StatCounter

Showing posts with label Pagri Sambhal. Show all posts
Showing posts with label Pagri Sambhal. Show all posts

Saturday, February 4, 2012



ਚੋਣਾਂ ਦੇ ਰੋਲ੍ਹੇ ਵਿੱਚ ਇੱਕ ਨਿਵੇਕਲੀ ਆਵਾਜ਼
ਹਰਮੇਸ਼ ਮਾਲੜੀ


ਪਿਛਲੇ ਛੇ ਮਹੀਨਿਆਂ ਤੋਂ ਚੋਣ ਮਸ਼ਕਾਂ ਕਰਦੇ ਚੋਣ ਭਲਵਾਨਾਂ ਨੇ ਕਰੀਬ ਇੱਕ ਮਹੀਨੇ ਤੋਂ ਪੰਜਾਬ ਅੰਦਰ ਵੱਡੀਆਂ ਵੱਡੀਆਂ ਰੈਲੀਆਂ ਕਰਨ, ਜਨਤਕ ਮੀਟਿੰਗਾਂ ਕਰਨ, ਰੁੱਸਿਆਂ ਨੂੰ ਮਨਾਉਣ, ਵਫਾਦਾਰੀਆਂ ਬਦਲਣ, ਘਰੋਂ ਘਰੀਂ ਜਾ ਕੇ ਵੋਟਾਂ ਮੰਗਣ ਤੇ ਆਪੋ-ਆਪਣੀ ਜਿੱਤ ਨੂੰ ਪੱਕਾ ਕਰਨ ਲਈ ਰਾਤ ਦਿਨ ਇੱਕ ਕੀਤਾ ਹੋਇਆ ਹੈ, ਇੱਕ ਦੂਜੇ ਨੂੰ ਭ੍ਰਿਸ਼ਟਾਚਾਰੀ ਦੱਸਣ, ਪੰਜਾਬ ਦੇ ਹਿੱਤਾਂ ਦਾ ਘਾਣ ਕਰਨ ਵਰਗੀਂ ਦੂਸ਼ਣਬਾਜੀ ਕਰਕੇ ਸਿਆਸੀ ਗਾਲਾਂ ਤੋਂ ਅੱਗੇ ਸੱਚੀ-ਮੁੱਚੀ ਦੀਆਂ ਗਾਲਾਂ ਵੀ ਕੱਢ ਰਹੇ ਇਹਨਾਂ ਚੋਣ ਭਲਵਾਨਾਂ ਦੇ ਮੁਕਾਬਲੇ ਪੰਜਾਬ ਵਿੱਚ ਇੱਕ ਨਿਵੇਕਲੀ ਆਵਾਜ਼ ਵੀ ਸੁਣਨ ਨੂੰ ਮਿਲੀ ਹੈ। ਇਸ ਨਿਵੇਕਲੀ ਆਵਾਜ਼ ਨੇ ਜੋਰ ਦੇ ਕੇ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ 'ਜਿੱਤੇ ਕੋਈ ਵੀ, ਲੋਕ ਹਰਨਗੇ' ਹਰ ਵਾਰੀ ਹਾਕਮ ਜਮਾਤਾਂ ਦਾ ਇੱਕ ਧੜਾ ਜਿੱਤ ਜਾਂਦਾ ਹੈ, ਹਰ ਵਾਰੀ ਲੋਕ ਹਰ ਜਾਂਦੇ ਹਨ'' ਇਸ ਆਵਾਜ਼ ਨੇ ਹੋਕਾ ਦਿੱਤਾ ''ਲੋਕੋ ਚੋਣਾਂ ਦੀ ਫਜ਼ੂਲ ਕਸਰਤ ਦੀ ਘਸਰ0ਘਸਾਈ ਮਗਰ ਧੂਹੇ ਜਾਣ ਤੋਂ ਇਨਕਾਰ ਕਰਕੇ ਆਪਣਾ ਧੜਾ ਬੰਨੋ'' ਆਪਣੇ ਧੜੇ ਨੂੰ ਮਜਬੂਤ ਕਰੋ, ਆਪਣੇ ਹਿੱਤਾਂ ਹੱਤਾਂ ਤੋਂ ਜਾਣੂੰ ਹੋ ਕੇ ਇਹਨਾਂ ਦੀ ਪ੍ਰਾਪਤੀ ਲਈ ਸੰਘਰਸ਼ ਪਿੜ ਮੱਲੋ।''

ਮੌਜੂਦਾ ਚੋਣ ਅਮਲ ਨਾਲੋਂ ਸਪਸ਼ਟ ਨਿਖੇੜੇ ਦੀ ਲਕੀਰ ਖਿੱਚਦੀ, ਇਹ ਨਿਵੇਕਲੀ ਆਵਾਜ਼, ਲੰਮੇ ਸਮੇਂ ਤੋਂ ਮਜ਼ਦੂਰਾਂ-ਕਿਸਾਨਾਂ, ਸਨਅਤੀ ਕਾਮਿਆਂ, ਮੁਲਾਜ਼ਮਾਂ 'ਤੇ ਨੌਜਵਾਨਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਚੌਂਦਾਂ ਬਾਜ਼ਮੀਰ, ਘੋਲਾਂ 'ਚੋਂ ਪਰਖੇ ਪ੍ਰਤਿਆਏ ਆਗੂਆਂ ਦੇ ਅਧਾਰ 'ਤੇ ਬਣੀ ਸੁਬਾਈ ਕਮੇਟੀ ਨੇ ਦਿੱਤੀ ਹੈ। ਮੌਜੂਦਾ ਚੋਣ ਅਮਲ ਨਾਲੋਂ ਨਿਖੇੜੇ ਦਾ ਮੁੱਖ ਨੁਕਤਾ ਇਹ ਹੈ ਕਿ ਚੋਣ ਅਮਲ ਲੋਕਾਂ ਦੀ ਅਸਲ ਰਜਾ ਦੀ ਤਰਜਮਾਨੀ ਨਹੀਂ ਕਰਦਾ, ਬਲਕਿ ਸਭਨਾਂ ਕਮਾਊ ਲੋਕਾਂ ਲਈ ਭਟਕਾਊ ਤੇ ਗੁੰਮਰਾਹ ਕਰੂ ਅਮਲ ਹੈ, ਇਹ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਰੋਲ਼ਦਾ ਹੈ, ਇਸ ਲਈ ਬੁਨਿਆਦੀ ਮੁੱਦਿਆ ਤੇ ਜਥੇਬੰਦ, ਸੰਘਰਸ਼ ਹੀ ਇਸ ਅਮਲ ਹੈ ਦਰੁੱਸਤ ਬਦਲ ਹੈ।

