Saturday, February 21, 2015
ਪ੍ਰੋ. ਅਜਮੇਰ ਸਿੰਘ ਔਲਖ਼ ਸਨਮਾਨ ਮੁਹਿੰਮ 350 ਪਿੰਡਾਂ ਤੱਕ ਲੋਕ-ਕਲਾ ਦਾ ਸੁਨੇਹੇ ਲੈ ਕੇ ਪੁੱਜੀ
Friday, July 19, 2013
ਸ਼ਹੀਦ ਪਿਰਥੀ ਪਾਲ ਰੰਧਾਵਾ ਦੀ ਯਾਦ ਵਿਚ
Friday, October 21, 2011
ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਦਾ ਮਹੱਤਵ
ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਦਾ ਮਹੱਤਵ
—ਜਸਪਾਲ ਜੱਸੀ
(ਇਹ ਲਿਖਤ ਜਨਵਰੀ 2006 'ਚ ਹੋਏ ਗੁਰਸ਼ਰਨ ਸਿੰਘ ਇਨਕਲਾਬੀ ਨਿਹਚਾ ਸਨਮਾਨ ਸਮਾਰੋਹ ਦੇ ਪ੍ਰਸੰਗ 'ਚ ਸਨਮਾਨ ਸਮਾਰੋਹ ਕਮੇਟੀ ਵੱਲੋਂ ਜਾਰੀ ਕੀਤੀ ਗਈ ਸੀ।)
ਸ਼੍ਰੀ ਗੁਰਸ਼ਰਨ ਸਿੰਘ ਦੇ ਇਸ ਇਨਕਲਾਬੀ ਸਨਮਾਨ ਸਮਾਰੋਹ ਦਾ ਕਈ ਪੱਖਾਂ ਤੋਂ ਵਿਸ਼ੇਸ਼ ਮਹੱਤਵ ਹੈ। ਸ਼੍ਰੀ ਗੁਰਸ਼ਰਨ ਸਿੰਘ ਨੂੰ ਨਾ ਸਿਰਫ ਪੰਜਾਬ ਅੰਦਰ ''ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਇਸਦੀ ਮਾਣ-ਮੱਤੀ ਕਲਗੀ'' ਵਜੋਂ ਸਤਿਕਾਰਿਆ ਜਾ ਰਿਹਾ ਹੈ, ਸਗੋਂ ਇਸ ਨਾਲੋਂ ਵੀ ਵੱਧ ਇੱਕ ਨਿਹਚਾਵਾਨ ਇਨਕਲਾਬੀ ਸਮਾਜਿਕ ਸੰਗਰਾਮੀਏ— ਵਜੋਂ ਸਨਮਾਨ ਦਿੱਤਾ ਜਾ ਰਿਹਾ ਹੈ। ਸਨਮਾਨ ਸਮਾਰੋਹ ਕਮੇਟੀ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਦੀ ਸਿਖਰਲੀ ਪੱਟੀ ਵਿੱਚ ਇਸ ਸਨਮਾਨ ਸਮਾਰੋਹ ਦੇ ਇਨਕਲਾਬੀ ਜਮਾਤੀ ਤੱਤ ਵੱਲ ਸਪਸ਼ਟ ਸੰਕੇਤ ਕੀਤਾ ਗਿਆ ਹੈ, ''ਜੋਕਾਂ ਆਪਣੇ ਝੋਲੀ ਚੁੱਕਾਂ ਨੂੰ ਵਡਿਆਉਂਦੀਆਂ ਹਨ, ਲੋਕ ਆਪਣੇ ਸੰਗਰਾਮੀਆਂ ਨੂੰ ਸਤਿਕਾਰਦੇ ਹਨ।'' ਇਉਂ ਇਹ ਸਨਮਾਨ ਸਮਾਰੋਹ ਇਨਕਲਾਬੀ ਲੋਕਾਂ ਦੇ ਕੈਂਪ ਦੀ ਤਰਫੋਂ ਕੀਤਾ ਜਾ ਰਿਹਾ ਹੈ ਅਤੇ ਲੋਕ ਦੁਸ਼ਮਣ ਜਮਾਤੀ ਸਿਆਸੀ ਸ਼ਕਤੀਆਂ ਨਾਲੋਂ ਨਿਖੇੜੇ ਦੀ ਲਕੀਰ ਖਿੱਚ ਕੇ ਕੀਤਾ ਜਾ ਰਿਹਾ ਹੈ। ਸਨਮਾਨ ਸਮਾਰੋਹ ਕਮੇਟੀ ਸੁਚੇਤ ਹੈ ਕਿ ਜਿੱਥੋਂ ਤੱਕ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਸਮੁੱਚੀ ਇਨਕਲਾਬੀ ਧਿਰ ਦਾ ਸਵਾਲ ਹੈ, ਸ਼੍ਰੀ ਗੁਰਸ਼ਰਨ ਸਿੰਘ ਇੱਕ ਸਰਬ-ਸਾਂਝੀ ਇਨਕਲਾਬੀ ਸਖਸ਼ੀਅਤ ਹਨ। ਪਰ ਜਿੱਥੋਂ ਤੱਕ ਲੋਕ ਦੁਸ਼ਮਣ ਸ਼ਕਤੀਆਂ ਅਤੇ ਲੋਕਾਂ ਦੀ ਧਿਰ ਦੇ ਆਪਸੀ ਰਿਸ਼ਤੇ ਦਾ ਸਵਾਲ ਹੈ, ਸ੍ਰੀ ਗੁਰਸ਼ਰਨ ਸਿੰਘ ਇੱਕ ਸਰਬ ਸਾਂਝੀ ਸਖਸ਼ੀਅਤ ਨਹੀਂ ਹਨ, ਕਿਉਂਕਿ ਉਹਨਾਂ ਨੇ ਆਪਣੇ ਹੱਥਾਂ ਵਿੱਚ ਲੋਕ-ਇਨਕਲਾਬ ਅਤੇ ਸਮਾਜਵਾਦੀ ਆਦਰਸ਼ਾਂ ਦਾ ਝੰਡਾ ਚੁੱਕਿਆ ਹੋਇਆ ਹੈ। ਇਹਨਾਂ ਆਦਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੁਟੇਰੀਆਂ ਅਤੇ ਪਿਛਾਂਹਖਿੱਚੂ ਹਾਕਮ ਜਮਾਤਾਂ ਖਿਲਾਫ ਇਨਕਲਾਬੀ ਜਮਾਤੀ ਘੋਲ ਦਾ ਝੰਡਾ ਚੁੱਕਿਆ ਹੋਇਆ ਹੈ। ਇਹ ਆਦਰਸ਼ ਅਤੇ ਇਹਨਾਂ ਲਈ ਸੰਗਰਾਮ ਹੀ ਸ਼੍ਰੀ ਗੁਰਸ਼ਰਨ ਸਿੰਘ ਦੀ ਸਮਾਜਿਕ ਜੀਵਨ ਸਰਗਰਮੀ ਦੀ ਪ੍ਰੇਰਨਾ ਹੈ।
ਸ਼੍ਰੀ ਗੁਰਸ਼ਰਨ ਸਿੰਘ ਦੇ ਨਾਟਕ ''ਧਮਕ ਨਗਾਰੇ ਦੀ'' ਦੇ ਨਾਇਕ ਦੀ ਇੱਕ ਟਿੱਪਣੀ ਇਸ ਪੱਖੋਂ ਮਹੱਤਵਪੂਰਨ ਹੈ। ਇਹ ਨਾਇਕ ਜਗੀਰੂ ਸੱਤਾ ਦੇ ਚਿੰਨ੍ਹ ਬਾਦਸ਼ਾਹ ਨੂੰ ਸੰਬੋਧਤ ਹੋ ਕੇ ਕਹਿੰਦਾ ਹੈ ਕਿ ''ਤੇਰਾ ਵਸੇਬਾ ਹੀ ਸਾਡਾ ਉਜਾੜਾ ਹੈ।'' ਜ਼ਾਲਮ ਅਤੇ ਮਜ਼ਲੂਮ ਜਮਾਤਾਂ ਦੇ ਅਜਿਹੇ ਸਮਝੌਤਾ ਰਹਿਤ ਟਕਰਾ ਦੀ ਅਸਲੀਅਤ-ਮੁਖੀ ਧਾਰਨਾ ਸ਼੍ਰੀ ਗੁਰਸ਼ਰਨ ਸਿੰਘ ਦੀ ਜੀਵਨ ਸਰਗਰਮੀ ਵਿੱਚ ਵਸੀ ਹੋਈ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਆਪਣੇ ਅਜਿਹੇ ਇਨਕਲਾਬੀ ਜਮਾਤੀ ਤੱਤ ਕਰਕੇ ਸ਼੍ਰੀ ਗੁਰਸ਼ਰਨ ਸਿੰਘ ਦੀ ਸਰਗਰਮੀ ਜਿਥੇ ਲੋਕ ਸ਼ਕਤੀਆਂ ਦੀ ਅਥਾਹ ਪ੍ਰਸ਼ੰਸਾ ਅਤੇ ਸਤਿਕਾਰ ਹਾਸਲ ਕਰਦੀ ਰਹੀ ਹੈ, ਉਥੇ ਲੋਕ ਦੁਸ਼ਮਣ ਤਾਕਤਾਂ ਨੂੰ ਇਸਦੀ ਤਿੱਖੀ ਰੜਕ ਮਹਿਸੂਸ ਹੁੰਦੀ ਰਹੀ ਹੈ। ਇਹ ਸਰਗਰਮੀ ਰਾਜ ਸੱਤਾ ਅਤੇ ਫਿਰਕੂ ਫਾਸ਼ੀ ਤਾਕਤਾਂ ਦੇ ਗੁੱਸੇ ਅਤੇ ਬੰਦਸ਼ਾਂ ਦਾ ਨਿਸ਼ਾਨਾ ਬਣਦੀ ਰਹੀ ਹੈ। ਐਮਰਜੈਂਸੀ ਦੌਰਾਨ ਸ੍ਰੀ ਗੁਰਸ਼ਰਨ ਸਿੰਘ ਨੂੰ ਜੇਲ• ਦੀਆਂ ਸ਼ੀਖਾਂ ਪਿੱਛੇ ਡੱਕਿਆ ਗਿਆ ਅਤੇ ਫਿਰਕੂ ਫਾਸ਼ੀ ਦਹਿਸ਼ਤਗਰਦੀ ਦੀ ਚੜ੍ਹਤ ਦੇ ਦੌਰ ਵਿੱਚ ਉਹਨਾਂ ਨੂੰ ਪਰਿਵਾਰਕ ਜੀਵਨ ਵਿੱਚ ਗੰਭੀਰ ਉਖੇੜੇ ਦਾ ਸਾਹਮਣਾ ਕਰਨਾ ਪਿਆ। ਸ਼੍ਰੀ ਗੁਰਸ਼ਰਨ ਸਿੰਘ ਨੇ ਖਤਰਿਆਂ, ਮੁਸ਼ਕਲਾਂ ਅਤੇ ਖੱਜਲਖੁਆਰੀ ਦੇ ਇਹ ਦੌਰ ਉੱਚੇ ਇਨਕਲਾਬੀ ਮਨੋਬਲ ਨਾਲ ਪਾਰ ਕੀਤੇ ਹਨ।
