StatCounter

Saturday, March 24, 2012

ਲੋਕ ਸੰਗਰਾਮ ਅਤੇ ਗ਼ਦਰ ਸ਼ਤਾਬਦੀ ਲਈ ਸੱਦਾ


ਲੋਕ ਮੋਰਚਾ ਪੰਜਾਬ
ਖਟਕੜ ਕਲਾਂ ’ਚ ਲੋਕ ਮੋਰਚੇ ਵੱਲੋਂ ਸਮਾਗਮ
ਲੋਕ ਸੰਗਰਾਮ ਅਤੇ ਗ਼ਦਰ ਸ਼ਤਾਬਦੀ ਲਈ ਸੱਦਾ

ਲੋਕ ਮੋਰਚਾ ਪੰਜਾਬ ਦੀ ਦੋਆਬਾ ਇਕਾਈ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਗ਼ਦਰ ਸ਼ਤਾਬਦੀ-2013 ਨੂੰ ਸਮਰਪਤ ਸਮਾਗਮ ਦਾ ਮਹੱਤਵਪੂਰਨ ਪੱਖ ਇਹ ਸੀ ਕਿ ਇਸ ਵਿਚ ਉਭਰਵੀਂ ਚਰਚਾ ਉਨ੍ਹਾਂ ਨੁਕਤਿਆਂ ਉਪਰ ਹੋਈ ਜਿਨ੍ਹਾਂ ਨਾਲ ਗ਼ਦਰ ਪਾਰਟੀ ਅਤੇ 23 ਮਾਰਚ ਦੇ ਸ਼ਹੀਦਾਂ ਦਾ 100 ਵਰ੍ਹੇ ਪਹਿਲਾਂ ਮੱਥਾ ਲੱਗ। ਚਰਚਾ ਦਾ ਕੇਂਦਰੀ ਬਿੰਦੂ ਅਤੇ ਧਿਆਨ-ਖਿੱਚਵਾਂ ਪੱਖ ਇਹ ਸੀ ਕਿ ਉਹ ਨੁਕਤੇ, ਸੁਆਲ, ਸਰੋਕਾਰ ਹੁਣ ਵਿਆਪਕ, ਪੇਚੀਦਾ ਅਤੇ ਤਿੱਖੇ ਹੋਏ ਹਨ। ਇਸ ਲਈ ਹਾਕਮ ਧੜਿਆਂ ਵੱਲੋਂ ਲਕੀਰ ਖਿੱਚਵਾਂ ਨੁਕਤਾ ਇਹ ਹੈ ਕਿ ਜਿਸ ਆਜ਼ਾਦੀ, ਜਮਹੂਰੀਅਤ ਅਤੇ ਸਮਾਜਕ ਬਰਾਬਰੀ ਦੀ ਪ੍ਰਾਪਤੀ ਲਈ ਉਨ੍ਹਾਂ ਲਹਿਰਾਂ ਨੇ ਨਵਾਂ ਇਤਿਹਾਸ ਸਿਰਜਿਆ ਉਹ ਆਦਰਸ਼ ਅਜੇ ਹਾਸਲ ਨਹੀਂ ਹੋਏ ਇਸ ਲਈ ਸਮੇਂ ਦੀ ਲੋੜ ਅਜੇਹੇ ਲੋਕ ਸੰਗਰਾਮ ਦੀ ਮਜ਼ਬੂਤੀ ਲਈ ਸਮਰਪਤ ਹੋਣ ਦੀ ਹੈ ਜਿਸਦਾ ਟੀਚਾ ਲੋਕਾਂ ਲਈ ਨਵੀਂ ਆਜ਼ਾਦੀ ਅਤੇ ਮਾਣ ਮੱਤੇ ਸਮਾਜ ਦੀ ਸਿਰਜਣਾ ਕਰਨਾ ਹੋਵੇ।

