StatCounter

Friday, January 27, 2012

AMIDST THE DIN OF ELECTIONEERING, STRUGGLING PEOPLE HOLD "PAGRI SAMBHAL" CONFERENCE IN PUNJAB

ਪਗੜੀ ਸੰਭਾਲ ਸੂਬਾਈ ਕਾਨਫਰੰਸ ਨੇ ਦਿੱਤਾ ਚੋਣਾਂ ਤੋਂ ਭਲੇ ਦੀ ਝਾਕ ਛੱਡ ਕੇ ਲੋਕ ਸੰਗਰਾਮਾਂ ਦਾ ਹੋਕਾ
Lachhaman Singh Sewewala, a member of the Committee adressing the conference

A view of the stage

A view of the stage


Paying Homage to the martyrs of peoples' struggles
 


ਬਰਨਾਲਾ, 27 ਜਨਵਰੀ:  ਪੰਜਾਬ ਭਰ ਦੇ ਸਨਅਤੀ ਕਾਮਿਆਂ, ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਅਤੇ ਇਨਕਲਾਬੀ ਜਮਹੂਰੀ ਸੰਘਰਸ਼ ਅਖਾੜਿਆਂ ਦੀਆਂ ਜਾਣੀਆਂ-ਪਹਿਚਾਣੀਆਂ ਸਖਸ਼ੀਅਤਾਂ ਅਤੇ ਲੋਕ-ਪ੍ਰਤੀਨਿਧਾਂ 'ਤੇ ਅਧਾਰਤ ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ ਵੱਲੋਂ ਅੱਜ ਸਥਾਨਕ ਦਾਣਾ ਮੰਡੀ 'ਚ ਵਿਸ਼ਾਲ ਪਗੜੀ ਸੰਭਾਲ ਸੂਬਾਈ ਕਾਨਫਰੰਸ ਕਰਕੇ ਵੋਟਾਂ ਰਾਹੀਂ ਕਿਸੇ ਵੀ ਅਦਲਾ-ਬਦਲੀ ਜਾਂ ਚੁਣੀ ਜਾਣ ਵਾਲੀ ਸਰਕਾਰ ਤੋਂ ਆਪਣੇ ਭਲੇ ਦੀ ਝਾਕ ਛੱਡਕੇ, ਚੋਣ-ਪਰਪੰਚ ਦੇ ਬਦਲ 'ਚ ਆਪਣੀਆਂ ਲੋਕ-ਜੱਥੇਬੰਦੀਆਂ ਅਤੇ ਲੋਕ ਸੰਗਰਾਮ ਦੇ ਰਾਹ ਉੱਪਰ ਹੀ ਟੇਕ ਰੱਖਣ, ਆਪਣੀ ਤਕਦੀਰ ਆਪ ਘੜਨ, ਆਪਣੇ ਸਵੈਮਾਣ ਅਤੇ ਲੋਕ-ਪੁੱਗਤ ਵਾਲੇ ਨਿਜ਼ਾਮ ਦਾ ਮੁੱਖੜਾ ਚੁੰਮਣ ਲਈ ਜੋਕ ਧੜਿਆਂ ਦੀ ਬਜਾਏ ਮਿਹਨਤਕਸ਼ਾਂ ਦਾ ਲੋਕ-ਧੜਾ ਮਜ਼ਬੂਤ ਕਰਨ ਦਾ ਜੋਰਦਾਰ ਸੱਦਾ ਦਿੱਤਾ।

