StatCounter

Wednesday, January 29, 2014

ਦਲਿਤ ਔਰਤ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਕੇ ਕੱਪੜੇ ਪਾੜਨ ਅਤੇ ਜਬਰ-ਢਾਹੁਣ ਸਬੰਧੀ ਤੱਥ ਖੋਜ ਰਿਪੋਰਟ



ਕੋਟਫੱਤਾ ਥਾਣੇ ਵਿੱਚ ਇੱਕ ਦਲਿਤ ਔਰਤ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਕੇ ਕੱਪੜੇ ਪਾੜਨ ਅਤੇ ਜਬਰ-ਢਾਹੁਣ ਸਬੰਧੀ ਤੱਥ ਖੋਜ ਰਿਪੋਰਟ


      ਦਸੰਬਰ 2013 ਦੇ ਅਖੀਰਲੇ ਹਫਤੇ,  29 ਤਰੀਕ ਨੂੰ ਪਿੰਡ ਫੂਸ ਮੰਡੀ ਦੀ ਇੱਕ ਦਲਿਤ ਔਰਤ, ਬੀਬੀ ਅਮਰਜੀਤ ਕੌਰ ਪਤਨੀ ਬਲਦੇਵ ਸਿੰਘ ਜੋ ਆਸ਼ਾ ਹੈਲਪਰ  ਵਜੋਂ ਕੰਮ ਕਰਦੀ ਹੈ, ਨੂੰ ਕੋਟਫੱਤਾ ਥਾਣੇ ਵਿੱਚ ਨਜਾਇਜ਼ ਹਿਰਾਸਤ ਵਿੱਚ ਰੱਖਕੇ ਪੁਲਸ ਵੱਲੋਂ ਉਸਦੇ ਕੱਪੜੇ ਪਾੜਨ ਅਤੇ ਕੁੱਟਮਾਰ ਕਰਨ ਦੀ ਘਟਨਾ ਅਖਬਾਰਾਂ ਰਾਹੀਂ ਲੋਕਾਂ ਵਿੱਚ ਚਰਚਾ ਅਤੇ ਚਿੰਤਾ ਦਾ ਵਿਸ਼ਾ ਬਣੀ। ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਬਠਿੰਡਾ ਇਕਾਈ ਨੇ ਸਹੀ ਤੱਥ ਲੋਕਾਂ ਸਾਹਮਣੇ ਲਿਆਉਣ ਲਈ ਇੱਕ ਤੱਥ ਖੋਜ ਕਮੇਟੀ ਬਣਾਕੇ ਪੜਤਾਲ ਕਰਨ ਦਾ ਫੈਸਲਾ ਕੀਤਾ। ਇਕਾਈ ਦੇ ਪ੍ਰਧਾਨ ਸੇਵਾਮੁਕਤ ਪਿੰਸੀਪਲ ਬੱਗਾ ਸਿੰਘ ਦੀ ਅਗਵਾਈ ਵਿੱਚ ਗਠਿਤ ਇਸ ਕਮੇਟੀ ਵਿੱਚ ਮੀਤ ਪ੍ਰਧਾਨ ਸੇਵਾ ਮੁਕਤ ਪਿੰਸੀਪਲ ਰਣਜੀਤ ਸਿੰਘ, ਐਡਵੋਕੇਟ ਐਨ.ਕੇ.ਜੀਤ, ਚੀਫ ਫਾਰਮਾਸ਼ਿਸਟ ਭੋਜ ਰਾਜ ਗੁਪਤਾ ਅਤੇ ਸੂਬਾ ਕਮੇਟੀ ਮੈਂਬਰ ਪ੍ਰਿਤਪਾਲ ਸਿੰਘ ਸ਼ਾਮਲ ਸਨ।

ਕਮੇਟੀ ਨੇ ਪੀੜਤ ਔਰਤ ਅਮਰਜੀਤ ਕੌਰ, ਉਸਦੇ ਪਰਿਵਾਰ, ਗਵਾਂਢੀਆਂ ਅਤੇ ਪਿੰਡ ਦੇ ਲੋਕਾਂ ਨੂੰ ਮਿਲਕੇ ਤੱਥ ਇਕੱਤਰ ਕੀਤੇ, ਪੀੜਤ ਦੀ ਡਾਕਟਰੀ ਰਿਪੋਰਟ (Medico Legal Report), ਕੋਟਫੱਤੇ ਥਾਣੇ ਦੀਆਂ ਦੋਵੇਂ ਐਫ.ਆਈ.ਆਰਾਂ- ਨੰ: 125 ਮਿਤੀ 27.12.2013 ਅਤੇ ਨੰ: 126 ਮਿਤੀ 29.12.2013 ਅਤੇ ਹੋਰ ਦਸਤਾਵੇਜ਼ਾਂ ਦੀ ਵੀ ਘੋਖ ਪੜਤਾਲ ਕੀਤੀ।

ਤੱਥ:
ਕਮੇਟੀ ਵੱਲੋਂ ਇੱਕਤਰ ਕੀਤੇ ਤੱਥਾਂ ਅਨੁਸਾਰ ਪੀੜਤ ਔਰਤ ਅਮਰਜੀਤ ਕੌਰ, ਉਮਰ ਲੱਗਭੱਗ 40-45 ਸਾਲ, ਪਿੰਡ ਫੂਸ ਮੰਡੀ ਦੇ ਇੱਕ ਦਲਿਤ ਪ੍ਰੀਵਾਰ ਨਾਲ ਸਬੰਧ ਰੱਖਦੀ ਹੈ ਅਤੇ ਪਿੰਡ ਵਿੱਚ ਹੀ  ਆਸ਼ਾ ਸਹਾਇਕ ਦੇ ਵਜੋਂ ਕੰਮ ਕਰਦੀ ਹੈ। ਉਹ ਆਪਣੇ ਪਤੀ ਬਲਦੇਵ ਸਿੰਘ ਨਾਲ ਮਿਲਕੇ ਸਾਝੇ ਪ੍ਰੀਵਾਰ ਨਾਲ ਰਹਿਦੀ ਹੈ। ਪ੍ਰੀਵਾਰ ਵਿੱਚ ਕੁੱਲ 12 ਮੈਂਬਰ ਹਨ। ਬਲਦੇਵ ਸਿੰਘ ਅਤੇ ਉਸਦਾ ਭਾਈ ਜਸਵੰਤ ਸਿੰਘ ਖੇਤ ਮਜ਼ਦੂਰ ਹਨ। ਅਮਰਜੀਤ ਕੌਰ ਦੇ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ। ਵੱਡੀ ਲੜਕੀ ਵਿਆਹੀ ਹੋਈ ਹੈ।ਦੁਸਰੀ ਦੀ ਉਮਰ 19 ਸਾਲ ਹੈ ਅਤੇ ਛੋਟੀ ਲੜਕੀ ਦਸਵੀ ਵਿੱਚ ਅਤੇ ਇੱਕ ਲੜਕਾ ਬਾਰਵੀਂ ਵਿੱਚ ਪੜ੍ਹਦਾ ਹੈ। ਉਸਦਾ ਭਤੀਜਾ ਦਿਮਾਗ ਪੱਖੋਂ ਸਧਾਰਨ ਹੈ। ਇਸੇ ਪਿੰਡ ਦੀ ਇੱਕ ਹੋਰ ਔਰਤ ਸੁਰਜੀਤ ਕੌਰ ਵੀ ਆਸ਼ਾ ਸਹਾਇਕ ਲੱਗੀ ਹੋਈ ਹੈ ਜਿਸਨੂੰ ਅਮਰਜੀਤ ਕੌਰ ਨੇ ਹੀ ਇਸ ਨੌਕਰੀਤੇ ਲਗਵਾਇਆ ਸੀ।

26 ਦਸੰਬਰ ਦੀ ਸ਼ਾਮ ਨੂੰ ਕੋਟਫੱਤਾ ਪੁਲਸ ਨੇ ਅਮਰਜੀਤ ਕੌਰ ਨੂੰ ਥਾਣੇ ਬੁਲਇਆ ਅਤੇ ਉਸਨੂੰ ਕਿਹਾ ਗਿਆਂ ਕਿ ਸੁਰਜੀਤ ਕੌਰ ਨੇ ਉਸਦੇ ਖਿਲਾਫ਼, ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਅੱਠ ਤੋਲੇ ਸੋਨਾ ਅਤੇ ਦਸ ਹਜ਼ਾਰ ਰੁਪਏ ਨਗਦ ਚੌਰੀ ਕਰਨ ਬਾਰੇ ਸ਼ਿਕਾਇਤ ਕੀਤੀ ਹੈ। ਪਤਾ ਲੱਗਣ ਤੇ ਪਿਂਡ ਦੇ ਲੋਕ ਇਕੱਠੇ ਹੋਕੇ ਤੁਰੰਤ ਥਾਣੇ ਪਹੁੰਚ ਗਏ ਅਤੇ ਉਸਦੀ ਬੇਗੁਨਾਹੀ ਦੀ ਗਵਾਹੀ ਪਾਈ | ਪੁਲਸ ਨੇ ਉਸਨੂੰ ਸਰਸਰੀ ਪੁੱਛਗਿੱਛ ਕਰਨ ਤੋਂ ਬਾਦ ਵਾਪਸ ਭੇਜ ਦਿੱਤਾ।
27 ਫਰਵਰੀ ਨੂੰ ਪੁਲਸ ਫਿਰ ਉਸਨੂੰ ਫੜਕੇ ਥਾਣੇ ਲੈ ਗਈ। ਇਸ ਪੁਲਸ ਟੋਲੀ ਦੀ ਅਗਵਾਈ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਕਰ ਰਿਹਾ ਸੀ। ਸ਼ਾਮ ਦਾ ਸਮਾਂ ਹੋਣ ਦੇ ਬਾਵਜੂਦ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਥਾਣੇ ਪਹੁੰਚ ਗਏ। ਉਹਨਾਂ ਵਿੱਚ ਮੌਜੂਦਾ ਸਰਪੰਚ, ਸਾਬਕਾ ਸਰਪੰਚ, ਪੰਚਾਇਤ ਮੈਂਬਰ ਆਦਿ ਵੀ ਸ਼ਾਮਲ ਸਨ। ਲੋਕਾਂ ਦੇ ਇਕੱਠ ਮੂਹਰੇ ਪੇਸ਼ ਨਾ ਚਲਦੀ ਵੇਖ ਕੇ ਉਸ ਦਿਨ ਵੀ ਪੁਲਸ ਨੇ ਪੁੱਛਗਿੱਛ ਕਰਨ ਤੋਂ ਬਾਅਦ ਅਮਰਜੀਤ ਕੌਰ ਨੂੰ ਵਾਪਸ ਭੇਜ ਦਿੱਤਾ।
28 ਦਸੰਬਰ ਨੂੰ ਪਿੰਡ ਵਿੱਚ ਇੱਕ ਲੜਕੇ ਦਾ ਵਿਆਹ ਸੀ ਅਤੇ ਇਥੋਂ ਦੇ ਬਹੁਤੇ ਲੋਕ, ਖਾਸ ਤੌਰ ਤੇ ਮੋਹਤਬਰ ਵਿਅਕਤੀ ਇਸ ਵਿਆਹ ਵਿੱਚ ਬਰਾਤ ਗਏ ਹੋਏ ਸਨ। ਥਾਣੇਦਾਰ ਦਰਸ਼ਨ ਸਿੰਘ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਦੁਪਹਿਰ ਵੇਲੇ ਅਮਰਜੀਤ ਕੌਰ ਨੂੰ ਉਸ ਦੇ ਘਰੋਂ ਚੁੱਕ ਲਿਆ। ਉਸਦੀ ਲੜਕੀ ਪਿੰਡ ਦੇ ਸਰਪੰਚ ਅਤੇ ਪੰਚਇਤ ਮੈਂਬਰਾਂ ਨੂੰ ਬਲਾਉਣ ਗਈ, ਪ੍ਰੰਤੂ ਪੁਲਸ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ ਸੀ, ਇਸ ਲਈ ਪੁਲਸ ਨੇ ਅਮਰਜੀਤ ਕੌਰ ਨੂੰ ਆਵਦੀ ਗੱਡੀ ਵਿੱਚ ਸੁੱਟਕੇ ਥਾਣੇ ਕੋਟਫੱਤੇ ਲੈ ਆਂਦਾ।
ਪੀਤੜ ਔਰਤ, ਉਸਦੇ ਪਰਿਵਾਰ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਜਦੋਂ ਉਸ ਨੂੰ 26, 27 ਅਤੇ 28 ਦਸੰਬਰ ਨੂੰ ਹਿਰਾਸਤ ਵਿੱਚ ਲਿਆ ਅਤੇ ਪੁੱਛਗਿਛ ਕੀਤੀ ਤਾਂ ਕੋਈ ਔਰਤ ਪੁਲਸ ਮੁਲਾਜ਼ਮ ਉਥੇ ਮੌਜੂਦ ਨਹੀਂ ਸੀ।

ਨਜਾਇਜ਼ ਬੰਦੀ ਅਤੇ ਤਸ਼ੱਦਦ:-
28 ਦਸੰਬਰ ਨੂੰ ਜਦੋਂ ਉਸਨੂੰ ਥਾਣੇ ਲਿਆਂਦਾ ਗਿਆ ਤਾਂ ਉਸਨੂੰ  ਬਕਾਇਦਾ ਗ੍ਰਿਫਤਾਰ ਨਹੀਂ ਕੀਤਾ ਗਿਆ। ਕੋਟਫੱਤੇ ਦਾ ਮੁੱਖ ਥਾਣੇਦਾਰ ਕਾਬਲ ਸਿੰਘ ਉਸ ਮੌਕੇ ਹਾਜ਼ਰ ਸੀ। ਉਸ ਨੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਤਫਤੀਸ਼ ਲਈ ਅਮਰਜੀਤ ਕੌਰ ਨੂੰ ਥਾਣੇ ਅੰਦਰਲਿਆਂ ਕਮਰਿਆਂ ਵਿੱਚ ਲਿਜਾਕੇ ਪੁੱਛਗਿਛ ਕਰਨ ਦਾ ਹੁਕਮ ਦਿੱਤਾ। ਦਰਸ਼ਨ ਸਿੰਘ ਨੇ ਉਸਨੂੰ ਅੰਦਰ ਲਿਜਾਕੇ ਪਹਿਲਾਂ ਉਸਦੀ ਸ਼ਾਲ ਲਾਹ ਦਿੱਤੀ, ਫਿਰ ਵਾਲਾਂ ਤੋਂ ਫੜ੍ਹ ਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ, ਉਸਦਾ ਸਿਰ ਕੰਧ ਨਾਲ ਮਾਰਿਆ, ਵਾਲ ਪੁੱਟ ਸੁੱਟੇ ਅਤੇ ਕਪੜੇ ਪਾੜ ਦਿੱਤੇ ਤੇ ਘਸੁੰਨ , ਮੁੱਕੇ ਅਤੇ ਲੱਤਾਂ ਮਾਰੀਆਂ। ਇਹ ਜਾਬਰ ਅਤੇ ਅਣਮਨੁੱਖੀ ਤਸ਼ੱਦਦ ਕਰਨ ਵੇਲੇ ਕੋਈ ਔਰਤ ਪੁਲਸ ਮੁਲਾਜ਼ਮ ਹਾਜ਼ਰ ਨਹੀਂ ਸੀ।
ਅਮਰਜੀਤ ਕੌਰ ਦੇ ਪਰਿਵਾਰ ਦੇ ਕੁੱਝ ਮੈਂਬਰ ਪਿੰਡ ਦੇ ਕੁਝ ਲੋਕਾਂ ਸਮੇਤ ਰਾਤ ਨੂੰ ਥਾਣੇ ਮੂਹਰੇ ਪੁੱਜ ਗਏ, ਪਰ ਪੁਲਸ ਨੇ ਨਾ ਤਾਂ ਉਹਨਾਂ ਨੂੰ ਅਮਰਜੀਤ ਕੌਰ ਨੂੰ ਮਿਲਣ ਦਿੱਤਾ ਅਤੇ ਨਾ ਹੀ ਰੋਟੀ ਵਗੇਰਾ ਦੇਣ ਦਿੱਤੀ।
29 ਦਸੰਬਰ ਨੂੰ ਸਵੇਰ ਤੱਕ ਫੁਸ ਮੰਡੀ ਦੇ ਜੋ ਲੋਕ ਬਰਾਤ ਗਏ ਸਨ ਵਾਪਸ ਆ ਗਏ। ਪਿੰਡ ਦੇ ਸਾਬਕਾ ਅਤੇ ਮੌਜੂਦਾ ਸਰਪੰਚ ਅਤੇ ਹੋਰਾਂ ਵੱਲੋਂ ਇਲਾਕੇ ਦੇ ਵਿਧਾਇਕ ਸਰਦਾਰ ਦਰਸ਼ਨ ਸਿੰਘ ਕੋਟਫੱਤਾ ਨਾਲ ਸੰਪਰਕ ਕਰਕੇ ਉਸਨੂੰ ਸਾਰੇ ਮਸਲੇ ਦੀ ਜਾਣਕਾਰੀ ਦਿਤੀ ਗਈ | ਜਦੋਂ ਪਿੰਡ ਦੇ ਲੋਕਾਂ ਨੇ ਸਵੇਰੇ ਥਾਣੇ ਅੱਗੇ ਧਰਨਾ ਲਾਇਆ ਤਾਂ ਵਿਧਾਇਕ ਦਰਸ਼ਨ ਸਿੰਘ ਦਾ ਭਰਾ ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ। ਧਰਨੇ ਨੂੰ ਦੇਖ ਕੇ ਮੁੱਖ ਅਫਸਰ ਕਾਬਲ ਸਿੰਘ ਉਥੇ ਪਹੁੰਚ ਗਿਆ। ਲੋਕਾ ਦੇ ਰੋਹ ਨੂੰ ਭਾਂਪਦਿਆਂ ਉਸਨੇ ਅਮਰਜੀਤ ਕੌਰ ਨੂੰ ਨਜਾਇਜ ਹਿਰਾਸਤ ਵਿੱਚੋਂ ਰਿਹਾਅ ਕਰਨਾ ਮੰਨ ਲਿਆ। ਥਾਣੇ ਵਿੱਚੋਂ ਬਾਹਰ ਆਕੇ ਅਮਰਜੀਤ ਕੌਰ ਨੇ ਉਥੇ ਜੁੜੇ ਲੋਕਾਂ ਦੇ ਸਾਹਮਣੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਵੱਲੋਂ ਉਸਤੇ ਕੀਤੇ ਵਹਿਸ਼ੀ ਤਸ਼ੱਦਦ ਅਤੇ ਥਾਨੇਦਾਰ ਕਾਬਲ ਸਿੰਘ ਦੇ ਇਸ ਵਿਚ ਰੋਲ ਦੀ ਸਾਰੀ ਕਹਾਣੀ ਬਿਆਨ ਕੀਤੀ। ਉਸਨੇ ਆਪਣੇ ਪਾਟੇ ਹੋਏ ਕਪੜੇ ਅਤੇ ਪੁੱਟੇ ਹੋਏ ਵਾਲ ਵੀ ਲੋਕਾਂ ਨੂੰ ਦਿਖਾਏ।
ਧਰਨੇ ਤੇ ਬੈਠੇ ਲੋਕਾਂ ਨੇ ਉੱਚ ਅਧਿਕਾਰੀਆਂ ਅਤੇ ਪੱਤਰਕਾਰਾਂ ਨਾਲ ਸੰਪਰਕ ਕਰਕੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਅਮਰਜੀਤ ਕੌਰ ਨੂੰ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾ ਦਿੱਤਾ ਜਿਥੇ ਉਸਦਾ ਡਾਕਟਰੀ ਮੁਆਇਨਾ ਕੀਤਾ ਗਿਆ। ਅਮਰਜੀਤ ਕੌਰ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਸ ਨੇ ਉਹਨਾਂ ਤੇ ਦਬਾਅ ਪਾਕੇ ਉਸੇ ਦਿਨ ਸ਼ਾਮ ਨੂੰ ਹੀ ਅਮਰਜੀਤ ਕੌਰ ਦੀ ਹਸਪਤਾਲੋਂ ਛੁੱਟੀ ਕਰਵਾ ਦਿੱਤੀ ਹਾਲਾਂਕਿ ਉਸਨੂੰ ਡਾਕਟਰੀ ਸਹਾਇਤਾ ਅਤੇ ਇਲਾਜ ਦੀ ਸਖਤ ਲੋੜ ਸੀ।

