ਕਸ਼ਮੀਰੀ ਕੌਮ ਦੇ ਸਵੈ ਨਿਰਣੇ ਦੇ ਹੱਕ ਵਿੱਚ ਲੋਕ ਮੋਰਚਾ ਪੰਜਾਬ ਵੱਲੋਂ ਸੂਬਾਈ ਇੱਕਜੁਟਤਾ ਕਨਵੈਨਸ਼ਨ
ਬਰਨਾਲਾ, 1 ਸਤੰਬਰ – ਲੋਕ ਮੋਰਚਾ ਪੰਜਾਬ ਵੱਲੋਂ ਕਸ਼ਮੀਰੀ ਕੌਮ ਦੇ ਸਵੈ ਨਿਰਣੇ ਦਾ ਹੱਕ ਹਾਸਲ ਕਰਨ ਲਈ ਚੱਲ ਰਹੇ ਸੰਘਰਸ਼ ਦੇ ਹੱਕ ਵਿਚ ਡਟਦੇ ਹੋਏ ਸਥਾਨਕ ਦਾਣਾ ਮੰਡੀ ਵਿਖੇ ਸੂਬਾਈ ਇੱਕਜੁਟਤਾ ਕਨਵੈਨਸ਼ਨ ਕੀਤੀ ਗਈ ਅਤੇ ਧੱਕੜ ਭਾਰਤੀ ਰਾਜ ਖਿਲਾਫ ਕਸ਼ਮੀਰੀ ਕੌਮ ਅਤੇ ਬਾਕੀ ਭਾਰਤ ਦੇ ਲੋਕਾਂ ਨੂੰ ਸਾਂਝੀ ਇਨਕਲਾਬੀ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਅੱਜ ਦੀ ਇਸ ਕਨਵੈਨਸ਼ਨ ਵਿਚ ਵੱਡੀ ਗਿਣਤੀ ਕਿਸਾਨਾਂ, ਮਜਦੂਰਾਂ,ਨੌਜਵਾਨਾਂ, ਵਿਦਿਆਰਥੀਆਂ ਤੇ ਮੁਲਾਜਮਾਂ ਨੇ ਸ਼ਮੂਲੀਅਤ ਕੀਤੀ।ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਧਾਰਾ 370 ਤੋੜਨ ਦੇ ਅਮਲ ਨੇ ਭਾਰਤ ਅੰਦਰ ਨਕਲੀ ਅਜਾਦੀ ਅਤੇ ਝੂਠੀ ਜਮਹੂਰੀਅਤ ਦੀ ਮੁੜ ਪੁਸ਼ਟੀ ਕੀਤੀ ਹੈ। ਅਖੌਤੀ ਜਮਹੂਰੀ ਅਦਾਰਿਆਂ ਲੋਕ ਸਭਾ ਅਤੇ ਰਾਜ ਸਭਾ ਅੰਦਰ ਬਿਨਾਂ ਕਿਸੇ ਗੰਭੀਰ ਬਹਿਸ ਵਿਚਾਰ ਦੇ ਇਹ ਫੈਸਲਾ ਸੁਣਾਇਆ ਅਤੇ ਪਾਸ ਕਰਵਾਇਆ ਗਿਆ ਹੈ। ਵਿਰੋਧ ਕਰਦੇ ਕਸ਼ਮੀਰੀ ਆਗੂਆਂ ਅਤੇ ਹਜ਼ਾਰਾਂ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਕਸ਼ਮੀਰ ਤੋਂ ਬਾਹਰਲੀਆਂ ਜੇਲ੍ਹਾਂ ‘ਚ ਸੁੱਟਿਆ ਗਿਆ ਹੈ। ਅਖਬਾਰਾਂ, ਮੋਬਾਇਲਾਂ, ਇੰਟਰਨੈਟ ਸੇਵਾਵਾਂ ਤੇ ਜਬਰਦਸਤੀ ਪਾਬੰਦੀਆਂ ਮੜ੍ਹ ਦਿੱਤੀਆਂ ਗਈਆਂ। ਦਫਾ 144 ਅਤੇ ਕਰਫਿਊ ਵਰਗੇ ਜਾਬਰ ਕਦਮ ਚੁੱਕੇ ਗਏ ਹਨ। ਰੋਸ ਪ੍ਰਗਟ ਕਰ ਰਹੇ ਲੋਕਾਂ ਨੂੰ ਪੈਲੇਟ ਗੰਨਾਂ ਨਾਲ ਗੰਭੀਰ ਜਖਮੀ ਕੀਤਾ ਗਿਆ। ਇਸ ਦੌਰਾਨ ਇਕ ਨੌਜਵਾਨ ਅਤੇ ਬਜ਼ੁਰਗ ਦੀਆਂ ਹੋਈਆਂ ਮੌਤਾਂ ਨੂੰ ਲੁਕੋਇਆ ਗਿਆ ਹੈ।
