StatCounter

Wednesday, August 20, 2014

ਤਲਵੰਡੀ ਸਾਬੋ ਚੋਣ-ਅਖਾੜਾ : ਜਮਹੂਰੀਅਤ ਦੇ ਨਾਂ 'ਤੇ ਤਾਨਾਸ਼ਾਹੀ

ਤਲਵੰਡੀ ਸਾਬੋ ਚੋਣ-ਅਖਾੜਾ :
ਜਮਹੂਰੀਅਤ ਦੇ ਨਾਂ 'ਤੇ ਤਾਨਾਸ਼ਾਹੀ

ਆਓ, ਦੁਨੀਆਂ ਦੀ ਸਭ ਤੋਂ ਵੱਡੀ ਕਹੀ ਜਾਂਦੀ ''ਜਮਹੂਰੀਅਤ'' ਦੇ ਦਰਸ਼ਨ ਦੀਦਾਰ ਕਰੀਏ। ਤਲਵੰਡੀ ਸਾਬੋ ਜਿਮਨੀ ਚੋਣ ਦਾ ਅਖਾੜਾ ਭਖਿਆ ਹੋਇਆ ਹੈ। ਪਰ ਲੋਕਾਂ ਦਾ ਕੱਠੇ ਹੋ ਕੇ ਉਥੇ ਜਾਣਾ ਸਰਕਾਰ ਨੂੰ ਗਵਾਰਾ ਨਹੀਂ ਹੈ। ਜਾਣ ਵਾਲਿਆਂ ਨੂੰ ਸਰਕਾਰੀ ਗੁੱਸੇ ਦੀ ਮਾਰ ਝੱਲਣੀ ਪੈਂਦੀ ਹੈ। ਪੁਲਸੀ ਡਾਂਗ, ਗਾਲ੍ਹ ਤੇ ਠਾਣੇ ਵਿਚਦੀ ਲੰਘ ਕੇ ਹੀ ਵਾਪਸੀ ਹੁੰਦੀ ਹੈ। ਏਸ ਲਈ ਦੂਰੋਂ ਹੀ ਇਸ ਲਿਖਤ ਰਾਹੀਂ ਦਰਸ਼ਨ ਕਰੋ। 

ਹਰ ਵੋਟਰ ਉਤੇ ਮੰਤਰੀਆਂ, ਉਹਨਾਂ ਦੇ ਲਾਡਲਿਆਂ ਅਤੇ ਲਾਡਲੀਆਂ ਫੌਜਾਂ (ਗੁੰਡਾ ਗਰੋਹ) ਦੀ ਪੈਨੀ ਨਜ਼ਰ ਹੈ। ਹਰ ਮੋੜ, ਹਰ ਰੋਡ 'ਤੇ ਪੁਲਸੀ ਬਲਾਂ ਦਾ ਪਹਿਰਾ ਹੈ। ਤਲਵੰਡੀ ਸਾਬੋ ਦੇ ਅੰਦਰ ਹੀ ਨਹੀਂ, ਬਾਹਰ ਵੀ ਹਰ ਜਥੇਬੰਦੀ 'ਤੇ ਸਰਕਾਰੀ ਚੌਕਸ ਨਿਗਾਹੀ ਤਾਇਨਾਤ ਹੈ। 

          ਚੋਣ-ਖਿਡਾਰੀ (ਉਮੀਦਵਾਰ) ਚੁਣਨ ਦਾ ਪੈਮਾਨਾ ਹਰ ਪਾਰਟੀ ਦਾ ਉੱਨੀ-ਇੱਕੀ ਦੇ ਫਰਕ ਨਾਲ ਇਕੋ ਹੈ। ਉਪਰੋਂ ਹਾਈ ਕਮਾਂਡ ਨੇ ਥੋਪਿਆ ਹੈ। ਅਖਬਾਰਾਂ ਨੇ ਦੱਸਿਆ ਹੈ, ਸਭਨਾਂ ਪਾਰਟੀਆਂ ਦੀਆਂ ਸਥਾਨਕ ਕਮੇਟੀਆਂ ਨੇ ਵਿਰੋਧ ਜਤਾਇਆ ਹੈ। ਰੋਸ ਵਿਖਾਇਆ ਹੈ। ਕਈ ਨਾਲ ਨਹੀਂ ਤੁਰੇ। ਇਕ ਪਾਰਟੀ ਨੂੰ ਤਾਂ ਐਲਾਨਿਆ ਉਮੀਦਵਾਰ ਬਦਲਣਾ ਪਿਆ ਹੈ। 

          ਵੋਟਾਂ ਹਥਿਆਉਣ ਦਾ ਤਰੀਕਾ ਵੀ ਸਭਨਾਂ ਪਾਰਟੀਆਂ ਦਾ ਇਕੋ ਹੈ। ਸਭਨਾਂ ਨੇ ਆਵਦੇ 'ਅਸਰਦਾਰ' ਪ੍ਰਚਾਰਕਾਂ ਦੇ ਡੇਰੇ ਇਥੇ ਲਵਾ ਦਿੱਤੇ ਹਨ। 'ਸਟਾਰ' ਤੇ 'ਸੈਲੀਬ੍ਰਿਟੀ' ਪ੍ਰਚਾਰਕਾਂ ਦੇ ਪ੍ਰੋਗਰਾਮ ਬਣਾਏ ਹਨ। ਸਰਕਾਰ ਚਲਾ ਰਹੀ ਅਕਾਲੀ ਪਾਰਟੀ ਇਸ ਕੰਮ ਵਿਚ ਵਾਧੂ ਹੈ। ਉਸਨੇ ਆਵਦੇ ਸਾਰੇ ਦੇ ਸਾਰੇ ਵਜ਼ੀਰਾਂ ਸ਼ਮੀਰਾਂ ਦੀ ਪੂਰੇ ਦਿਨ ਇਥੇ ਡਿਊਟੀ ਲਾ ਦਿੱਤੀ ਹੈ। ਉਹਨਾਂ ਦੇ ਪੜਾਓ ਨੂੰ ਚੌਵੀ ਘੰਟੇ ਵਾਲੀ ਬਿਜਲੀ ਲਾਈਨ ਨਾਲ ਜੋੜ ਦਿੱਤਾ ਹੈ। ਵਾਤਾਅਨੁਕੂਲ ਵੀ ਕਰ ਦਿੱਤਾ ਹੈ।ਸਰਬ ਕਲਾ ਸਮਰੱਥਾ ਨਾਲ ਲੈਸ ਕਰ ਦਿੱਤਾ ਹੈ। ਪੂਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਹੈ। 
          ਇਹ ਵਜ਼ੀਰ ਸ਼ਮੀਰ ਆਪਣੀ ਸਰਕਾਰੀ ਤਾਕਤ ਨਾਲ ਆਵਦੇ ਜੁੰਮੇ ਲੱਗੇ ਚੌਂਹ ਚੌਂਹ ਪਿੰਡਾਂ ਦੇ ਵੋਟਰਾਂ ਨੂੰ ਆਪਣੇ ਤੰਦੂਏ-ਜਾਲ ਵਿਚ ਫਸਾਉਣ ਦੇ ਆਹਰੇ ਲੱਗ ਗਏ ਹਨ। ਇੱਕ ਇੱਕ ਵੋਟ ਨੂੰ ਨਿਗਾਹ ਹੇਠ ਲਿਆਂਦਾ ਜਾ ਰਿਹਾ ਹੈ। ਹਰ ਵੋਟਰ ਦੀ ਲੋੜ 'ਪੂਰੀ' ਕੀਤੀ ਜਾ ਰਹੀ ਹੈ। ਹਰ ਵੋਟਰ ਦਾ ਦੁੱਖ 'ਹਰਿਆ' ਜਾ ਰਿਹਾ ਹੈ। ਕੱਲੀ ਕੱਲੀ ਵੋਟ ਮੁੱਛਣ ਦਾ 'ਮਾਹੌਲ' ਬਣਾਇਆ ਜਾ ਰਿਹਾ ਹੈ। 

          ਤਲਵੰਡੀ ਸਾਬੋ ਹਲਕੇ ਦੇ ਅੰਦਰ-ਵਾਰ ਵਜ਼ੀਰਾਂ-ਸ਼ਮੀਰਾਂ ਤੇ ਉਹਨਾਂ ਦੇ ਅੰਗ-ਰੱਖਿਅਕਾਂ ਅਤੇ ਪੂਰੇ ਬਠਿੰਡੇ ਜਿਲੇ ਦੀ ਪੁਲਸ ਨੇ ਲੋਕਾਂ ਦੀ ਨਾਕਾਬੰਦੀ ਕਰ ਰੱਖੀ ਹੈ। ਚਿੜੀ ਨੀ ਫੜਕਣ ਦੇਣੀ, ਏਹਦੇ ਲਈ ਪੂਰਾ ਵਜ਼ਾਰਤੀ ਤੇ ਪੁਲਸੀ ਛੱਪਾ ਪਾ ਰੱਖਿਆ ਹੈ। ਬਾਹਰੋਂ ਕੋਈ ਸਰਕਾਰ ਵਿਰੋਧੀ ਨਾਹਰੇ ਮਾਰਦਾ ਜਥੇਬੰਦ ਕਾਫਲਾ ਤਲਵੰਡੀ ਦਾਖਲ ਨਾ ਹੋ ਜਾਵੇ, ਏਹਦੇ ਲਈ ਮੰਗਵਾਈ ਸੱਤ ਜਿਲ੍ਹਿਆਂ ਦੀ ਪੁਲਸ ਫੋਰਸ ਨੇ ਤਲਵੰਡੀ ਸਾਬੋ ਹਲਕੇ ਦੇ ਬਾਹਰਵਾਰ ਘੇਰਾਬੰਦੀ ਕੀਤੀ ਹੋਈ ਹੈ। 

