StatCounter

Friday, January 10, 2014

ਲੋਕ-ਪੱਖੀ ਗਾਇਕੀ ਲਈ ਸੁਲੱਖਣਾ ਉੱਦਮ



ਲੋਕ-ਪੱਖੀ ਗਾਇਕੀ ਲਈ ਸੁਲੱਖਣਾ ਉੱਦਮ

-ਅਮੋਲਕ ਸਿੰਘ

14 ਮਾਰਚ 1982 ਨੂੰ ਗੁਰਸ਼ਰਨ ਸਿੰਘ ਦੇ ਹੱਥੀਂ ਲਾਇਆ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦਾ ਬੂਟਾ ਦਹਿਸ਼ਤਗਰਦੀ ਅਤੇ ਅਨੇਕਾਂ ਝੱਖੜਾਂ ਦੇ ਉਲਟੇ ਰੁਖ਼ ਸ਼ਾਨਾਂਮੱਤੀ ਪ੍ਰਵਾਜ਼ ਭਰਦਾ ਆ ਰਿਹਾ ਹੈ।

ਪਲਸ ਮੰਚ ਅਤੇ ਇਸਦੇ ਸੰਗੀਆਂ ਦੇ ਵਡੇਰੇ ਪਰਿਵਾਰ ਨੇ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਅੰਦਰ ਨਿਵੇਕਲੀ ਪਹਿਚਾਣ ਬਣਾਈ ਹੈ। ਲੋਕ-ਪੱਖੀ, ਅਗਾਂਹ-ਵਧੁ, ਵਿਗਿਆਨਕ, ਸਿਹਤਮੰਦ, ਗੈਰਤਮੰਦ ਅਤੇ ਇਨਕਲਾਬੀ ਰੰਗਮੰਚ ਦੀਆਂ ਬਹੁਵੰਨਗੀ ਵਿਧਾਵਾਂ ਰਾਹੀਂ ਪਲਸ ਮੰਚ ਨੇ ਅਨਪੜ੍ਹ, ਘੱਟ ਪੜ੍ਹੇ ਲਿੱਖੇ ਹਿੱਸਿਆਂ ਤੋਂ ਲੈ ਕੇ ਉੱਚ ਵਿਦਿਆ ਹਾਸਲ ਅਤੇ ਬੌਧਿਕ ਹਲਕਿਆਂ ਤੱਕ ਆਪਣਾ ਸੁਨੇਹਾ ਬਾਖ਼ੂਬੀ ਪਹੁੰਚਾਉਣ ਵਿੱਚ ਵਿਲੱਖਣ ਮੁਕਾਮ ਹਾਸਲ ਕੀਤਾ ਹੈ।
ਪਲਸ ਮੰਚ ਦੀ ਸਾਹਿਤਕ ਪੱਤ੍ਰਿਕਾ 'ਸਰਦਲ' ਵਿਸ਼ੇਸ਼ ਸਾਹਿਤਕ ਪ੍ਰਕਾਸ਼ਨਾਵਾਂ, ਦਰਜ਼ਣਾਂ ਦੀ ਗਿਣਤੀ ਵਿੱਚ ਨਵੀਂ-ਨਰੋਈ, ਉੱਚੀ-ਸੁੱਚੀ ਅਤੇ ਸੁੱਤੀ ਕਲਾ ਜਗਾਉਣ ਵਾਲੀ ਸੁਰ ਵਿੱਚ ਗੀਤਾਂ, ਗਜ਼ਲਾਂ ਦੀਆਂ ਆਡੀਓ ਵੀਡੀਓ ਕੈਸਿਟਾਂ ਦਸਤਾਵੇਜੀ ਫਿਲਮਾਂ ਲੋਕਾਂ ਤੱਕ ਪਹੁੰਚਾਈਆਂ ਹਨ। ਥੜ੍ਹਾ ਥੀਏਟਰ ਨੂੰ ਪ੍ਰਫੁੱਲਤ ਕਰਨ ਅਤੇ ਹਰਮਨ ਪਿਆਰਾ ਬਣਾਉਣ ਲਈ ਦਰਜ਼ਣਾਂ ਹੀ ਨਾਟ ਅਤੇ ਗੀਤ-ਸੰਗੀਤ ਮੰਡਲੀਆਂ ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸਰਗਰਮੀ ਨਾਲ ਜੁਟੀਆਂ ਹਨ। ਕਈ ਕੇਂਦਰਾਂ ਉੱਪਰ ਹਰ ਮਹੀਨੇ ਅਤੇ ਸਮੇਂ ਸਮੇਂ ਨਿਰੰਤਰ ਰੰਗਮੰਚ ਹੋ ਰਿਹਾ ਹੈ।

ਪਿਛਲੇ 32 ਵਰ੍ਹਿਆਂ ਤੋਂ ਪਲਸ ਮੰਚ ਦੀ ਆਧਾਰਸ਼ਿਲਾ, ਸੇਧ, ਉਦੇਸ਼, ਮਾਰਗ ਅਤੇ ਜੋਖ਼ਮ ਭਰੇ ਸਫ਼ਰ ਉੱਪਰ ਅਡੋਲ ਤੁਰਦੇ ਰਹਿਣ ਕਾਰਨ ਲੋਕ-ਫਿਕਰਾਂ ਅਤੇ ਲੋਕ-ਸਰੋਕਾਰਾਂ ਦੀ ਬਾਂਹ ਫੜਨ ਵਾਲੀ ਹਰ ਸੰਸਥਾ ਅਤੇ ਵਿਅਕਤੀ ਨਾਜ਼ ਕਰਦਾ ਹੈ। ਪੂਰਾ ਵਰ੍ਹਾ ਨਿਰੰਤਰ ਸਰਗਰਮੀਆਂ ਤੋਂ ਇਲਾਵਾ ਹਰ ਵਰ੍ਹੇ 1 ਮਈ ਪੰਜਾਬੀ ਭਵਨ ਲੁਧਿਆਣਾ, 25 ਜਨਵਰੀ ਪਹਿਲਾਂ ਜਲੰਧਰ ਹੁਣ ਬਠਿੰਡਾ ਅਤੇ ਗੁਰਸ਼ਰਨ ਭਾਅ ਜੀ ਵਿਛੋੜੇ ਵਾਲੇ ਦਿਨ ਨੂੰ ਸਮਰਪਤ 27 ਸਤੰਬਰ ਨੂੰ ਇਨਕਲਾਬੀ ਰੰਗਮੰਚ ਦਿਹਾੜਾ ਮਨਾਉਣ ਦੀਆਂ ਨਾਟਕਾਂ ਅਤੇ ਗੀਤਾਂ ਭਰੀਆਂ ਰਾਤਾਂ ਨੇ ਹਜ਼ਾਰਾਂ ਲੋਕਾਂ ਦੇ ਮਨਾਂ ਦੀ ਡਾਇਰੀ ਉੱਪਰ ਅਮਿੱਟ ਛਾਪ ਛੱਡੀ ਹੈ।

ਪਲਸ ਮੰਚ ਆਪਣੇ ਤਿੰਨ ਦਹਾਕਿਆਂ ਦੇ ਸਫਰ ਵਿੱਚ ਆਪਣੇ ਸਾਹਿਤਕ ਸਭਿਆਚਾਰਕ ਪਿੜ ਦੇ ਹਮਸਫਰਾਂ ਨੂੰ ਸਨਮਾਨਤ ਰੁਤਬਾ ਪ੍ਰਦਾਨ ਕਰਕੇ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ। ਉਸਦੇ ਅਗਲੇ ਮਿੱਤਰ ਘੇਰੇ 'ਚ ਨੇ ਲੋਕ ਮੁਖੀ ਆਵਾਮੀ ਜਥੇਬੰਦੀਆਂ। ਉਹ ਹਮੇਸ਼ਾਂ ਪਲਸ ਮੰਚ ਦੇ ਸਮਾਗਮ ਵਿੱਚ ਸਹਿਯੋਗੀ ਕੰਨ੍ਹਾ ਲਾਉਂਦੀਆਂ ਹਨ। ਮੰਚ ਨੂੰ ਆਪਣੀਆਂ ਸਰਗਰਮੀਆਂ, ਮੁਹਿੰਮਾਂ ਅਤੇ ਘੋਲਾਂ ਵਿੱਚ ਆਪਣੀ ਨਿਸਚਤ ਵਿਧੀ ਰਾਹੀਂ ਗੱਲ ਕਹਿਣ ਦਾ ਮੌਕਾ ਵੀ ਦਿੰਦੀਆਂ ਹਨ।

ਪਲਸ ਮੰਚ ਨੇ ਲੱਚਰ, ਅਸ਼ਲੀਲ, ਬਾਜ਼ਾਰੂ, ਬਿਮਾਰ, ਅੰਧਵਿਸ਼ਵਾਸ਼ੀ ਭਰੇ, ਜਾਤ-ਪਾਤ, ਫਿਰਕੂ ਰੰਗ ਵਿੱਚ ਰੰਗੇ, ਅੰਨ੍ਹੇ ਕੌਮੀ ਸ਼ਾਵਨਵਾਦੀ ਧੰਦੂਕਾਰੇ ਦੀ ਗਰਦੋਗੁਬਾਰ ਵਾਲੇ ਦਿਸ਼ਾਹੀਣ ਅਤੇ ਕੁਰਾਹੇ ਪਾਊ ਸਾਹਿਤ/ਸਭਿਆਚਾਰ ਦੀ ਬਹੁਤ ਹੀ ਰੜਕਵੀਂ ਅਤੇ ਤਿੱਖਾ ਹੱਲਾ ਬੋਲ ਰਹੀ ਗਾਇਕੀ ਦੀ ਵਿਧਾ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਲਾ-ਮਿਸਾਲ ਉੱਦਮ ਜੁਟਾਏ ਹਨ।

ਜ਼ਿਕਰਯੋਗ ਹੈ ਕਿ ਲੋਕ-ਪੱਖੀ ਗਾਇਕੀ ਦੇ ਖੇਤਰ ਵਿੱਚ ਪਲਸ ਮੰਚ ਨੇ ਨਵੀਆਂ ਪੁਲਾਂਘਾਂ ਪੁੱਟਣ ਦੇ ਬਣਾਏ ਕੈਲੰਡਰ ਨਾਲ ਨਵੇਂ ਵਰ੍ਹੇ ਵਿੱਚ ਨਵੀਆਂ ਬੁਲੰਦੀਆਂ ਛੋਹਣ ਲਈ ਭਦੌੜ ਵਿਖੇ 'ਚਾਰ ਰੋਜ਼ਾ ਲੋਕ-ਪੱਖੀ ਗੀਤ-ਸੰਗੀਤ ਵਰਕਸ਼ਾਪ' ਲਗਾਈ। ਇਸ ਵਿੱਚ ਗੀਤਕਾਰਾਂ, ਸੰਗੀਤਕਾਰਾਂ, ਲੇਖਕਾਂ ਸਾਜਿੰਦਿਆਂ, ਸਾਹਿਤਕਾਰਾਂ, ਤਰਕਸ਼ੀਲਾਂ, ਪੱਤਰਕਾਰਾਂ, ਜਮਹੂਰੀਅਤ ਪਸੰਦ ਅਤੇ ਸਮਾਜ ਸੇਵੀ ਸਖਸ਼ੀਅਤਾਂ, ਸੰਗੀਤ ਪ੍ਰੇਮੀਆਂ ਨੇ ਭਰਵਾਂ ਯੋਗਦਾਨ ਪਾਇਆ। ਗੰਭੀਰ ਸੰਵਾਦ ਛੇੜੇ। ਸਮਾਜ ਅੰਦਰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਮਾਰੂ ਸਭਿਆਚਾਰ ਦੇ ਨਾਗ-ਵਲ਼ ਵਿੱਚ ਲੈਣ ਪਿੱਛੇ ਕੰਮ ਕਰਦੇ ਕਾਰਨਾਂ ਦੀ ਡੂੰਘੀ ਜੜ੍ਹ ਦੀ ਸ਼ਨਾਖਤ ਕੀਤੀ। ਇੰਟਰਨੈੱਟ ਰਾਹੀਂ ਵੱਖ ਵੱਖ ਵਿਧਾਵਾਂ ਵਰਤ ਕੇ ਚੜ੍ਹਦੀ ਜੁਆਨੀ ਨੂੰ ਮਨੋਵਿਗਿਆਨਕ ਤੌਰ 'ਤੇ ਜਿਹਨੀ ਗੁਲਾਮੀ ਵਿੱਚ ਜਕੜਨ ਲਈ ਪ੍ਰਦੂਸ਼ਿਤ ਸਭਿਆਚਾਰ ਦੇ ਲਗਾਏ ਜਾ ਰਹੇ ਜ਼ਹਿਰੀ ਟੀਕਿਆਂ ਦੇ ਘਾਤਕ ਹੱਲੇ ਤੋਂ ਬਚਾਉਣ ਲਈ ਯਤਨ ਜੁਟਾਉਣ 'ਤੇ ਜ਼ੋਰ ਦਿੱਤਾ ਗਿਆ। ਵਿਸ਼ੇਸ਼ ਕਰਕੇ ਔਰਤ ਜਾਤੀ ਦੀ ਸ਼ਰੇਆਮ ਬੇ-ਅਦਬੀ ਕਰਦੇ ਅਤੇ ਔਰਤ ਨੂੰ ਆਪਣੇ ਬਾਜ਼ਾਰ ਦੀ ਚੜ੍ਹਤ ਲਈ ਵਿਗਿਆਪਨਾ ਆਦਿ ਵਿੱਚ ਬੇਸ਼ਰਮੀ ਨਾਲ ਵਰਤ ਰਹੇ ਕਾਰਪੋਰੇਟ ਘਰਾਣਿਆਂ ਦੇ ਕੋਝੇ ਮਨਸੂਬੇ ਬੇਪਰਦ ਕੀਤੇ ਗਏ। ਅਗੰਮੀ ਸ਼ਕਤੀਆਂ ਦੇ ਮੱਕੜ-ਜਾਲ ਵਿੱਚ ਫਸਾ ਰਹੇ ਗੀਤਾਂ ਦੇ ਬਦਲ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ 'ਤੇ ਵਿਦਵਾਨਾਂ ਨੇ ਜੋਰ ਦਿੱਤਾ।

ਪੰਜਾਬੀ ਸਭਿਆਚਾਰ ਦੀ ਸੇਵਾ ਦੇ ਨਾਂ ਹੇਠ ਪੰਜਾਬੀ ਸਭਿਆਚਾਰ ਦੀ ਜੱਖ਼ਣਾ ਪੁੱਟਣ ਲੱਗੇ ਗੀਤਕਾਰਾਂ ਗਾਇਕਾਂ ਦੀਆਂ ਸਭੇ ਵੰਨਗੀਆਂ ਬਾਰੇ ਚਰਚਾਵਾਂ ਹੋਈਆਂ। ਇਹਨਾਂ ਪਿੱਛੇ ਕੰਮ ਕਰਦੇ ਆਰਥਿਕ, ਰਾਜਨੀਤਕ, ਸਮਾਜਿਕ, ਸਭਿਆਚਾਰਕ ਅਤੇ ਮਨੋਵਿਗਿਆਨ ਕਾਰਨਾਂ ਉੱਪਰ ਉਂਗਲ ਧਰੀ ਗਈ। ਵੰਨ-ਸੁਵੰਨੇ ਹਾਕਮਾਂ ਦੇ ਮਨੋਰਥਾਂ ਉੱਪਰ ਖੁੱਲ੍ਹ ਕੇ ਵਿਚਾਰਾਂ ਹੋਈਆਂ। ਜਨਤਕ ਥਾਵਾਂ, ਹਸਪਤਾਲਾਂ ਅਤੇ ਬੱਸਾਂ, ਵੰਨ-ਸੁਵੰਨੇ ਚੈਨਲਾਂ, ਇੰਟਰਨੈੱਟ ਆਦਿ ਰਾਹੀਂ ਅੱਧ-ਖਿੜੀਆਂ ਅਤੇ ਖਿੜਦੀਆਂ ਕਲੀਆਂ ਨੂੰ ਬੁਰੀ ਤਰ੍ਹਾਂ ਤਬਾਹ ਕਰਨ ਲਈ ਜੁਟੀ ਅਜੋਕੀ ਵਿਵਸਥਾ ਖਿਲਾਫ ਚੇਤਨ ਜਨਤਕ ਲਹਿਰ ਖੜ੍ਹੀ ਕਰਨ ਲਈ ਲੱਕ-ਬੰਨ੍ਹਵੇਂ ਸਾਂਝੇ ਉੱਦਮ 'ਤੇ ਜ਼ੋਰ ਦਿੱਤਾ ਗਿਆ।

ਪਲਸ ਮੰਚ ਦੀ ਇਕਾਈ ਲੋਕ ਸੰਗੀਤ ਮੰਡਲੀ ਭਦੌੜ ਨੇ ਬਾਲ ਕਲਾਕਾਰਾਂ ਦੀ ਨਰਸਰੀ ਲਗਾਈ। ਵਰਕਸ਼ਾਪ ਵਿੱਚ ਇਸਦੇ ਫੁੱਲਾਂ ਦੀ ਮਹਿਕ ਸਰੋਤਿਆਂ ਨੂੰ ਮਹਿਕਾ ਰਹੀ ਸੀ। ਵਰਕਸ਼ਾਪ ਵਿੱਚ ਤਿੰਨ ਪੀੜ੍ਹੀਆਂ ਦੇ ਲੋਕ-ਕਲਾਕਾਰ ਸਿਰ ਜੋੜ ਕੇ ਬੈਠੇ। ਬਾਬਿਆਂ ਨੇ ਭਰ-ਜੁਆਨ ਹੇਕਾਂ ਲਾਈਆਂ। ਉਹਨਾਂ ਦੇ ਪੁੱਤ-ਪੋਤਿਆਂ ਨੇ ਉਹਨਾਂ ਨਾਲ ਸਾਜ ਅਤੇ ਆਵਾਜ਼ ਦੀ ਸੰਗਤ ਕੀਤੀ। ਕੜਾਕੇ ਦੀ ਠੰਢ, ਰਾਤ ਦਾ ਵੇਲਾ, ਨਵੇਂ ਵਰ੍ਹੇ ਦੇ ਸੂਰਜ ਤੋਂ ਪਹਿਲਾਂ ਸੂਰਜ ਦੇ ਹਮਸਫਰਾਂ ਨੇ ਮਿਹਨਤਕਸ਼ ਲੋਕਾਂ ਲਈ ਅਜੇ ਸੂਰਜ ਨਾ ਚੜ੍ਹਨ ਵਾਲੇ ਮੌਸਮ ਦੇ ਗੀਤ ਗਾਏ। ਪਰਿਵਾਰਾਂ ਦੇ ਪਰਿਵਾਰ ਗੀਤ-ਸੰਗੀਤ ਵਰਕਸ਼ਾਪ ਦੇ ਸਿਖਰਲੇ ਦਿਨ ਹੋਏ ਖੁੱਲ੍ਹੇ ਸਮਾਗਮ ਵਿੱਚ ਜੁੜੇ।

ਗੀਤ-ਸੰਗੀਤ, ਵਿਸ਼ਾ, ਧੁਨ, ਆਵਾਜ਼, ਲੈਅ ਨਾਲ ਅਤੇ ਮੁਹਾਵਰੇ ਆਦਿ ਦੇ ਪਾਰਖੂਆਂ, ਸੂਝਵਾਨ ਅਤੇ ਸੰਜੀਦਾ ਸਰੋਤਿਆਂ ਤੋਂ ਵਰਕਸ਼ਾਪ ਦੇ ਆਯੋਜਕਾਂ ਨੇ ਰਾਵਾਂ ਮੰਗੀਆਂ। ਵਿਸ਼ੇਸ਼ ਨੁਕਤਾ ਚਰਚਾ ਅਧੀਨ ਇਹ ਲਿਆਂਦਾ ਗਿਆ ਕਿ ਇੱਕ ਤਾਂ ਲੀਕ ਤੋਂ ਪਾਰਲੀ ਲੋਕ-ਵਿਰੋਧੀ ਗਾਇਕੀ ਹੈ, ਜਿਹੜੀ ਲੋਕਾਈ ਨੂੰ ਗਲੀ ਸੜੀ, ਬਿਮਾਰ, ਨਿੱਘਰੀ ਹੋਈ, ਮਾਰਧਾੜ ਫੈਲਾਉਂਦੀ, ਸਾਜਾਂ ਦੀ ਥਾਂ ਬੰਦੂਕਾਂ, ਟਕੂਏ, ਤਲਵਾਰਾਂ ਚਲਾਉਂਦੀ ਲੰਡੀਆਂ ਜੀਪਾਂ ਭਜਾਉਂਦੀ ਜਾਤੀਵਾਦ ਨੂੰ ਪੱਠੇ ਪਾਉਂਦੀ ਖਾਸ ਕਰਕੇ ਜੱਟਵਾਦ ਨੂੰ ਫੂਕ ਛਕਾ ਕੇ, ਬਿਮਾਰੀ ਹਾਦਸੇ, ਅਨਿਆਂ, ਵਿਤਕਰੇਬਾਜ਼ੀ, ਲੁੱਟ-ਕੁੱਟ, ਕਤਲੋਗਾਰਦ ਅਤੇ ਖੁਦਕੁਸ਼ੀਆਂ ਵਰਗੇ ਘਾਤਕ ਵਰਤਾਰੇ ਦੀ ਨਬਜ਼ ਫੜਨ ਤੋਂ ਰੋਕਦੀ ਹੈ। ਸੁਰਤ ਮਾਰਦੀ ਹੈ। ਚੇਤਨਾ ਦੇ ਗਲ 'ਗੂਠਾ ਦਿੰਦੀ ਹੈ। ਜਮਾਤੀ ਵੰਡ ਦਾ ਪਾਠ ਪੜ੍ਹਨ-ਸਮਝਣ ਉਸਦਾ ਅਧਿਐਨ ਕਰਕੇ ਵਕਤ ਦੇ ਹਾਣੀ ਨਤੀਜੇ ਹਾਸਲ ਕਰਨ ਤੋਂ ਵਰਜਦੀ ਹੈ।

