ਅਣਫੋਲੇ ਪੰਨੇ
ਹਨੇਰੇ ਤੋਂ ਰੌਸ਼ਨੀ ਵੱਲ ਸਫ਼ਰ ਦੇ ਪ੍ਰਤੀਕ
ਵਿਸ਼ਵ ਰੰਗਮੰਚ ਦਿਹਾੜਾ ਤੇ ਸੱਤ ਗ਼ਦਰੀ ਸ਼ਹੀਦ
ਵਿਸ਼ਵ ਰੰਗਮੰਚ ਦਿਹਾੜਾ ਤੇ ਸੱਤ ਗ਼ਦਰੀ ਸ਼ਹੀਦ
JAGAT SINGH BINJAL |
JIWAN SINGH DOLE SINGH WAL |
KANSHI RAM MAROLI |
LAL SINGH SAHIPAANA |
REHMAT ALI VAJIDKE |
27 ਮਾਰਚ ਦਾ ਦਿਹਾੜਾ ਵਿਸ਼ਵ ਰੰਗਮੰਚ ਦਿਹਾੜਾ ਹੈ। ਇਸ ਦਿਨ ਹੀ ਇਤਿਹਾਸ ਦਾ ਅਣਫੋਲਿਆ ਪੰਨਾ ਗਵਾਹੀ ਭਰਦਾ ਹੈ ਕਿ 27 ਮਾਰਚ 1915 ਨੂੰ ਮਿੰਟਗੁਮਰੀ ਜੇਲ੍ਹ ਵਿੱਚ, ਸੱਤ ਗ਼ਦਰੀ ਦੇਸ਼ਭਗਤਾਂ ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾਇਆ ਗਿਆ। ਵਿਸ਼ਵ ਰੰਗਮੰਚ ਦਿਹਾੜੇ ਅਤੇ ਫਾਂਸੀ ਦੇ ਰੱਸੇ ਚੁੰਮਣ ਵਾਲੇ ਅਜ਼ਾਦੀ ਸੰਗਰਾਮੀਆਂ ਦੀ ਇਬਾਰਤ ਅਜੋਕੇ ਵਕਤ ਦੇ ਤੂਫ਼ਾਨਾਂ ਨੇ ਲੋਕ ਮਨਾਂ ਦੇ ਸਫਿਆਂ ਤੋਂ ਮੇਟਣ ਦੀਆਂ 'ਕਸਰਤਾਂ' ਤੇਜ਼ ਕੀਤੀਆਂ ਹੋਈਆਂ ਹਨ।
ਇਤਿਹਾਸਕ ਸਰੋਕਾਰ ਅਤੇ ਰੰਗਮੰਚ ਦੋਵੇਂ ਜੌੜੇ ਭੈਣ-ਭਰਾ ਹਨ। ਜਦੋਂ ਸੰਸਾਰ ਦੇ ਕਿਸੇ ਵੀ ਕੋਨੇ ਅੰਦਰ ਭਾਰਤੀ ਖਾਸ ਕਰਕੇ ਪੰਜਾਬੀ 27 ਮਾਰਚ ਦੇ ਕਲੈਂਡਰ ਉਪਰ ਝਾਤੀ ਮਾਰਨ ਤਾਂ ਉਹਨਾਂ ਦੇ ਮਨ ਦੀ ਖਿੜਕੀ ਰੰਗਮੰਚ ਅਤੇ ਸ਼ਹਾਦਤ ਦਿਹਾੜੇ ਦੇ ਅਟੁੱਟ ਰਿਸ਼ਤੇ ਵੱਲ ਖੁੱਲ੍ਹਣੀ ਚਾਹੀਦੀ ਹੈ।