ਇਸ ਆਵਾਜ਼ ਨੂੰ ਕਮੇਟੀ ਨੇ ਆਪਣੀ ਸਮਰੱਥਾ ਅਨੁਸਾਰ ਪੰਜਾਬ ਦੇ ਪੰਜ ਕੁ ਸੌ ਪਿੰਡਾਂ ਕਸਬਿਆਂ ਵਿੱਚ ਸੁਣਾਉਣ ਦਾ ਯਤਨ ਕੀਤਾ ਹੈ। ਆਪਣੀ ਆਵਾਜ਼ ਸੁਣਾਉਣ ਲਈ ਕਮੇਟੀ ਨੇ ਕੰਧਾਂ 'ਤੇ ਪੋਸਟਰ ਲਾਉਣ, ਘਰੋਂ ਘਰੀਂ ਜਾ ਕੇ ਹੱਥ ਪਰਚੇ ਵੰਡਣ, ਆਪਣੀਆਂ ਸੱਭਿਆਚਾਰਕ ਟੋਲੀਆਂ ਰਾਹੀਂ, ਨਾਟਕ, ਕੋਰੀਓਗ੍ਰਾਫੀਆਂ, ਗੀਤਾਂ, ਜਾਗੋ ਮਾਰਚਾਂ ਅਤੇ ਲੋਕਾਂ ਦੇ ਜੁੜਦੇ ਕੱਠਾਂ ਵਿੱਚ ਆਪਣੇ ਬੁਲਾਰਿਆਂ ਰਾਹੀਂ ਆਪਣੀ ਗੱਲ ਪਹੁੰਚਾਈ ਹੈ। ਜਿੱਥੇ-ਜਿੱਥੇ ਵੀ ਇਹ ਆਵਾਜ਼ ਗਈ ਹੈ ਲੋਕਾਂ ਨੇ ਇਸ ਨੂੰ ਕੰਨ ਧਰਕੇ ਸੁਣਿਆ, ਹੁੰਗਾਰਾ ਦਿੱਤਾ, ਫੰਡ ਦਿੱਤਾ 'ਤੇ ਇਸ ਆਵਾਜ਼ ਦੇ ਸੱਦੇ 'ਤੇ ''ਪਗੜੀ ਸੰਭਾਲ ਕਾਨਫਰੰਸ'' ਵਿਚੱ 27 ਜਨਵਰੀ ਨੂੰ ਬਰਨਾਲੇ ਦੀ ਦਾਣਾ ਮੰਡੀ ਵਿੱਚ ਪੰਦਰਾਂ ਹਜ਼ਾਰ ਤੋਂ ਵੱਧ ਲੋਕਾਂ ਨੇ ਹਾਜ਼ਰੀ ਦਿੱਤੀ ਹੈ। ਆਪਣੀ ਪੱਗ ਦੀ ਕੀਮਤ ਸਮਝਦੇ ਲੋਕਾਂ ਨੂੰ ਜੀ ਆਇਆਂ ਕਹਿੰਦਿਆਂ ਇਸ ਆਵਾਜ਼ ਨੇ ਪਹਿਲੇ ਲਫ਼ਜ਼ ਇਹ ਕਹੇ 'ਅਸੀਂ ਇਹ ਕੱਠ ਕੋਈ ਲਾਲਚ ਦੇ ਕੇ ਨਹੀਂ ਸੱਦਿਆ'' ਨਾਂ ਹੀ ਇੱਥੇ ਅੱਜ ਅਸੀਂ ਕੋਈ ਪੈਨਸ਼ਨਾਂ, ਸ਼ਗਨ ਸਕੀਮਾਂ ਜਾਂ ਇੰਕਰੀਮੈਂਟਾਂ ਵਰਗੇ ਰੋਜ਼ ਮਰਾਂ ਦੇ ਮੁੱਦਿਆਂ 'ਤੇ ਗੱਲ ਕਰਨੀ ਹੈ। ਅੱਜ ਤਾਂ ਅਸੀਂ ਪੈਂਹਟ ਸਾਲਾਂ ਤੋਂ 'ਉਤਰ ਕਾਟੋ ਮੈਂ ਚੜਾਂ' ਦੀ ਖੇਡ ਖੇਡਦੇ ਹਾਕਮਾਂ ਦੀ ਇਸ ਖੇਡ ਨੂੰ ਭਗਤ ਸਿੰਘ ਦੀ ਨਜ਼ਰ ਨਾਲ ਦੇਖਣਾ ਹੈ। ਸਾਡੇ ਸ਼ਹੀਦ ਨੇ ਪੌਣੀ ਸਦੀ ਪਹਿਲਾਂ ਹੀ ਭਵਿੱਖਬਾਣੀ ਕਰਦੇ ਹੋਏ ਕਿਹਾ ਸੀ 'ਅਗਰ ਲਾਰਡ ਰੀਡਿੰਗ ਦੀ ਥਾਂ ਭਾਰਤ ਸਰਕਾਰ ਦਾ ਮੋਹਰੀ ਸਰ ਪ੍ਰਸ਼ੋਤਮ ਠਾਕਰ ਦਾਸ ਹੋਵੇ ਤਾਂ ਜਨਤਾ ਨੂੰ ਕੀ ਫਰਕ ਪੈਂਦਾ' ਜੇਕਰ ਲੋਕਾਂ ਨੂੰ ਲੁੱਟਣ ਕੁੱਟਣ ਵਾਲਾ ਰਾਜਕੀ ਢਾਂਚਾ ਉਹੀ ਰਹਿੰਦਾ ਹੈ'... ਸੋ ਭਰਾਓ ਸਾਡੀ ਗੱਲ ਬਿਲਕੁਲ ਸਾਫ ਤੇ ਸਪੱਸ਼ਟ ਹੈ ਕਿ ਅੰਗਰੇਜਾਂ ਦੇ ਜਾਣ ਬਾਅਦ ਵੀ ਉਹੀ ਰਾਜਕੀ ਢਾਂਚਾ ਲੋਕਾਂ ਨੂੰ ਲੁੱਟ ਰਿਹਾ, ਇਸੇ ਕਰਕੇ ਪਿੱਛਲੇ ਪੈਂਹਠ ਸਾਲਾਂ ਤੋਂ ਭਾਵੇਂ ਹਾਕਮਾਂ ਦੀ ਬਦਲੀ ਕਈ ਵਾਰ ਹੋਈ, ਪਰ ਗਰੀਬਾਂ ਮਿਹਨਤਕਸ਼ਾਂ ਦੀ ਹਾਲਤ ਉਵੇਂ ਜਿਵੇਂ ਹੀ ਹੈ। ਨੌਜਵਾਨਾਂ ਦੇ ਸਿਰਕਰਦਾ ਆਗੂ ਪਾਵੇਲ ਕੁੱਸੇ ਨੇ ਕਿਹਾ ਕਿ 'ਚੁਣੇ ਹੋਏ ਨੁਮਾਇੰਦੇ ਹਮੇਸ਼ਾਂ ਲੋਕਾਂ ਦੀ ਰਜਾ ਦੇ ਉਲਟ ਭੁਗਦੇ ਹਨ, ਉਹਨਾਂ ਤਾਜਾ ਪ੍ਰਾਈਵੇਟ ਕਰਨ ਦੇ ਅਮਲ ਦੀ ਉਦਾਹਰਣ ਦਿੰਦਿਆਂ ਕਿਹਾ ਕਿ 'ਲੋਕ ਕਦੋਂ ਚਾਹੁੰਦੇ ਹਨ, ਸਰਕਾਰੀ ਅਦਾਰੇ ਪ੍ਰਾਈਵੇਟ ਹੋਣ, ਬਿਜਲੀ ਬੋਰਡ ਸਮੇਤ ਇਹਨਾਂ ਅਦਾਰਿਆਂ ਨੂੰ ਬਚਾਉਣ ਲਈ ਲੋਕਾਂ ਨੇ ਦਰਜਨਾਂ ਵਾਰ ਧਰਨੇ, ਮੁਜਾਹਰੇ ਕੀਤੇ ਤੇ ਕਰ ਰਹੇ ਹਨ, ਪਰ ਲੋਕਾਂ ਦੀ ਰਜਾ ਦੇ ਉਲਟ ਇਹਨਾਂ ਅਦਾਰਿਆਂ ਨੂੰ ਪ੍ਰਾਈਵੇਟ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਪਰ ਫਿਰ ਵੀ ਇਹ ਕਾਨੂੰਨ ਪਾਸ ਕੀਤੇ ਗਏ ਫਿਰ ਹੀ ਵਿਧਾਨਕਾਰ, ਸੰਸਦ ਲੋਕਾਂ ਦੇ ਕਿਵੇਂ ਹੋਏ? ਕਮੇਟੀ ਮੈਂਬਰ ਗੁਰਦਿਆਲ ਸਿੰਘ ਭੰਗਲ ਨੇ ਕਿਹਾ ਕਿ ਇਹ ਚੋਣ ਅਮਲ ਲੋਕਾਂ ਦੀ ਜਿੰਦਗੀ ਨਾਲ ਜੁੜੇ ਅਸਲ ਮੁੱਦਿਆਂ ਨੂੰ ਰੋਲਦਾ ਹੈ। ਉਹਨਾਂ ਕਿਹਾ ਕਿ 48 ਲੱਖ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਰੋਜ ਸੜਕਾਂ ਤੇ ਕੁੱਟੇ ਜਾ ਰਹੇ ਹਨ, ਹਜਾਰਾਂ ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ, ਕਰਜੇ ਨਾਲ ਵਿੰਨੇ ਕਿਰਤੀ ਲੋਕ, ਫਾਕੇ ਕੱਟਣ ਲਈ ਮਜ਼ਬੂਰ ਹਨ, ਪਰ ਸਭ ਰੰਗ ਦੀਆਂ ਹਾਕਮ ਜਮਾਤੀ ਪਾਰਟੀ ਦੇਸੀ ਤੇ ਵਿਦੇਸ਼ੀ ਸ਼ਾਹੂਕਾਰਾਂ ਨੂੰ ਫਾਇਦੇ ਪਹੁੰਚਾਉਂਦੀਆਂ ਨੀਤੀਆਂ ਨੂੰ ਡਾਂਗ ਦੇ ਜੋਰ ਲਾਗੂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹਨਾਂ ਕਾਨੂੰਨਾਂ ਤੇ ਨੀਤੀਆਂ ਨੂੰ ਲਾਗੂ ਕਰਨ ਨਾਲ ਲੋਕਾਂ ਦੀ ਜਿੰਦਗੀ ਸੁਖਾਲੀ ਹੋਣੀ ਹੈ, ਮੁਲਕ ਲਈ ਵਿਕਾਸ ਦਾ ਰਾਹ ਖੁੱਲਣਾ ਹੈ' ਮਸਨਲ, ਜਮੀਨ ਹੱਦ ਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀ ਜਮੀਨ ਬੇਜਮੀਨਿਆਂ ਵਿੱਚ ਵੰਡਣ ਨਾਲ, ਤੇ ਕੌਮੀ ਤਕਨੀਕ ਨਾਲ ਕੌਮੀ ਸਨਅਤ ਲਾ ਕੇ, ਜਿਹੜੀ ਖੇਤੀ ਦੇ ਅਧਾਰਤ ਹੋਏ, ਇਹ ਮੁੱਦੇ ਚੋਣ ਪ੍ਰਚਾਰ ਵਿੱਚ ਗੁੰਮ ਹਨ, ਉਹਨਾਂ ਕਿਹਾ ਲੋਕ ਵਿਰੋਧੀ ਸਾਮਰਾਜੀਆਂ ਨੀਤੀਆਂ ਸਮਝੌਤੇ ਰੱਦ ਕਰਕੇ, ਹੀ ਸਾਡੇ ਮੁਲਕ ਦੇ ਮਾਲ ਖਜਾਨੇ ਬਚਾਏ ਜਾ ਸਕਦੇ ਹਨ ਪਰ ਇਹਨਾਂ ਚੋਣ ਪਾਰਟੀਆਂ ਕੋਲ ਇਹ ਮੁੱਦੇ ਨਹੀਂ ਹਨ।