ਦੂਜੀ ਇਨਕਲਾਬੀ ਗਾਇਕੀ ਹੈ, ਜਿਹੜੀ ਅਜੋਕੇ ਬਣੇ ਬਣਾਏ ਪ੍ਰਬੰਧ ਦੇ ਅੰਦਰ ਲੋਕਾਂ ਦੀ ਜ਼ਿੰਦਗੀ ਵਿੱਚ ਖੇੜਾ ਆਉਣ ਦੀ ਝਾਕ ਛੱਡ ਕੇ ਲੋਕਾਂ ਨੂੰ ਗ਼ਦਰੀ ਕਾਵਿ, ਬੱਬਰ-ਕਾਵਿ, ਕਿਰਤੀ ਕਾਵਿ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸੰਗੀ ਸਾਥੀਆਂ ਦੇ ਦੌਰ ਦੀ ਕਵਿਤਾ ਅਤੇ ਉਸ ਤੋਂ ਅਗਲੇ ਸਮੇਂ ਦੀ ਇਨਕਲਾਬੀ ਕਵਿਤਾ ਦਾ ਪਰਚਮ ਉਠਾ ਕੇ ਅੱਗੇ ਤੁਰਨ ਲਈ ਆਵਾਜ਼ ਦੇ ਰਹੀ ਹੈ।

ਤੀਜੀ ਗਾਇਕੀ ਉਹ ਹੈ ਜਿਸ ਵੱਲ ਵਿਸ਼ੇਸ਼ ਤਵੱਜੋ ਦੇਣਾ ਪਲਸ ਮੰਚ ਦੀ ਇਸ ਵਰਕਸ਼ਾਪ ਦਾ ਕੇਂਦਰੀ ਕਾਰਜ ਸੀ।
ਗਾਇਕੀ ਦੀ ਇਹ ਵੰਨਗੀ ਹੈ ਮਿਆਰੀ ਲੋਕ-ਗਾਇਕੀ। ਪਰਿਵਾਰਕ ਗਾਇਕੀ। ਵਿਆਹ-ਸ਼ਾਦੀ, ਖੁਸ਼ੀਆਂ ਦੇ ਹੋਰ ਮੌਕਿਆਂ, ਤੀਜ-ਤਿਓਹਾਰਾਂ ਆਦਿ ਮੌਕੇ ਵਿਸ਼ਾਲ ਲੋਕਾਈ ਨੂੰ ਪ੍ਰਵਾਨ ਚੜ੍ਹਨ ਵਾਲੀ ਗਾਇਕੀ। ਜ਼ਿੰਦਗੀ ਦੇ ਅਨੇਕਾਂ ਪੱਖਾਂ/ਪਸਾਰਾਂ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਗਾਇਕੀ। ਇਨਕਲਾਬੀ ਗਾਇਕੀ, ਲੋਕ ਗਾਇਕੀ ਦਾ ਉੱਚਤਮ ਪੜਾਅ ਹੈ। ਲੋਕ-ਪੱਖੀ ਗਾਇਕੀ ਦੀਆਂ ਅਨੇਕਾਂ ਪਰਤਾਂ ਹਨ। ਜਿਸਦਾ ਵਿਸ਼ਾ-ਵਸਤੂ ਲੋਕ ਸਰੋਕਾਰਾਂ, ਢੁਕਵੇਂ ਮੌਕਿਆਂ ਨਾਲ ਸਰਗਮ ਛੇੜਦਾ ਹੋਵੇ। ਉਸਦੀ ਬੀਟ ਵੀ ਮਨਭਾਉਂਦੀ ਹੋਵੇ। ਗਾਇਕੀ ਹੱਸਣ, ਨੱਚਣ ਦੇ ਨਾਲ ਅਰਥ-ਭਰਪੂਰ ਹੋਵੇ। ਸੋਚਣ ਲਾਉਂਦੀ ਹੋਵੇ। ਨਵੇਂ ਵਿਚਾਰਾਂ ਦੀ ਪੁੱਠ ਚਾੜ੍ਹਦੀ ਹੋਵੇ। ਲੋਕਾਂ ਦੇ ਬੁੱਲਾਂ 'ਤੇ ਚੜ੍ਹੇ। ਉਹਨਾਂ ਦੇ ਗਲ਼ ਲੱਗ ਕੇ ਉਹਨਾਂ ਦੀ ਹੋ ਜਾਵੇ। ਸਿਰਫ ਇਨਕਲਾਬੀ ਗਾਇਕੀ ਦਾ ਉੱਚਤਮ ਪੜਾਅ ਹੀ ਇਹਨਾਂ ਵੱਖ ਵੱਖ ਮੌਕਿਆਂ ਦੀ ਪੂਰਤੀ ਨਹੀਂ ਕਰ ਸਕਦਾ। ਲੋਕਾਂ ਦੀ ਚੇਤਨਾ ਨੂੰ ਉਤਾਂਹ ਚੁੱਕਣ ਵਿੱਚ ਹੁਲਾਰਾ ਨਹੀਂ ਦੇ ਸਕਦਾ।

ਵੱਖ ਵੱਖ ਮੌਕਿਆਂ ਸਮਾਂ, ਸਥਾਨ ਅਤੇ ਹਾਲਾਤ ਨੂੰ ਸਮਝ ਕੇ ਰਚੇ ਗੀਤ, ਕਵਿਤਾ; ਕਵਿਤਾ ਦੇ ਵੱਖ ਵੱਖ ਰੰਗ-ਰੂਪ ਅਤੇ ਸਾਜਾਂ ਦੀ ਸੁਚੱਜੀ ਵਰਤੋਂ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲਿਆਏ। ਵਰਕਸ਼ਾਪ ਨੇ ਇਹ ਵਿਚਾਰ ਕਸ਼ੀਦ ਕੇ ਸਾਹਮਣੇ ਲਿਆਂਦਾ ਕਿ ਲੱਚਰ, ਬਿਮਾਰ, ਕੰਨ-ਪਾੜਵੇਂ ਸੰਗੀਤ ਦੀ ਮਹਿਜ ਆਲੋਚਨਾ ਨਾਲ ਅਨੇਕਾਂ ਕਾਰਨਾਂ ਕਰਕੇ ਇਸਦੀ ਗ੍ਰਿਫਤ ਵਿੱਚ ਜਕੜੇ ਲੋਕਾਂ, ਖਾਸ ਕਰਕੇ ਜੁਆਨੀ ਨੂੰ ਬਚਾਇਆ ਨਹੀਂ ਜਾ ਸਕਦਾ। ਇਸਦਾ ਸਹਿਜੇ ਹੀ ਲੋਕਾਂ ਵਿੱਚ ਪ੍ਰਵਾਨ ਚੜ੍ਹਨ ਯੋਗ ਬਦਲ ਲਾਜ਼ਮੀ ਹੈ। ਫੇਰ ਹੀ ਮਿਆਰੀ ਸਭਿਆਚਾਰ ਦੀ ਖੁਸ਼ਬੋ ਵੰਡੀ ਜਾ ਸਕਦੀ ਹੈ।

ਇੱਕ ਹੋਰ ਨੁਕਤਾ ਕਾਫੀ ਚਰਚਾ ਅਧੀਨ ਆਇਆ ਕਿ ਲੋਕ ਇਹ ਮੰਗ ਕਰਦੇ ਹਨ ਕਿ ਅਸੀਂ ਪ੍ਰਚੱਲਤ ਬਾਜ਼ਾਰੂ, ਅਸ਼ਲੀਲ, ਬੇਸੁਰਾ, ਸਹਿਜਤਾ-ਸੁਹਜਤਾ ਅਤੇ ਸੰਵੇਦਨਸ਼ੀਲਤਾ ਤੋਂ ਕੋਰਾ ਨਾ ਸੁਣੀਏ ਨਾ ਸੁਣਾਈਏ ਪਰ ਇਸਦੇ ਬਦਲ ਵਿੱਚ ਮੌਕੇ ਦੀ ਨਬਜ ਫੜਦਾ, ਉੱਚ-ਪਾਏ ਦਾ ਗੀਤ-ਸੰਗੀਤ ਸੰਗ੍ਰਹਿ ਅਸਾਡੀ ਹਥੇਲੀ 'ਤੇ ਧਰੋ ਤਾਂ ਸਹੀ। ਇਸਦੀ ਭਾਲ ਵਿੱਚ ਗਿਣਵੇਂ ਚੁਣਵੇਂ ਨੂੰ ਛੱਡ ਕੇ ਪ੍ਰੰਪਰਾਗਤ ਵਿਰਾਸਤ ਦੇ ਸੁਭਾਵਕ ਸਭਿਆਚਾਰ ਵਿੱਚੋਂ ਅਸੀਂ ਵਿਰਸੇ ਦੇ ਹੇਰਵੇ ਦੀ ਪੂਰਤੀ ਤਾਂ ਕਰ ਸਕਦੇ ਹਾਂ ਪਰ ਜੇ ਉਸਦੀ ਗਿਰੀ ਨੂੰ ਚਿੱਥ ਚਬਾ ਕੇ ਉਹਨਾਂ ਦਾ ਰਸ ਅਤੇ ਗੁਣ ਹਾਸਲ ਕਰਨੇ ਚਾਹਾਂਗੇ ਤਾਂ ਅਸੀਂ ਅਜੋਕੇ ਸਮੇਂ ਨਾਲ ਅੱਖ ਮਿਲਾਉਂਦੇ ਨਤੀਜੇ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਨਵ-ਸਿਰਜਣਾ ਦੀ ਵਿਸ਼ੇਸ਼ ਲੋੜ ਹੈ। ਭਾਵੇਂ ਹਾਸਲ ਹੋ ਸਕਦਾ ਸੰਗ੍ਰਹਿ ਤਿਆਰ ਕਰਨਾ ਰੱਦ ਤਾਂ ਨਹੀਂ ਹੁੰਦਾ ਪਰ ਇਸ ਲਈ ਸਮੂਹਿਕ ਉੱਦਮ ਕਰਕੇ ਨਵ-ਰਚਨਾ, ਨਵੀਆਂ ਤਰਜਾਂ, ਢੁਕਵੇਂ ਸਾਜਾਂ ਅਤੇ ਨਵੀਂ ਬੀਟ ਵੱਲ ਵਿਸ਼ੇਸ਼ ਤਵੱਜੋ ਦੀ ਲੋੜ ਹੈ। ਜਿਹੜੀ ਵੰਨਗੀ ਸਾਡੀ ਮਿੱਟੀ ਸਾਡੇ ਸਭਿਆਚਾਰ ਦੀ ਅਮੀਰੀ ਨਾਲ ਗੁੰਨ੍ਹੀਂ ਹੋਵੇ। ਜਿਹੜੀ ਰੂਹ ਨੂੰ ਤਾਜ਼ਗੀ ਪ੍ਰਦਾਨ ਕਰੇ। ਜਿਹੜੀ ਸੁਭਾਵਿਕ ਹੀ ਬੁੱਲ੍ਹਾਂ 'ਤੇ ਚੜ੍ਹੇ। ਜਿਹੜੀ ਢੁਕਵੇਂ ਸਮਾਗਮ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੀ ਤਰਜਮਾਨੀ ਕਰੇ। 

ਇਸ ਦਿਸ਼ਾ ਵੱਲ ਗੀਤਾਂ ਦੀ ਮਾਲਾ ਜੋੜਨ ਦਾ ਯਤਨ ਵੀ ਹੋਇਆ। ਨਵੇਂ ਗੀਤ ਲਿਖੇ ਵੀ ਗਏ। ਗਾਏ ਵੀ ਗਏ। ਉਹਨਾਂ ਬਾਰੇ ਲੋਕ-ਰਾਵਾਂ ਵੀ ਇਕੱਠੀਆਂ ਕੀਤੀਆਂ ਗਈਆਂ। ਪਲਸ ਮੰਚ ਦੀ ਹੀ ਇਕਾਈ ਲੋਕ ਸੰਗੀਤ ਮੰਡਲੀ ਬਠਿੰਡਾ ਵੱਲੋਂ ਅਜਿਹੇ ਗੀਤਾਂ ਦੀ ਐਲਬਮ ਤਿਆਰ ਕਰਨ ਲਈ ਆਰੰਭੇ ਉੱਦਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਦੌੜ ਵਰਕਸ਼ਾਪ, ਸਮਾਗਮ ਅਤੇ ਵਿਆਹ ਦੇ ਮੌਕੇ ਟੁੱਟਵੇਂ ਤੌਰ 'ਤੇ ਅਜਿਹੇ ਨਵੇਂ ਗੀਤਾਂ ਦੀ ਅਜ਼ਮਾਇਸ਼ ਵੀ ਕੀਤੀ ਜਾਣ ਲੱਗੀ ਹੈ। ਨੌਜਵਾਨਾਂ, ਵੱਡੀ ਉਮਰ ਵਾਲਿਆਂ ਅਤੇ ਔਰਤਾਂ ਤੱਕ ਦੀਆਂ ਰਾਵਾਂ ਇਸ ਉੱਦਮ ਤੋਂ ਕਾਫੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੀਆਂ ਹਨ।

ਪਲਸ ਮੰਚ ਭਵਿੱਖ ਵਿੱਚ ਇਹਨਾਂ ਗੀਤਾਂ ਦੇ ਸੰਗ੍ਰਹਿ ਪ੍ਰਕਾਸ਼ਤ ਕਰਨ, ਰਿਕਾਰਡ ਕਰਨ, ਵੀਡੀਓਗ੍ਰਾਫੀ ਕਰਨ, ਨਵੀਂ ਤਰਜ਼ ਦੇ, ਨਵੇਂ ਸਭਿਆਚਾਰ, ਨਵੀਆਂ ਲੀਹਾਂ ਨੂੰ ਪਰਨਾਏ ਵਿਆਹਾਂ ਆਦਿ ਵਿੱਚ ਪ੍ਰੋਗਰਾਮ ਕਰਨ, ਨੈੱਟ 'ਤੇ ਗੀਤ ਪਾਉਣ, ਲੋਕਾਂ ਦੇ ਘਰਾਂ ਤੱਕ ਢੁਕਵੀਆਂ ਵਿਧੀਆਂ ਰਾਹੀਂ ਅਜਿਹੇ ਗੀਤ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕਰੇਗਾ। ਆਪਣੇ ਸੰਗੀ ਸਾਥੀਆਂ ਅਤੇ ਸਹਿਯੋਗੀਆਂ ਤੋਂ ਇਸ ਕਾਰਜ ਵਿੱਚ ਹੱਥ ਵਟਾਉਣ ਦੀ ਮੁਹਿੰਮ ਤੇਜ਼ ਕਰੇਗਾ। ਇਹ ਸੁਲੱਖਣਾ ਵਰਤਾਰਾ ਕਾਫੀ ਮਕਬੂਲੀਅਤ ਹਾਸਲ ਕਰ ਸਕਦਾ ਹੈ। ਗਲੇ ਸੜੇ ਸਭਿਆਚਾਰ ਦੀ ਹਨੇਰੀ ਨੂੰ ਠੱਲ੍ਹ ਪਾ ਸਕਦਾ ਹੈ। ਯਕੀਨਨ ਕਿਹਾ ਜਾ ਸਕਦਾ ਹੈ ਕਿ ਇਸ ਦਿਸ਼ਾ ਵੱਲ ਸਾਂਝਾ, ਨਿਰੰਤਰ ਅਤੇ ਲੰਮਾ ਦਮ ਰੱਖਵਾਂ ਉੱਦਮ ਬਦਲਵੇਂ ਸਭਿਆਚਾਰ ਦੀਆਂ ਨਵੀਆਂ ਪਿਰਤਾਂ ਪਾ ਸਕਦਾ ਹੈ।
ਸੰਪਰਕ: 94170 76735

Wednesday, January 8, 2014

ਲੋਕ-ਪੱਖੀ ਬਦਲਵਾਂ ਵਿਕਾਸ ਮਾਡਲ



 ਕਿਸਾਨਾਂ ਮਜਦੂਰਾਂ ਦੀ ਬਰਨਾਲਾ ਕਾਨਫਰੰਸ ਚ
ਲੋਕ-ਪੱਖੀ ਬਦਲਵਾਂ ਵਿਕਾਸ ਮਾਡਲ ਪੇਸ਼ ਕੀਤਾ ਜਾਵੇਗਾ।

           ਜੇਕਰ ਇਤਿਹਾਸ ਦੇ ਪੰਨਿਆਂ 'ਤੇ ਤੈਰਦੀ ਜਿਹੀ ਝਾਤ ਹੀ ਮਾਰੀ ਜਾਵੇ ਤਾਂ ਇਹ ਸਚਾਈ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਬਰਤਾਨਵੀ ਹਾਕਮਾਂ ਵੱਲੋਂ ਭਾਰਤ ਉੱਪਰ ਕਬਜ਼ੇ ਤੋਂ ਬਾਅਦ ਨਹਿਰਾਂ ਕੱਢਣ, ਜ਼ਮੀਨ ਦਾ ਬੰਦੋਬਸਤ ਕਰਨ, ਰੇਲਾਂ ਤੇ ਡਾਕ-ਤਾਰ ਸੇਵਾਵਾਂ ਆਦਿ ਦੇਣ ਰਾਹੀਂ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਸਨ ਤਾਂ 1911 ਤੋਂ 1914 ਤੱਕ ਦੇ ਚਾਰ ਸਾਲਾਂ ਵਿੱਚ ਹੀ 2,87,31,324 ਲੋਕ ਪਲੇਗ ਤੇ ਹੈਜੇ ਵਰਗੀਆਂ ਮਹਾਂਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਏ ਸਨ। ਜਦੋਂ ਕਿ ਦੇਸ਼ ਵਿੱਚ ਪਏ ਕਾਲਾਂ ਦੇ ਕਾਰਨ 1 ਕਰੋੜ 90 ਲੱਖ ਲੋਕ ਭੁੱਖ ਨਾਲ ਮਾਰੇ ਗਏ ਸਨ ਅਤੇ ਉਸ ਸਮੇਂ ਦੇ ਪੰਜਾਬ ਵਿੱਚ ਹੀ 1901 ਤੱਕ 4 ਲੱਖ 13 ਏਕੜ ਜ਼ਮੀਨ ਵਿਕ ਗਈ ਸੀ। 