           ਪੰਜਾਬ ਦੇ ਕੋਨੇ ਕੋਨੇ ਤੋਂ ਆਏ ਲੋਕਾਂ ਦਾ ਹੜ੍ਹ ਅਤੇ ਜੋਸ਼ ਦੇਖਿਆਂ ਹੀ ਬਣਦਾ ਸੀ ਜਿਹੜੇ ''ਚੋਣਾਂ ਤੋਂ ਭਲੇ ਦੀ ਝਾਕ ਛੱਡ ਦਿਓ-ਸੰਘਰਸ਼ਾਂ ਦੇ ਝੰਡੇ ਗੱਡ ਦਿਓ'', ''ਵਾਅਦੇ ਕਰਦੇ ਲੋਕਾਂ ਨਾਲ-ਵਫ਼ਾ ਨਿਭਾਉਂਦੇ ਜੋਕਾਂ ਨਾਲ'', ''ਮੁਕਤੀ ਹੋਣੀ ਏਕੇ ਨਾਲ-ਉੱਠ ਵੇ ਲੋਕਾ ਪੱਗ ਸੰਭਾਲ'', ''ਨਵੇਂ ਹਾਕਮ ਵੀ ਲੁੱਟਣਗੇ 'ਤੇ ਕੁੱਟਣਗੇ-ਘੋਲ ਲੋਕਾਂ ਦੇ ਨਾ ਰੁਕਣਗੇ'' ਆਦਿ ਆਕਾਸ਼ ਗੁੰਜਾਊ ਨਾਅਰੇ ਲਾਉਂਦੇ ਹੋਏ ਆਪਣੀ ਸੋਚ, ਸਮਝ, ਅਮਲ ਅਤੇ ਭਵਿੱਖ 'ਚ ਜਾਨ-ਹੂਲਵੇਂ ਸੰਘਰਸ਼ਾਂ ਦੀ ਤਿਆਰੀ 'ਚ ਲੱਕ ਬੰਨ੍ਹ ਕੇ ਜੁਟੇ ਰਹਿਣ ਦਾ ਡੁੱਲ੍ਹ ਡੁੱਲ੍ਹ ਪੈਂਦਾ ਪ੍ਰਭਾਵ ਦੇ ਰਹੇ ਸਨ।

 ਇਹ ਕਾਫ਼ਲੇ ਪਿਛਲੇ ਤਿੰਨ ਹਫ਼ਤਿਆਂ ਤੋਂ ਕੋਈ 500 ਪਿੰਡਾਂ ਤੋਂ ਇਲਾਵਾ ਮਜ਼ਦੂਰ ਬਸਤੀਆਂ, ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਤੱਕ ਝੰਡਾ ਮਾਰਚ, ਰੈਲੀਆਂ, ਜਾਗੋਆਂ, ਪ੍ਰਭਾਤ ਫੇਰੀਆਂ ਕੱਢਦੇ, ਸੱਭਿਆਚਾਰਕ ਕਲਾ-ਵੰਨਗੀਆਂ ਅਤੇ ਤਕਰੀਰਾਂ ਰਾਹੀਂ ਅਜਿਹਾ ਸੁਨੇਹਾ ਵੰਡਦੇ ਹੋਏ ਅੱਜ ਸਥਾਨਕ ਦਾਣਾ ਮੰਡੀ 'ਚ ਸੂਬਾਈ ਕਾਨਫਰੰਸ 'ਚ ਜੁੜੇ ਸਨ।
         
 ਪਗੜੀ ਸੰਭਾਲ ਮੁਹਿੰਮ ਕਮੇਟੀ ਮੈਂਬਰਾਂ ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਐਡਵੋਕੇਟ ਐਨ. ਕੇ. ਜੀਤ, ਪੁਸ਼ਪ ਲਤਾ, ਕਰੋੜਾ ਸਿੰਘ, ਯਸ਼ਪਾਲ. ਜੁਗਿੰਦਰ ਆਜ਼ਾਦ, ਮਲਾਗਰ ਸਿੰਘ ਖਮਾਣੋਂ ਅਤੇ ਅਮੋਲਕ ਸਿੰਘ ਦੀ ਪ੍ਰਧਾਨਗੀ ਅਤੇ ਪਾਵੇਲ ਕੁੱਸਾ ਦੀ ਮੰਚ ਸੰਚਾਲਨਾ 'ਚ ਹੋਈ ਪਗੜੀ ਸੰਭਾਲ ਸੂਬਾਈ ਕਾਨਫਰੰਸ ਨੂੰ ਮੁੱਖ ਬੁਲਾਰਿਆਂ ਵਜੋਂ ਕਮੇਟੀ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਭੰਗਲ, ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਅਤੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ ਤੋਂ ਇਲਾਵਾ ਕੰਵਲਪ੍ਰੀਤ ਸਿੰਘ ਪੰਨੂੰ, ਜਗਸੀਰ ਸਿੰਘ ਸਹੋਤਾ, ਗੁਰਬਚਨ ਸਿੰਘ ਚੱਬਾ ਅਤੇ ਰਜਿੰਦਰ ਸਿੰਘ ਨੇ ਸੰਬੋਧਨ ਕੀਤਾ।
         
ਬੁਲਾਰਿਆਂ ਨੇ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਉੱਪਰ ਇੱਕ ਦੂਜੇ ਤੋਂ ਅੱਗੇ ਹੋ ਕੇ ਫੁੱਲ ਚੜ੍ਹਾਉਂਦੇ ਵੰਨ-ਸੁਵੰਨੇ ਹਾਕਮ ਧੜੇ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੀ ਲੋਕਾਂ ਉੱਪਰ ਆਰੀ ਚਲਾਉਣ ਲਈ ਇੱਕ ਸੁਰ ਹਨ। ਰਾਜ ਭਾਗ ਦੀ ਤਾਕਤ ਅਤੇ ਖਜ਼ਾਨੇ ਵੰਡਣ 'ਤੇ ਹੀ ਕੁੱਕੜ ਖੋਹੀ ਦੀ ਰਿਹਰਸਲ ਹੋ ਰਹੀ ਹੈ ਏਸੇ ਕਰਕੇ ਇਸ ਵਾਰ ਸੀਟਾਂ ਦੀਆਂ ਟਿਕਟਾਂ ਦੇ ਸੂਚਕ ਅੰਕ ਦਾ ਪਾਰਾ ਵੀ ਚੜ੍ਹਿਆ ਹੈ। ਇਹਨਾਂ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਜੋਕਾਂ ਦਾ ਵਿਕਾਸ ਅਤੇ ਲੋਕਾਂ ਦਾ ਵਿਨਾਸ਼ ਹੀ ਹੋਵੇਗਾ।
ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੰਬਲੀ ਲੋਕ ਹਿੱਤਾਂ ਦੀ ਰਾਖੀ ਦਾ ਮੰਚ ਹੈ ਹੀ ਨਹੀਂ। ਕਰਜ਼ਿਆਂ, ਖੁਦਕੁਸ਼ੀਆਂ, ਜ਼ਮੀਨਾਂ ਦੀ ਰਾਖੀ, ਰੁਜ਼ਗਾਰ ਲਈ ਜੱਦੋਜਹਿਦ, ਬਿਜਲੀ, ਪਾਣੀ, ਸਿੱਖਿਆ, ਸਿਹਤ, ਜੰਗਲ, ਜਲ, ਕੁਦਰਤੀ ਸਰੋਤਾਂ ਆਦਿ ਅਨੇਕਾਂ ਲੋਕ ਮੁੱਦਿਆਂ 'ਤੇ ਲੋਕਾਂ ਦੀ ਬਾਂਹ ਫੜਨ ਅਤੇ ਸਿਰ ਵਾਰਨ ਲਈ ਲੋਕਾਂ ਦੀਆਂ ਅਸਲ ਪ੍ਰਤੀਨਿਧ ਜੱਥੇਬੰਦੀਆਂ ਅਤੇ ਲੋਕਾਂ ਦੇ ਹਿਤੈਸ਼ੀ ਜੁਝਾਰ ਇਨਕਲਾਬੀ ਨੁਮਾਇੰਦੇ ਹੀ ਅੱਗੇ ਆਏ ਹਨ। ਭਵਿੱਖ ਵਿੱਚ, ਆਹਮੋ ਸਾਹਮਣੇ ਖੜੇ ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੇ ਜੋਕ ਅਤੇ ਲੋਕ ਕੈਂਪ ਦੀ ਲਕੀਰ ਹੋਰ ਵੀ ਗੂਹੜੀ ਹੋਵੇਗੀ। ਇਸ ਲਕੀਰ ਨੂੰ ਮੇਟਣ ਲਈ ਹੀ ਇਹ ਲੋਕਾਂ ਨੂੰ ­ਆਟਾ ਦਾਲ਼, ਸਾਈਕਲ, ਲੈਪਟਾਪ ਆਦਿ ਦੀਆਂ ਬੁਰਕੀਆਂ ਅਤੇ ਭਰਮਾਊ ਜਾਲ ਵਿਛਾਉਣ ਦਾ ਨਾਕਾਮ ਯਤਨ ਕਰ ਰਹੇ ਹਨ।
         
