StatCounter

Monday, August 11, 2014

'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ ਬਠਿੰਡਾ ਵਿੱਚ ਰੋਸ ਮੁਜ਼ਾਹਰਾ

'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ
ਪੁਲਸ ਰੋਕਾਂ ਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ 
ਬਠਿੰਡਾ ਵਿੱਚ ਰੋਸ ਮੁਜ਼ਾਹਰਾ

'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ ਬਠਿੰਡਾ ਦਾਣਾ ਮੰਡੀ ਵਿੱਚ ਹੋਣ ਵਾਲੇ ਸਾਂਝੇ ਇਕੱਠ ਤੇ ਪੁਲਸੀ ਰੋਕਾਂ ਮੜੇ ਹੋਣ ਦੇ ਬਾਵਜੂਦ ਤੇ ਗ੍ਰਿਫਤਾਰੀਆਂ ਦੇ ਬਾਵਜੂਦ ਸ਼ਹਿਰ ਅੰਦਰ ਮਿੱਨੀ ਸਕੱਤਰੇਤ ਨੇੜੇ ਪਾਵਰ ਹਾਊਸ ਰੋਡ ਤੇ ਰੋਸ ਮਾਰਚ ਕੀਤਾ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਹੋਏ 'ਨਿੱਜੀ ਤੇ ਜਨਤਕ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ' ਵਾਪਸ ਲੈਣ ਦੀ ਮੰਗ ਕੀਤੀ ਗਈ। ਪੰਜਾਬ ਭਰ ਵਿੱਚ ਡੀ.ਸੀ ਦਫਡਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਅੱਜ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਦੇਣ ਲਈ ਇਕੱਤਰ ਹੋਣ ਆ ਰਹੇ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਸੈਂਕੜੇ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ  ਤੇ ਔਰਤ ਕਾਰਕੁੰਨਾਂ ਨੂੰ ਬਠਿੰਡਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


 ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਅੱਜ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਸੁਮੀਤ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਸਮੇਤ ਲਗਭਗ ਦੋ ਢਾਈ ਸੌ ਦੇ ਕਰੀਬ ਕਾਰਕੁੰਨ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨਾਂ ਵਿੱਚ 150 ਦੇ ਕਰੀਬ ਸ਼ਹਿਰ ਨੇੜਲੇ ਪਿੰਡ ਭੁੱਚੋ ਖੁਰਦ, 60 ਦੇ ਕਰੀਬ ਬਠਿੰਡਾ ਸ਼ਹਿਰ ਵਿੱਚੋਂ ਤੇ 10 ਦੇ ਕਰੀਬ ਜੱਸੀ ਪੌ ਵਾਲੀ ਕੋਲੋਂ ਗ੍ਰਿਫਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਕਾਰਕੁੰਨਾਂ ਵਿੱਚ 30 ਦੇ ਕਰੀਬ ਔਰਤਾਂ ਵੀ ਸ਼ਾਮਲ ਹਨ। 50 ਦੇ ਕਰੀਬ ਸੰਘਰਸ਼ੀਲ ਕਾਰਕੁੰਨਾਂ ਦੇ ਕਾਫ਼ਲੇ ਵੱਲੋਂ ਪਾਵਰ ਹਾਊਸ ਰੋਡ 'ਤੇ ਰੋਸ ਮਾਰਚ ਕਰਦੇ ਹੋਏ ਡੀ.ਸੀ. ਦਫ਼ਤਰ ਵੱਲ ਵਧਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ।


ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਦੇ ਅਨੁਸਾਰ ਅੱਜ ਸਮੁੱਚੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਬਠਿੰਡਾ ਦਾਣਾ ਮੰਡੀ ਵਿੱਚ ਇਕੱਠੇ ਹੋਣਾ ਸੀ। ਇੱਥੇ ਕਾਨਫਰੰਸ ਕਰਨ ਤੋਂ ਬਾਅਦ ਦਾਣਾ ਮੰਡੀ ਤੋਂ ਚੱਲ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਸੌਂਪਣਾ ਸੀ। ਪਰ ਸੰਘਰਸ਼ਾਂ ਪ੍ਰਤੀ ਸਿਰੇ ਦਾ ਜ਼ਾਬਰ ਰਵੱਈਆ ਅਖ਼ਤਿਆਰ ਕਰਕੇ ਬੈਠੀ ਪੰਜਾਬ ਦੀ ਹਕੂਮਤ ਨੂੰ ਇਹ ਗੱਲ ਵੀ ਹਜ਼ਮ ਨਾ ਆਈ ਬਠਿੰਡਾ ਪੁਲਸ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਉਕਸਾਹਟ ਦੇ ਦਾਣਾ ਮੰਡੀ ਨੂੰ ਸਵੇਰੇ ਹੀ ਪੁਲਸ ਛਾਉਣ ਵਿੱਚ ਬਦਲ ਦਿੱਤਾ ਗਿਆ। ਸਵੇਰੇ ਸਵੱਖਤੇ ਪੰਡਾਲ ਵਿੱਚ ਪਹੁੰਚੇ 20 ਦੇ ਕਰੀਬ ਆਗੂਆਂ ਤੇ ਕਾਰਕੁੰਨਾਂ ਨੂੰ ਸ਼ਹਿ ਲਾ ਕੇ ਬੈਠੇ ਕਮਾਂਡੋਆਂ ਨੇ ਗ੍ਰਿਫ਼ਤਾਰ ਕਰ ਲਿਆ। ਇਥੋਂ ਗ੍ਰਿਫਤਾਰ ਹੋਏ ਮੁੱਖ ਆਗੂਆਂ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਮਹੀਪਾਲ, ਜਮਹੂਰੀ ਅਧਿਕਾਰ ਸਭਾ ਦੇ ਪ੍ਰਿਤਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਦਰਸ਼ਨ ਮਾਈਸਰਖਾਨ, ਨੌਜਵਾਨ ਭਾਰਤ ਸਭਾ ਦੇ ਅਮਰਜੀਤ ਭੁੱਚੋ ਖੁਰਦ ਆਦਿ ਸ਼ਾਮਲ ਹਨ।


ਸ਼ਹਿਰ ਵੱਲ ਆ ਰਹੇ ਕਿਸਾਨਾਂ ਮਜ਼ਦੂਰਾਂ ਦੇ 150 ਦੇ ਲਗਭਗ ਕਾਫ਼ਲੇ ਨੂੰ 9 ਕਿ.ਮੀ. ਦੂਰ ਭੁੱਚੋ ਖੁਰਦ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਇਸ ਕਾਫ਼ਲੇ ਵਿੱਚ ਬੀ.ਕੇ.ਯੂ ਉਗਰਾਹਾਂ ਦੀ ਆਗੂ ਪਰਮਜੀਤ ਕੌਰ ਪਿੱਥੋ, ਕਰਮਜੀਤ ਲਹਿਰਾ ਖਾਨਾ, ਹਰਪ੍ਰੀਤ ਕੌਰ ਜੇਠੂਕ ਆਦਿ ਆਗੂ ਸ਼ਾਮਲ ਸਨ। ਏਸੇ ਦੌਰਾਨ ਸ਼ਹਿਰ ਇਕੱਠ ਦਾ ਸਥਾਨ ਬਦਲ ਕੇ ਬਾਕੀ ਬਚੇ ਕਾਰਕੁੰਨ ਪਾਵਰ ਹਾਊਸ ਰੋਡ ਵਿਖੇ ਇਕੱਠੇ ਹੋਏ ਤੇ ਇਹਨਾਂ ਕਾਰਕੁੰਨਾਂ ਨੇ ਨਾਅਰੇ ਮਾਰਦੇ ਹੋਏ ਪਾਵਰ ਹਾਊਸ ਰੋਡ ਤੇ ਰੋਸ ਮਾਰਚ ਕੀਤਾ ਤੇ ਗ੍ਰਿਫ਼ਤਾਰੀਆਂ ਦਿੱਤੀਆਂ। ਇਨਾਂ ਵਿੱਚ ਨੌਜਵਾਨ ਭਾਰਤ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ, ਬਲਕਰਨ ਸਿੰਘ, ਜਸਕਰਨ ਸਿੰਘ ਕੋਟਗੁਰੂ, ਕੁਲਵਿੰਦਰ ਸਿੰਘ ਚੁੱਘਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਾਬੂ ਸਿੰਘ ਜੈ ਸਿੰਘ ਵਾਲਾ, ਕੁਲਵੰਤ ਸਿੰਘ ਰਾਏ ਕੇ ਕਲਾਂ, ਸੁਖਜੀਵਨ ਮਹਿਮਾ ਭਗਵਾਨਾ, ਸੁਖਪ੍ਰੀਤ ਕੌਰ ਮਹਿਮਾ, ਬੇਅੰਤ ਕੌਰ ਸਿਵੀਆਂ ਤੇ ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋ ਮਿੱਠੀ ਆਦਿ ਆਗੂ ਸ਼ਾਮਲ ਹਨ।



ਇੱਕ ਵੱਖਰੀ ਜਾਣਕਾਰੀ ਦਿੰਦੇ ਹੋਏ ਉਨਾਂ ਨੇ ਦੱਸਿਆ ਕਿ ਕੇਂਦਰੀ ਜੇਲ ਬਠਿੰਡਾ ਵਿੱਚ ਕੈਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਾਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੀ.ਆਰ.ਟੀ. ਸੀ. ਵਰਕਰਜ਼ ਯੂਨੀਅਨ (ਆਜ਼ਾਦ) ਪੰਜਾਬ ਦੇ ਕਾਰਕੁਨਾਂ ਨੇ ਵੀ ਕਾਲ਼ੇ ਕਾਨੂੰਨ ਖਿਲਾਫ਼ ਜ਼ੇਲ ਦੇ ਅੰਦਰ ਇਕੱਠ ਕੀਤੇ ਤੇ ਰੋਸ ਮੁਜ਼ਾਹਰਾ ਕੀਤਾ ਤੇ ਸੰਘਰਸ਼ਾਂ ਦੀ ਆਵਾਜ਼ ਦਬਾਉਣ ਵਾਲੀ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਪੰਜਾਬ ਦੀ ਹਕੂਮਤ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਥ ਦੇ ਨਾਮ ਦੇ ਮੋਰਚੇ ਲਾਉਣ ਦੇ ਦਾਅਵੇ ਕਰਨ ਵਾਲੀ ਹਕੂਮਤੀ ਪਾਰਟੀ ਆਮ ਲੋਕਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ ਤੇ ਮੰਗ ਪੱਤਰ ਫੜਨ ਦੀ ਬਜਾਏ ਸੰਘਰਸ਼ਸ਼ੀਲ ਲੋਕਾਂ ਨੂੰ ਚੁੱਕ ਕੇ ਜੇਲਾਂ ਥਾਣਿਆਂ ਵਿੱਚ ਸੁੱਟ ਰਹੀ ਹੈ। ਅਜ ਦੇ ਵਿਹਾਰ ਨੇ ਅਕਾਲੀ ਹਕੂਮਤ ਦਾ ਗੈਰ-ਜਮਹੂਰੀ ਤੇ ਧੱਕੜ ਰਵੱਈਆ ਇੱਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਪਰ ਉਨਾਂ ਕਿਹਾ ਕਿ ਹਕੂਮਤੀ ਫਤੂਰ ਵਿੱਚ ਨਸ਼ਿਆਈ ਬਾਦਲ ਸਰਕਾਰ ਨੂੰ ਭੁਲੇਖਾ ਹੈ ਕਿ ਲੋਕਾਂ ਦੇ ਸੰਘਰਸ਼ਾਂ ਨੂੰ ਜੇਲਾਂ, ਥਾਣਿਆਂ ਤੇ ਹਕੂਮਤੀ ਜ਼ਬਰ ਦੇ ਸਿਰ 'ਤੇ ਦਬਾ ਕੇ ਉਹ ਆਪਣੀ ਲੁੱਟ ਦਾ ਕੁਹਾੜਾ ਬੇਰੋਕ ਵਾਹ ਸਕਣਗੇ। ਨਾ ਹੀ ਅਜਿਹਾ ਕਰਕੇ ਉਹ ਬਠਿੰਡਾ ਸ਼ਹਿਰ ਅੰਦਰ ਸੰਘਰਸ਼ ਗੂੰਜਾਂ ਉੱਠਣੋਂ ਰੋਕ ਸਕਦੇ ਹਨ। ਉਨਾਂ ਕਿਹਾ ਕਿ ਹਕੂਮਤ ਦਾ ਇਹ ਰਵੱਈਆ ਕਾਲੇ ਕਾਨੂੰਨ ਵਿਰੋਧੀ ਸੰਘਰਸ਼ ਨੂੰ ਹੋਰ ਵੀ ਤੇਜ਼ ਕਰੇਗਾ।

ਵੱਲੋਂ  ਨੌਜਵਾਨ ਭਾਰਤ ਸਭਾ
ਅਸ਼ਵਨੀ ਕੁਮਾਰ (95010-57052)
ਸੁਮੀਤ (9417024641

Wednesday, August 6, 2014

ਕੱਟ ਗਏ,ਝੁਕੇ ਨਹੀਂ ਉਹ ਹਾਂ ਅਸੀਂ, ਉਹ ਹੋਰ ਸੀ ਮਰ ਗਏ ਜੋ ਹੱਥ ਜੋੜਦੇ' ਅੇਵੇਂ ਭੁਲੇਖਾ ਨਾ ਰੱਖੀਂ ਤੂੰ” । ਤੇਰੇ ਜਬਰ ਤੋਂ ਸਾਡਾ ਸਬਰ ਵੱਡਾ ਇਹ ਅਸੀਂ ਸਾਬਤ ਕਰਾਂਗੇ।


ਸਰਕਾਰੀ ਜਬਰ ਦਾ ਮੁਕਾਬਲਾ ਕਰ ਰਹੇ ਲੋਕਾਂ ਦੇ 
ਹਾਕਮਾਂ ਦੇ ਨਾਮ ਅਣਖੀ ਬੋਲ 

  ਮੇਰੀ ਇਹ ਚਿੱਠੀ ਪੰਜਾਬ ਦੇ ਇਸ ਸਮੇ ਦੇ ਹਾਕਮ ਦੇ ਨਾਮ ਹੈ। ਜਿੱਥੇ ਸੰਬੋਧਨ ਕਰਨ ਲਈ ਸ਼ਬਦ ਨਹੀ ਮਿਲੇ। ਕਿੳਂਕਿ ਤੇਰੇ ਕੋੜਮੇ ਦੇ ਫੈਲਾਏ ਅੰਧਕਾਰ ਤੋਂ ਪਤਾ ਨਹੀਂ ਲੱਗਦਾ ਕਿ ਹਾਕਮ ਪ੍ਰਕਾਸ਼ ਸਿੰਘ ਬਾਦਲ ਹੈ, ਸੁਖਬੀਰ ਸਿੰਘ ਬਾਦਲ ਹੈ, ਆਦੇਸ਼ਪ੍ਰਤਾਪ ਕੈਰੋਂ ਜ਼ਾਂ ਬਿਕਰਮ ਮਜੀਠੀਆ । ਮੇਰਾ ਸਵੈ ਮਾਣ ਨਾਲ ਜੀਣ ਵਾਲਾ ਪੰਜਾਬ ਜੋ ਕਿ ਗੁਰਾਂ ਦੇ ਨਾਮ ਨਾਲ ਜਿਉਂਦਾ ਸੀ। ਅੱਜ ਜਦੋਂ ਪੁਲਿਸ ਘਰਾਂ 'ਚ ਛਾਪੇ ਮਾਰਨ ਜਾਂਦੀ ਹੈ ਤਾ ਕੋਈ ਪੁਲਸੀ ਟੋਲਾ ਕਹਿੰਦਾ ਸਾਨੂੰ ਬਿਕਰਮ ਮਜੀਠੀਆ ਕਹਿੰਦਾ ਹੈ ਕਿ ਕਿਸਾਨ ਆਗੂਆਂ ਨੂੰ ਸਾਲ ਭਰ ਲਈ ਜੇਲ ਵਿੱਚ ਬੰਦ ਕਰ ਦਿਉ ਵਰਕਰਾਂ ਖਿੰਡ ਪੁੰਡ ਜਾਣਾ ਤੇ ਜਥੇਬੰਦੀ ਖਤਮ। ਦੂਸਰੇ ਪਿੰਡ ਗਈ ਪੁਲਿਸ ਦੀ ਧਾੜ ਕਹਿੰਦੀ ਹੈ ਕਿ ਸੁਖਬੀਰ ਬਾਦਲ ਦਾ ਹੁਕਮ ਹੈ। ਕੋਈ ਅਫਸਰ ਧਮਕੀ ਦਿੰਦਾ ਹੈ ਕਿ ਆਦੇਸ਼ਪ੍ਰਤਾਪ ਕੈਰੋਂ ਦਾ ਤਰਲਾ ਮਾਰ ਲਵੋ ਸ਼ਾਇਦ ਬਖਸ਼ ਦੇਵੇ। ਅਸੀਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਵਾਰਸ ਤੇਰੇ ਅੱਗੇ ਲੇਲੜੀਆਂ ਨਹੀਂ ਕੱਢਾਂਗੇ। ਲੜਾਂਗੇ ਤੇਰੇ ਹਰ ਜਬਰ ਨੂੰ ਝੱਲਾਂਗੇ। ਜਿਹੜਾ ਭਰਮ ਤੇਰੇ ਮੰਤਰੀਆਂ ਨੂੰ ਕਿ ਵੋਟਾਂ ਲੰਘ ਗਈਆਂ ਹੁਣ ਮੌਕਾ ਜਥੇਬੰਦੀ ਨੂੰ ਸਬਕ ਸਿਖਾਉਣ ਦਾ। ਤੇਰਾ ਸਬਕ ਸਾਡੇ ਸਿਰ ਮੱਥੇ ਤੂੰ ਲਾ ਲਵੀਂ ਆਪਣਾ ਜੋਰ ਤੇ ਅਜਮਾ ਲਈਂ ਸਾਡੇ ਸੰਘਰਸ਼ ਨੂੰ। ਤੇਰੀਆਂ ਮੱਛਰੀਆਂ ਪੁਲਸੀ ਧਾੜਾਂ ਘਰਾਂ 'ਚ ਜਦੋਂ ਜਾਂਦੀਆਂ ਨੇ ਤਾ ਸਾਡੀਆਂ ਬੰਬੀਆਂ ਦੀਆਂ ਤਾਰਾਂ ਸਾੜਦੀਆਂ ਗਰਿੱਪ ਕੱਢ ਕੇ ਭੰਨ ਦਿੰਦੀਆਂ, ਪਨੀਰੀ ਤਾ ਪੱਠੇ ਸਾੜਨ ਦਾ ਹੁਕਮ ਚਾੜਦੀਆਂ ਨੇ। ਸਾਡੇ ਆਗੂ ਪਰਗਟ ਸਿੰਘ ਪ੍ਰਿੰਗੜੀ ਦੇ ਘਰ ਗਏ ਪੁਲਿਸ ਵਾਲੇ ਕਹਿੰਦੇ ਇਹਦੇ ਇਹਨਾਂ ਦੇ ਡੰਗਰਾਂ ਨੂੰ ਪੱਠੇ ਨਹੀਂ ਪਾਉਣੇ, ਕੁੱਤੀ ਨੂੰ ਰੋਟੀ ਨਹੀ ਪਾਉਣੀ।ਪੰਜਾਬ ਦੇ ਹਾਕਮਾ ਤੈਨੂੰ ਤੇ ਸਾਡੀ ਕੁੱਤੀ ਤੋਂ ਵੀ ਡਰ ਆਉਂਦਾ।

ਸਾਡਾ ਮਸਲਾ ਪੱਟੀ ਦੇ ਆੜਤੀਏ ਤੋਂ ਇੱਕ ਕਿਰਤੀ ਦੇ 3,62,000 ਰੁਪਏ ਲੈਣ ਦਾ ਸੀ। ਆੜਤੀਆ ਪੈਸੇ ਮਾਰਕੇ ਬੈਠਾ ਸੀ। ਐੱਸ.ਐੱਸ.ਪੀ. ਤਰਨ-ਤਾਰਨ ਦੇ ਦਰਖਾਸਤ ਦਿੱਤੀ। ਉਸ ਨੇ ਡੀ.ਐੱਸ.ਪੀ. ਪੱਟੀ ਦੀ ਡਿਊਟੀ ਲਾਈ। ਆੜਤੀਆ ਪੈਸੇ ਨਾ ਦੇਣ ਲਈ ਬਜਿੱਦ ਸੀ ਕਹਿੰਦਾ ਮੇਰੀ ਪਿੱਠ ਪਿੱਛੇ ਆਦੇਸ਼ਪ੍ਰਤਾਪ ਲਾਲ ਜੀ ਹਨ। ਡੀ.ਐੱਸ.ਪੀ. ਕਹਿਣ ਲੱਗਾ ਕਣਕ ਲੈ ਜਾਉ ਜਿੰਨੇ ਤੁਹਾਡੇ ਪੈਸੇ ਬਣਦੇ ਨੇ। ਪੁਲਿਸ ਨੇ ਕੋਲ ਖਲੋਕੇ ਕਣਕ ਚਕਵਾਈ। ਦੂਸਰੇ ਦਿਨ ਪਤਾ ਲੱਗਾ ਕਿ ਆੜਤੀਆਂ ਤੇ ਕੈਬਨਿਟ ਮੰਤਰੀ ਦੇ ਇਸ਼ਾਰੇ ਤੇ ਪਰਚੇ ਦਰਜ ਕਰ ਲਏ ਗਏ ਹਨ। ਕਹਿੰਦੇ ਪੁਲਿਸ ਦੀ ਹਾਜਰੀ 'ਚ ਡਾਕਾ ਮਾਰਿਆ 382, 148, 149, 395, IPC  ਅਧੀਨ ਤਿੰਨ ਬੰਦਿਆਂ ਤੇ  ਪਰਚਾ ਦਰਜ ਹੋ ਗਿਆ। ਦੂਸਰੇ ਦਿਨ ਵਾਧਾ ਕਰਕੇ 120 ਬੀ ਲਾਈ ਗਈ।