ਖੇਤ ਮਜ਼ਦੂਰ ਆਗੂ ਤੇ ਕਮੇਟੀ ਤੇ ਕਨਵੀਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ 'ਭਰਾਵੋਂ ਇਹਨਾਂ ਨੀਤੀਆਂ ਨੇ ਸਾਨੂੰ ਇੰਨੇ ਖੁੰਗਲ ਕਰ ਦਿੱਤਾ ਕਿ ਹੁਣ ਗਰੀਬ ਲੋਕ ਆਪਣੀਆਂ ਧੀਆਂ ਦੇ ਹੱਥ ਪੀਲੇ ਕਰਨ ਜੋਗੇ ਵੀ ਨਹੀਂ ਰਹੇ, ਨਾ ਰੁਜ਼ਗਾਰ, ਨਾ ਵਿੱਦਿਆ ਨਾ ਸਿਹਤ ਸਹੂਲਤਾਂ, ਇੱਥੇ ਤੱਕ ਕਿ ਸਾਡੇ ਕੋਲੋਂ ਪੀਣ ਵਾਲਾ ਪਾਣੀ ਤੱਕ ਵੀ ਖੋਹ ਲਿਆ ਹੈ। ਸਭ ਕੁਝ ਸਾਡੇ ਕੋਲੋਂ ਖੋਹ ਕੇ ਹੁਣ ਸਾਨੂੰ ਸਸਤਾ ਆਟਾ, ਪੈਨਸ਼ਨਾਂ ਤੇ ਸ਼ਗਨ ਸਕੀਮਾਂ ਦੇ ਕੇ ਵਰਚਾਇਆ ਜਾ ਰਿਹਾ ਹੈ, ਉਹਨਾਂ ਕਿਹਾ ਕਿ ਇਹ ਤਾਂ ਉਹ ਗੱਲ ਹੋਈ ਜਿਵੇਂ ਪਹਿਲਾਂ ਕਿਸੇ ਦੀ ਜੇਬ 'ਚੋਂ ਪੰਜ ਸੱਤ ਲੱਖ ਰੁ ਕੱਢ ਕੇ ਫਿਰ ਉਸਨੂੰ ਪੰਜ ਸੌ ਰੁਪਏ ਦੇ ਕੇ ਕਿਹਾ ਜਾਵੇ ਜਾਹ ਹੁਣ ਤੂੰ ਘਰ ਨੂੰ ਚਲਾ ਜਾ, ਹੁਣ ਸੋਚਣਾ ਤੁਸੀਂ ਹੈ ਕਿ ਤੁਹਾਡੀ ਜੇਬ 'ਚੋਂ ਬਟੂਆ ਕੱਢਣ ਵਾਲੇ ਨੂੰ ਸੁੱਕਾ ਜਾਣ ਦੇਣਾ ਕਿ, ਪੰਜ ਸੌ ਤੇ ਸਬਰ ਕਰਨਾ, ਭਾਵ ਕਿ ਤੁਹਾਡੀ ਸਾਰੀ ਉਮਰ ਦੀ ਕਮਾਈ ਲੁੱਟ ਕੇ ਹੁਣ ਤੁਹਾਨੂੰ ਆਟੇ ਦਾਲ ਵਰ੍ਹਾਇਆ ਜਾ ਰਿਹਾ ਹੈ। ਗੱਲ ਨੂੰ ਅੱਗੇ ਤੋਰਦਿਆਂ ਕਮੇਟੀ ਮੈਂਬਰ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਲੋਕਾਂ ਦਾ ਧੜਾ ਜੇਕਰ ਇਹ ਗੱਲ ਸਮਝ ਲਵੇ ਕਿ ਇਹਨਾਂ ਚੋਣਾਂ ਵਿੱਚ ਲੋਕਾਂ ਦੇ ਕੱਢਣ ਪਾਉਣ ਲਈ ਕੁਝ ਨਹੀਂ, ਤਾਂ ਦੂਸਰਾ ਰਾਹ ਇਹਨਾਂ ਕਰਕੇ ਸੰਘਰਸ਼ ਰਾਹੀਂ ਹਾਕਮਾਂ ਕੋਲੋਂ ਮੰਗਾਂ ਮਨਵਾਉਣ ਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਲੋਕ ਧੜੇ ਨੂੰ ਲੱਗਦਾ ਹਉ ਕਿ ਸਾਡੀ ਤਾਕਤ ਘੱਟ ਹੈ। ''ਤਾਕਤ ਭਰਾਓ ਓਨੀ ਦੇਰ ਤੱਕ ਹੀ ਘੱਟ ਲਗਦੀ ਹੈ ਜਿੰਨੀ ਦੇਰ, ਤੱਕ ਸਾਨੂੰ ਆਪਣੀ ਤਾਕਤ ਅਹਿਸਾਸ ਨਹੀਂ? ਜਿਹਨਾਂ ਨੂੰ ਇਹ ਲੱਗਦਾ ਕਿ ਸਰਕਾਰਾਂ ਦੇ ਹੱਥ ਲੰਮੇ ਹੁੰਦੇ ਹਨ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜੇਕਰ ਸਰਕਾਰਾਂ ਦੇ ਹੱਥ ਲੰਮੇ ਹੁੰਦੇ ਤਾਂ ਅੰਗਰੇਜਾਂ ਨੇ ਆਪਣੇ ਮੁਲਕ ਵਿੱਚੋਂ ਨਿਕਲਣਾ ਨਹੀਂ ਸੀ। ਉਹਨਾਂ ਅਰਬ ਮੁਲਕਾਂ ਵਿੱਚ ਹਾਲ ਵਿੱਚ, ਸਰਕਾਰਾਂ ਖਿਲਾਫ ਹੋਈਆਂ ਲੋਕ ਬਗਾਵਤਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਿਵੇਂ ਹਾਕਮ ਮੁਲਕ ਛੱਡ ਕੇ ਭੱਜੇ ਹਨ, ਉਹਨਾਂ ਹਿੰਦੁਸਤਾਨ ਦੇ ਕਈ ਸੂਬਿਆਂ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਵੱਲੋਂ ਬੜੇ ਜਾਨ ਹੂਲਣੇ ਘੋਲ ਦੇ ਸਿੱਟੇ ਵਜੋਂ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਲੋਕ ਸੜਕਾਂ ਤੇ ਨਿੱਤਰ ਆਉਣ ਤਾਂ ਸਰਕਾਰਾਂ ਨੂੰ ਹਮੇਸ਼ਾਂ ਝੁਕਣਾ ਪੈਂਦਾ। ਉਹਨਾਂ ਕਿਹਾ ਕਿ ਬੇਸ਼ੱਕ ਲੋਕ ਵਿਰੋਧੀ ਨੀਤੀਆਂ ਦੇ ਮੁਕਾਬਲੇ ਅੱਜ ਦੀ ਲੋਕ ਲਹਿਰ ਛੋਟੀ ਹੈ ਪਰ ਫਿਰ ਵੀ ਇਸਨੇ ਹਾਕਮਾਂ ਨੂੰ ਮਨਮਾਨੀਆਂ ਨਹੀਂ ਕਰਨ ਦਿੱਤੀਆਂ ਜੇਕਰ ਕੁਲ ਪੰਜਾਬ ਦੇ ਮਿਹਨਤਕਸ਼ ਲੋਕਾਂ ਦਾ ਚੌਥਾਂ ਹਿੱਸਾ ਵੀ ਹਰਕਤਸ਼ੀਲ ਹੋ ਜਾਵੇ ਤਾਂ ਲੋਕ ਤਾਕਤ ਅੱਗੇ ਕੋਈ ਨਹੀਂ ਖੜ ਸਕਦਾ। ਝੰਡਾ ਸਿੰਘ ਹੋਰਾਂ ਨੇ ਲੋਕਾਂ ਦੇ ਕੱਠੇ ਹੋਣ ਦੇ ਰਾਹੀ ਆਉਂਦੇ ਰੋੜਿਆਂ ਦਾ ਜਿਕਰ ਕਰਦਿਆਂ ਕਿਹਾ ਇਹ ਚੋਣਾਂ ਵਾਲੀਆਂ ਹਾਕਮ ਪਾਰਟੀਆਂ ਹੀ ਸਾਨੂੰ ਜਾਤਾਂ ਮਜ੍ਹਬਾਂ ਵਿੱਚ ਵੰਡਦੀਆਂ ਹਨ, ਕਿਸਾਨਾਂ ਨੂੰ ਮਜ਼ਦੂਰ ਨਾਲ ਲੜਾਉਂਦੀਆਂ ਹਨ, ਭੱਈਆ ਤੇ ਪੰਜਾਬੀਆਂ ਵਿੱਚ ਨਫਰਤ ਪੈਦਾ ਕਰਦੀਆਂ ਹਨ, ਉਹਨਾਂ ਕਿਹਾ ਕਿ ਜੇਕਰ ਅਸੀਂ ਇਹਨਾਂ ਗੱਲਾਂ ਤੋਂ ਚੌਕਸ ਹੋ ਜਾਈਏ, ਤੇ ਮਜ਼ਦੂਰਆਂ ਕਿਸਾਨਾਂ ਦੀ ਜੋਟੀ ਪੈ ਜਾਵੇ, ਮੁਲਾਜ਼ਮਾਂ ਨੂੰ ਨਾਲ ਰਲਾ ਲਈਏ ਤੇ ਪੰਜਾਬ ਵਿੱਚ ਬੇਰੁਜ਼ਗਾਰ ਤੁਰੇ ਫਿਰਦੇ 48 ਲੱਖ ਨੌਜਵਾਨਾਂ ਨੂੰ ਆਪਣੀ ਬੁੱਕਲ ਵਿੱਚ ਲੈ ਜਾਈਏ ਤੇ ਸਭ ਤੋਂ ਵਧਕੇ ਸਾਡੀਆਂ ਅਬਾਦੀ ਦਾ ਅੱਧ ਬਣਦੀਆਂ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਆਪਣੇ ਸੰਘਰਸ਼ਾਂ 'ਚ ਸ਼ਾਮਲ ਕਰ ਲਈਏ, ਫਿਰ ਦੁਨੀਆਂ ਦੀ ਕੋਈ ਤਾਕਤ ਤੁਹਾਡਾ ਮੁਹਰੇ ਨਹੀਂ ਖੜ ਸਕਦੀ। ਉਹਨਾਂ ਅਖੀਰ ਵਿੱਚ ਕਿਹਾ ਕਿ ਚੋਣਾਂ ਦੀ ਇਹ ਕਸਰਤ ਅਸੀਂ ਕਈ ਪਰ ਕਰ ਚੁੱਕੇ ਹਾਂ, ਇਹਨਾਂ ਦੇ ਕਿਰਦਾਰ ਤੋਂ ਵੀ ਜਾਣੂੰ ਹਾਂ, ਇਹਨਾਂ ਦੀਆਂ ਨੀਤੀਆਂ ਤੋਂ ਵੀ ਜਾਣੂੰ, ਸੌ ਆਉ ਲੋਕ ਤਾਕਤ ਜੋੜ ਕੇ, ਆਪਣੇ ਹੱਕ ਲੈਣ ਲਈ ਸੰਘਰਸ਼ਾਂ ਵਾਲੇ ਸਵੱਲੜੇ ਰਾਹ ਦੀ ਚੋਣ ਕਰੀਏ।
ਪਿੰਡ ਤੇ ਡਾਕ : ਮਾਲੜੀ, ਤਹਿ. ਨਕੋਦਰ (ਜਲੰਧਰ)