ਰੰਗਮੰਚ ਸਾਡੇ ਸਮਾਜ ਦਾ ਦਰਪਣ ਹੈ। ਸਾਡੇ ਅੰਗ-ਸੰਗ ਸਫ਼ਰ ਕਰਦਾ ਚੇਤਨਾ ਦਾ ਸੂਰਜ ਹੈ। ਸਾਡਾ ਇਤਿਹਾਸ, ਸਾਡਾ ਰੰਗਮੰਚ ਅਤੇ ਸ਼ਹੀਦ ਸਾਡੀ ਅਮੁੱਲੀ ਧਰੋਹਰ ਹਨ। ਜੇ ਅਸੀਂ 27 ਮਾਰਚ ਵਾਲੇ ਦਿਨ ਵਿਸ਼ਵ ਰੰਗਮੰਚ ਦਿਹਾੜਾ ਵੀ ਮਨਾਈਏ ਅਤੇ ਆਪਣੀ ਗੌਰਵਮਈ ਵਿਰਾਸਤ ਦਾ ਸਫਾ ਵੀ ਆਪਣੇ ਧੜਕਦੇ ਸਾਹਾਂ ਨਾਲ ਵਸਾਈਏ ਤਾਂ ਅਸੀਂ ਚਿੱਬ-ਖੜਿੱਬੀ ਹੋਈ ਇਤਿਹਾਸ, ਰੰਗਮੰਚ, ਸਾਹਿਤ, ਕਲਾ ਅਤੇ ਸਭਿਆਚਾਰ ਦੀ ਤਸਵੀਰ ਨੂੰ ਨਿਹਾਰ ਸਕਦੇ ਹਾਂ। ਉਸ ਵਿੱਚ ਖੂਬਸੂਰਤ ਰੰਗ ਭਰ ਸਕਦੇ ਹਾਂ।
ਇਸ ਪ੍ਰਸੰਗ ਵਿੱਚ, ਸਾਡੇ ਸਲੇਬਸਾਂ, ਚਰਚਾਵਾਂ, ਲਾਇਬਰੇਰੀਆਂ, ਅਜਾਇਬ-ਘਰਾਂ ਅਤੇ ਖਾਸ ਕਰਕੇ ਸਾਡੇ ਚੇਤਿਆਂ ਅੰਦਰੋਂ ਖੋਹੀਆਂ ਜਾ ਰਹੀਆਂ ਇਤਿਹਾਸਕ ਹਕੀਕਤਾਂ ਦੀ ਇੱਕ ਵੰਨਗੀ ਸਾਡਾ ਧਿਆਨ ਖਿੱਚਦੀ ਹੈ।
27 ਮਾਰਚ 1915 ਨੂੰ ਮਿੰਟਗੁਮਰੀ ਜੇਲ੍ਹ ਵਿੱਚ ਗ਼ਦਰ ਪਾਰਟੀ ਦੇ 7 ਜੁਝਾਰੂਆਂ, ਗ਼ਦਰ ਪਾਰਟੀ ਦੇ ਬਾਨੀ ਖਜ਼ਾਨਚੀ ਕਾਸ਼ੀ ਰਾਮ ਮੜੌਲੀ (ਰੋਪੜ), ਜੀਵਨ ਸਿੰਘ ਦੌਲੇਸਿੰਘਵਾਲਾ (ਸੰਗਰੂਰ), ਰਹਿਮਤ ਅਲੀ ਵਜ਼ੀਦਕੇ (ਹੁਣ ਬਰਨਾਲਾ), ਲਾਲ ਸਿੰਘ ਸਾਹਿਬਆਣਾ (ਲੁਧਿਆਣਾ), ਧਿਆਨ ਸਿੰਘ ਉਮਰਪੁਰਾ (ਅੰਮ੍ਰਿਤਸਰ), ਜਗਤ ਸਿੰਘ ਬਿੰਝਲ (ਲੁਧਿਆਣਾ) ਅਤੇ ਬਖਸ਼ੀਸ਼ ਸਿੰਘ ਖਾਨਪੁਰ (ਲੁਧਿਆਣਾ) ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾਇਆ ਗਿਆ। ਇਹਨਾਂ ਦੇ ਸ਼ਹੀਦੀ ਤੱਕ ਪੁੱਜਣ ਦੀ ਸੰਖੇਪ ਕਹਾਣੀ ਇਉਂ ਬਿਆਨੀ ਜਾ ਸਕਦੀ ਹੈ:
ਇਤਿਹਾਸ ਦੇ ਸਫੇ ਬੋਲਦੇ ਹਨ ਕਿ ਬਦੇਸ਼ੀ ਸਾਮਰਾਜੀਆਂ ਤੋਂ ਆਪਣੇ ਵਤਨ ਨੂੰ ਆਜ਼ਾਦ ਕਰਵਾਉਣ ਲਈ ਹਜ਼ਾਰਾਂ ਲੋਕਾਂ ਨੂੰ ਗ਼ਦਰ ਅਖਬਾਰ ਅਤੇ ਗ਼ਦਰ ਲਹਿਰ ਨੇ ਵੰਗਾਰਿਆ। ਕੋਈ 8 ਹਜ਼ਾਰ ਦੇ ਕਰੀਬ ਆਜ਼ਾਦੀ ਦੇ ਆਸ਼ਿਕ ਆਪਣਾ ਤਨ, ਮਨ, ਧਨ ਸਭ ਕੁੱਝ ਕੁਰਬਾਨ ਕਰਨ ਲਈ ਪਰਦੇਸਾਂ ਤੋਂ ਆਪਣੇ ਵਤਨ ਵੱਲ ਕੂਚ ਕਰਨ ਨਿਕਲ ਤੁਰੇ।