ਜਿੰਨ੍ਹਾਂ ਪੁਲਿਸ ਵਾਲਿਆਂ ਦੀ ਹਾਜਰੀ 'ਚ ਡਾਕਾ ਵੱਜਾ ਉਹ ਤੇਰੇ ਰਾਜ ਦੀ ਉਮਰ ਕਿੰਨੀ ਲੰਬੀ ਕਰ ਸਕਣਗੇ। ਕਿੰਨੇ ਕੁ ਪੁਲਿਸ ਵਾਲੇ ਭਲਾ ਸਸਪੈਂਡ ਹੋਏ ਜਿੰਨਾਂ ਦੀ ਹਾਜਰੀ 'ਚ ਡਾਕਾ ਵੱਜਾ। ਦੂਜੇ ਦਿਨ ਆਦੇਸ਼ਪ੍ਰਤਾਪ ਕੈਰੋਂ ਦੇ ਹੁਕਮ ਤੇ ਪਿੰਡ ਪ੍ਰਿੰਗੜੀ ਛਾਉਣੀ 'ਚ ਬਦਲ ਦਿੱਤਾ ਗਿਆ। ਸਾਡੇ ਆਗੂ ਪਰਗਟ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਵਿਹੜੇ 'ਚ ਪਈ ਉਸਦੀ ਕਣਕ ਨੂੰ ਸਰਕਾਰੀ ਬੋਰੀਆਂ 'ਚ ਭਰ ਲਿਆ ਗਿਆ।  ਉਸ ਦੇ ਕਣਕ ਦੇ ਡਰੰਮ ਨੂੰ ਵੀ ਖਾਲੀ ਕਰ ਦਿੱਤਾ ਗਿਆ। ਆਟਾ ਪਿਸਾਉਣ ਲਈ ਤੋੜਿਆਂ 'ਚ ਪਾਈ 2 ਤੋੜੇ ਕਣਕ ਪੁਲਿਸ ਨੇ ਮੋਟਰ ਸਾਇਕਲਾਂ ਤੇ ਲੱਦ ਲਈ। ਘਰ ਦੇ ਜਿੰਦਰੇ ਤੋੜ ਕੇ ਘਰ ਦਾ ਕੀਮਤੀ ਸਮਾਨ ਲੁੱਟ ਲਿਆ ਗਿਆ। ਜਥੇਬੰਦੀ ਦੇ ਸਾਊਂਡ ਸਿਸਟਮ ਹਾਰਨ ਸਪੀਕਰ ਸਭ ਲੱਦ ਲਏ ਗਏ। ਪੁਲਿਸ ਦੇ ਅਫਸਰ ਜਿੰਨਾਂ 'ਚ ਐੱਸ.ਐੱਸ.ਪੀ. ਵੀ  ਸ਼ਾਮਿਲ ਸਨ, ਨੇ ਪੱਤਰਕਾਰਾਂ ਨੂੰ ਨੇੜੇ ਵੀ ਨਾ ਫਟਕਣ ਦਿੱਤਾ। ਦੂਸਰੇ ਦਿਨ ਦੇ ਅਖਬਾਰਾਂ 'ਚ ਖਬਰ ਲੱਗੀ ਕਿ ਪੁਲਿਸ ਨੇ ਅੱਤਵਾਦ ਦੇ ਦਿਨਾਂ ਦੀ ਯਾਦ ਤਾਜਾ ਕਰਵਾ ਦਿੱਤੀ। 12 ਵਜੇ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ 4 ਵਜੇ ਪੁਲਿਸ ਘਰ ਨੂੰ ਲੁੱਟ-ਪੁੱਟ ਕੇ ਬੂਹੇ ਖੁੱਲੇ ਛੱਡ ਕੇ ਤੁਰਦੀ ਬਣੀ। ਅਗਲੀ ਰਾਤ ਪੁਲਿਸ ਨੇ ਜਥੇਬੰਦੀ ਦੇ ਆਗੂ ਘਰਾਂ ਤੋਂ ਚੁੱਕ ਲਏ ਗਏ। 18 ਆਗੂ ਅੰਮ੍ਰਿਤਸਰ ਜੇਲ 'ਚ ਬੰਦ ਕਰ ਦਿੱਤੇ ਗਏ, ਜਿਨ੍ਹਾਂ 'ਚ 75 ਸਾਲ ਦੇ ਬਜੁਰਗ ਵੀ ਸ਼ਾਮਿਲ ਸਨ। ਆਗੂਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਘਰਾਂ ਚੋਂ ਚੁੱਕ ਕੇ ਵੱਖ-ਵੱਖ ਥਾਣਿਆਂ 'ਚ ਰੱਖਿਆ ਗਿਆ ਤੇ ਪੁਲਸੀਆਂ ਦੇ ਘਰਾਂ 'ਚ ਰੱਖਿਆ ਗਿਆ, ਧਮਕੀਆਂ ਦਿੱਤੀਆਂ ਗਈਆਂ। ਕਈਆਂ ਨੂੰ 5-7 ਦਿਨਾਂ ਬਾਦ ਛੱਡ ਦਿੱਤਾ ਗਿਆ।

15 ਜੂਨ ਨੂੰ ਅਸੀਂ ਬਾਬਾ ਖੜਕ ਸਿੰਘ ਹਾਲ 'ਚ ਖੁੱਲੀ ਮੀਟਿੰਗ ਰੱਖੀ। ਹਰ ਪਿੰਡ ਤੋਂ 4-5 ਆਗੂ ਜਾ ਰਹੇ ਸਨ। ਸਾਡੇ ਵਾਲੀ ਟਰਾਲੀ 'ਚ 13 ਬੀਬੀਆਂ ਤੇ ਕੁਝ ਬੰਦੇ ਸੀ। ਹਾੜ੍ਹ ਦੀ ਸੰਗਰਾਦ ਦਾ ਦਿਹਾੜਾ ਸੀ। ਸਾਨੂੰ ਝਬਾਲ ਚੌਂਕ ਚੋਂ ਟਰਾਲੀਆਂ-ਟਰੈਕਟਰਾਂ ਸਮੇਤ ਝਬਾਲ ਥਾਣੇ ਬੰਦ ਕਰ ਦਿੱਤਾ। ਹੰਕਾਰੇ ਐੱਸ.ਐੱਸ.ਪੀ. ਨੇ ਗੱਲਬਾਤ ਤੇ ਰਿਹਾ ਕਰਨ ਤੋਂ ਨਾਹ ਕਰ ਦਿੱਤੀ। ਸਾਡੇ ਆਗੂ ਥਾਣੇ ਮਿਲਣ ਆਏ ਤੇ ਕਿਹਾ ਕਿ ਅਸੀਂ ਸੰਗਰਾਂਦ ਵਾਲੇ ਯਾਤਰੀਆਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਤੇ ਸਾਨੂੰ ਕੋਈ ਐਕਸ਼ਨ ਲੈਣ ਲਈ ਮਜਬੂਰ ਨਾ ਕੀਤਾ ਜਾਵੇ। ਪਰ ਪ੍ਰਸ਼ਾਸਨ ਅੜਿਆ ਰਿਹਾ।ਜਦੋਂ ਥਾਣਾ ਘੇਰ ਕੇ ਰਸਤਾ ਬੰਦ ਕੀਤਾ ਤਾਂ ਜਾ ਕੇ ਸਾਨੂੰ ਰਿਹਾ ਕੀਤਾ ਗਿਆ।

ਹਾਜਰ ਪ੍ਰਸ਼ਾਸਨ ਦਾ ਇੱਕ ਹੀ ਜਵਾਬ ਸੀ ਐੱਸ.ਐੱਸ.ਪੀ. ਨੂੰ ਤੁਹਾਡੇ ਤੇ ਗੁੱਸਾ ਬਹੁਤ ਹੈ। ਜਿਵੇਂ ਇੱਥੇ ਐੱਸ.ਐੱਸ.ਪੀ. ਗੁੱਸਾ ਕੱਢਣ ਲਈ ਲਾਇਆ ਹੋਵੇ। ਉਸ ਤੋਂ ਬਾਅਦ ਅਸੀਂ ਰੋਸ ਵਜੋਂ 27 ਜੂਨ ਨੂੰ ਤਰਨ-ਤਾਰਨ ਰੇਲਵੇ ਲਾਈਨ ਤੇ ਧਰਨਾ ਦਿੱਤਾ।ਕੜਕਦੀ ਧੁੱਪ 'ਚ ਜਦੋਂ ਸੜਦੇ ਬੀਬੀਆਂ ਬੱਚੇ ਤੇ ਕਿਸਾਨ ਜਦੋਂ ਸਬਰ ਨਾਲ ਲਾਈਨ ਤੇ ਬੈਠੇ ਰਹੇ ਤਾਂ ਪ੍ਰਸ਼ਾਸਨ ਦੇ ਕੰਨ ਤੇ ਜੂੰ ਸਰਕੀ, ਪੁਲਿਸ ਵਾਲੇ ਨਾਲ ਗੱਡੀਆਂ ਭਰਕੇ ਡਾਗਾਂ ਤੇ ਛਿੱਕੂ ਲੈ ਕੇ ਆੲੈ।ਜਦੋਂ ਦਬਾਅ ਦੀ ਰਾਜਨੀਤੀ ਕੰਮ ਨਾ ਆਈ   ਤਾਂ ਜਾ ਕੇ ਐੱਸ.ਡੀ.ਐੱਮ. ਤੇ ਐੱਸ.ਪੀ.ਡੀ. ਨੇ ਸਾਨੂੰ ਗੱਲਬਾਤ ਲਈ ਸੱਦਿਆ।ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਮੰਗਲਵਾਰ 1 ਜੁਲਾਈ 12 ਵਜੇ ਤੁਹਡੀ ਐੱਸ.ਐੱਸ.ਪੀ. , ਡੀ.ਸੀ. ਨਾਲ ਮੀਟਿੰਗ ਹੈ , ਉਦੋਂ ਤੱਕ ਛਾਪੇਮਾਰੀ  ਬੰਦ ਕੀਤੀ ਜਾਵੇਾਗੀ ਮਾਹੌਲ ਠੀਕ ਕੀਤਾ ਜਾਵੇਗਾ। ਪਰ ਵਾਅਦਾ ਖਿਲਾਫੀ ਕਰਕੇ ਧਰਨੇ ਚੋਂ ਜਾਂਦੇ ਰੇਸ਼ਮ ਸਿੰਘ ਦੁਬਲੀ ਨੂੰ ਚੁੱਕ ਲਿਆ ਗਿਆ।ਅਗਲੇ ਦਿਨ ਜੋਗਿੰਦਰ ਸਿੰਘ ਗੱਟੀ ਨੂੰ ਚੁੱਕ ਲਿਆ ਗਿਆ। 30 ਜੂਨ ਨੂੰ ਰਾਤ ਨੂੰ 8 ਵਜੇ ਜਥੇਬੰਦੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੂੰ ਚੁੱਕ ਲਿਆ ਗਿਆ, ਅਜੇ ਸਾਥੀ ਪੰਨੂੰ ਜਥੇਬੰਦੀ ਦੀ ਮੀਟਿੰਗ ਲਾ ਕੇ  ਕਿਸੇ ਦੂਸਰੇ ਸਾਥੀ ਦੇ ਘਰ ਅੰਮ੍ਰਿਤਸਰ ਨੇੜੇ ਪਿੰਡ ਪਰਤ ਹੀ ਰਹੇ ਸਨ।ਉਹਨਾਂ ਨੂੰ ਵੱਡਾ ਘੇਰਾ ਪਾ ਕੇ ਚੁੱਕ ਲਿਆ ਗਿਆ। ਕਿਸੇ ਪਰਿਵਾਰ ਦੇ ਮੈਂਬਰ ਨੁੰ ਦੱਸਣ ਦੀ ਜਰੂਰਤ ਨਹੀ ਸਮਝੀ। ਅਣਦੱਸੀ ਥਾਂ ਤੇ ਲਿਜਾਇਆ ਗਿਆ, ਰਾਤ ਭਰ ਥਾਣਿਆਂ ਦੀ ਖਾਕ ਛਾਣੀ। ਸਵੇਰੇ ਹਸਪਤਾਲ ਧੱਕੇ ਖਾਧੇ। ਸਾਥੀ ਪੰਨੂੰ ਦਾ ਕੋਈ ਅਤਾ ਪਤਾ  ਨਾ ਲੱਗਾ। 1 ਜੁਲਾਈ ਨੂੰ 2 ਵਜੇ ਪਤਾ ਲੱਗਾ  ਕਿ ਉਹਨਾਂ ਨੁੰ ਫਰੀਦਕੋਟ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ। ਦੂਸਰੇ ਦਿਨ ਮੁਲਾਕਾਤ ਪਾਈ ਤਾਂ ਜਾ ਕੇ ਕੰਵਲਪ੍ਰੀਤ ਨੇ ਦੱਸਿਆ ਕਿਵੇਂ ਪੁਲਿਸ ਨੇ ਸੈਂਕੜਿਆਂ ਦੀ ਗਿਣਤੀ 'ਚ ਰਾਤ ਉਹਨਾਂ ਨੂੰ ਘੇਰਾ ਪਾਈ ਰੱਖਿਆ। ਰਾਤ 2 ਵਜੇ ਪੱਟੀ ਹਸਪਤਾਲ ਲਿਆ ਕੇ ਡਾਕਟਰ ਕੋਲੋਂ ਮਨਮਰਜੀ ਦਾ ਲਿਖਵਾਕੇ ਬਿਨਾਂ ਮੈਡੀਕਲ ਕੀਤੇ ਥਾਣਾ  ਘਰਿੰਡਾ ਲਿਜਾਇਆ ਗਿਆ। ਅਗਲੇ ਦਿਨ ਹਰੀਕੇ ਵਾਲਾ ਪੁਲ ਪੈਰਾ ਮਿਲਟਰੀ ਨੂੰ ਦਿੱਤਾ ਗਿਆ। ਬਾਕੀ ਪੁਲਾਂ ਚੌਂਕਾ ਚ ਭਾਰੀ ਗਿਣਤੀ ਚ ਪੁਲਿਸ ਲਾਈ ਗਈ। ਪੱਟੀ ਏਰੀਏ ਚ ਪੁਲਿਸ    ਦੀਆਂ ਚਾਰ ਗੱਡੀਆਂ ਮਾਰਚ ਕਰਦੀਆਂ ਪਿੰਡਾਂ ਚ ਘੁੰਮਦੀਆਂ ਰਹੀਆਂ।

ਹਾਕਮਾਂ ਤੇਰੇ ਰਾਜ ਵਿੱਚ ਅੰਨਦਾਤੇ ਡਾਕੂ ਹਨ ਤੇ ਤੇਰੇ ਮੰਤਰੀ ਜੋ ਦਿਨ ਦਿਹਾੜੇ ਪੰਜਾਬ ਨੂੰ ਲੁੱਟੀ ਜਾ ਰਹੇ ਹਨ, ਉਹ ਭਲੇਮਾਣਸ ਹਨ।   ਜਿਹੜੇ ਨਸ਼ਿਆਂ ਦੇ ਵਪਾਰੀ ਹਨ, ਜਿੰਨਾਂ ਦੀ ਸਮੈਕ ਪਿੰਡਾਂ ਚ ਵਿਕਦੀ ਹੈ, ਉਹ ਕਦੋਂ ਚਾਹੁਣਗੇ ਇੱਥੇ ਕੋਈ  ਸੰਘਰਸ਼ੀ ਯੋਧੇ ਪੈਦਾ ਹੋਣ। ਕੋਈ ਸਾਡੇ ਕਾਰਨਾਮੇ ਨੰਗੇ ਕਰੇ। ਬੜੀ ਚੁੱਭਦੀ ਤੇਰੀ ਅਫਸਰਸ਼ਾਹੀ ਤੇ ਮੰਤਰੀਆਂ ਨੂੰ ਸਾਡੀ ਨਸ਼ਿਆਂ ਦੇ ਖਿਲਾਫ “ ਕਿਸਾਨੀ ਅਤੇ ਜਵਾਨੀ ਬਚਾਉ ਮੁਹਿੰਮ” । ਸਾਡੀਆਂ ਕਾਨਫਰੰਸਾਂ ਤੇ ਜੇਲ ਭਰੋ ਅੰਦੋਲਨ।

ਤੇਰੇ ਪੁਲਿਸਵਾਲੇ ਸਾਡਾ ਝੋਨਾ ਵਾਹੁਣ ਦੀਆਂ ਧਮਕੀਆਂ ਦੇਂਦੇ ਫਿਰਦੇ ਨੇ, ਤੂੰ ਕਰ ਲੈ ਸਾਡੇ ਬੱਚਿਆਂ ਦੀ ਰੋਟੀ ਤੇ ਰਿਹਾਇਸ਼ ਦਾ ਪ੍ਰਬੰਧ , ਖੋਲ ਦੇ ਜੇਲਾਂ ਦੇ ਬੂਹੇ ਤੇ ਜੇਲਾ ਵੱਡੀਆਂ ਬਣਾ ਲੈ। ਸਾਡੀ ਗਿਣਤੀ ਬੜੀ ਵੱਡੀ, ਅਸੀਂ ਹੋਰ ਮਜਬੂਤੀ ਨਾਲ ਲੜਾਂਗੇ ਤੇਰੇ ਹਥਕੰਡਿਆਂ ਦੇ ਖਿਲਾਫ। ਨਾਲੇ ਹੁਣ ਤੇਰੇ ਕੋਲ ਪੰਨੂੰ ਹੈ ਥਾਂ ਥਾਂ ਸੁੰਘਦੇ ਫਿਰਨ ਦੀ ਲੋੜ ਨਹੀਂ, ਕਰ ਲੈ ਆਪਣੇ ਮਨ ਦੀਆਂ ਰੀਝਾਂ ਪੂਰੀਆਂ। ਫਰੀਦਕੋਟ ਬਹੁਤ ਨੇੜੇ ਹੈ ਤੁੰ ਕਾਲੇਪਾਣੀ ਲੈ ਜਾ। ਤੇਰੇ ਰਾਜ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ ਲੋਕ ਤੇ ਕੀੜੇ ਮਕੌੜੇ ਨੇ। ਜਦੋਂ ਮਰਜੀ ਕੁਚਲ ਦੇਵੀਂ । ਸਾਡਾ ਝੋਨਾ ਲੱਗਣਾ ਰੁਕਾ ਕੇ ਸਾਡੀਆਂ ਮੰਡੀਆਂ 'ਚ ਤੂੰ ਆਪਦਾ ਵੇਚ ਜਾਵੀਂ। ਪਰ ਅਸੀਂ ਆਪਣੀਆਂ ਜਮੀਨਾਂ ਦੀਆਂ ਗਿਰਦਾਵਰੀਆ ਤੇਰੇ ਨਾਮ ਨਹੀਂ ਕਰਨੀਆਂ। ਇਹ ਮਾਲਕੀ ਹੱਕ ਸਾਨੂੰ ਬਾਬਾ ਬੰਦਾ ਸਿੰਘ ਬਹਾਦੁਰ ਨੇ ਬਖਸ਼ੇ ਹਨ। ਤੂੰ ਸਾਡੀ ਸਮੇ ਮਾਰ ਕਰ ਸਕਦਾ ਹਾਕਮ ਜੋ ਹੋਇਆ, ਪਰ ਸਾਡੀ ਅਣਖ ਨਹੀਂ ਮਾਰ ਸਕਦਾ। ਤੂੰ ਸਾਨੂੰ ਕੀ ਮਾਰੇਂਗਾ। ਅਸੀਂ ਜਿਹੜੇ 1947 ਚ ਮਰੇ 1984 ਚ ਮਰੇ , ਦਹਾਕਿਆਂ ਤੱਕ ਮਰਦੇ ਰਹੇ। ਰੋਜ ਸੜਕੀ  ਦੁਰਘਟਨਾਂਵਾਂ  ਚੋਂ ਮਰਦੇ ਹਾਂ। ਰੋਜ ਨਸ਼ਿਆਂ ਸਮੈਕਾਂ ਨਾਲ ਮਰਦੇ ਪੁੱਤਾਂ ਦੀਆਂ ਲਾਸ਼ਾਂ ਢੋਣ ਵਾਲਿਆਂ ਨੂੰ ਤੂੰ ਕੀ ਮਾਰੇਂਗਾ  । ਤੂੰ ਮਹਿੰਗਾਈ ਨਾ ਰੋਕ ਸਕਿਆ , ਨਸ਼ੇ ਨਾ ਰੋਕ ਸਕਿਆ, ਤੂੰ ਹੜ ਨਹੀਂ ਰੋਕ ਸਕਿਆ, , ਤੂੰ ਲੋਕਾਂ ਦੀ ਤਕਦੀਰ ਨਾ ਬਦਲ ਸਕਿਆ, ਤੈਨੂੰ ਦਿਸਦੇ ਨਹੀਂ ਫਸਲਾਂ ਦੇ ਜਾਮ ਹੋਏ ਭਾਅ, ਤੈਨੂੰ ਨਹੀਂ  ਦਿੱਸਦੀ ਟੁੱਟਦੀ ਤੇ ਖੁੱਸਦੀ ਜਵਾਨੀ ਤੇ ਕਿਸਾਨੀ। ਤੈਨੂੰ ਤੇ ਦਿੱਸਦੇ ਕਿਸਾਨ ਹੁਣ ਡਾਕੂ,ਪਰ ਯਾਦ ਰੱਖੀਂ ਤੈਨੂੰ ਸਾਡੀ ਵੋਟ ਪਰਚੀ ਰਾਹੀਂ ਸਾਹ ਆਉਂਦਾ ਹੈ ਤੇ ਵੋਟਾਂ ਬਾਰਾਂ ਸਾਲ ਬਾਦ ਨਹੀਂ ਆਉਂਦੀਆਂ। ਤੂੰ ਨੰਨੀਆਂ ਛਾਵਾਂ ਦੀਆਂ ਮਾਵਾ ਨੂੰ ਕਰਦੇ ਕੈਦ ਤੇ ਕਰਲੇ ਆਪਣੀ ਰੀਝ ਪੂਰੀ।

