ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਚੇਤਨਾ ਮੁਹਿੰਮ ਨੂੰ ਭਰਪੂਰ ਹੁੰਘਾਰਾ
ਹਿਮਾਂਸ਼ੂ ਕੁਮਾਰ ਤੇ ਜਮਹੂਰੀ ਫਰੰਟ ਦੇ ਕਾਰਕੁੰਨਾਂ 'ਤੇ ਝੂਠਾ ਪਰਚਾ ਦਰਜ
ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਫਰੰਟ, ਪੰਜਾਬ ਦੀ ਸੂਬਾ ਕਮੇਟੀ, ਪੰਜਾਬ ਦੇ ਲੋਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹੈ, ਜ੍ਹਿਨਾਂ ਨੇ ਪਹਿਲੀ ਜੁਲਾਈ ਤੋਂ ਸ਼ੁਰੂ ਕੀਤੀ ਪੰਦਰਵਾੜਾ ਮਹਿੰਮ ਦੌਰਾਨ ਵੱਖ ਵੱਖ ਥਾਵਾਂ 'ਤੇ ਕੀਤੀਆਂ ਕਨਵੈਨਸ਼ਨਾਂ ਅਤੇ ਮੀਟਿੰਗਾਂ 'ਚ ਭਰਪੂਰ ਸ਼ਮੂਲੀਅਤ ਕੀਤੀ ਹੈ । ਇਸ ਮੁਹਿੰਮ ਦਾ ਮਨੋਰਥ ਭਾਰਤ ਦੇ ਕਬਾਈਲੀ ਵਸੋਂ ਵਾਲੇ 6 ਰਾਜਾਂ, ਛੱਤੀਸਗੜ੍ਹ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਭਾਰਤੀ ਹਾਕਮਾਂ ਵਲੋਂ 'ਅਪ੍ਰੇਸ਼ਨ ਗ੍ਰੀਨ ਹੰਟ' ਦੇ ਨਾਂ ਥੱਲੇ ਲੋਕਾਂ ਖਿਲਾਫ਼ ਵਿੱਢੀ ਖੁੱਲੀ ਜੰਗ ਦੀ ਅਸਲੀਅਤ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕਰਨਾ ਅਤੇ ਉਹਨਾਂ ਦੀ ਚੇਤਨਾ ਵਿਕਸਤ ਕਰਨਾ ਸੀ। ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲੇ 'ਚ ਪਿਛਲੇ 18 ਸਾਲਾਂ ਤੋਂ 'ਵਣਵਾਸੀ ਚੇਤਨਾ ਆਸ਼ਰਮ' ਦੇ ਨਾਂ ਹੇਠ ਗੈਰ-ਸਰਕਾਰੀ ਸੰਸਥਾ ਚਲਾ ਰਹੇ ਪ੍ਰਸਿੱਧ ਗਾਂਧੀਵਾਦੀ ਸਮਾਜ ਸੇਵਕ ਹਿਮਾਂਸ਼ੂ ਕੁਮਾਰ, ਜੋ ਆਪਣੇ ਇੱਕ ਸਾਥੀ ਅਭੈ ਕੁਮਾਰ ਨਾਲ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਦੀ ਸਾਈਕਲ ਯਾਤਰਾ 'ਤੇ ਨਿਕਲੇ ਹੋਏ ਸਨ ਅਤੇ ਜਿਨ੍ਹਾਂ ਨੇ 'ਸਲਵਾ ਜੁਦਮ' ਅਤੇ 'ਅਪ੍ਰੇਸ਼ਨ ਗ੍ਰੀਨ ਹੰਟ' ਦੇ ਜਬਰ ਦਾ ਸੇਕ, ਕਬਾਈਲੀ ਲੋਕਾਂ ਦੇ ਸੰਗ ਆਪਣੇ ਪਿੰਡਿਆਂ 'ਤੇ ਹੰਢਾਇਆ ਹੈ, ਉਨ੍ਹਾਂ ਨੇ ਇਸ ਮੁਹਿੰਮ 'ਚ ਸ਼ਾਮਲ ਹੋਣ ਦਾ ਸਾਡਾ ਸੱਦਾ ਪ੍ਰਵਾਨ ਕੀਤਾ।