ਜੇ ਐਨਾ ਸਰਕਾਰੀ ਬਾਹੂਬਲ ਹੋਣ 'ਤੇ ਵੀ ਕੋਈ ਮੰਗ ਮਸਲਾ ਸਿਰ ਚੱਕ ਲਵੇ ਜਾਂ ਲੋਕਾਂ ਦਾ ਕੋਈ ਹਿੱਸਾ ਹੱਕ-ਸੱਚ ਦੀ ਆਵਾਜ ਉਠਾ ਤੁਰੇ ਜਾਂ ਸਰਕਾਰੀ ਨੁਮਾਇੰਦਿਆਂ ਦੇ ਮਗਰ ਆਵਦੀਆਂ ਤਬਕਾਤੀ ਮੰਗਾਂ ਲੈ ਕੇ ਕੋਈ ਜਥੇਬੰਦੀ ਇਥੇ ਜਾਵੇ ਤਾਂ ਸਰਕਾਰੀ ਨੁਮਾਇੰਦਿਆਂ ਵੱਲੋਂ ਸਾਜੀ-ਨਿਵਾਜੀ ਨਿੱਜੀ ਸੈਨਾ ਵੀ ਤਿਆਰ ਬਰ ਤਿਆਰ ਹੁੰਦੀ ਹੈ। ਇਕ ਜਥੇਬੰਦੀ ਦੇ ਸਰਕਾਰ ਵਿਰੁੱਧ ਲਾਏ ਪੋਸਟਰ ਪਾੜਨ ਤੋਂ ਬਾਅਦ ਇਸ ਲੱਠ-ਮਾਰ ਸੈਨਾ ਨੇ ਉਸ ਜਥੇਬੰਦੀ ਦੇ ਆਗੂ ਨੂੰ ਮੁੜ ਪੋਸਟਰ ਨਾ ਲਾਉਣ ਦੀ ਧਮਕੀ ਭਰੀ ਨਸੀਹਤ ਕੀਤੀ ਹੈ। ਇਉ ਦੇਣਾ ਹੈ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਨੂੰ ਵੋਟ ਦਾ ਹੱਕ ਤੇ ਇਉ ਦੇਣੀ ਹੈ ਵੋਟ ਪਾਉਣ ਦੀ ਜਮਹੂਰੀਅਤ, ਉਮੀਦਵਾਰ ਚੁਣਨ ਦੀ ਆਜ਼ਾਦੀ !

ਇਸ ਵੋਟ ਹਲਕੇ ਵਿਚ ਅੱਠ ਜਿਲ੍ਹਿਆਂ ਦੀ ਪੁਲਸ, ਚੋਣ-ਭੇੜ ਦੇ ਤਿੱਖੇ ਹੋ ਜਾਣ ਦੇ ਡਰ ਕਰਕੇ ਨਹੀਂ ਲਾਈ। ਇਸ ਚੋਣ-ਭੇੜ ਦੀ, ਇਥੇ ਚਲਦੀ ਲੋਕ ਚਰਚਾ ਖੁੱਲੇ-ਆਮ ਚੁਗਲੀ ਕਰਦੀ ਹੈ ਕਿ ਵੱਡੀਆਂ ਪਾਰਟੀਆਂ ਦੀ ਗਿੱਟ-ਮਿੱਟ ਹੋ ਚੁੱਕੀ ਹੈ। ਕਾਂਗਰਸ ਤੇ ਅਕਾਲੀਆਂ ਨੇ ਪਟਿਆਲਾ ਤੇ ਤਲਵੰਡੀ ਸੀਟਾਂ ਵੰਡ ਲਈਆਂ ਹਨ। ਜਿੱਤ-ਹਾਰ ਤਹਿ ਹੋ ਚੁੱਕੀ ਹੈ। ਫੇਰ ਭੇੜ ਕਾਹਦਾ? ਤੇ ਡਰ ਕਾਹਦਾ?
ਇਥੇ ਵੋਟ-ਪਾਰਟੀਆਂ ਦਾ ਆਪਸੀ ਭੇੜ-ਭੜੰਤ ਤਾਂ ਕੋਈ ਨਹੀਂ ਹੈ। ਪਰ ਸਰਕਾਰ ਦਾ, ਲੋਕਾਂ ਖਾਸ ਕਰਕੇ ਜਥੇਬੰਦ ਲੋਕਾਂ ਨਾਲ ਭੇੜ ਹੈ। ਇਹ ਭੇੜ ਤਿੱਖਾ ਹੈ। ਐਂਵੇ ਮਿੱਚੀ ਦਾ ਸਿਆਸੀ ਸ਼ਰੀਕਾਂ ਵਰਗਾ ਨਹੀਂ ਹੈ। ਦੁਸ਼ਮਣਾਨਾ ਹੈ। ਲੁਟੇਰਿਆਂ ਤੇ ਲੁੱਟੇ ਜਾਣ ਵਾਲਿਆਂ ਵਿਚ ਟਕਰਾ ਕਦੇ ਟਲ ਹੀ ਨਹੀਂ ਸਕਦਾ। ਸਰਕਾਰ - ਸੂਬਾਈ ਤੇ ਕੇਂਦਰੀ, ਦੋਵਾਂ ਵੱਲੋਂ ਲੋਕਾਂ 'ਤੇ ਵਿੱਢੇ ਦੋ ਧਾਰੀ ਆਰਥਿਕ ਤੇ ਜਾਬਰ ਧਾਵੇ ਖਿਲਾਫ ਲੋਕਾਂ ਦੇ ਹਰ ਹਿੱਸੇ ਅੰਦਰ ਵਧ ਰਹੀ ਬੇਚੈਨੀ ਤੇ ਉੱਠ ਰਹੇ ਸੰਘਰਸ਼ਾਂ ਕਾਰਨ ਇਹ ਭੇੜ ਨਿਸ਼ਚਿਤ ਹੈ। ਇਸ ਭੇੜ ਵਿਚ ਤੇਜ਼ ਤੇ ਤਿੱਖੇ ਹੋ ਰਹੇ ਸਰਕਾਰੀ ਜਬਰ ਨੂੰ ਕਨੂੰਨੀ ਢੋਈ ਦੇਣ ਖਾਤਰ ਸਰਕਾਰਾਂ ਕੋਲ ਪਹਿਲਾਂ ਵੀ ਸੈਂਕੜੇ ਕਨੂੰਨ ਹਨ ਪਰ ਪੰਜਾਬ ਸਰਕਾਰ ਹੁਣ ਇਕ ਹੋਰ ਕਨੂੰਨ "ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ - 2014" ਲਿਆ ਰਹੀ ਹੈ। 

ਸਰਕਾਰ ਇਥੇ ਡੇਰੇ ਲਾਈ ਬੈਠੀ ਹੈ ਤਾਂ ਲੋਕਾਂ ਨੇ ਆਵਦੇ ਮੰਗਾਂ-ਮਸਲਿਆਂ ਦੇ ਹੱਲ ਲਈ ਵੀ ਇਥੇ ਹੀ ਆਉਣਾ ਹੈ। ਪਰ ਮੰਗਾਂ-ਮਸਲਿਆਂ ਦੇ ਹੱਲ ਲਈ ਜੂਝਦੇ ਹਿੱਸਿਆਂ ਨੂੰ ਤਲਵੰਡੀ ਸਾਬੋ ਹੀ ਨਹੀਂ, ਹਲਕੇ ਦੇ ਕਿਸੇ ਵੀ ਪਿੰਡ ਵਿਚ ਪੈਰ ਪਾਉਣ ਦੀ ਇਜਾਜਤ ਨਹੀਂ ਹੈ। ਇਹਨਾਂ ਹਿੱਸਿਆਂ ਲਈ ਤਲਵੰਡੀ ਵਿੱਚ ਵੜਨਾ ਗੁਨਾਹ ਕਰਾਰ ਦਿਤਾ ਹੋਇਆ ਹੈ। ਗੁਨਾਹ ਦੀ ਸਜ਼ਾ ਅਦਾਲਤ ਨਹੀਂ, ਪੁਲਸ ਪ੍ਰਸ਼ਾਸ਼ਨ ਮੌਕੇ 'ਤੇ ਹੀ ਦਿੰਦਾ ਹੈ। ਪੁਲਸ ਦੇ ਉੱਚ ਅਧਿਕਾਰੀਆਂ ਦਾ ਜਥੇਬੰਦੀਆਂ ਦੇ ਆਗੂਆਂ ਲਈ ਐਲਾਨ ਹੈ ਕਿ ਤਲਵੰਡੀ ਵਿੱਚ ਸੋਚ-ਸਮਝ ਕੇ ਵੜਿਓ। ਚਮੜੀ ਉਧੇੜ ਦਿਆਂਗੇ। 

ਤਲਵੰਡੀ ਜਾਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨਾਲ ਇਓਂ   ਹੀ ਵਾਪਰਿਆ ਹੈ। ਜਿਹੜੀ ਜਥੇਬੰਦੀ ਤਲਵੰਡੀ ਗਈ ਹੈ, ਪੁਲਸ ਅਧਿਕਾਰੀਆਂ ਨੇ ਬਿਨਾਂ ਵਾਰਨਿੰਗ ਦਿਤਿਆਂ ਅੰਨੇ ਵਾਹ ਡਾਂਗ ਵਰਾਈ ਹੈ। ਪੀ.ਆਰ.ਟੀ.ਸੀ. ਦੇ ਕਾਮੇ ਹੋਣ ਜਾਂ .ਟੀ.ਟੀ. ਟੀਚਰ, ਨਰਸਾਂ ਹੋਣ ਜਾਂ ਮਿਡ-ਡੇ-ਮੀਲ ਵਾਲੀਆਂ ਕੁੱਕ ਬੀਬੀਆਂ, ਬੇਕਿਰਕੀ ਨਾਲ ਛੱਲੀਆਂ ਵਾਂਗ ਕੁਟਾਪਾ ਚਾੜਿਆ ਹੈ। ਕੁੱਟਣ ਉਪਰੰਤ ਠਾਣੇ ਡੱਕਿਆ ਹੈ। ਡਰਾਇਆ ਧਮਕਾਇਆ ਹੈ। ਮੁਆਫੀਨਾਮਾ ਲਿਖਵਾਉਣ ਦਾ ਦਬਾਅ ਪਾਇਆ ਹੈ। ਕਿਸੇ ਨੂੰ ਛੱਡ ਦਿੱਤਾ ਹੈ। ਕਿਸੇ 'ਤੇ ਪਰਚੇ ਪਾ ਕੇ ਜੇਲ ਬੰਦ ਕੀਤਾ ਹੈ। 

