ਗੋਬਿੰਦਪੁਰਾ ਤੋਂ ਕਿਸਾਨਾਂ ਦੀ 171 ਜਮੀਨ (ਜਿਸਦਾ ਉਹਨਾਂ ਨੇ ਕੋਈ ਮੁਆਵਜਾ ਸਵੀਕਾਰ ਨਹੀਂ ਕੀਤਾ) ਅਤੇ 13 ਮਜ਼ਦੂਰ ਘਰਾਂ ਉੱਤੇ ਸਰਕਾਰੀ ਜਬਰ ਦੇ ਜੋਰ ਇੰਡੀਆ-ਬੁਲਜ਼ ਕੰਪਨੀ ਦਾ ਕੀਤਾ ਗਿਆ ਨਜਾਇਜ ਕਬਜਾ ਹਰ ਹੀਲੇ ਖਤਮ ਕਰਾਉਣ ਲਈ 17 ਜੱਥੇਬੰਦੀਆਂ ਨੇ 22 ਅਗਸਤ ਤੋਂ ਡੀ.ਸੀ. ਦਫਤਰ ਮਾਨਸਾ ਅੱਗੇ ਫੈਸਲਾਕੁੰਨ ਧਰਨਾ ਸ਼ੁਰੂ ਕਰਨ ਅਤੇ ਮਾਝੇ ਦੁਆਬੇ ਵਿੱਚ ਡੀ.ਸੀ. ਦਫ਼ਤਰ ਅੰਮ੍ਰਿਤਸਰ ਅਤੇ ਜਲੰਧਰ ਵਿਖੇ ਰਿਜਨਲ ਪੱਧਰ ਦੇ ਧਰਨੇ ਦੇਣ ਦਾ ਐਲਾਨ ਕੀਤਾ ਹੈ।ਇਹ ਐਲਾਨ ਅੱਜ ਪਿੰਡ ਹਮੀਦੀ ਦੀ ਦਾਣਾ ਮੰਡੀ ਵਿੱਚ ਸ਼ਹੀਦ ਸੁਰਜੀਤ ਸਿੰਘ ਹਮੀਦੀ ਦੇ ਸਾਂਝੇ ਸ਼ਰਧਾਂਜਲੀ ਸਮਾਗਮ ਵਿੱਚ ਜੁੜੇ ਲਾਮਿਸਾਲ ਇਕੱਠ ਵਿੱਚ ਕੀਤਾ ਗਿਆ।
ਗੋਬਿੰਦਪੁਰਾ ਦੀ ਰਣਭੂਮੀ ਵਿੱਚ ਜਾਨ ਵਾਰਨ ਵਾਲਾ ਇਹ ਯੋਧਾ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦਾ ਸਰਗਰਮ ਕਾਰਕੁੰਨ ਸੀ। ਜੱਥੇਬੰਦੀਆਂ ਦੇ ਸੁਬਾਈ ਪ੍ਰਧਾਨਾਂ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦਾ ਸਟੇਜ ਸੰਚਾਲਨ ਸ਼ਹੀਦ ਦੀ ਮਾਂ-ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੀਤਾ। ਵੱਡੀ ਤਦਾਦ ਵਿੱਚ ਔਰਤਾਂ ਤੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੇ ਠਾਠਾਂ ਮਾਰਦੇ ਇਕੱਠ ਵਲੋਂ ਦੋ ਮਿੰਟ ਖੜੇ ਹੋ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਮਗਰੋਂ ਮੌਨ ਤੋੜਨ ਸਮੇਂ ਸਟੇਜ ਤੋਂ ਲਾਏ ਨਾਹਰਿਆਂ ਦੇ ਜਵਾਬਾਂ 'ਚ ਪੂਰਾ ਪੰਡਾਲ ਗੂੰਜ ਉੱਠਿਆ। ਤਣੇ ਹੋਏ ਮੁੱਕੇ ਤੇ ਰੋਹ ਨਾਲ ਦਗਦੇ ਚਿਹਰੇ ਬਾਦਲ ਸਰਕਾਰ ਦੇ ਜੁਲਮਾਂ ਦਾ ਮੂੰਹ ਚਿੜਾ ਰਹੇ ਸਨ ਅਤੇ ਸਾਂਝੇ ਘੋਲ ਨੂੰ ਲਾਠੀ ਗੋਲੀ ਦੇ ਜੋਰ ਕੁਚਲਣ ਦੇ ਚੰਦਰੇ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾ ਰਹੇ ਸਨ।
