StatCounter

Showing posts with label Communal violence. Show all posts
Showing posts with label Communal violence. Show all posts

Saturday, June 24, 2017

ਲੋਕ ਹੀ ਮਿਲ ਕੇ ਫਿਰਕੂ ਫ਼ਾਸ਼ੀਆਂ ਦੀ ਕਬਰ ਪੁੱਟਣਗੇ

ਮਾਸੂਮ ਜੁਨੈਦ ਅਤੇ ਅਜਿਹੇ ਹੋਰਾਂ ਦੇ ਕਾਤਲਾਂ ਦਾ ਬੁਥਾੜ ਭੰਨਣ ਲਈ, 
ਆਓ ਮੈਦਾਨ ਚ ਨਿਤਰੀਏ
ਨਰਿੰਦਰ ਜੀਤ 
Junaid's Family
Junaid

ਆਰ ਐਸ ਐਸ ਅਤੇ ਭਾਜਪਾ ਨੇਂ ਮੋਦੀ, ਖੱਟਰ ਅਤੇ ਯੋਗੀ ਆਦਿਤਿਆ ਨਾਥ ਵਰਗਿਆਂ ਦੀ ਅਗਵਾਈ ਚ ਹਿੰਦੂ ਫਿਰਕਾਪ੍ਰਸਤਾਂ ਦੇ ਪਟੇ ਖੋਹਲ ਦਿੱਤੇ ਹਨ | ਇਹਨਾਂ ਗੁੰਡਾ ਅਨਸਰਾਂ ਨੂੰ ਮਾਣ-ਤਾਣ ਦਿਵਾਉਣ ਲਈ, ਹਿੰਦੂ ਫਿਰਕਾਪ੍ਰਸਤੀ ਨੂੰ ਕੌਮ ਪ੍ਰਸਤੀ ਦੀ ਪੁੱਠ ਚਾਹੜ ਦਿਤੀ ਹੈ | ਪੁਲਸ ਅਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਇਹਨਾਂ ਦੀਆਂ ਕਾਤਲੀ ਕਾਰਵਾਈਆਂ ਵੱਲੋਂ ਅੱਖਾਂ ਮੀਚ ਲੈਣ ਦੇ ਹੁਕਮ ਚਾਹੜ ਦਿੱਤੇ ਹਨ | ਆਰ ਐਸ ਐਸ ਅਤੇ ਭਾਜਪਾ ਦੇ ਆਗੂਆਂ ਦੇ ਇਸ਼ਾਰਿਆਂ ਤੇ ਗੁੰਡਿਆਂ ਦੀਆਂ  ਭੀੜਾਂ ਇੱਕਠੀਆਂ ਹੋ ਕੇ ਕਿਸੇ ਵੀ ਵਿਅਕਤੀ ਨੂੰ "ਗਊ-ਹਤਿਆਰਾ" ਜਾਂ "ਦੇਸ਼-ਧ੍ਰੋਹੀ" ਕਹਿ ਕੇ ਕੁੱਟ ਕੁੱਟ ਕੇ ਮਾਰ ਸੁੱਟਦੀਆਂ ਹਨ| ਪੁਲਸ ਮੂਕ ਦਰਸ਼ਕ ਬਣ ਕੇ ਖੜੀ ਰਹਿੰਦੀ ਹੈ |
22 ਜੂਨ ਨੂੰ ਮਥੁਰਾ ਨੂੰ ਜਾ ਰਹੀ ਇੱਕ ਗੱਡੀ ਵਿਚ 16 ਸਾਲਾ ਮੁਸਲਿਮ ਬਚੇ -ਜੁਨੈਦ ਦਾ ਕਤਲ ਅਤੇ ਉਸਦੇ ਤਿੰਨ ਸਾਥੀਆਂ ਨੂੰ ਗੰਭੀਰ ਰੂਪ ਚ ਜ਼ਖਮੀ ਕੀਤੇ ਜਾਣਾ ਇਸੇ ਵਰਤਾਰੇ ਦੀ ਇੱਕ ਦਿਲ ਕੰਬਾਊ ਕੜੀ ਹੈ |
