StatCounter

Showing posts with label Maruti Suzuki Workers Union. Show all posts
Showing posts with label Maruti Suzuki Workers Union. Show all posts

Friday, March 31, 2017

ਜ਼ਿੰਦਗੀ ਅਤੇ ਆਜ਼ਾਦੀ ਦਾ ਹੱਕ ਪੁਲਸ ਅਤੇ ਫੌਜ ਦੇ ਬੂਟਾਂ ਹੇਠ ਦਰੜਿਆ !!

ਨਿਆਂ ਪ੍ਰਣਾਲੀ ਦੀ ਦੁਰਵਰਤੋਂ ਰਾਹੀਂ ਲੋਕ ਸੰਘਰਸ਼ਾਂ ਦੇ ਆਗੂਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਤੇ ਹਾਕਮਾਂ ਦਾ ਖੂੰਖਾਰ ਹਮਲਾ !


ਹਾਕਮਾਂ ਤੋਂ ਵੱਖਰੇ ਵਿਚਾਰ ਰੱਖਣਾ "ਦਹਿਸ਼ਤਗਰਦੀ "!ਜ਼ਿੰਦਗੀ ਅਤੇ ਆਜ਼ਾਦੀ ਦਾ ਹੱਕ ਪੁਲਸ ਅਤੇ ਫੌਜ ਦੇ ਬੂਟਾਂ ਹੇਠ ਦਰੜਿਆ !!


ਇਸ ਸਾਲ ਮਾਰਚ ਦੇ ਮਹੀਨੇ 'ਚ ਤਿੰਨ ਮਹਤੱਵਪੂਰਨ ਅਦਾਲਤੀ ਫੈਸਲੇ ਆਏ ਹਨ ਜਿਹਾਂ ਦੀਆਂ ਜਮਹੂਰੀ ਹੱਕਾਂ ਦੀ ਲਹਿਰ ਲਈ ਬੇਹੱਦ ਖਤਰਨਾਕ ਅਰਥ ਸੰਭਵਾਨਾਵਾਂ ਹਨ। ਇਹਨਾਂ ਫੈਸਲਿਆਂ ਵਿੱਚ ਸਭ ਤੋਂ ਪਹਿਲਾ ਮਹਾਰਾਸ਼ਟਰ ਦੇ ਜ਼ਿਲੇ ਗੜ੍ਹਚਿਰੋਲੀ ਦੇ ਸ਼ੈਸ਼ਨ ਅਦਾਲਤ ਵੱਲੋਂ ''ਸਰਕਾਰ ਬਨਾਮ ਮਹੇਸ਼ ਕਰਮੀਨ ਟਿਰਕੀ ਅਤੇ ਹੋਰ'' ਵਿੱਚ ਦਿੱਤਾ ਗਿਆ ਫੈਸਲਾ ਹੈ ਜਿਸ ਵਿੱਚ, ਅਦਾਲਤ ਨੇ ਮਹੇਸ਼ ਟਿਰਕੀ, ਪਾਂਡੂ ਨਰੋਟੇ, ਹੇਮ ਮਿਸ਼ਰਾ, ਪ੍ਰਸ਼ਾਂਤ ਰਾਹੀ ਅਤੇ ਪ੍ਰੋ. ਜੀ.ਐਨ. ਸਾਈਬਾਬਾ ਨੂੰ ''ਗੈਰ ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ'' ਦੀਆਂ ਵੱਖ ਵੱਖ ਧਾਰਾਵਾਂ ਤਹਿਤ ਉਮਰ ਕੈਦ ਅਤੇ ਵਿਜੈ ਟਿਰਕੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਦੂਜਾ ਕੇਸ ਮਾਰੂਤੀ-ਸੁਜੂਕੀ ਕੰਪਨੀ ਦੇ ਮਾਨੇਸਰ ਪਲਾਂਟ ਦੇ ਮਜ਼ਦੂਰਾਂ ਨਾਲ ਸਬੰਧਤ ਹੈ ਜਿਸ ਵਿੱਚ ਗੁੜਗਾਉਂ ਦੀ ਅਦਾਲਤ ਨੇ 13 ਮਜ਼ਦੂਰਾਂ ਨੂੰ ਉਮਰਕੈਦ, ਅਤੇ 18 ਮਜ਼ਦੂਰਾਂ ਨੂੰ ਤਿੰਨ ਤੋਂ ਪੰਜ ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਤੀਜਾ, ਕੇਸ ਅਜਮੇਰ ਸ਼ਰੀਫ ਦਰਗਾਹ ਵਿੱਚ ਹੋਏ ਬੰਬ ਧਮਾਕੇ ਨਾਲ ਸਬੰਧਤ ਹੈ ਜਿਸ ਵਿੱਚ ਹਿੰਦੁਤਵੀ ਦਹਿਸ਼ਤੀ ਸੰਗਠਨਾਂ ਨਾਲ ਸਬੰਧਤ ਤਿੰਨ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਪਰ ਇਸ ਕਾਰੇ ਲਈ ਮੁੱਖ ਦੋਸ਼ੀ  ਮਹੰਤ ਅਸੀਮਾਨੰਦ ਨੂੰ, ਅਦਾਲਤ ਵਿੱਚ ਦਿੱਤੇ ਇਕਬਾਲੀਆ ਬਿਆਨ ਦੇ ਬਾਵਜੂਦ ਬਰੀ ਕਰ ਦਿੱਤਾ ਗਿਆ ਹੈ।
ਗੜ੍ਹਚਿਰੋਲੀ ਅਦਾਲਤ ਦਾ ਫੈਸਲਾ: 