ਅੱਜ ਵੀ ਜਦ ਪੰਜਾਬ ਦੇ ਹਾਕਮ ਵਿਕਾਸ ਦਾ ਖੂਬ ਰਟਣਮੰਤਰ ਕਰ ਰਹੇ ਹਨ ਤਾਂ ਸਮੁੱਚੀ ਲੋਕਾਈ ਬੇਹੱਦ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਸ ਖੇਤੀ ਪ੍ਰਧਾਨ ਕਹਾਉਣ ਵਾਲੇ ਦੇਸ਼ ਵਿੱਚ ਅੱਜ ਕੱਲ੍ਹ ਖੇਤੀ ਦਾ ਸੰਕਟ ਏਨਾ ਭਿਆਨਕ ਰੂਪ ਧਾਰ ਚੁੱਕਿਆ ਹੈ ਜਿਸ ਤੋਂ ਹਾਕਮਾਂ ਨੂੰ ਮੁੱਕਰਨਾ ਵੀ ਔਖਾ ਹੋ ਗਿਆ ਹੈ। ਖੇਤੀ ਖੇਤਰ ਵਿੱਚ ਸਾਮਰਾਜੀ ਲੋੜਾਂ ਮੁਤਾਬਕ ਲਿਆਂਦੀ ਤਕਨੀਕ ਅਤੇ ਮਸ਼ੀਨਰੀ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਕੰਗਾਲੀ ਦੇ ਮੂੰਹ ਧੱਕ ਦਿੱਤਾ ਹੈ। ਰੇਹਾਂ, ਸਪ੍ਰੇਆਂ ਦੀ ਚਾਟ 'ਤੇ ਲੱਗੀਆਂ ਜ਼ਮੀਨਾਂ ਤੇ ਫਸਲਾਂ ਜ਼ਮੀਨਾਂ ਦੀ ਬਦੌਲਤ ਨਾ ਸਿਰਫ ਰੁਜ਼ਗਾਰ ਤੇ ਜ਼ਮੀਨਾਂ ਖੁੱਸ ਰਹੀਆਂ ਹਨ ਬਲਕਿ ਕੈਂਸਰ, ਕਾਲਾ ਪੀਲੀਆ, ਗੁਰਦੇ ਫੇਲ੍ਹ ਹੋਣ ਵਰਗੀਆਂ ਅਨੇਕ ਕਿਸਮ ਦੀਆਂ ਬਿਮਾਰੀਆਂ ਵੀ ਪੱਲੇ ਪਾ ਦਿੱਤੀਆਂ ਹਨ। ਖੇਤੀ ਦਾ ਸੰਕਟ ਇਸ ਕਦਰ ਗੰਭੀਰ ਹੋ ਚੁੱਕਾ ਹੈ ਕਿ ਕਰਜ਼ੇ ਤੇ ਗਰੀਬੀ ਦੇ ਭੰਨੇ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੀ ਦੇਸ਼ ਵਿੱਚ ਪੌਣੇ ਤਿੰਨ ਲੱਖ ਮਜ਼ਦੂਰ-ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਖੁਸ਼ਹਾਲ ਕਹਾਉਂਦੇ ਸੂਬੇ ਪੰਜਾਬ ਵਿੱਚ ਵੀ ਸਰਕਾਰੀ ਰਿਪੋਰਟਾਂ ਮੁਤਾਬਕ ਹੀ ਕਰਜ਼ੇ ਕਾਰਨ 4800 ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ, ਜਿਹਨਾਂ ਨੂੰ ਦੋ ਦੋ ਲੱਖ ਰੁਪਏ ਦਾ ਮੁਆਵਜਾ ਦੇਣ ਦੀ ਸੂਚੀ ਵਿੱਚ ਦਰਜ ਕੀਤਾ ਜਾ ਚੁੱਕਾ ਹੈ। ਜਦੋਂ ਕਿ ਲੰਬੇ ਸੰਘਰਸ਼ ਤੋਂ ਬਾਅਦ ਖੁਦਕੁਸ਼ੀ ਪੀੜਤਾਂ ਲਈ ਮੁਆਵਜਾ ਤੇ ਨੌਕਰੀ ਦੇਣ ਤੇ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ ਵਰਗੀਆਂ ਮੰਗਾਂ ਮੰਨਵਾਉਣ ਵਾਲੀਆਂ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਅਨੁਸਾਰ ਇਹ ਗਿਣਤੀ 60 ਲੱਖ ਤੋਂ ਉੱਪਰ ਬਣਦੀ ਹੈ। ਜਿਹਨਾਂ ਨੂੰ ਸਰਕਾਰੀ ਸਰਵੇ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ। ਇਸਦੇ ਵੀ ਅਨੇਕਾਂ ਤੇ ਹਾਸੋਹੀਣੇ ਕਾਰਨ ਹਨ। ਮਿਸਾਲ ਵਜੋਂ ਭੇਡਾਂ-ਬੱਕਰੀਆਂ ਚਾਰਨ ਵਾਲੇ, ਬਾਗਾਂ ਵਿੱਚ ਮਜ਼ਦੂਰੀ ਕਰਨ ਵਾਲੇ, ਦੋ ਚਾਰ ਏਕੜ ਬਾਗ ਠੇਕੇ 'ਤੇ ਲੈਣ ਵਾਲੇ ਤੇ ਗਰੀਬੀ ਕਾਰਨ ਖੁਦਕੁਸ਼ੀ ਕਰਨ ਵਾਲੇ ਹਿੱਸਿਆਂ ਨੂੰ ਸਰਕਾਰੀ ਸਰਵੇ ਤੋਂ ਉੱਕਾ ਹੀ ਬਾਹਰ ਛੱਡ ਦਿੱਤਾ ਅਤੇ ਅਨੇਕਾਂ ਪਿੰਡਾਂ ਵਿੱਚ ਸਰਵੇਖਣ ਦੀਆਂ ਟੀਮਾਂ ਪਹੁੰਚੀਆਂ ਹੀ ਨਹੀਂ। ਸਿਤਮ ਜ਼ਰੀਫੀ ਤਾਂ ਇਹ ਹੈ ਕਿ ਜਿਹਨਾਂ 4800 ਪਰਿਵਾਰਾਂ ਨੂੰ ਖੁਦਕੁਸ਼ੀ ਪੀੜਤ ਮੰਨ ਵੀ ਲਿਆ, ਉਹਨਾਂ ਨੂੰ ਵੀ ਅਜੇ ਤੱਕ ਪੂਰਾ ਮੁਆਵਜਾ ਨਹੀਂ ਦਿੱਤਾ ਗਿਆ। ਇਸ ਖਾਤਰ ਵੀ ਹੁਣ ਇਹਨਾਂ ਪੀੜਤਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਹੋਰ ਤਾਂ ਹੋਰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ-ਦਾਲ ਸਕੀਮ ਤੇ ਕੇਂਦਰ ਦਾ ਖਾਧ ਸੁਰੱਖਿਆ ਕਾਨੂੰਨ ਇਸ ਗੱਲ ਦੀ ਚੁਗਲੀ ਕਰਦਾ ਹੈ ਕਿ ਪੰਜਾਬ ਤੇ ਦੇਸ਼ ਦੀ ਵੱਡੀ ਗਿਣਤੀ ਨੂੰ 'ਆਜ਼ਾਦੀ' ਦੇ 67 ਸਾਲਾਂ ਬਾਅਦ ਵੀ ਸਾਡੇ ਹਾਕਮ ਦੋ ਡੰਗ ਦੀ ਰੋਟੀ ਕਮਾਉਣ ਦੇ ਸਮਰੱਥਾ ਨਹੀਂ ਬਣਾ ਸਕੇ। ਫਿਰ ਇਹ ਕੇਹਾ ਵਿਕਾਸ ਹੈ?

ਹਕੀਕੀ ਵਿਕਾਸ ਦੀ ਕੁੰਜੀ ਹੈ ਜ਼ਮੀਨੀ ਸੁਧਾਰ
ਕਿਸੇ ਵੀ ਮੁਲਕ ਤੇ ਸੂਬੇ ਦਾ ਹਕੀਕੀ ਵਿਕਾਸ ਤਾਂ ਹੀ ਮੰਨਿਆ ਜਾ ਸਕਦਾ ਹੈ ਜੇਕਰ ਉੱਥੋਂ ਦੀ ਬਹੁਗਿਣਤੀ ਵਸੋਂ ਨੂੰ ਗਰੀਬੀ, ਪਛੜੇਵੇਂ, ਅਨਪੜ੍ਹਤਾ, ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ ਵਰਗੀਆਂ ਅਲਾਮਤਾਂ ਤੋਂ ਛੁਟਕਾਰਾ ਦਿਵਾਇਆ ਜਾਵੇ। ਲੋਕਾਂ ਦੀ ਆਮਦਨ ਤੇ ਖਰੀਦ ਸ਼ਕਤੀ ਵਧਾਈ ਜਾਵੇ। ਕਿਸਾਨ-ਮਜ਼ਦੂਰ ਹਿੱਤਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਤੇ ਆਗੂਆਂ ਦਾ ਦਾਅਵਾ ਹੈ ਕਿ ਅਜਿਹਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਕੇ ਜ਼ਮੀਨਾਂ ਦੀ ਸਹੀ ਵੰਡ ਕੀਤੀ ਜਾਵੇ, ਰੁਜ਼ਗਾਰ ਉਜਾੜੂ ਤਕਨੀਕ ਤੇ ਮਸ਼ੀਨਰੀ ਦੀ ਥਾਂ ਰੁਜ਼ਗਾਰਮੁਖੀ ਖੇਤੀ ਆਧਾਰਤ ਛੋਟੀਆਂ ਸਨਅੱਤਾਂ ਦਾ ਜਾਲ ਵਿਛਾਇਆ ਜਾਵੇ। ਭਾਰਤ ਸਰਕਾਰ ਵੱਲੋਂ 1972 ਵਿੱਚ ਬਣਾਏ ਜ਼ਮੀਨੀ ਹੱਦਬੰਦੀ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ 17.5 ਏਕੜ ਤੋਂ ਵਾਧੂ ਜ਼ਮੀਨ ਨਹੀਂ ਰੱਖ ਸਕਦਾ। ਪਰ 'ਕੱਲੇ ਪੰਜਾਬ ਵਿੱਚ ਹੀ ਇਸ ਕਾਨੂੰਨ ਮੁਤਾਬਕ 16 ਲੱਖ 66 ਹਜ਼ਾਰ ਏਕੜ ਤੋਂ ਵੱਧ ਵੰਡਣ ਲਈ ਨਿਕਲਦੀ ਹੈ। ਅਜਿਹੇ ਆਗੂਆਂ ਦਾ ਕਹਿਣਾ ਹੈ ਕਿ ਮੁਲਕ ਦੀ ਕਰੀਬ 82 ਕਰੋੜ ਏਕੜ ਜ਼ਮੀਨ ਵਿੱਚੋਂ 21 ਕਰੋੜ ਏਕੜ ਜ਼ਮੀਨ ਬੰਜਰ ਤੇ ਬੇਕਾਰ ਵੀ ਪਈ ਹੈ। ਜਿਸ ਵਿੱਚੋਂ ਖੇਤੀ ਮਾਹਰਾਂ ਅਨੁਸਾਰ 9 ਕਰੋੜ ਏਕੜ ਜ਼ਮੀਨ ਬਹੁਤ ਹੀ ਥੋੜ੍ਹੀ ਮਿਹਨਤ ਤੇ ਪੈਸੇ ਨਾਲ ਆਬਾਦ ਕੀਤੀ ਜਾ ਸਕਦੀ ਹੈ। (ਸੰਨ 1990 ਵਿੱਚ ਮਾਹਰਾਂ ਵੱਲੋਂ ਲਾਏ ਅਨੁਮਾਨ ਅਨੁਸਾਰ ਇਸ ਕਾਰਜ ਲਈ 44000 ਕਰੋੜ ਰੁਪਏ ਦੀ ਲੋੜ ਸੀ) ਇਉਂ ਜ਼ਮੀਨੀ ਹੱਦਬੰਦੀ ਤੋਂ ਵਾਧੂ ਨਿਕਲਦੀਆਂ ਅਤੇ ਬੰਜਰ ਤੇ ਬੇਕਾਰ ਜ਼ਮੀਨਾਂ ਨੂੰ ਆਬਾਦ ਕਰਕੇ ਬੇਜ਼ਮੀਨੇ ਖੇਤ ਮਜ਼ਦੂਰਾਂ ਤੇ ਥੁੜ-ਜ਼ਮੀਨੇ ਕਿਸਾਨਾਂ ਵਿੱਚ ਵੰਡਣ ਰਾਹੀਂ ਬੇਰੁਜ਼ਗਾਰੀ ਤੇ ਅਰਧ-ਬੇਰੁਜ਼ਗਾਰੀ ਹੰਢਾਉਂਦੇ ਕਰੋੜਾਂ ਪੇਂਡੂ ਪਰਿਵਾਰਾਂ ਨੂੰ ਰੁਜ਼ਗਾਰ ਵੀ ਦਿੱਤਾ ਜਾ ਸਕਦਾ ਹੈ ਤੇ ਖੇਤੀ ਪੈਦਾਵਾਰ ਵੀ ਕਈ ਗੁਣਾਂ ਵਧਾਈ ਜਾ ਸਕਦੀ ਹੈ। ਖੇਤੀ ਸੈਕਟਰ ਦੀ ਤਰੱਕੀ ਲਈ ਵੱਡੀਆਂ ਬੱਜਟ ਰਕਮਾਂ ਜੁਟਾ ਕੇ ਨਹਿਰੀ ਸਿਸਟਮ ਨੂੰ ਮਜਬੂਤ ਕੀਤਾ ਜਾਵੇ। ਇਹਨਾਂ ਨਹਿਰਾਂ 'ਤੇ ਪੈਂਦੀਆਂ ਝਾਲਾਂ 'ਤੇ ਪਣ-ਬਿਜਲੀ ਪ੍ਰੋਜੈਕਟ ਉਸਾਰੇ ਜਾਣ। ਅਜਿਹਾ ਕਰਨ ਨਾਲ ਨਾ ਸਿਰਫ ਬਰਾਨੀ ਜ਼ਮੀਨ ਦੇ ਵੱਡੇ ਹਿੱਸੇ ਨੂੰ ਸੇਂਜੂ ਬਣਾ ਕੇ ਪੈਦਾਵਾਰ ਵਧਾਈ ਜਾ ਸਕਦੀ ਹੈ ਸਗੋਂ ਖੇਤੀ ਸੈਕਟਰ ਵਿੱਚ ਖਪਤ ਹੁੰਦੀ ਬਿਜਲੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ ਤੇ ਪਣ ਬਿਜਲੀ ਰਾਹੀਂ ਸਸਤੀ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ। ਖੇਤੀ ਦੀ ਤਰੱਕੀ ਲਈ ਦੂਜੀ ਵੱਡੀ ਲੋੜ ਇਹ ਹੈ ਕਿ ਫਸਲਾਂ ਦੇ ਅਜਿਹੇ ਬੀਜ ਤਿਆਰ ਕੀਤੇ ਜਾਣ ਜਿਹਨਾਂ ਨੂੰ ਡੀ.ਏ.ਪੀ. ਤੇ ਯੂਰੀਆ ਵਰਗੀਆਂ ਰੇਹਾਂ ਤੇ ਕੀੜੇਮਾਰ ਦਵਾਈਆਂ ਦੀ ਜ਼ਰੂਰਤ ਹੀ ਨਾ ਪਵੇ ਜਾਂ ਬਹੁਤ ਹੀ ਘੱਟ ਲੋੜ ਪਵੇ। ਇਸ ਤੋਂ ਇਲਾਵਾ ਵਹਾਈ-ਬਿਜਾਈ ਲਈ ਪਿੰਡਾਂ ਵਿੱਚ ਸਹਿਕਾਰੀ ਸੁਸਾਇਟੀਆਂ ਰਾਹੀਂ ਟਰੈਕਟਰਾਂ ਤੇ ਸੰਦਾਂ ਦਾ ਪ੍ਰਬੰਧ ਕਰਕੇ ਇਸ ਨੂੰ ਥੁੜ੍ਹ-ਜ਼ਮੀਨਿਆਂ ਦੀ ਪਹੁੰਚ ਵਿੱਚ ਲਿਆਂਦਾ ਜਾਵੇ ਅਤੇ ਖੇਤੀ ਲੋੜਾਂ ਲਈ ਉਹਨਾਂ ਨੂੰ ਲੰਮੀ ਮੁੱਦਤ ਦੇ ਬਿਨਾ ਵਿਆਜ ਕਰਜ਼ੇ ਦਿੱਤੇ ਜਾਣ। ਫਸਲਾਂ ਦੀ ਖਰੀਦ ਤੇ ਲਾਹੇਵੰਦ ਭਾਅ ਯਕੀਨੀ ਬਣਾਏ ਜਾਣ। ਇਉਂ ਇੱਕ ਪਾਸੇ ਖੇਤੀ ਸੈਕਟਰ ਦੀ ਤਰੱਕੀ ਰਾਹੀਂ ਬੇਥਾਹ ਪੈਦਾਵਾਰ ਵਧੇਗੀ ਅਤੇ ਵੱਡੇ ਹਿੱਸੇ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ ਉੱਥੇ ਖੇਤੀ ਆਧਾਰਤ ਰੁਜ਼ਗਾਰ ਮੁਖੀ ਸਨਅਤਾਂ ਲਾਉਣ ਨਾਲ ਵੀ ਰੁਜ਼ਗਾਰ ਦੇ ਬੇਅੰਤ ਮੌਕੇ ਪੈਦਾ ਹੋਣਗੇ। ਇਉਂ ਅੱਜ ਬੇਰੁਜ਼ਗਾਰੀ, ਭੁੱਖ-ਨੰਗ ਤੇ ਥੁੜ੍ਹਾਂ ਦੀ ਮਾਰ ਹੰਢਾਉਂਦੀ ਕਰੋੜਾਂ ਦੀ ਆਬਾਦੀ ਜਦੋਂ ਖੁਸ਼ਹਾਲ ਹੋਵੇਗੀ ਤਾਂ ਉਹਨਾਂ ਦੀ ਵਧੀ ਹੋਈ ਖਰੀਦ ਸ਼ਕਤੀ ਹੋਰ ਪੈਦਾਵਾਰ ਦੀਆਂ ਲੋੜਾਂ ਪੈਦਾ ਕਰੇਗੀ ਜੋ ਖੇਤੀ ਤੇ ਸਨਅੱਤ ਦੇ ਨਾਲ ਨਾਲ ਵੱਖ ਖੇਤਰਾਂ ਵਿੱਚ ਰੁਜ਼ਗਾਰ ਦਾ ਸੋਮਾ ਬਣੇਗੀ। ਪਰ ਜਾਗੀਰਦਾਰਾਂ, ਸਾਮਰਾਜੀਆਂ, ਵੱਡੇ ਸਰਮਾਏਦਾਰਾਂ, ਸੂਦਖੋਰਾਂ ਤੇ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰਾਂ ਅਜਿਹੇ ਵਿਕਾਸ ਨੂੰ ਚਿਮਟੇ ਨਾਲ ਵੀ ਛੋਹਣ ਲਈ ਤਿਆਰ ਨਹੀਂ ਨਹੀਂ, ਸਗੋਂ ਅਜਿਹੇ ਵਿਕਾਸ ਮਾਡਲ ਦੀ ਗੱਲ ਤੇ ਮੰਗ ਕਰਨ ਵਾਲਿਆਂ 'ਤੇ ਤਰ੍ਹਾਂ ਤਰ੍ਹਾਂ ਦੇ ਲੇਬਲ ਲਾ ਕੇ ਆਪਣੇ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਉਂਦੀਆਂ ਹਨ। ਅੱਜ 9 ਜਨਵਰੀ ਨੂੰ ਬੀ.ਕੇ.ਯੂ. ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਖੁਦਕੁਸ਼ੀਆਂ, ਕਰਜ਼ਿਆਂ, ਬੇਰੁਜਗਾਰੀ ਦੇ ਭੰਨੇ ਅਤੇ ਜ਼ਮੀਨਾਂ ਤੇ ਘਰਾਂ ਦੀ ਤੋਟ ਹੰਢਾਉਂਦੇ ਹਜ਼ਾਰਾਂ ਕਿਸਾਨ-ਮਜ਼ਦੂਰ ਮਰਦਾਂ-ਔਰਤਾਂ ਵੱਲੋਂ ਬਰਨਾਲਾ ਵਿਖੇ ਕੀਤੀ ਜਾ ਰਹੀ ਪੰਜਾਬ ਪੱਧਰੀ ਕਾਨਫਰੰਸ ਵਿੱਚ ਅਜਿਹੇ ਲੋਕ-ਪੱਖੀ ਬਦਲਵੇਂ ਵਿਕਾਸ ਮਾਡਲ ਨੂੰ ਹੀ ਪੇਸ਼ ਕੀਤਾ ਜਾਵੇਗਾ।

ਸੁਖਦੇਵ ਸਿੰਘ ਕੋਕਰੀ ਕਲਾਂ, 94174 66038
ਲਛਮਣ ਸਿੰਘ ਸੇਵੇਵਾਲਾ, 94170 79170

Friday, November 15, 2013

ਯਹੀ ਪਾਓਗੇ ਮਹਿਸ਼ਰ ਮੇਂ ਜੁਬਾਂ ਮੇਰੀ, ਬਿਆਂ ਮੇਰਾ | ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੋਸਤਾਂ ਮੇਰਾ | ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ, ਯਹੀ ਬੱਸ ਏਕ ਪਤਾ, ਯਹੀ ਨਾਮੋ-ਨਿਸ਼ਾਂ ਮੇਰਾ