ਮਨੀਲਾ ਤੋਂ ਭਾਈ ਜੀਵਨ ਸਿੰਘ (ਦੌਲਾਸਿੰਘਵਾਲਾ), ਭਾਈ ਹਾਫਿਜ਼ ਅਬਦੁੱਲਾ (ਜਗਰਾਓਂ), ਭਾਈ ਰਹਿਮਤ ਅਲੀ ਵਜ਼ੀਦਕੇ, ਬੀਬੀ ਗੁਲਾਬ ਕੌਰ ਬਖਸ਼ੀਵਾਲਾ, ਭਾਈ ਬਖਸ਼ੀਸ਼ ਸਿੰਘ ਖਾਨਪੁਰ, ਭਾਈ ਲਾਲ ਸਿੰਘ ਸਾਹਿਬਆਣਾ, ਭਾਈ ਜਗਤ ਸਿੰਘ ਬਿੰਝਲ, ਧਿਆਨ ਸਿੰਘ ਉਮਰਪੁਰਾ ਅਤੇ ਚੰਦਾ ਸਿੰਘ ਵੜੈਚ (ਸੁਨੇਤ) 45 ਗ਼ਦਰੀ ਵੱਡੇ ਜਥੇ ਵਿੱਚ ਜਾ ਰਲੇ ਸਨ। ਹਾਂਗਕਾਂਗ 'ਚ ਆਜ਼ਾਦੀ ਸੰਗਰਾਮੀਆਂ ਦਾ ਤਾਂ ਮੇਲਾ ਹੀ ਲੱਗ ਗਿਆ। ਬਰਤਾਨਵੀ ਹਾਕਮਾਂ ਅਤੇ ਸੂਹੀਆ ਏਜੰਸੀਆਂ ਨੇ ਕੰਨ ਖੜ੍ਹੇ ਕੀਤੇ ਹੋਏ ਸਨ। ਬਾਹਰੋਂ ਆ ਰਹੇ ਦੇਸ਼ ਭਗਤ ਜੱਥਿਆਂ 'ਚੋਂ 2500 ਨੂੰ ਪਿੰਡਾਂ ਵਿੱਚ ਨਜ਼ਰਬੰਦ ਕਰ ਦਿੱਤਾ। ਕੋਈ 400 ਨੂੰ ਜੇਲ੍ਹੀਂ ਸੁੱਟ ਦਿੱਤਾ। ਨੰਬਰਦਾਰਾਂ, ਮੁਕਾਮੀ ਸਰਕਾਰੀ ਮੁਲਾਜ਼ਮਾਂ ਦੀ ਨਿਗਰਾਨੀ ਵਿੱਚ 500 ਨੂੰ ਤਾੜਨਾ ਦੇ ਕੇ ਛੱਡ ਦਿੱਤਾ। ਕਿੰਨੇ ਹੀ ਆਪਣੇ ਮਿਸ਼ਨ ਦੀ ਸਫਲਤਾ ਲਈ ਡਟ ਗਏ। ਨਨਕਾਣਾ ਸਾਹਿਬ, ਝਾੜ ਸਾਹਿਬ, ਤਰਨਤਾਰਨ, ਸੁਰਸਿੰਘ, ਢੁੱਡੀਕੇ ਅਤੇ ਸੰਘਵਾਲ ਆਦਿ ਅਨੇਕਾਂ ਥਾਵਾਂ 'ਤੇ ਗ਼ਦਰੀ ਸੂਰਮਿਆਂ ਦੀਆਂ ਇਤਿਹਾਸਕ ਪੈੜਾਂ ਮੂੰਹੋਂ ਬੋਲਦੀਆਂ ਹਨ ਕਿ ਉਹ ਆਪਣੇ ਮੁਲਕ ਨੂੰ ਆਜ਼ਾਦ ਅਤੇ ਖੁਸ਼ਹਾਲ ਬਣਾਉਣ ਲਈ ਆਖਰੀ ਦਮ ਤੱਕ ਸਮਰਪਤ ਰਹੇ ਹਨ। ਇਸ ਲੜੀ ਦੇ ਹੀ ਮੋਤੀ ਹਨ 27 ਮਾਰਚ 1915 ਨੂੰ ਫਾਂਸੀ ਚੜ੍ਹਨ ਵਾਲੇ ਸੱਤ ਗ਼ਦਰੀ।