    ਹਰਿਆਣਾ ਦੇ ਖੜਵਾਲੀ ਪਿੰਡ ਚ ਰਹਿੰਦੇ  ਦੋ ਮੁਸਲਿਮ ਬਚੇ -ਜੁਨੈਦ ਅਤੇ ਹਾਸ਼ਿਮ ਕੁਝ ਦਿਨ ਪਹਿਲਾਂ ਬਹੁਤ ਖੁਸ਼ ਸਨ| ਰਮਜ਼ਾਨ ਦੇ ਮਹੀਨੇ ਚ ਰੋਜ਼ਿਆਂ ਦੌਰਾਨ ਕੁਰਾਨ ਸ਼ਰੀਫ ਮੂੰਹ ਜ਼ੁਬਾਨੀ ਯਾਦ ਕਰਨ ਕਰਕੇ ਉਹਨਾਂ ਨੂੰ "ਹਾਫਿਜ਼" ਦੀ ਉਪਾਧੀ ਮਿਲੀ ਸੀ | ਇਸ ਖੁਸ਼ੀ ਚ ਉਹਨਾਂ ਦੀ ਮਾਂ ਨੇਂ ਉਹਨਾਂ ਨੂੰ 1500 ਰੁਪੈ ਇਨਾਮ ਵਿਚ ਦਿੱਤੇ ਸਨ| ਹਾਫਿਜ਼ ਬਣਨ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਈਦ ਸੀ ਅਤੇ ਉਹ ਇਸ ਖੁਸ਼ੀ ਚ ਸ਼ਾਨਦਾਰ ਕਪੜਿਆਂ ਚ ਸਜਣਾਂ ਚਾਹੁੰਦੇ ਸਨ|  ਖੁਸ਼ੀ ਮਨਾਉਣ ਅਤੇ ਖਰੀਦ ਦਾਰੀ ਕਰਨ ਲਈ ਉਹਨਾਂ ਨੇਂ ਦਿੱਲੀ ਦੀ ਜਾਮਾ ਮਸਜਿਦ ਜਾਣ ਦਾ ਪ੍ਰੋਗਰਾਮ ਬਣਾਇਆ (ਕਿਓੰਕੇ ਜਾਮਾ ਮਸਜਿਦ ਕੋਲ ਸਸਤੇ ਕਪੜਿਆਂ ਦਾ ਵੱਡਾ ਬਜ਼ਾਰ ਲਗਦਾ ਹੈ) ਅਤੇ ਘਰੇ ਸ਼ਾਮ ਨੂੰ ਜਲਦੀ ਮੁੜ ਕੇ ਆਉਣ ਲਈ ਕਹਿ ਕੇ ਗਏ | ਪਰ ਉਹਨਾਂ  ਚੋਂ ਸਿਰਫ ਇੱਕ ਹੀ ਮੁੜ ਸਕਿਆ | ਦੂਜੇ ਦੀ ਭਾਜਪਾ-ਆਰ ਐਸ ਐਸ ਵੱਲੋਂ ਭੜਕਾਏ ਗੁੰਡਿਆਂ ਹੱਥੋਂ ਛੁਰੀਆਂ ਨਾਲ ਵਿੰਨੀ, ਲਹੂ ਨਾਲ ਲਥਪਥ ਲਾਸ਼ ਹੀ ਵਾਪਿਸ ਆਈ |
ਉਹਨਾਂ ਦੀ ਮਾਂ ਨੇਂ ਉਹਨਾਂ ਨੂੰ ਸਭ ਤੋਂ ਵਧੀਆ ਸੇਵੀਆਂ ਅਤੇ ਮਠਿਆਈਆਂ ਖਰੀਦ ਕੇ ਲਿਆਉਣ ਲਈ ਕਿਹਾ ਸੀ ਤਾਂਕਿ ਸਵਾਦੀ ਅਤੇ ਮਿੱਠੀਆਂ ਵਸਤਾਂ ਨਾਲ ਰੋਜ਼ੇ ਖੋਹਲੇ ਜਾਣ | ਪਰ ਬਦਨਸੀਬ ਮਾਂ ਦੀ ਝੋਲੀ ਚ ਓਹਦੇ ਪੁੱਤਾਂ ਵੱਲੋਂ ਲਿਆਂਦੀਆਂ ਮਠਿਆਈਆਂ ਅਤੇ ਸੇਵੀਆਂ ਦੀ ਥਾਂ 16 ਸਾਲਾਂ ਦੇ ਮਾਸੂਮ ਪੁੱਤ ਜੁਨੈਦ ਦੀ ਲਾਸ਼ ਸੀ|