Friday, January 27, 2012

AMIDST THE DIN OF ELECTIONEERING, STRUGGLING PEOPLE HOLD "PAGRI SAMBHAL" CONFERENCE IN PUNJAB

ਪਗੜੀ ਸੰਭਾਲ ਸੂਬਾਈ ਕਾਨਫਰੰਸ ਨੇ ਦਿੱਤਾ ਚੋਣਾਂ ਤੋਂ ਭਲੇ ਦੀ ਝਾਕ ਛੱਡ ਕੇ ਲੋਕ ਸੰਗਰਾਮਾਂ ਦਾ ਹੋਕਾ
Lachhaman Singh Sewewala, a member of the Committee adressing the conference

A view of the stage

A view of the stage


Paying Homage to the martyrs of peoples' struggles
 


ਬਰਨਾਲਾ, 27 ਜਨਵਰੀ:  ਪੰਜਾਬ ਭਰ ਦੇ ਸਨਅਤੀ ਕਾਮਿਆਂ, ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਅਤੇ ਇਨਕਲਾਬੀ ਜਮਹੂਰੀ ਸੰਘਰਸ਼ ਅਖਾੜਿਆਂ ਦੀਆਂ ਜਾਣੀਆਂ-ਪਹਿਚਾਣੀਆਂ ਸਖਸ਼ੀਅਤਾਂ ਅਤੇ ਲੋਕ-ਪ੍ਰਤੀਨਿਧਾਂ 'ਤੇ ਅਧਾਰਤ ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ ਵੱਲੋਂ ਅੱਜ ਸਥਾਨਕ ਦਾਣਾ ਮੰਡੀ 'ਚ ਵਿਸ਼ਾਲ ਪਗੜੀ ਸੰਭਾਲ ਸੂਬਾਈ ਕਾਨਫਰੰਸ ਕਰਕੇ ਵੋਟਾਂ ਰਾਹੀਂ ਕਿਸੇ ਵੀ ਅਦਲਾ-ਬਦਲੀ ਜਾਂ ਚੁਣੀ ਜਾਣ ਵਾਲੀ ਸਰਕਾਰ ਤੋਂ ਆਪਣੇ ਭਲੇ ਦੀ ਝਾਕ ਛੱਡਕੇ, ਚੋਣ-ਪਰਪੰਚ ਦੇ ਬਦਲ 'ਚ ਆਪਣੀਆਂ ਲੋਕ-ਜੱਥੇਬੰਦੀਆਂ ਅਤੇ ਲੋਕ ਸੰਗਰਾਮ ਦੇ ਰਾਹ ਉੱਪਰ ਹੀ ਟੇਕ ਰੱਖਣ, ਆਪਣੀ ਤਕਦੀਰ ਆਪ ਘੜਨ, ਆਪਣੇ ਸਵੈਮਾਣ ਅਤੇ ਲੋਕ-ਪੁੱਗਤ ਵਾਲੇ ਨਿਜ਼ਾਮ ਦਾ ਮੁੱਖੜਾ ਚੁੰਮਣ ਲਈ ਜੋਕ ਧੜਿਆਂ ਦੀ ਬਜਾਏ ਮਿਹਨਤਕਸ਼ਾਂ ਦਾ ਲੋਕ-ਧੜਾ ਮਜ਼ਬੂਤ ਕਰਨ ਦਾ ਜੋਰਦਾਰ ਸੱਦਾ ਦਿੱਤਾ।