ਸਟੇਜ ਤੋਂ ਸ਼ਹੀਦ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਉਸਦੇ ਸਦੀਵੀ ਵਿਛੋੜੇ ਦਾ ਦੁੱਖ ਪੂਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਵਲੋਂ ਸਾਂਝਾ ਕਰਨ ਉਪਰੰਤ ਦੱਸਿਆ ਗਿਆ ਕਿ ਬੇਸ਼ੱਕ ਘੋਲ ਦੇ ਦਬਾਅ ਤਹਿਤ ਪਰਿਵਾਰ ਦੀ ਮੱਦਦ ਲਈ ਮੰਨੇ ਹੋਏ ਪੰਜ ਲੱਖ ਰੁਪਏ ਦੇ ਚੈਕ ਭੋਗ ਤੋਂ ਪਹਿਲਾਂ ਹੀ ਸਰਕਾਰ ਨੇ ਦੇ ਦਿੱਤੇ ਹਨ ਪ੍ਰੰਤੂ ਸਰਕਾਰੀ ਨੌਕਰੀ ਅਤੇ ਬੈਂਕ ਦੇ ਕਰਜੇ ਦੀ ਅਦਾਇਗੀ ਅਜੇ ਬਾਕੀ ਹੈ। ਸ਼ਹੀਦ ਦੀ ਜਾਨ ਲੈਣ ਲਈ ਕੋਟ ਦੂਨਾ ਦੀ ਖੂੰਨੀ ਘਟਨਾ ਲਈ ਜੁੰਮੇਵਾਰ ਪੁਲਸ ਅਧਿਕਾਰੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਸਿਰ ਪਾਇਆ ਇਰਾਦਾ ਕਤਲ ਦਾ ਝੂਠਾ ਕੇਸ ਰੱਦ ਕਰਨ, ਸਾਰੇ ਜਖਮੀਆਂ ਦਾ ਮੁਫਤ ਇਲਾਜ ਅਤੇ ਪੰਜਾਹ ਪੰਜਾਹ ਹਜ਼ਾਰ ਦਾ ਮੁਆਵਜਾ ਅਤੇ ਬੱਸਾਂ ਗੱਡੀਆਂ ਦੀ ਭੰਨ ਤੋੜ ਦਾ ਪੂਰਾ ਮੁਆਵਜਾ ਦੇਣ ਦੀਆਂ ਮੰਗਾਂ ਵੀ ਖੜੀਆਂ ਹਨ।
ਸਹਿਮਤੀ ਦੇਣ ਵਾਲੇ ਕਿਸਾਨਾਂ ਦੀ ਜਮੀਨ ਉੱਪਰ ਜੱਦੀ ਪੁਸ਼ਤੀ ਮਜਦੂਰੀ ਕਰਕੇ ਰੋਜੀ ਰੋਟੀ ਕਮਾ ਰਹੇ ਖੇਤ ਮਜ਼ਦੂਰ ਪਰਿਵਾਰਾਂ ਲਈ ਇੱਕ ਇੱਕ ਪੱਕੀ ਨੌਕਰੀ ਅਤੇ ਪੰਜ-ਪੰਜ ਲੱਖ ਰੁਪਏ ਦਾ ਉਜਾੜਾ ਭੱਤਾ ਦੇਣ ਦੀ ਮੰਗ ਵੀ ਜੱਥੇਬੰਦੀਆਂ ਨੇ ਜੋਰ ਨਾਲ ਉਠਾਈ ਹੈ। ਅੱਜ ਦੇ ਇਕੱਠ ਵਿੱਚ ਗੋਬਿੰਦਪੁਰੇ ਤੋਂ ਪਰਿਵਾਰਾਂ ਸਮੇਤ ਪੁੱਜੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵਿੱਚ ਬਹੁਤ ਸਾਰੇ ਉਹ ਕਿਸਾਨ ਵੀ ਆਏ ਸਨ ਜਿਹਨਾਂ ਨੇ ਸਰਕਾਰ ਦੇ ਗੁੰਮਰਾਹਪੂਰਨ ਪ੍ਰਾਪੇਗੰਡੇ ਦਾ ਸ਼ਿਕਾਰ ਹੋ ਕੇ ਜਮੀਨ ਦੇ ਚੈੱਕ ਵਸੂਲ ਲਏ ਸਨ, ਪ੍ਰੰਤੂ ਸ਼ਹੀਦ ਦੀ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਚੈੱਕ ਜਾਂ ਰਕਮ ਵਾਪਸ ਮੋੜਨ ਦਾ ਐਲਾਨ ਕੀਤਾ ਹੈ ਅਤੇ 880 ਏਕੜ ਜਮੀਨ ਦਾ ਸਾਰਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਹੈ। ਪੂਰੇ ਪੰਡਾਲ ਵਲੋਂ ਜੋਸ਼ੀਲੇ ਨਾਹਰਿਆਂ ਨਾਲ ਗੋਬਿੰਦਪੁਰਾ ਵਾਸੀਆਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੀ ਇਸ ਮੰਗ ਦੀ ਹਮਾਇਤ ਕੀਤੀ ਗਈ। ਜੱਥੇਬੰਦੀਆਂ ਦੀ ਮੰਗ ਜੋਰ ਨਾਲ ਉਠਾਈ ਗਈ ਕਿ ਗੋਬਿੰਦਪੁਰੇ ਦੀ ਪੁਲਸ ਨਾਕਾਬੰਦੀ ਅਤੇ ਰੋਕਾਂ ਖਤਮ ਕੀਤੀਆਂ ਜਾਣ ਅਤੇ ਉੱਥੋਂ ਦੇ ਲੋਕਾਂ ਨੂੰ ਅਜਾਦ ਸ਼ਹਿਰੀਆਂ ਵਾਂਗ ਜਿਉਣ ਦਾ ਹੱਕ ਦਿੱਤਾ ਜਾਵੇ। ਸਮੂਹ ਹਮੀਦੀ ਵਾਸੀਆਂ ਅਤੇ ਪਿੰਡ ਦੀਆਂ ਸਮਾਜਕ ਜੱਥੇਬੰਦੀਆਂ ਵਲੋਂ ਸ਼ਰਧਾਂਜਲੀ ਸਮਾਗਮ ਲਈ ਦਿੱਤੇ ਯੋਗਦਾਨ ਪ੍ਰਤੀ ਧੰਨਾਵਾਦ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਇੱਕਸੁਰ ਹੋਕੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀ ਸਖਤ ਨੁਕਤਾਚੀਨੀ ਕੀਤੀ ਅਤੇ ਦੋਸ਼ ਲਾਇਆ ਕਿ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਕਰੋੜਾਂ ਮਿਹਨਤੀ ਲੋਕਾਂ ਪ੍ਰਤੀ ਇਸਦਾ ਦੁਸ਼ਮਣਾਂ ਵਾਲਾ ਜਾਲਮਾਨਾ ਅਤੇ ਨਿਰਦਈ ਵਤੀਰਾ ਹੈ ਜਦੋਂ ਕਿ ਦੇਸੀ ਬਦੇਸੀ ਕੰਪਨੀਆਂ ਦੇ ਮਾਲਕ ਮੁੱਠੀ ਭਰ ਵੱਡੇ ਸਰਮਾਏਦਾਰਾਂ ਪ੍ਰਤੀ ਗੂੜੇ ਹੇਜ ਵਾਲਾ ਵਤੀਰਾ ਸਾਹਮਣੇ ਆ ਰਿਹਾ ਹੈ। ਨਾ ਸਿਰਫ ਲਾਠੀ ਗੋਲੀ ਦੇ ਜੋਰ ਕਿਸਾਨਾਂ ਦੀਆਂ ਜਮੀਨਾਂ ਅਤੇ ਮਜ਼ਦੂਰਾਂ ਦੇ ਘਰ ਘਾਟ ਅਤੇ ਰੁਜ਼ਗਾਰ ਖੋਹ ਕੇ ਕੰਪਨੀਆਂ ਨੂੰ ਦੇਣ ਰਾਹੀਂ ਸਗੋਂ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਰਾਹੀਂ ਬਿਜਲੀ ਪਾਣੀ ਵਿਦਿਆ ਸਿਹਤ ਅਤੇ ਆਵਾਜਾਈ ਵਰਗੇ ਸਾਰੇ ਜਨਤਕ ਅਦਾਰੇ ਵੀ ਉਹਨਾਂ ਦੀ ਝੋਲੀ ਪਾਉਣ ਰਾਹੀਂ ਇਹ ਹੇਜ ਪ੍ਰਤੱਖ ਦਿਸ ਰਿਹਾ ਹੈ। ਇਹਨਾਂ ਕਦਮਾਂ ਤੇ ਭਾਰੀ ਟੈਕਸ ਛੋਟਾਂ ਰਾਹੀਂ ਕੰਪਨੀਆਂ ਨੂੰ ਲਵਾਏ ਜਾ ਰਹੇ ਵੱਡੇ ਗੱਫਿਆਂ ਵਿੱਚੋਂ ਮਿਲਦੀਆਂ ਮੋਟੀਆਂ ਹਿੱਸਾ ਪੱਤੀਆਂ ਦੀ ਚੁੰਧਿਆਈ ਬਾਦਲ ਹਕੂਮਤ ਨੂੰ ਇੱਡੀਆ-ਬੁਲਜ਼ ਨਾਲ ਯਾਰੀ ਨਿਭਾਉਣ ਵੇਲੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਹਨ। ਇੱਕੋ ਪ੍ਰਜੈਕਟ ਵਾਸਤੇ ਤਿੰਨ ਵੱਖੋ-ਵੱਖਰੇ ਨੋਟੀਫਿਕੇਸ਼ਨ ਜਾਰੀ ਕੀਤੇ ਉਹ ਵੀ ਟੈਂਡਰਾਂ ਤੋਂ ਬਿਨਾਂ।ਹੋਰ ਤਾਂ ਹੋਰ ਇੱਥੇ ਪੈਦਾ ਹੋਣ ਵਾਲੀ ਬਿਜਲੀ ਵਿੱਚੋਂ ਪੰਜਾਬ ਨੂੰ ਕਿੰਨੀ ਤੇ ਕਿਸ ਭਾਅ ਮਿਲਣੀ ਹੈ ਇਸ ਬਾਰੇ ਵੀ ਕੋਈ ਸਮਝੋਤਾ ਨਹੀਂ ਕੀਤਾ ਗਿਆ। ਜਮੀਨ ਦੀ ਰਾਖੀ ਵਾਸਤੇ ਜੂਝ ਰਹੇ ਕਿਸਾਨ ਆਗੂਆਂ ਅਤੇ ਕਿਸਾਨਾਂ ਦੀਆਂ ਪੰਜ ਜਾਨਾਂ ਇਸ ਰਾਜ ਵਿੱਚ ਪਹਿਲਾਂ ਵੀ ਲਈਆਂ ਜਾ ਚੁੱਕੀਆਂ ਹਨ : ਸਾਧੂ ਸਿੰਘ ਤਖਤੂਪੁਰਾ, ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ, ਸਾਧੂ ਸਿੰਘ ਗਹਿਲ ਅਤੇ ਖੰਨਾ ਚਮਾਰਾ ਦੇ ਦੋ ਮੁਜਾਰੇ ਕਿਸਾਨ। ਨਵੇਂ ਕਾਲੇ ਕਨੂੰਨ ਵੀ ਲੋਕ ਘੋਲਾਂ ਨੂੰ ਕੁਚਲਣ ਅਤੇ ਅਖੌਤੀ ਸੁਧਾਰ ਮੜ੍ਹਨ ਲਈ ਹੀ ਬਣਾਏ ਜਾ ਰਹੇ ਹਨ।ਦੇਸ ਅੰਦਰ ਕੰਪਨੀ ਰਾਜ ਮੜ੍ਹਨ ਵੱਲ ਵਧਿਆ ਜਾ ਰਿਹਾ ਹੈ।
ਉਪਜਾਊ ਜਮੀਨਾਂ ਉੱਤੇ ਕੰਪਨੀਆਂ ਦੇ ਕਬਜੇ ਕਰਵਾ ਕੇ ਦੇਸ ਦੀ ਅੰਨ ਸੁਰੱਖਿਆ ਖਤਰੇ ਵਿੱਚ ਪਾਈ ਜਾ ਰਹੀ ਹੈ। ਬੁਲਾਰਿਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਫੱਫੇਕੁੱਟਣੀ ਹੇਜ ਦਿਖਾ ਰਹੀ ਕਾਂਗਰਸ ਪਾਰਟੀ ਦੇ ਝਾਂਸਿਆਂ ਵਿੱਚ ਆਉਣ ਤੋਂ ਖਬਰਦਾਰ ਕੀਤਾ, ਕਿਉਂਕਿ ਇਸਦੀ ਅਗਵਾਈ ਹੇਠਲੀ ਯੂ.ਪੀ.