ਜੁਨੈਦ ਅਤੇ ਉਸਦੇ 3 ਸਾਥੀਆਂ ਨਾਲ ਕੀ ਬੀਤੀ ?

ਜੁਨੈਦ ਅਤੇ ਉਸਦੇ ਤਿੰਨ ਸਾਥੀ - ਜੋ 16 ਤੋਂ 20 ਸਾਲ ਦੀ ਉਮਰ ਦੇ ਸਨ, ਸ਼ਾਮ ਨੂੰ 05.30 ਵਜੇ ਦਿੱਲੀ ਸਦਰ ਰੇਲਵੇ ਸਟੇਸ਼ਨ ਤੋਂ ਬੱਲਭਗੜ ਜਾਣ ਵਾਲੀ ਗੱਡੀ ਤੇ ਚੜੇ| ਉਹਨਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਸਫ਼ਰ ਉਹਨਾਂ ਲਈ ਕਿੰਨਾਂ ਭਿਆਨਕ ਹੋਣ ਵਾਲਾ ਹੈ | ਜਿਓਂ ਹੀ ਗੱਡੀ ਓਖਲਾ ਸਟੇਸ਼ਨ ਤੇ ਪਹੁੰਚੀ ਤਾਂ 15-20 ਲੋਕਾਂ ਦਾ ਇੱਕ ਗਰੋਹ ਗੱਡੀ ਚ ਵੜ ਆਇਆ ਅਤੇ ਉਹਨਾਂ ਨੂੰ ਸੀਟਾਂ ਛੱਡਣ ਲਈ ਕਹਿਣ ਲੱਗਾ| ਜਦੋਂ ਜੁਨੈਦ ਹੁਰਾਂ ਨੇਂ ਇਤਰਾਜ਼ ਕੀਤਾ ਤਾਂ ਗੁੰਡਿਆਂ ਨੇਂ ਉਹਨਾਂ ਤੇ ਫਿਰਕੂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ - ਜਿਵੇਂ "ਸਾਲੇ ਗਊ ਖਾਣੇ ਮੁਸਲੇ", "ਦੇਸ਼ ਦੇ ਗੱਦਾਰ", "ਮੁੱਲੇ" ਆਦਿ | ਗੁੰਡਿਆਂ ਨੇਂ ਉਹਨਾਂ ਦੀਆਂ ਦਾਹੜੀਆਂ ਫੜ ਕੇ ਖਿਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਿਰਾਂ ਤੇ ਪਹਿਨੀਆਂ ਟੋਪੀਆਂ ਜਬਰੀ  ਸਿਰਾਂ ਤੋਂ ਲਾਹ ਕੇ ਥੱਲੇ ਸੁੱਟ ਦਿੱਤੀਆਂ ਅਤੇ ਉਹਨਾਂ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ | 
ਜੁਨੈਦ ਅਤੇ ਉਸਦੇ ਸਾਥੀਆਂ ਨੇਂ ਆਪਣੇ ਆਪ ਨੂੰ ਬਚਾਉਣ ਲਈ ਤੁਗਲਕਾਬਾਦ ਸਟੇਸ਼ਨ ਤੋਂ ਡੱਬਾ ਬਦਲ ਲਿਆ | ਪਰ ਫਿਰਕੂ ਜਨੂੰਨੀ ਗੁੰਡਿਆਂ ਨੇਂ ਉਹਨਾਂ ਦਾ ਪਿੱਛਾ ਨਹੀਂ ਛੱਡਿਆ | ਉਹ ਵੀ ਓਸੇ ਡੱਬੇ ਵਿਚ ਆ ਗਏ, ਅਤੇ ਘੇਰ ਕੇ ਉਹਨਾਂ ਨੂੰ ਕੁੱਟਣਾਂ ਸ਼ੁਰੂ ਕਰ ਦਿੱਤਾ | ਗੱਡੀ ਜਦੋਂ ਹਰਿਆਣਾ ਦੇ ਅਸੌਟੀ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਗੁੰਡਿਆਂ ਨੇਂ  16 ਸਾਲਾਂ ਦੇ ਜੁਨੈਦ ਨੂੰ ਛੁਰਿਆਂ ਨਾਲ  ਵਿੰਨ ਕੇ ਮਾਰ ਦਿੱਤਾ | ਓਹਦੇ ਤਿੰਨ ਸਾਥੀਆਂ ਮੋਇਨ, ਮੌਸਿਮ ਅਤੇ ਹਾਸ਼ਿਮ ਨੂੰ ਛੁਰੇ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ |
       ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਪੁਲਸ ਮੁਖੀ ਕੇ ਪੀ ਐਸ ਗਿੱਲ ਦੀ ਮੌਤ ਸਮੇਂ ਚੱਲੀ ਚਰਚਾ ਦੌਰਾਨ ਮੈਂ ਇੱਕ ਪੋਸਟ ਚ ਜ਼ਿਕਰ ਕੀਤਾ ਸੀ ਕਿ "ਲੋਕਾਂ ਦਾ ਦੁਖਾਂਤ ਇਹ ਹੈ ਕਿ ਜਿਸ ਫਿਰਕੂ ਦਹਿਸ਼ਤਗਰਦੀ ਨੂੰ ਖਤਮ ਕਰਨ ਦਾ ਸਿਹਰਾ ਗਿੱਲ ਦੇ ਸਿਰ ਤੇ ਬੰਨ੍ਹ ਕੇ ਹਾਕਮ ਉਸ ਨੂੰ ਸ਼ਿੰਗਾਰ ਕੇ ਹੀਰੋ ਵਜੋਂ ਪੇਸ਼ ਕਰ ਰਹੇ ਹਨ ਉਹ ਜਿਓਂ ਦੀ ਤਿਓਂ ਕਾਇਮ ਹੈ | ਜੇ ਭਿੰਡਰਾਂ ਵਾਲਾ ਇਸ ਦੁਨੀਆਂ ਤੋਂ ਚਲਾ ਗਿਆ ਤਾਂ ਉਸ ਤੋਂ ਵੀ ਵੱਧ ਜ਼ਹਿਰੀਲੇ ਫਿਰਕੂ ਆਗੂ ਅਸੀਮਾਨੰਦ, ਆਦਿਤਿਆ ਯੋਗੀ, ਸਾਧਵੀ ਪ੍ਰੱਗਿਆ ਆਦਿ ਜਿਓੰਦੇ ਹਨ | ਭਿੰਡਰਾਂ ਵਾਲੇ ਕੋਲ ਤਾਂ  ਲੋਕਾਂ ਤੇ ਝਪਟਣ ਲਈ ਗਿਣੇ ਚੁਣੇ ਹਥਿਆਰਬੰਦ ਟੋਲੇ ਸਨ ਪਰ ਇਹਨਾਂ ਕੋਲ ਆਵਦੇ ਲੋਕ ਵਿਰੋਧੀ ਮਨਸੂਬੇ ਹਾਸਲ ਕਰਨ ਲਈ ਭੜਕਾਈਆਂ ਹੋਈਆਂ ਭੀੜਾਂ ਹਨ, ਜਿਨ੍ਹਾਂ ਰਾਹੀ ਉਹ ਵੱਡੀ ਪੱਧਰ ਤੇ ਦੰਗੇ ਕਰਵਾਉਂਦੇ ਹਨ, ਕਤਲੋ ਗਾਰਦ ਅਤੇ ਲੁੱਟ ਮਾਰ ਕਰਦੇ ਹਨ |"

