StatCounter

Showing posts with label peasant suicides. Show all posts
Showing posts with label peasant suicides. Show all posts

Tuesday, February 18, 2014

ਕਿਸਾਨਾਂ - ਮਜ਼ਦੂਰਾਂ ਦੇ ਜਬਰਦਸਤ ਐਕਸ਼ਨ ਅੱਗੇ ਸਰਕਾਰ ਨੇ ਗੋਡੇ ਟੇਕੇ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਦਾ ਐਲਾਨ


ਕਿਸਾਨਾਂ - ਮਜ਼ਦੂਰਾਂ ਦੇ ਜਬਰਦਸਤ ਐਕਸ਼ਨ ਅੱਗੇ ਸਰਕਾਰ ਨੇ ਗੋਡੇ ਟੇਕੇ
ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਦਾ ਐਲਾਨ
 
Farmers & Agri-labourers sitting on dharna before the main gate of Mini-Secretariat Bathinda. All three gates of Mini-Secretariat complex were massively blockaded.

DC & SSP Bathinda announcing acceptance of struggling peoples' demands


Joginder Singh Ugrahan, President BKUU addressing the agitators



ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਸਵੇਰੇ ਮਿੰਨੀ ਸਕੱਤਰੇਤ ਦਾ ਮੁਕੰਮਲ ਘੇਰਾਓ ਕਰਕੇ ਕੱਲ੍ਹ ਸ਼ਾਮ 5 ਵਜੇ ਤੱਕ ਜਾਰੀ ਰੱਖਣ ਅਤੇ 23 ਫਰਵਰੀ ਨੂੰ ਮੋਦੀ ਦੀ ਜਗਰਾਓ ਰੈਲੀ ਦਾ ਬਾਈਕਾਟ ਕਰਵਾਉਣ ਲਈ ਪਿੰਡਾਂ ਵਿੱਚ ਮੁਹਿੰਮ ਵਿੱਢਣ ਅਤੇ 23 ਨੂੰ ਹੀ ਨਰਿੰਦਰ ਮੋਦੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੁਤਲੇ ਫੂਕਣ ਦੇ ਕੀਤੇ ਜਬਰਦਸਤ ਐਲਾਨ ਤੋਂ ਬਾਅਦ ਸਰਕਾਰ ਤੇ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਅੰਤ ਸਰਕਾਰ ਨੂੰ ਕਿਸਾਨ ਮਜ਼ਦੂਰ ਰੋਹ ਅੱਗੇ ਗੋਡੇ ਟੇਕਦਿਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਲਈ ਮਜਬੂਰ ਕਰ ਦਿੱਤਾ।



ਦੁਪਹਿਰ ਬਾਰਾਂ ਵਜੇ ਡਿਪਟੀ ਕਮਿਸ਼ਨਰ ਬਠਿੰਡਾ, ਸੀਨੀਅਰ ਪੁਲਿਸ ਕਪਤਾਨ ਬਠਿੰਡਾ ਵੱਲੋਂ ਚੰਡੀਗੜ੍ਹ ਤੋਂ ਮਿਲੇ ਹੁਕਮਾਂ ਉਪਰੰਤ ਕਿਸਾਨ ਮਜ਼ਦੂਰ ਆਗੂਆਂ ਨਾਲ ਮੀਟਿੰਗ ਕਰਕੇ ਪਿਛਲੇ ਕਈ ਦਿਨਾਂ ਤੋਂ ਜਿਹਨਾਂ ਮੰਗਾਂ 'ਤੇ ਅੜੀ ਕੀਤੀ ਹੋਈ ਸੀ, ਉਹ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਤੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ 'ਤੇ ਆਧਾਰਤ ਜਥੇਬੰਦੀਆਂ ਦੇ ਵਫਦ ਨਾਲ ਹੋਈ ਮੀਟਿੰਗ ਵਿੱਚ ਸਰਕਾਰ ਦੀ ਤਰਫੋਂ ਉਹਨਾਂ ਮੰਨਿਆ ਕਿ ਸਰਕਾਰੀ ਸਰਵੇ ਵਿੱਚ ਸ਼ਾਮਲ 4800 ਖੁਦਕੁਸ਼ੀ ਪੀੜਤਾਂ ਦਾ ਰਹਿੰਦਾ ਸਾਰਾ ਬਕਾਇਆ ਅਤੇ ਗੋਬਿੰਦਪੁਰਾ ਵਿੱਚ ਰੁਜ਼ਗਾਰ ਉਜਾੜੇ ਦਾ ਸ਼ਿਕਾਰ ਹੋਏ 200 ਤੋਂ ਉੱਪਰ ਬੇਜ਼ਮੀਨੇ ਮਜ਼ਦੂਰਾਂ ਨੂੰ 6 ਕਰੋੜ ਰੁਪਏ ਦਾ ਮੁਆਵਜਾ ਤੁਰੰਤ ਜਾਰੀ ਕਰਕੇ 21 ਫਰਵਰੀ ਤੋਂ ਇਸਦੀ ਵੰਡ ਕੀਤੀ ਜਾਵੇਗੀ ਅਤੇ ਖੇਤ ਮਜ਼ਦੂਰਾਂ ਨੂੰ ਅਲਾਟ ਕੀਤੇ ਗਏ ਪਲਾਟਾਂ ਦਾ ਹਫਤੇ ਦੇ ਅੰਦਰ ਅੰਦਰ ਕਬਜ਼ਾ ਦੇ ਦਿੱਤਾ ਜਾਵੇਗਾ। ਇਸ ਸਬੰਧੀ ਲਿਖਤੀ ਵਚਨ ਦੇਣ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਇਕੱਠ ਵਿੱਚ ਆ ਕੇ ਐਲਾਨ ਕੀਤਾ ਗਿਆ।



ਦੂਜੇ ਪਾਸੇ ਬੀ.ਕੇ.ਯੂ. ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਨੂੰ ਲੋਕ ਤਾਕਤ ਦੀ ਜਿੱਤ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਕੀਤੇ ਗਏ ਸਮਝੌਤੇ ਨੂੰ ਸਿਰੇ ਚੜ੍ਹਾਉਣ ਦੇ ਲਈ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਸੰਕੇਤਕ ਇਕੱਠ ਜੋ ਸੈਂਕੜਿਆਂ ਵਿੱਚ ਹੋਵੇਗਾ ਬਠਿੰਡੇ ਵਿੱਚ ਡਟਿਆ ਰਹੇਗਾ। ਵਰਨਣਯੋਗ ਹੈ ਕਿ ਕੱਲ੍ਹ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਐਸ.ਕੇ. ਸੰਧੂ ਵੱਲੋਂ ਚੰਡੀਗੜ੍ਹ ਵਿੱਚ ਅਤੇ ਇਸ ਤੋਂ ਪਹਿਲਾਂ 14 ਫਰਵਰੀ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਸਮੇਂ ਇਹ ਸਾਰੀ ਰਾਸ਼ੀ ਜੋ ਕਰੀਬ 70 ਕਰੋੜ ਬਣਦੀ ਹੈ, ਇੱਕਦਮ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਕਿਸਾਨਾਂ ਮਜ਼ਦੂਰਾਂ ਦੇ ਸਖਤ ਐਕਸ਼ਨ ਅਤੇ ਲੰਮੇ ਘੋਲ ਦੇ ਐਲਾਨ ਨੇ ਆਖਰ ਸਰਕਾਰ ਨੂੰ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ।



ਕਿਸਾਨ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਅੱਜ ਦੇ ਫੈਸਲੇ ਤੋਂ ਇਲਾਵਾ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਸਮੇਂ ਕਰਜ਼ਾ ਕਾਨੂੰਨ ਛੇ ਮਹੀਨੇ ਤੋਂ ਪਹਿਲਾਂ ਬਣਾਉਣ, ਕੁਰਕੀਆਂ ਦਾ ਤਹਿਸੀਲਾਂ ਵਿੱਚ ਚੱਲਦਾ ਅਮਲ ਬੰਦ ਕਰਨ, ਸਹਿਕਾਰੀ ਬੈਂਕਾਂ ਵੱਲੋਂ ਮਜ਼ਦੂਰਾਂ ਨੂੰ ਮਿਲਦੇ 25 ਹਜ਼ਾਰ ਰੁਪਏ ਤੇ ਬੈਂਕਾਂ ਵੱਲੋਂ ਮਿਲਦੇ 1 ਲੱਖ ਰੁਪਏ ਦੇ ਕਰਜ਼ੇ 'ਤੇ ਗਾਰੰਟੀ ਦੀ ਸ਼ਰਤ ਖਤਮ ਕਰਨ ਅਤੇ ਖੂਨ ਦੇ ਰਿਸ਼ਤੇ ਵਿੱਚ ਜ਼ਮੀਨ ਤਬਦੀਲ ਕਰਨ ਸਮੇਂ ਲੱਗਦੇ 2 ਫੀਸਦੀ ਅਤੇ 5 ਫੀਸਦੀ ਡਿਊਟੀ ਇੱਕ ਫੀਸਦੀ ਕਰਨ ਦੀ ਮੰਗ ਪ੍ਰਵਾਨ ਕਰ ਲਈ ਸੀ।



ਚੰਡੀਗੜ੍ਹ ਵਿਖੇ ਪ੍ਰਵਾਨ ਹੋਈਆਂ ਮੰਗਾਂ

1.        ਕਰਜ਼ਾ ਕਾਨੂੰਨ ਨੂੰ ਕੈਬਨਿਟ ਦੀ ਸਬ ਕਮੇਟੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਵੱਧ ਤੋਂ ਵੱਧ 6 ਮਹੀਨਿਆਂ ਵਿੱਚ ਕਾਨੂੰਨ ਬਣ ਜਾਵੇਗਾ।

2.         ਕੁਰਕੀਆਂ, ਨਿਲਾਮੀਆਂ ਦਾ ਤਹਿਸੀਲਾਂ ਵਿੱਚ ਚੱਲਦਾ ਅਮਲ ਬੰਦ ਹੋਵੇਗਾ।

3.         ਸਹਿਕਾਰੀ ਬੈਂਕਾਂ ਵੱਲੋਂ ਮਜ਼ਦੂਰਾਂ ਨੂੰ ਮਿਲਦੇ 25 ਹਜ਼ਾਰ ਦੇ ਕਰਜ਼ੇ ਅਤੇ 1 ਲੱਖ ਤੱਕ ਦੇ ਕਰਜ਼ੇ 'ਤੇ ਗਾਰੰਟੀ ਖਤਮ ਹੋਵੇਗੀ। ਇਸ ਦੀ ਬਾਕਾਇਦਾ ਚਿੱਠੀ ਜਾਰੀ ਹੋਵੇਗੀ ਅਤੇ ਜਥੇਬੰਦੀਆਂ ਨੂੰ ਵੀ ਮਿਲੇਗੀ।

4.         ਆਟਾ-ਦਾਲ ਸਕੀਮ ਦਾ ਕੋਟਾ ਜਾਰੀ ਹੋ ਚੁੱਕਾ ਹੈ, ਵੰਡਣਾ ਸ਼ੁਰੂ ਹੋਵੇਗਾ।

5.         ਬਾਪ ਵੱਲੋਂ ਬੱਚਿਆਂ ਦੇ ਨਾਮ ਅਤੇ ਭੈਣਾਂ ਵੱਲੋਂ ਭਰਾਵਾਂ ਦੇ ਨਾਮ ਜ਼ਮੀਨ ਕਰਵਾਉਣ ਸਮੇਂ ਲੱਗਦੀ 2 ਫੀਸਦੀ ਅਤੇ 5 ਫੀਸਦੀ ਡਿਊਟੀ ਹੁਣ ਅੱਗੇ ਤੋਂ 1 ਫੀਸਦੀ ਲੱਗੇਗੀ।