ਸੰਘਰਸ਼ ਕਰ ਰਹੇ ਲੋਕਾਂ ਅਤੇ ਉਹਨਾਂ ਦੇ ਹਿਮਾਇਤੀਆਂ ਲਈ ਖਤਰੇ ਦੀ ਘੰਟੀ
ਗੜ੍ਹਚਿਰੋਲੀ ਦੀ ਅਦਾਲਤ ਵੱਲੋਂ ਜਿਨ੍ਹਾਂ 6 ਕਾਰਕੁਨਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ 'ਚ ਸਿਆਸੀ ਕੈਦੀਆਂ ਦੀ ਰਿਹਾਈ ਲਈ ਜੂਝ ਰਿਹਾ ਪੱਤਰਕਾਰ ਪ੍ਰਸ਼ਾਂਤ ਰਾਹੀ, ਸਭਿਆਚਾਰਕ ਕਾਰਕੁਨ ਅਤੇ ਦਿੱਲੀ ਯੂਨੀਵਰਸਿਟੀ ਦਾ ਵਿਦਿਆਰਥੀ ਹੇਮ ਮਿਸ਼ਰਾ, ਆਪਰੇਸ਼ਨ ਗ੍ਰੀਨ ਹੰਟ ਦੀ ਮਾਰ ਹੇਠ ਆਏ ਸੂਬਿਆਂ 'ਚ ਕਬਾਇਲੀ ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲਾ ਦਿੱਲੀ ਯੂਨੀਵਰਸਿਟੀ ਦਾ ਪ੍ਰੋ. ਜੀ.ਐਨ. ਸਾਈਬਾਬਾ ਅਤੇ ਤਿੰਨ ਕਬਾਇਲੀ ਕਾਰਕੁਨ ਸ਼ਾਮਲ ਹਨ। ਇਨ੍ਹਾਂ ਸਾਰਿਆਂ 'ਤੇ ਸੀ. ਪੀ. ਆਈ. (ਮਾਓਵਾਦੀ) ਦੀ ਕਥਿਤ ਫਰੰਟ ਜਥੇਬੰਦੀ ਇਨਕਲਾਬੀ ਜਮਹੂਰੀ ਫਰੰਟ'' 'ਚ ਸ਼ਾਮਲ ਹੋਣ, ਅਤੇ ''ਗੈਰ-ਕਾਨੂੰਨੀਂ ਦਹਿਸ਼ਤਗਰਦ ਕਾਰਵਾਈਆਂ'', ਕਰਨ ਦੇ ਦੋਸ਼ ਲਾਏ ਗਏ ਹਨ। ਇਹ ਫੈਸਲਾ, ਨਿਆਂ ਦੇ ਸਥਾਪਤ ਤੇ ਪ੍ਰਵਾਨਤ ਮਿਆਰਾਂ ਅਨੁਸਾਰ ਇੱਕ-ਪਾਸੜ ਅਤੇ ਨਿਆਂ ਦੀ ਆਤਮਾ ਨੂੰ ਵਲੂੰਧਰਨ ਵਾਲਾ ਹੈ। ਇਹ ਫੈਸਲਾ ਕਰਨ ਸਮੇਂ ਅਦਾਲਤ ਨੇ ਫੌਜਦਾਰੀ ਨਿਆਂ ਦੇ ਸਾਰੇ ਸਥਾਪਤ ਅਸੂਲਾਂ - ਜੋ ਦੋਸ਼ ਸਿੱਧ ਕਰਨ ਲਈ ਪੇਸ਼ ਕੀਤੇ ਸਬੂਤਾਂ ਦੀ ਪਰਖ, ਪੁਲਸ ਦੇ ਸਿਰ ਬਿਨਾਂ ਕਿਸੇ ਸ਼ੱਕ-ਸ਼ੁਭਾ ਤੋਂ ਦੋਸ਼ ਸਿੱਧ ਕਰਨ ਦੀ ਮੁਕੰਮਲ ਜ਼ਿੰਮੇਵਾਰੀ, ਪੁਲਸ ਹਿਰਾਸਤ 'ਚ ਦਿੱਤੇ ਇਕਬਾਲੀਆ ਬਿਆਨ ਦੀ ਭਰੋਸੇਯੋਗਤਾ ਨੂੰ ਅੰਗਣ ਦੇ ਪ੍ਰਚਲਿਤ ਮਿਆਰਾਂ, ਮੁਕੱਦਮੇ ਦੀ ਸੁਣਵਾਈ ਦੌਰਾਨ ਕੁਦਰਤੀ ਇਨਸਾਫ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਦੋਸ਼ੀ ਨੂੰ ਆਪਣੇ ਬਚਾਅ ਦਾ ਪੂਰਾ ਮੌਕਾ ਦੇਣ ਆਦਿ, ਦੀ ਨੰਗੀ ਚਿੱਟੀ ਖਿਲਾਫ਼ ਵਰਜੀ ਕੀਤੀ ਹੈ। ਉੱਚ-ਅਦਾਲਤ ਵੱਲੋਂ ਨਿਰਧਾਰਤ ਮਾਪ-ਦੰਡਾਂ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਟਿੱਚ ਕਰ ਕੇ ਜਾਣਿਆ ਹੈ ਅਤੇ ਪੁਲਸ ਦੀ ਕਹਾਣੀ ਨੂੰ ਬਿਨਾਂ ਕਿਸੇ ਪੁਖਤਾ ਸਬੂਤ ਦੇ, ਹੂਬਹੂ ਪ੍ਰਵਾਨ ਕਰਦਿਆਂ ਇਹਨਾਂ ਸਾਰੇ ਵਿਅਕਤੀਆਂ ਨੂੰ ਸਾਰੇ ਦੋਸ਼ਾਂ 'ਚ ਹੀ ਦੋਸ਼ੀ ਮੰਨ ਕੇ, ਹਰੇਕ ਦੋਸ਼ ਲਈ ਨਿਰਧਾਰਤ ਵੱਧ ਤੋਂ ਵੱਧ ਸਜ਼ਾ ਦਿੱਤੀ ਹੈ।
Ø ਇਸ ਫੈਸਲੇ ਵਿਚ ਇਕ ਫਰਜ਼ੀ ਦਸਤਾਵੇਜ਼ ਦੇ ਆਧਾਰ 'ਤੇ ਤਹਿ ਕੀਤਾ ਗਿਆ ਹੈ ਕਿ ਗੜ੍ਹਚਿਰੋਲੀ ਦੇ ਇਲਾਕੇ 'ਚ ਘੁੰਮ ਰਹੇ ਕਿਸੇ ਵੀ ਵਿਅਕਤੀ ਕੋਲੇ ਕੇਲੇ, ਛਤਰੀ ਅਤੇ ਦੈਨਿਕ ਭਾਸਕਰ ਅਖਬਾਰ ਹੋਣਾ, ਉਸ ਦੇ ਮਾਓਵਾਦੀ ਹੋਣ ਦਾ ਸਿੱਧਾ ਸਬੂਤ ਹੈ ਅਤੇ ਇਹ 'ਸਬੂਤ' ਸਬੰਧਤ ਵਿਅਕਤੀ ਨੂੰ ''ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ'' ਤਹਿਤ ਉਮਰ ਕੈਦ ਦੀ ਸਜ਼ਾ ਦੇਣ ਲਈ ਕਾਫੀ ਹੈ।
Ø ਸੁਪਰੀਮ ਕੋਰਟ ਦੇ ਇੱਕ ਫੈਸਲੇ ਅਨੁਸਾਰ ''ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ'' ਤਹਿਤ ਕਿਸੇ ਵਿਅਕਤੀ ਨੂੰ ਸਜ਼ਾ ਦੇਣ ਲਈ ਜ਼ਰੂਰੀ ਹੈ ਕਿ ਜਿਸ ਪਾਬੰਦੀਸ਼ੁਦਾ ਜਥੇਬੰਦੀ ਦਾ ਉਹ ਮੈਂਬਰ ਹੈ, ਉਹ ਹਿੰਸਕ ਦਹਿਸ਼ਤੀ ਸਰਗਰਮੀਆਂ 'ਚ ਸ਼ਾਮਲ ਹੋਵੇ ਅਤੇ ਸਬੰਧਤ ਵਿਅਕਤੀ ਨੇ ਖੁਦ ਵੀ ਹਿੰਸਕ ਦਹਿਸ਼ਤੀ ਸਰਗਰਮੀਅ 'ਚ ਹਿੱਸਾ ਲਿਆ ਹੋਵੇ। ਇਸ ਕੇਸ'ਚ ਦੋਸ਼ੀ ਐਲਾਨੇ ਕਿਸੇ ਵੀ ਵਿਅਕਤੀ ਖਿਲਾਫ਼ ਪੁਲਸ ਵੱਲੋਂ ਉਹਨਾਂ ਦੇ ਹਿੰਸਕ ਕਾਰਵਾਈਆਂ 'ਚ ਸ਼ਾਮਲ ਹੋਣ ਦਾ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਅਤੇ ਇਹ ਗੱਲ ਅਦਾਲਤ ਨੇ ਆਪਣੇ ਫੈਸਲੇ 'ਚ ਖੁਦ ਮੰਨੀ ਹੈ। ਇਸ ਦੇ ਨਾਲ ਹੀ ''ਇਨਕਲਾਬੀ ਜਮਹੂਰੀ ਫਰੰਟ'' ਨਾਂ ਦੀ ਜਥੇਬੰਦੀ  ਜੋ ਮਾਓਵਾਦੀਆਂ ਦੀ ਫਰੰਟ ਜਥੇਬੰਦੀ ਦੱਸੀ ਗਈ ਹੈ, ਦੇ ਵੀ ਕਿਸੇ ਹਿੰਸਕ ਸਰਗਰਮੀ 'ਚ ਸ਼ਾਮਲ ਹੋਣ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਪਰ ਇਸ ਦੇ ਬਾਵਜੂਦ ਵੀ ਪੰਜ ਵਿਅਕਤੀਆਂ ਨੂੰ ਉਮਰ ਕੈਦ ਅਤੇ ਇਕ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ
ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ, ਗੜ੍ਹਚਿਰੋਲੀ ਦੀ ਅਦਾਲਤ ਦੇ ਫੈਸਲੇ ਦੀ ਅਮਲੀ ਅਰਥ-ਸੰਭਾਵਨਾ ਇਹ ਬਣਦੀ ਹੈ ਕਿ ਕਿਸੇ ਵੀ ਅਜੇਹੇ ਵਿਅਕਤੀ ਨੂੰ ''ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ'' ਤਹਿਤ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ :-
1.   ਜਿਸ ਦੇ ਮੋਬਾਇਲ ਫੋਨ, ਕੰਪਿਊਟਰ, ਜਾਂ ਪੈਨ ਡਰਾਇਵ ਵਗੈਰਾ 'ਚ ਨੈਟ ਤੋਂ ਡਾਊਨਲੋਡ ਕਰਕੇ ਮਾਓਵਾਦੀ ਪਾਰਟੀ ਜਾਂ ਇਸ ਨਾਲ ਸਬੰਧਤ ਦੱਸੀ ਜਾਂਦੀ ਕਿਸੇ ਵੀ ਜਥੇਬੰਦੀ ਦਾ ਕੋਈ ਦਸਤਾਵੇਜ਼ ਹੋਵੇ; ਝੂਠੇ ਪੁਲਸ ਮੁਕਾਬਲਿਆਂ 'ਚ ਮਾਰੇ ਗਏ ਜਾਂ ਝੂਠੇ ਕੇਸਾਂ 'ਚ ਉਲਝਾ ਕੇ ਲੰਮੇ ਸਮੇਂ ਤੋਂ ਜੇਲ੍ਹੀਂ ਡੱਕੇ ਲੋਕਾਂ ਦੀ ਸੂਚੀ, ਫੋਟੋਆਂ ਜਾਂ ਲੇਖ ਆਦਿ ਹੋਵੇ;
2.   ਜੋ ਫਾਂਸੀ ਦੀ ਸਜਾ ਦਾ ਵਿਰੋਧ ਕਰਦਾ ਹੋਵੇ - ਖਾਸ ਕਰਕੇ ਮਾਓਵਾਦੀ ਕਾਰਕੁਨਾਂ ਜਾਂ ਕਸ਼ਮੀਰ ਅਤੇ ਉੱਤਰ-ਪੂਰਬੀ ਖਿੱਤੇ 'ਚ ਸੰਘਰਸ਼ ਕਰ ਰਹੇ ਕਾਰਕੁਨਾਂ ਲਈ, ਭਾਵੇਂ ਅਜਿਹੇ ਸਜ਼ਾ ਬਾਅਦ ਵਿੱਚ ਉੱਚ ਅਦਾਲਤਾਂ ਵੱਲੋਂ ਗੈਰ-ਕਾਨੂੰਨੀ ਕਹਿ ਕੇ ਰੱਦ ਕਰ ਦਿੱਤੀ ਗਈ ਹੋਵੇ;
3.   ਜੋ ਵਿਕਾਸ ਪ੍ਰੋਜੈਕਟਾਂ ਦੇ ਨਾਂ ਹੇਠ ਲੋਕਾਂ ਕੋਲੋਂ ਜਲ, ਜੰਗਲ, ਜ਼ਮੀਨਾਂ ਅਤੇ ਖਣਿਜ ਪਦਾਰਬ ਜਬਰੀ ਖੋਹੇ ਜਾਣ, ਲੋਕਾਂ ਦਾ ਉਜਾੜਾ ਰੋਕਣ ਅਤੇ ਉਜੜੇ ਲੋਕਾਂ ਦੇ ਮੁੜ-ਵਸੇਬਾ ਕਰਨ ਲਈ ਆਵਾਜ਼ ਉਠਾਉਂਦਾ ਹੋਵੇ;
4.   ਜੋ ਹਾਕਮਾਂ ਦੇ ਲੋਕ-ਧ੍ਰੋਹੀ ਅਤੇ ਸਾਮਰਾਜ-ਪੱਖੀ 'ਵਿਕਾਸ ਮਾਡਲ' ਦਾ ਵਿਰੋਧ ਕਰਦਾ ਹੋਵੇ। (ਇਸਦੀ ਝਲਕ ਫੈਸਲੇ ਦੇ ਪੈਰਾ ਨੰ: 1013 ਤੋਂ ਮਿਲਦੀ ਹੈ ਜਿਸ ਵਿੱਚ ਅਦਾਲਤ ਵੱਲੋਂ ਸਾਫ ਲਿਖਿਆ ਗਿਆ ਹੈ ਕਿ ਦੋਸ਼ੀਆਂ - ਪ੍ਰੋ ਸਾਈਬਾਬਾ, ਪ੍ਰਸ਼ਾਂਤ ਰਾਹੀ, ਹੇਮ ਮਿਸ਼ਰਾ ਅਤੇ ਤਿੰਨ ਕਬਾਇਲੀ ਕਾਰਕੁਨ ਗੜ੍ਹਚਿਰੋਲੀ ਦੇ 'ਵਿਕਾਸ' 'ਚ ਰੋੜ ਬਣੇ ਹੋਏ ਹਨ। ਉਹ ਮੌਤ ਦੀ ਸਜ਼ਾ ਦੇ ਹੱਕਦਾਰ ਹਨ ਪ੍ਰੰਤੂ ਕਾਨੂੰਨ ਵੱਲੋਂ ਅਦਾਲਤ ਦੇ ਹੱਥ ਬੰਨੇਂ ਹੋਣ ਕਾਰਨ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।)
5.   ਜੋ ਲੋਕ-ਹਿਤਾਂ ਲਈ ਸੰਘਰਸ਼ ਕਰ ਰਹੇ ਉਹਨਾਂ ਆਗੂਆਂ ਦੀ ਰਿਹਾਈ ਦੀ ਮੰਗ ਕਰਦਾ ਹੋਵੇ, ਜਿਨ੍ਹਾਂ ਨੂੰ ਹਾਕਮਾਂ ਨੇ ਗੈਰਕਾਨੂੰਨੀ ਅਤੇ ਦਹਿਸ਼ਤਗਰਦੀ ਦੀਆਂ ਸਰਗਰਮੀਆਂ'ਚ ਸ਼ਾਮਲ ਹੋਣ, ਭਾਰਤ ਸਰਕਾਰ ਵਿਰੁੱਧ ਯੁੱਧ ਛੇੜਣ ਜਾਂ ਦੇਸ਼-ਧ੍ਰੋਹ ਵਰਗੇ ਸੰਗੀਨ ਜੁਰਮ ਲਾਕੇ, ਝੂਠੇ ਕੇਸਾਂ 'ਚ ਸਾਲਾਂ-ਬੱਧੀ ਜੇਲ੍ਹਾਂ 'ਚ ਡੱਕਿਆ ਹੋਵੇ।
6.   ਜੋ ਸਿਆਸੀ ਕੈਦੀਆਂ ਦੀ ਰਿਹਾਈ ਜਾਂ ਉਹਨਾਂ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਸਬੰਧੀ ਹੋਏ ਇਕੱਠਾ, ਸੈਮੀਨਾਰਾਂ, ਕਨਵੈਨਸ਼ਨਾਂ ਆਦਿ 'ਚ 'ਹਮ ਲੜੇਂਗੇ ਸਾਥੀ' ਜਾਂ 'ਲੇ ਮਸ਼ਾਲੇ ਚਲ ਪੜੇ ਹੈਂ ਲੋਕ ਮੇਰੇ ਗਾਓਂ ਕੇ' ਵਰਗੇ ਗੀਤ ਗਾਵੇ ਜਾਂ ਅਜੇਹੇ ਗੀਤ ਗਾਓਣ ਵਾਲਿਆਂ ਟੀਮਾਂ ਵਿੱਚ ਡਫਲੀ ਆਦਿ ਸਾਜ਼ ਵਜਾਵੇ; ਇਹਨਾਂ ਇਕੱਠਾਂ ਦੀਆਂ ਤਸਵੀਰਾਂ ਅਤੇ ਰਿਪੋਰਟਾਂ, ਫੇਸਬੁੱਕ, ਵੱਟਸਐਪ ਅਤੇ ਹੋਰ ਸਮਾਜਿਕ ਮੀਡੀਆ 'ਤੇ ਫੈਲਾਵੇ, ਜਾਂ ਅਜਿਹੇ ਇਕੱਠ ਜਥੇਬੰਦ ਕਰਨ ਵਾਲੇ ਆਗੂਆਂ ਨਾਲ ਸ਼ੋਸ਼ਲ ਮੀਡੀਆ 'ਤੇ ਦੋਸਤੀ ਪਾਵੇ।
7.   ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਹੁਤ ਸਾਰੀਆਂ ਅਖਬਾਰੀ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਜਮਹੂਰੀ ਅਧਿਕਾਰ ਸਭਾ ਸਮੇਤ ਪੰਜਾਬ ਦੀਆਂ ਕਈ ਹੋਰ ਜਥੇਬੰਦੀਆਂ 'ਤੇ ਮਾਓਵਾਦੀਆਂ ਦੀਆਂ ''ਫਰੰਟ ਜਥੇਬੰਦੀਆਂ'' ਹੋਣ ਦਾ ਝੂਠਾ ਠੱਪਾ ਲਾਇਆ ਹੋਇਆ ਹੈ। ਜਦਕਿ ਹਕੀਕਤ ਇਹ ਹੈ ਕਿ ਸਭਾ ਦਹਾਕਿਆਂ ਤੋਂ ਜਮਹੂਰੀ ਹੱਕਾਂ ਵਾਸਤੇ ਸਰਗਰਮ ਸੰਗਠਨ ਹੈ ਜਿਸ ਵਿਚ ਪੰਜਾਬ ਦੀਆਂ ਬਹੁਤ ਨਾਮਵਰ ਤੇ ਵੱਖ ਵੱਖ ਖੇਤਰਾਂ ਦੀਆਂ ਚਰਚਿਤ ਲੋਕ ਪੱਖੀ ਸ਼ਖਸ਼ੀਅਤਾਂ ਹਿਸਾ ਲੈਂਦੀਆਂ ਰਹੀਆਂ ਹਨ।
ਮਾਰੂਤੀ-ਸੁਜ਼ੂਕੀ ਦੇ ਕਾਮਿਆਂ ਬਾਰੇ ਗੁੜਗਾਓਂ ਅਦਾਲਤ ਦਾ ਫੈਸਲਾ:
ਕਿਰਤੀ ਵਿਰੋਧੀ ਫੈਸਲਿਆਂ ਦੀ ਲੜੀ ਦਾ ਹਿੱਸਾ  
ਗੁੜਗਾਓਂ ਦੀ ਅਦਾਲਤ ਵੱਲੋਂ ਮਾਰੂਤੀ-ਸੁਜ਼ੂਕੀ ਕੰਪਨੀ ਦੇ 13 ਮਜ਼ਦੂਰਾਂ ਜਿਸ ਵਿੱਚ ਯੂਨੀਅਨ ਬਾਡੀ ਦੇ 12 ਮੈੰਬਰ ਸ਼ਾਮਿਲ ਹਨ ਨੂੰ ਕਤਲ ਦੇ ਝੂਠੇ ਦੋਸ਼ ਹੇਠ 18 ਮਾਰਚ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਿਨਾਂ 4 ਮਜਦੂਰਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਤੇ 14 ਮਜਦੂਰਾਂ ਨੂੰ ਤਿੰਨ ਸਾਲ ਦੀ ਸਜ਼ਾ ਹੋਈ। ਜਿਹਨਾਂ ਮਜ਼ਦੂਰਾਂ ਨੂੰ ਤਿੰਨ ਸਾਲ ਦੀ ਸਜਾ ਹੋਈ ਹੈ ਉਹ ਪਹਿਲਾਂ ਹੀ ਚਾਰ ਸਾਲ ਜੇਲ੍ਹ 'ਚ ਗੁਜਾਰ ਚੁਕੇ ਸੀ ਜਿਸ ਕਾਰਣ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਫੈਸਲੇ ਰਾਹੀਂ 117 ਮਜਦੂਰਾਂ ਨੂੰ ਬਰੀ ਕੀਤਾ ਗਿਆ ਜਿਹੜੇ ਕਰੀਬ 4 ਸਾਲ ਜੇਲ੍ਹ ‘ਚ ਗੁਜਾਰ ਚੁੱਕੇ ਸੀ,ਕੋਈ ਨਹੀਂ ਜਾਣਦਾ ਉਹਨਾਂ ਸਾਲਾਂ ਦਾ ਹਿਸਾਬ ਕੌਣ ਦੇਵੇਗਾ।148 ਮਜਦੂਰ ਲਗਭਗ 2012 ਤੋਂ ਬਿਨਾਂ ਜਮਾਨਤ ਚਾਰ ਸਾਲ ਤੱਕ ਜੇਲ੍ਹ ਚ ਰਹੇ ਅਤੇ 2500ਮਜਦੂਰਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਰਖਾਸਤ ਕਰ ਦਿੱਤਾ ਗਿਆ ਤੇ ਲਗਾਤਾਰ ਰਾਜ-ਸੱਤਾ ਦੇ ਦਮਨ ਦਾ ਸਾਹਮਣਾ ਕਰਨਾ ਪਿਆ। ਮਰੂਤੀ ਸਜੂਕੀ ਦੇ ਕਾਮਿਆਂ ਨਾਲ ਸਰਕਾਰ ਤੇ ਹਕੂਮਤੀ ਤਾਣੇ-ਬਾਣੇ ਵਲੋਂ ਕੀਤੀਆਂ ਵਧੀਕੀਆਂ, ਸਰਕਾਰ ਦੀਆਂ ਉਹਨਾਂ ਨੀਤੀਆਂ ਦੀ ਹੀ ਕੜੀ ਹੈ ਜਿਨ੍ਹਾਂ ਦੇ ਤਹਿਤ ਦੇਸੀ-ਬਦੇਸ਼ੀ ਸ਼ਾਹੂਕਾਰਾਂ ਨੂੰ ਮੁਲਕ ਦੇ ਮਾਲ-ਖਜ਼ਾਨੇ ਅਤੇ ਕਿਰਤ ਦੀ ਅੰਨੀਂ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ ਅਤੇ ਕਿਰਤੀਆਂ ਦੇ ਜਥੇਬੰਦ ਹੋਕੇ ਸੰਘਰਸ਼ ਕਰਨ ਦੇ ਅਧਿਕਾਰਾਂ ਨੂੰ ਦਰੜਿਆ ਜਾ ਰਿਹਾ ਹੈ। ਇਹ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ। ਇਸ ਦੇ ਤਹਿਤ ਪਹਿਲਾਂ ਲੁਧਿਆਣੇ ਦੇ ਵੀਰਗਾਰਮੈਂਟਸ ਅਤੇ ਡੀ.ਐਮ.ਸੀ. ਹਸਪਤਾਲ ਦੇ ਕਰਮਚਾਰੀਆਂ ਨੂੰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਸਨ। ਇਸ ਤੋਂ ਬਾਦ ਕੋਇੰਬਟੂਰ 'ਚ ਪ੍ਰਾਈਕੋਲ, ਸੂਰਜਪੁਰ 'ਚ ਗਰਾਜੀਆਨੋ ਅਤੇ ਯਨਮ (ਪਾਂਡੀਚੇਰੀ) 'ਚ ਰੀਜੈਂਸੀ ਸੈਰੇਮਿਕ ਦੇ ਮਜ਼ਦੂਰਾਂ ਨੂੰ ਭਾਰੀ ਸਜਾਵਾਂ ਦਿੱਤੀਆਂ ਗਈਆਂ। ਇਕ ਪਾਸੇ ਸਰਕਾਰ ਵੱਲੋਂ ਕਿਰਤੀਆਂ ਦੇ ਕਾਨੂੰਨੀ ਹੱਕਾਂ ਦੀਆਂ ਮਾਲਕਾਂ ਵੱਲੋਂ ਨੰਗੇ-ਚਿੱਟੇ ਰੂਪ 'ਚ ਕੀਤੀਆਂ ਜਾ ਰਹੀਆਂ ਉਲੰਘਣਾਵਾਂ ਦਾ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ, ਦੂਜੇ ਪਾਸੇ ਆਪਣੇ ਹੱਕਾਂ ਲਈ ਸੰਘਰਸ਼ਾਂ ਦੇ ਰਾਹ ਪਏ ਕਿਰਤੀਆਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਲੰਮੀਆਂ ਕੈਦਾਂ ਦੀਆਂ ਸਜਾਵਾਂ ਦਿਵਾਈਆਂ ਜਾ ਰਹੀਆਂ ਹਨ।
Ø ਮਾਰੂਤੀ-ਸੁਜ਼ੂਕੀ ਕੇਸ 'ਚ ਅਦਾਲਤ ਦਾ ਜਮਾਤੀ ਪੱਖਪਾਤ ਇਸ ਗੱਲੋਂ ਸਪੱਸ਼ਟ ਹੋ ਜਾਂਦਾ ਹੈ ਕਿ ਮਜ਼ਦੂਰਾਂ ਦੇ ਖਿਲਾਫ਼ ਗਵਾਹੀਆਂ ਦੇਣ ਵਾਲੇ ਸਾਰੇ ਵਿਅਕਤੀ ਮਾਲਕਾਂ ਦੇ ਅਧਿਕਾਰੀ ਜਾਂ ਪੁਲਸ ਕਰਮਚਾਰੀ ਸਨ। ਜਦੋਂ ਬਚਾਅ-ਪੱਖ ਨੇ ਉਹਨਾਂ ਦੀ ਗਵਾਹੀ ਨੂੰ ਜਮਾਤੀ ਇੱਕ-ਪਾਸੜਪੁਣੇਂ (Class prejudice) ਦੇ ਆਧਾਰ 'ਤੇ ਰੱਦ ਕਰਨ ਦੀ ਦਲੀਲ ਦਿੱਤੀ ਤਾਂ ਅਦਾਲਤ ਨੇ ਨੇ ਕਿਹਾ ਕਿ ਇਸਨੂੰ ਪ੍ਰਵਾਨ ਨਹੀਂ ਕੀਤਾ। ਪਰ ਦੂਜੇ ਪਾਸੇ ਜਦੋਂ ਬਚਾਅ ਪੱਖ ਨੇ ਕੇਸ ਦੀ ਤਫਤੀਸ਼ ਤੇ ਸੁਆਲ ਉਠਾਉਂਦਿਆਂ ਇਹ ਦਲੀਲ ਉਭਾਰੀ ਕਿ ਤਫਤੀਸ਼ ਦੌਰਾਨ ਪੁਲਸ ਨੇ ਉਹਨਾਂ ਮਜ਼ਦੂਰਾਂ ਦੇ ਬਿਆਨ ਨਹੀਂ ਲਿਖੇ ਜੋ ਘਟਨਾ ਸਮੇਂ ਮੌਕੇ 'ਤੇ ਮੌਜੂਦ ਸਨ ਅਤੇ ਵਾਕੇ 'ਚ ਸ਼ਾਮਲ ਨਹੀਂ ਸਨ ਤਾਂ ਅਦਾਲਤ ਨੇ ਇਸਨੂੰ ਇਸ ਆਧਾਰ 'ਤੇ ਰੱਦ ਕਰ ਦਿੱਤਾ ਕਿ ਉਹਨਾਂ ਕਿਰਤੀਆਂ ਨੇ ਯੂਨੀਅਨ ਦੇ ਮੈਂਬਰ ਹੋਣ ਕਾਰਨ ਆਪਣੇ ਸਾਥੀਆਂ ਦੇ ਹੱਕ 'ਚ ਹੀ ਬਿਆਨ ਦੇਣੇਂ ਸਨ। ਜੇ ਯੂਨੀਅਨ ਦੇ ਮੈਂਬਰ ਹੋਣ ਕਾਰਨ ਕਿਰਤੀਆਂ ਦੀ ਗਵਾਹੀ ਨੂੰ ਜਮਾਤੀ ਨਜ਼ਰੀਏ ਤੋਂ ਪ੍ਰੇਰਤ ਹੋਣ ਦੇ ਆਧਾਰ 'ਤੇ ਰੱਦ ਕੀਤਾ ਜਾ ਸਕਦਾ ਹੈ ਤਾਂ ਮਾਲਕਾਂ ਅਧੀਨ ਕੰਮ ਕਰ ਰਹੇ ਅਧਿਕਾਰੀਆਂ ਦੀ ਗਵਾਹੀ 'ਤੇ ਜਮਾਤੀ ਨਜ਼ਰੀਏ ਦਾ ਮਾਪ-ਦੰਡ ਕਿਉਂ ਨਹੀਂ ਲਾਗੂ ਕੀਤਾ ਗਿਆ? ਸਭਾ ਸਮਝਦੀ ਹੈ ਕਿ ਦਰਅਸਲ ਮਰੂਤੀ ਸਜੂਕੀ ਦੇ ਉਕਤ ਅਤੇ ਪਹਿਲਾਂ ਤੋਂ ਮਜ਼ਦੂਰਾਂ ਖਿਲਾਫ ਆਏ ਹੋਰ ਫੈਸਲਿਆਂ ਰਾਹੀਂ ਪੁਲਸ ਅਤੇ ਨਿਆਂਇਕ ਪ੍ਰਬੰਧਵੱਲੋਂ ਦੇਸੀ-ਵਿਦੇਸ਼ੀ ਸ਼ਾਹੂਕਾਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਰਹੀ ਹੈ ਅਤੇ ਫੌਜਦਾਰੀ ਨਿਆਂ ਪ੍ਰਣਾਲੀ ਨੂੰ ਕਿਰਤੀਆਂ ਦੇ ਸੰਘਰਸ਼ਾਂ ਅਤੇ ਵਿਰੋਧ ਨੂੰ ਝੂਠੇ ਕੇਸਾਂ 'ਚ ਉਲਝਾਕੇ ਅਤੇ ਸਖਤ ਸਜ਼ਾਵਾਂ ਦੇ ਕੇ ਕੁਚਲ ਦੇਣ ਲਈ ਵਰਤਿਆ ਜਾ ਰਿਹਾ ਹੈ।