ਉਹਨਾਂ ਅੱਗੇ ਕਿਹਾ ਕਿ ਭਾਜਪਾ ਸਮੇਤ ਸਾਰੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਕਸ਼ਮੀਰ ਦੀ ਵਰਤੋਂ ਫਿਰਕੂ ਤੇ ਕੌਮੀ ਸ਼ਾਵਨਵਾਦੀ ਲਾਮਬੰਦੀਆਂ ਲਈ ਕਰਦੀਆਂ ਰਹੀਆਂ ਹਨ। ਮੁਸਲਮਾਨਾਂ ਖਾਸ ਕਰਕੇ ਕਸ਼ਮੀਰੀ ਕੌਮ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਕੇ ਇਹਨਾਂ ਦੇ ਕੌਮੀ ਸੰਘਰਸ਼ ਨੂੰ ਬਦਨਾਮ ਕਰਨ, ਭਾਰਤ ਦੇ ਹੋਰਨਾਂ ਲੋਕਾਂ ਨੂੰ ਕਸ਼ਮੀਰੀ ਅਵਾਮ ਦੇ ਖਿਲਾਫ ਭੜਕਾਉਣ ਅਤੇ ਉਹਨਾਂ ਦੀ ਭਾਈਚਾਰਕ ਸਾਂਝ ‘ਚ ਚੀਰਾ ਦੇਣ ਦਾ ਕੰਮ ਭਾਰਤੀ ਜਨਤਾ ਪਾਰਟੀ ਵਿਸ਼ੇਸ਼ ਤੌਰ ਤੇ ਕਰਦੀ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਕਸ਼ਮੀਰ ‘ਚੋਂ ਧਾਰਾ 35ਏ ਖਤਮ ਕਰਕੇ, ਕਾਰਪੋਰੇਟਾਂ ਦੇ ਅੰਨ੍ਹੀ ਲੁੱਟ ਲਈ ਦਰਵਾਜੇ ਖੋਲ੍ਹ ਦਿੱਤੇ ਗਏ ਹਨ। ਕਸ਼ਮੀਰ ਦੇ ਲੋਕਾਂ ਵਾਂਗ ਬਾਕੀ ਭਾਰਤ ਦੇ ਲੋਕਾਂ ਦੀਆਂ ਜਿੰਦਗੀਆਂ ਦਾ ਘਾਣ ਕਰਨ ਲਈ ਵੀ ਇਹੋ ਭਾਰਤੀ ਰਾਜ ਜੁੰਮੇਵਾਰ ਹੈ।
ਅੱਜ ਦੇ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਲਾਹਕਾਰ ਐਡਵੋਕੇਟ ਐਨ.ਕੇ.ਜੀਤ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਅੰਦਰ ਜਨਮਤ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਜੰਮੂ-ਕਸ਼ਮੀਰ ਨੂੰ ਭਾਰਤ ਦੇ ਹੋਰ ਰਾਜਾਂ ਨਾਲੋਂ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਲਾਗੂ ਕੀਤੀ ਗਈ ਸੀ, ਪਰ ਪਿਛਲੇ 70 ਸਾਲਾਂ ਦੌਰਾਨ ਜਨਮਤ ਕਰਵਾਉਣ ਦੇ ਵਾਅਦੇ ਤੋਂ ਕਦਮ-ਦਰ-ਕਦਮ ਪਿਛੇ ਹਟਿਆ ਗਿਆ। ਧਾਰਾ 370 ਨੂੰ ਵਾਰ-ਵਾਰ ਖੋਰ ਕੇ ਪੇਤਲਾ ਪਾਇਆ ਗਿਆ ਤੇ ਹੁਣ ਬਿਲਕੁਲ ਭੋਗ ਪਾ ਦਿੱਤਾ ਗਿਆ ਹੈ। ਅੱਜ ਵੀ 7 ਲੱਖ ਦੇ ਕਰੀਬ ਭਾਰਤੀ ਫੌਜ ਨੂੰ ਕਸ਼ਮੀਰੀ ਕੌਮ ਦੀ ਜਨਮਤ ਦੀ ਮੰਗ ਨੂੰ ਰੋਲਣਾ ਅਤੇ ਜਬਰੀ ਕਬਜਾ ਜਮਾ ਕੇ ਰੱਖਣ ਲਈ ਤੈਨਾਤ ਕੀਤਾ ਹੋਇਆ ਹੈ।
ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਵਿਚ ਧੜੱਲੇ ਨਾਲ ਨਿੱਤਰਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀ ਮੁਕਤੀ ਲਈ ਲੜ ਰਹੀ ਕਸ਼ਮੀਰੀ ਕੌਮ ਦੀ ਲਹਿਰ ਅਤੇ ਬਾਕੀ ਭਾਰਤ ਦੀ ਇਨਕਲਾਬੀ ਲਹਿਰ ਦੀ ਸਾਂਝ ਦੀ ਅੱਜ ਬੇਹੱਦ ਲੋੜ ਹੈ। ਲੁੱਟ ਤੇ ਦਾਬੇ ਤੇ ਟਿਕਿਆ ਭਾਰਤੀ ਰਾਜ ਬਦਲਣ ਲਈ ਕਸ਼ਮੀਰ ਅਤੇ ਬਾਕੀ ਭਾਰਤ ਦੇ ਲੋਕਾਂ ਨੂੰ ਇਕਜੁੱਟ ਸੰਘਰਸ਼ ਦੇ ਰਾਹ ਤੇ ਅੱਗੇ ਵਧਣਾ ਚਾਹੀਦਾ ਹੈ। ਅਜਿਹਾ ਇਨਕਲਾਬੀ ਰਾਜ ਉਸਾਰਨ ਦਾ ਕਾਰਜ ਸਭਨਾਂ ਲਿਤਾੜੇ ਲੋਕਾਂ, ਘੱਟ ਗਿਣਤੀਆਂ, ਦਲਿਤਾਂ ਅਤੇ ਦਬਾਈਆਂ ਕੌਮਾਂ ਦਾ ਸਾਂਝਾ ਕਾਰਜ ਹੈ।
ਮੋਰਚੇ ਦੇ ਸੂਬਾ ਕਮੇਟੀ ਮੈਂਬਰ ਸਤਨਾਮ ਦਿਵਾਨਾ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਮੰਗ ਕੀਤੀ ਕਿ ਕਸ਼ਮੀਰੀ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦਿੱਤਾ ਜਾਵੇ, ਕਸ਼ਮੀਰ ‘ਚੋਂ ਫੌਜਾਂ ਬਾਹਰ ਕੱਢੀਆਂ ਜਾਣ, ਗਿ੍ਰਫਤਾਰ ਕੀਤੇ ਕਸ਼ਮੀਰੀ ਆਗੂਆਂ ਤੇ ਲੋਕਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ, ਅਫਸਪਾ ਅਤੇ ਪੀ.ਐਸ.ਏ. ਵਰਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ|