ਸੁਪਰੀਮ ਕੋਰਟ ਦੇ ਜੱਜ ਦੇ ਨਾਂ ਖੁੱਲ੍ਹਾ ਖਤ
ਹਿਮਾਂਸ਼ੂ ਕੁਮਾਰ
Himanshu Kumar |
ਪਰਮ ਸਤਿਕਾਰਯੋਗ ਜੱਜ ਸਾਹਿਬ,
ਸੁਪਰੀਮ ਕੋਰਟ,
ਨਵੀਂ ਦਿੱਲੀ।
ਇਹ ਖ਼ਤ ਮੈਂ ਤੁਹਾਨੂੰ ਸੋਨੀ ਸੋਰੀ ਨਾਂ ਦੀ ਆਦਿਵਾਸੀ ਲੜਕੀ ਦੇ ਸਬੰਧ 'ਚ ਲਿਖ ਰਿਹਾ ਹਾਂ, ਜਿਸਦੇ ਗੁਪਤ ਅੰਗਾਂ 'ਚ ਦਾਂਤੇਵਾੜਾ ਦੇ ਐਸ.ਪੀ ਨੇ ਪੱਥਰ ਭਰ ਦਿੱਤੇ ਸਨ ਅਤੇ ਜਿਸਦਾ ਮੁਕੱਦਮਾ ਤੁਹਾਡੀ ਅਦਾਲਤ ਵਿੱਚ ਚਲ ਰਿਹਾ ਹੈ। ਉਸ ਲੜਕੀ ਦੀ ਡਾਕਟਰੀ ਜਾਂਚ ਤੁਹਾਡੇ ਹੁਕਮ ਨਾਲ ਕਰਵਾਈ ਗਈ ਅਤੇ ਡਾਕਟਰਾਂ ਨੇ ਉਸ ਆਦਿਵਾਸੀ ਲੜਕੀ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਸਹੀ ਪਾਇਆ ਅਤੇ ਡਾਕਟਰੀ ਰਿਪੋਰਟ ਦੇ ਨਾਲ ਉਸ ਲੜਕੀ ਦੇ ਗੁਪਤ ਅੰਗਾਂ ਵਿਚੋਂ ਕੱਢੇ ਤਿੰਨ ਪੱਥਰ ਵੀ ਤੁਹਾਨੂੰ ਭੇਜ ਦਿੱਤੇ।
ਕੱਲ੍ਹ 2 ਦਿਸੰਬਰ 2011 ਨੂੰ ਤੁਸੀਂ ਉਹ ਪੱਥਰ ਵੇਖਣ ਤੋਂ ਬਾਅਦ ਵੀ ਉਸ ਆਦਿਵਾਸੀ ਲੜਕੀ ਨੂੰ ਛੱਤੀਸਗੜ੍ਹ ਦੀ ਜੇਲ੍ਹ 'ਚ ਰੱਖਣ ਦਾ ਹੀ ਹੁਕਮ ਦਿੱਤਾ ਅਤੇ ਉੱਥੋਂ ਦੀ ਸਰਕਾਰ ਨੂੰ ਡੇਢ ਮਹੀਨੇ ਦਾ ਸਮਾਂ ਜਵਾਬ ਦੇਣ ਲਈ ਦਿੱਤਾ ਹੈ।
ਜੱਜ ਸਾਹਿਬ ਮੇਰੀਆਂ ਦੋ ਬੇਟੀਆਂ ਹਨ। ਜੇ ਕਿਸੇ ਨੇ ਮੇਰੀਆਂ ਬੇਟੀਆਂ ਨਾਲ ਅਜਿਹਾ ਕੁਝ ਕੀਤਾ ਹੁੰਦਾ ਤਾਂ ਮੈਂ ਅਜਿਹੇ ਕਰਨ ਵਾਲੇ ਨੂੰ ਡੇਢ ਮਹੀਨਾ ਤਾਂ ਕੀ ਡੇਢ ਮਿੰਟ ਦੀ ਵੀ ਮੁਹਲਤ ਨਾਂ ਦਿੰਦਾ ! ਅਤੇ ਜੱਜ ਸਾਹਿਬ ਜੇ ਇਹ ਲੜਕੀ ਤਹਾਡੀ ਆਪਣੀ ਧੀ ਹੁੰਦੀ ਤਾਂ ਵੀ ਕੀ ਤੁਸੀਂ ਉਸ ਦੇ ਗੁਪਤ ਅੰਗਾਂ 'ਚ ਪੱਥਰ ਭਰਨ ਵਾਲੇ ਨੂੰ ਪੰਜਤਾਲੀ ਦਿਨਾਂ ਦਾ ਸਮਾਂ ਦਿੰਦੇ? ਅਤੇ ਕੀ ਤੁਸੀਂ ਉਸਨੂੰ ਪੁੱਛਦੇ ਕਿ ਤੂੰ ਮੇਰੀ ਧੀ ਦੇ ਗੁਪਤ ਅੰਗਾਂ 'ਚ ਪੱਥਰ ਕਿਉਂ ਪਾਏ? ਪੰਜਤਾਲੀ ਦਿਨਾਂ ਬਾਅਦ ਆਕੇ ਦੱਸ ਦੇਈਂ ਅਤੇ ਉਦੋਂ ਤੱਕ ਮੇਰੀ ਧੀ ਨੂੰ ਆਵਦੇ ਘਰੇ ਰੱਖ ਬੰਦ ਕਰਕੇ ਰੱਖ ਸਕਦਾ ਹੈਂ!