ਮੁਹਿੰਮ ਦੌਰਾਨ ਪੰਜਾਬ 'ਚ 15 ਥਾਈਂ - ਚੰਡੀਗੜ੍ਹ, ਸਮਰਾਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਜ਼ੀਰਾ, ਮੋਗਾ, ਭਦੌੜ, ਬਰਨਾਲਾ, ਰਾਮਪੁਰਾ, ਬਠਿੰਡਾ, ਮੁਕਤਸਰ, ਗਿਦੱੜਬਾਹਾ, ਮਾਨਸਾ, ਸੁਨਾਮ ਅਤੇ ਹਰਿਆਣਾ 'ਚ ਸਿਰਸਾ ਵਿਖੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਵਾਲੀਆਂ ਕਨਵੈਨਸ਼ਨਾਂ ਕੀਤੀਆਂ ਗਈਆਂ । ਇਨ੍ਹਾਂ ਤੋਂ ਇਲਾਵਾ ਖੱਟਕੜ ਕਲਾਂ, ਤਲਵੰਡੀ ਸਲੇਮ, ਹੁਸੈਨੀਵਾਲਾ, ਤਖਤੂਪੁਰਾ, ਸ਼ਹਿਣਾ, ਪੱਖੋ ਕੈਂਚੀਆਂ, ਫਤਿਹਗੜ੍ਹ ਛੰਨਾਂ, ਜੇਠੂਕੇ, ਲਹਿਰਾ ਮੁਹੱਬਤ, ਕੱਚੀ ਭੁੱਚੋ, ਦੋਦਾ, ਭਾਗਸਰ ਆਦਿ ਪਿੰਡਾਂ 'ਚ ਵੀ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ।
ਇਨ੍ਹਾਂ ਕਨਵੈਨਸ਼ਨਾਂ ਤੇ ਮੀਟਿੰਗਾਂ 'ਚ ਹਿਮਾਂਸ਼ੂ ਕੁਮਾਰ ਨੇ ਦਸਤਾਵੇਜੀ ਸਬੂਤਾਂ - ਫੋਟੋਆਂ, ਵਿਡੀਓ ਫਿਲਮਾਂ, ਪੱਤਰਾਂ, ਅਖਬਾਰੀ ਕਾਤਰਾਂ ਅਤੇ ਅਦਾਲਤੀ ਰਿਕਾਰਡ ਰਾਹੀਂ ਛੱਤੀਸਗੜ੍ਹ 'ਚ ਨੀਮ ਫੌਜੀ ਬਲਾਂ, ਪੁਲੀਸ ਅਤੇ 'ਸਲਵਾ ਜੁਦਮ' ਦੇ ਬੈਨਰ ਹੇਠ ਇਕੱਠੇ ਹੋਏ ਗੁੰਡਾ ਟੋਲਿਆਂ ਵਲੋਂ ਕਬਾਇਲੀ ਲੋਕਾਂ ਤੇ ਹਰ ਰੋਜ਼ ਢਾਹੇ ਜਾਂਦੇ ਜ਼ੁਲਮਾਂ ਦੀ ਦਾਸਤਾਨ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਹਾਕਮਾਂ ਨੇ ਕਬਾਇਲੀ ਖੇਤਰ ਦੇ ਜੰਗਲ, ਜ਼ਲ, ਜਮੀਨ ਅਤੇ ਖਣਿਜ-ਜਖੀਰੇ, ਦੇਸੀ ਬਦੇਸੀ ਵੱਡੀਆਂ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਲਈ, ਭਾਰੀ ਰਿਸ਼ਵਤਾਂ ਲੈ ਕੇ, ਉਨ੍ਹਾਂ ਨਾਲ ਦੇਸ-ਧ੍ਰੋਹੀ ਅਤੇ ਲੋਕ-ਦੋਖੀ ਸਮਝੌਤੇ ਕੀਤੇ ਹਨ। 'ਸਲਵਾ ਜੁਦਮ' ਅਤੇ 'ਅਪ੍ਰੇਸ਼ਨ ਗ੍ਰੀਨ ਹੰਟ' ਦਾ ਮੁੱਖ ਮਕਸਦ ਇਨ੍ਹਾਂ ਸਮਝੌਤਿਆਂ ਨੂੰ ਲਾਗੂ ਕਰਵਾਉਣ ਲਈ, ਕਬਾਇਲੀ ਲੋਕਾਂ ਤੋਂ ਉਨ੍ਹਾਂ ਦੇ ਜੰਗਲ, ਜਲ, ਜਮੀਨ ਅਤੇ ਖਣਿਜ ਜਖੀਰੇ ਖੋਹ ਕੇ ਕਾਰਪੋਰੇਸ਼ਨਾਂ ਦੇ ਹਵਾਲੇ ਕਰਨਾ ਹੈ। ਇਸ ਮਕਸਦ ਲਈ ਕਬਾਇਲੀ ਲੋਕਾਂ ਨੂੰ ਚੁਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੱਗਭਗ 700 ਪਿੰਡਾਂ ਨੂੰ ਸਾੜ ਕੇ 4 ਲੱਖ ਤੋਂ ਵੀ ਵੱਧ ਲੋਕਾਂ ਨੂੰ ਬੇਘਰ ਕਰਕੇ ਜੰਗਲਾਂ 'ਚ ਪਨਾਹ ਲੈਣ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਦੀਆਂ ਧੀਆਂ ਭੈਣਾਂ ਨਾਲ ਪਿੰਡਾਂ ਦੀਆਂ ਸੱਥਾਂ ਅਤੇ ਥਾਣਿਆਂ 'ਚ ਸਮੂਹਕ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ।ਵਿਰੋਧ ਕਰਨ ਵਾਲੇ ਲੋਕਾਂ ਨੂੰ 'ਮਾਓਵਾਦੀ' ਕਹਿਕੇ ਮਾਰ ਮੁਕਾਇਆ ਜਾਂਦਾ ਹੈ ਅਤੇ ਬਾਅਦ 'ਚ ਪੁਲਸ ਮੁਕਾਬਲੇ ਦਾ ਚਗਲਿਆ ਝੂਠ ਅਖਬਾਰਾਂ ਤੇ ਟੀ.ਵੀ ਚੈਨਲਾਂ ਰਾਹੀਂ ਫੈਲਾ ਦਿੱਤਾ ਜਾਂਦਾ ਹੈ। ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਕਰਨ ਲਈ ਮੈਦਾਨ 'ਚ ਨਿੱਤਰੇ ਬੁੱਧੀਜੀਵੀਆਂ, ਪੱਤਰਕਾਰਾਂ, ਡਾਕਟਰਾਂ, ਸਮਾਜ ਸੇਵਕਾਂ ਅਤੇ ਵਕੀਲਾਂ ਨੂੰ 'ਮਾਓਵਾਦੀਆਂ ਦੇ ਹਮਦਰਦ' ਦੱਸਕੇ ਝੂਠੇ ਪੁਲਸ ਕੇਸਾਂ 'ਚ ਫਸਾ ਕੇ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਜਾਂਦਾ ਹੈ। ਸਥਿਤੀ ਦਾ ਸਭ ਤੋਂ ਵੱਧ ਦਰਦਨਾਕ ਪਹਿਲੂ ਇਹ ਹੈ ਕਿ ਠਾਣੇ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਪੀੜਤ ਲੋਕਾਂ ਦੀ ਕਿਤੇ ਕੋਈ ਸੁਣਵਾਈ ਨਹੀਂ। ਸਰਵਉੱਚ ਅਦਾਲਤਾਂ ਦੇ ਹੁਕਮਾਂ ਨੂੰ ਸਰਕਾਰਾਂ, ਨੀਮ ਫੌਜੀ ਦਲ ਅਤੇ ਪੁਲਸ ਟਿੱਚ ਸਮਝਦੇ ਹਨ। ਸਰਕਾਰ ਨੇ ਲੋਕਾਂ ਖਿਲਾਫ ਖੁੱਲ੍ਹੀ ਜੰਗ ਵਿੱਢੀ ਹੋਈ ਹੈ।