ਅਜਮੇਰ ਸ਼ਰੀਫ ਦਰਗਾਹ, ਮੱਕਾ ਮਸਜਿਦ ਅਤੇ ਸਮਝੌਤਾ ਐਕਸਪ੍ਰੈਸ 'ਚ ਬੰਬ ਧਮਾਕਿਆਂ ਨਾਲ ਸਬੰਧਤ ਕੇਸਾਂ ‘ਚ ਝਲਕਦਾ ਪਖਪਾਤੀ ਰਵਈਆ: 


ਉਕਤ ਸਾਰੇ ਕੇਸਾਂ 'ਚ ਸਰਕਾਰ, ਪ੍ਰਸ਼ਾਸਨਕਿ ਤੇ ਨਿਆਂਇਕ ਪ੍ਰਬੰਧ ਦਾ ਰਵੱਈਆ ਮੁਜਰਮਾਂ ਦਾ ਪੱਖ ਪੂਰਨ ਵਾਲਾ ਜਾਹਰ ਹੋਇਆ ਹੈ ਕਿਉਂਕਿ ਸਾਰੇ ਦੇ ਸਾਰੇ ਮੁਜਰਮ ਹਿੰਦੂਤਵੀਫਿਰਕੂ ਫਾਸ਼ੀ ਦਹਿਸ਼ਤੀ ਗ੍ਰੋਹਾਂ ਨਾਲ ਸਬੰਧਤ ਸਨ। ਅਸੀਮਾਨੰਦ ਅਤੇ ਹੋਰ ਗਵਾਹਾਂ ਦੇ ਇਕਬਾਲੀਆ ਬਿਆਨਾਂ ਅਤੇ ਤਫਤੀਸ਼ ਦੌਰਾਨ ਇਕੱਠੇ ਕੀਤੇ ਸਬੂਤਾਂ ਤੋਂ ਇਹ ਸਾਫ ਹੋ ਗਿਆ ਸੀ ਕਿ ਆਰ.ਐਸ.ਐਸ. ਦੇ ਸਿੱਧੇ ਥਾਪੜੇ ਨਾਲ 'ਅਭਿਨਵ ਭਾਰਤ' ਨਾਂ ਦੀ ਜਥੇਬੰਦੀ ਦਹਿਸ਼ਤਗਰਦ ਕਾਰਵਾਈਆਂ 'ਚ ਲੱਗੀ ਹੋਈ ਸੀ ਅਤੇ ਉਸਨੇ ਉਪਰੋਕਤ ਸਾਰੇ ਬੰਬ ਧਮਾਕੇ ਕਰਕੇ ਲਗਭਗ 100 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਪਰ ਇਸ ਜਥੇਬੰਦੀ ਨੂੰ ਸਰਕਾਰ ਨੇ ਗੈਰਕਾਨੂੰਨੀ ਜਾਂ ਦਹਿਸ਼ਤਗਰਦ ਨਹੀਂ ਐਲਾਨਿਆ। ਜਦੋਂ ਇਕਬਾਲੀਆ ਬਿਆਨ ਦੇਣ ਵਾਲੇ ਗਵਾਹਾਂ ਨੇ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਅਤੇ ਹੁਣ ਉਤਰਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਯੋਗੀ ਅਦਿੱਤਯਨਾਥ ਦੇ ਨਾਂ ਲੈਣੇ ਸ਼ੁਰੂ ਕਰ ਦਿੱਤੇ ਤਾਂ ਤਫਤੀਸ਼ ਬੰਦ ਕਰ ਦਿੱਤੀ ਗਈ। ਇਹਨਾਂ ਸਾਰੇ ਗਵਾਹਾਂ ਦੇ ਇਕਬਾਲੀਆਂ ਬਿਆਨਾਂ ਨੂੰ ਵੀ ਬਿਨਾਂ ਕਿਸੇ ਠੋਸ ਕਾਰਨ ਦੇ ਨਜ਼ਰ ਅੰਦਾਜ ਕਰ ਦਿੱਤਾ ਗਿਆ। ਅਜਿਹੇ ਮੁਜਰਮਾਂ ਨੂੰ ਮੁਹਈਆ ਨਿਆਂਇਕ ਸੁਰਖਿਆ ਛਤਰੀ ਰਾਹੀਂ ਭਗਵੀਂ ਫਿਰਕਾਪ੍ਰਸਤੀ ਨੂੰ ਹਵਾ ਦਿਤੀ ਜਾ ਰਹੀ ਹੈ।