ਪੁਲਸ ਹਰਕਤ ਵਿੱਚ ਆਈ:-
ਪਿੰਡ ਦੇ ਮੋਹਤਬਰ ਲੋਕਾਂ ਅਤੇ ਪੱਤਰਕਾਰਾਂ ਵੱਲੋਂ ਮਾਮਲਾ ਸੀਨੀਅਰ ਪੁਲਸ ਕਪਤਾਨ, ਬਠਿੰਡਾ ਦੀ ਜਾਣਕਾਰੀ ਵਿੱਚ ਲ਼ਿਆਂਉਣ ਤੇ, ਉਸਨੇ ASP ਬੀਬੀ ਅਲਕਾ ਮੀਨਾ ਨੂੰ ਮਾਮਲੇ ਦੀ ਪੜਤਾਲ ਕਰਨ ਲਈ ਭੇਜ ਦਿੱਤਾ। ਮੁੱਖ ਅਫਸਰ ਕਾਬਲ ਸਿੰਘ ਨੇ ਆਂਪਣੇ ਆਪਨੂੰ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ।  ਅਮਰਜੀਤ ਕੌਰ ਦੇ ਖਿਲਾਫ਼ ਕਾਹਲੀ ਨਾਲ  ਥਾਣਾ ਕੋਟ ਫੱਤਾ ਵਿੱਚ ਐਫ.ਆਈ.ਆਰ. ਨੰ: 125 ਪਿਛਲੀ ਤਰੀਕ ਵਿੱਚ ਦਰਜ ਕਰਨਾ, ਉਸਦੇ ਪਰਿਵਾਰ ਤੇ ਦਬਾਅ ਪਾਕੇ ਉਸਨੂੰ ਸਿਵਲ ਹਸਪਤਾਲ ਚੋ ਡਿਸਚਾਰਜ ਕਰਵਾਉਣਾ, ਇਸੇ ਦਿਸ਼ਾ ਵਿੱਚ ਪੁੱਟੇ ਕਦਮ ਸਨ।
ASP ਬੀਬੀ ਅਲਕਾ ਮੀਨਾ ਨੇ ਤੁਰੰਤ ਪੀੜਤ ਦੇ ਘਰ ਜਾਕੇ ਮਾਮਲੇ ਦੀ ਵਿਸਥਾਰ ਪੂਰਵਕ ਜਾਂਚ ਕੀਤੀਂ ਅਤੇ ਬਾਦ ਵਿੱਚ ਪੀੜਤ ਦੇ ਪਤੀ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁੱਖ ਅਫਸਰ ਕਾਬਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਖਿਲ਼ਾਫ਼ ਆਈ.ਪੀ.ਸੀ ਦੀ ਧਾਰਾ 323 (ਜਾਣਬੁੱਝਕੇ ਸੱਟਾਂ ਮਾਰਨ), 342 (ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣਾ) ਅਤੇ ਅਨੁਸੂਚਿਤ ਜਾਤਾਂ ਅਤੇ ਕਬੀਲਿਆਂ ਤੇ ਜਬਰ ਰੋਕੂ ਕਾਨੂੰਨ ਦੀ ਧਾਰਾ 3 ਅਤੇ 4 ਤਹਿਤ ਮੁਕੱਦਮਾ ਨੰ: 126, ਕੋਟਫੱਤਾ ਥਾਣੇ ਵਿੱਚ ਦਰਜ ਕਰਵਾ ਦਿੱਤਾ।
ਇਸ ਮਾਮਲੇ ਦਾ ਮੀਡੀਆ ਅਤੇ ਕੇਂਦਰੀ ਸਰਕਾਰ ਦੇ ਅਨੁਸ਼ੂਚਿਤ ਜਾਤੀ ਕਮਿਸ਼ਨ ਨੇ ਵੀ ਗੰਭੀਰ ਨੋਟਿਸ ਲਿਆ। ਕਮਿਸ਼ਨ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਦੌਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੇ ਸਖਤ ਨਿਰਦੇਸ਼ ਦਿੱਤੇ ਗਏ। ਪ੍ਰੰਤੂ ਇਸ ਸੱਭ ਕਾਸੇ ਦੇ ਬਾਵਜੂਦ ਅਜੇ ਸਿਰਫ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਥਾਣੇਦਾਰ ਕਾਬਲ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਪੁਲਸ, 'ਡੂੰਘੀ ਪੜਤਾਲ ਕਰਨ' ਦੇ ਬਹਾਨੇ ਹੇਠ ਟਾਲਾ ਵੱਟ ਰਹੀ ਹੈ।

ਪੀੜਤ ਡੂੰਘੇ ਸਦਮੇ ਵਿੱਚ:-
ਪੀੜਤ ਅਮਰਜੀਤ ਕੌਰ ਇਸ ਵਹਿਸ਼ੀ ਘਟਨਾ ਕਾਰਨ ਨਾ ਸਿਰਫ ਸਰੀਰਕ ਪੀੜ ਤੋਂ ਪਰੇਸ਼ਾਨ ਹੈ ਸਗੋਂ ਡੂੰਘੇ ਸਦਮੇਂ ਵਿੱਚ ਹੈ। ਦਿਨ ਵਿੱਚ ਅਤੇ ਰਾਤ ਵੇਲੇ ਉਹ ਆਂਪਣੇ ਤੇ ਹੋਏ ਤਸ਼ੱਦਦ ਨੂੰ ਯਾਦ ਕਰਕੇ ਅੱਬੜਵਾਹੇ ਉੱਠ ਖੜਦੀ ਹੈ, ਪਾਗਲਾਂ ਵਾਗ ਹਰਕਤਾਂ ਕਰਨ ਲੱਗ ਜਾਂਦੀ ਹੈ ਅਤੇ ਚੀਕਾਂ ਮਾਰਦੀ ਹੈ। ਤੱਥ ਖੋਜ ਕਮੇਟੀ ਦੇ ਮੈਂਬਰਾਂ ਨੂੰ ਉਸਨੇ ਆਪਨੇ ਸਿਰ, ਖੱਬੀ ਬਾਂਹ, ਢਿੱਡ, ਚੇਹਰੇ ਅਤੇ ਸਰੀਰ ਦੇ ਹੋਰ ਹਿਸਿਆਂ ਤੇ ਲੱਗੀਆਂ ਸੱਟਾਂ ਦਿਖਾਈਆਂ। ਪਿੰਡ ਦੇ ਮੋਹਤਬਰ ਲੋਕ ਵੱਖ-ਵੱਖ ਡਾਕਟਰਾਂ ਤੋਂ ਉਸਦਾ ਇਲਾਜ ਕਰਵਾ ਰਹੇ ਹਨ। ਪੇਟ ਦੀਆਂ ਸੱਟਾਂ ਲਈ ਉਸਦਾ ਡਾ. ਰੁਪਿੰਦਰ ਸਿੱਧੂ ਕੋਲੋੰ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਦਿਮਾਗੀ ਪ੍ਰੇਸ਼ਾਨੀ ਲਈ ਮਾਨਸਿਕ ਰੋਗਾਂ ਦੇ ਮਾਹਰ ਡਾ. ਸੁਸ਼ੀਲ ਵਰਮਾਂ ਕੋਲੋਂ । ਪੁਲਸ ਵੱਲੋਂ ਉਸਦੇ ਖਿਲਾਫ਼ ਸਰਜੀਤ ਕੌਰ ਦੇ ਘਰ ਵਿੱਚ ਵੜਕੇ ਗਹਿਣੇ ਅਤੇ ਨਗਦੀ ਚੋਰੀ ਕਰਨ ਸਬੰਧੀ ਦਰਜ ਕੀਤੀ FIR ਜਿਸਨੂੰ ਲੱਗਭੱਗ ਸਾਰੇ ਲੋਕ ਝੂਠੀ ਦਸਦੇ ਹਨ, ਵਿੱਚ ਪੁਲਸ ਵੱਲੋਂ ਉਸ ਨੂੰ ਫੜਕੇ ਮੁੜ ਤਸ਼ੱਦਦ ਦਾ ਸ਼ਿਕਾਰ ਬਣਾਏ ਜਾਣ ਦੇ ਡਰ ਤੋਂ ਵੀ ਉਹ ਖੌਫ ਜ਼ਦਾ ਹੈ।

ਘਟਨਾ ਦਾ ਪਿਛੋਕੜ:-
ਪੀੜਤ ਅਮਰਜੀਤ ਕੌਰ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ, ਆਸ਼ਾ ਸਹਾਇਕ ਵਜੋਂ ਕੰਮ ਕਰਦੀਆਂ ਦੋਵੇਂ ਦਲਿਤ ਔਰਤਾਂ (ਅਮਰਜੀਤ ਕੌਰ ਅਤੇ ਸਰਜੀਤ ਕੌਰ) ਦੇ ਕੇਸ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਰੱਕੀ/ਪੱਕੇ ਕਰਨ ਵਗੈਰਾ ਲਈ ਵਿਚਾਰੇ ਜਾਣੇ ਸਨ।ਸੀਨੀਅਰ ਹੋਣ ਕਾਰਨ ਅਮਰਜੀਤ ਕੌਰ ਦਾ ਪਹਿਲਾ ਨੰਬਰ ਸੀ। ਉਸਦਾ ਕੈਰੀਅਰ ਖਰਾਬ ਕਰਨ ਲਈ ਸੁਰਜੀਤ ਕੌਰ ਤੇ ਉਸਦੇ ਪਤੀ ਨੇ ਉਸ ਤੇ ਚੋਰੀ ਦਾ ਇਲਜਾਮ ਲਾਇਆ ਤਾਂ ਜੋ ਉਹ ਤਰੱਕੀ/ਪੱਕੇ ਹੋਣ ਦਾ ਲਾਭ ਨਾ ਲੈ ਸਕੇ। ਇਸ ਕੰਮ ਲਈ ਉਹਨਾਂ ਸਬੰਧਤੇ ਪੁਲਸ ਅਧਿਕਾਰੀਆਂ ਨਾਲ ਗੰਢ-ਤੁੱਪ ਕੀਤੀ ਹੋਈ ਸੀ।

ਸਿੱਟੇ:-
ਪੀੜਤ, ਉਸਦੇ ਪਰਿਵਾਰ, ਪਿੰਡ ਦੇ ਲੋਕਾਂ ਅਤੇ ਅਧਿਕਾਰੀਆਂ ਤੋਂ ਇਕੱਤਰ ਕੀਤੀ ਜਾਣਕਾਰੀ ਅਤੇ ਇਸ ਕੇਸ ਨਾਲ ਸਬੰਧਤ ਡਾਕਟਰੀ ਅਤੇ ਪੁਲਸ ਰਿਕਾਡ ਦੇਖਣ ਤੋਂ ਬਾਅਦ ਸਭਾ ਇਸ ਸਿੱਟੇ ਤੇ ਪਹੁੰਚਦੀ ਹੈ ਕਿ:-

(1) ਪੁਲਸ ਦੀ ਇਸ ਮਾਮਲੇ ਵਿੱਚ ਕਾਰਗੁਜਾਰੀ ਗੈਰ ਕਾਨੂੰਨੀ ਹੈ। ਪੁਲਸ ਨੇ ਸਿਰਫ ਕਾਨੂੰਨ ਦੀ ਉਲੰਘਣਾ ਹੀ ਨਹੀ ਕੀਤੀ ਸਗੋਂ ਲੋਕਾਂ, ਖਾਸ ਤੌਰ ਤੇ ਔਰਤਾਂ ਦੀ ਰਾਖੀ ਲਈ ਘੜੇ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਹਨ। ਇਸ ਮਾਮਲੇ ਵਿੱਚ ਥਾਣਾ ਕੋਟਫੱਤਾ ਦਾ ਮੁੱਖ ਅਫਸਰ ਕਾਬਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਪੂਰੀ ਤਰਾਂ ਜੁੰਮੇਦਾਰ ਹਨ।

(2) ਜਾਬਤਾ ਫੋਜਦਾਰੀ (Cr.P.C..) ਦੀ ਧਾਰਾ 46(4) ਵਿੱਚ ਸਾਫ ਦਰਜ ਹੈ ਕਿ ਕਿਸੇ ਵੀ ਔਰਤ ਨੂੰ ਸੂਰਜ ਛਿੱਪਣ ਤੋਂ ਬਾਅਦ ਅਤੇ ਸੂਰਜ ਨਿਕਲਣ ਤੋਂ ਪਹਿਲਾਂ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਜੇ ਕਿਸੇ ਵਿਸ਼ੇਸ਼ ਹਾਲਤ ਵਿੱਚ ਇਉਂ ਕਰਨਾ ਜਰੂਰੀ ਹੋਵੇ ਤਾਂ ਇੱਕ ਔਰਤ ਪੁਲਸ ਅਧਿਕਾਰੀ ਸਬੰਧਤ ਨਿਆਂਇੰਕ ਮੈਜਿਸਟਰੇਟ ਨੂੰ ਲਿਖਤੀ ਰਿਪੋਰਟ ਪੇਸ਼ ਕਰਕੇ ਅਗਾਉਂ ਪ੍ਰਵਾਨਗੀ ਹਾਸਲ ਕਰੇਗੀ। ਪ੍ਰੰਤੂ ਇਸ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਗਿਆ।

(3) ਜਾਬਤਾ ਫੌਜਦਾਰੀ ਦੀ ਧਾਰਾ 50 ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਸਮੇਂ ਪੁਲਸ ਅਫਸਰ ਨੇ ਉਸਨੂੰ ਆਪਣੇ ਨਾਂ, ਅਤੇ ਅਹੁਦੇ ਦੀ ਜਾਣਕਾਰੀ ਦੇਣੀ ਹੈ, ਉਸਦੇ ਖਿਲਾਫ਼ ਦੋਸ਼ ਅਤੇ ਦਰਜ ਮੁੱਕਦਮੇਂ ਬਾਰੇ ਦੱਸਣਾ ਹੈ, ਉਸਦੀ ਗ੍ਰਿਫਤਾਰੀ ਦੀ ਸੂਚਨਾ ਉਸਦੇ ਸਕੇ ਸਬੰਧੀਆਂ ਨੂੰ ਦੇਣੀ ਹੈ, ਅਤੇ ਗ੍ਰਿਫਤਾਰ ਕੀਤੇ ਵਿਅਕਤੀ ਨੂੰ  ਕਿੱਥੇ ਰੱਖਿਆ ਜਾਵੇਗਾ, ਕਦੋਂ ਅਤੇ ਕਿਹੜੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਇਸ ਸਬੰਧੀ ਉਸਦੇ ਵਾਰਸਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ | ਧਾਰਾ 58 Cr.P.C. ਤਹਿਤ ਗ੍ਰਿਫਤਾਰ ਕੀਤੇ ਵਿਅਕਤੀ ਬਾਰੇ ਜ਼ਿਲਾ ਮੈਜਿਸਟਰੇਟ ਨੂੰ ਰਿਪੋਰਟ ਭੇਜਣੀ ਹੁੰਦੀ ਹੈ। ਪ੍ਰੰਤੂ ਬੀਬੀ ਅਮਰਜੀਤ ਕੌਰ ਦੇ ਸਬੰਧ ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ।

