StatCounter

Showing posts with label BJP. Show all posts
Showing posts with label BJP. Show all posts

Monday, January 5, 2015

"ਦੈਹਸਿਤੀ ਕਿਸ਼ਤੀ" ਦੀ ਕਹਾਣੀ ਤੇ ਕਿੰਤੂ ਕਰਨ ਵਾਲੇ ਪਤਰਕਾਰਾਂ ਤੇ ਭਾਜਪਾਈ ਲੋਹੇ ਲਾਖੇ

 "ਦੈਹਸਿਤੀ ਕਿਸ਼ਤੀ" ਦੀ ਕਹਾਣੀ ਤੇ ਕਿੰਤੂ ਕਰਨ ਵਾਲੇ ਪਤਰਕਾਰਾਂ ਤੇ ਭਾਜਪਾਈ ਲੋਹੇ ਲਾਖੇ

ਫਾਸ਼ੀ ਢੰਗ ਤਰੀਕੇ ਵਰਤ ਕੇ ਚੁਪ ਕਰਾਉਣ ਦੀ ਕੋਸ਼ਿਸ਼
ਲੋਕ ਮੋਰਚਾ ਪੰਜਾਬ ਵਲੋਂ ਨਿਖੇਧੀ  

The "Terror Boat" after explosion 

BJP workers burning photographs of Indian Express journalist Parveen Swami 

ਅੱਜ ਪੰਜ ਜਨਵਰੀ ਨੂੰ ਭਾਜਪਾਈਆਂ ਨੇਂ, ਦਿੱਲੀ ਚ ਇੰਡੀਅਨ ਐਕਸਪ੍ਰੈੱਸ ਦੇ ਦਫਤਰ ਮੂਹਰੇ ਪ੍ਰਦਰਸ਼ਨ ਕਰਕੇ ਇਸਦੇ ਕੌਮੀ ਸੰਪਾਦਕ (ਸੁਰਖਿਆ) ਪ੍ਰਵੀਨ ਸਵਾਮੀ ਦਾ ਪੁਤਲਾ ਸਾੜਿਆ ਅਤੇ ਉਸਦੇ ਖਿਲਾਫ਼ ਭੱਦੇ ਨਾਅਰੇ ਲਗਾਏ | 