ਪੱਥਰ ਭਰਨ ਵਾਲੇ ਉਸ ਬਦਮਾਸ਼ ਐਸ.ਪੀ ਨੂੰ ਪਤਾ ਹੈ ਕਿ ਉਹਦੀ ਰਾਖੀ ਕਰਨ ਵਾਲੇ ਤੁਸੀਂ ਇੱਥੇ ਸੁਪਰੀਮ ਕੋਰਟ ਵਿੱਚ ਬੈਠੇ ਹੋਏ ਹੋ। ਇਸੇ ਲਈ ਉਹ ਬੇਫ਼ਿਕਰ ਹੋ ਕੇ ਖੁੱਲ੍ਹੇਆਮ ਇਸ ਤਰ੍ਹਾਂ ਦੀਆਂ ਹਰਕਤ ਕਰਦਾ ਹੈ ਅਤੇ ਕਲ੍ਹ ਤੁਹਾਡੇ ਇਸ ਹੁਕਮ ਨੇ ਇਸ ਗੱਲ ਨੂੰ ਹੋਰ ਪੁਖ਼ਤਾ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲਿਆਂ ਦੀ, ਸੁਪਰੀਮ ਕੋਰਟ ਉਸੇ ਤਰ੍ਹਾਂ ਲਗਾਤਰ ਰਾਖੀ ਕਰਦੀ ਰਹੇਗੀ ਜਿਵੇਂ ਉਹ ਅੰਗਰੇਜਾਂ ਦੇ ਵੇਲੇ ਤੋਂ ਸਰਕਾਰੀ ਪੁਲਸ ਦੀ ਰਾਖੀ ਕਰਦੀ ਰਹੀ ਹੈ।
ਜੱਜ ਸਾਹਿਬ, ਇਹ ਅਦਾਲਤ ਉਸ ਆਦਿਵਾਸੀ ਲੜਕੀ ਦੀ ਰਾਖੀ ਲਈ ਬਣਾਈ ਗਈ ਸੀ, ਉਸ ਬਦਮਾਸ਼ ਐਸ.ਪੀ ਲਈ ਨਹੀਂ। ਇਹ ਇਸ ਲੋਕਰਾਜ ਦੀ ਸਰਵਉੱਚ ਅਦਾਲਤ ਹੈ ਅਤੇ ਇਸਦਾ ਪਹਿਲਾ ਕੰਮ ਦੇਸ ਦੇ ਸਭ ਤੋਂ ਕਮਜੋਰ ਲੋਕਾਂ ਦੀ ਰੱਖਿਆ ਕਰਨਾ ਹੈ! ਤੁਹਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਇਸ ਦੇਸ ਦੇ ਸਭ ਤੋਂ ਕਮਜ਼ੋਰ ਲੋਕ - ਔਰਤਾਂ, ਆਦਿਵਾਸੀ, ਦਲਿਤ, ਭੁੱਖ ਨਾਲ ਮਰ ਰਹੇ ਕਰੋੜਾਂ ਲੋਕ ਹਨ ਅਤੇ ਇਸ ਅਦਾਲਤ ਦਾ ਹਰ ਫੈਸਲਾ ਇਨ੍ਹਾਂ ਲੋਕਾਂ ਦੀ ਹਾਲਤ ਬਿਹਤਰ ਬਨਾਉਣ ਲਈ ਦੇਣਾ ਹੋਵੇਗਾ। ਪਰ ਅਜ਼ਾਦੀ ਤੋਂ ਬਾਅਦ ਤੋਂ, ਇਹਨਾਂ ਸਾਰੇ ਲੋਕਾਂ ਨੂੰ ਤੁਹਾਡੇ ਤੋਂ ਉਪੇਖਿਆ ਅਤੇ ਇਹਨਾਂ ਦੀ ਦੁਰਗਤੀ ਲਈ ਜੁੰਮੇਵਾਰ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਹੈ।