“ਕੱਟ ਗਏ,ਝੁਕੇ ਨਹੀਂ ਉਹ ਹਾਂ ਅਸੀਂ, ਉਹ ਹੋਰ ਸੀ ਮਰ ਗਏ ਜੋ ਹੱਥ ਜੋੜਦੇ' ਅੇਵੇਂ ਭੁਲੇਖਾ ਨਾ ਰੱਖੀਂ ਤੂੰ” । ਤੇਰੇ ਜਬਰ ਤੋਂ ਸਾਡਾ ਸਬਰ   ਵੱਡਾ ਇਹ ਅਸੀਂ ਸਾਬਤ ਕਰਾਂਗੇ।

ਤੇਰੇ ਭਰਾ ਅਮਰਿੰਦਰ ਸਿੰਘ ਨੇ ਹਕੂਮਤੀ ਸਮੇ 'ਚ ਸਾਡੇ ਤੇ ਬਥੇਰਾ ਜਬਰ ਕੀਤਾ। ਤੇਰੇ ਪੁਲਸੀਏ ਸਾਡੇ ਘਰ-ਘਰ ਹਰਲ ਹਰਲ ਕਰਦੇ ਫਿਰਦੇ, ਉਸ ਹਾਕਮ ਵੀ ਸਾਡੇ ਤੇ ਬੜੇ ਪਰਚੇ ਦਰਜ ਕੀਤੇ। ਇੱਥੋਂ ਤੱਕ ਕਿ ਮੇਰੇ ਤੇ ਵੀ 307 ਦਾ ਪਰਚਾ ਦਰਜ ਕੀਤਾ। ਬਥੇਰਾ ਚਿਰ ਸਾਨੂੰ ਘਰੋਂ ਬੇਘਰ ਰੱਖਿਆ। ਪਰ ਉਹ ਹਾਕਮ ਹਾਰਿਆ ਸੀ। ਸਾਥੀ ਪੰਨੂੰ ਤੇ 14 ਪਰਚੇ ਪਹਿਲਾਂ ਦਰਜ ਹਨ। ਪੰਦਰਵੇਂ ਲਈ ਤੇਰਾ ਬੜਾ ਧੰਨਵਾਦ। ਪੰਨੂੰ ਬਾਰੇ ਲਿਖਦਿਆਂ ਪਰਚਿਆਂ ਬਾਰੇ ਇੱਕ ਕਿਤਾਬ ਅਲੱਗ ਲਿਖਣੀ ਪਊਗੀ। ਤੇਰਾ ਤੇ ਤੇਰੀ ਭੈਣ ਕਾਂਗਰਸ ਦਾ ਉਚੇਚਾ ਜਿਕਰ ਹੋਊ, ਤੁਸੀਂ ਅੋਰੰਗਜੇਬ ਦੇ ਪੈਰੋਕਾਰ। ਮੈਨੂੰ, ਮੇਰੇ ਸਾਥੀ ਪੰਨੂੰ ਤੇ ਸਾਡੀ 14 ਵਰਿਆਂ ਭਰ ਜਵਾਨ ਹੋਈ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਤੇ ਉਸਦੇ ਸੰਘਰਸ਼ੀ ਯੋਧਿਆਂ ਨੂੰ ਕੀ ਹਰਾ ਲਉਗੇ।

ਸਾਡੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਆਪਣੇ ਸਿਰਾਂ ਸਮੇਤ ਪੂਰੇ ਜ਼ਜਬੇ ਤੇ ਅਣਖ ਨਾਲ ਤੇਰੀ ਕਚਿਹਰੀ ਚ ਹਾਜਰ ਹੈ। ਲੜਾਂਗੇ, ਮਰਾਂਗੇ ਤੇ ਲੋਕਾਂ ਵਿੱਚ ਨਾਇਨਸਾਫੀ ਖਿਲਾਫ ਖੜੇ ਹੋਣ ਦੀ ਹਿੰਮਤ ਪੈਦਾ ਕਰਾਂਗੇ। ਜੀਣ ਦੀਆਂ ਸਾਰੀਆਂ ਇੱਛਾਵਾਂ ਨੂੰ ਮਾਰਕੇ ਅਸੀਂ ਤੁਰੇ ਹਾਂ ਸਿਰਾਂ ਤੇ ਕਫਨ ਬੰਨਕੇ। ਤੈਨੂੰ ਖਤ ਤੇਰੇ ਤੋਂ ਕਿਸੇ ਆਸ ਨਾਲ ਨਹੀਂ ਲਿਖਿਆ। ਸਿਰਫ ਆਪਣੇ ਲੋਕਾਂ 'ਚ ਆਪਣੀ ਗੱਲ ਪਹੁੰਚਾਉਣ ਦਾ ਜਰੀਆ ਮਾਤਰ ਹੀ ਹੈ। ਸਲਾਮ ਮੇਰੇ ਆਪਣੇ ਪੰਜਾਬ ਦੇ ਲੜਦੇ ਲੋਕਾ ਨੂੰ। ਆਪਣੇ ਦੇਸ਼ ਅਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਜੋ ਪੂਰੇ ਮੁਲਕਾਂ 'ਚ ਨਾਇਨਸਾਫੀ ਤੇ ਨਾਬਰਾਬਰੀ ਖਿਲਾਫ ਸਾਰੀ ਜਿੰਦਗੀ ਸੰਘਰਸ਼ ਕਰਦੇ ਰਹੇ।
                                                         ਲੜਦੇ ਲੋਕਾਂ ਦੀ ਦਿਲੋਂ ਸ਼ੁੱਭ ਚਿੰਤਕ,
ਜੁਲਾਈ 2014                                   ਰਜਵੰਤ ਕੌਰ ਪੰਨੂੰ,
+91- 8872281343                          ਸਮੂਹ ਕਿਸਾਨ ਸੰਘਰਸ਼ ਕਮੇਟੀ ਮੈਂਬਰ।

ਨੋਟ: ਇਹ ਚਿਠੀ ਕਿਸਾਨ ਸੰਘਰਸ਼ ਕਮੇਟੀ ਵਲੋਂ ਜਾਰੀ ਕੀਤੀ ਗਈ ਹੈ| ਲੋਕਾਂ ਦੇ ਸੰਘਰਸ਼ਾਂ ਦੀ ਸੰਘੀ ਘੁਟਨ ਲਈ ਘੜੇ ਸਰਕਾਰੀ ਅਤੇ ਨਿਜੀ ਜਾਇਦਾਦ ਦਾ ਨੁਕਸਾਨ ਰੋਕਣ ਲਈ ਕਨੂਨ-2014, ਨੂੰ ਲਾਗੂ ਕਰਨ ਲਈ ਬਾਦਲ ਸਰਕਾਰ ਨੇੰ ਬਹਾਨਾ ਨਿਜੀ ਜਾਇਦਾਦ ਦੀ ਰਾਖੀ ਦਾ ਬਣਾਇਆ ਹੈ| ਪਰ ਸਰਕਾਰ ਦਾ ਅਸਲ ਮਕਸਦ ਇਸ ਕਨੂਨ ਰਾਹੀਂ ਵਡੇ ਜਗੀਰਦਾਰਾਂ, ਟਰਾਂਸਪੋਰਟਰਾਂ, ਆੜਤੀਆਂ, ਦੇਸੀ ਅਤੇ ਵਿਦੇਸ਼ੀ ਵਡੇ ਸਰਮਾਇਦਾਰਾਂ, ਅਤੇ ਬਹੁ ਰਾਸ਼ਟਰੀ ਕੰਪਨੀਆਂ ਦੀਆਂ ਜਾਇਦਾਦਾਂ ਨੂੰ ਲੋਕ ਰੋਹ ਤੋਂ ਬਚਾਉਣਾ ਹੈ| ਸਧਾਰਨ ਲੋਕਾਂ ਦੀ ਜਾਇਦਾਦ ਦੀ ਰਾਖੀ ਕਰਨਾ ਉਹਨਾਂ ਦੇ ਏਜੰਡੇ ਤੇ ਬਿਲਕੁਲ ਹੀ ਨਹੀਂ| ਇਹ ਗੱਲ ਉਪਰੋਕਤ ਸੰਘਰਸ਼ ਦੇ ਤਜ਼ਰਬੇ ਚੋਂ ਬਿਲਕੁਲ ਸਾਫ਼ ਹੋ ਜਾਂਦੀ ਹੈ| ਲੋਕ ਮੋਰਚਾ ਪੰਜਾਬ ਜਿਥੇ ਸਰਕਾਰ ਵਲੋਂ  ਕਿਸਾਨਾਂ ਤੇ ਕੀਤੇ ਜਾ ਰਹੇ ਇਸ ਜਬਰ ਤਸ਼ਦਦ ਦਾ ਪੁਰ ਜੋਰ ਵਿਰੋਧ ਕਰਦਾ ਹੈ ਉਥੇ ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਸ ਜਬਰ ਤਸ਼ਦਦ ਦਾ ਡਟਵਾਂ ਵਿਰੋਧ ਕਰਨ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹਕ ਵਿਚ ਨਿਤਰਣ ਦਾ ਸਦਾ ਦਿੰਦਾ ਹੈ |

Tuesday, July 29, 2014

ਲੋਕ ਬੇਚੈਨੀ, ਔਖ, ਰੋਸ, ਵਿਰੋਧ, ਸੰਘਰਸ਼ ਨੂੰ ਰੋਕਣ ਲਈ ਲਿਆਂਦਾ -ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ -2014 :

ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ - 2014 :

ਲੋਕ ਬੇਚੈਨੀ, ਔਖ, ਰੋਸ, ਵਿਰੋਧ, ਸੰਘਰਸ਼  ਨੂੰ ਰੋਕਣ ਦਾ
ਸਰਕਾਰ  ਦੇ ਹੱਥ ਜਾਬਰ  ਹਥਿਆਰ





ਪਾਰਲੀਮਾਨੀ ਚੋਣਾਂ ਵਿਚ ਕੀਤੇ ਵਾਅਦਿਆਂ-ਦਾਅਵਿਆਂ ਦੇ ਉਲਟ ਹਕੂਮਤੀ ਗੱਦੀ ਮੱਲਦਿਆਂ ਹੀ ਭਾਜਪਾ ਹਕੂਮਤ ਵੱਲੋਂ ਕਾਂਗਰਸੀ ਹਕੂਮਤ ਵੇਲੇ ਦੀਆਂ ਮੁਲਕ ਸਿਰ ਮੜੀਆਂ ਲੋਕ-ਦੋਖੀ ਸਾਮਰਾਜੀ ਤੇ ਕਾਰਪੋਰੇਟਾਂ ਪੱਖੀ ਨੀਤੀਆਂ ਨੂੰ ਨਾ ਸਿਰਫ ਜਾਰੀ ਰੱਖਿਆ ਜਾ ਰਿਹਾ ਹੈ, ਸਗੋਂ ਪੂਰੀ ਤੇਜ਼ੀ ਤੇ ਬੇਕਿਰਕੀ ਨਾਲ ਲਾਗੂ ਕੀਤਾ ਜਾ ਰਿਹਾ ਹੈ| ਪੰਜਾਬ ਚ ਭਾਜਪਾ ਦੀ ਪੱਕੀ ਭਾਈਵਾਲ  ਅਕਾਲੀ ਦਲ ਬਾਦਲ ਦੀ ਅਗਵਾਈ ਚ ਚਲ ਰਹੀ ਹਕੂਮਤ ਨੇ ਸਾਲ 2010 ਵਿਚ ਲੋਕ-ਵਿਰੋਧ ਮੂਹਰੇ ਝੁਕਦਿਆਂ ਵਾਪਸ ਲਏ 'ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਨੂੰਨ' ਨੂੰ ਸਾਣ 'ਤੇ ਲਾ ਕੇ ਹੁਣ ਦੁਬਾਰਾ ਫਿਰ ਆਵਦੀ ਵਜ਼ੀਰ-ਮੰਡਲੀ ਤੋਂ ਮੋਹਰ ਲਵਾ ਕੇ ਅਸੈਂਬਲੀ ਤੋਂ ਪਾਸ ਕਰਵਾ ਲਿਆ ਹੈ। ਇਹ ਕਨੂੰਨ, ਲੋਕਾਂ ਦੇ ਰੋਸ,ਵਿਰੋਧ, ਸੰਘਰਸ਼ ਨੂੰ ਰੋਕਣ ਦਾ ਕਨੂੰਨ ਹੈ। ਲੋਕਾਂ ਦੀ ਜਬਾਨ-ਬੰਦੀ ਕਰਨ ਦਾ ਕਾਨੂੰਨ ਹੈ। ਮੁਲਕ ਦੀ ਅਖੌਤੀ ਜਮਹੂਰੀਅਤ ਦੇ ਲੋਕ-ਦੋਖੀ ਜਾਬਰ ਚੇਹਰੇ ਦੇ ਨੰਗੇ ਹੋਣ ਦਾ ਹੀ ਇਕ ਹੋਰ ਕਦਮ ਹੈ। ਇਸਦਾ ਪੰਜਾਬ ਦੇ ਬੁੱਧੀਮਾਨਾਂ, ਜਮਹੂਰੀਅਤ ਪਸੰਦਾਂ 'ਤੇ ਸੰਘਰਸ਼ਸ਼ੀਲਾਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੈ।

ਅਕਾਲੀ ਭਾਜਪਾ ਹਕੂਮਤ ਵੱਲੋਂ ਪਾਸ ਕੀਤੇ ਗਿਆਰਾਂ ਮੁੱਖ ਧਾਰਾਵਾਂ ਵਾਲੇ ਇਸ ਕਾਨੂੰਨ ਵਿਚ ਸਰਕਾਰੀ ਦੇ ਨਾਲ ਨਾਲ ਨਿੱਜੀ ਜਾਇਦਾਦ ਦਾ ਨੁਕਸਾਨ ਰੋਕਣ ਦੀ ਪਾਈ ਮੱਦ, ਹਰ ਖੇਤਰ ਵਿਚ ਹੋ ਚੁੱਕੀ ਤੇ ਹੋ ਰਹੀ ਕਾਰਪੋਰੇਟਾਂ ਦੀ ਘੁਸਪੈਠ ਦੀ ਅਤੇ ਹਕੂਮਤ ਵੱਲੋਂ ਇਹਨਾਂ ਕਾਰਪੋਰੇਟਾਂ ਦੇ ਹਿੱਤਾਂ ਦੀ ਹਰ ਹਾਲ ਰਾਖੀ ਕਰਨ ਦੀ ਚੁਗਲੀ ਕਰਦੀ ਹੈ। ਇਹ ਕਨੂੰਨ ਕੁਦਰਤੀ ਆਫਤਾਂ ਨਾਲ ਜਾਂ ਦੰਗੇ-ਫਸਾਦਾਂ (ਇਹ ਸਭ ਹਕੂਮਤਾਂ ਤੇ ਹਾਕਮ ਪਾਰਟੀਆਂ ਕਰਵਾਉਂਦੀਆਂ ਹਨ) ਨਾਲ ਹੋਏ ਲੋਕਾਂ ਦੇ ਨੁਕਸਾਨ ਦੀ ਪੂਰਤੀ ਬਾਰੇ ਗੂੰਗਾ ਹੈ ਪਰ ਸਰਕਾਰੀ ਨੀਤੀਆਂ ਤੇ ਹੱਲਿਆਂ ਵਿਰੁਧ ਲੋਕਾਂ ਦੀ ਐਜੀਟੇਸ਼ਨ, ਹੜਤਾਲ, ਧਰਨਾ, ਬੰਦ, ਪ੍ਰਦਰਸ਼ਨ, ਮਾਰਚ, ਜਲੂਸ ਜਾਂ ਰੇਲ ਤੇ ਸੜਕੀ ਆਵਾਜਾਈ ਰੋਕਣ ਨਾਲ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਬੁੜਕ ਬੁੜਕ ਬੋਲਦਾ ਹੈ।

ਇਸ ਕਨੂੰਨ ਵਿਚ, ਨੁਕਸਾਨ ਦੀ ਗਿਣਤੀ-ਮਿਣਤੀ ਕਰਨ ਵਾਲੀ ਸਮਰੱਥ ਅਥਾਰਟੀ ਵੀ ਸਰਕਾਰ ਨੇ ਖੁਦ ਹੀ ਬਣਾਉਣੀ ਹੈ। ਨੁਕਸਾਨ ਗਿਣਨ-ਮਿਣਨ ਦਾ ਪੈਮਾਨਾ ਉਸ ਅਥਾਰਟੀ ਦਾ ਆਪੇ ਘੜਿਆ ਪੈਮਾਨਾ ਹੋਵੇਗਾ। ਘਾਟੇ-ਨੁਕਸਾਨ ਦੇ ਪਾਏ ਬੋਝ ਥੱਲੇ ਆਏ ਲੋਕ ਅਤੇ ਜਥੇਬੰਦੀਆਂ ਦੇ ਆਗੂ ਇਸਦੇ ਫੈਸਲੇ ਦੇ ਖਿਲਾਫ਼ ਸਿਰਫ ਸਰਕਾਰ ਕੋਲ ਹੀ ਅਪੀਲ ਕਰ ਸਕਦੇ ਹਨ ਹੋਰ ਕਿਸੇ ਅਦਾਲਤ ਚ ਨਹੀਂ। ਲੋਕਾਂ ਨੂੰ ਤਾਂ ਮੰਨਣਾ ਹੀ ਪਊ| ਕਲਪਿਤ ਘਾਟੇ ਦੀ ਭਰ ਪਾਈ ਕਰਨ ਤੋਂ ਇਲਾਵਾ ਘੱਟੋ ਘੱਟ ਇਕ ਸਾਲ ਤੋਂ ਪੰਜ ਸਾਲ ਤੱਕ ਦੀ ਸਜ਼ਾ ਤੇ ਤਿੰਨ ਲੱਖ ਰੁਪਏ ਤੱਕ ਦਾ ਜੁਰਮਾਨਾ ਤਾਰਨਾ ਪਵੇਗਾ। ਇਸ  ਕਨੂੰਨ ਚ ਫੜੇ ਵਿਅਕਤੀ ਦੀ ਸਰਕਾਰ ਦੀ ਮਰਜ਼ੀ ਤੋਂ ਬਿਨਾ ਜਮਾਨਤ ਨਹੀਂ ਹੋ ਸਕੇਗੀ।

ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਨੇ ਐਜੀਟੇਸ਼ਨ ਕਰਨ ਵਾਲਿਆਂ ਨੂੰ ਉਕਸਾਉਣ, ਸਲਾਹ ਦੇਣ ਜਾਂ ਗਾਈਡ ਕਰਨ ਦੇ ਦੋਸ਼ ਲਾ ਕੇ ਕਿਸੇ ਨੂੰ ਵੀ ਇਸ ਕਨੂੰਨ ਦੀ ਮਾਰ ਹੇਠ ਲੈ ਆਉਣ ਦੀ ਮਦ ਵੀ ਇਸ ਕਨੂੰਨ ਵਿਚ ਪਾਈ ਹੋਈ ਹੈ।

ਇਸ ਕਨੂੰਨ ਵਿਚ, ਅਪਰਾਧ ਸਿੱਧ ਕਰਨ ਅਤੇ ਨੁਕਸਾਨ ਨੂੰ ਤਹਿ ਕਰਨ ਲਈ ਮੌਕੇ ਉਪਰ ਪੁਲਸ ਵੱਲੋਂ ਬਣਾਈ ਗਈ ਵੀਡੀਓ ਤਸੱਲੀਬਖਸ਼ ਗਵਾਹੀ ਮੰਨੀ ਜਾਵੇਗੀ  (ਹਕੂਮਤ ਦੇ ਹਿੱਤ ਨਾ ਪੂਰਦੀ ਵੀਡੀਓ, ਉਹ ਗੁੰਮ ਹੋਈ ਦਿਖਾ ਦਿੰਦੇ ਹਨ) ਅਤੇ ਪੁਲਸ ਦਾ ਹੌਲਦਾਰ ਵੀ ਅਪਰਾਧ ਕਰਦੇ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਸਕਦਾ ਹੈ। (ਉਸ ਦੀ ਪਹਿਚਾਣ ਉਤੇ ਕੋਈ ਪ੍ਰਸ਼ਨ ਨਹੀਂ)

ਬਰਤਾਨਵੀ ਬਸਤੀਵਾਦੀਆਂ ਤੋਂ ਰਾਜ ਦੀ ਵਾਗਡੋਰ ਹੱਥ ਫੜਨ ਵੇਲੇ ਤੋਂ ਹੀ ਭਾਰਤੀ ਹਾਕਮਾਂ ਤੇ ਹਕੂਮਤਾਂ ਨੇ ਇਕ ਹੱਥ ਜਮਹੂਰੀਅਤ, ਆਜ਼ਾਦੀ, ਲੋਕਰਾਜ ਦੇ ਛਲਾਵੇ ਦਾ ਤੇ ਜਥੇਬੰਦ ਹੋਣ, ਰੋਸ ਪ੍ਰਗਟਾਉਣ ਦੇ ਅਖੌਤੀ ਮੌਲਿਕ ਹੱਕਾਂ ਦਾ ਤੰਦੂਆਂ ਜਾਲ ਵਿਛਾਇਆ ਹੋਇਆ ਹੈ ਤਾਂ ਦੂਜੇ ਹੱਥ ਲੋਕਾਂ ਦੀ ਜਬਾਨਬੰਦੀ ਕਰਨ ਲਈ ਸੈਂਕੜੇ ਕਾਲੇ ਕਾਨੂੰਨ ਘੜੇ ਤੇ ਮੜੇ ਹੋਏ ਹਨ ਅਤੇ ਜਾਬਰ ਰਾਜਮਸ਼ੀਨਰੀ ਖੜੀ ਕੀਤੀ ਹੋਈ ਹੈ। ਜੰਮੂ ਕਸ਼ਮੀਰ ਤੇ ਉੱਤਰ ਪੂਰਬ ਦੇ ਸੂਬਿਆਂ ਦੀਆਂ ਕੌਮੀ ਮੁਕਤੀ ਲਹਿਰਾਂ ਨੂੰ ਕੁਚਲਣ ਲਈ ਉਸ ਵੇਲੇ ਤੋਂ ਹੀ ਹਥਿਆਰਾਂ-ਅਧਿਕਾਰਾਂ ਨਾਲ ਲੈਸ ਫੌਜਾਂ ਚਾੜੀਆਂ ਹੋਈਆਂ ਹਨ ਤੇ ਅਫਸਪਾ (ਆਰਮਡ ਫੋਰਸ ਸਪੈਸ਼ਲ ਪਾਵਰ ਐਕਟ) ਵਰਗੇ ਕਾਲੇ ਜਾਬਰ ਕਨੂੰਨ ਮੜੇ ਹੋਏ ਹਨ।