ਪ੍ਰਵੀਨ ਸਵਾਮੀ ਅਤੇ ਉਸਦੀ  ਪਤਰਕਾਰਾਂ ਦੀ ਟੀਮ ਨੇਂ "ਦੈਹਸ਼ਤੀ ਕਿਸ਼ਤੀ" ਦੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਤੋਂ ਬਾਦ ਆਪਣੇ ਅਖਬਾਰ ਚ ਇਹ ਖਬਰ ਛਾਪੀ ਸੀ, ਕਿ ਭਾਰਤ ਸਰਕਾਰ ਜਿਸ ਕਿਸ਼ਤੀ ਤੇ ਭਾਰਤ ਵਿਰੁਧ  ਪਾਕਿਸਤਾਨ ਤੋਂ ਬੰਬ ਲੱਦ ਕੇ ਲਿਆਉਣ ਅਤੇ ਦੈਹਸ਼ਤੀ ਹਮਲਾ ਕਰਨ ਦੀ ਯੋਜਨਾ ਬਣਾਉਣ ਦਾ ਇਲ੍ਜ਼ਾਮ ਲਾ ਰਹੀ ਹੈ ਅਤੇ ਜਿਸ ਨੂੰ ਬਾਦ ਵਿਚ ਭਾਰਤੀ ਸਮੁੰਦਰੀ ਤਟ ਸੁਰਖਿਆ ਗਾਰਡਾਂ ਨੇਂ ਨਸ਼ਟ ਕਰ ਦਿੱਤਾ ਸੀ, ਉਹ ਕਿਸ਼ਤੀ ਅਸਲ ਚ ਕਿਸੇ ਦੈਹਸ਼ਤ ਗਰਦ ਕਾਰਵਾਈ ਚ ਸ਼ਾਮਲ ਨਹੀਂ ਲਗਦੀ ਸੀ| ਵੱਡੀ ਸੰਭਾਵਨਾ ਇਸ ਦੇ ਸਮਗਲਿੰਗ ਚ ਸ਼ਾਮਲ ਹੋਣ ਦੀ ਲਗਦੀ ਹੈ | ਖੋਜੀ ਪਤਰਕਾਰਾਂ ਦੀ ਟੀਮ ਅਨੁਸਾਰ ਇਸ ਕਿਸ਼ਤੀ ਦੇ ਦੈਹਸ਼ਤ ਗਰਦ ਕਾਰਵਾਈ ਚ ਸ਼ਾਮਲ ਹੋਣ ਜਾਂ ਅਜੇਹੇ ਇਰਾਦੇ ਦਾ ਕੋਈ ਸਬੂਤ ਨਹੀਂ ਹੈ | ੪ ਸਵਾਰੀਆਂ ਵਾਲੀ ਇਸ  ਕਿਸ਼ਤੀ ਜਿਸ ਦਾ ਇੰਜਨ ੮੦ ਤੋ ੨੪੦ ਹਾਰਸ ਪਾਵਰ ਤਕ ਦਾ ਹੋ ਸਕਦਾ ਹੈ, ਨੇਂ ਕਿਵੇਂ ਇਕ ਘੰਟਾ ਸਮੁੰਦਰੀ ਤਟ ਸੁਰਖਿਆ ਦੇ ਅਤ ਆਧੁਨਿਕ ਸਮੁੰਦਰੀ ਜਹਾਜ਼ ਨੂੰ ਖੁੱਲੇ ਸਮੁੰਦਰ ਚ ਨੇੜੇ ਨਹੀਂ ਫਟਕਣ ਦਿੱਤਾ, ਇਹ ਗੱਲ ਸਚ ਨਹੀਂ ਹੋ ਸਕਦੀ |      

ਭਾਜਪਾਈ ਆਗੂ ਮੋਦੀ ਤੇ ਅਮਿਤ ਸ਼ਾਹ ਦੀ ਅਜੇਹੀਆਂ ਕਹਾਣੀਆਂ ਅਤੇ ਘਟਨਾਵਾਂ ਰਚਨ ਚ ਮੁਹਾਰਤ, ਗੁਜਰਾਤ ਚ ਓਹਨਾਂ ਦੇ ਸ਼ਾਸ਼ਨ ਕਾਲ ਦੌਰਾਨ ਜੱਗ ਜਾਹਰ ਹੋ ਚੁੱਕੀ ਹੈ | ਇਸ਼ਰਤ ਜਹਾਂ, ਸੋਹਰਾਬੂਦੀਨ ਸ਼ੇਖ ਅਤ ਪ੍ਰਜਾਪਤੀ ਦੇ ਝੂਠੇ ਪੁਲਸ ਮੁਕਾਬਲਿਆਂ ਸਮੇਂ ਵੀ ਉਹਨਾਂ ਤੇ ਦੈਹਸ਼ਤ ਗਰਦ ਕਾਰਵਾਈਆਂ ਚ ਸ਼ਾਮਿਲ ਹੋਣ ਅਤੇ ਮੋਦੀ ਨੂੰ ਮਾਰਨ ਦੀਆਂ ਯੋਜਨਾਵਾਂ  ਬਣਾਉਣ ਦੇ ਇਲ੍ਜ਼ਾਮ ਲਾਏ ਗਏ ਸਨ ਜੋ ਬਾਦ ਚ ਝੂਠੇ ਸਾਬਤ ਹੋਏ ਸੀ | 

