ ਆਇਆਂ 'ਤੇ ਵੀ ਕੇਸ ਪਾ ਦਿਤੇ ਜਾਂਦੇ ਹੋਣ। ਜਿਥੇ, ਇੱਕਤਰ ਹੋਣ ਤੇ ਰੋਸ ਪ੍ਰਗਟਾਉਣ ਦੇ ਬੁਨਿਆਦੀ ਹੱਕ, ਪੁਲਸ-ਫੌਜ਼, ਗੁੰਡਾ-ਗਰੋਹਾਂ ਤੇ ਨਿੱਜੀ ਸੈਨਾਵਾਂ ਦੇ ਜ਼ੋਰ ਖੋਹੇ ਜਾ ਰਹੇ ਹੋਣ। ਜਿਥੇ,ਖੁਦ-ਮੁਖਤਿਆਰੀ ਲਈ ਜੂਝ ਰਹੇ ਖਿੱਤਿਆ ਦੇ ਲੋਕਾਂ ਉੱਪਰ ਚੱਤੋ ਪਹਿਰ ਫੌਜ਼ ਬੰਬ ਵਰਾ ਰਹੀ ਹੋਵੇ। ਜਿਥੇ,ਉਦਾਰੀਕਰਨ, ਵਿਸ਼ਵੀਕਰਨ, ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਦੇ ਵੱਜ ਰਹੇ ਡਾਕਿਆਂ ਤੋਂ ਜਲ, ਜੰਗਲ, ਜ਼ਮੀਨ ਤੇ ਰੁਜ਼ਗਾਰ ਬਚਾ ਰਹੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਉਤੇ ਡਾਂਗਾਂ, ਗੋਲੀਆਂ ਵਰ੍ਹਾਈਆਂ ਜਾ ਰਹੀਆਂ ਹੋਣ ਤੇ ਆਦਿਵਾਸੀਆਂ ਉਪਰ ਡਰੋਨ ਹਮਲੇ ਕੀਤੇ ਜਾ ਰਹੇ ਹੋਣ। ਜਿਥੇ, ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰਾਂ ਨੂੰ ਟੈਂਕੀਆਂ 'ਤੇ ਚੜਨ ਅਤੇ ਮਰਨ ਵਰਤ ਲਈ ਮਜਬੂਰ ਕਰਕੇ ਬੇਰੁਜ਼ਗਾਰੀ ਦੇ ਦੈਂਤ ਮੂੰਹ ਧੱਕਿਆ ਜਾ ਰਿਹਾ ਹੋਵੇ। ਉਥੇ, ਲੋਕਰਜ਼ਾ ਦੀ ਕਦਰ ਕਿੱਥੇ? ਲੋਕ ਰਜ਼ਾ ਦੀ ਕਦਰ ਇਹ ਬਿਲ ਕਿੰਨੀ ਕੁ ਕਰਦਾ ਹੈ,ਇਹ ਬਿਲ ਖੁਦ ਖੁਲਕੇ ਬੋਲਦਾ ਹੈ।ਆਓ ਸੁਣੀਏ:
       ਇਸ ਬਿਲ ਦੇ ਭਾਗ(ਤਿੰਨ) ਦੀ ਧਾਰਾ ਇੱਕ (ਏ) ਦੀ ਉਪ ਧਾਰਾ(ਇੱਕ) ਵਿਚ,ਜ਼ਮੀਨ ਤਾਂ ਹੀ ਹਾਸਲ ਕੀਤੀ ਜਾਵੇਗੀ ਜੇ ਪ੍ਰਭਾਵਿਤ ਹੋ ਰਹੇ ਕਿਸਾਨਾਂ ਵਿੱਚੋਂ 80 ਪ੍ਰਤੀਸ਼ਤ ਕਿਸਾਨ ਆਪਣੀ ਰਜ਼ਾਮੰਦੀ ਦਿੰਦੇ ਹਨ ਲਿਖਕੇ ਇਹ ਭਰਮ ਸਿਰਜਿਆ ਗਿਆ ਹੈ ਕਿ ਕਿਸਾਨਾਂ ਦੀ ਮਰਜ਼ੀ ਤੋਂ ਵਗੈਰ ਉਹਨਾਂ ਦੀ ਜ਼ਮੀਨ ਨਹੀyਂ ਲਈ ਜਾਵੇਗੀ। ਉਹਨਾਂ ਨੂੰ ਆਪਦੀ ਜ਼ਮੀਨ ਵੇਚਣ ਜਾਂ ਨਾ ਵੇਚਣ ਦੇ ਅਧਿਕਾਰ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ। ਜਮਹੂਰੀ ਪਹੁੰਚ ਅਖਤਿਆਰ ਕਰਨ ਦਾ ਦਾਅਵਾ ਕੀਤਾ ਗਿਆ ਹੈ।
      ਪਰ ਇਸ ਬਿਲ ਦੇ ਮਕਸਦ ਤੇ ਧੁੱਸ ਉਕਤ ਦਾਅਵੇ ਦੀ ਫੂਕ ਕੱਢ ਧਰਦੇ ਹਨ। ਇਸ ਬਿਲ ਦੇ ਭਾਗ (ਦੋ) ਵਿਚ ਇਸ ਦੇ ਕਾਰਜ ਖੇਤਰ ਬਾਰੇ ਲਿਖਿਆ ਹੋਇਆ ਹੈ ਕਿ ਜਦੋਂ ਖੁਦ ਸਰਕਾਰ ਆਪਣੀ ਵਰਤੋਂ, ਕਬਜ਼ੇ ਤੇ ਮਾਲਕੀ ਖਾਤਰ ਜ਼ਮੀਨ ਖਰੀਦਦੀ ਹੈ ਤਾਂ ਉਸ ਵੇਲੇ ਕਿਸਾਨਾਂ ਦੀ ਸਹਿਮਤੀ ਲੈਣ ਦੀ ਕੋਈ ਜਰੂਰਤ ਨਹੀਂ ਹੈ। ਅਤੇ ਜਦੋਂ ਨਿੱਜੀ ਕੰਪਨੀਆਂ 100 ਏਕੜ ਤੋਂ ਵੱਧ ਜ਼ਮੀਨ ਖਰੀਦਦੀਆਂ ਹਨ ਜਾਂ ਜਦੋਂ ਨਿੱਜੀ ਕੰਪਨੀਆਂ ਜ਼ਮੀਨ ਲੈਣ ਲਈ ਸਰਕਾਰ ਕੋਲ ਪਹੁੰਚ ਕਰਦੀਆਂ ਹਨ ਕਿ ਸਰਕਾਰ ਉਹਨਾਂ ਨੂੰ ਜ਼ਮੀਨ ਲੈਕੇ ਦੇਵੇ ਤੇ ਸਰਕਾਰ ਲੈਕੇ ਦਿੰਦੀ ਹੈ। ਤਾਂ ਵੀ ਪ੍ਰਭਾਵਿਤ ਕਿਸਾਨਾਂ ਦੀ ਰਜ਼ਾਮੰਦੀ ਵਾਲੀ ਧਾਰਾ ਲਾਗੂ ਨਹੀਂ ਹੁੰਦੀ।