16 ਨਵੰਬਰ 1913: 7 ਗ਼ਦਰੀਆਂ ਨੂੰ ਫਾਂਸੀ ਦਿਹਾੜਾ
ਜਿਨ੍ਹਾਂ ਦੇ ਸੁਪਨਿਆਂ ਨੂੰ ਫਾਹੇ ਨਹੀਂ ਲਾਇਆ ਜਾ ਸਕਦਾ
ਅਮੋਲਕ ਸਿੰਘ (ਸੰਪਰਕ: 94170-76735)


ਗ਼ਦਰ ਸ਼ਤਾਬਦੀ ਦਾ ਇਕ ਸਫ਼ਾ ਪੂਰਾ ਹੋਣ ਜਾ ਰਿਹਾ ਹੈ। ਦੂਜਾ ਸਫ਼ਾ ਸਾਡੇ ਸਨਮੁੱਖ ਹੈ। ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਨੇ ਸੁੱਤੇ ਇਤਿਹਾਸ, ਸੁੱਤੇ ਕਲਮਕਾਰਾਂ ਅਤੇ ਸੁੱਤੀ ਲੋਕਾਈ ਨੂੰ ਹਲੂਣਿਆਂ ਹੈ। ਅਣਫ਼ੋਲੇ, ਅਣਲਿਖੇ ਅਤੇ ਅਣਗੌਲ਼ੇ ਇਤਿਹਾਸ ਦੀਆਂ ਪੈੜਾਂ ਲੱਭਣ ਦਾ ਯਤਨ ਕੀਤਾ ਹੈ। ਸੌ ਵਰ੍ਹਿਆਂ ਦੇ ਇਤਿਹਾਸ ਨੂੰ ਖੰਘਾਲਣ ਲਈ ਵੱਖ-ਵੱਖ ਮੁਹਾਜ ਤੇ ਕੰਮ ਹੋਏ ਹਨ। ਪਰੰਪਰਾਵਾਂ ਦੇ ਬੰਧਨਾਂ ਤੋਂ ਪਾਰ ਜਾ ਕੇ ਇਤਿਹਾਸ ਨਾਲ ਜੀਵੰਤ ਰਿਸ਼ਤਾ ਗੰਢਣ ਵਿੱਚ ਸਾਡਾ ਅੱਜ ਕਿੰਨਾ ਕੁ ਸਫਲ ਰਿਹਾ ਹੈ ਅਜੇ ਇਸਦੀ ਘੋਖ-ਪੜਤਾਲ ਅਤੇ ਮੁਲਅੰਕਣ ਚੱਲ ਹੀ ਰਿਹਾ ਹੈ ਉਸਦੀ ਅੰਤਰ ਸਬੰਧਤ ਕੜੀ ਵਜੋਂ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਸ਼ਹਾਦਤਾਂ ਦੀ ਸ਼ਤਾਬਦੀ (1915-2015) ਸਾਡੀਆਂ ਬਰੂਹਾਂ 'ਤੇ ਹੈ।

ਲਾਹੌਰ ਕੇਂਦਰੀ ਜੇਲ੍ਹ ਅੰਦਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ, ਸੁਰ ਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਸੁਰੈਣ ਸਿੰਘ ਵੱਡਾ ਗਿੱਲਾਵਾਲੀ ਅਤੇ ਸੁਰੈਣ ਸਿੰਘ ਛੋਟਾ ਗਿੱਲਵਾਲੀ, ਹਰਨਾਮ ਸਿੰਘ ਸਿਆਲਕੋਟ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾ ਦਿੱਤਾ ਸੀ। ਕਾਮਾਗਾਟਾ ਮਾਰੂ ਅਤੇ ਬਜ ਬਜ ਘਾਟ ਦੇ ਸਾਕੇ ਦੀ ਸ਼ਤਾਬਦੀ (1914-2014) ਵਿਚੀਂ ਹੁੰਦੇ ਹੋਏ ਸਾਡੇ ਸਮਕਾਲੀ ਇਤਿਹਾਸ ਨੇ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ ਨਾਲ ਗਲਵੱਕੜੀ ਪਾਉਣੀ ਹੈ।

ਅੱਜ ਜਦੋਂ ਚੜ੍ਹਦੀ ਜੁਆਨੀ ਦੇ ਚੇਤਿਆਂ ਵਿਚੋਂ ਉਸਦਾ ਬੀਤਿਆ ਕੱਲ੍ਹ ਅਤੇ ਅੱਜ ਵੀ ਭੁਲਾਇਆ ਜਾ ਰਿਹਾ ਹੈ। ਜਦੋਂ ਆਉਣ ਵਾਲੇ ਕੱਲ੍ਹ ਦੀ ਫਿਕਰ ਕਰਨ ਦੀ ਤੰਦ ਕੱਟੀ ਜਾ ਰਹੀ ਹੈ ਤਾਂ ਬੀਤੇ ਸੌ ਵਰ੍ਹਿਆਂ ਦੇ ਇਤਿਹਾਸ ਦਾ ਪੱਲਾ ਫੜਨ ਲਈ ਉਡਦੀ ਉਮਰ ਵਾਲੇ ਹਿੱਸੇ ਨੂੰ ਫੜਨਾ, ਸੰਭਾਲਣਾ ਅਤੇ ਇਤਿਹਾਸ ਦਾ ਗੰਭੀਰ ਵਿਦਿਆਰਥੀ ਬਣਨ ਲਈ ਪ੍ਰੇਰਨਾ ਅਤੀ ਮਹੱਤਵਪੂਰਨ ਕਾਰਜ ਹੈ। ਇਤਿਹਾਸਕ ਅਤੇ ਸਮਾਜਕ ਸਰੋਕਾਰਾਂ ਨਾਲੋਂ ਬੁਰੀ ਤਰ੍ਹਾਂ ਕੱਟੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਿਬੂਬ ਨਾਇਕ, ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਿਆਂ ਦੇ ਪਾਏ ਪੂਰਨਿਆਂ ਦੀ ਅਮੀਰ ਗਾਥਾ ਨਾਲ ਜੁੜ ਕੇ ਹੀ ਆਪਣੇ ਬੀਤੇ ਕੱਲ੍ਹ, ਅੱਜ ਅਤੇ ਭਲਕ ਨੂੰ ਸਮਝਣ ਦੀ ਜਾਚ ਆ ਸਕਦੀ ਹੈ।

ਕਰਤਾਰ ਸਿੰਘ ਸਰਾਭੇ ਦੇ ਯੁੱਧ-ਸਾਥੀ ਜਗਤ ਰਾਮ ਹਰਿਆਣਾ ਨੇ ਕਾਵਿਕ ਸ਼ਰਧਾਂਜਲੀ ਕੁਝ ਅਜੇਹੇ ਅੰਦਾਜ਼ ਵਿੱਚ ਦਿੱਤੀ ਸੀ:

ਫ਼ਖ਼ਰ ਹੈ ਭਾਰਤ ਕੋ ਐ 'ਕਰਤਾਰ' ਤੂੰ ਜਾਤਾ ਹੈ ਆਜ
ਜਗਤ ਔਰ ਪਿੰਗਲੇ ਕੋ ਭੀ ਤੂ ਸਾਥ ਲੇ ਜਾਤਾ ਹੈ ਆਜ
ਹਮ ਤੁਮਾਰੇ ਮਿਸ਼ਨ ਕੋ ਪੂਰਾ ਕਰੇਂਗੇ ਸੰਗੀਓ
ਕਸਮ ਹਰ ਹਿੰਦੀ ਤੁਮ੍ਹਾਰੇ ਖ਼ੂਨ ਸੇ ਖ਼ਾਤਾ ਹੈ ਆਜ

ਸੌ ਵਰ੍ਹੇ ਕੋਲੋਂ ਦੀ ਲੰਘ ਗਏ। ਉਨ੍ਹਾਂ ਦੇ ਮਿਸ਼ਨ ਦੀ ਪੂਰਤੀ ਲਈ ਬਿਨਾਂ ਸ਼ੱਕ ਸੰਗਰਾਮ ਜਾਰੀ ਹੈ ਪਰ ਬੌਧਿਕ ਤਬਕੇ, ਨੌਜਵਾਨ ਵਰਗ ਅਤੇ ਬੁਰੀ ਤਰ੍ਹਾਂ ਲਿਤਾੜੇ ਮਿਹਨਤਕਸ਼ ਲੋਕ ਕਿੰਨੇ ਕੁ ਜਾਗਰਤ ਹੋ ਕੇ, ਆਪਣੇ ਪੂਰਵਜਾਂ ਵਾਲੀ ਮਚਲਦੀ ਭਾਵਨਾ ਨਾਲ ਸਮਰਪਤ ਹੋਏ ਹਨ। 'ਖ਼ੂਨ ਦੀ ਕਸਮ' ਦੇ ਅਰਥਾਂ ਦਾ ਅਮਲੀ ਭੇਦ ਕਿੰਨਿਆਂ ਕੁ ਨੇ ਪਾਇਆ ਹੈ। ਵਾਹੋ ਦਾਹੀ ਔਝੜੇ ਰਾਹਾਂ ਵੱਲ ਭਜਾ ਦਿੱਤੀ ਜੁਆਨੀ ਦੇ ਮਨ ਮਸਤਕ ਅੰਦਰ ਆਪਣੇ ਅਮਰ ਸ਼ਹੀਦਾਂ ਦੀ ਲੋਅ ਕਿੰਨੀ ਕੁ ਜਗਦੀ ਹੈ। ਆਪਣੇ ਫ਼ਰਜਾਂ ਦੀ ਅੱਗ ਕਿੰਨੀ ਕੁ ਮਘਦੀ ਹੈ ਇਸਦਾ ਖੁੱਲ੍ਹੇ ਮਨ ਨਾਲ ਅੰਤਰ-ਝਾਤ ਮਾਰ ਕੇ ਹੀ ਭੇਦ ਪਾਇਆ ਜਾ ਸਕਦਾ ਹੈ। ਬਿਨ ਭੇਦ ਪਾਏ ਭਟਕਦੀ ਜੁਆਨੀ ਨੂੰ ਕੌਮ ਅਤੇ ਲੋਕਾਂ ਦੀ ਤਕਦੀਰ ਦਾ ਨਵਾਂ ਸਫ਼ਾ ਲਿਖਣ ਲਈ ਨਵੇਂ ਰਾਹਾਂ ਦੇ ਹਮਸਫ਼ਰ ਵੀ ਨਹੀਂ ਬਣਾਇਆ ਜਾ ਸਕਦਾ।
 
Bakhshish Singh Gillwali
ਨਸ਼ਿਆਂ ਵਿਚ ਡੁੱਬੀ, ਫੋਕੀ ਸ਼ੋਹਰਤ ਵਿੱਚ ਖੁੱਭੀ, ਬਿਮਾਰ, ਅਸ਼ਲੀਲ, ਭਟਕਾਊ ਅਤੇ ਚਕਾਚੌਂਧ ਭਰੇ ਗਰਦੋ ਗੁਬਾਰ ਵਿੱਚ ਫਸੀ ਜੁਆਨੀ ਦੇ ਮਨ ਦੀ ਸਲੇਟ ਉਪਰ ਇਤਿਹਾਸਕ ਪਿਛੋਕੜ ਦੇ ਸਫ਼ੇ ਉਘੇੜਨਾ ਅਤੇ ਨਵੇਂ ਰਾਹਾਂ ਦਾ ਨਵਾਂ ਅਧਿਆਇ ਰਚਣਾ, ਜਮੂਦ ਨੂੰ ਚਕਨਾਚੂਰ ਕਰਨ ਵਾਲਾ ਕਾਰਜ ਹੈ। ਗੈਂਗਵਾਰ ਵਿੱਚ ਉਲਝੀ, ਕਿਰਤ-ਸਭਿਆਚਾਰ, ਇਤਿਹਾਸ, ਸੁਹਜਤਾ, ਕਲਾਤਮਕਤਾ ਅਤੇ ਸਵੈ-ਮੰਥਨ ਦੇ ਅਮਲਾਂ ਤੋਂ ਕੋਰੀ ਹੋ ਰਹੀ ਜੁਆਨੀ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਵਾਲੀ ਸੋਚ, ਸਪਿਰਟ ਅਤੇ ਸਿਦਕਦਿਲੀ ਦਾ ਰੰਗ ਹਾਲਾਤ ਦੇ ਥਪੇੜਿਆਂ ਨੇ ਚਾੜ੍ਹਨਾ ਹੀ ਚਾੜ੍ਹਨਾ ਹੈ।

ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਦਾ ਬਚਪਨ ਹੀ ਮਾਪਿਆਂ ਤੋਂ ਸੱਖਣਾ ਸੀ। ਸਰਾਭਾ ਦੀ ਪਰਿਵਾਰਕ ਆਰਥਕ ਹਾਲਤ ਤਕੜੀ ਅਤੇ ਊਧਮ ਸਿੰਘ ਦੀ ਕਾਫੀ ਮਾੜੀ ਸੀ। ਦੋਵੇਂ ਹੀਰੇ, ਦੋਵੇਂ ਤਰ੍ਹਾਂ ਦੀ ਆਰਥਕ, ਸਮਾਜਕ, ਪਰਿਵਾਰਕ ਤਸਵੀਰ ਪੇਸ਼ ਕਰਦੇ ਹਨ। ਗ਼ਰੀਬੀ ਦੀ ਦਲਦਲ ਅਤੇ ਅਮੀਰੀ ਦਾ ਤਾਪਮਾਨ ਕੋਈ ਵੀ ਸਥਿਤੀ, ਕਿਸੇ ਵੀ ਨੌਜਵਾਨ ਦਾ ਰਾਹ ਨਹੀਂ ਰੋਕ ਸਕਦੀ।

23 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਮੰਗਲ ਸਿੰਘ ਅਤੇ ਮਾਂ ਸਾਹਿਬ ਕੌਰ ਦੇ ਘਰ ਜਨਮੇ ਕਰਤਾਰ ਸਿੰਘ ਦੇ ਬਚਪਨ ਵਿੱਚ ਹੀ ਮਾਪਿਆਂ ਦੇ ਵਿਛੋੜੇ ਕਾਰਨ ਉਨ੍ਹਾਂ ਦੇ ਦਾਦਾ ਬਦਨ ਸਿੰਘ ਨੇ ਸਾਰੀ ਜ਼ਿੰਮੇਵਾਰੀ ਨਿਭਾਈ। ਪਿੰਡ ਦੇ ਪ੍ਰਾਇਮਰੀ ਸਕੂਲ, ਗੁੱਜਰਵਾਲ ਦੇ ਮਿਡਲ ਸਕੂਲ, ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਅਤੇ ਉੜੀਸਾ ਆਪਣੇ ਚਾਚੇ ਕੋਲ ਪੜ੍ਹਨ ਦੇ ਦੌਰਾਂ ਵਿੱਚੋਂ ਗੁਜ਼ਰਦਾ ਕਰਤਾਰ ਸਿੰਘ ਸਰਾਭਾ, ਅਮਰੀਕਾ ਪੜ੍ਹਨ ਗਿਆ।

ਕਰਤਾਰ ਸਿੰਘ ਆਪਣੇ ਭਰੇ ਫਾਰਮ ਵਿਚ ਪਰਿਵਾਰ ਦੀ 300 ਏਕੜ ਜ਼ਮੀਨ ਦਾ ਦਾਅਵਾ ਕਰਦਾ ਹੈ। ਇਲੈਕਟਰੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਦਾ ਇਰਾਦਾ ਪ੍ਰਗਟ ਕਰਦਾ ਹੈ। ਪੜ੍ਹਦੇ ਸਮੇਂ ਉਸਦਾ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀਆਂ ਨਾਲ ਵਾਹ ਪੈਂਦਾ ਹੈ। ਉਨ੍ਹਾਂ ਦੇ ਆਪਣੇ ਮੁਲਕਾਂ ਅੰਦਰ ਚੱਲ ਰਹੀਆਂ ਕੌਮੀ ਮੁਕਤੀ ਲਹਿਰਾਂ ਦਾ ਵੀ ਉਨ੍ਹਾਂ ਨੂੰ ਰੰਗ ਚੜ੍ਹਿਆ ਹੁੰਦਾ ਹੈ। ਇਸ ਨਾਲ ਸਰਾਭੇ ਦੀ ਸੋਚ ਅੰਦਰ ਵੀ ਨਵੀਂ ਚੇਤਨਾ ਦੇ ਜਵਾਰਭਾਟੇ ਉਠਦੇ ਹਨ। ਉਹ ਆਜ਼ਾਦ ਫ਼ਿਜਾ ਵਿਚ ਆਪਣੇ ਮੁਲਕ ਨੂੰ ਆਜ਼ਾਦ, ਖੁਸ਼ਹਾਲ ਅਤੇ ਬਰਾਬਰੀ ਭਰਿਆ ਵੇਖਣਾ ਚਾਹੁੰਦਾ ਹੈ। ਨਿੱਕੀ ਉਮਰੇ ਹੀ ਉਹ ਆਜ਼ਾਦੀ ਸੰਗਰਾਮ ਵਿੱਚ ਵਰਤੋਂ ਦੀ ਦ੍ਰਿਸ਼ਟੀ ਤੋਂ ਹਵਾਈ ਜਹਾਜ਼ ਚਲਾਉਣ ਦੀ ਸਿਖਲਾਈ ਲੈਣੀ ਆਰੰਭ ਕਰਦਾ ਹੈ। ਬੁੱਧੀਜੀਵੀਆਂ ਨਾਲ ਤਾਲਮੇਲ ਕਰਦਾ ਹੈ। ਉਹਨਾਂ ਨੂੰ ਸਿਰ ਜੋੜ ਕੇ ਬੈਠਣ ਲਈ ਆਗੂ ਭੂਮਿਕਾ ਅਦਾ ਕਰਦਾ ਹੈ।

21 ਅਪ੍ਰੈਲ, 1913 ਨੂੰ ਅਮਰੀਕਾ ਅੰਦਰ ਅਸਟੋਰੀਆ ਵਿਚ ਇਕੱਠੇ ਹੋ ਕੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂਅ ਦੀ ਜੱਥੇਬੰਦੀ ਬਣਾਈ ਜਾਂਦੀ ਹੈ। ਜਦੋਂ 1 ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਕਾਰਜ ਵਿਚ ਕਰਤਾਰ ਸਿੰਘ ਸਰਾਭਾ ਦੀ ਅਹਿਮ ਭੂਮਿਕਾ ਹੈ। ਗ਼ਦਰ ਅਖ਼ਬਾਰ ਦੀ ਚਹੁੰ ਕੂਟਾਂ ਵਿੱਚ ਗੂੰਜ ਪੈਂਦੀ ਹੈ। ਜੱਥੇਬੰਦੀ ਦਾ ਨਾਂਅ ਹੀ 'ਗ਼ਦਰ' ਅਖ਼ਬਾਰ ਕਾਰਨ 'ਗ਼ਦਰ ਪਾਰਟੀ' ਮਕਬੂਲ ਹੋ ਜਾਂਦਾ ਹੈ।

ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਕਲਮ ਤੋਂ ਲਿਖਿਆ ਹੈ ਕਿ, ''ਗ਼ਦਰ ਅਖ਼ਬਾਰ ਦਾ ਪਹਿਲਾ ਪਰਚਾ ਛਪਿਆ ਤਾਂ ਹਰਦਿਆਲ ਦੇ ਲੇਖਾਂ ਦਾ ਪੰਜਾਬੀ ਤਰਜਮਾ ਕਰਤਾਰ ਸਿੰਘ ਸਰਾਭਾ ਨੇ ਹੀ ਕੀਤਾ ਸੀ। ਛਾਪਾ ਮਸ਼ੀਨ ਉਹ ਹੱਥੀਂ ਚਲਾਉਂਦਾ ਸੀ। ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਸ਼ੁਰੂ ਵਿੱਚ ਉਹਦੇ ਸਿਰ 'ਤੇ ਸੀ। ਉਹ ਦਿਨ ਰਾਤ ਕੰਮ ਕਰਦਾ ਰਹਿੰਦਾ। ਆਰਾਮ ਉਹਦੇ ਚਿੱਤ ਚੇਤੇ ਵੀ ਨਹੀਂ ਸੀ।''