(4) ਕਿਉਂਕਿ ਬੀਬੀ ਅਮਰਜੀਤ ਕੌਰ ਨੂੰ ਬਿਨਾ ਕੋਈ ਕਾਨੂੰਨੀ ਕਾਰਵਾਈ ਕੀਤਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਪਰਿਵਾਰ ਦੀ ਹਾਜ਼ਰੀ ਵਿੱਚ ਜਬਰਦਸਤੀ ਘਰੋਂ ਚੁੱਕਆ ਹੇ, ਇਸ ਲਈ ਉਸਦੇ ਖਿਲਾਫ ਧਾਰਾ 362 ਅਤੇ 365 IPC ਤਹਿਤ ਜੁਰਮ ਵੀ ਬਣਦੇ ਹਨ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ਹੇਠਲੀ ਪੁਲਸ ਟੀਮ ਨੇ ਅਮਰਜੀਤ ਕੌਰ ਨੂੰ ਧਕੇ ਨਾਲ ਅਗਵਾ ਕੀਤਾ, ਉਸਨੂੰ ਨਜਾਇਜ ਹਿਰਾਸਤ ਵਿੱਚ ਰੱਖਿਆ ਅਤੇ ਕੁੱਟ ਮਾਰ ਕੀਤੀ। ਥਾਣੇਦਾਰ ਕਾਬਲ ਸਿੰਘ ਵੀ ਇਸ ਕੰਮ ਵਿੱਚ ਬਰਾਬਰ ਦਾ ਦੋਸ਼ੀ ਹੈ ਕਿਉਂਕਿ ਉਹ ਥਾਣੇ ਦਾ ਇੰਚਾਰਜ ਸੀ ਅਤੇ ਦਰਸ਼ਨ ਸਿੰਘ ਦੀਆਂ ਸਾਰੀਆਂ ਗੈਰ ਕਾਨੂੰਨੀ ਕਾਰਵਾਈਆਂ ਤੋਂ ਨਾ ਸਿਰਫ ਵਾਕਿਫ਼ ਸੀ; ਸਗੋਂ ਉਹ ਇਹਨਾਂ ਸਾਰੀਆਂ ਕਾਰਵਾਈਆਂ ਚ ਬਰਾਬਰ ਦਾ ਭਾਈਵਾਲ ਸੀ|

(5) ਜਿੱਥੋਂ ਤੱਕ ਪੀੜਤ ਅਮਰਜੀਤ ਕੌਰ ਦੇ ਖਿਲਾਫ਼ ਕੋਟਫੱਤਾ ਥਾਣੇ ਵਿੱਚ ਦਰਜ FIR. ਨੰ: 125 ਮਿਤੀ 27.12.2013 ਦਾ ਸੰਬੰਧ ਹੈ, ਸਭਾ ਸਮਝਦੀ ਹੈ ਕਿ ਪੁਲਸ ਨੇ ਆਂਪਣੀਆਂ ਗੈਰ ਕਾਨੂੰਨੀ ਕਾਰਵਾਈਆਂ ਤੇ ਪੜਦਾ ਪਾਉਣ ਲਈ ਇਹ ਝੂਠੀ ਦਰਜ ਕੀਤੀ ਹੈ। ਸਭਾ ਇਸ ਨਿਰਣੇ ਤੇ ਨਿਮਨ ਲਿਖਤ ਤੱਥਾਂ ਦੇ ਅਧਾਰ ਤੇ ਪਹੁੰਚੀ ਹੈ:

(ੳ). ਇਹ FIR ਕਾਹਲੀ ਵਿੱਚ ਦਰਜ ਕੀਤੀ ਗਈ ਹੈ। ਇਸ ਵਿਚ ਉਹ ਲੋੜੀਂਦੇ ਵੇਰਵੇ ਵੀ ਦਰਜ ਨਹੀਂ ਕੀਤੇ ਗਏ ਜੋ ਪੁਲਸ ਵੱਲੋਂ ਖੁਦ ਲਿਖੇ ਬਿਆਨ ਵਿੱਚ ਮਦੱਈ ਨੇ ਦਿੱਤੇ ਸਨ। ਮਿਸਾਲ ਵੱਜੋਂ ਮਦੱਈ ਅਨੁਸਾਰ ਉਸਦੇ ਘਰ ਚੋਰੀ ਦੀ ਘਟਨਾ 22.12.2013 ਤੋਂ ਪਹਿਲਾਂ ਵਾਪਰੀ। ਉਸਨੇ ਪੁਲਸ ਨੂੰ ਇਸਦੀ ਸੂਚਨਾ 5 ਦਿਨ ਬਾਅਦ 27.12.2013 ਨੂੰ ਦਿੱਤੀ। ਇਸਤਰਾਂ ਪੁਲਸ ਕੋਲ ਸੂਚਨਾ ਪਹੁੰਚਣ ਵਿੱਚ 5 ਦਿਨ ਦੀ ਦੇਰੀ ਸੀ। ਪਰ FIR ਦੇ ਪੈਰਾ ਨੰ: 8 ਵਿੱਚ ਜਿੱਥੇ ਸੂਚਨਾ ਦੇਣ ਵਿੱਚ ਦੇਰੀ ਅਤੇ ਇਸਦੇ ਕਾਰਨ ਦਰਜ ਕਰਣੇ ਹੁੰਦੇ ਹਨ, ਉਥੇ FIR ਦਰਜ ਕਰਨ ਵਾਲੇ ਅਧਿਕਾਰੀ ਨੇ ਲਿਖਿਆ ਹੈ ਕੋਈ ਦੇਰੀ ਨਹੀਂ ਹੋਈ

(ਅ). ਇਸੇ ਤਰਾਂ ਮੁਦਈ ਨੇ ਆਂਪਣੇ ਬਿਆਨ ਵਿੱਚ 8 ਤੋਲੇ ਸੋਨੇ ਦੇ ਗਹਿਣੇ ਅਤੇ ਦਸ ਹਜ਼ਾਰ ਰੁਪੈ ਨਗਦ ਚੋਰੀ ਹੋਣਾ ਦੱਸਿਆ ਗਿਆ ਹੈ ਪਰ FIR ਵਿੱਚ ਚੋਰੀ ਕੀਤੇ ਇਸ ਸਾਮਾਨ ਦਾ ਵੇਰਵਾ ਜੋ ਪੈਰਾ ਨੰਬਰ 9 ਵਿੱਚ ਦੇਣਾ ਹੁੰਦਾ ਹੈ, ਨਹੀਂ ਦਿੱਤਾ ਗਿਆ।

(ੲ). FIR ਵਿੱਚ ਦਰਜ ਕਹਾਣੀ ਅਨੁਸਾਰ ਮੁਦਈ ਸਰਜੀਤ ਸਿੰਘ ਨੇ ਥਾਣੇਦਾਰ ਦਰਸ਼ਨ ਸਿੰਘ ਕੋਲ 27.12.2013 ਨੂੰ ਸ਼ਾਮ ਦੇ 6 ਵਜਕੇ 40 ਮਿੰਟ ਤੇ ਆਪਣਾ ਬਿਆਨ ਬੱਸ ਅੱਡਾ ਕੋਟਫੱਤਾ ਵਿਖੇ ਦਰਜ ਕਰਵਾਇਆ। ਜਿਸਦਾ ਰੁੱਕਾ ਥਾਣੇ ਪੁਜਣ ਤੇ ਸ਼ਾਮ ਨੂੰ 8 ਵਜੇ FIR ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਘਟਨਾ ਬਾਰੇ ਪੁਲਿਸ ਕੋਲ ਕੋਈ ਰਿਪੋਟ ਨਹੀਂ ਸੀ ਲਿਖਵਾਈ ਗਈ। ਹੁਣ ਸਵਾਲ ਪੈਦਾ ਹੁੰਦਾ ਹੈ ਜੇ ਪੁਲਸ ਕੋਲ ਮਿਤੀ 27.12.2013 ਸ਼ਾਮ 6.40 ਵਜੇ ਤੱਕ ਕੋਈ ਰਪਟ ਨਹੀਂ ਸੀ ਤਾਂ ਅਮਰਜੀਤ ਕੌਰ ਨੂੰ ਪੁਲਸ ਨੇ 26.12.2013 ਨੂੰ ਥਾਣੇ ਕਿਸ ਜੁਰਮ ਤਹਿਤ ਬੁਲਇਆ ਸੀ? ਇਸੇ ਤਰਾਂ 27.12.2013 ਨੂੰ ਇਤਲਾਹ ਮਿਲਣ ਤੋਂ ਪਹਿਲਾਂ ਹੀ ਉਸਨੂੰ ਥਾਣੇ ਕਿਉਂ ਲੈ ਆਂਦਾ ਗਿਆ?

(ਸ) FIR ਅਨੁਸਾਰ ਮੁਦਈ ਸੁਰਜੀਤ ਸਿੰਘ ਨੇ ਆਵਦੇ ਬਿਆਨ ਵਿੱਚ ਪੀੜਤ ਅਮਰਜੀਤ ਕੌਰ ਨੂੰ ਦੋਸ਼ੀ ਟਿਕਿਆ ਸੀ। ਜੇ ਉਸ ਦਿਨ (27.12.2013) FIR ਵਿੱਚ ਉਸ ਦਾ ਨਾਂ ਸੀ ਤਾਂ ਥਾਣੇ ਲੈਕੇ ਆਉਣ ਦੇ ਬਾਵਜੂਦ ਉਸਨੂੰ ਬਕਾਇਦਾ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਇਸੇ ਤਰਾਂ 28.12.2013 ਨੂੰ ਵੀ ਉਸਨੂੰ ਸਾਰੀ ਰਾਤ ਗੈਰ ਕਾਨੂੰਨੀ ਹਿਰਾਸਤ ਵਿੱਚ ਕਿਉਂ ਰੱਖਿਆ ਗਿਆ? ਉਸਦੀ ਗ੍ਰਿਫਤਾਰੀ ਕਿਉਂ ਨਹੀਂ ਪਾਈ ਗਈ? ਜੇਕਰ ਸੱਚਮੱਚ ਹੀ ਪੀੜਤ ਅਮਰਜੀਤ ਕੌਰ ਦੇ ਖਿਲਾਫ਼ 27.12.2013 ਨੂੰ FIR ਦਰਜ ਸੀ ਤਾ 28.12.2013 ਨੂੰ ਜਦੋਂ ਉਸਨੂੰ ਘਰੋਂ ਜਬਰੀ ਚੁੱਕ ਕੇ ਲਿਆਂਦਾ ਸੀ ਉਦੋਂ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਅਤੇ ਫਿਰ ਅਦਾਲਤ ਚੋਂ ਜਮਾਨਤ ਮਿਲਣ ਤੇ ਹੀ ਰਿਹਾ ਕੀਤਾ ਜਾਣਾ ਚਾਹੀਦਾ ਸੀ।

(ਹ) ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਅਸਲ ਵਿੱਚ FIR ਨੰ: 125, ਮਿਤੀ 27.12.2013 ਨੂੰ ਦਰਜ ਨਹੀਂ ਕੀਤੀ ਗਈ ਸਗੋਂ 29.12.2013 ਨੂੰ ਲੋਕਾਂ ਵੱਲੋਂ ਥਾਂਣੇ ਮੂਹਰੇ ਲਾਏ ਧਰਨੇ ਦੇ ਦਬਾਅ ਅਧੀਨ ਪੀੜਤ ਅਮਰਜੀਤ ਕੌਰ ਨੂੰ ਨਜਾਇਜ ਹਿਰਾਸਤ ਚੋਂ ਰਿਹਾ  ਕਰਨ, ਉਸ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਕੇ ਮੈਡੀਕਲ ਕਰਵਾਉਣ ਅਤੇ ਉੱਚ ਪੁਲਸ ਅਧਿਕਾਰੀਆਂ ਦੇ ਹਰਕਤ ਵਿੱਚ ਆ ਜਾਣ ਤੋਂ ਬਾਦ, ਥਾਣਾ ਕੋਟ ਫੱਤਾ ਦੇ ਮੁੱਖ ਅਫਸਰ ਕਾਬਲ ਸਿੰਘ ਦੀ ਮਿਲੀ ਭੁਗਤ ਨਾਲ 29.12.2013 ਨੂੰ ਹੀ ਪਿਛਲੀ ਤਰੀਕ ਵਿੱਚ, ਦੋਸ਼ੀ ਪੁਲਸ ਅਫਸਰਾਂ ਨੂੰ ਬਚਾਉਣ ਲਈ ਦਰਜ ਕੀਤੀ ਗਈ। ਇਸ ਮੰਤਵ ਲਈ ਥਾਣੇ ਦੇ ਰੋਜ਼ਨਾਮਚੇ ਵਿੱਚ ਹੇਰਾ ਫੇਰੀ ਕੀਤੀ ਗਈ ਜਾਪਦੀ ਹੈ। ਇਹ ਇੱਕ ਗੰਭੀਰ ਮਸਲਾ ਹੈ ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਂਦੀ ਹੈ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ

(6) ਪਿੰਡ ਦੇ ਲੋਕਾਂ ਵੱਲੋਂ ਭਾਰੀ ਗਿਣਤੀ ਵਿੱਚ ਇਕੱਠੇ ਹੋਕੇ ਪੀੜਤ ਅਮਰਜੀਤ ਕੌਰ ਦੇ ਹੱਕ ਵਿੱਚ ਆਂਵਾਜ਼ ਉਠਾਉਣਾ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਨਾ ਇਸ ਘਟਨਾ ਦਾ ਸ਼ਾਨਦਾਰ ਪੱਖ ਹੈ। ਜੇਕਰ ਲੋਕ ਜਬਰ ਦੀਆਂ ਘਟਨਾਵਾਂ ਵਿਰੁੱਧ ਇਕੱਠੇ ਹੋਕੇ ਮੈਦਾਨ ਵਿੱਚ ਨਿਤਰਣ ਲੱਗ ਪੈਣ ਤਾ ਪੰਜਾਬ ਵਿੱਚ ਜਮਹੂ੍ਰੀ ਹੱਕਾਂ ਦੀ ਲਹਿਰ ਮਜਬੂਤ ਹੋ ਸਕਦੀ ਹੈ। ਸਭਾ ਸਮਝਦੀ ਹੈ ਕੇ ਅਗੋਂ ਲਈ ਵੀ ਲੋਕਾਂ ਨੂੰ ਇਸ ਕੇਸ ਸਬੰਧੀ ਲਗਾਤਾਰ ਸੁਚੇਤ ਰਹਿਣ ਅਤੇ ਆਵਦਾ ਇਕਠ ਬਣਾਈ ਰਖਣ ਦੀ ਲੋੜ ਹੈ।

(7) ਉੱਚ ਪੁਲਸ ਅਧਿਕਾਰੀਆਂ ਨੇ ਸ਼ੁਰੂ ਵਿੱਚ ਚਾਹੇ ਹਰਕਤ 'ਚ ਆਉਂਦਿਆਂ ਮਾਮਲੇ ਦੀ ਪੜਤਾਲ ਕਰਵਾਕੇ FIR ਦਰਜ ਕਰ ਲਈ, ਪਰ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ 'ਚ ਢਿੱਲ ਮੱਠ ਵਰਤੀ ਹੈ । ਸਹਾਇਕ ਥਾਣੇ ਥਾਣੇਦਾਰ ਦਰਸ਼ਨ ਸਿੰਘ ਨੂੰ ਕਈ ਦਿਨਾਂ ਬਾਂਅਦ ਗ੍ਰਿਫਤਾਰ ਕੀਤਾ ਗਿਆ, ਮੁੱਖ ਅਫਸਰ ਕਾਬਲ ਸਿੰਘ ਨੂੰ ਅਜੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਘਟਨਾ ਦੇ ਕਈ ਮਹੱਤਵ ਪੂਰਨ ਪੱਖਾਂ ਬਾਰੇ ਉਂਝ ਹੀ ਕੋਈ ਕਾਰਵਾਈ ਨਹੀਂ ਕੀਤੀ ।ਇਸ ਸੱਭ ਕਾਸੇ ਤੋਂ ਜਾਪਦਾ ਇਓਂ ਹੈ ਕਿ ਉੱਚ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਦਾ ਮਕਸਦ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਸਜਾ ਦਿਵਾਉਣਾ ਨਹੀਂ ਸਗੋਂ ਲੋਕਾਂ ਦੇ ਗੁਸੇ ਤੇ ਠੰਡਾ ਛਿੜਕਣਾ ਸੀ।

(8) ਇੱਕ ਦਲਿਤ ਔਰਤ ਨੂੰ ਸਾਰੇ ਕਾਨੂਨਾਂ ਦੀਆ ਧੱਜੀਆਂ ਉਡਾਕੇ, ਉਸਦੇ ਘਰੋਂ ਜਬਰੀ ਚੁੱਕ ਲਿਆਉਣਾ, ਥਾਣੇ ਵਿੱਚ ਨਜਾਇਜ ਢੰਗਾਂ ਨਾਲ ਬੰਦ ਕਰਕੇ ਉਸ ਉੱਤੇ ਵਹਿਸ਼ੀ ਜਬਰ ਢਾਹੁਣਾ, ਉਸਦੇ ਕੱਪੜੇ ਪਾੜਨਾ ਅਤੇ ਵਾਲ ਪੁੱਟਨਾ, ਇਹ ਸਾਰਾ ਕੁੱਝ ਪੁਲਸ ਦੇ ਦਲਿਤਾਂ ਅਤੇ ਔਰਤਾਂ ਪਰ੍ਤੀ ਜਾਬਰ ਅਤੇ ਦਬਾਊ ਰਵੱਈਏ ਦੀ ਉਘੜਵੀਂ ਮਿਸਾਲ ਹੈ। ਪੁਲਸ ਦਾ ਇਹ ਵਿਹਾਰ ਇਸ ਪਖੋਂ ਹੋਰ ਵੀ ਵਧ ਨਿਖੇਧੀ ਯੋਗ ਹੈ ਕਿਓਂਕੇ ਦਲਿਤਾਂ ਅਤੇ ਔਰਤਾਂ ਦੇ ਹਿਤਾਂ ਸੰਬੰਧੀ ਬਣੇ ਸਾਰੇ ਕ਼ਾਨੂਨਾਂ ਨੂੰ ਲਾਗੂ ਕਰਨ ਤੇ ਉਹਨਾਂ ਦੀ ਰਾਖੀ ਕਰਨ ਦੀ ਜ਼ਿਮੇੰਵਾਰੀ ਪੁਲਸ ਸਿਰ ਹੀ ਹੈ| ਇਹ ਕੋਈ ਕੱਲੀ ਕਹਿਰੀ ਘਟਨਾ ਨਹੀਂ। ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨ। ਲੋਕਾਂ ਦੀ ਜਾਗਰੂਕਤਾ ਅਤੇ ਹਰਕਤ-ਸ਼ੀਲਤਾ ਹੀ ਇਸ ਤੇ ਅਸਰਦਾਰ ਰੋਕ ਬਣ ਸਕਦੀ ਹੈ।