ਅਸੌਟੀ ਦੀ ਇਹ ਘਟਨਾ ਹਿੰਦੂ ਫਿਰਕੂ ਫਾਂਸੀ ਟੋਲਿਆਂ ਦੇ ਵਕਰਾਲ ਅਤੇ ਖੂੰ-ਖ਼ੈਰ ਰੂਪ ਨੂੰ ਹੀ ਉਜਾਗਰ ਕਰਦੀ ਹੈ | ਲੋੜ ਹੈ ਇਸ ਜ਼ਹਿਰੀਲੇ ਨਾਗ ਦਾ ਟਾਕਰਾ ਕਰਨ ਲਈ ਮਜ਼ਬੂਤੀ ਨਾਲ ਅੱਗੇ ਆਈਏ !

Friday, December 19, 2014

ਲੋਕ ਮੋਰਚਾ ਪੰਜਾਬ ਵਲੋਂ ਪੇਸ਼ਾਵਰ ਚ ਸੈਂਕੜੇ ਮਾਸੂਮ ਬਾਲਾਂ ਦੇ ਕਤਲ ਦੀ ਨਿਖੇਧੀ, ਨਫਰਤ ਉਕਸਾਉਂਦੀ ਅਤੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੀ ਹਰ ਸਿਆਸਤ ਨੂੰ ਨਕਾਰਨਾ ਦਾ ਸੱਦਾ

ਲੋਕ ਮੋਰਚਾ ਪੰਜਾਬ ਵਲੋਂ ਪੇਸ਼ਾਵਰ ਚ ਫਿਰਕੂ ਹਿੰਸਕ ਟੋਲਿਆਂ ਵਲੋਂ ਸੈਂਕੜੇ ਮਾਸੂਮ ਬਾਲਾਂ ਦੇ ਕਤਲ ਦੀ ਨਿਖੇਧੀ

ਲੋਕਾਂ ਨੂੰ ਨਫਰਤ ਉਕਸਾਉਂਦੀ ਅਤੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੀ ਹਰ ਸਿਆਸਤ ਨੂੰ ਨਕਾਰਨਾ ਦਾ ਸੱਦਾ

          ਪੇਸ਼ਾਵਰ ਅੰਦਰ ਫਿਰਕੂ ਹਿੰਸਕ ਟੋਲਿਆਂ ਹੱਥੋਂ ਸੈਂਕੜੇ ਮਾਸੂਮ ਬਾਲਾਂ ਨੂੰ ਮਾਰਨ ਦਾ ਕਾਰਾ ਕੌਮਾਂਤਰੀ ਸਰੋਕਾਰ ਦਾ ਮਾਮਲਾ ਹੈ। ਹਾਲਾਂਕਿ ਇਸ ਘਟਨਾ ਦੀ ਪੀੜ ਵੰਡਾਉਣ ਲਈ ਲਫਜ ਬੇਬਸ ਹਨ ਪਰ ਇਹ ਵੀ ਹਕੀਕਤ ਹੈ ਕਿ ਦੁੱਖ ਵੰਡਾਇਆਂ ਹੀ ਘਟਦਾ ਹੈ ਤੇ ਇਸ ਦੁੱਖ ਤੇ ਸਦਮੇ ਦੀ ਘੜੀ ਭਾਰਤ ਦੇ ਇਨਸਾਫ ਪਸੰਦ ਲੋਕ ਇਸ ਦਹਿਸ਼ਤੀ ਕਾਰੇ ਕਾਰਣ ਸਕਤੇ 'ਚ ਆਏ ਪਾਕਿਸਤਾਨੀ ਸਮਾਜ ਨਾਲ ਖੜੇ ਹਨ।