ਸ਼ਹੀਦ ਕਰਤਾਰ ਸਿੰਘ ਮਾਂ-ਬੋਲੀ ਦੀ ਅਸੀਮ ਤਾਕਤ ਤੋਂ ਵਾਕਫ਼ ਸੀ। ਇਸ ਕਰਕੇ ਹੀ ਉਸਨੇ ਲਿਖਿਆ ਸੀ ਕਿ, ''ਅੱਜ ਪਹਿਲੀ ਨਵੰਬਰ 1913 ਨੂੰ ਭਾਰਤ ਦੀ ਤਵਾਰੀਖ਼ ਵਿਚ ਇਕ ਨਵਾਂ ਸੰਮਤ ਚੱਲਦਾ ਹੈ ਕਿਉਂਕਿ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਦੇਸ ਵਿਚੋਂ ਦੇਸੀ ਜ਼ੁਬਾਨ ਵਿਚ ਜੰਗ ਛਿੜਦੀ ਹੈ'' ਸਰਾਭਾ ਅਤੇ ਉਸਦੇ ਗ਼ਦਰੀ ਸਾਥੀ ਸਪੱਸ਼ਟ ਸਨ ਕਿ ਮਾਂ-ਬੋਲੀ ਨੂੰ ਸਤਿਕਾਰਤ ਰੁਤਬਾ ਹਾਸਲ ਹੋਣ ਦੀ ਗਰੰਟੀ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਰਾਜ-ਭਾਗ ਕਿੰਨ੍ਹਾਂ ਸ਼ਕਤੀਆਂ ਦੇ ਹੱਥ ਹੈ।

ਉੱਘੇ ਇਤਿਹਾਸਕਾਰ ਪ੍ਰੋ. ਵੇਦ ਵਟੁਕ, ਪ੍ਰੋ. ਬਰਕਲੇ ਯੂਨੀਵਰਸਿਟੀ ਅਮਰੀਕਾ ਦਾ ਕਹਿਣਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਆਪਣੀ ਇਤਿਹਾਸਕ ਨਜ਼ਮ ਵਿਚ ਲਿਖਿਆ ਹੈ ਕਿ:

ਯਹੀ ਪਾਓਗੇ ਮਹਿਸ਼ਰ ਮੇਂ ਜੁਬਾਂ ਮੇਰੀ, ਬਿਆਂ ਮੇਰਾ
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੋਸਤਾਂ ਮੇਰਾ
ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ,
ਯਹੀ ਬੱਸ ਏਕ ਪਤਾ, ਯਹੀ ਨਾਮੋ-ਨਿਸ਼ਾਂ ਮੇਰਾ

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਅਨੇਕਾਂ ਸਾਥੀ ਫਾਂਸੀ ਦੇ ਰੱਸੇ ਚੁੰਮ ਗਏ। ਸੌ ਵਰ੍ਹੇ ਬੀਤ ਜਾਣ ਮਗਰੋਂ ਅਜੇ ਵੀ ਉਹਨਾਂ ਦਾ ਸੁਪਨਾ ਅਧੂਰਾ ਹੈ। ਉਹਨਾਂ ਦੇ ਸੁਪਨੇ ਸੁਲਘਦੇ ਹਨ। ਉਹਨਾਂ ਦੇ ਬੋਲ, ਨਵੀਂ ਸਵੇਰ ਦਾ ਹੋਕਾ ਦੇ ਰਹੇ ਹਨ। ਹਨੇਰੇ ਨੂੰ ਐਵੇਂ ਭੁਲੇਖਾ ਹੈ ਕਿ ਚਾਨਣ ਸ਼ਾਇਦ ਮਰ ਗਿਆ ਹੈ। ਲੋਕ ਮੁਕਤੀ ਦੇ ਵਿਚਾਰ ਕਦੇ ਫਾਹੇ ਨਹੀਂ ਲੱਗਦੇ, ਸਿਰਫ ਜਿਸਮ ਫਾਹੇ ਚਾੜ੍ਹੇ ਜਾ ਸਕਦੇ ਹਨ। ਸਾਡੀ ਧਰਤੀ ਅੰਦਰ ਅੰਤਾਂ ਦਾ ਵਿਦਰੋਹ ਉਸਲਵੱਟੇ ਲੈ ਰਿਹਾ ਹੈ ਇਸਨੂੰ ਜਦੋਂ ਸਹੀ ਦਿਸ਼ਾ ਮਿਲ ਗਈ ਉਹ ਅਵੱਸ਼ ਹੀ ਅਨੇਕਾਂ ਕਰਤਾਰ ਸਰਾਭੇ ਨਵੀਂ ਕਤਾਰ ਵਿੱਚ ਖੜ੍ਹੇ ਕਰੇਗਾ ਅਤੇ ਸੁਪਨੇ ਸਾਕਾਰ ਕਰੇਗਾ।
 
Harnam Singh Sial



Jagat Singh Sursingh
Vishnu Ganesh Pingle
Surain Singh Younger Gillwali
Suren Singh Vudha Gillwali




Tuesday, November 5, 2013

ਜਿੱਥੇ ਰੇਤੇ ਦੀ ਮੁੱਠ ਖੰਡ ਨਾਲੋਂ ਮਹਿੰਗੀ ਹੋ ਜਾਵੇ। ਜਿੱਥੇ 65 ਵਰ੍ਹਿਆਂ ਦੀ 'ਆਜ਼ਾਦੀ' ਹੋ ਜਾਣ ਤੇ ਅਜੇ ਕਮਾਊ ਲੋਕਾਂ ਦੇ ਸੰਘ ਵਿੱਚ ਇਕ ਪਿਆਜ਼ ਹੀ ਫਸਕੇ ਰਹਿ ਜਾਏ। ਜਿੱਥੇ ਭੁੱਖ, ਨੰਗ, ਗ਼ਰੀਬੀ, ਕਰਜ਼ੇ, ਬੇਰੁਜ਼ਗਾਰੀ, ਜਾਤ-ਪਾਤ, ਫਿਰਕਾਪ੍ਰਸਤੀ ਲੋਕਾਂ ਦੇ ਅੱਧਮੋਏ ਜਿਸਮਾਂ 'ਤੇ ਨੱਚਦੀ ਹੋਵੇ ਉਥੇ ਇਕ ਨਹੀਂ ਅਨੇਕਾਂ ਕਲਮਾਂ ਦੀ ਲੋੜ ਹੈ ਜਿਹੜੀਆਂ ਉਦਾਸੀ ਦੀ ਕਲਮ ਦੀਆਂ ਹਾਨਣਾ ਹੋਣ।



6 ਨਵੰਬਰ
ਉਦਾਸੀ ਦੇ ਵਿਛੋੜੇ ਦਾ ਦਿਨ,


ਕਵਿਤਾ ਨਾਲ ਮਿਲਣੀ ਦਾ ਦਿਨ ਹੈ
ਅਮੋਲਕ ਸਿੰਘ


ਪੰਜਾਬੀ ਕਵਿਤਾ ਦੀ ਨਹੀਂ ਸਾਡੇ ਸਮਿਆਂ ਨੂੰ ਸੰਤ ਰਾਮ ਉਦਾਸੀ ਵਰਗੀ ਕਲਮ ਦੀ ਤੋਟ ਹੈ। ਲੋਕ-ਸਰੋਕਾਰਾਂ ਨਾਲ ਜੁੜੇ ਵਿਸ਼ੇ ਸਿਰ ਚੜ੍ਹ ਬੋਲ ਰਹੇ ਹਨ ਪਰ ਵੇਖਣ ਵਾਲੀ ਅੱਖ ਦੀ ਤੋਟ ਹੈ। ਗਾਇਕਾਂ ਦੀ ਭਰਮਾਰ ਹੈ ਪਰ ਮਾਂ ਧਰਤੀ ਨੂੰ ਉਦਾਸੀ ਲੋੜੀਂਦਾ ਹੈ। ਜਦੋਂ ਸ਼ੋਰ ਦੀ ਚੜ੍ਹ ਮੱਚੀ ਹੈ। ਜਦੋਂ ਸ਼ਬਦ, ਸੁਰ, ਸੰਗੀਤ, ਸੁਹਜ ਅਤੇ ਪ੍ਰਤੀਬੱਧਤਾ ਬਾਰੀਂ ਕੋਹੀਂ ਬਲ਼ਦੇ ਦੀਵੇ ਤੋਂ ਵੀ ਦੂਰ ਚਲੀ ਗਈ ਹੈ ਤਾਂ ਉਦਾਸੀ ਦੀ ਯਾਦ ਮੁੜ ਮੁੜ ਸਤਾਉਂਦੀ ਹੈ।

ਪੰਜਾਬੀ ਕਵਿਤਾ ਦਾ ਹੁਣ ਬਹੁਤਾ ਭੰਡਾਰ ਅਜੇਹਾ ਹੈ ਜਿਸਦੀ ਪਾਠਕਾਂ ਅੰਦਰ ਕੋਈ ਤੀਬਰਤਾ ਨਹੀਂ। ਰਵਾਇਤੀ ਮੁਹਾਵਰੇ ਵਿੱਚ, ਲੋਕ-ਪੀੜ ਅਤੇ ਲੋਕ-ਮਸਲੇ ਤੋਂ ਟੁੱਟ ਕੇ ਲਿਖੀ ਜਾ ਰਹੀ ਕਵਿਤਾ ਦੀ ਅਜੇਹੀ ਹਾਲਤ ਹੈ ਜਿਵੇਂ ਸਾਗਰ ਵਿਚ ਕਿਸ਼ਤੀ ਦੇ ਉਨ੍ਹਾਂ ਮੁਸਾਫ਼ਰਾਂ ਦੀ ਹੋਵੇ, ਜਿਨ੍ਹਾਂ ਦੁਆਲੇ ਪਾਣੀ ਹੀ ਪਾਣੀ ਹੁੰਦਾ ਹੈ ਪਰ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਉਸ ਪਾਣੀ ਵਿੱਚੋਂ ਇਕ ਬੂੰਦ ਵੀ ਯੋਗ ਨਹੀਂ ਹੁੰਦੀ।

ਉਦਾਸੀ ਦਾ 6 ਨਵੰਬਰ 1986 ਨੂੰ ਹੋਇਆ ਵਿਛੋੜਾ, ਸਰੀਰਕ ਵਿਛੋੜਾ ਹੀ ਨਹੀਂ ਇਨਕਲਾਬੀ ਪੰਜਾਬੀ ਕਾਵਿ-ਧਾਰਾ ਅੰਦਰ ਅਸਹਿ ਸਦਮਾ, ਖੱਪਾ ਅਤੇ ਅਭੁੱਲ ਯਾਦ ਹੈ ਜਿਸਦੀ ਭਰਪਾਈ ਲਈ ਕਵੀਆਂ ਅੱਗੇ ਆਪਣੀ ਕਲਮ, ਆਪਣੀ ਕਵਿਤਾ, ਆਪਣੇ ਪਾਠਕ ਵਰਗ ਅਤੇ ਆਪਣੇ ਦਰੜੇ ਲੋਕਾਂ ਨਾਲ ਗੰਭੀਰ ਸੰਵਾਦ ਰਚਾਉਣ ਦਾ ਵੇਲਾ ਹੈ। ਡੀਲਕਸ ਜਿਲਦਾਂ ਅੰਦਰ ਸੌ ਦੋ ਸੌ ਕਿਤਾਬ ਛਪਵਾਕੇ, ਪ੍ਰੇਮ-ਸਾਹਿਤ ਮੁਫ਼ਤ ਭੇਟਾ ਕਰਕੇ, ਆਪਣੀ ਹੀ ਪਰਿਕਰਮਾ ਕਰਦੀ ਕਵਿਤਾ ਦੀ ਉਦਾਸੀ ਦੀ ਕਵਿਤਾ ਅਤੇ ਵਿਸ਼ਾਲ ਪਾਠਕ-ਵਰਗ ਨਾਲ ਕੀ ਸਕੀਰੀ ਬਣਦੀ ਹੈ ਇਸਦਾ ਅਧਿਐਨ ਵੀ ਅੰਤਰ-ਝਾਤ ਅਤੇ ਸਵੈ-ਆਲੋਚਨਾਤਮਕ ਦ੍ਰਿਸ਼ਟੀ ਤੋਂ ਕਰਨਾ ਵਕਤ ਦੀ ਤਿਖੀ ਵੰਗਾਰ ਹੈ।

ਮੇਰੀ ਮੌਤ 'ਤੇ ਨਾ ਰੋਇਓ
ਮੇਰੀ ਸੋਚ ਨੂੰ ਬਚਾਇਓ

ਵਰਗੇ ਚਿੰਤਾ ਦੀ ਬਜਾਏ ਚਿੰਤਨ ਦੀ ਮਹਿਕ ਵੰਡਦੇ ਸ਼ਬਦਾਂ ਦੇ ਸਿਰਜਕ ਦੇ ਮੁੱਲਵਾਨ ਸੁਨੇਹੇ ਦੀ ਕਿੰਨੀਆਂ ਕੁ ਕਲਮਾਂ ਨੇ ਬਾਂਹ ਫੜੀ ਹੈ, ਸਾਡੇ ਗੰਭੀਰ ਚਿੰਤਨ ਦਾ ਇਹ ਮੁੱਦਾ ਹੈ।

ਜਿੱਥੇ ਰੇਤੇ ਦੀ ਮੁੱਠ ਖੰਡ ਨਾਲੋਂ ਮਹਿੰਗੀ ਹੋ ਜਾਵੇ। ਜਿੱਥੇ 65 ਵਰ੍ਹਿਆਂ ਦੀ 'ਆਜ਼ਾਦੀ' ਹੋ ਜਾਣ ਤੇ ਅਜੇ ਕਮਾਊ ਲੋਕਾਂ ਦੇ ਸੰਘ ਵਿੱਚ ਇਕ ਪਿਆਜ਼ ਹੀ ਫਸਕੇ ਰਹਿ ਜਾਏ। ਜਿੱਥੇ ਭੁੱਖ, ਨੰਗ, ਗ਼ਰੀਬੀ, ਕਰਜ਼ੇ, ਬੇਰੁਜ਼ਗਾਰੀ, ਜਾਤ-ਪਾਤ, ਫਿਰਕਾਪ੍ਰਸਤੀ ਲੋਕਾਂ ਦੇ ਅੱਧਮੋਏ ਜਿਸਮਾਂ 'ਤੇ ਨੱਚਦੀ ਹੋਵੇ ਉਥੇ ਇਕ ਨਹੀਂ ਅਨੇਕਾਂ ਕਲਮਾਂ ਦੀ ਲੋੜ ਹੈ ਜਿਹੜੀਆਂ ਉਦਾਸੀ ਦੀ ਕਲਮ ਦੀਆਂ ਹਾਨਣਾ ਹੋਣ।

ਉਦਾਸੀ ਆਪਣੇ ਚੌਗਿਰਦੇ ਦੇ ਸਾਹ ਨਾਲ ਸਾਹ ਲੈਂਦਾ ਸੀ। ਉਸਦੇ ਗੀਤਾਂ, ਉਸਦੀਆਂ ਹੇਕਾਂ ਅਤੇ ਉਸਦੇ ਲੋਕ-ਮੁਹਾਵਰੇ ਨੇ ਨੰਗੇ ਪੈਰਾਂ ਵਾਲੇ ਲੋਕਾਂ ਨੂੰ ਗੂਹੜੀ ਨੀਂਦ ਤੋਂ ਜਾਗਣ ਲਈ ਵੰਗਾਰਿਆ। ਬੁੱਧੀਜੀਵੀ ਵਰਗ ਨੂੰ ਹਲੂਣਿਆਂ। ਪਿੰਡ ਦੇ ਕੱਚੇ ਕੋਠੇ ਵਿੱਚੋਂ ਉੱਠੀ ਉਸਦੀ ਵਿਦਰੋਹੀ ਲਲਕਾਰ ਨੇ ਰਾਜ ਭਾਗ ਦੇ ਮਹਿਲਾਂ ਨੂੰ ਕਾਂਬਾ ਛੇੜਿਆ। ਭੁੱਖਾਂ ਦੇ ਲਿਤਾੜਿਆਂ ਨੂੰ ਆਪਣੀ ਤਕਦੀਰ ਆਪ ਲਿਖਣ ਲਈ ਉੱਠ ਖੜ੍ਹੇ ਹੋਣ ਦਾ ਹੋਕਾ ਦਿੱਤਾ। ਉਦਾਸੀ ਦੀ ਕਲਮ ਆਵਾਜ਼ ਦਿੰਦੀ ਰਹੀ :

''ਜਦ ਰੋਟੀ ਤੋਂ ਸੱਖਣੀ
ਸੌਂਦੀ ਮਮਤਾ ਪਿਆਰ ਦੀ
ਉਸ ਦੀ ਨੀਂਦਰ 'ਤੇ
ਸੂਰਜ ਦਾ ਪਹਿਰਾ ਲਾਉਂਦਾ ਹਾਂ।''

ਅੱਜ ਲੋਕ-ਸਰੋਕਾਰ ਆਪਣੀ ਜਗ੍ਹਾ ਤੜਫ਼ ਰਹੇ ਹਨ। ਜਿਹੜੀ ਕਵਿਤਾ ਅੱਜ ਇਹਨਾਂ ਦੀ ਤੰਦ ਫੜਦੀ ਹੈ ਭਵਿਖ ਉਸਦਾ ਹੈ। ਜੇ 'ਕਵਿਤਾ' ਨੇ ਲੋਕਾਂ ਨਾਲ ਗਹਿਰਾ ਨਾਤਾ ਨਹੀਂ ਜੋੜਨਾ ਤਾਂ ਫਿਰ ਲੋਕਾਂ ਦਾ ਕੀ ਦੋਸ਼ ਹੈ ਜੇ ਉਸ ਕਵਿਤਾ ਦੀ ਉਹ ਜੈ ਜੈ ਕਾਰ ਨਹੀਂ ਕਰਦੇ। ਉਦਾਸੀ ਦੀਆਂ ਕਾਇਦਾ-ਰੂਪੀ ਕਾਵਿ-ਪੁਸਤਕਾਂ ਹੱਥੋਂ ਹੱਥੀਂ ਲੋਕਾਂ ਤੱਕ ਜਾਂਦੀ ਰਹੀਆਂ ਹਨ। ਕਿਸੇ ਨੇ ਪਰਵਾਹ ਨਹੀਂ ਕੀਤੀ ਕਿ ਉਸਦੀ ਜਿਲਦਬੰਦੀ ਕਿਹੋ ਜਿਹੀ ਹੈ ਅਤੇ ਪ੍ਰਕਾਸ਼ਕ ਕੌਣ ਹੈ। ਉਦਾਸੀ ਦੀ ਕਵਿਤਾ ਦੀ ਇਹ ਆਪਣੀ ਤਾਕਤ ਸੀ ਜਿਹੜੀ ਪਾਠਕ ਨਾਲ ਸਿੱਧੀ ਕੁੰਡੀ ਪਾਉਂਦੀ ਸੀ। ਉਦਾਸੀ ਨੂੰ ਨਾਅਰੇਬਾਜੀ ਦਾ ਕਵੀ, ਤੱਤਾ ਕਵੀ, ਬਾਗੀ ਕਵੀ, ਦਹਿਸ਼ਤ ਫੈਲਾਉਣ ਵਾਲਾ ਕਵੀ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਸੰਬੋਧਨ ਕੀਤਾ ਗਿਆ। ਉਦਾਸੀ ਦੇ ਗੀਤਾਂ ਅੰਦਰ ਕੋਮਲਤਾ ਲਾਜਵਾਬ ਹੈ। ਇਕ ਕਾਵਿ-ਟੋਟਾ ਹੀ ਉਦਾਸੀ ਕਾਵਿ-ਸੰਗ੍ਰਹਿ ਦੀ ਰੂਹ ਦੇ ਦੀਦਾਰ ਕਰਾਉਂਦਾ ਹੈ :

ਜਦ ਸ਼ਾਹਾਂ ਦੀ ਨੀਤ ਦਾ ਕੋਰਾ
ਫਸਲਾਂ ਉੱਤੇ ਪੈਂਦਾ ਹੈ
ਬੱਲੀਆਂ ਨੂੰ ਘੁੱਟ ਕੇ ਮੈਂ
ਹਿੱਕ ਦੀ ਧੁੱਪ ਸੁਕਾਉਂਦਾ ਹਾਂ