ਹਿਮਾਂਸ਼ੂ ਕੁਮਾਰ ਦਾ ਭਾਸ਼ਣ ਹਿੰਦੀ 'ਚ ਹੋਣ ਦੇ ਬਾਵਜੂਦ ਸਾਰੀਆਂ ਥਾਵਾਂ 'ਤੇ ਲੋਕਾਂ ਨੇ ਲੋਹੜੇ ਦੀ ਗਰਮੀ 'ਚ ਵੀ ਸਾਹ ਰੋਕ ਕੇ ਸੁਣਿਆ। ਇਨ੍ਹਾਂ ਕਨਵੈਨਸ਼ਨਾਂ ਤੇ ਮੀਟਿੰਗਾਂ 'ਚ ਲੋਕਾਂ ਨੇ ਹੱਥ ਕੜ੍ਹੇ ਕਰ ਕੇ ਸਰਵਸਮਤੀ ਨਾਲ ਮੰਗ ਕੀਤੀ ਕਿ 'ਅਪ੍ਰੇਸ਼ਨ ਗ੍ਰੀਨ ਹੰਟ' ਰਾਹੀਂ ਕਬਾਇਲੀ ਲੋਕਾਂ ਖਿਲਾਫ ਸ਼ੁਰੂ ਕੀਤੀ ਜੰਗ ਤੁਰੰਤ ਬੰਦ ਕੀਤੀ ਜਾਵੇ, ਸਾਰੇ ਨੀਮ ਫੌਜੀ ਬਲ ਉਥੋਂ ਵਾਪਸ ਬੁਲਾਏ ਜਾਣ, 'ਸਲਵਾ ਜੁਦਮ' ਬੰਦ ਕੀਤਾ ਜਾਵੇ, ਇਨ੍ਹਾਂ ਇਲਾਕਿਆਂ 'ਚ ਜੰਗਲ, ਜਲ, ਜਮੀਨ ਅਤੇ ਖਣਿਜ-ਜਖੀਰਿਆਂ 'ਤੇ ਕਬਾਇਲੀ ਲੋਕਾਂ ਨੂੰ ਮਾਨਤਾ ਦਿੱਤੀ ਜਾਵੇ, ਦੇਸੀ-ਬਦੇਸੀ ਕੰਪਨੀਆਂ ਨਾਲ ਕੀਤੇ ਦੇਸ-ਧ੍ਰੋਹੀ ਸਮਝੌਤੇ ਰੱਦ ਕੀਤੇ ਜਾਣ, ਲੋਕਾਂ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ, ਸੀ.ਪੀ.ਆਈ ਮਾਓਵਾਦੀ ਤੇ ਇਹਦੇ ਨਾਲ ਸਬੰਧਤ ਜਥੇਬੰਦੀਆਂ ਅਤੇ ਪੱਤ੍ਰਿਕਾਵਾਂ 'ਤੇ ਪਾਬੰਦੀ ਖਤਮ ਕੀਤੀ ਜਾਵੇ, ਹਥਿਆਰਬੰਦ ਬਲਾਂ ਨੂੰ ਲੋਕਾਂ 'ਤੇ ਗੋਲੀਆਂ ਵਰ੍ਹਾਉਣ ਤੇ ਮਾਰ-ਮੁਕਾਉਣ ਦੀ ਖੁਲ੍ਹੀ ਛੋਟ ਦਿੰਦਾ ਕਨੂੰਨ ਰੱਦ ਕੀਤਾ ਜਾਵੇ ਆਦਿ।
ਇਸ ਮੁਹਿੰਮ ਦੌਰਾਨ, ਜਮਹੂਰੀ ਫਰੰਟ ਦੇ ਆਗੂਆਂ ਤੇ ਕਾਰਕੁੰਨਾਂ ਨਾਲ ਹਿਮਾਂਸ਼ੂ ਕੁਮਾਰ ਨੇ ਜ਼ਲਿਆਂਵਾਲੇ ਬਾਗ ਦੇ ਸ਼ਹੀਦਾਂ, ਸ਼ਹੀਦੇ ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਲੋਕ ਕਵੀ ਪਾਸ਼ ਅਤੇ ਹੰਸਰਾਜ, ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ, ਕਿਰਨਜੀਤ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਾਸਟਰ ਭਗਵੰਤ ਸਿੰਘ, ਜੇਠੂਕੇ ਘੋਲ ਦੇ ਸ਼ਹੀਦਾਂ ਆਦਿ ਨਾਲ ਸਬੰਧਤ ਥਾਵਾਂ 'ਤੇ ਜਾਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਨਤਮਸਤਕ ਹੋਏ। ਉਨ੍ਹਾਂ ਨੇ ਹਰਿਮੰਦਿਰ ਸਾਹਿਬ ਜਾਕੇ ਵੀ ਮੱਥਾ ਟੇਕਿਆ।