ਕੁਦਰਤੀ ਹੀ, ਲੋਕਾਂ ਦੇ ਇਨਕਲਾਬੀ ਜਮਾਤੀ ਹਿੱਤਾਂ ਦੀ ਝੰਡਾਬਰਦਾਰ ਅਜਿਹੀ ਸਖਸ਼ੀਅਤ ਨੂੰ ਸਲਾਮ ਕਰਨ ਲਈ ਹੋ ਰਿਹਾ ਇਹ ਸਮਾਰੋਹ ਹਾਕਮ ਜਮਾਤੀ ਅਤੇ ਰਵਾਇਤੀ ਸਨਮਾਨ ਸਮਾਰੋਹਾਂ ਨਾਲ ਟਕਰਾਵੇਂ ਲੱਛਣਾਂ ਵਾਲੀ ਮੁਕਾਬਲੇ ਦੀ ਸਰਗਰਮੀ ਹੀ ਹੋ ਸਕਦਾ ਹੈ। ਇਹ ਹਾਕਮ ਜਮਾਤਾਂ ਦੀ ਖਿੜਕੀ ਵਿੱਚ ਸਾਹ ਵਰੋਲਦੇ ਕਿਸੇ ਡਾਲੋਂ ਟੁੱਟੇ ਮੁਰਝਾਉਂਦੇ ਫੁੱਲ ਦਾ ਕਸੀਦਾ ਨਹੀਂ ਹੈ। ਲੋਕ ਲਹਿਰ ਦੀ ਬਗੀਚੀ ਵਿੱਚ ਜਾਹੋ-ਜਲਾਲ ਨਾਲ ਟਹਿਕਦੇ ਸੂਹੇ ਫੁੱਲ ਦਾ ਸਤਿਕਾਰ ਹੈ।
ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਵਿਚਰਦਿਆਂ ਸ਼੍ਰੀ ਗੁਰਸ਼ਰਨ ਸਿੰਘ ਹਮੇਸ਼ਾ ਕਲਾ ਨੂੰ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਦੇ ਇਨਕਲਾਬੀ ਹਥਿਆਰ ਵਜੋਂ ਲੈ ਕੇ ਚੱਲੇ ਹਨ। ਉਹ ਲੋਕਾਂ ਦੇ ਹਿੱਤਾਂ ਪ੍ਰਤੀ ਵਫਾਦਾਰ ਪ੍ਰਤੀਬੱਧ ਇਨਕਲਾਬੀ ਨਾਟਕ ਲਹਿਰ ਦੇ ਉਸਰੱਈਏ ਹਨ। ਲੋਕਾਂ ਦੀ ਚੇਤਨਾ ਨੂੰ ਇਨਕਲਾਬੀ ਜਾਗ ਲਾਉਣ ਅਤੇ ਹਲੂਣਾ ਦੇਣ ਵਿੱਚ ਆਪਣੇ ਰੋਲ ਸਦਕਾ, ਇਹ ਨਾਟਕ ਲਹਿਰ ਇਨਕਲਾਬੀ ਜਮਾਤੀ ਸਿਆਸੀ ਲਹਿਰ ਦੀ ਪੂਰਕ ਬਣੀ ਆ ਰਹੀ ਹੈ। ਜਮਾਤੀ ਸੰਘਰਸ਼ਾਂ ਰਾਹੀਂ ਹਾਸਲ ਹੋ ਰਹੀ ਸੋਝੀ ਦੇ ਅਸਰਾਂ ਨੂੰ ਗੂੜ੍ਹੇ ਅਤੇ ਪੱਕੇ ਕਰਨ ਵਿੱਚ ਇਸਦਾ ਅਹਿਮ ਰੋਲ ਹੈ। ਕਈ ਨਾਜ਼ੁਕ ਅਤੇ ਅਹਿਮ ਮੋੜਾਂ 'ਤੇ ਇਹ ਨਾਟਕ ਲਹਿਰ ਵਿਸ਼ੇਸ਼ ਅਤੇ ਮਹੱਤਵਪੂਰਨ ਰੋਲ ਅਖਤਿਆਰ ਕਰ ਲੈਂਦੀ ਰਹੀ ਹੈ। ਐਮਰਜੈਂਸੀ ਦੇ ਕਾਲੇ ਦੌਰ ਵਿੱਚ, ਇਸ ਨਾਟਕ ਲਹਿਰ ਨੇ ਔਖੀਆਂ ਹਾਲਤਾਂ ਵਿੱਚ ਇਨਕਲਾਬੀ ਜਨਤਕ ਸਰਗਰਮੀ ਜਾਰੀ ਰੱਖਣ ਅਤੇ ਭੇਸ ਬਦਲਵੀਆਂ ਸੰਕੇਤਕ ਸ਼ਕਲਾਂ ਵਿੱਚ ਜਮਹੂਰੀ ਹੱਕਾਂ ਦੀ ਰਾਖੀ ਦਾ ਅਤੇ ਇਨਕਲਾਬੀ ਸੰਦੇਸ਼ ਉਭਾਰਨ ਵਿੱਚ ਸਹਾਇਤਾ ਕੀਤੀ। ਫਿਰਕੂ ਫਾਸ਼ੀ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਜੁੜਵੇਂ ਹੱਲੇ ਦੇ ਕਾਲੇ ਦੌਰ ਵਿੱਚ, ਸ਼੍ਰੀ ਗੁਰਸ਼ਰਨ ਸਿੰਘ ਦੀ ਸਰਪ੍ਰਸਤੀ ਹੇਠ ਇਨਕਲਾਬੀ ਨਾਟਕ ਲਹਿਰ ਦੀ ਪ੍ਰਭਾਵਸ਼ਾਲੀ ਹੋਂਦ ਸਦਕਾ, ਸਭਿਆਚਾਰਕ ਮੋਰਚਾ ਪਿਛਾਖੜੀ ਦਹਿਸ਼ਤਗਰਦੀ ਖਿਲਾਫ ਨਾਬਰੀ ਅਤੇ ਇਸਨੂੰ ਐਲਾਨੀਆ ਸਿਆਸੀ ਚੁਣੌਤੀ ਦੇ ਵਿਸ਼ੇਸ਼ ਖੇਤਰ ਵਜੋਂ ਉੱਭਰਿਆ। ਇਨਕਲਾਬੀ ਅਤੇ ਲੋਕ ਪੱਖੀ ਕਲਾ ਸਿਰਜਣਾ ਬਦਲੇ, ਫਿਰਕੂ ਫਾਸ਼ੀ ਦਹਿਸ਼ਤਗਰਦਾਂÎ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨ ਵਾਲੀਆਂ ਸਖਸ਼ੀਅਤਾਂ ਨੂੰ ਇਸ ਮੋਰਚੇ ਤੋਂ ਸਿਰਫ ਸ਼ੋਕ ਸ਼ਰਧਾਂਜਲੀਆਂ ਹੀ ਭੇਟ ਨਹੀਂ ਕੀਤੀਆਂ ਜਾਂਦੀਆਂ ਰਹੀਆਂ, ਸਗੋਂ ਲੋਕਾਂ ਦੀ ਇਨਕਲਾਬੀ ਅਤੇ ਹੱਕੀ ਵਿਰੋਧ ਲਹਿਰ ਦੇ ਜੁਝਾਰ ਸੰਗਰਾਮੀ ਸ਼ਹੀਦਾਂ ਵਜੋਂ ਉਚਿਆਇਆ ਜਾਂਦਾ ਰਿਹਾ ਹੈ।
ਸ਼੍ਰੀ ਗੁਰਸ਼ਰਨ ਸਿੰਘ ਦੀ ਸਰਪਰਸਤੀ ਹੇਠਲੀ ਲੋਕ-ਮੁਖੀ ਨਾਟਕ ਲਹਿਰ ਦੀ ਸਭਿਆਚਾਰਕ ਦੇਣ ਵੱਡਮੁੱਲੀ ਹੈ। ਇਸ ਨੇ ਜਨ-ਸਾਧਾਰਨ ਦੀ ਮਾਨਸਿਕ ਤ੍ਰਿਪਤੀ ਦੀ ਰਵਾਇਤੀ ਲਛਮਣ ਰੇਖਾ ਨੂੰ ਤੋੜਦਿਆਂ, ਅਧੁਨਿਕ ਮਿਆਰੀ ਅਤੇ ਗੰਭੀਰ ਨਾਟਕ ਨੂੰ (ਵਿਸ਼ੇਸ਼ ਕਰਕੇ ਪੇਂਡੂ ਜਨਤਾ 'ਚ) ਮਕਬੂਲ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਸ਼੍ਰੀ ਗੁਰਸ਼ਰਨ ਸਿੰਘ ਦੀ ਪ੍ਰਤਿਭਾ ਦੀ ਛੋਹ ਨਾਲ ਹੀ ਕਮਿਊਨਿਸਟ ਲਹਿਰ ਨਾਲ ਜੁੜੀ ਓਪੇਰਾ ਮੁਖੀ ਸਾਧਾਰਨ ਅਤੇ ਰਵਾਇਤੀ ਨਾਟਕ ਸਰਗਰਮੀ ਨੂੰ ਨਵੀਂ ਕਰਵਟ ਮਿਲੀ ਸੀ। ਇਸਨੇ ਕਲਾ ਮਿਆਰਾਂ ਪੱਖੋਂ ਵੀ ਅਤੇ ਤੱਤ ਪੱਖੋਂ ਵੀ ਸਿਫਤੀ ਛੜੱਪਾ ਮਾਰਿਆ ਸੀ ਅਤੇ ਇਹ ਪੰਜਾਬ ਅੰਦਰ ਬੇਹਤਰੀਨ ਅਤੇ ਮਕਬੂਲ ਨਾਟਕ ਕਲਾ ਨਮੂਨਿਆਂ ਨੂੰ ਪ੍ਰਗਟਾਉਣ ਦਾ ਸਾਧਨ ਬਣਨ ਲੱਗੀ ਸੀ। ਉਹਨਾਂ ਦੇ ਯਤਨਾਂ ਸਦਕਾ ਹੀ ਇਨਕਲਾਬੀ ਜਮਾਤਾਂ ਦੀ ਕਲਾ ਦੇ ਸੰਸਾਰ ਪ੍ਰਸਿੱਧ ਨਮੂਨੇ ਪੰਜਾਬ ਦੇ ਇਨਕਲਾਬੀ ਰੰਗ ਮੰਚ ਦਾ ਸ਼ਿੰਗਾਰ ਬਣਨਾ ਸ਼ੁਰੂ ਹੋਏ। ਇਹ ਕ੍ਰਿਸ਼ਮਾ ਸੀਮਤ ਸਾਧਨਾਂ ਆਸਰੇ ਕੀਤਾ ਗਿਆ ਸੀ। ਲਗਨ, ਘਾਲਣਾ, ਲੋਕ-ਹਿੱਤਾਂ ਨਾਲ ਵਫਾਦਾਰੀ ਅਤੇ ਸਮਰਪਣ ਦੀ ਭਾਵਨਾ ਆਸਰੇ ਕੀਤਾ ਗਿਆ। ਇਸ ਵਿਸ਼ਵਾਸ਼ ਆਸਰੇ ਕੀਤਾ ਗਿਆ ਕਿ ਇਨਕਲਾਬੀ ਜਾਗਰਿਤੀ ਦੇ ਨਾਲ ਨਾਲ ਨਰੋਏ ਸੁਹਜ-ਸੁਆਦ ਦੀਆਂ ਚਿਣਗਾਂ ਵੀ ਜਨ-ਸਾਧਾਰਨ ਦੀ ਅਣਸਰਦੀ ਲੋੜ ਹਨ। ਅਸਰਦਾਰ, ਇਨਕਲਾਬੀ ਸੰਦੇਸ਼ ਇਸ ਨਾਟਕ ਸਰਗਰਮੀ ਦਾ ਧੁਰਾ ਅਤੇ ਇਸਦੀ ਸਾਰਥਿਕਤਾ ਦਾ ਬੁਨਿਆਦੀ ਪੈਮਾਨਾ ਰਿਹਾ ਹੈ। ਇਸ ਦੀ ਸ਼ੈਲੀ ਅਤੇ ਸ਼ਕਲਾਂ ਮੁੱਖ ਤੌਰ 'ਤੇ ਜਨ-ਸਾਧਾਰਨ ਨਾਲ ਅਸਰਦਾਰ ਇਨਕਲਾਬੀ ਸੰਵਾਦ ਰਚਾਉਣ ਦੀਆਂ ਲੋੜਾਂ ਅਤੇ ਲੋਕਾਂ ਦੀ ਲਹਿਰ ਦੇ ਵਿੱਤ ਅਤੇ ਵਸੀਲਿਆਂ ਦੇ ਪੈਮਾਨੇ ਅਨੁਸਾਰ ਨਿਰਧਾਰਤ ਹੁੰਦੀਆਂ ਰਹੀਆਂ ਹਨ। ਇਨਕਲਾਬੀ ਕਲਾ ਦੇ ਖੇਤਰ ਵਿੱਚ ਇਉਂ ਪੈਰ ਗੱਡ ਕੇ ਖੜ੍ਹਨਾ ਹਰ ਕਿਸੇ ਦੇ ਵਸ ਦਾ ਰੋਗ ਨਹੀਂ ਸੀ। ਅਜਿਹਾ ਲੋਕਾਂ ਦੇ ਹਿੱਤਾਂ ਨਾਲ ਪ੍ਰਤੀਬੱਧਤਾ ਦੇ ਸਿਰ 'ਤੇ ਹੀ ਸੰਭਵ ਹੈ। ਇਸ ਸਪਸ਼ਟ ਸੋਝੀ ਆਸਰੇ ਹੀ ਸੰਭਵ ਹੈ ਕਿ ਆਪਣੇ ਪ੍ਰਗਟਾਵੇ ਲਈ ਦੁਸ਼ਮਣ ਜਮਾਤੀ ਵਸੀਲਿਆਂ ਦੀ ਮੁਥਾਜ ਅਤੇ ਕੈਦੀ ਹੋਈ ਇਨਕਲਾਬੀ ਕਲਾ ਪ੍ਰਤਿਭਾ ਅਖੀਰ ਨੂੰ ਆਪਣੀ ਪ੍ਰੇਰਨਾ ਦੇ ਅਸਲ ਸਰੋਤ ਅਤੇ ਪ੍ਰਗਟਾਵੇ ਦੇ ਅਸਲ ਖੇਤਰ ਨਾਲੋਂ ਵਿਜੋਗੇ ਜਾਣ, ਆਪਣੀ ਆਭਾ ਗੁਆ ਲੈਣ ਅਤੇ ਨਿਰਜਿੰਦ ਹੋ ਜਾਣ ਲਈ ਸਰਾਪੀ ਜਾਂਦੀ ਹੈ।