ਜਿਸ ਜਥੇਬੰਦੀ ਦੇ ਪ੍ਰਦਰਸ਼ਨ ਨੇ 'ਵੱਡੀ ਸਰਕਾਰ' ਦੇ ਮੱਥੇ ਵੱਜ ਜਾਣ ਕਾਰਨ ਪੁਲਸ ਅਧਿਕਾਰੀ ਨੂੰ 'ਉਲਾਂਭਾ' ਦਿਵਾ ਦਿੱਤਾ, ਉਸ ਜਥੇਬੰਦੀ ਦਾ 'ਗੁਨਾਹ' ਵੀ ਵੱਡਾ ਬਣ ਜਾਂਦਾ ਹੈ ਤੇ ਉਸਨੂੰ ਸਜ਼ਾ ਵੀ ਵੱਡੀ ਮਿਲਦੀ ਹੈ। 
ਚੋਣਾਂ ਸਮੇਂ ਉਮੀਦਵਾਰਾਂ ਤੇ ਉਹਨਾਂ ਦੀਆਂ ਸਿਆਸੀ ਪਾਰਟੀਆਂ ਦੀ ਲੋਕ-ਹਿਤਾਂ ਬਾਰੇ ਸਭ ਵੋਟਰਾਂ ਨੂੰ ਪੂਰੀ ਤੇ ਸਹੀ ਜਾਣਕਾਰੀ ਮੁਹੱਈਆ ਹੋ ਸਕਣ ਦੇ ਸਾਧਨ ਜੁਟਾਉਣੇ, ਵੋਟਰਾਂ ਨੂੰ ਇਸ ਜਾਣਕਾਰੀ ਨੂੰ ਸਮਝਣ ਦੇ ਸਮਰੱਥ ਬਣਾਉਣ ਲਈ ਅਤੇ ਨਿਸ਼ਚਿਤ ਵਿਚਾਰ ਬਣਾਉਣ ਦੇ ਕਾਬਲ ਕਰਨ ਲਈ ਆਰਥਿਕ ਤੇ ਸਮਾਜਕ ਲੁੱਟ-ਦਾਬੇ ਤੋਂ ਮੁਕਤ ਹਾਲਤਾਂ ਦੇਣੀਆਂ, ਹਰ ਵੋਟਰ ਨੂੰ ਆਵਦੇ ਸੁਤੰਤਰ ਵਿਚਾਰ ਰੱਖਣ ਅਤੇ ਵਿਚਾਰ ਪ੍ਰਗਟਾਉਣ (ਜਬਾਨੀ ਜਾਂ ਲਿਖਤੀ ਜਾਂ ਦੋਵੇਂ ਰੂਪਾਂ ਵਿੱਚ) ਦੀ ਖੁੱਲ ਤੇ ਮਾਹੌਲ ਦੇਣਾ, ਸੰਘਰਸ਼ ਕਰਨ ਦੀ ਆਜ਼ਾਦੀ ਦੇਣਾ, ਜਮਹੂਰੀਅਤ ਹੈ। ਪਰ ਇਥੋਂ ਦੇ ਦ੍ਰਿਸ਼ ਤਾਂ ਇਸ ਨਾਲ ਭੋਰਾ ਵੀ ਮੇਲ ਨਹੀਂ ਖਾਂਦੇ। ਸਭ ਥਾਂ ਤਾਨਾਸ਼ਾਹੀ ਹੀ ਝਲਕਾਂ ਮਾਰਦੀ ਹੈ। 

ਸੰਵਿਧਾਨ ਘੜਨ ਸਮੇਂ ਭਾਰਤੀ ਹਾਕਮਾਂ ਨੇ ਮੁਲਕ ਦੇ ਜਮਹੂਰੀ ਵਿਰੋਧੀ ਸਮਾਜਿਕ ਪ੍ਰਬੰਧ ਅਤੇ ਬਸਤੀਵਾਦੀ ਤਰਜ਼ ਦੇ   ਅਫਸਰ-ਸ਼ਾਹੀ ਢਾਂਚੇ ਦੀ ਹਕੀਕਤ ਤੇ ਪਰਦਾ ਪਾਉਣ ਲਈ ਬਰਤਾਨਵੀ ਤਰਜ਼ ਦੇ ਪਾਰਲੀਮਾਨੀ ਸਿਆਸੀ ਸਿਸਟਮ ਦਾ ਮਖੌਟਾ ਮੜ੍ਹ ਦਿਤਾ। ਇਹੋ ਤਜਰਬਾ ਸੀ ਜਿਸਨੂੰ ਸਵਿਧਾਨ ਘੜਨ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਡਾ: ਅੰਬੇਦਕਰ ਨੇ ਕਿਹਾ ਸੀ ਕਿ ਅਸੀ ਜਗੀਰਦਾਰੀ ਸਮਾਜਿਕ ਨਿਜ਼ਾਮ ਵਿਚ ਪਾਰਲੀਮਾਨੀ ਜਮਹੂਰੀਅਤ ਦਾ ਤਜਰਬਾ ਕਰ ਰਹੇ ਹਾਂ। ਇਹ ਜਗੀਰਦਾਰੀ ਸਮਾਜਕ ਨਿਜ਼ਾਮ ਹੀ ਹੈ ਜੀਹਦਾ ਹਰ ਸਮੇਂ ਡਾਂਗ 'ਤੇ ਡੇਰਾ ਹੁੰਦਾ ਹੈ। ਜਿਹੜਾ ਲੋਕਾਂ ਨੂੰ ਆਰਥਿਕ ਤੇ ਸਮਾਜਿਕ ਮੁਥਾਜਗੀ ਤੇ ਦਾਬੇ ਦੇ ਸੰਗਲਾਂ ਵਿਚ ਨਰੜ ਕੇ ਰੱਖਦਾ ਹੈ। ਜਿਹੜਾ, ਸਿਰ ਉੱਠੇ ਨਹੀਂ, ਝੁਕੇ ਵੇਖਣ ਦਾ ਹੀ ਸ਼ੌਕੀਨ ਹੁੰਦਾ ਹੈ। ਤਲਵੰਡੀ ਸਾਬੋ ਵਿਚ ਇਹੀ ਹੋ ਰਿਹਾ ਹੈ। 

ਸੰਘਰਸ਼-ਸ਼ੀਲ ਲੋਕੋ, ਕਦਮ ਅੱਗੇ ਵਧਾਓ। ਜਗੀਰਦਾਰੀ ਤੇ ਉਸਦੀ ਪਿੱਠ ਥਾਪੜ ਰਹੇ ਸਾਮਰਾਜ ਵਿਰੁੱਧ ਇਕ-ਜੁੱਟ ਮਜਬੂਤ ਲੋਕ ਲਹਿਰ ਉਸਾਰਨ ਰਾਹੀਂ, ਜਮਹੂਰੀ ਸਮਾਜਿਕ ਜਾਗਰਿਤੀ ਦੀ ਲਹਿਰ ਚਲਾਉਣ ਰਾਹੀਂ, ਪੁਰਾਣੀਆਂ ਰੂੜੀ-ਵਾਦੀ ਤੇ ਜਗੀਰੂ ਸੋਚਾਂ ਤੇ ਕਦਰਾਂ-ਕੀਮਤਾਂ ਖਿਲਾਫ ਚੇਤਨਾ ਮੁਹਿੰਮਾਂ ਰਾਹੀਂ ਸਮਾਜ ਵਿਚੋਂ ਜਮਹੂਰੀਅਤ ਦੁਸ਼ਮਣ ਰਜਵਾੜਾ-ਸ਼ਾਹੀ ਤੇ ਜਗੀਰੂ ਤਾਕਤਾਂ ਦੀ ਆਰਥਿਕ ਤੇ ਸਮਾਜਿਕ ਤਾਕਤ ਨੂੰ ਖਤਮ ਕਰਕੇ ਅਸਲੀ ਜਮਹੂਰੀਅਤ ਸਥਾਪਤ ਕਰਨ ਵਿਚ ਸਫਲਤਾ ਹਾਸਲ ਹੋਣੀ ਹੈ। 

ਜਗਮੇਲ ਸਿੰਘ, ਜਨਰਲ ਸਕੱਤਰ
ਲੋਕ ਮੋਰਚਾ ਪੰਜਾਬ, ਫੋਨ: 9417224822

Monday, August 11, 2014

'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ ਬਠਿੰਡਾ ਵਿੱਚ ਰੋਸ ਮੁਜ਼ਾਹਰਾ

'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ
ਪੁਲਸ ਰੋਕਾਂ ਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ 
ਬਠਿੰਡਾ ਵਿੱਚ ਰੋਸ ਮੁਜ਼ਾਹਰਾ

'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ ਬਠਿੰਡਾ ਦਾਣਾ ਮੰਡੀ ਵਿੱਚ ਹੋਣ ਵਾਲੇ ਸਾਂਝੇ ਇਕੱਠ ਤੇ ਪੁਲਸੀ ਰੋਕਾਂ ਮੜੇ ਹੋਣ ਦੇ ਬਾਵਜੂਦ ਤੇ ਗ੍ਰਿਫਤਾਰੀਆਂ ਦੇ ਬਾਵਜੂਦ ਸ਼ਹਿਰ ਅੰਦਰ ਮਿੱਨੀ ਸਕੱਤਰੇਤ ਨੇੜੇ ਪਾਵਰ ਹਾਊਸ ਰੋਡ ਤੇ ਰੋਸ ਮਾਰਚ ਕੀਤਾ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਹੋਏ 'ਨਿੱਜੀ ਤੇ ਜਨਤਕ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ' ਵਾਪਸ ਲੈਣ ਦੀ ਮੰਗ ਕੀਤੀ ਗਈ। ਪੰਜਾਬ ਭਰ ਵਿੱਚ ਡੀ.ਸੀ ਦਫਡਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਅੱਜ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਦੇਣ ਲਈ ਇਕੱਤਰ ਹੋਣ ਆ ਰਹੇ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਸੈਂਕੜੇ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ  ਤੇ ਔਰਤ ਕਾਰਕੁੰਨਾਂ ਨੂੰ ਬਠਿੰਡਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


 ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਅੱਜ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਸੁਮੀਤ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਸਮੇਤ ਲਗਭਗ ਦੋ ਢਾਈ ਸੌ ਦੇ ਕਰੀਬ ਕਾਰਕੁੰਨ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨਾਂ ਵਿੱਚ 150 ਦੇ ਕਰੀਬ ਸ਼ਹਿਰ ਨੇੜਲੇ ਪਿੰਡ ਭੁੱਚੋ ਖੁਰਦ, 60 ਦੇ ਕਰੀਬ ਬਠਿੰਡਾ ਸ਼ਹਿਰ ਵਿੱਚੋਂ ਤੇ 10 ਦੇ ਕਰੀਬ ਜੱਸੀ ਪੌ ਵਾਲੀ ਕੋਲੋਂ ਗ੍ਰਿਫਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਕਾਰਕੁੰਨਾਂ ਵਿੱਚ 30 ਦੇ ਕਰੀਬ ਔਰਤਾਂ ਵੀ ਸ਼ਾਮਲ ਹਨ। 50 ਦੇ ਕਰੀਬ ਸੰਘਰਸ਼ੀਲ ਕਾਰਕੁੰਨਾਂ ਦੇ ਕਾਫ਼ਲੇ ਵੱਲੋਂ ਪਾਵਰ ਹਾਊਸ ਰੋਡ 'ਤੇ ਰੋਸ ਮਾਰਚ ਕਰਦੇ ਹੋਏ ਡੀ.ਸੀ. ਦਫ਼ਤਰ ਵੱਲ ਵਧਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ।


ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਦੇ ਅਨੁਸਾਰ ਅੱਜ ਸਮੁੱਚੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਬਠਿੰਡਾ ਦਾਣਾ ਮੰਡੀ ਵਿੱਚ ਇਕੱਠੇ ਹੋਣਾ ਸੀ। ਇੱਥੇ ਕਾਨਫਰੰਸ ਕਰਨ ਤੋਂ ਬਾਅਦ ਦਾਣਾ ਮੰਡੀ ਤੋਂ ਚੱਲ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਸੌਂਪਣਾ ਸੀ। ਪਰ ਸੰਘਰਸ਼ਾਂ ਪ੍ਰਤੀ ਸਿਰੇ ਦਾ ਜ਼ਾਬਰ ਰਵੱਈਆ ਅਖ਼ਤਿਆਰ ਕਰਕੇ ਬੈਠੀ ਪੰਜਾਬ ਦੀ ਹਕੂਮਤ ਨੂੰ ਇਹ ਗੱਲ ਵੀ ਹਜ਼ਮ ਨਾ ਆਈ ਬਠਿੰਡਾ ਪੁਲਸ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਉਕਸਾਹਟ ਦੇ ਦਾਣਾ ਮੰਡੀ ਨੂੰ ਸਵੇਰੇ ਹੀ ਪੁਲਸ ਛਾਉਣ ਵਿੱਚ ਬਦਲ ਦਿੱਤਾ ਗਿਆ। ਸਵੇਰੇ ਸਵੱਖਤੇ ਪੰਡਾਲ ਵਿੱਚ ਪਹੁੰਚੇ 20 ਦੇ ਕਰੀਬ ਆਗੂਆਂ ਤੇ ਕਾਰਕੁੰਨਾਂ ਨੂੰ ਸ਼ਹਿ ਲਾ ਕੇ ਬੈਠੇ ਕਮਾਂਡੋਆਂ ਨੇ ਗ੍ਰਿਫ਼ਤਾਰ ਕਰ ਲਿਆ। ਇਥੋਂ ਗ੍ਰਿਫਤਾਰ ਹੋਏ ਮੁੱਖ ਆਗੂਆਂ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਮਹੀਪਾਲ, ਜਮਹੂਰੀ ਅਧਿਕਾਰ ਸਭਾ ਦੇ ਪ੍ਰਿਤਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਦਰਸ਼ਨ ਮਾਈਸਰਖਾਨ, ਨੌਜਵਾਨ ਭਾਰਤ ਸਭਾ ਦੇ ਅਮਰਜੀਤ ਭੁੱਚੋ ਖੁਰਦ ਆਦਿ ਸ਼ਾਮਲ ਹਨ।


ਸ਼ਹਿਰ ਵੱਲ ਆ ਰਹੇ ਕਿਸਾਨਾਂ ਮਜ਼ਦੂਰਾਂ ਦੇ 150 ਦੇ ਲਗਭਗ ਕਾਫ਼ਲੇ ਨੂੰ 9 ਕਿ.ਮੀ. ਦੂਰ ਭੁੱਚੋ ਖੁਰਦ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਇਸ ਕਾਫ਼ਲੇ ਵਿੱਚ ਬੀ.ਕੇ.ਯੂ ਉਗਰਾਹਾਂ ਦੀ ਆਗੂ ਪਰਮਜੀਤ ਕੌਰ ਪਿੱਥੋ, ਕਰਮਜੀਤ ਲਹਿਰਾ ਖਾਨਾ, ਹਰਪ੍ਰੀਤ ਕੌਰ ਜੇਠੂਕ ਆਦਿ ਆਗੂ ਸ਼ਾਮਲ ਸਨ। ਏਸੇ ਦੌਰਾਨ ਸ਼ਹਿਰ ਇਕੱਠ ਦਾ ਸਥਾਨ ਬਦਲ ਕੇ ਬਾਕੀ ਬਚੇ ਕਾਰਕੁੰਨ ਪਾਵਰ ਹਾਊਸ ਰੋਡ ਵਿਖੇ ਇਕੱਠੇ ਹੋਏ ਤੇ ਇਹਨਾਂ ਕਾਰਕੁੰਨਾਂ ਨੇ ਨਾਅਰੇ ਮਾਰਦੇ ਹੋਏ ਪਾਵਰ ਹਾਊਸ ਰੋਡ ਤੇ ਰੋਸ ਮਾਰਚ ਕੀਤਾ ਤੇ ਗ੍ਰਿਫ਼ਤਾਰੀਆਂ ਦਿੱਤੀਆਂ। ਇਨਾਂ ਵਿੱਚ ਨੌਜਵਾਨ ਭਾਰਤ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ, ਬਲਕਰਨ ਸਿੰਘ, ਜਸਕਰਨ ਸਿੰਘ ਕੋਟਗੁਰੂ, ਕੁਲਵਿੰਦਰ ਸਿੰਘ ਚੁੱਘਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਾਬੂ ਸਿੰਘ ਜੈ ਸਿੰਘ ਵਾਲਾ, ਕੁਲਵੰਤ ਸਿੰਘ ਰਾਏ ਕੇ ਕਲਾਂ, ਸੁਖਜੀਵਨ ਮਹਿਮਾ ਭਗਵਾਨਾ, ਸੁਖਪ੍ਰੀਤ ਕੌਰ ਮਹਿਮਾ, ਬੇਅੰਤ ਕੌਰ ਸਿਵੀਆਂ ਤੇ ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋ ਮਿੱਠੀ ਆਦਿ ਆਗੂ ਸ਼ਾਮਲ ਹਨ।



ਇੱਕ ਵੱਖਰੀ ਜਾਣਕਾਰੀ ਦਿੰਦੇ ਹੋਏ ਉਨਾਂ ਨੇ ਦੱਸਿਆ ਕਿ ਕੇਂਦਰੀ ਜੇਲ ਬਠਿੰਡਾ ਵਿੱਚ ਕੈਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਾਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੀ.ਆਰ.ਟੀ. ਸੀ. ਵਰਕਰਜ਼ ਯੂਨੀਅਨ (ਆਜ਼ਾਦ) ਪੰਜਾਬ ਦੇ ਕਾਰਕੁਨਾਂ ਨੇ ਵੀ ਕਾਲ਼ੇ ਕਾਨੂੰਨ ਖਿਲਾਫ਼ ਜ਼ੇਲ ਦੇ ਅੰਦਰ ਇਕੱਠ ਕੀਤੇ ਤੇ ਰੋਸ ਮੁਜ਼ਾਹਰਾ ਕੀਤਾ ਤੇ ਸੰਘਰਸ਼ਾਂ ਦੀ ਆਵਾਜ਼ ਦਬਾਉਣ ਵਾਲੀ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਪੰਜਾਬ ਦੀ ਹਕੂਮਤ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਥ ਦੇ ਨਾਮ ਦੇ ਮੋਰਚੇ ਲਾਉਣ ਦੇ ਦਾਅਵੇ ਕਰਨ ਵਾਲੀ ਹਕੂਮਤੀ ਪਾਰਟੀ ਆਮ ਲੋਕਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ ਤੇ ਮੰਗ ਪੱਤਰ ਫੜਨ ਦੀ ਬਜਾਏ ਸੰਘਰਸ਼ਸ਼ੀਲ ਲੋਕਾਂ ਨੂੰ ਚੁੱਕ ਕੇ ਜੇਲਾਂ ਥਾਣਿਆਂ ਵਿੱਚ ਸੁੱਟ ਰਹੀ ਹੈ। ਅਜ ਦੇ ਵਿਹਾਰ ਨੇ ਅਕਾਲੀ ਹਕੂਮਤ ਦਾ ਗੈਰ-ਜਮਹੂਰੀ ਤੇ ਧੱਕੜ ਰਵੱਈਆ ਇੱਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਪਰ ਉਨਾਂ ਕਿਹਾ ਕਿ ਹਕੂਮਤੀ ਫਤੂਰ ਵਿੱਚ ਨਸ਼ਿਆਈ ਬਾਦਲ ਸਰਕਾਰ ਨੂੰ ਭੁਲੇਖਾ ਹੈ ਕਿ ਲੋਕਾਂ ਦੇ ਸੰਘਰਸ਼ਾਂ ਨੂੰ ਜੇਲਾਂ, ਥਾਣਿਆਂ ਤੇ ਹਕੂਮਤੀ ਜ਼ਬਰ ਦੇ ਸਿਰ 'ਤੇ ਦਬਾ ਕੇ ਉਹ ਆਪਣੀ ਲੁੱਟ ਦਾ ਕੁਹਾੜਾ ਬੇਰੋਕ ਵਾਹ ਸਕਣਗੇ। ਨਾ ਹੀ ਅਜਿਹਾ ਕਰਕੇ ਉਹ ਬਠਿੰਡਾ ਸ਼ਹਿਰ ਅੰਦਰ ਸੰਘਰਸ਼ ਗੂੰਜਾਂ ਉੱਠਣੋਂ ਰੋਕ ਸਕਦੇ ਹਨ। ਉਨਾਂ ਕਿਹਾ ਕਿ ਹਕੂਮਤ ਦਾ ਇਹ ਰਵੱਈਆ ਕਾਲੇ ਕਾਨੂੰਨ ਵਿਰੋਧੀ ਸੰਘਰਸ਼ ਨੂੰ ਹੋਰ ਵੀ ਤੇਜ਼ ਕਰੇਗਾ।