ਪੁਲਸ ਅਤੇ ਸਰਕਾਰ ਦੀਆਂ ਏਜੰਸੀਆਂ ਸ਼ੁਰੂ ਤੋਂ ਹੀ ਇਸ ਮੁਹਿੰਮ 'ਤੇ ਡੂੰਘੀ ਅਤੇ ਕਹਿਰ ਭਰੀ ਨਜ਼ਰ ਰੱਖ ਰਹੀਆਂ ਸਨ। ਬੁੱਧੀਜੀਵੀਆਂ ਤੋਂ ਇਲਾਵਾ ਵੱਡੀ ਪੱਧਰ 'ਤੇ ਕਿਸਾਨਾਂ, ਖ਼ੇਤ-ਮਜ਼ਦੂਰਾਂ, ਛੋਟੇ ਮੁਲਾਜ਼ਮਾਂ, ਔਰਤਾਂ, ਨੌਜਵਾਨਾਂ ਅਤੇ ਪੱਤਰਕਾਰਾਂ ਦੀ ਸ਼ਮੂਲੀਅਤ ਅਤੇ ਸਾਰੇ ਪ੍ਰਮੁੱਖ ਅਖਬਾਰਾਂ 'ਚ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਹੋਏ ਭਾਸ਼ਣਾਂ ਨੂੰ ਪ੍ਰਮੁੱਖ ਥਾਂ ਮਿਲਣ 'ਤੇ ਸਰਕਾਰ ਦੀ ਔਖ ਵਧ ਗਈ। ਉਸਨੇ ਇਸ ਮੁਹਿੰਮ ਨੂੰ ਫੇਲ ਕਰਨ ਲਈ ਜਾਬਰ ਤੇ ਕਮੀਨੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ। ਕਨਵੈਨਸ਼ਨਾਂ ਵਾਲੀਆਂ ਥਾਵਾਂ 'ਤੇ ਭਾਰੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਜਾਂਦੀ ਰਹੀ। ਮੁੱਖ ਮੰਤਰੀ ਬਾਦਲ ਦੇ ਜੱਦੀ ਜ਼ਿਲੇ ਮੁਕਤਸਰ 'ਚ ਪੁਲਸ ਨੇ ਇੱਕ ਨਕਲੀ ਟੀ.ਵੀ ਪੱਤਰਕਾਰ ਰਾਹੀਂ ਕਨਵੈਨਸ਼ਨ 'ਚ ਸ਼ਾਮਲ ਲੋਕਾਂ - ਖਾਸ ਤੌਰ 'ਤੇ ਔਰਤਾਂ ਦੀਆਂ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਵਲੰਟੀਅਰਾਂ ਵਲੋਂ ਰੋਕਣ ਦੇ ਬਾਵਜੂਦ ਵੀ ਜਦੋਂ ਪੁਲਸ ਦਾ ਇਹ ਖੁਫ਼ੀਆ ਏਜੰਟ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਤਾਂ ਵਲੰਟੀਅਰਾਂ ਨੇ ਉਸਦਾ ਕੈਮਰਾ ਲੈ ਲਿਆ ਜੋ ਬਾਅਦ 'ਚ ਪੁਲਸ ਮੁਲਾਜ਼ਮ ਆਪਣਾ ਦੱਸ ਕੇ ਲੈ ਗਏ। ਆਪਣੇ ਏਜੰਟ ਦੀ ਇਸ ਦੁਰਗਤ 'ਤੇ ਪੁਲਸ ਭੜਕ ਉੱਠੀ। ਉਹਨੇਂ ਹਾਲ ਨੂੰ ਘੇਰਾ ਪਾਕੇ ਲੋਕਾਂ ਨੂੰ ਲੱਗਭੱਗ ਡੇਢ ਘੰਟਾ ਰੋਕੀ ਰੱਖਿਆ ਅਤੇ ਬਾਅਦ 'ਚ ਹਿਮਾਂਸ਼ੂ ਕੁਮਾਰ ਅਤੇ ਜਮਹੂਰੀ ਫਰੰਟ ਦੇ ਕਾਰਕੁਨਾਂ ਖਿਲਾਫ ਡਾਕੇ, ਮਾਰੂ ਹਥਿਆਰਾਂ ਨਾਲ ਲੈਸ ਹੋਕੇ ਦੰਗਾ ਫਸਾਦ ਕਰਨ ਅਤੇ ਕੁੱਟਮਾਰ ਕਰਨ ਦਾ ਮੁਕੱਦਮਾ ਦਰਜ ਕਰ ਦਿੱਤਾ।