Thursday, July 26, 2012

Joint Memorandum in solidarity with workers of the Maruti Suzuki Workers Union

ਮਾਰੂਤੀ ਸਜ਼ੂਕੀ ਵਰਕਰਜ਼ ਯੂਨੀਅਨ ਦੀ ਹਮਾਇਤ 'ਚ ਸਾਂਝਾ ਯਾਦ-ਪੱਤਰ
ਜੁਲਾਈ 25, 2012

[ਮਰੂਤੀ ਸਜ਼ੂਕੀ ਦੇ ਮਾਨੇਸਰ ਪਲਾਂਟ ਦੇ ਮਜ਼ਦੂਰ ਅੰਦੋਲਨ ਨੂੰ ਬਦਨਾਮ ਕਰਨ ਲਈ ਮਨੇਜਮੈਂਟ, ਸਰਕਾਰ, ਮੀਡੀਆ ਤੇ ਹੋਰ ਮਜ਼ਦੂਰ ਵਿਰੋਧੀ ਤਾਕਤਾਂ ਵਲੋਂ ਜੋਰਦਾਰ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਪਰੰਤੂ ਹਕੀਕਤ ਜਿਵੇਂ-ਜਿਵੇਂ ਸਾਹਮਣੇ ਆ ਰਹੀ ਹੈ ਉਸਨੇ ਇਹਨਾਂ ਮਜ਼ਦੂਰ ਵਿਰੋਧੀ ਤਾਕਤਾਂ ਦਾ ਘ੍ਰਿਣਤ ਚਿਹਰਾ ਬੇਪਰਦ ਕਰ ਦੇਣਾ ਹੈ। ਹੇਠਾਂ, ਵੱਖ-ਵੱਖ ਜਨ-ਸੰਗਠਨਾਂ ਵਲੋਂ ਜਾਰੀ ਇੱਕ ਯਾਦ-ਪੱਤਰ ਦਿੱਤਾ ਜਾ ਰਿਹਾ ਹੈ ਜਿਸਤੋਂ 18 ਜੁਲਾਈ ਦੇ ਘਟਨਾਕ੍ਰਮ ਦੀ ਅਸਲ ਤਸਵੀਰ ਦਾ ਸੰਖੇਪ ਖਾਕਾ ਪਤਾ ਚਲਦਾ ਹੈ।] 




ਅਕਤੂਬਰ 2011 'ਚ ਮਰੂਤੀ ਸਜ਼ੂਕੀ ਮਾਨੇਸਰ ਪਲਾਂਟ ਦੇ ਕਾਮੇ 'ਗੁਡ ਕੰਡਕਟ ਬਾਂਡ' ਭਰਵਾਉਣ ਖਿਲਾਫ ਅਤੇ ਆਪਣੇ ਸੈਂਕੜੇ ਸਾਥੀਆਂ ਦੀ ਬਰਤਰਫੀ ਰੱਦ ਕਰਾਉਣ ਲਈ ਸੰਘਰਸ਼ ਦੌਰਾਨ ਰੈਲੀ ਕਰਦੇ ਹੋਏ


ਵੱਲ,

ਰੈਜ਼ੀਡੈਂਸ ਕਮਿਸ਼ਨਰ,
ਹਰਿਆਣਾ ਭਵਨ, ਹਰਿਆਣਾ ਸਰਕਾਰ,
ਕਾਪਰਨਿਕਸ ਮਾਰਗ, ਨਵੀਂ ਦਿੱਲੀ।

ਵਿਸ਼ਾ: ਮਰੂਤੀ ਸਜ਼ੂਕੀ ਵਰਕਰਜ਼ ਯੂਨੀਅਨ ਦੀ ਹਮਾਇਤ ਵਿੱਚ ਅਵਾਮੀ ਜੱਥੇਬੰਦੀਆਂ ਵਲੋਂ ਯਾਦ-ਪੱਤਰ

ਸ਼੍ਰੀ ਮਾਨ ਜੀ,

ਤੁਸੀਂ ਮਰੂਤੀ ਸਜ਼ੂਕੀ ਇੰਡੀਆ ਪ੍ਰਾਈਵੇਟ ਲਿਮਟਡ ਦੇ ਮਾਨੇਸਰ ਪਲਾਂਟ ਵਿੱਚ ਵਾਪਰੇ ਤਾਜ਼ਾ ਘਟਨਾਕ੍ਰਮ ਤੋਂ ਜਾਣੂੰ ਹੀ ਹੋਵੋਗੇ ਜਿਸ ਦੌਰਾਨ 81 ਕਾਮੇ ਗਿਰਫਤਾਰ ਕੀਤੇ ਗਏ ਹਨ ਅਤੇ ਹੋਰ ਬਹੁਤ ਸਾਰੇ ਫੜੇ ਹੋਏ ਹਨ। ਇੱਕ ਮਨੇਜਰ ਦੀ ਮੌਤ ਹੋ ਗਈ ਹੈ ਅਤੇ ਸੈਂਕੜਿਆਂ ਦੀ ਗਿਣਤੀ 'ਚ ਕਾਮਿਆਂ ਅਤੇ ਹੋਰ ਪ੍ਰਬੰਧਕੀ ਸਟਾਫ ਨੂੰ ਗਹਿਰੀਆਂ ਚੋਟਾਂ ਆਈਆਂ ਹਨ।