ਏ ਕੇਂਦਰ ਸਰਕਾਰ ਵਲੋਂ ਦਾਂਤੇਵਾੜਾ ਦੇ ਜੰਗਲਾਂ ਵਿੱਚ ਫੌਜ ਤਾਇਨਾਤ ਕਰਕੇ ਉੱਥੋਂ ਦੇ ਕਰੋੜਾਂ ਆਦਿਵਾਸੀ ਕਿਸਾਨਾਂ ਮਜ਼ਦੂਰਾਂ ਨੂੰ ਉਜਾੜਨ ਮਾਰਨ ਤੇ ਤੁਲੀਆਂ ਵੱਖ ਵੱਖ ਸੂਬਾਈ ਹਕੂਮਤਾਂ ਦੀ ਡੱਟ ਕੇ ਮੱਦਦ ਕੀਤੀ ਜਾ ਰਹੀ ਹੈ। ਹਰਿਆਣਾ ਤੇ ਕਈ ਰਾਜਾਂ ਵਿੱਚ ਇਸ ਪਾਰਟੀ ਦੀਆਂ ਹਕੂਮਤਾਂ ਕਿਸਾਨਾਂ ਮਜ਼ਦੂਰਾਂ ਨਾਲ ਬਾਦਲ ਹਕੂਮਤ ਵਰਗੀ ਹੀ ਦੁਸ਼ਮਣੀ ਕਮਾ ਰਹੀਆਂ ਹਨ। ਮਮਤਾ, ਮਾਇਆ ਅਤੇ ਸ਼ੀਲਾ ਵਰਗੀਆਂ ਹਕੂਮਤਾਂ ਦਾ ਜਾਲਮ ਕਿਰਦਾਰ ਵੀ ਜੱਗ ਜਾਹਰ ਹੋ ਚੁੱਕਿਆ ਹੈ।
ਬੁਲਾਰਿਆਂ ਨੇ ਜੋਰ ਦਿੱਤਾ ਕਿ ਕਿਸਾਨਾਂ ਮਜ਼ਦੂਰਾਂ ਦੀ ਜੱਥੇਬੰਦ ਤਾਕਤ ਦੇ ਜੋਰ ਨਾਲ ਲੜੇ ਜਾਣ ਵਾਲੇ ਜਾਨ-ਹੂਲਵੇਂ ਸੰਘਰਸ਼ ਹੀ ਸਾਡੇ ਹੱਕਾਂ ਹਿੱਤਾਂ ਦੀ ਜਾਮਨੀ ਕਰ ਸਕਦੇ ਹਨ। ਸ਼ਹੀਦ ਸੁਰਜੀਤ ਸਿੰਘ ਹਮੀਦੀ ਦੀ ਕੁਰਬਾਨੀ ਵੀ ਸਾਨੂੰ ਇਹੀ ਸੁਨੇਹਾ ਦਿੰਦੀ ਹੈ ਅਤੇ ਇਸ ਤੋਂ ਪ੍ਰੇਰਨਾ ਲੈਕੇ 22 ਅਗਸਤ ਤੋਂ ਮਾਨਸਾ ਵਿੱਚ ਸ਼ੁਰੂ ਹੋਣ ਵਾਲੇ ਫੈਸਲਾਕੁੰਨ ਘੋਲ ਦੀ ਤਿਆਰੀ ਵਾਸਤੇ ਅੱਜ ਤੋਂ ਹੀ ਦਿਨ ਰਾਤ ਇੱਕ ਕਰਨ ਦੇ ਜੋਰਦਾਰ ਸੱਦੇ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ। ਸਮਾਪਤੀ ਉਪਰੰਤ ਚਾਲੀ-ਪੰਜਾਹ ਗੱਡੀਆਂ ਦਾ ਕਾਫਲਾ ਸ਼ਹੀਦ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਹੁਸੈਨੀਵਾਲਾ ਦਰਿਆ ਕੰਢੇ ਬਣੀਆਂ ਹੋਈਆਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਸਮਾਧਾਂ ਵੱਲ ਰਵਾਨਾ ਹੋਇਆ।
Thursday, August 11, 2011
THOUSANDS PAY HOMAGE TO MARTYR SURJIT HAMIDI, VOW TO FIGHT FORCIBLE LAND ACQUISITION
ਹਜਾਰਾਂ ਕਿਸਾਨ ਮਜ਼ਦੂਰਾਂ ਨੇ ਸ਼ਹੀਦ ਸੁਰਜੀਤ ਹਮੀਦੀ ਨੂੰ ਕੀਤੀ ਰੋਹ ਭਰਪੂਰ ਸ਼ਰਧਾਂਜਲੀ ਭੇਂਟ
Subscribe to:
Post Comments (Atom)
No comments:
Post a Comment