Friday, July 18, 2014

ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ - ਸ਼ਹੀਦ ਪ੍ਰਿਥੀਪਾਲ ਰੰਧਾਵਾ

ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ
ਸ਼ਹੀਦ ਪ੍ਰਿਥੀਪਾਲ ਰੰਧਾਵਾ


70 ਵਿਆਂ ਦਾ ਦਹਾਕਾ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਦਾ ਸਮਾਂ ਹੈ ਜਦੋਂ ਪੰਜਾਬ ਦੀ ਜਵਾਨੀ ਨੇ ਲੋਕਾਂ ਨੂੰ ਹੱਕਾਂ ਲਈ ਜੂਝਣ ਦਾ ਰਾਹ ਵਿਖਾਇਆ ਤੇ ਸ਼ਾਨਦਾਰ ਇਨਕਲਾਬੀ ਭੂਮਿਕਾ ਅਦਾ ਕੀਤੀ। ਪ੍ਰਿਥੀਪਾਲ ਰੰਧਾਵਾ ਇਸ ਲਹਿਰ ਦਾ ਅਜਿਹਾ ਨਾਇਕ ਸੀ ਜੀਹਦੀ ਅਗਵਾਈ ਵਿੱਚ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਾਨਦਾਰ ਸੰਗਰਾਮੀ ਰਵਾਇਤਾਂ ਸਿਰਜੀਆਂ ਜਿਹੜੀਆਂ ਅੱਜ ਵੀ ਸਾਡਾ ਰਾਹ ਰੁਸ਼ਨਾਉਦੀਆਂ ਹਨ। ਭਾਵੇਂ 18 ਜੁਲਾਈ 1979 ਨੂੰ ਅਕਾਲੀ ਸਰਕਾਰ ਦੇ ਗੁੰਡਿਆਂ ਨੇ ਪ੍ਰਿਥੀ ਨੂੰ ਜਿਸਮਾਨੀ ਤੌਰ 'ਤੇ ਸਾਡੇ ਕੋਲੋਂ ਖੋਹ ਲਿਆ ਪਰ ਉਹਦੀ ਜੀਵਨ ਘਾਲਣਾ ਤੇ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਅਮੁੱਕ ਸੋਮਾ ਹੈ।

ਪਿਰਥੀ ਦਾ ਜੀਵਨ ਤੇ ਪੀ.ਐਸ.ਯੂ. ਦਾ ਸਫ਼ਰ ਇਕ ਦੂਜੇ ਨਾਲ ਏਨੀ ਗਹਿਰੀ ਤਰਾਂ ਜੁੜਿਆ ਹੈ ਕਿ ਵੱਖ-2 ਕਰਕੇ ਨਹੀਂ ਦੇਖਿਆ ਜਾ ਸਕਦਾ। 5 ਮਾਰਚ, 1952 ਨੂੰ ਜਨਮਿਆ ਪ੍ਰਿਥੀ ਜਦੋਂ ਟਾਂਡੇ ਕਾਲਜ ਤੋਂ ਪਰੀ-ਮੈਡੀਕਲ ਕਰਕੇ ਪੀ.ਏ.ਯੂ. ਲੁਧਿਆਣੇ ਦਾਖਲ ਹੋਇਆ ਤਾਂ ਉਦੋਂ ਤੋਂ ਹੀ ਉਹਨੇ ਸਮਾਜ ਵਿੱਚ ਫੈਲੇ ਲੁੱਟ, ਜਬਰ, ਅਨਿਆਂ ਤੇ ਵਿਤਕਰਿਆਂ ਨੂੰ ਨੀਝ ਨਾਲ ਘੋਖਣਾ ਸ਼ੁਰੂ ਕਰ ਦਿੱਤਾ। ਉਹਨੇ ਬਾਕੀ ਦੀ ਜ਼ਿੰਦਗੀ ਨੌਜਵਾਨਾਂ, ਵਿਦਿਆਰਥੀਆਂ ਤੇ ਹੋਰਨਾਂ ਮਿਹਤਨਕਸ਼ ਤਬਕਿਆਂ ਦਾ ਰਾਹ ਰੁਸ਼ਨਾਉਣ ਦੇ ਲੇਖੇ ਲਾਈ ਅਤੇ ਅੰਤ ਆਪਣੇ ਲਹੂ ਦਾ ਆਖਰੀ ਕਤਰਾ ਵੀ ਲੋਕ ਹੱਕਾਂ ਦੀ ਲਹਿਰ ਦੇ ਬੂਟੇ ਨੂੰ ਸਿੰਜਣ ਲਈ ਵਹਾ ਦਿੱਤਾ।

ਪਿਰਥੀ ਤੇ ਸਾਥੀਆਂ ਨੇ 70-71 ਦੇ ਅਜਿਹੇ ਔਖੇ ਵੇਲ਼ਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਜਦੋਂ ਪੰਜਾਬ ਵਿੱਚ ਨੌਜਵਾਨਾਂ ਨੂੰ ਹੱਕ ਸੱਚ ਦੀ ਗੱਲ ਕਰਨ ਬਦਲੇ ਵੱਡੀ ਕੀਮਤ ਤਾਰਨੀ ਪੈਂਦੀ ਸੀ। ਪੰਜਾਬ ਵਿੱਚ ਇਨਕਲਾਬੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਸਨ। ਕਾਲਜਾਂ-ਯੂਨੀਵਰਸਿਟੀਆਂ ਦੇ ਧੱਕੜ ਅਧਿਕਾਰੀ ਚੰਮ ਦੀਆਂ ਚਲਾਉਂਦੇ ਸਨ, ਵਿਦਿਅਕ ਸੰਸਥਾਵਾਂ ਧੱਕੜ ਪੁਲਸ ਅਫ਼ਸਰਾਂ ਲਈ ਜਬਰ ਦੇ ਅਖਾੜੇ ਬਣੀਆਂ ਹੋਈਆਂ ਸਨ। ਪਹਿਲੇ ਸਾਲਾਂ ਵਿੱਚ ਬਣੀ ਪੀ.ਐਸ.ਯੂ. ਇਨਕਲਾਬੀਆਂ ਅੰਦਰ ਉੱਠੇ ਗਲਤ ਰੁਝਾਨ ਦੀ ਭੇਂਟ ਚੜ ਕੇ ਖਿੰਡ ਪੁੰਡ ਗਈ ਸੀ। ਅਜਿਹੇ ਵੇਲ਼ਿਆਂ ਵਿੱਚ ਪਿਰਥੀ ਤੇ ਸਾਥੀਆਂ ਨੇ ਆਪਣੀਆਂ ਜ਼ਿੰਦਗੀਆਂ ਦੀ ਪ੍ਰਵਾਹ ਨਾ ਕਰਦਿਆਂ ਪੀ.ਐਸ.ਯੂ. ਦਾ ਬੂਟਾ ਲਾਇਆ। ਪੀ.ਐਸ.ਯੂ. ਨੇ ਅਜੇ ਮੁੱਢਲੇ ਕਦਮ ਹੀ ਪੁੱਟੇ ਸਨ ਕਿ ਮੋਗੇ ਵਿੱਚ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਖਿਲਾਫ਼ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਦੋ ਵਿਦਿਆਰਥੀ ਹਰਜੀਤ ਤੇ ਸਵਰਨ ਤੇ ਹੋਰ ਲੋਕ ਸ਼ਹੀਦ ਕਰ ਦਿੱਤੇ। ਹਕੂਮਤ ਦੇ ਇਸ ਜਬਰ ਖਿਲਾਫ਼ ਵਿਦਿਆਰਥੀ ਰੋਹ ਦੀ ਕਾਂਗ ਉੱਠ ਖੜੀ ਹੋਈ। ਪੰਜਾਬ ਵਿੱਚ ਵਿਦਿਆਰਥੀਆਂ ਦਾ ਗੁੱਸਾ ਫੁੱਟ ਪਿਆ ਤੇ ਮੋਗਾ ਸੰਗਰਾਮ ਛਿੜ ਪਿਆ। ਹਾਕਮਾਂ ਦੀਆਂ ਸਭਨਾਂ ਚਾਲਾਂ ਨੂੰ ਫੇਲ ਕਰਦਿਆਂ ਪਿਰਥੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਅਜਿਹਾ ਦਲੇਰਾਨਾ ਸੰਗਰਾਮ ਲੜਿਆ ਜੀਹਨੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਨਵਾਂ ਮੁਹਾਂਦਰਾ ਦਿੱਤਾ। ਪੁਲਸ ਜਬਰ ਮੂਹਰੇ ਬੇਵੱਸ ਹੋਈ ਜਵਾਨੀ ਨੂੰ ਪਿਰਥੀ ਨੇ ਸਹੀ ਸੇਧ ਦਿੱਤੀ। ਮੋਗੇ ਦੇ ਇਸ ਲੰਬੇ ਖਾੜਕੂ ਘੋਲ ਨੇ ਇਨਕਲਾਬੀ ਨੌਜਵਾਨਾਂ ਦੇ ਕਤਲ ਵਰਗੇ ਅਨਰਥ ਕਰਨ ਤੋਂ ਹਾਕਮਾਂ ਦੇ ਮਨਾਂ ਵਿੱਚ ਤਹਿਕਾ ਬਿਠਾ ਦਿੱਤਾ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਹੱਕਾਂ ਲਈ ਜਥੇਬੰਦ ਹੋ ਕੇ ਲੰਮੇ ਖਾੜਕੂ ਸੰਘਰਸ਼ਾਂ ਦੇ ਰਾਹ ਪੈਣ ਦੀ ਮਿਸਾਲ ਪੈਦਾ ਕੀਤੀ।

ਇਸਤੋਂ ਬਾਅਦ ਪਿਰਥੀ ਦੀ ਅਗਵਾਈ ਵਿੱਚ ਪੀ.ਐਸ.ਯੂ. ਨੇ ਵਿਦਿਆਰਥੀ ਮੰਗਾਂ ਜਿਵੇਂ ਬੱਸ ਪਾਸ ਸਹੂਲਤ ਹਾਸਲ ਕਰਨ,  ਵਧਦੀਆਂ ਫੀਸਾਂ ਦਾ ਵਿਰੋਧ ਕਰਨ, ਸਸਤੀਆਂ ਮੈੱਸਾਂ-ਕੰਟੀਨਾਂ ਤੇ ਹੋਸਟਲਾਂ ਦੇ ਇੰਤਜ਼ਾਮ ਕਰਵਾਉਣ, ਸਸਤੀਆਂ ਕਿਤਾਬਾਂ ਕਾਪੀਆਂ ਹਾਸਲ ਕਰਨ, ਵਿਦਿਅਕ ਸੰਸਥਾਵਾਂ ਵਿੱਚ ਜਮਹੂਰੀ ਮਾਹੌਲ ਸਿਰਜਣ ਤੇ ਹੋਰਨਾਂ ਮਸਲਿਆਂ ਤੇ ਅਨੇਕਾਂ ਹੀ ਪੰਜਾਬ ਪੱਧਰੇ ਤੇ ਸਥਾਨਕ ਪੱਧਰੇ ਸੰਘਰਸ਼ ਲੜੇ ਅਤੇ ਜਿੱਤਾਂ ਜਿੱਤੀਆਂ।