      ਨਿੱਜੀ ਕੰਪਨੀਆਂ 100 ਏਕੜ ਤੋਂ ਘੱਟ ਕਿਤੇ ਖਰੀਦਦੀਆਂ ਹੀ ਨਹੀਂ ਹਨ, ਪੌਸਕੋ ਨੇ ਉੜੀਸਾ ਵਿੱਚ 4125 ਏਕੜ ਤੇ ਕਰਨਾਟਕਾ ਵਿੱਚ 3382 ਏਕੜ, ਟਾਟਾ ਨੇ ਗੁਜਰਾਤ ਵਿੱਚ 11000 ਏਕੜ, ਆਡਾਨੀ ਨੇ ਗੁਜਰਾਤ ਵਿੱਚ 33000 ਏਕੜ ਸਰਕਾਰਾਂ ਤੇ ਅਫਸਰਸ਼ਾਹੀ ਨਾਲ ਸਾਜਬਾਜ ਕਰਕੇ ਕੌਡੀਆਂ ਦੇ ਭਾਅ ਹਥਿਆਈ ਹੈ।
      ਹਾਂ, ਜਿਥੇ ਕਿਤੇ ਨਿੱਜੀ ਕੰਪਨੀ ਨੇ 100 ਏਕੜ ਤੋਂ ਘੱਟ ਜ਼ਮੀਨ ਹਾਸਲ ਕੀਤੀ ਹੈ,ਉਥੇ ਵੀ ਇਹ 80% ਕਿਸਾਨਾਂ ਦੀ ਸਹਿਮਤੀ ਲੈਣ ਵਾਲੀ ਧਾਰਾ ਦੀ ਲੋੜ  ਨਹੀਂ ਪੈਂਦੀ। ਕਿਉਂਕਿ, ਸਰਕਾਰ ਨੇ ਜਨਤਕ ਉਦੇਸ਼ਾਂ ਵਾਸਤੇ ਨਿੱਜੀ ਕੰਪਨੀਆਂ ਦੀ ਵਰਤੋਂ ਲਈ ਅੰਤਮ ਤੌਰ'ਤੇ ਉਹਨਾਂ ਨੂੰ ਸੌਂਪਣ ਖਾਤਰ ਜ਼ਮੀਨ ਹਾਸਲ ਕੀਤੀ ਹੈ। ਜਾਂ ਸਰਕਾਰ ਨੇ ਜਨਤਕ ਉਦੇਸ਼ਾਂ ਵਾਸਤੇ ਨਿੱਜੀ ਕੰਪਨੀਆਂ ਦੀ ਤੁਰਤ-ਪੈਰੀ ਅਤੇ ਐਲਾਨੀਆਂ ਵਰਤੋਂ ਲਈ ਜ਼ਮੀਨ ਹਾਸਲ ਕੀਤੀ ਹੈ।
        ਜੇ ਕਿਸੇ ਥਾਂ ਹਾਕਮਾਂ ਨੂੰ ਕਿਸਾਨਾਂ ਦੀ ਸਹਿਮਤੀ ਲੈਣ ਦਾ ਡਰਾਮਾ ਕਰਨ ਦੀ ਮਜਬੂਰੀ ਬਣ ਜਾਵੇ ਤਾਂ ਵੀ ਇਹ ਬਿਲ,ਕਿਸਾਨਾਂ ਦੀ ਰਜ਼ਾ ਰੋਲਣ ਵਾਲਾ ਰੋਲ-ਘਚੋਲੇ ਵਾਲਾ ਹੀ ਹੈ। ਇਹ ਬਿਲ,ਪ੍ਰਭਾਵਿਤ ਕਿਸਾਨਾਂ ਨੂੰ ਇੱਕਤਰਤਾ ਵਿਚ ਸੱਦਣ ਦਾ ਵਿਖਾਵਾ ਕਰਦਾ ਹੈ ਪਰ ਨਾਲ ਹੀ ਪਿੰਡ ਦੀ ਪੰਚਾਇਤ ਨੂੰ ਵੀ ਸੱਦ ਲੈਂਦਾ ਹੈ ਕਿਉਂਕਿ ਪੰਚਾਇਤਾਂ ਹਕੂਮਤੀ ਗਲਬੇ ਤੋਂ ਉਲਟ ਨਹੀਂ ਜਾਂਦੀਆਂ। ਇਹ ਬਿਲ, ਇੱਕਠ ਦਾ ਕੋਈ ਕੋਰਮ ਨਹੀਂ ਮਿੱਥਦਾ। ਇੱਕਠ ਦੀ ਰਾਇ ਦਰਜ਼ ਕਰਨ ਦਾ ਕੋਈ ਪ੍ਰਬੰਧ ਨਹੀਂ ਕਰਦਾ। ਪ੍ਰਭਾਵਿਤਾਂ ਦੀ ਰਾਇ ਜਨਤਕ ਸੁਣਵਾਈ ਦੌਰਾਨ ਇੱਕਤਰ ਕੀਤੀ ਜਾਵੇਗੀ ਕਿ ਬਾਅਦ ਵਿੱਚ, ਕੁਝ ਵੀ ਸਪੱਸ਼ਟ ਨਹੀਂ ਦੱਸਦਾ। ਇੱਕਠ ਦੀ ਰਾਇ ਦਾ ਅੰਤਮ ਨਤੀਜਾ ਕੱਢਣ ਤੇ ਦੱਸਣ ਦਾ ਕੋਈ ਨਿਸ਼ਚਿਤ ਅਧਿਕਾਰੀ ਨਹੀਂ ਹੈ। ਸੋ ਇਹ ਬਿਲ, ਸਿਰਫ ਅਸਪੱਸ਼ਟਤਾ ਵਾਲਾ ਹੀ ਨਹੀਂ, ਸਗੋਂ ਲੋਕਰਜ਼ਾ ਨੂੰ ਸਰਕਾਰ ਤੇ ਉਸਦੀ ਰਖੇਲ ਵੱਡੀ ਅਫਸਰਸ਼ਾਹੀ ਦੀ ਮਰਜ਼ੀ ਦਾ ਮੁਥਾਜ਼ ਬਣਾਕੇ ਉਸਦੀ ਮੁੱਠੀ ਵਿੱਚ ਦੇ ਦਿੰਦਾ ਹੈ।
