ਚੋਣਾਂ ਦੀ ਦੰਭੀ ਖੇਡ ਦਾ ਭਾਂਡਾ ਭੰਨੋ—ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਵੋ
ਚੋਣਾਂ ਦੀ ਦੰਭੀ ਖੇਡ ਦਾ ਭਾਂਡਾ ਭੰਨਣ ਲਈ ਬਰਨਾਲਾ 'ਚ ਪਗੜੀ ਸੰਭਾਲ ਕਾਨਫਰੰਸ 27 ਨੂੰ
ਲੋਕਾਂ ਦੇ ਵਿਕਾਸ ਤੇ ਸਮੂਹਿਕ ਪੁੱਗਤ ਲਈ ਸਾਂਝੇ ਤੇ ਜਾਨ ਹੂਲਵੇਂ ਸੰਗਰਾਮੀ ਰਾਹ ਦਾ ਹੋਕਾ
ਅੱਜ ਕੱਲ• ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਕਾਰਨ ਭਖੇ ਹੋਏ ਸਿਆਸੀ ਮਾਹੌਲ ਅੰਦਰ ਵੱਖ ਵੱਖ ਸੰਘਰਸ਼ਸ਼ੀਲ ਤੇ ਉੱਘੀਆਂ ਜਨਤਕ ਸ਼ਖ਼ਸ਼ੀਅਤਾਂ 'ਤੇ ਅਧਾਰਤ ਜਥੇਬੰਦ ਕੀਤੀ ਗਈ ''ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ'' ਦੇ ਵੱਲੋਂ ਚੋਣਾਂ ਦੀ ਦੰਭੀ ਖੇਡ ਦਾ ਭਾਂਡਾ ਭੰਨਣ ਤੇ ਹਕੀਕੀ ਲੋਕ ਹਿਤੈਸ਼ੀ ਸੰਗਰਾਮੀ ਰਾਹ ਦਾ ਹੋਕਾ ਦੇਣ ਲਈ 27 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਪੰਜਾਬ ਪੱਧਰੀ ਵਿਸ਼ਾਲ ''ਪਗੜੀ ਸੰਭਾਲ ਕਾਨਫਰੰਸ'' ਕੀਤੀ ਜਾਵੇਗੀ। ਇਹ ਐਲਾਨ ਅੱਜ ਸਥਾਨਕ ਤਰਕਸ਼ੀਲ ਭਵਨ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ। ਵਰਣਨਯੋਗ ਹੈ ਕਿ ਜਥੇਬੰਦ ਕੀਤੀ ਗਈ ਇਸ ਕਮੇਟੀ ਵਿਚ ਲਛਮਣ ਸਿੰਘ ਸੇਵੇਵਾਲਾ ਤੋਂ ਇਲਾਵਾ ਝੰਡਾ ਸਿੰਘ ਜੇਠੂਕੇ, ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਪਾਵੇਲ ਕੁੱਸਾ, ਕਰੋੜਾ ਸਿੰਘ, ਅਮੋਲਕ ਸਿੰਘ, ਗੁਰਦਿਆਲ ਸਿੰਘ ਭੰਗਲ, ਐਨ.ਕੇ. ਜੀਤ, ਸ਼੍ਰੀਮਤੀ ਪੁਸ਼ਪ ਲਤਾ, ਦਰਸ਼ਨ ਸਿੰਘ ਕੂਹਲੀ, ਮਲਾਗਰ ਸਿੰਘ ਖਮਾਣੋਂ, ਯਸ਼ਪਾਲ ਤੇ ਜੋਗਿੰਦਰ ਆਜਾਦ ਸ਼ਾਮਿਲ ਹਨ।
ਪ੍ਰੈਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਬੁਲਾਰਿਆਂ ਨੇ ਆਖਿਆ ਕਿ ਹੁਕਮਰਾਨ ਅਕਾਲੀ-ਭਾਜਪਾ, ਕਾਂਗਰਸ ਤੇ ਮਨਪ੍ਰੀਤ ਮਾਰਕਾ ਮੋਰਚਾ ਸਮੇਤ ਸੱਭੇ ਮੌਕਾਪ੍ਰਸਤ ਵੋਟ ਪਾਰਟੀਆਂ ਉਨ•ਾਂ ਦੇਸ਼ ਧਰੋਹੀ ਆਰਥਿਕ ਨੀਤੀਆਂ 'ਤੇ ਇੱਕਮੱਤ ਹਨ ਜਿਨ੍ਰਾਂ ਕਰਕੇ ਅੱਜ ਪੰਜਾਬ ਤੇ ਦੇਸ਼ ਦੇ ਖੇਤ ਮਜ਼ਦੂਰਾਂ, ਕਿਸਾਨਾਂ, ਸਨਅਤੀ ਤੇ ਬਿਜਲੀ ਕਾਮਿਆਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਨੌਜਵਾਨਾਂ ਤੇ ਔਰਤਾਂ ਦੀ ਪੱਗ ਤੇ ਪਤ ਰੁਲ ਰਹੀ ਹੈ। ਪੰਜਾਬ ਅੰਦਰ ਵੀ ਬਦਲ ਬਦਲ ਕੇ ਆਈਆਂ ਸਾਰੀਆਂ ਪਾਰਟੀਆਂ ਦਾ ਤਜ਼ਰਬਾ ਲੋਕਾਂ ਨੇ ਹੱਡੀ ਹੰਢਾਇਆ ਹੈ। ਇਸ ਲਈ ਕਮਾਊ ਲੋਕਾਂ ਨੂੰ ਆਪਣੀ ਰੁਲ ਰਹੀ ਪਗੜੀ ਬਚਾਉਣ ਲਈ ਖੁਦ ਜਥੇਬੰਦ ਹੋ ਕੇ ਜਾਨ-ਹੂਲਵੇਂ ਸਾਂਝੇ ਸੰਗਰਾਮੀ ਘੋਲਾਂ ਦੇ ਰਾਹ ਪੈਣ ਦੀ ਲੋੜ ਹੈ।
ਉਨ•ਾਂ ਆਖਿਆ ਕਿ ਮੌਜੂਦਾ ਚੋਣਾਂ ਦੌਰਾਨ ਸਰਕਾਰ ਬਦਲਣ ਨਾਲ ਅਖੌਤੀ ਵਿਕਾਸ ਦੇ ਨਾਂ 'ਤੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਦੇਸੀ-ਵਿਦੇਸ਼ੀ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਹਿੱਤ ਪੂਰਦੀਆਂ ਨੀਤੀਆਂ ਨੇ ਨਹੀਂ ਬਦਲਣਾ, ਨਾ ਹੀ ਇਨ•ਾਂ ਨੀਤੀਆਂ ਨੂੰ ਲੋਕਾਂ 'ਤੇ ਮੜਨ ਲਈ ਘੜੇ ਗਏ ਜਾਬਰ ਤੇ ਕਾਲੇ ਕਾਨੂੰਨਾਂ ਨੇ ਬਦਲਣਾ ਹੈ ਅਤੇ ਨਾ ਹੀ ਆਏ ਰੋਜ ਹੱਕਾਂ ਲਈ ਜੂਝਦੇ ਲੋਕਾਂ ਦੇ ਮੌਰ ਸੇਕਣ ਵਾਲੀ ਪੁਲਸ ਤੇ ਜੇਲਾਂ ਸਮੇਤ ਅਫਸਰਸ਼ਾਹੀ ਨੇ ਬਦਲਣਾ ਹੈ। ਉਹਨਾਂ ਕਿਹਾ ਕਿ ਚੋਣਾਂ ਰਾਹੀਂ ਤਾਂ ਆਪੋ 'ਚ ਭਿੜ ਰਹੀਆਂ ਪਾਰਟੀਆਂ ਰਾਜ ਸੱਤ•ਾ ਅਤੇ ਲੁੱਟ ਦੇ ਮਾਲ ਦੀ ਆਪਸੀ ਵੰਡ ਦਾ ਰੱਟਾ ਸੁਲਝਾਉਂਦੀਆਂ ਹਨ।
ਉਨ•ਾਂ ਆਖਿਆ ਕਿ ਚਾਚਾ ਅਜੀਤ ਸਿੰਘ ਵੱਲੋਂ ਪਗੜੀ ਸੰਭਾਲਣ ਲਈ ਚਲਾਈ ਲਹਿਰ ਤੇ ਅਨੇਕਾਂ ਦੇਸ਼-ਭਗਤਾਂ, ਗਦਰੀ ਬਾਬਿਆਂ ਵੱਲੋਂ ਚਲਾਈਆਂ ਲਹਿਰਾਂ ਦੀ ਬਦੌਲਤ ਸੰਨ 47 'ਚ ਅੰਗਰੇਜ਼ਾਂ ਦੇ ਚਲੇ ਜਾਣ ਬਾਅਦ ਲੋਕਾਂ ਨੂੰ ਵਰਚਾਉਣ ਲਈ ਭਾਰਤੀ ਹੁਕਮਰਾਨਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਤੁਛ ਰਿਆਇਤਾਂ ਤੇ ਲੂਲੇ ਲੰਗੜੇ ਜਮਹੂਰੀ ਅਧਿਕਾਰਾਂ ਨੂੰ ਅੱਜ ਅਖੌਤੀ ਵਿਕਾਸ ਦੇ ਨਾਂ ਹੇਠ ਲਿਆਂਦੀਆਂ ਆਰਥਿਕ ਨੀਤੀਆਂ ਰਾਹੀਂ ਬੁਰੀ ਤਰ•ਾਂ ਛਾਂਗਿਆ ਜਾ ਰਿਹਾ ਹੈ ਤੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਜਰਤੀ ਪ੍ਰਣਾਲੀ ਦੀ ਸਫ ਵਲ•ੇਟੀ ਜਾ ਰਹੀ ਹੈ ਅਤੇ ਜ਼ਮੀਨੀ ਸੁਧਾਰ ਲਾਗੂ ਕਰਨ ਦੀ ਥਾਂ, ਜਮੀਨਾਂ ਖੋਹਣ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਲੋਕਾਂ ਦਾ ਆਪਣੇ ਜਲ, ਜਮੀਨਾਂ, ਰੁਜ਼ਗਾਰ, ਸਿਹਤ, ਵਿੱਦਿਆ, ਆਵਾਜਾਈ, ਬਿਜਲੀ ਆਦਿ ਤੋਂ ਉਜਾੜਾ ਕੀਤਾ ਜਾ ਰਿਹਾ ਹੈ ਤੇ ਨਾਮ ਨਿਹਾਦ ਜਮਹੂਰੀ ਅਧਿਕਾਰਾਂ ਨੂੰ ਵੀ ਕੁਚਲਣ ਲਈ ਵਰਤੇ ਜਾ ਰਹੇ ਅੰਨ•ੇ ਤਸ਼ੱਦਦ ਦਾ ਕਾਨੂੰਨੀਕਰਨ ਕੀਤਾ ਜਾ ਰਿਹਾ ਹੈ। ਇਉਂ ਲੋਕਾਂ ਦੇ ਹਿਤਾਂ 'ਤੇ ਚੌਤਰਫ਼ਾ ਹੱਲਾ ਬੋਲਿਆ ਹੋਇਆ ਹੈ। ਦੂਜੇ ਪਾਸੇ ਕਾਰਪੋਰੇਟ ਸੈਕਟਰ ਨੂੰ ਖਜਾਨਾ ਲੁਟਾਉਣ ਤੇ ਲੋਕਾਂ ਦੀ ਨਿਸ਼ੰਗ ਲੁੱਟ ਕਰਨ ਲਈ ਖੁੱਲੀਆਂ ਛੁੱਟੀਆਂ ਦੇਣ ਦਾ ਵੀ ਕਾਨੂੰਨੀਕਰਨ ਕੀਤਾ ਗਿਆ ਹੈ। ਇਸ ਹਾਲਤ 'ਚ ਲੋਕਾਂ ਦੇ ਅਸਲੀ ਵਿਕਾਸ, ਖੁਸ਼ਹਾਲੀ, ਸਮੂਹਿਕ ਪੁੱਗਤ ਤੇ ਸਵੈਮਾਣ ਦੀ ਜਾਮਨੀ ਲਈ ਅਣਸਰਦੀ ਲੋੜ ਹੈ ਕਿ ਉਹ ਇਨ•ਾਂ ਚੋਣਾਂ ਤੋਂ ਭਲੇ ਦੀ ਝਾਕ ਛੱਡ ਕੇ ਸਾਂਝੇ ਵਿਸ਼ਾਲ ਤੇ ਦ੍ਰਿੜ ਸੰਗਰਾਮੀ ਘੋਲਾਂ ਦਾ ਪੱਲਾ ਫੜਣ। ਉਨ•ਾਂ ਇਹ ਵੀ ਐਲਾਨ ਕੀਤਾ ਕਿ ਕਾਨਫਰੰਸ ਦੀ ਤਿਆਰੀ ਲਈ ਤੇ ਲੋਕਾਂ ਨੂੰ ਖਬਰਦਾਰ ਕਰਨ ਲਈ ਪੰਜਾਬ ਭਰ 'ਚ ਮੀਟਿੰਗਾਂ, ਰੈਲੀਆਂ, ਜਾਗੋ ਤੇ ਵੱਡੇ ਕਾਫ਼ਲਾ ਮਾਰਚਾਂ ਰਾਹੀਂ ਪਗੜੀ ਸੰਭਾਲ ਮੁਹਿੰਮ ਲਾਮਬੰਦ ਕੀਤੀ ਜਾਵੇਗੀ। ਉਨ•ਾਂ ਸਮੂਹ ਸੰਘਰਸ਼ਸ਼ੀਲ, ਲੋਕ ਹਿਤੈਸ਼ੀ, ਸਾਹਿਤਕ ਸੱਭਿਆਚਾਰਕ, ਤਰਕਸ਼ੀਲ, ਜਮਹੂਰੀ ਤੇ ਇਨਸਾਫ਼ਪਸੰਦ ਹਿੱਸਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੰਜਾਬ ਭਰ 'ਚ ਚੱਲਣ ਵਾਲੀ ਇਸ ਮੁਹਿੰਮ 'ਚ ਸ਼ਾਮਿਲ ਹੋਣ ਤੇ ਇਸਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਹਿਯੋਗ ਦੇਣ।
ਵੱਲੋਂ : ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ
ਜਾਰੀ ਕਰਤਾ : ਲਛਮਣ ਸਿੰਘ ਸੇਵੇਵਾਲਾ, ਕਨਵੀਨਰ 94170-79170
No comments:
Post a Comment