ਉਦਾਸੀ ਅੰਬਰੋਂ ਉਤਰਿਆ ਕਵੀ ਨਹੀਂ। ਉਹ ਆਪਣੇ ਚੌਗਿਰਦੇ ਦੇ ਵਿਚਾਰਧਾਰਕ, ਰਾਜਨੀਤਕ, ਆਰਥਕ, ਸਮਾਜਕ ਅਤੇ ਸਭਿਆਚਾਰਕ ਵਾਤਾਵਰਨ ਨੂੰ ਸੂਖਮਤਾ ਨਾਲ ਮਹਿਸੂਸ ਕਰਦਾ ਹੈ। ਨਿੱਕੀ ਉਮਰੇ ਉਸਨੂੰ ਨਾਮਧਾਰੀ ਕੂਕਾ ਲਹਿਰ ਦਾ ਇਤਿਹਾਸ ਝੰਜੋੜਦਾ ਹੈ। ਜੁਆਨੀ ਦੀ ਦਹਿਲੀਜ਼ 'ਤੇ ਕਦਮ ਧਰਦੇ ਨੂੰ ਗੁਰੂ ਗੋਬਿੰਦ ਸਿੰਘ ਦਾ ਜੀਵਨ ਪ੍ਰਭਾਵਿਤ ਕਰਦਾ ਹੈ। ਕਦੇ ਉਹ ਪੰਡਤ ਜਵਾਹਰ ਲਾਲ ਨਹਿਰੂ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਬੌਧਿਕ ਵਿਕਾਸ ਦੀ ਪੌੜੀਆਂ ਚੜ੍ਹਦਾ ਜਦੋਂ ਮਾਰਕਸੀ ਵਿਚਾਰਧਾਰਾ ਦੇ ਲੜ ਲੱਗਦਾ ਹੈ ਤਾਂ ਉਸਨੂੰ ਸੰਸਾਰਕ ਵਰਤਾਰੇ ਨੂੰ ਘੋਖਣ-ਸਮਝਣ ਦੀ ਵਿਗਿਆਨਕ ਜਾਚ ਆਉਂਦੀ ਹੈ। ਉਹ ਆਪਣੀ ਕਾਵਿ-ਸ਼ੈਲੀ ਵਿੱਚ ਜਮਾਤੀ ਦ੍ਰਿਸ਼ਟੀਕੋਣ ਦਾ ਰੰਗ ਗੂਹੜਾ ਕਰਦਾ ਕਾਵਿ-ਸੰਸਾਰ ਦੇ ਨਵੇਂ ਮੁਕਾਮ 'ਤੇ ਪਹੁੰਚਦਾ ਹੈ। ਉਹ ਪਿਛਲ-ਝਾਤ ਮਾਰਦਾ ਹੋਇਆ ਆਪਣੀ ਕਾਵਿ-ਸਿਰਜਣਾ ਪ੍ਰਤੀ ਸਵੈ-ਪੜਚੋਲਵੀ ਝਾਤ ਮਾਰਦਾ ਹੈ।

ਉਚੇਰੀ ਪਰਵਾਜ਼ ਭਰਦਾ ਹੈ। ਲੋਕ-ਦੁਸ਼ਮਣ ਪ੍ਰਬੰਧ ਦੇ ਬਖੀਏ ਉਧੇੜਦਾ ਹੈ। ਵੰਨ-ਸੁਵੰਨੇ ਹਾਕਮਾਂ ਦੀ ਅੱਖ ਦਾ ਰੋੜ ਬਣਦਾ ਹੈ। ਇੰਟੈਰੋਗੇਸ਼ਨ ਸੈਂਟਰਾਂ ਵਿੱਚ ਅਣਮਨੁੱਖੀ ਵਹਿਸ਼ੀਆਨਾ ਕਹਿਰ ਝੱਲਦਾ ਹੈ। ਕਵਿਤਾ ਨੂੰ ਜਬਰ ਦੀ ਭੱਠੀ ਵਿੱਚ ਢਾਲਕੇ ਹੋਰ ਫੌਲਾਦੀ ਬਣਾਉਂਦਾ ਹੈ। ਕੋਈ ਵੀ ਕਵੀ ਜਾਂ ਕਿਸੇ ਮੁਹਾਜ 'ਤੇ ਵੀ ਸਰਗਰਮ ਕੋਈ ਵੀ ਵਿਅਕਤੀ ਸੰਪੂਰਣ ਕਿਆਸ ਕਰਨਾ ਆਪਣੇ ਆਪ ਵਿੱਚ ਹੀ ਗੈਰ-ਵਿਗਿਆਨਕ ਸੋਚ ਦਾ ਮੁਜਾਹਰਾ ਕਰਨਾ ਹੈ। ਉਦਾਸੀ ਦੇ ਜੀਵਨ-ਸਫ਼ਰ ਦਾ ਮੁਲਅੰਕਣ ਵੀ ਸਾਵੀਂ ਦ੍ਰਿਸ਼ਟੀ ਤੋਂ ਵਿਗਿਆਨਕ ਪਹੁੰਚ ਦੀ ਕਸਵੱਟੀ ਤੇ ਕਰਨਾ ਹੀ ਵਾਜਬ ਹੈ ਨਾ ਕਿ ਉਲਾਰ ਭਰੀ, ਤੰਗ-ਨਜ਼ਰ ਅਤੇ ਇਕ ਪਾਸੜ ਸੋਚ। ਉਦਾਸੀ ਸਾਡੇ ਲੋਕਾਂ ਦਾ ਅਮੁੱਲਾ ਸਰਮਾਇਆ ਹੈ। ਉਦਾਸੀ ਸਾਡੀ ਇਨਕਲਾਬੀ ਕਵਿਤਾ ਦਾ ਸਿਰਨਾਵਾਂ ਹੈ। ਉਦਾਸੀ ਨੂੰ ਅਤੇ ਉਸਦੀ ਕਵਿਤਾ ਨੂੰ ਕੋਈ ਵੀ ਤਾਕਤ ਮਾਰ ਨਹੀਂ ਸਕਦੀ। ਉਸਨੂੰ ਦਲਿਤ ਕਵੀ ਤੱਕ ਸੀਮਤ ਕਰਨ ਵਾਲਿਆਂ ਦੀ ਸੋਚ ਨੂੰ ਲਕਵਾ ਹੋਇਆ ਹੈ। ਉਦਾਸੀ ਇਨਕਲਾਬੀ ਕਵੀ ਹੈ। ਉਹ ਸਭਨਾਂ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਮੁਕਤੀ ਦੀ ਬੁਲੰਦ ਆਵਾਜ਼ ਹੈ। ਗੁਰਸ਼ਰਨ ਸਿੰਘ, ਡਾ. ਟੀ.ਆਰ. ਵਿਨੋਦ, ਸੁਰਿੰਦਰ ਧੰਜਲ ਅਤੇ ਪਾਸ਼ ਵਰਗਿਆਂ ਦੀ ਲਿਖਤੀ ਟਿੱਪਣੀਆਂ ਗਵਾਹ ਹਨ ਕਿ ਉਦਾਸੀ ਦਾ ਸਨਮਾਨਤ ਰੁਤਬਾ ਉਹਨਾਂ ਦੀ ਨਜ਼ਰ ਵਿੱਚ ਕਿਹੋ ਜਿਹਾ ਸਥਾਨ ਰੱਖਦਾ ਹੈ। ਪਾਸ਼ ਲਿਖਦਾ ਹੈ ਕਿ:

''ਉਦਾਸੀ ਮੈਨੂੰ ਏਡਾ ਕੱਦਾਵਰ ਤੇ ਅਪਹੁੰਚ ਲੱਗਦਾ ਹੈ ਕਿ ਆਪਣੇ ਆਪ ਨੂੰ ਉਹਦਾ ਸਮਕਾਲੀ ਆਖਦਿਆਂ ਵੀ ਸੰਗ ਆਉਂਦੀ ਹੈ। ਬੋਹਲਾਂ ਦੇ ਵਿਚਾਲੇ ਭੁੱਖੇ ਸੁੱਤੇ ਕਾਮਿਆਂ ਦੇ ਟੋਲੇ ਦੀ ਮਨੋਦਸ਼ਾ ਬਾਰੇ ਪੰਜਾਬੀ ਦੇ ਹੋਰ ਕਿਸੇ ਕਵੀ ਨੇ ਇਸ ਪੱਧਰ ਤੱਕ ਨਹੀਂ ਸੋਚਿਆ। ਸ਼ੁਕਰ ਏ ਅਰੰਭ ਤਾਂ ਹੋਇਆ।''

6 ਨਵੰਬਰ ਉਦਾਸੀ ਦੇ ਭਾਵੇਂ ਜਿਸਮਾਨੀ ਵਿਛੋੜੇ ਦਾ ਦਿਨ ਤਾਂ ਹੈ ਉਸਦੀ ਕਵਿਤਾ ਨੂੰ ਨੇੜਿਓਂ ਮਿਲਣ ਦਾ ਦਿਨ ਹੈ। ਉਸਨੂੰ ਧਾਅ ਗਲਵੱਕੜੀ ਪਾਉਣ ਦਾ ਦਿਨ ਹੈ। ਮਘਦੇ ਸੂਰਜ ਦੀ ਕਵਿਤਾ ਦੀ ਲੋਅ ਸੰਭਾਲਣ ਦਾ ਦਿਨ ਹੈ।

ਸੰਪਰਕ : 94170-76735

Friday, October 18, 2013

ਕੇਂਦਰੀ ਗ੍ਰਹਿ ਵਿਭਾਗ ਵੱਲੋਂ ਲੋਕ ਮੋਰਚਾ ਪੰਜਾਬ 'ਤੇ ਜਬਰ ਢਾਹੁਣ ਦਾ ਖੁੱਲ੍ਹਾ ਐਲਾਨ



ਕੇਂਦਰੀ ਗ੍ਰਹਿ ਵਿਭਾਗ ਵੱਲੋਂ ਲੋਕ ਮੋਰਚਾ ਪੰਜਾਬ 'ਤੇ ਜਬਰ ਢਾਹੁਣ ਦਾ ਖੁੱਲ੍ਹਾ ਐਲਾਨ
ਜਮਹੂਰੀ, ਇਨਸਾਫਪਸੰਦ, ਲੋਕ-ਪੱਖੀ ਜਨਤਕ ਜਥੇਬੰਦੀਆਂ, ਸੰਗਠਨਾਂ ਤੇ ਵਿਅਕਤੀਆਂ ਨੂੰ
ਇਸ ਫਾਸ਼ੀ ਕਦਮ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ

ਨਕਸਲ-ਪ੍ਰਭਾਵਿਤ ਰਾਜਾਂ ਦੇ ਪੁਲਸ ਮੁਖੀਆਂ ਅਤੇ ਮੁੱਖ ਸਕੱਤਰਾਂ ਨੇ ਕੇਂਦਰੀ ਗ੍ਰਹਿ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਖੁਦ ਵੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਵਿਭਾਗ ਨੇ 128 ਜਨਤਕ ਜਥੇਬੰਦੀਆਂ ਦੀ ਸੂਚੀ ਜਾਰੀ ਕਰਕੇ ਕਿਹਾ ਹੈ ਕਿ ਇਹ ''ਮਾਓਵਾਦੀਆਂ ਦੀਆਂ ਫਰੰਟ ਜਥੇਬੰਦੀਆਂ ਹਨ'', ''ਖੁਫੀਆ ਏਜੰਸੀਆਂ ਵੱਲੋਂ ਇਹਨਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।'' ਇਹਨਾਂ ਜਥੇਬੰਦੀਆਂ ਵਿੱਚ ਪੰਜਾਬ 'ਚੋਂ 'ਲੋਕ ਮੋਰਚਾ ਪੰਜਾਬ' ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਇਸ ਨਿਗਰਾਨੀ ਦਾ ਮਕਸਦ ਇਹਨਾਂ ਜਥੇਬੰਦੀਆਂ ਖਿਲਾਫ 'ਕਾਰਵਾਈ' ਕਰਨ ਹਿਤ ਪੁਖਤਾ ਸਬੂਤ ਇਕੱਠੇ ਕਰਨੇ ਹਨ। 

ਲੋਕ ਮੋਰਚਾ ਪੰਜਾਬ ਕੇਂਦਰ ਸਰਕਾਰ ਦੇ ਇਸ ਕਦਮ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ। ਅਮਲ ਵਿੱਚ ਇਹ ਕਦਮ ਲੋਕਾਂ ਦੇ ਚੰਗੇਰੀ ਜ਼ਿੰਦਗੀ ਲਈ ਢੁਕਵਾਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਪ੍ਰਬੰਧ ਸਿਰਜਣ ਲਈ ਹਕੂਮਤ ਨਾਲੋਂ ਵੱਖਰੇ ਵਿਚਾਰ ਰੱਖਣ, ਜਥੇਬੰਦ ਹੋਣ, ਪ੍ਰਚਾਰ ਕਰਨ ਤੇ ਸੰਘਰਸ਼ ਕਰਨ ਦੇ ਬੁਨਿਆਦੀ-ਜਮਹੂਰੀ ਹੱਕ 'ਤੇ ਡਾਕਾ ਹੈ। ਸਰਕਾਰ ਦਾ ਇਹ ਕਦਮ, ਸਰਕਾਰਾਂ ਵੱਲੋਂ ਮੁਲਕ ਦੀ ਆਰਥਿਕਤਾ ਨੂੰ ਸਾਮਰਾਜੀ ਆਰਥਿਕਤਾ ਨਾਲ ਸਿਰ ਨਰੜ ਕੀਤੇ ਜਾਣ; ਸਾਮਰਾਜੀ-ਹਾਕਮਾਂ ਅਤੇ ਸਾਮਰਾਜੀ ਸੰਸਥਾਵਾਂ (ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਵਪਾਰ ਸੰਗਠਨ ਆਦਿ) ਦੀਆਂ ਹਿਦਾਇਤਾਂ-ਸ਼ਰਤਾਂ ਮੰਨ ਕੇ ਮੁਲਕ ਅੰਦਰ ਮੁਲਕ ਤੇ ਲੋਕ-ਵਿਰੋਧੀ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਘੜੇ ਤੇ ਮੜ੍ਹੇ ਜਾਣ; ਮੁਲਕ ਦੇ ਹਰ ਸਰਕਾਰੀ ਖੇਤਰ ਨੂੰ ਦੇਸੀ ਬਦੇਸ਼ੀ ਕਾਰਪੋਰੇਟ ਕੰਪਨੀਆਂ ਲਈ ਲੁੱਟ ਵਾਸਤੇ ਖੋਲ੍ਹੇ ਜਾਣ; ਸਾਮਰਾਜੀ ਪਸਾਰੇ ਹਿੱਤ ਉਸ ਵੱਲੋਂ ਕੀਤੇ ਹਮਲਿਆਂ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਫੌਜਾਂ ਭੇਜਣ, ਉਸਨੂੰ ਹਵਾਈ ਅੱਡੇ ਵਰਤਣ ਅਤੇ ਹਵਾਈ ਜਹਾਜ਼ਾਂ ਨੂੰ ਤੇਲ ਦਿੱਤੇ ਜਾਣ; ਸਾਮਰਾਜੀ ਸ਼ਹਿ 'ਤੇ 'ਵੱਡੀ ਸ਼ਕਤੀ' ਬਣਨ ਦੇ ਪਸਾਰਵਾਦੀ ਮਨਸੂਬੇ ਪਾਲਣ ਲਈ ਗੁਆਂਢੀ ਮੁਲਕਾਂ ਨਾਲ ਛਿੰਗੜੀ ਛੇੜੀ ਰੱਖੇ ਜਾਣ; ਮੁਲਕ ਦੇ ਲੋਕਾਂ ਤੋਂ ਜਲ, ਜੰਗਲ, ਜ਼ਮੀਨ ਧੱਕੇ ਨਾਲ ਖੋਹੇ ਜਾਣ ਅਤੇ ਇਸ ਵਿਰੁੱਧ ਅਤੇ ਹੋਰ ਹੱਕੀ ਮੰਗਾਂ ਲਈ ਉੱਠਦੇ ਸੰਘਰਸ਼ਾਂ ਨੂੰ ਲਾਠੀ-ਗੋਲੀ ਨਾਲ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੇ ਜਾਣ; ਗੈਰ-ਜਮਹੂਰੀ ਤੇ ਨਿਰਦੱਈ ਕਾਲੇ ਕਾਨੂੰਨ ਬਣਾਏ ਜਾਣ; ਝੂਠੇ ਪੁਲਿਸ ਮੁਕਾਬਲੇ ਰਚਾਏ ਜਾਣ; ਫਿਰਕੂ ਤੇ ਇਲਾਕਾਈ ਲਹਿਰਾਂ ਖੜ੍ਹੀਆਂ ਕੀਤੇ ਜਾਣ; ਲੋਕਾਂ ਨੂੰ ਗਲ-ਵੱਢ ਭਰਾ-ਮਾਰ ਖ਼ੂੰਨੀ ਦੰਗਿਆਂ ਵਿੱਚ ਝੋਕੇ ਜਾਣ; ਉੱਤਰ-ਪੂਰਬ ਦੇ ਸੂਬਿਆਂ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਹੱਕੀ-ਕੌਮੀ ਭਾਵਨਾਵਾਂ ਤੇ ਲਹਿਰਾਂ ਨੂੰ ਜਬਰ ਦੇ ਜ਼ੋਰ ਦਬਾਏ ਜਾਣ, ਦਾ ਵਿਰੋਧ ਕਰਨ ਵਾਲਿਆਂ ਦੀ ਜੁਬਾਨਬੰਦੀ ਕਰਨਾ ਹੈ।
 

ਲੋਕ ਮੋਰਚਾ ਪੰਜਾਬ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਪ੍ਰਣਾਇਆ ਅਤੇ ਅਮਲ ਵਿੱਚ ਲਾਗੂ ਕਰ ਰਿਹਾ ਇੱਕ ਖੁੱਲ੍ਹਾ ਆਜ਼ਾਦ ਸੰਗਠਨ ਹੈ। ਜਿਸਦਾ ਐਲਾਨੀਆਂ ਉਦੇਸ਼- ਸਾਮਰਾਜਵਾਦ ਅਤੇ ਜਾਗੀਰਦਾਰੀ ਦੀ ਸੇਵਾ ਵਿੱਚ ਲੱਗੇ ਮੌਜੂਦਾ ਆਰਥਿਕ, ਰਾਜਨੀਤਕ, ਸਮਾਜਿਕ ਸਭਿਆਚਾਰਕ ਨਿਜ਼ਾਮ ਦੀ ਥਾਂ ਮੁਲਕ ਅੰਦਰ ਲੋਕਾਂ ਨੂੰ ਜਾਗਰੂਕ ਤੇ ਜਥੇਬੰਦ ਕਰਕੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲਾ ਲੋਕ ਪੱਖੀ ਖਰਾ ਜਮਹੂਰੀ ਰਾਜ ਤੇ ਸਮਾਜ ਉਸਾਰਨ ਵੱਲ ਵਧਣਾ ਹੈ। ਜਥੇਬੰਦ ਹੋਈ ਵਿਸ਼ਾਲ ਲੋਕਾਈ ਦੀ ਏਕਤਾ ਦਾ ਜਕ ਬੰਨ੍ਹ ਕੇ ਜਥੇਬੰਦ ਸੰਘਰਸ਼ ਦੇ ਸਵੱਲੜੇ ਰਾਹ ਤੋਰਨਾ ਹੈ। ਇਸ ਉਦੇਸ਼ ਹਿੱਤ ਮੋਰਚੇ ਵੱਲੋਂ ਸਮੇਂ ਸਮੇਂ 'ਮੁਕਤੀ-ਮਾਰਗ' ਨਾਂ ਦਾ ਪਰਚਾ ਖੁੱਲ੍ਹੇ ਤੌਰ 'ਤੇ ਜਾਰੀ ਕੀਤਾ ਜਾ ਰਿਹਾ ਹੈ। 'ਮੁਕਤੀ ਮਾਰਗ' ਨਾਂ ਥੱਲੇ ਹੀ ਇੰਟਰਨੈੱਟ 'ਤੇ ਇਸਦਾ ਬਲਾਗ ਹੈ। ਪੰਜਾਬ ਭਰ ਵਿੱਚ ਇਸਦੀਆਂ ਇਕਾਈਆਂ ਅਤੇ ਸੂਬਾ ਕਮੇਟੀ ਦੀ ਚੋਣ ਖੁੱਲ੍ਹੇ ਤੌਰ 'ਤੇ ਹੁੰਦੀ ਹੈ ਅਤੇ ਇਹਨਾਂ ਇਕੱਤਰਤਾਵਾਂ ਵਿੱਚ ਹੋਏ ਫੈਸਲਿਆਂ ਅਨੁਸਾਰ ਮੋਰਚਾ ਜਨਤਕ ਮੁਹਿੰਮਾਂ ਹੱਥ ਲੈਂਦਾ ਹੈ। ਇਸਦੀ ਕੋਈ ਵੀ ਸਰਗਰਮੀ ਲੁਕਵੀਂ ਜਾਂ ਗੁਪਤ ਨਹੀਂ ਹੈ। 

