StatCounter

Thursday, January 19, 2012

ਸ਼ੋਕ ਸੁਨੇਹਾ

 ਪ੍ਰਸਿੱਧ ਅਜ਼ਾਦੀ ਘੁਲਾਟੀਏ ਤੇ ਲੋਕ-ਹੱਕਾਂ ਦੇ ਅਲੰਬਰਦਾਰ ਚੈਂਚਲ ਸਿੰਘ ਬਾਬਕ ਦਾ ਦੇਹਾਂਤ
Freedom Fighter & leader of Kirti Party Com. Chainchal Singh Babak passed away
 
ਪ੍ਰਸਿੱਧ ਅਜ਼ਾਦੀ ਘੁਲਾਟੀਏ, ਲੋਕ-ਹੱਕਾਂ ਦੇ ਅਲੰਬਰਦਾਰ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਰਗਰਮ ਸਨੇਹੀ ਸ੍ਰੀ ਚੈਂਚਲ ਸਿੰਘ ਬਾਬਕ ਪਿਛਲੇ ਦਿਨ ਇੰਗਲੈਂਡ ਦੇ ਸ਼ਹਿਰ ਨੌਟਿੰਗਮ ਵਿੱਚ ਚਲਾਣਾ ਕਰ ਗਏ।  ਉਹ 88 ਵਰ੍ਹਿਆਂ ਦੇ ਸਨ।  ਕਾਮਰੇਡ ਚੈਂਚਲ ਸਿੰਘ ਬਾਬਕ ਭਾਰਤ ਰਹਿੰਦਿਆਂ ਸਦਾ ਕਿਸਾਨਾਂ ਮਜ਼ਦੂਰਾਂ ਵਲੋਂ ਲੜੇ ਜਾਣ ਵਾਲੇ ਲੋਕ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ।  ਉਨ੍ਹਾਂ ਦਾ ਸ਼ੁਮਾਰ ਪੰਜਾਬ ਦੀ ਕਿਰਤੀ ਪਾਰਟੀ ਦੇ ਸਰਗਰਮ ਆਗੂਆਂ ਵਿੱਚ ਕੀਤਾ ਜਾਂਦਾ ਹੈ।  ਪਿਛੋਂ ਉਹ ਇੰਗਲੈਂਡ ਚਲੇ ਗਏ, ਉਥੇ ਵੀ ਉਨ੍ਹਾਂ ਨੇ ਭਾਰਤੀ ਮਜ਼ਦੂਰਾਂ ਵਲੋਂ ਆਪਣੀ ਪਛਾਣ ਅਤੇ ਆਪਣੇ ਹੱਕਾਂ ਲਈ ਲੜੀ ਜਾਣ ਵਾਲੀ ਹਰੇਕ ਲੜਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।  ਉਹ ਬਹੁਤ ਹੀ ਸੰਵੇਦਨਸ਼ੀਲ ਇਨਸਾਨ ਸਨ।  ਉਨ੍ਹਾਂ ਨੇ ਪ੍ਰਗਤੀਸ਼ੀਲ ਸਾਹਿਤਕ ਦੌਰ ਤੋਂ ਪ੍ਰਭਾਵਿਤ ਹੋ ਕੇ ਉਰਦੂ ਵਿੱਚ ਅਗਾਂਹਵਧੂ ਸ਼ਾਇਰੀ ਦੀ ਰਚਨਾ ਵੀ ਕੀਤੀ।  ਉਹ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਗ਼ਦਰੀ ਬਾਬਿਆਂ ਦੇ ਮੇਲੇ ਉਤੇ ਹੁੰਦੇ ਕਵੀ ਦਰਬਾਰ ਵਿੱਚ ਹਮੇਸ਼ਾ ਆਪਣੀਆਂ ਕਵਿਤਾਵਾਂ ਦਾ ਉਚਾਰਨ ਕਰਦੇ ਤੇ ਸਰੋਤਿਆਂ ਦੀ ਪ੍ਰਸੰਸਾ ਹਾਸਿਲ ਕਰਦੇ।  