ਅਜੇਹੀਆਂ ਨਾਕਾਬਲੇ ਯਕੀਨ ਕਹਾਣੀਆਂ,ਭਾਰਤ ਦੇ "ਦੈਹਸ਼ਤੀ ਹਮਲੇ" ਦੀ ਮਾਰ ਹੇਠ ਹੋਣ ਦੇ ਬਹਾਨੇ ਤੈਹਤ   ਅਮਰੀਕਾ ਅਤੇ ਰੂਸ ਤੋਂ ਅਰਬਾਂ ਖਰਬਾਂ ਦੇ ਹਥਿਆਰ ਖਰੀਦਣ ਲਈ,  ਕਾਰਗਰ ਸਾਬਤ ਹੋ ਸਕਦੀਆਂ ਹਨ | ਇਸੇ ਬਹਾਨੇ ਹੇਠ ਵਿਦੇਸ਼ੀ ਪੂੰਜੀ ਲਈ ਸਾਰੀਆਂ ਰੋਕਾਂ ਚੁਕ ਕੇ ਭਾਰਤੀ ਲੋਕਾਂ ਅਤੇ ਕੌਮੀ ਮਾਲ ਖਜ਼ਾਨਿਆਂ ਦੀ ਬੇਤਹਾਸ਼ਾ ਲੁੱਟ ਦਾ ਰਾਹ ਖੋਲਿਆ ਜਾ ਰਿਹਾ ਹੈ | ਲੋਕਾਂ ਦੀਆਂ ਬੁਨਿਆਦੀ ਲੋੜਾਂ ਤੇ ਸਰਕਾਰੀ ਖਰਚ ਘਟਾਉਣ, ਉਹਨਾਂ ਦੀ ਜ਼ੁਬਾਨ ਬੰਦੀ ਕਰਨ ਲਈ ਰਾਹ ਪਧਰ ਕਰਨ, ਲਈ ਵੀ ਇਹ ਬਹਾਨਾ ਸਰਕਾਰ ਨੂੰ ਫਿਟ ਬੈਠਦਾ ਹੈ | ਅਜੇਹੀਆਂ ਕਹਾਣੀਆਂ  ਪਾਕਿਸਤਾਨ ਨਾਲ ਜੰਗ, ਮੁਲਕ ਅੰਦਰ ਫਿਰਕੂ ਜਨੂਨ ਅਤੇ ਸ਼ਾਵਨਵਾਦ ਭੜਕਾਉਣ ਵਾਲਾ ਮਹੌਲ ਤਿਆਰ ਕਰਨ ਚ ਵੀ ਮੋਦੀ ਸਰਕਾਰ ਲਈ ਸਹਾਈ ਸਿਧ ਹੁੰਦੀਆਂ ਹਨ | 

ਅਜੇਹੀਆਂ ਕੁਚਾਲਾਂ ਤੇ ਉਂਗਲ ਉਠਾਉਣ ਵਾਲਿਆਂ ਲਈ ਆਰ ਐਸ ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਭਾਜਪਾ ਦੀਆਂ ਹੋਏ ਕਿਨੀਆਂ ਹੀ ਫਿਰਕੂ ਫਾਸ਼ੀ ਜਥੇਬੰਦੀਆਂ ਤਿਆਰ ਬਰ ਤਿਆਰ ਕੀਤੀਆਂ ਹੋਈਆਂ ਹਨ | ਦਿੱਲੀ ਚ ਇੰਡੀਅਨ ਐਕਸਪ੍ਰੈੱਸ ਦੇ ਦਫਤਰ ਮੂਹਰੇ ਭਾਜਪਾਈਆਂ ਦੀ ਗੁੰਡਾ ਗਰਦੀ ਇਸੇ ਦਾ ਹੀ ਨਮੂਨਾ ਹੈ |

ਲੋਕ ਮੋਰਚਾ ਪੰਜਾਬ, ਇਸ ਗੈਰ ਜਮਹੂਰੀ ਅਤੇ ਫਾਸ਼ੀ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ | ਧੱਕੇ ਨਾਲ ਅਤੇ ਫਾਸ਼ੀ ਢੰਗ ਤਰੀਕੇ ਵਰਤ ਕੇ ਸਚ ਦੀ ਆਵਾਜ਼ ਦਬਾਉਣ ਦੀਆਂ ਅਜੇਹੀਆਂ ਕੋਸ਼ਿਸ਼ਾਂ ਨੂੰ ਕਦੀ ਵੀ ਬੂਰ ਨਹੀਂ ਪੈ ਸਕੇਗਾ |