ਇਹ ਘਟਨਾ ਰਾਜ ਸਰਕਾਰ, ਇਸਦੇ ਕਿਰਤ ਵਿਭਾਗ, ਸਿਵਲ ਅਤੇ ਪੁਲਸ ਪ੍ਰਸ਼ਾਸਨ ਦੀ ਕਾਮਿਆਂ ਦੇ ਹਿੱਤਾਂ ਪ੍ਰਤੀ ਪੂਰੀ ਲਾਪਰਵਾਹੀ ਨੂੰ ਉਜਾਗਰ ਕਰਦੀ ਹੈ। ਕਾਮਿਆਂ ਨੂੰ ਮਰੂਤੀ ਮਨੇਜਮੈਂਟ ਦੇ ਜ਼ਾਲਮਾਨਾ ਵਤੀਰੇ ਕਾਰਣ ਬੇਅੰਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨੇਜਮੈਂਟ, ਰਾਜ ਸਰਕਾਰ ਅਤੇ ਕਿਰਤ ਵਿਭਾਗ ਨਾਲ ਪੂਰੀ ਤਰ੍ਹਾਂ ਘਿਓ-ਖਿਚੜੀ ਹੈ ਅਤੇ ਮਾਰੂਤੀ ਸਜ਼ੂਕੀ ਦੇ ਮਾਨੇਸਰ ਪਲਾਂਟ ਵਿਖੇ ਸਨਅਤੀ ਸਬੰਧਾਂ ਦੀ ਮੌਜੂਦਾ ਦਸ਼ਾ ਲਈ ਪੂਰਨ ਰੂਪ ਵਿੱਚ ਜੁੰਮੇਵਾਰ ਹੈ।

18 ਜੁਲਾਈ ਦਾ ਘਟਨਾਕ੍ਰਮ, ਮਨੇਜਮੈਂਟ ਦੀ ਕਾਮਿਆਂ ਨੂੰ ਖੂੰਜੇ ਲਾਉਣ ਦੀ ਸਾਜਿਸ਼ ਦਾ ਇੱਕ ਉਘੜਵਾਂ ਨਮੂਨਾ ਹੈ। 18 ਜੁਲਾਈ ਦੀ ਬਾਅਦ ਦੁਪਹਿਰ, ਸ਼ਾਪ ਫਲੋਰ 'ਤੇ ਇੱਕ ਸੁਪਰਵਾਈਜ਼ਰ ਨੇ ਦਲਿਤ ਵਰਗ ਨਾਲ ਸਬੰਧਤ ਇੱਕ ਪੱਕੇ ਮੁਲਾਜ਼ਮ ਖਿਲਾਫ ਜਾਤੀ ਸੂਚਕ ਟਿੱਪਣੀਆਂ ਕੀਤੀਆਂ। ਉਸ ਵਰਕਰ ਨੇ ਸੁਪਰਵਾਈਜ਼ਰ ਦੀਆਂ ਇਹਨਾਂ ਟਿੱਪਣੀਆਂ ਦਾ ਵਿਰੋਧ ਕੀਤਾ। ਕਾਮਿਆਂ ਨੇ ਘਟਨਾ ਦੀ ਪੜਤਾਲ ਦੀ ਮੰਗ ਕੀਤੀ। ਪਰ ਮਨੇਜਮੈਂਟ ਨੇ ਬਿਨਾਂ ਕੋਈ ਪੜਤਾਲ ਕੀਤਿਆਂ, ਸਬੰਧਤ ਸੁਪਰਵਾਈਜ਼ਰ 'ਤੇ ਕੋਈ ਕਾਰਵਾਈ ਕਰਨ ਦੀ ਥਾਂ, ਉਸ ਵਰਕਰ ਨੂੰ ਹੀ ਫੌਰੀ ਬਰਖਾਸਤ ਕਰ ਦਿੱਤਾ। ਕਾਮੇ ਅਤੇ ਯੂਨੀਅਨ ਦੇ ਨੁਮਾਇੰਦੇ ਮਨੇਜਮੈਂਟ ਅਧਿਕਾਰੀਆਂ ਪਾਸ ਉਕਤ ਸੁਪਰਵਾਈਜ਼ਰ ਖਿਲਾਫ ਕਾਰਵਾਈ ਕਰਨ ਅਤੇ ਵਰਕਰ ਦੀ ਨਿਹੱਕੀ ਸਸਪੈਨਸ਼ਨ ਰੱਦ ਕਰਨ ਦੀ ਮੰਗ ਨੂੰ ਲੈਕੇ ਗਏ ਪਰ ਮਨੇਜਮੈਂਟ ਨੇ ਕਾਮਿਆਂ ਦੀ ਗੱਲ ਸੁਨਣ ਤੋਂ ਹੀ ਇਨਕਾਰ ਕਰ ਦਿੱਤਾ। ਮਨੇਜਮੈਂਟ ਦਾ ਰਵੱਈਆ ਪ੍ਰਤੱਖ ਸੀ : ਉਹ ਮਸਲੇ ਨੂੰ ਸ਼ਾਂਤੀ ਨਾਲ ਹੱਲ ਕਰਨ ਦੇ ਇਰਾਦੇ 'ਚ ਹੀ ਨਹੀਂ ਸੀ। ਸਗੋਂ ਮਨੇਜਮੈਂਟ ਹੋਰ ਖਤਰਨਾਕ ਵਿਉਂਤ ਘੜੀ ਬੈਠੀ ਸੀ। ਪਲਾਂਟ ਦੇ ਬਾਹਰੋਂ, 150 ਤੋਂ ਜਿਆਦੇ ਬਾਊਂਸਰ (ਮਨੇਜਮੈਂਟ ਦੇ ਪਾਲਤੂ ਗੁੰਡੇ) ਕਾਮਿਆਂ 'ਤੇ ਹਮਲਾ ਕਰਨ ਲਈ ਸੱਦੇ ਗਏ। ਉਹਨਾਂ ਨੇ ਨਿਹੱਥੇ ਕਾਮਿਆਂ 'ਤੇ ਹਮਲਾ ਕਰਨ ਦੀ ਸਾਫ ਨੀਅਤ ਨਾਲ ਪਲਾਂਟ ਦੇ ਅੰਦਰ-ਬਾਹਰ ਆਉਣ-ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਇਹ ਮਨੇਜਮੈਂਟ ਦੀ ਮੁਜ਼ਰਮਾਨਾ ਕਾਰਵਾਈ ਹੈ, ਇਸਦੀ ਨਿਖੇਧੀ ਕੀਤੀ ਜਾਣੀ ਬਣਦੀ ਹੈ ਅਤੇ ਸਨਅਤੀ ਸ਼ਾਂਤੀ ਲਈ ਜੁੰਮੇਵਾਰ ਅਧਿਕਾਰੀਆਂ ਵਲੋਂ ਇਸ ਮਸਲੇ ਦਾ ਫੌਰੀ ਕਨੂੰਨੀ ਨੋਟਿਸ ਲਿਆ ਜਾਣਾ ਚਾਹੀਦਾ ਹੈ। ਮਨੇਜਮੈਂਟ ਦੀ ਇਸ ਚਾਲ ਨੇ ਕਾਮਿਆਂ ਦੇ ਮਨਾਂ ਵਿੱਚ ਦਹਿਸ਼ਤ ਭਰ ਦਿੱਤੀ ਅਤੇ ਕਿਸੇ ਸਨਮਾਨਤ ਹੱਲ 'ਤੇ ਪਹੁੰਚ ਸਕਣ ਦੇ ਯੂਨੀਅਨ ਦੇ ਯਤਨਾਂ 'ਤੇ ਆਪਾ-ਧਾਪੀ ਭਾਰੂ ਪੈ ਗਈ।

ਇਸੇ ਰੌਲੇ-ਰੱਪੇ ਦੌਰਾਨ, ਬਾਊਂਸਰਾਂ ਵਲੋਂ ਲਗਾਈ ਅੱਗ ਦੇ ਧੂੰਏ 'ਚ ਘਿਰਨ ਕਾਰਣ, ਐਚ.ਆਰ ਵਿਭਾਗ ਦਾ ਇੱਕ ਪ੍ਰਬੰਧਕੀ ਅਧਿਕਾਰੀ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ (ਪੋਸਟ ਮਾਰਟਮ ਦੀ ਰਿਪੋਰਟ ਵਿੱਚ ਮੌਤ ਦੀ ਬਿਆਨੀ ਵਜ੍ਹਾ ਅਨੁਸਾਰ)।

ਮਰੂਤੀ ਸਜ਼ੂਕੀ ਵਰਕਰਜ਼ ਯੂਨੀਅਨ ਅਨੁਸਾਰ, ਬਾਊਂਸਰਾਂ ਨੇ ਕਾਮਿਆਂ 'ਤੇ ਤਿੱਖੇ ਹਥਿਆਰਾਂ ਅਤੇ ਡਾਂਗਾਂ ਨਾਲ ਬੇਕਿਰਕੀ ਨਾਲ ਹਮਲਾ ਕਰ ਦਿੱਤਾ। ਯੂਨੀਅਨ ਦਾ ਇਹ ਵੀ ਦੋਸ਼ ਹੈ ਕਿ ਮਨੇਜਮੈਂਟ ਦਾ ਕੁੱਝ ਸਟਾਫ ਅਤੇ ਪੁਲਸ ਵੀ ਗੁੰਡਿਆਂ ਨਾਲ ਰਲ ਗਏ ਅਤੇ ਉਹਨਾਂ ਨੇ ਬਹੁਤ ਸਾਰੇ ਕਾਮਿਆਂ ਨੂੰ ਬੇਕਿਰਕੀ ਨਾਲ ਕੁੱਟਿਆ ਜਿਹਨਾਂ ਨੂੰ ਗੰਭੀਰ ਜਖ਼ਮਾਂ ਕਾਰਣ ਹਸਪਤਾਲ ਭਰਤੀ ਕਰਵਾਉਣਾ ਪਿਆ। ਯੂਨੀਅਨ ਦਾ ਇਹ ਵੀ ਦੋਸ਼ ਹੈ ਕਿ ਬਾਊਮਸਰਾਂ ਨੇ ਕੰਪਨੀ ਦੀ ਜਾਇਦਾਦ ਦੀ ਭੰਨ-ਤੋੜ ਕੀਤੀ ਅਤੇ ਫੈਕਟਰੀ ਦੇ ਇੱਕ ਹਿੱਸੇ ਨੂੰ ਵੀ ਅੱਗ ਲਗਾ ਦਿੱਤੀ।