ਪਿਰਥੀਪਾਲ ਰੰਧਾਵਾ ਸਾਧਾਰਨ ਵਿਦਿਆਰਥੀ ਆਗੂ ਨਹੀਂ ਸੀ ਸਗੋਂ ਜੁਝਾਰੂ ਇਨਕਲਾਬੀ ਲੋਕ ਆਗੂ ਸੀ ਜੀਹਦੀ ਅਗਵਾਈ ਵਿੱਚ ਵਿਦਿਆਰਥੀ ਸਿਰਫ਼ ਆਪਣੇ ਤਬਕੇ ਦੇ ਮਸਲਿਆਂ ਤੱਕ ਹੀ ਸੀਮਤ ਨਾ ਰਹੇ ਸਗੋਂ ਆਪਣੇ ਇਨਕਲਾਬੀ ਸਮਾਜਿਕ ਰੋਲ ਦੀ ਪਹਿਚਾਣ ਕਰਦਿਆਂ ਸਮਾਜ ਦੇ ਹੋਰਨਾਂ ਮਿਹਤਨਕਸ਼ ਤਬਕਿਆਂ ਲਈ ਜੂਝਣ ਦੀ ਪ੍ਰੇਰਨਾ ਵੀ ਬਣੇ। ਸਮਾਜ ਵਿੱਚ ਲੋਕਾਂ 'ਤੇ ਅਸਰ ਪਾਉਣ ਵਾਲੇ ਵੱਡੇ ਮਸਲਿਆਂ ਤੇ ਖਾਸ ਕਰ ਜਦੋਂ ਲੋਕਾਂ ਨੂੰ ਭੁਚਲਾਉਣ ਲਈ ਲੋਕ ਦੋਖੀ ਤਾਕਤਾਂ ਆਪਣਾ ਤਾਣ ਲਗਾਉਂਦੀਆਂ ਰਹੀਆਂ ਤਾਂ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੇ ਪਿਰਥੀ ਦੀ ਅਗਵਾਈ ਵਿੱਚ ਕਿਰਤੀ ਲੋਕਾਂ ਦਾ ਮਾਰਗ ਰੌਸ਼ਨ ਕੀਤਾ।

1974 ਵਿੱਚ ਮੁਲਕ ਦੀ ਜਨਤਾ ਵਿੱਚ ਇੰਦਰਾ ਗਾਂਧੀ ਹਕੂਮਤ ਖਿਲਾਫ਼ ਉੱਠੀ ਬੇਚੈਨੀ ਨੂੰ ਹਾਕਮ ਜਮਾਤਾਂ ਦੇ ਹੀ ਦੂਸਰੇ ਹਿੱਸੇ ਵਰਤਣ ਲਈ ਤੁਰੇ। ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਵਿੱਚ ਜੁੜੇ ਮੌਕਾਪ੍ਰਸਤ ਟੋਲੇ ਨੇ ਲੋਕਾਂ ਦੇ ਸਾਹਮਣੇ ਫ਼ਰੇਬੀ ਨਾਹਰੇ ਪੇਸ਼ ਕੀਤੇ ਅਤੇ ਲੋਕਾਂ ਦੀ ਲਹਿਰ ਨੂੰੂ ਪਟੜੀ ਤੋਂ ਲਾਹ ਕੇ ਆਪਣੀਆਂ ਵੋਟ ਗਿਣਤੀਆਂ ਵਾਸਤੇ ਵਰਤਣ ਦੇ ਯਤਨ ਕੀਤੇ। ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ ਹਟਾਉ ਦੇ ਅਮੂਰਤ ਤੇ ਬੇ-ਨਕਸ਼ ਨਾਅਰੇ ਦਿੱਤੇ ਗਏ। ਅਜਿਹੇ ਸਮੇਂ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ ਵਿੱਚ ਮਿਹਨਤਕਸ਼  ਲੋਕਾਂ ਨੂੰ ਸਹੀ ਸੇਧ ਦਿੱਤੀ। ਪੀ.ਐਸ.ਯੂ. ਨੇ ਮੋਗੇ ਵਿੱਚ ਨੌਜਵਾਨ ਭਾਰਤ ਸਭਾ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਸਹਿਯੋਗ ਨਾਲ 'ਸੰਗਰਾਮ ਰੈਲੀ' ਜਥੇਬੰਦ ਕਰਕੇ ਮੌਕਾਪ੍ਰਸਤ ਟੋਲੇ ਦਾ ਕਿਰਦਾਰ ਨੰਗਾ ਕੀਤਾ ਅਤੇ 'ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦਾ ਮਾਰਗ' ਪੇਸ਼ ਕੀਤਾ।

26 ਜੂਨ 1975 ਵਿੱਚ ਇੰਦਰਾ ਗਾਂਧੀ ਸਰਕਾਰ ਨੇ ਆਪਣੀ ਕੁਰਸੀ ਬਚਾਉਣ ਲਈ ਤੇ ਲੋਕ ਬੇਚੈਨੀ ਨੂੰ ਕੁਚਲਣ ਲਈ ਸਾਰੇ ਦੇਸ਼ ਵਿੱਚ ਐਮਰਜੈਂਸੀ ਮੜ ਦਿੱਤੀ। ਸਭਨਾਂ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਉੱਤੇ ਜਬਰ ਦਾ ਝੱਖੜ ਝੁਲਾ ਦਿੱਤਾ। ਪੀ.ਐਸ.ਯੂ. ਨੇ ਆਪਣੀਆਂ ਸੰਗਰਾਮੀ ਰਵਾਇਤਾਂ ਤੇ ਪਹਿਰਾ ਦਿੰਦਿਆਂ ਇਸ ਵੰਗਾਰ ਨੂੰ ਕਬੂਲ ਕੀਤਾ। ਅੰਨੇ ਹਕੂਮਤੀ ਜਬਰ ਦੇ ਦੌਰ ਵਿੱਚ ਤੇ ਐਮਰਜੈਂਸੀ ਦੀਆਂ ਸਖਤ ਪਾਬੰਦੀਆਂ ਦੇ ਬਾਵਜੂਦ 'ਐਮਰਜੈਂਸੀ ਖਤਮ ਕਰੋ' ਤੇ 'ਜਮਹੂਰੀ ਹੱਕ ਬਹਾਲ ਕਰੋ' ਦੀਆਂ ਆਵਾਜ਼ਾਂ ਕਾਂਗਰਸੀ ਹਾਕਮਾਂ ਨੂੰ ਕੰਬਣੀਆਂ ਛੇੜਦੀਆਂ ਰਹੀਆਂ। 'ਅਸੀਂ ਜਿਉਂਦੇ-ਅਸੀਂ ਜਾਗਦੇ' ਦਾ ਸੱਦਾ ਲਾਉਂਦੀਆਂ ਰਹੀਆਂ। ਪੀ.ਐਸ.ਯੂ. ਦੇ ਆਗੂਆਂ-ਵਰਕਰਾਂ ਨੇ ਪੁਲਸੀ ਕਹਿਰ ਨੂੰੂ ਖਿੜੇ ਮੱਥੇ ਝੱਲਿਆ। ਰੰਧਾਵੇ ਨੂੰ ਮੀਸਾ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ, ਕਹਿਰਾਂ ਦਾ ਜਬਰ ਢਾਹਿਆ ਗਿਆ ਪਰ ਪ੍ਰਿਥੀ ਅਡੋਲ ਰਿਹਾ, ਉਹਨੂੰ ਝੁਕਾਇਆ ਨਾ ਜਾ ਸਕਿਆ। ਡੇਢ ਸਾਲ ਜੇਲ ਵਿੱਚ ਰਹਿਣ ਮਗਰੋਂ ਮੁੜ ਆ ਸੰਗਰਾਮ ਦੇ ਮੈਦਾਨ ਵਿੱਚ ਕੁੱਦਿਆ।

ਪ੍ਰਿਥੀ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਵਿਦਿਆਰਥੀਆਂ ਨੇ ਹਰ ਮਿਹਤਨਕਸ਼ ਤਬਕੇ ਦੇ ਸੰਘਰਸ਼ਾਂ ਨੂੰ ਜਾ ਹਮਾਇਤੀ ਕੰਨਾ ਲਾਇਆ ਤੇ ਬੇ-ਗਰਜ਼ ਭਰਾਤਰੀ ਹਮਾਇਤ ਦੀਆਂ ਪਿਰਤਾਂ ਪਾਈਆਂ। ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਾਂਝੇ ਸੰਘਰਸ਼ਾਂ ਦੀਆਂ ਤੰਦਾਂ ਮਜ਼ਬੂਤ ਕੀਤੀਆਂ।

ਪ੍ਰਿਥੀ ਨੇ ਜਮਹੂਰੀ ਹੱਕਾਂ ਦੇ ਦਮਨ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਹਦੀ ਅਗਵਾਈ ਵਿੱਚ ਹੀ ਵਿਦਿਆਰਥੀਆਂ ਨੇ  ਪੰਜਾਬ ਦੇ ਕਿਰਤੀ ਲੋਕਾਂ ਵਿੱਚ ਜਮਹੂਰੀ ਹੱਕਾਂ ਦੀ ਸੋਝੀ ਦਾ ਸੰਚਾਰ ਕਰਨ ਦੇ ਯਤਨਾਂ ਵਿੱਚ ਭਰਪੂਰ ਹਿੱਸਾ ਪਾਇਆ।  ਪੀ.ਐਸ.ਯੂ. ਨੇ ਜਮਹੂਰੀ ਹੱਕਾਂ ਦੀ ਰਾਖੀ ਲਈ ਮੋਗੇ ਵਿੱਚ ਵਿਸ਼ਾਲ ਮਾਰਚ ਜਥੇਬੰਦ ਕੀਤਾ।

ਰੰਧਾਵਾ ਗੰਭੀਰ, ਸੂਝਵਾਨ, ਹੋਣਹਾਰ ਤੇ ਨਿਧੜਕ ਆਗੂ ਸੀ ਜੀਹਨੇ ਬੇਹੱਦ ਕਸੂਤੀਆਂ ਹਾਲਤਾਂ ਵਿੱਚ ਪੀ.ਐਸ.ਯੂ. ਖੜੀ ਕਰਨ, ਇਹਦੀ ਅਗਵਾਈ ਕਰਨ, ਪੰਜਾਬ ਵਿੱਚ ਜਨਤਕ ਜਮਹੂਰੀ ਲਹਿਰ ਨੂੰ ਤਕੜੀ ਕਰਨ ਤੇ ਵੱਖ-ਵੱਖ ਤਬਕਿਆਂ ਦੀ ਸੰਗਰਾਮੀ ਸਾਂਝ ਦੀਆਂ ਰਵਾਇਤਾਂ ਕਾਇਮ ਕੀਤੀਆਂ। ਰੰਧਾਵੇ ਦੀ ਅਗਵਾਈ ਵਿੱਚ ਹੀ ਪੰਜਾਬ ਦੀ ਵਿਦਿਆਰਥੀ ਲਹਿਰ ਨੂੰ ਫਿਰਕੂ ਵਣਜਾਰਿਆਂ ਦੇ ਜ਼ਹਿਰੀ ਡੰਗਾਂ ਤੋਂ ਮੁਕਤ ਰੱਖਿਆ ਜਾ ਸਕਿਆ ਤੇ ਨੌਜਵਾਨਾਂ-ਵਿਦਿਆਰਥੀਆਂ ਨੇ ਸਮਾਜ ਵਿੱਚ ਫਿਰਕੂ ਸਦਭਾਵਨਾ ਦਾ ਹੋਕਾ ਦਿੱਤਾ।

ਪੰਜਾਬ ਦੇ ਵਿਦਿਆਰਥੀਆਂ ਨੌਜਵਾਨਾਂ ਵਿੱਚ ਹੀ ਨਹੀਂ ਸਗੋਂ ਹੋਰਨਾਂ ਮਿਹਨਤਕਸ਼ ਤਬਕਿਆਂ ਵਿੱਚ ਵੀ ਪ੍ਰਿਥੀਪਾਲ ਰੰਧਾਵਾ ਸਤਿਕਾਰਿਆ ਤੇ ਪਿਆਰਿਆ ਜਾਣ ਲੱਗ ਪਿਆ ਸੀ। ਉਹ ਸਮੇਂ ਦੇ ਹਾਕਮਾਂ ਲਈ ਇਕ ਵੰਗਾਰ ਸੀ। ਮੌਕੇ ਦੀ ਅਕਾਲੀ ਸਰਕਾਰ ਦੇ ਪਾਲਤੂ ਗੁੰਡਿਆਂ ਨੇ ਉਹਨੂੰ ਅਗਵਾ ਕਰਕੇ ਕਹਿਰਾਂ ਦਾ ਤਸ਼ਦੱਦ ਢਾਹਿਆ ਪਰ ਉਹਨੂੰ ਝੁਕਾਇਆ ਨਾ ਜਾ ਸਕਿਆ। ਅਖੀਰ ਉਹਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਰੰਧਾਵੇ ਦੇ ਕਤਲ ਦੇ ਖਿਲਾਫ਼ ਪੰਜਾਬ ਦੀ ਧਰਤੀ ਤੇ ਜ਼ੋਰਦਾਰ ਸੰਗਰਾਮ ਲੜਿਆ ਗਿਆ। ਨੌਜਵਾਨਾਂ ਵਿਦਿਆਰਥੀਆਂ ਤੇ ਲੋਕਾਂ ਨੇ ਆਪਣੇ ਵਿਛੜ ਗਏ ਆਗੂ ਨੂੰ ਸ਼ਰਧਾਂਜਲੀ ਵੱਡੇ ਘਮਸਾਨੀ ਘੋਲ਼ ਵਿੱਚ ਦਿੱਤੀ।