       ਇਸ ਬਿਲ ਨੇ ਹਾਕਮਾਂ ਨੂੰ ਦੋ ਹੋਰ ਕਿਸਾਨ ਰਜ਼ਾ ਮਾਰੂ ਤੀਰ ਦਿੱਤੇ ਹੋਏ ਹਨ। ਇੱਕ, ਕਿਸੇ ਹਾਸਲ ਕੀਤੀ ਜਾਣ ਵਾਲੀ ਜ਼ਮੀਨ ਨੂੰ ਭਾਰਤ ਦੀ ਰਾਖੀ ਜਾਂ ਕੌਮੀ ਸੁਰੱਖਿਆ ਜਾਂ ਕੁਦਰਤੀ ਆਫਤਾਂ ਕਰਕੇ ਖੜ੍ਹੀਆਂ ਹੋਈਆਂ ਸੰਕਟਕਾਲੀ ਲੋੜਾਂ ਲਈ ਅਤਿ ਜਰੂਰੀ ਦਾ ਤੀਰ ਚਲਾਕੇ ਪ੍ਰਭਾਵਿਤ ਕਿਸਾਨਾਂ ਦੀ ਰਜ਼ਾਮੰਦੀ ਵਾਲੀ ਧਾਰਾ ਖਾਰਜ ਕਰ ਦਿੰਦਾ ਹੈ। ਤੇ ਦੂਜਾ,ਇਸ ਬਿਲ ਦੇ ਭਾਗ (ਤਿੰਨ ) ਦੀ ਧਾਰਾ 54 ਦੀ ਉਪ ਧਾਰਾ (1) ਤਿੰਨ ਸਾਲਾਂ ਲਈ ਅਸਥਾਈ ਤੌਰ 'ਤੇ ਕਬਜ਼ਾ ਕਰੀ ਰੱਖਣ ਦੀ ਖੁੱਲ ਦਿੰਦੀ ਹੈ। ਤਿੰਨ ਸਾਲਾਂ ਬਾਅਦ ਹੋ ਸਕਦਾ ਜ਼ਮੀਨ ਵਾਹੁਣ ਯੋਗ ਹੀ ਨਾ ਰਹੇ ਜਾਂ ਤਿੰਨ ਸਾਲਾਂ ਬਾਅਦ ਉਸਦੇ ਵਾਹੁਣ ਵਾਲੇ ਹੀ ਉਥੇ ਨਾ ਰਹਿ ਸਕੇ ਹੋਣ।
      ਜਿਹੜੀਆਂ ਸਰਕਾਰਾਂ ਤੇ ਅਫਸਰ-ਸ਼ਾਹੀ ਡੰਡੇ ਦੇ ਜ਼ੋਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਕੇ ਥੈਲੀ-ਸ਼ਾਹ ਕਾਰਪੋਰੇਟ ਲਾਣੇ ਨੂੰ ਸੌਂਪਣ 'ਤੇ ਤੁਲੀਆਂ ਹੋਈਆਂ ਹੋਣ ਅਤੇ ਆਪਦੀ ਜ਼ਮੀਨ ਤੇ ਰੋਟੀ-ਰੋਜ਼ੀ ਦੀ ਰਾਖੀ ਲਈ ਸੰਘਰਸ਼ ਕਰਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ 'ਤੇ ਗੋਲੀਆਂ ਦੀ ਵਾਛੜ ਕਰਨ ਤੋਂ ਜ਼ਰਾ ਜਿੰਨੀ ਵੀ ਚੀਸ ਨਾ ਵੱਟਦੀਆਂ ਹੋਣ, ਭਲਾਂ ਉਹਨਾਂ ਤੋਂ ਉਜਾੜੇ ਦਾ ਸ਼ਿਕਾਰ ਹੋ ਰਹੀ ਲੋਕਾਈ ਦੇ ਦੁੱਖੜੇ ਸੁਣਨ ਅਤੇ ਉਹਨਾਂ ਦੀਆਂ ਰਾਵਾਂ ਲੈਣ ਦੇ ਅਮਲ ਵਿੱਚ ਪਾਰਦਰਸ਼ਤਾ ਕਾਇਮ ਰੱਖਣ ਅਤੇ ਲੋਕਾਂ ਦੀ ਦੁਖੀ ਆਵਾਜ਼ (ਰਾਇ) ਨੂੰ ਵਜ਼ਨ ਦੇਣ ਦੀ ਦਿਆਨਤਦਾਰੀ ਦਿਖਾਉਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਜ਼ਮੀਨ ਖੁੱਸਣ ਨਾਲ ਪ੍ਰਭਾਵਿਤ ਹੋਣ ਵਾਲੀ ਜਨਤਾ ਦੇ ਹੱਕੀ ਸੰਘਰਸ਼ ਉਹਨਾ ਦੀ ਸਮੂਹਿਕ ਰਾਇ ਦੇ ਸਭ ਤੋਂ ਵੱਧ ਤਿੱਖੇ ਅਤੇ ਸਪਸ਼ਟ ਇਜ਼ਹਾਰ ਤੇ ਤਰਜ਼ਮਾਨ ਬਣਦੇ ਹਨ। ਇੱਕ ਹੱਥ, ਸਮੂਹਕ ਰਜ਼ਾ ਦੇ ਤਰਜ਼ਮਾਨ ਜਨਤਕ ਸੰਘਰਸ਼ਾਂ ਨੂੰ ਜਬਰ ਦੇ ਜ਼ੋਰ ਕੁਚਲਣ ਦੇ ਰਾਹ ਚੱਲਣਾ ਅਤੇ ਦੂਜੇ ਹੱਥ, ਜਨਤਕ ਸੁਣਵਾਈ ਅਤੇ ਰਜ਼ਾ ਦੀ ਕਦਰ ਕਰਨ ਦਾ ਢੌਂਗ ਰਚਣਾ, ਇਹ ਭਾਰਤੀ ਹਾਕਮਾਂ ਦੇ ਜ਼ਾਬਰ ਆਪਾ-ਸ਼ਾਹ ਰਾਜ ਅਤੇ ਨਕਲੀ ਜਮਹੂਰੀਅਤ ਦੇ ਸਿਰ-ਨਰੜ ਦਾ ਮੂੰਹ-ਜੋਰ ਲੱਛਣ ਹੈ।