 ਉਹਨਾਂ ਕਿਹਾ ਕਿ ਹੱਕ ਮੰਗਦੇ ਲੋਕਾਂ ਨੇ ਆਪਣੇ ਹੱਡੀਂ ਹੰਢਾਏ ਤਜ਼ਰਬੇ ਰਾਹੀਂ 'ਜਮਹੂਰੀਅਤ' ਦੇ ਖੂਬ ਦੀਦਾਰ ਕੀਤੇ ਹਨ। ਅਗਲੇ ਸਮਿਆਂ 'ਚ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੇ ਨਿਸ਼ੰਗ ਸਿਲਸਿਲੇ ਦੇ ਚੌਤਰਫ਼ੇ ਹੱਲੇ ਨਾਲ ਲੋਕਾਂ ਦਾ ਮੱਥਾ ਲੱਗੇਗਾ।
         
ਸੂਬਾਈ ਕਾਨਫਰੰਸ ਦਾ ਕੇਂਦਰੀ ਸੁਨੇਹਾ ਵੀ ਵੱਡੀ ਗਿਣਤੀ 'ਚ ਵੰਡਿਆ ਗਿਆ ਜਿਸ ਵਿੱਚ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਨਾਲ ਸੰਧੀਆਂ ਕਰਕੇ ਮੁਲਕ ਅਤੇ ਲੋਕ-ਉਜਾੜੂ ਨੀਤੀਆਂ ਨੂੰ ਪਿਛਲ ਮੋੜਾ ਦੇਣ, ਜ਼ਮੀਨ ਦੀ ਬੇਜ਼ਮੀਨਿਆਂ ਅਤੇ ਥੁੜ-ਜ਼ਮੀਨਿਆਂ 'ਚ ਮੁੜ ਵੰਡ ਕਰਨ, ਕਰਜ਼ਿਆਂ ਉੱਪਰ ਲੀਕ ਮਾਰਨ, ਨਵੀਂ ਲੋਕ-ਮੁਖੀ ਕਰਜ਼ਾ ਨੀਤੀ ਲਾਗੂ ਕਰਨ, ਖਜ਼ਾਨਿਆਂ, ਰਿਐਤਾਂ ਦੇ ਮੂੰਹ ਜੋਕ-ਧੜਿਆਂ ਵੱਲ ਖੋਲ੍ਹਣ ਦੀ ਬਜਾਏ ਲੋਕਾਂ ਦੀਆਂ ਮੁੱਢਲੀਆਂ ਜੀਵਨ ਲੋੜਾਂ ਦੀ ਜਾਮਨੀ ਕਰਨ, ਪੱਕੇ ਰੁਜ਼ਗਾਰ ਦੀ ਗਾਰੰਟੀ ਕਰਨ, ਜਾਬਰ ਕਾਲ਼ੇ ਕਾਨੂੰਨਾਂ ਉੱਪਰ ਕਾਟਾ ਮਾਰਨ, ਰੋਜ਼ਮਰ੍ਹਾ ਦੀਆਂ ਸਮੱਸਿਆਵਾਂ, ਲੋੜਾਂ ਉੱਪਰ ਸੰਘਰਸ਼ ਕਰਦੇ ਹੋਏ ਅਸਲ 'ਚ ਬੁਨਿਆਦੀ ਮਸਲਿਆਂ ਵੱਲ ਵਡੇਰੀਆਂ ਅਤੇ ਲੰਮੇਰੀਆਂ ਪੁਲਾਂਘਾਂ ਪੁੱਟਣ ਲਈ ਵੱਖ ਵੱਖ ਮਿਹਨਤਕਸ਼ ਤਬਕਿਆਂ ਨੂੰ ਤਬਕਾਤੀ ਮੰਗਾਂ-ਮਸਲਿਆਂ ਤੋਂ ਅੱਗੇ ਵਧਣ ਲਈ ਜੋਟੀਆਂ ਪਾ ਕੇ, ਸਾਂਝੇ, ਲੰਮੇ, ਦ੍ਰਿੜ ਅਤੇ ਖਾੜਕੂ ਲੋਕ ਘੋਲਾਂ ਲਈ ਕਮਰਕੱਸੇ ਕਸਣ ਦਾ ਸੱਦਾ ਦਿੱਤਾ ਗਿਆ ਜਿਸਨੂੰ ਭਰੇ ਪੰਡਾਲ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ।
         