ਮੰਗਾਂ ਅਤੇ ਸੁਝਾਅ:-
(1) ਸਭਾ ਸਮਝਦੀ ਹੈ ਕਿ ਥਾਣੇਦਾਰ ਕਾਬਲ ਸਿੰਘ ਦੀ ਇਸ ਘਟਨਾ ਵਿੱਚ ਸ਼ਮੂਲੀਅਤ ਬਿਲਕੁਲ ਸਪੱਸ਼ਟ ਹੈ। ਇਸ ਲਈ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।

(2) ਪੀੜਤ ਅਮਰਜੀਤ ਕੌਰ ਦੇ ਖਿਲਾਫ ਦਰਜ FIR ਨੰ: 125 ਮਿਤੀ 27.12.2013 ਬਿਲਕੁਲ ਝੂਠੀ ਹੈ। ਇਹ ਮੁਦੱਈ ਸਰਜੀਤ ਸਿੰਘ ਨਾਲ ਗੰਢ-ਤੁੱਪ ਕਰਕੇ, ਇੱਕ ਸਾਜਿਸ਼ ਤਹਿਤ ਮੁੱਖ ਅਫਸਰ ਕਾਬਲ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੇ ਬਚਾਅ ਲਈ ਪਿਛਲੀ ਤਰੀਖ ਵਿੱਚ ਦਰਜ ਕੀਤੀ ਗਈ ਹੈ। ਨਾ ਸਿਰਫ ਪਿੰਡ ਦੇ ਲੋਕ ਅਜਿਹੇ ਵਾਕੇ ਦੇ ਵਾਪਰਨ ਤੋਂ ਇਨਕਾਰ ਕਰਦੇ ਹਨ, ਸਗੋਂ ਪੁਲਸ ਦਾ ਆਵਦਾ ਵਿਹਾਰ ਵੀ ਇਸ ਸਾਰੇ ਮਾਮਲੇ ਨੂੰ ਝੂਠਾ ਸਾਬਤ ਕਰਦਾ ਹੈ। ਇਸ ਲਈ FIR. ਨੰ:125 ਮਿਤੀ 27.12.2013 ਥਾਣਾ ਕੋਟਫੱਤਾ ਰੱਦ ਕੀਤੀ ਜਾਣੀ ਚਾਹੀਦੀ ਹੈ।
(3) FIR ਨੰ: 125 ਝੂਠੀ ਦਰਜ ਕਰਨ ਦੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਕੇ, ਜਿਹਨਾਂ ਪੁਲਸ ਅਧਿਕਾਰੀਆਂ ਨੇ ਪਿਛਲੀ ਤਾਰੀਖ ਵਿੱਚ ਇਹ ਝੂਠਾ ਮੁਕਦਮਾ ਦਰਜ ਕਰਨ ਲਈ ਥਾਣੇ ਦੇ ਰਿਕਾਰਡ ਵਿੱਚ ਹੇਰਾ ਫੇਰੀ ਕੀਤੀ ਹੈ, ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

(4) FIR ਨੰ: 126 ਵਿੱਚ ਪੀੜਤ ਅਮਰਜੀਤ ਕੌਰ ਨੂੰ ਜਬਰੀ ਘਰੋਂ ਅਗਵਾ ਕਰਨ ਦਾ ਦੋਸ਼ ਅਤੇ ਥਾਣੇ ਦੇ ਰਿਕਾਰਡ ਵਿੱਚ ਭੰਨ ਤੋੜ ਕਰਕੇ ਝੂਠੀ ਸ਼ਹਾਦਤ ਤਿਆਰ ਕਰਨ ਲਈ ਝੂਠਾਂ ਮੁਕੱਦਮਾ ਨੰ: 125 ਦਰਜ ਕਰਨ ਦੇ ਦੋਸ਼ ਵੀ ਸ਼ਾਂਮਲ ਕੀਤੇ ਜਾਣੇ ਚਾਹੀਦੇ ਹਨ।

(5) ਪੀੜਤ ਅਮਰਜੀਤ ਕੌਰ ਨੂੰ ਉਸ ਨਾਲ ਹੋਈ ਵਧੀਕੀ ਦੇ ਇਵਜ਼ਾਨੇ ਵਜੋਂ ਪੰਜਾਬ ਸਰਕਾਰ ਵੱਲੋਂ ਢੁਕਵਾਂ ਮੁਆਵਜਾ ਦਿੱਤਾ ਜਾਵੇ।

(6) ਪੁਲਸ ਹਿਰਾਸਤ ਵਿੱਚ ਜਬਰ ਦਾ ਮਾਮਲਾ ਹੋਣ ਕਰਕੇ, ਪੀੜਤ ਦਾ ਡਾਕਟਰੀ ਮੁਆਇਨਾ ਕਰਨ ਲਈ ਡਾਕਟਰਾਂ ਦਾ ਇੱਕ ਬੋਰਡ ਬਨਾਇਆ ਜਾਣਾ ਚਾਹੀਦਾ ਸੀ ਅਤੇ ਸਾਰੇ ਅਮਲ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਣੀ ਚਾਹੀਦੀ ਸੀ, ਕਿਓਂਕੇ ਪੁਲਸ ਅਕਸਰ ਆਪਨੇ ਆਪ ਨੂੰ ਬਚਾਉਣ ਲਈ ਇਕੱਲੇ ਕੈਹਰੇ ਡਾਕਟਰ ਤੇ ਦਬਾ ਪਾਉਂਦੀ ਹੈ| ਪ੍ਰੰਤੂ ਇਸ ਕੇਸ ਵਿਚ ਇਉਂ ਨਹੀਂ ਕੀਤਾ ਗਿਆ। ਇਸ ਨਾਲ ਤਸ਼ੱਦਦ ਦੇ ਅਹਿਮ ਸਬੂਤ ਮਿਟਾ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਸਾਰੇ ਡਾਕਟਰੀ ਅਧਿਕਾਰੀਆਂ ਨੂੰ ਉਪਰੋਕਤ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਤਸ਼ੱਦਦ ਦੇ ਸਬੂਤਾ ਨਾਲ ਛੇੜਛਾੜ ਨਾ ਕੀਤੀ ਜਾ ਸਕੇ।

ਜਾਰੀ ਕਰਤਾ: ਪਿੰਸੀਪਲ ਬੱਗਾ ਸਿੰਘ (ਸੇਵਾ ਮੁਕਤ)                  ਮਿਤੀ: 28 .01 .2014
          ਪ੍ਰਧਾਨ
          ਜਮਹੂਰੀ ਅਧਿਕਾਰ ਸਭਾ ਪੰਜਾਬ, ਇਕਾਈ ਬਠਿੰਡਾ
          ਸੰਪਰਕ – 9888986469 (੯੮੮੮੯੮੬੪੬੯)

ਬਲਾਤਕਾਰ ਦੇ ਦੋਸ਼ੀਆਂਅਤੇ ਸਮੇਂ ਸਿਰ ਕਾਰਵਾਈ ਨਾਂ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਡਾਕਟਰਾਂ ਨੂੰ ਢੁਕਵੀਂ ਸਜ਼ਾ ਦਿਵਾਉਣ ਲਈ ਲਈ ਅਵਾਜ਼ ਉਠਾਓ



ਗੰਧੜ ਪਿੰਡ ਚ
ਦਲਿਤ ਵਿਦਿਆਰਥਣ ਨਾਲ ਹੋਏ ਬਲਾਤਕਾਰ ਦੇ ਦੋਸ਼ੀਆਂ ਦੀ ਗ੍ਰਿਫਤਾਰੀ
ਅਤੇ ਸਮੇਂ ਸਿਰ ਕਾਰਵਾਈ ਨਾਂ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਡਾਕਟਰਾਂ ਨੂੰ

ਢੁਕਵੀਂ ਸਜ਼ਾ ਦਿਵਾਉਣ ਲਈ ਲਈ ਅਵਾਜ਼ ਉਠਾਓ




         24 ਜਨਵਰੀ ਨੂੰ ਜਦੋਂ ਸਾਰੇ ਪੰਜਾਬ ਦੀ ਪੁਲਸ ਗਣਤੰਤਰ ਦਿਵਸ ਦੀਆਂ ਤਿਆਰੀਆਂ ਚ ਰੁਝੀ  ਹੋਈ ਸੀ ਤਾਂ ਸਿਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਗੰਧੜ ਚ ਤਿਨ ਗੁੰਡੇ ਇਕ ਦਲਿਤ ਪਰਿਵਾਰ ਦੀ 8 ਵੀਂ ਚ ਪੜਦੀ ਨਾਬਾਲਿਕ ਲੜਕੀ ਤੇ ਝਪਟ ਪਏ ਅਤੇ ਉਸਦੀ ਇਜ਼ਤ ਨੂੰ ਤਾਰ ਤਾਰ ਕੀਤਾ | ਸਵੇਰੇ ਜਦੋਂ ਉਹ ਲੜਕੀ  ਸਕੂਲ ਜਾ ਰਹੀ ਸੀ ਤਾਂ ਇਹਨਾਂ ਤਿਨਾਂ ਗੁੰਡਿਆਂ ਨੇ ਉਸਨੂੰ ਧਕੇ ਨਾਲ ਚਕ ਕੇ ਅਤੇ ਧੂ ਕੇ ਇਕ ਗੁੰਡੇ ਦੇ ਘਰ ਲੈ ਆਂਦਾ| ਇਕ ਕਮਰੇ ਚ ਬੰਦ ਕਰਕੇ ਉਸਦੇ ਕਪੜੇ ਲਾਹ ਦਿਤੇ ਅਤੇ ਜਬਰਦਸਤੀ ਕਰਨ ਲਗੇ | ਮਜਲੂਮ ਕੁੜੀ ਨੇਂ ਰੌਲਾ ਪਾਇਆ, ਚੀਕਾਂ ਮਾਰੀਆਂ ਅਤੇ ਗੁੰਡਿਆਂ ਦਾ ਵਿਰੋਧ ਕੀਤਾ| ਉਸਦੀਆਂ ਚੀਕਾਂ ਸੁਨ ਕੇ ਇਕ ਔਰਤ ਉਥੇ ਆ ਗਈ ਜਿਸਨੂੰ ਦੇਖ ਕੇ ਗੁੰਡਿਆਂ ਨੂੰ ਉਸ ਨੂੰ ਛਡਣਾ ਪਿਆ| ਪਰ ਉਦੋਂ ਤਕ ਅਨਰਥ ਵਾਪਰ ਚੁਕਿਆ ਸੀ|

         ਗੁੰਡਿਆਂ ਦੀ ਗਿਰਫ਼ਤ ਚੋਂ ਰਿਹਾ ਹੋਕੇ ਕੁੜੀ ਨੇਂ ਆਪਨੇ ਮਾਂ ਪਿਉ ਨੂੰ ਆਪਣੇ ਤੇ ਵਾਪਰੇ ਕੈਹਰ ਦੀ ਕਹਾਣੀ ਦੱਸੀ| ਕੁੜੀ ਦਾ ਪਿਉ ਪਿੰਡ ਦੇ ਸਰਪੰਚ ਨਾਲ ਸੀਰੀ ਸੀ| ਉਹ ਮਦਦ ਦੀ ਆਸ ਲੈਕੇ ਸਰਪੰਚ ਕੋਲ ਗਿਆ ਪਰ ਸਰਪੰਚ ਉਸ ਨਾਲ ਥਾਣੇ ਜਾਨ ਚ ਦੇਰੀ ਕਰਦਾ ਰਿਹਾ | ਪਿਛੇ ਮੰਤਵ ਇਹ ਸੀ ਕੇ ਗੁੰਡੇ ਪਿੰਡ ਚੋਂ  ਭਜ ਜਾਨ ਤੇ ਪੁਲਸ ਦੇ ਹਥ ਨਾਂ ਆਉਣ |

         ਗੱਲ ਖੇਤ ਮਜਦੂਰ ਜਥੇਬੰਦੀ ਦੇ ਆਗੂਆਂ ਤਕ ਪਹੁੰਚ ਗਈ| ਉਹਨਾਂ ਨੇਂ ਲਾਚਾਰ ਬਾਪ ਨੂੰ ਨਾਲ ਲੈਕੇ ਲਖੇਵਾਲੀ ਥਾਣੇ ਪਹੁੰਚ ਕੀਤੀ| ਥਾਣੇ ਦਾ ਮੁਖ ਅਫਸਰ ਉਹਨਾਂ ਦੇ ਦਬਾਅ ਥੱਲੇ ਪਿੰਡ ਚ ਪਹੁੰਚ ਗਿਆ| ਉਸਨੇ ਪੀਡ਼ਤ  ਲੜਕੀ ਦਾ ਬਿਆਨ ਲਿਖਿਆ, ਉਹਦੇ ਮਾਪਿਆਂ ਤੋਂ ਪੁਛ ਪੜਤਾਲ ਕੀਤੀ| ਪਰ ਐਫ ਆਈ ਆਰ (F.I.R) ਦਰਜ ਨਹੀਂ ਕੀਤੀ| ਨਾਂ ਹੀ ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਇਆ | ਕਿਸੇ ਮੁਲਜ਼ਮ ਨੂੰ ਗਿਰਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ |  ਇਕ ਮੁਲਜ਼ਮ ਦੇ ਘਰੋਂ ਉਸਦੇ ਬਾਪ ਨੂੰ ਫੜ ਕੇ ਥਾਣੇ ਲੈ ਗਿਆ ਪਰ ਬਾਦ ਵਿਚ ਪਿੰਡ ਦੇ ਕੁਝ ਸਿਆਸੀ ਆਗੂਆਂ ਦੇ ਦਖਲ ਦੇਣ ਤੇ ਉਸਨੂੰ ਕੁਝ ਘੰਟਿਆਂ ਬਾਦ ਛਡ ਦਿੱਤਾ|

           ਅਗਲੇ ਦਿਨ 25 ਜਨਵਰੀ ਨੂੰ ਪੀੜਤ ਲੜਕੀ ਦੇ ਮਾਪੇ ਉਸਨੂੰ ਮੁਕਤਸਰ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਉਣ ਲਈ ਖੇਤ ਮਜਦੂਰ ਜਥੇਬੰਦੀ ਦੇ ਆਗੂਆਂ ਨਾਲ ਪਹੁੰਚੇ|  ਡਿਉਟੀ ਤੇ ਮੌਜੂਦ ਡਾਕਟਰ ਨੇਂ ਉਸਨੂੰ ਦਾਖਲ ਕਰਨ ਤੋ ਇਨਕਾਰ ਕਰ ਦਿੱਤਾ| ਉਹਨਾਂ ਨੇ ਸਿਵਲ ਸਰਜਨ ਤਕ ਪਹੁੰਚ ਕੀਤੀ| ਉਹਨੇ ਵੀ ਨਾਂਹ ਕਰ ਦਿੱਤੀ| ਮਾਮਲਾ ਉਥੋਂ ਦੇ ਪਤਰਕਾਰਾਂ ਦੇ ਧਿਆਨ ਵਿਚ ਲਿਆਂਦਾ ਗਿਆ| ਪਹਿਲਾਂ ਤਾਂ ਸਿਵਲ ਸਰਜਨ ਨੇਂ ਉਹਨਾਂ ਨੂੰ ਵੀ ਨਾਂਹ ਕਰ ਦਿੱਤੀ, ਕਹਿੰਦਾ ਪੀੜਤ ਲੜਕੀ ਨੂੰ ਸਿਰਫ ਪੁਲਸ ਦੇ ਕਹਿਣ ਤੇ ਹੀ ਦਾਖ਼ਲ ਕੀਤਾ ਜਾ ਸਕਦਾ ਹੈ| ਪਰ ਜਦੋਂ ਪਤਰਕਾਰ ਅਤੇ ਖੇਤ ਮਜਦੂਰ ਇਹ ਗੱਲ ਲਿਖਤੀ ਲੈਣ ਤੇ ਅੜ ਗਏ ਤਾਂ ਉਹ ਢਿੱਲਾ ਪੈ ਗਿਆ ਅਤੇ ਪੀੜਤ ਲੜਕੀ ਨੂੰ ਦਾਖ਼ਲ ਕਰ ਲਿਆ|

          ਹਸਪਤਾਲ ਚੋਂ ਤੁਰੰਤ ਪੁਲਸ ਨੂੰ ਇਤਲਾਹ ਦੇ ਦਿਤੀ ਗਈ, ਪਰ ਪੁਲਸ ਨਾ ਆਈ| ਖੇਤ ਮਜਦੂਰ ਆਗੂਆਂ ਨੇ SSP ਨੂੰ ਫੋਨ ਕੀਤਾ| ਉਹਨੇ ਕਿਹਾ DSP ਮਲੋਟ ਨੂੰ ਭੇਜ ਰਿਹਾ ਹਾਂ| ਇਕ ਘੰਟਾ ਇੰਤਜ਼ਾਰ ਕਰਨ ਤੋਂ ਬਾਦ ਜਦੋ DSP ਨਾਂ ਆਇਆ ਤਾਂ SSP ਨਾਲ ਖੇਤ ਮਜਦੂਰਾਂ ਨੇ ਦੁਬਾਰਾ ਗੱਲ ਕੀਤੀ | ਉਹ ਕਹਿੰਦਾ ਤੁਸੀਂ ਲ੍ਖੇਵਾਲੀ ਥਾਣੇ ਜਾ ਕੇ ਬਿਆਨ ਲਿਖਵਾਓ| ਖੇਤ ਮਜਦੂਰਾਂ ਨੇਂ ਉਸਨੂੰ  ਦੱਸਿਆ ਕਿ  ਲਖੇਵਾਲੀ ਥਾਣੇ ਤਾਂ ਪਹਿਲਾਂ ਹੀ ਇਤਲਾਹ ਦਿੱਤੀ ਹੋਈ ਹੈ| ਫਿਰ SSP ਕਹਿੰਦਾ ਥੋੜੀ ਦੇਰ ਹੋਰ ਇੰਤਜ਼ਾਰ ਕਰੋ|

                   SSP ਦੇ ਇਸ ਟਾਲ ਮਟੋਲ ਵਾਲੇ ਰਵਈਏ ਬਾਰੇ ਪਤਰਕਾਰਾਂ ਨੇ ਉਸ ਨਾਲ ਗੱਲ ਕੀਤੀ | ਮੀਡੀਆ ਤੋਂ ਡਰਦਿਆਂ ਉਹਨੇ ਸ਼ਾਮ ਨੂੰ ਲਗਪਗ ਸਵਾ ਤਿਨ ਵਜੇ ਪੁਲਸ ਨੂੰ ਪੀੜਤ ਲੜਕੀ ਦਾ ਬਿਆਨ ਲਿਖਣ ਲਈ ਭੇਜਿਆ|