              ਇਸ ਡਰਾਫਟ ਬਿਲ ਦੀ ਨੀਂਹ ਹੀ ਕਿਸਾਨ ਹਿੱਤਾਂ ਅਤੇ ਰਜ਼ਾ ਦੀਆਂ ਲਾਸ਼ਾਂ ਉੱਤੇ ਟਿਕੀ ਹੋਈ ਹੈ।ਇਸ ਅੰਦਰ ਜ਼ਮੀਨ ਹਾਸਲ ਕਰਨ ਵੇਲੇ ਕਿਸਾਨਾਂ ਦੀ ਸੁਣਵਾਈ ਅਤੇ ਰਜ਼ਾ ਨੂੰ ਵਜ਼ਨ ਦੇਣ ਲਈ ਦਰਜ ਕੀਤੀਆਂ ਗਈਆਂ ਧਾਰਾਵਾਂ ਦਾ ਕਿਸਾਨਾਂ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਮਕਾਰ ਖੇਡ ਤੋਂ ਸਿਵਾ ਹੋਰ ਕੋਈ ਮਤਲਬ ਨਹੀਂ ਹੈ। ਪਰ ਜੇਕਰ ਫਿਰ ਵੀ ਪ੍ਰਭਾਵਿਤ ਕਿਸਾਨਾਂ ਵੱਲੋਂ ਜ਼ਮੀਨਾਂ ਤੋਂ ਆਪਦੇ ਉਜਾੜੇ ਦਾ ਵਿਰੋਧ ਕਰਦਿਆਂ ਸੰਘਰਸ਼ ਦਾ ਰਾਹ ਫੜਿਆ ਜਾਂਦਾ ਹੈ ਅਤੇ ਆਪਦੀ ਰਜ਼ਾ ਜਤਲਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਜਿਥੇ ਪਹਿਲਾਂ ਕਾਲੇ ਕਾਨੂੰਨਾਂ ਦੀ ਕੋਈ ਤੋਟ ਨਹੀਂ, ਉਥੇ ਇਹ ਬਿਲ ਦੇ ਭਾਗ ( ਦਸ ) ਦੀ ਧਾਰਾ 59 ਤੇ60 ਇੱਕ ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨੇ ਵਿਚ ਬੰਨ ਧਰਦੀ ਹੈ।ਇਸ ਤੋਂ ਅੱਗੇ ਨਾਬਰੀ ਭੰਨਣ ਲਈ ਪੁਲਸ-ਫੌਜ਼ ਹੈ।
              ਇਹ ਡਰਾਫਟ ਬਿਲ,ਅਸਲ ਵਿਚ ਕਾਰਪੋਰੇਟ ਟੋਲੇ ਦੀ ਜ਼ਮੀਨ ਹਥਿਆਊ ਧਾੜਵੀ ਮੁਹਿੰਮ ਦਾ ਹੀ ਇਕ ਕਾਨੂੰਨੀ ਰੂਪ ਹੈ।ਇਸ ਬਿਲ ਖਿਲਾਫ ਸੰਘਰਸ਼ ਜ਼ਮੀਨ ਹਥਿਆਊ ਮੁਹਿੰਮ ਖਿਲਾਫ ਸੰਘਰਸ਼ ਦਾ ਜੁੜਵਾਂ ਤੇ ਅਨਿੱਖੜਵਾਂ ਅੰਗ ਬਣ ਜਾਣ ਕਰਕੇ ਜਲ,ਜੰਗਲ,ਜ਼ਮੀਨ ਤੇ ਹੋਰ ਕੁਦਰਤੀ ਸੋਮਿਆਂ ਦੀ ਰਾਖੀ ਲਈ ਚਲਦੇ ਹਰ ਸੰਘਰਸ਼ ਦੌਰਾਨ ਇਸ ਬਿਲ ਦੀ ਕਿਸਾਨ ਤੇ ਲੋਕ ਦੋਖੀ ਖਸਲਤ ਉਭਾਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਸਿਰਫ ਇਹੀ ਨਹੀਂ, ਜ਼ਮੀਨ ਪ੍ਰਾਪਤੀ ਕਾਨੂੰਨ-1894ਅਤੇ ਉਸ ਤੋਂ ਬਾਅਦ ਦੇ 18 ਹੋਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ, ਮੁਲਕ ਵਿੱਚ ਜ਼ਮੀਨੀ ਸੁਧਾਰ ਕਰਨ ਅਤੇ ਜ਼ਮੀਨ ਦੀ ਕਾਣੀ ਵੰਡ ਖਤਮ ਕਰਕੇ ਜ਼ਮੀਨ ਨੂੰ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਵਿਚ ਵੰਡਣ ਦੀ ਮੰਗ ਦੁਆਲੇ ਸੰਘਰਸ਼  ਅੱਗੇ ਵਧਾਉਣਾ ਚਾਹੀਦਾ ਹੈ। (13.11.2014)
             (ਇਸ ਬਿਲ ਵਿਸਥਾਰੀ ਟਿੱਪਣੀ ਪੜਣ ਲਈ ਮੁਕਤੀ ਮਾਰਗ ਪ੍ਰਕਾਸ਼ਨਾ ਦਾ ਪਰਚਾ ਪੜ੍ਹੋ।)
ਜਗਮੇਲ ਸਿੰਘ, ਜਨਰਲ ਸਕੱਤਰ, ਲੋਕ ਮੋਰਚਾ   ਪੰਜਾਬ