ਲੋਕ ਮੋਰਚਾ ਪੰਜਾਬ ਪ੍ਰਤੀ ਹਕੂਮਤ ਦੀ ਚਿੜ੍ਹ ਤੇ ਦੁਸ਼ਮਣੀ ਦਾ ਕਾਰਨ:-

v     ਹਕੂਮਤ ਵੱਲੋਂ ਆਜ਼ਾਦੀ ਅਤੇ ਜਮਹੂਰੀਅਤ ਦੇ ਛਲਾਵੇਂ ਓਹਲੇ ਮੜ੍ਹੀ ਜਾ ਰਹੀ ਤਾਨਾਸ਼ਾਹੀ ਦੀ ਅਤੇ 'ਢਾਂਚਾ ਢਲਾਈ' 'ਆਰਥਿਕ ਸੁਧਾਰਾਂ' ਅਤੇ 'ਵਿਕਾਸ' ਦੇ ਪਿੱਟੇ ਜਾ ਰਹੇ ਢੰਡੋਰੇ ਦੀ ਮੋਰਚੇ ਵੱਲੋਂ ਪਾਜ਼ ਉਘੜਾਈ ਕਰਕੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਨੁਸਾਰ ਖਰਾ ਲੋਕ-ਪੱਖੀ ਤੇ ਮੁਲਕ ਪੱਖੀ ਇਨਕਲਾਬੀ ਰਾਜ ਤੇ ਸਮਾਜ ਦਾ ਬਦਲ ਪੇਸ਼ ਕੀਤੇ ਜਾਣ ਦੀ ਨਿਰੰਤਰ ਕੀਤੀ ਜਾ ਰਹੀ ਲੋਕ-ਪੱਖੀ ਪ੍ਰਚਾਰ-ਸਰਗਰਮੀ ਹੈ;

v     ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ-ਮਜ਼ਦੂਰਾਂ, ਛੋਟੇ ਸਨਅੱਤਕਾਰਾਂ ਤੇ ਕਾਰੋਬਾਰੀਆਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਤੇ ਸ਼ਹਿਰੀ ਗਰੀਬਾਂ ਵੱਲੋਂ ਆਪਣੀਆਂ ਹੱਕੀ ਤੇ ਵਾਜਬ ਮੰਗਾਂ ਲਈ ਚਲਾਏ ਜਾ ਰਹੇ ਸੰਘਰਸ਼ ਦੇ ਹੱਕ ਵਿੱਚ ਹਮੇਸ਼ਾਂ ਕੀਤੀ ਜਾ ਰਹੀ ਪ੍ਰਚਾਰ-ਲਾਮਬੰਦੀ ਹੈ;

v     ਸਿੱਖਿਆ, ਸਿਹਤ, ਬਿਜਲੀ, ਪਾਣੀ, ਆਵਾਜਾਈ ਦੇ ਖੇਤਰਾਂ ਦਾ ਵਪਾਰੀਕਰਨ ਤੇ ਨਿੱਜੀਕਰਨ ਕਰਨ ਦੇ ਵਿਰੋਧ ਵਿੱਚ ਅਤੇ ਨਿੱਤ ਦਿਨ ਵਧਦੀ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ-ਕੰਗਾਲੀ, ਕਰਜ਼ੇ, ਰਿਸ਼ਵਤਖੋਰੀ, ਗੁੰਡਾਗਰਦੀ, ਫਿਰਕਾਪ੍ਰਸਤੀ ਅਤੇ ਲਾਠੀ-ਗੋਲੀ ਤੇ ਝੂਠੇ ਮੁਕਾਬਲੇ ਰਚਾਉਣ ਦੇ ਸਰਕਾਰੀ ਜਬਰ ਦੇ ਵਿਰੋਧ ਵਿੱਚ ਸਬੰਧਤ ਸੰਘਰਸ਼ਸ਼ੀਲਾਂ ਅਤੇ ਲੋਕਾਂ ਦੇ ਹੋਰ ਹਿੱਸਿਆਂ ਨੂੰ ਸੁਚੇਤ ਤੇ ਚੇਤੰਨ ਕਰਨ ਅਤੇ ਜਥੇਬੰਦ-ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਦਿੰਦੀ ਅਤੇ ਸਾਮਰਾਜ ਤੇ ਜਾਗੀਰਦਾਰੀ ਵਿਰੁੱਧ ਉੱਠਦੇ ਘੋਲਾਂ ਨੂੰ ਉਚਿਆਉਣ ਅਤੇ ਇਹਨਾਂ ਦੇ ਹੱਕ ਵਿੱਚ ਲਗਾਤਾਰ ਜਾਰੀ ਕੀਤੀ ਜਾ ਰਹੀ ਪ੍ਰਚਾਰ-ਸਮੱਗਰੀ ਹੈ;

v     ਜੰਗਲ, ਜ਼ਮੀਨ, ਪਾਣੀ, ਬਿਜਲੀ, ਸਿਹਤ, ਸਿੱਖਿਆ, ਸੜਕਾਂ ਅਤੇ ਖਣਿਜ ਪਦਾਰਥ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਏ ਜਾਣ ਦਾ ਵਿਰੋਧ ਕਰਨ ਵਾਲਿਆਂ ਉੱਤੇ ਅਤੇ ਨਿੱਜੀਕਰਨ ਤੋਂ ਆਪਣਾ ਰੁਜ਼ਗਾਰ ਬਚਾਉਣ ਲਈ ਸੰਘਰਸ਼ ਕਰਨ ਵਾਲਿਆਂ ਤੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰਾਂ ਉੱਪਰ ਅਮਨ ਕਾਨੂੰਨ ਦੇ ਬਹਾਨੇ ਹੇਠ ਨਿੱਤ ਦਿਨ ਸਰਕਾਰ ਵੱਲੋਂ ਲਾਠੀ-ਗੋਲੀ ਨਾਲ ਵਰਤਾਈ ਜਾ ਰਹੀ ਮੌਤ ਦੀ ਅਤੇ ਰਚੇ ਜਾ ਰਹੇ ਝੂਠੇ ਪੁਲਸ ਮੁਕਾਬਲਿਆਂ ਦੀ ਲੋਕ-ਮੋਰਚਾ ਪੰਜਾਬ ਵੱਲੋਂ ਕੀਤੀ ਜਾ ਰਹੀ ਪਾਜ ਉਘੜਾਈ ਹੈ;

v     ਸਾਮਰਾਜੀਆਂ ਵੱਲੋਂ ਆਪਣੀ ਲੁੱਟ ਦੀ ਕਮਾਈ ਵਧਾਉਣ ਲਈ ਛੋਟੇ ਮੁਲਕਾਂ 'ਤੇ ਕੀਤੇ ਜਾ ਰਹੇ ਹਮਲਿਆਂ, ਉਹਨਾਂ ਹਮਲਿਆਂ ਵਿੱਚ ਮੁਲਕ ਦੀਆਂ ਸਰਕਾਰਾਂ ਵੱਲੋਂ ਸਾਮਰਾਜੀਆਂ ਦੀ ਕੀਤੀ ਜਾ ਰਹੀ ਹਮਾਇਤ ਅਤੇ ਪ੍ਰਚੂਨ ਕਾਰੋਬਾਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਕੀਤੇ ਫੈਸਲੇ  ਵਿਰੁੱਧ ਕੀਤੇ ਗਏ ਤੁਰਤ-ਪੈਰੇ ਰੋਸ-ਵਿਖਾਵੇ ਹਨ;

v    ਹਰ ਪਾਰਲੀਮਾਨੀ, ਅਸੈਂਬਲੀ ਤੇ ਪੰਚਾਇਤਾਂ-ਨਗਰ  ਪਾਲਿਕਾਵਾਂ ਦੀਆਂ ਚੋਣਾਂ ਮੌਕੇ, ਰਾਜਨੀਤਕ ਪਿੜ 'ਚ ਮੌਜੂਦ ਅਤੇ ਕੁਰਸੀ-ਭੇੜ ਵਿੱਚ ਲੱਗੀਆਂ ਲੋਕ-ਦੋਖੀ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਤੇ ਕਿਰਦਾਰ ਦਾ ਪਾਜ ਉਘਾੜਨ, ਉਹਨਾਂ ਵੱਲੋਂ ਉਭਾਰੇ ਜਾ ਰਹੇ ਭਰਮਾਊ ਅਤੇ ਭਟਕਾਊ ਮੁੱਦਿਆਂ ਦੀ ਥਾਂ ਲੋਕਾਂ ਦੀ ਰੋਟੀ-ਰੋਜ਼ੀ ਤੇ ਜ਼ਿੰਦਗੀ ਨਾਲ ਜੁੜਵੇਂ ਅਸਲ ਮੁੱਦੇ ਉਭਾਰਨ, ਹਾਕਮ ਅਤੇ ਵਿਰੋਧੀ ਧਿਰ ਵਿੱਚ ਬੈਠੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਾਮਰਾਜ, ਵੱਡੇ ਸਰਮਾਏਦਾਰ ਤੇ ਵੱਡੇ ਜਾਗੀਰਦਾਰ ਪੱਖੀ ਨੀਤੀਆਂ ਨੂੰ ਬੇਕਿਰਕੀ ਨਾਲ ਬੇਪਰਦ ਕਰਨ ਅਤੇ ਲੋਕਾਂ ਨੂੰ ਇਸ ਗਧੀ ਗੇੜ 'ਚੋਂ ਨਿਕਲਣ ਤੇ ਆਪਣੀ ਜਥੇਬੰਦਕ ਤਾਕਤ ਉਸਾਰਨ ਦਾ ਸੱਦਾ ਦਿੰਦੀਆਂ ਵਿਸ਼ੇਸ਼ ਮੁਹਿੰਮਾਂ ਹਨ;

v   ਮੁਲਕ 'ਤੇ ਕਬਜ਼ਾ ਜਮਾਈ ਬੈਠੇ ਬਰਤਾਨਵੀ-ਬਸਤੀਵਾਦੀਆਂ ਖਿਲਾਫ ਭਾਰਤੀ ਵਤਨਪ੍ਰਸਤਾਂ ਦੇ ਉੱਠੇ ਵਿਦਰੋਹ-1857 ਦਾ ਗ਼ਦਰ, ਕੂਕਾ-ਲਹਿਰ, ਗ਼ਦਰ ਲਹਿਰ, ਬੱਬਰ-ਲਹਿਰ, ਭਗਤ ਸਿੰਘ ਹੋਰਾਂ ਦੀ ਲਹਿਰ ਨੂੰ ਸਿਜਦਾ ਕਰਨ, ਉਚਿਆਉਣ, ਇਹਨਾਂ ਲਹਿਰਾਂ ਤੋਂ ਸੇਧ ਲੈਣ ਅਤੇ ਇਸ ਸੇਧ ਵਿੱਚ ਅੱਗੇ ਵਧਣ ਦਾ ਲੋਕਾਂ ਨੂੰ ਹੋਕਾ ਦਿੰਦੇ ਝੰਡਾ-ਮਾਰਚ,  ਨਾਟਕ ਤੇ ਕਾਨਫਰੰਸਾਂ ਹਨ;

v     ਇਹ ਉਕਤ ਸਰਗਰਮੀਆਂ ਦੇ ਨਾਲ ਨਾਲ ਹੋਰਾਂ ਲੋਕ-ਪੱਖੀ ਜਨਤਕ ਜਥੇਬੰਦੀਆਂ-ਸੰਗਠਨਾਂ ਨਾਲ ਮਿਲ ਕੇ ਕੀਤੀਆਂ ਸਾਂਝੀਆਂ ਸਰਗਰਮੀਆਂ ਹਨ। 

ਸਰਕਾਰ, ਲੋਕ ਮੋਰਚਾ ਪੰਜਾਬ ਅਤੇ ਇਸਦੇ ਨਾਲ 127 ਹੋਰ ਜਨਤਕ ਜਥੇਬੰਦੀਆਂ ਨੂੰ, ਖੁਫੀਆ ਏਜੰਸੀਆਂ ਦੁਆਰਾ ਸਬੂਤ ਇਕੱਠੇ ਕਰਕੇ 'ਕਾਰਵਾਈ' ਕਰਨ ਦੇ ਡਰਾਵੇ ਦੇ ਰਹੀ ਹੈ। ਅਸਲ ਵਿੱਚ ਸਿਆਸੀ, ਇਖਲਾਕੀ ਤੇ ਕਾਨੂੰਨੀ, ਸਾਰੇ ਪੱਖਾਂ ਤੋਂ ਸਰਾਸਰ ਗਲਤ, ਜਾਬਰ ਅਤੇ ਗੈਰ-ਜਮਹੂਰੀ ਫੈਸਲੇ ਰਾਹੀਂ ਸਰਕਾਰ ਇਹਨਾਂ ਜਥੇਬੰਦੀਆਂ ਦੇ ਵਧ ਰਹੇ ਲੋਕ-ਪ੍ਰਭਾਵ ਤੋਂ ਆਪਣੀ ਬੁਖਲਾਹਟ ਦਾ ਪ੍ਰਗਟਾਵਾ ਕਰ ਰਹੀ ਹੈ। ਇਹਨਾਂ ਜਥੇਬੰਦੀਆਂ ਨੂੰ 'ਮਾਓਵਾਦੀਆਂ ਦੀਆਂ ਫਰੰਟ ਜਥੇਬੰਦੀਆਂ' ਕਹਿਣ ਦੇ ਬਹਾਨੇ ਹੇਠ ਇਹਨਾਂ ਜਥੇਬੰਦੀਆਂ ਦੇ ਆਗੂਆਂ/ਕਾਰਕੁਨਾਂ ਨੂੰ ਜਬਰ ਦੀ ਮਾਰ ਹੇਠ ਲਿਆ ਕੇ ਲੋਕ-ਪੱਖ ਵਿੱਚ ਖੜ੍ਹਨ-ਡਟਣ ਤੋਂ ਰੋਕਣ ਦੇ ਮਨਸੂਬੇ ਪਾਲਣਾ ਹੈ। ਸਰਕਾਰ ਦੇ ਇਹ ਚੰਦਰੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। 

ਮੁਲਕ ਦੀ ਹਕੂਮਤ ਨੂੰ ਟੈਕਸ-ਚੋਰਾਂ, ਸੱਟੇਬਾਜ਼ਾਂ, ਜਮ੍ਹਾਂਖੋਰਾਂ, ਕਾਲਾ-ਬਾਜ਼ਾਰੀਆਂ, ਫਿਰਕੂ-ਦੰਗਈਆਂ, ਰਿਸ਼ਵਤਖੋਰ ਅਧਿਕਾਰੀਆਂ ਅਤੇ ਸਿਆਸਤਦਾਨਾਂ, ਪਾਰਲੀਮੈਂਟ ਤੇ ਅਸੈਂਬਲੀਆਂ ਵਿੱਚ ਬੈਠੇ ਮੁਜਰਮ ਤੇ ਦਾਗੀ ਨੇਤਾਵਾਂ ਤੋਂ ਕੋਈ ਖਤਰਾ ਨਹੀਂ ਲੱਗਦਾ, ਉਹਨਾਂ 'ਤੇ ਨਿਗਰਾਨੀ ਰੱਖਣ ਤੇ ਉਹਨਾਂ ਨੂੰ ਨੱਥ ਮਾਰਨ ਦੀ ਕਦੇ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਉਹਨਾਂ ਖਿਲਾਫ ਕਾਰਵਾਈ ਕਰਨ ਲਈ ਪੁਖਤਾ ਸਬੂਤ ਇਕੱਠੇ ਕਰਨ ਦੀ ਕੋਈ ਲੋੜ ਨਹੀਂ ਜਾਪਦੀ। ਇਹੀ ਗੱਲ ਸਰਕਾਰ ਦੇ ਦੰਭੀ ਅਤੇ ਲੋਕ-ਦੋਖੀ ਕਿਰਦਾਰ ਦਾ ਵੱਡਾ ਸਬੂਤ ਹੈ। 

ਲੋਕ ਮੋਰਚਾ ਪੰਜਾਬ, ਸਮੁਹ ਜਮਹੂਰੀ ਤੇ ਲੋਕ-ਪੱਖੀ ਜਨਤਕ ਜਥੇਬੰਦੀਆਂ ਅਤੇ ਹੱਕ-ਸੱਚ-ਇਨਸਾਫ ਦੇ ਹੱਕ ਵਿੱਚ ਖੜ੍ਹਨ ਵਾਲੇ ਵਿਅਕਤੀਆਂ ਨੂੰ ਸਰਕਾਰ ਦੇ ਇਸ ਫਾਸ਼ੀ ਕਦਮ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਦਿੰਦਾ ਹੈ। 

ਵੱਲੋਂ
ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ

ਪ੍ਰਧਾਨ ਗੁਰਦਿਆਲ ਸਿੰਘ ਭੰਗਲ (94171 75963)   ਜਨਰਲ ਸਕੱਤਰ: ਜਗਮੇਲ ਸਿੰਘ (94172 24822)

Monday, October 7, 2013

ਸ਼ਹੀਦ ਕਿਸਾਨ ਭੂਰਾ ਸਿੰਘ ਨੂੰ ਹਜ਼ਾਰਾ ਲੋਕਾਂ ਵੱਲੋਂ ਰੋਹ ਭਰਪੂਰ ਸ਼ਰਧਾਂਜਲੀ - ਘੋਲ ਹੋਰ ਵਿਸ਼ਾਲ ਕਰਨ ਦਾ ਅਹਿਦ



ਸ਼ਹੀਦ ਕਿਸਾਨ ਭੂਰਾ ਸਿੰਘ ਕੋਟ ਧਰਮੂ ਨੂੰ
ਸੈਂਕੜੇ ਔਰਤਾਂ ਸਣੇ ਹਜ਼ਾਰਾ ਲੋਕਾਂ ਵੱਲੋਂ ਰੋਹ ਭਰਪੂਰ ਸ਼ਰਧਾਂਜਲੀ
ਜ਼ਮੀਨ ਪ੍ਰਾਪਤੀ, ਕਰਜਾ ਮੁਕਤੀ ਅਤੇ ਖੁਦਕਸ਼ੀਆਂ ਮੁਆਵਜ਼ਾ ਘੋਲ
ਹੋਰ ਵਿਸ਼ਾਲ/ਤੇਜ ਕਰਨ ਦਾ ਅਹਿਦ


ਕੋਟ ਧਰਮੂ ਪਿੰਡ ਦੇ ਜੰਮਪਲ ਜ਼ਮੀਨ ਪ੍ਰਾਪਤੀ ਘੋਲ ਦੇ ਪਲੇਠੇ ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਨਮਿਤ ਭੋਗ ਦੀ ਰਸਮ ਮੌਕੇ ਇੱਥੇ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ  ਤੇ ਪੰਜਾਬ ਭਰ ਵਿੱਚੋ ਔਰਤਾ ਸਮੇਤ ਜੁੜੇ ਹਜ਼ਾਰਾ ਕਿਸਾਨਾਂ ਮਜ਼ਦੂਰਾਂ ਦੇ ਇੱਕਠ ਵੱਲੋਂ ਆਪਣੇ ਵਿਛੜੇ ਜੁਝਾਰ ਆਗੂ ਨੂੰ ਖੜੇ ਹੋ ਕੇ ਧਾਰੀ ਦੋ ਮਿੰਟ ਦੀ ਚੁੱਪ ਨੂੰ ਆਕਾਸ਼  ਗੁੰਜਾਊ  ਨਾਹਰਿਆਂ ਨਾਲ ਜੋੜ  ਕੇ ਰੋਹ ਭਰਪੂਰ ਸਰਧਾਂਜਲੀ ਭੇਂਟ ਕੀਤੀ ਗਈ।

ਜ਼ਿੰਦਗੀ ਦਾ ਲੰਬਾ ਸਮਾਂ ਕਿਸਾਨ ਲਹਿਰ ਦੇ ਲੇਖੇ ਲਾਉਣ ਵਾਲੇ, ਕਹਿਣੀ ਅਤੇ ਕਰਨੀ ਦੇ ਪੂਰੇ ਭੂਰਾ ਸਿੰਘ ਨੂੰ ਸਿਜਦਾ ਕਰਦੇ ਨਾਹਰੇ ਅਤੇ ਜ਼ਾਲਮ ਬਾਦਲ ਸਰਕਾਰ ਸਣੇ ਲੁਟੇਰੇ ਰਾਜ ਪ੍ਰਬੰਧ ਦੀ ਮੁਰਦਾਬਾਦ ਦੇ ਨਾਹਰੇ ਸਟੇਜ ਤੋਂ ਵਾਰ ਵਾਰ ਲਗਦੇ ਰਹੇ, ਜਿੰਨ੍ਹਾਂ ਦੇ ਜੁਆਬ ਵਿੱਚ ਵਾਰ ਵਾਰ ਹਵਾ ਵਿੱਚ ਲਹਿਰਾਉਂਦੇ, ਡਟੇ ਹੋਏ ਹਜ਼ਾਰਾ ਮੁੱਕਿਆ ਨਾਲ ਗੂੰਜਾਂ ਪਾਉਂਦਾ ਪੰਡਾਲ ਲੋਕ ਪੱਖੀ ਹਿਰਦਿਆਂ ਨੂੰ ਉਤਸ਼ਾਹ ਬਖ਼ਸ਼ ਰਿਹਾ ਸੀ, ਪਰ ਲੋਕ ਵਿਰੋਧੀਆਂ ਦੇ ਕਾਲਜੇ ਹੌਲ ਪਾ ਰਿਹਾ ਸੀ।