ਮੇਰੇ ਪਿਤਾ ਜੀ ਇਸ ਦੇਸ ਦੀ ਅਜ਼ਾਦੀ ਲਈ ਲੜੇ ਸਨ। ਉਨ੍ਹਾਂ ਸਾਰੇ ਅਜ਼ਾਦੀ ਦੀਵਾਨਿਆਂ ਦੇ ਕੀ ਸੁਪਨੇ ਸੀ? ਉਨ੍ਹਾਂ ਲੋਕਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਅਜ਼ਾਦੀ ਮਿਲਣ ਤੋਂ ਬਾਅਦ ਇੱਕ ਦਿਨ, ਇਸ ਦੇਸ ਦੀ ਸਰਵ-ਉੱਚ ਅਦਾਲਤ ਇੱਕ ਆਦਿਵਾਸੀ ਬੱਚੀ ਦੀ ਥਾਂ ਉਸਤੇ ਅਤਿਆਚਾਰ ਕਰਨ ਵਾਲੇ ਨੂੰ ਸੁਰੱਖਿਆ ਪ੍ਰਦਾਨ ਕਰੇਗੀ।
ਸਾਨੂੰ ਬਚਪਨ ਤੋਂ ਦੱਸਿਆ ਗਿਆ ਹੈ ਕਿ ਇਸ ਦੇਸ 'ਚ ਲੋਕਰਾਜ ਹੈ। ਜਿਸਦਾ ਮਤਲਬ ਹੈ ਕਰੋੜਾਂ ਆਦਿਵਾਸੀਆਂ, ਕਰੋੜਾਂ ਦਲਿਤਾਂ, ਕਰੋੜਾਂ ਭੁੱਖ-ਗ੍ਰਸਤ ਲੋਕਾਂ ਦਾ ਰਾਜ। ਪਰ ਤੁਹਾਡੇ ਸਾਰੇ ਫੈਸਲੇ ਇਨ੍ਹਾਂ ਕਰੋੜਾਂ ਲੋਕਾਂ ਨੂੰ ਬਦਹਾਲੀ ਦੇ ਮੂੰਹ 'ਚ ਧੱਕਣ ਵਾਲੇ ਲੋਕਾਂ ਦੇ ਪੱਖ ਵਿੱਚ ਹੁੰਦੇ ਹਨ। ਤੁਹਾਨੂੰ ਜਗਤਪੁਰ ਉੜੀਸਾ 'ਚ ਆਪਣੀ ਜਮੀਨ ਬਚਾਉਣ ਲਈ ਤੱਤੀ ਰੇਤ 'ਤੇ ਪਏ ਔਰਤਾਂ ਅਤੇ ਬੱਚੇ ਦਿਖਾਈ ਨਹੀਂ ਦਿੰਦੇ? ਉਹਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕਰਨ ਵਾਲੇ ਕਾਰਕੁੰਨ ਅਭੈ ਸ਼ਾਹੂ ਨੂੰ, ਜਮੀਨਾਂ ਖੋਹਣ ਵਾਲੀਆਂ ਕੰਪਨੀਆਂ ਦੇ ਮਾਲਕਾਂ ਦੇ ਹੁਕਮਾਂ ਤੇ ਸਰਕਾਰ ਵਲੋਂ ਜੇਲ੍ਹ 'ਚ ਸੁੱਟਣਾ ਤੁਹਾਨੂੰ ਦਿਖਾਈ ਨਹੀਂ ਦਿੰਦਾ?