ਪੜਾਈ ਵਿੱਚ ਬੇਹੱਦ ਹੁਸ਼ਿਆਰ ਪਿਰਥੀ ਨੇ ਯੂਨਿ: ਵਿੱਚੋਂ ਆਪਣੀ ਐਮ.ਐਸ.ਸੀ. ਦੀ ਪੜਾਈ ਹਾਲੇ ਕੁਝ ਸਮਾਂ ਪਹਿਲਾਂ ਹੀ ਖਤਮ ਕੀਤੀ ਸੀ। ਉਹਨੇ ਰੁਜ਼ਗਾਰ 'ਤੇ ਲੱਗ ਕੇ ਕਮਾਈ ਕਰਨ ਦੀ ਥਾਂ ਆਪਣੀ ਜ਼ਿੰਦਗੀ ਲੋਕ ਸੰਗਰਾਮਾਂ ਨੂੰ ਅਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਉਹਦੇ ਲਈ ਜ਼ਿੰਦਗੀ ਦੇ ਅਰਥ ਆਪਣੇ ਆਪ ਤੋਂ, ਘਰ ਪਰਿਵਾਰ ਤੋਂ ਵੱਡੇ ਸਨ। ਉਹਦੇ ਲਈ ਜ਼ਿੰਦਗੀ ਦੀ ਸਾਰਥਿਕਤਾ ਸਮਾਜ ਵਿੱਚੋਂ ਹਰ ਤਰਾਂ ਦੀ ਲੁੱਟ ਜਬਰ ਖਤਮ ਕਰਕੇ, ਬਰਾਬਰੀ ਭਰਿਆ ਰਾਜ ਸਿਰਜਣ ਦੇ ਮਹਾਨ ਕਾਜ਼ ਵਿੱਚ ਹਿੱਸਾ ਪਾਈ ਦੀ ਸੀ। ਉਹਨੇ ਆਪਣੀ ਜ਼ਿੰਦਗੀ ਏਸ ਕਾਜ਼ ਨੂੰ ਸਮਰਪਿਤ ਕਰ ਦਿੱਤੀ।

ਅੱਜ ਦੇ ਦੌਰ ਵਿੱਚ, ਨਵੀਆਂ ਆਰਥਿਕ ਨੀਤੀਆਂ ਦਾ ਹੱਲਾ ਸਿੱਖਿਆ ਖੇਤਰ ਦਾ ਤੇਜ਼ੀ ਨਾਲ ਨਿੱਜੀਕਰਨ ਤੇ ਵਪਾਰੀਕਰਨ ਕਰ ਰਿਹਾ ਹੈ। ਸਰਕਾਰ ਆਏ ਦਿਨ ਸਿੱਖਿਆ ਤੇ ਖਰਚ ਕਰਨ ਤੋਂ ਹੱਥ ਘੁੱਟਦੀ ਆ ਰਹੀ ਹੈ। ਫੰਡ, ਗ੍ਰਾਂਟਾ ਸੁੰਗੇੜਦੀ ਆ ਰਹੀ ਹੈ। ਸਰਕਾਰੀ ਕਾਲਜ, ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਰਹੇ ਹਨ। ਪ੍ਰਾਈਵੇਟ ਅਧਿਆਪਕ ਰੱਖਕੇ ਕੰਮ ਚਲਾਇਆ ਜਾ ਰਿਹਾ ਹੈ, ਬੋਝ ਵਿਦਿਆਰਥੀਆਂ 'ਤੇ ਪਾਇਆ ਜਾ ਰਿਹਾ ਹੈ। ਪ੍ਰਾਈਵੇਟ ਵਿਦਿਅਕ ਸੰਸਥਾਵਾਂ ਮਨ-ਮਰਜ਼ੀ ਦੇ ਫੀਸਾਂ ਫੰਡ ਬਟੋਰ ਕੇ ਵਿਦਿਆਰਥੀਆਂ ਦੀ ਅੰਨੀ ਲੁੱਟ ਕਰ ਰਹੇ ਹਨ। ਨਿੱਤ ਨਵੇਂ ਵਪਾਰੀ-ਕਾਰੋਬਾਰੀ ਵਿਦਿਅਕ ਖੇਤਰ ਵਿੱਚ ਦਾਖ਼ਲ ਹੋ ਰਹੇ ਹਨ ਤੇ ਚੰਮ ਦੀਆਂ ਚਲਾ ਰਹੇ ਹਨ।

ਸ਼ੁਰੂ ਹੋ ਰਹੇ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਵੀ ਵਿਦਿਆਰਥੀ ਹਿੱਤਾਂ ਤੇ ਨਵੇਂ ਹੱਲੇ ਹੋਏ ਹਨ। ਐਸ.ਸੀ. ਵਿਦਿਆਰਥੀਆਂ ਨੂੰ ਮਿਲਦੀ ਫ਼ੀਸ ਮੁਆਫ਼ੀ ਰੱਦ ਕਰਕੇ ਪੂਰੀ ਫ਼ੀਸ ਉਗਰਾਹੁਣ ਦੇ ਫ਼ੁਰਮਾਨ ਆ ਗਏ ਹਨ ਅਤੇ ਕਾਲਜਾਂ ਨੇ ਫ਼ੀਸਾਂ ਉਗਰਾਹੁਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ ਯੂਨੀਵਰਸਿਟੀ ਨੇ ਫ਼ੀਸਾਂ ਫੰਡਾਂ ਵਿੱਚ ਲਗਭਗ 1200 ਰੁ. ਦਾ ਵਾਧਾ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਨੇ ਵੀ ਹਰ ਸਾਲ 10 ਫ਼ੀਸਦੀ ਵਾਧਾ ਕਰਨ ਦੀ ਨੀਤੀ ਜਾਰੀ ਰੱਖਦਿਆਂ ਫ਼ੀਸ ਵਧਾ ਦਿੱਤੀ ਹੈ। ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਨੂੰ ਦਿੱਤੀ ਜਾਂਦੀ 95 ਫ਼ੀਸਦੀ ਸਰਕਾਰੀ ਗਰਾਂਟ ਨੂੰ ਕੱਟ ਕੇ 80 ਫ਼ੀਸਦੀ ਤੱਕ ਲੈ ਆਂਦਾ ਹੈ ਤੇ ਹਰ ਸਾਲ 5 ਫ਼ੀਸਦੀ ਘਟਾਉਂਦੇ ਜਾਣ ਦਾ ਰਾਹ ਫੜ ਲਿਆ ਹੈ। ਇਨਾਂ ਤਾਜ਼ਾ ਫੈਸਲਿਆਂ ਦੀ ਵਿਦਿਆਰਥੀ ਵਰਗ ਤੇ ਵੱਡੀ ਮਾਰ ਪੈਣੀ ਹੈ। ਪਹਿਲਾਂ ਹੀ ਸਿੱਖਿਆ ਦੇ ਹੱਕ ਤੋਂ ਵਾਂਝੇ ਹੋ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਮਿਲਣਾ ਹੈ।

ਨਿਤ ਦਿਨ ਲਾਗੂ ਹੋ ਰਹੀਆਂ ਨੀਤੀਆਂ ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦੀ ਮੰਗ ਕਰਦੀਆਂ ਹਨ। ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦਾ ਮਹੱਤਵ ਪਹਿਲਾਂ ਨਾਲੋਂ ਵੀ ਵਧਦਾ ਜਾ ਰਿਹਾ ਹੈ। ਸਰਕਾਰ ਦੀਆਂ ਵਿਦਿਆਰਥੀ ਮਾਰੂ ਨੀਤੀਆਂ ਖਿਲਾਫ਼ ਸੰਘਰਸ ਕਰਨ ਲਈ ਅੱਜ ਸ਼ਹੀਦ ਰੰਧਾਵੇ ਦੀ ਅਗਵਾਈ ਹੇਠਲੀ ਵਿਦਿਆਰਥੀ ਜਥੇਬੰਦੀ ਵਰਗੀ ਜਥੇਬੰਦੀ ਉਸਾਰਨ ਦੀ ਲੋੜ ਹੈ।

ਭਾਵੇਂ ਅੱਜ ਤੋਂ 35 ਵਰੇ ਪਹਿਲਾਂ ਉਹਦੀ ਅਗਵਾਈ ਤੋਂ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਵਾਂਝੇ ਕੀਤਾ ਗਿਆ ਸੀ ਪਰ ਉਹਦੀਆਂ ਪਾਈਆਂ ਪੈੜਾਂ 'ਤੇ ਕਦਮ ਟਿਕਾ ਕੇ ਅੱਜ ਇਹ ਲਹਿਰ ਭਰ ਜਵਾਨ ਹੋਣ ਵੱਲ ਵਧ ਰਹੀ ਹੈ। ਸਾਡੇ ਸਾਹਮਣੇ ਅੱਜ ਹਨੇਰੇ ਰਾਹਾਂ ਵਿੱਚ ਭਟਕਦੀ ਜਵਾਨੀ ਨੂੰ ਚਾਨਣ ਦਿਖਾਉਣ ਦਾ ਵੱਡਾ ਕਾਰਜ ਹੈ। ਇਹਦੇ ਲਈ ਰੌਸ਼ਨੀ ਸਾਨੂੰ ਪ੍ਰਿਥੀਪਾਲ ਰੰਧਾਵਾ ਦੀ ਜਗਾਈ ਮਸ਼ਾਲ ਵੰਡਦੀ ਹੈ। ਇਸ ਮਸ਼ਾਲ ਦੀ ਰੌਸ਼ਨੀ ਵਿੱਚ ਹੀ ਅਸੀਂ ਮੁੜ ਪੰਜਾਬ ਅੰਦਰ ਇਨਕਲਾਬੀ ਵਿਦਿਆਰਥੀ ਲਹਿਰ ਦੀ ਉਸਾਰੀ ਲਈ ਕਦਮ ਪੁੱਟ ਸਕਦੇ ਹਾਂ। ਇਹ ਮਸ਼ਾਲ ਸਦਾ ਸਾਡੇ ਰਾਹਾਂ ਵਿੱਚ ਚਾਨਣ ਬਿਖੇਰਦੀ ਰਹੇਗੀ।  -੦-