ਇਨਕਲਾਬੀ, ਅਗਾਂਹਵਧੂ ਅਤੇ ਵਿਗਿਆਨਕ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਸੰਚਾਰ ਅਤੇ ਸਥਾਪਤੀ ਲਈ ਜੱਦੋਜਹਿਦ ਸ਼੍ਰੀ ਗੁਰਸ਼ਰਨ ਸਿੰਘ ਦੀ ਜੁਝਾਰ ਕਲਾ ਸਰਗਰਮੀ ਦਾ ਅਨਿੱਖੜਵਾਂ ਅੰਗ ਰਹੀ ਹੈ। ਵੇਲਾ ਵਿਹਾਅ ਚੁੱਕੀਆਂ ਅਤੇ ਇਨਕਲਾਬੀ ਜਮਾਤੀ ਸੰਗਰਾਮਾਂ ਦੇ ਰਾਹ ਦਾ ਅੜਿੱਕਾ ਬਣਨ ਵਾਲੀਆਂ ਪਿਛਾਂਹਖਿੱਚੂ ਕਦਰਾਂ-ਕੀਮਤਾਂ ਅਤੇ ਸਮਾਜਿਕ ਸੰਸਥਾਵਾਂ ਸ਼੍ਰੀ ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਦੇ ਬੇਕਿਰਕ ਹਮਲੇ ਦਾ ਨਿਸ਼ਾਨਾ ਹਨ। ਪਿਤਾ-ਪੁਰਖੀ ਜਗੀਰੂ ਅਤੇ ਔਰਤ ਵਿਰੋਧੀ ਪਰਿਵਾਰ ਪ੍ਰਬੰਧ, ਧਰਮ, ਸਿਆਸਤ ਅਤੇ ਰਾਜਸੱਤਾ ਦਾ ਗੱਠਜੋੜ, ਜਾਤਪਾਤੀ ਸਮਾਜਿਕ ਸੰਸਥਾ ਅਤੇ ਅੰਨ੍ਹਾ ਕੌਮ ਹੰਕਾਰ ਉਹਨਾਂ ਦੀ ਕਲਾ ਦੇ ਵਿਅੰਗ ਦੀ ਤਿੱਖੀ ਵਾਛੜ ਹੇਠ ਰਹਿੰਦੇ ਹਨ। ਉਹਨਾਂ ਨੇ ਹਮੇਸ਼ਾਂ ਕਿਰਤ ਅਤੇ ਕਿਰਤੀ ਲੋਕਾਂ ਦੇ ਸਮੂਹਿਕ ਸਵੈ-ਮਾਨ ਦੀ ਭਾਵਨਾ ਅਤੇ ਕਿਰਤ ਦੀ ਸਰਦਾਰੀ ਦੀ ਤਾਂਘ ਨੂੰ ਸਮਾਜਿਕ ਮਨੁੱਖੀ ਤਰੱਕੀ ਦੀ ਸੁਭਾਵਿਕ ਲੋੜ ਵਜੋਂ ਉਚਿਆਇਆ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਇਨਕਲਾਬੀ ਚੇਤਨਾ ਉੱਦਮ ਜੁਟਾਈ ਦੀਆਂ ਕਿੰਨੀਆਂ ਹੀ ਵੰਨਗੀਆਂ ਦੇ ਸਰਪਰਸਤ, ਸੰਸਥਾਪਕ ਜਾਂ ਸੰਚਾਲਕ ਦਾ ਰੋਲ ਨਿਭਾਇਆ ਹੈ। ਇਨਕਲਾਬੀ ਸਾਹਿਤ ਪੱਤਰਕਾਰੀ, ਇਨਕਲਾਬੀ ਪੁਸਤਕ ਪ੍ਰਕਾਸ਼ਨ, ਇਨਕਲਾਬੀ ਗੀਤ ਸੰਗੀਤ ਕੈਸਟ ਲੜੀਆਂ, ਇਨਕਲਾਬੀ ਨਾਟਕ ਵਰਕਸ਼ਾਪਾਂ ਅਤੇ ਮੇਲਿਆਂ ਦੀ ਲਹਿਰ ਉਸਾਰਨ ਵਿੱਚ ਉਹਨਾਂ ਦੀ ਭੂਮਿਕਾ ਕਿਸੇ ਟਿੱਪਣੀ ਦੀ ਮੁਥਾਜ ਨਹੀਂ ਹੈ। ਇਨਕਲਾਬੀ ਸਾਹਿਤਕ ਸਿਆਸੀ ਚਰਚਾ ਅਤੇ ਬਹਿਸ-ਵਿਚਾਰ ਲਈ ਉਹਨਾਂ ਵੱਲੋਂ ਪਰਚਿਆਂ ਰਾਹੀਂ ਮੁਹੱਈਆ ਕੀਤੇ ਜਾਂਦੇ ਪਲੇਟਫਾਰਮਾਂ ਦਾ ਇਨਕਲਾਬੀ ਲਹਿਰ ਦੇ ਸਰੋਕਾਰਾਂ ਨੂੰ ਉਭਾਰਨ ਵਿੱਚ ਅਹਿਮ ਰੋਲ ਰਹਿੰਦਾ ਰਿਹਾ ਹੈ।
ਸ਼੍ਰੀ ਗੁਰਸ਼ਰਨ ਸਿੰਘ ਦਾ ਇਨਕਲਾਬੀ ਯੋਗਦਾਨ ਸਿਰਫ ਸਮਾਜਿਕ ਸਰਗਰਮੀ ਦੇ ਸਭਿਆਚਾਰਕ ਖੇਤਰ ਤੱਕ ਹੀ ਸੀਮਤ ਨਹੀਂ ਹੈ। ਸਿਆਸੀ ਖੇਤਰ ਦੇ ਸੰਗਰਾਮੀਏ ਵਜੋਂ ਪੰਜਾਬ ਦੀ ਇਨਕਲਾਬੀ ਲਹਿਰ ਅੰਦਰ ਉਹਨਾਂ ਦੀ ਅਹਿਮ ਭੂਮਿਕਾ ਹੈ। ਹਾਕਮ ਜਮਾਤਾਂ ਖਿਲਾਫ ਸਿਆਸੀ ਭੇੜ ਦੇ ਚੁਣੌਤੀ ਭਰੇ ਦੌਰਾਂ ਵਿੱਚ ਉਹ ਸਰਗਰਮ ਅਤੇ ਅਹਿਮ ਭੂਮਿਕਾ ਨਿਭਾਉਣ ਲਈ ਦ੍ਰਿੜ੍ਹਤਾ ਨਾਲ ਮੈਦਾਨ ਵਿੱਚ ਨਿੱਤਰਦੇ ਰਹੇ ਹਨ। ਸੱਤਰਵਿਆਂ ਦੇ ਸ਼ੁਰੂ ਵਿੱਚ ਕਮਿਊਨਿਸਟ ਇਨਕਲਾਬੀ ਲਹਿਰ ਅਤੇ ਇਨਕਲਾਬੀ ਸਭਿਆਚਾਰਕ ਸਰਗਰਮੀਆਂ ਖਿਲਾਫ ਰਾਜਸੱਤਾ ਦੇ ਕਸਾਈ ਜਾਬਰ ਹੱਲੇ ਸਮੇਂ ਵੀ, ਐਮਰਜੈਂਸੀ ਦੇ ਕਾਲੇ ਦੌਰ ਵਿੱਚ ਵੀ, ਫਿਰਕੂ ਫਾਸ਼ੀ ਦਹਿਸ਼ਤਗਰਦੀ ਵੱਲੋਂ ਸੇਵੇਵਾਲਾ ਕਾਂਡ ਵਰਗੀਆਂ ਖੂਨੀ ਚੁਣੌਤੀਆਂ ਸਮੇਂ ਵੀ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਸ਼ਹੀਦਾਂ ਦੀ ਵਿਰਾਸਤ ਅਤੇ ਸਿਆਸਤ ਨੂੰ ਬੁਲੰਦ ਕਰਨ ਦੇ ਹੰਭਲਿਆਂ ਸਮੇਂ ਵੀ ਉਹਨਾਂ ਨੇ ਇਨਕਲਾਬੀ ਲਹਿਰ ਦੀਆਂ ਠੋਸ ਮੰਗਾਂ ਦਾ ਦਲੇਰਾਨਾ ਅਤੇ ਸਰਗਰਮ ਹੁੰਗਾਰਾ ਭਰਿਆ ਹੈ।
ਸ਼੍ਰੀ ਗੁਰਸ਼ਰਨ ਸਿੰਘ ਬਹੁਤ ਲੰਮੇ ਅਰਸੇ ਤੋਂ ਲੋਕਾਂ ਦੀ ਇਨਕਲਾਬੀ ਲਹਿਰ ਦੇ ਵਿਹੜੇ 'ਚ ਵਿਚਰਦੇ ਆ ਰਹੇ ਹਨ। 1944 ਵਿੱਚ ਜਦੋਂ ਉਹਨਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਕੇ ਇਸ ਲਹਿਰ ਦੇ ਵਿਹੜੇ ਪੈਰ ਧਰਿਆ ਉਹ ਉਸ ਸਮੇਂ 15 ਵਰ੍ਹਿਆਂ ਦੇ ਸਨ। ਇਨਕਲਾਬੀ ਜਜ਼ਬਿਆਂ ਭਰੀ ਇਹ ਅੱਲੜ੍ਹ-ਵਰੇਸ, ਲੋਹੇ ਵਰਗੀ ਜੁਆਨੀ ਹੰਢਾ ਕੇ, ਹੁਣ ਸਫੈਦ ਚਾਂਦੀ ਵਿੱਚ ਵਟ ਚੁੱਕੀ ਹੈ। ਇਹਨਾਂ ਫੈਲੇ ਹੋਏ ਦਹਾਕਿਆਂ ਵਿੱਚ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਇਨਕਲਾਬੀ ਲਹਿਰ, ਅਨੇਕਾਂ ਸੰਕਟਾਂ, ਉਤਰਾਵਾਂ-ਚੜ੍ਹਾਵਾਂ, ਖਤਰਿਆਂ ਅਤੇ ਪਛਾੜਾਂ ਦੇ ਦੌਰਾਂ 'ਚੋਂ ਗੁਜ਼ਰੀ ਹੈ। ਇਸ ਨੂੰ ਭਾਰੀ ਕੁਰਬਾਨੀਆਂ ਨਾਲ ਹਾਸਲ ਹੋਈਆਂ ਵੱਡੀਆਂ ਇਨਕਲਾਬੀ ਪ੍ਰਾਪਤੀਆਂ ਦੇ ਖੁੱਸ ਜਾਣ ਦੇ ਸਦਮੇ ਹੰਢਾਉਣੇ ਪਏ ਹਨ। ਇਸ ਹਾਲਤ ਨੇ ਹਰ ਕਿਸੇ ਦੇ ਇਨਕਲਾਬੀ ਇਰਾਦੇ ਅਤੇ ਨਿਹਚਾ ਦੀ ਪਰਖ ਕੀਤੀ ਹੈ। ਇਨਕਲਾਬੀ ਅਤੇ ਸਮਾਜਵਾਦੀ ਆਦਰਸ਼ਾਂ ਵਿੱਚ ਬਹੁਤ ਸਾਰਿਆਂ ਦਾ ਵਿਸ਼ਵਾਸ਼ ਤਿੜਕਿਆ ਅਤੇ ਮਧੋਲਿਆ ਗਿਆ ਹੈ। ਕਈਆਂ ਲਈ ਇਹ ਹਾਲਤ ਇਨਕਲਾਬੀ ਆਦਰਸ਼ਾਂ ਤੋਂ ਮੁਖ ਮੋੜ ਲੈਣ, ਇਨਕਲਾਬੀ ਸਰਗਰਮੀ ਤੋਂ ਕਿਨਾਰਾਕਸ਼ੀ ਕਰ ਜਾਣ ਅਤੇ ਇਥੋਂ ਤੱਕ ਕਿ ਇਨਕਲਾਬੀ ਵਿਚਾਰਧਾਰਾ ਅਤੇ ਸਿਆਸਤ ਦਾ ਚੋਲਾ ਲਾਹ ਕੇ ਹਾਕਮ ਜਮਾਤੀ ਵਿਚਾਰਧਾਰਾ ਅਤੇ ਸਿਆਸਤ ਦਾ ਚੋਲਾ ਪਹਿਨ ਲੈਣ ਦੀ ਵਜਾਹ ਜਾਂ ਬਹਾਨਾ ਬਣੀ ਹੈ। ਪਰ ਸ਼੍ਰੀ ਗੁਰਸ਼ਰਨ ਸਿੰਘ ਦੀ ਇਨਕਲਾਬੀ ਨਿਹਚਾ ਇਹਨਾਂ ਸਮਿਆਂ ਵਿੱਚ ਸਦਾ ਜਗਮਗਾਉਂਦੀ ਅਤੇ ਲਟ ਲਟ ਬਲਦੀ ਰਹੀ ਹੈ। ਹੁਣ ਵੀ ਢਲਦੀ ਜਾ ਰਹੀ ਉਮਰ ਦੇ ਬਾਵਜੂਦ ਉਹ ਇਨਕਲਾਬੀ ਚੜ੍ਹਦੀ ਕਲਾ ਦਾ ਨਮੂਨਾ ਬਣ ਕੇ ਵਿਚਰ ਰਹੇ ਹਨ ਅਤੇ ਇਨਕਲਾਬੀ ਜਾਗਰਿਤੀ, ਪ੍ਰੇਰਨਾ ਅਤੇ ਉਤਸ਼ਾਹ ਦਾ ਭਖਦਾ ਸਰੋਤ ਬਣੇ ਹੋਏ ਹਨ।
ਰੂਸੀ ਕਮਿਊਨਿਸਟ ਸੰਗਰਾਮੀਏ ਅਤੇ ''ਸੂਰਮੇ ਦੀ ਸਿਰਜਣਾ'' (``8ow “he Steel Was “empered”) ਦੇ ਲੇਖਕ ਨਿਕੋਲਾਈ ਆਸਤਰੋਵਸਕੀ ਨੇ ਆਪਣੇ ਮੁੱਖ ਪਾਤਰ ਰਾਹੀਂ ਮਨੁੱਖੀ ਜੀਵਨ ਦੇ ਮਨੋਰਥ ਬਾਰੇ ਟਿੱਪਣੀ ਕੀਤੀ ਹੈ ''ਮਨੁੱਖ ਦੀ ਸਭ ਤੋਂ ਪਿਆਰੀ ਜਾਇਦਾਦ ਉਹਦਾ ਜੀਵਨ ਹੈ, ਜਿਹੜਾ ਉਸ ਨੂੰ ਕੇਵਲ ਇੱਕ ਵਾਰ ਮਿਲਦਾ ਹੈ। ਅਤੇ ਬੰਦਾ ਜੀਵੇ! ਜ਼ਰੂਰ ਜੀਵੇ! ਇਸ ਅੰਦਾਜ਼ ਨਾਲ ਜੀਵੇ ਕਿ ਦਿਲ ਜਿੰਦਗੀ ਦੇ ਫਜੂਲ ਗੁਆਏ ਸਾਲਾਂ ਕਾਰਨ ਵਿੰਨ੍ਹਵੇਂ ਪਛਤਾਵੇ ਵਿੱਚ ਨਾ ਤੜਫੇ, ਕਿ ਨਿੱਕੇ ਨਿਗੂਣੇ ਬੀਤੇ ਦੀ ਲੂੰਹਦੀ ਸ਼ਰਮਿੰਦਗੀ ਕਦੇ ਵੀ ਬੰਦੇ ਦੇ ਨੇੜੇ ਨਾ ਫਟਕੇ। ਮਨੁੱਖ ਇਉਂ ਜੀਵੇ ਕਿ ਅੰਤ ਸਮੇਂ ਕਹਿ ਸਕੇ, ''ਮੈਂ ਆਪਣਾ ਸਾਰਾ ਜੀਵਨ, ਆਪਣੀ ਸਾਰੀ ਤਾਕਤ, ਦੁਨੀਆਂ ਦੇ ਸਭ ਤੋਂ ਉੱਤਮ ਕਾਜ ਦੇ ਲੇਖੇ ਲਾਈ ਹੈ, ਮਨੁੱਖਤਾ ਦੀ ਆਜ਼ਾਦੀ ਲਈ ਸੰਗਰਾਮ ਦੇ ਲੇਖੇ ਲਾਈ ਹੈ।''
ਬਿਨਾ ਸ਼ੱਕ ਸ਼੍ਰੀ ਗੁਰਸ਼ਰਨ ਸਿੰਘ ਨੇ ਆਪਣਾ ਸਾਰਾ ਜੀਵਨ ਅਤੇ ਸਾਰੀ ਸ਼ਕਤੀ ਮਨੁੱਖਤਾ ਦੀ ਆਜ਼ਾਦੀ ਲਈ ਸੰਗਰਾਮ ਦੇ ਇਸ ਸਰਬ-ਉੱਤਮ ਕਾਜ ਦੇ ਲੇਖੇ ਲਾਏ ਹਨ। ਇਸ ਅਮਲ ਦੌਰਾਨ ਉਹ ਇੱਕ ਸੰਸਥਾ-ਨੁਮਾ ਬਹੁ-ਪੱਖੀ ਇਨਕਲਾਬੀ ਸਖਸ਼ੀਅਤ ਬਣ ਕੇ ਉੱਭਰੇ ਅਤੇ ਸਥਾਪਤ ਹੋਏ ਹਨ। ਇਨਕਲਾਬੀ ਸਭਿਆਚਾਰਕ ਲਹਿਰ ਸਮੇਤ, ਪੰਜਾਬ ਦੀ ਇਨਕਲਾਬੀ ਲਹਿਰ ਦੀਆਂ ਕਈ ਨਰੋਈਆਂ ਹਾਂ-ਪੱਖੀ ਸਿਫਤਾਂ ਸ਼੍ਰੀ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਰਾਹੀਂ ਝਲਕਦੀਆਂ ਅਤੇ ਰੂਪਮਾਨ ਹੁੰਦੀਆਂ ਹਨ। ਇਨਕਲਾਬੀ ਕਾਜ਼ ਅਤੇ ਇਸ ਖਾਤਰ ਅਵਾਮੀ ਜੰਗ ਦੀ ਅਟੱਲ ਜਿੱਤ ਵਿੱਚ ਅਥਾਹ ਯਕੀਨ 'ਚੋਂ ਉਪਜੀ ''ਇਨਕਲਾਬੀ ਨਿਹਚਾ'' ਇਹਨਾਂ ਸਿਫਤਾਂ ਵਿੱਚ ਸਭ ਤੋਂ ਉਪਰ ਹੈ। ਸ਼੍ਰੀ ਗੁਰਸ਼ਰਨ ਸਿੰਘ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰ ਕੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਆਪਣੇ ਹੀ ਨਰੋਏ ਇਨਕਲਾਬੀ ਤੰਤ ਅਤੇ ਸ਼ਕਤੀ ਨੂੰ ਸਨਮਾਨਤ ਕਰ ਰਹੀ ਹੈ।
Tuesday, October 18, 2011
MARCH TO MOGA ON 23rd OCTOBER TO PAY HOMAGE TO GURSHARN BHAJI
ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਨੇ ਪਰੈਸ ਦੇ ਨਾਂ ਜਾਰੀ ਕੀਤੇ ਬਿਆਨ 'ਚ ਦੱਸਿਆ ਕਿ ਇਸੇ ਭਾਵਨਾ ਤਹਿਤ 23 ਅਕਤੂਬਰ ਨੂੰ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਦੀ ਅਗਵਾਈ ਵਿੱਚ ਵੱਖ ਵੱਖ ਥਾਵਾਂ ਤੋਂ ਇਕੱਤਰ ਹੋਏ ਲੋਕਾਂ ਦਾ ਕਾਫਲਾ ਸਵੇਰੇ 10 ਵਜੇ ਪਿੰਡ ਕੁੱਸਾ ਤੋਂ ਕੂਚ ਕਰੇਗਾ ਅਤੇ ਮਾਰਚ ਕਰਦੇ ਹੋਏ ਮੋਗਾ ਵਿਖੇ ਹੋ ਰਹੇ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਵੇਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 1 ਨਵੰਬਰ ਨੂੰ ਜਲੰਧਰ ਵਿਖੇ ਹੋ ਰਹੇ ਗਦਰੀ ਬਾਬਿਆਂ ਦੇ ਮੇਲੇ 'ਤੇ ਗੁਰਸ਼ਰਨ ਸਿੰਘ ਨੂੰ ਸਮਰਪਤ ਨਾਟਕ ਮੇਲੇ ਵਿੱਚ ਵੀ ਸ਼ਾਮਲ ਹੋਣ। ਉਹਨਾਂ ਦੱਸਿਆ ਕਿ 11 ਜਨਵਰੀ 2006 ਨੂੰ ਗੁਰਸ਼ਰਨ ਸਿੰਘ ਨੂੰ ਪਿੰਡ ਕੁੱਸਾ ਵਿੱਚ ਭੇਟ ਕੀਤੇ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸ਼ੁਰੂ ਹੋਈ, ਲੋਕ-ਪੱਖੀ ਕਲਾਕਾਰਾਂ ਅਤੇ ਹੱਕਾਂ ਲਈ ਸੰਘਰਸ਼ਸ਼ੀਲ ਜਨਤਾ ਦਰਮਿਆਨ ਗੂੜ੍ਹੇ ਰਿਸ਼ਤੇ ਦੀ ਪ੍ਰੰਪਰਾ ਨੂੰ ਅੱਗੇ ਤੋਰਿਆ ਜਾਵੇਗਾ। ਇਸੇ ਮਕਸਦ ਦੇ ਅੰਗ ਵਜੋਂ ਕਮੇਟੀ ਵੱਲੋਂ ਚਲਾਏ ਜਾ ਰਹੇ ''ਸਲਾਮ ਪ੍ਰਕਾਸ਼ਨ'' ਦੀ ਤਰਫੋਂ ਜਲਦੀ ਹੀ ''ਸਲਾਮ'' ਪਰਚੇ ਦਾ ਤੀਸਰਾ ਗੁਰਸ਼ਰਨ ਸਿੰਘ ਅੰਕ ਜਾਰੀ ਕੀਤਾ ਜਾ ਰਿਹਾ ਚੇਤੇ ਰਹੇ ਕਿ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਸੱਦੇ 'ਤੇ 9 ਅਕਤੂਬਰ ਨੂੰ ਪਿੰਡ ਕੁੱਸਾ ਵਿੱਚ 15 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ ਸੀ। ਪੰਜਾਬ ਦੇ ਉੱਘੇ ਲੋਕ-ਆਗੂਆਂ ਅਤੇ ਰੰਗਮੰਚ ਦੀਆਂ ਸਿਰਕੱਢ ਸਖਸ਼ੀਅਤਾਂ ਨੇ ਇਸ ਮੰਚ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ, ਲੋਕਾਂ ਦੀ ਕਲਾ ਅਤੇ ਸੰਗਰਾਮ ਦੇ ਰਿਸ਼ਤੇ ਨੂੰ ਗੂੜ੍ਹਾ ਕਰਨ ਦੀ ਜ਼ੋਰਦਾਰ ਭਾਵਨਾ ਪ੍ਰਗਟ ਕੀਤੀ ਸੀ। ਇਸ ਸਮਾਗਮ ਦੀ ਸਟੇਜ ਤੋਂ ਵੀ ਲੋਕਾਂ ਨੂੰ 23 ਅਕਤੂਬਰ ਦੇ ਮੋਗਾ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ ਗਈ ਸੀ।
ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਵਿੱਚ ਗੁਰਸ਼ਰਨ ਸਿੰਘ ਦੀ ਜੀਵਨ-ਸਾਥਣ ਸ਼੍ਰੀਮਤੀ ਕੈਲਾਸ਼ ਕੌਰ ਤੋਂ ਇਲਾਵਾ ਪ੍ਰੋ. ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਡਾ. ਸਾਹਿਬ ਸਿੰਘ, ਸ਼ਬਦੀਸ਼, ਅਤਰਜੀਤ, ਰਾਮ ਸਵਰਨ ਸਿੰਘ ਲੱਖੇਵਾਲੀ, ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਗੁਰਦਿਆਲ ਸਿੰਘ ਭੰਗਲ, ਜ਼ੋਰਾ ਸਿੰਘ ਨਸਰਾਲੀ, ਯਸ਼ਪਾਲ, ਡਾ. ਪ੍ਰਮਿੰਦਰ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਪੁਸ਼ਪ ਲਤਾ, ਪਵੇਲ ਕੁੱਸਾ ਅਤੇ ਜਸਪਾਲ ਜੱਸੀ (ਕਨਵੀਨਰ) ਸ਼ਾਮਲ ਹਨ।
ਜਸਪਾਲ ਜੱਸੀ ਕਨਵੀਨਰ
Monday, October 10, 2011
HOMAGE TO GURSHARAN SINGH AT KUSSA (DISTT MOGA)



ਤਸਵੀਰਾਂ: ਰਣਦੀਪ ਸਿੰਘ
ਅੱਜ ਪਿੰਡ ਕੁੱਸਾ ਵਿੱਚ ਪੰਜਾਬ ਦੇ ਕੋਨੇ ਕੋਨੇ 'ਚੋਂ ਆਏ ਪੰਦਰਾਂ ਹਜ਼ਾਰ ਤੋਂ ਵੱਧ ਲੋਕਾਂ ਦੇ ਭਾਰੀ ਹਜੂਮ ਨੇ ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਦੇ ਸ਼ਾਹ-ਅਸਵਾਰ ਗੁਰਸ਼ਰਨ ਸਿੰਘ ਨੂੰ ਛਲਕਦੇ ਜਜ਼ਬਾਤਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉੱਘੇ ਲੋਕ ਆਗੂਆਂ ਅਤੇ ਸਾਹਿਤ ਕਲਾ-ਜਗਤ ਦੀਆਂ ਨਾਮਵਰ ਅਤੇ ਸਿਰਕੱਢ ਹਸਤੀਆਂ 'ਤੇ ਅਧਾਰਤ ''ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ'' ਦੇ ਸੱਦੇ ਦਾ ਭਰਪੂਰ ਹੁੰਗਾਰਾ ਭਰਦਿਆਂ ਉਮਡ ਕੇ ਆਏ ਲੋਕਾਂ ਦੇ ਹੜ੍ਹ ਨੇ ਉਸੇ ਥਾਂ 'ਤੇ ਲਾਏ ਪੰਡਾਲ ਨੂੰ ਨੱਕੋ ਨੱਕ ਭਰ ਦਿੱਤਾ ਜਿਥੇ 11 ਜਨਵਰੀ 2006 ਨੂੰ ਹਜ਼ਾਰਾਂ ਲੋਕਾਂ ਨੇ ਨਿਵੇਕਲੇ ਅਤੇ ਮਿਸਾਲੀ ਢੰਗ ਨਾਲ ਗੁਰਸ਼ਰਨ ਸਿੰਘ ''ਇਨਕਲਾਬੀ ਨਿਹਚਾ' ਸਨਮਾਨ'' ਨਾਲ ਸਤਿਕਾਰਿਆ ਸੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਗੁਰਸ਼ਰਨ ਸਿੰਘ ਨੂੰ ਲੋਕ ਪੱਖੀ ਰੰਗਮੰਚ ਅਤੇ ਲੋਕਾਂ ਦੀ ਇਨਕਲਾਬੀ ਲਹਿਰ ਦੇ ਸੰਗਮ ਦਾ ਮਜਬੂਤ ਥੰਮ੍ਹ ਕਰਾਰ ਦਿੱਤਾ। ਕਿਹਾ ਗਿਆ ਕਿ ਗੁਰਸ਼ਰਨ ਸਿੰਘ ਨੇ ''ਦਾਤੀਆਂ, ਕਲਮਾਂ ਅਤੇ ਹਥੌੜਿਆਂ'' ਦੀ ਏਕਤਾ ਦਾ ਉਹ ਤ੍ਰਿਸ਼ੂਲ ਸਿਰਜਣ ਵਿੱਚ ਆਗੂ ਰੋਲ ਅਦਾ ਕੀਤਾ, ਜਿਸ ਦਾ ਸੱਦਾ ਪ੍ਰੋ. ਮੋਹਨ ਸਿੰਘ ਨੇ ਆਪਣੀ ਕਵਿਤਾ ਰਾਹੀਂ ਦਿੱਤਾ ਸੀ। ਉਹਨਾਂ ਨੇ ਭਾਈ ਲਾਲੋਆਂ ਦੇ ਰੰਗਮੰਚ ਦੀ ਉਸਾਰੀ ਕੀਤੀ ਅਤੇ ਇਸ ਨੂੰ ਅਗਾਂਹਵਧੂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਬੁਲੰਦ ਆਵਾਜ਼ ਨਾਲ ਗੂੰਜਣ ਲਾ ਦਿੱਤਾ। ਉਹਨਾਂ ਦੀ ਬਹੁਪੱਖੀ ਸਖਸ਼ੀਅਤ ਦੇ ਲਿਸ਼ਕਾਰੇ ਨੇ ਨਾ ਸਿਰਫ ਰੰਗਮੰਚ ਨੂੰ ਸਗੋਂ ਸੰਗਰਾਮੀ ਜੀਵਨ ਦੇ ਕਿੰਨੇ ਹੀ ਖੇਤਰਾਂ ਨੂੰ ਰੁਸ਼ਨਾਇਆ।
ਸਮਾਗਮ ਦੌਰਾਨ ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਨੂੰ ਸਮਰਪਤ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਦਸਤਾਵੇਜੀ ਮੈਗਜ਼ੀਨ 'ਸਲਾਮ' ਸਟੇਜ ਤੋਂ ਡਾ. ਆਤਮਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ। ਉੱਘੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਸਭਨਾਂ ਲੋਕਾਂ ਦੀ ਤਰਫੋਂ ਰੰਗਕਰਮੀਆਂ ਦੇ ਇਸ ਐਲਾਨ ਦਾ ਸਵਾਗਤ ਕੀਤਾ ਕਿ ਗੁਰਸ਼ਰਨ ਸਿੰਘ ਦੀ ਬਰਸੀ ਹਰ ਸਾਲ ''ਇਨਕਲਾਬੀ ਪੰਜਾਬੀ ਰੰਗਮੰਚ ਦਿਵਸ'' ਵਜੋਂ ਮਨਾਈ ਜਾਵੇਗੀ। ਉਹਨਾਂ ਕਿਹਾ ਕਿ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕ ਗੁਰਸ਼ਰਨ ਸਿੰਘ ਨੂੰ ਕਦੇ ਨਹੀਂ ਭੁੱਲਣਗੇ। ਉਹਨਾਂ ਵੱਲੋਂ ਪੈਦਾ ਕੀਤੀ ਜਾਗਰਤੀ, ਨੂੰ ਗੂੜ੍ਹੀ ਕਰਨਗੇ। ਲੋਕ-ਪੱਖੀ ਸਾਹਿਤਕਾਰਾਂ, ਕਲਾਕਾਰਾਂ ਨੂੰ ਪਲਕਾਂ 'ਤੇ ਬਿਠਾ ਕੇ ਸਤਿਕਾਰ ਦੇਣਗੇ ਅਤੇ ਇਨਕਲਾਬੀ ਪੰਜਾਬੀ ਰੰਗਮੰਚ ਦਿਵਸ ਨੂੰ ਕਿਰਤੀ ਲੋਕਾਂ ਦਾ ਰੰਗਮੰਚ ਦਿਹਾੜਾ ਬਣਾ ਦੇਣਗੇ।
ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੇਵਲ ਧਾਲੀਵਾਲ, ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਡਾ. ਸਾਹਿਬ ਸਿੰਘ, ਸ਼ਬਦੀਸ਼, ਅਤਰਜੀਤ, ਡਾ. ਪ੍ਰਮਿੰਦਰ ਸਿੰਘ, ਪੁਸ਼ਪ ਲਤਾ, ਗੁਰਸ਼ਰਨ ਸਿੰਘ ਦੀ ਬੇਟੀ ਡਾ. ਅਰੀਤ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਨੁਮਾਇੰਦੇ ਗੁਰਮੀਤ ਸਿੰਘ, ਅਰੁੰਧਤੀ ਰਾਏ, ਅਤੇ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਸ਼ਾਮਲ ਸਨ।
Thursday, September 29, 2011
A HOMAGE TO THE SHINING SUN OF PUNJABI PEOPLES THEATER: GURSHARAN SINGH


ਜੀਵਨ ਦੀ ਧਾਰਾ ਹੋ ਜਾਣਾ
ਜਿਉਂਦੇ ਰੰਗ ਦੀਆਂ ਤਰੰਗਾਂ ਨੇ
ਕੱਲ• ਦਾ ਲਿਸ਼ਕਾਰਾ ਹੋ ਜਾਣਾ
ਮਿਹਨਤ ਦੇ ਕੂਚ ਨਗਾਰੇ ਦਾ
ਜੇਤੂ ਧਮਕਾਰਾ ਹੋ ਜਾਣਾ
ਸਾਹਾਂ ਵਿੱਚ ਰਚ ਕੇ ਜਿੰਦਗੀ ਦੇ
ਅਸੀਂ ਸਦਾ ਸਦਾ ਲਈ ਜੀ ਰਹਿਣਾ
ਅਸੀਂ ਢਲਦੇ ਤਨ ਦੇ ਫਿਕਰਾਂ ਨੂੰ
ਸੀਨੇ ਚਿਪਕਾ ਕੇ ਕੀ ਲੈਣਾ''
28 ਸਤੰਬਰ ਨੂੰ ਜਦੋਂ ਚੰਡੀਗੜ੍ਹ ਦੇ 25 ਸੈਕਟਰ 'ਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਸੀ ਤਾਂ ਇਹ ਨਾਹਰਾ ਵਾਰ ਵਾਰ ਗੂੰਜ ਰਿਹਾ ਸੀ, ''ਗੁਰਸ਼ਰਨ ਸਿੰਘ ਕਿਤੇ ਨਹੀਂ ਗਏ, ਗੁਰਸ਼ਰਨ ਸਿੰਘ ਸਾਡੇ ਦਿਲਾਂ 'ਚ ਨੇ''! ਉਹਨਾਂ ਦੀ ਮ੍ਰਿਤਕ ਦੇਹ ਕੋਲ ਖਲੋ ਕੇ ਉਹੀ ਬੋਲ ਇੱਕ ਵਾਰੀ ਫੇਰ ਦੁਹਰਾਏ ਜਾ ਰਹੇ ਸਨ, ਜੋ 11 ਜਨਵਰੀ 2006 ਨੂੰ ਕੁੱਸੇ ਦੀ ਧਰਤੀ 'ਤੇ ਹਜ਼ਾਰਾਂ ਲੋਕਾਂ ਵੱਲੋਂ ਗੁਰਸ਼ਰਨ ਸਿੰਘ ਦੇ ਸਤਿਕਾਰ 'ਚ ਖੜ੍ਹੇ ਹੋ ਕੇ ਸਾਂਝੇ ਤੌਰ 'ਤੇ ਉਚਾਰੇ ਗਏ ਸਨ। ਗੁਰਸ਼ਰਨ ਸਿੰਘ ਨੂੰ ਭੇਟ ਕੀਤੇ ਸਨਮਾਨ ਪੱਤਰ ਦੇ ਇਹ ਸ਼ਬਦ ਰਤਾ ਕੁ ਤਬਦੀਲੀ ਨਾਲ ਹੁਣ ਸ਼ਰਧਾਂਜਲੀ ਅਹਿਦਨਾਮੇ 'ਚ ਵਟ ਗਏ ਸਨ:
''ਅਸੀਂ ਪੰਜਾਬ ਦੇ ਲੋਕਾਂ ਦੀ ਇਨਕਲਾਬੀ ਲਹਿਰ ਵੱਲੋਂ ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਨੂੰ ਆਪਣਾ ਸਲਾਮ ਭੇਟ ਕਰਦੇ ਹਾਂ।
ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਗੁਰਸ਼ਰਨ ਸਿੰਘ ਦੀ ਰਹਿਨੁਮਾਈ ਹੇਠ ਉੱਸਰੇ ਪੰਜਾਬ ਦੇ ਰੰਗਮੰਚ 'ਤੇ ਸਾਡੇ ਸੁਪਨਿਆਂ ਦੀ ਲੋਅ ਜਗਦੀ ਹੈ, ਸਾਡੇ ਵਿਰਸੇ ਦਾ ਸੂਰਜ ਚਮਕਦਾ ਹੈ, ਸਾਡੇ ਸੰਘਰਸ਼-ਨਗਾਰੇ ਦੀ ਧਮਕ ਗੂੰਜਦੀ ਹੈ, ਸਾਡੇ ਭਵਿੱਖ ਦਾ ਝੰਡਾ ਲਹਿਰਾਉਂਦਾ ਹੈ ਅਤੇ ਲਹਿਰਾਉਂਦਾ ਰਹੇਗਾ।
ਸਾਨੂੰ ਮਾਣ ਹੈ ਕਿ ਗੁਰਸ਼ਰਨ ਸਿੰਘ ਦੀ ਕਲਾ ਦੀ ਪ੍ਰੇਰਨਾ ਸਾਡੇ ਦਿਲਾਂ 'ਚ ਧੜਕਦੀ ਹੈ, ਸਾਡੇ ਮੱਥਿਆਂ 'ਚ ਜਗਦੀ ਹੈ, ਸਾਡੇ ਨੈਣਾਂ 'ਚ ਬਲਦੀ ਹੈ, ਤਣੇ ਹੋਏ ਮੁੱਕਿਆਂ 'ਚ ਲਹਿਰਾਉਂਦੀ ਹੈ ਅਤੇ ਲਹਿਰਾਉਂਦੀ ਰਹੇਗੀ।''.. ..
''ਸਾਨੂੰ ਮਾਣ ਹੈ ਕਿ ਸਾਡਾ ਗੁਰਸ਼ਰਨ ਸਿੰਘ, ਜਿੰਦਗੀ-ਭਰ ਸਾਡਾ ਹੋ ਕੇ ਜਿਉਂਇਆ ਹੈ। ਲਟ ਲਟ ਬਲਦੀ ਇਨਕਲਾਬੀ ਨਿਹਚਾ ਦੀ ਇਸ ਮੂਰਤ ਨੂੰ ਅਸੀਂ ਆਪਣੀਆਂ ਪਲਕਾਂ 'ਤੇ ਬਿਠਾ ਕੇ ਰੱਖਾਂਗੇ।
ਅਸੀਂ ਅਹਿਦ ਕਰਦੇ ਹਾਂ ਕਿ ਅਸੀਂ ਗੂੜ੍ਹੀ ਲੋਅ ਨਾਲ ਚਮਕਦੇ ਲੋਕਾਂ ਦੀ ਲਹਿਰ ਦੇ ਇਸ ਸਿਤਾਰੇ ਦੀ ਘਾਲਣਾ ਨੂੰ ਕਦੇ ਵੀ ਨਹੀਂ ਭੁੱਲਾਂਗੇ। ਨਿਹਫਲ ਨਹੀਂ ਜਾਣ ਦਿਆਂਗੇ। ਲੋਕਾਂ ਦੀ ਲਹਿਰ ਅਤੇ ਲੋਕਾਂ ਦੀ ਕਲਾ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਾਂਗੇ। ਲੋਕ-ਸੰਗਰਾਮਾਂ ਦਾ ਕਾਫ਼ਲਾ ਹੋਰ ਵੱਡਾ ਕਰਾਂਗੇ। ਇਸ ਨੂੰ ਨਵੇਂ ਸਮਾਜ ਦੀ ਮੰਜ਼ਲ ਤੱਕ ਲੈ ਕੇ ਜਾਵਾਂਗੇ।''
ਗੁਰਸ਼ਰਨ ਸਿੰਘ ਦੇ ਤੁਰ ਜਾਣ ਪਿੱਛੋਂ ਵੀ ਉਸਦੀ ਹੋਂਦ ਦੇ ਇਸ ਜਿਉਂਦੇ ਜਾਗਦੇ ਧੜਕਦੇ ਅਹਿਸਾਸ ਦੇ ਬਾਵਜੂਦ ਸੱਖਣੇਪਣ ਦੀ ਇੱਕ ਡੂੰਘੀ ਭਾਵਨਾ ਮੌਜੂਦ ਸੀ। ਇਹ ਸੱਖਣਾਪਣ ਨੈਣਾਂ 'ਚ ਉਮਡ ਰਿਹਾ ਸੀ, ਪਲਕਾਂ 'ਤੇ ਛਲਕ ਰਿਹਾ ਸੀ, ਉਦਰੇਵੇਂ ਭਰੀਆਂ ਆਪਸੀ ਗਲਵੱਕੜੀਆਂ ਰਾਹੀਂ ਪ੍ਰਗਟ ਹੋ ਰਿਹਾ ਸੀ ਅਤੇ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦੇਣ ਪਿੱਛੋਂ ਚੁੱਪ ਚਾਪ ਬੈਠੇ ਇਕੱਠ ਦੀ ਖਾਮੋਸ਼ੀ 'ਚ ਬਿਰਾਜਮਾਨ ਸੀ।