         ਡਾਕਟਰਾਂ ਨੇਂ ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਤਾਂ ਕਰ ਲਿਆ ਪਰ ਹੁਣ ਉਹ ਮੈਡੀਕਲ ਰਿਪੋਰਟ ਦੇਣ ਤੋਂ ਟਾਲ ਵੱਟ ਰਹੇ ਹਨ।

         ਪੁਲਸ ਨੇ ਦੋਸ਼ੀਆਂ ਨੂੰ ਬਚਾਉਣ ਦੇ ਇਰਾਦੇ ਨਾਲ ਉਹਨਾਂ ਦੇ ਖਿਲਾਫ਼ ਜਬਰੀ ਅਗਵਾ ਕਰਨ ਅਤੇ ਸਮੂਹਕ ਬਲਾਤਕਾਰ ਕਰਨ ਦੀ ਕੋਸ਼ਿਸ ਦੇ ਜੁਰਮ ਨਹੀਂ ਲਗਾਏ| ਪੀੜਿਤ ਲੜਕੀ ਡੂੰਘੇ ਸਦਮੇ ਚ ਹੈ|

                  FIR ਦਰਜ ਕਰਨ ਦੇ ਬਾਵਜੂਦ ਵੀ ਪੁਲਸ ਨੇਂ ਅਜੇ ਤਕ ਗੁੰਡਿਆਂ ਨੂੰ ਫੜਨ ਲਈ ਕੋਈ ਕਦਮ ਨਹੀਂ ਚੁਕਿਆ| ਉਧਰ ਗੁੰਡਿਆਂ ਦੇ ਮਾਪੇ ਅਤੇ ਸਿਆਸੀ ਸਰਪ੍ਰਸਤ ਪੁਲਸ ਦੀ ਨਾ-ਅਹਲੀਅਤ ਦਾ ਫਾਇਦਾ ਉਠਾਉਂਦਿਆਂ ਲਗਾਤਾਰ ਪੀੜਤ ਲੜਕੀ ਦੇ ਪਰਿਵਾਰ ਤੇ ਸਮਝੌਤਾ ਕਰਨ ਲਈ ਦਬਾਅ ਪਾ ਰਹੇ ਹਨ| ਉਹਨਾਂ ਨੂੰ ਸਮਝੌਤੇ ਲਈ ਪੈਸੇ ਦੇਣ ਦੀਆਂ ਪੇਸ਼ਕਸ਼ਾਂ ਕਰ ਰਹੇ ਹਨ, ਗੁਝੀਆਂ ਧਮਕੀਆਂ ਵੀ ਦੇ ਰਹੇ ਹਨ | 

         ਪੁਲਸ ਦੀ ਨਾ-ਅਹਲੀਅਤ ਦੇ ਖਿਲਾਫ਼ ੨੭ ਜਨਵਰੀ ਨੂੰ ਸੈਂਕੜੇ ਲੋਕਾਂ ਨੇਂ 'ਪੰਜਾਬ ਖੇਤ ਮਜ਼ਦੂਰ ਯੂਨੀਅਨ' ਦੀ ਅਗਵਾਈ ਹੇਠ ਥਾਨਾ ਲੱਖੇਵਾਲੀ ਮੂਹਰੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਤੇ ਕਾਕਾ ਸਿੰਘ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਸਿਆਸੀ ਦਬਾਅ ਕਾਰਨ ਢਿੱਲ ਵਰਤ ਰਿਹਾ ਹੈ ਜਦੋਂ ਕਿ ਦੋਸ਼ੀਆਂ ਖਿਲਾਫ ਫੌਰੀ ਕਾਰਵਾਈ ਕਰਨੀ ਬਣਦੀ ਹੈ। ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲੀਸ ਵਲੋਂ ਦੋਸ਼ੀਆਂ ਨੂੰ ਰਾਹਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਲਾਤਕਾਰ ਦੇ ਦੋਸ਼ੀਆਂ ਖਿਲਾਫ ਸਾਰੇ ਬਣਦੇ ਜੁਰਮ FIR ਵਿਚ ਜੋੜੇ ਜਾਨ ਤੇ ਦੋਸ਼ੀਆਂ ਨੂੰ  ਗਿਰਫਤਾਰ ਕੀਤਾ ਜਾਵੇ।

             ਇਸ ਘਟਨਾ ਨੇਂ ਪੰਜਾਬ ਸਰਕਾਰ ਦੇ ਉਹਨਾਂ ਸਾਰੇ ਦਾਅਵਿਆਂ ਦੀ ਫੂਕ ਕਢ ਦਿੱਤੀ ਹੈ ਜਿਨ੍ਹਾਂ ਵਿਚ ਔਰਤਾਂ ਦੀ ਸੁਰਖਿਆ ਲਈ ਪੁਖਤਾ ਇੰਤਜ਼ਾਮ ਕਰਨ, ਪੁਲਸ ਨੂੰ ਬਲਾਤਕਾਰ ਅਤੇ ਛੇੜ ਛਾੜ ਦੇ ਮਾਮਲਿਆਂ ਚ ਵਧ ਸੰਵੇਦਨਸ਼ੀਲ ਬਣਾਉਣ ਅਤੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ - ਸਮੇਤ ਸਰਕਾਰੀ ਡਾਕਟਰਾਂ ਦੇ, ਨੂੰ ਪੀੜਤ ਔਰਤਾਂ ਨਾਲ ਹਮਦਰਦੀ ਸਹਿਤ ਪੇਸ਼ ਆਉਣ ਤੇ ਹਰ ਤਰਾਂ ਦੀ ਮਦਦ ਕਰਨ ਦੀਆਂ ਹਦੈਤਾਂ ਦੇਣ ਦੀਆਂ ਡੀਂਗਾਂ ਮਾਰੀਆਂ ਗਈਆਂ ਹਨ| ਇਸ ਪੀੜਿਤ ਦਲਿਤ ਬਾਲੜੀ ਦੇ ਮਾਮਲੇ ਚ ਪੁਲਸ ਅਤੇ ਸਿਵਿਲ ਹਸਪਤਾਲ ਮੁਕਤਸਰ ਦੇ ਅਧਿਕਾਰੀਆਂ / ਡਾਕਟਰਾਂ ਨੇਂ ਮੁਜਰਮਾਨਾ ਕੁਤਾਹੀ ਕੀਤੀ ਹੈ |

ਲੋਕ ਮੋਰਚਾ ਪੰਜਾਬ ਮੰਗ ਕਰਦਾ ਹੈ ਕਿ:

1.                  ਇਸ ਪੀੜਤ ਦਲਿਤ ਬਾਲੜੀ ਨੂੰ ਅਗਵਾ ਕਰਨ ਅਤੇ ਉਸਨੂੰ ਘਰ ਚ ਬੰਦ ਕਰਕੇ ਉਸਦੇ ਕਪੜੇ ਲਾਹੁਣ ਅਤੇ ਇਜ਼ਤ ਲੁਟਣ ਵਾਲੇ ਤਿਨਾਂ ਮੁਲਜ਼ਮਾਂ ਦੇ ਖਿਲਾਫ਼ - ਅਗਵਾ, ਸਮੂਹਕ ਬਲਾਤਕਾਰ ਅਤੇ ਹੋਰ ਬਣਦੇ ਜੁਰਮ FIR ਵਿਚ ਜੋੜੇ ਜਾਨ;

2.                  FIR ਦਰਜ਼ ਕਰਨ ਅਤੇ ਪੀੜਤ ਬਾਲੜੀ ਦਾ ਡਾਕਟਰੀ ਮੁਆਇਨਾ ਕਰਵਾਉਣ ਚ ਦੇਰੀ ਕਰਨ ਲਈ ਜ਼ਿਮੇੰਦਾਰ ਪੁਲਸ ਅਧਿਕਾਰੀਆਂ ਦੇ ਖਿਲਾਫ਼ ਮੁਕਦਮਾ ਦਰਜ਼ ਕਰਕੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ;

3.                  ਸਿਵਲ ਸਰਜਨ ਸਿਰੀ ਮੁਕਤਸਰ ਸਾਹਿਬ ਅਤੇ ਡਿਉਟੀ ਤੇ ਮੌਜੂਦ ਡਾਕਟਰ ਜਿਨਾਹਂ ਨੇਂ ਪੀੜਤ ਲੜਕੀ ਨੂੰ ਹਸਪਤਾਲ ਚ ਦਾਖਲ ਕਰਨ, ਉਸਦਾ ਡਾਕਟਰੀ ਮੁਆਇਨਾ ਅਤੇ ਇਲਾਜ ਕਰਨ ਤੋਂ ਨਾਂਹ ਕੀਤੀ ਹੈ, ਉਹਨਾਂ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇ;

4.                  ਪੀੜਤ ਲੜਕੀ ਅਤੇ ਉਸਦੇ ਪਰਿਵਾਰ ਦੇ ਮੁੜ ਵਸੇਬੇ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ|

ਜਗਮੇਲ ਸਿੰਘ - ਜਨਰਲ ਸਕੱਤਰ
ਗੁਰਦਿਆਲ ਸਿੰਘ ਭੰਗਲ – ਪ੍ਰਧਾਨ
ਲੋਕ ਮੋਰਚਾ ਪੰਜਾਬ

Monday, January 27, 2014

CONDEMN THE ARRESTS OF GUEST FACULTY LECTURES AT BATHINDA



BATHINDA POLICE ARRESTS GUEST FACULTY LECTURES & THEIR SUPPORTERS.

The police today came down heavily upon the Guest Faculty Lecturers, sitting on Dharna, in front of Govt Rajindera College, Bathinda. As a meeting was fixed with Sukhbir Badal Deputy CM Punjab to sort out their problems, a large number of Guest Faulty Lecturers have arrived from various Colleges in the state. When after marching from the Dharna site to nearby Dr.B.R.Ambedkar’s statue in front of the Mini-Secretariat, they were boarding their buses, the police swooped on them, took control of the buses and took them to Sangat Police Station. About 60/65 Guest Faculy Lecturers, mainly women and some members of Bharti Kissa Union & other fraternal organizations, who have come to support them were arrested and charged under section 283 IPC (Causing danger, obstruction or injury to any person in any public way), which attracts a maximum fine of Rs. 200/-.

The guest faculty lecturers are sitting on dharna across the state demanding the implementation of government's promise of paying them Rs 10,000 per month and 10 per cent increment. They also demanded not to be relieved for five months every year.

On hearing about the arrests, Association For Democratic Rights, some organizations of teachers & others assembled and conveyed strong protest to the Deputy Commissioner. They pointed out to him that a few days ago when a 1000 strong dharna was held by Youth Akali Dal Badal in front of the Mini Secretariat, the administration not only remained silent spectator, but extended them full courtesies & cooperation.

On the intervention of these organizations, the Deputy Commissioner promised to release all the arrested protestors. However it has been subsequently learnt that male Guest Facility Teachers have been released on personal bonds, but BKU activists have not yet been released.

Lok Morcha Punjab strongly condemns the arrest of Guest Faculty Teaches and their supporters from fraternal organizations, demands their immediate unconditional release and withdrawal of false criminal case registered against them u/s 283 IPC.    

Friday, January 10, 2014

ਲੋਕ-ਪੱਖੀ ਗਾਇਕੀ ਲਈ ਸੁਲੱਖਣਾ ਉੱਦਮ



ਲੋਕ-ਪੱਖੀ ਗਾਇਕੀ ਲਈ ਸੁਲੱਖਣਾ ਉੱਦਮ

-ਅਮੋਲਕ ਸਿੰਘ

14 ਮਾਰਚ 1982 ਨੂੰ ਗੁਰਸ਼ਰਨ ਸਿੰਘ ਦੇ ਹੱਥੀਂ ਲਾਇਆ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦਾ ਬੂਟਾ ਦਹਿਸ਼ਤਗਰਦੀ ਅਤੇ ਅਨੇਕਾਂ ਝੱਖੜਾਂ ਦੇ ਉਲਟੇ ਰੁਖ਼ ਸ਼ਾਨਾਂਮੱਤੀ ਪ੍ਰਵਾਜ਼ ਭਰਦਾ ਆ ਰਿਹਾ ਹੈ।

ਪਲਸ ਮੰਚ ਅਤੇ ਇਸਦੇ ਸੰਗੀਆਂ ਦੇ ਵਡੇਰੇ ਪਰਿਵਾਰ ਨੇ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਅੰਦਰ ਨਿਵੇਕਲੀ ਪਹਿਚਾਣ ਬਣਾਈ ਹੈ। ਲੋਕ-ਪੱਖੀ, ਅਗਾਂਹ-ਵਧੁ, ਵਿਗਿਆਨਕ, ਸਿਹਤਮੰਦ, ਗੈਰਤਮੰਦ ਅਤੇ ਇਨਕਲਾਬੀ ਰੰਗਮੰਚ ਦੀਆਂ ਬਹੁਵੰਨਗੀ ਵਿਧਾਵਾਂ ਰਾਹੀਂ ਪਲਸ ਮੰਚ ਨੇ ਅਨਪੜ੍ਹ, ਘੱਟ ਪੜ੍ਹੇ ਲਿੱਖੇ ਹਿੱਸਿਆਂ ਤੋਂ ਲੈ ਕੇ ਉੱਚ ਵਿਦਿਆ ਹਾਸਲ ਅਤੇ ਬੌਧਿਕ ਹਲਕਿਆਂ ਤੱਕ ਆਪਣਾ ਸੁਨੇਹਾ ਬਾਖ਼ੂਬੀ ਪਹੁੰਚਾਉਣ ਵਿੱਚ ਵਿਲੱਖਣ ਮੁਕਾਮ ਹਾਸਲ ਕੀਤਾ ਹੈ।
ਪਲਸ ਮੰਚ ਦੀ ਸਾਹਿਤਕ ਪੱਤ੍ਰਿਕਾ 'ਸਰਦਲ' ਵਿਸ਼ੇਸ਼ ਸਾਹਿਤਕ ਪ੍ਰਕਾਸ਼ਨਾਵਾਂ, ਦਰਜ਼ਣਾਂ ਦੀ ਗਿਣਤੀ ਵਿੱਚ ਨਵੀਂ-ਨਰੋਈ, ਉੱਚੀ-ਸੁੱਚੀ ਅਤੇ ਸੁੱਤੀ ਕਲਾ ਜਗਾਉਣ ਵਾਲੀ ਸੁਰ ਵਿੱਚ ਗੀਤਾਂ, ਗਜ਼ਲਾਂ ਦੀਆਂ ਆਡੀਓ ਵੀਡੀਓ ਕੈਸਿਟਾਂ ਦਸਤਾਵੇਜੀ ਫਿਲਮਾਂ ਲੋਕਾਂ ਤੱਕ ਪਹੁੰਚਾਈਆਂ ਹਨ। ਥੜ੍ਹਾ ਥੀਏਟਰ ਨੂੰ ਪ੍ਰਫੁੱਲਤ ਕਰਨ ਅਤੇ ਹਰਮਨ ਪਿਆਰਾ ਬਣਾਉਣ ਲਈ ਦਰਜ਼ਣਾਂ ਹੀ ਨਾਟ ਅਤੇ ਗੀਤ-ਸੰਗੀਤ ਮੰਡਲੀਆਂ ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸਰਗਰਮੀ ਨਾਲ ਜੁਟੀਆਂ ਹਨ। ਕਈ ਕੇਂਦਰਾਂ ਉੱਪਰ ਹਰ ਮਹੀਨੇ ਅਤੇ ਸਮੇਂ ਸਮੇਂ ਨਿਰੰਤਰ ਰੰਗਮੰਚ ਹੋ ਰਿਹਾ ਹੈ।

ਪਿਛਲੇ 32 ਵਰ੍ਹਿਆਂ ਤੋਂ ਪਲਸ ਮੰਚ ਦੀ ਆਧਾਰਸ਼ਿਲਾ, ਸੇਧ, ਉਦੇਸ਼, ਮਾਰਗ ਅਤੇ ਜੋਖ਼ਮ ਭਰੇ ਸਫ਼ਰ ਉੱਪਰ ਅਡੋਲ ਤੁਰਦੇ ਰਹਿਣ ਕਾਰਨ ਲੋਕ-ਫਿਕਰਾਂ ਅਤੇ ਲੋਕ-ਸਰੋਕਾਰਾਂ ਦੀ ਬਾਂਹ ਫੜਨ ਵਾਲੀ ਹਰ ਸੰਸਥਾ ਅਤੇ ਵਿਅਕਤੀ ਨਾਜ਼ ਕਰਦਾ ਹੈ। ਪੂਰਾ ਵਰ੍ਹਾ ਨਿਰੰਤਰ ਸਰਗਰਮੀਆਂ ਤੋਂ ਇਲਾਵਾ ਹਰ ਵਰ੍ਹੇ 1 ਮਈ ਪੰਜਾਬੀ ਭਵਨ ਲੁਧਿਆਣਾ, 25 ਜਨਵਰੀ ਪਹਿਲਾਂ ਜਲੰਧਰ ਹੁਣ ਬਠਿੰਡਾ ਅਤੇ ਗੁਰਸ਼ਰਨ ਭਾਅ ਜੀ ਵਿਛੋੜੇ ਵਾਲੇ ਦਿਨ ਨੂੰ ਸਮਰਪਤ 27 ਸਤੰਬਰ ਨੂੰ ਇਨਕਲਾਬੀ ਰੰਗਮੰਚ ਦਿਹਾੜਾ ਮਨਾਉਣ ਦੀਆਂ ਨਾਟਕਾਂ ਅਤੇ ਗੀਤਾਂ ਭਰੀਆਂ ਰਾਤਾਂ ਨੇ ਹਜ਼ਾਰਾਂ ਲੋਕਾਂ ਦੇ ਮਨਾਂ ਦੀ ਡਾਇਰੀ ਉੱਪਰ ਅਮਿੱਟ ਛਾਪ ਛੱਡੀ ਹੈ।