ਪਾਵੇਲ ਕੁੱਸਾ (9417054015)
ਮਿਤੀ  15/07/14

Monday, June 16, 2014

ਆਪਣੀਆਂ ਧੀਆਂ ਦੀਆਂ ਅਣਖਾਂ ਤੇ ਇਜ਼ਤਾਂ ਦੀ ਰਾਖੀ ਲਈ ਜੂਝ ਰਹੇ ਬਾਪੂਆਂ ਦੀ ਦਲੇਰੀ ਨੂੰ ਸਲਾਮ

ਬਾਪੂ ਦਿਵਸ ਤੇ ਵਿਸ਼ੇਸ਼

ਆਪਣੀਆਂ ਧੀਆਂ ਦੀਆਂ ਅਣਖਾਂ ਤੇ ਇਜ਼ਤਾਂ ਦੀ ਰਾਖੀ ਲਈ ਜੂਝ ਰਹੇ ਬਾਪੂਆਂ ਦੀ ਦਲੇਰੀ ਨੂੰ ਸਲਾਮ

ਨਰਿੰਦਰ ਜੀਤ 
ਗੰਧੜ ਪਿੰਡ ਦਾ ਗਰੀਬ ਦਲਿਤ ਬਾਪੂ,
ਇਹਨਾਂ ਬਾਪੂਆਂ ਦੇ ਸੰਗਰਾਮੀ ਹਥਾਂ ਨੇਂ ਵਰਤਮਾਨ ਦੀ ਹਿਕ ਤੇ ਜੋ ਸੂਹੇ ਹਰਫ਼ ਲਿਖੇ ਨੇ ਉਹ ਹਮੇਸ਼ਾ ਅਮਿਟ ਰਹਿਣਗੇ|  
ਕਲ੍ਹ ਬਾਪੂ-ਦਿਵਸ ਸੀ| ਜਦੋਂ ਸੁਖਬੀਰ ਬਾਦਲ ਦਾ ਪਿਆਰਾ ਬਾਪੂ ਤੇ ਪੰਜਾਬ ਦਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਲਵੰਡੀ ਸਾਬੋ ਦੇ ਇਲਾਕੇ ਚ ਆਪਨੇ ਪੂਰੇ ਅਮਲੇ ਫੈਲੇ ਨਾਲ ਦਰਬਾਰ ਲਗਾ ਕੇ ਸੰਗਤ ਦਰਸ਼ਨ ਦੇ ਨਾਂ ਹੇਠ ਇਹ ਵਿਧਾਨ ਸਭਾ ਸੀਟ ਜਿਤਣ ਦਾ ਜੁਗਾੜ ਬਣਾਉਣ ਚੜਿਆ ਸੀ, ਤਾਂ ਗੰਧੜ ਪਿੰਡ ਦਾ ਇਕ ਗਰੀਬ ਦਲਿਤ ਬਾਪੂ, ਆਪਣੀ ਲਾਡਲੀ ਧੀ ਨਾਲ ਸਮੂਹਕ ਜਬਰ ਜਿਨਾਹ ਕਰਨ ਵਾਲੇ ਤਿਨ ਗੁੰਡਿਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨ ਲਈ ਬਾਦਲ ਦੇ ਦਰਬਾਰ ਚ ਅਰਜੋਈ ਕਰਨ ਚਲਿਆ ਸੀ| ਉਸ ਦੇ ਨਾਲ ਮਾਲਵੇ ਦੇ ਵਖ ਵਖ ਪਿੰਡਾਂ ਚੋਂ ਆਏ ਹਜ਼ਾਰਾਂ ਹੋਰ ਬਾਪੂ ਸਨ| ਅਕਾਲੀ ਆਗੂਆਂ ਅਤੇ ਇਹਨਾਂ ਦੇ ਪਾਲਤੂ ਪੁਲਸ ਅਫਸਰਾਂ ਦੀ ਛਤਰ ਛਾਇਆ ਹੇਠ ਦਨ ਦਨਾ ਰਹੇ ਇਹਨਾਂ ਗੁੰਡਿਆਂ ਨੂੰ ਸਜਾਵਾਂ ਦੁਆ ਕੇ ਓਹ ਵੀ ਆਪਣੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਮਹਿਫੂਜ਼  ਕਰਨਾ ਚਾਹੁੰਦੇ ਸਨ| ਪਰ ਸੁਖਬੀਰ ਬਾਦਲ ਦੇ ਬੀਬੇ ਤੇ ਪਿਆਰੇ ਬਾਪੂ ਨੂੰ ਇਹਨਾਂ ਹਜ਼ਾਰਾਂ ਬਾਪੂਆਂ ਦੀਆਂ ਸ਼ਕਲਾਂ ਤੋਂ ਸ਼ਾਇਦ ਸਖਤ ਨਫਰਤ ਹੈ| ਉਹਨੂੰ ਲਗਦਾ ਹੈ ਕੇ ਇਹ ਸਾਰੇ ਬਾਪੂ ਉਸਦੇ ਪੁਤ ਦਾ ਅਨੰਤ ਕਾਲ ਤਕ ਪੰਜਾਬ ਤੇ ਰਾਜ ਕਰਨ ਦਾ ਸੁਪਨਾ ਚਕਨਾ-ਚੂਰ  ਕਰਨਾ ਚਾਹੁੰਦੇ ਹਨ, ਕਾਰੂੰ ਦੇ ਖਜਾਨਿਆਂ ਵਾਂਗ ਅਥਾਹ ਧਨ ਦੌਲਤ ਇਕਠੀ ਕਰਨ ਦੀ ਉਸਦੀ ਮਨਸ਼ਾ ਪੂਰੀ ਨਹੀਂ ਹੋਣ  ਦੇਣਾ ਚਾਹੁੰਦੇ| ਇਸੇ ਲਈ ਉਸਨੇ ਮਾਲਵੇ ਦੇ ਵਖ ਵਖ ਪਿੰਡਾਂ ਚੋਂ ਤੁਰੇ ਅਣਖੀ ਬਾਪੂਆਂ ਦੇ ਇਹਨਾਂ ਕਾਫਲਿਆਂ ਨੂੰ ਰਾਹਾਂ ਵਿਚ ਹੀ ਘੇਰਨ ਦੇ ਹੁਕਮ ਆਵਦੀ ਪੁਲਸ ਨੂੰ ਚਾੜ ਦਿਤੇ| 800 ਬਾਪੂ ਫੜ ਕੇ ਥਾਣਿਆਂ ਚ ਤੁਨ ਦਿਤੇ ਗਏ| ਦਮਦਮਾ ਸਾਹਿਬ ਦੀ ਪਵਿਤਰ  ਧਰਤੀ ਤੇ "ਬੀਬੇ ਬਾਪੂ" ਬਾਦਲ ਦੀ ਲਾਡਲੀ ਪੁਲਸ ਦੇ ਦੋ ਅਧਿਕਾਰੀਆਂ - ਜਸਬੀਰ ਸਿੰਘ ਅਤੇ ਗੁਰਮੇਲ ਸਿੰਘ, ਨੇਂ ਹਿਰਾਸਤ ਵਿਚ ਲਈਆਂ 12 ਔਰਤਾਂ ਅਤੇ ਲੜਕੀਆਂ ਨੂੰ "ਚਾੰਭਲੀਆਂ  ਰੰਨਾਂ " ਦਸ ਕੇ ਸਬਕ ਸਿਖਾਉਣ ਦੀਆਂ ਧਮਕੀਆਂ ਦਿਤੀਆਂ| ਸਤਾ ਦੇ ਨਸ਼ੇ ਚ ਚੂਰ ਅਕਾਲੀ-ਭਾਜਪਾ ਸਰਕਾਰ ਲਈ ਹੁਣ ਮਾਈ ਭਾਗੋ ਵਾਂਗੂੰ ਅਣਖ ਖਾਤਿਰ ਲੜਨ ਵਾਲੀਆਂ ਬੀਬੀਆਂ  "ਚਾੰਭਲੀਆਂ  ਰੰਨਾਂ " ਬਣ ਗ਼ਈਆਂ ਹਨ |

ਬਾਪੂ ਦਿਵਸ ਤੇ  ਅਸੀਂ ਗੰਧੜ ਪਿੰਡ ਦੇ ਉਸ ਗਰੀਬ ਦਲਿਤ ਬਾਪੂ ਦੇ ਸਿਦਕ ਨੂੰ ਸਲਾਮ ਕਰਦੇ ਹਾਂ, ਜਿਸ ਨੇਂ ਆਪਣੀ ਧੀ ਦੀ ਇਜ਼ਤ ਦਾ ਸੌਦਾ ਕਰਨ ਤੋਂ ਕੜਕਵੀਂ ਨਾਂਹ ਕੀਤੀ| ਤਿਨਾਂ ਗੁੰਡਿਆਂ ਦੇ ਪਰਿਵਾਰਾਂ ਵਲੋਂ ਦਸ ਦਸ ਲਖ ਰੁਪੇ ਦੇਣ ਦੀ ਪੇਸ਼ਕਸ਼ ਨੂੰ ਪੂਰੀ ਨਫਰਤ ਨਾਲ ਠੁਕਰਾਇਆ | ਪਿੰਡ ਦੇ ਜਿਸ ਸਾਬਕਾ ਸਰਪੰਚ ਨਾਲ ਉਹ ਸੀਰੀ ਸੀ ਉਹਨੇ ਉਸਦੀ ਬਣਦੀ ਮੇਹਨਤ ਦੇ 25000 ਰੁਪੇ ਦੇਣ ਲਈ ਬਲਾਤਕਾਰੀਆਂ ਨਾਲ ਸਮਝੌਤਾ ਕਰਨ ਦੀ ਸ਼ਰਤ ਲਾ ਦਿਤੀ| ਫਾਕੇ ਕਟ ਕੇ ਵੀ ਉਹ ਆਪਣੀ ਧੀ ਦੀ ਅਣਖ ਦੀ ਰਾਖੀ ਲਈ ਡਟਿਆ ਰਿਹਾ| 25 ਮਈ ਤੋਂ ਹੁਣ ਤਕ ਉਹ ਦਰਜਨਾਂ ਵਾਰੀ ਪੁਲਸ ਹਿਰਾਸਤ ਚ ਗਿਆ, ਪੁਲਸ ਦੀਆਂ ਝਿੜਕਾਂ ਤੇ ਗਾਲਾਂ ਸੁਨੀਆਂ, ਪਿੰਡ ਦੇ ਚੌਧਰੀਆਂ ਦੇ ਬੋਲ ਕੁਬੋਲ ਸੁਣੇ, ਪਰ ਇਸ ਸਭ ਕਾਸੇ ਦੇ ਬਾਵਜੂਦ ਆਪਣੇ ਸਿਦਕ ਤੋਂ ਨਹੀਂ ਡੋਲਿਆ. ਧੀ ਦੀ ਇਜ਼ਤ ਤੇ ਆਂਚ ਨਹੀਂ ਆਉਣ ਦਿਤੀ|


ਅਸੀਂ ਸਲਾਮ ਕਰਦੇ ਹਾਂ ਉਹਨਾ ਹਜ਼ਾਰਾਂ ਬਾਪੂਆਂ ਨੂੰ ਤੇ ਮਾਵਾਂ ਨੂੰ ਜਿਹਨਾਂ ਨੇ 25 ਮਈ ਤੋਂ ਲੈ ਕੇ ਹੁਣ ਤਕ ਅਣਖ ਇਜ਼ਤ ਦੇ ਇਸ ਸੰਗ੍ਰਾਮ ਨੂੰ ਮਠਾ ਨਹੀਂ ਪੈਣ ਦਿਤਾ| ਹਉਮੇ ਦੇ ਪੁੱਤਾਂ ਨੇ ਇਨਸਾਫ਼ ਨਹੀਂ ਕਰਨਾ| ਇਨਸਾਫ਼ ਤਾਂ ਲੋਕ ਸੰਘਰਸ਼ਾਂ ਦੇ ਜੋਰ ਤੇ ਹੀ ਹੋਣਾ ਹੈ| ਇਹਨਾਂ ਬਾਪੂਆਂ ਦੇ ਸੰਗਰਾਮੀ ਹਥਾਂ ਨੇਂ ਵਰਤਮਾਨ ਦੀ ਹਿਕ ਤੇ ਜੋ ਸੂਹੇ ਹਰਫ਼ ਲਿਖੇ ਨੇ ਉਹ ਹਮੇਸ਼ਾ ਅਮਿਟ ਰਹਿਣਗੇ|    

ਜੁੜੀ ਲੋਕ-ਸ਼ਕਤੀ ਹੀ ਨਸ਼ਿਆਂ ਦੇ ਬੋਹੜ ਦੀ ਜੜ੍ਹ ਪੱਟੂ

ਲੁਟੇਰੇ ਰਾਜ ਦੀ ਜੜ੍ਹ 'ਚੋ ਉੱਗਿਆ ਨਸ਼ਿਆਂ ਦਾ ਬੋਹੜ
ਜੁੜੀ ਲੋਕ-ਸ਼ਕਤੀ ਹੀ ਇਸ ਦੀ ਜੜ੍ਹ ਪੱਟੂ !
ਜਗਮੇਲ ਸਿੰਘ ਜਨਰਲ ਸਕੱਤਰ ਲੋਕ ਮੋਰਚਾ, ਪੰਜਾਬ