ਤੁਹਾਡੀ ਅਦਾਲਤ 'ਚ ਗੋਮਪਾਡ ਪਿੰਡ 'ਚ ਸਰਕਾਰੀ ਸੁਰੱਖਿਆ ਬਲਾਂ ਵਲੋਂ ਤਲਵਾਰਾਂ ਨਾਲ ਵੱਢ ਸੁੱਟੇ 16 ਆਦਿਵਾਸੀਆਂ ਦਾ ਮੁਕੱਦਮਾਂ ਪਿਛਲੇ ਦੋ ਸਾਲਾਂ ਤੋਂ ਲਟਕ ਰਿਹਾ ਹੈ। ਉਹਨਾਂ ਆਦਿਵਾਸੀਆਂ ਨੂੰ ਇਸ ਅਦਾਲਤ 'ਚ ਫਰਿਆਦ ਕਰਨ ਲਿਆਉਣ ਵੇਲੇ ਇੱਕ ਨਕਸਲੀ ਆਗੂ ਨੇ ਮੈਨੂੰ ਚੁਣੌਤੀ ਦਿੱਤੀ ਸੀ ਕਿ ਇਹਨਾਂ ਆਦਿਵਾਸੀਆਂ ਦਾ ਕਤਲ ਕਰਨ ਵਾਲੇ ਪੁਲਸੀਆਂ ਨੂੰ ਜੇ ਤੁਸੀਂ ਸਜਾ ਦਿਵਾ ਦਿਉਗੇ ਤਾਂ ਮੈਂ ਬੰਦੂਕ ਛੱਡ ਦੇਵਾਂਗਾ। ਪਰ ਮੈਂ ਹਾਰ ਗਿਆ। ਇਸ ਅਦਾਲਤ 'ਚ ਆਉਣ ਲਈ ਸਬਕ ਸਿਖਾਉਣ ਖਾਤਰ ਪੁਲਸ ਨੇ ਉਹਨਾਂ ਆਦਿਵਾਸੀਆਂ ਦੇ ਪਰਿਵਾਰਾਂ ਨੂੰ ਅਗਵਾ ਕਰ ਲਿਆ ਉਹ ਲੋਕ ਅੱਜ ਵੀ ਪੁਲਸ ਦੀ ਨਜਾਇਜ ਹਿਰਾਸਤ 'ਚ ਹਨ। ਤੁਸੀਂ ਹੁਣ ਤੱਕ ਦੋਸ਼ੀਆਂ ਨੂੰ ਸਜ਼ਾ ਨਾਂ ਦੇ ਕੇ, ਇਸ ਦੇਸ ਦੀ ਸਰਕਾਰ ਨੂੰ ਨਹੀਂ ਜਿਤਾਇਆ ਸਗੋਂ ਮੈਨੂੰ ਚੁਣੌਤੀ ਦੇਣ ਵਾਲੇ ਉਸ ਨਕਸਲੀ ਆਗੂ ਨੂੰ ਜਿਤਾ ਦਿੱਤਾ ਹੈ। ਹੁਣ ਮੈਂ ਕਿਹੜੇ ਮੂੰਹ ਨਾਲ ਉਸ ਨਕਸਲੀ ਆਗੂ ਦੇ ਸਾਹਮਣੇ ਇਸ ਦੇਸ ਦੇ ਮਹਾਨ ਲੋਕ-ਰਾਜ ਅਤੇ ਨਿਰਪੱਖ ਨਿਆਂ ਪ੍ਰਣਾਲੀ ਦੀਆਂ ਫੜ੍ਹਾਂ ਮਾਰ ਸਕਾਂਗਾ ਅਤੇ ਉਸ ਵਲੋਂ ਬੰਦੂਕ ਚੁੱਕਣ ਨੂੰ ਗਲਤ ਸਿੱਧ ਕਰ ਸਕਾਂਗਾ?