18 ਜੁਲਾਈ 2012 ਦੀ ਘਟਨਾ, ਮਰੂਤੀ ਸਜ਼ੂਕੀ ਦੇ ਮਾਨੇਸਰ ਪਲਾਂਟ 'ਚ ਮੌਜੂਦ ਉਦਯੋਗਿਕ ਅਰਾਜਕਤਾ ਦੀ ਕੋਈ ਨਿਰਾਲੀ ਘਟਨਾ ਨਹੀਂ ਹੈ। ਕਾਮਿਆਂ ਨੂੰ ਇਸ ਬਾਰੇ ਦੋਸ਼ੀ ਠਹਿਰਾਉਣਾ ਬਿਲਕੁੱਲ ਨਾਵਾਜਬ ਹੈ। ਬਹੁਤ ਲੰਬੇ ਸਮੇਂ ਤੋਂ ਕਾਮੇ ਆਪਣੀ ਜੱਥੇਬੰਦੀ ਦੀ ਮਾਨਤਾ ਅਤੇ ਰਜਿਸਰੇਸ਼ਨ ਦੀ ਮੰਗ ਕਰਦੇ ਆ ਰਹੇ ਸਨ ਜੋ ਕਿ ਸੰਵਿਧਾਨ ਤਹਿਤ ਉਹਨਾਂ ਦਾ ਗਰੰਟੀਸ਼ੁਦਾ ਅਧਿਕਾਰ ਹੈ। ਪਰ ਮਨੇਜਮੈਂਟ ਕਾਮਿਆਂ ਨੂੰ ਜੱਥੇਬੰਦ ਹੋਣ ਅਤੇ ਆਪਣੇ ਦੀਆਂ ਕੰਮ-ਹਾਲਤਾਂ ਦੇ ਸੁਧਾਰ ਬਾਰੇ ਸਾਂਝੇ ਤੌਰ 'ਤੇ ਮੰਗ ਕਰ ਸਕਣ ਦੇ ਅਧਿਕਾਰ ਬਾਰੇ ਇੱਕ ਇੰਚ ਵੀ ਜਗ੍ਹਾ ਛੱਡਣ ਨੂੰ ਤਿਆਰ ਨਹੀਂ। ਕਿਰਤ ਵਿਭਾਗ, ਸਥਾਨਕ ਪੁਲਸ ਅਤੇ ਸਿਵਲ ਪ੍ਰਸ਼ਾਸਨ ਵੀ ਮਨੇਜਮੈਂਟ ਦਾ ਪੱਖ ਪੂਰਦੇ ਹਨ ਅਤੇ ਕਾਮਿਆਂ ਦੀਆਂ ਹਾਲਤਾਂ ਨੂੰ ਦੁਭੱਰ ਕਰਨ 'ਚ ਭੁਗਤਦੇ ਹਨ।

ਮਰੂਤੀ ਸਜ਼ੂਕੀ ਇੰਡੀਆ ਲਿਮਟਡ ਦੇ ਕਾਮਿਆਂ ਨੂੰ 103 ਨੁਕਾਤੀ ਕੋਡ ਆਫ ਕਡੰਕਟ ਦੇ ਬੋਝ ਥੱਲੇ ਕੰਮ ਕਰਨਾ ਪੈਂਦਾ ਹੈ। ਇਹ ਕੋਡ ਆਫ ਕੰਡਕਟ ਆਪਣੀ ਤਰ੍ਹਾਂ ਦਾ ਨਿਰਾਲਾ ਹੈ ਅਤੇ ਸਨਅਤੀ ਮਹੌਲ ਲਈ ਬਿਗਾਨਾ ਜਿੱਥੇ ਕਾਮਾ ਜੇਕਰ ਪਿਸਾਬ ਕਰਨ ਵਿੱਚ ਦੋ ਮਿੰਟ ਵਧੇਰੇ ਲਗਾਉਂਦਾ ਹੈ ਜਾਂ ਸੋਹਣੀ ਦਿੱਖ ਵਾਲੇ ਵਸਤਰ ਨਹੀਂ ਪਹਿਨਦਾ ਤਾਂ ਉਸਨੂੰ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ। ਇੱਥੇ ਇਹ ਕਹਿਣਾ ਵਾਜਬ ਹੋਵੇਗਾ ਕਿ ਆਮ ਤੌਰ 'ਤੇ ਕਿਸੇ ਸਨਅਤੀ ਇਕਾਈ ਅੰਦਰ 10-12 ਨੁਕਾਤੀ ਕੋਡ ਆਫ ਕੰਡਕਟ ਹੁੰਦਾ ਹੈ। ਮਨੇਜਮੈਂਟ ਅਕਸਰ ਕਾਮਿਆਂ ਦੀ ਏਕਤਾ ਨੂੰ ਭੰਗ ਕਰਨ ਦੇ ਯਤਨ ਕਰਦੀ ਰੰਹਿਦੀ ਹੈ ਅਤੇ ਇਸ ਮਕਸਦ ਤਹਿਤ ਸਾਜਿਸ਼ਾਂ ਘੜਦੀ ਰੰਹਿਦੀ ਹੈ। 18 ਜੁਲਾਈ ਦੀ ਘਟਨਾ ਮਨੇਜਮੈਂਟ ਦੇ ਨਾਪਾਕ ਮਨਸੂਬਿਆਂ ਦਾ ਸਿੱਟਾ ਹੈ। ਇਸ ਨੂੰ ਤਤਕਾਲ ਰੋਕਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਭਵਿੱਖ 'ਚ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ।

ਇੱਥੇ ਇਹ ਜਿਕਰ ਕਰਨਾ ਜਰੂਰੀ ਹੈ ਕਿ ਮਨੇਜਮੈਂਟ-ਪੱਖ ਭਾਰਤ ਸਰਕਾਰ ਦੀ ਕਾਮਾ-ਦੋਖੀ ਆਰਥਕ ਨੀਤੀ, ਜਿਸ ਨਾਲ ਹਰਿਆਣਾ ਸਰਕਾਰ ਬੱਝੀ ਹੋਈ ਹੈ, ਤੋਂ ਤਾਕਤ ਹਾਸਲ ਕਰ ਰਿਹਾ ਹੈ। ਕਿਸੇ ਵੇਲੇ ਕੌਮਾਂਤਰੀ ਅਤੇ ਕੌਮੀ ਮਜ਼ਦੂਰ ਲਹਿਰਾਂ ਦੇ ਦਬਾਹ ਥੱਲੇ ਘੜੇ ਲੇਬਰ ਕਨੂੰਨ ਅਣਐਲਾਨੀਆ ਤੌਰ 'ਤੇ ਤੱਜ ਦਿੱਤੇ ਗਏ ਹਨ। ਰੱਖੋ ਤੇ ਛਾਂਟੋ, ਠੇਕੇਦਾਰੀਕਰਨ, ਅਸਥਾਈਕਰਨ ਦੀ ਨੀਤੀ ਨੇਮ ਬਣ ਚੁੱਕੀ ਹੈ। ਕਿਰਤ ਵਿਭਾਗ ਤੇ ਰਾਜ ਸਰਕਾਰ, ਗੁੜਗਾਓਂ ਦੇ ਹੋਰ ਉਦਯੋਗਾਂ ਦੀ ਤਰ੍ਹਾਂ ਇਹਨਾਂ ਕੰਪਨੀਆਂ ਵਿੱਚ ਵੀ ਸ਼ਰੇਆਮ ਕਿਰਤ ਕਨੂੰਨਾਂ ਦੀਆਂ ਉਡਾਈਆਂ ਜਾਂਦੀਆਂ ਧੱਜੀਆਂ ਤੋਂ ਭਲੀ-ਭਾਂਤ ਵਾਕਫ ਹੈ। ਪਰ ਉਹ, ਮਨੇਜਮੈਂਟ ਵਲੋਂ ਕਾਮਿਆਂ ਦੀ ਹੁੰਦੀ ਇਸ ਮਹਾ ਲੁੱਟ-ਖਸੁੱਟ ਨੂੰ ਠੱਲ੍ਹਣ ਦੇ ਮਸਲੇ 'ਤੇ ਦਖਲਅੰਦਾਜ਼ੀ ਕਰਨ ਦੀ ਕੋਈ ਜਰੂਰਤ ਮਹਿਸੂਸ ਨਹੀਂ ਕਰਦੇ। ਕਾਨੂੰਨ ਦੁਆਰਾ ਮਿੱਥੀ ਜੁੰਮੇਵਾਰੀ ਦੇ ਉਲਟ, ਉਹ ਮੈਨੇਜਮੈਂਟ ਨਾਲ ਰਲੇ ਹੋਏ ਹਨ ਤੇ ਉਹਨਾਂ ਨੇ ਮਜ਼ਦੂਰ ਲਹਿਰ ਨੂੰ ਕੁਚਲਣ ਲਈ ਹਮਲਾ ਵਿੱਢ ਦਿੱਤਾ।