ਇਹ ਸੱਖਣਾਪਣ ਸਿਰਫ ਗੁਰਸ਼ਰਨ ਸਿੰਘ ਦੀ ਹਾਜ਼ਰੀ ਦੀ ਵਿਲੱਖਣ ਛੋਹ ਗੁਆਚ ਜਾਣ ਦਾ ਨਤੀਜਾ ਨਹੀਂ ਸੀ। ਜਜ਼ਬਾਤਾਂ ਅਤੇ ਭਾਵਨਾਵਾਂ ਨੇ ਇਹ ਛੋਹ ਦਹਾਕਿਆਂ-ਬੱਧੀ ਮਾਣੀ ਹੈ। ਇਸ ਦਾ ਅਲੋਪ ਹੋ ਜਾਣਾ ਉਦਾਸੀ ਪੈਦਾ ਕਰਦਾ ਹੈ। ਤਾਂ ਵੀ ਅਜਿਹੇ ਖਲਾਅ ਨੂੰ ਮਨ ਕੁਝ ਅਰਸੇ 'ਚ ਪੂਰ ਲੈਂਦੇ ਹਨ, ਸਾਵੇਂ ਹੋ ਜਾਂਦੇ ਹਨ ਅਤੇ ਜਿੰਦਗੀ ਆਪਣੀ ਤੋਰ ਤੁਰ ਪੈਂਦੀ ਹੈ। ਪਰ ਗੁਰਸ਼ਰਨ ਸਿੰਘ ਦੇ ਤੁਰ ਜਾਣ ਨਾਲ ਪੈਦਾ ਹੋਏ ਸੱਖਣੇਪਣ ਦੇ ਅਰਥ ਇਸ ਨਾਲੋਂ ਕਿਤੇ ਵੱਡੇ ਹਨ। ਇਹ ਹਕੀਕੀ ਸੱਖਣਾਪਣ ਹੈ, ਜਿਹੜਾ ਇਨਕਲਾਬੀ ਪੰਜਾਬੀ ਰੰਗਮੰਚ ਦੇ ਅਸਲੀ ਥੰਮ੍ਹ ਦੇ ਅਲੋਪ ਹੋ ਜਾਣ ਨਾਲ ਪੈਦਾ ਹੋਇਆ ਹੈ। ਇਸਦਾ ਪੂਰਾ ਅਹਿਸਾਸ ਆਉਂਦੇ ਦਿਨਾਂ 'ਚ ਅਮਲੀ ਤਜਰਬੇ ਰਾਹੀਂ ਹੋਵੇਗਾ। ਗੁਰਸ਼ਰਨ ਸਿੰਘ ਦੇ ਤੁਰ ਜਾਣ ਦਾ ਪੰਜਾਬੀਆਂ ਦੀ ਇਨਕਲਾਬੀ ਰੰਗਮੰਚ ਲਹਿਰ 'ਤੇ ਕੀ ਅਸਰ ਪੈਂਦਾ ਹੈ, ਇਸ ਦਾ ਪੂਰਾ ਪਤਾ ਵੀ ਆਉਂਦੇ ਦਿਨਾਂ 'ਚ ਲੱਗਣਾ ਹੈ। ਪੰਜਾਬ ਦੇ ਰੰਗਮੰਚ 'ਤੇ ਗੁਰਸ਼ਰਨ ਸਿੰਘ ਦੀ ਹਾਜ਼ਰੀ ਅਸਾਧਾਰਨ ਹੋ ਨਿੱਬੜੀ ਹੈ। ਉਹਨਾਂ ਨੇ ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਦਾ ਰੋਲ ਅਦਾ ਕੀਤਾ ਅਤੇ ਫੇਰ ਇਸ ਉੱਸਰੀ ਹੋਈ ਲਹਿਰ ਦੇ ਇਨਕਲਾਬੀ ਤੰਤ ਅਤੇ ਜੁੱਸੇ ਦੀ ਰਾਖੀ ਕਰਨ 'ਚ ਅਹਿਮ ਰੋਲ ਅਦਾ ਕੀਤਾ। ਤਿਲ੍ਹਕਣਾਂ ਅਤੇ ਕਮਜ਼ੋਰੀਆਂ ਦੇ ਪਰਛਾਵੇਂ ਇਸ ਸ਼ਾਨਦਾਰ ਇਨਕਲਾਬੀ ਰੰਗਮੰਚ ਲਹਿਰ ਦੇ ਆਲੇ-ਦੁਆਲੇ ਮੰਡਲਾਉਂਦੇ ਰਹੇ ਹਨ। ਅਜਿਹੀ ਹਾਲਤ 'ਚ ਗੁਰਸ਼ਰਨ ਸਿੰਘ ਦੇ ਇਨਕਲਾਬੀ ਸਮਰਪਣ ਦਾ ਜਲੌਅ ਕਈ ਨਾਟਕ ਮੰਡਲੀਆਂ ਅਤੇ ਕਲਾਕਾਰਾਂ ਦੇ ਡੋਲਦੇ ਥਿੜਕਦੇ ਕਦਮਾਂ ਨੂੰ ਬੋਚ ਲੈਂਦਾ ਰਿਹਾ ਹੈ। ਗੁਰਸ਼ਰਨ ਸਿੰਘ ਦੀ ਕਲਾ-ਪ੍ਰਤਿਭਾ ਦੀ ਛੋਹ ਹੇਠ ਸਮਰੱਥ ਕਲਾਕਾਰਾਂ ਦੇ ਪੂਰਾਂ ਦੇ ਪੂਰ ਉੱਭਰੇ। ਇਹ ਬਹੁਤ ਵੱਡੀ ਅਤੇ ਲਾਮਿਸਾਲ ਪ੍ਰਾਪਤੀ ਸੀ। ਪਰ ਇਸ ਤੋਂ ਵੀ ਵੱਡੀ ਪ੍ਰਾਪਤੀ ਇਹਨਾਂ ਕਲਾਕਾਰਾਂ ਦੀ ਵੱਡੀ ਗਿਣਤੀ ਨੂੰ ਇੱਕ ਜਾਂ ਦੂਜੇ ਢੰਗ ਨਾਲ ਇਨਕਲਾਬੀ, ਲੋਕ-ਪੱਖੀ ਰੰਗਮੰਚ ਦੀ ਬੁੱਕਲ 'ਚ ਰੱਖ ਸਕਣਾ ਸੀ।
ਅਜਮੇਰ ਔਲਖ ਨੇ ਇਹ ਦਰੁਸਤ ਟਿੱਪਣੀ ਕੀਤੀ ਸੀ ਕਿ ਪੰਜਾਬ ਦੇ ਪਿੰਡਾਂ 'ਚ ਪੰਜਾਬੀਰੰਗਮੰਚ ਦੀਆਂ ਕੰਕਰੀਟ ਦੀਆਂ ਪੱਕੀਆਂ ਕੰਧਾਂ ਗੁਰਸ਼ਰਨ ਸਿੰਘ ਨੇ ਉਸਾਰੀਆਂ ਹਨ। ਇਪਟਾ ਰਾਹੀਂ ਸ਼ੁਰੂ ਹੋਈ ਰੰਗਮੰਚ ਲਹਿਰ ਨੂੰ ਕਲਾ-ਮਿਆਰਾਂ ਪੱਖੋਂ ਕਿਤੇ ਉੱਚੇ ਪੱਧਰ 'ਤੇ ਲੈ ਜਾਣ ਦੀ ਭੂਮਿਕਾ ਵੀ ਗੁਰਸ਼ਰਨ ਸਿੰਘ ਨੇ ਨਿਭਾਈ। ਪਰ ਸਭ ਤੋਂ ਵੱਧ ਇਹ ਗੁਰਸ਼ਰਨ ਸਿੰਘ ਦੀ ਇਨਕਲਾਬੀ ਨਿਹਚਾ ਅਤੇ ਸਮਰਪਣ ਹੀ ਸੀ, ਜਿਸ ਨੇ ਉਹਨਾਂ ਨੂੰ ਇਨਕਲਾਬੀ ਨਾਟਕ ਲਹਿਰ ਦੀ ਬੇਜੋੜ ਸ਼ਖਸ਼ੀਅਤ ਬਣਾਇਆ।
ਨਿਰਦੇਸ਼ਨਾ ਅਤੇ ਅਦਾਕਾਰੀ ਦੀਆਂ ਰੌਸ਼ਨ ਮਿਸਾਲਾਂ ਪੱਖੋਂ ਹੁਣ ਵੀ ਪੰਜਾਬੀ ਰੰਗਮੰਚ ਦੀ ਝੋਲੀ ਸੱਖਣੀ ਨਹੀਂ ਹੈ, ਸਗੋਂ ਭਾਗਾਂ ਭਰੀ ਹੈ। ਪਰ ਇਨਕਲਾਬੀ ਨਿਹਚਾ ਅਤੇ ਸਮਰਪਣ ਦੀ ਭਾਵਨਾ ਪੱਖੋਂ ਗੁਰਸ਼ਰਨ ਸਿੰਘ ਦੇ ਮਿਆਰਾਂ ਨੂੰ ਛੋਹਣ ਖਾਤਰ ਇਨਕਲਾਬੀ ਰੰਗਮੰਚ ਲਹਿਰ ਅਜੇ ਸਮਾਂ ਲਵੇਗੀ। ਗੁਰਸ਼ਰਨ ਸਿੰਘ ਦੀ ਹਾਜ਼ਰੀ, ਕਲਾਕਾਰਾਂ ਅੰਦਰ ਮੌਜੂਦ ਲੋਕਾਂ ਪ੍ਰਤੀ ਸਮਰਪਣ ਦੀ ਭਾਵਨਾ ਦੀ ਹਰ ਚਿਣਗ ਨੂੰ ਇੱਕ ਲੜੀ 'ਚ ਪਰੋਅ ਲੈਣ ਦਾ ਰੋਲ ਅਦਾ ਕਰਦੀ ਰਹੀ ਹੈ। ਇਨਕਲਾਬੀ ਪੰਜਾਬੀ ਰੰਗਮੰਚ ਦੀ ਬੱਝਵੀਂ ਹੋਂਦ ਨੂੰ ਖੋਰੇ ਅਤੇ ਖਿੰਡਾਅ ਦੇ ਕਿਸੇ ਵੀ ਖਤਰੇ ਖਿਲਾਫ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਆਪਣੇ ਆਪ 'ਚ ਹੀ ਢਾਲ ਦਾ ਕੰਮ ਕਰਦੀ ਸੀ। ਈਰਖਾਵਾਂ, ਮੁਕਾਬਲੇਬਾਜ਼ੀ ਅਤੇ ਸੌੜੀ ਧੜੇਬੰਦੀ ਦੀਆਂ ਰੁਚੀਆਂ ਨੂੰ ਕੰਟਰੋਲ ਕਰਨ 'ਚ ਇਸ ਪੱਖ ਨੇ ਅਹਿਮ ਰੋਲ ਅਦਾ ਕੀਤਾ।
ਇਹਨਾਂ ਪੱਖਾਂ ਕਰਕੇ ਗੁਰਸ਼ਰਨ ਸਿੰਘ ਦਾ ਤੁਰ ਜਾਣਾ ਇਨਕਲਾਬੀ ਰੰਗਮੰਚ ਲਹਿਰ ਦੇ ਖੇਤਰ 'ਚ ਇੱਕ ਚੁਣੌਤੀ ਵਰਗੀ ਘਟਨਾ ਹੈ। ਬਿਨਾ ਸ਼ੱਕ, ਗੁਰਸ਼ਰਨ ਸਿੰਘ ਵੱਲੋਂ ਘਾਲੀ ਘਾਲਣਾ ਨਿਹਫਲ ਨਹੀਂ ਜਾਵੇਗੀ। ਉਹਨਾਂ ਵੱਲੋਂ ਅਦਾ ਕੀਤਾ ਰੋਲ ਪਰੇਰਨਾ ਬਣਦਾ ਰਹੇਗਾ। ਇਨਕਲਾਬੀ ਰੰਗਮੰਚ ਲਹਿਰ ਦੀ ਕਦਮ-ਤਾਲ ਨੂੰ ਸਾਵੀਂ ਰੱਖਣ 'ਚ ਆਪਣਾ ਰੋਲ ਅਦਾ ਕਰਦਾ ਰਹੇਗਾ। ਤਾਂ ਵੀ ਕਾਫੀ ਕੁਝ ਗੁਰਸ਼ਰਨ ਸਿੰਘ ਤੋਂ ਪਰੇਰਨਾ ਲੈਣ ਦੇ ਸੁਚੇਤ ਅਤੇ ਸੁਹਿਰਦ ਯਤਨਾਂ 'ਤੇ ਨਿਰਭਰ ਕਰੇਗਾ। ਗੁਰਸ਼ਰਨ ਸਿੰਘ ਵਰਗੇ ਅਕੀਦੇ, ਘਾਲਣਾ ਅਤੇ ਸਮਰਪਣ ਨੂੰ ਲਗਾਤਾਰ ਪਾਲਣ-ਪੋਸਣ ਦੀ ਲੋੜ ਹੋਵੇਗੀ। ਪੰਜਾਬੀ ਰੰਗਮੰਚ ਦੀ ਧਰਤੀ 'ਤੇ ਗੁਰਸ਼ਰਨ ਸਿੰਘ ਦੀ ਵਰਾਸਤ ਦੇ ਬੀਜ ਖਿਲਰੇ ਹੋਏ ਹਨ। ਪਰ ਇਹਨਾਂ ਬੀਜਾਂ ਨੂੰ ਸਿੰਜਣ ਦੀ ਲੋੜ ਹੋਵੇਗੀ। ਇਹਨਾਂ ਬੀਜਾਂ ਦੀ ਫਸਲ ਦੀ ਲਗਾਤਾਰ ਗੋਡੀ ਕਰਨ ਦੀ ਲੋੜ ਹੋਵੇਗੀ, ਕਿਉਂਕਿ ਜਗੀਰੂ-ਸਾਮਰਾਜੀ ਸੱਭਿਆਚਾਰਕ ਹਮਲੇ ਦਾ ਨਦੀਣ ਆਸੇ-ਪਾਸੇ ਪੁੰਗਰ ਰਿਹਾ ਹੈ।