           ਪੰਜਾਬ ਦੇ ਕੋਨੇ ਕੋਨੇ ਤੋਂ ਆਏ ਲੋਕਾਂ ਦਾ ਹੜ੍ਹ ਅਤੇ ਜੋਸ਼ ਦੇਖਿਆਂ ਹੀ ਬਣਦਾ ਸੀ ਜਿਹੜੇ ''ਚੋਣਾਂ ਤੋਂ ਭਲੇ ਦੀ ਝਾਕ ਛੱਡ ਦਿਓ-ਸੰਘਰਸ਼ਾਂ ਦੇ ਝੰਡੇ ਗੱਡ ਦਿਓ'', ''ਵਾਅਦੇ ਕਰਦੇ ਲੋਕਾਂ ਨਾਲ-ਵਫ਼ਾ ਨਿਭਾਉਂਦੇ ਜੋਕਾਂ ਨਾਲ'', ''ਮੁਕਤੀ ਹੋਣੀ ਏਕੇ ਨਾਲ-ਉੱਠ ਵੇ ਲੋਕਾ ਪੱਗ ਸੰਭਾਲ'', ''ਨਵੇਂ ਹਾਕਮ ਵੀ ਲੁੱਟਣਗੇ 'ਤੇ ਕੁੱਟਣਗੇ-ਘੋਲ ਲੋਕਾਂ ਦੇ ਨਾ ਰੁਕਣਗੇ'' ਆਦਿ ਆਕਾਸ਼ ਗੁੰਜਾਊ ਨਾਅਰੇ ਲਾਉਂਦੇ ਹੋਏ ਆਪਣੀ ਸੋਚ, ਸਮਝ, ਅਮਲ ਅਤੇ ਭਵਿੱਖ 'ਚ ਜਾਨ-ਹੂਲਵੇਂ ਸੰਘਰਸ਼ਾਂ ਦੀ ਤਿਆਰੀ 'ਚ ਲੱਕ ਬੰਨ੍ਹ ਕੇ ਜੁਟੇ ਰਹਿਣ ਦਾ ਡੁੱਲ੍ਹ ਡੁੱਲ੍ਹ ਪੈਂਦਾ ਪ੍ਰਭਾਵ ਦੇ ਰਹੇ ਸਨ।

 ਇਹ ਕਾਫ਼ਲੇ ਪਿਛਲੇ ਤਿੰਨ ਹਫ਼ਤਿਆਂ ਤੋਂ ਕੋਈ 500 ਪਿੰਡਾਂ ਤੋਂ ਇਲਾਵਾ ਮਜ਼ਦੂਰ ਬਸਤੀਆਂ, ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਤੱਕ ਝੰਡਾ ਮਾਰਚ, ਰੈਲੀਆਂ, ਜਾਗੋਆਂ, ਪ੍ਰਭਾਤ ਫੇਰੀਆਂ ਕੱਢਦੇ, ਸੱਭਿਆਚਾਰਕ ਕਲਾ-ਵੰਨਗੀਆਂ ਅਤੇ ਤਕਰੀਰਾਂ ਰਾਹੀਂ ਅਜਿਹਾ ਸੁਨੇਹਾ ਵੰਡਦੇ ਹੋਏ ਅੱਜ ਸਥਾਨਕ ਦਾਣਾ ਮੰਡੀ 'ਚ ਸੂਬਾਈ ਕਾਨਫਰੰਸ 'ਚ ਜੁੜੇ ਸਨ।
         
 ਪਗੜੀ ਸੰਭਾਲ ਮੁਹਿੰਮ ਕਮੇਟੀ ਮੈਂਬਰਾਂ ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਐਡਵੋਕੇਟ ਐਨ. ਕੇ. ਜੀਤ, ਪੁਸ਼ਪ ਲਤਾ, ਕਰੋੜਾ ਸਿੰਘ, ਯਸ਼ਪਾਲ. ਜੁਗਿੰਦਰ ਆਜ਼ਾਦ, ਮਲਾਗਰ ਸਿੰਘ ਖਮਾਣੋਂ ਅਤੇ ਅਮੋਲਕ ਸਿੰਘ ਦੀ ਪ੍ਰਧਾਨਗੀ ਅਤੇ ਪਾਵੇਲ ਕੁੱਸਾ ਦੀ ਮੰਚ ਸੰਚਾਲਨਾ 'ਚ ਹੋਈ ਪਗੜੀ ਸੰਭਾਲ ਸੂਬਾਈ ਕਾਨਫਰੰਸ ਨੂੰ ਮੁੱਖ ਬੁਲਾਰਿਆਂ ਵਜੋਂ ਕਮੇਟੀ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਭੰਗਲ, ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਅਤੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ ਤੋਂ ਇਲਾਵਾ ਕੰਵਲਪ੍ਰੀਤ ਸਿੰਘ ਪੰਨੂੰ, ਜਗਸੀਰ ਸਿੰਘ ਸਹੋਤਾ, ਗੁਰਬਚਨ ਸਿੰਘ ਚੱਬਾ ਅਤੇ ਰਜਿੰਦਰ ਸਿੰਘ ਨੇ ਸੰਬੋਧਨ ਕੀਤਾ।
         
ਬੁਲਾਰਿਆਂ ਨੇ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਉੱਪਰ ਇੱਕ ਦੂਜੇ ਤੋਂ ਅੱਗੇ ਹੋ ਕੇ ਫੁੱਲ ਚੜ੍ਹਾਉਂਦੇ ਵੰਨ-ਸੁਵੰਨੇ ਹਾਕਮ ਧੜੇ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੀ ਲੋਕਾਂ ਉੱਪਰ ਆਰੀ ਚਲਾਉਣ ਲਈ ਇੱਕ ਸੁਰ ਹਨ। ਰਾਜ ਭਾਗ ਦੀ ਤਾਕਤ ਅਤੇ ਖਜ਼ਾਨੇ ਵੰਡਣ 'ਤੇ ਹੀ ਕੁੱਕੜ ਖੋਹੀ ਦੀ ਰਿਹਰਸਲ ਹੋ ਰਹੀ ਹੈ ਏਸੇ ਕਰਕੇ ਇਸ ਵਾਰ ਸੀਟਾਂ ਦੀਆਂ ਟਿਕਟਾਂ ਦੇ ਸੂਚਕ ਅੰਕ ਦਾ ਪਾਰਾ ਵੀ ਚੜ੍ਹਿਆ ਹੈ। ਇਹਨਾਂ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਜੋਕਾਂ ਦਾ ਵਿਕਾਸ ਅਤੇ ਲੋਕਾਂ ਦਾ ਵਿਨਾਸ਼ ਹੀ ਹੋਵੇਗਾ।
ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੰਬਲੀ ਲੋਕ ਹਿੱਤਾਂ ਦੀ ਰਾਖੀ ਦਾ ਮੰਚ ਹੈ ਹੀ ਨਹੀਂ। ਕਰਜ਼ਿਆਂ, ਖੁਦਕੁਸ਼ੀਆਂ, ਜ਼ਮੀਨਾਂ ਦੀ ਰਾਖੀ, ਰੁਜ਼ਗਾਰ ਲਈ ਜੱਦੋਜਹਿਦ, ਬਿਜਲੀ, ਪਾਣੀ, ਸਿੱਖਿਆ, ਸਿਹਤ, ਜੰਗਲ, ਜਲ, ਕੁਦਰਤੀ ਸਰੋਤਾਂ ਆਦਿ ਅਨੇਕਾਂ ਲੋਕ ਮੁੱਦਿਆਂ 'ਤੇ ਲੋਕਾਂ ਦੀ ਬਾਂਹ ਫੜਨ ਅਤੇ ਸਿਰ ਵਾਰਨ ਲਈ ਲੋਕਾਂ ਦੀਆਂ ਅਸਲ ਪ੍ਰਤੀਨਿਧ ਜੱਥੇਬੰਦੀਆਂ ਅਤੇ ਲੋਕਾਂ ਦੇ ਹਿਤੈਸ਼ੀ ਜੁਝਾਰ ਇਨਕਲਾਬੀ ਨੁਮਾਇੰਦੇ ਹੀ ਅੱਗੇ ਆਏ ਹਨ। ਭਵਿੱਖ ਵਿੱਚ, ਆਹਮੋ ਸਾਹਮਣੇ ਖੜੇ ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੇ ਜੋਕ ਅਤੇ ਲੋਕ ਕੈਂਪ ਦੀ ਲਕੀਰ ਹੋਰ ਵੀ ਗੂਹੜੀ ਹੋਵੇਗੀ। ਇਸ ਲਕੀਰ ਨੂੰ ਮੇਟਣ ਲਈ ਹੀ ਇਹ ਲੋਕਾਂ ਨੂੰ ­ਆਟਾ ਦਾਲ਼, ਸਾਈਕਲ, ਲੈਪਟਾਪ ਆਦਿ ਦੀਆਂ ਬੁਰਕੀਆਂ ਅਤੇ ਭਰਮਾਊ ਜਾਲ ਵਿਛਾਉਣ ਦਾ ਨਾਕਾਮ ਯਤਨ ਕਰ ਰਹੇ ਹਨ।
         