ਹਰਿਆਣਾ ਸਰਕਾਰ ਦਾਅਵਾ ਕਰਦੀ ਹੈ ਕਿ ਰਾਜ ਦੇ ਸਨਅਤੀਕਰਨ ਨਾਲ ਤਰੱਕੀ ਹੋਈ ਹੈ ਪਰ ਸਾਡਾ ਵਿਚਾਰ ਹੈ ਕਿ ਇਹ ਕਾਮਿਆਂ ਲਈ ਨਰਕ ਦੇ ਸਮਾਨ ਹੈ। ਹਰਿਆਣਾ ਦੇ ਸਨਅਤੀ ਇਲਾਕਿਆਂ ਵਿੱਚ ਕਾਮਿਆਂ ਨੂੰ ਨਾ ਕੋਈ ਰੁਜ਼ਗਾਰ ਸੁਰੱਖਿਆ, ਨਾ ਕੋਈ ਉਜਰਤ ਨੇਮ ਅਤੇ ਨਾ ਹੀ ਕੋਈ ਕਿਰਤ ਕਨੂੰਨ ਹਾਸਲ ਹਨ। ਨੰਗੀ-ਚਿੱਟੀ ਲੁੱਟ ਹੀ ਇਹਨਾਂ ਸਨਅਤੀ ਇਲਾਕਿਆਂ ਦਾ ਕਨੂੰਨ ਹੈ।

ਅਸੀਂ ਨਿਮਨਲਿਖਤ ਜੱਥੇਬੰਦੀਆਂ ਮਹਿਸੂਸ ਕਰਦੀਆਂ ਹਾਂ ਕਿ ਮਰੂਤੀ ਸਜ਼ੂਕੀ ਇੰਡੀਆ ਲਿਮਟਡ ਦੀ ਮਨੇਜਮੈਂਟ ਹੀ 18 ਜੁਲਾਈ ਦੇ ਘਟਨਾਕ੍ਰਮ ਲਈ ਪੂਰੀ ਤਰ੍ਹਾਂ ਜੁੰਮੇਵਾਰ ਹੈ। ਅਸੀਂ ਇਸ ਘਟਨਾ ਤੋਂ ਮਗਰੋਂ ਬੇਕਸੂਰ ਕਾਮਿਆਂ ਤੇ ਹੋਈ ਪੁਲਸੀਆ ਕਾਰਵਾਈ ਦੀ ਵੀ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ:-
  1. 18 ਜੁਲਾਈ ਦੇ ਘਟਨਾਕ੍ਰਮ ਵਿੱਚ ਮਨੇਜਮੈਂਟ ਦੇ ਰੋਲ ਦੀ ਪੜਤਾਲ ਕੀਤੀ ਜਾਵੇ ਅਤੇ ਭਾਰਤ ਦੀ ਕਿਸੇ ਨਾਮੀ-ਗਰਾਮੀ ਸੰਸਥਾ ਤੋਂ ਕੁੱਲ ਘਟਨਾਕ੍ਰਮ ਦੀ ਫੌਰੀ ਤੌਰ 'ਤੇ ਨਿਰਪੱਖ ਪੜਤਾਲ ਕਰਵਾਈ ਜਾਵੇ। 
  2. ਮਰੂਤੀ ਸਜ਼ੂਕੀ ਇੰਡੀਆ ਲਿਮਟਡ ਦੇ ਸੁਰੱਖਿਆ ਇੰਚਾਰਜ ਤੋਂ 18 ਜੁਲਾਈ ਦੀ ਘਟਨਾ 'ਚ ਸ਼ਾਮਲ ਰਹੇ ਬਾਊਂਸਰਾ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾਵੇ ਅਤੇ ਉਹਨਾਂ ਨੂੰ ਫੌਰੀ ਗਿਰਫਤਾਰ ਕੀਤਾ ਜਾਵੇ। 
  3. ਬਾਊਂਸਰਾਂ ਨੂੰ ਭਰਤੀ ਕਰਨ ਲਈ ਜੁੰਮੇਵਾਰ ਪ੍ਰਬੰਧਕੀ ਸਟਾਫ ਫੌਰੀ ਤੌਰ 'ਤੇ ਗਿਰਫਤਾਰ ਕੀਤਾ ਜਾਵੇ।
  4. ਇਸ ਘਟਨਾ ਸਬੰਧੀ ਝੂਠੇ ਪਰਚਿਆਂ ਤਹਿਤ ਫੜੇ ਨਿਰਦੋਸ਼ ਕਾਮੇ ਤੁਰੰਤ ਰਿਹਾਅ ਕੀਤੇ ਜਾਣ ਅਤੇ ਮਜ਼ਦੂਰਾਂ ਦਾ ਸ਼ਿਕਾਰ ਪਿੱਛਾ ਤੁਰੰਤ ਬੰਦ ਕੀਤਾ ਜਾਵੇ। 
  5. ਲੇਬਰ ਵਿਵਾਦ ਨੂੰ ਹੱਲ ਕਰਨ ਲਈ ਹਰਿਆਣਾ ਦਾ ਕਿਰਤ ਮੰਤਰੀ ਤੁਰੰਤ ਮਰੂਤੀ ਸਜ਼ੂਕੀ ਇੰਡੀਆ ਲਿਮਟਡ ਅਤੇ ਮਰੂਤੀ ਸਜ਼ੂਕੀ ਵਰਕਰਜ਼ ਯੂਨੀਅਨ ਦੀ ਮੀਟਿੰਗ ਸੱਦੇ। 
  6. ਮਰੂਤੀ ਸਜ਼ੂਕੀ ਇੰਡੀਆ ਲਿਮਟਡ ਅਤੇ ਹਰਿਆਣਾ ਦੇ ਹੋਰ ਉਦਯੋਗਾਂ ਵਿੱਚ ਕਿਰਤ ਕਨੂੰਨ ਬਹਾਲ ਕੀਤੇ ਜਾਣ।
  7. ਵਰਕਰ ਖਿਲਾਫ ਜਾਤੀ ਸੂਚਕ ਟਿੱਪਣੀਆਂ ਕਰਨ ਵਾਲੇ ਸੁਪਰਵਾਈਜ਼ਰ ਖਿਲਾਫ ਐਸ.ਸੀ/ਐਸ.ਟੀ ਐਕਟ ਤਹਿਤ ਪਰਚਾ ਦਰਜ ਕੀਤਾ ਜਾਵੇ। 
  8. ਜਾਤੀ-ਸੂਚਕ ਅਪਮਾਨ ਦੇ ਪੀੜਤ ਵਰਕਰ ਦੀ ਬਰਖਾਸਤਗੀ ਤੁਰੰਤ ਰੱਦ ਕੀਤੀ ਜਾਵੇ।
  9. ਮਰੂਤੀ ਸਜ਼ੂਕੀ ਇੰਡੀਆ ਲਿਮਟਡ ਵਲੋਂ ਸਧਾਰਣ ਤੇ ਗੰਭੀਰ ਜਖਮੀ ਕਿਰਤੀਆਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਆਲ ਇੰਡੀਆ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਨਿਊ), ਇਨਕਲਾਬੀ ਮਜ਼ਦੂਰ ਕੇਂਦਰ, ਕ੍ਰਾਂਤੀਕਾਰੀ ਲੋਕਾਧਿਕਾਰ ਸੰਦਠਨ, ਕ੍ਰਾਂਤੀਕਾਰੀ ਨੌਜਵਾਨ ਸਭਾ, ਕ੍ਰਾਂਤੀਕਾਰੀ ਯਵਾ ਸੰਗਠਨ, ਮਜ਼ਦੂਰ ਪੱਤ੍ਰਿਕਾ, ਮਿਹਨਤਕਸ਼ ਮਜ਼ਦੂਰ ਮੋਰਚਾ, ਮਜ਼ਦੂਰ ਏਕਤਾ ਕਮੇਟੀ, ਸ਼੍ਰਮਿਕ ਸੰਗਰਾਮ ਕਮੇਟੀ, ਬਿਗੁਲ ਮਜ਼ਦੂਰ ਦਸਤਾ, ਨੈਸ਼ਨਲ ਕਨਫੈਡਰੇਸ਼ਨ ਆਫ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨਜ਼, ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਜ਼, ਪੀਪਲਜ਼ ਫਰੰਟ, ਪੀਪਲਜ਼ ਡੈਮੋਕਰੇਟਿਕ ਫਰੰਟ ਆਫ ਇੰਡੀਆ, ਪ੍ਰਗਤੀਸ਼ੀਲ ਮਿਹਨਤਕਸ਼ ਮਜ਼ਦੂਰ ਮੋਰਚਾ, ਪ੍ਰਗਤੀਸ਼ੀਲ ਮਹਿਲਾ ਏਕਤਾ ਕੇਂਦਰ, ਰੈਡੀਕਲ ਨੋਟਸ, ਸਟੂਡੈਂਟਸ ਫਾਰ ਰਜ਼ਿਸਟੈਂਸ, ਮਿਸ਼ਨ ਭਾਰਤੀਯਮ, ਸਨਹਤੀ ਦਿੱਲੀ, ਜਾਤੀ ਉਨਮੂਲਨ ਅੰਦੋਲਨ, ਸ਼੍ਰਮਿਕ ਦੁਨੀਆ, ਵਿਦਿਆਰਥੀ ਯੁਵਾਜਨ ਸਭਾ।
Courtesy: Sanhati