ਲੋਕ ਮੋਰਚਾ ਪੰਜਾਬ ਨੇ ਪੇਸ਼ਾਵਰ ਅੰਦਰ ਵਾਪਰੀ ਕਤਲੋਗਾਰਦ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਬੇਲਗਾਮ ਹਿੰਸਾ ਦੇ ਇਸ ਕੁਚੱਕਰ ਲਈ ਪਾਕਿਸਤਾਨ ਦੇ ਹਾਕਮ ਵੀ ਬਰਾਬਰ ਦੇ ਜੁੰਮੇਵਾਰ ਹਨ ਜੋ ਫਿਰਕੂ ਸਿਆਸਤ ਨੂੰ ਆਪਣੇ ਸੌੜੇ ਮੰਤਵਾਂ ਵਾਸਤੇ ਸ਼ਹਿ ਦਿੰਦੇ ਅਤੇ ਪਾਲਦੇ ਆ ਰਹੇ ਹਨ। ਪਾਕਿਸਤਾਨ ਦੇ ਬਲੋਚਿਸਤਾਨ ਤੇ ਉਤਰੀ ਪਛਮੀ ਸੂਬੇ ਦੇ ਕੁਦਰਤੀ ਸਰੋਤਾਂ ਅਤੇ ਵਿਕਾਸ, ਬਰਾਬਰਤਾ ਤੋਂ ਉਥੋਂ ਦੇ ਲੋਕਾਂ ਨੂੰ ਵਾਂਝਾ ਰਖਦੇ ਆ ਰਹੇ ਹਨ ਤੇ ਸਿਆਸੀ ਵਿਰੋਧ ਨੂੰ ਜਬਰ ਨਾਲ ਕੁਚਲਦੇ ਆ ਰਹੇ ਹਨ। ਪਾਕਿਸਤਾਨ ਦੀ ਸਰਕਾਰ ਵੀ ਆਪਣੇ ਵਿਰੋਧੀਆਂ ਨੂੰ ਨਜਿਠਣ ਲਈ ਲੋਕਾਂ 'ਤੇ ਸਮੂਹਕ ਸਜਾਵਾਂ ਮੜਨ ਤੇ ਅਣ-ਮਨੁਖੀ ਜੁਲਮ ਨਾਲ ਦਹਿਸ਼ਤਜਦਾ ਕਰਨ ਦੀ ਨੀਤੀ ਲਾਗੂ ਕਰਦੀ ਆ ਰਹੀ ਹੈ। ਫਿਰਕੂ ਟੋਲੇ ਵੀ ਸਰਕਾਰ ਨਾਲ ਲੜਾਈ ਦੇ ਨਾਂ ਹੇਠ ਆਮ ਲੋਕਾਈ ਨੂੰ ਸਮਹੂਕ ਸਜਾਵਾਂ ਦੇਣ ਤੇ ਦਹਿਸ਼ਤਜਦਾ ਕਰਨ ਦੀ ਇਹੀ ਨੀਤੀ ਵਰਤਦੇ ਆ ਰਹੇ ਹਨ - ਮੌਜੂਦਾ ਕਤਲੇਆਮ ਹਿੰਸਾ ਦੇ ਇਸੇ ਕੁਚਕਰ ਦਾ ਸਿੱਟਾ ਹੈ। ਪਾਕਿਸਤਾਨ ਦੇ ਆਮ ਲੋਕ ਫਿਰਕੂ ਟੋਲਿਆਂ ਤੇ ਸਰਕਾਰ ਵਲੋਂ ਮੜੀ ਇਸ ਨਿਹਕੀ ਜੰਗ ਵਿਚ ਪਿਸ ਰਹੇ ਹਨ।

ਪਾਕਿਸਤਾਨ ਅੰਦਰ ਹਿੰਸਾ ਦਾ ਇਹ ਘਟਨਾਕ੍ਰਮ ਭਾਰਤ ਦੇ ਲੋਕਾਂ ਖਾਸਕਰ ਪੰਜਾਬ ਲਈ ਗੰਭੀਰ ਸਰੋਕਾਰ ਦਾ ਮਾਮਲਾ ਹੈ ਕਿਉਂਕਿ ਸਾਡੇ ਲੋਕਾਂ ਨੇ ਵੀ ਹਿੰਸਾ ਦੇ ਇਸ ਕੁਚਕਰ ਨੂੰ ਬਹੁਤ ਹੰਢਾਇਆ ਹੈ। ਅੱਜ ਵੀ ਲੋਕਾਂ ਦੇ ਅਸਲ ਮਸਲਿਆਂ ਤੋਂ ਧਿਆਨ ਤਿਲਕਾਉਣ ਲਈ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਮੌਜੂਦ ਹਨ ਜੋ ਆਪਣੇ ਲੋਕ ਵਿਰੋਧੀ ਮੰਤਵ ਹਾਸਲ ਕਰਨ ਲਈ ਦੇਸ਼ ਨੂੰ ਨਫਰਤ ਦੇ ਮਹੌਲ ਵੱਲ ਧਕਣ ਦੀ ਵਾਹ ਲਗਾ ਰਹੀਆਂ ਹਨ। ਇਸ ਲਈ ਜਿੱਥੇ ਭਾਰਤ ਦੇ ਲੋਕਾਂ ਨੂੰ ਇਸ ਦੁੱਖ ਦੀ ਘੜੀ ਪਾਕਿਸਤਾਨ ਦੇ ਲੋਕਾਂ ਨਾਲ ਖੜੇ ਹੋਣਾ ਚਾਹੀਦਾ ਹੈ ਉਥੇ ਇਸ ਘਟਨਾ ਤੋਂ ਸਬਕ ਲੈਂਦਿਆ ਅਜਿਹੀ ਹਰ ਸਿਆਸਤ ਨੂੰ ਨਕਾਰਨਾ ਚਾਹੀਦਾ ਹੈ ਜੋ ਆਮ ਲੋਕਾਂ ਦਰਮਿਆਨ ਨਫਰਤ ਨੂੰ ਉਕਸਾਉਂਦੀ ਹੋਵੇ ਤੇ ਲੋਕਾਂ ਦੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੀ ਹੋਵੇ।
                                        