6.         ਮਨਰੇਗਾ ਦੇ ਖੜ੍ਹੇ ਬਕਾਏ ਜਾਰੀ ਹੋਣਗੇ।

7.      ਮਜ਼ਦੂਰ ਘਰਾਂ ਵਿੱਚੋਂ ਪੁੱਟੇ ਗਏ ਮੀਟਰ ਜੋੜਨ ਦੀ ਜੋ ਚਿੱਠੀ ਜਾਰੀ ਹੋ ਚੁੱਕੀ ਹੈ, ਉਹ ਲਾਗੂ ਹੋਵੇਗੀ। ਜਿੱਥੇ ਕਿਤੇ ਅਧਿਕਾਰੀ ਇਉਂ ਨਹੀਂ ਕਰਦੇ, ਉਹਦੇ ਠੋਸ ਕੇਸ ਦੱਸੇ ਜਾਣ, ਤੁਰੰਤ ਕਾਰਵਾਈ ਹੋਵੇਗੀ।



ਦਫਤਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ, ਬਠਿੰਡਾ ਵੱਲੋਂ ਮੰਨੀਆਂ ਮੰਗਾਂ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਖੇਤ ਮਜ਼ਦੂਰ ਯੂਨੀਅਨ ਅਤੇ ਇਹਨਾਂ ਦੀਆਂ ਕੁਝ ਸਹਿਯੋਗੀ ਸੰਸਥਾਵਾਂ ਵੱਲੋਂ ਬਠਿੰਡਾ ਵਿਖੇ ਮਿਤੀ 12-2-2014 ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹਨਾਂ ਦੀ ਮਾਨਯੋਗ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਪੰਜਾਬ, ਜੀ ਨਾਲ ਹੋਈ ਮੀਟਿੰਗ ਅਤੇ ਗੱਲਬਾਤ ਅਨੁਸਾਰ ਹੇਠ ਲਿਖੇ ਫੈਸਲੇ ਲਏ ਗਏ ਹਨ:-

1.        ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ, ਜਿਹਨਾਂ ਦੀ ਸ਼ਨਾਖਤ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ, ਨੂੰ ਉਹਨਾਂ ਦਾ ਬਣਦਾ ਪੂਰਾ ਮੁਆਵਜਾ ਰਾਜ ਸਰਕਾਰ ਵੱਲੋਂ ਮਿਤੀ 20-2-2014 ਤੱਕ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਜਾਵੇਗਾ ਅਤੇ ਡਿਪਟੀ ਕਮਿਸ਼ਨਰਾਂ ਵੱਲੋਂ ਇਹ ਮੁਆਵਜਾ ਪ੍ਰਾਪਤ ਹੋਣ ਤੇ ਅਗਲੇ ਤਿੰਨ ਦਿਨਾਂ ਵਿੱਚ ਹਦਾਇਤਾਂ ਅਨੁਸਾਰ ਹਰ ਹਾਲਤ ਵਿੱਚ ਵੰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹਨਾਂ ਕੇਸਾਂ ਵਿੱਚ ਕਿਸੇ ਕਿਸਮ ਦੀ ਪੜਤਾਲ ਦੀ ਜ਼ਰੂਰਤ ਹੋਵੇਗੀ ਤਾਂ ਇਹ ਪੜਤਾਲਾਂ ਤੁਰੰਤ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

2.      ਪਿੰਡ ਗੋਬਿੰਦਪੁਰਾ (ਜ਼ਿਲ੍ਹਾ ਮਾਨਸਾ) ਵਿਖੇ ਮਜ਼ਦੂਰਾਂ ਨੂੰ ਦਿੱਤਾ ਜਾਣ ਵਾਲਾ ਬਣਦਾ ਮੁਆਵਜਾ ਵੀ ਸਰਕਾਰ ਵੱਲੋਂ ਮਿਤੀ 20-2-2014 ਤੱਕ ਡਿਪਟੀ ਕਮਿਸ਼ਨਰ ਮਾਨਸਾ ਨੂੰ ਭੇਜ ਦਿੱਤਾ ਜਾਵੇਗਾ।

3.        ਪਿੰਡਾਂ ਅੰਦਰ ਜਿਹਨਾਂ ਯੋਗ ਪਰਿਵਾਰਾਂ ਨੂੰ ਪੰਚਾਇਤਾਂ ਵੱਲੋਂ ਪਹਿਲਾਂ ਹੀ ਪੰਜ ਮਰਲੇ ਦੇ ਪਲਾਟ ਦੇ ਦਿੱਤੇ ਗਏ ਹਨ ਅਤੇ ਜਿਹਨਾਂ ਦੇ ਇੰਤਕਾਲ ਮਨਜੂਰ ਹੋ ਚੁੱਕੇ ਹਨ ਜਾਂ ਸੰਨਦਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਉਹਨਾਂ ਪਰਿਵਾਰਾਂ ਨੂੰ ਸਬੰਧਤ ਡਿਪਟੀ ਕਮਿਸ਼ਨਰਾਂ ਵੱੱਲੋਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਜਿਹੇ ਪਲਾਟਾਂ ਦਾ ਕਬਜ਼ਾ ਮਿਤੀ 25-2-2014 ਤੱਕ ਕਰਵਾਇਆ ਜਾਵੇਗਾ।

ਉਪਰੋਕਤ ਮੰਗਾਂ ਮੰਨਣ 'ਤੇ ਸਬੰਧਤ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਵਾਪਸ ਚੁੱਕਣ ਦਾ ਫੈਸਲਾ ਲਿਆ ਗਿਆ।

Monday, February 17, 2014

ਕਿਸਾਨ ਮਜ਼ਦੂਰ ਧਰਨੇ ਦੇ ਛੇਵੇਂ ਦਿਨ , ਸੰਘਰਸ਼ ਵਿੱਚ ਡਟੇ ਰਹਿਣ ਦਾ ਜ਼ੋਰਦਾਰ ਐਲਾਨ



ਕਿਸਾਨ ਮਜ਼ਦੂਰ ਧਰਨੇ ਦੇ ਛੇਵੇਂ ਦਿਨ ਉਮੜਿਆ ਭਾਰੀ ਇਕੱਠ,
ਸੰਘਰਸ਼ ਵਿੱਚ ਡਟੇ ਰਹਿਣ ਦਾ ਜ਼ੋਰਦਾਰ ਐਲਾਨ
 ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਚੰਡੀਗੜ ਵਿੱਚ ਹੋਈ ਗੱਲਬਾਤ ਰਹੀ ਬੇਸਿੱਟਾ

A section of participants





             


        


ਕਿਸਾਨ ਮਜ਼ਦੂਰ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਬਠਿੰਡਾ ਸਾਹਮਣੇ ਚੱਲ ਰਿਹਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਦਿਨ ਪੰਜਾਬ ਦੇ ਕੋਨੇ ਕੋਨੇ ਤੋਂ ਭਾਰੀ ਗਿਣਤੀ ਵਿੱਚ ਖੇਤ ਮਜ਼ਦੂਰ ਕਿਸਾਨ ਤੇ ਵਿਸ਼ੇਸ਼ ਤੌਰ 'ਤੇ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਕਿਸਾਨ ਮਜ਼ਦੂਰ ਜਥੇਬੰਦੀ ਦੇ ਸੱਦੇ 'ਤੇ ਬਠਿੰਡਾ ਧਰਨੇ ਵਿੱਚ ਪੁੱਜੇ ਲੋਕਾਂ ਦੀ ਗਿਣਤੀ ਅੱਜ ਧਰਨੇ ਦੇ ਪਿਛਲੇ ਸਾਰੇ ਦਿਨਾਂ ਨਾਲੋਂ ਟੱਪ ਗਈ। ਦੂਜੇ ਪਾਸੇ ਸਰਕਾਰ ਦੇ ਸੱਦੇ 'ਤੇ ਚੰਡੀਗੜ ਗੱਲਬਾਤ ਲਈ ਗਏ ਵਫ਼ਦ ਨੇ ਫ਼ੋਨ 'ਤੇ ਸੂਚਿਤ ਕੀਤਾ ਕਿ ਗੱਲਬਾਤ ਬੇਸਿੱਟਾ ਰਹੀ। ਵਫ਼ਦ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਲਛਮਣ ਸਿੰਘ ਸੇਵੇਵਾਲਾ ਤੇ ਜਸਵੰਤ ਰਾਏ ਮੁਕਤਸਰ ਸ਼ਾਮਲ ਸਨ। ਜਿਨਾਂ ਨੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਐਸ.ਕੇ.ਸੰਧੂ ਅਤੇ ਹੋਰਨਾਂ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਅੱਜ ਦੀ ਮੀਟਿੰਗ ਦੀ ਕਾਰਵਾਈ ਉੱਪਰ ਕਿਸਾਨ ਮਜ਼ਦੂਰ ਨੁਮਾਇੰਦਿਆਂ ਨੇ ਨਾ-ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਪੇਸ਼ਕਸ਼ਾਂ ਨੂੰ ਦੋਹਾਂ ਜਥੇਬੰਦੀਆਂ ਦੀਆਂ ਸੂਬਾ ਕਮੇਟੀਆਂ ਵਿੱਚ ਵਿਚਾਰਨ ਮਗਰੋਂ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇ।