ਸੰਪਰਕ: 9417224822

Tuesday, November 11, 2014

ਘੁੱਦਾ ਪਿੰਡ ਦੀ ਸੱਥ ਵਿਚ, ਰੋਸ ਪ੍ਰਦਰਸ਼ਨ ਲਈ ਇੱਕਤਰ ਹੋਏ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਉੱਪਰ ਪੁਲਸ ਨੇ ਢਾਹਿਆ ਬੇਕਿਰਕ ਕਹਿਰ

  ਇਹ ਤਾਂ ਨੰਗੀ ਚਿੱਟੀ ਤਾਨਾਸ਼ਾਹੀ ਹੈ।

Police Attacking the protesters at Ghudda village

Protesters burning effigy of Punjab Govt after lathi-charge by police

People protesting against police lathi-charge

              ਘੁੱਦਾ ਪਿੰਡ ਦੀ ਸੱਥ ਵਿਚ, ਰੋਸ ਪ੍ਰਦਰਸ਼ਨ ਲਈ ਇੱਕਤਰ ਹੋਏ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਉੱਪਰ ਢਾਹੇ ਅੰਨੇ ਕਹਿਰ ਨੇ, ਮੁਲਕ ਦੇ ਜਾਬਰ ਚੇਹਰੇ 'ਤੇ ਚਾੜ੍ਹੇ ਅਖੌਤੀ ਜਮਹੂਰੀਅਤ ਦੇ ਮੁਖੌਟੇ ਨੂੰ ਪਰ੍ਹੇ ਵਗਾਹ ਮਾਰਦਿਆਂ ਨੰਗੀ ਚਿੱਟੀ ਤਾਨਾਸ਼ਾਹੀ ਨੂੰ ਜੱਗ ਜ਼ਾਹਰ ਕਰ ਦਿਤਾ ਹੈ। ਆਉਂਦਿਆਂ ਹੀ ਬਿਨਾਂ ਕੋਈ ਗੱਲ ਸੁਣਿਆ ਤੇ ਬਿਨਾਂ ਕੋਈ ਅਗਾਂਊ ਚਿਤਾਵਨੀ ਦਿੱਤਿਆ, ਡਾਂਗ ਵਰ੍ਹਾ ਦਿੱਤੀ। ਪੀੜਤ ਪ੍ਰੀਵਾਰ (ਕਿਸਾਨ ਆਪ,ਪਤਨੀ ਤੇ ਦੋਂਵੇ ਮੁੰਡੇ) ਸਮੇਤ ਦੋ ਦਰਜਨ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਬੰਧਕ ਬਣਾ ਕੇ ਲੈ ਗਏ ਤੇ ਪੁਲਸ 'ਤੇ ਹਮਲਾ ਕਰਨ ਦੇ ਝੂਠੇ ਪਰਚੇ ਤਹਿਤ ਜੇਲੀਂ ਡੱਕ ਦਿਤਾ ਗਿਆ। ਮੁਲਾਕਾਤ ਉਂਪਰ ਵੀ ਰੋਕ ਲਾ ਦਿਤੀ ਗਈ।