ਵੱਲੋਂ  ਨੌਜਵਾਨ ਭਾਰਤ ਸਭਾ
ਅਸ਼ਵਨੀ ਕੁਮਾਰ (95010-57052)
ਸੁਮੀਤ (9417024641

Wednesday, August 6, 2014

ਕੱਟ ਗਏ,ਝੁਕੇ ਨਹੀਂ ਉਹ ਹਾਂ ਅਸੀਂ, ਉਹ ਹੋਰ ਸੀ ਮਰ ਗਏ ਜੋ ਹੱਥ ਜੋੜਦੇ' ਅੇਵੇਂ ਭੁਲੇਖਾ ਨਾ ਰੱਖੀਂ ਤੂੰ” । ਤੇਰੇ ਜਬਰ ਤੋਂ ਸਾਡਾ ਸਬਰ ਵੱਡਾ ਇਹ ਅਸੀਂ ਸਾਬਤ ਕਰਾਂਗੇ।


ਸਰਕਾਰੀ ਜਬਰ ਦਾ ਮੁਕਾਬਲਾ ਕਰ ਰਹੇ ਲੋਕਾਂ ਦੇ 
ਹਾਕਮਾਂ ਦੇ ਨਾਮ ਅਣਖੀ ਬੋਲ 

  ਮੇਰੀ ਇਹ ਚਿੱਠੀ ਪੰਜਾਬ ਦੇ ਇਸ ਸਮੇ ਦੇ ਹਾਕਮ ਦੇ ਨਾਮ ਹੈ। ਜਿੱਥੇ ਸੰਬੋਧਨ ਕਰਨ ਲਈ ਸ਼ਬਦ ਨਹੀ ਮਿਲੇ। ਕਿੳਂਕਿ ਤੇਰੇ ਕੋੜਮੇ ਦੇ ਫੈਲਾਏ ਅੰਧਕਾਰ ਤੋਂ ਪਤਾ ਨਹੀਂ ਲੱਗਦਾ ਕਿ ਹਾਕਮ ਪ੍ਰਕਾਸ਼ ਸਿੰਘ ਬਾਦਲ ਹੈ, ਸੁਖਬੀਰ ਸਿੰਘ ਬਾਦਲ ਹੈ, ਆਦੇਸ਼ਪ੍ਰਤਾਪ ਕੈਰੋਂ ਜ਼ਾਂ ਬਿਕਰਮ ਮਜੀਠੀਆ । ਮੇਰਾ ਸਵੈ ਮਾਣ ਨਾਲ ਜੀਣ ਵਾਲਾ ਪੰਜਾਬ ਜੋ ਕਿ ਗੁਰਾਂ ਦੇ ਨਾਮ ਨਾਲ ਜਿਉਂਦਾ ਸੀ। ਅੱਜ ਜਦੋਂ ਪੁਲਿਸ ਘਰਾਂ 'ਚ ਛਾਪੇ ਮਾਰਨ ਜਾਂਦੀ ਹੈ ਤਾ ਕੋਈ ਪੁਲਸੀ ਟੋਲਾ ਕਹਿੰਦਾ ਸਾਨੂੰ ਬਿਕਰਮ ਮਜੀਠੀਆ ਕਹਿੰਦਾ ਹੈ ਕਿ ਕਿਸਾਨ ਆਗੂਆਂ ਨੂੰ ਸਾਲ ਭਰ ਲਈ ਜੇਲ ਵਿੱਚ ਬੰਦ ਕਰ ਦਿਉ ਵਰਕਰਾਂ ਖਿੰਡ ਪੁੰਡ ਜਾਣਾ ਤੇ ਜਥੇਬੰਦੀ ਖਤਮ। ਦੂਸਰੇ ਪਿੰਡ ਗਈ ਪੁਲਿਸ ਦੀ ਧਾੜ ਕਹਿੰਦੀ ਹੈ ਕਿ ਸੁਖਬੀਰ ਬਾਦਲ ਦਾ ਹੁਕਮ ਹੈ। ਕੋਈ ਅਫਸਰ ਧਮਕੀ ਦਿੰਦਾ ਹੈ ਕਿ ਆਦੇਸ਼ਪ੍ਰਤਾਪ ਕੈਰੋਂ ਦਾ ਤਰਲਾ ਮਾਰ ਲਵੋ ਸ਼ਾਇਦ ਬਖਸ਼ ਦੇਵੇ। ਅਸੀਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਵਾਰਸ ਤੇਰੇ ਅੱਗੇ ਲੇਲੜੀਆਂ ਨਹੀਂ ਕੱਢਾਂਗੇ। ਲੜਾਂਗੇ ਤੇਰੇ ਹਰ ਜਬਰ ਨੂੰ ਝੱਲਾਂਗੇ। ਜਿਹੜਾ ਭਰਮ ਤੇਰੇ ਮੰਤਰੀਆਂ ਨੂੰ ਕਿ ਵੋਟਾਂ ਲੰਘ ਗਈਆਂ ਹੁਣ ਮੌਕਾ ਜਥੇਬੰਦੀ ਨੂੰ ਸਬਕ ਸਿਖਾਉਣ ਦਾ। ਤੇਰਾ ਸਬਕ ਸਾਡੇ ਸਿਰ ਮੱਥੇ ਤੂੰ ਲਾ ਲਵੀਂ ਆਪਣਾ ਜੋਰ ਤੇ ਅਜਮਾ ਲਈਂ ਸਾਡੇ ਸੰਘਰਸ਼ ਨੂੰ। ਤੇਰੀਆਂ ਮੱਛਰੀਆਂ ਪੁਲਸੀ ਧਾੜਾਂ ਘਰਾਂ 'ਚ ਜਦੋਂ ਜਾਂਦੀਆਂ ਨੇ ਤਾ ਸਾਡੀਆਂ ਬੰਬੀਆਂ ਦੀਆਂ ਤਾਰਾਂ ਸਾੜਦੀਆਂ ਗਰਿੱਪ ਕੱਢ ਕੇ ਭੰਨ ਦਿੰਦੀਆਂ, ਪਨੀਰੀ ਤਾ ਪੱਠੇ ਸਾੜਨ ਦਾ ਹੁਕਮ ਚਾੜਦੀਆਂ ਨੇ। ਸਾਡੇ ਆਗੂ ਪਰਗਟ ਸਿੰਘ ਪ੍ਰਿੰਗੜੀ ਦੇ ਘਰ ਗਏ ਪੁਲਿਸ ਵਾਲੇ ਕਹਿੰਦੇ ਇਹਦੇ ਇਹਨਾਂ ਦੇ ਡੰਗਰਾਂ ਨੂੰ ਪੱਠੇ ਨਹੀਂ ਪਾਉਣੇ, ਕੁੱਤੀ ਨੂੰ ਰੋਟੀ ਨਹੀ ਪਾਉਣੀ।ਪੰਜਾਬ ਦੇ ਹਾਕਮਾ ਤੈਨੂੰ ਤੇ ਸਾਡੀ ਕੁੱਤੀ ਤੋਂ ਵੀ ਡਰ ਆਉਂਦਾ।

ਸਾਡਾ ਮਸਲਾ ਪੱਟੀ ਦੇ ਆੜਤੀਏ ਤੋਂ ਇੱਕ ਕਿਰਤੀ ਦੇ 3,62,000 ਰੁਪਏ ਲੈਣ ਦਾ ਸੀ। ਆੜਤੀਆ ਪੈਸੇ ਮਾਰਕੇ ਬੈਠਾ ਸੀ। ਐੱਸ.ਐੱਸ.ਪੀ. ਤਰਨ-ਤਾਰਨ ਦੇ ਦਰਖਾਸਤ ਦਿੱਤੀ। ਉਸ ਨੇ ਡੀ.ਐੱਸ.ਪੀ. ਪੱਟੀ ਦੀ ਡਿਊਟੀ ਲਾਈ। ਆੜਤੀਆ ਪੈਸੇ ਨਾ ਦੇਣ ਲਈ ਬਜਿੱਦ ਸੀ ਕਹਿੰਦਾ ਮੇਰੀ ਪਿੱਠ ਪਿੱਛੇ ਆਦੇਸ਼ਪ੍ਰਤਾਪ ਲਾਲ ਜੀ ਹਨ। ਡੀ.ਐੱਸ.ਪੀ. ਕਹਿਣ ਲੱਗਾ ਕਣਕ ਲੈ ਜਾਉ ਜਿੰਨੇ ਤੁਹਾਡੇ ਪੈਸੇ ਬਣਦੇ ਨੇ। ਪੁਲਿਸ ਨੇ ਕੋਲ ਖਲੋਕੇ ਕਣਕ ਚਕਵਾਈ। ਦੂਸਰੇ ਦਿਨ ਪਤਾ ਲੱਗਾ ਕਿ ਆੜਤੀਆਂ ਤੇ ਕੈਬਨਿਟ ਮੰਤਰੀ ਦੇ ਇਸ਼ਾਰੇ ਤੇ ਪਰਚੇ ਦਰਜ ਕਰ ਲਏ ਗਏ ਹਨ। ਕਹਿੰਦੇ ਪੁਲਿਸ ਦੀ ਹਾਜਰੀ 'ਚ ਡਾਕਾ ਮਾਰਿਆ 382, 148, 149, 395, IPC  ਅਧੀਨ ਤਿੰਨ ਬੰਦਿਆਂ ਤੇ  ਪਰਚਾ ਦਰਜ ਹੋ ਗਿਆ। ਦੂਸਰੇ ਦਿਨ ਵਾਧਾ ਕਰਕੇ 120 ਬੀ ਲਾਈ ਗਈ।