ਅੱਜ ਧਰਨੇ ਦੌਰਾਨ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਨ ਵਾਲੇ ਸਭਨਾਂ ਬੁਲਾਰਿਆਂ ਨੇ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਸਰਕਾਰੀ ਖੇਤੀ ਸੰਮੇਲਨ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਕੋਕਰੀ ਕਲਾਂ, ਜ਼ੋਰਾ ਸਿੰਘ ਨਸਰਾਲੀ, ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਉਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ਤੇ ਹੋਰ ਤਿੱਖਾ ਹੋਵੇਗਾ। ਧਰਨੇ ਵਿੱਚੋਂ ਬਠਿੰਡੇ ਜਿਲੇ ਦੇ ਨੇੜਲੇ ਪਿੰਡਾਂ ਵਿੱਚ ਗਏ ਕਾਫ਼ਲੇ ਨੂੰ ਮਿਲਿਆ ਹੁੰਗਾਰਾ ਦਰਸਾ ਰਿਹਾ ਹੈ ਕਿ ਮਿਹਨਤਕਸ਼ ਲੋਕਾਂ ਦੀਆਂ ਉਮੀਦਾਂ ਇਸ ਧਰਨੇ 'ਤੇ ਟਿਕੀਆਂ ਹੋਈਆਂ ਹਨ ਕਿਉਂਕਿ ਇਨਾਂ ਸਮੁੱਚੀਆਂ ਮੰਗਾਂ ਦੀ ਪ੍ਰਾਪਤੀ ਹੀ ਉਨਾਂ ਦੀ ਜ਼ਿੰਦਗੀ ਵਿੱਚ ਕੁਝ ਰਾਹਤ ਲਿਆਉਣ ਦਾ ਸਬੱਬ ਬਣ ਸਕਦੀ ਹੈ। ਮਿਹਨਤਕਸ਼ ਕਿਸਾਨ ਮਜ਼ਦੂਰ ਜਨਤਾ ਪੂਰੇ ਜੋਸ਼ ਖਰੋਸ਼ ਤੇ ਪੱਕੇ ਇਰਾਦੇ ਧਾਰ ਕੇ ਧਰਨੇ ਵਿੱਚ ਸ਼ਾਮਲ ਹੋ ਰਹੀ ਹੈ। ਅੱਜ ਦੇ ਧਰਨੇ ਨੂੰ ਦੋਹਾਂ ਜਥੇਬੰਦੀਆਂ ਦੇ ਵੱਖ ਵੱਖ ਜ਼ਿਲਾ ਆਗੂਆਂ ਸੁਖਮੰਦਰ ਸਿੰਘ ਵਜੀਦਪੁਰ, ਨਛੱਤਰ ਸਿੰਘ ਰਣ ਸਿੰਘ ਵਾਲਾ, ਤਰਲੋਕ ਸਿੰਘ ਹਿੰਮਤਪੁਰਾ, ਸੌਦਾਗਰ ਸਿੰਘ ਘੁਡਾਣੀ, ਹੇਮਰਾਜ ਬਾਦਲ, ਬੁੱਕਣ ਸਿੰਘ ਸੱਦੋਵਾਲ, ਰਾਮ ਸਿੰਘ ਭੈਣੀਬਾਘਾ, ਮੇਜਰ ਸਿੰਘ ਕਾਲੇਕੇ, ਹਰਭਗਵਾਨ ਮੂਣਕ, ਪਰਮਜੀਤ ਕੌਰ ਸਲੇਮਗੜ, ਸੁਰਜੀਤ ਕੌਰ ਤੁੰਗਵਾਲੀ, ਕਰਮਜੀਤ ਕੌਰ ਲਹਿਰਾ ਖਾਨਾ ਤੇ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕੀਤਾ। ਇਸ ਤੋਂ ਬਿਨਾਂ ਅੱਜ ਦੇ ਇਕੱਠ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜ਼ਮੀਨ ਖੋਹਣ ਖਿਲਾਫ਼ ਸੰਘਰਸ਼ ਕਰ ਰਹੇ ਭੁੱਲਰ ਭਾਈਚਾਰੇ ਦੇ ਸੰਘਰਸ਼ਸ਼ੀਲ ਲੋਕਾਂ ਦਾ ਇੱਕ ਜਥਾ ਵੀ ਸ਼ਾਮਲ ਹੋਇਆ ਤੇ ਕਿਸਾਨ ਸੰਘਰਸ਼ ਨੂੰ ਹਰ ਤਰਾਂ ਦੇ ਸਮਰਥਨ ਦਾ ਐਲਾਨ ਕੀਤਾ ਤੇ ਭਾਈਚਾਰੇ ਦੇ ਆਗੂ ਬਲਦੇਵ ਸਿੰਘ ਨੇ ਇਕੱਠ ਨੂੰ ਸੰਬੋਧਨ ਕੀਤਾ।
ਜ਼ਿਕਰਯੋਗ ਹੈ ਕਿ ਕਿਸਾਨ ਮਜ਼ਦੂਰ ਪਿਛਲੇ 6 ਦਿਨਾਂ ਤੋਂ ਅਣਮਿਥੇ ਸਮੇਂ ਦੇ ਧਰਨੇ 'ਤੇ ਬੈਠ ਕੇ ਮੰਗ ਕਰ ਰਹੇ ਹਨ ਕਿ:
·        ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਤੁਰੰਤ ਦਿੱਤੇ ਜਾਣ, ਸਰਵੇ ਤੋਂ ਬਾਹਰ ਰਹਿ ਗਏ ਪੀੜਤਾਂ ਨੂੰ     ਵੀ ਸਰਵੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਸਰਵੇ 1990 ਤੋਂ ਕਰਵਾਇਆ ਜਾਵੇ,
·        ਸੂਦਖੋਰੀ ਨੂੰ ਨੱਥ ਮਾਰਦਾ ਕਰਜ਼ਾ ਕਾਨੂੰਨ ਬਣਾਇਆ ਜਾਵੇ, ਕਰਜ਼ੇ ਮੋੜਨ ਤੋਂ ਬੇਵੱਸ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕੀਤੇ ਜਾਣ, ਮੂਲ ਤੋਂ ਵੱਧ ਵਿਆਜ਼ ਵਸੂਲਣ ਤੇ ਕਰਜ਼ੇ ਬਦਲੇ ਕੁਰਕੀਆਂ ਗ੍ਰਿਫ਼ਤਾਰੀਆਂ 'ਤੇ ਰੋਕ ਲਾਈ ਜਾਵੇ,
·      ਗੋਬਿੰਦਪੁਰਾ (ਮਾਨਸਾ) ਦੇ ਰੁਜ਼ਗਾਰ ਉਜਾੜੇ ਮੂੰਹ ਧੱਕੇ 150 ਮਜ਼ਦੂਰ ਪਰਿਵਾਰਾਂ ਨੂੰ 3-3 ਲੱਖ ਰੁਪਏ ਦਾ ਮੁਆਵਜ਼ਾ ਦੇਣ ਸਣੇ ਪੂਰਾ ਜ਼ਮੀਨੀ ਸਮਝੌਤਾ ਲਾਗੂ ਕੀਤਾ ਜਾਵੇ,
·        ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਨੂੰ ਘਰੇਲੂ ਲੋੜਾਂ ਅਤੇ ਸਵੈ ਰੁਜ਼ਗਾਰ ਲਈ ਅਤੇ ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਫ਼ਸਲੀ ਕਰਜ਼ੇ ਵੀ ਬਿਨਾਂ ਵਿਆਜ਼ ਤੋਂ ਦਿੱਤੇ ਜਾਣ,
·        ਜਗੀਰਦਾਰਾਂ, ਸੂਦਖੋਰਾਂ ਆੜਤੀਆਂ, ਫਾਈਨਾਂਸ ਕੰਪਨੀਆਂ ਅਤੇ ਖੇਤੀ ਲਾਗਤ ਵਸਤਾਂ ਦੇ ਵਪਾਰੀਆਂ ਵਗੈਰਾ ਨੂੰ 4 ਪ੍ਰਤੀਸ਼ਤ ਸਾਲਾਨਾ ਵਿਆਜ਼ ਵਾਲੇ ਖੇਤੀ ਕਰਜ਼ਿਆਂ ਦੀ ਸੂਚੀ ਵਿੱਚੋਂ ਬਾਹਰ ਕੱਢਿਆ ਜਾਵੇ।
·        ਜ਼ਮੀਨੀ ਸੁਧਾਰ ਪੂਰੀ ਤਰਾਂ ਲਾਗੂ ਕੀਤੇ ਜਾਣ,
·        ਬੇਘਰੇ ਲੋਕਾਂ ਨੂੰ ਪਲਾਟ ਦਿੱਤੇ ਜਾਣ,
·        ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ਉੱਪਰ ਕਾਬਜ਼ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ,
·        ਆਟਾ ਦਾਲ ਸਕੀਮ ਬਿਨਾਂ ਸ਼ਰਤ ਚਾਲੂ ਕੀਤੀ ਜਾਵੇ,
·        ਪੰਜ ਏਕੜ ਤੋਂ ਘੱਟ ਮਾਲਕੀ ਵਾਲੇ ਸੱਤਰ ਹਜ਼ਾਰ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਕੁਨੈਕਸ਼ਨ ਸਰਕਾਰੀ ਖਰਚੇ 'ਤੇ ਤੁਰੰਤ ਜਾਰੀ ਕੀਤੇ ਜਾਣ,
·        ਆਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ,
·        ਮਨਰੇਗਾ ਤਹਿਤ ਪੂਰਾ ਸਾਲ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ ਅਤੇ ਪੰਜ ਏਕੜ ਤੱਕ ਖੇਤੀ ਦੇ ਸਾਰੇ ਕੰਮ ਮਨਰੇਗਾ ਅਧੀਨ ਲਿਆਂਦੇ ਜਾਣ,
·        ਘਰੇਲੂ ਬਿਜਲੀ ਬਿਲਾਂ ਦੀ ਮੁਆਫ਼ੀ ਉੱਤੇ ਲਾਈ ਜਾਤ ਪਾਤ ਤੇ ਲੋਡ ਦੀ ਸ਼ਰਤ ਖ਼ਤਮ ਕੀਤੀ ਜਾਵੇ ਅਤੇ ਪਿਛਲੇ ਬਕਾਏ ਵੀ ਖ਼ਤਮ ਕੀਤੇ ਜਾਣ,
·        ਸੰਘਰਸ਼ ਕਰਨ 'ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ,
·        ਆਵਾਰਾਂ ਗਊਆਂ ਤੇ ਹੋਰ ਪਸ਼ੂਆਂ ਦੀ ਸੰਭਾਲ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।

ਧਰਨੇ ਵਿੱਚ ਗੂੰਜੀਆਂ ਸੰਗੀਤਕ ਧੁਨਾਂ, 'ਜਾਗੋ' ਕੈਸੇਟ ਰਿਲੀਜ਼
ਇਸ ਅਣਮਿਥੇ ਸਮੇਂ ਦੇ ਧਰਨੇ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਬਠਿੰਡਾ ਇਕਾਈ ਲੋਕ ਸੰਗੀਤ ਮੰਡਲੀ ਬਠਿੰਡਾ ਵੱਲੋਂ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਕਲਮ ਤੋਂ ਲਿਖੇ ਗੀਤਾਂ ਦੀ ਆਡੀਓ ਕੈਸੇਟ 'ਜਾਗੋ' ਜਾਰੀ ਕੀਤੀ ਗਈ। ਇਨਾਂ ਗੀਤਾਂ ਨੂੰ ਆਵਾਜ਼ ਨਵਦੀਪ ਧੌਲਾ ਅਤੇ ਜਸਵੰਤ ਦੀਵਾਨਾ ਨੇ ਦਿੱਤੀ ਅਤੇ ਕੈਸੇਟ ਦਾ ਸੰਗੀਤ ਲੋਕ ਬੰਧੂ ਨੇ ਦਿੱਤਾ ਹੈ। ਵੇਖਦੇ ਹੀ ਵੇਖਦੇ ਇਹ ਕੈਸੇਟ ਭਰੇ ਪੰਡਾਲ ਵਿੱਚੋਂ ਲੋਕ ਮਠਿਆਈਆਂ ਵਾਂਗ ਖਰੀਦ ਕੇ ਲੈ ਗਏ।

ਸੁਖਦੇਵ ਸਿੰਘ ਕੋਕਰੀ ਕਲਾਂ General Secretary BKU Ekta (Ugrahan) Mob.: 94174-66038
ਲਛਮਣ ਸਿੰਘ General Secretary Punjab Khet Mazdoor Union  Mob: 94170-79170

Monday, September 16, 2013

ਜਮੀਨ ਪ੍ਰਾਪਤੀ, ਕਰਜ਼ਾ ਮੁਕਤੀ ਤੇ ਖੁਦਕੁਸ਼ੀਆਂ ਦੇ ਮੁੱਦੇ 'ਤੇ ਕਿਸਾਨਾਂ ਤੇ ਖੇਤ ਮਜਦੂਰਾਂ ਨੇ ਦਿੱਤੇ ਧਰਨੇ



ਜਮੀਨ ਪ੍ਰਾਪਤੀ, ਕਰਜ਼ਾ ਮੁਕਤੀ ਤੇ ਖੁਦਕੁਸ਼ੀਆਂ ਦੇ ਮੁੱਦੇ 'ਤੇ
    ਕਿਸਾਨਾਂ ਤੇ ਖੇਤ ਮਜਦੂਰਾਂ ਨੇ ਦਿੱਤੇ ਡੀ ਸੀ ਦਫਤਰਾਂ ਅੱਗੇ ਧਰਨੇ
Lachhaman Singh Sewewala addressing Dharna at Mukatsar

