ਸਬ ਡਵੀਜਨਾਂ ਵਿੱਚ ਰੈਲੀਆਂ ਕਰਕੇ ਰੋਹ ਦਾ ਪ੍ਰਗਟਾਵਾ
ਮਾਨਸਾ ਜਿਲੇ ਅੰਦਰ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨਾਂ ਜਬਰੀ ਖੋਹਣ ਦੇ ਖਿਲਾਫ਼ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਮਿਤੀ 02-08-11 ਨੂੰ ਸ਼ਾਂਤੀ ਪੂਰਵਕ ਰੋਸ ਪ੍ਰਗਟਾਵਾ ਕਰ ਰਹੇ ਕਿਸਾਨਾਂ ਉੱਪਰ ਪੁਲਿਸ ਵੱਲੋਂ ਕੀਤੇ ਬੇਤਹਾਸ਼ਾ ਲਾਠੀਚਾਰਜ ਨਾਲ ਇਕ ਕਿਸਾਨ ਸਾਥੀ ਸੁਰਜੀਤ ਸਿੰਘ ਹਮੀਦੀ ਨੂੰ ਸ਼ਹੀਦ ਕਰਨ, ਸੈਂਕੜੇ ਕਿਸਾਨਾਂ ਨੂੰ ਫੱਟੜ ਕਰਨ, ਉਨ੍ਹਾਂ ਦੀਆਂ ਬੱਸਾਂ ਗੱਡੀਆਂ ਦੀ ਭੰਨਤੋੜ ਕਰਨ ਦੇ ਖਿਲਾਫ਼ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ: ਪੰਜਾਬ ਰਾਜ ਬਿਜਲੀ ਬੋਰਡ ਦੀ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਸਾਰੇ ਪੰਜਾਬ ਅੰਦਰ ਬਿਜਲੀ ਕਾਮਿਆਂ ਵੱਲੋਂ ਕਾਲੇ ਬਿੱਲੇ ਲਾ ਕੇ ਸਬ ਡਿਵੀਜਨਾਂ ਵਿੱਚ ਰੋਸ ਰੈਲੀਆਂ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।
ਇੱਥੇ ਇਹ ਵਰਨਣਯੋਗ ਹੈ ਕਿ ਸਾਮਰਾਜੀ ਦਿਸ਼ਾ-ਨਿਰਦੇਸ਼ਤ ਨੀਤੀਆਂ ਨੂੰ ਲਾਗੂ ਕਰਦਿਆਂ ਸਰਕਾਰ ਵੱਲੋਂ ਬਿਜਲੀ ਕਾਮਿਆਂ ਵਾਂਗ ਕਿਸਾਨਾਂ ਉੱਪਰ ਧਾਵਾ ਬੋਲਿਆ ਹੋਇਆ ਹੈ। ਅਖੌਤੀ ਸਨਅਤੀਕਰਨ ਦੇ ਨਾਂ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਸਸਤੇ ਰੇਟਾਂ ਤੇ ਜ਼ਬਰੀ ਹਥਿਆ ਕੇ ਨਿੱਜੀ ਕੰਪਨੀਆਂ ਨੂੰ ਸੌਂਪੀਆਂ ਜਾ ਰਹੀਆਂ ਹਨ। ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਥਾਂ-ਥਾਂ ਤੇ ਰੋਹ ਦੇ ਭਾਂਬੜ ਬਲ ਰਹੇ ਹਨ। ਮਾਨਾਂਵਾਲਾ, ਬਰਨਾਲਾ ਤੋਂ ਬਾਅਦ ਇਹ ਅੱਗ ਮਾਨਸਾ ਵਿਖੇ ਪਹੁੰਚ ਗਈ ਹੈ, ਉੱਥੇ ਗੋਬਿੰਦਪੁਰਾ ਵਿਖੇ ਥਰਮਲ ਪਲਾਂਟ ਲਈ ਜਬਰੀ ਜ਼ਮੀਨਾਂ ਹਥਿਆ ਕੇ ਸਰਕਾਰ ਇੰਡੀਆ ਬਲ ਨਾਂ ਦੀ ਕੰਪਨੀ ਨੂੰ ਦੇ ਰਹੀ ਹੈ। ਸਰਕਾਰ ਦੀ ਇਸ ਧੱਕੇਸ਼ਾਹੀ ਦਾ ਲੋਕ ਵਿਰੋਧ ਕਰ ਰਹੇ ਹਨ। ਸਰਕਾਰ ਲੋਕਾਂ ਦਾ ਵਿਰੋਧ ਕੁਚਲਣ ਲਈ ਕਿਸਾਨਾਂ ਦੇ ਲਹੂ ਦੀ ਹੋਲੀ ਖੇਡਣ ਤੇ ਉਤਾਰੂ ਹੈ। ਸਰਕਾਰ ਨੰਗੇ-ਚਿੱਟੇ ਰੂਪ 'ਚ ਕੰਪਨੀਆਂ ਦੀ ਸੇਵਾ 'ਚ ਪੇਸ਼ ਹੈ। ਦੂਸਰੇ ਪਾਸੇ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਪਲੇਟਫਾਰਮ ਵੱਲੋਂ ਸਰਕਾਰ ਦੀ ਇਸ ਨੀਤੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ 2 ਅਗਸਤ ਨੂੰ ਗੋਬਿੰਦਪੁਰਾ ਪਿੰਡ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਸਰਕਾਰ ਨੇ ਭਾਵੇਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਆਗੂਆਂ ਦੀ ਗ੍ਰਿਫ਼ਤਾਰੀ ਕਰਕੇ, ਥਾਂ-ਥਾਂ 'ਤੇ ਨਾਕੇ ਲਾ ਕੇ, ਸਾਰੇ ਮਾਨਸਾ ਜ਼ਿਲ੍ਹੇ ਨੂੰ ਛਾਉਣੀ ਵਿੱਚ ਤਬਦੀਲ ਕਰਕੇ ਅੱਗੇ ਵੱਧ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਰੋਕਣਾ ਚਾਹਿਆ ਪਰ ਸਰਕਾਰ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਈ। ਇਸ ਤੋਂ ਬੁਖਲਾਹਟ ਵਿਚ ਆ ਕੇ ਕਈ ਥਾਵਾਂ ਉੱਪਰ ਕਿਸਾਨਾਂ ਉੱਪਰ ਲਾਠੀਚਾਰਜ ਕਰਕੇ ਸੈਂਕੜੇ ਕਿਸਾਨਾਂ ਨੂੰ ਫੱਟੜ ਕਰ ਦਿੱਤਾ। ਕੋਟ ਦੁਨਾ ਵਿਖੇ ਕੀਤੇ ਗਏ ਲਾਠੀਚਾਰਜ ਦੌਰਾਨ ਇਕ ਕਿਸਾਨ ਸਾਥੀ ਸੁਰਜੀਤ ਸਿੰਘ ਹਮੀਦੀ ਦੀ ਮੌਤ ਹੋ ਗਈ। ਸੂਬਾ ਕਮੇਟੀ ਨੇ ਸਰਕਾਰ ਦੇ ਇਸ ਹਮਲੇ ਨੂੰ ਸਮੂਹ ਸੰਘਰਸ਼ ਕਰ ਰਹੇ ਲੋਕਾਂ ਉੱਪਰ ਹਮਲਾ ਮੰਨਦਿਆਂ ਸਬ ਡਿਵੀਜਨਾਂ ਵਿੱਚ ਰੋਸ ਰੈਲੀਆਂ ਕਰਨ ਦਾ ਸੱਦਾ ਦਿੱਤਾ। ਟੀ.ਐਸ.ਯੂ. ਦੀ ਸੂਬਾ ਵਰਕਿੰਗ ਕਮੇਟੀ ਦੀ ਮਿਤੀ 03-08-11 ਨੂੰ ਹੋਈ ਮੀਟਿੰਗ 'ਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦ ਸਾਥੀ ਨੂੰ ਸਰਧਾਂਜਲੀ ਦਿੱਤੀ ਗਈ।
ਟੀ.ਐਸ.ਯੂ. ਵੱਲੋਂ ਦਿੱਤੇ ਰੈਲੀਆਂ ਦੇ ਸੱਦੇ ਦੀਆਂ ਉਤਸ਼ਾਹਜਨਕ ਰੋਪਰਟਾਂ ਪ੍ਰਾਪਤ ਹੋਈਆਂ ਹਨ। ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਮਿਤੀ 03-08-11 ਨੂੰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ ਸਬ ਅਰਬਨ, ਖੰਨਾ, ਰੋਪੜ, ਮੋਹਾਲੀ, ਸੰਗਰੂਰ, ਮੁਕਤਸਰ, ਫਰੀਦਕੋਟ, ਬਠਿੰਡਾ ਸਰਕਲਾਂ ਅਧੀਨ ਵੱਖ-ਵੱਖ ਸਬ ਡਵੀਜਨਾਂ ਵਿਖੇ ਬਿਜਲੀ ਕਾਮਿਆਂ ਨੇ ਇਕੱਠੇ ਹੋ ਕੇ ਕਾਲੇ ਬਿੱਲੇ ਲਾ ਕੇ ਰੋਸ ਰੈਲੀਆਂ ਕੀਤੀਆਂ। ਪਟਿਆਲਾ ਸਰਕਲ ਅਧੀਨ ਬਿਜਲੀ ਕਾਮਿਆਂ ਵੱਲੋਂ ਕਾਲੇ ਬਿੱਲੇ ਲਾਏ ਗਏ। ਬਠਿੰਡਾ ਸਰਕਲ ਅਧੀਨ ਗੋਨਿਆਣਾ ਸਬ ਡਵੀਜਨ ਵਿਖੇ ਟੀ.