 ਉਹਨਾਂ ਕਿਹਾ ਕਿ ਹੱਕ ਮੰਗਦੇ ਲੋਕਾਂ ਨੇ ਆਪਣੇ ਹੱਡੀਂ ਹੰਢਾਏ ਤਜ਼ਰਬੇ ਰਾਹੀਂ 'ਜਮਹੂਰੀਅਤ' ਦੇ ਖੂਬ ਦੀਦਾਰ ਕੀਤੇ ਹਨ। ਅਗਲੇ ਸਮਿਆਂ 'ਚ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੇ ਨਿਸ਼ੰਗ ਸਿਲਸਿਲੇ ਦੇ ਚੌਤਰਫ਼ੇ ਹੱਲੇ ਨਾਲ ਲੋਕਾਂ ਦਾ ਮੱਥਾ ਲੱਗੇਗਾ।
         
ਸੂਬਾਈ ਕਾਨਫਰੰਸ ਦਾ ਕੇਂਦਰੀ ਸੁਨੇਹਾ ਵੀ ਵੱਡੀ ਗਿਣਤੀ 'ਚ ਵੰਡਿਆ ਗਿਆ ਜਿਸ ਵਿੱਚ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਨਾਲ ਸੰਧੀਆਂ ਕਰਕੇ ਮੁਲਕ ਅਤੇ ਲੋਕ-ਉਜਾੜੂ ਨੀਤੀਆਂ ਨੂੰ ਪਿਛਲ ਮੋੜਾ ਦੇਣ, ਜ਼ਮੀਨ ਦੀ ਬੇਜ਼ਮੀਨਿਆਂ ਅਤੇ ਥੁੜ-ਜ਼ਮੀਨਿਆਂ 'ਚ ਮੁੜ ਵੰਡ ਕਰਨ, ਕਰਜ਼ਿਆਂ ਉੱਪਰ ਲੀਕ ਮਾਰਨ, ਨਵੀਂ ਲੋਕ-ਮੁਖੀ ਕਰਜ਼ਾ ਨੀਤੀ ਲਾਗੂ ਕਰਨ, ਖਜ਼ਾਨਿਆਂ, ਰਿਐਤਾਂ ਦੇ ਮੂੰਹ ਜੋਕ-ਧੜਿਆਂ ਵੱਲ ਖੋਲ੍ਹਣ ਦੀ ਬਜਾਏ ਲੋਕਾਂ ਦੀਆਂ ਮੁੱਢਲੀਆਂ ਜੀਵਨ ਲੋੜਾਂ ਦੀ ਜਾਮਨੀ ਕਰਨ, ਪੱਕੇ ਰੁਜ਼ਗਾਰ ਦੀ ਗਾਰੰਟੀ ਕਰਨ, ਜਾਬਰ ਕਾਲ਼ੇ ਕਾਨੂੰਨਾਂ ਉੱਪਰ ਕਾਟਾ ਮਾਰਨ, ਰੋਜ਼ਮਰ੍ਹਾ ਦੀਆਂ ਸਮੱਸਿਆਵਾਂ, ਲੋੜਾਂ ਉੱਪਰ ਸੰਘਰਸ਼ ਕਰਦੇ ਹੋਏ ਅਸਲ 'ਚ ਬੁਨਿਆਦੀ ਮਸਲਿਆਂ ਵੱਲ ਵਡੇਰੀਆਂ ਅਤੇ ਲੰਮੇਰੀਆਂ ਪੁਲਾਂਘਾਂ ਪੁੱਟਣ ਲਈ ਵੱਖ ਵੱਖ ਮਿਹਨਤਕਸ਼ ਤਬਕਿਆਂ ਨੂੰ ਤਬਕਾਤੀ ਮੰਗਾਂ-ਮਸਲਿਆਂ ਤੋਂ ਅੱਗੇ ਵਧਣ ਲਈ ਜੋਟੀਆਂ ਪਾ ਕੇ, ਸਾਂਝੇ, ਲੰਮੇ, ਦ੍ਰਿੜ ਅਤੇ ਖਾੜਕੂ ਲੋਕ ਘੋਲਾਂ ਲਈ ਕਮਰਕੱਸੇ ਕਸਣ ਦਾ ਸੱਦਾ ਦਿੱਤਾ ਗਿਆ ਜਿਸਨੂੰ ਭਰੇ ਪੰਡਾਲ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ।
         
 ਜ਼ਿਕਰਯੋਗ ਹੈ ਕਿ ਕਾਨਫਰੰਸ 'ਚ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕੋਈ ਦੋ ਦਰਜਨ ਕਲਾਕਾਰਾਂ ਵੱਲੋਂ ਹਰਵਿੰਦਰ ਦਿਵਾਨਾ ਦੀ ਨਿਰਦੇਸ਼ਨਾ 'ਚ ਅਮੋਲਕ ਸਿੰਘ ਦਾ ਲਿਖਿਆ ਕਾਵਿ-ਨਾਟ ਬਹੁਤ ਹੀ ਆਕਰਸ਼ਕ ਅੰਦਾਜ਼ 'ਚ ਪੇਸ਼ ਕੀਤਾ ਜਿਸਨੇ ਲੋਕਾਂ ਨੂੰ ਚੋਣਾਂ ਦੇ ਭਰਮ-ਜਾਲ ਤੋਂ ਖ਼ਬਰਦਾਰ ਕਰਦਿਆਂ ਸੰਗਰਾਮੀ ਰਾਹ ਦਾ ਹੋਕਾ ਦਿੱਤਾ। ਜਗਸੀਰ ਜੀਦਾ ਅਤੇ ਮਾਸਟਰ ਰਾਮ ਕੁਮਾਰ ਭਦੌੜ ਦੀਆਂ ਸੰਗੀਤ ਮੰਡਲੀਆਂ ਅਤੇ ਅਮ੍ਰਿਤਪਾਲ ਬਠਿੰਡਾ ਨੇ ਗੀਤਾਂ ਰਾਹੀਂ ਵੀ ਲੋਕਾਂ ਨੂੰ ਆਪਣੇ ਹੱਕਾਂ ਅਤੇ ਹਿਤਾਂ ਲਈ ਜਾਗਣ ਅਤੇ ਜੂਝਣ ਦਾ ਸੱਦਾ ਦਿੱਤਾ।

ਵੱਲੋਂ - ਪਗੜੀ ਸੰਭਾਲ ਮੁਹਿੰਮ ਕਮੇਟੀ, ਪੰਜਾਬ
ਲਛਮਣ ਸਿੰਘ ਸੇਵੇਵਾਲਾ, ਕਨਵੀਨਰ (94170-79170)
94173-58524, 94170-54015
ਮਿਤੀ – 27-01-2012

Saturday, January 21, 2012

CAMPAIGN FOR PAGRI SAMBHAL CONFERENCE IN LAMBI AREA ''ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ''



ਲੋਕਾਂ ਦਾ ਵਿਕਾਸ ਵੋਟਾਂ ਰਾਹੀਂ ਨਹੀਂ, ਸੰਘਰਸ਼ਾਂ ਰਾਹੀਂ ਹੋਵੇਗਾ
27 ਨੂੰ 'ਪਗੜੀ ਸੰਭਾਲ ਕਾਨਫਰੰਸ' 'ਚ ਪਹੁੰਚਣ ਦਾ ਸੱਦਾ


''ਕਰਜ਼ੇ, ਬੇਰੁਜ਼ਗਾਰੀ ਤੇ ਖੁਦਕੁਸ਼ੀਆਂ ਦੇ ਕੁਲਿਹਣੇ ਚੱਕਰਵਿਊ 'ਚ ਫਸੇ ਪੰਜਾਬ ਅਤੇ ਪੰਜਾਬ ਦੇ ਕਮਾਊ ਲੋਕਾਂ ਦੀ ਬੰਦਖਲਾਸੀ ਜ਼ਮੀਨੀ ਸੁਧਾਰ ਕਾਨੂੰਨ ਤੋਂ ਵਾਧੂ ਜਗੀਰਦਾਰਾਂ ਵੱਲੋਂ ਨੱਪੀਆਂ ਹੋਈਆਂ ਜ਼ਮੀਨਾਂ ਹਥਿਆ ਕੇ ਬੇਜ਼ਮੀਨਿਆਂ ਅਤੇ ਘੱਟ ਜ਼ਮੀਨਿਆਂ 'ਚ ਵੰਡਣ, ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੀ ਆਮਦਨ 'ਤੇ ਭਾਰੀ ਟੈਕਸ ਲਾਉਣ ਅਤੇ ਰੁਜ਼ਗਾਰ ਉਜਾੜ ਰਹੀ ਤਕਨੀਕ ਅਤੇ ਮਸ਼ੀਨਰੀ 'ਤੇ ਰੋਕ ਲਾ ਕੇ ਰੁਜ਼ਗਾਰ-ਮੁਖੀ ਸਨਅੱਤਾਂ ਲਾਉਣ ਰਾਹੀਂ ਸੰਭਵ ਹੈ। ਪਰ ਚੋਣਾਂ ਲੜ ਰਹੀਆਂ ਸਭੈ ਮੌਕਾਪ੍ਰਸਤ ਵੋਟ ਪਾਰਟੀਆਂ ਅਜਿਹੇ ਨੀਤੀ ਕਦਮ ਚੁੱਕਣ ਦੀ ਥਾਂ ਜ਼ਮੀਨਾਂ ਖੋਹਣ, ਵੱਡੇ ਅਮੀਰ ਲੋਕਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਖਜ਼ਾਨਾ ਲੁਟਾਉਣ ਵਾਲੀਆਂ ਨੀਤੀਆਂ 'ਤੇ ਇੱਕਮੱਤ ਹਨ।'' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ 'ਪਗੜੀ ਸੰਭਾਲ ਮੁਹਿੰਮ ਕਮੇਟੀ' ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਲੰਬੀ ਹਲਕੇ ਦੇ ਪਿੰਡਾਂ ਵਿੱਚ ਕੱਢੇ ਗਏ ਚੇਤਨਾ ਮਾਰਚ ਦੌਰਾਨ ਵੱਖ ਵੱਖ ਥਾਈਂ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਕਮਾਊ ਲੋਕਾਂ ਦੇ ਵਿਕਾਸ, ਖੁਸ਼ਹਾਲੀ ਅਤੇ ਪੁੱਗਤ ਦੀ ਸਥਾਪਤੀ ਵੋਟਾਂ ਰਾਹੀਂ ਨਹੀਂ ਬਲਕਿ ਸਾਂਝੇ, ਵਿਸ਼ਾਲ ਅਤੇ ਖਾੜਕੂ ਘੋਲਾਂ ਰਾਹੀਂ ਹੀ ਹੋ ਸਕਦੀ ਹੈ।

'ਪਗੜੀ ਸੰਭਾਲ ਮੁਹਿੰਮ ਕਮੇਟੀ' ਵੱਲੋਂ 27 ਜਨਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਦੀ ਤਿਆਰੀ ਸਬੰਧੀ ਅੱਜ ਸੈਂਕੜੇ ਲੋਕਾਂ ਵੱਲੋਂ ਪਿੰਡ ਗੱਗੜ, ਮਿਠੜੀ ਬੁੱਧਗਿਰ, ਮਹਿਣਾ, ਸਿੰਘੇਵਾਲਾ-ਫਤੂਹੀਵਾਲਾ, ਕਿੱਲਿਆਂਵਾਲੀ ਅਤੇ ਵੜਿੰਗ ਖੇੜਾ ਵਿੱਚ ''ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ'' ਦੇ ਨਾਹਰੇ ਮਾਰਦਿਆਂ ਚੇਤਨਾ ਮਾਰਚ ਕੱਢਿਆ ਗਿਆ। ਇਸ ਮਾਰਚ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
 
ਇਸ ਮੌਕੇ ਜੁੜੇ ਇਕੱਠਾਂ ਨੂੰ ਗੁਰਪਾਸ਼ ਸਿੰਘ ਸਿੰਘੇਵਾਲਾ, ਨਾਨਕ ਸਿੰਘ, ਗੁਰਦੀਪ ਸਿੰਘ, ਡਾ. ਮਨਜਿੰਦਰ ਸਿੰਘ ਸਰਾਂ, ਭੁਪਿੰਦਰ ਸਿੰਘ ਚੰਨੂੰ ਤੇ ਹੇਮਰਾਜ ਬਾਦਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਚੋਣਾਂ ਲੜ ਰਹੀਆਂ ਪਾਰਟੀਆਂ ਤੇ ਉਮੀਦਵਾਰਾਂ ਦਾ ਕੋਈ ਵਖਰੇਵਾਂ ਨਹੀਂ- ਬੱਸ ਸੱਤਾ 'ਤੇ ਕਾਬਜ਼ ਹੋ ਕੇ ਲੁੱਟ ਦੇ ਮਾਲ 'ਚੋਂ ਵਧੇਰੇ ਹਿੱਸਾ ਪੱਤੀ ਲੈਣ ਦਾ ਹੀ ਰੌਲਾ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਜੋਕ ਧੜੇ ਦੇ ਮੁਕਾਬਲੇ ਲੋਕ ਧੜੇ ਦੀ ਤਾਕਤ ਦਾ ਯੱਕ ਬੰਨ੍ਹਣ ਲਈ 27 ਜਨਵਰੀ ਨੂੰ ਬਰਨਾਲਾ ਵਿਖੇ ਹੋ ਰਹੀ 'ਪਗੜੀ ਸੰਭਾਲ ਕਾਨਫਰੰਸ' 'ਚ ਸ਼ਾਮਲ ਹੋਣ। ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰ ਜਗਸੀਰ ਜੀਦਾ ਵੱਲੋਂ ਸਿਆਸੀ ਪਾਰਟੀਆਂ 'ਤੇ ਤਿੱਖੇ ਵਿਅੰਗ ਕਰਦੇ ਗੀਤਾਂ, ਬੋਲੀਆਂ ਤੇ ਟੱਪਿਆਂ ਰਾਹੀਂ ਸਿਆਸਤਦਾਨਾਂ ਦੇ ਕੋਝ ਨੂੰ ਉਘਾੜਿਆ ਗਿਆ।

ਲਛਮਣ ਸਿੰਘ ਸੇਵੇਵਾਲਾ (94170 79170)