ਜਮੀਨਾਂ ਦੀ ਤੋਟ, ਕਰਜਿਆਂ ਦੇ ਬੋਝ ਤੇ ਆਰਥਿਕ ਤੰਗੀਆਂ ਦੇ ਸਤਾਏ ਖੁਦਕਸ਼ੀਆਂ ਕਰ ਗਏ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਹਜ਼ਾਰਾਂ ਪਰਿਵਾਰਾਂ ਵੱਲੋ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੱਦੇ 'ਤੇ ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਸੰਗਰੂਰ, ਬਰਨਾਲਾ, ਮਾਨਸਾ, ਫਾਜਿਲਕਾ, ਫਿਰੋਜ਼ਪੁਰ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਆਪਣੀਆਂ ਮੰਗਾਂ ਸਬੰਧੀ ਪੈਰਵੀ ਧਰਨੇ ਦਿੱਤੇ ਗਏ। ਇਹ ਜਾਣਕਾਰੀ ਦੋਹਾਂ ਜਥੇਬੰਦੀਆਂ ਦੇ ਜਰਨਲ ਸਕੱਤਰਾਂ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਸ੍ਰੀ ਲਛਮਣ ਸਿੰਘ ਸੇਵੇਵਾਲਾ ਵੱਲੋ ਇਥੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਰਾਂਹੀ ਦਿੱਤੀ ਗਈ।

ਇਹਨਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰਾਂ ਨੂੰ ਕਾਲੇ ਕਾਨੂੰਨਾਂ ਤੇ ਡਾਂਗ ਦੇ ਜ਼ੋਰ ਖੋਹ ਰਹੀ ਹੈ ਜਿਸਦੀ ਉਘੜਵੀ ਮਿਸਾਲ ਅੰਮ੍ਰਿਤਸਰ ਚ 49 ਤੇ ਤਰਨਤਾਰਨ ਚ 10 ਕਿਸਾਨਾਂ ਨੂੰ ਸੰਗੀਨ ਦੋਸਾਂ 'ਚ ਜੇਲੀ ਡੱਕਣ ਤੋ ਇਲਾਵਾ ਪੰਜਾਬ ਭਰ ਚ ਪ੍ਰਸਾਸਨਿਕ ਦਫਤਰਾਂ ਅੱਗੇ ਰੋਸ ਵਿਖਾਵਿਆ ਤੇ ਪਾਬੰਦ ਮੜਨਾ ਹੈ। ਓਹਨਾਂ ਕਿਹਾ ਕਿ ਜਮੀਨਾਂ ਦੀ ਅਣਸਾਵੀ ਫੰਡ, ਕਰਜਿਆਂ ਦੇ ਭਾਰੀ ਬੋਝ ਤੇ ਆਰਥਿਕ ਤੰਗੀਆਂ ਦੇ ਸਤਾਏ ਲੱਖਾਂ ਕਿਸਾਨ ਮਜਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ, ਜਿਹਨਾਂ ਕੋਲ ਸੰਘਰਸ਼ ਤੋ ਬਿਨਾਂ ਕੋਈ ਚਾਰਾ ਨਹੀ।
 
ਬੁਲਾਰਿਆਂ ਨੇ ਦੋਸ਼ ਲਾਇਆ ਕਿ ਅਕਾਲੀ ਭਾਜਪਾ ਸਰਕਾਰ ਸਮੇਤ ਵਖ ਵੱਖ ਸਰਕਾਰਾਂ ਨੇ ਨਾਂ ਤਾਂ ਜਮੀਨੀ ਹੱਦ ਬੰਦ ਕਾਨੂੰਨ ਲਾਗੂ ਕੀਤਾ ਜੀਹਦੇ ਤਹਿਤ
 ਪੰਜਾਬ ਚ ਹੀ ਸਰਕਾਰੀ ਰਿਕਾਰਡ ਮੁਤਾਬਿਕ ਪੌਣੇ ਸਤਾਰਾਂ ਲੱਖ ਏਕੜ ਦੇ ਕਰੀਬ ਜਮੀਨ ਵੰਡਣ ਲਈ ਨਿਕਲਦੀ ਹੈ, ਨਾਂ ਹੀ ਸਾਢੇ ਚਾਰ ਸਾਲ ਪਹਿਲਾਂ ਪ੍ਰਵਾਨ ਕੀਤੀਆਂ ਮੰਗਾਂ ਅਨੁਸਾਰ ਮਜਦੂਰ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਇਆ ਗਿਆ। ਹੋਰ ਤਾਂ ਹੋਰ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ ਦੇ ਕੈਬਨਿਟ ਵੱਲੋ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਮੁਆਵਜ਼ੇ ਤੇ ਨੌਕਰੀ ਤੋ ਵਾਂਝੇ ਇਹ ਪੀੜਤ ਪਰਿਵਾਰ ਦਰ ਦਰ ਭਟਕ ਰਹੇ ਹਨ। ਪੰਜਾਬ ਚ ਇਕ ਲੱਖ ਦੇ ਕਰੀਬ ਖੁਦਕੁਸ਼ੀਆਂ ਹੋਣ ਦੇ ਬਾਵਜੂਦ ਸਰਕਾਰੀ ਸਰਵੇ 'ਚ ਮਹਿਜ 4800 ਦੇ ਲੱਗਭੱਗ ਦਰਜ਼ ਕਰਕੇ ਖਾਨਾ ਪੂਰਤੀ ਕੀਤੀ ਗਈ ਹੈ ਪਰ ਇਹਨਾਂ ਨੂੰ ਵੀ ਪੂਰਾ ਮੁਆਵਜ਼ਾ ਨਹੀ ਦਿੱਤਾ ਜਾ ਰਿਹਾ।

ਬੁਲਾਰਿਆਂ ਨੇ ਆਖਿਆ ਕਿ ਤਿੱਖੇ ਜਮੀਨੀ ਸੁਧਾਰ ਕਰਕੇ ਜਮੀਨਾਂ ਦੀ ਮੁੜ ਵੰਡ ਕਰਨ ਖੇਤੀ ਲਾਗਤ ਵਸਤਾਂ ਨੂੰ ਸਰਕਾਰੀ ਕਟਰੋਲ ਹੇਠ ਲਿਆਉਣ, ਫਸਲਾਂ ਦੀ ਸਰਕਾਰੀ ਖ੍ਰੀਦ ਯਕੀਨੀ ਬਣਾਉਣ, ਕੁਦਰਤੀ ਆਫਤਾਂ ਦਾ ਪੂਰਾ ਮੁਆਵਜ਼ਾ ਦੇਣ, ਮਜਦੂਰ-ਕਿਸਾਨ ਪੱਖੀ ਕਰਜ਼ਾ ਨੀਤੀ ਬਣਾਉਣ ਆਦਿ ਵਰਗੇ ਕਦਮ ਚੁੱਕਣ ਨਾਲ ਹੀ ਖੁਦਕੁਸ਼ੀਆਂ ਵਰਗੇ ਵਰਤਾਰੇ ਨੂੰ ਠੱਲ ਪੈ ਸਕਦੀ ਹੈ, ਕਿਸਾਨਾਂ ਮਜਦੂਰਾਂ ਤੇ ਦੇਸ ਦੀ ਤਰੱਕੀ ਹੋ ਸਕਦੀ ਹੈ।

ਇਹਨਾਂ ਧਰਨਿਆਂ ਨੂੰ ਬੀ ਕੇ ਯੂ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਝੰਡਾ ਸਿੰਘ ਜੇਠੂਕੇ, ਬੂਟਾ ਸਿੰਘ ਫਰੀਦਕੋਟ, ਹਰਦੀਪ ਸਿੰਘ ਟੱਲੇਵਾਲ, ਮੇਜ਼ਰ ਸਿੰਘ ਕਾਲੇਕੇ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ, ਗੁਰਮੇਲ ਕੌਰ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਜਿਲੇ ਵਿੱਚ ਬਿਜਲੀ ਮੀਟਰ ਬਾਹਰ ਕੱਢਣ ਦਾ ਵਿਰੋਧ ਕਰਦੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ 20 ਸਤੰਬਰ ਨੂੰ 12 ਵਜੇ ਤੋ 3 ਵਜੇ ਤੱਕ ਪੰਜਾਬ ਭਰ ਵਿੱਚ ਸੜਕੀ ਆਵਾਜਾਈ ਜਾਮ ਕੀਤੀ ਜਾਵੇਗੀ।

ਇਹਨਾਂ ਧਰਨਿਆਂ ਦੌਰਾਣ ਵਿਦਿਆਰਥੀਆਂ ਤੇ ਲਾਠੀਚਾਰਜ਼ ਕਰਨ ਤੇ ਕੁੱਝ ਅਖੌਤੀ ਕਿਸਾਨ ਆਗੂਆਂ ਵੱਲੋ ਜਮੀਨੀ ਹੱਦ ਬੰਦੀ ਖਤਮ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਪੁਰਜ਼ੋਰ ਨਿਖੇਧੀ ਦੇ ਮਤੇ ਪਾਸ ਕੀਤੇ ਗਏ।

ਇਸ ਮੌਕੇ ਭੇਜੇ ਮੰਗ ਪੱਤਰਾਂ ਰਾਂਹੀ ਮੰਗ ਕੀਤੀ ਗਈ ਕਿ:
  • ਪ੍ਰਸਾਸ਼ਨਿਕ ਦਫਤਰਾਂ ਅੱਗੇ ਧਰਨਿਆਂ ਤੇ ਲਾਈ ਪਾਬੰਦੀ ਖਤਮ ਕਰੋ,
  • ਫੜੇ ਗਏ ਸਾਰੇ ਕਿਸਾਨ ਆਗੂ ਰਿਹਾਅ ਕਰੋ, 
  • ਜਮੀਨੀ ਸੁਧਾਰ ਲਾਗੂ ਕਰੋ, 
  • ਕਰਜ਼ਾ ਭਰਨੋ ਅਸਮੱਰਥ ਕਿਸਾਨਾਂ ਮਜਦੂਰਾਂ ਦੇ ਸਾਰੇ ਕਰਜ਼ੇ ਖਤਮ ਕਰੋ, 
  • ਖੁਦਕੁਸ਼ੀ ਪੀੜਤਾਂ ਨੂੰ ਦੋ ਦੋ ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦਿਓ,
  • ਸਰਵੇ ਤੋ ਬਾਹਰ ਸਾਰੀਆਂ ਖੁਦਕੁਸ਼ੀਆਂ ਨੂੰ ਦਰਜ਼ ਕਰੋ, ਇਹਨਾਂ ਦੇ ਕਰਜ਼ੇ ਖਤਮ ਕਰੋ,
  • ਖੇਤ ਮਜਦੂਰਾਂ ਤੇ ਬੇਜਮੀਨੇ ਕਿਸਾਨਾਂ ਨੂੰ ਘਰੇਲੂ ਲੋੜਾਂ ਲਈ 1 ਲੱਖ ਰੁਪਏ ਤੇ ਸਵੈ ਰੁਜ਼ਗਾਰ ਲਈ ਪੰਜ ਲੱਖ ਰੁਪਏ ਕਰਜ਼ੇ ਬਿਨਾਂ ਵਿਆਜ਼ ਤੇ ਬਿਨਾਂ ਗਰੰਟੀ ਤੇ ਦਿਓ, 
  • ਕਰਜ਼ੇ ਚ ਕੁਰਕੀਆਂ ਗ੍ਰਿਫਤਾਰੀਆਂ ਬੰਦ ਕਰੋ, ਪਹਿਲਾਂ ਕੀਤੀਆਂ ਕੁਰਕੀਆਂ ਰੱਦ ਕਰੋ,
  • ਸਹਿਕਾਰੀ ਸਭਾਵਾਂ ਦੇ ਮੇਬਰ ਖੇਤ ਮਜਦੂਰਾਂ ਤੇ ਬੇਜਮੀਨਿਆਂ ਨੂੰ ਮਿਲਦੇ 25 ਹਜ਼ਾਰ ਰੁਪਏ ਦੇ ਕਰਜ਼ੇ ਤੇ 14 ਪ੍ਰਤੀਸ਼ਤ ਦੀ ਥਾਂ 4 ਪ੍ਰਤੀਸ਼ਤ ਸਾਲਾਨਾ ਲਾਗੂ ਕਰੋ,
  • ਖੇਤੀ ਲਾਗਤ ਵਸਤਾਂ ਦੇ ਸਨਤਕਾਰਾਂ, ਵਪਾਰੀਆਂ, ਸੂਦਖੋਰਾਂ ਤੇ ਫਾਇਨਾਂਸ ਕੰਪਨੀਆਂ ਨੂੰ ਖੇਤੀ ਦੇ ਨਾਮ ਤੇ ਸਸਤੇ ਕਰਜ਼ੇ ਦੇਣੇ ਬੰਦ ਕਰੋ,
  • ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦਿਓ,
  • ਪੰਚਾਇਤੀ ਤੇ ਸਾਮਲਾਟ ਜਮੀਨਾਂ ਤੇ ਕਾਬਜ ਮਜਦੂਰਾਂ ਕਿਸਾਨਾਂ ਨੂੰ ਮਾਲਕੀ ਹੱਕ ਦਿਓ, ਧਨਾਢਾਂ ਤੇ ਜਗੀਰਦਾਰਾਂ ਦੇ ਕਬਜ਼ੇ ਖਤਮ ਕਰੋ।