ਸਾਮਰਾਜੀ ਨਿਰਦੇਸ਼ਿਤ, ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਲੋਕ ਦੋਖੀ ਨੀਤੀਆਂ ਦੇ ਹੱਲੇ ਦੇ ਨਾਲ ਹੀ ਇਹ ਕਾਲੇ ਕਨੂੰਨਾਂ ਅਤੇ ਜਬਰ ਦਾ ਹੱਲਾ ਵੀ ਤੇਜ਼ ਕੀਤਾ ਹੋਇਆ ਹੈ। ਕਿਉਂਕਿ ਇਹਨਾਂ ਨੀਤੀਆਂ ਦਾ ਹੀ ਸਿੱਟਾ ਹੈ ਕਿ ਲੋਕਾਂ ਅੰਦਰ ਗਰੀਬੀ ਤੇ ਬੇਰੁਜ਼ਗਾਰੀ ਵਧ ਰਹੀ ਹੈ। ਮਹਿੰਗਾਈ ਤੇ ਹੋਰ ਲੁੱਟ ਵਧ ਰਹੀ ਹੈ। ਸਿੱਖਿਆ, ਸਿਹਤ ਤੇ ਪਾਣੀ ਵਰਗੀਆਂ ਸਹੂਲਤਾਂ ਹੱਥੋਂ ਕਿਰ ਰਹੀਆਂ ਹਨ। ਜੀਹਦੇ ਕਰਕੇ ਸਰਕਾਰ ਖਿਲਾਫ ਲੋਕਾਂ ਅੰਦਰ ਬੇਚੈਨੀ ਤੇ ਔਖ ਵਧੀ ਹੈ ਅਤੇ ਸੰਘਰਸ਼ਾਂ ਦੇ ਫੁਹਾਰੇ ਫੁੱਟੇ ਹਨ। ਹਾਕਮਾਂ ਦੀ ਨੀਂਦ ਹਰਾਮ ਹੋਈ ਹੈ। ਏਹਦੇ ਕਰਕੇ ਹਾਕਮਾਂ ਲਈ ਇਹਨਾਂ ਕਾਲੇ ਕਨੂੰਨਾਂ ਦੀ ਲੋੜ ਵਧੀ ਹੈ। ਨੰਗੀ ਚਿੱਟੀ ਤਾਨਾਸ਼ਾਹੀ ਵੱਲ ਵਧ ਰਹੇ ਹਨ। ਜਮਹੂਰੀਅਤ ਦਾ ਛਲਾਵਾ ਲਾਹੁਣ ਲਈ ਸਰਾਪੇ ਜਾ ਰਹੇ ਹਨ।

ਏਥੇ ਪੰਜਾਬ ਵਿਚ ਲੋਕ-ਰੋਸ ਤੇ ਸੰਘਰਸ਼ਾਂ ਨੂੰ ਰੋਕਣ, ਦਬਾਉਣ, ਕੁਚਲਣ ਲਈ ਅਨੇਕਾਂ ਹਰਬੇ ਵਰਤੇ ਜਾ ਰਹੇ ਹਨ। ਦਫਾ ਚੁਤਾਲੀ ਹਰ ਸ਼ਹਿਰ ਅੰਦਰ ਸਦਾ ਵਾਸਤੇ ਹੀ ਮੜ ਰੱਖੀ ਹੈ। 107/51 ਕਹਿਣ ਨੂੰ ਇਤਤਿਆਤ ਵਜੋਂ ਵਰਤਿਆ ਜਾਣ ਵਾਲਾ ਹਲਕਾ ਫੁਲਕਾ ਕਨੂੰਨ ਹੈ। ਜਾਤੀ ਮਚੱਲਕੇ ਦੇ ਸਿਰ 'ਤੇ ਛੱਡੇ ਜਾਣ ਦੀ ਖੁੱਲ ਦਿੰਦਾ ਹੈ ਪਰ ਹਕੂਮਤਾਂ ਦੇ ਹੱਥ ਵਿੱਚ, ਲੰਬੀ ਦੂਰੀ ਦੀ ਮਾਰ ਕਰਨ ਵਾਲੀ ਮਿਜਾਇਲ ਵਰਗਾ ਹਥਿਆਰ ਹੈ। ਇਸ ਤਹਿਤ ਅਕਸਰ ਹੀ ਰੁਜਗਾਰ ਮੰਗਦੇ ਬੇਰੁਜ਼ਗਾਰਾਂ, ਕਿਸਾਨਾਂ, ਮਜਦੂਰਾਂ ਤੇ ਮੁਲਾਜਮਾਂ ਨੂੰ ਫੜ ਕੇ ਜੇਲੀਂ ਡੱਕਿਆ ਜਾਂਦਾ ਹੈ, ਜਿਹਨਾਂ ਦੀ ਰਿਹਾਈ ਤਾਂ ਦੂਰ, ਜਮਾਨਤ ਵੀ ਹਕੂਮਤ ਦੇ ਹੱਥ ਹੁੰਦੀ ਹੈ, ਜਿੰਨਾਂ ਸਮਾਂ ਮਰਜੀ ਜੇਲ੍ਹੀਂ ਡੱਕੀ ਰੱਖਦੀ ਹੈ। ਨਿਆਂ-ਪ੍ਰਣਾਲੀ ਨੂੰ ਆਜ਼ਾਦ ਕਹਿਣਾ ਤਾਂ ਛਲਾਵਾ ਹੈ। ਹਕੂਮਤ ਤੋਂ ਕੁਝ ਵੀ ਬਾਹਰ ਨਹੀਂ ਹੈ। ਰੈਲੀਆਂ ਮੁਜਾਹਰੇ ਕਰਨ ਉੱਪਰ ਪਾਬੰਦੀਆਂ ਲਾਈਆਂ ਹੋਈਆਂ ਹਨ।ਜਿਲ੍ਹਾ ਦਫਤਰਾਂ ਮੂਹਰੇ ਧਰਨੇ ਮਾਰਨ 'ਤੇ ਰੋਕਾਂ ਮੜੀਆਂ ਹੋਈਆਂ ਹਨ। ਰੈਲੀ, ਧਰਨੇ, ਮੁਜਾਹਰੇ ਕਰਨ ਤੋਂ ਪਹਿਲਾਂ ਹੀ ਘਰਾਂ ਵਿੱਚੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਰੋਸ ਪ੍ਰਗਟਾਵਿਆਂ 'ਤੇ ਪੂਰਨ ਪਾਬੰਦੀਆਂ ਹਨ। ਛੋਟੀ ਗਿਣਤੀ ਵਾਲੀਆਂ ਜਥੇਬੰਦੀਆਂ ਦੀ ਗੱਲ ਤਾਂ ਸੁਣਦੇ ਹੀ ਨਹੀਂ, ਉਲਟਾ ਮੀਟਿੰਗ ਕਰਨ ਤੋਂ ਵੀ ਰੋਕਿਆ ਜਾਂਦਾ ਹੈ।

ਇਸ ਕਨੂੰਨ ਵਿਚਲੀਆਂ ਧਰਾਵਾਂ ਵਰਗਾ ਬੜਾ ਕੁਝ ਪਹਿਲਾਂ ਵੀ ਹਕੂਮਤਾਂ ਦੇ ਹੱਥ ਵਿਚ ਹੈ। ਹਰ ਧਰਨੇ, ਰੈਲੀ, ਮੁਜਾਹਰੇ ਸਮੇਂ ਪੁਲਸ ਵਲੋਂ ਪਰਚੇ ਦਰਜ ਕੀਤੇ ਜਾਂਦੇ ਹਨ। ਇਹਨਾਂ ਪਰਚਿਆਂ ਤਹਿਤ ਕਾਰਵਾਈ ਕਰਨੀ ਹਕੂਮਤਾਂ ਦੀ ਮਰਜੀ 'ਤੇ ਹੈ। ਬੱਸਾਂ, ਟਰੱਕਾਂ, ਕੈਂਟਰਾਂ, ਰੇਲਾਂ ਰੋਕਣ, ਦਰਖਤ ਵੱਢ ਕੇ ਸੜਕਾਂ 'ਤੇ ਸੁੱਟਣ, ਸੜਕਾਂ ਪੁੱਟ ਦੇਣ ਅਤੇ ਇਰਾਦਾ ਕਤਲਾਂ ਦੇ ਅਨੇਕਾਂ ਕੇਸ ਬੇਰੁਜ਼ਗਾਰਾਂ, ਕਿਸਾਨਾਂ, ਮਜਦੂਰਾਂ ਸਿਰ ਪਾਏ ਹੋਏ ਹਨ। ਇਸਦੇ ਨੁਕਸਾਨ ਘਾਟੇ ਦੇ ਕੇਸ ਵੀ ਵੱਖ ਵੱਖ ਥਾਣਿਆਂ ਵਿਚ ਦਰਜ ਹਨ ਅਤੇ ਕਈ ਅਦਾਲਤਾਂ ਵਿਚ ਵੀ ਚੱਲ ਰਹੇ ਹਨ।

ਲੋਕ ਮੋਰਚਾ ਪੰਜਾਬ, ਇਥੇ ਅਸਲੀ ਆਜਾਦੀ, ਸੱਚੀ ਜਮਹੂਰੀਅਤ, ਖਰਾ ਲੋਕਰਾਜ ਤੇ ਸਮਾਜ ਸਿਰਜਣ ਦੀ ਲਹਿਰ ਉਸਾਰਨ ਹਿਤ ਵੱਡੀ ਜਗੀਰਦਾਰੀ ਤੇ ਸਾਮਰਾਜ ਪੱਖੀ ਧੱਕੜ ਰਾਜ ਤੋਂ ਪੀੜਤ ਲੋਕ ਹਿੱਸਿਆਂ ਨੂੰ ਜਾਗਰਿਤ ਤੇ ਜਥੇਬੰਦ ਕਰਨ ਦੇ ਪ੍ਰਚਾਰਕ ਵਜੋਂ ਆਪਣੀ ਸਰਗਰਮੀ ਜਾਰੀ ਰੱਖ ਰਿਹਾ ਹੈ। ਇਹ ਕਨੂੰਨ ਲੋਕਾਂ ਦੇ ਬੁਨਿਆਦੀਜਮਹੂਰੀ ਹੱਕਾਂ ਦਾ ਗਲਾਘੁੱਟਣ ਦਾ ਕਨੂੰਨ ਹੈ। ਜਮਹੂਰੀਅਤ ਦਾ ਦੁਸ਼ਮਣ ਕਨੂੰਨ ਹੈ। ਇਸ ਕਨੂੰਨ ਦੀ ਲੋਕਦੋਖੀ ਅਸਲੀਅਤ ਨੂੰ ਉਘਾੜ ਕੇ ਲੋਕਾਂ ਦੇ ਜਥੇਬੰਦ ਹਿੱਸਿਆਂ ਵੱਲੋਂ ਆਪੋ ਆਪਣੇ ਤਬਕਾਤੀ ਜਮਾਤੀ ਮਸਲਿਆਂ ਮੁੱਦਿਆਂ 'ਤੇ ਲੜੇ ਜਾ ਰਹੇ ਘੋਲਾਂ ਨਾਲ ਕੜੀ ਜ਼ੋੜ ਕਰਕੇ, ਇਕ ਪ੍ਰਚਾਰ ਮੁਹਿੰਮ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਤਾਂ ਜ਼ੋ ਇਸ ਖਿਲਾਫ ਜ਼ੋਰਦਾਰ ਲੋਕ-ਸੰਘਰਸ਼ਾਂ ਦੀ ਲੜੀ, ਵੇਗ ਤੇ ਨਿਰੰਤਰਤਾ ਫੜ ਲਵੇ ਤੇ ਹਕੂਮਤ ਨੂੰ, ਨਾ ਸਿਰਫ ਇਹ ਕਨੂੰਨ ਵਾਪਸ ਆਵਦੀ ਵਜ਼ੀਰ ਮੰਡਲੀ ਦੀ ਝੋਲੀ ਪਾਉਣਾ ਪੈ ਜਾਵੇ, ਸਗੋਂ ਸਿਆਸੀ ਕੀਮਤ ਵੀ ਤਾਰਨੀ ਪਵੇ।

ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਇਸ ਕਨੂੰਨ ਖਿਲਾਫ ਖੁਦ ਚੇਤਨਾ ਮੁਹਿੰਮ ਚਲਾਉਣ ਦਾ ਐਲਾਨ ਕਰਦਿਆਂ ਵੱਖ ਵੱਖ ਲੋਕ ਹਿੱਸਿਆਂ ਨੂੰ ਜ਼ੋਰਦਾਰ ਸਾਂਝਾ ਸੰਘਰਸ਼ ਛੇੜਣ ਲਈ ਸਾਂਝੀ ਮੀਟਿੰਗ ਬੁਲਾਉਣ ਤੇ ਸਰਗਰਮੀ ਦਾ ਸੱਦਾ ਦੇਣ ਦੀ ਕੀਤੀ ਪਹਿਲਕਦਮੀ ਦਾ ਲੋਕ ਮੋਰਚਾ ਪੰਜਾਬ ਸੁਆਗਤ ਕਰਦਾ ਹੋਇਆ ਉਸ ਸਾਂਝੀ ਮੀਟਿੰਗ (19.7.14) ਵਿਚ ਵੀ ਸ਼ਾਮਲ ਹੋਇਆ ਸੀ ਤੇ ਅਗਲੀਆਂ ਸਰਗਰਮੀਆਂ ਵਿਚ ਵੀ ਹਿੱਸਾ ਪਾਵੇਗਾ।


ਜਗਮੇਲ ਸਿੰਘ
ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ
9417224822

Friday, July 18, 2014

ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ - ਸ਼ਹੀਦ ਪ੍ਰਿਥੀਪਾਲ ਰੰਧਾਵਾ

ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ
ਸ਼ਹੀਦ ਪ੍ਰਿਥੀਪਾਲ ਰੰਧਾਵਾ


70 ਵਿਆਂ ਦਾ ਦਹਾਕਾ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਦਾ ਸਮਾਂ ਹੈ ਜਦੋਂ ਪੰਜਾਬ ਦੀ ਜਵਾਨੀ ਨੇ ਲੋਕਾਂ ਨੂੰ ਹੱਕਾਂ ਲਈ ਜੂਝਣ ਦਾ ਰਾਹ ਵਿਖਾਇਆ ਤੇ ਸ਼ਾਨਦਾਰ ਇਨਕਲਾਬੀ ਭੂਮਿਕਾ ਅਦਾ ਕੀਤੀ। ਪ੍ਰਿਥੀਪਾਲ ਰੰਧਾਵਾ ਇਸ ਲਹਿਰ ਦਾ ਅਜਿਹਾ ਨਾਇਕ ਸੀ ਜੀਹਦੀ ਅਗਵਾਈ ਵਿੱਚ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਾਨਦਾਰ ਸੰਗਰਾਮੀ ਰਵਾਇਤਾਂ ਸਿਰਜੀਆਂ ਜਿਹੜੀਆਂ ਅੱਜ ਵੀ ਸਾਡਾ ਰਾਹ ਰੁਸ਼ਨਾਉਦੀਆਂ ਹਨ। ਭਾਵੇਂ 18 ਜੁਲਾਈ 1979 ਨੂੰ ਅਕਾਲੀ ਸਰਕਾਰ ਦੇ ਗੁੰਡਿਆਂ ਨੇ ਪ੍ਰਿਥੀ ਨੂੰ ਜਿਸਮਾਨੀ ਤੌਰ 'ਤੇ ਸਾਡੇ ਕੋਲੋਂ ਖੋਹ ਲਿਆ ਪਰ ਉਹਦੀ ਜੀਵਨ ਘਾਲਣਾ ਤੇ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਅਮੁੱਕ ਸੋਮਾ ਹੈ।

ਪਿਰਥੀ ਦਾ ਜੀਵਨ ਤੇ ਪੀ.ਐਸ.ਯੂ. ਦਾ ਸਫ਼ਰ ਇਕ ਦੂਜੇ ਨਾਲ ਏਨੀ ਗਹਿਰੀ ਤਰਾਂ ਜੁੜਿਆ ਹੈ ਕਿ ਵੱਖ-2 ਕਰਕੇ ਨਹੀਂ ਦੇਖਿਆ ਜਾ ਸਕਦਾ। 5 ਮਾਰਚ, 1952 ਨੂੰ ਜਨਮਿਆ ਪ੍ਰਿਥੀ ਜਦੋਂ ਟਾਂਡੇ ਕਾਲਜ ਤੋਂ ਪਰੀ-ਮੈਡੀਕਲ ਕਰਕੇ ਪੀ.ਏ.ਯੂ. ਲੁਧਿਆਣੇ ਦਾਖਲ ਹੋਇਆ ਤਾਂ ਉਦੋਂ ਤੋਂ ਹੀ ਉਹਨੇ ਸਮਾਜ ਵਿੱਚ ਫੈਲੇ ਲੁੱਟ, ਜਬਰ, ਅਨਿਆਂ ਤੇ ਵਿਤਕਰਿਆਂ ਨੂੰ ਨੀਝ ਨਾਲ ਘੋਖਣਾ ਸ਼ੁਰੂ ਕਰ ਦਿੱਤਾ। ਉਹਨੇ ਬਾਕੀ ਦੀ ਜ਼ਿੰਦਗੀ ਨੌਜਵਾਨਾਂ, ਵਿਦਿਆਰਥੀਆਂ ਤੇ ਹੋਰਨਾਂ ਮਿਹਤਨਕਸ਼ ਤਬਕਿਆਂ ਦਾ ਰਾਹ ਰੁਸ਼ਨਾਉਣ ਦੇ ਲੇਖੇ ਲਾਈ ਅਤੇ ਅੰਤ ਆਪਣੇ ਲਹੂ ਦਾ ਆਖਰੀ ਕਤਰਾ ਵੀ ਲੋਕ ਹੱਕਾਂ ਦੀ ਲਹਿਰ ਦੇ ਬੂਟੇ ਨੂੰ ਸਿੰਜਣ ਲਈ ਵਹਾ ਦਿੱਤਾ।

ਪਿਰਥੀ ਤੇ ਸਾਥੀਆਂ ਨੇ 70-71 ਦੇ ਅਜਿਹੇ ਔਖੇ ਵੇਲ਼ਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਜਦੋਂ ਪੰਜਾਬ ਵਿੱਚ ਨੌਜਵਾਨਾਂ ਨੂੰ ਹੱਕ ਸੱਚ ਦੀ ਗੱਲ ਕਰਨ ਬਦਲੇ ਵੱਡੀ ਕੀਮਤ ਤਾਰਨੀ ਪੈਂਦੀ ਸੀ। ਪੰਜਾਬ ਵਿੱਚ ਇਨਕਲਾਬੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਸਨ। ਕਾਲਜਾਂ-ਯੂਨੀਵਰਸਿਟੀਆਂ ਦੇ ਧੱਕੜ ਅਧਿਕਾਰੀ ਚੰਮ ਦੀਆਂ ਚਲਾਉਂਦੇ ਸਨ, ਵਿਦਿਅਕ ਸੰਸਥਾਵਾਂ ਧੱਕੜ ਪੁਲਸ ਅਫ਼ਸਰਾਂ ਲਈ ਜਬਰ ਦੇ ਅਖਾੜੇ ਬਣੀਆਂ ਹੋਈਆਂ ਸਨ। ਪਹਿਲੇ ਸਾਲਾਂ ਵਿੱਚ ਬਣੀ ਪੀ.ਐਸ.ਯੂ. ਇਨਕਲਾਬੀਆਂ ਅੰਦਰ ਉੱਠੇ ਗਲਤ ਰੁਝਾਨ ਦੀ ਭੇਂਟ ਚੜ ਕੇ ਖਿੰਡ ਪੁੰਡ ਗਈ ਸੀ। ਅਜਿਹੇ ਵੇਲ਼ਿਆਂ ਵਿੱਚ ਪਿਰਥੀ ਤੇ ਸਾਥੀਆਂ ਨੇ ਆਪਣੀਆਂ ਜ਼ਿੰਦਗੀਆਂ ਦੀ ਪ੍ਰਵਾਹ ਨਾ ਕਰਦਿਆਂ ਪੀ.ਐਸ.ਯੂ. ਦਾ ਬੂਟਾ ਲਾਇਆ। ਪੀ.ਐਸ.ਯੂ. ਨੇ ਅਜੇ ਮੁੱਢਲੇ ਕਦਮ ਹੀ ਪੁੱਟੇ ਸਨ ਕਿ ਮੋਗੇ ਵਿੱਚ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਖਿਲਾਫ਼ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਦੋ ਵਿਦਿਆਰਥੀ ਹਰਜੀਤ ਤੇ ਸਵਰਨ ਤੇ ਹੋਰ ਲੋਕ ਸ਼ਹੀਦ ਕਰ ਦਿੱਤੇ। ਹਕੂਮਤ ਦੇ ਇਸ ਜਬਰ ਖਿਲਾਫ਼ ਵਿਦਿਆਰਥੀ ਰੋਹ ਦੀ ਕਾਂਗ ਉੱਠ ਖੜੀ ਹੋਈ। ਪੰਜਾਬ ਵਿੱਚ ਵਿਦਿਆਰਥੀਆਂ ਦਾ ਗੁੱਸਾ ਫੁੱਟ ਪਿਆ ਤੇ ਮੋਗਾ ਸੰਗਰਾਮ ਛਿੜ ਪਿਆ। ਹਾਕਮਾਂ ਦੀਆਂ ਸਭਨਾਂ ਚਾਲਾਂ ਨੂੰ ਫੇਲ ਕਰਦਿਆਂ ਪਿਰਥੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਅਜਿਹਾ ਦਲੇਰਾਨਾ ਸੰਗਰਾਮ ਲੜਿਆ ਜੀਹਨੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਨਵਾਂ ਮੁਹਾਂਦਰਾ ਦਿੱਤਾ। ਪੁਲਸ ਜਬਰ ਮੂਹਰੇ ਬੇਵੱਸ ਹੋਈ ਜਵਾਨੀ ਨੂੰ ਪਿਰਥੀ ਨੇ ਸਹੀ ਸੇਧ ਦਿੱਤੀ। ਮੋਗੇ ਦੇ ਇਸ ਲੰਬੇ ਖਾੜਕੂ ਘੋਲ ਨੇ ਇਨਕਲਾਬੀ ਨੌਜਵਾਨਾਂ ਦੇ ਕਤਲ ਵਰਗੇ ਅਨਰਥ ਕਰਨ ਤੋਂ ਹਾਕਮਾਂ ਦੇ ਮਨਾਂ ਵਿੱਚ ਤਹਿਕਾ ਬਿਠਾ ਦਿੱਤਾ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਹੱਕਾਂ ਲਈ ਜਥੇਬੰਦ ਹੋ ਕੇ ਲੰਮੇ ਖਾੜਕੂ ਸੰਘਰਸ਼ਾਂ ਦੇ ਰਾਹ ਪੈਣ ਦੀ ਮਿਸਾਲ ਪੈਦਾ ਕੀਤੀ।

