StatCounter

Saturday, August 6, 2011

ਖਬਰ-ਸਾਰ

ਗੋਬਿੰਦਪੁਰਾ: ਦਿਲਾਂ 'ਚ ਮਰ ਮਿਟਣ ਦਾ ਜਜ਼ਬਾ ਬਰਕਰਾਰ

ਜ਼ਮੀਨ ਗ੍ਰਹਿਣ ਮਾਮਲੇ ਨੂੰ ਲੈ ਕੇ ਕੌਮੀ ਪੱਧਰ `ਤੇ ਚਰਚਾ ਚ ਆਇਆ ਪਿੰਡ ਗੋਬਿੰਦਪੁਰਾ ਮੇਰੇ ਪਿੰਡ ਤੋਂ 14 ਕਿਲੋਮੀਟਰ ਦੂਰ ਹੈ। ਅੱਜ ਮੈਂ ਅਪਣੇ ਇੱਕ ਸਾਥੀ ਨਾਲ ਤਾਜ਼ੀ ਸਥਿੱਤੀ ਜਾਣਨ ਲਈ ਗੋਬਿੰਦਪੁਰੇ ਗਿਆ। 14 ਕਿਲੋਮੀਟਰ ਦੇ ਫਾਸਲੇ ਚ ਪੁਲਿਸ ਦੇ ਪੰਜ ਨਾਕੇ ਲੱਗੇ ਹੋਏ ਸਨ। ਕੰਡਿਆਲੀ ਤਾਰ ਚ ਕੈਦ ਖੇਤ ਉਦਾਸ ਸਨ। ਉਹ ਫਸਲਾਂ ਤੋਂ ਹਮੇਸ਼ਾ ਲਈ ਵਿੱਛੜ ਜਾਣ ਦੇ ਖੌਫ਼ ਚ ਸਨ। ਲੋਕਾਂ ਦੇ ਚਿਹਰਿਆਂ ਤੋਂ ਉੱਜੜ ਜਾਣ ਦਾ ਡਰ ਝਲਕ ਰਿਹਾ ਸੀ। ਕੁੱਝ ਕਿਸਾਨਾਂ ਨਾਲ ਗੱਲਬਾਤ ਹੋਈ। ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ "ਅਜ਼ਾਦ" ਦੇਸ਼ ਚ ਵੀ ਉਹਨਾਂ ਦੀਆਂ ਜ਼ਮੀਨਾਂ `ਤੇ ਇਸ ਤਰਾਂ ਡਾਕਾ ਪੈ ਸਕਦਾ ਹੈ।

ਪਿਊਨਾ ਪਾਵਰ ਪਲਾਂਟ ਲਈ ਖੋਹੀ ਜਾ ਰਹੀ ਇਸ ਜ਼ਮੀਨ ਨੂੰ ਐਕੁਆਇਰ ਕਰਨ ਲਈ ਚਾਰ ਨੋਟੀਫਿਕੇਸ਼ਨ ਹੋਏ ਹਨ। ਹਰ ਨੋਟੀਫਿਕੇਸ਼ਨ ਵਿੱਚ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਬਦਲ ਦਿੱਤੀ ਗਈ ਹੈ, ਜਿਸ ਤੋਂ ਇਸ ਮਾਮਲੇ ਵਿੱਚ ਹੋਈਆਂ ਧਾਂਦਲੀਆਂ `ਤੇ ਮੋਹਰ ਲੱਗ ਗਈ ਹੈ। ਚੌਥੇ ਨੋਟੀਫਿਕੇਸ਼ਨ ਅਨੁਸਾਰ ਇਸ ਪ੍ਰੋਜੈਕਟ ਲਈ ਕੁੱਲ 881 ਏਕੜ 1 ਮਰਲਾ ਜ਼ਮੀਨ ਖੋਹੀ ਜਾਣੀ ਹੈ। ਜਿਸ ਵਿੱਚੋਂ ਇਕੱਲੇ ਗੋਬਿੰਦਪੁਰੇ ਦੀ 804 ਏਕੜ 2 ਕਨਾਲਾਂ 9 ਮਰਲੇ ਜ਼ਮੀਨ ਅਉਂਦੀ ਹੈ। ਮੀਡੀਆ ਚ ਆ ਰਹੀਆਂ ਖਬਰਾਂ ਮੁਤਾਬਕ ਇਸ ਵਿੱਚੋਂ 166 ਏਕੜ ਜ਼ਮੀਨ ਦਾ ਰੌਲਾ ਹੈ; ਬਾਕੀ ਜ਼ਮੀਨ ਪਿੰਡ ਵਾਲੇ ਦੇ ਚੁੱਕੇ ਹਨ। ਪਰ ਇਹ ਸੱਚ ਨਹੀਂ ਹੈ। ਬਾਕੀ ਜ਼ਮੀਨ ਵਿਚੋਂ ਵੀ ਕਈ ਕਿਸਾਨ ਹਨ , ਜਿੰਨ੍ਹਾਂ ਨੇ ਚੈੱਕ ਪ੍ਰਾਪਤ ਨਹੀਂ ਕੀਤੇ ਤੇ ਨਾ ਹੀ ਉਹ ਪ੍ਰਾਪਤ ਕਰਨਾ ਚਹੁੰਦੇ ਹਨ। ਇਹਨਾਂ 166 ਕਿੱਲਿਆਂ ਵਿੱਚੋਂ ਵੀ 53 ਕਿੱਲੇ ਉਹ ਹਨ, ਜਿਨ੍ਹਾਂ ਦਾ ਕਿਸਾਨ ਸਿਰਫ ਤਬਾਦਲਾ ਚਹੁੰਦੇ ਹਨ। ਭਾਵ ਇਹ 53 ਏਕੜ ਜ਼ਮੀਨ ਕੰਪਨੀ ਦੁਆਰਾ ਗ੍ਰਹਿਣ ਕੀਤੀ ਜ਼ਮੀਨ ਦੇ ਵਿਚਕਾਰ ਅਉਂਦੀ ਹੈ ਤੇ ਕਿਸਾਨ ਚਹੁੰਦੇ ਹਨ ਕਿ ਕੰਪਨੀ ਇਹ ਜ਼ਮੀਨ ਲੈ ਲਵੇ ਪਰ ਰੌਲੇ ਵਾਲੀ 166 ਏਕੜ (113+53) ਵਿੱਚ ਉਹਨਾਂ ਨੂੰ ਇਹ 53 ਏਕੜ ਦੇ ਦੇਵੇ। ਪਰ ਕੰਪਨੀ ਸਰਕਾਰੀ ਸ਼ਹਿ `ਤੇ ਕੁੱਝ ਵੀ ਸੁਣਨ ਨੂੰ ਤਿਆਰ ਨਹੀਂ। ਪ੍ਰਤੀ ਏਕੜ 23,68000 ਦਾ ਰੇਟ ਦਿੱਤਾ ਗਿਆ ਹੈ। ਉੱਜੜ ਕੇ ਗਏ ਲੋਕਾਂ ਨੂੰ ਇਸ ਰੇਟ `ਤੇ ਇੰਨੀ ਹੀ ਜ਼ਮੀਨ ਲੈ ਕੇ ਮੁੜ ਵਸੇਬਾ ਕਰਨਾ ਮੁਸ਼ਕਲ ਨਹੀਂ, ਅਸੰਭਵ ਹੈ।