 ਜ਼ਿਕਰਯੋਗ ਹੈ ਕਿ ਕਾਨਫਰੰਸ 'ਚ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕੋਈ ਦੋ ਦਰਜਨ ਕਲਾਕਾਰਾਂ ਵੱਲੋਂ ਹਰਵਿੰਦਰ ਦਿਵਾਨਾ ਦੀ ਨਿਰਦੇਸ਼ਨਾ 'ਚ ਅਮੋਲਕ ਸਿੰਘ ਦਾ ਲਿਖਿਆ ਕਾਵਿ-ਨਾਟ ਬਹੁਤ ਹੀ ਆਕਰਸ਼ਕ ਅੰਦਾਜ਼ 'ਚ ਪੇਸ਼ ਕੀਤਾ ਜਿਸਨੇ ਲੋਕਾਂ ਨੂੰ ਚੋਣਾਂ ਦੇ ਭਰਮ-ਜਾਲ ਤੋਂ ਖ਼ਬਰਦਾਰ ਕਰਦਿਆਂ ਸੰਗਰਾਮੀ ਰਾਹ ਦਾ ਹੋਕਾ ਦਿੱਤਾ। ਜਗਸੀਰ ਜੀਦਾ ਅਤੇ ਮਾਸਟਰ ਰਾਮ ਕੁਮਾਰ ਭਦੌੜ ਦੀਆਂ ਸੰਗੀਤ ਮੰਡਲੀਆਂ ਅਤੇ ਅਮ੍ਰਿਤਪਾਲ ਬਠਿੰਡਾ ਨੇ ਗੀਤਾਂ ਰਾਹੀਂ ਵੀ ਲੋਕਾਂ ਨੂੰ ਆਪਣੇ ਹੱਕਾਂ ਅਤੇ ਹਿਤਾਂ ਲਈ ਜਾਗਣ ਅਤੇ ਜੂਝਣ ਦਾ ਸੱਦਾ ਦਿੱਤਾ।

ਵੱਲੋਂ - ਪਗੜੀ ਸੰਭਾਲ ਮੁਹਿੰਮ ਕਮੇਟੀ, ਪੰਜਾਬ
ਲਛਮਣ ਸਿੰਘ ਸੇਵੇਵਾਲਾ, ਕਨਵੀਨਰ (94170-79170)
94173-58524, 94170-54015
ਮਿਤੀ – 27-01-2012

1 comment:

  1. The Pagdi Samal Barnala conference was one of the most significant revolutionary democratic gatherings in the Indian revolutionary movement and the largest assembly of forces by any revolutionary contingent in India,during the elections A role model for the building of a revolutionary movement.

    ReplyDelete