ਪਾਰਲੀਮਾਨੀ ਚੋਣਾਂ, 2014 ਸਮੇ, ਨਸ਼ਿਆਂ ਦੇ ਵੱਡੇ ਕਾਰੋਬਾਰੀਆਂ ਵਿੱਚ ਅਕਾਲੀ ਅਤੇ ਭਾਜਪਾ ਦੇ ਮੰਤਰੀਆਂ ਅਤੇ ਉਹਨਾਂ ਦੇ ਪੁੱਤ-ਪੋਤਿਆਂ ਦੇ ਨਸ਼ਰ ਹੋਏ ਨਾਵਾਂ ਕਰਕੇ ਹੋਈ ਬਦਖੋਈ ਅਤੇ ਵੋਟਾਂ ਦੀ ਘਟੀ ਗਿਣਤੀ ਕਰਕੇ ਹੋਈ ਨਮੋਸ਼ੀ ਨੂੰ ਢਕਣ ਦੇ ਢਕਵੰਜ ਵੱਜੋਂ ਚਲਾਏ "ਆਪਰੇਸ਼ਨ-ਕਲੀਨ" ਤਹਿਤ ਨਸ਼ਿਆਂ ਦੀ ਮਾਰ ਹੇਠ ਆਇਆਂ ਵਿੱਚੋ ਕੁੱਝ ਕੁ ਜ੍ਹੇਲੀਂ ਸੁੱਟ ਕੇ ਨਸ਼ਿਆਂ ਵਿਰੋਧੀ ਹੋਣ ਦਾ ਨਾਮਣਾ ਖੱਟਣਾ ਚਾਹੁੰਦੀ ਪੰਜਾਬ ਸਰਕਾਰ, ਨਸ਼ਿਆਂ ਦੇ ਵੱਡੇ ਤਸਕਰਾਂ ਅਤੇ ਇਸ ਦੇ ਧੰਦੇ 'ਚ ਸ਼ਾਮਿਲ ਮੰਤਰੀਆਂ-ਸੰਤਰੀਆਂ ਨੂੰ ਜ੍ਹੇਲੀ ਨਾ ਸੁੱਟ ਕੇ ਉਲਟਾ ਬਦਨਾਮੀ ਹੀ ਖੱਟ ਰਹੀ ਹੈ । ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਾਉਣ ਦਾ ਕਾਲਾ ਟਿੱਕਾ ਹੀ ਲਗਵਾ ਰਹੀ ਹੈ । 

ਨਸ਼ੇ, ਕੜੀਆਂ ਵਰਗੇ ਜਵਾਨਾਂ ਅਤੇ ਕੰਚਨ ਵਰਗੀਆਂ ਦੇਹਾਂ ਨੂੰ ਗਾਲ ਕੇ ਸਵਾਹ ਕਰ ਰਹੇ ਹਨ। ਹਸਦੇ-ਵਸਦੇ ਘਰਾਂ ਵਿੱਚ ਸੱਥਰ ਵਿਛਾ ਰਹੇ ਹਨ । ਘਰਾਂ, ਪਰਿਵਾਰਾਂ 'ਚ ਕਲੇਸ਼ ਅਤੇ ਰਿਸ਼ਤਿਆਂ ਵਿੱਚ ਫੁੱਟ ਪਵਾ ਰਹੇ ਹਨ । ਫੇਟ ਮਾਰੇ ਕੁੱਤੇ ਵਾਗੂੰ ਹਿੱਲਣ ਲਾ ਦਿੰਦੇ ਹਨ । ਤੁਰੇ ਜਾਂਦੇ ਉਤੇ ਵੀ ਮੱਖੀਆਂ ਭਿਣਕਣ ਲਾ ਦਿੰਦੇ ਹਨ । ਫਿਊਜ਼ ਉੱਡੇ ਬੱਲਬ ਵਾਂਗ ਚਮਕਾਂ ਮਾਰਦੇ ਨੂੰ ਠਾਹ ਸਿੱਟ ਲੈਦੇ ਹਨ । ਉੱਠ ਖੜੇ ਵੀਅਲੇ ਦੇ ਦਰਦ ਵਾਗੂੰ ਮੇਲ੍ਹਣ ਲਾ ਦਿੰਦੇ ਹਨ। ਮੰਜੇ ਜੋਗਾ ਹੀ ਕਰ ਦਿੰਦੇ ਹਨ । ਚੇਤਨਾ ਨੂੰ ਖੁੰਡਾ ਕਰਦੇ ਹਨ । ਬੌਧਿਕ ਅਤੇ ਸਰੀਰਕ ਪੱਖੋਂ ਨਕਾਰਾ ਕਰਦੇ ਹਨ । ਸਮਾਜ ਨੂੰ ਵਿਕਾਸ ਦੇ ਅਗਲੇ ਦੌਰ ਵਿੱਚ ਸ਼ਾਮਿਲ ਹੋਣ ਤੋ ਰੋਕਦੇ ਹਨ । ਉਗਲ ਅਤੇ ਧੋਣ ਉਠਾ ਸਕਣ ਜੋਗੀ ਨਾ ਸੁਰਤ ਛੱਡਦੇ ਹਨ ਤੇ ਨਾ ਸੱਤਿਆ । 

ਨਸ਼ੇ, ਹਾਕਮਾਂ ਦੇ ਹੱਥਾਂ 'ਚ ਹਕੂਮਤ ਬਣਾਉਣ, ਚਲਾਉਣ ਤੇ ਚੱਲਦੀ ਰੱਖਣ ਦਾ ਇੱਕ ਸਾਧਨ ਹਨ । ਲੋਕਾਂ ਨੂੰ ਸਦਾ ਸਦਾ ਲਈ ਆਪਣੇ ਰਾਜ ਦੀ ਕਾਲੀ ਕੀਲ ਵਿੱਚ ਕੈਦ ਕਰੀ ਰੱਖਣ ਲਈ ਰਾਜਿਆਂ ਦੀ ਰਾਜ-ਨੀਤੀ ਹੈ । ਲੁਟੇਰੇ ਤੇ ਜਰਵਾਣੇ ਹਾਕਮ, ਇਕੱਲੀ ਪੁਲਿਸ-ਫੌਜ ਦੇ ਜਬਰ ਤੇ ਦਹਿਲ ਆਸਰੇ ਹੀ ਰਾਜ ਨਹੀ ਚਲਾਉਦੇ, ਵੱਡੀ ਅਫ਼ਸਰਸ਼ਾਹੀ, ਮਹਿਕਮਿਆਂ, ਨੀਤੀਆਂ-ਕਾਨੂੰਨਾਂ ਰਾਹੀ, ਲੋਕ-ਰਾਜ, ਵੋਟ-ਰਾਜ ਤੇ ਜਮਹੂਰੀਅਤ ਦੇ ਛਲਾਵੇ ਰਾਹੀ, ਸਮਾਜਿਕ- ਸਭਿਆਚਾਰ ਦੀਆਂ ਸਾਰੀਆਂ ਵੰਨਗੀਆਂ ਰਾਹੀ, ਚੈਨਲਾਂ ਅਤੇ ਸਾਈਟਾਂ ਰਾਹੀਂ, ਗੁੰਡਾਗਰਦੀ, ਲੱਚਰਤਾ ਅਤੇ ਨਸ਼ਿਆਂ ਰਾਹੀਂ ਵੀ ਆਪਣੇ ਲੁਟੇਰੇ ਰਾਜ ਦੀਆਂ ਜੜ੍ਹਾਂ ਪੱਕੀਆਂ ਕਰਦੇ ਰਹਿੰਦੇ ਹਨ ।

ਆਪਣੇ ਮੁਲਕ ਦੀ, ਲੁੱਟ ਅਤੇ ਮੁਨਾਫੇ ਉੱਤੇ ਅਧਾਰਿਤ ਸਾਮਰਾਜ ਤੇ ਜਾਗੀਰਦਾਰ ਪੱਖੀ ਆਰਥਿਕਤਾ ਅਤੇ ਇਸੇ ਆਰਥਿਕ-ਪ੍ਰਬੰਧ ਨੂੰ ਹੀ ਚਲਦਾ ਰੱਖਣ ਹਿੱਤ ਉਸਾਰੀ ਰਾਜ-ਮਸ਼ੀਨਰੀ, ਨਸ਼ਿਆਂ ਦੇ ਕਾਰੋਬਾਰ ਤੇ ਵਪਾਰ ਨੁੰ ਅਧਾਰ ਤੇ ਉਗਾਸਾ ਦਿੰਦੀ ਹੈ । ਮੁਲਕ ਦੇ ਹਰ ਖੇਤਰ ਤੇ ਹਰ ਕਾਰੋਬਾਰ 'ਚ ਮੁਨਾਫ਼ੇ ਬਟੋਰਨ 'ਚ ਬੇਸ਼ਰਮੀ ਨਾਲ ਲੱਗੇ ਦੇਸੀ-ਬਦੇਸ਼ੀ ਸਰਮਾਏਦਾਰਾਂ ਤੇ ਸਿਆਸਤਦਾਨਾਂ ਦੇ ਕਾਰਟਲ ਨਸ਼ਿਆਂ ਦੇ ਮੋਟੇ ਮੁਨਾਫੇy ਵਾਲੇ ਕਾਰੋਬਾਰ ਵਿੱਚੋ ਪਾਸੇ ਕਿਵੇ ਰਹਿ ਸਕਦੇ ਹਨ ।

ਪੰਜਾਬ 'ਚ ਨਸ਼ਰ ਹੋਈਆਂ ਖੁਫੀਆਂ ਰਿਪੋਰਟਾਂ, ਅਖਬਾਰਾਂ 'ਚ ਨਿੱਤ ਛਪਦੀਆਂ ਖਬਰਾਂ, ਸੇਵਾ-ਮੁਕਤ ਪੁਲਿਸ ਦੇ ਉਚ ਅਧਿਕਾਰੀਆਂ, ਨਸ਼ਾ ਵਿਰੋਧੀ ਸੈੱਲ ਦੇ ਪੁਲਿਸ ਮੁਖੀਆਂ ਅਤੇ ਗ੍ਰਿਫਤਾਰ ਕੀਤੇ ਹੋਏ (ਭੋਲੇ ਭਲਵਾਨ) ਵਰਗੇ ਨਸ਼ਾਂ-ਤਸ਼ਕਰਾਂ ਵੱਲੋ ਦਿੱਤੇ ਬਿਆਨ, ਨਸ਼ਿਆਂ ਦੇ ਖੇਤਰ ਵਿੱਚ ਸਰਮਾਏਦਾਰਾਂ ਤੇ ਸਿਆਸਤਦਾਨਾਂ ਦੇ ਵੱਡੇ ਕਾਰੋਬਾਰ ਹੋਣ ਬਾਰੇ ਸਪੱਸ਼ਟ ਦੱਸਦੇ ਹਨ । ਇਸ ਧੰਦੇ ਵਿੱਚ ਜਿਥੇ ਅਕਾਲੀ-ਭਾਜਪਾ ਦੇ ਮੰਤਰੀਆਂ-ਸੰਤਰੀਆਂ ਦੇ ਨਾਂ ਬੋਲਦੇ ਹਨ, ਕਈ ਪੁਲਿਸ ਅਫ਼ਸਰ ਡਿਸਮਿਸ ਕੀਤੇ ਗਏ ਹਨ, ਉਥੇ ਕਾਂਗਰਸੀ ਲੀਡਰਾਂ ਦੇ ਨਾਂ ਵੀ ਇਸ "ਚਿੱਟੇ" ਦੇ ਧੰਦੇ ਦੀ ਕਾਲੀ-ਲਿਸਟ ਵਿੱਚ ਦਰਜ ਹਨ ।