Friday, January 20, 2012

AN INVITATION BY "PAGRI SAMBHAL CAMPAIGN COMMITTEE PUNJAB" TO STRUGGLING ORGANISATIONS


ਪਗੜੀ ਸੰਭਾਲ ਮੁਹਿੰਮ ਕਮੇਟੀ, ਪੰਜਾਬ
ਕਮੇਟੀ ਮੈਂਬਰ-ਲਛਮਣ ਸਿੰਘ ਸੇਵੇਵਾਲਾ, ਝੰਡਾ ਸਿੰਘ ਜੇਠੂਕੇ, ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਗੁਰਦਿਆਲ ਭੰਗਲ, ਐਡਵੋਕੇਟ ਐਨ.ਕੇ. ਜੀਤ, ਪੁਸ਼ਪ ਲਤਾ, ਕਰੋੜਾ ਸਿੰਘ, ਯਸ਼ਪਾਲ, ਜੁਗਿੰਦਰ ਆਜ਼ਾਦ, ਮਲਾਗਰ ਸਿੰਘ ਖਮਾਣੋਂ, ਪਾਵੇਲ ਕੁੱਸਾ, ਅਮੋਲਕ ਸਿੰਘ।
ਵੱਲ
ਪ੍ਰਧਾਨ / ਸਕੱਤਰ
-----------------
-----------------
ਵਿਸ਼ਾ – ਪਗੜੀ ਸੰਭਾਲ ਮੁਹਿੰਮ ਅਤੇ ਕਾਨਫਰੰਸ 'ਚ ਸ਼ਾਮਲ ਹੋਣ ਲਈ ਸੱਦਾ ਪੱਤਰ।
ਸਤਿਕਾਰਯੋਗ ਸਾਥੀ ਜੀ, 
ਵਿਧਾਨ ਸਭਾ ਚੋਣਾਂ ਦੇ ਇਹਨਾਂ ਦਿਨਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਮੌਕਾਪ੍ਰਸਤ ਵੋਟ ਪਾਰਟੀਆਂ ਦੀ ਧੋਖੇਬਾਜ਼ ਚੋਣ ਖੇਡ ਤੋਂ ਖਬਰਦਾਰ ਕਰਨ ਅਤੇ ਹੱਕਾਂ ਹਿਤਾਂ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਜੂਝਣ ਦੇ ਸੰਗਰਾਮੀ ਰਾਹ 'ਤੇ ਤੁਰਨ ਦਾ ਸੱਦਾ ਦੇਣ ਲਈ ਪਗੜੀ ਸੰਭਾਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਸਿਖਰ 'ਤੇ 27 ਜਨਵਰੀ ਨੂੰ ਸੂਬਾ ਪੱਧਰੀ ਪਗੜੀ ਸੰਭਾਲ ਕਾਨਫਰੰਸ ਬਰਨਾਲਾ 'ਚ ਹੋਵੇਗੀ। ਇਸਦਾ ਸੱਦਾ ਪੰਜਾਬ ਦੀਆਂ ਸਰਗਰਮ ਸੰਘਰਸ਼ਸ਼ੀਲ ਸ਼ਖਸ਼ੀਅਤਾਂ ਵੱਲੋਂ ਗਠਿਤ ਕੀਤੀ ਗਈ ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ ਵੱਲੋਂ ਦਿੱਤਾ ਗਿਆ ਹੈ।
ਕਮੇਟੀ ਦਾ ਵਿਚਾਰ ਹੈ ਕਿ ਚੋਣਾਂ ਰਾਹੀਂ ਪੰਜਾਬ ਦੇ ਕਿਰਤੀ ਕਮਾਊ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਲੋਕਾਂ ਦੇ ਹਿਤਾਂ 'ਤੇ ਵਿੱਢੇ ਹੋਏ ਨਵੀਆਂ ਆਰਥਿਕ ਨੀਤੀਆਂ ਦੇ ਹੱਲੇ 'ਤੇ ਸਭਨਾਂ ਹਾਕਮ ਧੜਿਆਂ ਦੀ ਸਹਿਮਤੀ ਹੈ ਅਤੇ ਸਭਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਨੇ ਵਾਰੋ ਵਾਰੀ ਇਹਨਾਂ ਆਰਥਿਕ ਨੀਤੀਆਂ ਨੂੰ ਲਾਗੂ ਕਰਕੇ ਵੱਡੇ ਸਰਮਾਏਦਾਰਾਂ, ਜਗੀਰਦਾਰਾਂ ਅਤੇ ਬਹੁਕੌਮੀ ਕੰਪਨੀਆਂ ਦੀ ਸੇਵਾ ਕੀਤੀ ਹੈ। ਸਭਨਾਂ ਨੇ ਹੀ ਲੋਕਾਂ ਦੇ ਹਿੱਤਾਂ ਨੂੰ ਕੁਚਲਿਆ ਹੈ ਅਤੇ ਜਬਰ ਦੇ ਜ਼ੋਰ ਇਹਨਾਂ ਨੀਤੀਆਂ ਨੂੰ ਲੋਕਾਂ ਸਿਰ ਮੜ੍ਹਿਆ ਹੈ। ਹੁਣ ਵੀ ਚੋਣਾਂ ਦੌਰਾਨ ਇਹਨਾਂ ਨੀਤੀਆਂ ਨੂੰ ਜਾਰੀ ਰੱਖਣ ਦੇ ਐਲਾਨ ਹੋ ਰਹੇ ਹਨ। ਵੋਟਾਂ ਤਾਂ ਇਹਨਾਂ ਸਿਆਸੀ ਟੋਲਿਆਂ ਦਰਮਿਆਨ ਲੁੱਟ ਦਾ ਮਾਲ ਵੰਡਣ ਦੇ ਰੌਲੇ ਦਾ ਨਿਪਟਾਰਾ ਕਰਨ ਲਈ ਹਨ। ਲੋਕਾਂ ਨੇ ਆਪਣੇ ਹਿਤਾਂ ਤੇ ਹੱਕਾਂ ਦੀ ਰੱਖਿਆ ਹਮੇਸ਼ਾਂ ਆਪਸੀ ਏਕਤਾ, ਜੱਥੇਬੰਦੀ ਅਤੇ ਸੰਘਰਸ਼ਾਂ ਰਾਹੀਂ ਹੀ ਕੀਤੀ ਹੈ ਤੇ ਅਗਾਂਹ ਵੀ ਸਰਕਾਰ ਚਾਹੇ ਕਿਸੇ ਪਾਰਟੀ ਦੀ ਆ ਜਾਵੇ, ਕਮਾਊ ਲੋਕਾਂ ਦੇ ਹੱਕਾਂ-ਹਿੱਤਾਂ ਲਈ ਸੰਘਰਸ਼ ਹੀ ਆਸਰਾ ਬਣਨੇ ਹਨ।
ਇਸ ਮੁਹਿੰਮ ਤੇ ਕਾਨਫਰੰਸ ਰਾਹੀਂ ਅਸੀਂ ਪੰਜਾਬ ਦੇ ਕਮਾਊ ਲੋਕਾਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਵੋਟਾਂ ਤੋਂ ਭਲੇ ਦੀ ਆਸ ਨਾ ਕਰੋ। ਸਗੋਂ ਆਪਣੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਜੱਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ 'ਤੇ ਅੱਗੇ ਵਧੋ। ਅੰਸ਼ਕ ਤੇ ਛੋਟੀਆਂ ਮੰਗਾਂ 'ਤੇ ਚਲਦੇ ਸੰਘਰਸ਼ਾਂ ਨੂੰ ਵੱਡੇ ਨੀਤੀ ਮੁੱਦਿਆਂ ਵੱਲ ਸੇਧਤ ਕਰੋ। ਲੋਕਾਂ ਤੋਂ ਖੋਹ ਕੇ ਜੋਕਾਂ ਨੂੰ ਦੇਣ ਵਾਲੀਆਂ ਨੀਤੀਆਂ ਅਤੇ ਕਾਨੂੰਨਾਂ ਖਿਲਾਫ਼ ਨਿਸ਼ਾਨਾ ਸੇਧੋ। ਇਹਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਤੋਂ ਟੇਕ ਛੱਡ ਕੇ ਸਭਨਾਂ ਕਿਰਤੀ ਕਮਾਊ ਲੋਕਾਂ ਦੀ ਇੱਕਜੁਟ ਸਾਂਝੀ ਸੰਘਰਸ਼ਸ਼ੀਲ ਲਹਿਰ ਉਸਾਰੋ।
 ਅਸੀਂ ਤੁਹਾਡੀ ਜੱਥੇਬੰਦੀ ਨੂੰ ਇਸ ਮੁਹਿੰਮ ਅਤੇ ਕਾਨਫਰੰਸ 'ਚ ਸ਼ਾਮਲ ਹੋਣ ਦਾ ਸੱਦਾ ਦਿੱਦੇ ਹਾਂ ਤਾਂ ਕਿ ਪੰਜਾਬ ਦੇ ਸਭਨਾਂ ਸੰਘਰਸ਼ਸ਼ੀਲ ਲੋਕਾਂ ਦੀ ਆਪਸੀ ਸਾਂਝ ਮਜ਼ਬੂਤ ਹੋ ਸਕੇ।
ਵੱਲੋਂ - ਪਗੜੀ ਸੰਭਾਲ ਮੁਹਿੰਮ ਕਮੇਟੀ, ਪੰਜਾਬ।