                                     ਜ਼ਾਰੀ ਕਰਤਾ
  • ਸੁਖਦੇਵ ਸਿੰਘ ਕੋਕਰੀ ਕਲਾਂ  ਜਰਨਲ ਸਕੱਤਰ           ਲਛਮਣ ਸਿੰਘ ਸੇਵੇਵਾਲਾ ਜਰਨਲ ਸਕੱਤਰ
    ਭਾਰਤੀ ਕਿਸਾਨ ਯੁਨੀਅਨ ਏਕਤਾ (9417466038)  ਪੰਜਾਬ ਖੇਤ ਮਜਦੂਰ ਯੂਨੀਅਨ (941707917)

Saturday, March 5, 2011

ਚਾਰ ਵਾਰ ਮੁੱਖ ਮੰਤਰੀ ਬਣੇ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਨੇੜਲੇ ਪਿੰਡ ਫਤੂਹੀਵਾਲਾ ਦੇ ਮਜ਼ਦੂਰਾਂ ਦੀ ਦਰਦਨਾਕ ਹਾਲਤ ਦੀ ਕਹਾਣੀ

ਕੰਮੀਆਂ ਦੇ ਵਿਹੜੇ ਦੀ ਲਾਲੀ 'ਤੇ ਕਰਜ਼ੇ ਦਾ ਪ੍ਰਛਾਵਾਂ

"ਯਹ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ.. . . . . . . ."

Dalit landless labourers' suicides in Punjabਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਚੁੱਕੇ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ,ਜਿਲ੍ਹਾ ਮੁਕਤਸਰ ਤੋਂ ਵਲ 6 ਕਿਲੋਮੀਟਰ ਪਿੰਡ ਫਾਤੂਹੀਵਾਲਾ ਵਿੱਚ ਕਰਜ਼ੇ ਕਾਰਣ ਖ਼ੁਦਕੁਸੀਆਂ ਕਰ ਗਏ ਕਿਰਤੀਆਂ ਦੀਆਂ ਵਿਧਵਾਵਾਂ ਅਤੇ ਯਤੀਮ ਬੱਚਿਆਂ ਦਾ ਇਕੱਠ ਤੁਹਾਡਾ ਸਵਾਗਤ ਕਰਦਾ ਹੈ। ਬੇਆਸ, ਨਿਰਾਸ਼, ਸੁੰਨੀਆਂ ਅੱਖਾਂ ਕੋਲ ਪੁੱਜੇ ਪਰ ਆਦਮੀ ਵੱਲ ਕਿਸੇ ਉਮੀਦ ਦੀ ਆਸ ਨਾਲ ਤੱਕਦੀਆਂ ਹਨ। ਪਿੱਛਲੇ ਡੇਢ ਦਹਾਕੇ ਵਿੱਚ ਹੀ ਕਰਜ਼ੇ ਦੇ ਵੱਧਦੇ ਭਾਰ ਕਾਰਣ 15 ਦੇ ਕਰੀਬ ਇਕੱਲੇ ਮਜ਼ਦੂਰਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ। ਇੱਕ-ਦੋ ਨੂੰ ਛੱਡ ਕੇ ਬਾਕੀਆਂ ਦੀ ਉਮਰ ਚੜ੍ਹਦੀ ਜਵਾਨੀ ਵਾਲੀ 22 ਸਾਲ ਤੋਂ 28 ਸਾਲ ਦੇ ਵਿਚਾਲੇ ਹੈ , ਜਿਨ੍ਹਾਂ ਵਿੱਚੋਂ ਚਾਰ ਅਜੇ ਕੁਆਰੇ ਹੀ ਸਨ ਅਤੇ 5 ਤੋਂ 7 ਅਜਿਹੇ ਸਨ ਜਿਨ੍ਹਾਂ ਦੇ ਵਿਆਹਾਂ ਨੂੰ ਕੇਵਲ ਕੁਝ ਮਹੀਨੇ ਜਾਂ 1 ਤੋਂ 3 ਸਾਲ ਹੀ ਹੋਏ ਸਨ। ਲੰਬੀ ਜ਼ਿੰਦਗੀ ਭਰ ਦਾ ਰਾਡੇਂਪਾ, ਉੱਤੋਂ ਅਥਾਹ ਗਰੀਬੀ ਵਿੱਚ ਦੋ ਡੰਗ ਲਈ ਚੁੱਲਾ ਤੱਪਦਾ ਰੱਖਣਾ ਵੀ ਮੁਹਾਲ ਅਤੇ ਕਰਜ਼ੇ ਦਾ ਜ਼ਹਿਰੀਲੇ ਨਾਗ ਦੇ ਢੰਗ ਹਰ ਕਦਮ-ਕਦਮ 'ਤੇ ਉਨ੍ਹਾਂ ਲਈ ਚਣੌਤੀ ਹੈ, ਵਿਧਵਾਵਾਂ ਕੋਲ ਗੱਲ ਛੇੜਨ ਦੀ ਹੀ ਲੋੜ ਸੀ ਫਿਰ ਤਾਂ ਉਨ੍ਹਾਂ ਦੀਆਂ ਅੱਖ਼ਾਂ ਵਿੱਚੋਂ ਹੰਝੂ ਨਹੀਂ ਰੁਕਦੇ। ਕਰਜ਼ੇ ਕਾਰਣ ਸਲਫ਼ਾਸ ਨਿਘਲ ਜਾਣ ਵਾਲਿਆਂ ਦੇ ਪੁੱਤਰ-ਪੁੱਤਰੀਆਂ ਜਾਂ ਤਾਂ ਉਸ ਸਮੇਂ ਮਾਵਾਂ ਦੀ ਬੁੱਕਲ ਵਿੱਚ ਸਨ ਜਾਂ ਉਨ੍ਹਾਂ ਦੇ ਪੇਟ ਵਿੱਚ, ਇਨ੍ਹਾਂ ਸਭ ਨੂੰ ਵਿਰਾਸਤ ਵਿੱਚ ਕਰਜ਼ੇ ਦੇ ਢੇਰ ਅਤੇ ਗਰੀਬੀ ਤੋਂ ਸਿਵਾਏ ਕੁਝ ਨਹੀਂ ਮਿਲਿਆ। ਕਰਜ਼ੇ ਦੇ ਜਾਲ ਵਿੱਚ ਫਸੇ ਇਨ੍ਹਾਂ ਦੇ ਬੱਚੇ ਅਨਪੜ੍ਹ, ਸਾਲ ਵਿੱਚ ਕੁਝ ਮਹੀਨਿਆਂ ਲਈ ਦਿਹਾੜੀਦਾਰ, ਮਾਨਸਿਕ ਤਣਾਓ ਵਿੱਚ ਜਿੰਦਗੀ ਨੂੰ ਧੱਕੇ ਦੇ ਰਹੇ ਹਨ। ਇਨ੍ਹਾਂ ਪਰਿਵਾਰਾਂ ਕੋਲ ਨਾ ਜਿੰਦਗੀ ਦਾ ਕੋਈ ਉਦੇਸ਼ ਹੈ, ਨਾ ਜਿੰਦਗੀ ਜਿਉਂਣ ਲਈ ਬੁਨਿਆਦੀ ਜਰੂਰਤਾਂ ਹਨ। ਬੱਸ ਜੇ ਹੈ ਤਾਂ ਵਿਰਾਸਤ ਵਿੱਚ ਮਿਲਿਆ ਕਰਜ਼ਾ ਜੋ ਅਮਰਵੇਲ ਵਾਂਗ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਜਾਪਦਾ ਹੈ ਕਿ ਹੁਣ ਕਰਜ਼ੇ ਦੇ ਕਾਲੇ ਦੈਂਤ ਨੇ ਕੰਮਿਆਂ ਦੇ ਵਿਹੜੇ ਵਿੱਚੋਂ ਮੱਘਦੇ ਸੂਰਜ ਦੀ ਲਾਲੀ 'ਤੇ ਕਾਲਾ ਪ੍ਰਛਾਵਾ ਪਾਇਆ ਹੈ।
ਅਠਾਰਾ-ਉਨੀ ਸਾਲ ਦੀ ਨੌਜਵਾਨ ਮਜ਼ਦੂਰ ਦੀ ਧੀ ਸੰਦੀਪ ਕੌਰ ਅਤੇ ਉਸ ਦੀ ਮਾਂ ਬਲਜੀਤ ਕੌਰ ਦੋ ਡੰਗ ਚੁੱਲੇ ਵਿੱਚ ਅੱਗ ਪਾਉਣ ਲਈ ਜਦੋ-ਜਹਿਦ ਕਰ ਰਹੀਆਂ, ਸੰਦੀਪ ਕੌਰ ਉਸ ਸਮੇਂ ਮਾਂ ਦੇ ਪੇਟ ਵਿੱਚ ਹੀ ਸੀ ਜਦੋਂ ਉਸ ਦਾ ਪਿਤਾ ਪਵਨ ਸਿੰਘ ਪੁੱਤਰ ਗੁਰਬਖ਼ਸ ਸਿੰਘ ਆਪਣੇ ਵਿਆਹ ਤੋਂ ਕੇਵਲ ਇੱਕ ਸਾਲ ਮਗਰੋਂ ਹੀ ਭਰ ਜੁਵਾਨੀ ਵਿੱਚ 20 ਸਾਲ ਦੀ ਉਮਰ ਵਿੱਚ ਹੀ ਕਰਜ਼ੇ ਕਾਰਣ ਫਾਹਾ ਲੈ ਗਿਆ। ਬਲ+ਜੀਤ ਆਪਣੇ ਬਲ ਨਾਲ ਜਿੰਦਗੀ ਜਿੱਤ ਨਹੀਂ ਸਕਦੀ, ਉਸ ਦਾ ਸਭ ਕੁਝ ਕਰਜ਼ੇ ਦੀ ਦਰਿੰਦਗੀ ਨੇ ਹੜ੍ਹੱਪ ਕਰ ਲਿਆ। ਪਰਿਵਾਰ ਸਿਰ 40-50 ਹਜ਼ਾਰ ਰੁਪਏ ਦਾ ਕਰਜ਼ਾ ਸੀ। ਜਿੰਦਗੀ ਲੀਂਹ 'ਤੇ ਲੈ ਕੇ ਆਉਂਣ ਖਾਤਰ ਉਨ੍ਹਾਂ ਨੇ ਆਪਣਾ 5-6 ਤੋਲਾ ਸੋਨੇ ਦਾ 20 ਕੁ ਹਜ਼ਾਰ ਰੁਪਏ ਵਿੱਚ ਵੇਚਿਆ ਪਰ ਅਖੀਰ ਇਸ ਕਰਜ਼ੇ ਨੇ 10 ਮਾਰਚ 1992 ਨੂੰ ਉਸ ਦੇ ਸੁਹਾਗ ਦੀ ਬਲੀ ਲੈ ਲਈ। ਹੁਣÎ ਵੀ ਇਹ ਪਰਿਵਾਰ 20-25 ਹਜ਼ਾਰ ਰੁਪਏ ਦਾ ਕਰਜ਼ਈ ਹੈ।

ਸੁਖਵਿੰਦਰ ਕੌਰ ਆਪਣੀਆਂ ਤਿੰਨ ਬੇਟੀਆਂ ਸਮੇਤ ਪਿੰਡ ਦੇ ਜਿਮੀਂਦਾਰਾਂ ਦੇ ਘਰਾਂ ਅਤੇ ਵਾੜਿਆਂ ਦਾ ਗੋਹਾ-ਕੂੜਾ ਕਰਕੇ ਆਪਣੇ ਪੇਟ ਦੀ ਅੱਗ ਬੁਝਾਉਂਣ ਦੀ ਕੋਸ਼ਿਸ਼ ਵਿੱਚ ਹੈ। 50-60 ਹਜ਼ਾਰ ਦਾ ਕਰਜ਼ਾ ਅਜੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ। ਵਿਰਾਸਤ ਵਿੱਚ ਕਰਜ਼ਈ ਹੋਈਆਂ ਇਹ ਗੁੱਡੀਆਂ ਉਸ ਸਮੇਂ ਬਚਪਨ ਵਿੱਚ ਹੀ ਮਸਤ ਸਨ ਕਿ ਇਨ੍ਹਾਂ ਦੇ ਪਿਤਾ ਰਾਜੂ ਸਿੰਘ 25 ਸਾਲ ਦੀ ਉਮਰ ਵਿੱਚ ਸੰਨ 2000 ਵਿੱਚ ਡੇਢ ਲੱਖ ਦੇ ਕਰੀਬ ਕਰਜ਼ਾ ਨਾ ਦੇਣ ਕਰਕੇ ਕੀਟ ਨਾਸਕ ਦਵਾਈ ਨਿਘਲ ਗਿਆ, ਉਹ ਅੱਠ ਦਿਨ ਹਸਪਤਾਲ ਵਿੱਚ ਜਿੰਦਗੀ ਮੌਤ ਵਿਚਾਲੇ ਸੰਘਰਸ਼ ਕਰਦਾ ਰਿਹਾ, ਤੜ੍ਹਫਤਦਾ ਰਿਹਾ, ਉਸ ਦੇ ਇਲਾਜ਼ 'ਤੇ ਲੱਗਿਆ ਦੋ ਲੱਖ ਰੁਪਏ ਨੇ ਕਰਜ਼ੇ ਦਾ ਗਰਾਫ਼ ਹੋਰ ਵਧਾ ਦਿੱਤਾ, ਅਖੀਰ ਮੌਤ ਜਿੱਤ ਗਈ । ਸੁਖਵਿੰਦਰ ਨੇ ਜਿੰਦਗੀ ਵਿੱਚ ਕਦੇ ਸੁੱਖ ਨਾ ਪਾਇਆ ਉਹ ਕਹਿੰਦੀ ਹੈ ਕਿ ਬਾਕੀ ਦੀ ਜਿੰਦਗੀ ਅਤੇ ਬੱਚੀਆਂ ਦੀ ਜਿੰਦਗੀ ਅੱਗੇ ਵੀ ਹਨੇਰ ਤੋਂ ਸਿਵਾਏ ਕੱਖ ਨਹੀਂ ਹੈ।