ਐਸ.ਯੂ. ਅਤੇ ਇੰਪਲਾਈਜ ਫੈਡਰੇਸ਼ਨ ਏਟਕ ਵੱਲੋਂ ਸਾਂਝੇ ਤੌਰ 'ਤੇ ਰੈਲੀ ਕੀਤੀ ਅਤੇ ਇਸ ਵਿਚ ਹੋਰ ਜਥੇਬੰਦੀਆਂ ਦੇ ਸਾਥੀਆਂ ਨੇ ਵੀ ਹਿੱਸਾ ਲਿਆ। ਇਸ ਤੋਂ ਇਲਾਵਾ ਅੱਡਾ ਦਾਖਾ ਵਿਖੇ ਟੀ.ਐਸ.ਯੂ. ਦੇ ਕਾਮਿਆਂ ਨੇ ਮੰਡਲ ਪੱਧਰੀ ਰੈਲੀ ਕੀਤੀ ਜਿਸ ਵਿੱਚ ਲੋਕਲ ਸ/ਡ ਦੇ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਸੰਗਰੂਰ ਸਰਕਲ ਦੇ 50 ਦੇ ਕਰੀਬ ਸਾਥੀ ਮਿਤੀ 03-08-11 ਨੂੰ ਸ਼ਹੀਦ ਸਾਥੀ ਸੁਰਜੀਤ ਸਿੰਘ ਹਮੀਦੀ ਦੇ ਸਸਕਾਰ 'ਤੇ ਸ਼ਾਮਲ ਹੋਏ ਅਤੇ 15 ਦੇ ਕਰੀਬ ਸਾਥੀ ਅਗਲੇ ਦਿਨ ਫੁੱਲ ਚੁੱਗਣ ਲਈ ਸ਼ਾਮਲ ਹੋ ਕੇ ਕਿਸਾਨਾਂ ਨਾਲ ਦੁੱਖ ਸਾਂਝਾ ਕੀਤਾ।
ਉਪਰੋਕਤ ਰੈਲੀਆਂ 'ਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਨਾਲ ਨਾ ਸਿਰਫ਼ ਕਿਸਾਨੀ ਕਿੱਤੇ ਦਾ ਉਜਾੜਾ ਹੋਵੇਗਾ, ਇਸ ਨਾਲ ਕਿਸਾਨਾਂ 'ਤੇ ਨਿਰਭਰ ਖੇਤ ਮਜ਼ਦੂਰਾਂ ਦਾ ਵੀ ਉਜਾੜਾ ਹੋਵੇਗਾ। ਜ਼ਮੀਨਾਂ ਵਿਕਣ ਨਾਲ ਕਿਸਾਨ ਅਤੇ ਖੇਤ ਮਜ਼ਦੂਰ ਪਰਿਵਾਰ ਖੇਰੂ-ਖੇਰੂ ਹੋ ਜਾਣਗੇ।
ਬੁਲਾਰਿਆਂ ਨੇ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਹਥਿਆਉਣ ਦੀ ਨੀਤੀ ਰੱਦ ਕੀਤੀ ਜਾਵੇ। ਲਾਠੀਚਾਰਜ ਲਈ ਦੋਸ਼ੀ ਪੁਲਿਸ ਅਫ਼ਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮ੍ਰਿਤਕ ਅਤੇ ਜ਼ਖਮੀ ਹੋਏ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਜੇਲ੍ਹੀਂ ਡੱਕੇ ਕਿਸਾਨ ਮਜ਼ਦੂਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਲੋਕਾਂ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ। ਥਰਮਲ ਪਲਾਂਟ ਕਿਸਾਨਾਂ ਦੀ ਸਹਿਮਤੀ ਨਾਲ ਬੰਜਰ ਜ਼ਮੀਨਾਂ 'ਤੇ ਲਾਇਆ ਜਾਵੇ।
ਪ੍ਰਮੋਦ ਕੁਮਾਰ (ਜਨਰਲ ਸਕੱਤਰ), ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.49), ਪੰਜਾਬ ਰਾਜ ਬਿਜਲੀ ਬੋਰਡ।
No comments:
Post a Comment