ਨਸ਼ਿਆਂ ਦੇ ਇਸ ਬੋਹੜ ਨੂੰ ਜੜ੍ਹੋ ਪੁੱਟਣਾ ਤਾਂ ਦੂਰ, ਸਰਕਾਰ ਤਾਂ ਇਸਦੀ ਇੱਕ ਟਾਹਣੀ ਵੀ ਤੋੜਣ ਲਈ ਤਿਆਰ ਨਹੀਂ ਹੈ । ਤਿਆਰ ਹੋ ਵੀ ਨਹੀਂ ਸਕਦੀ। ਵਜ੍ਹਾ ਹੈ, ਸਰਕਾਰਾਂ ਦਾ, ਜਗੀਰਦਾਰਾਂ-ਸਰਮਾਏਦਾਰਾਂ ਦੀ ਰਖਵੈਲ ਬਣੇ ਹੋਣਾ । ਸਾਮਰਾਜ ਦੀ ਚਾਕਰੀ ਕਰਦੇ ਹੋਣਾ । ਨਸ਼ਿਆਂ ਨੂੰ ਨਾ ਸਿਰਫ਼ ਮੋਟੀ ਕਮਾਈ ਦੇ ਖੇਤਰ ਵੱਜੋਂ ਵੇਖਣਾ ਸਗੋਂ ਲੋਕਾਂ 'ਤੇ ਹਕੂਮਤੀ ਕਾਠੀ ਪਾ ਕੇ ਰੱਖਣ ਦੇ ਇਕ ਸਾਧਨ ਵੱਜੋਂ ਵੀ ਲੈਣਾ ਹੈ । ਨਸ਼ਾ-ਤਸਕਰਾਂ ਦੀ ਥਾਂ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਜ੍ਹੇਲੀ ਸੁੱਟ ਕੇ ਸਰਕਾਰ ਨਸ਼ਾ-ਵਿਰੋਧੀ ਹੋਣ ਦਾ ਪ੍ਰਭਾਵ ਸਿਰਜ ਰਹੀ ਹੈ । ਹੋ ਸਕਦਾ, ਆਉਂਦੇ ਦਿਨਾਂ 'ਚ ਇੱਕ ਅੱਧੇ ਮੰਤਰੀ-ਸੰਤਰੀ ਦੀ ਬਲੀ ਦੇ ਕੇ "ਨਸ਼ਾ-ਮੁਕਤ-ਰਾਜ" ਦੇ ਬੈਨਰ ਤੇ ਬੋਰਡ ਲਾ ਕੇ "ਆਪਰੇਸ਼ਨ-ਕਲੀਨ" ਦੀ ਸਫ਼ਲਤਾ ਦਾ ਆਪਣੇ ਸਿਰ ਆਪ ਹੀ ਸਿਹਰਾ ਸਜਾ ਲਵੇ । ਇਹ ਸਰਕਾਰ ਲੱਖ ਪਾਪੜ ਵੇਲੇ, ਨਸ਼ਿਆਂ ਦੇ ਇਸ ਬੋਹੜ ਨੂੰ ਨਹੀਂ ਪੱਟ ਸਕਦੀ । ਨਸ਼ਿਆਂ ਦੇ ਇਸ ਬੋਹੜ ਦੀਆਂ ਜੜ੍ਹਾਂ ਕੱਢ ਸੁੱਟਣ ਦਾ ਕੰਮ, ਸਰਕਾਰਾਂ ਨਹੀਂ, ਜਬਤਬੱਦ ਤੇ ਜੱਥੇਬੰਦ ਲੋਕ-ਸ਼ਕਤੀ, ਸਮੁੱਚੀਆਂ ਰਾਜਕੀ-ਤਾਕਤਾਂ ਨੂੰ ਆਵਦੇ ਵੱਸ ਵਿੱਚ ਕਰ ਲੈਣ ਉਪਰੰਤ, ਕਰ ਸਕਦੀ ਹੈ । 

ਨਸ਼ਿਆ ਵਿਰੁੱਧ ਸਰਗਰਮੀ ਕਰ ਰਹੇ ਸਭਨਾਂ ਸੰਗਠਨਾਂ ਤੇ ਸ਼ਕਤੀਆਂ ਵੱਲੋਂ ਨਸ਼ਿਆਂ ਦੇ ਮਾਰੂ ਅਸਰਾਂ ਨੂੰ, ਇਸਦੇ ਕਾਰੋਬਾਰਾਂ ਤੇ ਕਾਰੋਬਾਰੀਆਂ ਨੂੰ ਅਤੇ ਸਰਕਾਰ ਤੇ ਉਸਦੇ ਅਫਸਰਾਂ ਦੀ ਇਸ ਕਾਰੋਬਾਰ ਨੂੰ ਸ਼ਹਿ ਤੇ ਸਰਪ੍ਰਸਤੀ ਨੂੰ ਲੋਕਾਂ ਵਿਚ ਬੇਪਰਦ ਕੀਤਾ ਜਾਣਾ ਚਾਹੀਦਾ ਹੈ। ਨਸ਼ਿਆਂ ਦੇ ਤਸਕਰਾਂ ਅਤੇ ਨਸ਼ਿਆਂ ਦੇ ਸ਼ਿਕਾਰਾਂ ਵਿਚਕਾਰ ਵਖਰੇਵਾਂ ਕਰਕੇ ਤਸਕਰਾਂ ਲਈ ਸਖਤ ਸਜ਼ਾਵਾਂ ਅਤੇ ਉਹਨਾਂ ਦੇ ਕਾਰੋਬਾਰਾਂ ਦੀ ਜਬਤੀ ਲਈ ਅਤੇ ਉਹਨਾਂ ਨੂੰ ਸ਼ਹਿ ਤੇ ਸਰਪ੍ਰਸਤੀ ਦੇਣ ਵਾਲਿਆਂ ਨੂੰ ਸਜ਼ਾਵਾਂ ਲਈ ਆਵਾਜ ਉਠਾਈ ਜਾਣੀ ਚਾਹੀਦੀ ਹੈ। ਇਹ ਸਭ ਕਰਨ ਲਈ ਸਰਕਾਰ ਤੇ ਉਸਦੀ ਮਸ਼ੀਨਰੀ ਤੋਂ ਝਾਕ ਛੱਡ ਕੇ ਲੋਕਾਂ ਦੀ ਨਸ਼ਿਆਂ ਖਿਲਾਫ ਭਾਵਨਾ ਅਤੇ ਜੂਝਣਹਾਰਤਾ 'ਤੇ ਟੇਕ ਰੱਖਦੇ ਹੋਏ ਲੋਕਾਂ (ਮਰਦਾਂ-ਔਰਤਾਂ) ਦੀ ਸ਼ਮੂਲੀਅਤ ਵਾਲੀਆਂ ਨਸ਼ਾ-ਰੋਕੂ ਕਮੇਟੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

ਨਸ਼ਿਆਂ ਦੀ ਮਾਰ ਹੇਠ ਆਇਆਂ ਨੂੰ ਇਸ ਤੋ ਬਚਾਉਣ ਲਈ ਨਸ਼ਾਂ ਛੱਡਣ ਵਾਸਤੇ ਸਮਝਾਊ-ਸਿਖਾਊ ਜਨਤਕ ਮੁਹਿੰਮਾਂ ਚਲਾਈਆਂ ਜਾਣ । ਉਹਨਾਂ ਨੂੰ ਸ਼ਰਮਿੰਦਗੀ ਵਿਚੋਂ ਕੱਢ ਕੇ ਖੁਦ-ਬ-ਖੁਦ ਅੱਗੇ ਆਉਣ ਲਈ ਪ੍ਰੇਰਿਆ ਜਾਵੇ। ਨਸ਼ਾ ਛੱਡਣਾ ਚਾਹੁੰਦਿਆਂ ਲਈ ਮਨੋਰੋਗਾਂ ਦੇ ਮਾਹਿਰ ਡਾਕਟਰਾਂ ਅਤੇ ਮਨੋਵਿਗਿਆਨੀਆਂ ਵਾਲੇ ਨਸ਼ਾਂ ਛੁਡਾਉ ਕੇਦਰਾਂ ਦੀ ਸਥਾਪਨਾ ਲਈ ਸਰਕਾਰ 'ਤੇ ਦਬਾਅ ਬਣਾਇਆ ਜਾਵੇ । ਸਕੂਲਾਂ-ਕਾਲਜਾਂ ਦੀਆਂ ਵਿਦਿਆਰਥੀਆਂ-ਨੌਜਵਾਨਾਂ ਵਿੱਚ ਨਸ਼ਿਆਂ ਦੇ ਮਾਰੂ ਅਸਰਾਂ ਬਾਰੇ ਦੱਸਣ ਦੇ ਨਾਲ-ਨਾਲ ਹਾਕਮਾਂ ਵੱਲੋ ਲੋਕਾਂ 'ਤੇ ਕਾਠੀ ਪਾ ਕੇ ਰੱਖਣ ਦੇ ਇਕ ਸਾਧਨ ਵਜੋ ਵਰਤੇ ਜਾਣ ਬਾਰੇ ਸਰਕਾਰ ਖਿਲਾਫ ਸਭਾਵਾਂ ਕੀਤੀਆਂ ਜਾਣ । ਪਰਿਵਾਰਾਂ ਅੰਦਰ ਵੀ ਇਸ ਤਰ੍ਹਾਂ ਦੀਆਂ ਚਰਚਾਵਾਂ ਚਲਾਈਆਂ ਜਾਣ ।

ਨਸ਼ਿਆਂ ਨੂੰ ਇਧਰੋਂ-ਉਧਰੋਂ ਕਰਨ ਰਾਹੀਂ ਚਾਰ ਛਿੱਲੜ ਕਮ੍ਹਾ ਕੇ ਚੁੱਲ੍ਹਾ ਭੱਖਦਾ ਰੱਖਣ ਵਾਲਿਆਂ ਦੀ ਬੇਸਮਝੀ ਕਾਰਨ ਕੀਤੇ ਜਾ ਰਹੇ ਇਸ ਲੋਕ ਦੋਖੀ ਤੇ ਹਾਕਮ ਪੱਖੀ ਰੋਲ ਨੂੰ ਉਧੇੜਦਿਆਂ ਉਹਨਾਂ ਨੂੰ ਹਾਕਮਾਂ ਦੀ ਸੇਵਾ ਵਿੱਚੋਂ ਕੱਢ ਕੇ ਲੋਕਾਂ ਦੀ ਧਿਰ ਨਾਲ ਸਹੀ ਤੇ ਸੱਚੀ ਜੋਟੀ ਪਾਉਣ ਵਾਸਤੇ ਇਸ ਧੰਦੇ ਤੋ ਕਿਨਾਰਾ ਕਰਨ ਲਈ ਪ੍ਰੇਰਿਆ ਜਾਵੇ । (ਹੁਣ ਜੇ ਕੋਈ ਇਸ ਧੰਦੇ ਨੂੰ ਛੱਡਣਾ ਚਾਹੁੰਦਾ ਹੈ ਤਾਂ ਨਸ਼ਿਆਂ ਦੇ ਵਪਾਰੀ ਤੇ ਨਸ਼ੇ ਦੀ ਵਿਕਰੀ ਤੋਂ ਉਪਰਲੀ ਕਮਾਈ ਕਰ ਰਹੇ ਪੁਲਿਸ ਅਧਿਕਾਰੀ, ਛੱਡਣ ਨਹੀਂ ਦਿੰਦੇ) । ਇਹਨਾਂ ਨੂੰ ਨਾਲ ਲੈ ਕੇ ਸਰਕਾਰ 'ਤੇ ਦਬਾਓ ਪਾਇਆ ਜਾਵੇ ਕਿ ਉਹ ਇਹਨਾਂ ਨੂੰ ਬਦਨਾਮ ਕਰਨ ਦੀ ਥਾਂ ਤੇ ਇਹਨਾਂ ਦੇ ਪਿੰਡ ਤੇ ਬਦਨਾਮੀ ਦੇ ਬੋਰਡ ਲਾਉਣ ਦੀ ਥਾਂ ਇਹਨਾਂ ਦੇ ਰੁਜ਼ਗਾਰ ਦਾ ਯਕੀਨੀ ਪ੍ਰਬੰਧ ਕਰੇ। ਇਹਨਾਂ ਕੋਲ ਪਏ ਨਸ਼ਿਆਂ ਨੂੰ ਇਹਨਾਂ ਦੀ ਜਮ੍ਹਾ ਪੂੰਜੀ ਮੰਨ ਕੇ ਸਰਕਾਰ ਇਹਨਾਂ ਨੂੰ ਬਣਦੀ ਪੂੰਜੀ ਦੇਵੇ। 