''ਇਸ ਜਿੰਦਗੀ ਨਾਲੋਂ ਤਾਂ ਚੰਗਾ ਸੀ ਕਿ ਉਹ ਮੈਂਨੂੰ ਵੀ ਜ਼ਹਿਰ ਦੇ ਦਿੰਦਾ ਤਾਂ ਕੰਮ ਨਿਬੜ ਜਾਂਦਾ।'' ਆਪਣੇ ਝੁਰੜੀਆਂ ਵਾਲੇ ਚਿਹਰੇ, ਖਿਲਰੇ ਵਾਲਾਂ 'ਤੇ ਬਿਆਈਆਂ ਵਾਲੇ ਫਟੇ ਹੱਥ ਫੇਰਦੀ ਇਸ ਪਿੰਡ ਫਤੂਹੀਵਾਲ ਦੀ ਵਿਧਵਾ ਮਜ਼ਦੂਰ ਸਿੰਦਰ ਕੌਰ ਦੇ ਬੋਲ ਹਨ। ਉਸ ਦੇ ਪਤੀ ਜੱਗਾ ਸਿੰਘ ਉਮਰ 34 ਸਾਲ ਨੇ ਜਿੰਦਗੀ ਬਿਹਤਰ ਬਣਾਉਂਣ ਦੇ ਉਦੇਸ਼ ਨਾਲ ਇੱਕ ਕੁਝ ਕਰਜ਼ਾ ਦੁਕਾਨ ਅਤੇ ਮਕਾਨ ਲਈ ਲਿਆ ਸੀ ਜੋ ਵੱਧਦਾ-ਵੱਧਦਾ ਇੱਕ ਲੱਖ ਰੁਪਏ ਤੱਕ ਪੁੱਜ ਗਿਆ, ਦੇਣ ਵਾਲਿਆਂ ਦੀਆਂ ਨਿੱਤ-ਦਿਨ ਦੀਆਂ ਧਮਕੀਆਂ ਅਤੇ ਝਿੜਕਾਂ ਤੋਂ ਤੰਗ ਆ ਕੇ ਉਸ ਨੇ 18 ਅਪ੍ਰੈਲ 2006 ਵਿੱਚ ਸਲਫ਼ਾਸ ਖਾ ਲਈ। ਵਿਧਵਾ, ਉਸ ਦੀ ਤੇਰ੍ਹਾਂ ਸਾਲ ਦੀ ਬੇਟੀ ਅਤੇ 17 ਸਾਲ ਦੇ ਲੜਕੇ ਨੂੰ ਗੁੜਤੀ ਹੀ ਕਰਜ਼ੇ ਦੀ ਮਿਲੀ ਹੋਈ ਹੈ। ਹੁਣ ਉਹ ਦਿਹਾੜੀ ਆਦਿ 'ਤੇ ਜਾਦੇ ਹਨ।
Dalit landless labourers' suicides in Punjab ਸਿੰਦੋ ਕੌਰ, ਤਿੰਨ ਜਵਾਨ ਕੁੜੀਆਂ ਅਤੇ ਇੱਕ ਮੁੰਡੇ ਨੂੰ ਵਿਰਸ਼ੇ ਵਿੱਚ ਜੇ ਕੁਝ ਮਿਲਿਆ ਤਾਂ ਕੇਵਲ ਜਿਮੀਂਦਾਰਾਂ ਦਾ ਕਰਜ਼ਾ। ਵਿਧਵਾ ਅਤੇ ਉਸ ਦੀਆਂ ਬੇਟੀਆਂ ਘਰਾਂ ਵਿੱਚ ਗੋਹਾ ਕੁੜਾ ਕਰਦੀਆਂ ਹਨ। ਮੁੰਡਾ ਦਿਹਾੜੀ 'ਤੇ ਜਾਂਦਾ ਹੈ। ਸਿੰਦੋ ਰੋਂਦੀ ਹੋਈ ਆਪਣਾ ਦੁੱਖ ਦੱਸਦੀ ਹੈ ਕਿ ਉਸ ਦਾ ਪਤੀ ਸੇਵਾ ਸਿੰਘ 48-49 ਸਾਲਾਂ ਦੀ ਉਮਰ ਵਿੱਚ 35 ਹਜ਼ਾਰ ਰੁਪਏ ਨਾ ਮੋੜਨ ਕਰਕੇ ਸੰਨ 1990 ਵਿੱਚ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਗਿਆ ਸੀ। ਕਰਜ਼ਾ ਲਾਉਂਣ ਖਾਤਰ ਉਨ੍ਹਾਂ ਜਿਮੀਂਦਾਰਾਂ ਨੂੰ 5 ਮਰਲੇ ਥਾਂ ਦੇ ਵੀ ਵੇਚੇ ਪਰ ਇਹ ਘੱਟਣ ਦੀ ਬਜਾਏ ਵੱਧਦਾ ਗਿਆ ਹੈ ਅਤੇ ਦਹਾਕਿਆਂ ਮਰਗੋਂ ਵੀ 35 ਹਜ਼ਾਰ ਦੇ ਕਰੀਬ ਬਾਕੀ ਹੈ।
''ਜਿਮੀਂਦਾਰਾਂ ਦੇ ਖ਼ੇਤਾਂ ਵਿੱਚ ਦਸ ਸਾਲ ਦਿਨ ਰਾਤ ਘੱਟਾ ਢੋਹਣ 'ਤੇ ਵੀ ਇਹ ਕਰਜ਼ਾ ਵੱਧਦਾ ਹੀ ਗਿਆ ਅਤੇ ਅਖ਼ੀਰ ਮਾੜੇ ਕਰਮਾਂ ਵਾਲੇ ਦੀ ਜਾਨ ਲੈ ਲਈ ਪਰ ਇਹ ਸਾਡਾ ਖਹਿੜਾ ਹੁਣ ਵੀ ਨਹੀਂ ਛੱਡ ਰਿਹਾ। ਇਹ 13 ਤੇ 15 ਸਾਲ ਦੇ ਦੋ ਮੁੰਡੇ ਨੇ, ਇਨ੍ਹਾਂ ਨੂੰ ਜੰਮਦਿਆਂ ਹੀ ਕਰਜ਼ੇ ਨੇ ਜਾਲ ਵਿੱਚ ਫਸਾ ਲਿਆ। ਵੱਡੀ ਕੁੜੀ 17 ਸਾਲ ਦੀ ਵਿਆਹ ਦਿੱਤੀ ਹੈ।'' ਸੰਖੇਪ ਜਿਹੀ ਗੱਲ ਵਿੱਚ ਹੀ ਆਪਣੇ ਦੁੱਖ ਬਿਆਨ ਕਰਦੀ ਵਿਧਵਾ ਮਜ਼ਦੂਰ ਛਿੰਦਰ ਕੌਰ ਦਾ ਰੋਣਾ ਨਹੀਂ ਠੱਲਿਆ ਜਾ ਰਿਹਾ। ਉਸ ਦੇ ਪਤੀ ਸੁੱਚਾ ਸਿੰਘ ਦੀ ਕਿਰਤ ਦਾ ਸੁੱਚਾਪਣ ਨਾ ਚੱਲਿਆ। ਵਿਆਹ ਤੋਂ ਦਸ ਸਾਲ ਮਗਰੋ ਹੀ 35 ਸਾਲ ਦੀ ਉਮਰ ਵਿੱਚ 40-45 ਹਜ਼ਾਰ ਰੁਪਏ ਕਰਜ਼ਾ ਨਾ ਲਹਿਣ ਕਾਰਣ ਉਸ ਨੇ ਘਰ ਵਿੱਚ ਹੀ ਫ਼ਾਹਾ ਲੈ ਲਿਆ, ਹਲਾਂਕਿ ਉਹ ਲਗਾਤਾਰ ਦਸ ਸਾਲ ਉਸ ਕਿਸਾਨ ਦੇ ਖ਼ੇਤਾਂ ਦਾ ਪੁੱਤ ਰਿਹਾ ਸੀ। ਗਰੀਬ ਪਰਿਵਾਰ ਕਿਸਾਨਾਂ ਦੇ ਦਿਹਾੜੀ ਆਦਿ ਕਰਦਾ ਹੈ ਅਤੇ ਛਿੰਦਰ ਹੋਰਨਾਂ ਕਿਰਤੀ ਔਰਤਾਂ ਵਾਂਗ ਹੀ ਗੋਹਾ- ਕੂੜਾ ਢੋਂਹਦੀ ਹੈ।
ਰਾਣੀ ਕੌਰ ਲੋਕਾਂ ਦੇ ਘਰਾਂ 'ਚ ਪਸ਼ੂਆਂ ਦਾ ਗੋਹਾ-ਮੁਤਰਾਲ ਸਿਰ 'ਤੇ ਢੋਹ ਰਹੀ ਹੈ। ਤਿੰਨੋਂ ਬੱਚੇ ਗਰੀਬੀ ਕਾਰਣ ਅਨਪੜ੍ਹ ਰਹੇ ਗਏ ਹਨ। ਸੁੱਖਾ ਸਿੰਘ ਦੇ ਇਸ ਪਰਿਵਾਰ 'ਤੇ ਦੁੱਖਾਂ ਦੇ ਪਹਾੜ ਹਨ। ''ਇਹ ਰੰਡੇਪੇ ਵਾਲਾ ਦੁੱਖ, ਕੰਗਾਲੀ, ਕਰਜ਼ਾ, ਘੋਰ ਗਰੀਬੀ ਅਜਿਹੀ ਜਿੰਦਗੀ ਨਾਲੋਂ ਤਾਂ ਸਾਨੂੰ ਰੱਬ ਮੌਤ ਦੇ ਦੇਵੇ।'' ਆਪਣੇ ਅੱਥਰੂ ਪੂੰਝਦੀ ਹੋਈ ਕਹਿੰਦੀ ਹੈ। ਉਸ ਦਾ ਪਤੀ ਸੁੱਖਾ ਸਿੰਘ 28 ਸਾਲ ਦੀ ਉਮਰ ਵਿੱਚ ਅਜ਼ਾਦੀ ਵਾਲੇ ਮਹੀਨੇ 31 ਤਾਰੀਖ 1995 ਨੂੰ ਜ਼ਹਿਰ ਪੀ ਕੇ ਆਪਣੇ ਜਿੰਦਗੀ ਮੌਤ ਹਵਾਲੇ ਕਰ ਗਿਆ। ਉਨ੍ਹਾਂ ਸਿਰ ਪਿੰਡ ਦੇ ਕਿਸਾਨਾਂ ਦਾ ਡੇਢ ਲੱਖ ਰੁਪਏ ਦਾ ਕਰਜ਼ਾ ਸਿਰ ਸੀ। ਉਸ ਸਮੇਂ ਉਨ੍ਹਾਂ ਦੇ ਵਿਆਹ ਨੂੰ 12 ਸਾਲ ਹੀ ਹੋਏ ਸਨ ਕਿ ਕਰਜ਼ੇ ਦੇ ਛੁਰੇ ਨੇ ਉਸ ਦਾ ਸਭ ਕੁਝ ਉਜਾੜ ਦਿੱਤਾ।
ਮਾਪਿਆਂ ਨੇ ਉਸ ਦਾ ਲਾਡ ਨਾਲ ਨਾਂ ਅੰਗਰੇਜ਼ ਸਿੰਘ ਰੱਖਿਆ ਪਰ ਕਰਜ਼ੇ ਦੇ ਦੈਂਤ ਨੇ ਉਸ ਨੂੰ ਨਾ ਅੰਗਰੇਜ਼ ਬਣ ਕੇ ਜਿਉਂਣ ਦਿੱਤਾ ਨਾ ਕੁਝ ਹੋਰ, ਇਸੇ ਪਿੰਡ ਫਾਤੂਹੀਵਾਲਾ ਦਾ ਅੰਗਰੇਜ 26 ਸਾਲ ਦੀ ਉਮਰ ਵਿੱਚ 1994 ਵਿੱਚ ਫਾਹਾ ਲੈ ਕੇ ਆਤਮ ਘਾਤ ਕਰ ਗਿਆ। ਵਿਧਵਾ ਬੰਸੋ ਕੌਰ ਦੱਸਦੀ ਹੈ ਕਿ ਉਨ੍ਹਾਂ ਦੇ ਵਿਆਹ ਨੂੰ ਕੇਵਲ 5 ਸਾਲ ਹੀ ਹੋਏ ਸਨ। ਉਸ ਨੇ ਸਿਰ 50-60 ਹਜ਼ਾਰ ਰੁਪਏ ਦਾ ਕਰਜ਼ਾ ਸੀ ਜੋ ਉਸ ਦੀ ਬਿਮਾਰੀ ਕਾਰਣ ਹੋਰ ਵੱਧ ਗਿਆ। ਕਰਜ਼ੇ ਦੀ ਦਲਦਲ ਵਿੱਚ ਫਸਿਆ ਪਰਿਵਾਰ ਦੱਸਦਾ ਹੈ ਉਨ੍ਹਾਂ ਨੇ ਕਰਜ਼ੇ ਦੇ ਜਾਲ ਵਿੱਚੋਂ ਨਿਕਲਣ ਲਈ 3-4 ਮੱਝਾਂ ਅਤੇ ਝੋਟੀਆਂ ਵੀ 10 ਤੋਂ 15 ਹਜ਼ਾਰ ਰੁਪਏ ਤੱਕ ਵਿੱਚ ਵੇਚੀਆਂ ਪਰ ਇਹ ਕਰਜ਼ਾ ਵੱਧਦਾ ਗਿਆ।
ਡੇਢ ਲੱਖ ਰੁਪਏ ਵਿੱਚ 8 ਕਨਾਲਾਂ ਜਗਾ ਵੇਚਣ ਨਾਲ ਵੀ ਨੌਜਵਾਨ ਗੁਰਜੰਟ ਸਿੰਘ ਨੂੰ ਕਰਜ਼ੇ ਤੋਂ ਮੁਕਤੀ ਨਾ ਮਿਲੀ। ਕਰਜ਼ਾ, ਗਰੀਬੀ, ਕਬੀਲਦਾਰੀ, ਮਾਨਸਿਕ ਤਣਾਓ ਦਾ ਨਤੀਜਾ ਇਹ ਸੀ ਕਿ ਉਸ ਨੇ 25 ਸਾਲ ਦੀ ਉਮਰ ਵਿੱਚ ਸੰਨ 1998 ਵਿੱਚ ਉਸ ਨੇ ਆਪਣੇ ਆਪ ਨੂੰ ਅੱਗ ਹਵਾਲੇ ਕਰ ਦਿੱਤਾ। ਇਹ ਕਰਜ਼ਾ ਪਿੰਡ ਦੇ ਕਿਸਾਨਾਂ ਦਾ ਵੀ ਸੀ। ਕਰਜ਼ਾ ਵੱਧਦਾ ਗਿਆ ਤਾਂ ਵਿਧਵਾ ਦਲਿਤ ਔਰਤ ਆਪਣੇ ਕਰਜ਼ਈ 4 ਬੱਚਿਆਂ ਨੂੰ ਲੈ ਕੇ ਚੁੱਪ-ਚੁਪੀਤੇ ਹੀ ਪਿੰਡ ਛੱਡ ਗਈ। ਮ੍ਰਿਤਕ ਦਾ ਭਰਾ ਮਜ਼ਦੂਰ ਗੁਰਚਰਨ ਸਿੰਘ ਸੋਚ ਕੇ ਅਤੇ ਹਾਉਂਦਾ ਭਰ ਕੇ ਆਖਦਾ ਹੈ ਕਿ ਭਾਈ ਕਰਜ਼ਾ ਤਾਂ ਪਿੰਡ ਨਹੀਂ ਛੱਡਦਾ ਨਾ ਹੀ ਘਰ ਛੱਡਦਾ ਹੈ।