ਇਸਤੋਂ ਬਾਅਦ ਪਿਰਥੀ ਦੀ ਅਗਵਾਈ ਵਿੱਚ ਪੀ.ਐਸ.ਯੂ. ਨੇ ਵਿਦਿਆਰਥੀ ਮੰਗਾਂ ਜਿਵੇਂ ਬੱਸ ਪਾਸ ਸਹੂਲਤ ਹਾਸਲ ਕਰਨ,  ਵਧਦੀਆਂ ਫੀਸਾਂ ਦਾ ਵਿਰੋਧ ਕਰਨ, ਸਸਤੀਆਂ ਮੈੱਸਾਂ-ਕੰਟੀਨਾਂ ਤੇ ਹੋਸਟਲਾਂ ਦੇ ਇੰਤਜ਼ਾਮ ਕਰਵਾਉਣ, ਸਸਤੀਆਂ ਕਿਤਾਬਾਂ ਕਾਪੀਆਂ ਹਾਸਲ ਕਰਨ, ਵਿਦਿਅਕ ਸੰਸਥਾਵਾਂ ਵਿੱਚ ਜਮਹੂਰੀ ਮਾਹੌਲ ਸਿਰਜਣ ਤੇ ਹੋਰਨਾਂ ਮਸਲਿਆਂ ਤੇ ਅਨੇਕਾਂ ਹੀ ਪੰਜਾਬ ਪੱਧਰੇ ਤੇ ਸਥਾਨਕ ਪੱਧਰੇ ਸੰਘਰਸ਼ ਲੜੇ ਅਤੇ ਜਿੱਤਾਂ ਜਿੱਤੀਆਂ।

ਪਿਰਥੀਪਾਲ ਰੰਧਾਵਾ ਸਾਧਾਰਨ ਵਿਦਿਆਰਥੀ ਆਗੂ ਨਹੀਂ ਸੀ ਸਗੋਂ ਜੁਝਾਰੂ ਇਨਕਲਾਬੀ ਲੋਕ ਆਗੂ ਸੀ ਜੀਹਦੀ ਅਗਵਾਈ ਵਿੱਚ ਵਿਦਿਆਰਥੀ ਸਿਰਫ਼ ਆਪਣੇ ਤਬਕੇ ਦੇ ਮਸਲਿਆਂ ਤੱਕ ਹੀ ਸੀਮਤ ਨਾ ਰਹੇ ਸਗੋਂ ਆਪਣੇ ਇਨਕਲਾਬੀ ਸਮਾਜਿਕ ਰੋਲ ਦੀ ਪਹਿਚਾਣ ਕਰਦਿਆਂ ਸਮਾਜ ਦੇ ਹੋਰਨਾਂ ਮਿਹਤਨਕਸ਼ ਤਬਕਿਆਂ ਲਈ ਜੂਝਣ ਦੀ ਪ੍ਰੇਰਨਾ ਵੀ ਬਣੇ। ਸਮਾਜ ਵਿੱਚ ਲੋਕਾਂ 'ਤੇ ਅਸਰ ਪਾਉਣ ਵਾਲੇ ਵੱਡੇ ਮਸਲਿਆਂ ਤੇ ਖਾਸ ਕਰ ਜਦੋਂ ਲੋਕਾਂ ਨੂੰ ਭੁਚਲਾਉਣ ਲਈ ਲੋਕ ਦੋਖੀ ਤਾਕਤਾਂ ਆਪਣਾ ਤਾਣ ਲਗਾਉਂਦੀਆਂ ਰਹੀਆਂ ਤਾਂ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੇ ਪਿਰਥੀ ਦੀ ਅਗਵਾਈ ਵਿੱਚ ਕਿਰਤੀ ਲੋਕਾਂ ਦਾ ਮਾਰਗ ਰੌਸ਼ਨ ਕੀਤਾ।

1974 ਵਿੱਚ ਮੁਲਕ ਦੀ ਜਨਤਾ ਵਿੱਚ ਇੰਦਰਾ ਗਾਂਧੀ ਹਕੂਮਤ ਖਿਲਾਫ਼ ਉੱਠੀ ਬੇਚੈਨੀ ਨੂੰ ਹਾਕਮ ਜਮਾਤਾਂ ਦੇ ਹੀ ਦੂਸਰੇ ਹਿੱਸੇ ਵਰਤਣ ਲਈ ਤੁਰੇ। ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਵਿੱਚ ਜੁੜੇ ਮੌਕਾਪ੍ਰਸਤ ਟੋਲੇ ਨੇ ਲੋਕਾਂ ਦੇ ਸਾਹਮਣੇ ਫ਼ਰੇਬੀ ਨਾਹਰੇ ਪੇਸ਼ ਕੀਤੇ ਅਤੇ ਲੋਕਾਂ ਦੀ ਲਹਿਰ ਨੂੰੂ ਪਟੜੀ ਤੋਂ ਲਾਹ ਕੇ ਆਪਣੀਆਂ ਵੋਟ ਗਿਣਤੀਆਂ ਵਾਸਤੇ ਵਰਤਣ ਦੇ ਯਤਨ ਕੀਤੇ। ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ ਹਟਾਉ ਦੇ ਅਮੂਰਤ ਤੇ ਬੇ-ਨਕਸ਼ ਨਾਅਰੇ ਦਿੱਤੇ ਗਏ। ਅਜਿਹੇ ਸਮੇਂ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ ਵਿੱਚ ਮਿਹਨਤਕਸ਼  ਲੋਕਾਂ ਨੂੰ ਸਹੀ ਸੇਧ ਦਿੱਤੀ। ਪੀ.ਐਸ.ਯੂ. ਨੇ ਮੋਗੇ ਵਿੱਚ ਨੌਜਵਾਨ ਭਾਰਤ ਸਭਾ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਸਹਿਯੋਗ ਨਾਲ 'ਸੰਗਰਾਮ ਰੈਲੀ' ਜਥੇਬੰਦ ਕਰਕੇ ਮੌਕਾਪ੍ਰਸਤ ਟੋਲੇ ਦਾ ਕਿਰਦਾਰ ਨੰਗਾ ਕੀਤਾ ਅਤੇ 'ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦਾ ਮਾਰਗ' ਪੇਸ਼ ਕੀਤਾ।

26 ਜੂਨ 1975 ਵਿੱਚ ਇੰਦਰਾ ਗਾਂਧੀ ਸਰਕਾਰ ਨੇ ਆਪਣੀ ਕੁਰਸੀ ਬਚਾਉਣ ਲਈ ਤੇ ਲੋਕ ਬੇਚੈਨੀ ਨੂੰ ਕੁਚਲਣ ਲਈ ਸਾਰੇ ਦੇਸ਼ ਵਿੱਚ ਐਮਰਜੈਂਸੀ ਮੜ ਦਿੱਤੀ। ਸਭਨਾਂ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਉੱਤੇ ਜਬਰ ਦਾ ਝੱਖੜ ਝੁਲਾ ਦਿੱਤਾ। ਪੀ.ਐਸ.ਯੂ. ਨੇ ਆਪਣੀਆਂ ਸੰਗਰਾਮੀ ਰਵਾਇਤਾਂ ਤੇ ਪਹਿਰਾ ਦਿੰਦਿਆਂ ਇਸ ਵੰਗਾਰ ਨੂੰ ਕਬੂਲ ਕੀਤਾ। ਅੰਨੇ ਹਕੂਮਤੀ ਜਬਰ ਦੇ ਦੌਰ ਵਿੱਚ ਤੇ ਐਮਰਜੈਂਸੀ ਦੀਆਂ ਸਖਤ ਪਾਬੰਦੀਆਂ ਦੇ ਬਾਵਜੂਦ 'ਐਮਰਜੈਂਸੀ ਖਤਮ ਕਰੋ' ਤੇ 'ਜਮਹੂਰੀ ਹੱਕ ਬਹਾਲ ਕਰੋ' ਦੀਆਂ ਆਵਾਜ਼ਾਂ ਕਾਂਗਰਸੀ ਹਾਕਮਾਂ ਨੂੰ ਕੰਬਣੀਆਂ ਛੇੜਦੀਆਂ ਰਹੀਆਂ। 'ਅਸੀਂ ਜਿਉਂਦੇ-ਅਸੀਂ ਜਾਗਦੇ' ਦਾ ਸੱਦਾ ਲਾਉਂਦੀਆਂ ਰਹੀਆਂ। ਪੀ.ਐਸ.ਯੂ. ਦੇ ਆਗੂਆਂ-ਵਰਕਰਾਂ ਨੇ ਪੁਲਸੀ ਕਹਿਰ ਨੂੰੂ ਖਿੜੇ ਮੱਥੇ ਝੱਲਿਆ। ਰੰਧਾਵੇ ਨੂੰ ਮੀਸਾ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ, ਕਹਿਰਾਂ ਦਾ ਜਬਰ ਢਾਹਿਆ ਗਿਆ ਪਰ ਪ੍ਰਿਥੀ ਅਡੋਲ ਰਿਹਾ, ਉਹਨੂੰ ਝੁਕਾਇਆ ਨਾ ਜਾ ਸਕਿਆ। ਡੇਢ ਸਾਲ ਜੇਲ ਵਿੱਚ ਰਹਿਣ ਮਗਰੋਂ ਮੁੜ ਆ ਸੰਗਰਾਮ ਦੇ ਮੈਦਾਨ ਵਿੱਚ ਕੁੱਦਿਆ।

ਪ੍ਰਿਥੀ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਵਿਦਿਆਰਥੀਆਂ ਨੇ ਹਰ ਮਿਹਤਨਕਸ਼ ਤਬਕੇ ਦੇ ਸੰਘਰਸ਼ਾਂ ਨੂੰ ਜਾ ਹਮਾਇਤੀ ਕੰਨਾ ਲਾਇਆ ਤੇ ਬੇ-ਗਰਜ਼ ਭਰਾਤਰੀ ਹਮਾਇਤ ਦੀਆਂ ਪਿਰਤਾਂ ਪਾਈਆਂ। ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਾਂਝੇ ਸੰਘਰਸ਼ਾਂ ਦੀਆਂ ਤੰਦਾਂ ਮਜ਼ਬੂਤ ਕੀਤੀਆਂ।

ਪ੍ਰਿਥੀ ਨੇ ਜਮਹੂਰੀ ਹੱਕਾਂ ਦੇ ਦਮਨ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਹਦੀ ਅਗਵਾਈ ਵਿੱਚ ਹੀ ਵਿਦਿਆਰਥੀਆਂ ਨੇ  ਪੰਜਾਬ ਦੇ ਕਿਰਤੀ ਲੋਕਾਂ ਵਿੱਚ ਜਮਹੂਰੀ ਹੱਕਾਂ ਦੀ ਸੋਝੀ ਦਾ ਸੰਚਾਰ ਕਰਨ ਦੇ ਯਤਨਾਂ ਵਿੱਚ ਭਰਪੂਰ ਹਿੱਸਾ ਪਾਇਆ।  ਪੀ.ਐਸ.ਯੂ. ਨੇ ਜਮਹੂਰੀ ਹੱਕਾਂ ਦੀ ਰਾਖੀ ਲਈ ਮੋਗੇ ਵਿੱਚ ਵਿਸ਼ਾਲ ਮਾਰਚ ਜਥੇਬੰਦ ਕੀਤਾ।

ਰੰਧਾਵਾ ਗੰਭੀਰ, ਸੂਝਵਾਨ, ਹੋਣਹਾਰ ਤੇ ਨਿਧੜਕ ਆਗੂ ਸੀ ਜੀਹਨੇ ਬੇਹੱਦ ਕਸੂਤੀਆਂ ਹਾਲਤਾਂ ਵਿੱਚ ਪੀ.ਐਸ.ਯੂ. ਖੜੀ ਕਰਨ, ਇਹਦੀ ਅਗਵਾਈ ਕਰਨ, ਪੰਜਾਬ ਵਿੱਚ ਜਨਤਕ ਜਮਹੂਰੀ ਲਹਿਰ ਨੂੰ ਤਕੜੀ ਕਰਨ ਤੇ ਵੱਖ-ਵੱਖ ਤਬਕਿਆਂ ਦੀ ਸੰਗਰਾਮੀ ਸਾਂਝ ਦੀਆਂ ਰਵਾਇਤਾਂ ਕਾਇਮ ਕੀਤੀਆਂ। ਰੰਧਾਵੇ ਦੀ ਅਗਵਾਈ ਵਿੱਚ ਹੀ ਪੰਜਾਬ ਦੀ ਵਿਦਿਆਰਥੀ ਲਹਿਰ ਨੂੰ ਫਿਰਕੂ ਵਣਜਾਰਿਆਂ ਦੇ ਜ਼ਹਿਰੀ ਡੰਗਾਂ ਤੋਂ ਮੁਕਤ ਰੱਖਿਆ ਜਾ ਸਕਿਆ ਤੇ ਨੌਜਵਾਨਾਂ-ਵਿਦਿਆਰਥੀਆਂ ਨੇ ਸਮਾਜ ਵਿੱਚ ਫਿਰਕੂ ਸਦਭਾਵਨਾ ਦਾ ਹੋਕਾ ਦਿੱਤਾ।

ਪੰਜਾਬ ਦੇ ਵਿਦਿਆਰਥੀਆਂ ਨੌਜਵਾਨਾਂ ਵਿੱਚ ਹੀ ਨਹੀਂ ਸਗੋਂ ਹੋਰਨਾਂ ਮਿਹਨਤਕਸ਼ ਤਬਕਿਆਂ ਵਿੱਚ ਵੀ ਪ੍ਰਿਥੀਪਾਲ ਰੰਧਾਵਾ ਸਤਿਕਾਰਿਆ ਤੇ ਪਿਆਰਿਆ ਜਾਣ ਲੱਗ ਪਿਆ ਸੀ। ਉਹ ਸਮੇਂ ਦੇ ਹਾਕਮਾਂ ਲਈ ਇਕ ਵੰਗਾਰ ਸੀ। ਮੌਕੇ ਦੀ ਅਕਾਲੀ ਸਰਕਾਰ ਦੇ ਪਾਲਤੂ ਗੁੰਡਿਆਂ ਨੇ ਉਹਨੂੰ ਅਗਵਾ ਕਰਕੇ ਕਹਿਰਾਂ ਦਾ ਤਸ਼ਦੱਦ ਢਾਹਿਆ ਪਰ ਉਹਨੂੰ ਝੁਕਾਇਆ ਨਾ ਜਾ ਸਕਿਆ। ਅਖੀਰ ਉਹਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਰੰਧਾਵੇ ਦੇ ਕਤਲ ਦੇ ਖਿਲਾਫ਼ ਪੰਜਾਬ ਦੀ ਧਰਤੀ ਤੇ ਜ਼ੋਰਦਾਰ ਸੰਗਰਾਮ ਲੜਿਆ ਗਿਆ। ਨੌਜਵਾਨਾਂ ਵਿਦਿਆਰਥੀਆਂ ਤੇ ਲੋਕਾਂ ਨੇ ਆਪਣੇ ਵਿਛੜ ਗਏ ਆਗੂ ਨੂੰ ਸ਼ਰਧਾਂਜਲੀ ਵੱਡੇ ਘਮਸਾਨੀ ਘੋਲ਼ ਵਿੱਚ ਦਿੱਤੀ।

ਪੜਾਈ ਵਿੱਚ ਬੇਹੱਦ ਹੁਸ਼ਿਆਰ ਪਿਰਥੀ ਨੇ ਯੂਨਿ: ਵਿੱਚੋਂ ਆਪਣੀ ਐਮ.ਐਸ.ਸੀ. ਦੀ ਪੜਾਈ ਹਾਲੇ ਕੁਝ ਸਮਾਂ ਪਹਿਲਾਂ ਹੀ ਖਤਮ ਕੀਤੀ ਸੀ। ਉਹਨੇ ਰੁਜ਼ਗਾਰ 'ਤੇ ਲੱਗ ਕੇ ਕਮਾਈ ਕਰਨ ਦੀ ਥਾਂ ਆਪਣੀ ਜ਼ਿੰਦਗੀ ਲੋਕ ਸੰਗਰਾਮਾਂ ਨੂੰ ਅਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਉਹਦੇ ਲਈ ਜ਼ਿੰਦਗੀ ਦੇ ਅਰਥ ਆਪਣੇ ਆਪ ਤੋਂ, ਘਰ ਪਰਿਵਾਰ ਤੋਂ ਵੱਡੇ ਸਨ। ਉਹਦੇ ਲਈ ਜ਼ਿੰਦਗੀ ਦੀ ਸਾਰਥਿਕਤਾ ਸਮਾਜ ਵਿੱਚੋਂ ਹਰ ਤਰਾਂ ਦੀ ਲੁੱਟ ਜਬਰ ਖਤਮ ਕਰਕੇ, ਬਰਾਬਰੀ ਭਰਿਆ ਰਾਜ ਸਿਰਜਣ ਦੇ ਮਹਾਨ ਕਾਜ਼ ਵਿੱਚ ਹਿੱਸਾ ਪਾਈ ਦੀ ਸੀ। ਉਹਨੇ ਆਪਣੀ ਜ਼ਿੰਦਗੀ ਏਸ ਕਾਜ਼ ਨੂੰ ਸਮਰਪਿਤ ਕਰ ਦਿੱਤੀ।

ਅੱਜ ਦੇ ਦੌਰ ਵਿੱਚ, ਨਵੀਆਂ ਆਰਥਿਕ ਨੀਤੀਆਂ ਦਾ ਹੱਲਾ ਸਿੱਖਿਆ ਖੇਤਰ ਦਾ ਤੇਜ਼ੀ ਨਾਲ ਨਿੱਜੀਕਰਨ ਤੇ ਵਪਾਰੀਕਰਨ ਕਰ ਰਿਹਾ ਹੈ। ਸਰਕਾਰ ਆਏ ਦਿਨ ਸਿੱਖਿਆ ਤੇ ਖਰਚ ਕਰਨ ਤੋਂ ਹੱਥ ਘੁੱਟਦੀ ਆ ਰਹੀ ਹੈ। ਫੰਡ, ਗ੍ਰਾਂਟਾ ਸੁੰਗੇੜਦੀ ਆ ਰਹੀ ਹੈ। ਸਰਕਾਰੀ ਕਾਲਜ, ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਰਹੇ ਹਨ। ਪ੍ਰਾਈਵੇਟ ਅਧਿਆਪਕ ਰੱਖਕੇ ਕੰਮ ਚਲਾਇਆ ਜਾ ਰਿਹਾ ਹੈ, ਬੋਝ ਵਿਦਿਆਰਥੀਆਂ 'ਤੇ ਪਾਇਆ ਜਾ ਰਿਹਾ ਹੈ। ਪ੍ਰਾਈਵੇਟ ਵਿਦਿਅਕ ਸੰਸਥਾਵਾਂ ਮਨ-ਮਰਜ਼ੀ ਦੇ ਫੀਸਾਂ ਫੰਡ ਬਟੋਰ ਕੇ ਵਿਦਿਆਰਥੀਆਂ ਦੀ ਅੰਨੀ ਲੁੱਟ ਕਰ ਰਹੇ ਹਨ। ਨਿੱਤ ਨਵੇਂ ਵਪਾਰੀ-ਕਾਰੋਬਾਰੀ ਵਿਦਿਅਕ ਖੇਤਰ ਵਿੱਚ ਦਾਖ਼ਲ ਹੋ ਰਹੇ ਹਨ ਤੇ ਚੰਮ ਦੀਆਂ ਚਲਾ ਰਹੇ ਹਨ।

