ਲੋਕ ਮੋਰਚਾ ਪੰਜਾਬ
ਪਾਸ਼ ਦੇ ਪਿੰਡ ਸ਼ਰਧਾਂਜਲੀ ਸਮਾਗਮ
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਨ੍ਹਾਂ ਦੇ ਜਿਗਰੀ ਦੋਸਤ ਹੰਸ ਰਾਜ ਦੀ ਯਾਦ ’ਚ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਵਿਚ ਅਮਰ ਸ਼ਹੀਦਾਂ ਦੀ ਸੋਚ ਦਾ ਬਰਾਬਰੀ ਭਰਿਆ ਸਮਾਜ ਸਿਰਜਣ ਲਈ ਲੋਕ-ਸੰਗਰਾਮ ਜਾਰੀ ਰੱਖਣ ਦਾ ਸੱਦਾ ਦਿੱਤਾ।
ਭਗਤ ਸਿੰਘ ਦੀ ਸ਼ਹਾਦਤ ਦੇ 81 ਵਰ੍ਹੇ ਅਤੇ ਨਾਮਵਰ ਕਵੀ ਪਾਸ਼ ਦੀ ਸ਼ਹਾਦਤ ਨੂੰ 22 ਵਰ੍ਹੇ ਬੀਤ ਜਾਣ ’ਤੇ ਲੋਕਾਂ ਅੰਦਰ ਉਹਨਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਦਾ ਜਲੌਅ ਨਾਲ ਲੱਗਦੇ ਪਿੰਡਾਂ ਤੋਂ ਔਰਤਾਂ, ਮਰਦਾਂ ਅਤੇ ਬੱਚਿਆਂ ਦੇ ਆਕਾਸ਼ ਗੰਜਾਊ ਨਾਅਰੇ ਲਾਉਦੇ ਪੰਡਾਲ ਵਿਚ ਸ਼ਾਮਲ ਹੋਏ ਜੱਥਿਆਂ ਤੋਂ ਦੇਖਿਆਂ ਹੀ ਬਣਦਾ ਸੀ।
ਛਤੀਸਗੜ੍ਹ ਆਦਿਵਾਸੀਆਂ ਦੇ ਹੱਕਾਂ ਲਈ ਚੱਲ ਰਹੇ ਸੰਗਰਾਮ ਦੇ ਅਖਾੜੇ ’ਚੋਂ ਆਏ ਮੁਲਕ ਦੇ ਜਾਣੇ-ਪਹਿਚਾਣੇ ਬੁੱਧੀਜੀਵੀ ਅਤੇ ਸਮਾਜ-ਸੇਵੀ ਹਿਮਾਂਸ਼ੂ ਕੁਮਾਰ ਨੇ ਇਸ ਮੌਕੇ ਭਾਵੁਕ ਅੰਦਾਜ਼ ’ਚ ਤਸਵੀਰਾਂ ਅਤੇ ਮੂੰਹ ਬੋਲਦੇ ਤੱਥਾਂ ਨਾਲ ਸਮਿਆਂ ਦੇ ਹਾਕਮਾਂ ਅੱਗੇ ਸੁਆਲ ਰੱਖੇ ਕਿ ਜੰਗਲ, ਜਲ, ਜ਼ਮੀਨ, ਕੁਦਰਤੀ ਖਣਿਜ ਪਦਾਰਥ ਹੜੱਪਣ ਲਈ ਬਹੁਕੌਮੀ ਕੰਪਨੀਆਂ ਦੀ ਪਿੱਠ ਥਾਪੜਨਾ ਅਤੇ ਔਰਤਾਂ ਦੀ ਇੱਜ਼ਤ ਨਾਲ ਖੇਡਣਾ, ਉਜਾੜਨਾ, ਵਹਿਸ਼ੀਆਨ ਜ਼ੁਲਮ ਚਾਹੁਣਾ ਕਿਹੜੇ ਵਿਕਾਸ ਅਤੇ ਜਮਹੂਰੀਅਤ ਦੀ ਨਿਸ਼ਾਨੀ ਹੈ?
ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲੋਂ ਵੀ ਜ਼ਮੀਨਾਂ, ਪਾਣੀ, ਬਿਜਲੀ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਆਦਿ ਉਪਰ ਝਪਟਣ ਦਾ ਸਿਲਸਲਾ ਤੇਜ਼ ਕੀਤਾ ਜਾਏਗਾ ਇਸਦਾ ਇਕੋ ਇਕ ਜਵਾਬ ਚੁਣੌਤੀਆਂ ਨੂੰ ਸਿੱਧੇ ਮੱਥੇ ਟਕਰਨਾ ਹੈ।
ਪੰਜਾਬ ਅਤੇ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ ਨੇ ਕਿਹਾ ਕਿਰਤੀਆਂ, ਕਿਸਾਨਾਂ, ਨੌਜਵਾਨ, ਮੁਲਾਜ਼ਮਾਂ, ਦਸਤਕਾਰਾਂ ਅਤੇ ਔਰਤਾਂ ਨੂੰ ਮੋਢੇ ਸੰਗ ਮੋਢਾ ਜੋੜ ਕੇ ਜੂਝਣਾ ਪੈਣਾ ਹੈ ਕਿਉਕਿ ਨਵੀਆਂ ਲੋਕ-ਮਾਰੂ ਨੀਤੀਆਂ ਦੇ ਦੰਦੇ ਸੂਬਾਈ ਅਤੇ ਕੇਂਦਰੀ ਸਰਕਾਰ ਤਿੱਖੇ ਕਰ ਰਹੀਆਂ ਹਨ।
ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਮੋਲਕ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਤ ਕਰਦਿਆਂ ਕਿਹਾ ਕਿ ਐਨ.ਸੀ.ਟੀ.ਸੀ., ਨਵੀਂ ਜਲ ਨੀਤੀ, ਨਵੀਂ ਦਰਾਮਦ-ਬਰਾਮਦ ਕੀਤੀ ਅਤੇ ਅਸ਼ਲੀਲ ਸਭਿਆਚਾਰਕ ਹੱਲੇ ਦਾ ਮੂੰਹ ਮੋੜਨ ਲਈ ਹਾਕਮ ਧੜਿਆਂ ਖਿਲਾਫ ਲੋਕ ਧੜੇ ਦਾ ਮਜ਼ਬੂਤ ਕਿਲਾ ਉਸਾਰਨਾ ਹੀ ਇਕੋ ਇਕ ਸਵੱਲੜਾ ਰਾਹ ਹੈ।
ਕੈਨੇਡਾ ਤੋਂ ਆਏ ਪਾਸ਼ ਦੇ ਸਾਹਿਤਕ ਸੰਗੀ ਇਕਬਾਲ ਰਾਮੂਵਾਲੀਆ ਨੇ ਵਿਚਾਰਾਂ ਅਤੇ ਕਵਿਤਾਵਾਂ ਦੇ ਗੁਲਦਸਤੇ ਨਾਲ ਸ਼ਰਧਾਂਜਲੀ ਭੇਟ ਕੀਤੀ ਅਤੇ ਅਮੁੱਲੀਆਂ ਯਾਦਾਂ ਸਾਂਝੀਆਂ ਕੀਤੀਆਂ।
ਇਕਬਾਲ ਰਾਮੂਵਾਲੀਆ ਨੇ ਪਾਸ਼ ਦੇ ਪਿਤਾ ਮੇਜਰ ਸੋਹਣ ਸਿੰਘ ਕੈਲੋਫੋਰਨੀਆਂ ਵੱਲੋਂ ਭੇਜਿਆ ਸੁਨੇਹਾ ਵੀ ਪੜ੍ਹਿਆ ਜਿਸ ਵਿਚ ਉਨ੍ਹਾਂ ਨੇ ਪਾਸ਼ ਦੀ ਕਾਵਿ-ਸਿਰਜਣਾ ਉਪਰ ਮਾਣ ਕਰਦਿਆਂ ਆਵਾਮ ਨੂੰ ਸ਼ਹੀਦਾਂ ਦੇ ਰਾਹ ’ਤੇ ਤੁਰਨ ਦੀ ਅਪੀਲ ਕੀਤੀ।
ਨਵਚਿੰਤਨ ਕਲਾ ਮੰਚ ਬਿਆਸ (ਹੰਸਾ ਸਿੰਘ) ਵੱਲੋਂ ਹਰਮੇਸ਼ ਮਾਲੜੀ ਦਾ ਨਾਟਕ ‘ਹਨੇਰੇ-ਚਾਨਣੇ’ ਖੇਡਿਆ। ਮਾਸਟਰ ਅਵਤਾਰ ਅਤੇ ਅੰਮ੍ਰਿਤਪਾਲ ਬੰਗੇ ਨੇ ਗੀਤਾਂ ਦਾ ਰੰਗ ਭਰਿਆ। ਹਿਮਾਂਸ਼ੂ ਕੁਮਾਰ, ਉਨ੍ਹਾਂ ਦੀ ਜੀਵਨ ਸਾਥਣ ਵੀਨਾ ਭੱਲਾ, ਮੋਨੀਕਾ ਅਤੇ ਪਰਿਵਾਰ ਦਾ ਸਨਮਾਨ ਕੀਤਾ ਗਿਆ।
ਪਾਸ਼ ਹੰਸ ਰਾਜ ਯਾਦਗਾਰ ਕਮੇਟੀ ਵੱਲੋਂ ਆਯੋਜਿਤ ਇਸ ਸਮਾਗਮ ’ਚ ਹੰਸ ਰਾਜ ਦੇ ਭਰਾ ਹਰਬੰਸ ਨਿਊਜ਼ੀਲੈਂਡ ਅਤੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ (ਕੈਨੇਡਾ) ਵੱਲੋਂ ਸ਼ਰਧਾਂਜਲੀ ਅਤੇ ਭਾਵਨਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ।
ਅਮੋਲਕ ਸਿੰਘ
94170-76735
No comments:
Post a Comment