''ਸਾਡੇ ਮਜ਼ਦੂਰਾਂ ਕੋਲ ਇਨ੍ਹਾਂ ਦੋ ਹੱਥਾਂ ਦੀ ਕਿਰਤ ਵੇਚਣ ਤੋਂ ਸਿਵਾਏ ਹੋਰ ਕੀ ਹੈ? ਇਹ ਵੀ ਜੇ ਵਿਕ ਗਈ ਤਾਂ ਰੋਟੀ ਖਾ ਲਈ ਨਹੀਂ ਤਾਂ ਫਿਰ….. . . .!'' ਵਿਧਵਾ ਦਲਿਤ ਔਰਤ ਗੁਰਦੀਪ ਕੌਰ ਦੇ ਮੂੰਹ ਵਿੱਚ ਇਹ ਵਾਕ ਰਹਿ ਜਾਂਦੇ ਹਨ। ਉਹ ਕਿਸਾਨਾਂ ਦਾ ਗੋਂਲਾ-ਧੰਦਾ ਕਰਕੇ ਵੇਲਾ-ਪੁਰਾ ਕਰਦੀ ਹੈ। ਖ਼ੇਤਾਂ ਵਿੱਚ ਨਰਮਾ ਚੁਗਦੀ ਅਤੇ ਕਣਕ ਵੱਢਦੀ ਹੈ। ਉਸ ਨੂੰ ਪਤੀ ਦੀ ਵਿਰਾਸਤ ਵਿੱਚ ਮਿਲਿਆ 30-40 ਹਜ਼ਾਰ ਰੁਪਏ ਦਾ ਕਰਜ਼ਾ ਬਰਕਰਾਰ ਹੈ। ਉਸ ਦਾ ਪਤੀ ਲੱਛਮਣ ਸਿੰਘ 21 ਸਤੰਬਰ 1998 ਨੂੰ ਆਪਣੀ 32 ਸਾਲ ਦੀ ਉਮਰ ਵਿੱਚ ਵਿਆਹ ਤੋਂ ਇੱਕ ਦਹਾਕਾ ਬਾਅਦ ਹੀ ਜ਼ਹਿਰ ਪੀ ਕੇ ਖ਼ੁਦਕੁਸੀ ਕਰ ਗਿਆ ਸੀ। ਵਿਧਵਾ ਨੇ ਸਾਰੀ ਉਮਰ ਕਿਰਤ ਵੇਚਣ ਤੋਂ ਇਲਾਵਾ ਆਪਣੀਆਂ ਦੋ ਮੱਝਾਂ ਵੀ 25 ਹਜ਼ਾਰ ਰੁਪਏ ਵਿੱਚ ਵੇਚੀਆਂ ਪਰ ਕਰਜ਼ਾ ਵੱਧਦਾ ਗਿਆ।
ਭਾਗ ਸਿੰਘ ਦੇ ਪੁੱਤਰਾਂ ਦੇ ਕਿਉਂ ਭਾਗ ਫੁੱਟੇ? ਜਦੋਂ ਸਾਰਾ ਪਰਿਵਾਰ ਦਿਨ ਰਾਤ ਇੱਕ ਕਰਕੇ ਕਮਾ ਰਿਹਾ ਸੀ, ਸਾਰਾ ਪਰਿਵਾਰ ਕਿੱਥੇ ਹੈ? ਕੁਝ ਪਤਾ ਨਹੀਂ, ਕੁਝ ਕੁ ਕਹਿੰਦੇ ਹਨ ਕਿ ਡੱਬਵਾਲੀ ਦਿਹਾੜੀ ਕਰਦੇ ਹਨ। ਉਸ ਦੇ ਛੋਟੇ ਮੁੰਡੇ ਬਾਰੇ ਪਿੰਡ ਵਾਲੇ ਕਹਿੰਦੇ ਹਨ, ''ਬਈ, ਵੱਡੇ ਭਰਾ ਦੀ ਮੌਤ 'ਤੇ ਉਸ ਨੂੰ ਦੁੱਖ ਨੇ ਪਾਗਲ ਬਣਾ ਦਿੱਤਾ।'' 24 ਸਾਲ ਦੀ ਭਰ ਜੁਵਾਨੀ ਵਿੱਚ ਸੁਲੱਖਣ ਸਿੰਘ ਆਪਣੇ ਵਿਆਹ ਤੋਂ 4 ਸਾਲ ਬਾਅਦ ਸੰਨ 2002 ਵਿੱਚ ਜ਼ਹਿਰ ਪੀ ਗਿਆ। ਪੀੜ੍ਹਤ ਪਰਿਵਾਰ 'ਤੇ 80 ਹਜ਼ਾਰ ਰੁਪਏ ਦਾ ਕਰਜ਼ਾ ਸੀ, ਜੋ ਉਸ ਦੀ ਮੌਤ ਮਗਰੋਂ ਵੀ ਵਿਧਵਾ ਅਤੇ ਪਰਿਵਾਰ 'ਤੇ ਬਰਕਰਾਰ ਹੈ।
ਤਰਸੇਮ 35-36 ਸਾਲ ਦੀ ਉਮਰ ਵਿੱਚ ਸੰਨ 2000 ਵਿੱਚ ਬੈਂਕ ਦਾ 50 ਹਜ਼ਾਰ ਰੁਪਏ ਕਰਜ਼ਾ ਨਾ ਮੋੜ੍ਹਨ ਕਾਰਣ ਮਜ਼ਬੂਰੀ ਵਸ ਜ਼ਹਿਰ ਪੀ ਗਿਆ। ਮਜ਼ਦੂਰ ਪਰਿਵਾਰ ਸਿਰ ਹੁਣ ਵੀ 30 ਹਜ਼ਾਰ ਰੁਪਏ ਦਾ ਕਰਜ਼ਾ ਹੈ।
ਕਰਜ਼ੇ ਦੇ ਵੱਧਦੇ ਦਬਾਅ ਕਾਰਣ ਪਿੰਡ ਕੁਆਰੇ ਨੌਜਵਾਨ ਵੀ ਮੌਤ ਦੀ ਬੁੱਕਲ ਵਿੱਚ ਸਮਾ ਗਏ। ਲਗਾਤਾਰ ਦਸ ਸਾਲ ਕਿਸਾਨਾਂ ਦੇ ਖ਼ੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ, ਖ਼ੇਤਾਂ ਦਾ ਅਸਲੀ ਪੁੱਤ ਬਿੰਦਰ ਖਾਨ ਪੁੱਤਰ ਹਬੀਬ ਖਾਨ ਕਿਸਾਨ ਦਾ 25 ਹਜ਼ਾਰ ਰੁਪਏ ਨਾ ਮੋੜ੍ਹਨ ਕਰਕੇ 1995 ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਗਿਆ। ਇਸ ਵਕਫੇ ਦੌਰਾਨ ਇਸ ਮਜ਼ਦੂਰ ਪਰਿਵਾਰ ਨੇ 5 ਮਰਲੇ ਦੀ ਥਾਂ ਵੀ 35 ਹਜ਼ਾਰ ਰੁਪਏ ਵਿੱਚ ਵੇਚੀ, ਪਰ ਅਜੇ ਵੀ 25 ਹਜ਼ਾਰ ਰੁਪਏ ਕਰਜ਼ੇ ਦਾ ਭੂਤ ਦਨਦਨਾ ਰਿਹਾ ਹੈ। ਬੂਟਾ ਖਾਨ ਦੇ ਮੂੰਹੋਂ ਕੇਵਲ ਇਹ ਸ਼ਬਦ ਨਿਕਲਦੇ ਹਨ, ''ਮਜੂ'ਰ ਦੀ ਵੀ ਕੋਈ ਜਿੰਦਗੀ ਹੈ!''
22 ਸਾਲ ਦੀ ਉਮਰ ਦਾ ਕੁਆਰਾ ਭੁਪਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਤੋਂ ਜਦੋਂ ਕਿਸਾਨਾਂ ਦਾ ਕਰਜ਼ਾ ਨਾ ਉਤਰਿਆ ਤਾਂ 11 ਮਈ ਨੂੰ ਉਸ ਨੇ ਆਪਣੇ ਗਲ ਰੱਸਾ ਪਾਉਣ ਦਾ ਇੱਕੋਂ ਇੱਕ ਰਾਹ ਚੁਣਿਆ। ਹੁਣ ਕਰਜ਼ਾ ਕਿੰਨ੍ਹਾ ਹੈ ਇਹ ਪੁੱਛਣ 'ਤੇ, ਉਸ ਦੀ ਮਾਂ ਰੋਂਦੀ ਹੋਈ ਹੱਥ ਮਾਰਦੀ ਹੈ ਕਿ ਇਸ ਚੰਦਰੇ ਦਾ ਕੋਈ 'ਸਾਬ ਨ੍ਹੀ ਏ। ਇਸ ਅਰਸੇ ਦੌਰਾਨ ਉਨ੍ਹਾਂ ਕਰਜ਼ੇ ਤੋਂ ਛੁਟਕਾਰਾ ਪਾਉਂਣ ਲਈ 15-15 ਹਜ਼ਾਰ ਦੀਆਂ ਦੋ ਮੱਝਾਂ ਵੀ ਵੇਚੀਆਂ। ਪਰ ਕਰਜ਼ਾ ਜਿਉਂ ਦੀ ਤਿਉਂ ਹਾਲਤ ਵਿੱਚ ਹੈ।Dalit landless labourers' suicides in Punjabਓਮ ਪ੍ਰਕਾਸ ਦੀ ਜਿੰਦਗੀ ਵਿੱਚ ਹਨੇਰਾ ਹੀ ਸੀ। ਇਸ ਦੀ ਮਾਤਾ ਭਾਗਵੰਤੀ ਅਤੇ ਪਿਓ ਕ੍ਰਿਸ਼ਨ ਲਾਲ ਪਿੰਡ ਵਿੱਚ ਦਿਹਾੜੀ ਕਰਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਓਮ ਪ੍ਰਕਾਸ ਦੀਆਂ ਲੱਤਾਂ ਖੜ੍ਹਨ 'ਤੇ ਪਰਿਵਾਰ ਨੇ ਉਸ ਦੇ ਇਲਾਜ਼ ਲਈ ਕਰਜ਼ਾ ਲਿਆ। ਬਿਮਾਰੀ ਅਤੇ ਕਰਜ਼ਾ ਇਕੱਠ ਹੀ ਵੱਧਦੇ ਗਏ ਤਾਂ ਓਮ ਪ੍ਰਕਾਸ ਨੇ ਇੱਕ ਨਵੰਬਰ 2003 ਨੂੰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਕਰਜ਼ੇ ਤੋਂ ਛੁਟਕਾਰਾ ਪਾਉਂਣ ਲਈ ਪਰਿਵਾਰ ਨੇ 3 ਮੱਝਾਂ 20-25 ਹਜ਼ਾਰ ਰੁਪਏ ਦੀਆਂ ਵੇਚੀਆਂ ਪਰ ਇਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।
ਇਸੇ ਪਿੰਡ ਦਾ ਦਲਿਤ ਨੌਜਵਾਨ ਤਰਸੇਮ ਸਿੰਘ 13 ਨਵੰਬਰ 2008 ਨੂੰ ਫਾਹਾ ਲੈ ਕੇ ਆਤਮ ਹੱਤਿਆ ਕਰ ਗਿਆ। ਉਸ ਸਮੇਂ ਉਸ ਦੀ ਉਮਰ 20 ਸਾਲ ਦੀ ਸੀ ਅਤੇ ਉਹ ਕੁਆਰਾ ਹੀ ਸੀ। ਉਸ ਦੀ ਬਿਮਾਰੀ ਅਤੇ ਕਰਜ਼ਾ ਨਾਲੋਂ-ਨਾਲ ਵੱਧਦੇ ਗਏ। ਇਸ ਦੇ ਬਾਵਜੂਦ ਵੀ ਕਿ ਉਨ੍ਹਾਂ 5 ਮਰਲੇ ਥਾਂ 7 ਹਜ਼ਾਰ ਰੁਪਏ ਵਿੱਚ ਅਤੇ ਇੱਕ ਮੱਝ 8 ਹਜ਼ਾਰ ਰੁਪਏ ਵਿੱਚ ਵੇਚੀ। ਮ੍ਰਿਤਕ ਦੀ ਮਾਤਾ ਸਿੰਦਰਪਾਲ ਕੌਰ ਦੱਸਦੀ ਹੈ ਕਿ ਕਰਜ਼ੇ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ ਰਹਿੰਦਾ।
ਪਿੰਡ ਦੇ ਮਜ਼ਦੂਰ ਆਗੂ ਸੁੱਖਾ ਸਿੰਘ ਅਤੇ ਰਾਜਾ ਸਿੰਘ ਦੱਸਦੇ ਹਨ ਕਿ ਕਿਰਤੀਆਂ ਵੱਲੋਂ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਕਰਜ਼ੇ ਨੇ ਉਨ੍ਹਾਂ ਦੀ ਹਾਲਤ ਭਿਆਨਕ ਬਣਾ ਦਿੱਤੀ ਹੈ। ਉਹ ਸਰਕਾਰ 'ਤੇ ਦੋਸ ਦਿੰਦੇ ਕਹਿੰਦੇ ਹਨ ਕਿ ਇੱਥੋਂ 5-4 ਕਿਲੋਮੀਟਰ ਮੁੱਖ ਮੰਤਰੀ ਦਾ ਪਿੰਡ ਹੈ, ਜੋ ਸੂਬੇ ਦੀ ਯੁਰਪ ਦੇ ਕਦੇ ਕਿਸੇ ਦੇਸ਼ ਨਾਲ ਅਤੇ ਕਦੇ ਕਿਸੇ ਦੇਸ਼ ਨਾਲ ਤੁਲਨਾ ਕਰਦਾ ਨਹੀਂ ਥੱਕਦਾ ਪਰ ਦੂਜੇ ਪਾਸੇ ਵਿਹੜੇ ਦੀ ਨਿਘਰਦੀ ਹਾਲਤ ਅਤੇ ਲੁੱਟ ਬਾਰੇ ਚੁੱਪ ਧਾਰੀ ਹੋਈ ਹੈ। ਚਾਹ ਪੀਕੇ ਜਦੋਂ ਸੁੱਚਾ ਸਿੰਘ ਦੇ ਘਰੋਂ ਉੱਠਣ ਲੱਗਦੇ ਹਾਂ ਤਾਂ ਉਸ ਦੀ ਕੰਧ 'ਤੇ ਲੱਗੇ ਇੱਕ ਪੋਸਟਰ ਤੋਂ ਇਹ ਸ਼ਬਦ ਨਜ਼ਰੀ ਪੈਂਦੇ ਹਨ:

ਮੇਰੀਆਂ ਸੋਚਾਂ ਦੇ ਵਿੱਚ ਬੇਕਰਾਰੀ ਹੈ ਅਜੇ।
ਜਿੰਦਗੀ ਤੁਰਦੀ ਪਈ, ਪਰ ਜੰਗ ਜਾਰੀ ਹੈ ਅਜੇ।

ਵਲੋਂ: ਬਲਜਿੰਦਰ ਕੋਟਭਾਰਾ