ਲੋਕਾਂ ਦੇ ਚਿਹਰਿਆਂ`ਤੇ ਉਦਾਸੀ ਹੈ, ਪਰ ਦਿਲ ਚ ਅਪਣੀ ਮਿੱਟੀ ਲਈ ਮਰ ਮਿਟਣ ਦਾ ਜਜ਼ਬਾ। ਉਹ ਹਾਰ ਸਵੀਕਾਰ ਕਰਨ ਦੇ ਮੂਡ ਚ ਨਹੀਂ ਹਨ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਜੇ ਸਰਕਾਰ ਵੱਧ ਰੇਟ ਦੇਵੇ ਤਾਂ ਕੀ ਉਹ ਮੰਨ ਜਾਣਗੇ? ਉਹਨਾਂ ਦਾ ਜਵਾਬ ਸੀ -" ਬਿਗਾਨੇ ਪਿੰਡ ਹਮੀਦੀ ਦਾ ਕਿਸਾਨ ਸੁਰਜੀਤ ਸਿੰਘ ਸਾਡੇ ਲਈ ਸ਼ਹੀਦ ਹੋ ਚੁੱਕਿਆ ਹੈ। ਜੇ ਅਸੀਂ ਸਮਝੌਤਾ ਕਰ ਲਿਆ ਤਾਂ ਇਹ ਉਸ ਦੀ ਰੂਹ ਨਾਲ ਗੱਦਾਰੀ ਹੋਵੇਗੀ।"

ਮੇਰੇ ਜਾਣ ਤੋਂ ਪਹਿਲਾਂ ਵੀ ਉਹ ਸੰਘਰਸ਼ ਦਾ ਅਗਲਾ ਪ੍ਰੋਗਰਾਮ ਉਲੀਕ ਰਹੇ ਸਨ। ਮੇਰੇ ਵਿਦਾ ਲੈਣ ਤੋਂ ਬਾਦ ਉਹ ਫਿਰ ਉਸੇ ਕੰਮ ਵਿੱਚ ਜੁਟ ਗਏ। ਹੁਣ ਤੱਕ ਹੇਏ ਸੰਘਰਸ਼ ਤੋਂ ਕਿਸਾਨਾਂ ਦੀ ਜਿੱਤ ਸਾਫ ਝਲਕਦੀ ਹੈ। ਲਗਦਾ ਹੈ ਕਿ ਉਹ ਸਿੰਗੂਰ ਅਤੇ ਨੰਦੀਗ੍ਰਾਮ ਦੇ ਸੰਘਰਸ਼ਾਂ ਵਿੱਚ ਗੋਬਿੰਦਪੁਰਾ ਇੱਕ ਨਵਾਂ ਅਧਿਆਏ ਜੋੜੇਗਾ।

ਇੱਕ ਗੱਲ ਹੋਰ, ਬੀਬੀ ਹਰਸਿਮਰਤ ਕੌਰ ਬਾਦਲ ਨੇ ਕੁੱਝ ਮਹੀਨੇ ਪਹਿਲਾਂ ਇਸ ਪਿੰਡ ਦੀਆਂ ਔਰਤਾਂ ਨਾਲ ਅਪਣੀਆਂ ਚੁੰਨੀਆਂ ਵਟਾਈਆਂ ਸਨ। ਉਹ ਚੁੰਨੀਆਂ ਪੁਲਿਸ ਨੇ ਇਹਨਾਂ ਔਰਤਾਂ ਦੀ ਖਿੱਚ-ਧੂਹ ਦੌਰਾਨ ਪਾੜ ਦਿੱਤੀਆਂ ਹਨ।

Courtesy:ਕੁਲਵਿੰਦਰ ਬਛੋਆਣਾ

No comments:

Post a Comment