                                            ਜਗਮੇਲ ਸਿੰਘ ਜਨਰਲ ਸਕੱਤਰ ਲੋਕ ਮੋਰਚਾ ਪੰਜਾਬ

Wednesday, March 2, 2011

A BRIEF NOTE ON GODHRA VERDICT

ਭਾਰਤੀ ਰਾਜ ਦੇ 'ਸੈਕੁਲਰਵਾਦ' ਦਾ ਔਰੰਗਜੇਬੀ ਦੌਰ
Advocate Sudeep Singh

ਪਹਿਲੀ ਮਾਰਚ ਨੂੰ "ਕਾਫਲਾ' ਦੇ ਵਿੱਚ ਦਲੀਪ ਡ'ਸੂਜ਼ਾ ਦੀ ਗੋਧਰਾ ਫੈਸਲੇ ਬਾਰੇ ਇੱਕ ਦਿਲਚਸਪ ਟਿੱਪਣੀ ਛਪੀ ਹੈ। ਉਹ ਕੰਹਿਦਾ ਹੈ ਕਿ " ਫਰਵਰੀ 28,2002 ਨੂੰ ਗੋਧਰਾ 'ਚ ਇੱਕ ਗੱਡੀ ਨੂੰ ਅੱਗ ਲਗਾਏ ਜਾਣ ਕਾਰਣ 59 ਵਿਅਕਤੀ ਮਾਰੇ ਜਾਂਦੇ ਹਨ। 90 ਤੋਂ ਜਿਆਦਾ ਵਿਅਕਤੀ ਗਿਰਫਤਾਰ ਹੁੰਦੇ ਹਨ, 9 ਸਾਲ ਕੇਸ ਚਲਦਾ ਹੈ, ਜਮਾਨਤਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਨੌਂ ਸਾਲਾਂ ਬਾਅਦ 63 ਵਿਅਕਤੀ ਬਰੀ ਹੋ ਜਾਂਦੇ ਹਨ ਤੇ 31 ਦੋਸ਼ੀ ਠਹਿਰਾਏ ਜਾਂਦੇ ਹਨ ਜਿਹਨਾਂ 'ਚੋਂ ਵੀਹਾਂ ਨੂੰ ਉਮਰ ਕੈਦ ਤੇ 11 ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।
ਫਰਵਰੀ 29 ਨੂੰ (ਅਗਲੇ ਦਿਨ), ਗੁਲਬਰਗ ਸੁਸਾਇਟੀ ਨੂੰ ਅੱਗ ਲਾ ਕੇ 69 ਵਿਅਕਤੀ ਮਾਰ ਦਿੱਤੇ ਜਾਂਦੇ ਹਨ। ਉਹ ਪਾਠਕ ਨੂੰ ਖਾਲੀ ਥਾਵਾਂ ਭਰਨ ਨੂੰ ਕੰਹਿਦਾ ਹੈ ਕਿ ਕਿੰਨੇ ਗਿਰਫਤਾਰ ਹੋਏ, ਕਿੰਨਿਆਂ ਦੀਆਂ ਜਮਾਨਤਾਂ ਰੱਦ ਹੋਈਆਂ, ਕਿੰਨਿਆਂ ਨੂੰ ਸਜ਼ਾਵਾਂ ਹੋਈਆਂ ਆਦ। ਇਸਦਾ ਜੁਆਬ ਅਸੀਂ ਸਾਰੇ ਜਾਣਦੇ ਹਾਂ। ਫੇਰ ਲੇਖਕ 1984, 1991 ਤੇ ਹੋਰ ਹਕੂਮਤੀ ਥਾਪੜਾ ਪ੍ਰਾਪਤ ਸਮੂਹਕ ਕਤਲੇਆਮਾਂ ਦਾ ਜ਼ਿਕਰ ਕਰਕੇ ਇਹੀ ਸਵਾਲ ਦੁਹਰਾਉਂਦਾ ਹੈ ਤੇ ਇਸਦਾ ਜਵਾਬ ਵੀ ਅਸੀਂ ਸਾਰੇ ਜਾਣਦੇ ਹਾਂ।

ਤੁਸੀਂ ਪੂਰਾ ਲੇਖ ਇੱਥੇ ਪੜ੍ਹ ਸਕਦੇ ਹੋ:

http://kafila.org/2011/03/01/you-fill-in-the-rest-dilip-dsouza-on-godhra-verdict/

ਗੋਧਰਾ ਸਮੇਤ ਗੁਜਰਾਤ 'ਚ ਮਾਰੇ ਗਏ ਸਭਨਾਂ ਲੋਕਾਂ ਨੂੰ ਇਨਸਾਫ ਹੀ ਸੱਚੀ ਹਮਦਰਦੀ ਹੋ ਸਕਦਾ ਹੈ ਪਰ ਗੋਧਰਾ ਫੈਸਲਾ ਇਨਸਾਫ ਦੀ ਜਗ੍ਹਾ ਸਿਆਸਤ ਤੋਂ ਪ੍ਰੇਰਿਤ ਹੈ। ਗੋਧਰਾ ਫੈਸਲਾ ਵਿਵਾਦਤ ਤੇ ਨਿਰਮੂਲ ਸਬੂਤਾਂ ਦੇ ਅਧਾਰ ਤੇ ਕੀਤਾ ਗਿਆ ਹੈ ਜਿਸ ਬਾਰੇ ਜਮਹੂਰੀ ਕਾਰਕੰਨਾਂ ਤੇ ਪੀੜ੍ਹਤਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ।

http://www.thaindian.com/newsportal/uncategorized/godhra-case-should-be-re-investigated-prashant-bhushan_100508795.html
http://www.thaindian.com/newsportal/uncategorized/godhra-sentencing-based-on-dubious-evidence-swami-agnivesh_100508733.html
http://www.thaindian.com/newsportal/politics/godhra-verdict-vindicates-governments-stand-minister_100505951.html
http://www.outlookindia.com/article.aspx?270626