            ਇਥੇ ਮਸਲਾ, ਮਾੜੀ ਸਪਰੇਅ ਨਾਲ ਸੜੇ ਨਰਮੇ ਦਾ ਮੁਆਵਜ਼ਾ ਲੈਣ ਦਾ ਹੈ। ਘੁੱਦਾ ਪਿੰਡ ਦੇ ਕਿਸਾਨ ਜਸਵਿੰਦਰ ਸਿੰਘ ਦਾ, ਬਠਿੰਡੇ ਦੇ ਇਕ ਡੀਲਰ ਤੋਂ ਖਰੀਦੀ ਸਪਰੇਅ ਨਾਲ ਪੰਜ ਏਕੜ ਨਰਮਾ ਸੜ ਕੇ ਸੁਆਹ ਹੋ ਗਿਆ। ਉਸ ਦੇ ਕਹਿਣ ਅਨੁਸਾਰ ਉਸ ਦਾ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹ ਕਈ ਵਾਰ ਡੀਲਰ ਨੂੰ ਮਿਲਿਆ, ਉਸ ਨੇ ਕੋਈ ਲੜ ਨਾ ਫੜਾਇਆ। ਜਿਲਾ ਖੇਤੀਬਾੜੀ ਅਫਸਰ ਨੇ ਇਹ ਦੱਸ ਦਿਤਾ ਕਿ ਡੀਲਰ ਕੋਲ ਲਸੰਸ ਨਹੀਂ ਹੈ ਤੇ ਉਸ ਨੂੰ ਮੁਆਵਜ਼ਾ ਦੇਣਾ ਹੀ ਪਵੇਗਾ। ਪਰ ਡੀਲਰ ਖਿਲਾਫ ਕਾਰਵਾਈ ਇਸ ਨੇ ਵੀ ਨਾ ਕੀਤੀ। ਭਾਰਤੀ ਕਿਸਾਨ ਯੂਨੀਅਨ (ਉਗਰਾਂਹਾਂ) ਤੇ ਨੌਜਵਾਨ ਭਾਰਤ ਸਭਾ ਦੇ ਸਾਂਝੇ ਵਫਦ ਵੀ ਮਿਲੇ, ਮਸਲਾ ਹੱਲ ਨਾ ਹੋਇਆ। ਪੁਲਸ ਨੂੰ ਪਰਚਾ ਵੀ ਦਿਤਾ, ਉਲਟਾ ਪੁਲਸ ਕਿਸਾਨਾਂ ਨੂੰ ਹੀ ਘੂਰਨ ਤੇ ਘੇਰਨ ਲੱਗ ਪਈ। ਹੁਣ ਯੂਨੀਅਨ ਤੇ ਸਭਾ ਨੇ ਰੋਸ ਪ੍ਰਦਰਸ਼ਨ ਲਈ ਪਿੰਡ ਵਿੱਚ ਇੱਕਠ ਰੱਖਿਆ ਸੀ, ਜਿਥੇ ਪੁਲਸ ਨੇ ਆਕੇ ਆਹ ਕਹਿਰ ਢਾਹਿਆ ਹੈ।

           ਵੇਖਣ ਨੂੰ ਛੋਟਾ ਲੱਗਦਾ ਇਹ ਮਾਮਲਾ, (ਡੀਲਰ ਨੇ ਮੁਆਵਜ਼ਾ ਦੇਣਾ ਹੈ, ਡੀਲਰ ਦੇ ਕਹਿਣ ਮੁਤਾਬਕ ਕਿ ਉਸ ਕੋਲ ਹੋਰ ਕੋਈ ਸ਼ਿਕਾਇਤ ਨਹੀਂ ਸਿਰਫ ਇਹੀ ਹੈ,ਯਾਨਿ ਇਕ ਕਿਸਾਨ ਨੂੰ ਹੀ ਮੁਆਵਜ਼ਾ ਦੇਣਾ ਹੈ) ਧਾੜਵੀਆਂ ਵਾਂਗੂੰ ਹਮਲਾਵਰ ਬਣਕੇ ਆਈ ਪੁਲਸ ਵੱਲੋਂ ਢਾਹੇ ਕਹਿਰ ਨੇ, ਵੱਡਾ ਬਣਾ ਦਿਤਾ ਹੈ। ਇੱਕਤਰ ਹੋਣ ਅਤੇ ਰੋਸ ਪ੍ਰਗਟਾਉਣ ਦੇ ਬੁਨਿਆਦੀ ਹੱਕ ਨੂੰ ਬੁਲੰਦ ਕਰਨ ਦਾ ਮਾਮਲਾ ਬਣ ਗਿਆ ਹੈ। ਇਸ ਹੱਕ ਦੀ ਬੁਲੰਦੀ ਤੇ ਬਹਾਲੀ ਨਾਲ ਹੀ ਮੁਆਵਜ਼ੇ ਦਾ ਕੁਝ ਬਣਨਾ ਹੈ।