ਜਿੰਨ੍ਹਾਂ ਪੁਲਿਸ ਵਾਲਿਆਂ ਦੀ ਹਾਜਰੀ 'ਚ ਡਾਕਾ ਵੱਜਾ ਉਹ ਤੇਰੇ ਰਾਜ ਦੀ ਉਮਰ ਕਿੰਨੀ ਲੰਬੀ ਕਰ ਸਕਣਗੇ। ਕਿੰਨੇ ਕੁ ਪੁਲਿਸ ਵਾਲੇ ਭਲਾ ਸਸਪੈਂਡ ਹੋਏ ਜਿੰਨਾਂ ਦੀ ਹਾਜਰੀ 'ਚ ਡਾਕਾ ਵੱਜਾ। ਦੂਜੇ ਦਿਨ ਆਦੇਸ਼ਪ੍ਰਤਾਪ ਕੈਰੋਂ ਦੇ ਹੁਕਮ ਤੇ ਪਿੰਡ ਪ੍ਰਿੰਗੜੀ ਛਾਉਣੀ 'ਚ ਬਦਲ ਦਿੱਤਾ ਗਿਆ। ਸਾਡੇ ਆਗੂ ਪਰਗਟ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਵਿਹੜੇ 'ਚ ਪਈ ਉਸਦੀ ਕਣਕ ਨੂੰ ਸਰਕਾਰੀ ਬੋਰੀਆਂ 'ਚ ਭਰ ਲਿਆ ਗਿਆ।  ਉਸ ਦੇ ਕਣਕ ਦੇ ਡਰੰਮ ਨੂੰ ਵੀ ਖਾਲੀ ਕਰ ਦਿੱਤਾ ਗਿਆ। ਆਟਾ ਪਿਸਾਉਣ ਲਈ ਤੋੜਿਆਂ 'ਚ ਪਾਈ 2 ਤੋੜੇ ਕਣਕ ਪੁਲਿਸ ਨੇ ਮੋਟਰ ਸਾਇਕਲਾਂ ਤੇ ਲੱਦ ਲਈ। ਘਰ ਦੇ ਜਿੰਦਰੇ ਤੋੜ ਕੇ ਘਰ ਦਾ ਕੀਮਤੀ ਸਮਾਨ ਲੁੱਟ ਲਿਆ ਗਿਆ। ਜਥੇਬੰਦੀ ਦੇ ਸਾਊਂਡ ਸਿਸਟਮ ਹਾਰਨ ਸਪੀਕਰ ਸਭ ਲੱਦ ਲਏ ਗਏ। ਪੁਲਿਸ ਦੇ ਅਫਸਰ ਜਿੰਨਾਂ 'ਚ ਐੱਸ.ਐੱਸ.ਪੀ. ਵੀ  ਸ਼ਾਮਿਲ ਸਨ, ਨੇ ਪੱਤਰਕਾਰਾਂ ਨੂੰ ਨੇੜੇ ਵੀ ਨਾ ਫਟਕਣ ਦਿੱਤਾ। ਦੂਸਰੇ ਦਿਨ ਦੇ ਅਖਬਾਰਾਂ 'ਚ ਖਬਰ ਲੱਗੀ ਕਿ ਪੁਲਿਸ ਨੇ ਅੱਤਵਾਦ ਦੇ ਦਿਨਾਂ ਦੀ ਯਾਦ ਤਾਜਾ ਕਰਵਾ ਦਿੱਤੀ। 12 ਵਜੇ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ 4 ਵਜੇ ਪੁਲਿਸ ਘਰ ਨੂੰ ਲੁੱਟ-ਪੁੱਟ ਕੇ ਬੂਹੇ ਖੁੱਲੇ ਛੱਡ ਕੇ ਤੁਰਦੀ ਬਣੀ। ਅਗਲੀ ਰਾਤ ਪੁਲਿਸ ਨੇ ਜਥੇਬੰਦੀ ਦੇ ਆਗੂ ਘਰਾਂ ਤੋਂ ਚੁੱਕ ਲਏ ਗਏ। 18 ਆਗੂ ਅੰਮ੍ਰਿਤਸਰ ਜੇਲ 'ਚ ਬੰਦ ਕਰ ਦਿੱਤੇ ਗਏ, ਜਿਨ੍ਹਾਂ 'ਚ 75 ਸਾਲ ਦੇ ਬਜੁਰਗ ਵੀ ਸ਼ਾਮਿਲ ਸਨ। ਆਗੂਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਘਰਾਂ ਚੋਂ ਚੁੱਕ ਕੇ ਵੱਖ-ਵੱਖ ਥਾਣਿਆਂ 'ਚ ਰੱਖਿਆ ਗਿਆ ਤੇ ਪੁਲਸੀਆਂ ਦੇ ਘਰਾਂ 'ਚ ਰੱਖਿਆ ਗਿਆ, ਧਮਕੀਆਂ ਦਿੱਤੀਆਂ ਗਈਆਂ। ਕਈਆਂ ਨੂੰ 5-7 ਦਿਨਾਂ ਬਾਦ ਛੱਡ ਦਿੱਤਾ ਗਿਆ।

15 ਜੂਨ ਨੂੰ ਅਸੀਂ ਬਾਬਾ ਖੜਕ ਸਿੰਘ ਹਾਲ 'ਚ ਖੁੱਲੀ ਮੀਟਿੰਗ ਰੱਖੀ। ਹਰ ਪਿੰਡ ਤੋਂ 4-5 ਆਗੂ ਜਾ ਰਹੇ ਸਨ। ਸਾਡੇ ਵਾਲੀ ਟਰਾਲੀ 'ਚ 13 ਬੀਬੀਆਂ ਤੇ ਕੁਝ ਬੰਦੇ ਸੀ। ਹਾੜ੍ਹ ਦੀ ਸੰਗਰਾਦ ਦਾ ਦਿਹਾੜਾ ਸੀ। ਸਾਨੂੰ ਝਬਾਲ ਚੌਂਕ ਚੋਂ ਟਰਾਲੀਆਂ-ਟਰੈਕਟਰਾਂ ਸਮੇਤ ਝਬਾਲ ਥਾਣੇ ਬੰਦ ਕਰ ਦਿੱਤਾ। ਹੰਕਾਰੇ ਐੱਸ.ਐੱਸ.ਪੀ. ਨੇ ਗੱਲਬਾਤ ਤੇ ਰਿਹਾ ਕਰਨ ਤੋਂ ਨਾਹ ਕਰ ਦਿੱਤੀ। ਸਾਡੇ ਆਗੂ ਥਾਣੇ ਮਿਲਣ ਆਏ ਤੇ ਕਿਹਾ ਕਿ ਅਸੀਂ ਸੰਗਰਾਂਦ ਵਾਲੇ ਯਾਤਰੀਆਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਤੇ ਸਾਨੂੰ ਕੋਈ ਐਕਸ਼ਨ ਲੈਣ ਲਈ ਮਜਬੂਰ ਨਾ ਕੀਤਾ ਜਾਵੇ। ਪਰ ਪ੍ਰਸ਼ਾਸਨ ਅੜਿਆ ਰਿਹਾ।ਜਦੋਂ ਥਾਣਾ ਘੇਰ ਕੇ ਰਸਤਾ ਬੰਦ ਕੀਤਾ ਤਾਂ ਜਾ ਕੇ ਸਾਨੂੰ ਰਿਹਾ ਕੀਤਾ ਗਿਆ।