ਸ਼ੁਰੂ ਹੋ ਰਹੇ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਵੀ ਵਿਦਿਆਰਥੀ ਹਿੱਤਾਂ ਤੇ ਨਵੇਂ ਹੱਲੇ ਹੋਏ ਹਨ। ਐਸ.ਸੀ. ਵਿਦਿਆਰਥੀਆਂ ਨੂੰ ਮਿਲਦੀ ਫ਼ੀਸ ਮੁਆਫ਼ੀ ਰੱਦ ਕਰਕੇ ਪੂਰੀ ਫ਼ੀਸ ਉਗਰਾਹੁਣ ਦੇ ਫ਼ੁਰਮਾਨ ਆ ਗਏ ਹਨ ਅਤੇ ਕਾਲਜਾਂ ਨੇ ਫ਼ੀਸਾਂ ਉਗਰਾਹੁਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ ਯੂਨੀਵਰਸਿਟੀ ਨੇ ਫ਼ੀਸਾਂ ਫੰਡਾਂ ਵਿੱਚ ਲਗਭਗ 1200 ਰੁ. ਦਾ ਵਾਧਾ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਨੇ ਵੀ ਹਰ ਸਾਲ 10 ਫ਼ੀਸਦੀ ਵਾਧਾ ਕਰਨ ਦੀ ਨੀਤੀ ਜਾਰੀ ਰੱਖਦਿਆਂ ਫ਼ੀਸ ਵਧਾ ਦਿੱਤੀ ਹੈ। ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਨੂੰ ਦਿੱਤੀ ਜਾਂਦੀ 95 ਫ਼ੀਸਦੀ ਸਰਕਾਰੀ ਗਰਾਂਟ ਨੂੰ ਕੱਟ ਕੇ 80 ਫ਼ੀਸਦੀ ਤੱਕ ਲੈ ਆਂਦਾ ਹੈ ਤੇ ਹਰ ਸਾਲ 5 ਫ਼ੀਸਦੀ ਘਟਾਉਂਦੇ ਜਾਣ ਦਾ ਰਾਹ ਫੜ ਲਿਆ ਹੈ। ਇਨਾਂ ਤਾਜ਼ਾ ਫੈਸਲਿਆਂ ਦੀ ਵਿਦਿਆਰਥੀ ਵਰਗ ਤੇ ਵੱਡੀ ਮਾਰ ਪੈਣੀ ਹੈ। ਪਹਿਲਾਂ ਹੀ ਸਿੱਖਿਆ ਦੇ ਹੱਕ ਤੋਂ ਵਾਂਝੇ ਹੋ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਮਿਲਣਾ ਹੈ।

ਨਿਤ ਦਿਨ ਲਾਗੂ ਹੋ ਰਹੀਆਂ ਨੀਤੀਆਂ ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦੀ ਮੰਗ ਕਰਦੀਆਂ ਹਨ। ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦਾ ਮਹੱਤਵ ਪਹਿਲਾਂ ਨਾਲੋਂ ਵੀ ਵਧਦਾ ਜਾ ਰਿਹਾ ਹੈ। ਸਰਕਾਰ ਦੀਆਂ ਵਿਦਿਆਰਥੀ ਮਾਰੂ ਨੀਤੀਆਂ ਖਿਲਾਫ਼ ਸੰਘਰਸ ਕਰਨ ਲਈ ਅੱਜ ਸ਼ਹੀਦ ਰੰਧਾਵੇ ਦੀ ਅਗਵਾਈ ਹੇਠਲੀ ਵਿਦਿਆਰਥੀ ਜਥੇਬੰਦੀ ਵਰਗੀ ਜਥੇਬੰਦੀ ਉਸਾਰਨ ਦੀ ਲੋੜ ਹੈ।

ਭਾਵੇਂ ਅੱਜ ਤੋਂ 35 ਵਰੇ ਪਹਿਲਾਂ ਉਹਦੀ ਅਗਵਾਈ ਤੋਂ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਵਾਂਝੇ ਕੀਤਾ ਗਿਆ ਸੀ ਪਰ ਉਹਦੀਆਂ ਪਾਈਆਂ ਪੈੜਾਂ 'ਤੇ ਕਦਮ ਟਿਕਾ ਕੇ ਅੱਜ ਇਹ ਲਹਿਰ ਭਰ ਜਵਾਨ ਹੋਣ ਵੱਲ ਵਧ ਰਹੀ ਹੈ। ਸਾਡੇ ਸਾਹਮਣੇ ਅੱਜ ਹਨੇਰੇ ਰਾਹਾਂ ਵਿੱਚ ਭਟਕਦੀ ਜਵਾਨੀ ਨੂੰ ਚਾਨਣ ਦਿਖਾਉਣ ਦਾ ਵੱਡਾ ਕਾਰਜ ਹੈ। ਇਹਦੇ ਲਈ ਰੌਸ਼ਨੀ ਸਾਨੂੰ ਪ੍ਰਿਥੀਪਾਲ ਰੰਧਾਵਾ ਦੀ ਜਗਾਈ ਮਸ਼ਾਲ ਵੰਡਦੀ ਹੈ। ਇਸ ਮਸ਼ਾਲ ਦੀ ਰੌਸ਼ਨੀ ਵਿੱਚ ਹੀ ਅਸੀਂ ਮੁੜ ਪੰਜਾਬ ਅੰਦਰ ਇਨਕਲਾਬੀ ਵਿਦਿਆਰਥੀ ਲਹਿਰ ਦੀ ਉਸਾਰੀ ਲਈ ਕਦਮ ਪੁੱਟ ਸਕਦੇ ਹਾਂ। ਇਹ ਮਸ਼ਾਲ ਸਦਾ ਸਾਡੇ ਰਾਹਾਂ ਵਿੱਚ ਚਾਨਣ ਬਿਖੇਰਦੀ ਰਹੇਗੀ।  -੦-

ਪਾਵੇਲ ਕੁੱਸਾ (9417054015)
ਮਿਤੀ  15/07/14

Monday, June 16, 2014

ਆਪਣੀਆਂ ਧੀਆਂ ਦੀਆਂ ਅਣਖਾਂ ਤੇ ਇਜ਼ਤਾਂ ਦੀ ਰਾਖੀ ਲਈ ਜੂਝ ਰਹੇ ਬਾਪੂਆਂ ਦੀ ਦਲੇਰੀ ਨੂੰ ਸਲਾਮ

ਬਾਪੂ ਦਿਵਸ ਤੇ ਵਿਸ਼ੇਸ਼

ਆਪਣੀਆਂ ਧੀਆਂ ਦੀਆਂ ਅਣਖਾਂ ਤੇ ਇਜ਼ਤਾਂ ਦੀ ਰਾਖੀ ਲਈ ਜੂਝ ਰਹੇ ਬਾਪੂਆਂ ਦੀ ਦਲੇਰੀ ਨੂੰ ਸਲਾਮ

ਨਰਿੰਦਰ ਜੀਤ 
ਗੰਧੜ ਪਿੰਡ ਦਾ ਗਰੀਬ ਦਲਿਤ ਬਾਪੂ,
ਇਹਨਾਂ ਬਾਪੂਆਂ ਦੇ ਸੰਗਰਾਮੀ ਹਥਾਂ ਨੇਂ ਵਰਤਮਾਨ ਦੀ ਹਿਕ ਤੇ ਜੋ ਸੂਹੇ ਹਰਫ਼ ਲਿਖੇ ਨੇ ਉਹ ਹਮੇਸ਼ਾ ਅਮਿਟ ਰਹਿਣਗੇ|  
ਕਲ੍ਹ ਬਾਪੂ-ਦਿਵਸ ਸੀ| ਜਦੋਂ ਸੁਖਬੀਰ ਬਾਦਲ ਦਾ ਪਿਆਰਾ ਬਾਪੂ ਤੇ ਪੰਜਾਬ ਦਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਲਵੰਡੀ ਸਾਬੋ ਦੇ ਇਲਾਕੇ ਚ ਆਪਨੇ ਪੂਰੇ ਅਮਲੇ ਫੈਲੇ ਨਾਲ ਦਰਬਾਰ ਲਗਾ ਕੇ ਸੰਗਤ ਦਰਸ਼ਨ ਦੇ ਨਾਂ ਹੇਠ ਇਹ ਵਿਧਾਨ ਸਭਾ ਸੀਟ ਜਿਤਣ ਦਾ ਜੁਗਾੜ ਬਣਾਉਣ ਚੜਿਆ ਸੀ, ਤਾਂ ਗੰਧੜ ਪਿੰਡ ਦਾ ਇਕ ਗਰੀਬ ਦਲਿਤ ਬਾਪੂ, ਆਪਣੀ ਲਾਡਲੀ ਧੀ ਨਾਲ ਸਮੂਹਕ ਜਬਰ ਜਿਨਾਹ ਕਰਨ ਵਾਲੇ ਤਿਨ ਗੁੰਡਿਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨ ਲਈ ਬਾਦਲ ਦੇ ਦਰਬਾਰ ਚ ਅਰਜੋਈ ਕਰਨ ਚਲਿਆ ਸੀ| ਉਸ ਦੇ ਨਾਲ ਮਾਲਵੇ ਦੇ ਵਖ ਵਖ ਪਿੰਡਾਂ ਚੋਂ ਆਏ ਹਜ਼ਾਰਾਂ ਹੋਰ ਬਾਪੂ ਸਨ| ਅਕਾਲੀ ਆਗੂਆਂ ਅਤੇ ਇਹਨਾਂ ਦੇ ਪਾਲਤੂ ਪੁਲਸ ਅਫਸਰਾਂ ਦੀ ਛਤਰ ਛਾਇਆ ਹੇਠ ਦਨ ਦਨਾ ਰਹੇ ਇਹਨਾਂ ਗੁੰਡਿਆਂ ਨੂੰ ਸਜਾਵਾਂ ਦੁਆ ਕੇ ਓਹ ਵੀ ਆਪਣੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਮਹਿਫੂਜ਼  ਕਰਨਾ ਚਾਹੁੰਦੇ ਸਨ| ਪਰ ਸੁਖਬੀਰ ਬਾਦਲ ਦੇ ਬੀਬੇ ਤੇ ਪਿਆਰੇ ਬਾਪੂ ਨੂੰ ਇਹਨਾਂ ਹਜ਼ਾਰਾਂ ਬਾਪੂਆਂ ਦੀਆਂ ਸ਼ਕਲਾਂ ਤੋਂ ਸ਼ਾਇਦ ਸਖਤ ਨਫਰਤ ਹੈ| ਉਹਨੂੰ ਲਗਦਾ ਹੈ ਕੇ ਇਹ ਸਾਰੇ ਬਾਪੂ ਉਸਦੇ ਪੁਤ ਦਾ ਅਨੰਤ ਕਾਲ ਤਕ ਪੰਜਾਬ ਤੇ ਰਾਜ ਕਰਨ ਦਾ ਸੁਪਨਾ ਚਕਨਾ-ਚੂਰ  ਕਰਨਾ ਚਾਹੁੰਦੇ ਹਨ, ਕਾਰੂੰ ਦੇ ਖਜਾਨਿਆਂ ਵਾਂਗ ਅਥਾਹ ਧਨ ਦੌਲਤ ਇਕਠੀ ਕਰਨ ਦੀ ਉਸਦੀ ਮਨਸ਼ਾ ਪੂਰੀ ਨਹੀਂ ਹੋਣ  ਦੇਣਾ ਚਾਹੁੰਦੇ| ਇਸੇ ਲਈ ਉਸਨੇ ਮਾਲਵੇ ਦੇ ਵਖ ਵਖ ਪਿੰਡਾਂ ਚੋਂ ਤੁਰੇ ਅਣਖੀ ਬਾਪੂਆਂ ਦੇ ਇਹਨਾਂ ਕਾਫਲਿਆਂ ਨੂੰ ਰਾਹਾਂ ਵਿਚ ਹੀ ਘੇਰਨ ਦੇ ਹੁਕਮ ਆਵਦੀ ਪੁਲਸ ਨੂੰ ਚਾੜ ਦਿਤੇ| 800 ਬਾਪੂ ਫੜ ਕੇ ਥਾਣਿਆਂ ਚ ਤੁਨ ਦਿਤੇ ਗਏ| ਦਮਦਮਾ ਸਾਹਿਬ ਦੀ ਪਵਿਤਰ  ਧਰਤੀ ਤੇ "ਬੀਬੇ ਬਾਪੂ" ਬਾਦਲ ਦੀ ਲਾਡਲੀ ਪੁਲਸ ਦੇ ਦੋ ਅਧਿਕਾਰੀਆਂ - ਜਸਬੀਰ ਸਿੰਘ ਅਤੇ ਗੁਰਮੇਲ ਸਿੰਘ, ਨੇਂ ਹਿਰਾਸਤ ਵਿਚ ਲਈਆਂ 12 ਔਰਤਾਂ ਅਤੇ ਲੜਕੀਆਂ ਨੂੰ "ਚਾੰਭਲੀਆਂ  ਰੰਨਾਂ " ਦਸ ਕੇ ਸਬਕ ਸਿਖਾਉਣ ਦੀਆਂ ਧਮਕੀਆਂ ਦਿਤੀਆਂ| ਸਤਾ ਦੇ ਨਸ਼ੇ ਚ ਚੂਰ ਅਕਾਲੀ-ਭਾਜਪਾ ਸਰਕਾਰ ਲਈ ਹੁਣ ਮਾਈ ਭਾਗੋ ਵਾਂਗੂੰ ਅਣਖ ਖਾਤਿਰ ਲੜਨ ਵਾਲੀਆਂ ਬੀਬੀਆਂ  "ਚਾੰਭਲੀਆਂ  ਰੰਨਾਂ " ਬਣ ਗ਼ਈਆਂ ਹਨ |

ਬਾਪੂ ਦਿਵਸ ਤੇ  ਅਸੀਂ ਗੰਧੜ ਪਿੰਡ ਦੇ ਉਸ ਗਰੀਬ ਦਲਿਤ ਬਾਪੂ ਦੇ ਸਿਦਕ ਨੂੰ ਸਲਾਮ ਕਰਦੇ ਹਾਂ, ਜਿਸ ਨੇਂ ਆਪਣੀ ਧੀ ਦੀ ਇਜ਼ਤ ਦਾ ਸੌਦਾ ਕਰਨ ਤੋਂ ਕੜਕਵੀਂ ਨਾਂਹ ਕੀਤੀ| ਤਿਨਾਂ ਗੁੰਡਿਆਂ ਦੇ ਪਰਿਵਾਰਾਂ ਵਲੋਂ ਦਸ ਦਸ ਲਖ ਰੁਪੇ ਦੇਣ ਦੀ ਪੇਸ਼ਕਸ਼ ਨੂੰ ਪੂਰੀ ਨਫਰਤ ਨਾਲ ਠੁਕਰਾਇਆ | ਪਿੰਡ ਦੇ ਜਿਸ ਸਾਬਕਾ ਸਰਪੰਚ ਨਾਲ ਉਹ ਸੀਰੀ ਸੀ ਉਹਨੇ ਉਸਦੀ ਬਣਦੀ ਮੇਹਨਤ ਦੇ 25000 ਰੁਪੇ ਦੇਣ ਲਈ ਬਲਾਤਕਾਰੀਆਂ ਨਾਲ ਸਮਝੌਤਾ ਕਰਨ ਦੀ ਸ਼ਰਤ ਲਾ ਦਿਤੀ| ਫਾਕੇ ਕਟ ਕੇ ਵੀ ਉਹ ਆਪਣੀ ਧੀ ਦੀ ਅਣਖ ਦੀ ਰਾਖੀ ਲਈ ਡਟਿਆ ਰਿਹਾ| 25 ਮਈ ਤੋਂ ਹੁਣ ਤਕ ਉਹ ਦਰਜਨਾਂ ਵਾਰੀ ਪੁਲਸ ਹਿਰਾਸਤ ਚ ਗਿਆ, ਪੁਲਸ ਦੀਆਂ ਝਿੜਕਾਂ ਤੇ ਗਾਲਾਂ ਸੁਨੀਆਂ, ਪਿੰਡ ਦੇ ਚੌਧਰੀਆਂ ਦੇ ਬੋਲ ਕੁਬੋਲ ਸੁਣੇ, ਪਰ ਇਸ ਸਭ ਕਾਸੇ ਦੇ ਬਾਵਜੂਦ ਆਪਣੇ ਸਿਦਕ ਤੋਂ ਨਹੀਂ ਡੋਲਿਆ. ਧੀ ਦੀ ਇਜ਼ਤ ਤੇ ਆਂਚ ਨਹੀਂ ਆਉਣ ਦਿਤੀ|


ਅਸੀਂ ਸਲਾਮ ਕਰਦੇ ਹਾਂ ਉਹਨਾ ਹਜ਼ਾਰਾਂ ਬਾਪੂਆਂ ਨੂੰ ਤੇ ਮਾਵਾਂ ਨੂੰ ਜਿਹਨਾਂ ਨੇ 25 ਮਈ ਤੋਂ ਲੈ ਕੇ ਹੁਣ ਤਕ ਅਣਖ ਇਜ਼ਤ ਦੇ ਇਸ ਸੰਗ੍ਰਾਮ ਨੂੰ ਮਠਾ ਨਹੀਂ ਪੈਣ ਦਿਤਾ| ਹਉਮੇ ਦੇ ਪੁੱਤਾਂ ਨੇ ਇਨਸਾਫ਼ ਨਹੀਂ ਕਰਨਾ| ਇਨਸਾਫ਼ ਤਾਂ ਲੋਕ ਸੰਘਰਸ਼ਾਂ ਦੇ ਜੋਰ ਤੇ ਹੀ ਹੋਣਾ ਹੈ| ਇਹਨਾਂ ਬਾਪੂਆਂ ਦੇ ਸੰਗਰਾਮੀ ਹਥਾਂ ਨੇਂ ਵਰਤਮਾਨ ਦੀ ਹਿਕ ਤੇ ਜੋ ਸੂਹੇ ਹਰਫ਼ ਲਿਖੇ ਨੇ ਉਹ ਹਮੇਸ਼ਾ ਅਮਿਟ ਰਹਿਣਗੇ|    

ਜੁੜੀ ਲੋਕ-ਸ਼ਕਤੀ ਹੀ ਨਸ਼ਿਆਂ ਦੇ ਬੋਹੜ ਦੀ ਜੜ੍ਹ ਪੱਟੂ

ਲੁਟੇਰੇ ਰਾਜ ਦੀ ਜੜ੍ਹ 'ਚੋ ਉੱਗਿਆ ਨਸ਼ਿਆਂ ਦਾ ਬੋਹੜ
ਜੁੜੀ ਲੋਕ-ਸ਼ਕਤੀ ਹੀ ਇਸ ਦੀ ਜੜ੍ਹ ਪੱਟੂ !
ਜਗਮੇਲ ਸਿੰਘ ਜਨਰਲ ਸਕੱਤਰ ਲੋਕ ਮੋਰਚਾ, ਪੰਜਾਬ

ਪਾਰਲੀਮਾਨੀ ਚੋਣਾਂ, 2014 ਸਮੇ, ਨਸ਼ਿਆਂ ਦੇ ਵੱਡੇ ਕਾਰੋਬਾਰੀਆਂ ਵਿੱਚ ਅਕਾਲੀ ਅਤੇ ਭਾਜਪਾ ਦੇ ਮੰਤਰੀਆਂ ਅਤੇ ਉਹਨਾਂ ਦੇ ਪੁੱਤ-ਪੋਤਿਆਂ ਦੇ ਨਸ਼ਰ ਹੋਏ ਨਾਵਾਂ ਕਰਕੇ ਹੋਈ ਬਦਖੋਈ ਅਤੇ ਵੋਟਾਂ ਦੀ ਘਟੀ ਗਿਣਤੀ ਕਰਕੇ ਹੋਈ ਨਮੋਸ਼ੀ ਨੂੰ ਢਕਣ ਦੇ ਢਕਵੰਜ ਵੱਜੋਂ ਚਲਾਏ "ਆਪਰੇਸ਼ਨ-ਕਲੀਨ" ਤਹਿਤ ਨਸ਼ਿਆਂ ਦੀ ਮਾਰ ਹੇਠ ਆਇਆਂ ਵਿੱਚੋ ਕੁੱਝ ਕੁ ਜ੍ਹੇਲੀਂ ਸੁੱਟ ਕੇ ਨਸ਼ਿਆਂ ਵਿਰੋਧੀ ਹੋਣ ਦਾ ਨਾਮਣਾ ਖੱਟਣਾ ਚਾਹੁੰਦੀ ਪੰਜਾਬ ਸਰਕਾਰ, ਨਸ਼ਿਆਂ ਦੇ ਵੱਡੇ ਤਸਕਰਾਂ ਅਤੇ ਇਸ ਦੇ ਧੰਦੇ 'ਚ ਸ਼ਾਮਿਲ ਮੰਤਰੀਆਂ-ਸੰਤਰੀਆਂ ਨੂੰ ਜ੍ਹੇਲੀ ਨਾ ਸੁੱਟ ਕੇ ਉਲਟਾ ਬਦਨਾਮੀ ਹੀ ਖੱਟ ਰਹੀ ਹੈ । ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਾਉਣ ਦਾ ਕਾਲਾ ਟਿੱਕਾ ਹੀ ਲਗਵਾ ਰਹੀ ਹੈ । 