ਇਹ ਅਜ਼ਾਦੀ ਸੰਗਰਾਮੀਏ ਜਦੋਂ ਫ਼ਿਰੋਜ਼ਪੁਰ ਤੋਂ ਮੋਗੇ ਵੱਲ ਤਿੰਨ ਟਾਂਗਿਆਂ ਉਪਰ ਸਵਾਰ ਹੋ ਕੇ ਆ ਰਹੇ ਸਨ ਤਾਂ ਫ਼ਿਰੋਜ਼ਪੁਰ ਸ਼ਹਿਰ ਥਾਣੇ ਲਾਗੇ ਪਹੁੰਚੇ ਤਾਂ ਬੁਸ਼ਾਰਤ ਅਲੀ ਸਬ-ਇਨਸਪੈਕਟਰ, ਜੈਲਦਾਰ ਜਵਾਲਾ ਸਿੰਘ, ਜੈਲਦਾਰ ਫਤਿਹ ਸਿੰਘ ਅਤੇ ਸਫੈਦਪੋਸ਼ ਗੁਲਾਮ ਕਾਦਰ ਨੇ ਇਹਨਾਂ ਟਾਂਗਾ ਸਵਾਰਾਂ ਨੂੰ ਘੋਖਵੀਂ ਨਜ਼ਰ ਨਾਲ ਤਾੜਦਿਆਂ ਘੇਰ ਲਿਆ। ਤਲਾਸ਼ੀ ਸ਼ੁਰੂ ਕਰ ਦਿੱਤੀ। ਹੰਕਾਰੇ ਹੋਏ ਅੰਗਰੇਜ਼ ਹਾਕਮਾਂ ਦੇ ਵਫ਼ਾਦਾਰਾਂ ਨੇ ਗਾਲ੍ਹਾਂ ਦੀ ਵਾਛੜ ਕਰਦਿਆਂ ਰਹਿਮਤ ਅਲੀ ਵਜ਼ੀਰਕੇ ਦੇ ਥੱਪੜ ਮਾਰ ਦਿੱਤੇ। ਭਾਈ ਜਗਤ ਸਿੰਘ ਨੇ ਯਕਦਮ ਅਜਿਹੇ ਫਾਇਰ ਖੋਲ੍ਹੇ ਕਿ ਥਾਣੇਦਾਰ ਅਤੇ ਜੈਲਦਾਰ ਜਵਾਲਾ ਸਿੰਘ ਥਾਏਂ ਮਾਰੇ ਗਏ। ਮੌਕਾ ਤਾੜਦਿਆਂ ਕੁਝ ਗ਼ਦਰੀ ਇਧਰ-ਉਧਰ ਬਚ ਨਿਕਲੇ। ਕੁਝ ਨੇ ਨਹਿਰ ਕੰਢੇ ਸਰਕੜੇ ਵਿੱਚ ਪਨਾਹ ਲੈ ਲਈ। ਜਦੋਂ ਪੁਲਸ ਨੇ ਸਰਕੜੇ ਵੱਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਗੋਡੇ ਟੇਕਣ ਜਾਂ ਮੁਆਫੀ ਮੰਗਣ ਦੀ ਬਜਾਏ ਧਿਆਨ ਸਿੰਘ ਅਤੇ ਚੰਦਾ ਸਿੰਘ ਵੜੈਚ ਮੋੜਵੀਂ ਫਾਇਰਿੰਗ ਕਰਦੇ ਰਹੇ। ਅਖੀਰ ਪੁਲਸ ਨੇ ਸਰਕੰਡੇ ਨੂੰ ਅੱਗ ਲਗਾ ਦਿੱਤੀ। ਦੋਵੇਂ ਗ਼ਦਰੀ ਦੇਸ਼ਭਗਤ ਸ਼ਹੀਦੀ ਜਾਮ ਪੀ ਗਏ।
ਭਾਈ ਲਾਲ ਸਿੰਘ ਸਾਹਿਬਆਣਾ, ਭਾਈ ਜੀਵਨ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਜਗਤ ਸਿੰਘ ਬਿੰਝਲ, ਭਾਈ ਧਿਆਨ ਸਿੰਘ, ਕਾਸ਼ੀ ਰਾਮ ਮੜੌਲੀ ਅਤੇ ਰਹਿਮਤ ਅਲੀ ਵਜ਼ੀਦਕੇ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਏ। ਇਹਨਾਂ ਉਪਰ 22 ਜਨਵਰੀ 1915 ਨੂੰ ਮੁਕੱਦਮਾ ਦਾਇਰ ਕੀਤਾ। ਮੇਜਰ ਬੀ.