ਹਾਜਰ ਪ੍ਰਸ਼ਾਸਨ ਦਾ ਇੱਕ ਹੀ ਜਵਾਬ ਸੀ ਐੱਸ.ਐੱਸ.ਪੀ. ਨੂੰ ਤੁਹਾਡੇ ਤੇ ਗੁੱਸਾ ਬਹੁਤ ਹੈ। ਜਿਵੇਂ ਇੱਥੇ ਐੱਸ.ਐੱਸ.ਪੀ. ਗੁੱਸਾ ਕੱਢਣ ਲਈ ਲਾਇਆ ਹੋਵੇ। ਉਸ ਤੋਂ ਬਾਅਦ ਅਸੀਂ ਰੋਸ ਵਜੋਂ 27 ਜੂਨ ਨੂੰ ਤਰਨ-ਤਾਰਨ ਰੇਲਵੇ ਲਾਈਨ ਤੇ ਧਰਨਾ ਦਿੱਤਾ।ਕੜਕਦੀ ਧੁੱਪ 'ਚ ਜਦੋਂ ਸੜਦੇ ਬੀਬੀਆਂ ਬੱਚੇ ਤੇ ਕਿਸਾਨ ਜਦੋਂ ਸਬਰ ਨਾਲ ਲਾਈਨ ਤੇ ਬੈਠੇ ਰਹੇ ਤਾਂ ਪ੍ਰਸ਼ਾਸਨ ਦੇ ਕੰਨ ਤੇ ਜੂੰ ਸਰਕੀ, ਪੁਲਿਸ ਵਾਲੇ ਨਾਲ ਗੱਡੀਆਂ ਭਰਕੇ ਡਾਗਾਂ ਤੇ ਛਿੱਕੂ ਲੈ ਕੇ ਆੲੈ।ਜਦੋਂ ਦਬਾਅ ਦੀ ਰਾਜਨੀਤੀ ਕੰਮ ਨਾ ਆਈ   ਤਾਂ ਜਾ ਕੇ ਐੱਸ.ਡੀ.ਐੱਮ. ਤੇ ਐੱਸ.ਪੀ.ਡੀ. ਨੇ ਸਾਨੂੰ ਗੱਲਬਾਤ ਲਈ ਸੱਦਿਆ।ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਮੰਗਲਵਾਰ 1 ਜੁਲਾਈ 12 ਵਜੇ ਤੁਹਡੀ ਐੱਸ.ਐੱਸ.ਪੀ. , ਡੀ.ਸੀ. ਨਾਲ ਮੀਟਿੰਗ ਹੈ , ਉਦੋਂ ਤੱਕ ਛਾਪੇਮਾਰੀ  ਬੰਦ ਕੀਤੀ ਜਾਵੇਾਗੀ ਮਾਹੌਲ ਠੀਕ ਕੀਤਾ ਜਾਵੇਗਾ। ਪਰ ਵਾਅਦਾ ਖਿਲਾਫੀ ਕਰਕੇ ਧਰਨੇ ਚੋਂ ਜਾਂਦੇ ਰੇਸ਼ਮ ਸਿੰਘ ਦੁਬਲੀ ਨੂੰ ਚੁੱਕ ਲਿਆ ਗਿਆ।ਅਗਲੇ ਦਿਨ ਜੋਗਿੰਦਰ ਸਿੰਘ ਗੱਟੀ ਨੂੰ ਚੁੱਕ ਲਿਆ ਗਿਆ। 30 ਜੂਨ ਨੂੰ ਰਾਤ ਨੂੰ 8 ਵਜੇ ਜਥੇਬੰਦੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੂੰ ਚੁੱਕ ਲਿਆ ਗਿਆ, ਅਜੇ ਸਾਥੀ ਪੰਨੂੰ ਜਥੇਬੰਦੀ ਦੀ ਮੀਟਿੰਗ ਲਾ ਕੇ  ਕਿਸੇ ਦੂਸਰੇ ਸਾਥੀ ਦੇ ਘਰ ਅੰਮ੍ਰਿਤਸਰ ਨੇੜੇ ਪਿੰਡ ਪਰਤ ਹੀ ਰਹੇ ਸਨ।ਉਹਨਾਂ ਨੂੰ ਵੱਡਾ ਘੇਰਾ ਪਾ ਕੇ ਚੁੱਕ ਲਿਆ ਗਿਆ। ਕਿਸੇ ਪਰਿਵਾਰ ਦੇ ਮੈਂਬਰ ਨੁੰ ਦੱਸਣ ਦੀ ਜਰੂਰਤ ਨਹੀ ਸਮਝੀ। ਅਣਦੱਸੀ ਥਾਂ ਤੇ ਲਿਜਾਇਆ ਗਿਆ, ਰਾਤ ਭਰ ਥਾਣਿਆਂ ਦੀ ਖਾਕ ਛਾਣੀ। ਸਵੇਰੇ ਹਸਪਤਾਲ ਧੱਕੇ ਖਾਧੇ। ਸਾਥੀ ਪੰਨੂੰ ਦਾ ਕੋਈ ਅਤਾ ਪਤਾ  ਨਾ ਲੱਗਾ। 1 ਜੁਲਾਈ ਨੂੰ 2 ਵਜੇ ਪਤਾ ਲੱਗਾ  ਕਿ ਉਹਨਾਂ ਨੁੰ ਫਰੀਦਕੋਟ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ। ਦੂਸਰੇ ਦਿਨ ਮੁਲਾਕਾਤ ਪਾਈ ਤਾਂ ਜਾ ਕੇ ਕੰਵਲਪ੍ਰੀਤ ਨੇ ਦੱਸਿਆ ਕਿਵੇਂ ਪੁਲਿਸ ਨੇ ਸੈਂਕੜਿਆਂ ਦੀ ਗਿਣਤੀ 'ਚ ਰਾਤ ਉਹਨਾਂ ਨੂੰ ਘੇਰਾ ਪਾਈ ਰੱਖਿਆ। ਰਾਤ 2 ਵਜੇ ਪੱਟੀ ਹਸਪਤਾਲ ਲਿਆ ਕੇ ਡਾਕਟਰ ਕੋਲੋਂ ਮਨਮਰਜੀ ਦਾ ਲਿਖਵਾਕੇ ਬਿਨਾਂ ਮੈਡੀਕਲ ਕੀਤੇ ਥਾਣਾ  ਘਰਿੰਡਾ ਲਿਜਾਇਆ ਗਿਆ। ਅਗਲੇ ਦਿਨ ਹਰੀਕੇ ਵਾਲਾ ਪੁਲ ਪੈਰਾ ਮਿਲਟਰੀ ਨੂੰ ਦਿੱਤਾ ਗਿਆ। ਬਾਕੀ ਪੁਲਾਂ ਚੌਂਕਾ ਚ ਭਾਰੀ ਗਿਣਤੀ ਚ ਪੁਲਿਸ ਲਾਈ ਗਈ। ਪੱਟੀ ਏਰੀਏ ਚ ਪੁਲਿਸ    ਦੀਆਂ ਚਾਰ ਗੱਡੀਆਂ ਮਾਰਚ ਕਰਦੀਆਂ ਪਿੰਡਾਂ ਚ ਘੁੰਮਦੀਆਂ ਰਹੀਆਂ।

ਹਾਕਮਾਂ ਤੇਰੇ ਰਾਜ ਵਿੱਚ ਅੰਨਦਾਤੇ ਡਾਕੂ ਹਨ ਤੇ ਤੇਰੇ ਮੰਤਰੀ ਜੋ ਦਿਨ ਦਿਹਾੜੇ ਪੰਜਾਬ ਨੂੰ ਲੁੱਟੀ ਜਾ ਰਹੇ ਹਨ, ਉਹ ਭਲੇਮਾਣਸ ਹਨ।   ਜਿਹੜੇ ਨਸ਼ਿਆਂ ਦੇ ਵਪਾਰੀ ਹਨ, ਜਿੰਨਾਂ ਦੀ ਸਮੈਕ ਪਿੰਡਾਂ ਚ ਵਿਕਦੀ ਹੈ, ਉਹ ਕਦੋਂ ਚਾਹੁਣਗੇ ਇੱਥੇ ਕੋਈ  ਸੰਘਰਸ਼ੀ ਯੋਧੇ ਪੈਦਾ ਹੋਣ। ਕੋਈ ਸਾਡੇ ਕਾਰਨਾਮੇ ਨੰਗੇ ਕਰੇ। ਬੜੀ ਚੁੱਭਦੀ ਤੇਰੀ ਅਫਸਰਸ਼ਾਹੀ ਤੇ ਮੰਤਰੀਆਂ ਨੂੰ ਸਾਡੀ ਨਸ਼ਿਆਂ ਦੇ ਖਿਲਾਫ “ ਕਿਸਾਨੀ ਅਤੇ ਜਵਾਨੀ ਬਚਾਉ ਮੁਹਿੰਮ” । ਸਾਡੀਆਂ ਕਾਨਫਰੰਸਾਂ ਤੇ ਜੇਲ ਭਰੋ ਅੰਦੋਲਨ।

ਤੇਰੇ ਪੁਲਿਸਵਾਲੇ ਸਾਡਾ ਝੋਨਾ ਵਾਹੁਣ ਦੀਆਂ ਧਮਕੀਆਂ ਦੇਂਦੇ ਫਿਰਦੇ ਨੇ, ਤੂੰ ਕਰ ਲੈ ਸਾਡੇ ਬੱਚਿਆਂ ਦੀ ਰੋਟੀ ਤੇ ਰਿਹਾਇਸ਼ ਦਾ ਪ੍ਰਬੰਧ , ਖੋਲ ਦੇ ਜੇਲਾਂ ਦੇ ਬੂਹੇ ਤੇ ਜੇਲਾ ਵੱਡੀਆਂ ਬਣਾ ਲੈ। ਸਾਡੀ ਗਿਣਤੀ ਬੜੀ ਵੱਡੀ, ਅਸੀਂ ਹੋਰ ਮਜਬੂਤੀ ਨਾਲ ਲੜਾਂਗੇ ਤੇਰੇ ਹਥਕੰਡਿਆਂ ਦੇ ਖਿਲਾਫ। ਨਾਲੇ ਹੁਣ ਤੇਰੇ ਕੋਲ ਪੰਨੂੰ ਹੈ ਥਾਂ ਥਾਂ ਸੁੰਘਦੇ ਫਿਰਨ ਦੀ ਲੋੜ ਨਹੀਂ, ਕਰ ਲੈ ਆਪਣੇ ਮਨ ਦੀਆਂ ਰੀਝਾਂ ਪੂਰੀਆਂ। ਫਰੀਦਕੋਟ ਬਹੁਤ ਨੇੜੇ ਹੈ ਤੁੰ ਕਾਲੇਪਾਣੀ ਲੈ ਜਾ। ਤੇਰੇ ਰਾਜ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ ਲੋਕ ਤੇ ਕੀੜੇ ਮਕੌੜੇ ਨੇ। ਜਦੋਂ ਮਰਜੀ ਕੁਚਲ ਦੇਵੀਂ । ਸਾਡਾ ਝੋਨਾ ਲੱਗਣਾ ਰੁਕਾ ਕੇ ਸਾਡੀਆਂ ਮੰਡੀਆਂ 'ਚ ਤੂੰ ਆਪਦਾ ਵੇਚ ਜਾਵੀਂ। ਪਰ ਅਸੀਂ ਆਪਣੀਆਂ ਜਮੀਨਾਂ ਦੀਆਂ ਗਿਰਦਾਵਰੀਆ ਤੇਰੇ ਨਾਮ ਨਹੀਂ ਕਰਨੀਆਂ। ਇਹ ਮਾਲਕੀ ਹੱਕ ਸਾਨੂੰ ਬਾਬਾ ਬੰਦਾ ਸਿੰਘ ਬਹਾਦੁਰ ਨੇ ਬਖਸ਼ੇ ਹਨ। ਤੂੰ ਸਾਡੀ ਸਮੇ ਮਾਰ ਕਰ ਸਕਦਾ ਹਾਕਮ ਜੋ ਹੋਇਆ, ਪਰ ਸਾਡੀ ਅਣਖ ਨਹੀਂ ਮਾਰ ਸਕਦਾ। ਤੂੰ ਸਾਨੂੰ ਕੀ ਮਾਰੇਂਗਾ। ਅਸੀਂ ਜਿਹੜੇ 1947 ਚ ਮਰੇ 1984 ਚ ਮਰੇ , ਦਹਾਕਿਆਂ ਤੱਕ ਮਰਦੇ ਰਹੇ। ਰੋਜ ਸੜਕੀ  ਦੁਰਘਟਨਾਂਵਾਂ  ਚੋਂ ਮਰਦੇ ਹਾਂ। ਰੋਜ ਨਸ਼ਿਆਂ ਸਮੈਕਾਂ ਨਾਲ ਮਰਦੇ ਪੁੱਤਾਂ ਦੀਆਂ ਲਾਸ਼ਾਂ ਢੋਣ ਵਾਲਿਆਂ ਨੂੰ ਤੂੰ ਕੀ ਮਾਰੇਂਗਾ  । ਤੂੰ ਮਹਿੰਗਾਈ ਨਾ ਰੋਕ ਸਕਿਆ , ਨਸ਼ੇ ਨਾ ਰੋਕ ਸਕਿਆ, ਤੂੰ ਹੜ ਨਹੀਂ ਰੋਕ ਸਕਿਆ, , ਤੂੰ ਲੋਕਾਂ ਦੀ ਤਕਦੀਰ ਨਾ ਬਦਲ ਸਕਿਆ, ਤੈਨੂੰ ਦਿਸਦੇ ਨਹੀਂ ਫਸਲਾਂ ਦੇ ਜਾਮ ਹੋਏ ਭਾਅ, ਤੈਨੂੰ ਨਹੀਂ  ਦਿੱਸਦੀ ਟੁੱਟਦੀ ਤੇ ਖੁੱਸਦੀ ਜਵਾਨੀ ਤੇ ਕਿਸਾਨੀ। ਤੈਨੂੰ ਤੇ ਦਿੱਸਦੇ ਕਿਸਾਨ ਹੁਣ ਡਾਕੂ,ਪਰ ਯਾਦ ਰੱਖੀਂ ਤੈਨੂੰ ਸਾਡੀ ਵੋਟ ਪਰਚੀ ਰਾਹੀਂ ਸਾਹ ਆਉਂਦਾ ਹੈ ਤੇ ਵੋਟਾਂ ਬਾਰਾਂ ਸਾਲ ਬਾਦ ਨਹੀਂ ਆਉਂਦੀਆਂ। ਤੂੰ ਨੰਨੀਆਂ ਛਾਵਾਂ ਦੀਆਂ ਮਾਵਾ ਨੂੰ ਕਰਦੇ ਕੈਦ ਤੇ ਕਰਲੇ ਆਪਣੀ ਰੀਝ ਪੂਰੀ।