ਪਲਸ ਮੰਚ ਆਪਣੇ ਤਿੰਨ ਦਹਾਕਿਆਂ ਦੇ ਸਫਰ ਵਿੱਚ ਆਪਣੇ ਸਾਹਿਤਕ ਸਭਿਆਚਾਰਕ ਪਿੜ ਦੇ ਹਮਸਫਰਾਂ ਨੂੰ ਸਨਮਾਨਤ ਰੁਤਬਾ ਪ੍ਰਦਾਨ ਕਰਕੇ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ। ਉਸਦੇ ਅਗਲੇ ਮਿੱਤਰ ਘੇਰੇ 'ਚ ਨੇ ਲੋਕ ਮੁਖੀ ਆਵਾਮੀ ਜਥੇਬੰਦੀਆਂ। ਉਹ ਹਮੇਸ਼ਾਂ ਪਲਸ ਮੰਚ ਦੇ ਸਮਾਗਮ ਵਿੱਚ ਸਹਿਯੋਗੀ ਕੰਨ੍ਹਾ ਲਾਉਂਦੀਆਂ ਹਨ। ਮੰਚ ਨੂੰ ਆਪਣੀਆਂ ਸਰਗਰਮੀਆਂ, ਮੁਹਿੰਮਾਂ ਅਤੇ ਘੋਲਾਂ ਵਿੱਚ ਆਪਣੀ ਨਿਸਚਤ ਵਿਧੀ ਰਾਹੀਂ ਗੱਲ ਕਹਿਣ ਦਾ ਮੌਕਾ ਵੀ ਦਿੰਦੀਆਂ ਹਨ।

ਪਲਸ ਮੰਚ ਨੇ ਲੱਚਰ, ਅਸ਼ਲੀਲ, ਬਾਜ਼ਾਰੂ, ਬਿਮਾਰ, ਅੰਧਵਿਸ਼ਵਾਸ਼ੀ ਭਰੇ, ਜਾਤ-ਪਾਤ, ਫਿਰਕੂ ਰੰਗ ਵਿੱਚ ਰੰਗੇ, ਅੰਨ੍ਹੇ ਕੌਮੀ ਸ਼ਾਵਨਵਾਦੀ ਧੰਦੂਕਾਰੇ ਦੀ ਗਰਦੋਗੁਬਾਰ ਵਾਲੇ ਦਿਸ਼ਾਹੀਣ ਅਤੇ ਕੁਰਾਹੇ ਪਾਊ ਸਾਹਿਤ/ਸਭਿਆਚਾਰ ਦੀ ਬਹੁਤ ਹੀ ਰੜਕਵੀਂ ਅਤੇ ਤਿੱਖਾ ਹੱਲਾ ਬੋਲ ਰਹੀ ਗਾਇਕੀ ਦੀ ਵਿਧਾ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਲਾ-ਮਿਸਾਲ ਉੱਦਮ ਜੁਟਾਏ ਹਨ।

ਜ਼ਿਕਰਯੋਗ ਹੈ ਕਿ ਲੋਕ-ਪੱਖੀ ਗਾਇਕੀ ਦੇ ਖੇਤਰ ਵਿੱਚ ਪਲਸ ਮੰਚ ਨੇ ਨਵੀਆਂ ਪੁਲਾਂਘਾਂ ਪੁੱਟਣ ਦੇ ਬਣਾਏ ਕੈਲੰਡਰ ਨਾਲ ਨਵੇਂ ਵਰ੍ਹੇ ਵਿੱਚ ਨਵੀਆਂ ਬੁਲੰਦੀਆਂ ਛੋਹਣ ਲਈ ਭਦੌੜ ਵਿਖੇ 'ਚਾਰ ਰੋਜ਼ਾ ਲੋਕ-ਪੱਖੀ ਗੀਤ-ਸੰਗੀਤ ਵਰਕਸ਼ਾਪ' ਲਗਾਈ। ਇਸ ਵਿੱਚ ਗੀਤਕਾਰਾਂ, ਸੰਗੀਤਕਾਰਾਂ, ਲੇਖਕਾਂ ਸਾਜਿੰਦਿਆਂ, ਸਾਹਿਤਕਾਰਾਂ, ਤਰਕਸ਼ੀਲਾਂ, ਪੱਤਰਕਾਰਾਂ, ਜਮਹੂਰੀਅਤ ਪਸੰਦ ਅਤੇ ਸਮਾਜ ਸੇਵੀ ਸਖਸ਼ੀਅਤਾਂ, ਸੰਗੀਤ ਪ੍ਰੇਮੀਆਂ ਨੇ ਭਰਵਾਂ ਯੋਗਦਾਨ ਪਾਇਆ। ਗੰਭੀਰ ਸੰਵਾਦ ਛੇੜੇ। ਸਮਾਜ ਅੰਦਰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਮਾਰੂ ਸਭਿਆਚਾਰ ਦੇ ਨਾਗ-ਵਲ਼ ਵਿੱਚ ਲੈਣ ਪਿੱਛੇ ਕੰਮ ਕਰਦੇ ਕਾਰਨਾਂ ਦੀ ਡੂੰਘੀ ਜੜ੍ਹ ਦੀ ਸ਼ਨਾਖਤ ਕੀਤੀ। ਇੰਟਰਨੈੱਟ ਰਾਹੀਂ ਵੱਖ ਵੱਖ ਵਿਧਾਵਾਂ ਵਰਤ ਕੇ ਚੜ੍ਹਦੀ ਜੁਆਨੀ ਨੂੰ ਮਨੋਵਿਗਿਆਨਕ ਤੌਰ 'ਤੇ ਜਿਹਨੀ ਗੁਲਾਮੀ ਵਿੱਚ ਜਕੜਨ ਲਈ ਪ੍ਰਦੂਸ਼ਿਤ ਸਭਿਆਚਾਰ ਦੇ ਲਗਾਏ ਜਾ ਰਹੇ ਜ਼ਹਿਰੀ ਟੀਕਿਆਂ ਦੇ ਘਾਤਕ ਹੱਲੇ ਤੋਂ ਬਚਾਉਣ ਲਈ ਯਤਨ ਜੁਟਾਉਣ 'ਤੇ ਜ਼ੋਰ ਦਿੱਤਾ ਗਿਆ। ਵਿਸ਼ੇਸ਼ ਕਰਕੇ ਔਰਤ ਜਾਤੀ ਦੀ ਸ਼ਰੇਆਮ ਬੇ-ਅਦਬੀ ਕਰਦੇ ਅਤੇ ਔਰਤ ਨੂੰ ਆਪਣੇ ਬਾਜ਼ਾਰ ਦੀ ਚੜ੍ਹਤ ਲਈ ਵਿਗਿਆਪਨਾ ਆਦਿ ਵਿੱਚ ਬੇਸ਼ਰਮੀ ਨਾਲ ਵਰਤ ਰਹੇ ਕਾਰਪੋਰੇਟ ਘਰਾਣਿਆਂ ਦੇ ਕੋਝੇ ਮਨਸੂਬੇ ਬੇਪਰਦ ਕੀਤੇ ਗਏ। ਅਗੰਮੀ ਸ਼ਕਤੀਆਂ ਦੇ ਮੱਕੜ-ਜਾਲ ਵਿੱਚ ਫਸਾ ਰਹੇ ਗੀਤਾਂ ਦੇ ਬਦਲ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ 'ਤੇ ਵਿਦਵਾਨਾਂ ਨੇ ਜੋਰ ਦਿੱਤਾ।

ਪੰਜਾਬੀ ਸਭਿਆਚਾਰ ਦੀ ਸੇਵਾ ਦੇ ਨਾਂ ਹੇਠ ਪੰਜਾਬੀ ਸਭਿਆਚਾਰ ਦੀ ਜੱਖ਼ਣਾ ਪੁੱਟਣ ਲੱਗੇ ਗੀਤਕਾਰਾਂ ਗਾਇਕਾਂ ਦੀਆਂ ਸਭੇ ਵੰਨਗੀਆਂ ਬਾਰੇ ਚਰਚਾਵਾਂ ਹੋਈਆਂ। ਇਹਨਾਂ ਪਿੱਛੇ ਕੰਮ ਕਰਦੇ ਆਰਥਿਕ, ਰਾਜਨੀਤਕ, ਸਮਾਜਿਕ, ਸਭਿਆਚਾਰਕ ਅਤੇ ਮਨੋਵਿਗਿਆਨ ਕਾਰਨਾਂ ਉੱਪਰ ਉਂਗਲ ਧਰੀ ਗਈ। ਵੰਨ-ਸੁਵੰਨੇ ਹਾਕਮਾਂ ਦੇ ਮਨੋਰਥਾਂ ਉੱਪਰ ਖੁੱਲ੍ਹ ਕੇ ਵਿਚਾਰਾਂ ਹੋਈਆਂ। ਜਨਤਕ ਥਾਵਾਂ, ਹਸਪਤਾਲਾਂ ਅਤੇ ਬੱਸਾਂ, ਵੰਨ-ਸੁਵੰਨੇ ਚੈਨਲਾਂ, ਇੰਟਰਨੈੱਟ ਆਦਿ ਰਾਹੀਂ ਅੱਧ-ਖਿੜੀਆਂ ਅਤੇ ਖਿੜਦੀਆਂ ਕਲੀਆਂ ਨੂੰ ਬੁਰੀ ਤਰ੍ਹਾਂ ਤਬਾਹ ਕਰਨ ਲਈ ਜੁਟੀ ਅਜੋਕੀ ਵਿਵਸਥਾ ਖਿਲਾਫ ਚੇਤਨ ਜਨਤਕ ਲਹਿਰ ਖੜ੍ਹੀ ਕਰਨ ਲਈ ਲੱਕ-ਬੰਨ੍ਹਵੇਂ ਸਾਂਝੇ ਉੱਦਮ 'ਤੇ ਜ਼ੋਰ ਦਿੱਤਾ ਗਿਆ।

ਪਲਸ ਮੰਚ ਦੀ ਇਕਾਈ ਲੋਕ ਸੰਗੀਤ ਮੰਡਲੀ ਭਦੌੜ ਨੇ ਬਾਲ ਕਲਾਕਾਰਾਂ ਦੀ ਨਰਸਰੀ ਲਗਾਈ। ਵਰਕਸ਼ਾਪ ਵਿੱਚ ਇਸਦੇ ਫੁੱਲਾਂ ਦੀ ਮਹਿਕ ਸਰੋਤਿਆਂ ਨੂੰ ਮਹਿਕਾ ਰਹੀ ਸੀ। ਵਰਕਸ਼ਾਪ ਵਿੱਚ ਤਿੰਨ ਪੀੜ੍ਹੀਆਂ ਦੇ ਲੋਕ-ਕਲਾਕਾਰ ਸਿਰ ਜੋੜ ਕੇ ਬੈਠੇ। ਬਾਬਿਆਂ ਨੇ ਭਰ-ਜੁਆਨ ਹੇਕਾਂ ਲਾਈਆਂ। ਉਹਨਾਂ ਦੇ ਪੁੱਤ-ਪੋਤਿਆਂ ਨੇ ਉਹਨਾਂ ਨਾਲ ਸਾਜ ਅਤੇ ਆਵਾਜ਼ ਦੀ ਸੰਗਤ ਕੀਤੀ। ਕੜਾਕੇ ਦੀ ਠੰਢ, ਰਾਤ ਦਾ ਵੇਲਾ, ਨਵੇਂ ਵਰ੍ਹੇ ਦੇ ਸੂਰਜ ਤੋਂ ਪਹਿਲਾਂ ਸੂਰਜ ਦੇ ਹਮਸਫਰਾਂ ਨੇ ਮਿਹਨਤਕਸ਼ ਲੋਕਾਂ ਲਈ ਅਜੇ ਸੂਰਜ ਨਾ ਚੜ੍ਹਨ ਵਾਲੇ ਮੌਸਮ ਦੇ ਗੀਤ ਗਾਏ। ਪਰਿਵਾਰਾਂ ਦੇ ਪਰਿਵਾਰ ਗੀਤ-ਸੰਗੀਤ ਵਰਕਸ਼ਾਪ ਦੇ ਸਿਖਰਲੇ ਦਿਨ ਹੋਏ ਖੁੱਲ੍ਹੇ ਸਮਾਗਮ ਵਿੱਚ ਜੁੜੇ।

ਗੀਤ-ਸੰਗੀਤ, ਵਿਸ਼ਾ, ਧੁਨ, ਆਵਾਜ਼, ਲੈਅ ਨਾਲ ਅਤੇ ਮੁਹਾਵਰੇ ਆਦਿ ਦੇ ਪਾਰਖੂਆਂ, ਸੂਝਵਾਨ ਅਤੇ ਸੰਜੀਦਾ ਸਰੋਤਿਆਂ ਤੋਂ ਵਰਕਸ਼ਾਪ ਦੇ ਆਯੋਜਕਾਂ ਨੇ ਰਾਵਾਂ ਮੰਗੀਆਂ। ਵਿਸ਼ੇਸ਼ ਨੁਕਤਾ ਚਰਚਾ ਅਧੀਨ ਇਹ ਲਿਆਂਦਾ ਗਿਆ ਕਿ ਇੱਕ ਤਾਂ ਲੀਕ ਤੋਂ ਪਾਰਲੀ ਲੋਕ-ਵਿਰੋਧੀ ਗਾਇਕੀ ਹੈ, ਜਿਹੜੀ ਲੋਕਾਈ ਨੂੰ ਗਲੀ ਸੜੀ, ਬਿਮਾਰ, ਨਿੱਘਰੀ ਹੋਈ, ਮਾਰਧਾੜ ਫੈਲਾਉਂਦੀ, ਸਾਜਾਂ ਦੀ ਥਾਂ ਬੰਦੂਕਾਂ, ਟਕੂਏ, ਤਲਵਾਰਾਂ ਚਲਾਉਂਦੀ ਲੰਡੀਆਂ ਜੀਪਾਂ ਭਜਾਉਂਦੀ ਜਾਤੀਵਾਦ ਨੂੰ ਪੱਠੇ ਪਾਉਂਦੀ ਖਾਸ ਕਰਕੇ ਜੱਟਵਾਦ ਨੂੰ ਫੂਕ ਛਕਾ ਕੇ, ਬਿਮਾਰੀ ਹਾਦਸੇ, ਅਨਿਆਂ, ਵਿਤਕਰੇਬਾਜ਼ੀ, ਲੁੱਟ-ਕੁੱਟ, ਕਤਲੋਗਾਰਦ ਅਤੇ ਖੁਦਕੁਸ਼ੀਆਂ ਵਰਗੇ ਘਾਤਕ ਵਰਤਾਰੇ ਦੀ ਨਬਜ਼ ਫੜਨ ਤੋਂ ਰੋਕਦੀ ਹੈ। ਸੁਰਤ ਮਾਰਦੀ ਹੈ। ਚੇਤਨਾ ਦੇ ਗਲ 'ਗੂਠਾ ਦਿੰਦੀ ਹੈ। ਜਮਾਤੀ ਵੰਡ ਦਾ ਪਾਠ ਪੜ੍ਹਨ-ਸਮਝਣ ਉਸਦਾ ਅਧਿਐਨ ਕਰਕੇ ਵਕਤ ਦੇ ਹਾਣੀ ਨਤੀਜੇ ਹਾਸਲ ਕਰਨ ਤੋਂ ਵਰਜਦੀ ਹੈ।

ਦੂਜੀ ਇਨਕਲਾਬੀ ਗਾਇਕੀ ਹੈ, ਜਿਹੜੀ ਅਜੋਕੇ ਬਣੇ ਬਣਾਏ ਪ੍ਰਬੰਧ ਦੇ ਅੰਦਰ ਲੋਕਾਂ ਦੀ ਜ਼ਿੰਦਗੀ ਵਿੱਚ ਖੇੜਾ ਆਉਣ ਦੀ ਝਾਕ ਛੱਡ ਕੇ ਲੋਕਾਂ ਨੂੰ ਗ਼ਦਰੀ ਕਾਵਿ, ਬੱਬਰ-ਕਾਵਿ, ਕਿਰਤੀ ਕਾਵਿ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸੰਗੀ ਸਾਥੀਆਂ ਦੇ ਦੌਰ ਦੀ ਕਵਿਤਾ ਅਤੇ ਉਸ ਤੋਂ ਅਗਲੇ ਸਮੇਂ ਦੀ ਇਨਕਲਾਬੀ ਕਵਿਤਾ ਦਾ ਪਰਚਮ ਉਠਾ ਕੇ ਅੱਗੇ ਤੁਰਨ ਲਈ ਆਵਾਜ਼ ਦੇ ਰਹੀ ਹੈ।

ਤੀਜੀ ਗਾਇਕੀ ਉਹ ਹੈ ਜਿਸ ਵੱਲ ਵਿਸ਼ੇਸ਼ ਤਵੱਜੋ ਦੇਣਾ ਪਲਸ ਮੰਚ ਦੀ ਇਸ ਵਰਕਸ਼ਾਪ ਦਾ ਕੇਂਦਰੀ ਕਾਰਜ ਸੀ।
ਗਾਇਕੀ ਦੀ ਇਹ ਵੰਨਗੀ ਹੈ ਮਿਆਰੀ ਲੋਕ-ਗਾਇਕੀ। ਪਰਿਵਾਰਕ ਗਾਇਕੀ। ਵਿਆਹ-ਸ਼ਾਦੀ, ਖੁਸ਼ੀਆਂ ਦੇ ਹੋਰ ਮੌਕਿਆਂ, ਤੀਜ-ਤਿਓਹਾਰਾਂ ਆਦਿ ਮੌਕੇ ਵਿਸ਼ਾਲ ਲੋਕਾਈ ਨੂੰ ਪ੍ਰਵਾਨ ਚੜ੍ਹਨ ਵਾਲੀ ਗਾਇਕੀ। ਜ਼ਿੰਦਗੀ ਦੇ ਅਨੇਕਾਂ ਪੱਖਾਂ/ਪਸਾਰਾਂ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਗਾਇਕੀ। ਇਨਕਲਾਬੀ ਗਾਇਕੀ, ਲੋਕ ਗਾਇਕੀ ਦਾ ਉੱਚਤਮ ਪੜਾਅ ਹੈ। ਲੋਕ-ਪੱਖੀ ਗਾਇਕੀ ਦੀਆਂ ਅਨੇਕਾਂ ਪਰਤਾਂ ਹਨ। ਜਿਸਦਾ ਵਿਸ਼ਾ-ਵਸਤੂ ਲੋਕ ਸਰੋਕਾਰਾਂ, ਢੁਕਵੇਂ ਮੌਕਿਆਂ ਨਾਲ ਸਰਗਮ ਛੇੜਦਾ ਹੋਵੇ। ਉਸਦੀ ਬੀਟ ਵੀ ਮਨਭਾਉਂਦੀ ਹੋਵੇ। ਗਾਇਕੀ ਹੱਸਣ, ਨੱਚਣ ਦੇ ਨਾਲ ਅਰਥ-ਭਰਪੂਰ ਹੋਵੇ। ਸੋਚਣ ਲਾਉਂਦੀ ਹੋਵੇ। ਨਵੇਂ ਵਿਚਾਰਾਂ ਦੀ ਪੁੱਠ ਚਾੜ੍ਹਦੀ ਹੋਵੇ। ਲੋਕਾਂ ਦੇ ਬੁੱਲਾਂ 'ਤੇ ਚੜ੍ਹੇ। ਉਹਨਾਂ ਦੇ ਗਲ਼ ਲੱਗ ਕੇ ਉਹਨਾਂ ਦੀ ਹੋ ਜਾਵੇ। ਸਿਰਫ ਇਨਕਲਾਬੀ ਗਾਇਕੀ ਦਾ ਉੱਚਤਮ ਪੜਾਅ ਹੀ ਇਹਨਾਂ ਵੱਖ ਵੱਖ ਮੌਕਿਆਂ ਦੀ ਪੂਰਤੀ ਨਹੀਂ ਕਰ ਸਕਦਾ। ਲੋਕਾਂ ਦੀ ਚੇਤਨਾ ਨੂੰ ਉਤਾਂਹ ਚੁੱਕਣ ਵਿੱਚ ਹੁਲਾਰਾ ਨਹੀਂ ਦੇ ਸਕਦਾ।

ਵੱਖ ਵੱਖ ਮੌਕਿਆਂ ਸਮਾਂ, ਸਥਾਨ ਅਤੇ ਹਾਲਾਤ ਨੂੰ ਸਮਝ ਕੇ ਰਚੇ ਗੀਤ, ਕਵਿਤਾ; ਕਵਿਤਾ ਦੇ ਵੱਖ ਵੱਖ ਰੰਗ-ਰੂਪ ਅਤੇ ਸਾਜਾਂ ਦੀ ਸੁਚੱਜੀ ਵਰਤੋਂ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲਿਆਏ। ਵਰਕਸ਼ਾਪ ਨੇ ਇਹ ਵਿਚਾਰ ਕਸ਼ੀਦ ਕੇ ਸਾਹਮਣੇ ਲਿਆਂਦਾ ਕਿ ਲੱਚਰ, ਬਿਮਾਰ, ਕੰਨ-ਪਾੜਵੇਂ ਸੰਗੀਤ ਦੀ ਮਹਿਜ ਆਲੋਚਨਾ ਨਾਲ ਅਨੇਕਾਂ ਕਾਰਨਾਂ ਕਰਕੇ ਇਸਦੀ ਗ੍ਰਿਫਤ ਵਿੱਚ ਜਕੜੇ ਲੋਕਾਂ, ਖਾਸ ਕਰਕੇ ਜੁਆਨੀ ਨੂੰ ਬਚਾਇਆ ਨਹੀਂ ਜਾ ਸਕਦਾ। ਇਸਦਾ ਸਹਿਜੇ ਹੀ ਲੋਕਾਂ ਵਿੱਚ ਪ੍ਰਵਾਨ ਚੜ੍ਹਨ ਯੋਗ ਬਦਲ ਲਾਜ਼ਮੀ ਹੈ। ਫੇਰ ਹੀ ਮਿਆਰੀ ਸਭਿਆਚਾਰ ਦੀ ਖੁਸ਼ਬੋ ਵੰਡੀ ਜਾ ਸਕਦੀ ਹੈ।

ਇੱਕ ਹੋਰ ਨੁਕਤਾ ਕਾਫੀ ਚਰਚਾ ਅਧੀਨ ਆਇਆ ਕਿ ਲੋਕ ਇਹ ਮੰਗ ਕਰਦੇ ਹਨ ਕਿ ਅਸੀਂ ਪ੍ਰਚੱਲਤ ਬਾਜ਼ਾਰੂ, ਅਸ਼ਲੀਲ, ਬੇਸੁਰਾ, ਸਹਿਜਤਾ-ਸੁਹਜਤਾ ਅਤੇ ਸੰਵੇਦਨਸ਼ੀਲਤਾ ਤੋਂ ਕੋਰਾ ਨਾ ਸੁਣੀਏ ਨਾ ਸੁਣਾਈਏ ਪਰ ਇਸਦੇ ਬਦਲ ਵਿੱਚ ਮੌਕੇ ਦੀ ਨਬਜ ਫੜਦਾ, ਉੱਚ-ਪਾਏ ਦਾ ਗੀਤ-ਸੰਗੀਤ ਸੰਗ੍ਰਹਿ ਅਸਾਡੀ ਹਥੇਲੀ 'ਤੇ ਧਰੋ ਤਾਂ ਸਹੀ। ਇਸਦੀ ਭਾਲ ਵਿੱਚ ਗਿਣਵੇਂ ਚੁਣਵੇਂ ਨੂੰ ਛੱਡ ਕੇ ਪ੍ਰੰਪਰਾਗਤ ਵਿਰਾਸਤ ਦੇ ਸੁਭਾਵਕ ਸਭਿਆਚਾਰ ਵਿੱਚੋਂ ਅਸੀਂ ਵਿਰਸੇ ਦੇ ਹੇਰਵੇ ਦੀ ਪੂਰਤੀ ਤਾਂ ਕਰ ਸਕਦੇ ਹਾਂ ਪਰ ਜੇ ਉਸਦੀ ਗਿਰੀ ਨੂੰ ਚਿੱਥ ਚਬਾ ਕੇ ਉਹਨਾਂ ਦਾ ਰਸ ਅਤੇ ਗੁਣ ਹਾਸਲ ਕਰਨੇ ਚਾਹਾਂਗੇ ਤਾਂ ਅਸੀਂ ਅਜੋਕੇ ਸਮੇਂ ਨਾਲ ਅੱਖ ਮਿਲਾਉਂਦੇ ਨਤੀਜੇ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਨਵ-ਸਿਰਜਣਾ ਦੀ ਵਿਸ਼ੇਸ਼ ਲੋੜ ਹੈ। ਭਾਵੇਂ ਹਾਸਲ ਹੋ ਸਕਦਾ ਸੰਗ੍ਰਹਿ ਤਿਆਰ ਕਰਨਾ ਰੱਦ ਤਾਂ ਨਹੀਂ ਹੁੰਦਾ ਪਰ ਇਸ ਲਈ ਸਮੂਹਿਕ ਉੱਦਮ ਕਰਕੇ ਨਵ-ਰਚਨਾ, ਨਵੀਆਂ ਤਰਜਾਂ, ਢੁਕਵੇਂ ਸਾਜਾਂ ਅਤੇ ਨਵੀਂ ਬੀਟ ਵੱਲ ਵਿਸ਼ੇਸ਼ ਤਵੱਜੋ ਦੀ ਲੋੜ ਹੈ। ਜਿਹੜੀ ਵੰਨਗੀ ਸਾਡੀ ਮਿੱਟੀ ਸਾਡੇ ਸਭਿਆਚਾਰ ਦੀ ਅਮੀਰੀ ਨਾਲ ਗੁੰਨ੍ਹੀਂ ਹੋਵੇ। ਜਿਹੜੀ ਰੂਹ ਨੂੰ ਤਾਜ਼ਗੀ ਪ੍ਰਦਾਨ ਕਰੇ। ਜਿਹੜੀ ਸੁਭਾਵਿਕ ਹੀ ਬੁੱਲ੍ਹਾਂ 'ਤੇ ਚੜ੍ਹੇ। ਜਿਹੜੀ ਢੁਕਵੇਂ ਸਮਾਗਮ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੀ ਤਰਜਮਾਨੀ ਕਰੇ। 

ਇਸ ਦਿਸ਼ਾ ਵੱਲ ਗੀਤਾਂ ਦੀ ਮਾਲਾ ਜੋੜਨ ਦਾ ਯਤਨ ਵੀ ਹੋਇਆ। ਨਵੇਂ ਗੀਤ ਲਿਖੇ ਵੀ ਗਏ। ਗਾਏ ਵੀ ਗਏ। ਉਹਨਾਂ ਬਾਰੇ ਲੋਕ-ਰਾਵਾਂ ਵੀ ਇਕੱਠੀਆਂ ਕੀਤੀਆਂ ਗਈਆਂ। ਪਲਸ ਮੰਚ ਦੀ ਹੀ ਇਕਾਈ ਲੋਕ ਸੰਗੀਤ ਮੰਡਲੀ ਬਠਿੰਡਾ ਵੱਲੋਂ ਅਜਿਹੇ ਗੀਤਾਂ ਦੀ ਐਲਬਮ ਤਿਆਰ ਕਰਨ ਲਈ ਆਰੰਭੇ ਉੱਦਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਦੌੜ ਵਰਕਸ਼ਾਪ, ਸਮਾਗਮ ਅਤੇ ਵਿਆਹ ਦੇ ਮੌਕੇ ਟੁੱਟਵੇਂ ਤੌਰ 'ਤੇ ਅਜਿਹੇ ਨਵੇਂ ਗੀਤਾਂ ਦੀ ਅਜ਼ਮਾਇਸ਼ ਵੀ ਕੀਤੀ ਜਾਣ ਲੱਗੀ ਹੈ। ਨੌਜਵਾਨਾਂ, ਵੱਡੀ ਉਮਰ ਵਾਲਿਆਂ ਅਤੇ ਔਰਤਾਂ ਤੱਕ ਦੀਆਂ ਰਾਵਾਂ ਇਸ ਉੱਦਮ ਤੋਂ ਕਾਫੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੀਆਂ ਹਨ।

ਪਲਸ ਮੰਚ ਭਵਿੱਖ ਵਿੱਚ ਇਹਨਾਂ ਗੀਤਾਂ ਦੇ ਸੰਗ੍ਰਹਿ ਪ੍ਰਕਾਸ਼ਤ ਕਰਨ, ਰਿਕਾਰਡ ਕਰਨ, ਵੀਡੀਓਗ੍ਰਾਫੀ ਕਰਨ, ਨਵੀਂ ਤਰਜ਼ ਦੇ, ਨਵੇਂ ਸਭਿਆਚਾਰ, ਨਵੀਆਂ ਲੀਹਾਂ ਨੂੰ ਪਰਨਾਏ ਵਿਆਹਾਂ ਆਦਿ ਵਿੱਚ ਪ੍ਰੋਗਰਾਮ ਕਰਨ, ਨੈੱਟ 'ਤੇ ਗੀਤ ਪਾਉਣ, ਲੋਕਾਂ ਦੇ ਘਰਾਂ ਤੱਕ ਢੁਕਵੀਆਂ ਵਿਧੀਆਂ ਰਾਹੀਂ ਅਜਿਹੇ ਗੀਤ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕਰੇਗਾ। ਆਪਣੇ ਸੰਗੀ ਸਾਥੀਆਂ ਅਤੇ ਸਹਿਯੋਗੀਆਂ ਤੋਂ ਇਸ ਕਾਰਜ ਵਿੱਚ ਹੱਥ ਵਟਾਉਣ ਦੀ ਮੁਹਿੰਮ ਤੇਜ਼ ਕਰੇਗਾ। ਇਹ ਸੁਲੱਖਣਾ ਵਰਤਾਰਾ ਕਾਫੀ ਮਕਬੂਲੀਅਤ ਹਾਸਲ ਕਰ ਸਕਦਾ ਹੈ। ਗਲੇ ਸੜੇ ਸਭਿਆਚਾਰ ਦੀ ਹਨੇਰੀ ਨੂੰ ਠੱਲ੍ਹ ਪਾ ਸਕਦਾ ਹੈ। ਯਕੀਨਨ ਕਿਹਾ ਜਾ ਸਕਦਾ ਹੈ ਕਿ ਇਸ ਦਿਸ਼ਾ ਵੱਲ ਸਾਂਝਾ, ਨਿਰੰਤਰ ਅਤੇ ਲੰਮਾ ਦਮ ਰੱਖਵਾਂ ਉੱਦਮ ਬਦਲਵੇਂ ਸਭਿਆਚਾਰ ਦੀਆਂ ਨਵੀਆਂ ਪਿਰਤਾਂ ਪਾ ਸਕਦਾ ਹੈ।
ਸੰਪਰਕ: 94170 76735

Wednesday, January 8, 2014

ਲੋਕ-ਪੱਖੀ ਬਦਲਵਾਂ ਵਿਕਾਸ ਮਾਡਲ



 ਕਿਸਾਨਾਂ ਮਜਦੂਰਾਂ ਦੀ ਬਰਨਾਲਾ ਕਾਨਫਰੰਸ ਚ
ਲੋਕ-ਪੱਖੀ ਬਦਲਵਾਂ ਵਿਕਾਸ ਮਾਡਲ ਪੇਸ਼ ਕੀਤਾ ਜਾਵੇਗਾ।

           ਜੇਕਰ ਇਤਿਹਾਸ ਦੇ ਪੰਨਿਆਂ 'ਤੇ ਤੈਰਦੀ ਜਿਹੀ ਝਾਤ ਹੀ ਮਾਰੀ ਜਾਵੇ ਤਾਂ ਇਹ ਸਚਾਈ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਬਰਤਾਨਵੀ ਹਾਕਮਾਂ ਵੱਲੋਂ ਭਾਰਤ ਉੱਪਰ ਕਬਜ਼ੇ ਤੋਂ ਬਾਅਦ ਨਹਿਰਾਂ ਕੱਢਣ, ਜ਼ਮੀਨ ਦਾ ਬੰਦੋਬਸਤ ਕਰਨ, ਰੇਲਾਂ ਤੇ ਡਾਕ-ਤਾਰ ਸੇਵਾਵਾਂ ਆਦਿ ਦੇਣ ਰਾਹੀਂ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਸਨ ਤਾਂ 1911 ਤੋਂ 1914 ਤੱਕ ਦੇ ਚਾਰ ਸਾਲਾਂ ਵਿੱਚ ਹੀ 2,87,31,324 ਲੋਕ ਪਲੇਗ ਤੇ ਹੈਜੇ ਵਰਗੀਆਂ ਮਹਾਂਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਏ ਸਨ। ਜਦੋਂ ਕਿ ਦੇਸ਼ ਵਿੱਚ ਪਏ ਕਾਲਾਂ ਦੇ ਕਾਰਨ 1 ਕਰੋੜ 90 ਲੱਖ ਲੋਕ ਭੁੱਖ ਨਾਲ ਮਾਰੇ ਗਏ ਸਨ ਅਤੇ ਉਸ ਸਮੇਂ ਦੇ ਪੰਜਾਬ ਵਿੱਚ ਹੀ 1901 ਤੱਕ 4 ਲੱਖ 13 ਏਕੜ ਜ਼ਮੀਨ ਵਿਕ ਗਈ ਸੀ। 