ਉੱਘੇ ਚਿੰਤਕ ਅਤੇ ਸਮਾਜ-ਸੇਵੀ ਹਿਮਾਂਸ਼ੂ ਕੁਮਾਰ ਨੇ ਵੰਗਾਰਮਈ ਸੁਰ ’ਚ ਕਿਹਾ ਕਿ ਜਦੋਂ ਤੁਹਾਡੀਆਂ ਅੱਖਾਂ ਸਾਹਮਣੇ ਜ਼ਮੀਨਾਂ, ਜੰਗਲ, ਜਲ, ਵਿਦਿਅਕ ਅਤੇ ਸਿਹਤ ਅਦਾਰੇ, ਮੁਢਲੇ ਜਮਹੂਰੀ ਅਧਿਕਾਰ ਸਭ ਖੋਹੇ ਜਾ ਰਹੇ ਹਨ ਤਾਂ ਅਸੀਂ ਚੁੱਪ ਕਿਉ ਹਾਂ? ਸਾਨੂੰ ਭਗਤ ਸਿੰਘ ਨੇ ਜੀਣ ਦੀ ਜਾਚ ਸਿਖਾਈ। ਅਸੀਂ ਫੇਰ ਹੀ ਭਗਤ ਸਿੰਘ ਦੇ ਕੁੱਝ ਲੱਗਦੇ ਹੋ ਸਕਦੇ ਹਾਂ ਜੇ ਅਸੀਂ ਆਪਣੇ ਚੌਗਿਰਦੇ ’ਚ ਹੋ ਰਹੀ ਹਨੇਰਗਰਦੀ ਖਿਲਾਫ ਆਵਾਜ਼ ਉਠਾਈਏ। ਉਨ੍ਹਾਂ ਦੇ ਸੁਪਨਿਆਂ ਦੀ ਪੂਰਤੀ ਲਈ ਯੋਗਦਾਨ ਪਾਈਏ।
ਹਿਮਾਂਸ਼ੂ ਨੇ ਤਸਵੀਰਾਂ ਦੀ ਜ਼ੁਬਾਨੀ ਆਦਿਵਾਸੀ ਲੋਕਾਂ ’ਤੇ ਢਾਹੇ ਜਬਰ ਦੀ ਰੌਂਗਟੇ ਖੜ੍ਹੇ ਕਰਦੀ ਕਹਾਣੀ ਪੇਸ਼ ਕੀਤੀ। ਉਹਨਾਂ ਪੰਜਾਬ ਵਾਸੀਆਂ ਨੂੰ ਖ਼ਬਰਦਾਰ ਕੀਤਾ ਕਿ ਜਦੋਂ ਤੁਸੀਂ ਵੀ ਆਪਣੇ ਹੱਕ ਮੰਗਦੇ ਹੋ ਤਾਂ ਭਾਰਤੀ ਰਾਜਤੰਤਰ ਅਤੇ ਇਥੋਂ ਦੀ ਜਮਹੂਰੀਅਤ ਤੁਹਾਡੇ ਨਾਲ ਕਿਵੇਂ ਪੇਸ਼ ਆਉਦੀ ਹੈ।

ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਮੋਲਕ ਸਿੰਘ ਨੇ ਕਿਹਾ ਕਿ ਅਜੋਕੇ ਪ੍ਰਬੰਧ ਦੇ ਅੰਦਰ ਕੋਈ ਵੀ ਓਹੜ ਪੋਹੜ ਲੋਕਾਂ ਨੂੰ ਦੇਸੀ ਅਤੇ ਬਦੇਸ਼ੀ ਗਿਰਝਾਂ ਦੇ ਪੰਜਿਆਂ ’ਚੋਂ ਨਿਜ਼ਾਤ ਨਹੀਂ ਦੁਆ ਸਕਦਾ। ਕੇਂਦਰੀ ਸੂਬਾਈ ਹਾਕਮ ਜਾਂ ਵੱਖ-ਵੱਖ ਸੂਬਿਆਂ ’ਚ ਕਿਸੇ ਵੀ ਰੰਗ ਦੇ ਹਾਕਮ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਆਜ਼ਾਦੀ, ਮੁਕਤੀ, ਜਮਹੂਰੀਅਤ, ਨਿਆਂ ਜਾਂ ਬਰਾਬਰੀ ਨਾਂਅ ਦਾ ਕੁੱਝ ਨਹੀਂ ਦੇ ਸਕਦੇ। ਇਨ੍ਹਾਂ ਦੀਆਂ ਡੋਰਾਂ ਜਾਗੀਰੂ ਅਤੇ ਸਾਮਰਾਜੀ ਲਾਣੇ ਨੇ ਫੜੀਆਂ ਹਨ। ਇਸ ਲਈ ਲੋਕ ਸ਼ਕਤੀ ਨੂੰ ਮਜ਼ਬੂਤ ਕਰਦਿਆਂ ਹੀ ਲੋਕਾਂ ਦੀ ਸਰਦਾਰੀ ਵਾਲਾ ਰਾਜ ਅਤੇ ਸਮਾਜ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਨੇ ਗ਼ਦਰ ਸ਼ਤਾਬਦੀ 2013 ਦੇ ਸਿਖਰਲੇ ਸਮਾਗਮਾਂ ਲਈ ਹੁਣ ਤੋਂ ਹੀ ਬੁੱਧੀਜੀਵੀ ਅਤੇ ਮਿਹਨਤਕਸ਼ ਵਰਗਾਂ ਦੇ ਚੇਤਨ ਹਿੱਸਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਹੰਸਾ ਸਿੰਘ ਦੀ ਨਿਰਦੇਸ਼ਨਾ ’ਚ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਹਰਮੇਸ਼ ਮਾਲੜੀ ਦਾ ਲਿਖਿਆ ਨਾਟਕ ‘ਹਨੇਰੇ ਚਾਨਣੇ’ ਅਤੇ ਬਾਲਰੰਗ ਮੰਚ ਰਸੂਲਪੁਰ ਵੱਲੋਂ ਕਮਲੇਸ਼ ਅਤੇ ਨੀਲਮ ਦੀ ਨਿਰਦੇਸ਼ਨਾ ’ਚ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਅੰਮ੍ਰਿਤਪਾਲ ਬਠਿੰਡਾ, ਅਵਤਾਰ ਆਦਿ ਨੇ ਗੀਤਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ।

ਅਮੋਲਕ ਸਿੰਘ
94170-76735

No comments:

Post a Comment