ਲੋਕਾਂ ਦਾ ਵਿਕਾਸ ਵੋਟਾਂ ਰਾਹੀਂ ਨਹੀਂ, ਸੰਘਰਸ਼ਾਂ ਰਾਹੀਂ ਹੋਵੇਗਾ
27 ਨੂੰ 'ਪਗੜੀ ਸੰਭਾਲ ਕਾਨਫਰੰਸ' 'ਚ ਪਹੁੰਚਣ ਦਾ ਸੱਦਾ
27 ਨੂੰ 'ਪਗੜੀ ਸੰਭਾਲ ਕਾਨਫਰੰਸ' 'ਚ ਪਹੁੰਚਣ ਦਾ ਸੱਦਾ
''ਕਰਜ਼ੇ, ਬੇਰੁਜ਼ਗਾਰੀ ਤੇ ਖੁਦਕੁਸ਼ੀਆਂ ਦੇ ਕੁਲਿਹਣੇ ਚੱਕਰਵਿਊ 'ਚ ਫਸੇ ਪੰਜਾਬ ਅਤੇ ਪੰਜਾਬ ਦੇ ਕਮਾਊ ਲੋਕਾਂ ਦੀ ਬੰਦਖਲਾਸੀ ਜ਼ਮੀਨੀ ਸੁਧਾਰ ਕਾਨੂੰਨ ਤੋਂ ਵਾਧੂ ਜਗੀਰਦਾਰਾਂ ਵੱਲੋਂ ਨੱਪੀਆਂ ਹੋਈਆਂ ਜ਼ਮੀਨਾਂ ਹਥਿਆ ਕੇ ਬੇਜ਼ਮੀਨਿਆਂ ਅਤੇ ਘੱਟ ਜ਼ਮੀਨਿਆਂ 'ਚ ਵੰਡਣ, ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੀ ਆਮਦਨ 'ਤੇ ਭਾਰੀ ਟੈਕਸ ਲਾਉਣ ਅਤੇ ਰੁਜ਼ਗਾਰ ਉਜਾੜ ਰਹੀ ਤਕਨੀਕ ਅਤੇ ਮਸ਼ੀਨਰੀ 'ਤੇ ਰੋਕ ਲਾ ਕੇ ਰੁਜ਼ਗਾਰ-ਮੁਖੀ ਸਨਅੱਤਾਂ ਲਾਉਣ ਰਾਹੀਂ ਸੰਭਵ ਹੈ। ਪਰ ਚੋਣਾਂ ਲੜ ਰਹੀਆਂ ਸਭੈ ਮੌਕਾਪ੍ਰਸਤ ਵੋਟ ਪਾਰਟੀਆਂ ਅਜਿਹੇ ਨੀਤੀ ਕਦਮ ਚੁੱਕਣ ਦੀ ਥਾਂ ਜ਼ਮੀਨਾਂ ਖੋਹਣ, ਵੱਡੇ ਅਮੀਰ ਲੋਕਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਖਜ਼ਾਨਾ ਲੁਟਾਉਣ ਵਾਲੀਆਂ ਨੀਤੀਆਂ 'ਤੇ ਇੱਕਮੱਤ ਹਨ।'' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ 'ਪਗੜੀ ਸੰਭਾਲ ਮੁਹਿੰਮ ਕਮੇਟੀ' ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਲੰਬੀ ਹਲਕੇ ਦੇ ਪਿੰਡਾਂ ਵਿੱਚ ਕੱਢੇ ਗਏ ਚੇਤਨਾ ਮਾਰਚ ਦੌਰਾਨ ਵੱਖ ਵੱਖ ਥਾਈਂ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਕਮਾਊ ਲੋਕਾਂ ਦੇ ਵਿਕਾਸ, ਖੁਸ਼ਹਾਲੀ ਅਤੇ ਪੁੱਗਤ ਦੀ ਸਥਾਪਤੀ ਵੋਟਾਂ ਰਾਹੀਂ ਨਹੀਂ ਬਲਕਿ ਸਾਂਝੇ, ਵਿਸ਼ਾਲ ਅਤੇ ਖਾੜਕੂ ਘੋਲਾਂ ਰਾਹੀਂ ਹੀ ਹੋ ਸਕਦੀ ਹੈ।