ਅੱਜ ਵੀ ਜਦ ਪੰਜਾਬ ਦੇ ਹਾਕਮ ਵਿਕਾਸ ਦਾ ਖੂਬ ਰਟਣਮੰਤਰ ਕਰ ਰਹੇ ਹਨ ਤਾਂ ਸਮੁੱਚੀ ਲੋਕਾਈ ਬੇਹੱਦ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਸ ਖੇਤੀ ਪ੍ਰਧਾਨ ਕਹਾਉਣ ਵਾਲੇ ਦੇਸ਼ ਵਿੱਚ ਅੱਜ ਕੱਲ੍ਹ ਖੇਤੀ ਦਾ ਸੰਕਟ ਏਨਾ ਭਿਆਨਕ ਰੂਪ ਧਾਰ ਚੁੱਕਿਆ ਹੈ ਜਿਸ ਤੋਂ ਹਾਕਮਾਂ ਨੂੰ ਮੁੱਕਰਨਾ ਵੀ ਔਖਾ ਹੋ ਗਿਆ ਹੈ। ਖੇਤੀ ਖੇਤਰ ਵਿੱਚ ਸਾਮਰਾਜੀ ਲੋੜਾਂ ਮੁਤਾਬਕ ਲਿਆਂਦੀ ਤਕਨੀਕ ਅਤੇ ਮਸ਼ੀਨਰੀ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਕੰਗਾਲੀ ਦੇ ਮੂੰਹ ਧੱਕ ਦਿੱਤਾ ਹੈ। ਰੇਹਾਂ, ਸਪ੍ਰੇਆਂ ਦੀ ਚਾਟ 'ਤੇ ਲੱਗੀਆਂ ਜ਼ਮੀਨਾਂ ਤੇ ਫਸਲਾਂ ਜ਼ਮੀਨਾਂ ਦੀ ਬਦੌਲਤ ਨਾ ਸਿਰਫ ਰੁਜ਼ਗਾਰ ਤੇ ਜ਼ਮੀਨਾਂ ਖੁੱਸ ਰਹੀਆਂ ਹਨ ਬਲਕਿ ਕੈਂਸਰ, ਕਾਲਾ ਪੀਲੀਆ, ਗੁਰਦੇ ਫੇਲ੍ਹ ਹੋਣ ਵਰਗੀਆਂ ਅਨੇਕ ਕਿਸਮ ਦੀਆਂ ਬਿਮਾਰੀਆਂ ਵੀ ਪੱਲੇ ਪਾ ਦਿੱਤੀਆਂ ਹਨ। ਖੇਤੀ ਦਾ ਸੰਕਟ ਇਸ ਕਦਰ ਗੰਭੀਰ ਹੋ ਚੁੱਕਾ ਹੈ ਕਿ ਕਰਜ਼ੇ ਤੇ ਗਰੀਬੀ ਦੇ ਭੰਨੇ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੀ ਦੇਸ਼ ਵਿੱਚ ਪੌਣੇ ਤਿੰਨ ਲੱਖ ਮਜ਼ਦੂਰ-ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਖੁਸ਼ਹਾਲ ਕਹਾਉਂਦੇ ਸੂਬੇ ਪੰਜਾਬ ਵਿੱਚ ਵੀ ਸਰਕਾਰੀ ਰਿਪੋਰਟਾਂ ਮੁਤਾਬਕ ਹੀ ਕਰਜ਼ੇ ਕਾਰਨ 4800 ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ, ਜਿਹਨਾਂ ਨੂੰ ਦੋ ਦੋ ਲੱਖ ਰੁਪਏ ਦਾ ਮੁਆਵਜਾ ਦੇਣ ਦੀ ਸੂਚੀ ਵਿੱਚ ਦਰਜ ਕੀਤਾ ਜਾ ਚੁੱਕਾ ਹੈ। ਜਦੋਂ ਕਿ ਲੰਬੇ ਸੰਘਰਸ਼ ਤੋਂ ਬਾਅਦ ਖੁਦਕੁਸ਼ੀ ਪੀੜਤਾਂ ਲਈ ਮੁਆਵਜਾ ਤੇ ਨੌਕਰੀ ਦੇਣ ਤੇ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ ਵਰਗੀਆਂ ਮੰਗਾਂ ਮੰਨਵਾਉਣ ਵਾਲੀਆਂ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਅਨੁਸਾਰ ਇਹ ਗਿਣਤੀ 60 ਲੱਖ ਤੋਂ ਉੱਪਰ ਬਣਦੀ ਹੈ। ਜਿਹਨਾਂ ਨੂੰ ਸਰਕਾਰੀ ਸਰਵੇ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ। ਇਸਦੇ ਵੀ ਅਨੇਕਾਂ ਤੇ ਹਾਸੋਹੀਣੇ ਕਾਰਨ ਹਨ। ਮਿਸਾਲ ਵਜੋਂ ਭੇਡਾਂ-ਬੱਕਰੀਆਂ ਚਾਰਨ ਵਾਲੇ, ਬਾਗਾਂ ਵਿੱਚ ਮਜ਼ਦੂਰੀ ਕਰਨ ਵਾਲੇ, ਦੋ ਚਾਰ ਏਕੜ ਬਾਗ ਠੇਕੇ 'ਤੇ ਲੈਣ ਵਾਲੇ ਤੇ ਗਰੀਬੀ ਕਾਰਨ ਖੁਦਕੁਸ਼ੀ ਕਰਨ ਵਾਲੇ ਹਿੱਸਿਆਂ ਨੂੰ ਸਰਕਾਰੀ ਸਰਵੇ ਤੋਂ ਉੱਕਾ ਹੀ ਬਾਹਰ ਛੱਡ ਦਿੱਤਾ ਅਤੇ ਅਨੇਕਾਂ ਪਿੰਡਾਂ ਵਿੱਚ ਸਰਵੇਖਣ ਦੀਆਂ ਟੀਮਾਂ ਪਹੁੰਚੀਆਂ ਹੀ ਨਹੀਂ। ਸਿਤਮ ਜ਼ਰੀਫੀ ਤਾਂ ਇਹ ਹੈ ਕਿ ਜਿਹਨਾਂ 4800 ਪਰਿਵਾਰਾਂ ਨੂੰ ਖੁਦਕੁਸ਼ੀ ਪੀੜਤ ਮੰਨ ਵੀ ਲਿਆ, ਉਹਨਾਂ ਨੂੰ ਵੀ ਅਜੇ ਤੱਕ ਪੂਰਾ ਮੁਆਵਜਾ ਨਹੀਂ ਦਿੱਤਾ ਗਿਆ। ਇਸ ਖਾਤਰ ਵੀ ਹੁਣ ਇਹਨਾਂ ਪੀੜਤਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਹੋਰ ਤਾਂ ਹੋਰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ-ਦਾਲ ਸਕੀਮ ਤੇ ਕੇਂਦਰ ਦਾ ਖਾਧ ਸੁਰੱਖਿਆ ਕਾਨੂੰਨ ਇਸ ਗੱਲ ਦੀ ਚੁਗਲੀ ਕਰਦਾ ਹੈ ਕਿ ਪੰਜਾਬ ਤੇ ਦੇਸ਼ ਦੀ ਵੱਡੀ ਗਿਣਤੀ ਨੂੰ 'ਆਜ਼ਾਦੀ' ਦੇ 67 ਸਾਲਾਂ ਬਾਅਦ ਵੀ ਸਾਡੇ ਹਾਕਮ ਦੋ ਡੰਗ ਦੀ ਰੋਟੀ ਕਮਾਉਣ ਦੇ ਸਮਰੱਥਾ ਨਹੀਂ ਬਣਾ ਸਕੇ। ਫਿਰ ਇਹ ਕੇਹਾ ਵਿਕਾਸ ਹੈ?

ਹਕੀਕੀ ਵਿਕਾਸ ਦੀ ਕੁੰਜੀ ਹੈ ਜ਼ਮੀਨੀ ਸੁਧਾਰ
ਕਿਸੇ ਵੀ ਮੁਲਕ ਤੇ ਸੂਬੇ ਦਾ ਹਕੀਕੀ ਵਿਕਾਸ ਤਾਂ ਹੀ ਮੰਨਿਆ ਜਾ ਸਕਦਾ ਹੈ ਜੇਕਰ ਉੱਥੋਂ ਦੀ ਬਹੁਗਿਣਤੀ ਵਸੋਂ ਨੂੰ ਗਰੀਬੀ, ਪਛੜੇਵੇਂ, ਅਨਪੜ੍ਹਤਾ, ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ ਵਰਗੀਆਂ ਅਲਾਮਤਾਂ ਤੋਂ ਛੁਟਕਾਰਾ ਦਿਵਾਇਆ ਜਾਵੇ। ਲੋਕਾਂ ਦੀ ਆਮਦਨ ਤੇ ਖਰੀਦ ਸ਼ਕਤੀ ਵਧਾਈ ਜਾਵੇ। ਕਿਸਾਨ-ਮਜ਼ਦੂਰ ਹਿੱਤਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਤੇ ਆਗੂਆਂ ਦਾ ਦਾਅਵਾ ਹੈ ਕਿ ਅਜਿਹਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਕੇ ਜ਼ਮੀਨਾਂ ਦੀ ਸਹੀ ਵੰਡ ਕੀਤੀ ਜਾਵੇ, ਰੁਜ਼ਗਾਰ ਉਜਾੜੂ ਤਕਨੀਕ ਤੇ ਮਸ਼ੀਨਰੀ ਦੀ ਥਾਂ ਰੁਜ਼ਗਾਰਮੁਖੀ ਖੇਤੀ ਆਧਾਰਤ ਛੋਟੀਆਂ ਸਨਅੱਤਾਂ ਦਾ ਜਾਲ ਵਿਛਾਇਆ ਜਾਵੇ। ਭਾਰਤ ਸਰਕਾਰ ਵੱਲੋਂ 1972 ਵਿੱਚ ਬਣਾਏ ਜ਼ਮੀਨੀ ਹੱਦਬੰਦੀ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ 17.5 ਏਕੜ ਤੋਂ ਵਾਧੂ ਜ਼ਮੀਨ ਨਹੀਂ ਰੱਖ ਸਕਦਾ। ਪਰ 'ਕੱਲੇ ਪੰਜਾਬ ਵਿੱਚ ਹੀ ਇਸ ਕਾਨੂੰਨ ਮੁਤਾਬਕ 16 ਲੱਖ 66 ਹਜ਼ਾਰ ਏਕੜ ਤੋਂ ਵੱਧ ਵੰਡਣ ਲਈ ਨਿਕਲਦੀ ਹੈ। ਅਜਿਹੇ ਆਗੂਆਂ ਦਾ ਕਹਿਣਾ ਹੈ ਕਿ ਮੁਲਕ ਦੀ ਕਰੀਬ 82 ਕਰੋੜ ਏਕੜ ਜ਼ਮੀਨ ਵਿੱਚੋਂ 21 ਕਰੋੜ ਏਕੜ ਜ਼ਮੀਨ ਬੰਜਰ ਤੇ ਬੇਕਾਰ ਵੀ ਪਈ ਹੈ। ਜਿਸ ਵਿੱਚੋਂ ਖੇਤੀ ਮਾਹਰਾਂ ਅਨੁਸਾਰ 9 ਕਰੋੜ ਏਕੜ ਜ਼ਮੀਨ ਬਹੁਤ ਹੀ ਥੋੜ੍ਹੀ ਮਿਹਨਤ ਤੇ ਪੈਸੇ ਨਾਲ ਆਬਾਦ ਕੀਤੀ ਜਾ ਸਕਦੀ ਹੈ। (ਸੰਨ 1990 ਵਿੱਚ ਮਾਹਰਾਂ ਵੱਲੋਂ ਲਾਏ ਅਨੁਮਾਨ ਅਨੁਸਾਰ ਇਸ ਕਾਰਜ ਲਈ 44000 ਕਰੋੜ ਰੁਪਏ ਦੀ ਲੋੜ ਸੀ) ਇਉਂ ਜ਼ਮੀਨੀ ਹੱਦਬੰਦੀ ਤੋਂ ਵਾਧੂ ਨਿਕਲਦੀਆਂ ਅਤੇ ਬੰਜਰ ਤੇ ਬੇਕਾਰ ਜ਼ਮੀਨਾਂ ਨੂੰ ਆਬਾਦ ਕਰਕੇ ਬੇਜ਼ਮੀਨੇ ਖੇਤ ਮਜ਼ਦੂਰਾਂ ਤੇ ਥੁੜ-ਜ਼ਮੀਨੇ ਕਿਸਾਨਾਂ ਵਿੱਚ ਵੰਡਣ ਰਾਹੀਂ ਬੇਰੁਜ਼ਗਾਰੀ ਤੇ ਅਰਧ-ਬੇਰੁਜ਼ਗਾਰੀ ਹੰਢਾਉਂਦੇ ਕਰੋੜਾਂ ਪੇਂਡੂ ਪਰਿਵਾਰਾਂ ਨੂੰ ਰੁਜ਼ਗਾਰ ਵੀ ਦਿੱਤਾ ਜਾ ਸਕਦਾ ਹੈ ਤੇ ਖੇਤੀ ਪੈਦਾਵਾਰ ਵੀ ਕਈ ਗੁਣਾਂ ਵਧਾਈ ਜਾ ਸਕਦੀ ਹੈ। ਖੇਤੀ ਸੈਕਟਰ ਦੀ ਤਰੱਕੀ ਲਈ ਵੱਡੀਆਂ ਬੱਜਟ ਰਕਮਾਂ ਜੁਟਾ ਕੇ ਨਹਿਰੀ ਸਿਸਟਮ ਨੂੰ ਮਜਬੂਤ ਕੀਤਾ ਜਾਵੇ। ਇਹਨਾਂ ਨਹਿਰਾਂ 'ਤੇ ਪੈਂਦੀਆਂ ਝਾਲਾਂ 'ਤੇ ਪਣ-ਬਿਜਲੀ ਪ੍ਰੋਜੈਕਟ ਉਸਾਰੇ ਜਾਣ। ਅਜਿਹਾ ਕਰਨ ਨਾਲ ਨਾ ਸਿਰਫ ਬਰਾਨੀ ਜ਼ਮੀਨ ਦੇ ਵੱਡੇ ਹਿੱਸੇ ਨੂੰ ਸੇਂਜੂ ਬਣਾ ਕੇ ਪੈਦਾਵਾਰ ਵਧਾਈ ਜਾ ਸਕਦੀ ਹੈ ਸਗੋਂ ਖੇਤੀ ਸੈਕਟਰ ਵਿੱਚ ਖਪਤ ਹੁੰਦੀ ਬਿਜਲੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ ਤੇ ਪਣ ਬਿਜਲੀ ਰਾਹੀਂ ਸਸਤੀ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ। ਖੇਤੀ ਦੀ ਤਰੱਕੀ ਲਈ ਦੂਜੀ ਵੱਡੀ ਲੋੜ ਇਹ ਹੈ ਕਿ ਫਸਲਾਂ ਦੇ ਅਜਿਹੇ ਬੀਜ ਤਿਆਰ ਕੀਤੇ ਜਾਣ ਜਿਹਨਾਂ ਨੂੰ ਡੀ.ਏ.ਪੀ. ਤੇ ਯੂਰੀਆ ਵਰਗੀਆਂ ਰੇਹਾਂ ਤੇ ਕੀੜੇਮਾਰ ਦਵਾਈਆਂ ਦੀ ਜ਼ਰੂਰਤ ਹੀ ਨਾ ਪਵੇ ਜਾਂ ਬਹੁਤ ਹੀ ਘੱਟ ਲੋੜ ਪਵੇ। ਇਸ ਤੋਂ ਇਲਾਵਾ ਵਹਾਈ-ਬਿਜਾਈ ਲਈ ਪਿੰਡਾਂ ਵਿੱਚ ਸਹਿਕਾਰੀ ਸੁਸਾਇਟੀਆਂ ਰਾਹੀਂ ਟਰੈਕਟਰਾਂ ਤੇ ਸੰਦਾਂ ਦਾ ਪ੍ਰਬੰਧ ਕਰਕੇ ਇਸ ਨੂੰ ਥੁੜ੍ਹ-ਜ਼ਮੀਨਿਆਂ ਦੀ ਪਹੁੰਚ ਵਿੱਚ ਲਿਆਂਦਾ ਜਾਵੇ ਅਤੇ ਖੇਤੀ ਲੋੜਾਂ ਲਈ ਉਹਨਾਂ ਨੂੰ ਲੰਮੀ ਮੁੱਦਤ ਦੇ ਬਿਨਾ ਵਿਆਜ ਕਰਜ਼ੇ ਦਿੱਤੇ ਜਾਣ। ਫਸਲਾਂ ਦੀ ਖਰੀਦ ਤੇ ਲਾਹੇਵੰਦ ਭਾਅ ਯਕੀਨੀ ਬਣਾਏ ਜਾਣ। ਇਉਂ ਇੱਕ ਪਾਸੇ ਖੇਤੀ ਸੈਕਟਰ ਦੀ ਤਰੱਕੀ ਰਾਹੀਂ ਬੇਥਾਹ ਪੈਦਾਵਾਰ ਵਧੇਗੀ ਅਤੇ ਵੱਡੇ ਹਿੱਸੇ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ ਉੱਥੇ ਖੇਤੀ ਆਧਾਰਤ ਰੁਜ਼ਗਾਰ ਮੁਖੀ ਸਨਅਤਾਂ ਲਾਉਣ ਨਾਲ ਵੀ ਰੁਜ਼ਗਾਰ ਦੇ ਬੇਅੰਤ ਮੌਕੇ ਪੈਦਾ ਹੋਣਗੇ। ਇਉਂ ਅੱਜ ਬੇਰੁਜ਼ਗਾਰੀ, ਭੁੱਖ-ਨੰਗ ਤੇ ਥੁੜ੍ਹਾਂ ਦੀ ਮਾਰ ਹੰਢਾਉਂਦੀ ਕਰੋੜਾਂ ਦੀ ਆਬਾਦੀ ਜਦੋਂ ਖੁਸ਼ਹਾਲ ਹੋਵੇਗੀ ਤਾਂ ਉਹਨਾਂ ਦੀ ਵਧੀ ਹੋਈ ਖਰੀਦ ਸ਼ਕਤੀ ਹੋਰ ਪੈਦਾਵਾਰ ਦੀਆਂ ਲੋੜਾਂ ਪੈਦਾ ਕਰੇਗੀ ਜੋ ਖੇਤੀ ਤੇ ਸਨਅੱਤ ਦੇ ਨਾਲ ਨਾਲ ਵੱਖ ਖੇਤਰਾਂ ਵਿੱਚ ਰੁਜ਼ਗਾਰ ਦਾ ਸੋਮਾ ਬਣੇਗੀ। ਪਰ ਜਾਗੀਰਦਾਰਾਂ, ਸਾਮਰਾਜੀਆਂ, ਵੱਡੇ ਸਰਮਾਏਦਾਰਾਂ, ਸੂਦਖੋਰਾਂ ਤੇ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰਾਂ ਅਜਿਹੇ ਵਿਕਾਸ ਨੂੰ ਚਿਮਟੇ ਨਾਲ ਵੀ ਛੋਹਣ ਲਈ ਤਿਆਰ ਨਹੀਂ ਨਹੀਂ, ਸਗੋਂ ਅਜਿਹੇ ਵਿਕਾਸ ਮਾਡਲ ਦੀ ਗੱਲ ਤੇ ਮੰਗ ਕਰਨ ਵਾਲਿਆਂ 'ਤੇ ਤਰ੍ਹਾਂ ਤਰ੍ਹਾਂ ਦੇ ਲੇਬਲ ਲਾ ਕੇ ਆਪਣੇ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਉਂਦੀਆਂ ਹਨ। ਅੱਜ 9 ਜਨਵਰੀ ਨੂੰ ਬੀ.ਕੇ.ਯੂ. ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਖੁਦਕੁਸ਼ੀਆਂ, ਕਰਜ਼ਿਆਂ, ਬੇਰੁਜਗਾਰੀ ਦੇ ਭੰਨੇ ਅਤੇ ਜ਼ਮੀਨਾਂ ਤੇ ਘਰਾਂ ਦੀ ਤੋਟ ਹੰਢਾਉਂਦੇ ਹਜ਼ਾਰਾਂ ਕਿਸਾਨ-ਮਜ਼ਦੂਰ ਮਰਦਾਂ-ਔਰਤਾਂ ਵੱਲੋਂ ਬਰਨਾਲਾ ਵਿਖੇ ਕੀਤੀ ਜਾ ਰਹੀ ਪੰਜਾਬ ਪੱਧਰੀ ਕਾਨਫਰੰਸ ਵਿੱਚ ਅਜਿਹੇ ਲੋਕ-ਪੱਖੀ ਬਦਲਵੇਂ ਵਿਕਾਸ ਮਾਡਲ ਨੂੰ ਹੀ ਪੇਸ਼ ਕੀਤਾ ਜਾਵੇਗਾ।

ਸੁਖਦੇਵ ਸਿੰਘ ਕੋਕਰੀ ਕਲਾਂ, 94174 66038
ਲਛਮਣ ਸਿੰਘ ਸੇਵੇਵਾਲਾ, 94170 79170