ਬਰਾਬਰੀ ਅਧਾਰਤ ਸਮਾਜ ਗੁਰਸ਼ਰਨ ਸਿੰਘ ਦਾ ਟੀਚਾ ਸੀ। ਮਨੁੱਖੀ ਬਰਾਬਰੀ ਉਹਨਾਂ ਲਈ ਸਿਰਫ ਇੱਕ ਸਿਧਾਂਤ ਨਹੀਂ ਸੀ। ਨਿਰਾ ਵਿਚਾਰ ਜਾਂ ਨਾਹਰਾ ਨਹੀਂ ਸੀ। ਬਰਾਬਰੀ ਦੀ ਇਹ ਭਾਵਨਾ ਉਹਨਾਂ ਦੇ ਕਦਰ-ਪ੍ਰਬੰਧ 'ਚ ਰਚੀ ਹੋਈ ਸੀ। ਉਹਨਾਂ ਦਾ ਸਭਿਆਚਾਰ ਬਣੀ ਹੋਈ ਸੀ। ਜਾਤ-ਹੰਕਾਰ ਅਤੇ ਮਰਦ-ਹੰਕਾਰ ਦੀ ਬਿਰਤੀ ਨੂੰ ਉਹ ਦਿਲ ਦੀਆਂ ਡੂੰਘਾਈਆਂ 'ਚੋਂ ਸਖਤ ਨਫਰਤ ਕਰਦੇ ਸਨ। ਦਬਾਈਆਂ ਹੋਈਆਂ ਜਾਤਾਂ ਅਤੇ ਔਰਤਾਂ ਪ੍ਰਤੀ ਉਹਨਾਂ ਦਾ ਰਵੱਈਆ ਤਰਸ ਦੀ ਭਾਵਨਾ ਵਾਲਾ ਨਹੀਂ ਸੀ। ਉਹਨਾਂ ਦੀਆਂ ਤਕਰੀਰਾਂ, ਨਾਟਕ ਅਤੇ ਤਰਜ਼ੇ-ਜਿੰਦਗੀ ਇਹਨਾਂ ਸਮਾਜਿਕ ਪਰਤਾਂ ਅੰਦਰ ਅੰਗੜਾਈ ਲੈਂਦੀ ਸਵੈ-ਮਾਣ ਦੀ ਭਾਵਨਾ ਨਾਲ ਇੱਕਮਿੱਕ ਸਨ। ਇਸ ਪੱਖ ਦੀ ਇੱਕ ਉੱਘੜਵੀਂ ਮਿਸਾਲ ''ਨਵਾਂ ਜਨਮ'' ਨਾਟਕ ਸੀ। ਗੁਰਸ਼ਰਨ ਸਿੰਘ ਦੀ ਸਖਸ਼ੀਅਤ ਆਪਣੇ ਆਪ ਵਿੱਚ ਹੀ ਇਸ ਗਲਤ ਪ੍ਰਭਾਵ ਦਾ ਖੰਡਨ ਸੀ ਕਿ ਕਮਿਊਨਿਸਟ, ਇਨਕਲਾਬੀ ਅਤੇ ਅਗਾਂਹਵਧੂ ਲਹਿਰ ਜਾਤ-ਹੰਕਾਰ ਅਤੇ ਮਰਦ-ਹੰਕਾਰ ਤੋਂ ਮੁਕਤ ਮਨੁੱਖੀ ਭਾਵਨਾਵਾਂ ਸਿਰਜਣ ਅਤੇ ਸਥਾਪਤ ਕਰਨ ਦੇ ਸਮਰੱਥ ਨਹੀਂ ਹੈ।
ਸਾਮਰਾਜੀ ਸਭਿਆਚਾਰਕ ਹਮਲੇ ਖਿਲਾਫ ਉਹਨਾਂ ਨੇ ਹਮੇਸ਼ਾ ਗਰਜਵੀਂ ਆਵਾਜ਼ ਬੁਲੰਦ ਕੀਤੀ। ਪਰ ਗੁਰਸ਼ਰਨ ਸਿੰਘ ਉਹਨਾਂ 'ਚੋਂ ਨਹੀਂ ਸਨ, ਜੋ ਸਭਿਆਚਾਰਕ ਖੇਤਰ ਦੀ ਲੜਾਈ ਨੂੰ ਪੰਜਾਬੀ ਸਭਿਆਚਾਰ ਬਨਾਮ ਪੱਛਮੀ ਸਭਿਆਚਾਰ ਵਜੋਂ ਵੇਖਦੇ ਹਨ। ਉਹ ਪੱਛਮੀ ਸਭਿਆਚਾਰ ਦੇ ਨਿੱਘਰੇ ਸਾਮਰਾਜੀ ਪਹਿਲੂ ਦੇ ਬੇਕਿਰਕ ਅਲੋਚਕ ਸਨ। ਪਰ ਉਹਨਾਂ ਨਰੋਈਆਂ ਕਦਰਾਂ-ਕੀਮਤਾਂ ਨੂੰ ਮਹੱਤਵ ਦਿੰਦੇ ਸਨ, ਜੋ ਜਗੀਰੂ ਪ੍ਰਬੰਧ ਖਿਲਾਫ ਮਹਾਨ ਜਾਗਰਤੀ ਅਤੇ ਇਨਕਲਾਬਾਂ ਦੇ ਦੌਰ 'ਚ ਪੱਛਮੀ ਮੁਲਕਾਂ 'ਚ ਉੱਭਰੀਆਂ ਅਤੇ ਸਥਾਪਤ ਹੋਈਆਂ। ਦੂਜੇ ਪਾਸੇ ''ਪੰਜਾਬੀ ਸਭਿਆਚਾਰ'' ਬਾਰੇ ਵੀ ਉਹਨਾਂ ਦਾ ਜਮਾਤੀ ਨਜ਼ਰੀਆ ਸੀ। ਪੰਜਾਬੀ ਸਭਿਆਚਾਰ ਦੇ ਨਾਂ ਹੇਠ ਜਗੀਰੂ ਕਦਰਾਂ-ਕੀਮਤਾਂ ਦੇ ਗੁਣ-ਗਾਣ ਨਾਲ ਉਹਨਾਂ ਨੂੰ ਸਖਤ ਨਫਰਤ ਸੀ। ਔਰਤਾਂ ਪ੍ਰਤੀ ਤ੍ਰਿਸਕਾਰ ਦੀ ਜਗੀਰੂ ਭਾਵਨਾ ਵਿਸ਼ੇਸ਼ ਕਰਕੇ ਉਹਨਾਂ ਦੀ ਸਖਤ ਨੁਕਤਾਚੀਨੀ ਦੀ ਮਾਰ ਹੇਠ ਆਉਂਦੀ ਸੀ। ਜਮਹੂਰੀ ਰਵੱਈਆ ਅਤੇ ਕਦਰਾਂ-ਕੀਮਤਾਂ ਗ੍ਰਹਿਣ ਕਰਨ ਪੱਖੋਂ ਸਭਨਾਂ ਲੇਖਕਾਂ, ਕਲਾਕਾਰਾਂ ਅਤੇ ਇਨਕਲਾਬੀ ਕਾਰਕੁਨਾਂ ਦੀ ਹਾਲਤ ਸਾਵੀਂ ਨਹੀਂ ਹੈ। ਇਸ ਪੱਖੋਂ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਤੋਂ ਪ੍ਰੇਰਨਾ ਲੈਣ ਦੀ ਵਿਸ਼ੇਸ਼ ਅਹਿਮੀਅਤ ਹੈ।
ਇਨਕਲਾਬੀ ਪੰਜਾਬੀ ਰੰਗਮੰਚ ਅਤੇ ਲੋਕਾਂ ਦੀ ਲਹਿਰ ਨੂੰ ਗੁਰਸ਼ਰਨ ਸਿੰਘ ਦੀ ਗੂੰਜਦੀ ਆਵਾਜ਼ ਦਾ ਵਿਗੋਚਾ ਅਤੇ ਖਲਾਅ ਕਾਫੀ ਚਿਰ ਮਹਿਸੂਸ ਹੁੰਦਾ ਰਹੇਗਾ। ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਕਿਸੇ ਸ਼ੇਅਰ ਰਾਹੀਂ ਸੁਝਾਇਆ ਹੈ ਕਿ ਸੱਖਣੇਪਣ ਅੰਦਰ ਗੂੰਜ ਪੈਦਾ ਕਰਨ ਲਈ ''ਆਂਦਰਾਂ ਨੂੰ ਤਾਰਾਂ ਵਾਂਗ'' ਕਸ ਲੈਣ ਦੀ ਜ਼ਰੂਰਤ ਹੁੰਦੀ ਹੈ। ਰੰਗਮੰਚ ਦੇ ਉਹਨਾਂ ਸੰਗਰਾਮੀਆਂ ਨੂੰ ਜਿਹੜੇ ਗੁਰਸ਼ਰਨ ਸਿੰਘ ਦੇ ਖਲਾਅ ਨੂੰ ਪੂਰਨ ਲਈ ''ਜਿੰਦਗੀ ਦਾ ਸਾਜ਼'' ਬਣ ਕੇ ਥਰਕਣਾ ਚਾਹੁੰਦੇ ਹਨ, ਇਹੋ ਕਰਨਾ ਪੈਣਾ ਹੈ।
Saturday, April 9, 2011
ਸ਼ਹੀਦਾਂ ਦਾ ਲਹੂ ਮਿੱਟੀ 'ਚ ਨਹੀਂ ਸਮਾਏਗਾ - Jaspal Jassi
ਜ਼ੁਲਮ ਦੇ ਮੌਤ ਨਗਾਰੇ 'ਚ ਬਦਲ ਜਾਏਗਾ
By: Jaspal Jassi
(In memory of Sewewala Martyrs)
ਸ਼ਹੀਦਾਂ ਦਾ ਲਹੂ ਮਿੱਟੀ 'ਚ ਨਹੀਂ ਸਮਾਏਗਾ
ਜ਼ੁਲਮ ਦੇ ਮੌਤ ਨਗਾਰੇ 'ਚ ਬਦਲ ਜਾਏਗਾ
ਜਦੋਂ ਜ਼ਾਲਮ ਕਲੇਜੇ ਦਾ ਰੁੱਗ ਭਰਦਾ ਹੈ
ਇਹ ਧਰਤੀ ਮਾਂ ਹੈ ਸਦਮੇਂ 'ਚ ਗਸ਼ ਨਹੀਂ ਖਾਂਦੀ
ਸਦਾ ਸੁਹਾਗਣ ਹੈ ਇਹਦੀ ਕੁੱਖ ਦਾ ਨੂਰ ਨਹੀਂ ਮਰਦਾ
ਇਹਦੀ ਗੋਦੀ ਨੂੰ ਸਿਰਲੱਥਾਂ ਦੀ ਤੋਟ ਨਹੀਂ ਆਉਂਦੀ
ਜਿਗਰ 'ਚੋਂ ਸਿਤਮ ਦੇ ਨੇਜੇ ਦੀ ਨੋਕ ਗੁਜਰੀ ਹੈ
ਸਿੰਮਦੇ ਲਹੂ 'ਚੋਂ ਜਿਗਰੇ ਦੇ ਤੀਰ ਫੁੱਟ ਰਹੇ
ਜਖ਼ਮ ਮਲ੍ਹਮ ਨਹੀਂ ਜਾਲਮ ਦਾ ਖੂਨ ਮੰਗ ਰਹੇ
ਜਦੋਂ ਇਹ ਦਰਦ ਅੱਗ-ਵਾਛੜ ਦਾ ਰੂਪ ਧਾਰ ਗਿਆ
ਸਿਤਮ ਦਾ ਦੈਂਤ ਕਿਸ ਕੋਨੇ 'ਚ ਸਿਰ ਲੁਕਾਏਗਾ
............................................................
ਤਲੀ 'ਤੇ ਟਿੱਕ ਜਾਏ ਜਿਹੜਾ ਸਿਰ ਕਲਮ ਨਹੀਂ ਹੁੰਦਾ
ਤਣੀ ਹੋਈ ਹਿੱਕ 'ਤੇ ਗੋਲੀ ਦਾ ਅਸਰ ਨਹੀਂ ਹੁੰਦਾ
ਸ਼ੋਅਲਿਆਂ ਨੂੰ ਲੂਹੇ ਜਾਣ ਦਾ ਡਰ ਨਹੀਂ ਹੁੰਦਾ
ਨਜ਼ਰ 'ਚੋਂ ਨੀਰ ਦੇ ਦਰਿਆ ਤਲਾਸ਼ਦਾ ਜ਼ਾਲਮ
ਨਿਗਾਹੀਂ ਲਹੂ ਦਾ ਸਮੁੰਦਰ ਵੇਖ ਰਿਹਾ
ਪਿਘਲਦੇ ਸਿਦਕ ਦੀ ਕਣਸੋਅ ਉਡੀਕਦਾ ਕਾਤਲ
ਹਲੂਣੇ ਮਨਾਂ ਦੇ ਗੁੱਸੇ ਦੀ ਕਰਵਟ ਦੇਖ ਰਿਹਾ
ਜੋ ਵਿੰਨ੍ਹੇ ਦਿਲਾਂ ਦੇ ਹਰ ਛੇਕ ਤੀਕਰ ਫੈਲ ਰਿਹਾ
ਉਸ ਬਰੂਦ ਨੂੰ ਕੌਣ ਚੁੱਪ ਕਰਾਏਗਾ
ਸ਼ਹੀਦਾਂ ਦਾ ਲਹੂ ਮਿੱਟੀ 'ਚ ਨਹੀਂ ਸਮਾਏਗਾ
ਜ਼ੁਲਮ ਦੇ ਮੌਤ ਨਗਾਰੇ 'ਚ ਬਦਲ ਜਾਏਗਾ