“ਕੱਟ ਗਏ,ਝੁਕੇ ਨਹੀਂ ਉਹ ਹਾਂ ਅਸੀਂ, ਉਹ ਹੋਰ ਸੀ ਮਰ ਗਏ ਜੋ ਹੱਥ ਜੋੜਦੇ' ਅੇਵੇਂ ਭੁਲੇਖਾ ਨਾ ਰੱਖੀਂ ਤੂੰ” । ਤੇਰੇ ਜਬਰ ਤੋਂ ਸਾਡਾ ਸਬਰ   ਵੱਡਾ ਇਹ ਅਸੀਂ ਸਾਬਤ ਕਰਾਂਗੇ।

ਤੇਰੇ ਭਰਾ ਅਮਰਿੰਦਰ ਸਿੰਘ ਨੇ ਹਕੂਮਤੀ ਸਮੇ 'ਚ ਸਾਡੇ ਤੇ ਬਥੇਰਾ ਜਬਰ ਕੀਤਾ। ਤੇਰੇ ਪੁਲਸੀਏ ਸਾਡੇ ਘਰ-ਘਰ ਹਰਲ ਹਰਲ ਕਰਦੇ ਫਿਰਦੇ, ਉਸ ਹਾਕਮ ਵੀ ਸਾਡੇ ਤੇ ਬੜੇ ਪਰਚੇ ਦਰਜ ਕੀਤੇ। ਇੱਥੋਂ ਤੱਕ ਕਿ ਮੇਰੇ ਤੇ ਵੀ 307 ਦਾ ਪਰਚਾ ਦਰਜ ਕੀਤਾ। ਬਥੇਰਾ ਚਿਰ ਸਾਨੂੰ ਘਰੋਂ ਬੇਘਰ ਰੱਖਿਆ। ਪਰ ਉਹ ਹਾਕਮ ਹਾਰਿਆ ਸੀ। ਸਾਥੀ ਪੰਨੂੰ ਤੇ 14 ਪਰਚੇ ਪਹਿਲਾਂ ਦਰਜ ਹਨ। ਪੰਦਰਵੇਂ ਲਈ ਤੇਰਾ ਬੜਾ ਧੰਨਵਾਦ। ਪੰਨੂੰ ਬਾਰੇ ਲਿਖਦਿਆਂ ਪਰਚਿਆਂ ਬਾਰੇ ਇੱਕ ਕਿਤਾਬ ਅਲੱਗ ਲਿਖਣੀ ਪਊਗੀ। ਤੇਰਾ ਤੇ ਤੇਰੀ ਭੈਣ ਕਾਂਗਰਸ ਦਾ ਉਚੇਚਾ ਜਿਕਰ ਹੋਊ, ਤੁਸੀਂ ਅੋਰੰਗਜੇਬ ਦੇ ਪੈਰੋਕਾਰ। ਮੈਨੂੰ, ਮੇਰੇ ਸਾਥੀ ਪੰਨੂੰ ਤੇ ਸਾਡੀ 14 ਵਰਿਆਂ ਭਰ ਜਵਾਨ ਹੋਈ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਤੇ ਉਸਦੇ ਸੰਘਰਸ਼ੀ ਯੋਧਿਆਂ ਨੂੰ ਕੀ ਹਰਾ ਲਉਗੇ।

ਸਾਡੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਆਪਣੇ ਸਿਰਾਂ ਸਮੇਤ ਪੂਰੇ ਜ਼ਜਬੇ ਤੇ ਅਣਖ ਨਾਲ ਤੇਰੀ ਕਚਿਹਰੀ ਚ ਹਾਜਰ ਹੈ। ਲੜਾਂਗੇ, ਮਰਾਂਗੇ ਤੇ ਲੋਕਾਂ ਵਿੱਚ ਨਾਇਨਸਾਫੀ ਖਿਲਾਫ ਖੜੇ ਹੋਣ ਦੀ ਹਿੰਮਤ ਪੈਦਾ ਕਰਾਂਗੇ। ਜੀਣ ਦੀਆਂ ਸਾਰੀਆਂ ਇੱਛਾਵਾਂ ਨੂੰ ਮਾਰਕੇ ਅਸੀਂ ਤੁਰੇ ਹਾਂ ਸਿਰਾਂ ਤੇ ਕਫਨ ਬੰਨਕੇ। ਤੈਨੂੰ ਖਤ ਤੇਰੇ ਤੋਂ ਕਿਸੇ ਆਸ ਨਾਲ ਨਹੀਂ ਲਿਖਿਆ। ਸਿਰਫ ਆਪਣੇ ਲੋਕਾਂ 'ਚ ਆਪਣੀ ਗੱਲ ਪਹੁੰਚਾਉਣ ਦਾ ਜਰੀਆ ਮਾਤਰ ਹੀ ਹੈ। ਸਲਾਮ ਮੇਰੇ ਆਪਣੇ ਪੰਜਾਬ ਦੇ ਲੜਦੇ ਲੋਕਾ ਨੂੰ। ਆਪਣੇ ਦੇਸ਼ ਅਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਜੋ ਪੂਰੇ ਮੁਲਕਾਂ 'ਚ ਨਾਇਨਸਾਫੀ ਤੇ ਨਾਬਰਾਬਰੀ ਖਿਲਾਫ ਸਾਰੀ ਜਿੰਦਗੀ ਸੰਘਰਸ਼ ਕਰਦੇ ਰਹੇ।
                                                         ਲੜਦੇ ਲੋਕਾਂ ਦੀ ਦਿਲੋਂ ਸ਼ੁੱਭ ਚਿੰਤਕ,
ਜੁਲਾਈ 2014                                   ਰਜਵੰਤ ਕੌਰ ਪੰਨੂੰ,
+91- 8872281343                          ਸਮੂਹ ਕਿਸਾਨ ਸੰਘਰਸ਼ ਕਮੇਟੀ ਮੈਂਬਰ।

ਨੋਟ: ਇਹ ਚਿਠੀ ਕਿਸਾਨ ਸੰਘਰਸ਼ ਕਮੇਟੀ ਵਲੋਂ ਜਾਰੀ ਕੀਤੀ ਗਈ ਹੈ| ਲੋਕਾਂ ਦੇ ਸੰਘਰਸ਼ਾਂ ਦੀ ਸੰਘੀ ਘੁਟਨ ਲਈ ਘੜੇ ਸਰਕਾਰੀ ਅਤੇ ਨਿਜੀ ਜਾਇਦਾਦ ਦਾ ਨੁਕਸਾਨ ਰੋਕਣ ਲਈ ਕਨੂਨ-2014, ਨੂੰ ਲਾਗੂ ਕਰਨ ਲਈ ਬਾਦਲ ਸਰਕਾਰ ਨੇੰ ਬਹਾਨਾ ਨਿਜੀ ਜਾਇਦਾਦ ਦੀ ਰਾਖੀ ਦਾ ਬਣਾਇਆ ਹੈ| ਪਰ ਸਰਕਾਰ ਦਾ ਅਸਲ ਮਕਸਦ ਇਸ ਕਨੂਨ ਰਾਹੀਂ ਵਡੇ ਜਗੀਰਦਾਰਾਂ, ਟਰਾਂਸਪੋਰਟਰਾਂ, ਆੜਤੀਆਂ, ਦੇਸੀ ਅਤੇ ਵਿਦੇਸ਼ੀ ਵਡੇ ਸਰਮਾਇਦਾਰਾਂ, ਅਤੇ ਬਹੁ ਰਾਸ਼ਟਰੀ ਕੰਪਨੀਆਂ ਦੀਆਂ ਜਾਇਦਾਦਾਂ ਨੂੰ ਲੋਕ ਰੋਹ ਤੋਂ ਬਚਾਉਣਾ ਹੈ| ਸਧਾਰਨ ਲੋਕਾਂ ਦੀ ਜਾਇਦਾਦ ਦੀ ਰਾਖੀ ਕਰਨਾ ਉਹਨਾਂ ਦੇ ਏਜੰਡੇ ਤੇ ਬਿਲਕੁਲ ਹੀ ਨਹੀਂ| ਇਹ ਗੱਲ ਉਪਰੋਕਤ ਸੰਘਰਸ਼ ਦੇ ਤਜ਼ਰਬੇ ਚੋਂ ਬਿਲਕੁਲ ਸਾਫ਼ ਹੋ ਜਾਂਦੀ ਹੈ| ਲੋਕ ਮੋਰਚਾ ਪੰਜਾਬ ਜਿਥੇ ਸਰਕਾਰ ਵਲੋਂ  ਕਿਸਾਨਾਂ ਤੇ ਕੀਤੇ ਜਾ ਰਹੇ ਇਸ ਜਬਰ ਤਸ਼ਦਦ ਦਾ ਪੁਰ ਜੋਰ ਵਿਰੋਧ ਕਰਦਾ ਹੈ ਉਥੇ ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਸ ਜਬਰ ਤਸ਼ਦਦ ਦਾ ਡਟਵਾਂ ਵਿਰੋਧ ਕਰਨ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹਕ ਵਿਚ ਨਿਤਰਣ ਦਾ ਸਦਾ ਦਿੰਦਾ ਹੈ |