ਇਸ ਘਟਨਾ ਦਾ ਸਾਰੇ ਪੰਜਾਬ 'ਚ ਤਿੱਖਾ ਪ੍ਰਤੀਕਰਮ ਹੋਇਆ। ਕਿਸਾਨਾਂ, ਖੇਤ-ਮਜ਼ਦੂਰਾਂ, ਮੁਲਾਜ਼ਮਾਂ, ਪੱਤਰਕਾਰਾਂ ਅਤੇ ਹੋਰ ਅਨੇਕਾਂ ਵਰਗਾਂ ਦੀਆਂ ਜੱਥੇਬੰਦੀਆਂ ਅਤੇ ਨਾਮਵਰ ਸ਼ਖਸ਼ੀਅਤਾਂ ਨੇ ਪੁਲਸ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਸਭ ਤੋਂ ਸ਼ਾਨਦਾਰ ਗੱਲ ਇਹ ਹੋਈ ਕਿ ਮੁਕਤਸਰ ਜ਼ਿਲੇ ਦੇ ਪੱਤਰਕਾਰਾਂ ਨੇ ਸਮੂਹਕ ਰੂਪ 'ਚ ਡਿਪਟੀ ਕਮਿਸ਼ਨਰ ਨੂੰ ਮਿਲਕੇ ਪੁਲਸ ਦੀ ਕਹਾਣੀ ਦਾ ਝੂਠ ਨੰਗਾ ਕੀਤਾ ਹੈ। ਜਮਹੂਰੀ ਫਰੰਟ ਦੀ ਸੂਬਾ ਕਮੇਟੀ ਮੰਗ ਕਰਦੀ ਹੈ ਕਿ ਇਹ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ। ਕਮੇਟੀ ਪੰਜਾਬ ਦੇ ਸਮੂਹ ਮਿਹਨਤਕਸ਼, ਬੁੱਧੀਜੀਵੀ ਅਤੇ ਜਮਹੂਰੀ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਪੁਲਸ ਦੇ ਇਸ ਜਾਬਰ ਕਦਮ ਖਿਲਾਫ ਸੰਘਰਸ਼ 'ਚ ਉਹ ਜਮਹੂਰੀ ਮੋਰਚੇ ਦਾ ਡਟਵਾਂ ਸਾਥ ਦੇਣ।
ਆਪਣੀ ਮੁਹਿੰਮ ਦੇ ਅਗਲੇ ਪੜਾਅ ਵਜੋਂ ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਕਬਾਇਲੀ ਲੋਕਾਂ ਦੀਆਂ ਮੰਗਾਂ ਦੇ ਸਬੰਧ 'ਚ ਇੱਕ ਮੰਗ ਪੱਤਰ ਤਿਆਰ ਕਰਕੇ, ਉਹਦੇ 'ਤੇ ਦਸਤਖਤੀ ਮੁਹਿੰਮ ਸ਼ੁਰੂ ਕਰੇਗਾ ਜੋ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਕੌਮਾਂਤਰੀ ਸੰਸਥਾਵਾਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਨੂੰ ਭੇਜਿਆ ਜਾਵੇਗਾ। ਸੂਬਾ ਕਮੇਟੀ ਆਸ ਕਰਦੀ ਹੈ ਕਿ ਪੰਜਾਬ ਦੇ ਲੋਕ, ਮੁਹਿੰਮ ਦੇ ਦੂਜੇ ਪੜਾਅ 'ਚ ਭਰਵੀਂ ਸ਼ਮੂਲੀਅਤ ਕਰਨਗੇ।
ਸੂਬਾ ਕਮੇਟੀ ਪੰਜਾਬ ਦੇ ਲੋਕਾਂ ਦੇ ਨਾਲ ਨਾਲ, ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਹਿਮਾਂਸ਼ੂ ਕੁਮਾਰ ਦਾ ਵੀ ਧੰਨਵਾਦ ਕਰਦੀ ਹੈ।