ਜੇ ਇਸ ਦੇਸ 'ਚ ਤਾਨਾਸ਼ਾਹੀ ਹੁੰਦੀ ਤਾਂ ਸਾਨੂੰ ਤਸੱਲੀ ਹੁੰਦੀ, ਅਸੀਂ ਉਸ ਤਾਨਾਸਾਹੀ ਵਿਰੁੱਧ ਲੜ੍ਹ ਰਹੇ ਹੁੰਦੇ। ਪਰ ਸਾਨੂੰ ਕਿਹਾ ਗਿਆ ਕਿ ਇਸ ਦੇਸ 'ਚ ਲੋਕ-ਰਾਜ ਹੈ। ਪਰ ਇਸ ਦੇਸ ਦੀ ਹਰ ਸੰਸਥਾ - ਵਿਧਾਨਪਾਲਕਾ, ਕਾਰਜਪਾਲਕਾ ਅਤੇ ਨਿਆਂਪਾਲਕਾ ਮਿਲਕੇ ਕਰੋੜਾਂ ਲੋਕਾਂ ਦੇ ਵਿਰੁੱਧ ਅਤੇ ਕੁਝ ਧਨ-ਪਸ਼ੂਆਂ ਦੇ ਹੱਕ 'ਚ ਪੂਰੀ ਬੇਸ਼ਰਮੀ ਨਾਲ ਕੰਮ ਕਰ ਰਹੀ ਹੈ। ਇਹਨੂੰ ਅਸੀਂ ਲੋਕ ਰਾਜ ਨਹੀਂ ਸਗੋਂ ਲੋਕ ਰਾਜ ਦਾ ਢੋਂਗ ਕਹਾਂਗੇ ਅਤੇ ਹੁਣ ਅਸੀਂ ਲੋਕਰਾਜ ਦੇ ਨਾਂ 'ਤੇ ਇਸ ਢੋਂਗਰਾਜ ਨੂੰ ਇੱਕ ਦਿਨ ਲਈ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਾਂ।
ਅੱਜ ਮੈਂ ਪ੍ਰਣ ਕਰਦਾ ਹਾਂ ਕਿ ਹੁਣ ਤੋਂ ਬਾਅਦ ਕਿਸੇ ਗਰੀਬ ਦਾ ਮੁਕੱਦਮਾ ਲੈਕੇ ਤੁਹਾਡੀ ਅਦਾਲਤ 'ਚ ਨਹੀਂ ਆਵਾਂਗਾ। ਹੁਣ ਮੈਂ ਜਨਤਾ 'ਚ ਜਾਵਾਂਗਾ ਅਤੇ ਲੋਕਾਂ ਨੂੰ ਭੜਕਾਊਂਗਾ ਕਿ ਉਹ ਇਸ ਢੋਂਗਰਾਜ 'ਤੇ ਹਮਲਾ ਕਰਕੇ ਇਸ ਨੂੰ ਤਬਾਹ ਕਰ ਦੇਣ ਤਾਂ ਜੋ ਸੱਚੇ ਲੋਕਰਾਜ ਦੀ ਇਮਾਰਤ ਖੜ੍ਹੀ ਕਰਨ ਲਈ ਜਗ੍ਹਾ ਬਣਾਈ ਜਾ ਸਕੇ।
ਜੇ ਤੁਸੀਂ ਇਸ ਲੜਕੀ ਨੂੰ ਇਸ ਕਰਕੇ ਨਿਆਂ ਨਹੀਂ ਦੇ ਸਕੇ ਹੋ ਕਿ ਇਸ ਨਾਲ ਸਰਕਾਰ ਨਰਾਜ਼ ਹੋ ਜਾਵੇਗੀ ਹਤੇ ਤੁਹਾਡੀ ਤਰੱਕੀ ਰੁਕ ਜਾਵੇਗੀ ਤਾਂ ਜ਼ਰਾ ਇਤਿਹਾਸ 'ਤੇ ਨਜ਼ਰ ਮਾਰੋ। ਇਤਿਹਾਸ ਗਲਤ ਫੈਸਲਾ ਦੇਣ ਵਾਲੇ ਨਿਆਂ ਅਧਿਕਾਰੀਆਂ (ਜੱਜਾਂ) ਨੂੰ ਬਖਸ਼ਦਾ ਨਹੀਂ। ਸੁਕਰਾਤ ਨੂੰ ਸੱਚ ਬੋਲਣ ਦੇ ਅਪਰਾਧ 'ਚ ਸਜ਼ਾ ਦੇਣ ਵਾਲੇ ਨਿਆਂ ਅਧਿਕਾਰੀ ਦਾਂ ਨਾਂ ਕਿੰਨੇ ਕੁ ਲੋਕਾਂ ਨੂੰ ਯਾਦ ਹੈ? ਈਸਾ ਮਸੀਹ ਨੂੰ ਚੋਰਾਂ ਦੇ ਨਾਲ ਸੂਲੀ 'ਤੇ ਕਿੱਲਾਂ ਨਾਲ ਜੜਕੇ ਚਾੜ੍ਹ ਦੇਣ ਵਾਲੇ ਜੱਜਾਂ ਨੂੰ ਅੱਜ ਕੌਣ ਜਾਣਦਾ ਹੈ? ਤੁਹਾਡੇ ਇਸ ਅਨਿਆਂ ਨਾਲ ਸੋਨੀ ਸੋਰੀ ਅਮਰ ਹੋ ਜਾਵੇਗੀ ਪਰ ਇਤਿਹਾਸ ਆਪਣੀ ਕਿਤਾਬ 'ਚ ਤੁਹਾਡੇ ਨਾਂ ਲਈ ਭੋਰਾ ਵੀ ਸਥਾਨ ਪ੍ਰਦਾਨ ਨਹੀਂ ਕਰੇਗਾ। ਹਾਂ ਜੇ ਤੁਸੀਂ ਸੰਵਿਧਾਨ ਦੀ ਸੱਚੀ ਭਾਵਨਾ ਦੇ ਅਨੁਸਾਰ, ਇਸ ਕਮਜ਼ੋਰ, ਇਕੱਲੀ ਆਦਿਵਾਸੀ ਔਰਤ ਨਾਲ ਨਿਆਂ ਕਰਦੇ ਤਾਂ ਸੱਤਾਧਾਰੀ ਹਾਕਮ ਚਾਹੇ ਤੁਹਾਣੂੰ ਤਰੱਕੀ ਨਾਂ ਦੇਣ ਪਰ ਤੁਸੀਂ ਆਪਣੀਆਂ ਆਵਦੀਆਂ ਨਜ਼ਰਾਂ 'ਚ, ਆਪਣੇ ਪਰਿਵਾਰ ਦੀਆਂ ਨਜ਼ਰਾਂ 'ਚ ਅਤੇ ਇਸ ਦੇਸ ਦੀਆਂ ਨਜ਼ਰਾਂ 'ਚ ਬਹੁਤ ਤਰੱਕੀ ਹਾਸਲ ਕਰ ਜਾਂਦੇ।
ਜੇ ਇਹ ਚਿੱਠੀ ਲਿਖਣ ਤੋਂ ਬਾਅਦ ਤੁਸੀਂ ਮੈਨੂੰ ਗਿਰਫਤਾਰ ਕਰਦੇ ਹੋ ਤਾਂ ਮੈਨੂੰ ਇਸਦਾ ਰੱਤੀ ਭਰ ਵੀ ਦੁੱਖ ਨਹੀਂ ਹੋਵੇਗਾ, ਕਿਉਂਕਿ ਇਸ ਤੋਂ ਬਾਅਦ ਮੈਂ ਘੱਟੋ ਘੱਟ ਆਪਣੀਆਂ ਦੋਹਾਂ ਧੀਆਂ ਨਾਲ ਅੱਖ ਮਿਲਾਕੇ ਤਾਂ ਗੱਲ ਕਰ ਸਕਾਂਗਾ ਅਤੇ ਕਹਿ ਸਕਾਂਗਾ ਕਿ ਮੈਂ ਸੋਨੀ ਸੋਰੀ ਭੈਣ ਨਾਲ ਹੋਏ ਅਤਿਆਚਾਰਾਂ ਵੇਲੇ ਡਰ ਕੇ ਚੁੱਪ ਨਹੀਂ ਰਿਹਾ ਅਤੇ ਮੈਂ ਉਹੋ ਕੁੱਝ ਕੀਤਾ ਜੋ ਇੱਕ ਪਿਓ ਨੂੰ ਆਪਣੀ ਬੇਟੀ ਦੀ ਬੇਇੱਜ਼ਤੀ ਤੋਂ ਬਾਅਦ ਕਰਨਾ ਚਾਹੀਦਾ ਸੀ।
MUST READ
ReplyDeletemust read
ReplyDelete