ਨਸ਼ੇ, ਕੜੀਆਂ ਵਰਗੇ ਜਵਾਨਾਂ ਅਤੇ ਕੰਚਨ ਵਰਗੀਆਂ ਦੇਹਾਂ ਨੂੰ ਗਾਲ ਕੇ ਸਵਾਹ ਕਰ ਰਹੇ ਹਨ। ਹਸਦੇ-ਵਸਦੇ ਘਰਾਂ ਵਿੱਚ ਸੱਥਰ ਵਿਛਾ ਰਹੇ ਹਨ । ਘਰਾਂ, ਪਰਿਵਾਰਾਂ 'ਚ ਕਲੇਸ਼ ਅਤੇ ਰਿਸ਼ਤਿਆਂ ਵਿੱਚ ਫੁੱਟ ਪਵਾ ਰਹੇ ਹਨ । ਫੇਟ ਮਾਰੇ ਕੁੱਤੇ ਵਾਗੂੰ ਹਿੱਲਣ ਲਾ ਦਿੰਦੇ ਹਨ । ਤੁਰੇ ਜਾਂਦੇ ਉਤੇ ਵੀ ਮੱਖੀਆਂ ਭਿਣਕਣ ਲਾ ਦਿੰਦੇ ਹਨ । ਫਿਊਜ਼ ਉੱਡੇ ਬੱਲਬ ਵਾਂਗ ਚਮਕਾਂ ਮਾਰਦੇ ਨੂੰ ਠਾਹ ਸਿੱਟ ਲੈਦੇ ਹਨ । ਉੱਠ ਖੜੇ ਵੀਅਲੇ ਦੇ ਦਰਦ ਵਾਗੂੰ ਮੇਲ੍ਹਣ ਲਾ ਦਿੰਦੇ ਹਨ। ਮੰਜੇ ਜੋਗਾ ਹੀ ਕਰ ਦਿੰਦੇ ਹਨ । ਚੇਤਨਾ ਨੂੰ ਖੁੰਡਾ ਕਰਦੇ ਹਨ । ਬੌਧਿਕ ਅਤੇ ਸਰੀਰਕ ਪੱਖੋਂ ਨਕਾਰਾ ਕਰਦੇ ਹਨ । ਸਮਾਜ ਨੂੰ ਵਿਕਾਸ ਦੇ ਅਗਲੇ ਦੌਰ ਵਿੱਚ ਸ਼ਾਮਿਲ ਹੋਣ ਤੋ ਰੋਕਦੇ ਹਨ । ਉਗਲ ਅਤੇ ਧੋਣ ਉਠਾ ਸਕਣ ਜੋਗੀ ਨਾ ਸੁਰਤ ਛੱਡਦੇ ਹਨ ਤੇ ਨਾ ਸੱਤਿਆ । 

ਨਸ਼ੇ, ਹਾਕਮਾਂ ਦੇ ਹੱਥਾਂ 'ਚ ਹਕੂਮਤ ਬਣਾਉਣ, ਚਲਾਉਣ ਤੇ ਚੱਲਦੀ ਰੱਖਣ ਦਾ ਇੱਕ ਸਾਧਨ ਹਨ । ਲੋਕਾਂ ਨੂੰ ਸਦਾ ਸਦਾ ਲਈ ਆਪਣੇ ਰਾਜ ਦੀ ਕਾਲੀ ਕੀਲ ਵਿੱਚ ਕੈਦ ਕਰੀ ਰੱਖਣ ਲਈ ਰਾਜਿਆਂ ਦੀ ਰਾਜ-ਨੀਤੀ ਹੈ । ਲੁਟੇਰੇ ਤੇ ਜਰਵਾਣੇ ਹਾਕਮ, ਇਕੱਲੀ ਪੁਲਿਸ-ਫੌਜ ਦੇ ਜਬਰ ਤੇ ਦਹਿਲ ਆਸਰੇ ਹੀ ਰਾਜ ਨਹੀ ਚਲਾਉਦੇ, ਵੱਡੀ ਅਫ਼ਸਰਸ਼ਾਹੀ, ਮਹਿਕਮਿਆਂ, ਨੀਤੀਆਂ-ਕਾਨੂੰਨਾਂ ਰਾਹੀ, ਲੋਕ-ਰਾਜ, ਵੋਟ-ਰਾਜ ਤੇ ਜਮਹੂਰੀਅਤ ਦੇ ਛਲਾਵੇ ਰਾਹੀ, ਸਮਾਜਿਕ- ਸਭਿਆਚਾਰ ਦੀਆਂ ਸਾਰੀਆਂ ਵੰਨਗੀਆਂ ਰਾਹੀ, ਚੈਨਲਾਂ ਅਤੇ ਸਾਈਟਾਂ ਰਾਹੀਂ, ਗੁੰਡਾਗਰਦੀ, ਲੱਚਰਤਾ ਅਤੇ ਨਸ਼ਿਆਂ ਰਾਹੀਂ ਵੀ ਆਪਣੇ ਲੁਟੇਰੇ ਰਾਜ ਦੀਆਂ ਜੜ੍ਹਾਂ ਪੱਕੀਆਂ ਕਰਦੇ ਰਹਿੰਦੇ ਹਨ ।

ਆਪਣੇ ਮੁਲਕ ਦੀ, ਲੁੱਟ ਅਤੇ ਮੁਨਾਫੇ ਉੱਤੇ ਅਧਾਰਿਤ ਸਾਮਰਾਜ ਤੇ ਜਾਗੀਰਦਾਰ ਪੱਖੀ ਆਰਥਿਕਤਾ ਅਤੇ ਇਸੇ ਆਰਥਿਕ-ਪ੍ਰਬੰਧ ਨੂੰ ਹੀ ਚਲਦਾ ਰੱਖਣ ਹਿੱਤ ਉਸਾਰੀ ਰਾਜ-ਮਸ਼ੀਨਰੀ, ਨਸ਼ਿਆਂ ਦੇ ਕਾਰੋਬਾਰ ਤੇ ਵਪਾਰ ਨੁੰ ਅਧਾਰ ਤੇ ਉਗਾਸਾ ਦਿੰਦੀ ਹੈ । ਮੁਲਕ ਦੇ ਹਰ ਖੇਤਰ ਤੇ ਹਰ ਕਾਰੋਬਾਰ 'ਚ ਮੁਨਾਫ਼ੇ ਬਟੋਰਨ 'ਚ ਬੇਸ਼ਰਮੀ ਨਾਲ ਲੱਗੇ ਦੇਸੀ-ਬਦੇਸ਼ੀ ਸਰਮਾਏਦਾਰਾਂ ਤੇ ਸਿਆਸਤਦਾਨਾਂ ਦੇ ਕਾਰਟਲ ਨਸ਼ਿਆਂ ਦੇ ਮੋਟੇ ਮੁਨਾਫੇy ਵਾਲੇ ਕਾਰੋਬਾਰ ਵਿੱਚੋ ਪਾਸੇ ਕਿਵੇ ਰਹਿ ਸਕਦੇ ਹਨ ।

ਪੰਜਾਬ 'ਚ ਨਸ਼ਰ ਹੋਈਆਂ ਖੁਫੀਆਂ ਰਿਪੋਰਟਾਂ, ਅਖਬਾਰਾਂ 'ਚ ਨਿੱਤ ਛਪਦੀਆਂ ਖਬਰਾਂ, ਸੇਵਾ-ਮੁਕਤ ਪੁਲਿਸ ਦੇ ਉਚ ਅਧਿਕਾਰੀਆਂ, ਨਸ਼ਾ ਵਿਰੋਧੀ ਸੈੱਲ ਦੇ ਪੁਲਿਸ ਮੁਖੀਆਂ ਅਤੇ ਗ੍ਰਿਫਤਾਰ ਕੀਤੇ ਹੋਏ (ਭੋਲੇ ਭਲਵਾਨ) ਵਰਗੇ ਨਸ਼ਾਂ-ਤਸ਼ਕਰਾਂ ਵੱਲੋ ਦਿੱਤੇ ਬਿਆਨ, ਨਸ਼ਿਆਂ ਦੇ ਖੇਤਰ ਵਿੱਚ ਸਰਮਾਏਦਾਰਾਂ ਤੇ ਸਿਆਸਤਦਾਨਾਂ ਦੇ ਵੱਡੇ ਕਾਰੋਬਾਰ ਹੋਣ ਬਾਰੇ ਸਪੱਸ਼ਟ ਦੱਸਦੇ ਹਨ । ਇਸ ਧੰਦੇ ਵਿੱਚ ਜਿਥੇ ਅਕਾਲੀ-ਭਾਜਪਾ ਦੇ ਮੰਤਰੀਆਂ-ਸੰਤਰੀਆਂ ਦੇ ਨਾਂ ਬੋਲਦੇ ਹਨ, ਕਈ ਪੁਲਿਸ ਅਫ਼ਸਰ ਡਿਸਮਿਸ ਕੀਤੇ ਗਏ ਹਨ, ਉਥੇ ਕਾਂਗਰਸੀ ਲੀਡਰਾਂ ਦੇ ਨਾਂ ਵੀ ਇਸ "ਚਿੱਟੇ" ਦੇ ਧੰਦੇ ਦੀ ਕਾਲੀ-ਲਿਸਟ ਵਿੱਚ ਦਰਜ ਹਨ ।

ਨਸ਼ਿਆਂ ਦੇ ਇਸ ਬੋਹੜ ਨੂੰ ਜੜ੍ਹੋ ਪੁੱਟਣਾ ਤਾਂ ਦੂਰ, ਸਰਕਾਰ ਤਾਂ ਇਸਦੀ ਇੱਕ ਟਾਹਣੀ ਵੀ ਤੋੜਣ ਲਈ ਤਿਆਰ ਨਹੀਂ ਹੈ । ਤਿਆਰ ਹੋ ਵੀ ਨਹੀਂ ਸਕਦੀ। ਵਜ੍ਹਾ ਹੈ, ਸਰਕਾਰਾਂ ਦਾ, ਜਗੀਰਦਾਰਾਂ-ਸਰਮਾਏਦਾਰਾਂ ਦੀ ਰਖਵੈਲ ਬਣੇ ਹੋਣਾ । ਸਾਮਰਾਜ ਦੀ ਚਾਕਰੀ ਕਰਦੇ ਹੋਣਾ । ਨਸ਼ਿਆਂ ਨੂੰ ਨਾ ਸਿਰਫ਼ ਮੋਟੀ ਕਮਾਈ ਦੇ ਖੇਤਰ ਵੱਜੋਂ ਵੇਖਣਾ ਸਗੋਂ ਲੋਕਾਂ 'ਤੇ ਹਕੂਮਤੀ ਕਾਠੀ ਪਾ ਕੇ ਰੱਖਣ ਦੇ ਇਕ ਸਾਧਨ ਵੱਜੋਂ ਵੀ ਲੈਣਾ ਹੈ । ਨਸ਼ਾ-ਤਸਕਰਾਂ ਦੀ ਥਾਂ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਜ੍ਹੇਲੀ ਸੁੱਟ ਕੇ ਸਰਕਾਰ ਨਸ਼ਾ-ਵਿਰੋਧੀ ਹੋਣ ਦਾ ਪ੍ਰਭਾਵ ਸਿਰਜ ਰਹੀ ਹੈ । ਹੋ ਸਕਦਾ, ਆਉਂਦੇ ਦਿਨਾਂ 'ਚ ਇੱਕ ਅੱਧੇ ਮੰਤਰੀ-ਸੰਤਰੀ ਦੀ ਬਲੀ ਦੇ ਕੇ "ਨਸ਼ਾ-ਮੁਕਤ-ਰਾਜ" ਦੇ ਬੈਨਰ ਤੇ ਬੋਰਡ ਲਾ ਕੇ "ਆਪਰੇਸ਼ਨ-ਕਲੀਨ" ਦੀ ਸਫ਼ਲਤਾ ਦਾ ਆਪਣੇ ਸਿਰ ਆਪ ਹੀ ਸਿਹਰਾ ਸਜਾ ਲਵੇ । ਇਹ ਸਰਕਾਰ ਲੱਖ ਪਾਪੜ ਵੇਲੇ, ਨਸ਼ਿਆਂ ਦੇ ਇਸ ਬੋਹੜ ਨੂੰ ਨਹੀਂ ਪੱਟ ਸਕਦੀ । ਨਸ਼ਿਆਂ ਦੇ ਇਸ ਬੋਹੜ ਦੀਆਂ ਜੜ੍ਹਾਂ ਕੱਢ ਸੁੱਟਣ ਦਾ ਕੰਮ, ਸਰਕਾਰਾਂ ਨਹੀਂ, ਜਬਤਬੱਦ ਤੇ ਜੱਥੇਬੰਦ ਲੋਕ-ਸ਼ਕਤੀ, ਸਮੁੱਚੀਆਂ ਰਾਜਕੀ-ਤਾਕਤਾਂ ਨੂੰ ਆਵਦੇ ਵੱਸ ਵਿੱਚ ਕਰ ਲੈਣ ਉਪਰੰਤ, ਕਰ ਸਕਦੀ ਹੈ । 

ਨਸ਼ਿਆ ਵਿਰੁੱਧ ਸਰਗਰਮੀ ਕਰ ਰਹੇ ਸਭਨਾਂ ਸੰਗਠਨਾਂ ਤੇ ਸ਼ਕਤੀਆਂ ਵੱਲੋਂ ਨਸ਼ਿਆਂ ਦੇ ਮਾਰੂ ਅਸਰਾਂ ਨੂੰ, ਇਸਦੇ ਕਾਰੋਬਾਰਾਂ ਤੇ ਕਾਰੋਬਾਰੀਆਂ ਨੂੰ ਅਤੇ ਸਰਕਾਰ ਤੇ ਉਸਦੇ ਅਫਸਰਾਂ ਦੀ ਇਸ ਕਾਰੋਬਾਰ ਨੂੰ ਸ਼ਹਿ ਤੇ ਸਰਪ੍ਰਸਤੀ ਨੂੰ ਲੋਕਾਂ ਵਿਚ ਬੇਪਰਦ ਕੀਤਾ ਜਾਣਾ ਚਾਹੀਦਾ ਹੈ। ਨਸ਼ਿਆਂ ਦੇ ਤਸਕਰਾਂ ਅਤੇ ਨਸ਼ਿਆਂ ਦੇ ਸ਼ਿਕਾਰਾਂ ਵਿਚਕਾਰ ਵਖਰੇਵਾਂ ਕਰਕੇ ਤਸਕਰਾਂ ਲਈ ਸਖਤ ਸਜ਼ਾਵਾਂ ਅਤੇ ਉਹਨਾਂ ਦੇ ਕਾਰੋਬਾਰਾਂ ਦੀ ਜਬਤੀ ਲਈ ਅਤੇ ਉਹਨਾਂ ਨੂੰ ਸ਼ਹਿ ਤੇ ਸਰਪ੍ਰਸਤੀ ਦੇਣ ਵਾਲਿਆਂ ਨੂੰ ਸਜ਼ਾਵਾਂ ਲਈ ਆਵਾਜ ਉਠਾਈ ਜਾਣੀ ਚਾਹੀਦੀ ਹੈ। ਇਹ ਸਭ ਕਰਨ ਲਈ ਸਰਕਾਰ ਤੇ ਉਸਦੀ ਮਸ਼ੀਨਰੀ ਤੋਂ ਝਾਕ ਛੱਡ ਕੇ ਲੋਕਾਂ ਦੀ ਨਸ਼ਿਆਂ ਖਿਲਾਫ ਭਾਵਨਾ ਅਤੇ ਜੂਝਣਹਾਰਤਾ 'ਤੇ ਟੇਕ ਰੱਖਦੇ ਹੋਏ ਲੋਕਾਂ (ਮਰਦਾਂ-ਔਰਤਾਂ) ਦੀ ਸ਼ਮੂਲੀਅਤ ਵਾਲੀਆਂ ਨਸ਼ਾ-ਰੋਕੂ ਕਮੇਟੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

ਨਸ਼ਿਆਂ ਦੀ ਮਾਰ ਹੇਠ ਆਇਆਂ ਨੂੰ ਇਸ ਤੋ ਬਚਾਉਣ ਲਈ ਨਸ਼ਾਂ ਛੱਡਣ ਵਾਸਤੇ ਸਮਝਾਊ-ਸਿਖਾਊ ਜਨਤਕ ਮੁਹਿੰਮਾਂ ਚਲਾਈਆਂ ਜਾਣ । ਉਹਨਾਂ ਨੂੰ ਸ਼ਰਮਿੰਦਗੀ ਵਿਚੋਂ ਕੱਢ ਕੇ ਖੁਦ-ਬ-ਖੁਦ ਅੱਗੇ ਆਉਣ ਲਈ ਪ੍ਰੇਰਿਆ ਜਾਵੇ। ਨਸ਼ਾ ਛੱਡਣਾ ਚਾਹੁੰਦਿਆਂ ਲਈ ਮਨੋਰੋਗਾਂ ਦੇ ਮਾਹਿਰ ਡਾਕਟਰਾਂ ਅਤੇ ਮਨੋਵਿਗਿਆਨੀਆਂ ਵਾਲੇ ਨਸ਼ਾਂ ਛੁਡਾਉ ਕੇਦਰਾਂ ਦੀ ਸਥਾਪਨਾ ਲਈ ਸਰਕਾਰ 'ਤੇ ਦਬਾਅ ਬਣਾਇਆ ਜਾਵੇ । ਸਕੂਲਾਂ-ਕਾਲਜਾਂ ਦੀਆਂ ਵਿਦਿਆਰਥੀਆਂ-ਨੌਜਵਾਨਾਂ ਵਿੱਚ ਨਸ਼ਿਆਂ ਦੇ ਮਾਰੂ ਅਸਰਾਂ ਬਾਰੇ ਦੱਸਣ ਦੇ ਨਾਲ-ਨਾਲ ਹਾਕਮਾਂ ਵੱਲੋ ਲੋਕਾਂ 'ਤੇ ਕਾਠੀ ਪਾ ਕੇ ਰੱਖਣ ਦੇ ਇਕ ਸਾਧਨ ਵਜੋ ਵਰਤੇ ਜਾਣ ਬਾਰੇ ਸਰਕਾਰ ਖਿਲਾਫ ਸਭਾਵਾਂ ਕੀਤੀਆਂ ਜਾਣ । ਪਰਿਵਾਰਾਂ ਅੰਦਰ ਵੀ ਇਸ ਤਰ੍ਹਾਂ ਦੀਆਂ ਚਰਚਾਵਾਂ ਚਲਾਈਆਂ ਜਾਣ ।

ਨਸ਼ਿਆਂ ਨੂੰ ਇਧਰੋਂ-ਉਧਰੋਂ ਕਰਨ ਰਾਹੀਂ ਚਾਰ ਛਿੱਲੜ ਕਮ੍ਹਾ ਕੇ ਚੁੱਲ੍ਹਾ ਭੱਖਦਾ ਰੱਖਣ ਵਾਲਿਆਂ ਦੀ ਬੇਸਮਝੀ ਕਾਰਨ ਕੀਤੇ ਜਾ ਰਹੇ ਇਸ ਲੋਕ ਦੋਖੀ ਤੇ ਹਾਕਮ ਪੱਖੀ ਰੋਲ ਨੂੰ ਉਧੇੜਦਿਆਂ ਉਹਨਾਂ ਨੂੰ ਹਾਕਮਾਂ ਦੀ ਸੇਵਾ ਵਿੱਚੋਂ ਕੱਢ ਕੇ ਲੋਕਾਂ ਦੀ ਧਿਰ ਨਾਲ ਸਹੀ ਤੇ ਸੱਚੀ ਜੋਟੀ ਪਾਉਣ ਵਾਸਤੇ ਇਸ ਧੰਦੇ ਤੋ ਕਿਨਾਰਾ ਕਰਨ ਲਈ ਪ੍ਰੇਰਿਆ ਜਾਵੇ । (ਹੁਣ ਜੇ ਕੋਈ ਇਸ ਧੰਦੇ ਨੂੰ ਛੱਡਣਾ ਚਾਹੁੰਦਾ ਹੈ ਤਾਂ ਨਸ਼ਿਆਂ ਦੇ ਵਪਾਰੀ ਤੇ ਨਸ਼ੇ ਦੀ ਵਿਕਰੀ ਤੋਂ ਉਪਰਲੀ ਕਮਾਈ ਕਰ ਰਹੇ ਪੁਲਿਸ ਅਧਿਕਾਰੀ, ਛੱਡਣ ਨਹੀਂ ਦਿੰਦੇ) । ਇਹਨਾਂ ਨੂੰ ਨਾਲ ਲੈ ਕੇ ਸਰਕਾਰ 'ਤੇ ਦਬਾਓ ਪਾਇਆ ਜਾਵੇ ਕਿ ਉਹ ਇਹਨਾਂ ਨੂੰ ਬਦਨਾਮ ਕਰਨ ਦੀ ਥਾਂ ਤੇ ਇਹਨਾਂ ਦੇ ਪਿੰਡ ਤੇ ਬਦਨਾਮੀ ਦੇ ਬੋਰਡ ਲਾਉਣ ਦੀ ਥਾਂ ਇਹਨਾਂ ਦੇ ਰੁਜ਼ਗਾਰ ਦਾ ਯਕੀਨੀ ਪ੍ਰਬੰਧ ਕਰੇ। ਇਹਨਾਂ ਕੋਲ ਪਏ ਨਸ਼ਿਆਂ ਨੂੰ ਇਹਨਾਂ ਦੀ ਜਮ੍ਹਾ ਪੂੰਜੀ ਮੰਨ ਕੇ ਸਰਕਾਰ ਇਹਨਾਂ ਨੂੰ ਬਣਦੀ ਪੂੰਜੀ ਦੇਵੇ। 

ਮਿਤੀ : 15।06।2014  Mobile: 9417224822

Thursday, June 12, 2014

ਸਰਕਾਰ ਤੇ ਪੁਲਸ ਵੱਲੋਂ ਅਗਵਾਕਾਰ ਤੇ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ, ਪੀੜਤ ਜੇਲੀਂ ਡੱਕੇ।

ਗੰਧੜ ਕਾਂਡ :
ਸਰਕਾਰ ਤੇ ਪੁਲਸ ਵੱਲੋਂ ਅਗਵਾਕਾਰ ਤੇ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ, ਪੀੜਤ ਜੇਲੀਂ ਡੱਕੇ
ਜਮਹੂਰੀਅਤ ਦੇ ਦੰਦ ਜੋਕਾਂ ਲਈ ਹੋਰ ਤੇ ਲੋਕਾਂ ਲਈ ਹੋਰ
(ਜਗਮੇਲ ਸਿੰਘ ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ   Mobile: 9417224822)