ਓ. ਰਾਓ ਸੈਸ਼ਨ ਜੱਜ ਫ਼ਿਰੋਜ਼ਪੁਰ ਦੀ ਅਦਾਲਤ ਵਿੱਚ ਚੱਲੇ ਮੁਕੱਦਮੇ ਦਾ 2 ਫਰਵਰੀ 1915 ਨੂੰ ਫੈਸਲਾ ਸੁਣਾਇਆ ਗਿਆ। ਫੈਸਲੇ ਵਿੱਚ ਲਿਖਿਆ ਗਿਆ ਕਿ :
''ਜਗਤ ਸਿੰਘ ਮੌਤ ਦੀ ਸਜ਼ਾ ਦਾ ਹੱਕਦਾਰ ਹੈ। ਬਾਕੀ ਛੇ ਨੂੰ ਵੀ ਫਾਂਸੀ ਦੀ ਸਜ਼ਾ ਨਾ ਦੇਣ ਦੀ ਕੋਈ ਤੁਕ ਨਹੀਂ, ਕਿਉਂਕਿ ਇਹ ਸਾਰੇ ਇਕੱਠੇ ਸਨ। ਗੋਲੀ ਭਾਵੇਂ ਜਗਤ ਸਿੰਘ ਨੇ ਹੀ ਚਲਾਈ ਹੈ, ਪਰ ਜੇ ਬਾਕੀਆਂ ਕੋਲ ਹਥਿਆਰ ਹੁੰਦੇ ਤਾਂ ਉਹਨਾਂ ਨੇ ਵੀ ਅਵੱਸ਼ ਵਰਤੋਂ ਕਰਨੀ ਸੀ।''
ਸੱਤਾਂ ਨੂੰ ਹੀ 27 ਮਾਰਚ 1915 ਨੂੰ ਮਿੰਟਗੁਮਰੀ ਜੇਲ੍ਹ ਵਿੱਚ ਫਾਂਸੀ ਲਟਕਾ ਦਿੱਤਾ ਗਿਆ। ਰੰਗਮੰਚ ਦਿਹਾੜੇ ਵਾਲੇ ਦਿਨ ਵਿਚਾਰਾਂ ਸਿਰਫ ਰੰਗਮੰਚ ਤੱਕ ਸੀਮਤ ਨਾ ਰਹਿਣ ਸਗੋਂ ਸੰਵੇਦਨਸ਼ੀਲ ਹਿੱਸੇ ਇਹ ਵੀ ਦਰਸਾਉਣ ਕਿ ਆਜ਼ਾਦੀ ਦੀ ਕਹਾਣੀ ਅਤੇ ਅਮਰ ਨਾਟ-ਕਥਾ ਦੇ ਨਾਇਕ ਫਾਂਸੀ ਚਾੜ੍ਹ ਕੇ ਭਲੇ ਹੀ ਮੰਚ ਤੋਂ ਮਿਟਾ ਦੇਣ ਦਾ ਭਰਮ ਪਾਲਿਆ ਗਿਆ ਅਤੇ ਆਜ਼ਾਦੀ ਅਤੇ ਬਰਾਬਰੀ ਦੀ ਕਹਾਣੀ ਦੀ ਬਦਲੀ ਝਲਕੀ ਦਾ ਨਾਇਕ ਬਣ ਕੇ ਰੰਗਮੰਚ 'ਤੇ ਆਇਆ ਭਗਤ ਸਿੰਘ ਉਸਨੂੰ ਅੱਗੇ ਤੋਰਦਾ ਹੈ। ਇਹ ਕਹਾਣੀ ਤੁਰਦੀ ਰਹੇਗੀ। ਲੋਕ ਰੰਗਮੰਚ ਦਾ ਸਫ਼ਰ ਜਾਰੀ ਰਹੇਗਾ। ਹਨੇਰੇ ਤੋਂ ਰੌਸ਼ਨੀ ਵੱਲ ਸਮਾਜ ਨੂੰ ਲਿਜਾਣ ਵਾਲੇ ਸੰਗਰਾਮੀਆਂ ਬਾਰੇ ਭਗਤ ਸਿੰਘ ਇਉਂ ਮੁਖਾਤਬ ਹੁੰਦਾ ਹੈ:
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।''
—ਅਮੋਲਕ ਸਿੰਘ
(94170 76735)
No comments:
Post a Comment