ਉਹ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਭਾਵੁਕ ਪੱਧਰ 'ਤੇ ਜੁੜੇ ਹੋਏ ਸਨ।  ਉਹ ਸਵੈ ਇੱਛਾ ਨਾਲ ਕਮੇਟੀ ਦੀ ਆਰਥਿਕ ਮਦਦ ਤਾਂ ਅਕਸਰ ਕਰਦੇ ਹੀ ਰਹਿੰਦੇ ਸਨ।  ਪਰ ਜੇ ਕਮੇਟੀ ਆਪਣੇ ਵਲੋਂ ਉਨ੍ਹਾਂ ਨੂੰ ਕੋਈ ਉਚੇਚੀ ਸੇਵਾ ਸੌਂਪਦੀ ਤਾਂ ਉਹ ਇਹ ਸੇਵਾ ਵੀ ਖੁਸ਼ੀ ਖੁਸ਼ੀ ਸਵੀਕਾਰ ਕਰਦੇ।  ਆਪਣਾ ਪੂਰਾ ਜੀਵਨ ਲੋਕ ਸੇਵਾ ਲਈ ਅਰਪਨ ਕਰਨ ਵਾਲੇ ਸ੍ਰੀ ਬਾਬਕ ਮੌਤ ਤੋਂ ਬਾਦ ਵੀ ਆਪਣਾ ਸ਼ਰੀਰ ਦਾਨ ਕਰ ਗਏ ਹਨ।  ਤਾਂਕਿ ਕੁਝ ਹੋਰ ਲੋੜਵੰਦਾਂ ਦੇ ਜੀਵਨ ਵਿਚ ਵੀ ਉਹ ਕੋਈ ਲਾਭਕਾਰੀ ਯੋਗਦਾਨ ਪਾ ਸਕਣ।  ਉਹ ਅਕਸਰ ਹਰ ਸਾਲ ਹੀ ਗ਼ਦਰੀ ਬਾਬਿਆਂ ਦੇ ਮੇਲੇ ਉਤੇ ਆਪਣੀ ਪਤਨੀ ਸਮੇਤ ਸ਼ਿਰਕਤ ਕਰਦੇ ਰਹਿੰਦੇ ਸਨ।  ਦੇਸ਼ ਭਗਤ ਯਾਦਗਾਰ ਕਮੇਟੀ ਆਪਣੇ ਇਸ ਸਨੇਹੀ ਦੇ ਤੁਰ ਜਾਣ ਉਤੇ ਜਿਥੇ ਉਨ੍ਹਾਂ ਦੇ ਪਰਿਵਾਰ ਅਤੇ ਅਗਾਂਹਵਧੂ ਹਲਕਿਆਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ, ਉਥੇ ਆਪਣੇ ਇਸ ਸਨੇਹੀ ਦੇ ਸੰਘਰਸ਼ਸ਼ੀਲ ਤੇ ਬੇਦਾਗ ਜੀਵਨ ਉਤੇ ਮਾਣ ਵੀ ਮਹਿਸੂਸ ਕਰਦੀ ਹੈ।  ਅੱਜ ਇਸ ਮਕਸਦ ਲਈ ਕਮੇਟੀ ਦੇ ਮੈਂਬਰਾਂ ਵਲੋਂ ਕਾਮਰੇਡ ਨੌਨਿਹਾਲ ਸਿੰਘ ਦੀ ਪ੍ਰਧਾਨਗੀ ਹੇਠ ਇਕ ਸ਼ੋਕ ਸਭਾ ਕੀਤੀ ਗਈ, ਜਿਸ ਵਿੱਚ ਜਨਰਲ ਸਕੱਤਰ ਡਾ. ਰਘਬੀਰ ਕੌਰ, ਵਿੱਤ ਸਕੱਤਰ ਰਘਬੀਰ ਸਿੰਘ ਛੀਨਾ, ਡਾ. ਵਰਿਆਮ ਸਿੰਘ ਸੰਧੂ, ਕਾਮਰੇਡ ਗੁਰਮੀਤ ਤੇ ਸ੍ਰੀ ਚਰੰਜੀ ਲਾਲ ਆਦਿ ਮੈਂਬਰ ਹਾਜ਼ਰ ਸਨ।

No comments:

Post a Comment