          ਪੁਲਸ ਵੱਲੋਂ ਪਿੰਡਾਂ ਵਿਚ ਜਾਕੇ ਲੋਕਾਂ 'ਤੇ ਲਾਠੀਚਾਰਜ ਕਰਨਾ ਤੇ ਗ੍ਰਿਫਤਾਰ ਕਰਨਾ ਨਵੀਂ ਗੱਲ ਨਹੀਂ ਹੈ ਪਰ ਇਥੇ ਇਸ ਘੋਲ ਦੇ ਸ਼ੁਰੂ ਵਿਚ ਹੀ ਪੁਲਸ ਦਾ ਇਉਂ ਚੜਾਈ ਕਰਕੇ ਆਉਣਾ ਤੇ ਅੰਨਾ ਕਹਿਰ ਢਾਹੁਣਾ, ਉਸ ਦੀ ਇੱਕਲੀ ਦੀ ਖੇਡ ਨਹੀਂ, ਅਕਾਲੀ-ਭਾਜਪਾ ਹਕੂਮਤ ਤੇ ਪ੍ਰਸ਼ਾਸ਼ਨ ਪੂਰੇ ਦਾ ਪੂਰਾ ਸ਼ਾਮਲ ਹੈ। ਇਹ, ਸਰਕਾਰ ਤੇ ਪ੍ਰਸ਼ਾਸ਼ਨ ਦੀ ਉਹ ਜਾਬਰ ਨੀਤੀ ਦਾ ਹਿੱਸਾ ਹੀ ਹੈ, ਜਿਹੜੀ, ਜਗੀਰਦਾਰਾਂ ਸਰਮਾਏਦਾਰਾਂ ਤੇ ਦੇਸੀ-ਬਦੇਸ਼ੀ ਕਾਰਪੋਰੇਟਾਂ ਦੇ ਹਿੱਤ ਪਾਲੂ ਸਾਮਰਾਜੀ ਨੀਤੀਆਂ ਮੜ੍ਹਣ ਵੇਲੇ ਉੱਠਦੇ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਸੀ ਬਲਾਂ ਨੂੰ ਖੁੱਲਾਂ ਦਿੰਦੀ ਹੈ; ਜਿਹੜੀ, ਰਾਜਧਾਨੀ ਤੋਂ ਲੈਕੇ ਜਿਲਾ ਸਦਰ ਮੁਕਾਮਾਂ, ਤਹਿਸੀਲਾਂ ਤੇ ਬਲਾਕਾਂ ਤੱਕ ਲੋਕਾਂ ਨੂੰ ਧਰਨੇ ਮਾਰਨ ਤੇ ਮੁਜ਼ਾਹਰੇ ਕਰਨ ਨੂੰ ਮੂਹਰੇ ਹੋ ਡੱਕਣ ਲਈ ਸਦਾ ਹੀ ਅੰਗਰੇਜਾਂ ਵਾਲੀ ਦਫਾ ਚੁਤਾਲੀ ਮੜੀ ਰੱਖਦੀ ਹੈ; ਜਿਹੜੀ, ਸੈਂਕੜੇ ਜਾਬਰ ਕਾਲੇ ਕਾਨੂੰਨਾਂ ਦੇ ਭੱਥੇ ਵਿਚੋਂ ਸਿਰਫ ਇੱਕ ਨਿੱਕੜੇ ਜਿਹੇ ਸੱਤ ਕਵੰਜਾ (107/151 Cr.P.C.) ਕਾਨੂੰਨ ਨੂੰ ਸਰਕਾਰੀ ਸਿਆਸਤ ਦੀ ਪੁੱਠ ਦੇ ਕੇ ਸੰਘਰਸ਼ਸ਼ੀਲ ਆਗੂਆਂ ਨੂੰ ਮਹੀਨਿਆਂ ਬੱਧੀ ਜੇਲਾਂ ਵਿੱਚ ਬੰਦ ਕਰੀ ਰੱਖਦੀ ਹੈ; ਜਿਹੜੀ, ਤੇਜ਼ ਹੋਏ ਲੋਕ ਸੰਘਰਸ਼ਾਂ ਦੀ ਪੂਰੀ ਤਰ੍ਹਾਂ ਸੰਘੀ ਨੱਪਣ ਲਈ ਹੁਣ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ-2014 ਬਣਾਉਣ ਲਈ ਤਹੂ ਹੈ।

         ਪਾਰਲੀਮਾਨੀ ਚੋਣਾਂ ਵਿੱਚ ਹੋਈ ਨਮੋਸ਼ੀ ਤੋਂ ਬਾਅਦ ਬਾਦਲ ਹਕੂਮਤ ਨੇ ਬਠਿੰਡੇ ਨੂੰ ਪੂਰੀ ਤਰ੍ਹਾਂ ਪੁਲਸ ਦੇ ਹਵਾਲੇ ਕਰ ਦਿਤਾ ਹੈ। ਸਰਕਾਰੀ ਹਲਾ-ਸ਼ੇਰੀ ਨਾਲ ਭੂਸਰੀ ਪੁਲਸ ਸਾਂਵੀ ਹਿਟਲਰ ਬਣ ਕੇ ਚੱਲ ਰਹੀ ਹੈ। ਮੰਗ-ਪੱਤਰ ਦੇਣ ਆਇਆਂ 'ਤੇ ਵੀ ਕੇਸ ਮੜ੍ਹੇ ਜਾ ਰਹੇ ਹਨ। ਸੰਘਰਸ਼ਾਂ 'ਤੇ ਡਾਂਗ ਵਰ੍ਹਾਉਣ ਲਈ ਅਤੇ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ, ਸੰਘਰਸ਼ਾਂ 'ਤੇ ਤਸੱਦਦ ਢਾਹੁਣ ਵਿਚ ਬਦਨਾਮ ਏਸੇ ਡੀ.ਐੱਸ. ਪੀ.ਨੂੰ ਤਾਇਨਾਤ ਕੀਤਾ ਜਾਂਦਾ ਹੈ।