Tuesday, December 30, 2014

ਭਾਜਪਾ ਸਰਕਾਰ ਨੇਂ ਜਬਰੀ ਜ਼ਮੀਨ ਖੋਹਣ ਦਾ ਰਾਹ ਪਧਰਾ ਕੀਤਾ

ਭਾਜਪਾ ਸਰਕਾਰ ਨੇਂ ਜਬਰੀ ਜ਼ਮੀਨ ਖੋਹਣ ਦਾ ਰਾਹ ਪਧਰਾ ਕੀਤਾ 

ਕਾਰਪੋਰੇਟ ਟੋਲੇ ਦੀ ਜ਼ਮੀਨ ਹਥਿਆਊ ਧਾੜਵੀ ਮੁਹਿੰਮ ਨੂੰ ਹੱਲਾ ਸ਼ੇਰੀ

People protesting against POSCO Land acquisition

ਲੋਕ ਮੋਰਚਾ ਪੰਜਾਬ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜ਼ਮੀਨ ਅਧਿਗਰੈਹਣ ਕਾਨੂਨ ਚ ਸੋਧ ਕਰਕੇ, ਸੁਰਖਿਆ, ਪੇਂਡੂ ਬੁਨਿਆਦੀ ਢਾਂਚਾ, ਮਕਾਨ ਉਸਾਰੀ ਦੇ ਪ੍ਰੋਜੈਕਟ, ਸਨਅਤੀ ਗਲਿਆਰੇ, ਅਤੇ ਬੁਨਿਆਦੀ ਢਾਂਚੇ  ਦੇ ਪ੍ਰੋਜੈਕਟਾਂ ਜਿਨਾਂਹ ਵਿਚ ਸਰਕਾਰੀ ਅਤੇ ਨਿੱਜੀ ਖੇਤਰ ਦੀ ਭਾਈ ਵਾਲੀ ਵਾਲੇ ਪ੍ਰੋਜੈਕਟ ਵੀ ਸ਼ਾਮਲ ਹਨ, ਲਈ ਜਬਰੀ ਜ਼ਮੀਨ ਹਾਸਿਲ ਕਰਨ ਦਾ ਅਧਿਕਾਰ ਆਪਣੇ ਹਥਾਂ ਵਿਚ ਲੈਣ ਦੇ ਫੈਸਲੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ | ਪਾਰਲੀਮੈਂਟ ਚ ਇਸ ਬਾਰੇ ਬਿਲ ਪਾਸ ਕਰਵਾਉਣ ਚ ਨਾਕਾਮ ਰੈਹਨ ਤੋਂ ਬਾਦ ਹੁਣ ਮੋਦੀ ਸਰਕਾਰ ਲੋਕ ਰਜ਼ਾ ਦੀ ਉਲੰਘਣਾ ਕਰਕੇ ਇਸ ਬਾਰੇ ਆਰਡੀਨੈੰਸ ਜਾਰੀ ਕਰ ਰਹੀ ਹੈ, ਜਿਸ ਨੂੰ ਕੱਲ ਮੰਤਰੀ ਮੰਡਲ ਨੇਂ ਮਨਜੂਰੀ ਦੇ ਦਿੱਤੀ ਹੈ|

ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਵੱਡੀ ਪਧਰ ਤੇ ਉਜਾੜੇ ਦਾ ਰਾਹ ਖੁੱਲ ਗਿਆ ਹੈ | ਅਸਲ ਚ ਸਰਕਾਰ ਕੌਮੀ ਸਨਅਤੀ ਉਤਪਾਦਨ ਖੇਤਰ (National Industrial Manufacturing Zone) ਸਕੀਮ ਦੇ ਤੈਹਿਤ 1483 ਕਿਲੋਮੀਟਰ ਲੰਬੇ ਦਿੱਲੀ ਮੁੰਬਈ ਗਲਿਆਰਾ ਪ੍ਰੋਜੈਕਟ ਦੇ ਆਲੇ ਦੁਆਲੇ 150 ਕਿਲੋਮੀਟਰ ਤਕ ਦੀਆਂ ਜ਼ਮੀਨਾਂ ਕਿਸਾਨਾਂ ਤੋਂ ਜਬਰੀ ਹਥਿਆ ਕੇ ਦੇਸੀ ਵਿਦੇਸ਼ੀ ਵੱਡੀਆਂ ਕੰਪਨੀਆਂ ਦੇ ਹਵਾਲੇ ਕਰਨ ਦੀ ਯੋਜਨਾ ਬਣਾਈ ਬੈਠੀ ਹੈ l ਸਨਅਤੀਕਰਨ ਦੇ ਨਾਂ ਥੱਲੇ ਕਿਸਾਨਾਂ ਤੋਂ 3,50,000 ਹੈਕਟੇਅਰ ਜ਼ਮੀਨ ਖੋਹ ਕੇ ਉਸ ਵਿਚ ਵੱਡੇ ਸਨਅਤ ਕਾਰਾਂ ਲਈ ਸਨਅਤੀ ਖੇਤਰ, ਹਵਾਈ ਅੱਡੇ, ਬਿਜਲੀ ਘਰ, ਰਿਹਾਇਸ਼ੀ ਕਲੋਨੀਆਂ ਅਤੇ ਬਹੁ ਮੰਜਿਲਾ ਫਲੈਟ, ਸ਼ਾਪਿੰਗ ਮਾਲ ਆਦ ਉਸਾਰੇ ਜਾਣੇ ਹਨ| ਇਸ ਗਲਿਆਰੇ ਲਈ ਜ਼ਮੀਨ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੋਂ ਖੋਹੀ ਜਾਨੀ ਹੈ| ਖੋਹੀ ਜਾਨ ਵਾਲੀ ਜ਼ਮੀਨ ਵਿਚ 9 ਵੱਡੇ ਸਨਅਤੀ ਖੇਤਰ, ਜਿਨ੍ਹਾਂ ਚੋ ਹਰ ਇਕ 200-250 ਕਿਲੋਮੀਟਰ ਰਕਬੇ ਚ ਫੈਲਿਆ ਹੋਵੇਗਾ; 7 ਨਵੇਂ ਸ਼ੈਹਰ, 6 ਹਵਾਈ ਅੱਡੇ, 6 ਮਾਰਗੀ ਜਰਨੈਲੀ ਸੜਕ, ਉਚੀ ਰਫਤਾਰ ਦੀਆਂ  ਮਾਲ ਗੱਡੀਆਂ ਚਲਾਉਣ ਲਈ 1483 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਵਿਸ਼ੇਸ ਗਲਿਆਰਾ, ਕਈ ਸਨਅਤੀ ਹਬ, ਫੈਕਟਰੀਆਂ ਅਤੇ ਕਾਰਖਾਨੇ ਲਾਏ ਜਾਣਗੇ| 100 ਅਰਬ ਡਾਲਰ ਦੀ ਇਸ ਯੋਜਨਾ ਤੇ 10 ਅਰਬ ਡਾਲਰ ਜਾਪਾਨੀ ਕੰਪਨੀਆਂ ਖਰਚ ਕਰਨਗੀਆਂ, ਬਾਕੀ ਦਾ ਖਰਚ ਵੀ ਵਿਦੇਸ਼ੀ ਕੰਪਨੀਆਂ ਰਾਹੀ ਹੀ ਕਰਵਾਇਆ ਜਾਵੇਗਾ|

ਕਾਂਗਰਸ ਸਰਕਾਰ ਵਲੋਂ ਪਾਸ ਕੀਤੇ ਜ਼ਮੀਨ ਅਧਿਗਰੈਹਣ ਕਾਨੂਨ ਵਿਚ ਕਿਸੇ ਵੀ ਪ੍ਰੋਜੈਕਟ ਲਈ ਜ਼ਮੀਨ ਹਾਸਿਲ ਕਰਨ ਲਈ 80 ਪ੍ਰਤਿਸ਼ਤ ਕਿਸਾਨਾਂ ਦੀ ਰਜ਼ਾਮੰਦੀ ਦੀ ਸ਼ਰਤ ਰਖੀ ਗਈ ਸੀ| ਭਾਜਪਾ ਸਰਕਾਰ ਵਲੋਂ ਕੀਤੀਆਂ ਇਹਨਾਂ ਸੋਧਾਂ ਨਾਲ ਇਹ ਸ਼ਰਤ ਖਤਮ ਕਰ ਦਿੱਤੀ ਗਈ ਹੈ|