'ਪਗੜੀ ਸੰਭਾਲ ਮੁਹਿੰਮ ਕਮੇਟੀ' ਵੱਲੋਂ 27 ਜਨਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਦੀ ਤਿਆਰੀ ਸਬੰਧੀ ਅੱਜ ਸੈਂਕੜੇ ਲੋਕਾਂ ਵੱਲੋਂ ਪਿੰਡ ਗੱਗੜ, ਮਿਠੜੀ ਬੁੱਧਗਿਰ, ਮਹਿਣਾ, ਸਿੰਘੇਵਾਲਾ-ਫਤੂਹੀਵਾਲਾ, ਕਿੱਲਿਆਂਵਾਲੀ ਅਤੇ ਵੜਿੰਗ ਖੇੜਾ ਵਿੱਚ ''ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ'' ਦੇ ਨਾਹਰੇ ਮਾਰਦਿਆਂ ਚੇਤਨਾ ਮਾਰਚ ਕੱਢਿਆ ਗਿਆ। ਇਸ ਮਾਰਚ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਇਸ ਮੌਕੇ ਜੁੜੇ ਇਕੱਠਾਂ ਨੂੰ ਗੁਰਪਾਸ਼ ਸਿੰਘ ਸਿੰਘੇਵਾਲਾ, ਨਾਨਕ ਸਿੰਘ, ਗੁਰਦੀਪ ਸਿੰਘ, ਡਾ. ਮਨਜਿੰਦਰ ਸਿੰਘ ਸਰਾਂ, ਭੁਪਿੰਦਰ ਸਿੰਘ ਚੰਨੂੰ ਤੇ ਹੇਮਰਾਜ ਬਾਦਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਚੋਣਾਂ ਲੜ ਰਹੀਆਂ ਪਾਰਟੀਆਂ ਤੇ ਉਮੀਦਵਾਰਾਂ ਦਾ ਕੋਈ ਵਖਰੇਵਾਂ ਨਹੀਂ- ਬੱਸ ਸੱਤਾ 'ਤੇ ਕਾਬਜ਼ ਹੋ ਕੇ ਲੁੱਟ ਦੇ ਮਾਲ 'ਚੋਂ ਵਧੇਰੇ ਹਿੱਸਾ ਪੱਤੀ ਲੈਣ ਦਾ ਹੀ ਰੌਲਾ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਜੋਕ ਧੜੇ ਦੇ ਮੁਕਾਬਲੇ ਲੋਕ ਧੜੇ ਦੀ ਤਾਕਤ ਦਾ ਯੱਕ ਬੰਨ੍ਹਣ ਲਈ 27 ਜਨਵਰੀ ਨੂੰ ਬਰਨਾਲਾ ਵਿਖੇ ਹੋ ਰਹੀ 'ਪਗੜੀ ਸੰਭਾਲ ਕਾਨਫਰੰਸ' 'ਚ ਸ਼ਾਮਲ ਹੋਣ। ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰ ਜਗਸੀਰ ਜੀਦਾ ਵੱਲੋਂ ਸਿਆਸੀ ਪਾਰਟੀਆਂ 'ਤੇ ਤਿੱਖੇ ਵਿਅੰਗ ਕਰਦੇ ਗੀਤਾਂ, ਬੋਲੀਆਂ ਤੇ ਟੱਪਿਆਂ ਰਾਹੀਂ ਸਿਆਸਤਦਾਨਾਂ ਦੇ ਕੋਝ ਨੂੰ ਉਘਾੜਿਆ ਗਿਆ।
No comments:
Post a Comment