        ਡੀਲਰ ਨੂੰ ਸਰਕਾਰ ਜਾਂ ਪੁਲਸ ਨੇ ਕੀ ਬਚਾਉਣਾ ਹੈ, ਆਮੋਂ-ਆਮ ਹੋਈ ਰਿਸ਼ਵਤਖੋਰੀ ਦੇ ਦੈਂਤ ਦਾ ਕੀ ਇਤਵਾਰ, ਕਿ ਦੋ ਲੱਖ ਤੋਂ ਵੱਡਾ ਬੁਰਕ ਭਰ ਲਵੇ? ਪਰ ਇਥੇ ਇਹ ਗੱਲ ਸਾਫ ਹੈ ਕਿ ਸਰਕਾਰ ਤੇ ਅਫਸਰਸ਼ਾਹੀ ਕਿਸਾਨਾਂ, ਮਜ਼ਦੂਰਾਂ,ਨੌਜਵਾਨਾਂ ਤੇ ਔਰਤਾਂ ਦੀ ਰਾਖੀ ਦਾ ਜੁੰਮਾ ਛੱਡ ਚੁੱਕੀ ਹੈ। ਕੁੱਲ ਛੇ ਏਕੜ ਜ਼ਮੀਨ ਵਾਲੇ ਦੀ ਪੰਜ ਏਕੜ ਫਸਲ ਤਬਾਹ ਹੋ ਜਾਵੇ, ਸਰਕਾਰ, ਪ੍ਰਸ਼ਾਸ਼ਨ ਤੇ ਅਫਸਰ ਉਸ ਦੀ ਬਾਂਹ ਨਾ ਫੜਣ, ਉਸਨੂੰ ਇਨਸਾਫ ਨਾ ਦਿਵਾਉਣ ਅਤੇ ਉੱਪਰੋਂ ਸਰਕਾਰੀ ਨੀਤੀਆਂ ਦੀ ਪੈਦਾਇਸ਼ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕਰਜ਼ੇ ਆਦਿ ਦਾ ਦੈਂਤ ਮੂੰਹ ਅੱਡੀ ਖੜਾ ਹੋਵੇ, ਤਾਂ ਉਸ ਕੋਲ ਜਥੇਬੰਦੀ ਤੇ ਸੰਘਰਸ਼ ਦਾ ਆਸਰਾ ਤੇ ਸਹਾਰਾ ਹੀ ਹੈ। ਜਿਹੜਾ ਇਹ ਕਿਸਾਨ ਕਰ ਰਿਹਾ ਹੈ। ਸਹੀ ਕਰ ਰਿਹਾ ਹੈ। ਲੋਕ ਮੋਰਚਾ ਪੰਜਾਬ ਉਸਦੇ ਨਾਲ ਹੈ। ਸਰਕਾਰ ਤੇ ਅਫਸਰਸ਼ਾਹੀ ਤਾਂ ਆਮ ਸਾਧਾਰਨ ਲੋਕਾਂ ਨੂੰ ਵੋਟਾਂ ਤੋਂ ਵੱਧ ਕੁਝ ਸਮਝਦੀ ਹੀ ਨਹੀਂ। ਆਮ ਰੂਪ ਵਿੱਚ ਲੋਕਾਂ ਨੂੰ ਲੁੱਟ ਤੇ ਕੁੱਟ ਰਾਹੀਂ ਅਤੇ ਝੂਠੇ ਲੋਕ-ਰਾਜ ਦੇ ਢਕਵੰਜ ਰਾਹੀਂ ਹਮੇਸ਼ਾ ਜਕੜ ਕੇ ਰੱਖਦੀ ਹੈ। ਲੋਕਾਂ ਨੂੰ ਤਾਂ, ਲੋਕਾਂ ਦੇ ਸੰਘਰਸ਼ ਵਿੱਚ ਘਿਰੇ ਹੀ, ਦਿੰਦੇ ਹਨ।   
      
       ਅੱਜ ਮੰਗ ਚਾਹੇ ਆਰਥਿਕ ਹੈ ਤੇ ਭਾਵੇਂ ਜਮਹੂਰੀ ਹੈ, ਇਹਨਾਂ ਲਈ ਚਲਦੇ ਸੰਘਰਸ਼, ਸਰਕਾਰ ਵੱਲੋਂ ਅਖਤਿਆਰ ਕੀਤੀ ਸੰਘਰਸ਼ਾਂ ਨੂੰ ਕੁਚਲ ਦੇਣ ਅਤੇ ਮੁਕੰਮਲ ਜ਼ੁਬਾਨ-ਬੰਦੀ ਕਰਨ ਦੀ ਜਾਬਰ ਨੀਤੀ ਦੇ ਪ੍ਰਸੰਗ ਵਿੱਚ, ਖਰੀ ਜਮਹੂਰੀਅਤ ਉਸਾਰਨ ਵਿੱਚ ਹਿੱਸਾ-ਪਾਊ ਸੰਘਰਸ਼ ਹਨ। ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਵਾਲੀ ਖਰੀ ਜਮਹੂਰੀਅਤ ਉਸਾਰਨ ਦਾ ਕਾਰਜ ਭਾਵੇਂ ਵੱਡਾ ਹੈ ਪਰ ਇਸ ਦਾ ਰਾਹ ਇਹੀ ਹੈ। ਤੇ ਇਹਨਾਂ ਸੰਘਰਸ਼ਾਂ ਨੂੰ ਸਹੀ ਤੇ ਸੱਚੇ ਮਾਰਗ 'ਤੇ ਜਾਰੀ ਰੱਖਣਾ ਹੀ, ਮੰਗਾਂ ਮੰਨਵਾਉਣ ਦਾ ਤੇ ਜਮਹੂਰੀਅਤ ਉਸਾਰਨ ਵਿੱਚ ਹਿੱਸਾ ਪਾਉਣ ਦਾ ਸਵੱਲੜਾ ਰਾਹ ਹੈ। ਇਹਨਾਂ ਸੰਘਰਸ਼ਾਂ ਲਈ, ਵਿਸ਼ਾਲ ਲੋਕਾਈ ਦੀ ਇੱਕ-ਜੁੱਟਤਾ, ਦ੍ਰਿੜਤਾ, ਸਾਹਸ, ਤਹੱਮਲ ਤੇ ਇਨਕਲਾਬੀ ਸੋਝੀ ਦੀ ਜਰੂਰਤ ਹੈ। ਲੋਕ ਮੋਰਚਾ ਪੰਜਾਬ ਖਰੀ ਜਮਹੂਰੀਅਤ ਉਸਾਰਨ ਵਾਸਤੇ ਲੋਕਾਂ ਨੂੰ ਜਾਗਰਿਤ ਤੇ ਜਥੇਬੰਦ ਕਰਨ ਦੇ ਕਾਰਜ ਵਿਚ ਕਾਰਜਸ਼ੀਲ ਹੈ ਤੇ ਸਦਾ ਸੰਘਰਸ਼ਸ਼ੀਲ ਲੋਕਾਂ ਦੇ ਨਾਲ ਹੈ 
(07.11.2014)                                                      
       ਜਾਰੀ ਕਰਤਾ:
       ਜਗਮੇਲ ਸਿੰਘ, ਜਨਰਲ ਸਕੱਤਰ

       ਲੋਕ ਮੋਰਚਾ ਪੰਜਾਬ (ਸੰਪਰਕ:9417224822)