ਕਿਹਾ ਜਾ ਰਿਹਾ ਹੈ ਕਿ ਇਸਨੇ ਗੁਜਰਾਤ ਫਸਾਦਾਂ ਬਾਰੇ ਮੋਦੀ ਦੀ ਲਾਈਨ 'ਤੇ ਠੱਪਾ ਲਾਇਆ ਹੈ। ਜਿਸ " ਸਾਜਿਸ਼ ਥਿਊਰੀ" ਦੇ ਅਧਾਰ 'ਤੇ ਇਹ ਫੈਸਲਾ ਸੁਣਾਇਆ ਗਿਆ ਹੈ ਉਸਨੂੰ ਕਈ ਸਰਕਾਰੀ ਕਮੇਟੀਆਂ ਤੇ ਕਮੀਸ਼ਨਾਂ ਨੇ ਪਹਿਲੋਂ ਹੀ ਰੱਦ ਕਰ ਦਿੱਤਾ ਸੀ ਜਿਸ ਬਾਰੇ ਤੁਸੀਂ ਹੇਠਲੇ ਲਿੰਕ ਤੇ ਪੜ੍ਹ ਸਕਦੇ ਹੋ।

http://www.hinduonnet.com/fline/fl2213/stories/20050701003303800.htm

ਨਿਰੋਲ ਫੈਸਲੇ ਬਾਰੇ ਭਰਵੀਂ ਟਿੱਪਣੀ, ਫੈਸਲੇ ਦੇ ਵਿਸਥਾਰ ਸਾਹਮਣੇ ਆਉਣ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਪਰ ਗੱਲ ਦਲੀਪ ਡ'ਸੂਜ਼ਾ ਵਲੋਂ ਉਠਾਏ ਸਵਾਲਾਂ ਤੇ ਨਹੀਂ ਮੁੱਕਦੀ ਤੇ ਨਾ ਹੀ ਮਾਮਲਾ ਇੱਕਲਾ ਗੋਧਰਾ ਫੈਸਲੇ ਦਾ ਹੈ।

ਸਮਾਜਕ ਇਨਸਾਫ ਲਈ ਜੂਝਦੀਆਂ ਲੋਕ-ਲਹਿਰਾਂ ਦੇ ਮਾਮਲੇ ਜੇ ਇੱਕ ਪਾਸੇ ਵੀ ਛੱਡ ਦੇਈਏ ਤਾਂ ਘੱਟ ਗਿਣਤੀਆਂ, ਦਲਿਤਾਂ ਤੇ ਕੌਮੀਅਤਾਂ ਦੇ, ਹਕੂਮਤੀ ਥਾਪੜਾ ਪ੍ਰਾਪਤ ਸਮੂਹਕ ਕਤਲੇਆਮਾਂ ਨਾਲ ਸਬੰਧਤ, ਮੁਜ਼ਰਮਾਨਾਂ ਤੌਰ 'ਤੇ ਲੰਮੀਆਂ ਅਦਾਲਤੀ ਕਾਰਵਾਈਆਂ ਦੇ ਸਿੱਟੇ ਵੇਖਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਭਾਰਤੀ ਨਿਆਂ ਵੀ ਇਨ੍ਹਾਂ ਕਤਲੇਆਮਾਂ ਦਾ ਮੁਜ਼ਰਮ ਹੋ ਨਿੱਬੜਿਆ ਹੈ। ਭਾਰਤੀ ਨਿਆਂ ਨੇ ਬਿਨਾਂ ਕਿਸੇ ਛੋਟ ਤੋਂ, ਪਿਛਲੇ ਸੱਠਾਂ ਸਾਲਾਂ 'ਚ, ਅੱਡ-ਅੱਡ ਘੱਟ ਗਿਣਤੀਆਂ, ਦਲਿਤਾਂ ਤੇ ਕੌਮੀਅਤਾਂ ਖਿਲਾਫ ਨਿਯਮਤ ਅੰਤਰਾਲਾਂ 'ਚ ਵਾਪਰਦੇ ਰਹੇ, ਵਿਉਂਤਵੱਧ ਸਮੂਹਕ ਕਤਲੇਆਮਾਂ ਦੇ ਮਾਮਲਿਆਂ 'ਚ, ਸਿੱਧੇ ਤੌਰ 'ਤੇ ਸ਼ਾਮਲ ਰਾਜਸੀ ਧਿਰਾਂ, ਸਥਾਨਕ ਗੁੰਡਿਆਂ ਤੇ ਸਿੱਧੀ-ਅਸਿੱਧੀ ਸ਼ਮੂਲੀਅਤ ਕਰਨ ਵਾਲੇ ਪੁਲਸ ਤੇ ਫੌਜੀ ਬਲਾਂ ਨੂੰ ਕਲੀਨ ਚਿੱਟ ਦਿੱਤੀ ਹੈ। ਜਦਕਿ ਅਫ਼ਜਲ ਗੁਰੂ ਦਾ ਮਾਮਲਾ, ਬਦਲੇ ਹੋਏ ਅਦਾਲਤੀ ਰਵੱਈਏ ਤੇ ਕਨੂੰਨ ਦੀਆਂ ਨਜ਼ਰਾਂ ਵਿਚਲੇ ਟੀਰ ਨੂੰ ਦਰਸਾਉਂਦਾ ਹੈ, ਜਿਸ ਖਿਲਾਫ ਪਾਰਲੀਮੈਂਟ 'ਤੇ ਹਮਲੇ 'ਚ ਸ਼ਮੂਲੀਅਤ ਦਾ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਨੇ ਮਹਿਜ਼ ਇਸ ਲਈ ਫਾਂਸੀ ਦੀ ਸਜ਼ਾ ਦੇ ਦਿੱਤੀ ਤਾਂ ਜੋ "ਮੁਲਕ ਦੀ ਸਾਂਝੀ ਆਤਮਾ" ਦੀ ਤਸੱਲੀ ਕਰਵਾਈ ਜਾ ਸਕੇ।