ਇਸ ਦੇ ਨਾਲ ਹੀ ਅਮ੍ਰਿਤਸਰ ਕਲਕੱਤਾ ਸਨਅਤੀ ਗਲਿਆਰਾ ਯੋਜਨਾ ਦੀ ਵੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ, ਜਿਸ ਨਾਲ ਵੀ ਲਗਪਗ ਇਨੇਂ ਹੀ ਕਿਸਾਨਾਂ ਅਤੇ ਖੇਤ ਮਜਦੂਰਾਂ ਦਾ ਉਜੜਾ ਹੋਵੇਗਾ |

ਪਿਛਲੇ ਕਾਫੀ ਸਮੇਂ ਤੋਂ ਕਾਰਪੋਰੇਟ ਘਰਾਣੇ ਅਤੇ ਉਹਨਾਂ ਦੀਆਂ ਸਾਂਝੀਆਂ ਸੰਸਥਾਵਾਂ ਲਗਾਤਾਰ ਸਨਅਤਾਂ ਲਾਉਣ ਲਈ ਜ਼ਮੀਨ ਨਾਂ ਮਿਲਣ ਦਾ ਰੌਲਾ ਪਾ ਰਹੀਆਂ ਸਨ | ਅਸਲ ਵਿਚ ਕਾਰਪੋਰੇਟ ਟੋਲੇ ਸਨਅਤੀ ਕਰਨ ਦੀ ਆੜ ਚ ਜ਼ਮੀਨ ਹਥਿਆਊ ਧਾੜਵੀ ਮੁਹਿੰਮ ਤੇ ਤੁਰੇ ਹੋਏ ਹਨ | ਮੋਦੀ ਸਰਕਾਰ ਦਾ ਇਹ ਕਦਮ ਇਸ ਮੁਹਿੰਮ ਨੂੰ ਕਾਨੂੰਨੀ ਰੂਪ ਦਿੰਦਾ ਹੈ। ਲੋਕ ਮੋਰਚਾ ਪੰਜਾਬ ਸਾਰੇ ਸੰਘਰਸ਼ ਸ਼ੀਲ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਜਲ,ਜੰਗਲ,ਜ਼ਮੀਨ ਤੇ ਹੋਰ ਕੁਦਰਤੀ ਸੋਮਿਆਂ ਦੀ ਰਾਖੀ ਲਈ ਚਲਦੇ ਹਰ ਸੰਘਰਸ਼ ਦੌਰਾਨ ਮੋਦੀ ਸਰਕਾਰ ਦੀ ਕਿਸਾਨ ਤੇ ਲੋਕ ਦੋਖੀ ਖਸਲਤ ਉਭਾਰਦਿਆਂ, ਨਾਂ ਸਿਰਫ ਇਹਨਾਂ ਸੋਧਾਂ ਨੂੰ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ ਸਗੋਂ ਮੁਲਕ ਵਿੱਚ ਇਨਕਲਾਬੀ ਜ਼ਮੀਨੀ ਸੁਧਾਰ ਕਰਨ ਅਤੇ ਜ਼ਮੀਨ ਦੀ ਕਾਣੀ ਵੰਡ ਖਤਮ ਕਰਕੇ ਜ਼ਮੀਨ ਨੂੰ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਵਿਚ ਵੰਡਣ ਦੀ ਮੰਗ ਦੁਆਲੇ ਸੰਘਰਸ਼  ਅੱਗੇ ਵਧਾਉਣਾ ਚਾਹੀਦਾ ਹੈ।

ਜਗਮੇਲ ਸਿੰਘ, ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ

ਸੰਪਰਕ: 9417224822