ਸਟੇਜ ਤੋਂ ਸ਼ਰਧਾਂਜਲੀ ਭੇਂਟ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵੱਲੋਂ ਕੰਵਲਪ੍ਰੀਤ ਸਿੰਘ ਪੰਨੂ, ਲਛਮਣ ਸਿੰਘ ਸੇਣੇਵਾਲਾ, ਸ਼ਾਮਲ ਸਨ| ਸਮੂਹ ਬੁਲਾਰਿਆਂ ਨੇ ਭੂਰਾ ਸਿੰਘ ਵੱਲੋਂ ਆਪਣੀ 74 ਸਾਲਾਂ ਦੀ ਜਿੰਦਗੀ ਵਿੱਚੋ ਖਰੀ ਕਿਸਾਨ ਲਹਿਰ ਦੇ ਲੇਖੇ ਲਾਏ 30-31 ਸਾਲਾਂ ਦੌਰਾਨ ਦਿਖਾਈ ਲਗਨ, ਦ੍ਰਿੜਤਾ ਅਤੇ ਕੁਰਬਾਨੀ ਦੀ ਜੈ ਜੈ ਕਾਰ ਕੀਤੀ। ਉਸ ਵੱਲੋਂ ਪਹਿਲਾਂ ਵੀ ਦੋ ਵਾਰ ਜੇਲ੍ਹ ਜਾਣ ਅਤੇ ਇੱਕ ਵਾਰ ਹੱਥ 'ਤੇ ਗੋਲੀ ਲੱਗਣ ਦੀਆ ਘਟਨਾਵਾਂ ਨੂੰ ਯਾਦ ਕੀਤਾ।
ਦੂਜੇ ਪਾਸੇ ਬਾਦਲ ਸਰਕਾਰ ਨੂੰ ਬੇਗੁਨਾਹ ਔਰਤਾਂ ਤੇ ਭੂਰਾ ਸਿਘ ਵਰਗੇ ਬਜ਼ੁਰਗਾ ਸਣੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੂੰ ਜੇਲ੍ਹਾਂ ਵਿੱਚ ਤਾੜਨ ਅਤੇ ਬੇਇਲਾਜੇ ਮਾਰਨ ਮਗਰੋਂ ਅੰਦਰੇ ਹੀ ਡਾਂਗਾਂ ਨਾਲ ਕੁੱਟਣ ਦੀ ਦੋਸ਼ੀ ਗਰਦਾਨਦਿਆਂ ਉਸ ਦੀ ਸਖਤ ਨਿੰਦਾ ਕੀਤੀ।

ਸ਼੍ਰੀ ਉਗਰਾਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਮੀਨ ਪ੍ਰਾਪਤੀ, ਕਰਜਾ ਮੁਕਤੀ ਅਤੇ ਖੁਦਕੁਸ਼ੀਆਂ ਦੇ ਮੁਆਵਜ਼ੇ ਲਈ ਚੱਲ ਰਹੇ ਜਿਹੜੇ ਘੋਲ ਦੌਰਾਨ ਭੂਰਾ ਸਿੰਘ ਨੂੰ ਨਾਭਾ ਜੇਲ੍ਹ ਵਿੱਚ ਬਿਨਾ ਇਲਾਜੇ ਹੀ ਜਾਨ ਤੋਂ ਹੱਥ ਧੋਣੇ ਪਏ, ਇਸ ਘੋਲ ਨੂੰ ਹੋਰ ਵਿਸ਼ਾਲ ਤੇ ਪ੍ਰਚੰਡ ਕਰਨਾ ਹੀ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

 ਸ਼੍ਰੀਮਤੀ ਬਿੰਦੂ ਦਾ ਕਹਿਣਾ ਸੀ ਕਿ ਜੇਲ੍ਹਾਂ ਥਾਣਿਆਂ ਤੋਂ ਬੇਖੌਫ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਵਾਲੇ ਕਾਫਲਿਆਂ ਵਿੱਚ ਹੋਰ ਵਧੇਰੇ ਔਰਤਾਂ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਜੋਰ  ਲਾਉਣ ਦਾ ਅਹਿਦ ਕਰਨਾ ਸ਼ਹੀਦ ਭੂਰਾ ਸਿੰਘ ਨੂੰ ਖਰੀ ਸ਼ਰਧਾਜਲੀ ਹੋਵੇਗੀ।

ਬੁਲਾਰਿਆਂ ਦੀਆਂ ਤਕਰੀਰਾਂ ਦਾ ਸਾਰ ਇਹ ਸੀ ਕਿ ਕੇਂਦਰ ਤੇ ਪੰਜਾਬ ਦੀਆ ਸਰਕਾਰਾਂ ਵੱਲੋਂ ਆਰਥਿਕ ਸੁਧਾਰਾਂ ਦੇ ਪੱਜ ਜ਼ਮੀਨਾਂ ਹਥਿਆਉਣ ਤੋਂ ਇਲਾਵਾ ਬਿਜਲੀ, ਪਾਣੀ, ਵਿੱਦਿਆ, ਇਲਾਜ, ਆਵਾਜਾਈ ਆਦਿ ਸਾਰੀਆਂ ਜਨਤਕ ਸਹੂਲਤਾਂ ਨੂੰ ਦੇਸੀ ਵਿਦੇਸ਼ੀ ਧਨਾਡਾਂ ਦੇ ਅੰਨ੍ਹੇ ਮੁਨਾਫਿਆਂ ਦੇ ਸਾਧਨ ਬਣਾਉਣ ਵਾਲਾ ਨਿੱਜੀਕਰਨ ਦਾ ਆਰਥਿਕ ਹੱਲਾ ਠੱਲ੍ਹਣ ਲਈ ਵਿਸ਼ਾਲ ਸਾਂਝੇ ਘੋਲਾਂ ਦੇ ਮੈਦਾਨ ਹੋਰ ਭਖਾਉਣੇ ਵੀ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਖਰੀ ਸ਼ਰਧਾਂਜਲੀ ਦਾ ਅਹਿਮ ਹਿੱਸਾ ਬਣਦੇ ਹਨ।

ਪੰਜਾਬ ਦੇ ਕੋਨੇ ਕੋਨੇ ਤੋਂ  ਪੁੱਜੇ ਹਜ਼ਾਰਾ ਲੋਕਾਂ ਲਈ ਲੰਗਰ ਦੇ ਪੁਖਤਾ ਪ੍ਰਬੰਧ ਤੇਜ਼ ਤਰਾਰ ਵਲੰਟੀਅਰਾਂ ਨੇ ਸਾਂਭੇ ਹੋਏ ਸਨ।

ਹਰੇ ਬਸੰਤੀ ਝੰਡਿਆਂ ਦੀ ਭਰਮਾਰ ਫਿਜ਼ਾ ਨੂੰ ਇਨਕਲਾਬੀ ਰੰਗਤ ਚਾੜ ਰਹੀ ਸੀ।

Saturday, October 5, 2013

ਆਓ ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਕੋਟ ਧਰਮੂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਮ ਹੁਮਾ ਕੇ ਪਹੁੰਚੀਏ


ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਕੋਟ ਧਰਮੂ ਨਮਿਤ


ਸ਼ਰਧਾਂਜਲੀ ਸਮਾਗਮ



ਅਗਸਤ 1939 ਵਿੱਚ ਪਿੰਡ ਕੋਟ ਧਰਮੂ ਦੇ ਸਧਾਰਨ ਕਿਸਾਨ ਪਰਿਵਾਰ ਵਿੱਚ ਕਰਤਾਰ ਸਿੰਘ ਦੇ ਘਰ ਮਾਤਾ ਮੁਕੰਦ ਕੌਰ ਜੀ ਦੇ ਕੁਖੋ ਜਨਮ ਲੈਣ ਵਾਲਾ ਭੂਰਾ ਸਿੰਘ 4 ਭਰਾਵਾਂ ਅਤੇ 2 ਭੇਣਾ ਵਿੱਚੋਂ ਸਭ ਤੋਂ ਵੱਡਾ ਸੀ।

ਅਗਿਆਨਤਾ ਅਤੇ ਗਰੀਬੀ 'ਚ ਗ੍ਰਸੇ ਮਾਪੇ ਆਪਣੇ ਜੇਠੇ ਪੁੱਤ ਨੂੰ ਪੜ੍ਹਾ ਨਾਂ ਸਕੇ, ਪਰੰਤੂ ਉਸ ਨੂੰ ਕਿਰਤ ਅਤੇ ਸੂਝ ਦਾ ਧਨੀ ਜਰੂਰ ਬਣਾ ਦਿੱਤਾ। ਆਪਣੀ ਅਨਪੜ੍ਹ ਪਤਨੀ ਦੀ ਦੂਰਗਾਮੀ ਸੋਝੀ ਨਾਲ ਰਲ ਕੇ ਦੂਣੁ ਸਵਾਈ ਹੋਈ ਸੂਝ ਬੂਝ ਆਸਰੇ ਆਪਣਾ ਪਰਿਵਾਰ ਇੱਕ ਪੁੱਤਰ ਚਮਕੌਰ ਸਿੰਘ ਅਤੇ ਇੱਕ ਧੀ ਚਰਨਜੀਤ ਕੌਰ ਤੱਕ ਹੀ ਸੀਮਤ ਰੱਖਿਆ। 3 ਏਕੜ ਦੀ ਥੋੜੀ ਪੂੰਜੀ ਨਾਲ ਹੱਡ ਭੰਨਵੀਂ ਕਿਰਤ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਵੀ ਕੀਤਾ ਅਤੇ 10ਵੀਂ ਜਮਾਤ ਤੱਕ ਦੋਨਾਂ ਨੂੰ ਪੜ੍ਹਾਈ ਵੀ ਕਰਵਾਈ। ਸਾਧਨਾਂ ਦੀ ਤੋਟ ਕਾਰਨ ਉਹ ਅੱਗੇ ਨਾਂ ਪੜ੍ਹ ਸਕੇ।

ਸਾਮਰਾਜੀਆਂ ਅਤੇ ਜਗੀਰਦਾਰਾਂ/ਸੂਦਖੋਰਾਂ ਹੱਥੋਂ ਖੇਤੀ ਦੀ ਅੰਨ੍ਹੀ ਲੁੱਟ ਕਾਰਨ ਕਰਜਿਆਂ ਥੱਲੇ ਦੱਬ ਕੇ ਕਿਰਦੀ-ਕਿਰਦੀ ਉਸਦੀ ਜਮੀਨ ਸਵਾ ਏਕੜ ਹੀ ਰਹਿ ਗਈ। ਤਿੱਖੀ ਸਮਾਜਕ ਸੂਝ ਨਾਲ ਖੁੱਲ੍ਹੇ ਉਸ ਦੇ ਤੀਜੇ ਨੇਤਰ ਨੇ ਉਸ ਨੂੰ ਭਾਰਤੀ ਕਿਸਾਨ ਯੁਨੀਅਨ ਦਾ ਸਰਗਰਮ ਅਤੇ ਸਿਰੜੀ ਕਾਰਕੁੰਨ ਬਣਾਇਆ।

1982-83 ਤੋਂ ਲੈ ਕੇ ਜੱਥੇਬੰਦੀ ਦੇ ਹਰ ਮੋਰਚੇ 'ਚ ਉਹ ਮੂਹਰਲੀਆਂ ਕਤਾਰਾਂ ਵਿੱਚ ਹੋ ਕੇ ਲੜਿਆ। ਜੱਥੇਬੰਦੀ ਸਾਹਮਣੇ ਜਦੋਂ ਵੀ ਜਗੀਰਦਾਰ ਹੁਕਮਰਾਨਾਂ ਪੱਖੀ ਕਿਰਦਾਰ ਵਾਲੇ ਮੌਕਾਪ੍ਰਸਤ ਆਗੂਆਂ ਜਾਂ ਫਿਰ ਥਿੜਕਵੇਂ ਜਾਂ ਚੱਕਵੇਂ ਕਿਰਦਾਰ ਵਾਲੇ ਆਗੂਆਂ ਨਾਲੋਂ ਨਿਖੇੜਾ ਕਰਨ ਦਾ ਸੁਆਲ ਖੜਾ ਹੋਇਆ ਤਾਂ ਉਹਨਾਂ ਵਿਰੂਧ ਲਕੀਰ ਖਿੱਚ ਕੇ ਥੁੜੁ ਜਮੀਨੇ, ਬੇਜਮੀਨੇ ਅਤੇ ਕਰਜਿਆਂ ਵਿੰਨ੍ਹੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਹਿਤਾਂ ਲਈ ਸੀਸ ਤਲੀ ਧਰ ਲੜਨੁਖੜਨ ਵਾਲੇ ਖਰੇ ਆਗੂਆਂ ਦਾਂ ਸਾਥ ਦਿੰਦਾ ਰਿਹਾ।

2003 ਤੋਂ ਲੈ ਕੇ ਉਹ ਭਾਰਤੀ ਕਿਸਾਨ ਯੁਨੀਅਨ (ਏਕਤਾਂ ਉਗਰਾਹਾਂ) ਦੇ ਬਲਾਕ ਪੱਧਰ ਦੇ ਆਗੂ ਵਜੋਂ ਤਨਦੇਹੀ ਨਾਲ ਕੰਮ ਕਰਦਾ ਆ ਰਿਹਾ ਸੀ। 2004 ਵਿੱਚ ਕਰੰਡੀ ਟਰਾਂਸਫਾਰਮਰ ਘੋਲ ਅਤੇ 2006 ਵਿੱਚ ਟਰਾਈਡੈਂਟ ਜਮੀਨੀ ਘੋਲ ਮੌਕੇ ਉਸਨੇ ਕਈੁ ਕਈ ਦਿਨ ਜੇਲ੍ਹ ਵੀ ਕੱਟੀ।

31 ਜਨਵਰੀ 2007 ਨੂੰ ਧੱਕੇ ਨਾਲ ਐਕਵਾਇਰ ਕੀਤੀ ਜਮੀਨ ਵਿੱਚ ਵੜ ਰਹੇ 1600 ਸਿਰਲੱਥਾਂ ਦੇ ਕਾਫਲੇ ਵਿੱਚ ਜੂਝਦਿਆਂ ਹੱਥ ਤੇ ਗੋਲੀ ਲੱਗਣ ਨਾਲ ਜਖਮੀ ਵੀ ਹੋਇਆ ਸੀ। ਮੌਜੂਦਾ ਰਿਹਾਈ ਮੋਰਚੇ ਦੌਰਾਨ ਨਾਭਾ ਜੇਲ੍ਹ ਵਿੱਚ ਇਲਾਜ ਬਾਝੋਂ 6 ਘੰਟੇ ਤੱਕ ਛਾਤੀ ਦੇ ਦਰਦ ਨਾਲ ਤੜਫਦੇ ਹੋਏ ਸ਼ਹੀਦੀ ਜਾਮ ਪੀਤਾ।

ਇਹ ਮੋਰਚਾ ਬੇਸ਼ੱਕ ਮਾਝਾ ਖੇਤਰ ਦੇ ਉਹਨਾਂ ਕਿਸਾਨਾਂ ਦੀ ਰਿਹਾਈ ਲਈ ਸ਼ੁਰੂ ਕੀਤਾ ਗਿਆ ਸੀ ਜਿਹੜੇ ਪਾਵਰਕੌਮ ਦੁਆਰਾ ਗੈਰੁਕਨੂੰਨੀ ਢੰਗ ਨਾਲ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢਣ ਦਾ ਵਿਰੋਧ ਕਰਦਿਆਂ ਅੋਰਤਾਂ ਸਮੇਤ ਜੇਲ੍ਹਾਂ ਥਾਣਿਆ ਵਿੱਚ ਡੱਕੇ ਗਏ ਸਨ।ਪਰੰਤੂ ਇਸ ਦੌਰਾਨ ਬੇਜਮੀਨੇ ਅਤੇ ਥੁੜੁ-ਜਮੀਨੇ ਕਰਜਿਆਂ ਨਾਲ ਵਿੰਨ੍ਹੇਂ ਕਿਸਾਨਾਂ ਅਤੇ ਖੇਤ ਮਜਦੂਰਾਂ ਲਈ ਜਮੀਨੁ ਪ੍ਰਾਪਤੀ, ਕਰਜਾ-ਮੁਕਤੀ ਅਤੇ ਖੁਦਕੁਸ਼ੀਆਂ ਦੇ ਮੁਆਵਜੇ ਸੰਬਧੀ ਭਖੇ ਹੋਏ ਘੋਲ ਵਿੱਚ 16 ਸਤੰਬਰ ਨੂੰ ਜਿਲ੍ਹਾ ਕੇਂਦਰਾਂ 'ਤੇ ਲਾਏ ਗਏ ਧਰਨਿਆਂ ਵਿੱਚ ਹਜਾਰਾਂ ਅੋਰਤਾਂ ਸਮੇਤ ਹੋਏ ਲਾੁਮਿਸਾਲ ਇੱਕਠਾਂ ਨੂੰ ਦੇਖ ਕੇ ਬਾਦਲ ਸਰਕਾਰ ਅੱਗ ਬਬੂਲਾ ਹੋ ਉਠੀ।

20 ਸਤੰਬਰ ਨੂੰ ਕੀਤੇ ਜਾਣ ਵਾਲੇ 3 ਘੰਟੇ ਦੇ ਸੜਕੁ ਰੋਕੋ ਅੰਦੋਲਨ ਨੂੰ ਕੁਚਲਣ ਲਈ 18 ਦੀ ਰਾਤ ਤੋਂ ਹੀ ਘਰਾਂ ਚੋਂ, ਗੁਰਦਵਾਰਿਆਂ ਚੋ ਅਤੇ ਸੜਕਾਂ ਤੋਂ ਚੁੱਕੁ ਚੁੱਕ ਕੇ ਸੈਂਕੜੇ ਅੋਰਤਾਂ ਸਮੇਤ ਹਜਾਰਾਂ ਕਿਸਾਨਾਂ-ਮਜਦੂਰਾਂ ਨੂੰ ਜੇਲ੍ਹਾਂ ਥਾਣਿਆ ਵਿੱਚ ਡੱਕ ਦਿੱਤਾ।

20 ਔਰਤਾਂ ਅਤੇ 74 ਸਾਲਾਂ ਦੇ ਭੂਰਾ ਸਿੰਘ ਸਮੇਤ 455 ਜਣੇ 26 ਸਤੰਬਰ ਤੱਕ ਵੀ ਜੇਲ੍ਹੀਂ ਡੱਕੇ ਰਹੇ।

ਇਸ ਨਿਹਚਾਵਾਨ ਅਤੇ ਅਣੱਥਕ ਯੋਧੇ ਦੀ ਮੌਤ ਨਾਲ ਜੱਥੇਬੰਦੀ ਅਤੇ ਕਿਸਾਨ ਲਹਿਰ ਨੂੰ ਪੂਰਾ ਨਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਉਸ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ:

ਐਤਵਾਰ ਮਿਤੀ 6 ਅਕਤੂਬਰ ਨੂੰ ਪਿੰਡ ਕੋਟਧਰਮੂ ਵਿੱਚ

ਭੋਗ ਦੀ ਰਸਮ ਮੌਕੇ ਸੂਬਾ ਪੱਧਰ ਦੇ ਵਿਸ਼ਾਲ ਇਕੱਠ ਦੁਆਰਾ ਇਸ ਯੋਧੇ ਨੂੰ ਸ਼ਰਦਾਂਜਲੀ ਭੇਂਟ ਕੀਤੀ ਜਾ ਰਹੀ ਹੈ।

ਇਸ ਮੌਕੇ ਭਰਾਤਰੀ ਕਿਸਾਨ ਮਜਦੂਰ ਜੱਥੇਬੰਦੀਆਂ ਦੇ ਆਗੂ ਵੀ ਪੁਜ ਰਹੇ ਹਨ।

ਆਓ ਇਸ ਸਿਰੜੀ ਅਤੇ ਸੰਗਰਾਮੀ ਯੋਧੇ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਮ ਹੁਮਾ ਕੇ ਪਹੁੰਚੀਏ