ਦਲੀਪ ਡ'ਸੂਜ਼ਾ ਦੀ ਲਿਖਤ 'ਚ ਜਿਕਰ ਅਧੀਨ ਆਏ ਸਮੂਹਕ ਕਤਲੇਆਮਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਮਾਮਲੇ 'ਚ ਅਸਫਲਤਾ, ਅਯੁਧਿਆ ਫੈਸਲੇ, ਅਫ਼ਜਲ ਗੁਰੂ ਦੀ ਫਾਂਸੀ ਤੇ ਅਜਿਹੇ ਹੋਰ ਫੈਸਲਿਆਂ ਨਾਲ ਭਾਰਤੀ ਨਿਆਂ ਦਾ ਜੋ ਰੁਖ਼ ਸਾਹਮਣੇ ਆਇਆ ਹੈ ਉਸਦੇ ਅਦਾਲਤੀ ਨਿਆਂ ਦੀ ਅਸਫਲਤਾ ਨਾਲੋਂ ਵੱਡੇ ਸਿੱਟੇ ਉਸ ਰਾਜਸੀ ਸੰਦੇਸ਼ 'ਚ ਸਮੋਏ ਹੋਏ ਹਨ ਜਿਸ ਨਾਲ ਅਦਾਲਤਾਂ ਨੇ ਇਹਨਾਂ ਕਤਲੇਆਮਾਂ ਦੀਆਂ ਜੁੰਮੇਵਾਰ ਮੁੱਖ-ਧਰਾਈ ਰਾਜਸੀ ਧਿਰਾਂ ਦੇ ਫਿਰਕੂ ਤਰਕ 'ਤੇ ਮੋਹਰ ਲਾ ਦਿੱਤੀ ਹੈ। ਸਾਡਾ ਰਾਜਸੀ ਪ੍ਰਬੰਧ ਨਿਘਾਰ ਦੇ ਉਸ ਚਰਮ ਨੂੰ ਛੂਹ ਰਿਹਾ ਹੈ ਜਿੱਥੇ ਫਿਰਕੂ ਟਕਰਾਵਾਂ ਦੇ ਮਾਮਲੇ 'ਚ ਰਾਜ ਦੀਆਂ ਸੰਸਥਾਵਾਂ ਦਾ ਨਿਰਪੱਖਤਾ ਦਾ ਮੁਖੌਟਾ ਲੀਰੋ-ਲੀਰ ਹੋ ਗਿਆ ਹੈ ਤੇ ਹੁਣ ਅਦਾਲਤਾਂ ਸਮੇਤ ਇਹ ਸੰਸਥਾਵਾਂ ਫਿਰਕੂ ਟਕਰਾਵਾਂ 'ਚ ਸ਼ਾਮਲ ਅਨਸਰ ਦਾ ਪ੍ਰਤਖ ਰੋਲ ਨਿਭਾ ਰਹੀਆਂ ਹਨ। ਜੇਕਰ ਕਾਰਪੋਰੇਟ ਕੌਮੀ ਮੀਡੀਆ ਦੇ ਇਸ ਅਰਸੇ ਵਿਚਲੀ ਉਲਾਰੂ ਭੂਮਕਾ ਨੂੰ ਗਿਣ ਲਈਏ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਹ ਵੀ ਕੋਈ ਮੌਕਾ ਮੇਲ ਨਹੀਂ ਕਿ ਕਾਰਪੋਰੇਟ ਜਗਤ ਨੇ ਮੋਦੀ ਨੂੰ ਪਹਿਲੋਂ ਹੀ ਓ.ਕੇ ਦਾ ਸਰਟੀਫਿਕੇਟ ਦਿੱਤਾ ਹੋਇਆ ਹੈ।

ਭਾਰਤੀ ਰਾਜ ਦੇ 'ਸੈਕੁਲਰਵਾਦ' ਦਾ 'ਅਕਬਰੀ ਦੌਰ' ਤਾਂ ਕਦੋਂ ਦਾ ਬੀਤ ਚੁੱਕਾ ਹੈ ਤੇ ਜਾਪਦਾ ਹੈ ਹੁਣ ਅਸੀਂ ਇਸਦੇ ਔਰੰਗਜੇਬੀ ਦੌਰ 'ਚ ਤੇਜ਼ੀ ਨਾਲ ਦਾਖਲ ਹੋ ਰਹੇ ਹਾਂ