26 ਮਈ, ਜਦੋਂ ਦਿੱਲੀ ਵਿਚ, ਨਵੇਂ ਬਣੇ ਪ੍ਰਧਾਨ ਮੰਤਰੀ ਦੇ ਸਹੁੰਚੁੱਕ ਸਮਾਗਮ 'ਤੇ 'ਜਮਹੂਰੀਅਤ' ਦੇ ਨਾਟਕ ਦੇ ਮੰਚਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਐਨ ਉਦੋਂ ਹੀ, ਬਠਿੰਡਾ (ਪੰਜਾਬ) ਵਿਚ, ਪੁਲਸ ਜ਼ੋਨ ਬਠਿੰਡਾ ਦੇ ਪਿੰਡ ਗੰਧੜ (ਮੁਕਤਸਰ) ਦੀ ਮਜਦੂਰ ਬੱਚੀ ਦੇ ਅਗਵਾਕਾਰਾਂ ਤੇ ਬਲਾਤਕਾਰੀਆਂ ਨੂੰ 4 ਮਹੀਨੇ (24 ਜਨਵਰੀ ਤੋਂ 26 ਮਈ) ਬੀਤ ਜਾਣ 'ਤੇ ਵੀ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ ਆਈ.ਜੀ. (ਪੁਲਸ) ਦੇ ਬਠਿੰਡਾ ਦਫਤਰ ਮੂਹਰੇ ਰੋਸ ਧਰਨਾ ਮਾਰਨ ਲਈ ਬਠਿੰਡੇ ਰਹੇ ਮਜਦੂਰਾਂ-ਕਿਸਾਨਾਂ ਨੂੰ ਫੜ ਫੜ ਜੇਲੀ ਡੱਕਿਆ ਜਾ ਰਿਹਾ ਸੀ ਪੀੜਤ ਪਰਿਵਾਰ ਅਤੇ ਮਜਦੂਰ-ਕਿਸਾਨ ਸੰਗਠਨਾਂ ਵੱਲੋਂ ਹਰ ਰੋਜ਼ ਧਰਨੇ ਲਈ ਜਥੇ ਰਹੇ ਹਨ ਤੇ ਸਰਕਾਰ ਗ੍ਰਿਫਤਾਰੀਆਂ ਕਰ ਰਹੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਗ੍ਰਿਫਤਾਰੀ ਦੀ ਮੰਗ ਕਰਨ ਵਾਲੇ ਮਜਦੂਰਾਂ-ਕਿਸਾਨਾਂ ਦੀ ਫੜੋ-ਫੜੀ ਨੇ ਦੁਨੀਆਂ ਦੀ ਸਭ ਤੋ ਵੱਡੀ ਕਹੀ ਜਾਂਦੀ ਜਮਹੂਰੀਅਤ ਨੂੰ ਇਕ ਵਾਰ ਫੇਰ ਝੂਠੀ ਜਮਹੂਰੀਅਤ ਵਜੋਂ ਬੇਪਰਦ ਕਰ ਦਿੱਤਾ ਹੈ ਇਸ ਜਮਹੂਰੀਅਤ ਦੇ ਦੰਦ ਜੋਕਾਂ ਲਈ ਹੋਰ ਤੇ ਲੋਕਾਂ ਲਈ ਹੋਰ ਨੂੰ ਤਸਦੀਕ ਕਰ ਦਿੱਤਾ ਹੈ ਜਿਵੇਂ ਕੇਂਦਰੀ ਵਜਾਰਤ ਵਿਚ ਨਵੇਂ ਬਣੇ 45 ਮੰਤਰੀਆਂ ਵਿਚੋਂ 42 ਪ੍ਰਤੀਸ਼ਤ ਮੰਤਰੀਆਂ ਉਪਰ ਅਪਰਾਧਿਕ ਮਾਮਲੇ ਦਰਜ ਹੋਏ ਹੋਣ 'ਤੇ ਵੀ ਗ੍ਰਿਫਤਾਰ ਨਾ ਕਰਨਾ, ਉਲਟਾ ਸਰਕਾਰੀ ਕੁਰਸੀ, ਮਹਿਕਮਾ ਤੇ ਸੁਰੱਖਿਆ ਦਿੱਤੇ ਜਾਣਾ ਭਾਜਪਾ ਤੇ ਉਸਦੇ ਗਠਜੋੜ ਵੱਲੋਂ ਦਿੱਤੇ ਹਕੂਮਤੀ ਥਾਪੜੇ ਨੂੰ ਪ੍ਰਗਟ ਕਰਦਾ ਹੈ, ਉਵੇਂ ਇਥੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਨਾਲ ਦੋਸ਼ੀਆਂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀ ਹਰੀ ਝੰਡੀ ਨੂੰ ਹੀ ਨੰਗਿਆ ਕਰਦਾ ਹੈ ਪੰਜਾਬ ਅੰਦਰ ਪਹਿਲਾਂ ਵੀ ਅਗਵਾਕਾਰਾਂ ਬਲਾਤਕਾਰੀਆਂ, ਗੁੰਡਾ ਗਰੋਹਾਂ ਨੂੰ ਸ਼ਹਿ ਤੇ ਸਰਪ੍ਰਸਤੀ ਦੇਣ ਕਾਰਨ ਸਰਕਾਰ ਆਪਣੇ ਮੱਥੇ ਕਲੰਕੀ ਟਿੱਕਾ ਲਗਵਾ ਚੁੱਕੀ ਹੋਣ ਦੇ ਬਾਵਜੂਦ ਵੀ ਇਥੇ ਫਿਰ ਉਨ੍ਹਾਂ ਪਾਪਾਂ ਦੀ ਭਾਗੀ ਹੀ ਬਣ ਰਹੀ ਹੈ ਇਥੋਂ ਦੇ ਰਾਜਨੀਤਕ, ਆਰਥਿਕ, ਸਮਾਜਿਕ ਤਾਣੇਬਾਣੇ ਦੇ ਗੈਰ-ਜਮਹੂਰੀ, ਔਰਤ- ਵਿਰੋਧੀ ਤੇ ਗਰੀਬ -ਵਿਰੋਧੀ ਹੋਣ ਦੀ ਲਗਾਤਾਰ ਹੁੰਦੀ ਰਹੀ ਪੁਸ਼ਟੀ ਨੇ ਇਹ ਗੱਲ ਉਭਾਰ ਕੇ ਸਾਹਮਣੇ ਲਿਆਂਦੀ ਹੈ ਕਿ ਆਬਾਦੀ ਦੇ ਵੱਡੇ ਹਿੱਸੇ ਨੂੰ ਅਧਿਕਾਰਾਂ, ਪੁੱਗਤ ਤੇ ਵੁੱਕਤ ਤੋਂ ਵਾਂਝੇ ਕੀਤੇ ਹੋਣ ਪਿਛੇ ਇਥੇ ਜਮੀਨ-ਜਾਇਦਾਦ ਤੇ ਪੂੰਜੀ ਉੱਤੇ ਮੁੱਠੀ ਭਰ ਜੋਕਾਂ ਦਾ ਗਲਬਾ ਹੈ ਜੀਹਦੇ ਜੋਰ 'ਤੇ ਇਥੋਂ ਦਾ ਸਮੁੱਚਾ ਰਾਜ-ਪ੍ਰਬੰਧ ਉਨ੍ਹਾਂ ਦੀ ਮੁੱਠੀ ਵਿਚ ਹੈ ਉਨ੍ਹਾਂ ਨੇ ਹੀ ਇਥੋਂ ਦੇ ਰਾਜਕੀ ਤੇ ਸਮਾਜੀ ਤਾਣੇ-ਬਾਣੇ ਨੂੰ ਗੈਰ- ਜਮਹੂਰੀ ਵਲਾਵੇ ਵਿਚ ਵਲਿਆ ਹੋਇਆ ਹੈ ਏਸੇ ਕਰਕੇ ਇਥੋਂ ਦਾ ਕਨੂੰਨ, ਪੁਲਸ, ਅਦਾਲਤ, ਮਹਿਕਮੇ ਸਭ ਉਨ੍ਹਾਂ ਦੇ ਇਸ਼ਾਰੇ 'ਤੇ ਚਲਦੇ ਹਨ

ਬੱਚੀ ਦੇ ਮਾਪਿਆਂ ਦੀ ਗਰੀਬੀ ਅਤੇ ਗੁੰਡਾ ਟੋਲੇ ਦੀ ਅਮੀਰੀ ਤੇ ਸਿਆਸੀ ਸ਼ਹਿ ਨੇ ਹੀ ਇਹ ਕਹਿਰ ਵਰਤਾਇਆ ਹੈ ਗਰੀਬੀ ਅਤੇ ਗਰੀਬੀ ਕਰਕੇ ਬਣਦੀ ਮੁਥਾਜਗੀ, ਗਰੀਬ ਦੀ ਤਾਕਤ ਕਮਜੋਰ ਕਰਦੀ ਹੈ ਤੇ ਸੁਰੱਖਿਆ ਘਟਾਉਂਦੀ ਹੈ ਇਸਦੇ ਉਲਟ ਅਮੀਰੀ ਤੇ ਸਿਆਸੀ ਸਹਿ ਤਾਕਤ ਵਧਾਉਂਦੀ ਹੈ ਤੇ ਹਮਲਾਵਰ ਬਣਾਉਂਦੀ ਹੈ ਇਸ ਗੁੰਡਾ ਟੋਲੇ ਨੇ ਨਾ ਸਿਰਫ ਇਹ ਅਗਵਾ ਤੇ ਸਮੂਹਿਕ ਬਲਾਤਕਾਰ ਦਾ ਕਹਿਰ ਢਾਹਿਆ ਹੈ, ਇਸਤੋਂ ਵੀ ਅੱਗੇ ਵਧਕੇ ਪੀੜਤ ਪਰਿਵਾਰ ਨੂੰ ਚੁੱਪ ਕਰਵਾਉਣ ਵਾਸਤੇ 'ਸਮਝੌਤੇ' ਲਈ ਦਬਾਅ ਪਾਇਆ ਹੈ?

ਰਾਜ-ਪ੍ਰਬੰਧ ਦਾ ਕੋਈ ਵੀ ਅੰਗ, ਜਦੋਂ ਕੋਈ ਕਦਮ ਚੱਕਦਾ ਹੈ ਜਾਂ ਮੂੰਹੋਂ ਬੋਲਦਾ ਹੈ ਤਾਂ ਉਸਦਾ ਔਰਤ-ਵਿਰੋਧੀ ਤੇ ਗਰੀਬ- ਵਿਰੋਧੀ ਗੈਰ- ਜਮਹੂਰੀ ਵਿਵਹਾਰ ਸਾਹਮਣੇ ਆਏ ਬਿਨਾਂ ਨਹੀਂ ਰਹਿੰਦਾ ਅਨੇਕਾਂ ਸਾਧ੍ - ਬਾਬੇ ਵੀ ਔਰਤ ਵਿਰੋਧੀ ਭੜਾਸ ਕੱਢਦੇ ਰਹਿੰਦੇ ਹਨ

ਇਸ ਮਾਮਲੇ ਵਿਚ ਪੁਲਸ-ਪ੍ਰਸਾਸਨ ਦਾ ਰੋਲ ਕੋਈ ਵੱਖਰਾ ਨਹੀਂ ਹੈ ਪਹਿਲੇ ਹੀ ਦਿਨ, ਪਿੰਡ ਜਾ ਕੇ, ਬੱਚੀ ਨੂੰ ਮਿਲਕੇ, ਬਿਆਨ ਸੁਣ ਕੇ ਵੀ ਥਾਣੇਦਾਰ ਨੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਜਥੇਬੰਦ ਸੰਘਰਸ਼ ਦੇ ਜ਼ੋਰ ਪਰਚਾ ਹੋਇਆ ਪਰ ਬਣਦੀਆਂ ਵਾਜਬ ਧਾਰਾਵਾਂ ਨਾ ਲਾਈਆਂ ਪੰਦਰਾਂ ਦਿਨ ਬਾਦ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਧਰਨੇ ਨਾਲ ਹੋਈ ਚਾਰ ਮਹੀਨੇ ਬੀਤ ਜਾਣ 'ਤੇ ਵੀ ਤੀਜੇ ਦੋਸ਼ੀ ਨੂੰ ਫੜਨ ਲਈ ਪੁਲਸ ਨੇ ਕੁਝ ਨਹੀਂ ਕੀਤਾ ਉਲਟਾ ਲੋਕਾਂ ਵਿਚ ਪੈਦਾ ਹੋਏ ਰੋਸ ਨੂੰ ਕੁਚਲਣ ਲਈ ਤਿੰਨ ਜਿਲਿਆਂ ਦੀ ਪੁਲਸ-ਫੋਰਸ ਤਾਇਨਾਤ ਕਰਕੇ ਦੋਸ਼ੀਆਂ ਦੀ ਪਿੱਠ ਥਾਪੜੀ ਹੈ

ਇਸ ਕੇਸ ਵਿਚ ਸਾਹਮਣੇ ਆਏ ਤੱਥਾਂ ਨੇ ਸਰਕਾਰੀ ਸੇਹਤ ਸੇਵਾਵਾਂ ਦੇ ਪ੍ਰਬੰਧਕਾਂ ਦਾ ਵੀ ਕਰੂਰ ਕਿਰਦਾਰ ਸਾਹਮਣੇ ਲਿਆਂਦਾ ਹੈ ਬੱਚੀ ਨੂੰ ਇਲਾਜ ਲਈ ਦਾਖਲ ਕਰਨ ਤੋਂ ਆਨੀ-ਬਹਾਨੀ ਜਵਾਬ ਦਿੱਤਾ ਗਿਆ ਜਥੇਬੰਦਕ ਦਬਾਅ ਆਸਰੇ ਹੀ ਦਾਖਲਾ ਮਿਲਿਆ ਹੈ ਮੈਡੀਕਲ ਰਿਪੋਰਟ ਦੇਣ ਤੋਂ ਟਾਲਾ ਵੱਟੀ ਰੱਖਿਆ
ਲੋਕਾਂ ਦੇ ਦੁੱਖਾਂ ਦਰਦਾਂ ਦੇ ਦਰਦੀ ਹੋਣ ਅਤੇ 'ਨੰਨੀ ਛਾਂ' ਦੇ ਰਖਵਾਲੇ ਹੋਣ ਦਾ ਖੇਖਣ ਕਰਨ ਵਾਲੀਆਂ ਸਿਆਸੀਪਾਰਟੀਆਂ ਅਤੇ ਸਿਆਸਤਦਾਨਾਂ ਵੱਲੋਂ ਇਨ੍ਹਾਂ ਚੋਣਾਂ ਵਿਚ ਵੀ, ਇਸ ਬੱਚੀ ਨਾਲ ਦਰਦ ਸਾਂਝਾਂ ਨਾ ਕਰਕੇ ਲੋਕਾਂ ਨਾਲ ਦੁਸ਼ਮਣਾਨਾ ਰਿਸ਼ਤਾ ਕਾਇਮ ਰੱਖਿਆ ਹੈ ਅਕਾਲੀ-ਭਾਜਪਾ ਸਰਕਾਰ ਵੱਲੋਂ ਅਗਵਾਕਾਰੀ ਤੇ ਬਲਾਤਕਾਰੀ ਗੁੰਡਾ ਗਰੋਹਾਂ ਦੀ ਪੁਸ਼ਤਪਨਾਹੀ ਕਰਨ ਤੇ ਹੱਲਾਸ਼ੇਰੀ ਦੇਣ ਦੀ ਅਪਨਾਈ ਨੀਤੀ ਨੂੰ ਇਹਨਾਂ ਚੋਣਾਂ ਵਿਚ ਥੂ-ਥੂ ਕਰਵਾ ਕੇ ਵੀ ਜਾਰੀ ਰੱਖਿਆ ਜਾ ਰਿਹਾ ਹੈ, ਉਥੇ, ਸਭ ਹਾਕਮ ਪਾਰਟੀਆਂ ਵੀ ਗੁੰਡਾ ਗਰੋਹਾਂ ਨੂੰ ਪਾਲਣ ਪੋਸ਼ਣ ਵਿਚ ਪਿੱਛੇ ਨਹੀਂ ਹਨ ਰਾਜ ਅਤੇ ਸਰਕਾਰ ਬਣਾਉਣ ਤੇ ਚਲਾਉਣ ਅਤੇ ਸਾਮਰਾਜੀ ਨੀਤੀਆਂ ਰਾਹੀੱ ਵਿੱਢੇ ਆਰਥਿਕ ਹੱਲੇ ਨੂੰ ਲੋਕਾਂ ਸਿਰ ਮੜਨ ਲਈ ਪੁਲਸ ਫੌਜ ਦੀ ਜਾਬਰ ਤਾਕਤ ਦੇ ਨਾਲ ਇਨਾਂ ਨੇ ਗੁੰਡਾ੍-ਗਰੋਹਾਂ ਦੀ ਤਾਕਤ ਉਤੇ ਟੇਕ ਵਧਾਈ ਹੋਈ ਹੈ


ਇਸ ਕੇਸ ਵਿਚ ਬੱਚੀ ਦੀ ਨਾ ਸੁਣਨ, ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਵਾਲਿਆਂ ਨੂੰ ਜੇਲ੍ਹੀਂ ਡੱਕਣ ਦਾ ਸਰਕਾਰ ਤੇ ਪੁਲਸ ਵੱਲੋਂ ਅਖਤਿਆਰ ਕੀਤੇ ਜਾਬਰ ਰਵੱਈਏ, ਜਿਥੇ ਪੀੜਤ ਬੱਚੀ ਤੇ ਪ੍ਰੀਵਾਰ ਅਤੇ ਸੰਘਰਸ਼ ਕਰ ਰਹੀਆਂ ਮਜਦੂਰ-ਕਿਸਾਨ ਜਥੇਬੰਦੀਆਂ, ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਤੇ ਸਜਾ ਦਿਵਾਉਣ ਅਤੇ ਬੋਲਣ ਤੇ ਰੋਸ ਪ੍ਰਗਟਾਉਣ ਦੇ ਹੱਕ ਨੂੰ ਬੁਲੰਦ ਕਰਨ ਲਈ ਇਸ ਸੰਘਰਸ਼ ਨੂੰ ਜਾਰੀ ਰੱਖ ਰਹੀਆਂ ਹਨ ਇਨ੍ਹਾਂ ਨੂੰ ਹੋਰ ਲੋਕ ਹਿੱਸਿਆਂ ਨੂੰ ਖਾਸ ਕਰਕੇ ਜਥੇਬੰਦ ਤੇ ਸੰਘਰਸ਼ਸ਼ੀਲ ਹਿੱਸਿਆਂ ਨੂੰ ਇਸ ਕੇਸ ਅਤੇ ਸਰਗਰਮੀ ਨਾਲ ਜੋੜਨ ਲਈ ਯਤਨ ਕਰਨੇ ਚਾਹੀਦੇ ਹਨ ਉਥੇ ਹੋਰ ਸਭਨਾਂ ਸੰਘਰਸ਼ਸ਼ੀਲ ਜਥੇਬੰਦੀਆਂ, ਇਨਸਾਫ-ਪਸੰਦ ਤੇ ਜਮਹੂਰੀਅਤ ਪਸੰਦ ਸੰਗਠਨਾਂ ਤੇ ਸ਼ਕਤੀਆਂ, ਧੀਆਂ-ਭੈਣਾਂ ਦੀਆਂ ਇੱਜਤਾਂ ਦੇ ਸਾਂਝੀਵਾਲ ਅਤੇ ਗੁੰਡਾਗਰਦੀ ਨੂੰ ਨੱਥ ਪਾਉਣਾ ਚਾਹੁੰਦੇ ਸਭ ਲੋਕਹਿੱਸਿਆਂ ਨੂੰ ਇਸ ਪੀੜਤ ਬੱਚੀ ਤੇ ਪਰਿਵਾਰ ਅਤੇ ਸੰਘਰਸ਼ ਦੇ ਹੱਕ ਵਿਚ ਅਤੇ ਦਿਨੋ-ਦਿਨ ਵੱਧ ਰਹੇ ਇਸ ਗੁੰਡਾ ਰੁਝਾਨ ਤੇ ਇਸਦੀ ਪੁਸ਼ਤ-ਪਨਾਹੀ ਕਰ ਰਹੀ ਹਕੂਮਤ ਦੇ ਹੱਥ ਨੂੰ ਰੋਕਣ ਲਈ ਆਪੋ ਆਪਣੇ ਵਿੱਤ-ਸਮਰੱਥਾ ਅਨੁਸਾਰ ਹਿੱਸਾ ਪਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਹੋਰ ਬਹੁਤ ਸਾਰੀਆਂ ਮਿਸਾਲਾਂ ਦੇ ਨਾਲ ਨਾਲ ਇਸ ਕੇਸ ਦੇ ਰਜਿਸਟਰ ਹੋਣ, ਬੱਚੀ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਅਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਵਿਚ ਕਾਮਯਾਬ ਰਹੇ ਜਥੇਬੰਦ ਸੰਘਰਸ਼ ਨੂੰ ਉਚਿਆਣ ਦੀ ਅਤੇ ਅੱਜ ਵਾਂਗ ਜਾਰੀ ਰੱਖਣ ਦੀ ਲੋੜ ਹੈ ਇਹ ਲੜਾਈ ਆਪਾ-ਸੁਰੱਖਿਆ ਅਤੇ ਆਪਾ-ਪੁਗਾਈ ਦੀ ਲੜਾਈ ਹੈ ਰਾਜ ਤੇ ਸਮਾਜ ਦੇ ਜਮਹੂਰੀਕਰਨ ਦੀ ਲੜਾਈ ਦਾ ਹਿੱਸਾ ਹੈ ਜਿਹੜੀ ਇਉਂ ਕਦਮਬਕਦਮ ਅੱਗੇ ਵਧਦੀ ਹੋਈ ਸੱਚੀ ਜਮਹੂਰੀਅਤ ਸਿਰਜਣ ਵਿਚ ਹਿੱਸਾਪਾਈ ਕਰੇਗੀ  (30 ਮਈ 2014)