ਮਿਤੀ : 15।06।2014  Mobile: 9417224822

Thursday, June 12, 2014

ਸਰਕਾਰ ਤੇ ਪੁਲਸ ਵੱਲੋਂ ਅਗਵਾਕਾਰ ਤੇ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ, ਪੀੜਤ ਜੇਲੀਂ ਡੱਕੇ।

ਗੰਧੜ ਕਾਂਡ :
ਸਰਕਾਰ ਤੇ ਪੁਲਸ ਵੱਲੋਂ ਅਗਵਾਕਾਰ ਤੇ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ, ਪੀੜਤ ਜੇਲੀਂ ਡੱਕੇ
ਜਮਹੂਰੀਅਤ ਦੇ ਦੰਦ ਜੋਕਾਂ ਲਈ ਹੋਰ ਤੇ ਲੋਕਾਂ ਲਈ ਹੋਰ
(ਜਗਮੇਲ ਸਿੰਘ ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ   Mobile: 9417224822)


26 ਮਈ, ਜਦੋਂ ਦਿੱਲੀ ਵਿਚ, ਨਵੇਂ ਬਣੇ ਪ੍ਰਧਾਨ ਮੰਤਰੀ ਦੇ ਸਹੁੰਚੁੱਕ ਸਮਾਗਮ 'ਤੇ 'ਜਮਹੂਰੀਅਤ' ਦੇ ਨਾਟਕ ਦੇ ਮੰਚਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਐਨ ਉਦੋਂ ਹੀ, ਬਠਿੰਡਾ (ਪੰਜਾਬ) ਵਿਚ, ਪੁਲਸ ਜ਼ੋਨ ਬਠਿੰਡਾ ਦੇ ਪਿੰਡ ਗੰਧੜ (ਮੁਕਤਸਰ) ਦੀ ਮਜਦੂਰ ਬੱਚੀ ਦੇ ਅਗਵਾਕਾਰਾਂ ਤੇ ਬਲਾਤਕਾਰੀਆਂ ਨੂੰ 4 ਮਹੀਨੇ (24 ਜਨਵਰੀ ਤੋਂ 26 ਮਈ) ਬੀਤ ਜਾਣ 'ਤੇ ਵੀ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ ਆਈ.ਜੀ. (ਪੁਲਸ) ਦੇ ਬਠਿੰਡਾ ਦਫਤਰ ਮੂਹਰੇ ਰੋਸ ਧਰਨਾ ਮਾਰਨ ਲਈ ਬਠਿੰਡੇ ਰਹੇ ਮਜਦੂਰਾਂ-ਕਿਸਾਨਾਂ ਨੂੰ ਫੜ ਫੜ ਜੇਲੀ ਡੱਕਿਆ ਜਾ ਰਿਹਾ ਸੀ ਪੀੜਤ ਪਰਿਵਾਰ ਅਤੇ ਮਜਦੂਰ-ਕਿਸਾਨ ਸੰਗਠਨਾਂ ਵੱਲੋਂ ਹਰ ਰੋਜ਼ ਧਰਨੇ ਲਈ ਜਥੇ ਰਹੇ ਹਨ ਤੇ ਸਰਕਾਰ ਗ੍ਰਿਫਤਾਰੀਆਂ ਕਰ ਰਹੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਗ੍ਰਿਫਤਾਰੀ ਦੀ ਮੰਗ ਕਰਨ ਵਾਲੇ ਮਜਦੂਰਾਂ-ਕਿਸਾਨਾਂ ਦੀ ਫੜੋ-ਫੜੀ ਨੇ ਦੁਨੀਆਂ ਦੀ ਸਭ ਤੋ ਵੱਡੀ ਕਹੀ ਜਾਂਦੀ ਜਮਹੂਰੀਅਤ ਨੂੰ ਇਕ ਵਾਰ ਫੇਰ ਝੂਠੀ ਜਮਹੂਰੀਅਤ ਵਜੋਂ ਬੇਪਰਦ ਕਰ ਦਿੱਤਾ ਹੈ ਇਸ ਜਮਹੂਰੀਅਤ ਦੇ ਦੰਦ ਜੋਕਾਂ ਲਈ ਹੋਰ ਤੇ ਲੋਕਾਂ ਲਈ ਹੋਰ ਨੂੰ ਤਸਦੀਕ ਕਰ ਦਿੱਤਾ ਹੈ ਜਿਵੇਂ ਕੇਂਦਰੀ ਵਜਾਰਤ ਵਿਚ ਨਵੇਂ ਬਣੇ 45 ਮੰਤਰੀਆਂ ਵਿਚੋਂ 42 ਪ੍ਰਤੀਸ਼ਤ ਮੰਤਰੀਆਂ ਉਪਰ ਅਪਰਾਧਿਕ ਮਾਮਲੇ ਦਰਜ ਹੋਏ ਹੋਣ 'ਤੇ ਵੀ ਗ੍ਰਿਫਤਾਰ ਨਾ ਕਰਨਾ, ਉਲਟਾ ਸਰਕਾਰੀ ਕੁਰਸੀ, ਮਹਿਕਮਾ ਤੇ ਸੁਰੱਖਿਆ ਦਿੱਤੇ ਜਾਣਾ ਭਾਜਪਾ ਤੇ ਉਸਦੇ ਗਠਜੋੜ ਵੱਲੋਂ ਦਿੱਤੇ ਹਕੂਮਤੀ ਥਾਪੜੇ ਨੂੰ ਪ੍ਰਗਟ ਕਰਦਾ ਹੈ, ਉਵੇਂ ਇਥੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਨਾਲ ਦੋਸ਼ੀਆਂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀ ਹਰੀ ਝੰਡੀ ਨੂੰ ਹੀ ਨੰਗਿਆ ਕਰਦਾ ਹੈ ਪੰਜਾਬ ਅੰਦਰ ਪਹਿਲਾਂ ਵੀ ਅਗਵਾਕਾਰਾਂ ਬਲਾਤਕਾਰੀਆਂ, ਗੁੰਡਾ ਗਰੋਹਾਂ ਨੂੰ ਸ਼ਹਿ ਤੇ ਸਰਪ੍ਰਸਤੀ ਦੇਣ ਕਾਰਨ ਸਰਕਾਰ ਆਪਣੇ ਮੱਥੇ ਕਲੰਕੀ ਟਿੱਕਾ ਲਗਵਾ ਚੁੱਕੀ ਹੋਣ ਦੇ ਬਾਵਜੂਦ ਵੀ ਇਥੇ ਫਿਰ ਉਨ੍ਹਾਂ ਪਾਪਾਂ ਦੀ ਭਾਗੀ ਹੀ ਬਣ ਰਹੀ ਹੈ ਇਥੋਂ ਦੇ ਰਾਜਨੀਤਕ, ਆਰਥਿਕ, ਸਮਾਜਿਕ ਤਾਣੇਬਾਣੇ ਦੇ ਗੈਰ-ਜਮਹੂਰੀ, ਔਰਤ- ਵਿਰੋਧੀ ਤੇ ਗਰੀਬ -ਵਿਰੋਧੀ ਹੋਣ ਦੀ ਲਗਾਤਾਰ ਹੁੰਦੀ ਰਹੀ ਪੁਸ਼ਟੀ ਨੇ ਇਹ ਗੱਲ ਉਭਾਰ ਕੇ ਸਾਹਮਣੇ ਲਿਆਂਦੀ ਹੈ ਕਿ ਆਬਾਦੀ ਦੇ ਵੱਡੇ ਹਿੱਸੇ ਨੂੰ ਅਧਿਕਾਰਾਂ, ਪੁੱਗਤ ਤੇ ਵੁੱਕਤ ਤੋਂ ਵਾਂਝੇ ਕੀਤੇ ਹੋਣ ਪਿਛੇ ਇਥੇ ਜਮੀਨ-ਜਾਇਦਾਦ ਤੇ ਪੂੰਜੀ ਉੱਤੇ ਮੁੱਠੀ ਭਰ ਜੋਕਾਂ ਦਾ ਗਲਬਾ ਹੈ ਜੀਹਦੇ ਜੋਰ 'ਤੇ ਇਥੋਂ ਦਾ ਸਮੁੱਚਾ ਰਾਜ-ਪ੍ਰਬੰਧ ਉਨ੍ਹਾਂ ਦੀ ਮੁੱਠੀ ਵਿਚ ਹੈ ਉਨ੍ਹਾਂ ਨੇ ਹੀ ਇਥੋਂ ਦੇ ਰਾਜਕੀ ਤੇ ਸਮਾਜੀ ਤਾਣੇ-ਬਾਣੇ ਨੂੰ ਗੈਰ- ਜਮਹੂਰੀ ਵਲਾਵੇ ਵਿਚ ਵਲਿਆ ਹੋਇਆ ਹੈ ਏਸੇ ਕਰਕੇ ਇਥੋਂ ਦਾ ਕਨੂੰਨ, ਪੁਲਸ, ਅਦਾਲਤ, ਮਹਿਕਮੇ ਸਭ ਉਨ੍ਹਾਂ ਦੇ ਇਸ਼ਾਰੇ 'ਤੇ ਚਲਦੇ ਹਨ

ਬੱਚੀ ਦੇ ਮਾਪਿਆਂ ਦੀ ਗਰੀਬੀ ਅਤੇ ਗੁੰਡਾ ਟੋਲੇ ਦੀ ਅਮੀਰੀ ਤੇ ਸਿਆਸੀ ਸ਼ਹਿ ਨੇ ਹੀ ਇਹ ਕਹਿਰ ਵਰਤਾਇਆ ਹੈ ਗਰੀਬੀ ਅਤੇ ਗਰੀਬੀ ਕਰਕੇ ਬਣਦੀ ਮੁਥਾਜਗੀ, ਗਰੀਬ ਦੀ ਤਾਕਤ ਕਮਜੋਰ ਕਰਦੀ ਹੈ ਤੇ ਸੁਰੱਖਿਆ ਘਟਾਉਂਦੀ ਹੈ ਇਸਦੇ ਉਲਟ ਅਮੀਰੀ ਤੇ ਸਿਆਸੀ ਸਹਿ ਤਾਕਤ ਵਧਾਉਂਦੀ ਹੈ ਤੇ ਹਮਲਾਵਰ ਬਣਾਉਂਦੀ ਹੈ ਇਸ ਗੁੰਡਾ ਟੋਲੇ ਨੇ ਨਾ ਸਿਰਫ ਇਹ ਅਗਵਾ ਤੇ ਸਮੂਹਿਕ ਬਲਾਤਕਾਰ ਦਾ ਕਹਿਰ ਢਾਹਿਆ ਹੈ, ਇਸਤੋਂ ਵੀ ਅੱਗੇ ਵਧਕੇ ਪੀੜਤ ਪਰਿਵਾਰ ਨੂੰ ਚੁੱਪ ਕਰਵਾਉਣ ਵਾਸਤੇ 'ਸਮਝੌਤੇ' ਲਈ ਦਬਾਅ ਪਾਇਆ ਹੈ?

ਰਾਜ-ਪ੍ਰਬੰਧ ਦਾ ਕੋਈ ਵੀ ਅੰਗ, ਜਦੋਂ ਕੋਈ ਕਦਮ ਚੱਕਦਾ ਹੈ ਜਾਂ ਮੂੰਹੋਂ ਬੋਲਦਾ ਹੈ ਤਾਂ ਉਸਦਾ ਔਰਤ-ਵਿਰੋਧੀ ਤੇ ਗਰੀਬ- ਵਿਰੋਧੀ ਗੈਰ- ਜਮਹੂਰੀ ਵਿਵਹਾਰ ਸਾਹਮਣੇ ਆਏ ਬਿਨਾਂ ਨਹੀਂ ਰਹਿੰਦਾ ਅਨੇਕਾਂ ਸਾਧ੍ - ਬਾਬੇ ਵੀ ਔਰਤ ਵਿਰੋਧੀ ਭੜਾਸ ਕੱਢਦੇ ਰਹਿੰਦੇ ਹਨ

ਇਸ ਮਾਮਲੇ ਵਿਚ ਪੁਲਸ-ਪ੍ਰਸਾਸਨ ਦਾ ਰੋਲ ਕੋਈ ਵੱਖਰਾ ਨਹੀਂ ਹੈ ਪਹਿਲੇ ਹੀ ਦਿਨ, ਪਿੰਡ ਜਾ ਕੇ, ਬੱਚੀ ਨੂੰ ਮਿਲਕੇ, ਬਿਆਨ ਸੁਣ ਕੇ ਵੀ ਥਾਣੇਦਾਰ ਨੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਜਥੇਬੰਦ ਸੰਘਰਸ਼ ਦੇ ਜ਼ੋਰ ਪਰਚਾ ਹੋਇਆ ਪਰ ਬਣਦੀਆਂ ਵਾਜਬ ਧਾਰਾਵਾਂ ਨਾ ਲਾਈਆਂ ਪੰਦਰਾਂ ਦਿਨ ਬਾਦ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਧਰਨੇ ਨਾਲ ਹੋਈ ਚਾਰ ਮਹੀਨੇ ਬੀਤ ਜਾਣ 'ਤੇ ਵੀ ਤੀਜੇ ਦੋਸ਼ੀ ਨੂੰ ਫੜਨ ਲਈ ਪੁਲਸ ਨੇ ਕੁਝ ਨਹੀਂ ਕੀਤਾ ਉਲਟਾ ਲੋਕਾਂ ਵਿਚ ਪੈਦਾ ਹੋਏ ਰੋਸ ਨੂੰ ਕੁਚਲਣ ਲਈ ਤਿੰਨ ਜਿਲਿਆਂ ਦੀ ਪੁਲਸ-ਫੋਰਸ ਤਾਇਨਾਤ ਕਰਕੇ ਦੋਸ਼ੀਆਂ ਦੀ ਪਿੱਠ ਥਾਪੜੀ ਹੈ

ਇਸ ਕੇਸ ਵਿਚ ਸਾਹਮਣੇ ਆਏ ਤੱਥਾਂ ਨੇ ਸਰਕਾਰੀ ਸੇਹਤ ਸੇਵਾਵਾਂ ਦੇ ਪ੍ਰਬੰਧਕਾਂ ਦਾ ਵੀ ਕਰੂਰ ਕਿਰਦਾਰ ਸਾਹਮਣੇ ਲਿਆਂਦਾ ਹੈ ਬੱਚੀ ਨੂੰ ਇਲਾਜ ਲਈ ਦਾਖਲ ਕਰਨ ਤੋਂ ਆਨੀ-ਬਹਾਨੀ ਜਵਾਬ ਦਿੱਤਾ ਗਿਆ ਜਥੇਬੰਦਕ ਦਬਾਅ ਆਸਰੇ ਹੀ ਦਾਖਲਾ ਮਿਲਿਆ ਹੈ ਮੈਡੀਕਲ ਰਿਪੋਰਟ ਦੇਣ ਤੋਂ ਟਾਲਾ ਵੱਟੀ ਰੱਖਿਆ
ਲੋਕਾਂ ਦੇ ਦੁੱਖਾਂ ਦਰਦਾਂ ਦੇ ਦਰਦੀ ਹੋਣ ਅਤੇ 'ਨੰਨੀ ਛਾਂ' ਦੇ ਰਖਵਾਲੇ ਹੋਣ ਦਾ ਖੇਖਣ ਕਰਨ ਵਾਲੀਆਂ ਸਿਆਸੀਪਾਰਟੀਆਂ ਅਤੇ ਸਿਆਸਤਦਾਨਾਂ ਵੱਲੋਂ ਇਨ੍ਹਾਂ ਚੋਣਾਂ ਵਿਚ ਵੀ, ਇਸ ਬੱਚੀ ਨਾਲ ਦਰਦ ਸਾਂਝਾਂ ਨਾ ਕਰਕੇ ਲੋਕਾਂ ਨਾਲ ਦੁਸ਼ਮਣਾਨਾ ਰਿਸ਼ਤਾ ਕਾਇਮ ਰੱਖਿਆ ਹੈ ਅਕਾਲੀ-ਭਾਜਪਾ ਸਰਕਾਰ ਵੱਲੋਂ ਅਗਵਾਕਾਰੀ ਤੇ ਬਲਾਤਕਾਰੀ ਗੁੰਡਾ ਗਰੋਹਾਂ ਦੀ ਪੁਸ਼ਤਪਨਾਹੀ ਕਰਨ ਤੇ ਹੱਲਾਸ਼ੇਰੀ ਦੇਣ ਦੀ ਅਪਨਾਈ ਨੀਤੀ ਨੂੰ ਇਹਨਾਂ ਚੋਣਾਂ ਵਿਚ ਥੂ-ਥੂ ਕਰਵਾ ਕੇ ਵੀ ਜਾਰੀ ਰੱਖਿਆ ਜਾ ਰਿਹਾ ਹੈ, ਉਥੇ, ਸਭ ਹਾਕਮ ਪਾਰਟੀਆਂ ਵੀ ਗੁੰਡਾ ਗਰੋਹਾਂ ਨੂੰ ਪਾਲਣ ਪੋਸ਼ਣ ਵਿਚ ਪਿੱਛੇ ਨਹੀਂ ਹਨ ਰਾਜ ਅਤੇ ਸਰਕਾਰ ਬਣਾਉਣ ਤੇ ਚਲਾਉਣ ਅਤੇ ਸਾਮਰਾਜੀ ਨੀਤੀਆਂ ਰਾਹੀੱ ਵਿੱਢੇ ਆਰਥਿਕ ਹੱਲੇ ਨੂੰ ਲੋਕਾਂ ਸਿਰ ਮੜਨ ਲਈ ਪੁਲਸ ਫੌਜ ਦੀ ਜਾਬਰ ਤਾਕਤ ਦੇ ਨਾਲ ਇਨਾਂ ਨੇ ਗੁੰਡਾ੍-ਗਰੋਹਾਂ ਦੀ ਤਾਕਤ ਉਤੇ ਟੇਕ ਵਧਾਈ ਹੋਈ ਹੈ


ਇਸ ਕੇਸ ਵਿਚ ਬੱਚੀ ਦੀ ਨਾ ਸੁਣਨ, ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਵਾਲਿਆਂ ਨੂੰ ਜੇਲ੍ਹੀਂ ਡੱਕਣ ਦਾ ਸਰਕਾਰ ਤੇ ਪੁਲਸ ਵੱਲੋਂ ਅਖਤਿਆਰ ਕੀਤੇ ਜਾਬਰ ਰਵੱਈਏ, ਜਿਥੇ ਪੀੜਤ ਬੱਚੀ ਤੇ ਪ੍ਰੀਵਾਰ ਅਤੇ ਸੰਘਰਸ਼ ਕਰ ਰਹੀਆਂ ਮਜਦੂਰ-ਕਿਸਾਨ ਜਥੇਬੰਦੀਆਂ, ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਤੇ ਸਜਾ ਦਿਵਾਉਣ ਅਤੇ ਬੋਲਣ ਤੇ ਰੋਸ ਪ੍ਰਗਟਾਉਣ ਦੇ ਹੱਕ ਨੂੰ ਬੁਲੰਦ ਕਰਨ ਲਈ ਇਸ ਸੰਘਰਸ਼ ਨੂੰ ਜਾਰੀ ਰੱਖ ਰਹੀਆਂ ਹਨ ਇਨ੍ਹਾਂ ਨੂੰ ਹੋਰ ਲੋਕ ਹਿੱਸਿਆਂ ਨੂੰ ਖਾਸ ਕਰਕੇ ਜਥੇਬੰਦ ਤੇ ਸੰਘਰਸ਼ਸ਼ੀਲ ਹਿੱਸਿਆਂ ਨੂੰ ਇਸ ਕੇਸ ਅਤੇ ਸਰਗਰਮੀ ਨਾਲ ਜੋੜਨ ਲਈ ਯਤਨ ਕਰਨੇ ਚਾਹੀਦੇ ਹਨ ਉਥੇ ਹੋਰ ਸਭਨਾਂ ਸੰਘਰਸ਼ਸ਼ੀਲ ਜਥੇਬੰਦੀਆਂ, ਇਨਸਾਫ-ਪਸੰਦ ਤੇ ਜਮਹੂਰੀਅਤ ਪਸੰਦ ਸੰਗਠਨਾਂ ਤੇ ਸ਼ਕਤੀਆਂ, ਧੀਆਂ-ਭੈਣਾਂ ਦੀਆਂ ਇੱਜਤਾਂ ਦੇ ਸਾਂਝੀਵਾਲ ਅਤੇ ਗੁੰਡਾਗਰਦੀ ਨੂੰ ਨੱਥ ਪਾਉਣਾ ਚਾਹੁੰਦੇ ਸਭ ਲੋਕਹਿੱਸਿਆਂ ਨੂੰ ਇਸ ਪੀੜਤ ਬੱਚੀ ਤੇ ਪਰਿਵਾਰ ਅਤੇ ਸੰਘਰਸ਼ ਦੇ ਹੱਕ ਵਿਚ ਅਤੇ ਦਿਨੋ-ਦਿਨ ਵੱਧ ਰਹੇ ਇਸ ਗੁੰਡਾ ਰੁਝਾਨ ਤੇ ਇਸਦੀ ਪੁਸ਼ਤ-ਪਨਾਹੀ ਕਰ ਰਹੀ ਹਕੂਮਤ ਦੇ ਹੱਥ ਨੂੰ ਰੋਕਣ ਲਈ ਆਪੋ ਆਪਣੇ ਵਿੱਤ-ਸਮਰੱਥਾ ਅਨੁਸਾਰ ਹਿੱਸਾ ਪਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਹੋਰ ਬਹੁਤ ਸਾਰੀਆਂ ਮਿਸਾਲਾਂ ਦੇ ਨਾਲ ਨਾਲ ਇਸ ਕੇਸ ਦੇ ਰਜਿਸਟਰ ਹੋਣ, ਬੱਚੀ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਅਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਵਿਚ ਕਾਮਯਾਬ ਰਹੇ ਜਥੇਬੰਦ ਸੰਘਰਸ਼ ਨੂੰ ਉਚਿਆਣ ਦੀ ਅਤੇ ਅੱਜ ਵਾਂਗ ਜਾਰੀ ਰੱਖਣ ਦੀ ਲੋੜ ਹੈ ਇਹ ਲੜਾਈ ਆਪਾ-ਸੁਰੱਖਿਆ ਅਤੇ ਆਪਾ-ਪੁਗਾਈ ਦੀ ਲੜਾਈ ਹੈ ਰਾਜ ਤੇ ਸਮਾਜ ਦੇ ਜਮਹੂਰੀਕਰਨ ਦੀ ਲੜਾਈ ਦਾ ਹਿੱਸਾ ਹੈ ਜਿਹੜੀ ਇਉਂ ਕਦਮਬਕਦਮ ਅੱਗੇ ਵਧਦੀ ਹੋਈ ਸੱਚੀ ਜਮਹੂਰੀਅਤ ਸਿਰਜਣ ਵਿਚ ਹਿੱਸਾਪਾਈ ਕਰੇਗੀ  (30 ਮਈ 2014)